.

ਮਲਾਰ ਕੀ ਵਾਰ ਮਹਲਾ ੧

(ਪੰ: ੧੨੭੮-੯੧)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੯)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੭ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੩॥ ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ॥ ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ॥ ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ॥ ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ॥ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ॥ ੧ 

ਮਃ ੩॥ ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ॥ ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ॥ ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ॥ ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ॥ ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ॥ ਜਿਤੁ ਖਾਧੈ ਸੁਖੁ ਉਪਜੈ ਫਿਰਿ ਦੂਖੁ ਨ ਲਾਗੈ ਆਇ॥ ੨ 

ਪਉੜੀ॥ ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ॥ ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ॥ ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ॥ ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ॥ ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ॥ ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ॥ ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ॥ ਤਿਨੑ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ॥ ੭ 

(ਪਉੜੀ ਨੰ: ੭, ਅਰਥ ਵਿਚਾਰ ਅਰੰਭ ਕਰਣ ਤੋਂ ਪਹਿਲਾਂ ਕੁੱਝ ਵਿਸ਼ੇਸ਼)

ਵਿਸ਼ੇਸ਼ ਨੋਟ- (੧) ਵਾਰ ਦੀ ਹੁਣ ਤੱਕ ਲੜੀ ਵਾਰ ਆ ਚੁੱਕੀ ਪਉੜੀਆਂ ਤੇ ਸੰਬੰਧਤ ਸਲੋਕਾਂ ਦੀ ਅਰਥ-ਵਿਚਾਰ ਸਮੇਂ ਦੇਖ ਆਏ ਹਾਂ ਕਿ ਗੁਰਦੇਵ ਨੇ ਅਰਬਾਂ-ਖ਼ਰਬਾਂ ਜੂਨਾਂ `ਚੋਂ ਕੇਵਲ ਮਨੁੱਖਾ ਜੂਨ ਨੂੰ ਹੀ ਸਾਵਣ ਦੇ ਮਹੀਨੇ ਦੇ ਪ੍ਰਤੀਕ ਵਜੋਂ ਲਿਆ ਹੈ। ਫ਼ਿਰ ਸਾਵਨ ਮਹੀਨੇ ਦੇ ਬੱਦਲ ਨੂੰ ਸ਼ਬਦ ਗੁਰੂ ਅਤੇ ਸਾਵਨ ਦੀ ਬਰਖਾ ਨੂੰ, ਮਨੁਖਾ ਜਨਮ ਸਮੇਂ ਪ੍ਰਭੂ ਦੇ ਹੁਕਮ `ਚ ਸ਼ਬਦ ਗੁਰੂ ਬੱਦਲ ਵੱਲੌਂ ਨਾਮ ਅੰਮ੍ਰਿਤ ਦੀ ਬਰਖਾ ਦੇ ਪ੍ਰਕਰਣ `ਚ। ਉਂਜ ਗੁਰਬਾਣੀ ਅਨੁਸਾਰ ਮਨੁੱਖਾ ਜੂਨ ਵੀ ਉਦੋਂ ਤੱਕ, ਬਾਕੀ ਸਮੂਹ ਜੂਨਾਂ ਵਾਂਗ ਕਰਮਭੋਗੀ ਜੂਨ ਹੀ ਹੁੰਦੀ ਹੈ ਜਦੋਂ ਤੱਕ ਮਨੁੱਖ ਵੀ ਸ਼ਬਦ ਗੁਰੂ ਦੀ ਸ਼ਰਨ `ਚ ਆ ਕੇ, ਉਸਦੀ ਕਮਾਈ ਨਹੀਂ ਕਰਦਾ ਤੇ ਪ੍ਰਭੂ ਮਿਲਾਪ ਦੇ ਯੋਗ ਨਹੀਂ ਹੋ ਜਾਂਦਾ ਭਾਵ ਗੁਰਮੁਖ ਜੀਵਨ ਨੂੰ ਪ੍ਰਾਪਤ ਨਹੀਂ ਕਰ ਲੈਂਦਾ।

ਉਦੋਂ ਤੀਕ ਜੀਵ, ਮਨੁੱਖਾ ਜਨਮ ਸਮੇਂ ਵੀ ਪਹਿਲਾਂ ਤੋਂ ਜਨਮਾਂ ਦੇ ਬਣੇ ਹੋਏ ਸੰਸਕਾਰਾਂ ਅਨੁਸਾਰ ਮਨਮੁਖ ਤੇ ਜਨਮ-ਮਰਨ ਦੇ ਗੇੜ `ਚ ਹੀ ਪਿਆ ਹੁੰਦਾ ਹੈ। ਫ਼ਿਰ ਕਰਤੇ ਦੀ ਬਖ਼ਸ਼ਿਸ਼ ਸਦਕਾ ਜਦੋਂ ਅਜਿਹਾ ਮਨਮੁਖ ਵੀ, ਸ਼ਬਦ-ਗ੍ਰੁਰੂ ਦਾ ਸ਼ਰਨ `ਚ ਆ ਜਾਂਦਾ ਅਤੇ ਸ਼ਬਦ-ਗੁਰੂ ਦੀ ਕਮਾਈ ਕਰ ਲੈਂਦਾ ਹੈ ਤਾਂ ਉਹੀ ਮਨਮੁਖ, ਗੁਰਮੁਖ `ਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਉਸਦਾ ਜਨਮ ਵੀ ਸਫ਼ਲ ਹੋ ਜਾਂਦਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਕੇਵਲ ਮਨੁੱਖਾ ਜਨਮ ਹੀ ਨਿਵੇਕਲੀ ਜੂਨ ਹੈ, ਜਿਸ ਦੇ ਦੋ ਵਿਰੋਧੀ ਪੱਖ ਹਨ ਗੁਰਮੁਖ ਤੇ ਮਨਮੁਖ, ਸਫ਼ਲ ਤੇ ਅਸਫ਼ਲ (ਬਿਰਥਾ ਜੀਵਨ) ਆਦਿ। ਇਸ ਤਰ੍ਹਾਂ ਅੱਗੇ ਜਾ ਕੇ ਦੇਖਾਂਗੇ ਕਿ ਪਉੜੀ ੭ `ਚ ਵੀ ਗੁਰਦੇਵ ਨੇ ਇਸੇ ਗੁਰਮੁਖ ਤੇ ਮਨਮੁਖ ਵਾਲੇ ਵਿਸ਼ੇ ਨੂੰ ਹੀ ਨਿਭਾਇਆ ਹੋਇਆ ਹੈ।

ਫ਼ਿਰ ਜਿਸ ਤਰ੍ਹਾਂ ਗੁਰਦੇਵ ਨੇ “ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ…” ਜਾਂ “ਸਾਵਣੂ ਆਇਆ ਹੇ ਸਖੀ ਜਲਹਰੁ ਬਰਸਨਹਾਰੁ” ਸਾਵਣ ਦੀ ਰੁੱਤ ਨੂੰ ਮਨੁੱਖਾ ਜੂਨ ਤੇ ਪ੍ਰਭੂ ਮਿਲਾਪ ਦੇ ਪ੍ਰੀਪੇਖ `ਚ ਲਿਆ ਹੈ। ਇਸੇ ਤਰ੍ਹਾਂ ਉਂਜ ਵੀ ਗੁਰਬਾਣੀ `ਚ ਬਹੁਤ ਵਾਰੀ ਮਨੁੱਖਾ ਜਨਮ ਨੂੰ ਪ੍ਰਭੂ ਮਿਲਾਪ ਲਈ ਵਿਸ਼ੇਸ਼ ਰੁੱਤ ਕਹਿ ਕੇ ਵੀ ਬਿਆਣਿਆ ਹੋਇਆ ਹੈ। ਮਿਸਾਲ ਵਜੋਂ “ਅਬ ਕਲੂ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ” (ਪੰ: ੧੧੮੫)। ਇਥੇ ਕਲੂ ਦੇ ਅਰਥ ਹਨ ਸਮਾਂ, ਅਵਸਰ। ਫ਼ੁਰਮਾਇਆ ਹੈ ਐ ਭਾਈ! ਤੈਨੂੰ ਪ੍ਰਭੂ ਮਿਲਾਪ ਲਈ ਮਨੁੱਖਾ ਜਨਮ ਵਾਲਾ ਇਹ ਵਿਸ਼ੇਸ਼ ਅਵਸਰ ਪ੍ਰਾਪਤ ਹੋਇਆ ਹੈ ਤਾ ਕਿ ਤੂੰ ਇਸਦਾ ਲਾਭ ਲੈ ਕੇ ਇਸ ਸਮੇਂ ਪ੍ਰਭੂ ਦੀ ਸਿਫ਼ਿਤ ਸਲਾਹ ਵਾਲਾ ਬੀਜ, ਬੀਜ। ਚੇਤੇ ਰਖ! “ਅਨ ਰੂਤਿ ਨਾਹੀ ਨਾਹੀ” ਕਿਉਂਕਿ ਅਜਿਹਾ ਅਵਸਰ, ਇਸ ਤੋਂ ਇਲਾਵਾ ਹੋਰ ਕਿਸੇ ਵੀ ਜੂਨ ਸਮੇਂ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ।

