.

ਲਹੂ-ਭਿੱਜੀ ਸਰਹਿੰਦ

ਕਿਸ਼ਤ ਸੱਤਵੀਂ-ਸੁਖਜੀਤ ਸਿੰਘ ਕਪੂਰਥਲਾ

(Chapter 7/7)

ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਕਿਸ਼ਤ ਨੰ. 6 ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)

ਈਟੇਂ ਮੰਗਾਈ ਚੂਨਾ ਭੀ ਫ਼ੌਰਨ ਬਹਮ ਕੀਯਾ।

ਯਾਰਾ ਨਹੀਂ ਬਯਾਨ ਕਾ ਫਿਰ ਜੋ ਸਿਤਮ ਕੀਯਾ।

ਉਸ ਸਮੇਂ ਸੀਮੇਂਟ ਨਹੀਂ ਸੀ ਹੁੰਦਾ ਤੇ ਇਹਨਾਂ ਜਲਾਦਾਂ ਨੇ ਖ਼ੂਨੀ ਦੀਵਾਰਾਂ ਦੀ ਉਸਾਰੀ ਲਈ ਹੁਣ ਇੱਟਾਂ ਅਤੇ ਚੂਨਾ ਮੰਗਵਾ ਲਿਆ। ਹੁਣ ਜੋ ਜ਼ੁਲਮ ਹੋਣ ਲੱਗਾ ਹੈ ਉਹ ਜੋਗੀ ਅੱਲ੍ਹਾ ਯਾਰ ਖ਼ਾਂ ਆਪਣੀ ਕਲਮ ਤੋਂ ਲਿਖ ਰਿਹਾ ਹੈ ਕਿ ਜੋ ਬਿਆਨ ਕਰਨ ਤੋਂ ਬਾਹਰਾ ਹੈ। ਪਰ ਕਈ ਜਾਗਦੀਆਂ ਜ਼ਮੀਰਾਂ ਵਾਲੇ ਵੀ ਸਨ।

ਗੁਰੂ ਘਰ ਦੇ ਸ਼ਰਧਾਲੂ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਸਨ, ਪਰ ਕਲਗੀਧਰ ਨੂੰ ਪਿਆਰ ਕਰਦੇ ਸਨ, ਉਹ ਸਾਰੇ ਇੱਕਠੇ ਹੋ ਗਏ ਤੇ ਇੱਕ ਮਤਾ ਪਕਾਇਆ ਕਿ ਅਸੀਂ ਲਾਲਾਂ ਦੇ ਭਾਰ ਬਦਲੇ, ਨਵਾਬ ਵਜ਼ੀਰ ਖ਼ਾਂ ਨੂੰ ਸੋਨਾ ਦੇ ਦੇਈਏ ਤੇ ਲਾਲਾਂ ਨੂੰ ਛਡਵਾ ਲਈਏ।

ਦੇਖੋ! ਕਿੰਨਾ ਭਾਰ ਹੋਵੇਗਾ ਇਹਨਾਂ ਦੋ ਲਾਲਾਂ ਦਾ, ਪਰ ਕਲਗੀਧਰ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਸੀ। ਕਹਿਣ ਲੱਗੇ ਕਿ ਜਾਉ, ਜਿੰਨਾ-ਜਿੰਨਾ ਵੀ ਕਿਸੇ ਦੇ ਕੋਲ ਸੋਨਾ ਹੈ, ਲੈ ਆਉ ਤਾਂ ਕਿ ਸਾਹਿਬਜਾਦਿਆਂ ਨੂੰ ਛਡਵਾਇਆ ਜਾ ਸਕੇ, ਪਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਵਜ਼ੀਰ ਖ਼ਾਂ ਬਹੁਤ ਜਾਲਮ ਹੈ ਉਹ ਸੋਨਾ ਵੀ ਲੈ ਕੇ ਰੱਖ ਲਵੇਗਾ ਤੇ ਸਾਹਿਬਜਾਦੇ ਵੀ ਨਹੀਂ ਛੱਡੇਗਾ।

ਜਦੋਂ ਕਲਗੀਧਰ ਦੇ ਲਾਡਲਿਆਂ ਨੂੰ ਜਲਾਦ ਫੜ ਕੇ ਲੈ ਜਾਣ ਲੱਗੇ ਅਤੇ ਡਰਾਵੇ ਦਿੰਦੇ ਹਨ ਕਿ ਅਸੀਂ ਖ਼ਾਨਦਾਨੀ ਜਲਾਦ ਹਾਂ। ਕਲਗੀਧਰ ਦੇ ਲਾਡਲੇ ਅੱਗੋਂ ਜਵਾਬ ਦਿੰਦੇ ਹਨ ਕਿ ਅਸੀਂ ਖ਼ਾਨਦਾਨੀ ਸ਼ਹੀਦ ਹਾਂ।

ਜੋਗੀ ਅੱਲ੍ਹਾ ਯਾਰ ਖ਼ਾਂ ਕਿੱਸੇ ਨੂੰ ਹੁਣ ਮਚਾਨ ਤੇ ਲੈ ਕੇ ਜਾ ਰਿਹਾ ਹੈ। ਮਚਾਨ ਕੀ ਹੁੰਦੀ ਹੈ? (ਪੁਰਾਤਨ ਸਮਿਆਂ ਵਿੱਚ ਜੰਗਲੀ ਜਾਨਵਰ ਜਦੋਂ ਫ਼ਸਲਾਂ ਨੂੰ ਖ਼ਰਾਬ ਕਰਦੇ ਸਨ ਤਾਂ ਜ਼ਿਮੀਂਦਾਰ ਵੀਰ ਆਪਣੇ ਖੇਤਾਂ ਵਿੱਚ ਚਾਰ ਲੱਕੜਾਂ ਗੱਡ ਕੇ ਉਸ ਉੱਪਰ ਬੈਠਣ ਦਾ ਟਿਕਾਣਾ ਬਣਾ ਲੈਂਦੇ ਸਨ, ਉਸ ਉੱਚੀ ਜਗ੍ਹਾ ਨੂੰ ਮਚਾਨ ਕਿਹਾ ਜਾਂਦਾ ਸੀ, ਕਿਉਂਕਿ ਫ਼ਸਲਾਂ ਦੀ ਰਾਖੀ ਵੀ ਕਰਨੀ ਹੁੰਦੀ ਸੀ ਤੇ ਨਾਲ ਹੀ ਜੰਗਲੀ ਜਾਨਵਰਾਂ ਤੋਂ ਆਪਣੀ ਜਾਨ ਵੀ ਬਚਾਉਣੀ ਹੁੰਦੀ ਸੀ) ਜਲਾਦ ਲਾਲਾਂ ਨੂੰ ਫੜਣ ਲਈ ਅਗਾਂਹ ਨੂੰ ਵਧੇ:

ਲਪਕੇ ਲਅੀਨ ਦੋਨੋਂ ਵੁਹ ਸ਼ਹਿਜਾਦਗਾਨ ਪਰ।

ਹਮਲਾ ਕੀਯਾ ਜਲੀਲੋਂ ਨੇ ਹਰ ਆਲੀਸ਼ਾਨ ਪਰ।

ਥਾ ਇਨ ਕਾ ਕਿੱਸਾ ਲੇ ਕੇ ਚੱਲੇਂ ਅਬ ਮਚਾਨ ਪਰ।

ਬੁਨਿਆਦਿ ਥੀ ਧਰਮ ਕੀ ਖ਼ੁਦੀ ਜਿਸ ਮਕਾਨ ਪਰ।

ਜਲਾਦ ਸਾਹਿਬਜਾਦਿਆਂ ਨੂੰ ਫੜ੍ਹਣ ਲਈ ਟੁੱਟ ਕੇ ਪੈ ਗਏ ਤੇ ਉਸ ਜਗ੍ਹਾ ਵੱਲ ਲੈ ਕੇ ਜਾਣ ਲਈ, ਜਿਸ ਨੀਂਹ ਉੱਪਰ ਸ਼ਹਾਦਤ ਰੂਪੀ ਮਹੱਲ ਦੀ ਉਸਾਰੀ ਹੋਣੀ ਹੈ, ਸਾਹਿਬਜਾਦੇ ਆਪ ਹੀ ਉਧਰ ਨੂੰ ਚੱਲ ਪਏ।

ਸਤਗੁਰ ਕੇ ਲਾਲ ਬੋਲੇ, ਨਾ ਛੂਨਾ ਹਮਾਰੇ ਹਾਥ।

ਗੜਨੇ ਹਮ ਆਜ ਜਿੰਦਾ, ਚਲੇਂਗੇ ਖ਼ੁਸ਼ੀ ਕੇ ਸਾਥ।

ਜਦੋਂ ਜਲਾਦਾਂ ਨੇ ਸਾਹਿਬਜਾਦਿਆਂ ਨੂੰ ਫੜਣ ਲਈ ਆਪਣੇ ਹੱਥ ਅਗਾਂਹ ਵਧਾਏ ਤਾਂ ਸਾਹਿਬਜਾਦੇ ਕਹਿਣ ਲੱਗੇ “ਉਏ! ਸਾਨੂੰ ਹੱਥ ਲਗਾਉਣ ਦੀ ਲੋੜ ਨਹੀ ਹੈ, ਅਸੀਂ ਭੱਜਣ ਵਾਲਿਆਂ ਵਿਚੋਂ ਨਹੀਂ ਹਾਂ। ਸਾਨੂੰ ਦੱਸੋ ਕਿਥੇ ਜਾਣਾ ਹੈ, ਕਿਥੇ ਖੜੇ ਹੋਣਾ ਹੈ, ਅਸੀਂ ਉਸ ਥਾਂ ਤੇ ਆਪ ਖੜੇ ਹੋਵਾਂਗੇ। ਅਸੀਂ ਕਲਗੀਧਰ ਦੇ ਪੁੱਤਰ ਹਾਂ, ਸਾਡੀ ਦਾਦੀ ਮਾਂ ਨੇ ਸਾਡੀਆਂ ਰਗਾਂ ਵਿੱਚ ਇਹ ਗੱਲ ਭਰੀ ਹੋਈ ਹੈ- ਬੱਚਿਉ! ਯਾਦ ਰੱਖਣਾ ਤੁਸੀਂ ਕਲਗੀਧਰ ਦੇ ਸਪੁੱਤਰ ਹੋ, ਬਚਿਉ! ਯਾਦ ਰੱਖਣਾ ਤੁਸੀਂ ਗੁਰੂ ਤੇਗ ਬਹਾਦਰ ਦੇ ਬਹਾਦਰ ਪੋਤਰੇ ਹੋ, ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ। ਸਾਡੀਆਂ ਰਗਾਂ ਵਿੱਚ ਸਾਡੀ ਦਾਦੀ ਮਾਂ ਨੇ ਇਹ ਗੱਲ ਵਸਾਈ ਹੋਈ ਹੈ। ਜਲਾਦੋ ਦੱਸੋ! ਕਿਸ ਜਗ੍ਹਾ ਤੇ ਅਸੀਂ ਖੜੇ ਹੋਈਏ, ਅਸੀਂ ਆਪ ਖੜੇ ਹੋਵਾਂਗੇ। “

ਕਵੀ ‘ਇੰਦਰਜੀਤ ਸਿੰਘ ਹਸਨਪੁਰੀ` ਨੇ ਇਸ ਇਤਿਹਾਸਕ ਸਮੇਂ ਦੀਆਂ ਘੜੀਆਂ ਨੂੰ ਹੂ-ਬ-ਹੂ ਆਪਣੀ ਕਲਮ ਰਾਹੀਂ ਸ਼ਬਦਾਂ ਵਿੱਚ ਪਰੋਇਆ ਹੈ ਕਿ ਅੱਖਾਂ ਦੇ ਸਾਹਮਣੇ ਉਸ ਸਮੇਂ ਦਾ ਦ੍ਰਿਸ਼ ਸੁਭਾਵਿਕ ਹੀ ਆ ਜਾਂਦਾ ਹੈ। ਜਾਲਮਾਂ ਨੇ ਇੱਕ ਥੜਾ ਬਣਾਇਆ ਸੀ ਤੇ ਅੱਜ ਗੁਰੂ ਦੇ ਲਾਲ ਆਪ ਜਾ ਕੇ ਉਸ ਥੜੇ ਤੇ ਖੜੇ ਹੋ ਗਏ ਨੇ। ਕਵੀ ਲਿਖਦਾ ਹੈ:

ਨਿੱਕੇ -ਨਿੱਕੇ ਦੋ ਖ਼ਾਲਸੇ ਵੇਖੋ ਨੀਹਾਂ ਵਿੱਚ ਖੜੇ ਮੁਸਕਰਾਉਂਦੇ।

ਧਰਮ ਨਿਭਾਈਦਾ ਕਿਵੇਂ, ਵੱਡੇ ਵੱਡਿਆਂ ਨੂੰ ਉਹ ਸਮਝਾਉਂਦੇ।

ਲਾਡਲੇ ਗੋਬਿੰਦ ਸਿੰਘ ਦੇ, ਮਾਤਾ ਗੁਜਰੀ ਦੇ ਪੋਤਰੇ ਪਿਆਰੇ।

ਉੱਚੀ-ਉਚੀ ਬਾਹਾਂ ਚੁੱਕ ਕੇ, ਖੜੇ ਨੀਹਾਂ ਚ ਛੱਡਣ ਜੈਕਾਰੇ।

ਲੱਕ ਤੱਕ ਕੰਧ ਬਣ ਗਈ, ਲਾਲ ਮੰਨਦੇ ਨਾ ਜਾਲਮ ਮਨਾਉਂਦੇ।

ਨਿੱਕੇ -ਨਿੱਕੇ ਦੋ ਖ਼ਾਲਸੇ ਵੇਖੋ ਨੀਹਾਂ ਵਿੱਚ ਖੜੇ ਮੁਸਕਰਾਉਂਦੇ।

ਮੋਢਿਆਂ ਤੇ ਕੰਧ ਅਪੜੀ, ਪਰ ਲਾਲ ਨਾ ਗੁਰਾਂ ਦੇ ਡੋਲੇ।

ਨੂਰੋਂ ਨੂਰ ਮੁੱਖ ਦੋਹਾਂ ਦਾ, ਰੂਪ ਰੱਬ ਦਾ ਨਜ਼ਰ ਨੇ ਆਉਂਦੇ।

ਨਿੱਕੇ ਨਿੱਕੇ ਦੋ ਖ਼ਾਲਸੇ … … … … … …।

ਇਹ ਨੇ ਕਲਗੀਧਰ ਦੇ ਲਾਡਲੇ, ਜੋ ਨੀਹਾਂ ਵਿੱਚ ਖੜੇ ਹੋ ਕੇ ਵੀ ਮੁਸਕਰਾ ਰਹੇ ਹਨ ਤੇ ਆਪ ਜਾ ਕੇ ਉਸ ਜਗ੍ਹਾ ਤੇ ਖੜੇ ਹੋ ਗਏ ਨੇ, ਜੋ ਜਲਾਦਾਂ ਨੇ ਉਹਨਾਂ ਨੂੰ ਜਿੰਦਾਂ ਨੀਹਾਂ ਵਿੱਚ ਚਿਣਨ ਲਈ ਬਣਾਈ ਹੋਈ ਹੈ। ਕਲਗੀਧਰ ਦੇ ਲਾਡਲਿਆਂ ਦੀ ਇਹ ਸੋਚ, ਇਹ ਬਹਾਦਰੀ ਵਾਲੀਆਂ ਬਾਤਾਂ ਇਸ ਇਤਿਹਾਸਕ ਘੜੀ ਦੇ ਪ੍ਰਥਾਇ “ਲਾਲਾ ਦੌਲਤ ਰਾਏ ਆਰੀਆ” ਬੜੀ ਬਾ-ਕਮਾਲ ਬਾਤ ਲਿਖਦੇ ਨੇ। (ਜਿੰਨਾਂ ਨੇ ਕਦੀ ਕਲਗੀਧਰ ਦੇ ਇਤਿਹਾਸ ਨੂੰ ਭਾਵਨਾ, ਪ੍ਰੇਮ ਨਾਲ ਪੜ੍ਹਣਾ ਹੋਵੇ, ਲਾਲਾ ਦੌਲਤ ਰਾਏ ਦੀ ਕਿਤਾਬ “ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ” ਜ਼ਰੂਰ ਪੜਿਉ।

ਲਾਲਾ ਦੌਲਤ ਰਾਏ ਦਿਲ ਨੂੰ ਹਲੂਣਾ ਦੇਣ ਵਾਲੀ ਬਾਤ ਲਿਖਦਾ ਹੈ “ਉਹ ਕਿਹੋ ਜਿਹਾ ਭਿਆਨਕ ਸਮਾਂ ਹੋਵੇਗਾ, ਜਿਸ ਦਾ ਜ਼ਿਕਰ ਕਰਦਿਆਂ ਅੱਜ ਵੀ ਤਬੀਅਤ ਬੇਚੈਨ ਹੋ ਜਾਂਦੀ ਹੈ, ਕਲੇਜਾ ਮੂੰਹ ਨੂੰ ਆਉਂਦਾ ਹੈ ਤੇ ਦਿਲ ਲਹੂ ਦੇ ਅੱਥਰੂ ਕੇਰਨ ਲੱਗ ਪੈਂਦਾ ਹੈ। “

ਦੇਖੋ! ਲਾਲ ਦੌਲਤ ਰਾਏ ਆਰੀਆ ਇਹੋ ਜਿਹੀ ਭਾਵਨਾ ਪ੍ਰਗਟ ਕਰ ਰਿਹਾ ਹੈ, ਉਸ ਨੂੰ ਤਾਂ ਗੁਰੂ ਇਤਿਹਾਸ ਦੇ ਦਰਦ ਦੀ ਸੋਝੀ ਪੈ ਗਈ, ਪਰ ਸਾਨੂੰ ਸਮਝ ਨਹੀਂ ਆਈ।

ਜੋਗੀ ਅੱਲ੍ਹਾ ਯਾਰ ਖ਼ਾਂ ਅੱਗੇ ਲਿਖਦਾ ਹੈ ਕਿ ਸਾਹਿਬਜਾਦੇ ਹੁਣ ਅੱਗੇ ਕੀ ਕਰਦੇ ਹਨ:

ਹਾਥੋਂ ਮੇਂ ਹਾਥ ਡਾਲਕੇ ਦੋਨੋਂ ਵੁਹ ਨੌਨਿਹਾਲ।

ਕਹਤੇ ਹੂਏ ਜ਼ਬਾਂ ਸੇ ਬੜੇ ਸਤਿ ਸ੍ਰੀ ਅਕਾਲ।

ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

ਇਹ ਨੇ ਕਲਗੀਧਰ ਦੇ ਲਾਡਲੇ, ਜਿਨ੍ਹਾਂ ਨੂੰ ਜ਼ਾਲਮ ਡਰਾਉਣਾ ਚਾਹੁੰਦੇ ਨੇ, ਪਰ ਲਾਡਲੇ ਨਿਡਰ ਹੋ ਕੇ ਆਪ ਖ਼ੁਦ ਮੌਤ ਵੱਲ ਨੂੰ ਵਧ ਰਹੇ ਹਨ। ਹੁਣ ਕਲਗੀਧਰ ਦੇ ਲਾਲ ਨਿਸ਼ਚਿਤ ਸਥਾਨ ਤੇ ਖੜੇ ਹੋ ਗਏ। ਦੀਵਾਰਾਂ ਦੀ ਚਿਣਾਈ ਸ਼ੁਰੂ ਹੋਣ ਲੱਗੀ ਇਸ ਸਮੇਂ ਨੂੰ ਇੱਕ ਕਵੀ ਨੇ ਬੜੇ ਹੀ ਭਾਵਨਾ ਭਰੇ ਸ਼ਬਦਾਂ ਨਾਲ ਸ਼ਰਧਾ ਦੇ ਫੁੱਲ ਭੇਟਾ ਕੀਤੇ ਹਨ। ਕਹਿੰਦਾ:

ਜ਼ਿੰਦਾ ਨਿਕੀਆਂ, ਹੌਂਸਲੇ ਬਹੁਤ ਵੱਡੇ,

ਆਣ ਨੀਹਾਂ ਦੇ ਵਿੱਚ ਖਲੋ ਗਈਆਂ।

ਰਾਜ ਜਦੋਂ ਸੀ ਚਿਨਣ ਦੀਵਾਰ ਲੱਗੇ,

ਵੇਖ ਇੱਟਾਂ ਵੀ ਡੁਸਕਦੀਆਂ ਰੋ ਪਈਆਂ।

ਦੇਖੋ! ਇੱਟਾਂ ਵੀ ਇਹ ਜ਼ੁਲਮ ਦੇਖ ਕੇ ਰੋਂਦੀਆਂ ਨੇ, ਪਰ ਜੇਕਰ ਕੋਈ ਨਹੀਂ ਰੋਇਆ ਤਾਂ ਵਜ਼ੀਰ ਖ਼ਾਂ ਨਹੀ ਰੋਇਆ, ਸੁੱਚਾ ਨੰਦ ਨਹੀਂ ਰੋਇਆ, ਬਾਕੀ ਸਾਰੇ ਹੀ ਰੋਂਦੇ ਹਨ। ਇਸ ਸਮੇਂ ਦੇ ਹਾਲਾਤ ਨੂੰ ਇੱਕ ਕਵੀ ਦੀ ਕਲਮ ‘ਫੁਟ-ਫੁਟ` ਸ਼ਬਦ ਨੂੰ ਬਹੁ ਅਰਥੀ ਵਰਤਦੀ ਹੋਈ ਕਮਾਲ ਕਰ ਜਾਂਦੀ ਹੈ:

ਰੱਬਾ ਫੁੱਟ ਪਵੇ ਫੁਟਣ ਜੋਗਿਆਂ ਨੂੰ,

ਜਿਨਾਂ ਪਲ ਪਲ ਵਿੱਚ ਬਣਾਈ ਦੀਵਾਰ ਫੁਟ ਫੁਟ।

ਫੁਟ ਫੁਟ ਕੰਧ ਉਤੇ ਫੁਟ ਫੁਟ ਵਿਥ ਛੱਡ ਕੇ,

ਉਤੇ ਖੜੇ ਕੀਤੇ ਹੋਣਹਾਰ ਫੁਟ ਫੁਟ।

ਫੁਟ ਫੁਟ ਲਹੂ ਵਗਦਾ ਫੁਟ ਫੁਟ ਜਿਸਮ ਵਿਚੋਂ,

ਵੇਖਣਹਾਰ ਰੋਦੇ ਨਰ ਨਾਰ ਫੁਟ ਫੁਟ।

ਫੁਟ ਗਈ ਸਾਰੀ ਦੀ ਸਾਰੀ ਦੀਵਾਰ ਫੁਟ ਫੁਟ,

ਪਰ ਫੁਟੇ ਨਾ ਉਹ ਬਰਖੁਰਦਾਰ ਫੁਟ ਫੁਟ।

ਮੇਰੇ ਕਲਗੀਧਰ ਦੇ ਜਿਗਰ ਦੇ ਟੋਟਿਆਂ ਨੂੰ ਨੀਹਾਂ ਵਿੱਚ ਚਿਨਣਾ ਸ਼ੁਰੂ ਕਰ ਦਿੱਤਾ ਗਿਆ।

ਚਿਹਰੋਂ ਪੇ ਗਮ ਕਾ ਨਾਮ ਨਾ ਥਾ, ਔਰ ਨਾ ਥਾ ਮਲਾਲ।

ਜਾ ਠਹਿਰੇ ਸਰ ਪਿ ਮੌਤ ਕੇ, ਫਿਰ ਭੀ ਨਾ ਥਾ ਖ਼ਿਆਲ।

ਇਸ ਵੇਲੇ ਕਿ ਜਿਥੇ ਮੌਤ ਸਾਹਮਣੇ ਹੈ, ਪਰ ਕਲਗੀਧਰ ਦੇ ਲਾਡਲਿਆਂ ਦੇ ਚਿਹਰੇ ਉੱਪਰ ਡਰ ਨਾਮ ਦੀ ਕੋਈ ਗੱਲ ਨਹੀਂ ਹੈ।

ਇਸ ਪੂਰੇ ਘਟਨਾਕ੍ਰਮ ਨੂੰ ਰਾਏਕੋਟ ਦੀ ਧਰਤੀ ਤੇ ਨੂਰੇ ਮਾਹੀ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੁਣਾਇਆ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਨੂਰੇ ਮਾਹੀ ਨੂੰ ਕੁੱਝ ਸਵਾਲ ਵੀ ਕੀਤੇ ਸਨ ਕਿ ਨੂਰਿਆ ਤੂੰ ਰੂ-ਬ-ਰੂ ਸੈਂ?

ਨੂਰੇ ਮਾਹੀ ਅਤੇ ਕਲਗੀਧਰ ਪਾਤਸ਼ਾਹ ਦੇ ਉਸ ਸਮੇਂ ਦੇ ਆਪਸੀ ਵਾਰਤਾਲਾਪ ਨੂੰ ਇੱਕ ਕਵੀ ਨੇ ਕਲਮਬੱਧ ਕੀਤਾ ਜੋ ਦਾਸ ਆਪ ਜੀ ਦੀ ਸੇਵਾ ਵਿੱਚ ਕਹਿੰਦਾ ਹੈ:

ਸਰਹੰਦ `ਚੋ` ਸੁਨੇਹਾ ਮਿਲਿਆ ਕਿ ਲਾਲ ਟੁਰ ਗਏ।

ਦੋਵੇਂ ਸ਼ਹੀਦ ਹੋ ਗਏ ਨੇ, ਨੌ-ਨਿਹਾਲ ਟੁਰ ਗਏ।

ਸੂਬੇ ਨੇ ਕੰਧ ਅੰਦਰ, ਦੋਵੇਂ ਨਪੀੜ੍ਹ ਦਿੱਤੇ।

ਕੋਮਲ ਸਰੀਰ, ਇੱਟਾਂ ਦੇ ਵਿੱਚ ਪੀੜ ਦਿੱਤੇ।

ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉਠਿਆ।

ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁਛਿਆ।

ਨੂਰੇ ਮਾਹੀ ਨੇ ਜਦੋਂ ਇਹ ਗੱਲ, ਕਲਗੀਧਰ ਪਾਤਸ਼ਾਹ ਨੂੰ ਸੁਣਾਈ ਤਾਂ ਗੁਰੂ ਕਲਗੀਧਰ ਪਾਤਸ਼ਾਹ ਮੁਸਕਰਾਏ ਤੇ ਨੂਰੇ ਮਾਹੀ ਨੂੰ ਸੰਬੋਧਨ ਹੋ ਕੇ ਪੁੱਛ ਰਹੇ ਹਨ ਕਿ ਨੂਰਿਆ:

ਤੂੰ ਰੂ-ਬਰੂ ਸੈਂ ਉਥੇ ਕੋਈ ਗੱਲ ਨਾ ਲੁਕਾਈਂ।

ਤੇ ਸਾਫ਼-ਸਾਫ਼ ਦੱਸੀਂ, ਕੋਈ ਕਹਿਰ ਨਾ ਕਮਾਈਂ।

ਕੋਈ ਹਿੰਝ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ?

ਲਾਲਾਂ ਨੇ ਕਿਧਰੇ ਉੱਚੀ, ਕੋਈ ਸਾਹ ਤੇ ਨਾ ਕੱਢੀ?

ਤੇਸੀ ਨਾਲ ਲੱਗੀ ਜਦ ਸੱਟ ਸੀ ਕਰਾਰੀ।

ਮੇਰੇ ਫ਼ਤਹਿ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ?

ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ,

ਕਲਗੀਧਰ ਨੇ ਜੋ ਵਜਾਇਆ, ਉਹ ਸਾਜ ਵੱਖਰਾ ਸੀ।

(ਪ੍ਰਕਾਸ਼ ਸ਼ਿਮਲਵੀ)

ਹੁਣ ਵੱਡਾ ਵੀਰ ਜ਼ੋਰਾਵਰ ਸਿੰਘ ਆਪਣਾ ਵੱਡੇ ਹੋਣ ਦਾ ਫ਼ਰਜ਼ ਨਿਭਾ ਰਿਹਾ ਹੈ। ਬਾਰ-ਬਾਰ ਆਪਣੇ ਛੋਟੇ ਵੀਰ ਫ਼ਤਹਿ ਸਿੰਘ ਨੂੰ ਆਖ ਰਿਹਾ ਹੈ “ਵੀਰਿਆ ਬੋਲ! ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। “

ਉਹ ਕਿਉਂ ਕਹਿ ਰਿਹਾ ਹੈ? ਕਿਉਂਕਿ ਜਦੋਂ ਵਾਹਿਗੁਰੂ ਜੀ ਦਾ ਧਿਆਨ ਆਵੇਗਾ ਤਾਂ ਛੋਟੇ ਵੀਰ ਅੰਦਰ ਦ੍ਰਿੜਤਾ ਆਵੇਗੀ ਤੇ ਮੇਰਾ ਛੋਟਾ ਵੀਰ ਡੋਲੇਗਾ ਨਹੀ। ਬਾਰ-ਬਾਰ ਆਪਣੇ ਛੋਟੇ ਵੀਰ ਨੂੰ ਬਾਬਾ ਜ਼ੋਰਾਵਰ ਸਿੰਘ ਕਹਿ ਰਹੇ ਹਨ “ਵੀਰਿਆ! ਯਾਦ ਹੈ ਨਾ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। “ ਇਹ ਸਭ ਕੁੱਝ ਕਹਿੰਦਿਆਂ ਕਹਿੰਦਿਆਂ ਦੀਵਾਰ ਵੀ ਉਸਰਦੀ ਜਾ ਰਹੀ ਹੈ।

ਹੁਣ ਬਾਬਾ ਫ਼ਤਹਿ ਸਿੰਘ ਜੀ ਨੇ ਆਪਣੇ ਵੱਡੇ ਵੀਰ ਵੱਲ ਝਾਤੀ ਮਾਰੀ ਤਾਂ ਕੀ ਤੱਕਿਆ? ਬਾਬਾ ਜ਼ੋਰਾਵਰ ਸਿੰਘ ਦੀਆਂ ਅੱਖਾਂ ਨਮ ਹੋਈਆਂ ਪਈਆਂ ਨੇ, ਤੱਕ ਕੇ ਬਾਬਾ ਫ਼ਤਹਿ ਸਿੰਘ ਕਹਿਣ ਲੱਗਾ “ਵੀਰਿਆ! ਤੂੰ ਮੈਨੂੰ ਹੌਸਲਾ ਦਿੰਦਾ ਸੈਂ ਤੇ ਹੁਣ ਆਪ ਹੀ ਡੋਲ ਰਿਹਾ ਏਂ? “ ਜ਼ੋਰਾਵਰ ਸਿੰਘ ਕਹਿਣ ਲੱਗੇ, “ਨਹੀਂ ਵੀਰਿਆ! ਮੈਂ ਡੋਲਿਆ ਨਹੀ ਹਾਂ। “ ਬਾਬਾ ਫ਼ਤਹਿ ਸਿੰਘ ਨੇ ਫਿਰ ਪੁੱਛਿਆ “ਵੀਰਿਆ! ਤੇਰੀਆਂ ਅੱਖਾਂ ਕਿਉਂ ਨਮ ਹੋਈਆ ਨੇ? “

ਬਾਬਾ ਜ਼ੋਰਾਵਰ ਸਿੰਘ ਨੇ ਕਮਾਲ ਦਾ ਜਵਾਬ ਦਿੱਤਾ “ਵੀਰਿਆ! ਮੇਰੀਆਂ ਅੱਖਾਂ ਇਸ ਕਰਕੇ ਨਮ ਹੋਈਆਂ ਹਨ ਕਿ ਮਾਤ ਲੋਕ ਵਿੱਚ ਤੂੰ ਮੇਰੇ ਤੋਂ ਬਾਅਦ ਆਇਆ ਸੈਂ। ਉਏ ਵੀਰਿਆ! ਤੂੰ ਉਮਰ ਵਿੱਚ ਮੇਰੇ ਤੋਂ ਛੋਟਾ ਏਂ, ਕੱਦ ਵਿਚੋਂ ਵੀ ਮੇਰੇ ਤੋਂ ਛੋਟਾ ਏਂ, ਪਰ ਇਸ ਦੀਵਾਰ ਵਿੱਚ ਚਿਣ ਕੇ ਤੂੰ ਮੇਰੇ ਤੋਂ ਪਹਿਲਾਂ ਦਾਦਾ ਜੀ ਦੀ ਗੋਦ ਵਿੱਚ ਚਲੇ ਚਲਿਆ ਹੈਂ, ਮੈਂ ਇਸ ਕਰਕੇ ਨਮ ਹੋ ਗਿਆ ਹਾਂ। “

ਜਲਾਦ ਦੀਵਾਰ ਚਿਣਦੇ ਜਾ ਰਹੇ ਹਨ, ਪਰ ਦੀਵਾਰ ਚੌਹਾਂ ਪਾਸਿਆਂ ਤੋਂ ਬਹੁਤ ਭੀੜੀ ਚਿਣਦੇ ਹਨ। ਪ੍ਰਚਲਤ ਰਵਾਇਤ ਅਨੁਸਾਰ ਦੀਵਾਰ ਦਿਣਦਿਆਂ-ਚਿਣਦਿਆਂ ਜਦੋਂ ਦੀਵਾਰ ਗੋਡਿਆਂ ਤੱਕ ਆ ਗਈ ਤੇ ਗੋਡਿਆਂ ਦੀਆਂ ਚਪਣੀਆਂ ਗੋਡਿਆਂ ਤੋਂ ਅੱਗੇ ਸਨ। ਮਿਸਤਰੀ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਹਨ। ਜਲਾਦ ਜਦੋਂ ਇੱਟ ਨੂੰ ਤੋੜਨ ਲੱਗਾ ਤਾਂ ਸਾਹਿਬਜਾਦੇ ਬੋਲ ਉਠੇ “ਐ ਜਲਾਦ! ਖ਼ਬਰਦਾਰ, ਟੁੱਟੀ ਹੋਈ ਇੱਟ ਇਸ ਦੀਵਾਰ ਵਿੱਚ ਨਹੀਂ ਲਗਾਉਣੀ। ਇਸ ਦੀਵਾਰ ਉੱਪਰ ਸ਼ਹੀਦਾਂ ਦੇ ਮਹਿਲ ਦੀ ਉਸਾਰੀ ਹੋਣੀ ਹੈ, ਇਸ ਤਰਾਂ ਇਹ ਨੀਂਹ ਕਮਜੋਰ ਹੋ ਜਾਵੇਗੀ। ਜੇਕਰ ਤੈਨੂੰ ਇਹ ਗੋਡਿਆਂ ਦੀਆਂ ਚਪਣੀਆਂ ਰੁਕਾਵਟ ਪਾਉਂਦੀਆਂ ਹਨ ਤਾਂ ਸਾਡੀਆਂ ਚਪਣੀਆਂ ਨੂੰ ਤੇਸੀ ਨਾਲ ਝਾੜ ਲੈ, ਪਰ ਟੁੱਟੀ ਹੋਈ ਇਟ ਨਾ ਲਗਾਵੀਂ। “ ਜਲਾਦਾਂ ਨੇ ਲਾਲਾਂ ਦੀਆਂ ਚਪਣੀਆਂ ਤੇਸੀਆਂ ਮਾਰ-ਮਾਰ ਕੇ ਝਾੜ ਦਿੱਤੀਆਂ।

