.

ਲਹੂ-ਭਿੱਜੀ ਸਰਹਿੰਦ

ਕਿਸ਼ਤ ਪੰਜਵੀਂ-ਸੁਖਜੀਤ ਸਿੰਘ ਕਪੂਰਥਲਾ

(Chapter 5/7)

ਸਾਹਿਬਜਾਦਿਆਂ ਦੀਆਂ ਕਚਹਿਰੀ ਵਿੱਚ ਪੇਸ਼ੀਆਂ

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਕਿਸ਼ਤ ਨੰ. 4 ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)

ਬਾਬਾ ਫ਼ਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਜਿਨ੍ਹਾਂ ਦੀ ਲਗਭਗ ਉਮਰ ਹੈ ਛੋਟੇ ਦੀ 6 ਸਾਲ ਅਤੇ ਵੱਡੇ ਦੀ 8 ਸਾਲ। ਇਹ 6 ਤੇ 8 ਸਾਲ ਦੀ ਸਰੀਰਕ ਆਰਜਾ ਹੈ। ਪਰ ਇਹਨਾਂ ਲਈ “ਬਾਬਾ” ਸ਼ਬਦ ਵਰਤਣੇ ਵੀ ਜਰੂਰੀ ਹਨ ਕਿਉਂਕਿ ਅਸੀਂ ਇਹਨਾ ਸਾਹਿਜਾਦਿਆਂ ਨੂੰ ਆਖਦੇ ਹਾਂ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ।

ਕਦੀ ਕਿਸੇ ਨੇ ਕਿਸੇ ਵੀ ਬੱਚੇ ਨੂੰ “ਬਾਬਾ” ਨਹੀਂ ਆਖਿਆ। ਬਾਬਾ ਤਾਂ ਆਖਦੇ ਹਨ, 60-70 ਸਾਲ ਦੇ ਮਨੁੱਖ ਨੂੰ, ਜਿਸ ਦੇ ਚਿਹਰੇ ਤੇ ਝੁਰੜੀਆਂ ਪੈ ਗਈਆ ਹੋਣ, ਧਉਲਿਆਂ ਨਾਲ ਦਾੜ੍ਹਾ ਤੇ ਸਿਰ ਭਰਿਆ ਹੋਵੇ, ਪਰ ਇਹ 8-6 ਸਾਲ ਦੀ ਸਰੀਰਕ ਆਰਜਾ ਵਿੱਚ ਇਹਨਾਂ ਨੂੰ “ਬਾਬਾ” ਆਖਿਆ ਗਿਆ ਹੈ ਕਿਉਂ?

ਮੈਂ ਇਤਿਹਾਸਕ ਦਲੀਲ ਦੇ ਕੇ ਆਪ ਜੀ ਦੇ ਸਾਹਮਣੇ ਇਹ ਜਵਾਬ ਦਿਆਂ। ਇਹਨਾਂ ਨੂੰ ਬਾਬਾ ਕਹਿਣ ਦੀ ਸ਼ੁਰੂਆਤ ਕਿਥੋਂ ਹੋਈ।

ਸੰਨ 1699 ਈ. ਦੀ ਵਿਸਾਖੀ, ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪਵਿੱਤਰ ਅਸਥਾਨ। ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰਿਆਂ ਦੀ ਸਾਜਨਾ ਕਰਦੇ ਹਨ। ਬਾਅਦ ਵਿੱਚ ਉਸੇ ਦਿਨ ਪਹਿਲਾਂ ਸਾਹਿਬਜਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਅੰਮ੍ਰਿਤਪਾਨ ਕੀਤਾ। ਫਿਰ ਮਾਂ ਗੁਜਰੀ ਨੇ ਤੀਸਰੇ ਸਾਹਿਬਜਾਦੇ ਜੋਰਾਵਰ ਸਿੰਘ ਨੂੰ ਵੀ ਤਿਆਰ ਕਰਕੇ ਅੰਮ੍ਰਿਤ ਛਕਣ ਲਈ ਲੈ ਆਂਦਾ। ਉਸ ਸਮੇਂ ਉਸ ਦੀ ਸਰੀਰਕ ਆਰਜਾ ਲਗਭਗ 4 ਸਾਲ ਦੀ ਸੀ। ਉਸ ਸਮੇਂ ਮਾਤਾ ਸੁੰਦਰੀ ਜੀ ਕਹਿਣ ਲੱਗੇ ਕਿ ਇਹ ਤਾਂ ਅਜੇ ਛੋਟਾ ਹੈ। ਉਸ ਵਕਤ ਭਰੋਸੇ ਦੀ ਮੂਰਤ ਮਾਂ ਗੁਜਰੀ ਨੇ ਬੜਾ ਬਾ-ਕਮਾਲ ਸ਼ਬਦ ਆਖੇ ਸਨ ਕਿ ਇਹ ਬਹੁਤ ਉੱਚ ਅਵਸਥਾ ਦਾ ਸੁਆਮੀ ਹੈ ਤੇ ਇਹ ਛੋਟਾ ਨਹੀਂ ਹੈ, ਇਹ ਬਾਬਾ ਹੈ। ਉਥੋਂ ਹੀ ਇਹ ਲਫ਼ਜ਼ ਮਾਤਾ ਗੁਜਰੀ ਜੀ ਦਾ ਬਖ਼ਸ਼ਿਆ ਹੋਇਆ ਹੈ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਉਹ ਕਾਰਨਾਮੇ ਕਰ ਕੇ ਵਿਖਾ ਦਿੱਤੇ ਜੋ ਕਾਰਨਾਮੇ ਵੱਡੇ-ਵੱਡੇ ਬਾਬੇ ਵੀ ਨਾ ਕਰ ਸਕਣ ਜੋ ਇਹਨਾਂ ਨੇ ਗੁਰੂ ਕਲਗੀਧਰ ਦੀ ਰਹਿਮਤ ਦੇ ਨਾਲ, ਪ੍ਰਮੇਸ਼ਰ ਦੀ ਬਖ਼ਸ਼ਿਸ਼ ਦੇ ਨਾਲ ਕਰ ਕੇ ਵਿਖਾ ਦਿੱਤੇ।

ਕਲਗੀਧਰ ਦੇ ਲਾਡਲੇ, ਜਿਨਾਂ ਦੀ ਗਾਥਾ ਅਸੀਂ ਪੜ੍ਹ ਰਹੇ ਹਾਂ, ਵਜ਼ੀਰ ਖ਼ਾਂ ਦੇ ਸਾਹਮਣੇ ਪੇਸ਼ ਹੋ ਗਏ। ਵਜ਼ੀਰ ਖ਼ਾਂ ਦਾ ਪੇਸ਼ੀਆਂ ਤੇ ਬਾਰ-ਬਾਰ ਬੁਲਾਉਣ ਦਾ ਇਹੀ ਮਨਸ਼ਾ ਸੀ ਕਿ ਕਿਤੇ ਇਹਨਾਂ ਦਾ ਪਿਤਾ ਮਮਤਾ ਵਿੱਚ ਬੰਨਿਆ ਹੋਇਆ, ਮੇਰੇ ਕੋਲ ਆ ਕੇ ਪੇਸ਼ ਹੋ ਜਾਵੇ।

ਖ਼ਿਆਲ ਕਰਿਉ! ਕਿਸੇ ਨੂੰ ਵੀ ਆਪਣੇ ਨਿਸ਼ਾਨੇ ਤੋਂ ਬਦਲਾਉਣ ਲਈ, ਪਤਿਆਉਣ ਲਈ, ਤਿੰਨ ਤਰੀਕੇ ਹਨ। ਉਸ ਨੂੰ ਅਥਾਹ ਪਿਆਰ ਕੀਤਾ ਜਾਵੇ, ਉਸ ਨੂੰ ਲਾਲਚ ਦਿੱਤਾ ਜਾਵੇ ਜਾਂ ਫਿਰ ਉਸਨੂੰ ਡਰਾਇਆ ਜਾਵੇ।

ਪਰ ਜਦੋਂ ਅਸੀਂ ਕਲਗੀਧਰ ਦੇ ਲਾਡਲਿਆਂ ਨੂੰ ਉਹਨਾਂ ਦੇ ਇਤਿਹਾਸ ਨੂੰ ਜਾਣਾਂਗੇ ਤਾਂ ਸਾਨੂੰ ਪਤਾ ਲਗੇਗਾ ਕਿ ਉਹਨਾਂ ਮਹਾਨ ਸਪੁੱਤਰਾਂ ਤੇ ਤਿੰਨ ਤਰੀਕੇ ਪੂਰਨ ਤੌਰ ਤੇ ਅਜ਼ਮਾਏ ਗਏ। ਕਲਗੀਧਰ ਦੇ ਲਾਡਲੇ, ਇਹਨਾਂ ਤਿੰਨੇ ਹੀ ਤਰੀਕਿਆਂ ਵਿਚੋ ਅਕਾਲ ਪੁਰਖ ਦੀ ਮਿਹਰ ਨਾਲ ਪੂਰਨ ਤੌਰ ਤੇ ਸਫਲਤਾ ਨਾਲ ਪ੍ਰਵਾਨ ਹੋ ਗਏ। ਇਹ ਤਰੀਕੇ ਸਾਹਿਬਜਾਦਿਆਂ ਦੇ ਪੂਰੇ ਦਬਾਅ ਨਾਲ ਅਜ਼ਮਾਏ ਗਏ। ਪਰ ਉਹ ਡੋਲੇ ਨਹੀ। ਲਾਡਲਿਆਂ ਨੂੰ ਕਹਿੰਦੇ ਕਿ ਧਰਮ ਛੱਡ ਕੇ ਮੁਸਲਮਾਨ ਹੋ ਜਾਓ, ਤੁਹਾਨੂੰ ਹੂਰਾਂ ਮਿਲਣਗੀਆਂ, ਵੱਡੇ ਹੋ ਕੇ ਤੁਹਾਨੂੰ ਨਵਾਬਾਂ ਦੀਆਂ ਬੇਟੀਆਂ ਦੇ ਡੋਲੇ ਮਿਲਣਗੇ। ਧਰਮ ਤਿਆਗਣ ਦੀ ਬਾਤ ਨੂੰ ਲੈ ਕੇ ਭਰੀ ਕਚਹਿਰੀ ਵਿੱਚ ਲਾਡਲਿਆਂ ਨੇ ਵਜ਼ੀਰ ਖ਼ਾਂ ਨੂੰ ਪਤਾ ਕੀ ਆਖਿਆ? ਇੱਕ ਕਵੀ ਲਿਖਦਾ ਹੈ-

ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ।

ਸੀਸ ਦਿੱਤਾ ਜਿਸ ਦਿੱਲੀ ਜਾ ਕੇ, ਅਸੀਂ ਉਸ ਦਾਦੇ ਦੇ ਪੋਤੇ।

ਕਿਉਂਕਿ ਵਾਰਿਸ ਕਿਸ ਦੇ ਨੇ।

ਗੁਰੂ ਤੇਗ ਬਹਾਦਰ ਸਾਹਿਬ ਦੇ।

ਗੁਰੂ ਹਰਿਗੋਬਿੰਦ ਸਾਹਿਬ ਦੇ।

ਗੁਰੂ ਅਰਜਨ ਦੇਵ ਜੀ ਦੇ।

ਗੁਰੂ ਨਾਨਕ ਦੇਵ ਜੀ ਦੇ ਵਿਰਸੇ ਦੇ ਵਾਰਿਸ ਕਿਵੇਂ ਡੋਲ ਸਕਦੇ ਸੀ?

ਜਦੋਂ ਬੱਚਿਆਂ ਨੂੰ ਸਿਪਾਹੀ ਲੈ ਕੇ ਕਚਹਿਰੀ ਵੱਲ ਨੂੰ ਤੁਰੇ ਆ ਰਹੇ ਸੀ ਤਾਂ ਰਸਤੇ ਵਿੱਚ ਉਹ ਸਿਪਾਹੀ ਬੱਚਿਆਂ ਨੂੰ ਸਮਝਾਉਂਦੇ ਆਏ “ਬੱਚਿਉ! ਜਿਸ ਤਰਾਂ ਕਚਹਿਰੀ ਵਿੱਚ ਜਾ ਕੇ ਨਵਾਬ ਨੂੰ ਅਸੀਂ ਸਲਾਮ ਕਰਾਂਗੇ ਤੁਸੀਂ ਵੀ ਉਸੇ ਤਰ੍ਹਾਂ ਸਲਾਮ ਕਰਿਉ,

ਉਹ ਬਹੁਤ ਜ਼ਾਲਮ ਹੈ, ਉਹ ਗੁੱਸੇ ਵਿੱਚ ਆ ਕੇ ਪਤਾ ਨਹੀਂ ਕੀ ਕਰ ਦੇਵੇਗਾ। ਜੇਕਰ ਤੁਸੀਂ ਉਸ ਨੂੰ ਸਲਾਮ ਕਰੋਗੇ ਤਾਂ ਹੋ ਸਕਦਾ ਹੈ ਕਿ ਉਹ ਖ਼ੁਸ਼ ਹੋ ਕੇ ਤੁਹਾਡੀ ਜਾਨ ਬਖ਼ਸ਼ੀ ਕਰ ਦੇਵੇ ਤੇ ਜੇਕਰ ਸਲਾਮ ਨਾ ਕੀਤੀ ਤਾਂ ਫਿਰ ਉਹ ਜਾਲਮ ਵੀ ਬੜਾ ਜੇ। “ ਇਨ੍ਹਾਂ ਨਸੀਹਤਾਂ ਨਾਲ ਬੱਚਿਆਂ ਨੂੰ ਭਰਮਾਇਆ ਵੀ ਜਾ ਰਿਹਾ ਹੈ ਤੇ ਡਰਾਵੇ ਵੀ ਦਿੱਤੇ ਜਾ ਰਹੇ ਹਨ।

ਕਲਗੀਧਰ ਦੇ ਲਾਡਲੇ ਜਦੋਂ ਕਚਹਿਰੀ ਵਿੱਚ ਪਹੁੰਚੇ ਤਾਂ ਸਿਪਾਹੀ ਨਵਾਬ ਵਜ਼ੀਰ ਖ਼ਾਂ ਨੂੰ ਸਲਾਮਾਂ ਪਏ ਕਰਦੇ ਸੀ, ਪਰ ਲਾਡਲਿਆਂ ਨੇ ਕੋਈ ਸਲਾਮ ਨਾ ਕੀਤੀ। ਬੱਚਿਆਂ ਨੇ ਉਹੀ ਕੀਤਾ ਜੋ ਉਹਨਾਂ ਅੰਦਰ ਭਾਵਨਾਵਾਂ ਸਨ। ਬੱਚਿਆਂ ਨੇ ਕਚਹਿਰੀ ਦੇ ਅੰਦਰ ਖੜੇ ਹੋ ਕੇ ਜ਼ੋਰ ਦੀ ਫ਼ਤਹਿ ਗਜਾਈ

ਵਾਹਿਗੁਰੂ ਜੀ ਕਾ ਖ਼ਾਲਸਾ।।

ਵਾਹਿਗੁਰੂ ਜੀ ਕੀ ਫ਼ਤਿਹ।।

ਇਹ ਸੁਣ ਕੇ ਨਵਾਬ ਵਜ਼ੀਰ ਖ਼ਾਂ ਕਹਿਣ ਲੱਗਾ “ਉਏ ਗੁਸਤਾਖ ਬੱਚਿਓ! ਇਹ ਤੁਹਾਡੇ ਪਿਤਾ ਦਾ ਅਨੰਦਪੁਰ ਨਹੀਂ ਹੈ, ਇਹ ਵਜ਼ੀਰ ਖ਼ਾਂ ਦੀ ਕਚਹਿਰੀ ਹੈ। ਝੁਕ ਕੇ ਸਲਾਮ ਕਰੋ। “ ਤਾਂ ਕਲਗੀਧਰ ਦੇ ਲਾਡਲੇ ਕਹਿਣ ਲੱਗੇ-

ਜੋ ਹਮ ਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ,

ਕਿਸੀ ਅਉਰ ਕੋ ਸਲਾਮ ਨਹੀਂ ਕਰਤੇ।

ਇਥੇ ਖ਼ਿਆਲ ਕਰਿਉ ਕਿ ਸਾਹਿਬਜਾਦਿਆਂ ਦਾ ਜਵਾਬ ਜੇਕਰ ਸਾਡੀ ਸਮਝ ਵਿੱਚ ਆ ਗਿਆ ਹੋਵੇ ਤਾਂ ਸਾਨੂੰ ਪੱਲ੍ਹੇ ਬੰਨ ਲੈਣਾ ਚਾਹੀਦਾ ਹੈ। ਜੇਕਰ ਅਸੀਂ ਪੱਲੇ ਬੰਨ ਲਵਾਂਗੇ ਤਾਂ ਫਿਰ ਅਸੀਂ ਵੀਰਵਾਰ ਨੂੰ ਹੱਥ ਵਿੱਚ ਤੇਲ ਦੀ ਸ਼ੀਸ਼ੀ ਫੜ ਕੇ ਦਰਗਾਹਾਂ ਤੇ, ਮੜੀਆ-ਮਸਾਣਾਂ, ਕਬਰਾਂ ਤੇ ਜਾ ਕੇ ਦੀਵਿਆਂ ਵਿੱਚ ਤੇਲ ਨਹੀਂ ਪਾਵਾਂਗੇ। ਕਿਤੇ ਸ਼ਨੀਵਾਰ ਨੂੰ ਸ਼ਨੀ ਦੇਵਤੇ ਨੂੰ ਨਹੀਂ ਮਨਾਵਾਂਗੇ, ਕਿਤੇ ਐਤਵਾਰ ਕੰਨਾਂ ਵਿੱਚ ਫ਼ੂਕਾਂ ਮਾਰਨ ਵਾਲਿਆਂ ਦੇ ਡੇਰਿਆਂ ਤੇ ਜਾ ਕੇ ਨੱਕ ਨਹੀ ਰਗੜਾਂਗੇ। ਪਰ ਸ਼ਰਤ ਹੈ ਕਿ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਦਾ ਜਵਾਬ ਜੇਕਰ ਸਮਝ ਲਈਏ, ਕੀ ਜੁਆਬ ਸੀ?

ਜੋ ਹਮਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ,

ਕਿਸੀ ਅਉਰ ਕੋ ਸਲਾਮ ਨਹੀਂ ਕਰਤੇ।

ਇਥੇ ਮੈਂ ਇਸ ਜਵਾਬ ਨੂੰ ਲੈ ਕੇ ਇਸ ਗਾਥਾ ਨੂੰ ਥੋੜਾ ਅੱਗੋਂ ਦਸਣਾ ਚਾਹਾਂਗਾ, ਫਿਰ ਦੁਬਾਰਾ ਇਥੇ ਇਸੇ ਬਾਤ ਤੇ ਆ ਜਾਵਾਂਗਾ। ਜਦੋਂ “ਰਾਇ ਕੱਲੇ” ਦਾ ਭੇਜਿਆ ਹੋਇਆ ਹਰਕਾਰਾ “ਨੂਰਾ ਮਾਹੀ” ਵਾਪਸ ਆ ਕੇ ਕਲਗੀਧਰ ਪਾਤਸ਼ਾਹ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਗਾਥਾ ਸੁਣਾਉਂਦਾ ਹੈ ਤਾਂ ਕਲਗੀਧਰ ਪਾਤਸ਼ਾਹ ਨੂਰੇ ਮਾਹੀ ਨੂੰ ਕਹਿੰਦੇ ਹਨ ਕਿ ਨੂਰੇ ਮਾਹੀ! ਮੈਨੂੰ ਜ਼ਰਾ ਵਿਸਥਾਰ ਨਾਲ ਦੱਸ ਕਿ ਮੇਰੇ ਸਾਹਿਬਜਾਦਿਆਂ ਨੇ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ੀਆਂ ਕਿਸ ਤਰਾਂ ਭੁਗਤੀਆਂ? ਨੂਰੇ ਮਾਹੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ, ਜਿਵੇਂ ਉਹ ਗਾਥਾ ਬਿਆਨ ਕੀਤੀ, ਕਵੀ ਕਰਤਾਰ ਸਿੰਘ ਬੱਲਗਣ ਨੇ ਬੜੇ ਸੁੱਚਜੇ ਸ਼ਬਦਾਂ ਵਿੱਚ ਕਲਮਬੱਧ ਕੀਤਾ ਹੈ।

ਨੂਰਾ ਮਾਹੀ ਕਲਗੀਧਰ ਪਾਤਸ਼ਾਹ ਨੂੰ ਗਾਥਾ ਹੂ-ਬੂ-ਹੂ ਸੁਣਾ ਰਿਹਾ ਹੈ।

ਦਾਤਾ! ਜਾਂਦਿਆਂ ਭਰੇ ਦਰਬਾਰ ਅੰਦਰ,

ਸਾਹਿਬਜਾਦਿਆਂ ਫ਼ਤਹਿ ਗਜਾ ਦਿੱਤੀ।

ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ,

ਤਸਬੀਹ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ।

ਸੂਬੇ ਆਖਿਆ! ਕਰੋ ਸਲਾਮ ਮੁੰਡਿਓ,

ਉਨ੍ਹਾਂ ਸਾਹਮਣੇ ਜੁੱਤੀ ਵਿਖਾ ਦਿੱਤੀ।

ਉਨ੍ਹਾਂ ਜਦੋਂ ਤਲਵਾਰ ਦਾ ਖ਼ੌਫ ਦਿੱਤਾ,

ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ।

ਪਾਤਸ਼ਾਹ ਤੇਰੇ ਲਾਲਾਂ ਦਾ ਝੂਠੇ ਸ਼ਹਿਨਸ਼ਾਹਾ ਅੱਗੇ ਸੀਸ ਨਾ ਝੁਕਿਆ, ਕਿਉਂਕਿ ਲਾਡਲੇ ਆਖਦੇ ਸਨ ਕਿ:

ਜ਼ੁਲਮ ਦੇ ਅੱਗੇ ਸੀਸ ਅਸਾਡਾ,

ਨਾ ਝੁਕਿਐ ਨਾ ਝੁਕਣੈ ਖ਼ਾਨਾ।

ਤੇਰੀਆਂ ਰੰਬੀਆਂ ਛਵੀਆਂ ਪਾਸੋਂ,

ਤੇਰੀਆ ਤੇਜ਼ ਕਟਾਰਾਂ ਪਾਸੋਂ

ਗੁਰੂ ਗੋਬਿੰਦ ਸਿੰਘ ਦਾ ਲਹੂ ਅਣਖੀਲਾ,

ਨਾ ਮੁੱਕਣੈ ਨਾ ਸੁਕਣੈ ਖ਼ਾਨਾ।

(ਪ੍ਰੀਤਮ ਸਿੰਘ ‘ਕਾਸਿਦ`)

ਇਹ ਗੱਲ ਦੱਸਣ ਦਾ ਮੇਰਾ ਮਤਲਬ ਇਹ ਸੀ ਕਿ ਸਾਡੇ ਬਹੁਤਾਤ ਸਿੱਖਾਂ ਦਾ ਸੀਸ ਦਰ-ਦਰ ਤੇ ਝੁਕ ਰਿਹਾ ਹੈ, ਇਸ ਦਾ ਮਤਲਬ ਇਹੀ ਹੋਇਆ ਕਿ ਸਾਡੇ ਸਰੀਰ ਵਿੱਚ ਕਲਗੀਧਰ ਪਿਤਾ ਦੇ ਖ਼ੂਨ ਦਾ ਇੱਕ ਵੀ ਕਤਰਾ ਨਹੀ ਹੈ ਜਾਂ ਅਸੀਂ ਕਲਗੀਧਰ ਪਾਤਸ਼ਾਹ ਨੂੰ ਆਪਣਾ ਪਿਤਾ ਨਹੀ ਮੰਨਿਆ। ਜੇ ਅਸੀਂ ਕਲਗੀਧਰ ਨੂੰ ਪਿਤਾ ਮੰਨ ਲਈਏ ਤਾਂ ਫਿਰ ਸਾਹਿਬਜਾਦੇ ਸਾਡੇ ਭਾਈ ਨੇ ਤੇ ਉਹਨਾਂ ਵਾਂਗ ਉਹਨਾਂ ਦੇ ਪੂਰਨਿਆਂ ਤੇ ਸਾਨੂੰ ਚਲਣਾ ਪੈਣਾ ਹੈ।

ਜੋਗੀ ਅੱਲ੍ਹਾ ਯਾਰ ਖ਼ਾਂ ਸਾਹਿਬਜਾਦਿਆਂ ਦੀਆਂ ਬਾਤਾਂ ਨੂੰ ਆਪਣੇ ਸ਼ਬਦਾਂ ਵਿੱਚ ਕਲਮ-ਬੱਧ ਕਰਦਾ ਕਹਿ ਰਿਹਾ ਹੈ-

ਤਸਲੀਮ ਕਰਕੇ ਦਾਦੀ ਸੇ ਬੱਚੇ ਜੁਦਾ ਹੂਏ।

ਦਰਬਾਰ ਮੇਂ ਨਵਾਬ ਕੇ ਦਾਖ਼ਿਲ ਵੁਹ ਆ ਹੂਏ।

ਹੁਣ ਸਾਹਿਬਜਾਦੇ ਨਵਾਬ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ੀ ਲਈ ਆ ਪਹੁੰਚੇ।

ਥੀ ਪਯਾਰੀ ਸੂਰਤੋਂ ਸੇ ਸ਼ੁਜਾਅਤ ਬਰਸ ਰਹੀ।

ਨੰਨ੍ਹੀ ਸੀ ਸੂਰਤੋਂ ਸੇ ਥੀ ਜ਼ੁਰਅਤ ਬਰਸ ਰਹੀ।

ਰੁਖ਼ ਪਰ ਨਵਾਬ ਕੇ ਥੀ ਸ਼ਕਾਵਤ ਬਰਸ ਰਹੀ।

ਰਾਜੋਂ ਕੋ ਮੂੰਹ ਪਿ ਸਾਫ਼ ਥੀ ਲਾਅਨਤ ਬਰਸ ਰਹੀ।

ਬੜੀਆਂ ਪਿਆਰੀਆਂ ਸੂਰਤਾਂ ਸਨ, ਸਾਹਿਬਜਾਦਾ ਫ਼ਤਹਿ ਸਿੰਘ ਅਤੇ ਸਾਹਿਬਜਾਦਾ ਜ਼ੋਰਾਵਰ ਸਿੰਘ ਦੀਆਂ ਬੀਰਤਾ ਉਹਨਾਂ ਦੇ ਚਿਹਰੇ ਤੋਂ ਡਲਕ-ਡਲਕ ਪੈਂਦੀ ਸੀ।

ਇਸ ਦੇ ਉਲਟ ਨਵਾਬ ਵਜ਼ੀਰ ਖ਼ਾਂ ਨੇ ਤੱਕਿਆ ਕਿ ਸਾਹਿਬਜਾਦੇ ਤਾਂ ਫ਼ਤਹਿ ਬੁਲਾਉਂਦੇ ਨੇ, ਤਾਂ ਨਵਾਬ ਵਜ਼ੀਰ ਖ਼ਾਂ ਦੇ ਚਿਹਰੇ ਦੀਆਂ ਹਵਾਈਆਂ ਉੱਡਣ ਲੱਗ ਪਈਆਂ। ਵਜ਼ੀਰ ਖ਼ਾਂ ਕਹਿੰਦਾ, ਮੈਂ ਤਾਂ ਬੜਾ ਸੋਚ ਰਿਹਾ ਸੀ ਕਿ ਇਹ ਨਿੱਕੇ-ਨਿੱਕੇ ਬੱਚੇ ਹਨ ਤੇ ਮੈਂ ਇਹਨਾਂ ਨੂੰ ਲਾਲਚ ਵਿੱਚ ਐਵੇਂ ਲੈ ਆਉਣਾ ਹੈ, ਮੈਂ ਤਾਂ ਇਹਨਾਂ ਨੂੰ ਪਿਆਰ ਨਾਲ ਭਰਮਾ ਲੈਣਾ ਹੈ। ਪਰ ਪਤਾ ਨਹੀ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਹਨ। ਜਿਹੜੇ ਦਰਬਾਰੀ ਰਾਜ ਦਰਬਾਰ ਅੰਦਰ ਉਸ ਦੇ ਸਾਹਮਣੇ ਬੈਠੇ ਹੋਏ ਸਨ, ਉਹਨਾਂ ਦੇ ਚਿਹਰਿਆਂ ਤੇ ਵੀ ਲਾਹਨਤ ਬਿਖਰੀ ਪਈ ਸੀ।

ਸਾਹਿਬਜਾਦਿਆਂ ਨੇ ਆਖਿਆ “ਅਸੀਂ ਰੱਬ ਤੋਂ ਬਗੈਰ ਕਿਸੇ ਅੱਗੇ ਸੀਸ ਨਹੀ ਝੁਕਾਉਂਦੇ। ਇਹ ਸਿੱਖਿਆ ਸਾਡੇ ਪਿਤਾ ਗੁਰੂ ਕਲਗੀਧਰ ਨੇ ਸਾਨੂੰ ਦਿੱਤੀ ਹੈ। “

ਬਚੋਂ ਕਾ ਰੁਅਬ ਛਾ ਗਯਾ ਹਰ ਇੱਕ ਮੁਸ਼ੀਰ ਪਰ।

ਲਰਜ਼ਾ ਸਾ ਪੜ੍ਹ ਗਯਾ ਥਾ ਅਮੀਰੋ-ਵਜ਼ੀਰ ਪਰ।

ਪਹਿਲੀ ਪੇਸ਼ੀ ਦੇ ਦੌਰਾਨ ਸਾਹਿਬਜਾਦਿਆਂ ਦਾ ਰੋਅਬ ਸਾਰੇ ਦਰਬਾਰੀਆਂ ਅਤੇ ਵਜ਼ੀਰ ਖ਼ਾਂ ਤੇ ਛਾਂ ਗਿਆ। ਇਸ ਦੇ ਉਲਟ ਜਿਹੜੇ ਦਰਬਾਰੀ, ਜਿਹੜੇ ਵਜ਼ੀਰ ਖਾਂ ਦੀ ਕਚਿਹਰੀ ਦੇ ਅੰਦਰ ਬੈਠੇ ਸਨ ਉਹਨਾਂ ਦੇ ਸਰੀਰਾਂ ਨੂੰ ਕੰਬਣੀਆਂ ਛਿੜ ਗਈਆਂ। ਇੰਨੀ ਛੋਟੀ ਉਮਰ ਦੇ ਬਾਲਕ ਇੰਨੀਆਂ ਦ੍ਰਿੜਤਾ ਦੀਆਂ ਗੱਲਾਂ ਇਹ ਹੁਣੇ ਹੀ ਕਰਦੇ ਪਏ ਨੇ, ਉਹ ਹੈਰਾਨ ਹੋ ਗਏ।

ਨਾਜ਼ਿਮ ਕੀ ਬਾਤ ਬਾਤ ਪਰ ਰੁਕਨੇ ਲਗੀ ਜ਼ਬਾਂ।

ਖ਼ੁਦ ਕੋ ਸੰਭਾਲ ਕਰ ਕੇ ਵੁਹ ਕਹਨੇ ਲਗਾ ਕਿ ਹਾਂ।

ਖ਼ਾਹਾਂ ਹੋ ਮੌਤ ਕੇ ਯਾ ਤੁਮੇਂ ਚਾਹੀਏ ਅਮਾਂ।

ਬਤਲਾਓ ਸਾਫ਼ ਸਾਫ਼ ਅਬ ਐ ਆਲੀ ਖ਼ਾਨਦਾ।

ਵਜ਼ੀਰ ਖ਼ਾਂ ਨੇ ਆਪਣੇ ਆਪ ਸੰਭਾਲਿਆ ਪਰ ਉਸਦੀ ਜ਼ਬਾਨ ਸਾਥ ਨਹੀ ਦੇ ਰਹੀ, ਉਸ ਦਾ ਸਰੀਰ ਠੰਡਾ ਹੋ ਗਿਆ। ਉਹ ਥੋੜਾ ਸੰਭਲਿਆ ਤੇ ਸਾਹਿਬਜਾਦਿਆਂ ਨੂੰ ਸੰਬੋਧਨ ਹੋ ਕੇ ਬੋਲਿਆ “ਹੁਣ ਤੁਸੀਂ ਦੱਸੋਂ ਬੱਚਿਉ ਤੁਹਾਨੂੰ ਮੌਤ ਚਾਹੀਦੀ ਹੈ ਕਿ ਪਨਾਹ ਚਾਹੀਦੀ ਹੈ। ਬੱਚਿਉ! ਮੈਨੂੰ ਪਤਾ ਹੈ ਕਿ ਤੁਸੀਂ ਉੱਚ ਖਾਨਦਾਨ ਦੇ ਵਾਰਿਸ ਹੋ, ਇਸ ਲਈ ਮੈਨੂੰ ਸਾਫ਼ ਸਾਫ਼ ਦੱਸ ਦਿਉ। “

ਇਸ ਦਮ ਕੋ ਕਬੂਲ ਕਰੋਂ ਅਗਰ ਸ਼ਾਹ ਕੇ ਦੀਨ ਕੋ।

ਫਿਰ ਆਸਮਾਂ ਬਨਾ ਦੂੰ ਤੁਮਾਰੀ ਜਮੀਨ ਕੋ।

ਸ਼ਾਹ ਕੇ ਦੀਨ ਕੋ” ਔਰੰਗਜੇਬ ਦੇ ਧਰਮ ਨੂੰ ਕਿਹਾ ਗਿਆ ਹੈ। ਵਜ਼ੀਰ ਖ਼ਾਂ ਕਹਿੰਦਾ ਹੈ “ਬੱਚਿਉ! ਜੇਕਰ ਤੁਸੀ “ਸ਼ਾਹ ਕੇ ਦੀਨ ਕੋ” ਔਰੰਗਜੇਬ ਦਾ ਇਸਲਾਮ ਕਬੂਲ ਕਰ ਲਉ ਤਾਂ ਮੈਂ ਤੁਹਾਨੂੰ ਆਸਮਾਨ ਦੀਆਂ ਉਚਾਈਆਂ ਤੱਕ ਰਹਿਮਤਾਂ ਨਾਲ ਨਿਵਾਜ ਦਿਆਂਗਾ। ਮੈਂ ਤੁਹਾਨੂੰ ਇੰਨੇ ਇਨਾਮ ਦੇਵਾਂਗਾ ਕਿ ਤੁਸੀਂ ਕਦੀ ਦੇਖੇ ਵੀ ਨਹੀ ਹੋਣਗੇ। “ ਇਹ ਸਭ ਸੁਣ ਕੇ ਕਲਗੀਧਰ ਜੀ ਦੇ ਲਾਡਲੇ ਫਿਰ ਵਜ਼ੀਰ ਖ਼ਾਂ ਨੂੰ ਕੀ ਜਵਾਬ ਦੇਂਦੇ ਹਨ।

“ਤੂੰ ਕਿਹੜੇ ਬਾਤਸ਼ਾਹ ਦਾ ਧਰਮ ਕਬੂਲਣ ਦੀ ਗੱਲ ਕਰ ਰਿਹਾ ਏਂ। ਵਜ਼ੀਰ ਖ਼ਾਂ? ਉਹ ਬਾਦਸ਼ਾਹ ਜਿਹੜਾ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਤੋੜ ਜਾਂਦਾ ਹੈ। ਬਾਦਸ਼ਾਹ ਦਾ ਤਾਂ ਧਰਮ ਈਮਾਨ ਹੀ ਕੋਈ ਨਹੀ ਹੈ। “

ਜਿਵੇਂ ਸਿਆਣੇ ਕਹਿੰਦੇ ਹਨ ਕਿ ਬੱਚੇ ਦੇ ਆਉਣ ਵਾਲੇ ਸਮੇਂ ਦੇ ਲੱਛਣ ਪੰਘੂੜੇ ਤੋਂ ਹੀ ਨਜਰ ਆ ਜਾਂਦੇ ਹਨ। ਬਿਲਕੁਲ ਔਰੰਗਜੇਬ ਦੇ ਜੀਵਨ ਦੇ ਲੱਛਣਾਂ ਦਾ ਹੀ ਅਸੀਂ ਪਹਿਲਾਂ ਅੰਦਾਜਾ ਲਗਾ ਸਕਦੇ ਹਾਂ, ਉਸ ਦੇ ਜੀਵਨ ਵਿੱਚ ਵੀ ਇਹੀ ਕੁੱਝ ਹੋਇਆ। ਉਸ ਬਾਦਸ਼ਾਹ ਔਰਗਜੇਬ ਦੇ ਲੱਛਣਾਂ ਦਾ ਵੀ ਉਸ ਦੇ ਬਚਪਨ ਵਿੱਚ ਹੀ ਪਤਾ ਲਗ ਗਿਆ ਸੀ।

ਇੱਕ ਵਾਰ ਬਾਦਸ਼ਾਹ ਸ਼ਾਹਜਹਾਨ ਆਪਣੇ ਬੇਟੇ ਔਰੰਗਜੇਬ ਅਤੇ ਪੂਰੇ ਪਰਿਵਾਰ ਦੇ ਨਾਲ ਦਿੱਲੀ ਦੀ ਸ਼ਾਹੀ ਮਸਜਿਦ ਵਿੱਚ ਨਮਾਜ਼ ਪੜ੍ਹਨ ਗਿਆ। ਸ਼ਾਹਜਹਾਨ ਦਾ ਸਾਰਾ ਪਰਿਵਾਰ ਮਸਜਿਦ ਦੇ ਬਾਹਰ ਜੋੜੇ ਉਤਾਰ ਕੇ ਅੰਦਰ ਨਮਾਜ਼ ਪੜ੍ਹਨ ਲਈ ਚਲਿਆ ਗਿਆ। ਅੰਦਰ ਨਮਾਜ ਪੜ੍ਹੀ, ਨਮਾਜ਼ ਅਦਾ ਕਰਕੇ ਜਦੋਂ ਸ਼ਾਹਜਹਾਨ ਪਰਿਵਾਰ ਸਮੇਤ ਮਸਜਿਦ ਤੋਂ ਬਾਹਰ ਆਇਆ ਤਾਂ ਕੀ ਦੇਖਦਾ ਹੈ ਕਿ ਛੋਟਾ ਬੱਚਾ ਔਰੰਗਜੇਬ ਬਾਹਰ ਹੀ ਖੜਾ ਹੈ, ਉਹ ਮਸਜਿਦ ਦੇ ਅੰਦਰ ਨਮਾਜ ਪੜ੍ਹਨ ਲਈ ਗਿਆ ਹੀ ਨਹੀ ਹੈ। ਸ਼ਾਹਜਹਾਨ ਨੇ ਬੱਚੇ ਔਰੰਗਜੇਬ ਨੂੰ ਬਾਹਰ ਖੜੇ ਰਹਿਣ ਦਾ ਕਾਰਨ ਪੁੱਛਿਆ “ਬੇਟਾ! ਤੂੰ ਸਾਡੇ ਨਾਲ ਅੰਦਰ ਨਮਾਜ਼ ਪੜ੍ਹਨ ਲਈ ਅੰਦਰ ਕਿਉਂ ਨਹੀ ਆਇਆ? “ ਤਾਂ ਜੋ ਜਵਾਬ ਉਸ ਵੇਲੇ ਔਰੰਗਜੇਬ ਨੇ ਦਿੱਤਾ ਉਸ ਜਵਾਬ ਵਿਚੋਂ ਉਸਦਾ ਭੱਵਿਖ ਨਜਰ ਆਵੇਗਾ।

ਜਵਾਬ ਕੀ ਸੀ?

ਅੱਬਾ ਜੀ! ਤੁਸੀਂ ਸਾਰੇ ਪਰਿਵਾਰ ਨੂੰ ਲੈ ਕੇ ਅੰਦਰ ਨਮਾਜ਼ ਪੜ੍ਹਨ ਚਲੇ ਗਏ ਤੇ ਖ਼ੁਦਾ ਨਾ ਖਾਸਤਾ ਜੇਕਰ ਮਸਜਿਦ ਦਾ ਗੁੰਬਦ ਡਿੱਗ ਪੈਂਦਾ ਤਾਂ ਸਾਰਾ ਪਰਿਵਾਰ ਮਾਰਿਆ ਜਾਣਾ ਸੀ ਤੇ ਫਿਰ ਦਿੱਲੀ ਦਾ ਤਖ਼ਤ ਸਾਂਭਣ ਵਾਲਾ ਕੌਣ ਬਚਦਾ, ਇਸ ਲਈ ਮੈਂ ਅੰਦਰ ਤੁਹਾਡੇ ਨਾਲ ਨਮਾਜ਼ ਪੜ੍ਹਨ ਲਈ ਨਹੀਂ ਗਿਆ। “ ਬਚਪਨ ਵਿੱਚ ਔਰੰਗਜੇਬ ਦੀ ਸੋਚ ਇਹੋ ਜਿਹੀ ਸੀ। ਇਸੇ ਭਾਵਨਾ ਨੂੰ ਲੈ ਕੇ ਔਰੰਗਜੇਬ ਨੇ ਆਪਣੇ ਭਰਾਵਾਂ ਦਾ ਕਤਲ ਵੀ ਕੀਤਾ ਸੀ। ਆਪਣੇ ਬਾਪ ਨੂੰ ਕੈਦ ਵਿੱਚ ਸੁੱਟ ਕੇ, ਬਾਪ ਦੀ ਛਾਤੀ ਤੇ ਪੈਰ ਰੱਖ ਕੇ ਤਖ਼ਤ ਤੇ ਬੈਠਾ ਸੀ। ਐਸੀ ਨਿਰਦਈ ਭਾਵਨਾ ਉਸਦੇ ਬਚਪਨ ਵਿੱਚ ਹੀ ਨਜ਼ਰ ਆ ਗਈ ਸੀ।

ਇਧਰ ਸਾਹਿਬਜਾਦੇ ਵਜ਼ੀਰ ਖ਼ਾਂ ਨੂੰ ਇਹੀ ਗੱਲ ਕਹਿ ਰਹੇ ਹਨ ਕਿ ਤੂੰ ਕਿਹੜੇ ਬਾਦਸ਼ਾਹ ਦੇ ਧਰਮ ਦੀ ਗੱਲ ਕਰ ਰਿਹਾ ਏਂ।

ਸਤਗੁਰ ਕੇ ਲਾਡਲੋਂ ਨੇ ਦੀਯਾ ਰੁਅਬ ਸੇ ਜਵਾਬ।

ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ।

ਦੁਨੀਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋਂ ਖ਼ਰਾਬ।

ਕਿਸ ਜਾ ਲਿਖਾ ਹੈ ਜ਼ੁਲਮ, ਦਿਖਾ ਤੋਂ ਹਮੇ ਕਿਤਾਬ।

ਸਾਹਿਬਜ਼ਾਦੇ ਨਵਾਬ ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ “ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਸਾਡੇ ਨਾਲ ਐਸੀਆਂ ਬਾਤਾਂ ਕਰ ਰਿਹਾ ਏਂ। ਤੂੰ ਸਾਨੂੰ ਜਾਣਦਾ ਨਹੀਂ। ? ਤੂੰ ਸਾਨੂੰ ਦੱਸ ਉਹ ਦੁਨੀਆਂ ਵਿੱਚ ਕਿਹੜਾ ਧਰਮ ਹੈ, ਜੋ ਜਬਰ ਜ਼ੁਲਮ ਦੀ ਆਗਿਆ ਦਿੰਦਾ ਹੈ। ਤੂੰ ਦੁਨੀਆਦਾਰੀ ਦੇ ਪਿਛੇ ਲੱਗ ਕੇ ਆਪਣਾ ਈਮਾਨ ਕਿਉਂ ਖ਼ਰਾਬ ਕਰ ਰਿਹਾ ਏ? “