(੨) ਜਿਵੇਂ ਪਿਛਲੇ ਸਲੋਕਾਂ `ਚ ਗੁਰਦੇਵ ਨੇ ਮਨੁੱਖਾ ਜਨਮ ਨੂੰ ਸਾਵਣ ਮਹੀਨੇ ਦੀ ਬਰਖਾ ਰੁੱਤ ਦੇ ਪ੍ਰਕਰਣ, ਸਾਵਣ ਦੇ ਬੱਦਲ ਨੂੰ ਪ੍ਰਭੂ ਵੱਲੋਂ ਸਥਾਪਤ ਸ਼ਬਦ ਗੁਰੂ ਦੇ ਪ੍ਰਤੀਕ ਵਜੋਂ ਜਾਂ ਸਾਵਣ ਦੀ ਬਰਖਾ ਨੂੰ ਸ਼ਬਦ ਗੁਰੂ ਰਾਹੀਂ ਹਰ ਸਮੇਂ ਹੋ ਰਹੀ ਨਾਮ ਅੰਮ੍ਰਿਤ ਦੀ ਬਰਖਾ ਦੇ ਪ੍ਰਤੀਕ ਵਜੋਂ ਲਿਆ ਹੈ। ਨਾਲ ਨਾਲ “ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ” ਤੇ “ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ” ਆਦਿ ਸ਼ਬਦਾਵਲੀ ਨਾਲ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਅਕਾਲਪੁਰਖ ਦੇ ਹੁਕਮ `ਚ ਗੁਰੂ ਬੱਦਲ ਰਾਹੀਂ ਇਹ ਨਾਮ ਅੰਮ੍ਰਿਤ ਦੀ ਬਰਖਾ ਬਿਨਾ ਵਿਤਕਰਾ ਸਾਰਿਆਂ ਲਈ ਇਕੋ ਜਿਹੀ, ਅਰੁੱਕ ਤੇ ਹਰ ਸਮੇਂ ਝੁੱਕ ਝੁੱਕ ਕੇ ਸਮੂਚੇ ਮਨੁੱਖ ਮਾਤ੍ਰ ਵੱਲ ਆਉਂਦੀ ਹੈ।

ਜਦਕਿ ਨਾਲ ਇਹ ਵੀ ਕਿਹਾ ਹੈ ਕਿ ਇਸ ਬਰਖਾ ਦਾ ਲਾਭ ਕੇਵਲ “ਸੁਹਾਗਨਾਂ, ਭਾਵ ਉਹੀ ਜੀਵ ਇਸਤ੍ਰੀਆਂ ਜਿਨ੍ਹਾਂ ਨੇ ਆਪਣਾ ਆਪ ਪ੍ਰਭੂ ਪਤੀ ਦੇ ਅਰਪਣ ਕੀਤਾ ਹੁੰਦਾ ਹੈ, ਲੈਂਦੀਆਂ ਹਨ। ਦੂਜੀਆਂ, ਦੁਹਾਗਨਾ ਭਾਵ ਜਿਹੜੀਆਂ ਜੀਵ ਇਸਤ੍ਰੀਆਂ, ਸੰਸਾਰਕ ਮੋਹ ਮਾਇਆ ਤੇ ਰਸਾਂ ਕਸਾਂ `ਚ ਭਟਕ ਜਾਂਦੀਆਂ ਹਨ, ਉਹ ਗੁਰੂ ਬੱਦਲ ਵੱਲੌਂ ਲਗਾਤਾਰ ਹੋ ਰਹੀ ਉਸ ਨਾਮ ਅਮ੍ਰਿਤ ਦੀ ਬਰਖਾ ਦਾ ਲਾਭ ਵੀ ਨਹੀਂ ਲੈ ਸਕਦੀਆਂ। ਉਪ੍ਰੰਤ ਗੁਰਦੇਵ ਨੇ ਹਰੇਕ ਪਉੜੀ `ਚ ਇਸੇ ਸੁਹਾਗਨਾ ਤੇ ਦੁਹਾਗਨਾ ਵਾਲੇ ਵਿਸ਼ੇ ਨੂੰ ਭਿੰਨ ਭਿੰਨ ਢੰਗਾਂ ਨਾਲ ਗੁਰਮੁਖ ਤੇ ਮਨਮੁਖ ਦੀ ਵੰਡ ਦੇ ਰੂਪ `ਚ ਸਪਸ਼ਟ ਕੀਤਾ ਹੋਇਆ ਹੈ। ‘

(੩) ਹੁਣ ਅੱਗੇ ਪਉੜੀਆਂ ਨਾਲ ਸੰਬੰਧਤ ਸਲੋਕਾਂ `ਚ ਬਾਬੀਹੇ ਨੂੰ ਮਨੁੱਖ ਦੇ ਪ੍ਰਤੀਕ ਵਜੋਂ ਵਰਤਿਆ ਹੋਇਆ ਹੈ। ਇਸ ਲਈ ਉਨ੍ਹਾਂ ਸਲੋਕਾਂ ਵਿਚਲੀ ਵਿਸ਼ੇ ਵਸਤੂ ਨੂੰ ਸਮਝਣ ਲਈ ਸਾਡੇ ਲਈ ਬਾਬੀਹੇ ਦੇ ਪ੍ਰਕਰਣ ਨੂੰ ਸਮਝਣਾ ਵੀ ਜ਼ਰੂਰੀ ਹੈ। ਉਸ ਤੋਂ ਬਿਨਾਂ ਅਸੀਂ ਉਨ੍ਹਾਂ ਪਉੜੀਆਂ ਤੇ ਸਲੋਕਾਂ ਦੇ ਮੂਲ ਅਰਥਾਂ ਨੂੰ ਕਿਸੇ ਤਰ੍ਹਾਂ ਵੀ ਨਹੀਂ ਸਮਝ ਸਕਾਂਗੇ।

(੪) ਤਾਂ ਤੇ ਇਹ ਬਾਬੀਹਾ ਹੈ ਕੀ? ਦਰਅਸਲ ਬਾਬੀਹਾ ਵੀ ਦੂਜੇ ਪੰਛੀਆਂ ਵਾਂਗ ਪੰਛੀ ਤੇ ਬਾਕੀ ਜੂਨੀਆਂ ਵਾਂਗ ਕੇਵਲ ਕਰਮਭੋਗੀ ਜੂਨ ਹੀ ਹੈ। ਪ੍ਰਾਪਤ ਮਨੁੱਖਾ ਜਨਮ ਦੇ ਬਿਰਥਾ ਹੋਣ ਬਾਅਦ ਕਰਮਾਂ ਦੇ ਲੇਖੇ-ਜੋਖੇ ਤੇ ਕਰਤੇ ਦੇ ਸੱਚ ਨਿਆਂ `ਚ ਜੀਵ ਨੂੰ ਕਈ ਵਾਰ ਇਹ ਜੂਨ ਵੀ ਭੋਗਣੀ ਹੁੰਦੀ ਹੈ। ਫ਼ਿਰ ਪਾਣੀ ਦੀ ਪਿਆਸ ਤਾਂ ਮਨੁੱਖ ਹੋਵੇ ਜਾਂ ਕੋਈ ਵੀ ਜੂਨ, ਹਰੇਕ ਜੀਵਧਾਰੀ ਦੇ ਜੀਵਨ ਦੀ ਵੱਡੀ ਲੋੜ ਹੈ। ਦੇਖਣਾ ਇਹ ਵੀ ਹੈ ਕਿ ਬਾਕੀ ਪੰਛੀਆਂ ਵਾਂਗ ਬਾਬੀਹਾ, ਆਪਣੀ ਚੁੰਜ ਨੂੰ ਹੇਠਾਂ ਕਰਕੇ ਪਾਣੀ ਨਹੀਂ ਪੀ ਸਕਦਾ। ਉਂਜ ਭਾਵੇਂ ਇਸ ਦੇ ਆਸ ਪਾਸ ਸਮੁੰਦਰ ਛੱਲਾਂ ਮਾਰਦਾ ਹੋਵੇ ਜਾਂ ਮੂਸਲਾਧਾਰ ਝੜੀ ਲੱਗੀ ਹੋਵੇ। ਕਾਰਣ, ਪ੍ਰਭੂ ਨੇ ਕਰਮਾਂ ਦੀ ਸਜ਼ਾ ਵਜੋਂ ਇਸਦੀ ਗਰਦਨ `ਚ ਇੱਕ ਸੁਰਾਖ ਬਣਾਇਆ ਹੁੰਦਾ ਹੈ।

ਇਸ ਲਈ ਜੇਕਰ ਇਹ ਚੁੰਜ `ਚ ਪਾਣੀ ਭਰ ਕੇ ਪੀਨਾ ਚਾਹੇ ਤਾਂ ਪਾਣੀ ਇਸ ਦੇ ਪੇਟ `ਚ ਨਹੀਂ ਬਲਕਿ ਗਰਦਨ ਵਿਚਲੇ ਸੁਰਾਖ ਕਾਰਣ ਬਾਹਰ ਹੀ ਡਿੱਗ ਪੈਂਦਾ ਹੈ। ਉਂਜ ਜ਼ਿੰਦਗੀ ਨੂੰ ਬਚਾਉਣ ਲਈ, ਇਸ ਦੀ ਪ੍ਰਮੁੱਖ ਲੋੜ ਵੀ ਪਾਣੀ ਹੀ ਹੁੰਦੀ ਹੈ। ਇਸੇ ਤੋਂ ਮਜਬੂਰਨ ਇਹ ਵਿਚਾਰਾ ਆਪਣੀ ਚੁੰਜ ਅਸਮਾਨ ਵੱਲ਼ ਉੱਚੀ ਕਰਕੇ, ਜੀਵਨ ਭਰ ਪਾਣੀ ਲਈ ਹੀ ਤੜਫ਼ਦਾ ਰਹਿੰਦਾ ਹੈ। ਉਪ੍ਰੰਤ ਬਾਰਿਸ਼ ਸਮੇਂ ਪਾਣੀ ਦੀ ਜਿਹੜੀ ਬੂੰਦ ਆਪਣੇ ਆਪ ਇਸ ਦੀ ਚੁੰਜ `ਚ ਆ ਪੈਂਦੀ ਹੈ, ਬੱਸ ਉਹੀ ਬੂੰਦ ਇਸ ਦੀ ਪਿਆਸ ਬੁਝਾਂਦੀ ਹੈ। ਉਸ ਦੇ ਜੀਵਨ ਲਈ ਪਾਣੀ ਦੀ ਇਸ ਬੂੰਦ ਨੂੰ ਹੀ ਸਵਾਂਤੀ ਬੂੰਦ ਦਾ ਨਾਮ ਵੀ ਦਿੱਤਾ ਗਿਆ ਹੈ।