ਇਹ ਹਨ ਕਲਗੀਧਰ ਦੇ ਲਾਲਾਂ ਦੇ ਇਤਿਹਾਸ ਦੀਆਂ ਬਾਤਾਂ। ਇਸ ਸਮੇਂ ਦੇ ਹਾਲਾਤ/ਵਾਰਤਾਲਾਪ ਨੂੰ ਇੱਕ ਕਵੀ ਦੀ ਕਲਮ ਬਹੁਤ ਹੀ ਭਾਵ-ਪੂਰਤ ਕਾਵਿਕ ਰਚਨਾ ਵਿੱਚ ਲਿਖ ਜਾਂਦੀ ਹੈ:

ਬੋਲੇ ਨੀਹਾਂ `ਚੋਂ` ਗੁਰੂ ਦੇ ਲਾਲ ਬੋਲੇ,

ਸਾਡੇ ਲਹੂ ਨੂੰ ਇਥੇ ਨਚੋੜ ਕੇ ਲਾ।

ਇੱਟਾਂ ਲਾ ਰਿਹੈ ਕਿ ਤੂੰ ਰੋ ਰਿਹੈਂ,

ਇੱਟ ਮਨ ਦੀ ਅਵਸਥਾ ਨੂੰ ਮੋੜ ਕੇ ਲਾ।

ਇੱਟ ਤੋੜ ਨਾ ਗੋਡੇ ਨੂੰ ਤੋੜ ਦੇ ਤੂੰ,

ਸਿੱਖੀ ਮਹਿਲ ਨੂੰ ਇੱਟ ਨਾ ਤੋੜ ਕੇ ਲਾ।

ਇਹ ਹਿਲਾਇਆਂ ਨਾਂ ਹਿਲ ਸਕੇ ਕਿਸੇ ਕੋਲੋਂ,

ਓ ਠੋਕ ਠੋਕ ਕੇ ਲਾ ਜੋੜ ਜੋੜ ਕੇ ਲਾ।

ਦੀਵਾਰਾਂ ਉਸਰਦਿਆਂ-ਉਸਰਦਿਆਂ, ਅਕਾਲ ਪੁਰਖ ਦਾ ਭਾਣਾ ਕੁੱਝ ਐਸਾ ਵਾਪਰਿਆ ਕਿ ਦੀਵਾਰ ਦਾ ਢਾਂਚਾ ਅਚਾਨਕ ਡਿੱਗ ਪਿਆ। ਸੀਨਾ-ਬਸੀਨਾ ਇਹ ਇਤਿਹਾਸਕ ਘਟਨਾ ਚਲੀ ਆਉਂਦੀ ਹੈ। ਜਦੋਂ ਦੀਵਾਰ ਡਿੱਗੀ ਤਾਂ ਲਾਡਲੇ ਉਸ ਸਮੇਂ ਤੱਕ ਬੇਹੋਸ਼ ਹੋ ਚੁਕੇ ਸਨ ਤੇ ਬੇਹੋਸ਼ ਹੋਏ ਲਾਲਾਂ ਨੂੰ ਵੀ ਕਾਜ਼ੀ ਪੁੱਛਦਾ ਹੈ “ਐ ਜ਼ੋਰਾਵਰ ਸਿੰਘ, ਐ ਫ਼ਤਹਿ ਸਿੰਘ! ਕੀ ਤੁਸੀਂ ਇਸਲਾਮ ਕਬੂਲ ਕਰਦੇ ਹੋ? “ ਪਰ ਲਾਡਲੇ ਬੇਹੋਸ਼ ਹਨ ਤੇ ਬੋਲ ਨਹੀ ਸੀ ਹੋ ਰਿਹਾ, ਪਰ ਉਹ ਫਿਰ ਵੀ ਸਿਰ ਹਿਲਾ ਕੇ ਕਾਜ਼ੀ ਨੂੰ ਨਾਂਹ ਵਿੱਚ ਜਵਾਬ ਦੇ ਰਹੇ ਹਨ ਕਿ ਇਸਲਾਮ ਕਬੂਲ ਨਹੀਂ ਹੈ।

ਕੁੱਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਦੇਸੀ ਜੜ੍ਹੀ ਬੂਟੀ ਤੋਂ ਬਣੀ ਦਵਾਈ (ਮਮੀਰਾ) ਮੰਗਾਈ, ਉਹਨਾਂ ਨੇ ਸਾਹਿਬਜਾਦਿਆਂ ਨੂੰ ਪਿਲਾ ਕੇ ਦੁਬਾਰਾ ਹੋਸ਼ ਵਿੱਚ ਲੈ ਆਂਦਾ, ਕਿਉਂਕਿ ਲਾਲਾਂ ਦੇ ਦੀਵਾਰ ਵਿੱਚ ਚਿਣ ਜਾਣ ਕਰਕੇ ਅਤੇ ਦੀਵਾਰ ਭੀੜੀ ਹੋਣ ਕਰਕੇ ਉਹਨਾਂ ਦਾ ਦਮ ਘੁੱਟ ਗਿਆ ਸੀ। ਪਰ ਕੁੱਝ ਵਿਦਵਾਨਾ ਨੇ ਇਹ ਵੀ ਲਿਖਿਆ ਹੈ, ਜੋ ਕਿ ਕਲਗੀਧਰ ਪਾਤਸ਼ਾਹ ਦੇ ‘ਜਫ਼ਰਨਾਮੇ` ਦੇ ਵਿੱਚ ਵੀ ਲਿਖਿਆ ਹੈ “ਐ ਔਰੰਗਜੇਬ! ਮੇਰੇ ਬੱਚਿਆਂ ਨੂੰ ਕੋਹ-ਕੋਹ ਕੇ ਤੇਰੇ ਨਵਾਬ ਵਜ਼ੀਰ ਖ਼ਾਂ ਨੇ ਮਾਰਿਆ ਹੈ। “

ਇੱਕ ਜਲਾਦ ਸ਼ਾਸ਼ਲ ਬੇਗ ਨੇ ਇੱਕ ਲਾਲ ਦਾ ਸਿਰ ਆਪਣੇ ਪੱਟਾਂ ਤੇ ਰੱਖਿਆ ਤੇ ਦੂਸਰੇ ਜਲਾਦ ਬਾਸ਼ਲ ਬੇਗ ਨੇ ਦੂਸਰੇ ਲਾਲ ਦਾ ਸਿਰ ਆਪਣੇ ਪੱਟਾਂ ਤੇ ਰੱਖਿਆ ਤੇ ਉਹਨਾਂ ਦੇ ਗਲ੍ਹਿਆਂ ਉੱਪਰ ਉਹਨਾਂ ਜਲਾਦਾਂ ਨੇ ਛੁਰੀਆਂ ਫੇਰ ਦਿੱਤੀਆਂ। ਮਾਸੂਮ ਬਾਲ ਕੋਹ-ਕੋਹ ਕੇ ਮਾਰ ਦਿੱਤੇ ਜਲਾਦਾਂ ਨੇ। ਇਸ ਪੂਰੇ ਘਟਨਾਕ੍ਰਮ ਨੂੰ, ਲਾਲਾਂ ਦੀ ਸ਼ਹੀਦੀ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਲਿਖ ਰਿਹਾ ਹੈ:

ਦੀਵਾਰ ਕੇ ਦਬਾਓ ਸੇ ਜਬ ਹਬਸਿ- ਦਮ ਹੂਆ।

ਦੌਰਾਨਿ ਖ਼ੂਨ ਰੁਕਨੇ ਲਗਾ ਸਾਂਸ ਕਮ ਹੂਆ।

ਫ਼ੁਰਮਾਏ ਦੋਨੋਂ ਹਮ ਪਰ ਬਜ਼ਾਹਿਰ ਸਿਤਮ ਹੂਆ।

ਬਾਤਿਨ ਮੇਂ ਪੰਥ ਪਰ ਹੈ ਖ਼ੁਦਾ ਕਾ ਕਰਮ ਹੂਆ।

ਅਜੇ ਦਿਨ ਹੀ ਛੁਪਿਆ ਸੀ। 13 ਪੋਹ ਦਾ, ਅਜੇ ਦਿਨ ਨਹੀ ਸੀ ਢਲਿਆ ਤੇ ਉਹਨਾਂ ਜਾਲਮ ਕਾਤਲਾਂ ਨੇ ਆਪਣੇ ਉਜਾੜੇ ਦੀ ਨੀਂਹ ਰੱਖ ਲਈ। ਕਲਗੀਧਰ ਦੇ ਲਾਡਲੇ ਦੀਵਾਰਾਂ ਵਿੱਚ ਖੜੇ ਅੰਤਿਮ ਬਾਤਾਂ ਕੀ ਕਰ ਗਏ। ਕਹਿੰਦੇ “ਸਾਡੇ ਉੱਪਰ ਜ਼ੁਲਮ ਨਹੀ ਹੋਇਆ, ਇਹ ਤਾਂ ਸਾਡੇ ਉੱਪਰ ਖ਼ਾਲਸਾ ਪੰਥ ਲਈ ਉਸ ਅਕਾਲ ਪੁਰਖ ਵਲੋਂ ਬਖ਼ਸ਼ਿਸ਼ ਹੋਈ ਹੈ। ਐ ਲੋਕੋ! ਇਸ ਨੂੰ ਜ਼ੁਲਮ ਨਾ ਸਮਝਿਓ, ਕਿਉਂਕਿ ਸਾਡੀਆਂ ਇਹਨਾਂ ਸ਼ਹਾਦਤਾਂ ਦੇ ਨਾਲ ਹੀ ਸਿੱਖ ਇਤਿਹਾਸ ਦੇ ਸ਼ਾਨਦਾਰ ਮਹੱਲ ਦੀ ਨੀਂਹ ਰੱਖੀ ਗਈ ਹੈ। “

ਸਦ ਸਾਲ ਔਰ ਜੀ ਕੇ ਭੀ ਮਰਨਾ ਜਰੂਰ ਥਾ।

ਸਰ ਕੌਮ ਸੇ ਬਚਾਨਾ ਯਿਹ ਗੈਰਤ ਸੇ ਦੂਰ ਥਾ।

ਸੌ ਸਾਲ ਜੀਅ ਕੇ ਵੀ ਤਾਂ ਅਸਾਂ ਮਰਨਾ ਹੀ ਸੀ, ਪਰ ਸਿੱਖੀ ਗੈਰਤ ਇਹ ਆਗਿਆ ਨਹੀ ਦੇਂਦੀ ਕਿ ਅਸੀਂ ਆਪਣੀ ਜਾਨ ਨੂੰ ਬਚਾਅ ਕੇ ਧਰਮ ਨੂੰ ਦਾਅ ਤੇ ਲਾ ਦੇਈਏ।

