.

ਧਰਮ ਦੀ ਸਮੱਸਿਆ-20
ਮਾਨਸਿਕ ਗੁਲਾਮੀ ਤੇ ਮਨੋਰੋਗੀਆਂ ਅਧਾਰਿਤ ਨਕਲੀ ਧਰਮ

ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: [email protected] www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਕਿ ਅਸੀਂ ਮਨੋਰੋਗੀਆਂ ਜਾਂ ਮਾਨਸਿਕ ਗੁਲਾਮੀ ਅਧਾਰਿਤ ਨਕਲੀ ਧਰਮ ਦੀ ਗੱਲ ਕਰੀਏ, ਸਾਨੂੰ ਇਹ ਜਾਣ ਲੈਣਾ ਵੀ ਜਰੂਰੀ ਹੈ ਕਿ ਮਨੋਰੋਗ ਕੀ ਹਨ ਤੇ ਇਹ ਕਿਉਂ ਹੁੰਦੇ ਹਨ। ਜੇ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬੀਮਾਰੀਆਂ ਬਾਰੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸਮਝ ਆਉਂਦੀ ਹੈ ਕਿ ਸਰੀਰਕ ਬੀਮਾਰੀਆਂ ਵਿਚੋਂ ਥੋੜੀਆਂ ਬੀਮਾਰੀਆਂ ਹੀ ਅਜਿਹੀਆਂ ਹੁੰਦੀਆਂ ਹਨ, ਜੋ ਸਾਨੂੰ ਬਾਹਰੋਂ ਲਗਦੀਆਂ ਹਨ, ਜ਼ਿਆਦਾਤਰ ਬੀਮਾਰੀਆਂ ਮਾਨਸਿਕ ਹੀ ਹੁੰਦੀਆਂ ਹਨ। ਬਾਹਰੋਂ ਸਾਨੂੰ ਕਿਸੇ ਐਕਸੀਡੈਂਟ ਰਾਹੀਂ ਸੱਟ ਲੱਗ ਸਕਦੀ ਹੈ ਜਾਂ ਸੱਟ ਦਾ ਜ਼ਖਮ ਜਲਦੀ ਠੀਕ ਨਾ ਹੋਣ ਤੇ ਇਨਫੈਕਸ਼ਨ ਹੋ ਸਕਦੀ ਹੈ? ਜਾਂ ਬਾਹਰੋਂ ਆਈ ਕਿਸੇ ਵਾਇਰਸ ਕਾਰਨ ਸਾਨੂੰ ਕੋਈ ਬੀਮਾਰੀ ਲੱਗ ਸਕਦੀ ਹੈ। ਪਰ ਇਸ ਤੋਂ ਇਲਾਵਾ ਸਾਡੀਆਂ ਜ਼ਿਆਦਾ ਬੀਮਾਰੀਆਂ ਮਾਨਸਿਕ ਹੀ ਹੁੰਦੀਆਂ ਹਨ ਤੇ ਉਪਜਦੀਆਂ ਵੀ ਸਾਡੇ ਅੰਦਰੋਂ ਹੀ ਹਨ ਜਾਂ ਸਾਨੂੰ ਇਹ ਬੀਮਾਰੀਆਂ ਆਪਣੇ ਮਾਪਿਆਂ ਤੋਂ ਮਿਲੇ ਜੀਨਜ਼ ਰਾਹੀਂ ਵੀ ਮਿਲ ਜਾਦੀਆਂ ਹਨ। ਸਰੀਰਕ ਬੀਮਾਰੀਆਂ ਦਾ ਇਲਾਜ ਅਕਸਰ ਬਾਹਰੋਂ ਦਿੱਤੀਆਂ ਦਵਾਈਆਂ ਨਾਲ ਹੋ ਜਾਂਦਾ ਹੈ, ਪਰ ਮਾਨਸਿਕ ਬੀਮਾਰੀਆਂ ਦੀ ਜੜ੍ਹ ਸਾਡੇ ਜੀਨਜ਼ ਜਾਂ ਮਨ ਵਿੱਚ ਪਈ ਹੁੰਦੀ ਹੈ, ਇਸ ਲਈ ਇਸਦਾ ਇਲਾਜ ਬਾਹਰੋਂ ਘੱਟ ਤੇ ਅੰਦਰੋਂ ਵੱਧ ਕਰਨਾ ਪੈਂਦਾ ਹੈ। ਮਾਨਸਿਕ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਹੀ ਆਮ ਤੌਰ ਤੇ ਮਾਨਸਿਕ ਰੋਗੀ (ਮਨੋਰੋਗੀ) ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਮਾਨਸਿਕ ਬੀਮਾਰੀਆਂ ਸ਼ੁਰੂ ਵਿੱਚ ਮਾਨਸਿਕ ਹੁੰਦੀਆਂ ਹਨ, ਫਿਰ ਹੌਲੀ-ਹੌਲੀ ਉਸ ਤੋਂ ਸਰੀਰਕ ਬੀਮਾਰੀਆਂ ਬਣ ਜਾਂਦੀਆਂ ਹਨ। ਜਿਸ ਤਰ੍ਹਾਂ ਚਿੰਤਾ ਜਾਂ ਟੈਨਸ਼ਨ ਵਿੱਚ ਰਹਿਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜੋ ਬਾਅਦ ਵਿੱਚ ਦਿਲ ਦੇ ਰੋਗਾਂ ਨੂੰ ਜਨਮ ਦਿੰਦਾ ਹੈ। ਕਿਸੇ ਵਿਅਕਤੀ ਦੇ ਮਾਨਸਿਕ ਰੋਗੀ ਹੋਣ ਦੀ ਨਿਸ਼ਾਨੀ ਇਹੀ ਹੈ ਕਿ ਉਹ ਮਾਨਸਿਕ ਤੌਰ ਤੇ ਕਿਤਨਾ ਗੁਲਾਮ ਹੈ, ਉਹ ਗੁਲਾਮੀ ਭਾਵੇਂ ਕਿਸੇ ਵਲੋਂ ਉਸ ਤੇ ਪਾਈ ਗਈ ਹੋਵੇ ਜਾਂ ਉਹ ਆਪਣੀਆਂ ਆਦਤਾਂ ਅਧੀਨ ਮਾਨਸਿਕ ਗੁਲਾਮ ਹੋਵੇ। ਦੋਨਾਂ ਹਾਲਾਤਾਂ ਵਿੱਚ ਮਾਨਸਿਕ ਗੁਲਾਮ ਮਨੁੱਖ ਹੀ ਮਾਨਸਿਕ ਰੋਗ ਸਹੇੜਦੇ ਹਨ। ਨਕਲੀ ਧਰਮਾਂ ਦਾ ਖਾਸਾ ਹੀ ਇਹ ਹੁੰਦਾ ਹੈ ਕਿ ਮਨੁੱਖ ਨੂੰ ਕਿਸ ਤਰ੍ਹਾਂ ਮਾਨਸਿਕ ਗੁਲਾਮ ਬਣਾਉਣਾ ਹੈ ਤੇ ਬਣਾ ਕੇ ਰੱਖਣਾ ਹੈ। ਮਾਨਸਿਕ ਗੁਲਾਮੀ ਵਿਚੋਂ ਹੀ ਰਾਜਨੀਤਕ, ਸਮਾਜਿਕ, ਆਰਥਿਕ ਤੇ ਹੋਰ ਕਈ ਤਰ੍ਹਾਂ ਦੀ ਗੁਲਾਮੀ ਨਿਕਲਦੀ ਹੈ।