ਚੂੰਕਿ ਇਸ ਤਰ੍ਹਾਂ ਕੁਦਰਤੀ ਤੌਰ `ਤੇ ਜਿਵੇਂ ਬਾਬੀਹੇ ਨੂੰ ਆਪਣਾ ਜੀਵਨ ਬਚਾਉਣ ਲਈ ਹਰ ਸਮੇਂ ਉਸ ਸਵਾਂਤੀ ਬੂੰਦ ਦੀ ਉਡੀਕ ਹੁੰਦੀ ਹੈ। ਇਸੇ ਤਰ੍ਹਾਂ ਗੁਰਦੇਵ ਨੇ ਬਾਬੀਹੇ ਦੀ ਉਸ ਮਿਸਾਲ ਨੂੰ ਵਰਤ ਕੇ, ਮਨੁੱਖ ਨੂੰ ਗੁਰਬਾਣੀ `ਚ ਅਨੇਕਾਂ ਵਾਰ ਸੁਚੇਤ ਕੀਤਾ ਹੈ, ਐ ਭਾਈ! ਅਕਾਲਪੁਰਖ ਨੇ ਤੈਨੂੰ ਵੀ ਅਨੰਤ ਜੂਨਾਂ ਦੇ ਗੇੜ `ਚੋਂ ਕੱਢ ਕੇ ਮਨੁੱਖਾ ਜੂਨ ਵਾਲਾ ਦੁਰਲਭ ਅਵਸਰ ਬਖ਼ਸ਼ਿਆ ਹੈ।

ਇਸ ਲਈ ਇਸ ਅਮੋਲਕ ਜਨਮ ਨੂੰ ਸਫ਼ਲ ਕਰਣ ਲਈ ਤੇਰੇ ਲਈ ਵੀ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਇਕੋ ਇੱਕ ਪਿਆਸ ਹੈ ਜਿਵੇਂ “ਏ ਰਸਨਾ ਤੂ ਅਨ ਰਸਿ ਰਾਚਿ ਰਹੀ, ਤੇਰੀ ਪਿਆਸ ਨ ਜਾਇ॥ ਪਿਆਸ ਨ ਜਾਇ ਹੋਰਤੁ ਕਿਤੈ, ਜਿਚਰੁ ਹਰਿ ਰਸੁ ਪਲੈ ਨ ਪਾਇ॥ ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ, ਬਹੁੜਿ ਨ ਤ੍ਰਿਸਨਾ ਲਾਗੈ ਆਇ॥ ਏਹੁ ਹਰਿ ਰਸੁ ਕਰਮੀ ਪਾਈਐ, ਸਤਿਗੁਰੁ ਮਿਲੈ ਜਿਸੁ ਆਇ॥ ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ, ਜਾ ਹਰਿ ਵਸੈ ਮਨਿ ਆਇ॥ ੩੨ ॥” (ਪੰ: ੯੨੧) ਇਸ ਲਈ ਤੂੰ ਵੀ ਆਪਣੀ ਇਸ ਇਕੋ ਇੱਕ ਪਿਆਸ ਦੀ ਪਛਾਣ ਕਰ, ਤਾ ਕਿ ਤੇਰਾ ਇਹ ਮਨੁੱਖਾ ਜਨਮ ਵੀ ਕਿਧਰੇ ਬਿਰਥਾ ਹੀ ਨਾ ਚਲਾ ਜਾਵੇ; ਇਹ ਜਨਮ ਸਫ਼ਲ ਹੋ ਜਾਵੇ, ਤੈਨੂੰ ਮੁੜ ਜੂਨਾਂ ਦੇ ਗੇੜ `ਚ ਨਾ ਪੈਣਾ ਪਵੇ।

ਗੁਰਦੇਵ ਨੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ ਪੱਖ ਨੂੰ ਦ੍ਰਿੜ ਕਰਵਾਉਣ ਲਈ ਗੁਰਬਾਣੀ `ਚ, ਬਾਬੀਹੇ ਤੋਂ ਇਲਾਵਾ ਮਛਲੀ ਦੀ ਮਿਸਾਲ ਨੂੰ ਵੀ ਬੇਅੰਤ ਵਾਰ ਵਰਤਿਆ ਹੈ। ਇਸ ਦੇ ਨਾਲ ਬਾਬੀਹੇ ਦੀ ਮਜਬੂਰੀ ਵਾਂਗ ਮਛਲ਼ੀ ਦੀ ਪਾਣੀ ਵਾਲੀ ਮਜਬੂਰੀ ਵਾਲਾ ਪੱਖ ਵੀ ਗੁਰਬਾਣੀ `ਚ ਸਪਸ਼ਟ ਕੀਤਾ ਹੋਇਆ ਹੈ। ਫ਼ੁਰਮਾਨ ਹੈ “ਮੀਨ ਨਿਵਾਸ ਉਪਜੈ ਜਲ ਹੀ ਤੇ, ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ, ਮਰਨੁ ਜੀਵਨੁ ਤਿਸੁ ਤਾਂਈ” (ਪੰ: ੧੨੭੩) ਭਾਵ ਹਰ ਸਮੇਂ ਪਾਣੀ `ਚ ਜੀਵਨ ਬਤੀਤ ਕਰਣਾ, ਮਛਲੀ ਦੀ ਮਜਬੂਰੀ ਹੈ, ਮਛਲੀ ਦਾ ਸ਼ੌਂਕ ਨਹੀਂ। ਬਲਕਿ ਇਹ ਵੀ ਉਸ ਲਈ ਬਿਰਥਾ ਕੀਤੇ ਹੋਏ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਦਾ ਹੀ ਨਤੀਜਾ ਹੈ। ਫ਼ਿਰ ਇਹੀ ਨਹੀਂ, ਬਾਬੀਹੇ ਲਈ ਗੁਰਬਾਣੀ `ਚ ਬਹੁਤ ਵਾਰ ਸਾਰੰਗ, ਚਾਤ੍ਰਿਕ ਆਦਿ ਸ਼ਬਦਾਵਲੀ ਵੀ ਆਈ ਹੈ ਅਤੇ ਉਹ ਵੀ ਇਸੇ ਪਿਆਸ ਦੇ ਪ੍ਰਕਰਣ `ਚ ਜਿਵੇਂ:-

(੧) “ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ” (ਪੰ {੧੩)

(੨) “ਚਾਤ੍ਰਿਕ ਚਿਤਵਤ ਬਰਸਤ ਮੇਂਹ॥ ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ” (੭੦੨)

(੩) “ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ॥ ਹਰਿ ਹਰਿ ਨਾਮੁ ਬੂੰਦ ਮੁਖਿ ਪਾਈ॥ ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ” (੯੫)

(੪) “ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ” (ਪੰ: ੯੬)

(੫) “ਸਾਰਿੰਗ ਪ੍ਰੀਤਿ ਬਸੈ ਜਲ ਧਾਰਾ” (ਪੰ: ੧੬੪)

(੬) “ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ॥ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ” (ਪੰ: ੨੪੭)

(੭) “ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ॥ ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇੱਕ ਬੂੰਦ ਨਾਮੁ ਮੁਖਿ ਦੀਜੈ” (ਪੰ: ੧੩੨੩)

(੮) “ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ॥ ਸਰ ਭਰਿ ਥਲ ਹਰੀਆਵਲੇ ਇੱਕ ਬੂੰਦ ਨ ਪਵਈ ਕੇਹ॥ ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ” (ਪੰ: ੬੦) ਜਦਕਿ ਅਜਿਹੇ ਹੋਰ ਵੀ ਬੇਅੰਤ ਗੁਰਬਾਣੀ ਪ੍ਰਮਾਣ ਪ੍ਰਾਪਤ ਹਨ। ਤਾਂ ਤੇ ਅਸੀਂ ਹੁਣ ਵਧ ਰਹੇ ਹਾਂ ਪਉੜੀ ਨੰ: ੭ ਤੇ ਇਸ ਦੇ ਸਲੋਕਾਂ ਨਾਲ ਸੰਬੰਧਤ ਅਰਥ ਵਿਚਾਰ ਵੱਲ:-

