.

ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ

(ਸੁਖਜੀਤ ਸਿੰਘ ਕਪੂਰਥਲਾ)

ਪ੍ਰਮੇਸ਼ਰ ਵਲੋਂ ਸਾਜੀ ਇਸ ਸ਼੍ਰਿਸ਼ਟੀ ਵਿੱਚ ਵੱਖ-ਵੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਮਨੁੱਖਾ ਜਨਮ ਇਨ੍ਹਾਂ 84 ਲੱਖ ਜੂਨਾਂ ਭੁਗਤਨ ਤੋਂ ਬਾਅਦ ਹੀ ਪ੍ਰਾਪਤ ਹੁੰਦਾ ਹੈ। ਮਨੁੱਖਾ ਜਨਮ ਸਾਰੀ ਸ਼੍ਰਿਸ਼ਟੀ ਦੀ ਸਭ ਤੋਂ ਉੱਤਮ ਅਵਸਥਾ ਹੈ, ਇਹ ਉੱਤਮਤਾ ਤਾਂ ਹੀ ਹੈ। ਜੇਕਰ ਪ੍ਰਮਾਤਮਾ ਦਾ ਨਾਮ ਜਾਂ ਰਚਨਹਾਰ ਪ੍ਰਮਾਤਮਾ ਨਾਲ ਸਾਂਝ ਪਾ ਕੇ ਜਨਮ-ਮਰਨ ਦੇ ਗੇੜ ਤੋਂ ਛੁਟਕਾਰਾ ਪ੍ਰਾਪਤ ਕਰ ਸਕੀਏ। ਗੁਰਬਾਣੀ ਇਹਨਾਂ ਤੱਥਾਂ ਦੀ ਬਾਰ ਬਾਰ ਪ੍ਰੋੜਤਾ ਕਰਦੀ ਹੈ। ਗੁਰੂ ਅਜਰਨ ਦੇਵ ਜੀ ਦਾ ਫੁਰਮਾਣ ਹੈ-

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮ ਪਾਇਓਹ।।

ਨਾਨਕ ਨਾਮੁ ਸਮਾਲ ਤੂ ਸੋ ਦਿਨੁ ਨੇੜਾ ਆਇਓਇ।।

(ਸਿਰੀ ਰਾਗ ਮਹਲਾ ੫-੫੦)

ਇਸੇ ਸਬੰਧ ਵਿੱਚ ਗੁਰੂ ਤੇਗ ਬਹਾਦਰ ਜੀ ਵੀ ਬਖਸ਼ਿਸ਼ ਕਰਦੇ ਹਨ-

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ।।

ਨਾਨਕੁ ਕਹਤੁ ਮਿਲਨੁ ਕੀ ਬਰੀਆ ਸਿਮਰਤ ਕਹਾ ਨਹੀ।।

(ਸੋਰਠਿ ਮਹਲਾ ੯-੬੩੧)

ਜਿਹੜੇ ਮਨੁੱਖਾਂ ਨੂੰ ਇਨ੍ਹਾਂ ਗੱਲਾਂ ਦੀ ਸਮਝ ਆ ਜਾਂਦੀ ਹੈ ਕਿ ਉਹ ਬਹੁਤ ਲੰਮੇ ਸਮੇਂ ਤੋਂ ਪ੍ਰਮਾਤਮਾ ਨਾਲੋਂ ਵਿਛੜੇ ਹੋਏ ਹਨ ਅਤੇ

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲ ਪਣਾਣੁ।।

(ਆਸਾ ਮਹਲਾ ੩-੪੪੧)