ਖ਼ਿਆਲ ਕਰਿਉ! ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਜਰੂਰ ਟੇਕਦੇ ਹਾਂ, ਪਰ ਸ਼ਾਇਦ ਉਹਨਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਨਹੀਂ ਕਰਦੇ।

ਇਸ ਪ੍ਰਥਾਏ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ-

ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ।।

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ।।

(ਸਲੋਕ ਕਬੀਰ ਜੀਉ ਕੇ -੧੩੬੫)

ਐ ਮਨੁੱਖ! ਤੂੰ ਯਾਦ ਰੱਖ, ਤੂੰ ਦੁਨੀਆਂ ਦੀਆਂ ਖੁਸ਼ਾਮਦਾਂ ਕਰਦਾ, ਆਪਣਾ ਈਮਾਨ ਵੀ ਗੁਆ ਲੈਂਦਾ ਏਂ ਪਰ ਜਦੋਂ ਲੇਖਾ ਦੇਣਾ ਪੈਣਾ ਏ ਤਾਂ ਇਸ ਦੁਨੀਆਂ ਵਿਚੋਂ ਕਿਸੇ ਨੇ ਤੇਰਾ ਸਾਥ ਨਹੀ ਦੇਣਾ, ਇਹ ਤਾਂ ਆਪਣੇ ਪੈਰਾਂ ਤੇ ਆਪਣੇ ਹੱਥੀਂ ਕੁਹਾੜਾ ਮਾਰਨ ਦੀ ਗੱਲ ਹੈ। ਇਹ ਕਿਥੋਂ ਦੀ ਸਿਆਣਪ ਹੈ?

ਕੁਹਾੜੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਜੋ ਕਿ ਅੱਜ ਦੇ ਸਮੇਂ ਵਿੱਚ ਬਿਲਕੁਲ ਪੂਰੀ ਹੋ ਰਹੀ ਹੈ। ਇੱਕ ਵਾਰ ਜੰਗਲ ਵਿੱਚ ਕਿਸੇ ਦਾ ਦਸਤੇ ਤੋਂ ਬਿਨ੍ਹਾਂ ਹੀ ਕੁਹਾੜਾ ਡਿੱਗ ਪਿਆ। ਜੰਗਲ ਦੇ ਦਰਖ਼ਤ ਕੰਬਣ ਲੱਗ ਪਏ। ਉਧਰੋਂ ਇੱਕ ਮਹਾਤਮਾ ਲੰਘ ਰਹੇ ਸਨ

ਤਾਂ ਉਹਨਾਂ ਦਰਖ਼ਤਾਂ ਦੀ ਥਰਥਰਾਹਟ ਨੂੰ ਮਹਿਸੂਸ ਕੀਤਾ ਤੇ ਆਪਣੀ ਭਾਵਨਾ ਨਾਲ ਦਰਖ਼ਤਾਂ ਨੂੰ ਪੁੱਛਦੇ ਹਨ “ਤੁਸੀਂ ਕਿਉਂ ਕੰਬ ਰਹੇ ਹੋ? ਤੁਸੀਂ ਕਿਉਂ ਡਰ ਰਹੇ ਹੋ? “ ਦਰਖ਼ਤਾਂ ਨੇ ਜਵਾਬ ਦਿੱਤਾ “ਆਹ ਕੁਹਾੜਾ ਡਿੱਗਿਆ ਹੈ। ਅਸੀਂ ਇਸ ਲਈ ਕੰਬ ਰਹੇ ਹਾਂ ਅਸੀਂ ਇਸ ਲਈ ਡਰੇ ਰਹੇ ਹਾਂ ਕਿ ਹੁਣ ਪਤਾ ਨਹੀ, ਇਸ ਕੁਹਾੜੇ ਦੇ ਨਾਲ ਸਾਡੇ ਵਿਚੋਂ ਕਿਸ-ਕਿਸ ਦੀ ਹੋਂਦ ਮਿਟ ਜਾਵੇਗੀ। “ ਮਹਾਤਮਾ ਬੋਲੇ “ਭਲਿਓ! ਇਹ ਸਿਰਫ ਲੋਹਾ ਹੈ ਇਸ ਤੋਂ ਤੁਸੀਂ ਨਾ ਡਰੋ ਇਹ ਇਕੱਲਾ ਤੁਹਾਡਾ ਕੁੱਝ ਲਈ ਵਿਗਾੜ ਸਕਦਾ, ਪਰ ਹਾਂ! ਜੇਕਰ ਤੁਹਾਡੇ ਵਿਚੋਂ ਹੀ ਕੋਈ ਇਸਤਾ ਦਸਤਾ ਬਣ ਜਾਵੇਗਾ ਤਾਂ ਇਹੀ ਕੁਹਾੜਾ ਤੁਹਾਡਾ ਨੁਕਸਾਨ ਕਰੇਗਾ, ਪਰ ਜੇਕਰ ਤੁਹਾਡੇ ਵਿਚੋਂ ਕੋਈ ਇਸ ਕੁਹਾੜੇ ਦਾ ਦਸਤਾ ਨਹੀਂ ਬਣੇਗਾ ਤਾਂ ਤੁਹਾਨੂੰ ਕੋਈ ਵੀ ਖ਼ਤਰਾ ਨਹੀਂ ਹੈ। “

ਖ਼ਿਆਲ ਕਰਿਓ! ਸਾਡੀ ਕੌਮ ਦਾ ਵੀ ਦੁਨੀਆਂ ਦੀ ਕੋਈ ਤਾਕਤ ਨੁਕਸਾਨ ਨਹੀਂ ਕਰ ਸਕਦੀ, ਜੇਕਰ ਸਾਡੇ ਆਪਣੇ ਹੀ ਉਹਨਾਂ ਦਾ ਦਸਤਾ ਨਾ ਬਨਣ ਤਾਂ। ਸਾਡੇ ਆਪਣੇ ਹੀ ਉਹਨਾਂ ਕੁਹਾੜਿਆਂ ਦੇ ਦਸਤੇ ਬਣ ਜਾਂਦੇ ਨੇ। ਅੱਜ ਸਾਡੀ ਕੌਮ ਵਿੱਚ ਬਹੁਤਾਤ ਲੋਕ ਦਸਤੇ ਬਨਣ ਨੂੰ ਤਿਆਰ ਬੈਠੇ ਨੇ। ਸਿਰਫ ਆਪਣੀਆਂ ਕੁਰਸੀਆਂ ਦੇ ਪਿੱਛੇ, ਆਪਣੀਆ ਗਰਜ਼ਾਂ ਦੇ ਪਿੱਛੇ, ਆਪਣੇ ਮਾਮੂਲੀ ਫ਼ਾਇਦੇ ਲਈ ਪੂਰੀ ਕੌਮ ਦਾ ਕਦੀ ਨਾ ਭਰਨ ਵਾਲਾ ਨੁਕਸਾਨ ਵੀ ਇਹੀ ਲੋਕ ਕਰਵਾ ਜਾਂਦੇ ਨੇ। ਕਾਸ਼! ਅਸੀਂ ਆਪਣੇ ਅਮੀਰ ਵਿਰਸੇ ਨੂੰ ਸਮਝ ਕੇ ਸੰਭਾਲ ਲਈਏ।

ਮੈਂ ਬੇਨਤੀ ਕਰ ਜਾਵਾਂ ਕਿ ਲੱਖਾਂ ਗੋਲੀਆਂ ਓਪਰੇਸ਼ਨ ਬਲਿਊਂ ਸਟਾਰ ਦੇ ਦੌਰਾਨ ਚੱਲੀਆਂ, ਪਰ ਇਹਨਾਂ ਵਿਚੋਂ ਇੱਕ ਵੀ ਗੋਲੀ ਇਹਨਾਂ ਦਸਤਿਆਂ ਲਈ ਨਹੀਂ ਬਣੀ। ਕਹਿੰਦੇ ਸੀ ਕਿ ਫ਼ੌਜ ਸਾਡੀਆਂ ਲਾਸ਼ਾਂ ਦੇ ਉਪਰੋਂ ਲੰਘ ਕੇ ਅੰਦਰ ਜਾਵੇਗੀ, ਪਰ ਆਪ ਹੀ ਬਾਹਵਾਂ ਖੜੀਆ ਕਰਕੇ ਸਿੰਘ ਸੂਰਮਿਆਂ, ਸ਼ਰਧਾਲੂਆਂ ਦੀਆਂ ਲਾਸ਼ਾਂ ਉਪਰੋਂ ਦੀ ਲੰਘ ਗਏ। ਇਹ ਇਤਿਹਾਸ ਹੈ ਇਨ੍ਹਾਂ ਅਜੋਕੇ ਦਸਤਿਆਂ ਦਾ। ਜ਼ਰਾ ਨਿਰਪੱਖਤਾ ਨਾਲ ਕਦੀ ਪੜ੍ਹਿਓ।