(ਪਉੜੀ ੭, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਬਾਬੀਹਾ ਜਿਸ ਨੋ ਤੂ ਪੂਕਾਰਦਾ, ਤਿਸ ਨੋ ਲੋਚੈ ਸਭੁ ਕੋਇ॥ ਅਪਣੀ ਕਿਰਪਾ ਕਰਿ ਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇ॥ ਗੁਰ ਪਰਸਾਦੀ ਪਾਈਐ, ਵਿਰਲਾ ਬੂਝੈ ਕੋਇ॥ ਬਹਦਿਆ ਉਠਦਿਆ ਨਿਤ ਧਿਆਈਐ, ਸਦਾ ਸਦਾ ਸੁਖੁ ਹੋਇ॥ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ, ਗੁਰਮੁਖਿ ਦੇਵੈ ਹਰਿ ਸੋਇ॥ ੧॥ (ਪੰ: ੧੨੮੧)

ਪਦ ਅਰਥ: — ਬਾਬੀਹਾ—ਹੇ ਪਪੀਹੇ! (ਪਪੀਹਾ, ਇੱਕ ਪੰਛੀ ਜਿਸ ਨੂੰ ਆਪਣੀ ਪਿਆਸ ਬੁਝਾਉਣ ਲਈ ਹਰ ਸਮੇਂ ਬਰਖਾ ਦੀ ਬੂੰਦ ਦੀ ਤੜਪ `ਚ ਰਹਿਣਾ ਪੈਂਦਾ ਹੈ। ਗੁਰਦੇਵ ਨੇ ਇਥੇ ਉਸ ਪੰਛੀ ਦੀ ਉਪਮਾ ਰਾਹੀਂ, ਪ੍ਰਭੂ ਮਿਲਾਪ ਲਈ ਮਨੁੱਖ ਦੀ ਵੀ ਮੂਲ ਪਿਆਸ ਨੂੰ ਪ੍ਰਗਟ ਕੀਤਾ ਹੈ। ਨਾਮ ਅੰਮ੍ਰਿਤ ਦੀ ਅਜਿਹੀ ਪਿਆਸ, ਜਿਸ ਦੀ ਪੂਰਤੀ ਬਿਨਾ ਮਨੁੱਖਾ ਜਨਮ ਵੀ ਬਿਰਥਾ ਚਲਾ ਜਾਂਦਾ ਹੈ, ਸਫ਼ਲ ਨਹੀਂ ਹੁੰਦਾ। ਠੀਕ ਉਸੇ ਤਰ੍ਹਾਂ, ਜਿਵੇਂ ਸਵਾਂਤੀ ਬੂੰਦ ਤੋਂ ਬਿਨਾ ਬਾਬੀਹੇ ਦੀ ਮੌਤ ਨਿਸ਼ਚਤ ਹੈ, ਤਿਵੇਂ ਨਾਮ ਅੰਮ੍ਰਿਤ ਤੋਂ ਬਿਨਾ ਮਨੁੱਖ ਦੀ ਆਤਮਿਕ ਮੌਤ ਵੀ ਨਿਸ਼ਚਤ ਹੈ)। ਵਸਸੀ—ਵਰਖਾ ਕਰੇਗਾ, ਨਾਮ ਅੰਮ੍ਰਿਤ ਦੀ ਬਰਖਾ ਕਰੇਗਾ। ਵਣੁ—ਜੰਗਲ। ਤ੍ਰਿਣੁ—ਘਾਹ। ਵਣੁ ਤ੍ਰਿਣੁ—ਸਮੂਚੀ ਬਨਸਪਤੀ, ਜਿਵੇਂ ਬਰਖਾ ਨਾਲ ਸਾਰੇ ਪਾਸੇ ਹਰਿਆਵਲ ਆ ਜਾਂਦੀ ਹੈ, ਤਿਵੇਂ ਨਾਮ ਅਮ੍ਰਿਤ ਦੀ ਬਰਖਾ ਵੀ ਮਨੁੱਖਾ ਜੀਵਨ `ਚ ਰਸ ਭਰ ਦਿੰਦੀ ਹੈ। ਅੰਮ੍ਰਿਤੁ—ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਗੁਰਮੁਖਿ—ਗੁਰੂ ਦੇ ਦੱਸੇ ਰਾਹ `ਤੇ ਟੁਰਨ ਵਾਲੇ ਮਨੁੱਖ।

ਅਰਥ: — ਬਾਬੀਹਾ ਜਿਸ ਨੋ ਤੂ ਪੂਕਾਰਦਾ, ਤਿਸ ਨੋ ਲੋਚੈ ਸਭੁ ਕੋਇ-ਹੇ ਪ੍ਰਭੂ ਪ੍ਰਮਾਤਮਾ ਦੀ ਬਿਰਹਾ `ਚ ਤੜਪ ਰਹੀ ਜਿੰਦੇ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਹੀ ਹੈਂ, ਉਸ ਨੂੰ ਮਿਲਣ ਲਈ ਤਾਂ ਹਰ ਕੋਈ ਲੋਚਦਾ ਹੈ ਭਾਵ ਉਹ ਪ੍ਰਭੂ ਹੀ ਹਰੇਕ ਮਨੁੱਖ ਦੇ ਜੀਵਨ ਦੀ ਮੁੱਖ ਲੋੜ ਹੈ।

ਗੁਰ ਪਰਸਾਦੀ ਪਾਈਐ, ਵਿਰਲਾ ਬੂਝੈ ਕੋਇ- ਫ਼ਿਰ ਵੀ ਜਦੋਂ ਪ੍ਰਭੂ ਆਪ ਮਿਹਰ ਕਰੇ ਤਾਂ ਹੀ ਗੁਰੂ ਦੀ ਕ੍ਰਿਪਾ ਨਾਲ ਇਸ ‘ਨਾਮ ਅੰਮ੍ਰਿਤ’ ਦੀ ਬਰਖਾ ਦਾ ਆਨੰਦ ਮਾਣਿਆ ਜਾ ਸਕਦਾ ਹੈ, ਫ਼ਿਰ ਵੀ ਜੀਵਨ ਦੇ ਇਸ ਸੱਚ ਨੂੰ ਵਿਰਲੇ ਹੀ ਪਛਾਣਦੇ ਹਨ। (ਬੇਸ਼ੱਕ ਇਹ ਲੋੜ ਸਾਰਿਆਂ ਦੀ ਹੈ ਤਾਂ ਵੀ ਬਹੁਤੇ ਇਸ ਪਖੋਂ ਅਨਜਾਣ ਹੀ ਹੁੰਦੇ ਹਨ, ਇਸ ਲਈ ਉਹ ਇਸ (ਨਾਮ ਅਮ੍ਰਿਤ ਦੀ) ਬਰਖਾ ਦਾ ਲਾਭ ਨਹੀਂ ਲੈ ਸਕਦੇ)।

ਅਪਣੀ ਕਿਰਪਾ ਕਰਿ ਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇ- ਜਿਨ੍ਹਾਂ `ਤੇ ਪ੍ਰਭੂ ਦੀ ਬਖ਼ਸ਼ਿਸ਼ ਹੋ ਜਾਏਗੀ, ਗੁਰੂ ਉਨ੍ਹਾਂ `ਤੇ ਆਪ ਨਾਮ ਅੰਮ੍ਰਿਤ ਦੀ ਬਰਖਾ ਕਰ ਦੇਵੇਗਾ। ਇਸ ਤਰ੍ਹਾਂ ਨਾਮ ਅੰਮ੍ਰਿਤ ਦੀ ਬਰਖਾ ਨਾਲ ਸ੍ਰਿਸ਼ਟੀ ਦੀ ਸਾਰੀ ਬਨਸਪਤੀ ਆਪਣੇ ਆਪ ਹਰੀ ਭਰੀ ਹੋ ਜਾਏਗੀ।

ਭਾਵ ਕਰਤੇ ਦੀ ਬਖ਼ਸ਼ਿਸ਼ ਤੋਂ ਬਿਨਾ ਗੁਰੂ ਰਾਹੀਂ ਨਾਮ ਅੰਮ੍ਰਿਤ ਦੀ ਬਰਖਾ ਵੀ ਨਹੀਂ ਹੁੰਦੀ। ਉਪ੍ਰੰਤ ਇਹ ਨਾਮ ਅੰਮ੍ਰਿਤ ਦੀ ਬਰਖਾ ਹੀ ਹੁੰਦੀ ਹੈ ਜਿਹੜੀ ਸਾਰੀ ਸ੍ਰਿਸ਼ਟੀ ਵਿਚਲੇ ਪ੍ਰਭੂ ਪਿਆਰਿਆਂ ਦੇ ਹਿਰਦੇ `ਚ ਖੇੜਾ ਤੇ ਉਮਾਹ ਭਰ ਦਿੰਦੀ ਹੈ (ਇਥੇ, ਇਹੀ ਹੈ ਸ੍ਰਿਸ਼ਟੀ ਦੀ ਹਰਿਆਵਲ)।

ਬਹਦਿਆ ਉਠਦਿਆ ਨਿਤ ਧਿਆਈਐ, ਸਦਾ ਸਦਾ ਸੁਖੁ ਹੋਇ- ਤਾਂ ਤੇ (ਹਰੇਕ ਮਨੁੱਖ ਨੂੰ) ਬੈਠਦੇ ਉਠਦੇ ਹਰ ਸਮੇਂ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਇਸੇ ਤੋਂ ਜੀਵਨ `ਚ ਸਦਾ ਲਈ ਅਨੰਦ ਬਣਿਆ ਰਹਿ ਸਕਦਾ ਹੈ।

ਨਾਨਕ ਅੰਮ੍ਰਿਤੁ ਸਦ ਹੀ ਵਰਸਦਾ, ਗੁਰਮੁਖਿ ਦੇਵੈ, ਹਰਿ ਸੋਇ-ਗੁਰੂ ਨਾਨਕ ਪਾਤਸ਼ਾਹ ਫ਼ੁਰਮਉਂਦੇ ਹਨ, ਪ੍ਰਭੂ ਵੱਲੋਂ ਗੁਰੂ ਬੱਦਲ ਰਾਹੀਂ ਇਸ ਆਤਮਕ ਜੀਵਨ ਨੂੰ ਦੇਣ ਵਾਲੇ ਨਾਮ-ਜਲ ਦੀ ਬਰਖਾ ਤਾਂ ਹਰ ਸਮੇਂ, ਅਰੁੱਕ ਤੇ ਹਮੇਸ਼ਾ ਹੁੰਦੀ ਰਹਿੰਦੀ ਹੈ। ਫ਼ਿਰ ਵੀ ਪ੍ਰਭੂ, ਇਹ ਦਾਤਿ ਕੇਵਲ ਉਸ ਨੂੰ ਹੀ ਦਿੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਭਾਵ ਜਿਹੜਾ ਸ਼ਬਦ ਗੁਰੂ ਦੀ ਕਮਾਈ ਕਰਦਾ ਹੈ। ੧।

ਗੁਰਮੱਤ ਵਿਚਾਰ ਦਰਸ਼ਨ-ਸਲੋਕ ਦੇ ਮੂਲ ਅਰਥਾਂ ਨੂੰ ਸਮਝਣ ਲਈ ਸਲੋਕ ਦੀਆਂ ਅੰਤਮ ਪੰਕਤੀਆਂ ਜਿਹੜੀਆਂ ਕਿ ਆਮ ਤੌਰ `ਤੇ ਕਿਸੇ ਵੀ ਸਲੋਕ ਦਾ ਕੇਂਦ੍ਰੀ ਭਾਵ ਹੁੰਦੀਆਂ ਹਨ, ਉਹ ਹਨ “ਗੁਰ ਪਰਸਾਦੀ ਪਾਈਐ, ਵਿਰਲਾ ਬੂਝੈ ਕੋਇ॥ ਬਹਦਿਆ ਉਠਦਿਆ ਨਿਤ ਧਿਆਈਐ, ਸਦਾ ਸਦਾ ਸੁਖੁ ਹੋਇ॥ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ, ਗੁਰਮੁਖਿ ਦੇਵੈ ਹਰਿ ਸੋਇ” ਵੱਲ ਵਿਸ਼ੇਸ਼ ਧਿਆਨ ਦੇਣਾ ਹੈ। ਉਸੇ ਬੰਦ ਤੋਂ ਹੀ ਸਮਝ ਆਵੇਗੀ ਕਿ ਸਲੋਕ ਦੀਆਂ ਅਰੰਭਕ ਪੰਕਤੀਆਂ “ਬਾਬੀਹਾ ਜਿਸ ਨੋ ਤੂ ਪੂਕਾਰਦਾ, ਤਿਸ ਨੋ ਲੋਚੈ ਸਭੁ ਕੋਇ॥ ਅਪਣੀ ਕਿਰਪਾ ਕਰਿ ਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇ” `ਚ ਬਾਬੀਹਾ ਭਾਵ ਮਨੁੱਖ ਲਈ ਇਥੇ ਕਿਸ ਬਰਖਾ ਦੀ ਗੱਲ ਹੋ ਰਹੀ ਹੈ ਤੇ ਕਿਸ “ਵਣ ਹਰਿਆ ਹੋਇ” ਦੀ ਗੱਲ ਹੋ ਰਹੀ ਹੈ।

ਮਃ ੩॥ ਕਲਮਲਿ ਹੋਈ ਮੇਦਨੀ, ਅਰਦਾਸਿ ਕਰੇ ਲਿਵ ਲਾਇ॥ ਸਚੈ ਸੁਣਿਆ ਕੰਨੁ ਦੇ, ਧੀਰਕ ਦੇਵੈ ਸਹਜਿ ਸੁਭਾਇ॥ ਇੰਦ੍ਰੈ ਨੋ ਫੁਰਮਾਇਆ, ਵੁਠਾ ਛਹਬਰ ਲਾਇ॥ ਅਨੁ ਧਨੁ ਉਪਜੈ ਬਹੁ ਘਣਾ, ਕੀਮਤਿ ਕਹਣੁ ਨ ਜਾਇ॥ ਨਾਨਕ ਨਾਮੁ ਸਲਾਹਿ ਤੂ, ਸਭਨਾ ਜੀਆ ਦੇਦਾ ਰਿਜਕੁ ਸੰਬਾਹਿ॥ ਜਿਤੁ ਖਾਧੈ ਸੁਖੁ ਊਪਜੈ, ਫਿਰਿ ਦੂਖੁ ਨ ਲਾਗੈ ਆਇ॥ ੨॥ (ਪੰ: ੧੨੮੧)

ਪਦ ਅਰਥ: — ਕਲਮਲਿ—ਵਿਆਕੁਲ। ਮੇਦਨੀ—ਧਰਤੀ। ਸਚੈ—ਸਦਾ ਥਿਰ ਪ੍ਰਭੂ ਨੇ। ਕੰਨੁ ਦੇ—ਕੰਨ ਦੇ ਕੇ, ਬੜੇ ਧਿਆਨ ਨਾਲ, ਗਹੁ ਨਾਲ। ਧੀਰਕ—ਧੀਰਜ। ਵੁਠਾ—ਵੱਸਿਆ। ਛਹਬਰ—ਝੜੀ। ਅਨੁ —ਅੰਨ, ਅਨਾਜ। ਸੰਬਾਹਿ—ਅਪੜਾ ਕੇ, ਇਕੱਠਾ ਕਰ ਕੇ। ਜਿਤੁ ਖਾਧੈ ਸੁਖੁ ਊਪਜੈ, ਫਿਰਿ ਦੂਖੁ ਨ ਲਾਗੈ ਆਇ— ਇਸ ਪੰਕਤੀ ਤੋਂ ਹੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਵਿਸ਼ਾ ਸੰਸਾਰਕ ਅੰਨ-ਧੰਨ ਤੇ ਮੇਦਨੀ ਆਦਿ ਦਾ ਨਹੀਂ ਬਲ਼ਕਿ ਉਸ ਨਾਮ ਧੰਨ ਦਾ ਹੈ ਜਿਸ ਦੇ ਖਾਣ ਭੁੰਚਣ ਤੋਂ ਨਾਲ ਦੋਬਾਰਾ ਭੁਖ ਲਗਦੀ ਹੀ ਨਹੀਂ, ਜੀਵਨ `ਚ ਟਿਕਾਅ ਆ ਜਾਂਦਾ ਹੈ।

ਅਰਥ: — ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ- ਧਰਤੀ ਜਦੋਂ ਮੀਂਹ ਖੁਣੋਂ ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ।

ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ-ਤਾਂ ਸਦਾ-ਥਿਰ ਪ੍ਰਭੂ ਧਰਤੀ ਦੀ ਇਸ ਅਰਜ਼ੋਈ ਨੂੰ ਗਹੁ ਨਾਲ ਸੁਣਦਾ ਹੈ, ਤੇ ਸੁਤੇ ਹੀ ਆਪਣੇ ਸਦਾ ਦੇ ਸੁਭਾਉ ਅਨੁਸਾਰ ਧਰਤੀ ਨੂੰ ਧੀਰਜ ਦਿੰਦਾ ਹੈ।

ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ-ਇਸ `ਤੇ ਪ੍ਰਭੂ, ਇੰਦ੍ਰ ਨੂੰ ਹੁਕਮ ਕਰਦਾ ਹੈ ਅਤੇ ਇੰਦ੍ਰ ਝੜੀ ਲਾ ਕੇ ਬਰਖਾ ਕਰ ਦਿੰਦਾ ਹੈ।

ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ- ਉਸ ਤੋਂ ਬਾਅਦ ਬੇਅੰਤ ਅੰਨ-ਧਨ ਪੈਦਾ ਹੁੰਦਾ ਹੈ। ਪ੍ਰਭੂ ਦੀ ਇਸ ਬਖ਼ਸ਼ਿਸ਼ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ-ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਤਾਂ ਤੇ ਐ ਭਾਈ! ਜਿਹੜਾ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਉਂਦਾ ਹੈ, ਤੂੰ ਸਦਾ ਉਸੇ ਦੀ ਸਿਫ਼ਤ ਸਲਾਹ ਕਰਿਆ ਕਰੋ।

ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ- ਕਿਉਂਕਿ ਇਹ ਨਾਮ ਭੋਜਨ ਹੀ ਇਕੋ ਇੱਕ ਅਜਿਹਾ ਭੋਜਨ ਹੈ ਜਿਸਨੂੰ ਖਾਧਿਆਂ ਜੀਵਨ `ਚ ਸਦੀਵੀ ਸੁਖ ਪੈਦਾ ਹੋ ਜਾਂਦਾ ਤੇ ਉਸ ਤੋਂ ਬਾਅਦ ਜੀਵਨ ਭਰ (ਆਤਮਕ) ਦੁਖ ਲਗਦਾ ਹੀ ਨਹੀਂ। ੨।