ਹੀ ਇਸ ਮਨੁੱਖਾ ਜੀਵਨ ਦਾ ਮਕਸਦ ਹੈ, ਇਸ ਮੰਜਿਲ ਦੀ ਪ੍ਰਾਪਤੀ ਪ੍ਰਮਾਤਮਾ ਦੇ ਨਾਮ ਸਿਮਰਨ ਅਤੇ ਉਸਦੀ ਬਖਸ਼ਿਸ਼ ਵਿੱਚ ਹੀ ਹੈ, ਨਾਮ ਜਪਦਿਆਂ-ਜਪਦਿਆਂ ਉਨ੍ਹਾਂ ਦੇ ਮਨ ਅੰਦਰ ਪ੍ਰਮੇਸ਼ਰ ਮਿਲਾਪ ਦੀ ਐਸੀ ਤੜਪ ਪੈਦਾ ਹੋ ਜਾਂਦੀ ਹੈ ਅਤੇ ਉਹ ਪ੍ਰਮੇਸ਼ਰ ਤੋਂ ਦੂਰ ਨਹੀ ਰਹਿ ਸਕਦੇ, ਉਹ ਭਗਤ ਰਵਿਦਾਸ ਜੀ ਵਾਂਗ ਪ੍ਰਮੇਸ਼ਰ ਅੱਗੇ ਬਾਰ-ਬਾਰ ਅਰਜੋਈਆਂ ਕਰਦੇ ਹਨ-

ਕਹੁ ਰਵਿਦਾਸ ਪਰਉ ਤੇਰੀ ਸਾਭਾ।।

ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ।।

(ਗਉੜੀ ਗੁਆਰੇਰੀ ਰਵਿਦਾਸ ਜੀ- ੩੪੫)

ਹੇ ਪ੍ਰਮੇਸ਼ਰ ਮੈਂ ਤੇਰੀ ਸਰਨ ਆਇਆ ਹਾਂ, ਆਪਣੇ ਸੇਵਕ ਨੂੰ ਛੇਤੀ ਮਿਲੋ ਇਸ ਮਿਲਾਪ ਵਿੱਚ ਦੇਰੀ ਨਾ ਕਰੋ।

ਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਐਸੀ ਅਵਸਥਾ ਕਿਸੇ ਵਿਰਲੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਬਹੁਗਿਣਤੀ ਦੇ ਮਨਾਂ ਅੰਦਰ ਪ੍ਰਮੇਸ਼ਰ ਤੋਂ ਵਿਛੋੜੇ ਦਾ ਅਹਿਸਾਸ ਅਤੇ ਪ੍ਰਮੇਸ਼ਰ ਮਿਲਾਪ ਦੀ ਤੜਪ ਪੈਦਾ ਹੀ ਨਹੀ ਹੁੰਦੀ, ਐਸਾ ਕਿਉਂ ਹੋ ਰਿਹਾ ਹੈ? ਇਸ ਸਵਾਲ ਦਾ ਜਵਾਬ ਭਗਤ ਰਵਿਦਾਸ ਜੀ ਦਿੰਦੇ ਹਨ ਕਿ ਅਸੀਂ ਮਾਇਆ ਦੇ ਰੰਗਾਂ ਵਿੱਚ ਗਲਤਾਨ ਹੋ ਕੇ ਕੇਵਲ ਸੰਸਾਰਕ ਦੌੜ ਭੱਜ ਹੀ ਕਰੀ ਜਾਂਦੇ ਹਾਂ-

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ।।

ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ।।

(ਆਸਾ ਰਵਿਦਾਸ ਜੀ-੪੮੭)

ਮਾਇਆ ਦੇ ਰੰਗ ਵਿੱਚ ਫਸੇ ਜੀਵ ਨੂੰ ਇਹ ਸਮਝ ਹੀ ਨਹੀ ਆਉਂਦੀ ਕਿ ਜੀਵ ਆਤਮਾ ਅਤੇ ਪ੍ਰਮਾਤਮਾ ਦੀ ਦੂਰੀ ਦਿਨੋ ਦਿਨ ਘਟਣ ਦੀ ਬਜਾਏ ਵਧਦੀ ਕਿਉਂ ਜਾ ਰਹੀ ਹੈ? ਜਦੋਂ ਮਨੁੱਖ ਇਸਦੇ ਕਾਰਣਾਂ ਵਲ ਝਾਤੀ ਮਾਰ ਕੇ ਵੇਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਝ ਆਉਂਦੀ ਹੈ ਕਿ ਪ੍ਰਭੂ ਪ੍ਰੀਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਨਾਲ ਪਾਈ ਪ੍ਰੀਤ ਹੀ ਇਸ ਦਾ ਕਾਰਣ ਹੈ। ਜਿਵੇ ਭਗਤ ਰਵਿਦਾਸ ਜੀ ਰਾਗ ਜੈਤਸਰੀ ਵਿੱਚ ਬਖਸ਼ਿਸ਼ ਕਰਦੇ ਹਨ-

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ।।

ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ।।

(ਜੈਤਸਰੀ ਰਵਿਦਾਸ ਜੀ-੭੧੦)

ਪ੍ਰਭੂ ਤੋਂ ਵਧ ਰਹੀ ਦੂਰੀ ਦਾ ਕਾਰਣ ਰਵਿਦਾਸ ਜੀ ਵੀ ਦਸਦੇ ਹਨ ਕਿ ਵੱਖ ਵੱਖ ਤਰਾਂ ਦੇ ਜੀਵਾਂ ਵਿੱਚ ਇੱਕ ਇੱਕ ਵਿਕਾਰ ਹੀ ਹੈ ਮਨੁੱਖ ਦੇ ਜੀਵਨ ਵਿੱਚ ਪੰਜ ਦੇ ਪੰਜ ਵਿਕਾਰ ਹੋਣ ਕਾਰਣ ਪ੍ਰਭੂ ਪ੍ਰਤੀ ਅਗਿਆਨਤਾ ਹੀ ਆਗਿਆਨਤਾ ਛਾਈ ਹੋਈ ਹੈ ਫਿਰ ਪ੍ਰਭੂ ਪ੍ਰਾਪਤੀ ਦੀ ਤੜਪ ਪੈਦਾ ਕਿਵੇਂ ਹੋਵੇ?

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।।

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ।।

(ਆਸਾ ਰਵਿਦਾਸ ਜੀ-੪੮੬)

ਵਿਸ਼ੇ ਵਿਕਾਰਾਂ ਦੀ ਸੰਗਤ ਵਿੱਚ ਪਿਆ ਮਨੁੱਖ ਜਿੰਨਾ ਚਿਰ ਆਪਣੇ ਮੂਲ ਪ੍ਰਮਾਤਮਾ ਪ੍ਰਤੀ ਅਵੇਸਲੇਪਨ ਦਾ ਸ਼ਿਕਾਰ ਹੈ ਉਨਾਂ ਚਿਰ ਇਸਦੇ ਅੰਤਮ ਆਤਮੇ ਵਿਚੋਂ- “ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ” ਦੀ ਅਰਦਾਸ ਕਿਵੇਂ ਨਿਕਲੇਗੀ?

ਜਿਸ ਪ੍ਰਮੇਸ਼ਰ ਨਾਲ ਮਿਲਾਪ ਹਾਸਲ ਕਰਨਾ ਮਨੁੱਖਾ ਜੀਵਨ ਦਾ ਮਨੋਰਥ ਹੈ, ਉਸ ਪ੍ਰਮਾਤਮਾ ਦਾ ਟਿਕਾਣਾ ਕਿਥੇ ਹੈ? ਕਿੰਨੀ ਕੁ ਦੂਰ ਹੈ ਜਿਥੋਂ ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਮ ਆਦਮੀ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਭਗਤ ਰਵਿਦਾਸ ਜੀ ਨੇ ਰਾਗ ਸੋਰਠਿ ਵਿੱਚ ਬਹੁਤ ਹੀ ਸੁਖੈਨ ਉਦਾਹਰਣ ਦੇ ਕੇ ਸਪਸ਼ਟ ਕੀਤਾ ਹੈ ਕਿ ਜਿਵੇਂ ਮਨੁੱਖ ਦੇ ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਹੱਥ ਹੀ ਹੈ ਕਿਉਂਕਿ ਹੱਥ ਸਰੀਰ ਦੇ ਕਿਸੇ ਵੀ ਹਿੱਸੇ ਤਕ ਅਸਾਨੀ ਨਾਲ ਪਹੁੰਚ ਸਕਦਾ ਹੈ ਪ੍ਰੰਤੂ ਪ੍ਰਮੇਸ਼ਰ ਤਾਂ ਮਨੁੱਖ ਦੇ ਹੱਥ ਤੋਂ ਵੀ ਨੇੜੇ ਹੈ-

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭ+ਗਵੈ ਸੋਈ।।

ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ।।

(ਸੋਰਠਿ ਰਵਿਦਾਸ ਜੀ-੬੫੮)