ਇਹ ਵੱਖਰੀ ਗੱਲ ਹੈ ਕਿ ਇਤਿਹਾਸ ਕਦੀ ਇਨਸਾਫ ਨਹੀਂ ਕਰਦਾ। ਇਤਿਹਾਸ ਕਦੀ ਵੀ ਨਿਰਪੱਖ ਨਹੀਂ ਹੁੰਦਾ। ਇਤਿਹਾਸ ਸਦਾ ਹੀ ਹਾਕਮ ਖੇਮਿਆਂ ਦੇ ਹੱਕ ਵਿੱਚ ਭੁਗਤਦਾ ਹੈ। ਸਾਨੂੰ ਉਹ ਪੜਾਇਆ ਜਾਂਦਾ ਹੈ ਜੋ ਹਕੂਮਤ ਪੜ੍ਹਾਉਣਾ ਚਾਹੁੰਦੀ ਹੈ। ਸਾਨੂੰ ਉਹ ਦਿਖਾਇਆ ਜਾਂਦਾ ਹੈ, ਜੋ ਹਕੂਮਤ ਦਿਖਾਉਣਾ ਚਾਹੁੰਦੀ ਹੈ, ਜੇਕਰ ਅਸੀਂ ਨਿਰਪੱਖਤਾ ਨਾਲ ਧਿਆਨ ਕਰੀਏ ਤਾਂ ਸੱਚ ਸਾਡੇ ਸਾਹਮਣੇ ਆ ਜਾਵੇਗਾ। ਇਸ ਸੱਚ ਤੋਂ ਕੌਣ ਮੂੰਹ ਮੋੜੇਗਾ, ਜਿਹੜੇ ਕਹਿੰਦੇ ਸੀ ਕਿ ਫ਼ੌਜ ਸਾਡੀਆਂ ਲਾਸ਼ਾਂ ਤੋਂ ਲੰਘੇਗੀ, ਪਰ ਫ਼ੌਜ ਸਿੰਘ ਸੂਰਬੀਰਾਂ, ਸ਼ਰਧਾਲੂਆਂ ਦੀਆਂ ਲਾਸ਼ਾਂ ਉਪਰੋਂ ਤਾਂ ਲੰਘ ਗਈ। ਇਸ ਗੱਲ ਤੋ ਕੌਣ ਇਨਕਾਰ ਕਰੇਗਾ। ਜਿਨਾਂ ਨੇ ਸਾਕਾ 1984 ਨੂੰ ਨੇੜਿਓਂ ਤੱਕਿਆ ਹੈ, ਉਹ ਜਾਣਦੇ ਨੇ, ਉਹਨਾਂ ਨੂੰ ਮੌਕਾ ਮਿਲਿਆ ਹੈ ਇਹ ਸਭ ਕੁੱਝ ਤੱਕਣ ਦਾ। ਜਿਨ੍ਹਾਂ ਨੇ ਮਰਜੀਵੜੇ ਭਰਤੀ ਕੀਤੇ ਸਨ, ਉਹ ਆਪ ਹੀ ਬਾਹਵਾਂ ਖੜੀਆਂ ਕਰ ਕੇ ਸਿੰਘਾਂ ਸ਼ਰਧਾਲੂਆਂ ਦੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਬਾਹਰ ਆ ਗਏ ਸਨ। ਜ਼ਰਾ ਅਜੋਕੇ ਇਤਿਹਾਸ ਵੱਲ ਨਿਰਪੱਖਤਾ ਨਾਲ ਝਾਤੀ ਮਾਰਿਓ।

ਜੋਗੀ ਅੱਲ੍ਹਾਂ ਯਾਰ ਖ਼ਾਂ ਆਪਣੀ ਕਲਮ ਤੋਂ ਇਹ ਬਿਆਨ ਕਰ ਰਿਹਾ ਹੈ ਕਿ:

ਦੁਨੀਯਾ ਕੇ ਪੀਛੇ ਕਰਤਾ ਹੈ ਕਯੌਂ ਦੀਨ ਕੋ ਖ਼ਰਾਬ।

ਕਿਸ ਜਾ ਲਿਖਾ ਹੈ ਜ਼ੁਲਮ, ਦਿਖਾ ਤੋਂ ਹਮੇਂ ਕਿਤਾਬ।

ਸਾਹਿਬਜਾਦੇ ਬੜੀ ਦ੍ਰਿੜਤਾ ਨਾਲ ਵਜ਼ੀਰ ਖ਼ਾਂ ਨੂੰ ਕਹਿੰਦੇ ਹਨ “ਸਾਨੂੰ ਦਿਖਾ ਤਾਂ ਸਹੀ, ਕਿਹੜੇ ਧਰਮ ਵਿਚ, ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਕਿਸੇ ਤੇ ਜ਼ੁਲਮ ਕਰਕੇ ਧੱਕੇ ਨਾਲ ਧਰਮ ਤਬਦੀਲ ਕਰ ਦਿੱਤਾ ਜਾਵੇ, ਦੱਸ ਕਿਹੜੀ ਕੁਰਾਨ ਵਿੱਚ ਲਿਖਿਆ ਹੈ? “

ਇਸ ਤਰ੍ਹਾਂ ਦਾ ਸਵਾਲ ਬਾਬੇ ਨਾਨਕ ਤੇ ਵੀ ਮੱਕੇ ਵਿੱਚ ਕੀਤਾ ਗਿਆ ਸੀ, ਜੋ ਕਿ ਭਾਈ ਗੁਰਦਾਸ ਜੀ ਦੀ ਕਲਮ ਬਿਆਨ ਕਰ ਰਹੀ ਹੈ:

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।।

ਬਾਬਾ ਆਖੇ ਹਾਜ਼ੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।।

(ਵਾਰ ੧- ਪਉੜੀ ੩੩)

ਨਾ ਕੇਵਲ ਹਿੰਦੂ ਹੋਇਆਂ ਅਕਾਲ ਪੁਰਖ ਦੀ ਦਰਗਾਹ ਵਿੱਚ ਕੋਈ ਟਿਕਾਣਾ ਮਿਲਣਾ ਹੈ ਤੇ ਨਾ ਹੀ ਕੇਵਲ ਮੁਸਲਮਾਨ ਬਨਣ ਨਾਲ ਦਰਗਾਹ ਵਿੱਚ ਕੋਈ ਟਿਕਾਣਾ ਮਿਲਣਾ ਹੈ। ਖ਼ਿਆਲ ਕਰਨਾ ਕਿ ਬਾਬੇ ਨਾਨਕ ਨੇ ਸਾਨੂੰ ਵੀ ਇਥੇ ਹੀ ਰੱਖਿਆ ਹੈ ਕਿ ਕੇਵਲ ਸਿੱਖ ਅਖਵਾਇਆਂ ਵੀ ਦਰਗਾਹ ਵਿੱਚ ਟਿਕਾਣਾ ਨਹੀ ਜੇ ਮਿਲਣਾ, ਜੇਕਰ ਅੰਦਰ ਸਿੱਖੀ ਨਾ ਹੋਈ। ਮੱਤ ਕਿਧਰੇ ਸੋਚਿਉ ਕਿ ਅਸੀਂ ਸਿੱਖ ਹਾਂ, ਸਾਨੂੰ ਤਾਂ ਟਿਕਾਣਾ ਮਿਲ ਹੀ ਜਾਣਾ ਹੈ। ਬਾਬੇ ਨੇ ਤਾਂ ਕਿਹਾ ਕਿ ਜੇਕਰ ਸ਼ੁੱਭ ਕਰਮ ਹੋਣਗੇ ਤਾਂ ਹੀ ਟਿਕਾਣਾ ਮਿਲਣਾ ਹੈ।

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।

(ਜਪੁ-੮)

ਬਾਬੇ ਨਾਨਕ ਦਾ ਕਹਿਣਾ ਹੈ ਕਿ ਦਰਗਾਹ ਵਿੱਚ ਤਾਂ ਚੰਗਿਆਈਆਂ ਅਤੇ ਬੁਰਿਆਈਆਂ ਦੇ ਅਧਾਰ ਤੇ ਟਿਕਾਣਾ ਮਿਲਣਾ ਹੈ।

ਇੱਕ ਵਾਰ ਕਲਗੀਧਰ ਪਾਤਸ਼ਾਹ ਦੀ ਆਗਰੇ ਦੀ ਧਰਤੀ ਤੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਮੁਲਾਕਾਤ ਹੋਈ। ਬਹਾਦਰ ਸ਼ਾਹ ਨੂੰ ਕਲਗੀਧਰ ਪਾਤਸ਼ਾਹ ਨੇ ਫ਼ੌਜੀ ਮਦਦ ਦੇ ਕੇ ਦਿੱਲੀ ਦਾ ਤਖ਼ਤ ਦਿਵਾਇਆ ਸੀ। ਜਦੋਂ ਔਰੰਗਜੇਬ ਦੇ ਪੁੱਤਰਾਂ ਵਿੱਚ ਦਿੱਲੀ ਦੇ ਤਖ਼ਤ ਦੀ ਪ੍ਰਾਪਤੀ ਲਈ ਆਪਸੀ ਭਰਾ-ਮਾਰੂ ਜੰਗ ਲੱਗੀ ਸੀ ਤੇ ਔਰੰਗਜੇਬ ਦੇ ਸਭ ਤੋਂ ਛੋਟੇ ਪੁੱਤਰ ਸ਼ਹਿਜਾਦਾ ਮੁੱਅਜ਼ਮ ਨੇ ਕਲਗੀਧਰ ਪਾਤਸ਼ਾਹ ਤੋਂ ਫੌਜੀ ਮਦਦ ਮੰਗੀ ਸੀ ਤੇ ਕਲਗੀਧਰ ਪਿਤਾ ਨੇ ਉਸ ਨੂੰ ਫੌਜੀ ਮਦਦ ਦੇ ਕੇ ਦਿੱਲੀ ਦਾ ਤਖ਼ਤ ਦਿਵਾਇਆ ਸੀ। ਜਦੋਂ ਕਲਗੀਧਰ ਪਾਤਸ਼ਾਹ ਦੀ ਬਹਾਦਰ ਸ਼ਾਹ ਨਾਲ ਆਗਰੇ ਦੀ ਧਰਤੀ ਤੇ ਮੁਲਾਕਾਤ ਹੋਈ ਤਾਂ ਕਲਗੀਧਰ ਪਾਤਸ਼ਾਹ ਉਸ ਦੇ ਦਰਬਾਰ ਅੰਦਰ ਨੀਲੇ ਘੋੜੇ ਤੇ ਸਵਾਰ ਹੋ ਕੇ ਗਏ ਸਨ। ਇਹ ਚੜ੍ਹਦੀ ਕਲਾ ਦੀ ਬਾਤ ਹੈ।

ਸ਼ਹਿਜਾਦਾ ਮੁਅੱਜ਼ਮ ਜੋ ਕਿ ਬਹਾਦਰ ਸ਼ਾਹ ਦੇ ਨਾਮ ਨਾਲ ਦਿੱਲੀ ਦੇ ਤਖ਼ਤ ਤੇ ਬੈਠਾ ਸੀ। ਆਪਣੇ ਤਖ਼ਤ ਦੇ ਨਾਲ ਇੱਕ ਹੋਰ ਤਖ਼ਤ ਲਗਵਾ ਕੇ ਕਲਗੀਧਰ ਪਾਤਸ਼ਾਹ ਨੂੰ ਉਸ ਤਖ਼ਤ ਤੇ ਬਿਰਾਜਮਾਨ ਕਰਵਾ ਕੇ ਇੰਨਾ ਮਾਣ-ਸਨਮਾਨ ਕਲਗੀਧਰ ਪਿਤਾ ਨੂੰ ਦਿੱਤਾ ਸੀ। ਉਸ ਸਮੇਂ ਬਾਦਸ਼ਾਹ ਬਹਾਦਰ ਸ਼ਾਹ ਨੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਦਰਬਾਰ ਦੇ ਅੰਦਰ ਹੀ ਇੱਕ ਸਵਾਲ ਕੀਤਾ ਸੀ - “ਸਤਿਗੁਰੂ ਜੀ! ਮਜ੍ਹਬ ਤੁਮਾਰਾ ਖੂਬ ਕਿ ਹਮਾਰਾ ਖ਼ੂਬ। “