ਗੁਰਮੱਤ ਵਿਚਾਰ ਦਰਸ਼ਨ-ਸਲੋਕ ਨੂੰ ਗਹੁ ਨਾਲ ਪੜ੍ਹਿਆ ਜਾਵੇ, ਸਪਸ਼ਟ ਹੋ ਜਾਂਦਾ ਹੈ ਕਿ ਇਸ ਸਲੋਕ ਦਾ ਮੂਲ ਵਿਸ਼ਾ ਤੇ ਕੇਂਦਰੀ ਭਾਵ ਸਲੋਕ ਦੀ ਆਖ਼ਿਰੀ ਪੰਕਤੀ “ਜਿਤੁ ਖਾਧੈ ਸੁਖੁ ਉਪਜੈ, ਫਿਰਿ ਦੂਖੁ ਨ ਲਾਗੈ ਆਇ” `ਚ ਹੈ ਜਦਕਿ ਬਾਕੀ ਸਲੋਕ ਇਸੇ ਪੰਕਤੀ ਦਾ ਵਿਸਤਾਰ ਹੈ। ਇਸ ਲਈ ਇਥੇ ਜਦੋਂ ਗੱਲ ਹੀ ਅਜਿਹੇ ਭੋਜਨ ਦੀ ਹੋ ਰਹੀ ਹੈ ਜਿਸਦੇ ਛਕਣ ਤੋਂ ਬਾਅਦ ਜੀਵਨ `ਚ ਸਦਾ ਲਈ ਅਨੰਦ ਤੇ ਖੇੜਾ ਉਗਮ ਆਉਂਦਾ ਹੈ ਤੇ ਫ਼ਿਰ ਸੰਸਾਰਕ ਦੁਖ-ਸੁਖ ਪੋਹ ਨਹੀਂ ਸਕਦੇ। ਸਪਸ਼ਟ ਹੈ, ਅਜਿਹਾ ਭੋਜਨ, ਕੇਵਲ ਪ੍ਰਭੂ ਦੀ ਸਿਫ਼ਤ ਸਲਾਹ ਹੀ ਹੁੰਦਾ ਜਿਹੜਾ ਸਤਿਗੁਰੂ ਤੋਂ ਪ੍ਰਪਤ ਹੁੰਦਾ ਹੈ। ਜਦਕਿ ਕੋਈ ਵੀ ਸ਼ੰਸਾਰਕ ਭੋਜਨ ਅਜਿਹਾ ਨਹੀਂ ਜਿਸਦੇ ਖਾਣ ਤੋਂ ਬਾਅਦ ਦੋਬਾਰਾ ਭੁਖ ਨਾ ਲੱਗੇ ਜਾਂ ਆਤਮਕ ਦੁਖ ਮਨੁੱਖ `ਤੇ ਭਾਰੂ ਨਾ ਹੁੰਦੇ ਹੋਣ।

ਇਥੋਂ ਸਪਸ਼ਟ ਹੈ ਕਿ ਸਲੋਕ ਵਿਚਲੀ ਸ਼ਬਦਾਵਲੀ ਨਾਮ ਧਨ ਨਾਲ ਹੀ ਸੰਬੰਧਤ ਹੈ, ਨਾ ਕਿ ਕਿਸੇ ਸੰਸਾਰਕ ਹਰਿਆਵਲ ਜਾਂ ਗੁਰਮੱਤ ਵਿਚਾਰਧਾਰਾ ਵਿਰੁਧ ਕਲਪਿਤ ਇੰਦਰ ਦੇਵਤੇ ਜਾਂ ਪੁਰਾਤਨ ਵਿਸ਼ਵਾਸਾਂ ਅਨੁਸਾਰ ਮੇਦਨੀ ਅਥਵਾ ਧਰਤੀ ਦੀ ਪੁਕਾਰ ਤੇ ਉਸ ਦੀ ਵਿਆਕੁਲਤਾ ਨਾਲ। ਗੁਰਦਵ ਨੇ ਇਥੇ ਉਸ ਸਾਰੇ ਨੂੰ ਕੇਵਲ ਵਿਸ਼ੇ ਨੂੰ ਸਪਸ਼ਟ ਕਰਣ ਲਈ ਆਧਾਰ ਬਣਾਇਆ ਹੈ ਤੇ ਮਿਸਾਲ ਵਜੋਂ ਹੀ ਲਿਆ ਹੋਇਆ ਹੈ।

ਤਾਂ ਤੇ ਸਲੋਕ ਦੇ ਕੇਂਦਰੀ ਭਾਵ “ਜਿਤੁ ਖਾਧੈ ਸੁਖੁ ਉਪਜੈ, ਫਿਰਿ ਦੂਖੁ ਨ ਲਾਗੈ ਆਇ” ਨਾਲ ਸੰਬੰਧਤ ਅਰਥਾਂ `ਤੇ ਆਧਾਰਿਤ ਅਰਥ ਹੋਣਗੇ ਜਿਵੇਂ “ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ” (ਪੰ: ੪੬੫)। ਪ੍ਰਭੂ, ਸ਼ੰਸਾਰ ਭਰ `ਚ ਵਸਦੇ ਪ੍ਰਭੂ ਪਿਆਰਿਆਂ ਦੀਆਂ ਅਰਦਾਸਾਂ ਸੁਣ ਕੇ ਗੁਰੂ (ੰਿੲੰਦ੍ਰ-ਬੱਦਲ) ਤੋਂ ਨਾਮ ਅੰਮ੍ਰਿਤ ਦੀ ਬਰਖਾ ਕਰਵਾਉੇਂਦਾ ਹੈ।

ਇਸੇ ਤੋਂ ਪ੍ਰਭੂ ਪਿਆਰਿਆਂ ਦੇ ਹਿਰਦੇ ਘਰ `ਚ ਜਿਹੜਾ ਨਾਮ ਬਾਣੀ ਦਾ ਰੰਗ ਚੜ੍ਹਦਾ ਹੈ ਗੁਰਦੇਵ ਫ਼ੁਰਮਾਉਂਦੇ ਹਨ, ਉਸ ਨੂੰ ਬਿਆਣ ਨਹੀਂ ਕੀਤਾ ਜਾ ਸਕਦਾ। ਪ੍ਰਭੂ ਪਿਆਰਿਆਂ ਲਈ ਇਹ ਫ਼ਿਰ ਅਜਿਹਾ ਨਾਮ ਧੰਨ ਵਾਲਾ ਭੋਜਨ ਹੁੰਦਾ ਹੈ ਜਿਹੜਾ ਉਨ੍ਹਾਂ ਦੇ ਜੀਵਨ `ਚ ਸਦਾ ਲੀ ਅਨੰਦ ਤੇ ਖੇੜਾ ਪੈਦਾ ਕਰ ਦਿੰਦਾ ਹੈ। ਮਨ ਦਾ ਅਜਿਹਾ ਅਨੰਦ ਜਿਸ ਦੇ ਸਾਹਮਣੇ ਸੰਸਾਰਕ ਸੁਖ-ਦੁਖ ਸਦਾ ਲਈ ਬੇਅਸਰ ਹੋ ਜਾਂਦੇ ਹਨ।

ਪਉੜੀ॥ ਹਰਿ ਜੀਉ ਸਚਾ ਸਚੁ ਤੂ, ਸਚੇ ਲੈਹਿ ਮਿਲਾਇ॥ ਦੂਜੈ, ਦੂਜੀ ਤਰਫ ਹੈ, ਕੂੜਿ ਮਿਲੈ, ਨ ਮਿਲਿਆ ਜਾਇ॥ ਆਪੇ ਜੋੜਿ ਵਿਛੋੜਿਐ, ਆਪੇ ਕੁਦਰਤਿ ਦੇਇ ਦਿਖਾਇ॥ ਮੋਹੁ ਸੋਗੁ ਵਿਜੋਗੁ ਹੈ, ਪੂਰਬਿ ਲਿਖਿਆ ਕਮਾਇ॥ ਹਉ ਬਲਿਹਾਰੀ ਤਿਨ ਕਉ, ਜੋ ਹਰਿ ਚਰਣੀ ਰਹੈ ਲਿਵ ਲਾਇ॥ ਜਿਉ ਜਲ ਮਹਿ ਕਮਲੁ ਅਲਿਪਤੁ ਹੈ, ਐਸੀ ਬਣਤ ਬਣਾਇ॥ ਸੇ ਸੁਖੀਏ ਸਦਾ ਸੋਹਣੇ, ਜਿਨੑ ਵਿਚਹੁ ਆਪੁ ਗਵਾਇ॥ ਤਿਨੑ ਸੋਗੁ ਵਿਜੋਗੁ ਕਦੇ ਨਹੀ, ਜੋ ਹਰਿ ਕੈ ਅੰਕਿ ਸਮਾਇ॥ ੭॥ (ਪੰ: ੧੨੮੧)