ਪਰ ਇੰਨਾ ਨੇੜੇ ਹੁੰਦਿਆਂ ਵੀ ਮਨੁੱਖ ਦੀ ਸਾਂਝ ਪ੍ਰਭੂ ਨਾਲ ਕਿਉਂ ਨਹੀ ਬਣਦੀ? ਇਸ ਦਾ ਉੱਤਰ ਵੀ ਭਗਤ ਰਵਿਦਾਸ ਜੀ ਨੇ ਦਿਤਾ ਹੈ ਕਿ ਜਿਵੇਂ ਲਾਲਟੈਨ ਵਿੱਚ ਤੇਲ, ਬੱਤੀ, ਅੱਗ, ਚਿਮਨੀ ਸਭ ਕੁੱਝ ਪੂਰਾ ਹੋਵੇ ਪਰ ਸ਼ੀਸ਼ੇ ਦੀ ਚਿਮਨੀ ਅੰਦਰੋਂ ਧੂੰਏ ਨਾਲ ਕਾਲੀ ਹੋਵੇ ਤਾਂ ਰੋਸ਼ਨੀ ਬਾਹਰ ਨਹੀਂ ਆਉਂਦੀ, ਬਿਲਕੁਲ ਇਸ ਤਰਾਂ ਪ੍ਰਮੇਸ਼ਰ ਦੀ ਲਾਟ ਤਾਂ ਹਰ ਜੀਵ ਅੰਦਰ ਲਟ-ਲਟ ਬਲ ਰਹੀ ਹੈ ਪਰ ਅਸੀਂ ਅਗਿਆਨਤਾ ਵਸ ਅੰਦਰੋਂ ਵਿਕਾਰਾਂ ਦੀ ਕਾਲਖ ਨਾਲ ਭਰੇ ਪਏ ਹਾਂ ਤਾਂ ਹੀ ਪ੍ਰਮੇਸ਼ਰ ਨਾਲ ਸਾਂਝ ਨਹੀ ਬਣਦੀ-

ਮਾਧੋ ਅਬਿਦਿਆ ਹਿਤ ਕੀਨ।।

ਬਿਬੇਕ ਦੀਪ ਮਲੀਨ।।

(ਆਸਾ ਰਵਿਦਾਸ ਜੀ-੪੮੬)

ਇਸ ਗਲ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਹੋਰ ਸਪਸ਼ਟ ਕੀਤਾ ਹੈ-

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ।।

ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ।।

(ਸਲੋਕ ਮਹਲਾ ੩-੬੫੧)

ਪ੍ਰਭੂ ਪ੍ਰਾਪਤੀ ਦੇ ਰਸਤੇ ਦੀ ਰੁਕਾਵਟ ਨੂੰ ਦੂਰ ਕਰਨ ਦਾ ਕੁੱਝ ਲੋਕਾਂ ਨੇ ਬਾਹਰੀ ਸੁਚਮਤਾ ਨੂੰ ਸਾਧਨ ਦੱਸਿਆ, ਪ੍ਰੰਤੂ ਭਗਤ ਰਵਿਦਾਸ ਜੀ ਨੇ ਬਾਹਰੀ ਤੌਰ ਤੇ ਸੁੱਚੀਆਂ ਸਮਝ ਕੇ ਭੇਟ ਕਰਨ ਯੋਗ ਵਸਤੂਆਂ ਨੂੰ ਕੁਦਰਤੀ ਵਰਤਾਰੇ ਰਾਹੀਂ ਬਾ-ਦਲੀਲ ਸਾਬਤ ਕਰ ਦਿਤਾ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਵਸਤੂ ਸੁੱਚੀ ਨਹੀ ਹੋ ਸਕਦੀ।

ਪ੍ਰਮੇਸ਼ਰ ਦੀ ਖੁਸ਼ੀ ਲੈਣ ਦਾ ਬਿਲਕੁਲ ਸਹੀ ਮਾਰਗ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਤੋਂ ਰਹਿਤ ਕਰਦੇ ਹੋਏ ਆਪਣੇ ਆਪ ਨੂੰ ਹੀ ਸੁੱਚਾ ਕਰਕੇ ਪ੍ਰਭੂ ਅੱਗੇ ਅਰਪਿਤ ਕਰਨਾ ਹੈ-