ਇਥੇ ਮੈਂ ਇੱਕ ਹੋਰ ਗੱਲ ਦੱਸ ਦਿਆਂ ਕਿ ਜਦੋਂ ਸਾਹਿਬਜਾਦੇ ਨੀਂਹਾਂ ਵਿੱਚ ਖੜੇ ਸਨ ਤਾਂ ਨਵਾਬ ਵਜ਼ੀਰ ਖ਼ਾਂ ਲਾਲਾਂ ਨੂੰ ਕਹਿੰਦਾ ਸੀ “ਬੱਚਿਉ! ਜ਼ਰਾ ਅਸਮਾਨ ਵੱਲ ਝਾਤੀ ਮਾਰੋਂ, ਉਹ ਅਸਮਾਨ ਵਿੱਚ ਜੋ ਇੱਲਾਂ ਸਾਨੂੰ ਉਡਦੀਆਂ ਦਿਖਾਈ ਦੇ ਰਹੀਆਂ ਹਨ, ਜੇਕਰ ਅਜੇ ਵੀ ਮੇਰਾ ਕਹਿਣਾ ਨਾ ਮੰਨਿਆ ਤਾਂ ਮੈਂ ਤੁਹਾਡੀਆਂ ਬੋਟੀਆਂ-ਬੋਟੀਆਂ ਕਰਕੇ ਸੁੱਟ ਦੇਵਾਂਗਾ ਤੇ ਇਹ ਇੱਲਾਂ ਤੁਹਾਡੀਆਂ ਬੋਟੀਆਂ ਨੂੰ ਲੈ ਕੇ ਅਸਮਾਨ ਵਿੱਚ ਉੱਡ ਜਾਣਗੀਆਂ। “ ਵਜ਼ੀਰ ਖ਼ਾਂ ਦੀ ਇਹ ਗੱਲ ਸੁਣ ਕੇ ਸਾਹਿਬਜਾਦੇ ਕਹਿਣ ਲੱਗੇ “ਐ ਵਜ਼ੀਰ ਖ਼ਾਂ! ਤੂੰ ਇਹ ਵੀ ਦੇਖ ਲਈਂ ਕਿ ਇਹ ਇੱਲਾਂ ਸਾਡੇ ਮਾਸ ਦੀਆਂ ਬੋਟੀਆਂ ਲੈ ਕੇ ਜਿੰਨੀ ਉੱਚੀ ਉਡਾਰੀ ਅਸਮਾਨ ਵਿੱਚ ਮਾਰਨਗੀਆਂ ਉਨੇ ਹੀ ਉੱਚੇ-ਉੱਚੇ ਕੇਸਰੀ ਨਿਸ਼ਾਨ ਸਾਹਿਬ ਇਸ ਧਰਤੀ ਉਪਰ ਝੂਲਣਗੇ। “

ਅੱਜ ਦੇਖ ਲਉ ਕੇਸਰੀ ਨਿਸ਼ਾਨ ਸਾਹਿਬ ਉਸੇ ਤਰਾਂ ਹੀ ਝੂਲਦੇ ਪਏ ਨੇ। ਇਹਨਾਂ ਨਿਸ਼ਾਨ ਸਾਹਿਬ ਦੀਆਂ ਨੀਹਾਂ ਹੇਠਾ ਖ਼ੂਨ ਹੈ ਸਾਹਿਬਜਾਦਿਆਂ ਦਾ। ਖ਼ੂਨ ਦੇ ਨਾਲ ਸਿੰਝੀਆਂ ਹੋਈਆਂ ਨੀਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ, ਤਾਂ ਹੀ ਏਨੇ ਉੱਚੇ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ।

ਮਤਾਂ ਕਿਧਰੇ ਸੋਚਿਉ ਕਿ ਇਹ ਸਿਰਫ਼ ਨਿਸ਼ਾਨ ਸਾਹਿਬ ਹੀ ਹਨ। ਜਦੋਂ ਅਸੀਂ ਕੇਸਰੀ ਨਿਸ਼ਾਨ ਸਾਹਿਬ ਦੇਖੀਏ ਤਾਂ ਸਾਨੂੰ ਉਸ ਸਮੇਂ ਕਲਗੀਧਰ ਪਾਤਸ਼ਾਹ ਦੇ ਲਾਡਲੇ ਯਾਦ ਆਉਣੇ ਚਾਹੀਦੇ ਹਨ।

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਿ ਉਠਾ ਚਲੇ।

ਸਾਹਿਬਜਾਦੇ ਕਹਿ ਰਹੇ ਹਨ ਕਿ ਅਸੀਂ ਆਪਣੀ ਜਾਨ ਦੇ ਕੇ ਆਪਣੀ ਕੌਮ ਦੀਆਂ ਜਾਨਾਂ ਬਚਾਅ ਚੱਲੇ ਹਾਂ। ਆਪਣੇ ਸਿਰ ਇਹਨਾਂ ਸਿੱਖੀ ਦੀਆਂ ਨੀਹਾਂ ਹੇਠ ਰੱਖ ਕੇ ਚਲੇ ਹਾਂ।

ਪ੍ਰੈਫੈਸਰ ਪੂਰਨ ਸਿੰਘ ਦੀ ਭਾਵਨਾ ਭਰਪੂਰ ਕਲਮ ਨੇ ਵੀ ਇਸ ਪੱਖ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਹ ਸ੍ਰੀ ਹਰਿਮੰਦਰ ਸਾਹਿਬ ਦੀ ਬਾਤ ਕਰਦਿਆਂ ਕਹਿ ਰਹੇ ਹਨ “ਐ! ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਚਲਣ ਵਾਲੇ ਸ਼ਰਧਾਲੂ! ਪ੍ਰਕਾਰਮਾ ਵਿੱਚ ਚਲਦਿਆਂ ਇਹਨਾਂ ਸਿੱਲਾਂ ਉਪਰ ਪੈਰ ਸੋਚ ਸਮਝ ਨਾਲ, ਹੌਲੀ-ਹੌਲੀ ਰੱਖ ਕੇ ਚੱਲੀਂ, ਪਤਾ ਨਹੀਂ ਇਕ-ਇਕ ਸਿੱਲ ਦੇ ਹੇਠ ਕਿੰਨੇ ਕਿੰਨੇ ਸਿੱਖਾਂ ਸ਼ਹੀਦਾਂ ਦੇ ਸਿਰ ਪਏ ਹੋਏ ਨੇ। “

ਆਹ ਗੁਰਦੁਆਰਿਆਂ ਦੀਆਂ ਉਸਾਰੀਆਂ ਨੂੰ ਐਵੇਂ ਨਾ ਸਮਝਿਓ। ਇਹ ਗੁਰਦੁਆਰਿਆਂ ਦੀ ਨੀਹਾਂ ਦੇ ਵਿੱਚ ਵੀ ਸਿੱਖਾਂ ਦੇ ਸੀਸ ਪਏ ਹੋਏ ਨੇ, ਐਵੇਂ ਨਹੀ ਗੁਰਦੁਆਰੇ ਉਸਰਦੇ। ਜੇਕਰ ਸਾਹਿਬਜਾਦੇ ਸ਼ਹਾਦਤ ਨਾ ਦੇਂਦੇ ਤਾਂ ਸ਼ਾਇਦ ਅੱਜ ਇਹ ਗੁਰਦੁਆਰਾ ਸਾਹਿਬਾਨ ਦੀਆਂ ਉਸਾਰੀਆਂ ਨਾਂ ਹੁੰਦੀਆਂ।

ਇੱਕ ਵਿਦਵਾਨ ਨੇ ਲਿਖਿਆ ਹੈ “ਜੇਕਰ ਕਲਗੀਧਰ ਪਾਤਸ਼ਾਹ ਆਪਣੇ ਵੱਡੇ ਪੁੱਤਰਾਂ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਕਦੀ ਵੀ ਸਿੱਖ ਧਰਮ ਵਿੱਚ ਧਰਮ-ਯੁੱਧ ਦਾ ਚਾਓ ਪੈਦਾ ਨਹੀਂ ਸੀ ਹੋਣਾ। ਜੇਕਰ ਕਲਗੀਧਰ ਪਾਤਸ਼ਾਹ ਆਪਣੇ ਮਾਸੂਮ ਬਾਲਾਂ ਨੂੰ ਬੁਕਲ ਵਿੱਚ ਲੁਕਾ ਲੈਂਦੇ, ਬੱਚੇ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਵਿੱਚ ਸ਼ਹੀਦ ਨਾ ਕਰਵਾੳ਼ੁਂਦੇ ਤਾਂ ਕਦੀ ਵੀ ਬਹਾਦਰ ਸਿੰਘਣੀਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਨਾ ਪੁਆਉਂਦੀਆਂ। “ ਇਹ ਹੈ ਕਲਗੀਧਰ ਪਿਤਾ ਦੇ ਲਾਲਾਂ ਦੀਆਂ ਕੁਰਬਾਨੀਆਂ ਦਾ ਨਤੀਜਾ। ਸਾਹਿਬਜਾਦੇ ਸਾਨੂੰ ਸੁਨੇਹਾ ਦੇ ਰਹੇ ਹਨ:

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਿ ਉਠਾ ਚਲੇ।

ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ।

ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।

ਗੱਦੀ ਸੇ ਤਾਜੋ- ਤਖ਼ਤ ਬਸ ਅਬ ਕੌਮ ਪਾਏਗੀ।

ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।

ਹੁਣ ਜੋਗੀ ਅੱਲ੍ਹਾ ਯਾਰ ਖ਼ਾਂ ਆਪਣੇ ਕਿੱਸੇ ਨੂੰ ਆਖਰੀ ਮੰਜ਼ਿਲ ਵੱਲ ਲੈ ਕੇ ਜਾ ਰਿਹਾ ਹੈ।

ਸ਼ਹੀਦਾਨਿ-ਵਫ਼ਾ` ਅਰਥਾਤ “ਸਾਕਾ ਸਰਹਿੰਦ” ਇਹ ਕਿੱਸਾ ਉਸ ਨੇ 1913 ਸੰਨ ਵਿੱਚ ਲਿਖਿਆ ਤੇ ਆਖ਼ਰੀ ਸਤਰਾਂ ਵਿੱਚ ਉਹ ਕਹਿ ਰਿਹਾ ਹੈ ਕਿ ਦੀਵਾਰ ਉਸਰਦੀ ਗਈ, ਉਸਰਦੀ ਗਈ ਤੇ ਆਖਿਰ ਉਹ ਦੀਵਾਰ ਸਾਹਿਬਜਾਦਿਆਂ ਦੀ ਠੋਡੀ ਤੱਕ ਆ ਗਈ:

ਠੋਡੀ ਤਕ ਈਂਟੇ ਚੁਨ ਦੀ ਗਈ, ਮੂੰਹ ਤੱਕ ਆ ਗਈ।

ਬੀਨੀ ਕੋ ਢਾਂਪਤੇ ਹੀ ਵੁਹ ਆਖੋਂ ਪਿ ਛਾ ਗਈ।

ਹਰ ਚਾਂਦ ਸੀ ਜਬੀਨ ਕੋ ਗ੍ਰਹਨ ਸਾ ਲਗਾ ਗਈ।

ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।

‘ਜੋਗੀ ਜੀ` ਇਸ ਕੇ ਬਾਅਦ ਹੁਈ ਥੋੜੀ ਦੇਰ ਥੀ।

ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ।

ਜਦੋਂ ਦੀਵਾਰ ਠੋਡੀ ਤੱਕ ਆ ਗਈ ਤਾਂ ਇੱਕ ਇੱਟਾਂ ਦਾ ਵਾਰ ਹੋਰ ਉਸਰਿਆ ਤੇ ਬੀਨੀ (ਨੱਕ) ਨੂੰ ਦੀਵਾਰ ਨੇ ਢੱਕ ਲਿਆ ਤੇ ਫਿਰ ਇੱਕ ਹੋਰ ਵਾਰ ਲੱਗਿਆ ਤੇ ਪਿਆਰੇ ਲਾਲਾਂ ਦੀਆਂ ਅੱਖਾਂ ਵੀ ਲੁਕ ਗਈਆਂ। ਆਖ਼ਰੀ ਸਤਰਾਂ ਬਿਆਨ ਕਰਦੀਆਂ ਹਨ ਕਿ:

ਹਰ ਚਾਂਦ ਸੀ ਜਬੀਨ ਕੋ ਗ੍ਰਹਨ ਸਾ ਲਗਾ ਗਈ।

ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।

ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।

ਲਖ਼ਤੇ- ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈ।

ਉਹ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਨੇ ਮੇਰੇ ਕਲਗੀਧਰ ਦੇ ਦੋਨੋਂ ਲਾਡਲਿਆਂ ਨੂੰ ਆਪਣੇ ਅੰਦਰ ਸਮਾ ਲਿਆ, ਸਮਾ ਲਿਆ, ਸਮਾ ਲਿਆ।