ਪਦ ਅਰਥ: — ਸਚਾ ਸਚੁ ਤੂਪ੍ਰਭੂ! ਤੂੰ ਸਦਾ ਥਿਰ ਹਸਤੀ ਹੈ। ਸਚੇ ਲੈਹਿ ਮਿਲਾਇ ਜਿਹੜੇ ਤੇਰਾ ਰੂਪ ਹੋ ਜਾਂਦੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਦਰ `ਤੇ ਕਬੂਲ ਕਰ ਲੈਂਦਾ ਹੈ। ਦੂਜੈ—ਮਨਮੁਖ, ਜਿਹੜੇ ਪ੍ਰਭੂ ਦਾ ਦਰ ਛੱਡ ਕੇ ਇਧਰ-ਓਧਰ ਭਟਕ ਜਾਂਦੇ ਹਨ। ਕੂੜਿ ਮਿਲੈ —ਕੂੜ `ਚ ਲੱਗਿਆਂ, ਮਾਇਆ ਦੇ ਮੋਹ `ਚ ਖੱਚਤ ਹੋਇਆਂ। ਮੋਹੁ ਸੋਗੁ ਵਿਜੋਗੁ ਹੈਪਦਾਰਥਕ ਮੋਹ ਮਾਇਆ `ਚ ਖੱਚਤ ਹੋਣਾ ਹੀ ਸਾਰੇ ਆਤਮਕ ਦੁਖਾਂ ਤੇ ਪ੍ਰਭੂ ਤੋਂ ਵਿਛੋੜੇ ਦੀ ਜੜ੍ਹ ਹੈ।। ਪੂਰਬਿ ਲਿਖਿਆ ਕਮਾਇ ਪਹਿਲ਼ਾਂ ਤੋਂ ਬਣੇ ਸੰਸਕਾਰਾਂ ਅਨੁਸਾਰ। ਅੰਕਿ—ਗੋਦ `ਚ, ਪ੍ਰਭੂ ਮਿਲਾਪ ਦਾ ਅਨੰਦ, ਕਰਤੇ `ਚ ਅਬੇਦ ਹੋਣਾ। ਵਿਛੋੜਿਐ—ਵਿਛੋੜੇ ਹੋਏ ਨੂੰ। ਸਮਾਇ—ਲੀਨ।

ਅਰਥ: — ਹਰਿ ਜੀਉ ਸਚਾ ਸਚੁ ਤੂ, ਸਚੇ ਲੈਹਿ ਮਿਲਾਇ-ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲੀ ਹਸਤੀ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ ਆਪਣੇ ਨਾਲ ਹੀ ਮਿਲਾ ਲੈਂਦਾ ਹੈਂ। ਉਸ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ ਤੇ ਉਸਨੂੰ ਤੂੰ ਆਪਣੇ `ਚ ਹੀ ਇੱਕ ਮਿੱਕ ਕਰ ਲੈਂਦਾ ਹੈਂ।

ਦੂਜੈ, ਦੂਜੀ ਤਰਫ ਹੈ, ਕੂੜਿ ਮਿਲੈ, ਨ ਮਿਲਿਆ ਜਾਇ- ਇਸ ਦੇ ਉਲਟ ਜਿਹੜਾ ਮਨੁੱਖ ਸੰਸਾਰਕ ਮੋਹ ਮਾਇਆ `ਚ ਹੀ ਖੱਚਤ ਰਹਿੰਦਾ ਹੈ। ਚੂੰਕਿ ਉਸ ਦੀ ਦੌੜ ਹੀ ਦਾਤੇ ਨੂੰ ਵਿਸਾਰ ਕੇ ਮਾਇਕ ਪ੍ਰਾਪਤੀਆਂ ਲਈ ਹੁੰਦੀ ਹੈ। ਇਸ ਲਈ ਜਿਸ ਦੀ ਸਾਰੀ ਭਜ-ਦੌੜ ਹੀ ਦੇਣਹਾਰ ਪ੍ਰਭੂ ਦਾ ਲੜ ਛੱਡ ਕੇ ਦੂਜੇ ਪਾਸੇ ਭਾਵ ਕੁੜ ਵੱਲ ਹੀ ਹੁੰਦੀ ਹੈ, ਇਸੇ ਤੋਂ ਉਸਦਾ ਪ੍ਰਭੂ ਨਾਲ ਮਿਲਾਪ ਵੀ ਨਹੀਂ ਹੁੰਦਾ।

ਆਪੇ ਜੋੜਿ ਵਿਛੋੜਿਐ, ਆਪੇ ਕੁਦਰਤਿ ਦੇਇ ਦਿਖਾਇ- ਪ੍ਰਭੂ ਵਿਛੋੜੇ ਹੋਏ ਜੀਵ ਨੂੰ ਵੀ ਆਪ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਇਹ ਵੀ ਪ੍ਰਭੂ ਦੀ ਆਪਣੀ ਹੀ ਵਡਿਆਈ ਹੈ।

ਮੋਹੁ ਸੋਗੁ ਵਿਜੋਗੁ ਹੈ, ਪੂਰਬਿ ਲਿਖਿਆ ਕਮਾਇ-ਸਮੂਚੇ ਆਤਮਕ ਦੁੱਖਾਂ ਦੀ ਜੜ੍ਹ, ਮਨੁੱਖ ਦੀ ਕੂੜ ਤੇ ਮੋਹ ਮਾਇਆ ਨਾਲ ਪਕੜ ਹੁੰਦੀ ਹੈ। ਇਸੇ ਤੋਂ ਮਨੁੱਖਾ ਜੀਵਨ `ਤੇ ਵਿਕਾਰ ਭਾਰੂ ਹੁੰਦੇ ਜਾਂਦੇ ਹਨ। ਉਸਦੇ ਜੀਵਨ `ਚ ਚਿੰਤਾ-ਝੋਰੇ, ਭਟਕਣਾ, ਪ੍ਰਭੂ ਤੋਂ ਵਿਛੋੜੇ ਆਦਿ ਾ ਦੁਖ ਵਿਆਪਕ ਹੁੰਦਾ ਜਾਂਦਾ ਹੈ। ਅਜਿਹਾ ਮਨੁੱਖ ਬਣ ਚੁੱਕੇ ਅਜਿਹੇ ਮਾਰੂ ਸੁਭਾਅ ਕਾਰਣ ਹੀ, ਨਿੱਤ ਕੂੜ ਦੀ ਕਮਾਈ ਕਰਦਾ ਹੈ। ਅੰਤ ਇਹੀ ਸੰਸਕਾਰ, ਉਸਦੇ ਅਗਲੇਰੇ ਸਮੇਂ ਦੀ ਬੁਨਿਆਦ ਹੁੰਦੇ ਹਨ।

ਹਉ ਬਲਿਹਾਰੀ ਤਿਨ ਕਉ, ਜੋ ਹਰਿ ਚਰਣੀ ਰਹੈ ਲਿਵ ਲਾਇ- ਤਾਂ ਤੇ ਜਿਹੜੇ ਪ੍ਰਭੂ ਦੇ ਚਰਨਾਂ `ਚ ਆਪਣੀ ਸੁਰਤਿ ਨੂੰ ਜੋੜ ਕੇ ਚਲਦੇ ਹਨ, ਮੈਂ ਉਨ੍ਹਾਂ ਤੋਂ ਸਦਕੇ ਤੇ ਬਲਿਹਰੇ ਜਾਂਦਾ ਹਾਂ।

ਜਿਉ ਜਲ ਮਹਿ ਕਮਲੁ ਅਲਿਪਤੁ ਹੈ, ਐਸੀ ਬਣਤ ਬਣਾਇ- ਪ੍ਰਭੂ ਨੇ ਅਜਿਹੀ ਰਚਨਾ ਰਚੀ ਹੋਈ ਹੈ, ਜਿਹੜੇ ਉਸ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਉਹ ਸੰਸਾਰ `ਚ ਵੀ, ਮੋਹ ਮਾਇਆ ਤੋਂ ਨਿਰਲੇਪ ਹੋ ਕੇ ਇਉਂ ਵਿਚਰਦੇ ਹਨ ਜਿਵੇਂ ਪਾਣੀ `ਚ ਰਹਿਕੇ ਵੀ ਕਉਲ ਫੁੱਲ ਪਾਣੀ ਤੋਂ ਅਛੋਹ ਹੁੰਦਾ ਹੈ।

ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ- ਇਸ ਲਈ ਜਿਹੜੇ ਆਪਣੇ ਅੰਦਰੋਂ ਆਪਾ-ਭਾਵ, ਭਾਵ ਹਉਮੈ ਨੂੰ ਮਾਰ ਦਿੰਦੇ ਹਨ ਉਹ ਜੀਵਨ ਭਰ ਸੁਖੀ ਰਹਿੰਦੇ ਤੇ ਸੋਹਣੇ ਲੱਗਦੇ ਹਨ ਭਾਵ ਉਹ ਪ੍ਰਭੂ ਗੁਣਾਂ ਨਾਲ ਭਰਪੂਰ ਤੇ ਸੰਤੋਖੀ ਜੀਵਨ ਬਤੀਤ ਕਰਦੇ ਹਨ।

ਤਿਨੑ ਸੋਗੁ ਵਿਜੋਗੁ ਕਦੇ ਨਹੀ, ਜੋ ਹਰਿ ਕੈ ਅੰਕਿ ਸਮਾਇ-ਜਿਹੜੇ ਪ੍ਰਭੂ ਦੀ ਗੋਦ `ਚ ਟਿਕੇ ਰਹਿੰਦੇ ਹਨ ਉਨ੍ਹਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਆਦਿ ਨਹੀਂ ਵਿਆਪਦੇ ਭਾਵ ਜਿਹੜੇ ਪ੍ਰਭੂ ਦੀ ਰਜ਼ਾ ਨਾਲ ਇੱਕ ਮਿੱਕ ਹੋ ਕੇ ਚਲਦੇ ਹਨ, ਹਉਮੈ ਆਦਿ ਰੋਗ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ। ਸ਼ੰਸਾਰ `ਚ ਵਿਚਰਦੇ ਹੋਏ ਵੀ ਉਹ ਸਦਾਚਾਰਕ ਤੇ ਉੱਚੇ ਆਦਰਸ਼ਕ ਗੁਣਾਂ ਕਾਰਣ, ਪ੍ਰਭੂ ਦਾ ਰੂਪ ਹੋ ਕੇ ਹੀ ਵਿਚਰਦੇ ਹਨ। ੭।