ਦੂਧ ਤ ਬਛਰੇ ਥਨਹੁ ਬਿਟਾਰਿਓ।।

ਫੂਲੁ ਭਵਰਿ ਜਲੁ ਮੀਨਿ ਬਿਗਾਰਿਓ।।

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।।

(ਗੂਜਰੀ ਰਵਿਦਾਸ ਜੀ-੫੨੫)

ਸਵਾਲ ਦੇ ਜਵਾਬ ਵਿੱਚ ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਭਗਤ ਰਵਿਦਾਸ ਜੀ ਸਪਸ਼ਟ ਕਰਦੇ ਹਨ-

ਤਨ ਮਨ ਅਰਪਉ ਪੂਜ ਚਰਾਵਉ।।

ਗੁਰ ਪ੍ਰਸਾਦਿ ਨਿਰੰਜਨ ਪਾਵਉ।।

ਸਾਡੇ ਜੀਵਨ ਵਿਚੋਂ ਵੀ “ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ” ਦੀ ਅਰਦਾਸ ਨਿਕਲੇ, ਇਸ ਲਈ ਸਾਨੂੰ ਸੰਸਾਰੀ ਵਿਸ਼ੇ ਵਿਕਾਰਾਂ ਨਾਲੋ ਪ੍ਰੀਤ ਤੋੜ ਕੇ ਪ੍ਰਮੇਸ਼ਰ ਨਾਲ ਹੀ ਪਕੇਰੀ ਸਾਂਝ ਪਾਉਣੀ ਪਵੇਗੀ, ਜਿਵੇਂ ਭਗਤ ਰਵਿਦਾਸ ਜੀ ਰਾਗ ਸੋਰਠਿ ਵਿੱਚ ਬਖਸ਼ਿਸ਼ ਕਰਦੇ ਹਨ-

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ।।

ਤੁਮ ਸਿਉ ਜੋਰਿ ਅਵਰ ਸੰਗਿ ਤੋਰੀ।।

(ਸੋਰਠਿ ਰਵਿਦਾਸ ਜੀ-੬੫੯)

ਇਸ ਪ੍ਰਭੂ ਪ੍ਰੀਤ ਦੇ ਮਾਰਗ ਉਪਰ ਚਲਦਿਆਂ ਮਨ ਅੰਦਰ ਐਸਾ ਯਕੀਨ ਪਰਪੱਕ ਕਰਨਾ ਪਵੇਗਾ ਕਿ ਉਸ ਪ੍ਰਮੇਸ਼ਰ ਦੀ ਪ੍ਰੀਤ ਤੋਂ ਬਿਨਾਂ ਕੋਈ ਹੋਰ ਟਿਕਾਣਾ ਨਹੀ ਹੈ ਜਿਥੋਂ ਅਰਦਾਸ ਦੀ ਸਫਲਤਾ ਮਿਲ ਸਕੇ-

ਐਸੀ ਲਾਲ ਤੁਝ ਬਿਨੁ ਕਉਨ ਕਰੇ।।

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰ ਧਰੈ।।

(ਮਾਰੂ ਰਵਿਦਾਸ ਜੀ-੧੧੦੬)

ਪ੍ਰਭੂ ਪ੍ਰੇਮ ਦੇ ਮਾਰਗ ਉਪਰ ਚਲਦਿਆਂ ਗੁਰੂ ਅਰਜਨ ਦੇਵ ਜੀ ਦੇ ਦੱਸੇ ਮਾਰਗ-

ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਏ ਜੀਉ।।

ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਉ।।

ਇਉ ਪਾਵਹਿ ਹਰਿ ਦਰਸਾਵੜਾ ਨ ਲਗੈ ਤਤੀ ਵਾਉ ਜੀਉ।।

(ਸੂਹੀ ਮਹਲਾ ੫-੭੬੩)

ਅਨੁਸਾਰ ਜੋ ਜੀਵ ਮੰਜਿਲ ਦੀ ਪ੍ਰਾਪਤੀ ਕਰ ਲੈਂਦਾ ਹੈ ਉਸ ਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਤਾਂ ਜਗਿਆਸੂ ਅਤੇ ਪ੍ਰਭੂ ਵਿਚਲਾ ਅੰਤਰ ਬਿਲਕੁਲ ਖਤਮ ਹੋ ਜਾਂਦਾ ਹੈ ਅਤੇ ਇਸ ਅਵਸਥਾ ਨੂੰ ਮਾਣਦਾ ਹੋਇਆ ਭਗਤ ਰਵਿਦਾਸ ਜੀ ਵਾਂਗ ਪੁਕਾਰ-ਪੁਕਾਰ ਕੇ ਆਖਦਾ ਹੈ-