ਹੁਣ ਜਦੋਂ ਅਸੀਂ ਨਕਲੀ ਧਰਮਾਂ ਦੀ ਚਰਚਾ ਕਰ ਰਹੇ ਤਾਂ ਇਸ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਤੋਂ ਕੁਦਰਤ ਨੇ ਮਨੁੱਖ ਦੀ ਘਾੜਤ ਘੜੀ ਹੈ, ਇਸ ਵਿੱਚ ਕੁੱਝ ਬੁਨਿਆਦੀ ਗੁਣ ਔਗੁਣ ਪਾਏ ਹੋਏ ਹਨ। ਜਿਨ੍ਹਾਂ ਕਰਕੇ ਹੀ ਮਨੁੱਖ ਚੰਗਾ ਤੇ ਮਾੜਾ ਬਣਦਾ ਹੈ। ਜਿਨ੍ਹਾਂ ਵਿੱਚ ਧਰਮ ਨੇ ਮਨੁੱਖ ਦੇ ਕੁੱਝ ਬਨਿਆਦੀ ਔਗੁਣ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ) ਮਿਥੇ ਹਨ। ਬੇਸ਼ਕ ਇਨ੍ਹਾਂ ਨੂੰ ਤਕਰੀਬਨ ਸਾਰੇ ਧਰਮਾਂ ਨੇ ਔਗੁਣ ਕਿਹਾ ਹੈ, ਪਰ ਇਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਚੱਲ ਵੀ ਨਹੀਂ ਸਕਦਾ। ਜਿਸ ਤਰ੍ਹਾਂ ਕਾਮ ਦੀ ਪ੍ਰਵਿਰਤੀ ਹੀ ਮਨੁੱਖੀ ਨਸਲ ਨੂੰ ਅੱਗੇ ਵਧਾਉਂਦੀ ਹੈ ਜਾਂ ਲੋਭ ਹੀ ਹੁੰਦਾ ਜੋ ਮਨੁੱਖ ਨੂੰ ਕੁੱਝ ਕਰਨ ਲਈ ਪ੍ਰੇਰਦਾ ਹੈ। ਇਸੇ ਤਰ੍ਹਾਂ ਡਰ ਤੇ ਲਾਲਚ ਮਨੁੱਖ ਲਈ ਜਿਥੇ ਵਰਦਾਨ ਵੀ ਹਨ, ਉਥੇ ਇਹ ਮਨੁੱਖ ਲਈ ਘਾਤਕ ਵੀ ਸਾਬਿਤ ਹੁੰਦੇ ਹਨ। ਜੇ ਮਨੁੱਖ ਵਿੱਚ ਡਰ ਦੀ ਭਾਵਨਾ ਨਾ ਹੋਵੇ ਤਾਂ ਸ਼ਾਇਦ ਉਹ ਕਦੇ ਵੀ ਆਪਣੇ ਆਪ ਨੂੰ ਬਚਾਉਣ ਲਈ ਯਤਮ ਨਹੀਂ ਕਰੇਗਾ। ਇਹ ਉਸ ਕੋਲ ਆਪਣੀ ਰੱਖਿਆ ਲਈ ਹਥਿਆਰ ਹੈ, ਪਰ ਇਹੀ ਡਰ ਉਸ ਲਈ ਹਮੇਸ਼ਾਂ ਅਨੇਕਾਂ ਸਮੱਸਿਆਵਾਂ ਵੀ ਖੜੀਆਂ ਕਰਦਾ ਹੈ। ਨਕਲੀ ਧਰਮਾਂ ਦੇ ਪੁਜਾਰੀ ਮਨੁੱਖ ਦੀ ਡਰੂ ਬਿਰਤੀ ਦਾ ਲਾਭ ਉਠਾ ਕੇ ਸਾਰੀ ਉਮਰ ਉਸਦਾ ਸੋਸ਼ਣ ਕਰਦੇ ਹਨ। ਡਰ ਸਿਰਫ ਮੌਤ ਦਾ ਜਾਂ ਸਰੀਰਕ ਹਮਲੇ ਦਾ ਹੀ ਨਹੀਂ ਹੁੰਦਾ, ਡਰ ਕੁੱਝ ਖੁਸ ਜਾਣ ਜਾਂ ਭਵਿੱਖ ਦੀ ਚਿੰਤਾ ਦਾ ਵੀ ਹੁੰਦਾ ਹੈ। ਇਸੇ ਤਰ੍ਹਾਂ ਲਾਲਚ ਸਿਰਫ ਇਹੀ ਨਹੀਂ ਹੁੰਦਾ ਕਿ ਵਿਅਕਤੀ ਕਿਤੇ ਭੁੱਖਾ ਨਾ ਮਰ ਜਾਵੇ, ਇਸ ਲਈ ਉਹ ਕੱਲ ਵਾਸਤੇ ਵੀ ਕੁੱਝ ਇਕੱਠਾ ਕਰ ਲਵੇ, ਸਗੋਂ ਲਾਲਚੀ ਬਿਰਤੀ ਅਧੀਨ ਮਨੁੱਖ ਆਪਣੇ ਕੱਲ ਲਈ ਇਕੱਠਾ ਕਰਦਾ, ਫਿਰ ਆਪਣੀਆਂ ਅਗਲੀਆਂ ਨਸਲਾਂ ਵਾਸਤੇ ਕੁੱਝ ਕਰਨ ਦੇ ਲਾਲਚ ਵਿੱਚ ਨਕਲੀ ਧਰਮ ਵਿੱਚ ਹੀ ਨਹੀਂ ਫਸਦਾ ਸਗੋਂ ਹੋਰ ਵੀ ਅਨੇਕਾਂ ਗਲਤ ਕੰਮ ਕਰਨ ਦੇ ਰਾਹੇ ਪੈ ਜਾਂਦਾ ਹੈ। ਅਜਿਹੇ ਵਿੱਚ ਹੀ ਉਹ ਕਈ ਤਰ੍ਹਾਂ ਦੇ ਮਾਨਸਿਕ ਰੋਗ ਸਹੇੜਦਾ ਹੈ। ਇਨ੍ਹਾਂ ਸਾਰੇ ਰੋਗਾਂ ਵਿਚੋਂ ਸਭ ਤੋਂ ਖਤਰਨਾਕ ਮਾਨਸਿਕ ਗੁਲਾਮੀ ਹੁੰਦੀ ਹੈ। ਦੁਨੀਆਂ ਵਿੱਚ ਪ੍ਰਚਲਤ ਸਾਰੇ ਜਥੇਬੰਧਕ ਧਾਰਮਿਕ ਫਿਰਕੇ ਮਾਨਸਿਕ ਤੌਰ ਤੇ ਗੁਲਾਮ ਮਨੁੱਖਾਂ ਸਿਰ ਤੇ ਹੀ ਚਲਦੇ ਤੇ ਵਧਦੇ ਫੁੱਲਦੇ ਹਨ। ਜਿਤਨਾ ਕੋਈ ਵੱਧ ਮਾਨਸਿਕ ਗੁਲਾਮ ਹੈ, ਉਤਨਾ ਹੀ ਉਹ ਸਭ ਤੋਂ ਵੱਡਾ ਧਰਮੀ ਜਾਂ ਧਾਰਮਿਕ ਸ਼ਰਧਾਲੂ ਮੰਨਿਆ ਜਾਂਦਾ ਹੈ। ਮਾਨਸਿਕ ਤੌਰ ਤੇ ਚੇਤੰਨ ਜਾਂ ਆਜ਼ਾਦ ਸੋਚ ਵਾਲੇ ਲੋਕ ਕਦੇ ਵੀ ਇਨ੍ਹਾਂ ਨਕਲੀ ਧਰਮਾਂ ਜਾਂ ਇਨ੍ਹਾਂ ਦੇ ਪੁਾਜਾਰੀਆਂ ਦੇ ਮਾਇਆਜ਼ਾਲ ਵਿੱਚ ਨਹੀਂ ਫਸਦੇ। ਇਸੇ ਲਈ ਅਜਿਹੇ ਲੋਕ ਨਕਲੀ ਧਰਮਾਂ ਦੇ ਪੁਜਾਰੀਆਂ ਤੇ ਉਨ੍ਹਾਂ ਦੇ ਸ਼ਰਧਾਲੂਆਂ ਲਈ ਬੜੇ ਖਤਰਨਾਕ ਹੁੰਦੇ ਹਨ। ਸਾਰੇ ਜਥੇਬੰਧਕ ਧਾਰਮਿਕ ਫਿਰਕਿਆਂ ਦਾ ਇਤਿਹਾਸ ਪੜ੍ਹ ਕੇ ਦੇਖੋ ਤਾਂ ਪਤਾ ਚਲਦਾ ਹੈ ਕਿ ਧਰਮ ਆਗੂ ਤੇ ਰਾਜਨੀਤਕ ਲੋਕ ਹਮੇਸ਼ਾਂ ਇੱਕ ਦੂਜੇ ਦੇ ਪੂਰਕ ਹੋ ਕੇ ਚਲਦੇ ਹਨ। ਦੋਨਾਂ ਦੀ ਖੇਡ ਲੋਕਾਂ ਤੇ ਰਾਜ ਕਰਨ ਲਈ ਹੀ ਸਦੀਆਂ ਤੋਂ ਚੱਲ ਰਹੀ ਹੈ। ਮਨੁੱਖੀ ਇਤਿਹਾਸ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਮਨੁੱਖ ਨੇ ਜੰਗਲੀ ਜੀਵਨ ਤੋਂ ਨਿਕਲ ਕੇ ਪਹਿਲਾਂ ਝੁੰਡਾਂ ਵਿੱਚ ਤੇ ਫਿਰ ਕਬੀਲਿਆਂ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਸਰੀਰਕ ਤੌਰ ਤੇ ਤਾਕਤਵਰ ਲੋਕ ਹੀ ਕਬੀਲਾ ਮੁੱਖੀ ਬਣੇ, ਜੋ ਆਪਣੇ ਕਬੀਲੇ ਦੀ ਰਾਖੀ ਲਈ ਜਿੰਮੇਵਾਰੀ ਲੈਂਦੇ ਸਨ ਤੇ ਇਹ ਹੀ ਬਾਅਦ ਵਿੱਚ ਰਾਜੇ ਜਾਂ ਰਾਜਨੀਤਕ ਲੋਕ ਬਣੇ। ਜਿਸ ਤਰ੍ਹਾਂ ਕਬੀਲੇ ਵੱਡੇ ਹੁੰਦੇ ਗਏ ਤੇ ਦੂਜੇ ਕਬੀਲਿਆਂ ਨੂੰ ਆਪਣੇ ਵਿੱਚ ਮਿਲਾਉਣ ਜਾਂ ਉਨ੍ਹਾਂ ਤੇ ਆਪਣਾ ਅਧਿਕਾਰ ਜਮਾਉਣ ਦੀ ਦੌੜ ਸ਼ੁਰੂ ਹੋਈ ਤਾਂ ਇਨ੍ਹਾਂ ਮੁੱਖੀਆਂ (ਰਾਜਨੀਤਕਾਂ) ਵਲੋਂ ਆਪਣੇ ਸਾਥੀਆਂ ਦੀਆਂ ਫੌਜਾਂ ਬਣਾਈਆਂ ਤੇ ਸਾਰੇ ਕਬੀਲੇ ਦੇ ਸਾਧਨਾਂ ਤੇ ਕਬਜੇ ਕਰਨੇ ਸ਼ੁਰੂ ਕੀਤੇ ਤਾਂ ਕਿ ਉਨ੍ਹਾਂ ਦੇ ਸਾਂਝੇ ਸਾਧਨਾਂ ਤੇ ਕੰਟਰੋਲ ਕਰਕੇ ਰਾਜ ਕਰ ਸਕਣ। ਅੱਜ ਵੀ ਇਹ ਇਸੇ ਤਰ੍ਹਾਂ ਚੱਲ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਖਿਤਿਆਂ ਦੀ ਰਾਜਨੀਤੀ ਦਾ ਤਰੀਕਾ ਜੋ ਮਰਜੀ ਹੋਵੇ, ਪਰ ਸਭ ਜਗ੍ਹਾ 5% ਤੋਂ ਘੱਟ ਲੋਕ ਹਨ, ਜੋ ਸਾਰੇ ਮਨੁੱਖੀ ਸਾਧਨਾਂ ਤੇ ਰਾਜਨੀਤਕ ਤਾਕਤ ਨਾਲ ਕਾਬਿਜ਼ ਹਨ। ਪੁਰਾਣੇ ਸਮਿਆਂ ਦੇ ਉਸ ਦੌਰ ਵਿੱਚ ਹੀ ਜਦੋਂ ਇੱਕ ਜਮਾਤ ਨੇ ਤਾਕਤ ਨਾਲ ਸਾਧਨਾਂ ਤੇ ਕੰਟਰੋਲ ਕਰ ਲਿਆ ਤਾਂ ਦੂਜੀ ਧਿਰ ਨੇ ਮਨੁੱਖੀ ਮਨ ਦੀਆਂ ਬੁਨਿਆਦੀ ਕਮਜ਼ੋਰੀਆਂ ਦਾ ਲਾਭ ਉਠਾਉਂਦੇ ਹੋਏ, ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਆਪਣੀ ਸਰਦਾਰੀ ਕਾਇਮ ਕੀਤੀ, ਜਿਸਨੂੰ ਉਸਨੇ ਧਰਮ ਦਾ ਨਾਮ ਦਿੱਤਾ। ਮਨੁੱਖੀ ਇਤਿਹਾਸ ਦੇ ਮੁਢਲੇ ਦੌਰ ਵਿੱਚ ਰਾਜਸੀ ਤੇ ਧਾਰਮਿਕ ਲੋਕਾਂ ਦੀ ਹੀ ਸਰਦਾਰੀ ਰਹੀ। ਜੇ ਇੱਕ ਧਿਰ (ਰਾਜਨੀਤਕ ਲੀਡਰ) ਲੋਕਾਂ ਤੇ ਤਾਕਤ ਨਾਲ ਰਾਜ ਕਰਦੀ ਸੀ ਤੇ ਦੂਜੀ ਧਿਰ (ਧਾਰਮਿਕ ਲੀਡਰ) ਲੋਕਾਂ ਨੂੰ ਮਾਨਸਿਕ ਗੁਲਾਮ ਬਣਾ ਕੇ ਰਾਜ ਕਰਦੀ ਸੀ। ਇਸ ਸਾਰੇ ਵਰਤਾਰੇ ਵਿੱਚੋਂ ਸਮਾਂ ਪਾ ਕੇ ਇੱਕ ਤੀਜੀ ਧਿਰ ਨਿਕਲੀ ਜੋ ਸਰਾਮਏ ਦੇ ਸਿਰ ਰਾਜ ਕਰਨ ਲੱਗੀ। ਇਸ ਤਰ੍ਹਾਂ ਸਾਰੇ ਮਨੁੱਖੀ ਇਤਿਹਾਸ ਵਿੱਚ ਇਹ ਤਿੰਨੇ ਧਿਰਾਂ (ਸਾਰੀ ਦੁਨੀਆਂ ਵਿੱਚ 10% ਤੋਂ ਵੀ ਘੱਟ ਲੋਕ 90% ਲੋਕਾਂ ਤੇ ਰਾਜ ਕਰਦੇ ਹਨ ਤੇ ਹਰ ਤਰ੍ਹਾਂ ਦੇ ਸਾਧਨਾਂ ਤੇ ਵੀ ਇਨ੍ਹਾਂ 10% ਲੋਕਾਂ ਦਾ 90% ਕੰਟਰੋਲ ਹੈ) ਸਾਰੇ ਮਨੁੱਖੀ ਸਾਧਨਾਂ ਤੇ ਹੀ ਕਾਬਿਜ ਨਹੀਂ ਰਹੇ, ਸਗੋਂ ਮਨੁੱਖੀ ਮਨ ਤੇ ਵੀ ਕਾਬਿਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਰੀਰਕ ਤੌਰ ਗੁਲਾਮ ਮਨੁੱਖ ਨੂੰ ਬਹੁਤਾ ਚਿਰ ਗੁਲਾਮ ਬਣਾ ਕੇ ਨਹੀਂ ਰੱਖਿਆ ਜਾ ਸਕਦਾ, ਜਿਤਨਾ ਚਿਰ ਉਸਨੂੰ ਮਾਨਸਿਕ ਗੁਲਾਮ ਨਹੀਂ ਬਣਾਇਆ ਜਾਂਦਾ। ਨਕਲੀ ਧਰਮ ਆਗੂ (ਪੁਜਾਰੀ) ਇਨ੍ਹਾਂ ਵਿਚੋਂ ਅਹਿਮ ਰੋਲ ਅਦਾ ਕਰਦਾ ਹੈ ਕਿਉਂਕਿ ਉਹ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਰੱਖ ਕੇ ਜਿਥੇ ਆਪਣੀ ਸਰਦਾਰੀ ਕਾਇਮ ਰੱਖਦਾ ਹੈ, ਉਥੇ ਆਪਣੇ ਸਾਥੀਆਂ ਲਈ ਮਨੁੱਖ ਦੀ ਰਾਜਸੀ ਤੇ ਸਰਮਾਏਦਾਰੀ ਦੀ ਗੁਲਾਮੀ ਵੀ ਪੱਕੀ ਕਰਦਾ ਹੈ। ਜੇ ਅਸੀਂ ਧਰਮ ਦੇ ਇਤਿਹਾਸ ਵਿੱਚ ਧਰਮ ਗੁਰੂਆਂ ਜਾਂ ਪੈਗੰਬਰਾਂ ਦਾ ਇਤਿਹਾਸ ਦੇਖਦੇ ਹਾਂ ਤਾਂ ਉਹ ਮਨੁੱਖ ਨੂੰ ਮਾਨਸਿਕ ਗੁਲਾਮੀ ਵਿਚੋਂ ਕੱਢ ਕੇ ਆਜ਼ਾਦ ਮਨੁੱਖ ਬਣਾਉਣ ਲਈ ਯਤਨ ਕਰਦੇ ਹਨ, ਇਸੇ ਲਈ ਅਨੇਕਾਂ ਪੈਗੰਬਰੀ ਮਹਾਂਪੁਰਖਾਂ ਦੀ ਆਪਣੇ ਸਮੇਂ ਦੀਆਂ ਹਕੂਮਤਾਂ, ਸਾਰਮਏਦਾਰਾਂ ਤੇ ਧਰਮ ਪੁਜਾਰੀਆਂ ਨਾਲ ਟੱਕਰ ਰਹੀ ਹੈ। ਅਨੇਕਾਂ ਵਾਰ ਇਤਿਹਾਸ ਵਿੱਚ ਅਜਿਹੇ ਸੱਚੇ ਸੁੱਚੇ ਇਨਕਲਾਬੀ ਮਹਾਂਪੁਰਸ਼ਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਈ। ਪਰ ਸਾਰੇ ਇਤਿਹਾਸ ਵਿੱਚ ਇਹ ਤਿੰਨੇ ਧਿਰਾਂ ਇਤਨੀਆਂ ਤਾਕਤਵਰ ਰਹੀਆਂ ਹਨ ਕਿ ਇਨ੍ਹਾਂ ਦਾ ਸਮੁੱਚਾ ਕਿਲ੍ਹਾ ਕੋਈ ਨਹੀਂ ਢਾਹ ਸਕਿਆ, ਜੇ ਕੋਈ ਇਨਕਲਾਬੀ ਪੁਰਸ਼ ਕਿਸੇ ਖਾਸ ਖਿਤੇ ਵਿੱਚ ਕੁੱਝ ਸਮੇਂ ਲਈ ਕਾਮਯਾਬ ਵੀ ਹੋਇਆ ਤਾਂ ਉਸਦਾ ਮਿਸ਼ਨ ਲੰਬੇ ਸਮੇਂ ਲਈ ਸਹੀ ਰੂਪ ਵਿੱਚ ਅੱਗੇ ਨਹੀਂ ਚੱਲ ਸਕਿਆ। ਤਰਾਸਦੀ ਹਮੇਸ਼ਾਂ ਇਹ ਰਹੀ ਹੈ ਕਿ ਇਹ ਤਿੰਨੇ ਧਿਰਾਂ ਨਵੇਂ ਰੂਪ ਵਿੱਚ ਨਵੇਂ ਧਾਰਮਿਕ ਸਿਸਟਮ ਤੇ ਕਾਬਿਜ਼ ਹੋ ਜਾਂਦੀਆਂ ਰਹੀਆਂ ਹਨ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਿਥੇ ਰਾਜਨੀਤਕ ਤੇ ਸਰਮਾਏਦਾਰੀ ਦੀ ਗੁਲਾਮੀ ਆਰਜੀ ਹੁੰਦੀ ਹੈ, ਇਸਨੂੰ ਸੰਘਰਸ਼ ਕਰਕੇ ਜਾਂ ਲੋਕਾਂ ਨੂੰ ਲਾਮਬੰਦ ਕਰਕੇ ਜਿੱਤਿਆ ਜਾ ਸਕਦਾ ਹੈ, ਵਿਵਸਥਾ ਨੂੰ ਬਦਲਿਆ ਜਾ ਸਕਦਾ ਹੈ, ਦੁਨੀਆਂ ਵਿੱਚ ਰਾਜਨੀਤਕ, ਸਮਾਜਿਕ ਤੇ ਹੋਰ ਕਈ ਕ੍ਰਾਂਤੀਆਂ ਅਕਸਰ ਵਾਪਰਦੀਆਂ ਰਹੀਆਂ ਹਨ। ਲੋਕ ਇੱਕ ਵਿਵਸਥਾ ਬਦਲ ਕੇ ਨਵੀਂ ਖੜੀ ਕਰਦੇ ਰਹੇ ਹਨ। ਪਰ ਮਾਨਸਿਕ ਗੁਲਾਮੀ ਪੀੜ੍ਹੀ-ਦਰ-ਪੀੜ੍ਹੀ ਚਲਦੀ ਹੈ, ਜਿਸ ਤਰ੍ਹਾਂ ਹੋਰ ਔਗੁਣ ਸਾਨੂੰ ਵਿਰਸੇ ਵਿੱਚ ਜੀਨਜ਼ ਰਾਹੀਂ ਮਿਲਦੇ ਹਨ, ਮਾਨਸਿਕ ਗੁਲਾਮੀ ਵੀ ਸਾਨੂੰ ਵਿਰਸੇ ਵਿੱਚ ਮਿਲਦੀ ਹੈ, ਇਸ ਲਈ ਇਸ ਵਿਚੋਂ ਨਿਕਲਣ ਵਾਲੇ ਲੋਕ ਹਮੇਸ਼ਾਂ ਬੜੇ ਥੋੜੇ ਹੁੰਦੇ ਹਨ। ਕਾਬਿਜ਼ ਧਿਰਾਂ ਅਸਲੀ ਧਰਮ ਗੁਰੂਆਂ ਦੇ ਸੰਸਾਰ ਸੀਨ ਤੋਂ ਅਲੋਪ ਹੋਣ ਬਾਅਦ ਨਵੇਂ ਢੰਗ ਨਾਲ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਧਰਮ ਪੁਜਾਰੀਆਂ ਕੋਲ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਉਣ ਤੇ ਬਣਾਈ ਰੱਖਣ ਦੀ ਕਲਾ ਹੁੰਦੀ ਹੈ। ਇਸ ਕਲਾ ਨਾਲ ਹੀ ਪੁਜਾਰੀਆਂ ਨੇ ਮਨੁੱਖ ਨੂੰ ਧਰਮ ਦੇ ਨਾਮ ਤੇ ਸਦੀਆਂ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ, ਮਾਨਸਿਕ ਤੌਰ ਤੇ ਗੁਲਾਮ ਸ਼ਰਧਾਲੂਆਂ ਤੋਂ ਪੁਜਾਰੀ ਧਰਮ ਯੁੱਧਾਂ ਦੇ ਨਾਮ ਤੇ ਸਦੀਆਂ ਤੋਂ ਮਨੁੱਖਤਾ ਦਾ ਘਾਣ ਕਰਾਉਂਦੇ ਰਹੇ ਹਨ ਤੇ ਕਰਾ ਰਹੇ ਹਨ।