ਮਤ ਕਿਧਰੇ ਸੋਚਿਉ! ਕਿ ਬਾਤ ਇਥੇ ਹੀ ਖ਼ਤਮ ਹੋ ਗਈ। ਮੇਰੇ ਕਲਗੀਧਰ ਦੇ ਲਾਲਾਂ ਦੀ ਸ਼ਹਾਦਤ ਹੋ ਗਈ।

ਜਦੋਂ ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ ਜਫ਼ਰਨਾਮਾ ਲਿਖਿਆ ਤਾਂ ਪਾਤਸ਼ਾਹ ਨੇ ਉਸ ਜਫ਼ਰਨਾਮੇ ਅੰਦਰ “ਸਾਕਾ ਸਰਹਿੰਦ” ਅਤੇ “ਸਾਕਾ ਚਮਕੌਰ” ਦਾ ਵਰਨਣ ਬਾ-ਕਮਾਲ ਢੰਗ ਨਾਲ ਕੀਤਾ “ਐ ਔਰੰਗਜੇਬ! ਕੀ ਹੋਇਆ ਜੇ ਇੱਕ ਬਘਿਆੜ ਨੇ ਇੱਕ ਸ਼ੇਰ ਦੇ ਬੱਚੇ ਧੋਖੇ ਨਾਲ ਮਾਰ ਦਿੱਤੇ (ਚਾਰ ਪੁੱਤਰ) ਅਜੇ ਤਾਂ ਕੁੰਡਲੀਦਾਰ ਭੁਝੰਗੀ (ਖ਼ਾਲਸਾ ਪੁੱਤਰ) ਮੇਰਾ ਬਾਕੀ ਹੈ। ਇਹ ਤੇਰੇ ਕੋਲੋਂ ਗਿਣ-ਗਿਣ ਕੇ ਬਦਲੇ ਲਵੇਗਾ, ਇਹ ਗੱਲ ਤੂੰ ਯਾਦ ਰੱਖੀਂ। “

ਕਲਗੀਧਰ ਪਾਤਸ਼ਾਹ ਨੇ ਜਫ਼ਰਨਾਮੇ ਵਿੱਚ ਇੱਕ ਹੋਰ ਬੜੀ ਬਾ-ਕਮਾਲ ਗੱਲ ਲਿਖੀ, ਜੋ ਕਿ ਕਦੀ ਸਾਡੀ ਸੋਚ ਵਿੱਚ ਹੀ ਨਹੀ ਨਾ ਆਈ ਹੋਵੇ, ਭਾਵੇਂ ਅਸੀਂ ਕਿੰਨਾ ਵੀ ਪੜ੍ਹ ਜਾਈਏ, ਕਿੰਨੀ ਵੀ ਖੋਜ ਕਿਉਂ ਨਾ ਕਰ ਲਈਏ, ਪਰ ਅਸੀਂ ਕਲਗੀਧਰ ਪਾਤਸ਼ਾਹ ਦੀ ਸੋਚ ਤੋਂ ਅਗਾਂਹ ਨਹੀ ਸੋਚ ਸਕਦੇ।

ਜ਼ਫ਼ਰਨਾਮੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ ਸੰਬੋਧਨ ਹੁੰਦਿਆਂ ਹੋਇਆਂ, ਇੱਕ ਹੋਰ ਬਾਤ ਲਿਖੀ “ਐ ਔਰੰਗਜੇਬ! ਕੀ ਹੋਇਆ ਜੇਕਰ ਤੂੰ ਪੱਥਰ ਦੇ ਨਾਲ ਸੋਨੇ ਦਾ ਕਾਸਾ (ਬਰਤਨ) ਤੋੜ ਦਿੱਤਾ ਹੈ, ਪਰ ਯਾਦ ਰੱਖੀਂ, ਪੱਥਰ ਫਿਰ ਵੀ ਪੱਥਰ ਹੈ ਤੇ ਸੋਨਾ ਚਕਨਾਚੂਰ ਹੋ ਕੇ ਵੀ ਸੋਨਾ ਹੈ। “

ਇਹ ਨੇ ਕਲਗੀਧਰ ਪਾਤਸ਼ਾਹ ਦੀਆਂ ਬਾਤਾਂ ਜੋ ਕਿ ਉਹਨਾਂ ਨੇ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਦੇ ਪਰਥਾਏ ਔਰੰਗਜੇਬ ਨੂੰ ਲਿਖੀਆਂ।

ਜਦੋਂ ਮਾਂ ਗੁਜਰੀ ਜੀ ਨੂੰ ਸਾਹਿਬਜਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲ ਗਈ ਤਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਂ ਗੁਜਰੀ ਗਸ਼ ਖਾ ਕੇ ਡਿੱਗ ਪਈ। ਕਈਆਂ ਲਿਖਿਆ ਹੈ ਕਿ ਮਾਂ ਗੁਜਰੀ ਜੀ ਪ੍ਰਾਣ ਚੜਾ ਗਏ ਸਨ, ਪਰ ਮੈਂ ਬੇਨਤੀ ਕਰ ਦਿਆਂ ਕਿ ਗੁਰਮਤਿ ਦੀ ਕਸਵੱਟੀ ਤੇ ਪਰਖੀਏ ਤਾਂ ਉਹ ਮਾਂ ਗੁਜਰੀ ਗਸ਼ ਖਾ ਕੇ ਡਿੱਗ ਨਹੀ ਸਕਦੀ, ਉਹ ਮਾਂ ਗੁਜਰੀ ਜਿਸ ਨੇ ਲਾਲਾਂ ਦੇ ਅੰਦਰ ਪੂਰੀ ਦ੍ਰਿੜਤਾ ਭਰੀ ਅਤੇ ਆਪ ਲਾਲਾਂ ਨੂੰ ਪਿਆਰ ਦੇ ਕੇ ਤੋਰਦੀ ਹੈ, ਕੀ ਉਹ ਗਸ਼ ਖਾ ਕੇ ਡਿੱਗ ਜਾਏਗੀ, ਨਹੀ ਮਾਂ ਗੁਜਰੀ ਗਸ਼ ਨਹੀ ਖਾ ਸਕਦੀ।

ਉਹ ਮਾਂ ਗੁਜਰੀ ਜਿਹੜੇ ਆਪਣੇ ਪਤੀ ਦਾ ਸੀਸ ਝੋਲੀ ਵਿੱਚ ਪੁਆ ਕੇ ਆਖਦੀ ਹੈ “ਪਤੀ ਪਰਮੇਸ਼ਰ ਜੀ! ਤੁਹਾਡੀ ਨਿਭ ਗਈ, ਮੇਰੀ ਵੀ ਨਿਭ ਜਾਵੇ। “ ਉਹ ਮਾਂ ਗੁਜਰੀ ਇੰਨੀ ਕਮਜੋਰ ਨਹੀ ਹੋ ਸਕਦੀ ਕਿ ਉਹ ਗਸ਼ ਖਾ ਕੇ ਡਿੱਗ ਜਾਵੇ ਜਾਂ ਸੁਆਸ ਚੜ੍ਹਾ ਲਵੇ।

ਇੱਕ ਕਵੀ ਨੇ ਮਾਂ ਸਾਹਿਬਜਾਦਿਆਂ ਅਤੇ ਮਾਂ ਗੁਜਰੀ ਦੇ ਪ੍ਰਥਾਏ, ਇਥੇ ਬੜੀ ਹੀ ਸੁੰਦਰ ਰਚਨਾ ਲਿਖੀ ਹੈ। ਕਹਿੰਦਾ ਹੈ:

ਵੇਖਿਆ! ਕਿ ਪਿਤਾ ਤੋਂ ਪੁੱਤ ਵੀ ਪੋਲੇ ਨਹੀਂ,

ਵੱਡਿਆਂ ਕੀ ਡੋਲਣਾ ਮਾਸੂਮ ਵੀ ਡੋਲੇ ਨਹੀ।

ਮਾਂ ਗੁਜਰੀ ਬੱਚਿਆਂ ਦੇ ਨਾਲ ਰਲ ਕੇ ਗੁਜਰ ਗਈ।

ਜੋ ਵੀ ਆਈਆਂ ਔਕੜਾਂ, ਉਹ ਸੀਸ ਝੱਲ ਕੇ ਗੁਜਰ ਗਈ।

ਜਦੋਂ ਉਹਨਾਂ ਜਾਲਿਮਾਂ ਨੇ ਦੇਖਿਆ ਕਿ ਅਸੀਂ ਇਹਨਾਂ ਬਾਲਾਂ ਦੇ ਰਾਹੀਂ ਜੋ ਵਿਉਂਤ ਬਣਾਈ ਸੀ, ਇਹਨਾਂ ਦੇ ਪਿਤਾ ਨੂੰ ਕੈਦ ਕਰਨ ਦੀ, ਇਨ੍ਹਾਂ ਨੂੰ ਮੁਸਲਮਾਨ ਬਨਾਉਣ ਦੀ ਉਹ ਗੱਲ ਬਣੀ ਨਹੀਂ। ਕਿਉਂਕਿ ਵਜ਼ੀਰ ਖ਼ਾਂ ਚਾਹੁੰਦਾ ਸੀ ਕਿ ਇਹਨਾਂ ਛੋਟੇ ਬਾਲਾਂ ਨੂੰ ਤਸੀਹੇ ਦੇ ਕੇ ਮੁਸਲਮਾਨ ਬਣਾ ਕੇ, ਕਲਗੀਧਰ ਨੂੰ ਕੈਦ ਕਰ ਕੇ ਔਰੰਗਜੇਬ ਦੀ ਖ਼ੁਸ਼ੀ ਲੈਂਦਾ, ਪਰ ਜੇਕਰ ਇਹ ਛੋਟੇ-ਛੋਟੇ ਬਾਲ ਨਹੀਂ ਡੋਲੇ ਤਾਂ ਇਸ ਮਾਂ ਗੁਜਰੀ ਨੇ ਕੀ ਡੋਲਣਾ ਹੈ, ਬਸ ਇਸੇ ਸੋਚ ਨੂੰ ਮੁੱਖ ਰੱਖਕੇ ਜਾਲਿਮਾਂ ਨੇ ਸਲਾਹ ਕੀਤੀ ਕਿ ਬੱਚੇ ਨਹੀਂ ਰਹੇ ਤਾਂ ਬੁੱਢੀ ਮਾਂ (ਮਾਂ ਗੁਜਰੀ) ਨੂੰ ਰੱਖ ਕੇ ਅਸੀਂ ਕੀ ਕਰਨਾ ਹੈ।

ਇਤਿਹਾਸ ਵਿੱਚ ਜੋ ਮੰਨਣ ਯੋਗ ਗੱਲ ਹੈ ਕਿ ਜ਼ਾਲਿਮਾਂ ਨੇ ਮਾਂ ਗੁਜਰੀ ਨੂੰ ਧੱਕਾ ਦੇ ਕੇ ਠੰਡੇ ਬੁਰਜ ਤੋਂ ਹੇਠਾਂ ਸੁੱਟ ਦਿੱਤਾ। ਮਾਂ ਗੁਜਰੀ ਵੀ ਇਹਨਾਂ ਬੱਚਿਆਂ ਦੇ ਨਾਲ ਹੀ ਸ਼ਹਾਦਤ ਦਾ ਜਾਮ ਪੀ ਗਈ। ਉਹਨਾਂ ਜ਼ਾਲਿਮਾਂ ਨੇ ਇੰਨੇ ਅਤਿਆਚਾਰਾਂ ਤੋਂ ਬਾਅਦ ਮਾਂ ਗੁਜਰੀ ਅਤੇ ਲਾਲਾਂ ਦੀਆਂ ਲਾਸ਼ਾਂ ਨੂੰ ਵੀ ਉਹਨਾਂ ਨੇ ਚੁੱਕ ਕੇ ਬਾਹਰ ਸੁੱਟ ਦਿੱਤਾ, ਕਿਉਂਕਿ ਵਜ਼ੀਰ ਖ਼ਾਂ ਨੇ ਕਿਹਾ ਸੀ ਕਿ ਤੁਹਾਡੀਆਂ ਲਾਸ਼ਾਂ ਨੂੰ ਇੱਲਾਂ ਖਾਣਗੀਆਂ। ਨਾਲ ਹੀ ਵਜ਼ੀਰ ਖ਼ਾਂ ਨੇ ਢੰਡੋਰਾ ਪਿਟਵਾ ਦਿੱਤਾ ਕਿ ਕੋਈ ਵੀ ਇਹਨਾਂ ਲਾਸ਼ਾਂ ਨੂੰ ਹੱਥ ਨਾ ਲਗਾਵੇ, ਕੋਈ ਵੀ ਇਹਨਾਂ ਲਾਸ਼ਾਂ ਦੀ ਸੰਭਾਲ ਨਾ ਕਰੇ।

ਉਸ ਸਮੇ ਮੈਦਾਨ ਵਿੱਚ ਨਿਤਰਿਆ “ਦੀਵਾਨ ਟੋਡਰ ਮੱਲ”। ਦੀਵਾਨ ਟੋਡਰ ਮੱਲ ਨੇ ਲਾਸ਼ਾਂ ਦਾ ਸਸਕਾਰ ਕਰਨ ਲਈ ਹਕੂਮਤ ਤੋਂ ਆਗਿਆ ਮੰਗੀ, ਪਰ ਉਹਨਾਂ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਦੀਵਾਨ ਟੋਡਰ ਮੱਲ ਨੇ ਪੁੱਛ ਕੀਤੀ ਕਿ ਜਗ੍ਹਾ ਕਿਵੇਂ ਮਿਲ ਸਕਦੀ ਹੈ ਤਾਂ ਹਕੂਮਤ ਵੱਲੋਂ ਜਵਾਬ ਮਿਲਿਆ ਕਿ ਜਿੰਨੀ ਜਗ੍ਹਾ ਚਾਹੀਦੀ ਹੈ, ਓਨੀ ਜਗ੍ਹਾ ਤੇ ਸੋਨੇ ਦੀਆਂ ਮੋਹਰਾਂ ਖੜੇ ਰੁਖ ਤੇ ਰੱਖ ਕੇ ਤੂੰ ਉਹ ਜਗ੍ਹਾ ਖ਼ਰੀਦ ਸਕਦਾ ਏਂ।

ਦੀਵਾਨ ਟੋਡਰ ਮੱਲ ਇਹ ਸੁਣ ਕੇ ਘਰ ਵਾਪਸ ਆ ਗਿਆ ਅਤੇ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਆਪਣੇ ਕੋਲ ਜਿੰਨ੍ਹਾ ਵੀ ਧਨ-ਦੌਲਤ ਤੇ ਜਾਇਦਾਦ ਸੀ ਇੱਕਠੀ ਕੀਤੀ, ਪਰ ਫਿਰ ਵੀ ਗੱਲ ਨਹੀਂ ਸੀ ਬਣ ਰਹੀ। ਦੀਵਾਨ ਟੋਡਰ ਮੱਲ ਦੀ ਘਰਵਾਲੀ ਨੇ ਵੀ ਆਪਣੇ ਸਾਰੇ ਜੇਵਰਾਤ ਲਿਆ ਕੇ ਢੇਰੀ ਕਰ ਦਿੱਤੇ। ਇਥੋਂ ਤਕ ਕਿ ਦੀਵਾਨ ਟੋਡਰ ਮੱਲ ਦੇ ਦੋ ਛੋਟੇ-ਛੋਟੇ ਪੁੱਤਰਾਂ ਨੇ ਵੀ ਆਪਣੀਆਂ ਗੋਲਕਾਂ ਲਿਆ ਕੇ ਪਿਤਾ ਦੇ ਸਾਹਮਣੇ ਭੰਨ ਦਿੱਤੀਆਂ ਤੇ ਕਿਹਾ “ਪਿਤਾ ਜੀ! ਸਾਡੇ ਗੋਲਕਾਂ ਦੇ ਪੈਸੇ ਵੀ ਲੈ ਜਾਉ, ਪਰ ਸਾਹਿਬਜਾਦਿਆਂ ਦਾ ਸਸਕਾਰ ਜਰੂਰ ਹੋਣਾ ਚਾਹੀਦਾ ਹੈ। “

ਹੁਣ ਦੀਵਾਨ ਟੋਡਰ ਮੱਲ ਨੇ ਭੱਜ ਨੱਸ ਕਰਕੇ ਜਿਵੇਂ-ਕਿਵੇਂ ਵੀ ਪੈਸੇ ਇਕਠੇ ਕੀਤੇ ਅਤੇ ਸਾਹਿਬਜਾਦਿਆਂ ਅਤੇ ਮਾਂ ਗੁਜਰੀ ਜੀ ਦੇ ਸਸਕਾਰ ਕਰਨ ਲਈ ਜਗ੍ਹਾ ਮੁੱਲ ਖਰੀਦ ਲਈ।

ਪੱਛਮੀ ਵਿਦਵਾਨ ਡਾਕਟਰ ਟਰੰਪ (Trump) ਲਿਖਦਾ ਹੈ “ਜਿੰਨਾ ਸਮਾਂ ਸਿੱਖਾਂ ਦੇ ਪਾਸ ਇਹ ਜ਼ਮੀਨ ਹੈ, ਉਨ੍ਹਾ ਸਮਾਂ ਸਿੱਖ ਕੌਮ ਕਦੇ ਮਿਟ ਨਹੀਂ ਸਕਦੀ। “ ਸਵਾਲ ਕਰਨ ਵਾਲੇ ਨੇ ਡਾਕਟਰ ਟਰੰਪ ਨੂੰ ਪੁਛਿਆ “ਕਿਹੜੀ ਜ਼ਮੀਨ? “ ਡਾਕਟਰ ਟਰੰਪ ਦਾ ਜਵਾਬ ਸੀ “ਉਹ ਜ਼ਮੀਨ, ਜਿਥੇ ਮਾਸੂਮ ਬਾਲ ਦੀਵਾਰਾਂ ਵਿੱਚ ਚਿਣੇ ਗਏ, ਜਿਸ ਜਮੀਨ ਨੂੰ ਸਾਹਿਬਜਾਦਿਆਂ ਦੇ ਸਸਕਾਰ ਲਈ ਮੁੱਲ ਖਰੀਦਿਆ ਗਿਆ। “ ਅਜੋਕੇ ਸਮੇਂ ਉਥੇ ਗੁਰਦੁਆਰਾ “ਸ੍ਰੀ ਜੋਤੀ ਸਰੂਪ” (ਫ਼ਤਹਿਗੜ੍ਹ ਸਾਹਿਬ) ਸੁਸ਼ੋਭਿਤ ਹੈ, ਉਸ ਜ਼ਮੀਨ ਤੋਂ ਮਹਿੰਗੀ ਜ਼ਮੀਨ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਹੋ ਸਕਦੀ, ਕਿਉਂਕਿ ਉਸ ਜ਼ਮੀਨ ਨੂੰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਦੇ ਕੇ ਫ਼ਿਰ ਖਰੀਦਿਆ ਗਿਆ ਸੀ। ਇਹ ਜ਼ਮੀਨ ਸ਼ਹਾਦਤਾਂ ਦੇ ਅਨਮੋਲ ਇਤਿਹਾਸ ਦੀ ਜ਼ਾਮਨ ਹੈ।

ਗੁਰਦੁਆਰਾ “ਸ੍ਰੀ ਫ਼ਤਹਿਗੜ੍ਹ ਸਾਹਿਬ” ਤੋਂ ਗੁਰਦੁਆਰਾ “ਸ੍ਰੀ ਜੋਤੀ ਸਰੂਪ” ਲਗਭਗ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ।

ਹੁਣ ਇਸ ਤੋ ਅਗਲੀ ਮੁਸ਼ਕਿਲ ਇਹ ਆ ਗਈ ਕਿ ਇਨ੍ਹਾਂ ਤਿੰਨਾਂ ਲਾਸ਼ਾਂ ਨੂੰ ਨਿਸ਼ਚਿਤ ਸਸਕਾਰ ਸਥਾਨ ਤੱਕ ਕਿਸ ਤਰ੍ਹਾਂ ਲਿਜਾਇਆ ਜਾਵੇ? ਕਿਉਂਕਿ ਢੰਡੋਰਾ ਵੀ ਪਿਟਿਆ ਜਾ ਰਿਹਾ ਸੀ ਕਿ ਕੋਈ ਵੀ ਲਾਸ਼ਾਂ ਨੂੰ ਹੱਥ ਨਾ ਲਗਾਵੇ। ਇਸ ਲਈ ਇਹਨਾਂ ਸਰੀਰਾਂ ਨੂੰ ਇਥੋਂ ਲਿਜਾਣ ਵਿੱਚ ਮੁਸ਼ਕਿਲ ਆ ਗਈ।

ਖ਼ੈਰ! ਜਿਵੇਂ ਕਿਵੇਂ ਦੀਵਾਨ ਟੋਡਰ ਮੱਲ ਨੇ ਚਾਰ ਮਜਦੂਰਾਂ ਦਾ ਪ੍ਰਬੰਧ ਕੀਤਾ। ਦੀਵਾਨ ਟੋਡਰ ਮੱਲ ਨੇ ਸਾਹਿਬਜਾਦਾ ਜ਼ੋਰਾਵਰ ਸਿੰਘ ਦੀ ਲਾਸ਼ ਨੂੰ ਆਪਣੇ ਕੰਧੇ ਤੇ ਲਾਇਆ ਤੇ ਦੀਵਾਨ ਟੋਡਰ ਮੱਲ ਦੀ ਘਰਵਾਲੀ ਨੇ ਛੋਟੇ ਸਾਹਿਬਜਾਦੇ ਬਾਬਾ ਫ਼ਤਹਿ ਸਿੰਘ ਦੀ ਲਾਸ਼ ਨੂੰ ਆਪਣੇ ਕੰਧੇ ਤੇ ਲਾ ਲਿਆ।

ਮਾਤਾ ਗੁਜਰੀ ਜੀ ਦੀ ਲਾਸ਼ ਨੂੰ ਉਹਨਾਂ ਮਜਦੂਰਾਂ ਦੁਆਰਾ ਚੁੱਕ ਕੇ ਉਸ ਮੁੱਲ ਖ਼ਰੀਦੀ ਹੋਈ ਜਗ੍ਹਾ ਤੇ ਲਿਜਾਇਆ ਗਿਆ। ਉਹਨਾਂ ਦੇ ਸਸਕਾਰ ਦੀ ਤਿਆਰੀ ਕੀਤੀ। ਦੀਵਾਨ ਟੋਡਰ ਮੱਲ ਨੇ ਤਿੰਨਾ ਦਾ ਸਸਕਾਰ ਆਪਣੇ ਹੱਥੀਂ ਕੀਤਾ। ਪਰ ਕਹਿੰਦੇ ਹਨ ਕਿ ਜ਼ਾਲਿਮ ਫਿਰ ਵੀ ਜ਼ਾਲਿਮ ਹੈ, ਬੇਈਮਾਨ ਫਿਰ ਵੀ ਬੇਈਮਾਨ ਹੀ ਹੁੰਦਾ ਹੈ।