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।

ਕਨਕ ਕਕਿ ਜਲ ਤਰੰਗ ਜੈਸਾ।।

(ਸਿਰੀ ਰਾਗ ਰਵਿਦਾਸ ਜੀ-੯੩)

ਭਗਤ ਰਵਿਦਾਸ ਜੀ ਦੀ ਐਸੀ ਅਵਸਥਾ ਕਾਰਣ ਹੀ ਬਾਣੀ ਦੇ ਬੋਹਿਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 16 ਰਾਗਾਂ ਵਿੱਚ 40 ਸ਼ਬਦ ਦਰਜ ਹਨ। ਐਸੇ ਮਹਾਨ ਉਚ ਜੀਵਨ ਵਾਲੇ ਭਗਤ ਰਵਿਦਾਸ ਜੀ ਬਾਰੇ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਵੀ ਗੁਰਬਾਣੀ ਅੰਦਰ ਉਹਨਾ ਦੀ ਵਡਿਆਈ ਕੀਤੀ-

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇੱਕ ਗਾਇ।।

ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ।।

(ਸੂਹੀ ਮਹਲਾ ੪-੭੬੫)

ਰਵਿਦਾਸ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।

ਪਰਗਟੁ ਹੋਆ ਸਾਧ ਸੰਗਿ ਹਰਿ ਦਰਸੁਨ ਪਾਇਆ।।

(ਆਸਾ ਮਹਲਾ ੫-੪੮੭)

ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਭਗਤ ਰਵਿਦਾਸ ਜੀ ਦੀ ਵਡਿਆਈ ਵਿੱਚ ਲਿਖਿਆ-

ਭਗਤੁ ਭਗਤੁ ਜਗਿ ਵਸਿਆ ਚਹੁ ਚਕਾ ਦੇ ਵਿਚਿ ਚਮਰੇਟਾ।।

(ਵਾਰ ੧੦- ਪਉੜੀ ੧੭)

ਭਗਤ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਮਲਾਰ ਰਾਗ ਵਿੱਚ ਫੁਰਮਾਣ ਕੀਤਾ ਕਿ ਜਿਹੜੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ, ਆਪਣੇ ਆਪ ਨੂੰ ਉਚ ਸ਼੍ਰੇਣੀ ਦੇ ਸਮਝਣ ਵਾਲੇ ਰਵਿਦਾਸ ਨੂੰ ਚਮਾਰ-ਚਮਾਰ, ਨੀਚ ਜਾਤੀ ਦਾ ਆਖ ਕੇ ਨਫਰਤ ਕਰਦੇ ਸਨ ਹੁਣ ਪ੍ਰਮੇਸ਼ਰ ਦੇ ਨਾਮ ਦੀ ਕ੍ਰਿਪਾ ਨਾਲ ਰਵਿਦਾਸ ਨੂੰ ਨਮਸਕਾਰਾਂ ਕਰਦੇ ਹਨ-

ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ

ਨਿਤਹਿ ਬਨਾਰਸੀ ਆਸ ਪਾਸਾ।।

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ

ਤੇਰੇ ਨਾਮ ਸਰਣਾਇ ਰਵਿਦਾਸ ਦਾਸਾ।।

(ਮਲਾਰ ਰਵਿਦਾਸ ਜੀ-੧੨੯੩)

ਆਉ ਆਪਾਂ ਵੀ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਮਝਦੇ ਹੋਏ ਪ੍ਰਮੇਸ਼ਰ ਮਿਲਾਪ ਦੀ ਤੜਪ ਵਿੱਚ ਭਗਤ ਰਵਿਦਾਸ ਜੀ ਵਾਂਗ ਅਰਦਾਸ ਕਰੀਏ-

ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ।।

======

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876, 01822-276876

ਈ. ਮੇਲ-[email protected]




.