ਹੁਣ ਵਿਚਾਰਨ ਵਾਲਾ ਇੱਕ ਮੁੱਦਾ ਇਹ ਹੈ ਕਿ ਨਕਲੀ ਧਰਮ ਪੁਜਾਰੀ ਮਨੁੱਖ ਨੂੰ ਮਾਨਸਿਕ ਗੁਲਾਮ ਬਣਾ ਕੇ ਕਿਉਂ ਰੱਖਣਾ ਚਾਹੁੰਦੇ ਹਨ ਤੇ ਕਿਵੇਂ ਗੁਲਾਮ ਬਣਾ ਕੇ ਰੱਖਦੇ ਹਨ? ਪੁਜਾਰੀ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਇਸ ਲਈ ਰੱਖਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਪੀੜ੍ਹੀ ਦਰ ਪੀੜ੍ਹੀ ਸੋਸ਼ਣ ਕਰ ਸਕਣ, ਉਨ੍ਹਾਂ ਨੂੰ ਪਤਾ ਹੈ ਕਿ ਜਾਗੇ ਹੋਏ ਮਨੁੱਖ ਨੂੰ ਲੁੱਟਣਾ ਬੜਾ ਔਖਾ ਹੁੰਦਾ ਹੈ। ਇਸੇ ਲਈ ਪੁਜਾਰੀ ਬਚਪਨ ਤੋਂ ਹੀ ਆਪਣੇ ਸ਼ਰਧਾਲੂਆਂ ਵਿੱਚ ਆਪ ਤੇ ਉਸਦੇ ਮਾਪਿਆਂ ਰਾਹੀਂ ਅਜਿਹੇ ਸੰਸਕਾਰ ਜਾਂ ਵਿਚਾਰਧਾਰਾ ਭਰਦੇ ਹਨ ਕਿ ਮਨੁੱਖ ਧਰਮ ਦੀ ਕਿਸੇ ਮਰਿਯਾਦਾ, ਪ੍ਰੰਪਰਾ, ਵਿਸ਼ਵਾਸ਼ ਤੇ ਕਿੰਤੂ ਪ੍ਰੰਤੂ ਨਾ ਕਰ ਸਕੇ। ਉਸਨੂੰ ਅਜਿਹੀ ਸਿੱਖਿਆ ਦਿੰਦੇ ਹਨ ਕਿ ਧਰਮ ਸ਼ਰਧਾ ਨਾਲ ਮੰਨਣ ਦਾ ਵਿਸ਼ਾ ਹੁੰਦਾ ਹੈ, ਧਰਮ ਜਾਨਣ ਜਾਂ ਵਿਚਾਰਨ ਦਾ ਵਿਸ਼ਾ ਨਹੀਂ, ਧਰਮ ਕਿਸੇ ਖੋਜ ਦਾ ਮੁਹਤਾਜ ਨਹੀਂ, ਜੋ ਖੋਜਾਂ ਕੀਤੀਆਂ ਜਾਣੀਆਂ ਸਨ, ਜਿਨ੍ਹਾਂ ਖੋਜਾਂ ਦੀ ਲੋੜ ਸੀ, ਉਹ ਖੋਜਾਂ ਹਜ਼ਾਰਾਂ ਸਾਲ ਪਹਿਲਾਂ ਹੀ ਧਰਮ ਗੁਰੂਆਂ ਨੇ ਕਰਕੇ ਧਰਮ ਗ੍ਰੰਥਾਂ ਰਾਹੀਂ ਮਨੁੱਖਤਾ ਦੀ ਝੋਲੀ ਵਿੱਚ ਪਾ ਦਿੱਤੀਆਂ ਸਨ, ਹੁਣ ਸਿਰਫ ਇਨ੍ਹਾਂ ਨੂੰ ਬਿਨਾਂ ਕਿਸੇ ਪੁਣ-ਛਾਣ, ਵਿਚਾਰ-ਚਰਚਾ, ਖੋਜ ਦੇ ਮੰਨ ਲੈਣਾ ਹੀ ਧਰਮ ਹੈ। ਧਰਮ ਦੀ ਕਿਸੇ ਮਰਿਯਾਦਾ ਜਾਂ ਪ੍ਰੰਪਰਾ ਤੇ ਸਵਾਲ ਖੜਾ ਕਰਨਾ, ਕਿੰਤੂ ਪ੍ਰੰਤੂ ਕਰਨਾ, ਧਰਮ ਦਾ ਹੀ ਨਹੀਂ, ਸਗੋਂ ਧਰਮ ਗੁਰੂਆਂ ਦਾ ਵੀ ਅਪਮਾਨ ਹੁੰਦਾ ਹੈ ਕਿਉਂਕਿ ਧਰਮ ਦੀ ਜੋ ਵੀ ਮਰਿਯਾਦਾ ਜਾਂ ਵਿਚਾਰਧਾਰਾ ਗੁਰੂਆਂ, ਪੈਗੰਬਰਾਂ ਨੇ ਆਪਣੇ ਗ੍ਰੰਥਾਂ ਵਿੱਚ ਦੇ ਦਿੱਤੀ ਹੈ, ਇਹ ਉਨ੍ਹਾਂ ਦੀ ਆਪਣੀ ਦਿਮਾਗ ਨਾਲ ਨਾਲ ਬਣਾਈ ਜਾਂ ਲਿਖੀ ਵਿਚਾਰਧਾਰਾ ਨਹੀਂ ਸੀ, ਇਹ ਤਾਂ ਰੱਬ ਨੇ ਉਨ੍ਹਾਂ ਤੱਕ ਸਿੱਧੀ ਅਕਾਸ਼ਬਾਣੀ ਕਰਕੇ ਪਹੁੰਚਾਈ ਸੀ, ਹੁਣ ਰੱਬ ਦੇ ਹੁਕਮ ਨੂੰ ਕੋਈ ਮਨੁੱਖ ਕਿਵੇਂ ਝੁਠਲਾ ਸਕਦਾ ਹੈ? ਕਿਵੇਂ ਕੋਈ ਕਿੰਤੂ ਕਰ ਸਕਦਾ ਹੈ? ਆਮ ਬੰਦੇ ਦੀ ਕੀ ਤਾਕਤ ਕਿ ਉਹ ਰੱਬ ਦੇ ਹੁਕਮਾਂ ਦੀ ਅਵੱਗਿਆ ਕਰ ਸਕੇ? ਸ਼ਰਧਾਲੂ ਦਾ ਕੰਮ ਹੈ, ਰੱਬ ਵਲੋਂ ਦਿੱਤੇ ਗਿਆਨ ਨੂੰ ਪੜ੍ਹੇ ਜਾਂ ਸੁਣੇ, ਇਸ ਨਾਲ ਹੀ ਉਸਦਾ ਇਹ ਜਨਮ ਹੀ ਨਹੀਂ ਅਗਲਾ ਜਨਮ ਵੀ ਸਫਲਾ ਹੋਵੇਗਾ, ਉਸਨੂੰ ਗਿਆਨ ਬਾਰੇ ਵਿਚਾਰ ਕਰਨ ਦੀ ਵੀ ਲੋੜ ਨਹੀਂ, ਇਸ ਬਾਰੇ ਸੋਚਣ ਦੀ ਵੀ ਲੋੜ ਨਹੀਂ ਕਿਉਂਕਿ ਇਸਦੇ ਕਿਸੇ ਵੀ ਹਾਲਤ ਵਿੱਚ ਗਲਤ ਹੋਣ ਦੀ ਕੋਈ ਸੰਭਾਵਨਾ ਨਹੀਂ, ਦੂਜਾ ਇਹ ਗਿਆਨ ਕਿਸੇ ਸਮੇਂ ਦਾ ਪਾਬੰਧ ਨਹੀਂ, ਇਹ ਸਾਰੀ ਮਨੁੱਖਤਾ ਲਈ, ਸਦੀਵੀ ਗਿਆਨ ਹੈ, ਇਹ ਅਜਿਹਾ ਗਿਆਨ ਹੈ, ਜਿਸ ਵਿੱਚ ਤਬਦੀਲੀ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਪੁਜਾਰੀ ਅਜਿਹੇ ਧਰਮ ਗਿਆਨ ਨਾਲ ਮਨੁੱਖ ਦੀ ਸੋਚ ਨੂੰ ਖਤਮ ਕਰ ਦਿੰਦਾ ਹੈ, ਉਸਦੀ ਕਿਸੇ ਧਾਰਮਿਕ ਵਿਚਾਰਧਾਰਾ ਬਾਰੇ ਗੰਭੀਰਤਾ ਨਾਲ ਸੋਚਣ, ਵਿਚਾਰਨ ਦਾ ਰਾਹ ਬੰਦ ਕਰ ਦਿੰਦਾ ਹੈ। ਮਨੁੱਖ ਨੂੰ ਬਚਪਨ ਵਿੱਚ ਦਿੱਤੀ ਅਜਿਹੀ ਗੁੜ੍ਹਤੀ ਨਾਲ ਮਾਨਸਿਕ ਗੁਲਾਮ ਬਣਾ ਲੈਂਦਾ ਹੈ, ਇਹੀ ਵਜ੍ਹਾ ਹੈ ਕਿ ਅਕਾਦਮਿਕ ਖੇਤਰ ਵਿੱਚ ਕਿਤਾਬੀ ਗਿਆਨ ਨੂੰ ਯਾਦ ਕਰਕੇ ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਜਾਂ ਇਥੋਂ ਤੱਕ ਕਿ ਸਾਇੰਸ ਦੇ ਖੇਤਰ ਵਿੱਚ ਮੈਟਰ ਦੀਆਂ ਖੋਜਾਂ ਕਰਕੇ ਨਾਮਣਾ ਖੱਟਣ ਵਾਲੇ ਸਾਇੰਸਦਾਨ ਤੇ ਡਾਕਟਰ ਵੀ ਧਾਰਮਿਕ ਖੇਤਰ ਵਿੱਚ ਵਿਚਾਰਧਾਰਾ ਦੇ ਪੱਧਰ ਤੇ ਨਿਪੁੰਸਕ ਹੁੰਦੇ ਹਨ। ਕਿਸੇ ਕਿਤਾਬ ਵਿਚਲੇ ਮੈਟਰ ਨੂੰ ਯਾਦ ਕਰਕੇ, ਉਸਦਾ ਇਮਤਿਹਾਨ ਦੇ ਕੇ ਡਿਗਰੀ ਲੈ ਲੈਣੀ ਹੋਰ ਗੱਲ ਹੈ ਤੇ ਕਿਸੇ ਕਿਤਾਬ ਜਾਂ ਗ੍ਰੰਥ ਵਿਚਲੇ ਗਿਆਨ ਨੂੰ ਪੜ੍ਹ ਕੇ, ਵਿਚਾਰ ਕੇ, ਉਸਨੂੰ ਤਰਕ, ਦਲੀਲ, ਵਿਸ਼ਲੇਸ਼ਣ, ਸਾਇੰਸ ਦੀ ਕਸਵੱਟੀ ਤੇ ਪਰਖ ਕੇ ਸੱਚ ਤੇ ਝੂਠ ਦਾ ਨਿਤਾਰਾ ਕਰਨਾ ਹੋਰ ਗੱਲ ਹੈ? ਪੁਜਾਰੀ ਮਨੁੱਖ ਨੂੰ ਕਦੇ ਵੀ ਇਸ ਲੈਵਲ ਤੇ ਜਾਣ ਨਹੀਂ ਦੇਣਾ ਚਾਹੁੰਦੇ, ਇਸੇ ਲਈ ਉਹ ਸ਼ਰਧਾ ਤੇ ਵਿਸ਼ਵਾਸ਼ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਸਭ ਪਤਾ ਹੈ ਕਿ ਜੇ ਲੋਕ ਧਰਮ ਗ੍ਰੰਥਾਂ ਜਾਂ ਧਾਰਮਿਕ ਮਰਿਯਾਦਾਵਾਂ ਨੂੰ ਪੜ੍ਹਨ, ਵਿਚਾਰਨ, ਤਰਕ, ਦਲੀਲ ਦੀ ਕਸਵੱਟੀ ਤੇ ਸਾਇੰਟਿਫਿਕ ਨਜ਼ਰੀਏ ਨਾਲ ਸੋਚਣ ਲੱਗ ਪਏ ਤਾਂ ਉਨ੍ਹਾਂ ਦਾ ਨਕਲੀ ਜਥੇਬੰਧਕ ਧਾਰਮਿਕ ਫਿਰਕਿਆਂ ਦਾ ਰੇਤ ਦਾ ਮਹੱਲ ਢਹਿ ਢੇਰੀ ਹੋਣ ਲੱਗਿਆਂ ਮਿੰਟ ਨਹੀਂ ਲੱਗਣਾ। ਇਸੇ ਲਈ ਉਨ੍ਹਾਂ ਨੂੰ ਵਾਰ-ਵਾਰ ਆਪਣੇ ਸ਼ਰਧਾਲੂਆਂ ਦੇ ਮਨਾਂ ਵਿੱਚ ਇਹ ਪੱਕਾ ਕਰਨਾ ਪੈਂਦਾ ਹੈ ਕਿ ਧਰਮ ਜਾਨਣ, ਵਿਚਾਰਨ ਜਾਂ ਖੋਜਣ ਦਾ ਵਿਸ਼ਾ ਨਹੀਂ, ਸਿਰਫ ਤੇ ਸਿਰਫ ਸ਼ਰਧਾ ਨਾਲ ਅੱਖਾਂ ਮੀਟ ਕੇ, ਸਿਰ ਸੁੱਟ ਕੇ ਮੰਨਣ ਦਾ ਵਿਸ਼ਾ ਹੈ। ਇਥੋਂ ਤੱਕ ਕਿ ਹਰ ਧਾਰਮਿਕ ਫਿਰਕਾ ਇਹ ਵੀ ਕੋਸ਼ਿਸ਼ ਕਰਦਾ ਹੈ ਕਿ ਉਨ੍ਹਾਂ ਦਾ ਸ਼ਰਧਾਲੂ ਕਿਸੇ ਦੂਜੇ ਫਿਰਕੇ ਦੇ ਗ੍ਰੰਥ ਜਾਂ ਮਰਿਯਾਦਾ ਨੂੰ ਵੀ ਪੜ੍ਹੇ ਜਾਂ ਵਿਚਾਰੇ ਨਾ, ਤੇ ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਸਾਰੇ ਧਰਮ ਇੱਕ ਹੀ ਹਨ, ਸਾਰੇ ਰੱਬ ਦੇ ਘਰ ਹੀ ਲਿਜਾਂਦੇ ਹਨ, ਰੱਬ ਦੇ ਘਰ ਜਾਣ ਲਈ ਵੱਖਰਾ ਰਸਤਾ ਹੀ ਦੱਸਦੇ ਹਨ। ਭਲਾ ਉਨ੍ਹਾਂ ਨੂੰ ਪੁਛੇ ਕਿ ਜੇ ਸਾਰੇ ਨਕਲੀ ਧਰਮ ਰੱਬ ਦੀ ਹੀ ਗੱਲ ਕਰਦੇ ਹਨ ਤੇ ਰੱਬ ਦੇ ਘਰ ਜਾਣ ਦੇ ਵੱਖ-ਵੱਖ ਰਸਤੇ ਹਨ ਤਾਂ ਫਿਰ ਜਦੋਂ ਕੋਈ ਸ਼ਰਧਾਲੂ ਕਿਸੇ ਇੱਕ ਧਾਰਮਿਕ ਫਿਰਕੇ ਨੂੰ ਛੱਡ ਕੇ ਨਵਾਂ ਫਿਰਕਾ ਅਪਨਾ ਲੈਂਦਾ ਹੈ ਤਾਂ ਫਿਰ ਧਰਮ ਤਬਦੀਲੀ ਦਾ ਇਤਨਾ ਰੌਲਾ ਕਿਉਂ ਪਾਇਆ ਜਾਂਦਾ ਹੈ? ਇੱਕ ਧਰਮ ਵਲੋਂ ਦੂਜੇ ਧਰਮ ਵਿੱਚ ਦਖਲ ਅੰਦਾਜੀ ਲਈ ਕੋਰਟਾਂ ਕਚਹਿਰੀਆਂ ਵਿੱਚ ਵੀ ਕੇਸ ਜਾਂਦੇ ਹਨ, ਧਰਮ ਦੇ ਨਾਮ ਤੇ ਦੰਗੇ ਵੀ ਹੁੰਦੇ ਹਨ। ਫਿਰ ਇਸ ਵਿੱਚ ਕੀ ਫਰਕ ਹੈ ਕਿ ਕੌਣ ਕਿਸ ਮਰਿਯਾਦਾ ਨੂੰ ਮੰਨਦਾ ਹੈ ਤੇ ਕੌਣ ਕਿਸ ਰੱਬ ਨੂੰ ਮੰਨਦਾ ਹੈ? ਜਦੋਂ ਕਿ ਰੱਬ ਇੱਕ ਹੈ ਤੇ ਉਸੇ ਇੱਕ ਰੱਬ ਦਾ ਅਕਾਸ਼ਬਾਣੀ ਕਰਕੇ ਸਿੱਧਾ ਗਿਆਨ ਸਾਰੇ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ? ਅਸਲ ਵਿੱਚ ਇਹ ਸਭ ਧਰਮ ਦੇ ਨਾਮ ਤੇ ਪੁਜਾਰੀਆਂ ਵਲੋਂ ਬਣਾਏ ਹੋਏ ਫਿਰਕਿਆਂ ਵਿੱਚ ਲੋਕਾਂ ਦੀ ਸੋਚ ਨੂੰ ਬੰਦ ਕਰਕੇ ਰੱਖਣ ਦਾ ਤਰੀਕਾ ਹੈ, ਜਿਸ ਤਹਿਤ ਉਹ ਅਜਿਹਾ ਪ੍ਰਚਾਰ ਕਰਦੇ ਹਨ ਕਿ ਸ਼ਰਧਾਲੂ ਆਪਣੀ ਸੋਚ ਨੂੰ ਜਿੰਦਰਾ ਮਾਰੀ ਰੱਖਣ ਤੇ ਕਿਸੇ ਮਸਲੇ ਤੇ ਸੋਚ ਵਿਚਾਰ ਨਾ ਕਰਨ। ਇਹ ਸੋਚ ਸਿਰਫ ਪੁਜਾਰੀਆਂ ਦੇ ਹੀ ਰਾਸ ਨਹੀਂ ਆਉਂਦੀ, ਸਗੋਂ ਰਾਜਨੀਤਕਾਂ ਤੇ ਸਰਮਾਏਦਾਰਾਂ ਦੇ ਵੀ ਉਤਨੀ ਹੀ ਫਿੱਟ ਬੈਠਦੀ ਹੈ। ਜੇ ਲੋਕ ਰਾਜਨੀਤੀ ਬਾਰੇ ਜਾਗਰੂਕ ਹੋਣਗੇ ਤਾਂ ਫਿਰ ਆਮ ਆਦਮੀ ਵੀ ਸਤ੍ਹਾ ਵਿੱਚ ਭਾਈਵਾਲੀ ਭਾਲੇਗਾ ਤੇ ਇਸੇ ਤਰ੍ਹਾਂ ਲੋਕਾਂ ਦੀ ਸਰਮਾਏਦਾਰਾਂ ਬਾਰੇ ਵੀ ਸੋਚ ਬਦਲੇਗੀ ਕਿ ਸਮਾਜ ਦੇ ਸਾਰੇ ਸਾਧਨਾਂ ਤੇ ਇਨ੍ਹਾਂ ਦੇ ਕੰਟਰੋਲ ਦਾ ਕਾਰਨ ਇਨ੍ਹਾਂ ਵਲੋਂ ਪਿਛਲੇ ਜਨਮਾਂ ਵਿੱਚ ਕੀਤੇ ਚੰਗੇ ਕਰਮ ਨਹੀਂ, ਜਿਹਾ ਕਿ ਪੁਜਾਰੀਆਂ ਵਲੋਂ ਉਨ੍ਹਾਂ ਨੂੰ ਸਦੀਆਂ ਤੋਂ ਪੜ੍ਹਾਇਆ ਜਾਂਦਾ ਹੈ, ਸਗੋਂ ਇਹ ਉਨ੍ਹਾਂ ਵਲੋਂ ਪੁਜਾਰੀਆਂ, ਰਾਜਨੀਤਕਾਂ ਤੇ ਸਰਮਾਏਦਾਰੀ ਵਲੋਂ ਤਾਕਤ ਤੇ ਪੈਸੇ ਨਾਲ ਲੋਕ ਹੱਕ ਕੁਚਲ ਕੇ ਚਾਲਬਾਜੀ ਢੰਗ ਨਾਲ ਖੜੀ ਕੀਤੀ ਵਿਵਸਥਾ ਕਰਕੇ ਹੈ। ਫਿਰ ਉਨ੍ਹਾਂ ਨੂੰ ਸਮਝ ਆਵੇਗੀ ਕਿ ਅਜਿਹਾ ਕੋਈ ਰੱਬ ਨਹੀਂ, ਜਿਹੜਾ ਇਸ ਤਿਕੜੀ ਨੂੰ ਤੇ ਬਿਨਾਂ ਮੰਗਿਆਂ ਦਿੰਦਾ ਤੁਰੀ ਜਾਂਦਾ ਹੈ ਤੇ ਇਹ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਰਾਜ ਕਰ ਰਹੇ ਹਨ ਅਤੇ ਆਮ ਸ਼ਰਧਾਲੂ ਧਰਮ ਮੰਦਰਾਂ ਵਿੱਚ ਨਕਲੀ ਭਗਵਾਨਾਂ ਅੱਗੇ ਮੱਥੇ ਰਗੜਦਾ, ਅਰਦਾਸਾਂ ਕਰਦਾ, ਭਜਨ ਬੰਦਗੀਆਂ ਕਰਦਾ ਇਹ ਵਡਮੁੱਲਾ ਜੀਵਨ ਨਰਕ ਭਰਿਆ ਬਤੀਤ ਕਰਕੇ ਤੁਰਦਾ ਬਣਦਾ ਹੈ।
ਨਕਲੀ ਧਰਮਾਂ ਦੇ ਪੁਜਾਰੀਆਂ ਵਲੋਂ ਸਦੀਆਂ ਤੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਆਮ ਆਦਮੀ ਮਾਨਸਿਕ ਤੌਰ ਇਤਨਾ ਹੀਣਾ ਬਣਾ ਦਿੱਤਾ ਗਿਆ ਹੈ ਕਿ ਉਸਨੂੰ ਆਪਣੀ ਸਮਰੱਥਾ ਦੀ ਤਾਕਤ ਹੀ ਭੁੱਲ ਚੁੱਕੀ ਹੈ। ਉਸਨੂੰ ਨਹੀਂ ਪਤਾ ਕਿ ਰਾਜਨੀਤਕਾਂ, ਸਰਮਾਏਦਾਰਾਂ ਤੇ ਪੁਜਾਰੀਆਂ ਦੀ ਤਿੱਕੜੀ ਦੀ ਸਾਰੀ ਤਾਕਤ ਆਮ ਆਦਮੀ ਕਰਕੇ ਹੈ। ਨਕਲੀ ਧਰਮਾਂ ਨੇ ਇਹੀ ਸਭ ਤੋਂ ਵੱਡਾ ਧੋਖਾ ਆਮ ਆਦਮੀ ਨਾਲ ਕੀਤਾ ਹੈ ਕਿ ਉਸ ਵਿਚੋਂ ਆਪਣੇ ਹੱਕਾਂ ਲਈ ਲੜਨ, ਆਪਣੇ ਹੱਕਾਂ ਲਈ ਖੜਨ, ਆਪਣੇ ਹੱਕਾਂ ਲਈ ਸੰਘਰਸ਼ ਕਰਨ ਤੋਂ ਰੋਕਣ ਲਈ ਸ਼ਰਧਾ, ਵਿਸ਼ਵਾਸ਼, ਅਰਦਾਸ ਦਾ ਅਜਿਹਾ ਝੂਠਾ ਝਾਂਸਾ ਦਿੱਤਾ ਹੋਇਆ ਹੈ ਕਿ ਉਹ ਸਦੀਆਂ ਤੋਂ ਲੁੱਟ ਦਾ ਸ਼ਿਕਾਰ ਹੁੰਦਾ ਆਇਆ ਹੈ। ਉਸਨੂੰ ਆਪਣੀ ਤਾਕਤ ਦਾ ਅੰਦਾਜਾ ਹੀ ਭੁੱਲ ਗਿਆ ਹੈ, ਜਿਸ ਤਰ੍ਹਾਂ ਇੱਕ ਬਹੁਤ ਵੱਡੇ ਹਾਥੀ ਦੇ ਪੈਰ ਵਿੱਚ ਬਚਪਨ ਵਿੱਚ ਹੀ ਇੱਕ ਛੋਟੀ ਜਿਹੀ ਸੰਗਲੀ ਪਾ ਦਿੱਤੀ ਜਾਂਦੀ ਹੈ, ਜਿਸ ਨਾਲ ਬੱਝਾ ਉਹ ਆਪਣੀ ਤਾਕਤ ਤੇ ਸਮਰੱਥਾ ਗੁਆ ਕੇ, ਕਿਸੇ ਇੱਕ ਵਿਅਕਤੀ ਦੀ ਸਾਰੀ ਉਮਰ ਗੁਲਾਮੀ ਕਰਦਾ ਹੈ, ਜਦੋਂ ਕਿ ਅਗਰ ਉਸਨੂੰ ਆਪਣੀ ਤਾਕਤ ਦਾ ਅੰਦਾਜਾ ਹੋਵੇ ਤਾਂ ਇਕੱਲਾ ਹਜਾਰਾਂ ਵਿਅਕਤੀਆਂ ਤੇ ਭਾਰੂ ਹੋ ਸਕਦਾ ਹੈ। ਠੀਕ ਇਸੇ ਤਰ੍ਹਾਂ ਨਕਲੀ ਧਰਮ ਪੁਜਾਰੀਆਂ ਨੇ ਮਰਿਯਾਦਾ, ਪ੍ਰੰਪਰਾ, ਸ਼ਰਧਾ, ਵਿਸ਼ਵਾਸ਼ ਆਦਿ ਅਜਿਹੇ ਸੰਗਲ ਸਾਡੇ ਗਲ਼ਾਂ ਵਿੱਚ ਪਾਏ ਹੋਏ ਹਨ ਕਿ ਅਸੀਂ ਇਨ੍ਹਾਂ ਨੂੰ ਤੋੜਨ ਦੀ ਹਿੰਮਤ ਨਹੀਂ ਕਰਦੇ ਤੇ ਨਕਲੀ ਧਰਮ ਪੁਜਾਰੀਆਂ ਦੇ ਬਣੇ ਹੋਏ ਨਕਲੀ ਧਰਮ ਮੰਦਰਾਂ ਵਿੱਚ ਨਕਲੀ ਭਗਵਾਨਾਂ ਅੱਗੇ ਅਰਦਾਸਾਂ ਕਰਦੇ, ਮੱਥੇ ਰਗੜਦੇ, ਇਸ ਦੁਰਲਭ ਜੀਵਨ ਨੂੰ ਕੌਡੀਆਂ ਭਾਅ ਰੋਲ ਦਿੰਦੇ ਹਾਂ, ਤੇ ਪੁਜਾਰੀਆਂ ਦੇ ਕਲਪਿਤ ਅਗਲੇ ਜਨਮਾਂ, ਸਵਰਗਾਂ ਦੇ ਲੁਭਾਵਣੇ ਲਾਰਿਆਂ ਤੇ ਨਰਕਾਂ ਦੇ ਝੂਠੇ ਡਰਾਵਿਆਂ ਦੇ ਚੱਕਰ ਵਿੱਚ ਫਸੇ ਰਹਿੰਦੇ ਹਾਂ। ਲੋੜ ਸਾਨੂੰ ਇਸ ਮਾਨਸਿਕ ਗੁਲਾਮੀ ਦੇ ਸੰਗਲਾਂ ਨੂੰ ਤੋੜ ਕੇ ਕੁਦਰਤ ਦੀ ਸਾਜੀ ਇਸ ਸ੍ਰਿਸ਼ਟੀ ਵਿੱਚ ਖੁੱਲੇ ਮਨ ਨਾਲ ਬਿਨਾਂ ਕਿਸੇ ਬੰਦਨਾਂ ਤੋਂ ਆਜ਼ਾਦ ਸੋਚ ਨਾਲ ਵਿਚਰਨ ਦੀ ਹੈ। ਫਿਰ ਸਾਨੂੰ ਸਮਝ ਆ ਸਕਦੀ ਹੈ ਕਿ ਕਿਸ ਤਰ੍ਹਾਂ ਇਹ ਪੁਜਾਰੀ ਸਾਡੀ ਸੋਚ ਨੂੰ ਖੁੰਡਾ ਕਰਕੇ ਆਪਣੇ ਤੇ ਆਪਣੇ ਪ੍ਰਭੂਆਂ (ਰਾਜਨੀਤਕਾਂ ਤੇ ਸਰਮਾਏਦਾਰਾਂ) ਦੇ ਹਿੱਤਾਂ ਲਈ ਸਾਡਾ ਸਦੀਆਂ ਤੋਂ ਸੋਸ਼ਣ ਕਰ ਰਹੇ ਹਨ। ਇਸ ਗੁਲਾਮ ਮਾਨਸਿਕਤਾ ਕਾਰਨ ਹੀ ਅੱਜ ਦੁਨੀਆਂ ਭਰ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਲੋਕ ਨਕਲੀ ਧਰਮਾਂ ਦੀਆਂ ਫੋਕਟ ਕਰਮਕਾਂਡੀ ਮਰਿਯਾਦਾਵਾਂ ਤੇ ਉਨ੍ਹਾਂ ਦੇ ਦਿਖਾਵਿਆਂ ਪਹਿਰਾਵਿਆਂ ਦੇ ਬੰਦਨਾਂ ਤੋਂ ਆਜ਼ਾਦ ਹੋ ਕੇ ਇੱਕ ਆਮ ਇਨਸਾਨ ਵਾਂਗ ਵਿਚਰਨਾ ਚਾਹੁੰਦੇ ਹਨ, ਜਿਥੇ ਉਨ੍ਹਾਂ ਦੀ ਸੋਚ ਤੇ ਕੋਈ ਬੰਦਨ ਨਾ ਹੋਣ, ਪਰ ਪੁਜਾਰੀ ਮਨੁੱਖ ਨੂੰ ਇਸ ਵਿਚੋਂ ਨਿਕਲਣ ਨਹੀਂ ਦੇਣਾ ਚਾਹੁੰਦੇ ਤੇ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਜਿਸ ਨਾਲ ਅੱਜ ਦੁਨੀਆਂ ਭਰ ਵਿੱਚ ਵੱਡੀ ਪੱਧਰ ਤੇ ਲੋਕ ਜਾਂ ਤੇ ਇਨ੍ਹਾਂ ਅਖੌਤੀ ਨਕਲੀ ਧਰਮਾਂ ਤੋਂ ਬਾਗੀ ਹੋ ਕੇ ਗਲਤ ਰਸਤੇ ਆਪਨਾ ਰਹੇ ਹਨ, ਜੋ ਨਾ ਉਨ੍ਹਾਂ ਲਈ ਨਾ ਹੀ ਸਮਾਜ ਲਈ ਸਹੀ ਹਨ ਤੇ ਜਾਂ ਫਿਰ ਦੁਬਿਧਾ ਵਾਲਾ ਤੇ ਦੋਹਰੇ ਮਾਪਦੰਡਾਂ ਵਾਲਾ (ਬਾਹਰੋਂ ਦਿਖਾਵੇ ਵਾਲੇ ਧਰਮੀ ਤੇ ਅੰਦਰੋਂ ਕੁੱਝ ਹੋਰ) ਜੀਵਨ ਬਤੀਤ ਕਰ ਰਹੇ ਹਨ, ਜਿਸ ਨਾਲ ਮਾਨਸਿਕ ਰੋਗੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਪੁਜਾਰੀਆਂ ਦੀਆਂ ਨਕਲੀ ਮਰਿਯਾਦਾਵਾਂ, ਨਕਲੀ ਪੂਜਾ ਪਾਠਾਂ, ਨਕਲੀ ਪ੍ਰੰਪਰਾਵਾਂ ਤੇ ਨਕਲੀ ਭਗਵਾਨਾਂ ਦੇ ਬੰਧਨਾਂ ਨੂੰ ਤੋੜ ਕੇ ਸੱਚੇ ਧਰਮ ਨੂੰ ਜਾਨਣ, ਖੋਜਣ ਦੇ ਰਾਹ ਪਈਏ। ਅਸੀਂ ਇਹ ਪੱਕੀ ਧਾਰਨਾ ਬਣਾਈਏ ਕਿ ਧਰਮ ਜਾਨਣ ਤੇ ਖੋਜਣ ਦਾ ਵਿਸ਼ਾ ਹੈ, ਨਾ ਕਿ ਅੱਖਾਂ ਮੀਟ ਕੇ ਸਿਰ ਸੁੱਟ ਕੇ ਸ਼ਰਧਾ ਨਾਲ ਰੀਤਾਂ ਰਸਮਾਂ ਮਰਿਯਾਦਾਵਾਂ ਨੂੰ ਮੰਨਣ ਦਾ। ਮਾਨਸਿਕ ਤੌਰ ਤੇ ਆਜ਼ਾਦ ਮਨੁੱਖ ਹੀ ਆਪਣੇ ਤੇ ਦੂਜਿਆਂ ਹੱਕਾਂ ਦੇ ਪ੍ਰਤੀ ਸੁਚੇਤ ਹੋ ਕੇ ਸਰਬੱਤ ਦੇ ਭਲੇ ਦੀ ਧਾਰਨਾ ਅਧੀਨ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਸਹਿਜ ਵਾਲਾ ਜੀਵਨ ਬਤੀਤ ਕਰ ਸਕਦਾ ਹੈ ਤੇ ਅਜਿਹੇ ਸਮਾਜ ਦੀ ਸਿਰਜਨਾ ਕਰ ਸਕਦਾ ਹੈ, ਜਿਥੇ ਸਾਰੀ ਮਨੁੱਖਤਾ ਭਾਈ-ਭਾਈ ਹੋਵੇ, ਨਾ ਕਿ ਨਕਲੀ ਧਾਰਮਿਕ ਫਿਰਕਿਆਂ ਦੇ ਬੰਧਨਾਂ ਵਿੱਚ ਫਸੀ ਇੱਕ ਦੂਜੇ ਨੂੰ ਨਫਰਤ ਕਰੇ। ਆਉ ਖੁੱਲੇ ਮਨ ਨਾਲ ਇਨ੍ਹਾਂ ਬੰਧਨਾਂ ਤੋਂ ਮੁਕਤ ਹੋਈਏ ਤੇ ਮਾਨਸਿਕ ਰੋਗਾਂ ਤੋਂ ਰਹਿਤ ਜੀਵਨ ਬਤੀਤ ਕਰੀਏ।




.