.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪੁਲੀਸ ਦੇ ਝੂਠੇ ਮੁਕਾਬਲਿਆਂ ਦਾ ਸੱਚ

ਕਿਸੇ ਵਿਭਾਗ ਵਿੱਚ ਜੇ ਘਟੀਆ ਬੰਦੇ ਭਰਤੀ ਹੋ ਜਾਣ ਤਾਂ ਉਹ ਸਾਰਾ ਵਿਭਾਗ ਹੀ ਬਦਨਾਮ ਹੋ ਜਾਂਦਾ ਹੈ। ਚੰਗੇ ਜੀਵਨ ਤੇ ਚੰਗੇ ਕੰਮ ਕਰਨ ਵਾਲੇ ਨਾਲ ਹੀ ਲਪੇਟੇ ਜਾਂਦੇ ਹਨ। ਸਰਕਾਰੀ ਤੰਤਰ ਦਾ ਇੱਕ ਅਹਿਮ ਵਿਭਾਗ ਪੁਲੀਸ ਦਾ ਹੈ ਜਿਸ ਨੇ ਰਾਜ ਵਿੱਚ ਅਮਨ ਕਨੂੰਨ ਦੀ ਅਵਸਥਾ ਨੂੰ ਹਰ ਹਾਲ ਵਿੱਚ ਕਾਇਮ ਕਰਨਾ ਹੁੰਦਾ ਹੈ। ਕਨੂੰਨ ਤੋੜਨ ਵਾਲੇ ਨੂੰ ਪਕੜ ਕੇ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਹੈ। ਅੱਗੇ ਜੱਜ ਕਨੂੰਨ ਅਨੁਸਾਰ ਉਸ ਨੂੰ ਬਣਦੀ ਸਜਾ ਸੁਣਾਉਂਦਾ ਹੈ ਤਾਂ ਕਿ ਅੱਗੇ ਤੋਂ ਸਮਾਜ ਵਿੱਚ ਕਨੂੰਨ ਤੋੜਨ ਵਾਲਿਆਂ ਨੂੰ ਠੱਲ੍ਹ ਪੈ ਸਕੇ। ਬੀਤੇ ਸਮੇਂ ਵਿੱਚ ਪੰਜਾਬ ਅੰਦਰ ਪੁਲੀਸ ਨੂੰ ਏਨੇ ਜ਼ਿਆਦਾ ਅਧਿਕਾਰ ਦੇ ਦਿੱਤੇ ਗਏ ਜਿਸ ਨਾਲ ਦਲੀਲ, ਅਪੀਲ ਜਾਂ ਵਕੀਲ ਦੀ ਕੋਈ ਜ਼ਰੂਰਤ ਹੀ ਨਹੀਂ ਰਹੀ ਗਈ ਸੀ। ਪੁਲੀਸ ਆਪ ਹੀ ਪਕੜ ਕੇ ਆਪ ਹੀ ਫੈਸਲੇ ਸਣਾਉਣ ਲੱਗ ਪਈ। ਸਟਾਰਾਂ ਦੀ ਦੌੜ ਲੱਗ ਪਈ। ਬੱਸ ਫਿਰ ਕੀ ਸੀ ਚੱਲ ਸੋ ਚੱਲ ਜਵਾਨੀਆਂ ਦੇ ਘਾਣ ਹੋਣ ਲੱਗ ਪਏ। ਪੁਲੀਸ ਮੁਕਾਬਲਿਆਂ ਦੀਆਂ ਹੀ ਮੁੱਖ ਖਬਰਾਂ ਰਹਿ ਗਈਆਂ ਸਨ। ਹੁਣ ਹੌਲੀ ਹੌਲੀ ਸੱਚ ਬਾਹਰ ਆਉਣਾ ਸ਼ੁਰੂ ਹੋਇਆ ਹੈ।
ਸਬ ਇੰਸਪੈਕਟਰ ਸੁਰਜੀਤ ਸਿੰਘ ਪੰਜਾਬ ਪੁਲੀਸ ਵਿੱਚ ਇੱਕ ਸਿਪਾਹੀ ਭਰਤੀ ਹੋਇਆ ਤੇ ਰਾਤੋ ਰਾਤ ਹੀ ਉਸ ਦੇ ਮੋਢਿਆਂ `ਤੇ ਚਮਕਦੇ ਸਟਾਰ ਲਗਾ ਕੇ ਇੱਕ ਠਾਣੇ ਵਿੱਚ ਐਸ. ਐਚ. ਓ. ਲਗਾ ਦਿੱਤਾ ਗਿਆ। ਉਸ ਨੂੰ ਕੰਮ ਸੌਂਪਿਆ ਗਿਆ ਕਿ ਚੜ੍ਹਦੀ ਜਵਾਨੀ ਦੇ ਸਿੱਖ ਗਭਰੂਆਂ ਤੇ ਪਹਿਲਾਂ ਭਾਰੀ ਤਸ਼ੱਦਦ ਕਰਕੇ ਉਹਨਾਂ ਦੇ ਸਰੀਰ ਨੂੰ ਕੋਹਿਆ ਜਾਏ ਤੇ ਫਿਰ ਜਦੋਂ ਬੋਲਣੋ ਹਿਲਣੋਂ ਰਹਿ ਜਾਣ ਤਾਂ ਨਹਿਰਾਂ, ਸੇਮ ਨਾਲਿਆਂ ਜਾਂ ਦਰਖੱਤਾਂ ਦੇ ਉਹਲੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਏ। ਗਿਣਿਆ ਮਿੱਥਿਆ ਪੁਲੀਸ ਮੁਕਾਬਲਾ ਦਿਖਾ ਕੇ ਤਰੱਕੀਆਂ ਪ੍ਰਾਪਤੀ ਕੀਤੀਆਂ ਜਾਣ। ਜੇ ਕੋਈ ਲਾਸ਼ ਮੰਗਣ ਦਾ ਯਤਨ ਕਰੇ ਤਾਂ ਉਸ ਨਾਲ ਵੀ ਏਹੀ ਵਰਤਾਵ ਕੀਤਾ ਜਾਏ। ਅਣਪਛਾਤਾ ਅੱਤਵਾਦੀ ਕਹਿ ਕੇ ਬਿਲੇ ਲਾਇਆ ਜਾਏ। ਉਸ ਦੇ ਕਹਿਣ ਅਨੁਸਾਰ (ਸੁਰਜੀਤ ਸਿੰਘ) ਮੈਂ ਫ਼ਰਜ਼ੀ ਮੁਕਾਬਲਿਆਂ ਵਿੱਚ 83 ਸਿੱਖ ਗਭਰੂਆਂ ਨੂੰ ਭੁੰਨ ਕੇ ਰੱਖ ਦਿੱਤਾ। ਇਹ ਸਾਰਾ ਕੁੱਝ ਉੱਪਰ ਵਾਲਿਆਂ ਦੇ ਕਹਿਣ `ਤੇ ਕੀਤਾ। ਜੇ ਸੁਰਜੀਤ ਸਿੰਘ ਦੀ ਤਰੱਕੀ ਪੱਕੀ ਹੋ ਜਾਂਦੀ ਤਾਂ ਸ਼ਾਇਦ ਇਹਨਾਂ ਝੂਠੇ ਪੁਲੀਸ ਮੁਕਾਬਲਿਆਂ ਨੂੰ ਬਾਹਰ ਆਉਣ ਲਈ ਹੋਰ ਇੰਤਜ਼ਾਰ ਕਰਨਾ ਪੈਂਦਾ। ਉਹ ਕਹਿੰਦਾ ਹੈ ਮੇਰੇ ਨਾਲ ਭਰਤੀ ਹੋਇਆਂ ਦੀ ਤਾਂ ਤਰੱਕੀ ਹੋ ਗਈ ਹੈ ਪਰ ਮੇਰੀ ਤਰੱਕੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਵੀ ਨਹੀਂ ਹੋਈ। ਉੱਚ ਅਧਿਕਾਰੀ ਨੂੰ ਉਹ ਆਪਣੇ ਕੀਤੇ ਕਾਰਨਾਮਿਆਂ ਸਬੰਧੀ ਜਾਣਕਾਰੀ ਦੇਂਦਾ ਹੈ ਤਾਂ ਉਸ ਨੂੰ ਧੱਕੇ ਮਾਰ ਕੇ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਸ ਦੀ ਜ਼ਮੀਰ ਜਾਗੀ, ਇਸ ਲਈ ਮਨ `ਤੇ ਬੋਝ ਲੈ ਕੇ ਮਰਨ ਨਾਲੋਂ ਘੱਟੋ ਘੱਟ ਲੋਕਾਂ ਨੂੰ ਝੂਠੇ ਪੁਲੀਸ ਦੇ ਮੁਕਾਬਲਿਆਂ ਦੀ ਅਸਲੀਅਤ ਤਾਂ ਦੱਸ ਜਾਂਵਾਂ। ਸ਼ਾਇਦ ਤਰੱਕੀ ਦੀ ਥਾਂ `ਤੇ ਮਨ ਨੂੰ ਕੁੱਝ ਸ਼ਾਤੀ ਮਿਲ ਸਕੇ।
ਪੰਜਾਬ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ `ਤੇ ਸਮੇਂ ਦੀ ਸਰਕਾਰ ਨੇ ਵੱਟਾਂ ਦੀ ਨੀਤੀ ਖੇਡਦਿਆਂ ਪੰਜਾਬ ਨੂੰ ਕਤਲਗਾਹ ਬਣਾ ਕੇ ਰੱਖ ਦਿੱਤਾ। ਪੰਜਾਬ ਦੇ ਮੁੱਛ ਫੁੱਟ ਗਭਰੂਆਂ ਦਾ ਚੁਣ ਚੁਣ ਕੇ ਸ਼ਿਕਾਰ ਬਣਾਇਆ ਜਾਣ ਲੱਗਾ। ਪੁਲੀਸ ਵਲੋਂ ਤਰੱਕੀਆਂ ਲੈਣ ਦੀ ਹੋੜ ਵਿੱਚ ਝੂਠੇ ਪੁਲੀਸ ਮੁਕਾਬਲਿਆਂ ਦੀ ਲਿਸਟ ਸ਼ੈਤਾਨ ਦੀ ਆਂਦਰ ਵਾਂਗ ਹਰ ਰੋਜ਼ ਲੰਬੀ ਹੀ ਹੁੰਦੀ ਗਈ। ਘਰਾਂ ਵਿੱਚ ਸੱਥਰ ਵਿਛ ਗਏ। ਅੰਮਾ ਜਾਏ ਭੈਣਾਂ ਦੇ ਵੀਰਾਂ ਨੂੰ ਕੋਹਿਆ ਗਿਆ। ਘਰਾਂ ਵਿੱਚ ਵੈਣ ਪੈਣ ਲੱਗ ਪਏ। ਜਵਾਨ ਪਤਨੀਆਂ ਦੀਆਂ ਸਿਸਕੀਆਂ, ਮਾਂਵਾਂ ਦੇ ਦਿੱਲ ਚੀਰਵੇਂ ਕੀਰਨੇ ਪੱਥਰ ਤੋਂ ਪੱਥਰ ਦਿੱਲ ਵੀ ਹਿਲਾ ਦੇਣ ਵਾਲੇ ਅੱਜ ਤੀਕ ਘਰਾਂ ਵਿਚੋਂ ਸੁਣੇ ਜਾ ਸਕਦੇ ਹਨ। ਬੁੱਢੇ ਮਾਂ ਬਾਪ ਨੂੰ ਅਖੀਰਲੀ ਉਮਰ ਵਿੱਚ ਸਹਾਰਾ ਮਿਲਣ ਦੀ ਥਾਂ `ਤੇ ਅੱਖਾਂ `ਚੋਂ’ ਵੱਗਦਾ ਨੀਰ ਹੀ ਰਹਿ ਗਿਆ। ਪੰਜਾਬ ਦਿਆਂ ਘਰਾਂ ਵਿਚੋਂ ਨਿੱਤ ਹੌਕਿਆਂ--ਸਿਸਕੀਆਂ ਦੀ ਅਵਾਜ਼ ਸੁਣ ਕੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਫ਼ਰਜ਼ੀ ਪੁਲੀਸ ਮੁਕਾਬਲਿਆਂ ਦੀ ਟੋਅ ਲਾਉਣ ਦਾ ਯਤਨ ਅਰੰਭਿਆ ਤਾਂ ਉਹ ਵੀ ਫ਼ਰਜ਼ੀ ਮੁਕਾਬਲੇ ਦੀ ਭੇਟ ਚੜ੍ਹ ਗਿਆ ਪਰ ਉਹ ਬਹਾਦਰ ਯੋਧਾ ਜਾਂਦਾ ਜਾਂਦਾ ਦੱਸ ਗਿਆ ਕਿ ਅਜੇ ਤਾਂਈ ਪੱਝੀ ਕੁ ਹਜ਼ਾਰ ਅਣਪਛਾਤੀਆਂ ਲਾਸ਼ਾਂ ਦਾ ਹੀ ਪਤਾ ਲੱਗਿਆ ਹੈ।
