.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੇ ਅਸੀਂ

ਮਹਾਨ ਕੋਸ਼ ਵਿੱਚ ਸ਼ਹਾਦਤ ਦੇ ਅਰਥ ਹਨ ੧. ਸੱਚੀ ਗਵਾਹੀ, ੨. ਸ਼ਹੀਦੀ, ਧਰਮ ਯੁੱਧ ਵਿੱਚ ਮੌਤ ਤੇ ਸ਼ਹੀਦੀ ਦੇ ਅਰਥ ਇਸ ਤਰ੍ਹਾਂ ਆਏ ਹਨ—੧. ਸ਼ਹੀਦੀਪਨ, ਸ਼ਹਾਦਤ, ਗਵਾਹੀ, ੨. ਸ਼ਹਾਦਤ ਪ੍ਰਾਪਤ ਕਰਨ ਦੀ ਕ੍ਰਿਯਾ, ੩. ਧਰਮਹਿੱਤ ਪ੍ਰਾਣ ਅਰਪਣ ਕਰਨ ਦੀ ਕ੍ਰਿਯਾ। ਸ਼ਹੀਦਾਂ ਨੂੰ ਦੋ ਸ਼੍ਰੈਣੀਆਂ ਵਿੱਚ ਰੱਖਿਆ ਜਾ ਸਕਦਾ ਹੈ ਇੱਕ ਉਹ ਸ਼ਹੀਦ ਜੋ ਸੱਚ, ਹੱਕ, ਧਰਮ, ਇਨਸਾਫ਼ ਤੇ ਮਾਨਵੀ ਹੱਕਾਂ ਲਈ ਜੂਝਦੇ ਹਨ ਦੂਜੇ ਸ਼ਹੀਦ ਉਹ ਹੁੰਦੇ ਹਨ ਜੋ ਇਹਨਾਂ ਸਚਾਈਆਂ ਲਈ ਆਪਣੀ ਜਾਨ ਵਾਰ ਦੇਂਦੇ ਹਨ। ਸਿੱਖ ਕੌਮ ਇਹਨਾਂ ਦੋਹਾਂ ਪੱਖਾਂ `ਤੇ ਚਲਦੀ ਰਹੀ ਹੈ। ੧੪੬੯ ਤੋਂ ਲੈ ਕੇ ੧੭੦੮ ਈਸਵੀ ਤੱਕ ਦੇ ਇਤਿਹਾਸ ਦੇ ਪੰਨਿਆਂ `ਤੇ ਨਜ਼ਰ ਮਾਰਿਆਂ ਪਤਾ ਚਲਦਾ ਹੈ ਕਿ ਇਹ ੨੩੯ ਸਾਲ ਦਾ ਸਮਾਂ ਇਕਸਾਰਤਾ ਤੇ ਕ੍ਰਾਂਤੀ ਵਾਲਾ ਸੀ। ਇਸ ਸਮੇਂ ਵਿੱਚ ਗੁਰੂਆਂ ਨੇ ਆਪ ਕੌਮ ਨੂੰ ਲੀਡਰਸ਼ਿੱਪ ਦਿੱਤੀ ਹੈ। ਇਸ ਇਕਸਾਰਤਾ ਵਿਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਸਾਰ `ਤੇ ਪਹਿਲਾ ਖਾਲਸਈ ਰਾਜ ਸਥਾਪਿਤ ਕੀਤਾ। ਕੌਮ ਕੋਲ ਇੱਕ ਮੁਕੰਮਲ ਨੀਤੀਵਾਨ ਲੀਡਰ ਸੀ ਜਿਸ ਦੀ ਨੀਤੀ ਨੇ ਸਦੀਆਂ ਦੇ ਜੰਮੇ ਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਗੁਰੂ ਕਾਲ ਵਿੱਚ ਇਸਲਾਮ ਤੇ ਹਿੰਦੂ ਦੋ ਪ੍ਰਮੁੱਖ ਕੌਮਾਂ ਸਨ। ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਆਮ ਜੀਵਨ ਦਾ ਵਰਤਾਰਾ ਇਹਨਾਂ ਦੇ ਧਾਰਮਿਕ ਆਗੂਆਂ ਤੇ ਰਾਜਸੀ ਨੇਤਾਵਾਂ ਦੇ ਗਠਬੰਧਨ ਅਨੁਸਾਰ ਹੀ ਚਲਦਾ ਸੀ। ਮੁਲਕ ਵਿੱਚ ਇਸਲਾਮੀ ਰਾਜ ਦਾ ਪੂਰਾ ਪ੍ਰਭਾਵ ਸੀ। ਹਿੰਦੂ ਆਗੂ ਤੇ ਧਾਰਮਿਕ ਨੇਤਾ ਬਹੁਤੀਆਂ ਥਾਵਾਂ `ਤੇ ਰਲ਼ ਕੇ ਚਲਦੇ ਸਨ। ਇਸਲਾਮਿਕ ਸ਼ਰੱਈ ਤੇ ਹਿੰਦੂਤਵ ਦੀ ਕਰਮਕਾਂਡੀ ਸੋਚ ਨੇ ਸਾਰੇ ਭਾਰਤ ਨੂੰ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਦੀ ਅਜ਼ਾਦ ਸੋਚ ਨੇ ਇੱਕ ਨਵੇਂ ਮੁਲਕ ਦੀ ਨੀਂਹ ਰੱਖੀ। ਜਿਹੜੀ ਪਾਖੰਡ, ਕਰਮਕਾਂਡ ਤੇ ਸ਼ਰਈ ਬੰਧਨਾ ਤੇ ਹਰ ਜ਼ੁਲਮ ਨੂੰ ਤੋੜਦੀ ਹੈ। ਕਬੀਰ ਸਾਹਿਬ ਦਾ ਸਪੱਸ਼ਟ ਐਲਾਨ ਹੈ ਕਿ--- ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। ੧।। ਪੰਨਾ ੧੧੫੯ ਭਾਵ ਮੈਂ ਪੰਡਿਤ ਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ਦੋਹਾਂ ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਰਿਹਾ। ਕਬੀਰ ਸਾਹਿਬ ਜੀ ਨੇ ਤਾਂ ਏੱਥੋਂ ਤੱਕ ਲਿਖ ਦਿੱਤਾ ਹੈ ਕਿ ਜਿਹੜਾ ਵੀ ਇਹਨਾਂ ਦੋਹਾਂ ਧਰਮਾਂ ਦੇ ਧਾਰਮਿਕ ਅਗੂਆਂ ਵਲੋਂ ਕਰਮਕਾਂਡੀ ਸਹਿਤ ਲਿਖਿਆ ਗਿਆ ਹੈ, ਮੈਂ ਉਸ ਨੂੰ ਸ਼ਰੇਆਮ ਨਿਕਾਰਦਾ ਹਾਂ ਤੇ ਇਹਨਾਂ ਨੂੰ ਮੰਨਣ ਦਾ ਪਾਬੰਧ ਨਹੀਂ ਹਾਂ। ---ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। ੩।। ਪੰਨਾ ੧੧੫੯-- (ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਲਿਖਿਆ ਹੈ, ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁੱਝ ਛੱਡ ਦਿੱਤਾ ਹੈ ।
ਰੂੜੀਵਾਦੀ ਸੋਚ ਨੇ ਅਜੇਹੀ ਨਵੀਂ ਸੋਚ ਦਾ ਖੁਲ਼੍ਹ ਕੇ ਵਿਰੋਧ ਕੀਤਾ। ਦੇਖਣ ਨੂੰ ਇਹ ਦੋ ਕੌਮਾਂ ਲੱਗਦੀਆਂ ਸਨ ਪਰ ਨ੍ਹਿਸਚੇ ਤੌਰ `ਤੇ ਇਹਨਾਂ ਦੋਹਾਂ ਦੇ ਧਾਰਮਿਕ ਤੇ ਰਾਜਸੀ ਨੇਤਾ ਜਨ ਇਸ ਕ੍ਰਾਂਤੀਕਾਰੀ ਲਹਿਰ ਦੇ ਵਿਰੋਧ ਵਿੱਚ ਖੜੇ ਸਨ। ਇਹ ਨਵੀਂ ਸੋਚ ਵਾਲੀ ਕ੍ਰਾਂਤੀ ਜਨੇਊ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਨਿਕਾਰਨ ਤੋਂ ਸ਼ੂਰੂ ਹੋਈ। ਕਈ ਪੜਾ ਤਹਿ ਕਰਦਿਆਂ ਹੋਇਆਂ ਹਲੀਮੀ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਵਿੱਚ ਡਟੀ ਰਹੀ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਬਹੁਤ ਵੱਡੀਆਂ ਚਣੋਤੀਆਂ ਸਨ। ਪਹਿਲਾਂ ਪਹਿਲ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਪਾਸੋਂ ਮਦਦ ਲਈ ਸੀ ਫਿਰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਾਉਣ ਲਈ ਬਾਈਧਾਰ ਦੇ ਰਾਜਿਆਂ ਨੇ ਮੁਗਲ ਹਕੂਮਤ ਨੂੰ ਆਪ ਚਿੱਠੀਆਂ ਲਿਖੀਆਂ ਸਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਏਸੇ ਤਰ੍ਹਾਂ ਵਿਚਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਰਾਜ ਭਾਗ ਤੋਂ ਹੱਥ ਧੋਣੇ ਪਹਿਣਗੇ। ਦੁਨੀਆਂ ਦੀਆਂ ਸਰਕਾਰਾਂ ਹੱਕ ਮੰਗਣ ਵਾਲਿਆਂ ਨੂੰ ਬਾਗੀ ਕਹਿ ਕੇ ਹਮੇਸ਼ਾਂ ਲਈ ਖਤਮ ਕਰ ਦੇਂਦੀਆਂ ਹਨ ਤਾਂ ਕਿ ਅੱਗੋਂ ਤੋਂ ਕੋਈ ਅਜੇਹੀ ਸ਼ਕਤੀ ਸਿਰ ਨਾ ਚੁੱਕ ਸਕੇ। ਦੁਨੀਆਂ ਵਿੱਚ ਬਹੁਤ ਸਾਰੀਆਂ ਕ੍ਰਾਂਤੀਆਂ ਆਈਆਂ ਹਨ ਪਰ ਕੁੱਝ ਸਮੇਂ ਉਪਰੰਤ ਉਹਨਾਂ ਦਾ ਵਜੂਦ ਖਤਮ ਹੋਇਆ ਨਜ਼ਰ ਆਉਂਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਕ੍ਰਾਂਤੀਕਾਰੀ ਲਹਿਰ ਖੜੀ ਕੀਤੀ ਸੀ ਉਸ ਦੀ ਉਮਰ ਰਹਿੰਦੀ ਦੁਨੀਆਂ ਤੱਕ ਹੈ। ਕਿਉਂਕਿ ਇਸ ਦੀ ਅਧਾਰ-ਸ਼ਿਲਾ ਰੱਬੀ ਨਿਯਮਾਵਲੀ ਤੇ ਰੱਖੀ ਗਈ ਹੈ। ਸੱਤ ਤੇ ਨੌਂ ਸਾਲ ਦੇ ਸਹਿਬਜ਼ਾਦਿਆਂ ਨੇ ਨੀਹਾਂ ਵਿੱਚ ਪੈ ਕੇ ਮਨੁੱਖਤਾ ਦੀ ਅਜ਼ਾਦੀ ਲਈ ਸ਼ਹੀਦੀ ਦੀ ਚੋਣ ਕੀਤੀ। —ਜੋਗੀ ਅੱਲਾ ਯਾਰ ਖਾਂ ਦੀ ਕਲਮ ਨੇ ਖੂਬ ਲਿਖਿਆ ਹੈ—
ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪੈ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਪੈ ਬਨਾ ਚਲੇ, ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।
ਗੱਦੀ ਸੇ ਤਾਜੋ-ਤੱਖਤ ਬਸ ਅਬ ਕੌਮ ਪਾਏਗੀ, ਦੁਨੀਆਂ ਸੇ ਜ਼ਾਲਮੋ ਕਾ ਨਿਸ਼ਾਂ ਤਕ ਮਿਟਾਏਗੀ।
ਤਸਵੀਰ ਦੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਨ ਜਰਨੈਲ ਸਨ ਜਿੰਨ੍ਹਾਂ ਨੇ ਰੱਬੀ ਗੁਣਾਂ ਵਾਲਾ ਖਾਲਸਾ ਸਾਕਾਰ ਕੀਤਾ। ਚਮਕੌਰ ਦੀ ਜੂਹ ਵਿੱਚ ਇੱਕ ਬਾਪ ਦੀਆਂ ਅੱਖਾਂ ਸਾਹਮਣੇ ਮੁੱਛ ਫੁੱਟ ਗਭਰੂ ਜਵਾਨ ਪੁੱਤਰਾਂ ਤੇ ਜਾਨ ਨਾਲੋਂ ਪਿਆਰੇ ਸਿੱਖਾਂ ਨੇ ਹਰੇਕ ਤੋਂ ਅੱਗੇ ਹੋ ਕੇ ਸ਼ਹਾਦਤਾਂ ਦਿੱਤੀਆਂ। ਚਮਕੌਰ ਦੀ ਜੂਹ ਸਬੰਧੀ ਹੀ ਜੋਗੀ ਜੀ ਦੇ ਬੋਲ ਹਨ—
ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ, ਝਿਲਾਏ ਹੂਏ ਸ਼ੇਰ ਥੇ ਸਭ ਗੈਜ਼ ਕੇ ਮਾਰੇ।
ਆਂਖੋਂ ਸੇ ਨਿਕਲਤੇ ਥੇ ਦਿਲੇਰੋਂ ਕੇ ਸ਼ਰਾਰੇ, ਸਤਿਗੁਰ ਕੇ ਸਵਾ ਔਰ ਗਜ਼ਬਨਾਕ ਥੇ ਸਾਰੇ।
ਗੁੱਸੇ ਪੈ ਨਜ਼ਰ ਆਤੀ ਥੀ ਆਫ਼ਵਾਜ਼ੇ ਉਦੂ ਪਰ, ਤੇਗੋਂ ਸੇ ਨਿਗਾਹ ਪੜਤੀ ਥੀ ਦੁਸ਼ਮਨ ਕੇ ਗੁਲੂ ਪਰ।
ਜੋਗੀ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੁਨੀਆਂ ਵਿੱਚ ਜਰਨੈਲ ਪੈਦਾ ਹੀ ਨਹੀਂ ਹੋਇਆ ਜਿੰਨ੍ਹਾਂ ਨੇ ਬਿਖੜਿਆਂ ਰਸਤਿਆਂ ਦਾ ਪੈਂਡਾ ਤਹਿ ਕਰਦਿਆਂ ਜ਼ਾਲਮ ਸਰਕਾਰ ਨੂੰ ਲਲਕਾਰਿਆ।
ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ, ਕਹਿ ਦੇ ਗੁਰੂ ਗੋਬਿੰਦ ਸਿੰਘ ਜੀ ਕਾ ਸਾਨੀ ਹੀ ਨਹੀਂ ਹੈ।