ਵਜ਼ੀਰ ਖ਼ਾਂ ਨੇ ਦੀਵਾਨ ਟੋਡਰ ਮੱਲ ਨੂੰ ਬੁਲਾਇਆ ਤੇ ਕਿਹਾ “ਤੂੰ ਗਲਤੀ ਕੀਤੀ ਹੈ। “ ਭਾਵੇਂ ਕਿ ਵਜ਼ੀਰ ਖ਼ਾਂ ਨੇ ਜਗਾ ਦਾ ਮੁੱਲ ਲੈ ਵੀ ਲਿਆ ਸੀ, ਪਰ ਫਿਰ ਵੀ ਉਸਨੇ ਦੀਵਾਨ ਟੋਡਰ ਮੱਲ ਨੂੰ ਗੁਨਾਹਗਾਰ ਠਹਿਰਾ ਦਿੱਤਾ। ਪਰ ਦੀਵਾਨ ਟੋਡਰ ਮੱਲ ਕਹਿਣ ਲੱਗਾ “ਮੈਂ ਗੁਰੂ ਘਰ ਲਈ ਜੋ ਕੁੱਝ ਵੀ ਕਰ ਸਕਦਾ ਸੀ, ਕਰ ਦਿੱਤਾ ਹੈ। ਤੁਸੀਂ ਜੇਕਰ ਇਸਨੂੰ ਗੁਨਾਹ ਸਮਝਦੇ ਹੋ ਤਾਂ ਮੇਰੀ ਜੋ ਵੀ ਸਜ਼ਾ ਬਣਦੀ ਹੈ ਉਹ ਸਜ਼ਾ ਮੈਨੂੰ ਦੇ ਦਿੱਤੀ ਜਾਵੇ। “

ਕਾਜ਼ੀ ਨੇ ਫੌਰਨ ਫ਼ਤਵਾ ਸੁਣਾ ਦਿੱਤਾ “ਇਹਨਾਂ ਨੇ ਸਰਕਾਰ ਦੀ ਹੁਕਮ ਅਦੂਲੀ ਕੀਤੀ ਹੈ। ਸਰਕਾਰੀ ਹੁਕਮ ਦੇ ਬਾਵਜੂਦ ਇਹਨਾਂ ਨੇ ਸਾਹਿਬਜਾਦਿਆਂ ਤੇ ਮਾਤਾ ਦੀਆਂ ਲਾਸ਼ਾਂ ਨੂੰ ਚੁੱਕਿਆ ਹੈ ਇਸ ਲਈ ਇਹਨਾਂ ਸਾਰਿਆਂ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। “

ਇਤਿਹਾਸ ਗਵਾਹ ਹੈ ਕਿ ਦੀਵਾਨ ਟੋਡਰ ਮੱਲ ਨੂੰ ਪਤਨੀ ਅਤੇ ਦੋਨੋਂ ਬੱਚਿਆਂ ਸਮੇਤ ਜ਼ਾਲਮਾਂ ਨੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਹੈ ਕੋਈ ਦੁਨੀਆਂ ਵਿੱਚ ਐਸਾ ਇਤਿਹਾਸ?

ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜਾਦਾ ਫ਼ਤਹਿ ਸਿੰਘ ਦੀਆਂ ਸ਼ਹਾਦਤਾਂ ਨਾਲ ਲਹੂ-ਭਿੱਜੀ ਸਰਹਿੰਦ (ਸ਼ਹੀਦਾਨਿ-ਵਫ਼ਾ ਅਰਥਾਤ ਸਾਕਾ ਸਰਹਿੰਦ) ਦੀ ਗਾਥਾ ਅਜੇ ਪੂਰੀ ਨਹੀ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ‘ਮਾਧੋ ਦਾਸ ਬੈਰਾਗੀ` ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਰਾਹੀਂ ‘ਬਾਬਾ ਬੰਦਾ ਸਿੰਘ ਬਹਾਦਰ` ਬਣਾ ਕੇ ਰੱਬੀ ਬਖ਼ਸ਼ਿਸ਼ਾਂ ਨਾਲ ਨਿਵਾਜ ਕੇ ਨੰਦੇੜ ਤੋ ਪੰਜਾਬ ਦੀ ਧਰਤੀ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਕੋਲ ਕੋਈ ਵੱਡੀ ਫ਼ੌਜ ਜਾਂ ਫ਼ੌਜੀ ਸਾਜੋ-ਸਮਾਨ ਨਹੀਂ ਦਿੱਤਾ ਸੀ। ਉਸਨੇ ਪੰਜਾਬ ਦੀ ਧਰਤੀ ਤੇ ਆ ਕੇ ਵੰਗਾਰ ਪਾਈ “ਸਿਖੋ! ਤੁਹਾਨੂੰ ਚਮਕੌਰ ਯਾਦ ਕਰਦਾ ਹੈ, ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਵਿਚੋਂ ਸਾਹਿਬਜਾਦੇ ਅਵਾਜਾਂ ਮਾਰਦੇ ਹਨ, ਆਉ ਰਲ ਕੇ ਉਸ ਜ਼ੁਲਮੀ ਹਕੂਮਤ ਨੂੰ ਨੇਸਤੋ-ਨਾਬੂਦ ਕਰਕੇ ਉਸ ਦੇ ਜ਼ੁਲਮ ਦਾ ਹਮੇਸ਼ਾ ਲਈ ਖਾਤਮਾ ਕਰ ਦਈਏ। “

ਇਸ ਵੰਗਾਰ/ਪੁਕਾਰ ਦੇ ਹੁੰਗਾਰੇ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਇਕੱਠੇ ਹੋ ਕੇ 1710 ਈਸਵੀ ਨੁੰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਂਦੇ ਹੋਏ ਵਜ਼ੀਰ ਖ਼ਾਂ, ਸੁੱਚਾ ਨੰਦ ਆਦਿ ਨੂੰ ਉਹਨਾਂ ਦੇ ਜ਼ੁਲਮ ਭਰਪੂਰ ਕੁਕਰਮਾਂ ਦੀ ਕਰੜੀ ਤੋਂ ਕਰੜੀ ਸਜਾ ਦੇ ਕੇ ਤਪਦੇ ਸਿੱਖ ਹਿਰਦਿਆਂ ਨੂੰ ਸ਼ਾਂਤ ਕੀਤਾ। ਪੁਰਾਣੇ ਜ਼ਮਾਨੇ ਵਿੱਚ ਜਦ ਕੋਈ ਸਿੱਖ ਫ਼ਤਹਿਗੜ੍ਹ ਦੇ ਦਰਸ਼ਨਾਂ ਨੂੰ ਜਾਂਦਾ ਤਾਂ ‘ਗੁਰੂ ਮਾਰੀ ਸਰਹਿੰਦ` ਦੇ ਮਲਬੇ ਵਿਚੋਂ ਦੋ ਚਾਰ ਇੱਟਾਂ ਚੁਕ ਕੇ ਜ਼ਰੂਰ ਤੋੜਦਾ-ਭੰਨਦਾ। ਆਖ਼ਰ ਇਸ ਨਾ-ਮੁਰਾਦ ਸ਼ਹਿਰ ਦਾ ਮਲਬਾ ਰੇਲ ਲਾਈਨ ਥੱਲੇ ਵਿਛਾਉਣ ਦੇ ਕੰਮ ਆਇਆ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਮਾਤਾ ਗੁਜਰੀ ਜੀ, ਸਾਹਿਬਜਾਦਾ ਜ਼ੋਰਾਵਰ ਸਿੰਘ, ਸਾਹਿਬਜਾਦਾ ਫ਼ਤਹਿ ਸਿੰਘ, ਭਾਈ ਮੋਤੀ ਰਾਮ-ਦੀਵਾਨ ਟੋਡਰ ਮੱਲ ਦੇ ਪਰਿਵਾਰਾਂ ਸਮੇਤ ਇਸ ਧਰਤੀ ਤੇ ਡੁੱਲੇ ਉਨਾਂ ਦੇ ਪਵਿੱਤਰ ਲਹੂ ਨਾਲ ਭਿੱਜੀ ਸਰਹਿੰਦ ਦਾ ਨਾਮ ਬਦਲ ਕੇ, ਇਨ੍ਹਾਂ ਲਾ-ਮਿਸਾਲ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਛੋਟੇ ਸਾਹਿਬਜਾਦੇ ਬਾਬਾ ਫ਼ਤਹਿ ਸਿੰਘ ਦੇ ਨਾਮ ਉੱਪਰ ‘ਫ਼ਤਹਿਗੜ੍ਹ ਸਾਹਿਬ` ਰੱਖ ਦਿੱਤਾ ਅਤੇ ਸਾਕਾ ਸਰਹਿੰਦ ਦੇ ਨਾਇਕਾਂ ਨੂੰ ਸਮੁੱਚੀ ਸਿੱਖ ਕੌਮ ਵਲੋਂ ਸ਼ਰਧਾ ਦੇ ਫੁੱਲ ਅਰਪਣ ਕੀਤੇ।

ਕਦੀ ਜੋਤੀ ਸਰੂਪ, ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰੋਗੇ ਤਾਂ ਦੇਖਿਉ ਕਿ ਅੱਜ ਵੀ ਦੋਨੋਂ ਲਾਲਾਂ ਦੀ ਸਸਕਾਰ ਵਾਲੀ ਥਾਂ ਤੇ ਸਮਾਧ ਬਣੀ ਹੋਈ ਹੈ, ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਹੈ। ਦੇਖਣ ਯੋਗ ਇਹ ਹੈ ਕਿ ਮਾਤਾ ਗੁਜਰੀ ਜੀ ਦੀ ਸਮਾਧ ਥੜੇ ਦੇ ਬਾਹਰੀ ਕਿਨਾਰੇ ਦੇ ਨਾਲ ਹੀ ਬਣੀ ਹੋਈ ਹੈ। ਇਹ ਸਭ ਕੁੱਝ ਦੇਖ ਕੇ ਮਨ ਨੂੰ ਇੰਝ ਲਗਦਾ ਹੈ ਕਿ ਮਾਤਾ ਗੁਜਰੀ ਅਜ ਵੀ ਦਰਵਾਜੇ ਵਿੱਚ ਬੈਠ ਕੇ ਆਪਣੇ ਲਾਲਾਂ ਦੀ ਹਿਫ਼ਾਜਤ ਕਰ ਰਹੀ ਹੋਵੇ।

ਕਿੰਨੀ ਉੱਚੀ ਸੋਚ ਹੋਵੇਗੀ ਉਸ ਵੇਲੇ ਜਦੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਹੈ ਜੋ ਕਿ ਅੱਜ ਵੀ ਅਸਾਂ ਨੂੰ ਉਹੀ ਸਮਾਂ ਹੂ-ਬ-ਹੂ ਯਾਦ ਕਰਵਾ ਰਹੀ ਹੈ। ਜੋ ਸਾਡੀ ਸਿੱਖ ਅਖਵਾਉਣ ਵਾਲਿਆਂ ਦੀ ਅਜੋਕੇ ਸਮੇ ਵਿੱਚ ਦਸ਼ਾ ਹੈ ਉਸ ਨੂੰ ਦੇਖਣ ਪਰਖਣ ਲਈ ਹਰ ਮਨ ਦੀ ਸੋਚ ਮਾਤਾ ਗੁਜਰੀ ਵਾਲੀ ਹੋਣੀ ਲਾਜ਼ਮੀ ਹੈ। ਜ਼ਰਾ ਭਾਵਨਾ ਨਾਲ ਮਹਿਸੂਸ ਕਰਿਉ ਕਿ ਮਾਤਾ ਗੁਜਰੀ ਜੀ ਸਾਡਾ ਮੌਜੂਦਾ ਹਾਲ ਵੇਖਦਿਆਂ ਅੱਜ ਵੀ ਸਾਨੂੰ ਬਾਰ-ਬਾਰ ਇਹੀ ਕਹਿ ਰਹੇ ਹਨ:

ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ।

ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ।

ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਨਾਨਕ ਦੇਵ ਦੇ ਸਿੱਖ ਹੋ।

============

(ਸਮਾਪਤ)

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.