ਪੰਜਾਬ ਪੁਲੀਸ ਦੇ ਸੁਰਜੀਤ ਸਿੰਘ ਦਾ ਸਿੱਖ ਜ਼ਖਮਾਂ ਨੂੰ ਉਚੇੜਨ ਵਾਲਾ ਇਕਬਾਲੀਆ ਬਿਆਨ “ਕਿ ਮੈਂ 83 ਸਿੱਖ ਗਭਰੂਆਂ ਨੂੰ ਮੁਕਾਬਲੇ ਬਣਾ ਬਣਾ ਕੇ ਮਾਰ ਮੁਕਾਇਆ ਸੀ”। ਸਰਕਾਰੀ ਪੱਧਰ `ਤੇ ਇਸ ਦਾ ਕੋਈ ਪ੍ਰਤੀ ਕਰਮ ਨਹੀਂ ਹੋਇਆ। ਰਾਜ ਭਾਗ ਮਾਣ ਰਹੀ ਸਿੱਖ ਲੀਡਰਸ਼ਿੱਪ ਨੇ ਅਜੇ ਤਾਂਈ ਕੋਈ ਪ੍ਰਤੀ ਕਰਮ ਪ੍ਰਗਟ ਨਹੀਂ ਕੀਤਾ। ਥੋੜੇ ਵੀਰਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਜੱਥੇਬੰਦੀ ਨੇ ਫ਼ਰਜ਼ੀ ਮੁਬਾਕਬਲਿਆਂ ਦਾ ਨੋਟਿਸ ਨਹੀਂ ਲਿਆ। ਸਿੱਖ ਗਭਰੂਆਂ ਦੇ ਖੂਨ ਦੀ ਕਹਿਰ ਭਰੀ ਹੋਲੀ ਖੇਲੀ ਗਈ ਪਰ ਭੋਰਿਆਂ ਵਿੱਚ ਨਾਮ ਜੱਪਣ ਵਾਲੀਆਂ ਸੰਤ ਯੂਨੀਅਨ ਨੇ ਸ਼ਾਇਦ ਸਦਾ ਲਈ ਮੋਨ ਧਾਰਿਆ ਹੋਇਆ ਜਾਪਦਾ ਹੈ।
ਸਰਦਾਰ ਤਰਲੋਚਨ ਸਿੰਘ ਦੁਪਾਲਪੁਰ ਦੀ ਕਲਮ ਨੇ ਸਚਾਈ ਪ੍ਰਗਟ ਕਰਦਿਆਂ ਲਿਖਿਆ ਹੈ ਕਿ “ਸੁਰਜੀਤ ਸਿੰਹੁ ਪੁਲਸੀਏ ਵਲੋਂ ਬੋਲਿਆ ਗਿਆ ਲਹੂ ਲਿਬੜਿਆ ਜ਼ੁਲਮੀ ਸੱਚ ਲੁਕਾਇਆਂ ਵੀ ਨਹੀਂ ਲੁਕ ਸਕਦਾ। ਜ਼ਰਾ ਕਿਆਸ ਕਰੋ ਕਿ ਜੇ ਇਸਦੀ ਬਨਿਸਪਤ ਕੋਈ ਵਿਅਕਤੀ ਏਨਾ ਹੀ ਬਿਆਨ ਦੇ ਦੇਵੇ ਕਿ ਮੈਂ ਖਾੜਕੂਵਾਦ ਵੇਲੇ ਇੱਕ ਫਿਰਕੇ ਦੇ ਲੋਕਾਂ ਨੂੰ ਬੱਸਾਂ ਵਿਚੋਂ ਕੱਢ ਕੱਢ ਕੇ ਮਾਰਨ ਵਾਲਿਆਂ ਦੇ ਗਰੁਪ ਵਿੱਚ ਸ਼ਾਮਿਲ ਰਿਹਾ ਹਾਂ- ਤਾਂ ਫਿਰ ਦੇਖਣਾ ਕਿ ਕਿਵੇਂ ਹੇਠਲੀ ਉੱਤੇ ਲਿਆ ਦਿੱਤੀ ਜਾਂਦੀ! ਸਾਰੇ ਟੀ. ਵੀ. ਚੈਨਲਾਂ ਦੇ ਕੈਮਰੇ ਉਸ ‘ਅੱਤਵਾਦੀ’ ਤੇ ਹੀ ਫੋਕਸ ਹੋ ਜਾਣੇ ਸਨ। ਉਹਨਾਂ ਦਿਨਾਂ ਵਿੱਚ ਹੋਈਆਂ ਵਾਰਦਾਤਾਂ ਦੀਆਂ ਮਿੰਟੋ ਮਿੰਟੀ ਲਿਸਟਾਂ ਬਣ ਜਾਣੀਆਂ ਸਨ। ਪਲਾਂ ਵਿੱਚ ਹੀ ਅਜੇਹੇ ਦੋਸ਼ੀ ਦਾ ਛੁੱਟੀ ਗਏ ਜੱਜ ਦੇ ਘਰੇ ਪਹੁੰਚ ਕੇ ਰਿਮਾਂਡ ਲੈ ਲਿਆ ਜਾਣਾ ਸੀ। ਉਹਦੇ ਮੂੰਹੋਂ ਪਤਾ ਨਹੀਂ ਕੀ ਕੀ ਕੁੱਝ ਬਕਾ ਲਿਆ ਜਾਂਦਾ। ਦੂਸਰੀਆਂ ਸਟੇਟਾਂ ਦੇ ਵੱਡੇ ਪੁਲੀਸ ਅਧਿਕਾਰੀਆਂ ਨੇ ਵੀ ਉਸ ਵਿਆਕਤੀ ਦੀ ਛਾਣ ਬੀਣ ਕਰਨ ਲਈ ਅਣ ਦੱਸਿਆਂ ਹੀ ਆ ਬਹੁੜਨਾ ਸੀ। ਸਰਕਾਰੀ ਤੰਤਰ ਵਿੱਚ ਤਰਥੱਲੀ ਮੱਚ ਜਾਣੀ ਸੀ। ਹੁਣ ਸੁਰਜੀਤ ਸਿੰਘ ਦਾ ਸੱਚ ਸੁਣ ਕੇ ਉਹ ਹੀ ਸਿੱਖ ਜਾਂ ਸਿੱਖ ਜਥੇਬੰਦੀਆਂ ਤੜਫ ਰਹੀਆਂ ਹਨ ਜਿੰਨ੍ਹਾਂ ਨੂੰ ਪੰਜਾਬ ਵਾਸੀ ਵੋਟਾਂ ਦੀ ਸਿਆਸਤ ਵਿੱਚ ਮਸਤ ਹੋਏ ਗੌਲਦੇ ਹੀ ਨਹੀਂ ਹਨ। ਜਾਂ ਉਹ ਸਿੱਖ ਤੇ ਜੱਥੇਬੰਦੀਆਂ ਵੋਟਾਂ ਦੇ ਝੰਜਟ ਤੋਂ ਦੂਰ ਹੀ ਰਹਿੰਦੇ ਹਨ। ਖਾੜਕੂਵਾਦ ਦੇ ਸਮਿਆਂ `ਚ’ ਸ਼ਹੀਦ ਹੋਣ ਵਾਲਿਆਂ ਦੇ ਵਾਰਸਾਂ ਦੀਆਂ ਅੱਖਾਂ ਚੋਂ ਲਹੂ ਦੇ ਹੰਝੂ ਡਿੱਗਣੇ ਸਨ ਸੁਰਜੀਤ ਪੁਲਸੀਏ ਦਾ ਬਿਆਨ ਸੁਣ ਕੇ”
ਸਾਡੇ ਮੁਲਕ ਵਿੱਚ ਕੋਈ ਜਾਨਵਰ ਦੁਰਘਟਨਾ ਗ੍ਰਸਤ ਹੋ ਕੇ ਮਰ ਤਾਂ ਜਾਏ ਤਾਂ ਧਰਮ ਦੇ ਨਾਂ `ਤੇ ਝੱਟ ਵਾ-ਵੇਲਾ ਖੜਾ ਹੋ ਜਾਂਦਾ ਹੈ, ਮੀਡੀਆ ਕਿਲ੍ਹ ਕਿਲ੍ਹ ਕੇ ਨਿੱਕੀ ਜੇਹੀ ਖਬਰ ਨੂੰ ਮਹਾਨ ਬਣਾ ਦੇਂਦਾ ਹੈ ਪਰ ਘਰਾਂ ਦੇ ਘਰ ਖਾਲੀ ਹੋ ਗਏ ਹਨ ਕਿਸੇ ਦੇ ਕੰਨ `ਤੇ ਜੂੰ ਨਹੀਂ ਸਰਕੀ।
ਅੱਜ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜੇਹੇ ਪੁਲੀਸ ਦੇ ਝੂਠੇ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਾਈ ਜਾਏ। ਪਰ ਇਸ ਜਾਂਚ ਦਾ ਸਮਾਂ ਤਹਿ ਹੋਣਾ ਚਾਹੀਦਾ ਹੈ ਤੇ ਸਬੰਧਿਤ ਦੋਸ਼ੀਆਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕੁਰਕ ਹੋਈਆਂ ਜਾਇਦਾਦਾਂ ਵਾਪਸ ਹੋਣੀਆਂ ਚਾਹੀਦੀਆਂ ਹਨ। ਦੁੱਖ ਇਸ ਗੱਲ ਦਾ ਹੈ ਕਿ ਬਾਹਵਾਂ ਟੁੰਗ ਕੇ ਉੱਚੀ ਉੱਚੀ ਨਾਅਰੇ ਮਾਰਨ ਵਾਲਿਆਂ ਨੂੰ ਸਰਕਾਰੇ ਦਰਬਾਰ ਪੂਰਾ ਮਾਣ ਹਾਸਲ ਹੈ ਪਰ ਸ਼ਹੀਦ ਹੋ ਗਏ ਗਰੀਬ ਪਰਵਾਰਾਂ ਦੀ ਕੋਈ ਸਾਰ ਲੈਣ ਲਈ ਵੀ ਤਿਆਰ ਨਹੀਂ ਹੈ। ਫ਼ਰਜ਼ੀ ਮੁਕਾਬਲਿਆਂ ਦਾ ਸੱਚ ਹੁਣ ਬਾਹਰ ਆ ਗਿਆ ਹੈ। ਹੋਰ ਵੀ ਹੁਣ ਮਨ `ਤੇ ਬੋਝ ਰੱਖ ਕੇ ਨਾ ਤੁਰੇ ਫਿਰਨ ਸਗੋਂ ਸੁਰਜੀਤ ਸਿੰਘ ਵਾਂਗ ਸੱਚ ਬੋਲਣ ਦੀ ਜੁਅਰਤ ਕਰਨ।
ਸੁਰਜੀਤ ਸਿੰਘ ਦੇ ਬਿਆਨ ਨਾਲ ਘੱਟੋ ਘੱਟ ਦੁਨੀਆਂ ਨੂੰ ਤਾਂ ਪਤਾ ਚੱਲ ਗਿਆ ਹੈ ਕਿ ਪੰਜਾਬ ਵਿੱਚ ਅਸਲ ਪੁਲੀਸ ਮੁਕਾਬਲੇ ਨਹੀਂ ਸਿਰਫ ਤਰੱਕੀਆਂ ਲੈਣ ਲਈ ਜਾਂ ਉਪਰ ਵਾਲਿਆਂ ਨੂੰ ਖੁਸ਼ ਕਰਨ ਲਈ ਵੱਸਦੇ ਘਰ ਉਜਾੜ ਦਿੱਤੇ ਸਨ। ਮੀਰ ਮੰਨੂ ਦੇ ਕਾਲ਼ੇ ਦੌਰ ਵਿੱਚ ਹਮੇਸ਼ਾ ਸਿੱਖਾਂ ਦੀ ਜ਼ਬਾਨ `ਤੇ ਹੁੰਦਾ ਸੀ ਮੰਨੂ ਹੈ ਸਾਡੀ ਦਾਤਰੀ ਅਸੀਂ ਮੰਨੁੰ ਦੇ ਸੋਏ ਜਿਉਂ ਜਿਉਂ ਮੰਨੁੰ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
ਮਰਨੇ ਵਾਲੇ ਮਰਤੇ ਹੈਂ, ਲੇਕਨ ਫ਼ਨਾ ਹੋਤੇ ਨਹੀਂ,
ਯਿਹ ਹਕੀਕਤ ਮੈਂ ਕਭੀ, ਹਮ ਸੇ ਯੁਦਾ ਹੋਤੇ ਨਹੀਂ।




.