ਗੁਰਮੱਤ ਵਿਚਾਰ ਦਰਸ਼ਨ- ਪ੍ਰਭੂ ਸਦਾ ਥਿਰ ਹਸਤੀ ਹੈ ਤੇ ਉਹ, ਗੁਰਮੁਖਾਂ ਨੂੰ ਜਨਮਾਂ ਦੇ ਗੇੜ `ਚੋਂ ਕੱਢ ਕੇ ਆਪਣੇ ਅੰਦਰ ਹੀ ਅਭੇਦ ਕਰ ਲੈਂਦਾ ਹੈ। ਜਦਕਿ ਦੂਜੇ ਜਿਹੜੇ ਪ੍ਰਭੂ ਦਾ ਲੜ ਛੱਡ ਕੇ ਸੰਸਾਰਕ ਮੋਹ ਮਾਇਆ `ਚ ਖੱਚਤ ਰਹਿੰਦੇ ਹਨ ਉਨ੍ਹਾਂ ਅੰਦਰ ਕੂੜ ਸੰਸਕਾਰਾਂ ਦੀ ਕਮਾਈ ਹੀ ਆਪਣੀਆਂ ਜੜ੍ਹਾ ਪੱਕੀਆਂ ਕਰਦੀ ਜਾਂਦੀ ਹੈ। ਇਸੇ ਕਾਰਣ ਉਨ੍ਹਾਂ ਦਾ ਪ੍ਰਭੂ ਤੋਂ ਨਿੱਤ ਫ਼ਾਸਲਾ ਵਧਦਾ ਜਾਂਦਾ ਹੈ। ਫ਼ਿਰ ਇਹ ਵੀ ਕਰਤੇ ਦੀ ਵਡਿਆਈ ਹੈ ਕਿ ਉਨ੍ਹਾਂ ਵਿਛੜਿਆਂ ਨੂੰ ਮੇਲਣ ਦੀ ਸਮ੍ਰਥਾ ਵੀ ਉਹ ਆਪ ਰਖਦਾ ਹੈ ਭਾਵ ਪ੍ਰਭੂ ਚਾਹੇ ਤਾਂ ਉਨ੍ਹਾਂ ਵਿਛੜਿਆਂ ਦੇ ਜੀਵਨ `ਚ ਵੀ ਤਬਦੀਲੀ ਲੈ ਆਉਂਦਾ ਹੈ।

ਦਰਅਸਲ ਪ੍ਰਭੂ ਨੂੰ ਵਿਸਾਰ ਕੇ ਉਸ ਦੀਆਂ ਦਾਤਾਂ ਤੇ ਮੋਹ ਮਾਇਆ `ਚ ਖੱਚਤ ਹੋਣਾ ਹੀ ਜੀਵ ਲਈ ਪ੍ਰਭੂ ਤੋਂ ਵਿਛੋੜੇ ਦਾ ਮੂਲ ਕਾਰਣ ਹੁੰਦਾ ਹੈ॥ ਅਜਿਹੇ ਮਨੁੱਖ ਅੰਦਰ ਇਸੇ ਤੋਂ ਪ੍ਰਭੂ ਤੋਂ ਵਿਛੋੜੇ ਤੇ ਫ਼ਾਸਲੇ ਵਾਲੇ ਸੰਸਕਾਰ ਹੀ ਨਿੱਤ ਪੱਕੇ ਹੁੰਦੇ ਰਹਿੰਦੇ ਹਨ।

ਤਾਂ ਤੇ ਉਹ ਧੰਨਤਾ ਦੇ ਯੋਗ ਹਨ ਜਿਹੜੇ ਮਨੁੱਖਾ ਜਨਮ ਪਾ ਕੇ ਪ੍ਰਭੂ ਦੀ ਰਜ਼ਾ `ਚ ਇੱਕ ਮਿੱਕ ਹੋ ਕੇ ਜੀਵਨ ਜੀਉਂਦੇ ਤੇ ਪ੍ਰਭੂ `ਚ ਆਪਣੀ ਲਿਵ ਜੋੜੀ ਰਖਦੇ ਹਨ, ਇਸ ਤਰ੍ਹਾਂ ਵਿਕਾਰ ਉਨ੍ਹਾਂ ਨੂੰ ਪੋਹ ਨਹੀਂ ਸਕਦੇ। ਉਹ ਸੰਸਾਰ `ਚ ਇਸ ਤਰ੍ਹਾਂ ਵਿਚਰਦੇ ਹਨ ਜਿਵੇਂ ਪਾਣੀ `ਚ ਕਉਲ ਫੁਲ। ਅਜਿਹੇ ਜੀਉੜਿਆਂ ਦੇ ਜੀਵਨ ਅੰਦਰੋ ਸਦਾ ਪ੍ਰਭੂ ਦੇ ਗੁਣ ਹੀ ਛਲਕਦੇ ਹਨ ਤੇ ਜੀਵਨ ਵੀ ਸ਼ੋਭਨੀਕ ਹੁੰਦੇ ਹਨ। ਉਨ੍ਹਾਂ ਦੇ ਜੀਵਨ `ਤੇ ਸੰਸਾਰਕ ਦੁਖ-ਸੁਖ ਆਪਣਾ ਪ੍ਰਭਾਵ ਨਹੀ ਪਾ ਸਕਦੇ। ਉਹ ਜੀਂਦੇ ਜੀਅ ਵੀ ਕਰਤੇ `ਚ ਅਭੇਦ ਹੋ ਕੇ ਜੀਉਂਦੇ ਹਨ ਤੇ ਮੌਤ ਤੋਂ ਬਾਅਦ ਵੀ ਉਸੇ `ਚ ਸਮਾ ਜਾਂਦੇ ਹਨ, ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆੳਂਦੇ।

ਪਉੜੀ ਤੇ ਸਲੋਕਾਂ `ਚ ਆਪਸੀ ਸਾਂਝ- ਦੇਖਣਾ ਹੈ ਕਿ ਪਉੜੀ ਨਾਲ ਸੰਬੰਧਤ ਸਲੋਕਾਂ `ਚ ਮੂਲ ਵਿਸ਼ਾ ਗੁਰਮੁਖ ਤੇ ਮਨਮੁਖ ਦਾ ਹੀ ਹੈ। ਗੁਰਦੇਵ ਨੇ ਉਥੇ ਇਸ ਗ੍ਰੁਰੂ, ਨਾਮ ਅੰਮ੍ਰਿਤ ਤੇ ਪ੍ਰਭੂ ਪਿਆਰਿਆਂ ਦੇ ਮਾਨਸਿਕ ਖੇੜੇ ਵਾਲੇ ਵਿਸ਼ੇ ਨੂੰ ਬੱਦਲ, ਬਰਖਾ ਤੇ ਸੰਸਾਰਕ ਹਰਿਆਵਲ ਦੇ ਰੂਪ `ਚ ਬਿਆਣਿਆ ਹੈ। ਜਦਕਿ ਨਾਲ ਹੀ ਦੋਵੇਂ ਪ੍ਰਕਰਣ ਇਕੱਠੇ ਵਰਤ ਕੇ ਸਾਬਤ ਕੀਤਾ ਹੈ ਕਿ ਇਹ ਲੋੜ ਸੰਸਾਰ ਤਲ ਦੀ ਹੋਵੇ ਜਾਂ ਪ੍ਰਭੂ ਪਿਆਰਿਆਂ ਦੀ ਪਰ ਇਹ ਸਭ ਕੇਵਲ ਪ੍ਰਭੂ ਦੇ ਹੁਕਮ ਤੇ ਉਸੇ ਦੀ ਬਖ਼ਸ਼ਿਸ਼ ਸਦਕਾ ਹੀ ਸਿਰ ਚੜ੍ਹਦੀ ਹੈ, ਜਿਵੇਂ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ” ਅਤੇ ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ॥ ਜਿਤੁ ਖਾਧੈ ਸੁਖੁ ਉਪਜੈ ਫਿਰਿ ਦੂਖੁ ਨ ਲਾਗੈ ਆਇ”

ਉਪ੍ਰੰਤ ਪਉੜੀ `ਚ ਵੀ ਮੂਲ ਵਿਸ਼ਾ ਗੁਰਮੁਖਾਂ ਤੇ ਮਨਮੁਖਾਂ ਦਾ ਹੀ ਹੈ ਪਰ ਬਦਲਵੀਂ ਸ਼ਬਦਾਵਲੀ `ਚ॥ ਜਿਵੇਂ ਗੁਰਮੁਖਾਂ ਲਈ ਸ਼ਬਦਾਵਲੀ ਹੈ “ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ॥ ਤਿਨੑ ਸੋਗੁ ਵਿਜੋਗੁ ਕਦੇ ਨਹੀ, ਜੋ ਹਰਿ ਕੈ ਅੰਕਿ ਸਮਾਇ” ਜਦਕਿ ਮਨਮੁਖਾਂ ਲਈ ਸ਼ਬਦਾਵਲੀ ਹੈ “ਮੋਹੁ ਸੋਗੁ ਵਿਜੋਗੁ ਹੈ, ਪੂਰਬਿ ਲਿਖਿਆ ਕਮਾਇ”। (ਚਲਦਾ) #Instt. 9.7 Mlkiv.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.