ਲਹੂ ਭਿੱਜੇ ਇਤਿਹਾਸ ਦੀ ਦਾਸਤਾਂ ਬਹੁਤ ਲੰਮੇਰੀ ਹੈ—ਹਰ ਸਾਲ ਚਮਕੌਰ `ਤੇ ਸਰਹੰਦ ਵਿਖੇ ਦੋ ਵੱਡੇ ਸੰਗਤਾਂ ਦੇ ਇਕੱਠ ਹੁੰਦੇ ਹਨ। ਜਿਸ ਮਕਸਦ ਲਈ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ ਉਹ ਮਕਸਦ ਅੱਜ ਦੀ ਰਾਜਨੀਤੀ ਵਿਚੋਂ ਗਾਇਬ ਹੀ ਨਹੀਂ ਹੋਇਆ ਸਗੋਂ ਉਹ ਸਾਰਾ ਕੁੱਝ ਭੁੱਲ ਭੁਲਾ ਗਏ ਲਗਦੇ ਹਨ। ਸਾਡੇ ਸ਼ਹੀਦੀ ਜੋੜ ਮੇਲੇ ਮਨ ਪ੍ਰਚਾਵੇ ਮੌਜ ਮਸਤੀ ਅਤੇ ਰਾਜਸੀ ਸਵਾਰਥਾਂ ਦਾ ਪ੍ਰਾਪੇਗੰਡਾ ਬਣ ਕੇ ਰਹਿ ਗਏ ਹਨ। ਅਜੇਹੇ ਸਮਿਆਂ `ਤੇ ਕੌਮ ਦਾ ਵੱਡਾ ਹਿੱਸਾ ਸ਼ਹੀਦਾਂ ਦੇ ਸਤਿਕਾਰ ਨੂੰ ਇਕੱਤਰ ਹੁੰਦਾ ਹੈ ਪਰ ਉਹਨਾਂ ਦਾ ਇਹ ਇਕੱਠ ਰਾਜਨੀਤਿਕ ਦੂਸ਼ਣਬਾਜ਼ੀ ਦੀ ਭੇਟ ਚੜ੍ਹ ਜਾਂਦਾ ਹੈ। ਹਰ ਧੜਾ ਅਤੇ ਪਾਰਟੀ ਸ਼ਹੀਦਾਂ ਦੀ ਸੋਚ ਨੂੰ ਆਪਣੇ ਸੌੜੇ ਹਿੱਤਾਂ ਵਿੱਚ ਵਰਤਣ ਦੀ ਭਰਪੂਰ ਕੋਸ਼ਿਸ਼ ਕਰਦੀ ਹੈ। ਪਰ ਸ਼ਹੀਦਾਂ ਦੀ ਸੋਚ ਖੂੰਝੇ ਹੀ ਲੱਗੀ ਰਹਿ ਜਾਂਦੀ ਹੈ ਜਿਸ ਵੱਲ ਧਾਰਮਿਕ ਆਗੂ ਵੀ ਨਾ ਆਪ ਧਿਆਨ ਦੇਂਦੇ ਹਨ ਅਤੇ ਨਾ ਹੀ ਕੌਮ ਨੂੰ ਉਸ ਪ੍ਰਤੀ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਕਾਰਨ ਸਪੱਸ਼ਟ ਹੈ ਕਿ ਧਾਰਮਿਕ ਆਦਾਰੇ ਅਤੇ ਧਾਰਮਿਕ ਆਗੂ ਰਾਜਨੀਤਿਕ ਲੋਕਾਂ ਦੇ ਹਰ ਪੱਖੋਂ ਅਧੀਨ ਹੋ ਚੁੱਕੇ ਹਨ। ਅਜੇਹੇ ਸ਼ਹੀਦੀ ਮੇਲਿਆਂ ਵਿੱਚ ਇਸ ਕਿਸਮ ਦੀ ਆਈ ਖੜੋਤ ਕੌਮ ਲਈ ਨਮੋਸ਼ੀ ਦਾ ਕਾਰਨ ਵੀ ਬਣ ਰਹੀ ਹੈ ਅਤੇ ਭਵਿੱਖ ਨੂੰ ਵੀ ਖਤਰੇ ਵਲ ਲਿਜਾ ਰਹੀ ਹੈ। ਸੋਚਣ ਵਾਲੀ ਗੱਲ ਹੈ ਕੀ ਸ਼ਹੀਦਾਂ ਦੇ ਅਸਥਾਨ ਆਪਣੀਆਂ ਕੁਰਸੀਆਂ (ਪਦ ਪਦਵੀਆਂ) ਕਾਇਮ ਕਰਨ ਲਈ ਹਨ? ਕੀ ਸ਼ਹੀਦੀ ਜੋੜ ਮੇਲਿਆਂ ਦਾ ਮਕਸਦ ਖਾਣ ਪੀਣ ਅਤੇ ਆਪਣੇ ਧੜੇ ਦੀ ਡਫ਼ਲੀ ਵਜਾਉਣਾ ਹੀ ਰਹਿ ਗਿਆ ਹੈ? ਜੇ ਏਹੀ ਸਾਡੇ ਮਕਸਦ ਹਨ ਤਾਂ ਕੀ ਅਸੀਂ ਸ਼ਹੀਦਾਂ ਦੀ ਸੋਚ ਦੇ ਵਾਰਸ ਅਖਵਾਉਣ ਦੇ ਹੱਕਦਾਰ ਹਾਂ? ਅਜੋਕੇ ਸਮੇਂ ਵਿੱਚ ਸਿੱਖ ਜਵਾਨੀ ਦਾ ਸਰਕਾਰੀ ਗਲਤ ਨੀਤੀਆਂ ਅਤੇ ਨਸ਼ਿਆ ਨੇ ਬੁਰੀ ਤਰ੍ਹਾਂ ਘਾਣ ਕੀਤਾ ਹੋਇਆ ਹੈ। ਸਿੱਖ ਪੰਥ ਦਾ ਬਹੁਤਾ ਹਿੱਸਾ ਮੜੀਆਂ ਕਬਰਾਂ, ਅਖੌਤੀ ਡੇਰਿਆਂ, ਦੀ ਦਲਦਲ ਵੱਲ ਧਸਦਾ ਜਾ ਰਿਹਾ ਹੈ ਅਫਸੋਸ ਦੀ ਗੱਲ ਇਹ ਹੈ ਸਿੱਖਾਂ ਕੋਲ ਪਰਉਪਕਾਰ ਅਤੇ ਸ਼ਹਾਦਤਾਂ ਦੀ ਮਹਾਨ ਵਿਰਾਸਤ ਹੁੰਦਿਆਂ ਵੀ ਉਹ ਓਝੜੇ ਰਾਹਾਂ ਪੈ ਰਹੇ ਹਨ। ਇਸ ਦੀ ਸਭ ਤੋਂ ਵਧੇਰੇ ਜ਼ਿੰਮੇਵਾਰੀ ਪੰਥ ਦਾ ਢੋਲ ਪਿੱਟਣ ਵਾਲੀਆਂ ਸੰਸਥਾਵਾਂ ਅਤੇ ਪੰਥ ਦੇ ਨਾਂ `ਤੇ ਸੁੱਖ ਤੇ ਸਤਾ ਭੋਗਣ ਵਾਲੀ ਧਾਰਮਿਕ ਤੇ ਰਾਜਸੀ ਲੀਡਰਸ਼ਿੱਪ `ਤੇ ਆਉਂਦੀ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖ ਪੰਥ `ਤੇ ਮੰਡਰਾ ਰਹੇ ਕਾਲੇ ਬੱਦਲ ਪੰਥ ਦੇ ਲੀਡਰਾਂ ਦੀ ਦੇਣ ਹੈ। ਅਜੇਹੇ ਮਹਾਨ ਜੋੜ ਮੇਲਿਆਂ `ਤੇ ਕੌਮ ਦੇ ਧਾਰਮਿਕ ਤੇ ਰਾਜਸੀ ਨੇਤਾਵਾਂ ਨੂੰ ਸੌੜੀ ਰਾਜੀਨੀਤੀ ਤੋਂ ਉੱਪਰ ਉੱਠ ਕੇ ਕੌਮ ਦੇ ਭਲੇ ਲਈ ਕੋਈ ਠੋਸ ਪ੍ਰੋਗਰਾਮ ਦੇਣੇ ਚਾਹੀਦੇ ਹਨ। ਵੇਖਿਆ ਜਾ ਰਿਹਾ ਹੈ ਕਿ ਕੌਮੀ ਹਿੱਤਾਂ ਨੂੰ ਵਿਸਾਰ ਕੇ ਆਪਣੀ ਆਪਣੀ ਪੀਪਨੀ ਵਜਾਈ ਜਾ ਰਹੀ ਹੈ। ਕਾਸ਼ ਕਦੇ ਅੱਜ ਦੇ ਲੀਡਰ ਅਜੇਹੇ ਪਵਿੱਤਰ ਜੋੜ ਮੇਲਿਆਂ `ਤੇ ਕੌਮ ਦੇ ਭਲੇ ਦੀ ਵੀ ਗੱਲ ਕਰਨਗੇ?
ਬੋਲਣ ਨਾਲ ਨਾ ਕਿਸੇ ਦੀ ਬਣੀ ਵੱਡੋਂ, ਗੱਲਾਂ ਕਿਸੇ ਨਹੀਂ ਸੁਣਨੀਆਂ, ਕਹਿਣੀਆਂ ਨੇ।
ਤੇਗਾਂ, ਫਾਂਸੀਆਂ, ਗੋਲੀਆਂ, ਸੂਲੀਆਂ ਤੋਂ, ਅੰਤ ਸਮੇਂ ਸ਼ਹਾਦਤਾਂ ਲੈਣੀਆਂ ਨੇ।
ਕਦਰ ਜ਼ਿੰਦਗੀ ਦੀ ਉਹ ਹੀ ਪਾ ਸਕੇ, ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ।
ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਂਵੇ ਕਲ੍ਹ ਪੈ ਜਾਏ।




.