ਖ਼ਿਆਲ ਕਰਨਾ! ਜੇਕਰ ਇਹੀ ਸਵਾਲ ਅੱਜ ਸਾਡੇ ਤੇ ਕੀਤਾ ਜਾਵੇ ਤਾਂ ਅਸੀਂ ਕਹਾਂਗੇ ਕਿ ਸਾਡਾ ਸਿੱਖ ਧਰਮ ਵਧੀਆ ਹੈ। ਮਜ਼੍ਹਬ ਦਾ ਅਰਥ ਹੈ, ਧਰਮ। ਹਿੰਦੂ ਨੇ ਕਹਿਣਾ ਹੈ ਕਿ ਹਿੰਦੂ ਧਰਮ ਵਧੀਆ ਹੈ। ਮੁਸਲਮਾਨ ਨੇ ਕਹਿਣਾ ਹੈ ਕਿ ਮੇਰਾ ਧਰਮ ਵਧੀਆ ਹੈ। ਈਸਾਈ ਨੇ ਕਹਿਣਾ ਹੈ ਕਿ ਮੇਰਾ ਧਰਮ ਵਧੀਆ ਹੈ। ਗੱਲ ਕੀ ਅਸੀਂ ਸਭ ਨੂੰ ਆਪਣੇ-ਆਪਣੇ ਧਰਮਾਂ ਨੂੰ ਵਧੀਆ ਅਤੇ ਦੂਸਰੇ ਦੇ ਧਰਮ ਨੂੰ ਮਾੜਾ ਹੀ ਕਹਿਣਾ ਹੈ, ਪਰ ਬਲਿਹਾਰ ਜਾਈਏ ਗੁਰੂ ਕਲਗੀਧਰ ਦੀ ਸੋਚ ਤੋਂ, ਜਿਨ੍ਹਾਂ ਨੇ ਬਾ-ਕਮਾਲ ਜਵਾਬ ਬਹਾਦਰ ਸ਼ਾਹ ਨੂੰ ਦਿੱਤਾ ਸੀ। ਬਹਾਦਰ ਸ਼ਾਹ ਨੇ ਪੁਛਿਆ ਕਿ ਸਤਿਗੁਰੂ ਜੀ-

ਮਜ੍ਹਬ ਤੁਮਾਰਾ ਖੂਬ ਕਿ ਹਮਾਰਾ ਖੂਬ। “

ਤਾਂ ਕਲਗੀਧਰ ਪਾਤਸ਼ਾਹ ਨੇ ਜਵਾਬ ਦਿੱਤਾ, ਬਹਾਦਰ ਸ਼ਾਹ:

ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। “

ਆਹ ਹੈ ਅਸਲ ਧਰਮ ਦੀ ਬਾਤ, ਪਰ ਅਸੀਂ ਤਾਂ ਈਰਖਾ ਦੀ ਅੱਗ ਵਿੱਚ ਹੀ ਸੜਦੇ ਰਹੇ ਹਾਂ, ਸਾਡੀ ਸੋਚ ਇਹ ਹੈ ਕਿ ਸਾਡਾ ਧਰਮ ਤਾਂ ਬਚਦਾ ਹੈ ਜੇਕਰ ਦੂਜੇ ਦਾ ਧਰਮ ਅਸਥਾਨ ਢਾਹਾਂਗੇ।

ਜੇਕਰ ਉਹਨਾਂ ਲੋਕਾਂ ਨੇ ਬਾਬਾ ਬੁੱਲ੍ਹੇ ਸ਼ਾਹ ਨੂੰ ਕਦੀ ਪੜ੍ਹ ਲਿਆ ਹੁੰਦਾ ਤਾਂ ਸ਼ਾਇਦ ਉਹ ਇਹੋ ਜਿਹਾ ਕਰਮ ਨਾ ਕਰਦੇ। ਬੁੱਲੇ ਸ਼ਾਹ ਪਤਾ ਕੀ ਕਹਿੰਦਾ ਹੈ:

ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁੱਝ ਢਹਿੰਦਾ ਈ।

ਐਪਰ ਕਿਸੇ ਦਾ ਦਿਲ ਨਾ ਢਾਹਵੀਂ, ਦਿਲ ਦੇ ਵਿੱਚ ਰੱਬ ਰਹਿੰਦਾ ਈ।

ਮੁਆਫ ਕਰਨਾ, ਕੌਣ ਆਖੇਗਾ ਕਿ ਬਾਬਰੀ ਮਸਜਿਦ ਢਾਹ ਕੇ ਰੱਬ ਨੂੰ ਖੁਸ਼ ਕੀਤਾ ਹੋਵੇਗਾ, ਅਸੀਂ ਮੂਰਖ ਲੋਕ ਰਾਜਨੀਤਕ ਲੋਕਾਂ ਦੀਆਂ ਚਾਲਾਂ ਵਿੱਚ ਆ ਕੇ ਆਪਸ ਵਿੱਚ ਹੀ ਲੜੀ-ਮਰੀ ਜਾਂਦੇ ਹਾਂ।

ਕਲਗੀਧਰ ਪਾਤਸ਼ਾਹ ਦਾ ਜਵਾਬ ਪੱਲੇ ਬੰਨਣ ਦੀ ਲੋੜ ਹੈ। ਕਹਿੰਦੇ ਕਿ ਬਹਾਦਰ ਸ਼ਾਹ! “ਤੁਮਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। “ ਗੁਰੂ ਕਲਗੀਧਰ ਪਾਤਸ਼ਾਹ ਨੇ ਗਨੀ ਖ਼ਾਂ, ਨਬੀ ਖ਼ਾਂ ਨੂੰ ਕਦੀ ਨਹੀ ਸੀ ਆਖਿਆ ਕਿ ਤੁਸੀਂ ਮੇਰੇ ਨਾਲ ਤਾਂ ਹੀ ਰਹਿ ਸਕਦੇ ਹੋ ਜੇਕਰ ਤੁਸੀਂ ਗਨੀ ਸਿੰਘ ਨਬੀ ਸਿੰਘ ਬਣ ਜਾਉਗੇ। ਕਲਗੀਧਰ ਪਾਤਸ਼ਾਹ ਨੇ ਤਾਂ ਆਖਿਆ ਸੀ ਕਿ ਤੁਸੀਂ ਭਾਵੇਂ ਗਨੀ ਖਾਂ, ਨਬੀ ਖਾਂ ਹੀ ਬਣੇ ਰਹੋ, ਪਰ ਉਸ ਅਕਾਲ ਪੁਰਖ ਨਾਲ ਜੁੜੇ ਰਹੋ। ਤੇ ਇਧਰ ਕਲਗੀਧਰ ਪਾਤਸ਼ਾਹ ਦੇ ਲਾਡਲੇ ਕਹਿ ਰਹੇ ਹਨ:

ਤਅਲੀਮ ਜ਼ੋਰ ਕੀ ਕਹੀਂ ਕੁਰਾਨ ਮੇਂ ਨਹੀਂ।

ਖੂਬੀ ਤੁਮਾਰੇ ਸ਼ਾਹ ਕੇ ਈਮਾਨ ਮੇਂ ਨਹੀਂ।

ਕਹਿੰਦੇ “ਕਿਹੜੇ ਧਰਮ ਦੀ ਬਾਤ ਤੂੰ ਕਰ ਰਿਹਾ ਏ, ਤੂੰ ਤਾਂ ਕੁਰਾਨ ਨੂੰ ਸਿਰਫ ਇੱਕ ਧਾਰਮਿਕ ਪੁਸਤਕ ਕਿਹਾ ਹੋਵੇਗਾ, ਪਰ ਅਸੀਂ ਧਰਮ ਪੁਸਤਕ ਦੀ ਵਿਚਾਰ ਨੂੰ ਸਮਝਿਆ ਹੈ। ਉਸ ਧਰਮ ਪੁਸਤਕ ਕੁਰਾਨ ਵਿੱਚ ਕੋਈ ਜ਼ਬਰ ਜੁਲਮ ਦੀ ਸਿਖਿਆ ਨਹੀ ਹੈ ਤੇ ਜਿਹੜੇ ਸ਼ਾਹ ਔਰੰਗਜੇਬ ਦਾ ਧਰਮ ਧਾਰਨ ਕਰਨ ਲਈ ਤੂੰ ਸਾਨੂੰ ਕਹਿ ਰਿਹਾ ਏ ਉਹ ਤੁਹਾਡਾ ਸ਼ਾਹ ਸਿਰੇ ਦਾ ਬੇਈਮਾਨ ਹੈ। ਜਿਹੜਾ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਂ ਕੇ ਉਹਨਾਂ ਨੂੰ ਤੋੜ ਦਿੰਦਾ ਹੈ। ਐ ਵਜ਼ੀਰ ਖ਼ਾਂ! ਤੂੰ ਕਿਹੜੇ ਧਰਮ ਦੀ ਗੱਲ ਕਰ ਰਿਹਾ ਏ? “

ਔਰੰਗਜੇਬ ਡਰਤਾ ਨਹੀਂ ਹੈ ਗੁਨਾਹ ਸੇ।

ਬੇਕਸ ਕੇ ਇਜ਼ਤਿਰਾਬ ਸੇ ਦੁਖੀਯੋਂ ਕੀ ਆਹ ਸੇ।

ਉਹ ਔਰੰਗਜੇਬ ਜਿਹੜਾ ਧੱਕੇ ਨਾਲ, ਜਬਰ ਜ਼ੁਲਮ ਦੇ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਏ। ਉਹ ਦੀਨ ਦੁਖੀਆਂ ਨਿਮਾਣਿਆਂ ਦੀ ਹਾਹਾਕਾਰ ਤੋਂ ਨਹੀਂ ਡਰਦਾ, ਤੂੰ ਕਿਹੜੇ ਔਰੰਗਜੇਬ ਦੀਆਂ ਬਾਤਾਂ ਕਰਦਾ ਏ, ਸਾਡੇ ਨਾਲ। “

ਮਜਬ ਬਦਲ ਰਹਾ ਏ ਵੁਹ ਜ਼ੋਰਿ ਸਿਪਾਹ ਸੇ।

ਫੈਲਾਨਾ ਦੀਨ ਪਾਪ ਹੈ ਜ਼ਬਰੋ ਕਰਾਹ ਸੇ।

ਉਹ ਦੁਨੀਆਂ ਦੇ ਦੂਸਰੇ ਧਰਮਾਂ ਵਾਲਿਆਂ ਦਾ ਧਰਮ ਜ਼ਬਰਦਸਤੀ ਬਦਲ ਰਿਹਾ ਹੈ ਤੇ ਜ਼ਬਰਦਸਤੀ ਕਿਸੇ ਦਾ ਧਰਮ ਬਦਲਣਾ ਪਾਪ ਹੈ। “ ਔਰਗਜੇਬ ਦੇ ਇਸ ਪਾਪ ਦਾ ਭਾਂਡਾ ਵਜ਼ੀਰ ਖ਼ਾਂ ਦੀ ਕਚਿਹਰੀ ਵਿੱਚ ਸਾਹਿਬਜਾਦੇ 6-8 ਸਾਲ ਦੀ ਸਰੀਰਕ ਆਰਜਾ ਵਿੱਚ ਭੰਨ ਰਹੇ ਹਨ।

ਲਿਖਾ ਹੈ ਸਾਫ ਸਾਫ ਤੁਮਾਰੀ ਕਿਤਾਬ ਮੇਂ।

ਫੈਲਾਓ ਦੀਂ ਬਜਬ ਨਾ ਤੁਮ ਸ਼ੈਖੋਂ ਸ਼ਾਬ ਮੇਂ।

ਕਹਿੰਦੇ ਇਹ ਤੁਹਾਡੀ ਧਰਮ ਦੀ ਕਿਤਾਬ ਵਿੱਚ ਇਹ ਲਿਖਿਆ ਹੈ ਕਿ ਜਬਰੋ ਜ਼ੁਲਮ ਦੀ ਕੋਈ ਵੀ ਧਰਮ ਆਗਿਆ ਨਹੀਂ ਦਿੰਦਾ, ਪਰ ਤੂੰ ਤੇ ਤੇਰਾ ਬਾਦਸ਼ਾਹ ਔਰੰਗਜੇਬ ਜਬਰ ਜ਼ੁਲਮ ਕਰ ਕੇ ਧੱਕੇ ਨਾਲ ਇਹ ਸਾਰਾ ਕੰਮ ਕਰ ਰਹੇ ਹੋ। ਤੁਸੀਂ ਉਹ ਕੰਮ ਕਰ ਰਹੇ ਹੋ, ਜਿਸ ਦੀ ਆਗਿਆ ਤੁਹਾਡਾ ਧਰਮ ਗ੍ਰੰਥ ਕਦਾਚਿਤ ਨਹੀ ਦਿੰਦਾ।

ਸਾਹਿਬਜਾਦੇ ਬੇ-ਖੌਫ ਹਨ ਤੇ ਵਜ਼ੀਰ ਖ਼ਾਂ ਨਾਲ ਇਹ ਵਾਰਤਾ ਕਰ ਰਹੇ ਹਨ।

ਪੜ੍ਹ ਕੇ ਕੁਰਾਨ ਬਾਪ ਤੋ ਕਰਤਾ ਜ਼ੋ ਕੈਦ ਹੋ।

ਮਰਨਾ ਪਿਤਾ ਕਾ ਜਿਸ ਕੋ ਖ਼ੁਸ਼ੀ ਕੀ ਨਵੈਦ ਹੋ।

ਉਹ ਔਰੰਗਜੇਬ ਜਿਹੜਾ ਆਪਣੇ ਬਾਪ ਨੂੰ ਕੈਦਖ਼ਾਨੇ ਵਿੱਚ ਸੁੱਟ ਕੇ ਉਡੀਕ ਕਰਦਾ ਸੀ ਕਿ ਉਹ ਕਦੋਂ ਮਰੇਗਾ?

ਖ਼ਿਆਲ ਕਰਿਓ! ਬਾਦਸ਼ਾਹ ਜਹਾਂਗੀਰ, ਜਿਸ ਦਾ ਪਹਿਲਾ ਨਾਮ ਸ਼ਹਿਜਾਦਾ ਸਲੀਮ ਸੀ। ਹਿੰਦੁਸਤਾਨ ਦੇ ਇਤਿਹਾਸ ਦੇ ਅੰਦਰ ਮੁਗਲ ਕਾਲ ਦੀ ਹਿਸਟਰੀ ਪੜ੍ਹ ਲਓ, ਮੁਗਲ ਕਾਲ ਦੇ ਵਿਚੋਂ ਸਭ ਤੋ ਲੰਮਾਂ ਸਮਾਂ ਬਾਦਸ਼ਾਹਤ ਅਕਬਰ ਨੇ ਕੀਤੀ ਹੈ ਤੇ ਸਭ ਤੋਂ ਵਧੀਆ ਤੇ ਸੁਚੱਜਾ ਮੁਗਲ ਰਾਜ ਵੀ ਅਕਬਰ ਨੇ ਕੀਤਾ ਹੈ ਤੇ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਸਾਹਿਬ ਵਿਖੇ ਦਰਸ਼ਨਾ ਲਈ ਆਇਆ ਸੀ।

ਪਰ ਦੂਸਰੀ ਤਰਫ਼ ਮੁਗਲ ਰਾਜ ਵਿੱਚ ਇਹ ਇਹਨਾਂ ਦਾ ਸੁਭਾਓ ਰਿਹਾ ਹੈ ਕਿ ਸ਼ਹਿਜਾਦਾ ਸਲੀਮ ਜਿਹੜਾ ਜਹਾਂਗੀਰ ਦੇ ਨਾਮ ਨਾਲ ਤਖ਼ਤ ਤੇ ਬੈਠਾ ਸੀ, ਉਸ ਨੇ ਬਾਰ-ਬਾਰ ਆਪਣੇ ਬਾਪ ਨੂੰ ਮਾਰਨ ਦਾ ਯਤਨ ਕੀਤਾ ਸੀ। ਇੱਕ ਵਾਰ ਉਸਨੇ ਆਪਣੇ ਬਾਪ ਨੂੰ ਖਾਣੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਸੀ। ਇਸ ਲਈ ਕਿ ਕਦੋਂ ਮਰੇਗਾ ਬਾਪ ਮੇਰਾ ਤੇ ਮੇਰੀ ਤਖ਼ਤ ਤੇ ਬੈਠਣ ਦੀ ਵਾਰੀ ਆਵੇਗੀ।

ਮੁਗਲ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਉਸ ਦੇ ਪੁੱਤਰ ਔਰੰਗਜੇਬ ਨੇ 1658 ਈ. ਵਿੱਚ ਕੈਦ ਕੀਤਾ ਸੀ ਤੇ 8 ਸਾਲ ਤੱਕ ਕੈਦਖ਼ਾਨੇ ਵਿੱਚ ਰਹਿੰਦੇ ਹੀ ਸ਼ਾਹਜਹਾਨ ਦੀ ਮੌਤ ਹੋ ਗਈ ਸੀ। ਜਿਹੜਾ ਆਪਣੇ ਬਾਪ ਦਾ ਸਕਾ ਨਹੀ ਹੋਇਆ, ਉਹ ਕਿਹੜੇ ਧਰਮ ਦੀ ਗੱਲ ਕਰੇਗਾ?

ਕਤਲੇ ਬਰਾਦਰਾਂ ਜਿਸੇ ਮਾਮੂਲੀ ਸੈਦ ਹੋ।

ਨੇਕੀ ਕੀ ਇਸ ਸੇ ਖ਼ਲਕ ਕੋ ਫਿਰ ਕਯਾ ਉਮੈਦ ਹੋ।

ਆਪਣੇ ਭਰਾਵਾਂ ਨੂੰ ਮਾਰਨਾ ਜਿਸ ਲਈ ਮਾਮੂਲੀ ਗੱਲ ਹੋਵੇ, ਉਸ ਕੋਲੋਂ ਤੂੰ ਨੇਕੀ ਦੀ ਕੀ ਉਮੀਦ ਰੱਖ ਸਕਦਾ ਏ। ਵਜ਼ੀਰ ਖ਼ਾਂ! ਜਿਹੜਾ ਆਪਣੇ ਬਾਪ ਦਾ ਸਕਾ ਨਹੀਂ, ਉਹ ਆਪਣੀ ਪਰਜਾ ਦਾ ਸਕਾ ਕਿਵੇਂ ਹੋ ਸਕਦਾ ਹੈ?

ਜ਼ਰਾ ਹੋਰ ਵੇਖਓ, ਜਿਉਂ-ਜਿਉਂ ਅਸੀਂ ਇਤਿਹਾਸ ਦੀ ਪੜਚੋਲ ਕਰਾਂਗੇ ਤਾਂ ਹੋਰ ਵੀ ਸਚਾਈਆਂ ਸਾਹਮਣੇ ਆਉਂਦੀਆਂ ਜਾਣਗੀਆਂ। ਔਰੰਗਜੇਬ ਦੀ ਲੜਕੀ, ਜਿਸ ਦਾ ਨਾਮ ਸੀ ਜੈਬੁਲ ਨਿਸ਼ਾ। ਬਾਦਸ਼ਾਹ ਔਰੰਗਜੇਬ ਨੇ ਆਪਣੀ ਲੜਕੀ ਜੈਬੁਲ ਨਿਸ਼ਾ ਦਾ ਨਿਕਾਹ ਹੀ ਨਹੀ ਸੀ ਕੀਤਾ, ਉਸ ਦਾ ਕਾਰਨ ਪਤਾ ਕੀ ਸੀ? ਔਰੰਗਜੇਬ ਦੀ ਸੋਚ ਇਹ ਸੀ ਕਿ ਜੇਕਰ ਮੈਂ ਆਪਣੀ ਲੜਕੀ ਦਾ ਨਿਕਾਹ ਕਰ ਦਿੱਤਾ ਤਾਂ ਕਿਧਰੇ ਮੇਰਾ ਜਵਾਈ (ਦਾਮਾਦ) ਹੀ ਮੇਰੇ ਕੋਲੋਂ ਰਾਜ ਨਾ ਖੋਹ ਲਵੇ। ਆਹ ਹੈ ਬਾਦਸ਼ਾਹ ਔਰੰਗਜੇਬ ਦਾ ਚਰਿਤਰ ਤੇ ਉਸ ਦੀ ਸੋਚ।

ਸਾਹਿਬਜਾਦੇ ਔਰੰਗਜੇਬ ਦੀ ਸਚਾਈ ਵਜ਼ੀਰ ਖ਼ਾਂ ਦੇ ਸਾਹਮਣੇ, ਕਚਹਿਰੀ ਦੇ ਵਿੱਚ ਬਿਆਨ ਕਰਦਿਆਂ ਕਹਿੰਦੇ ਹਨ:

ਗੈਰੋਂ ਪਰ ਫਿਰ ਵੁਹ ਜ਼ੋਰ ਕਰੇ ਯਾ ਜ਼ਫਾ ਕਰੇ।

ਹਮ ਕਯਾ ਕਹੇਂ ਕਿਸੀ ਕੋ ਹਿਦਾਯਤ ਖ਼ੁਦਾ ਕਰੇ।

ਐ ਵਜ਼ੀਰ ਖ਼ਾਂ! ਅਸੀਂ ਕੀ ਕਰੀਏ, ਜਿਹੜਾ ਆਪਣਿਆਂ ਤੇ ਜਬਰ ਜ਼ੁਲਮ ਕਰ ਸਕਦਾ ਹੈ, ਉਹ ਦੂਸਰਿਆਂ ਨੂੰ ਕਦ ਬਖ਼ਸ਼ੇਗਾ। ਖ਼ੁਦਾ ਨੇ ਤਾਂ ਉਸ ਦੀ ਮੱਤ ਹੀ ਮਾਰੀ ਹੋਈ ਹੈ। ਇਸ ਵਿੱਚ ਹੁਣ ਅਸੀਂ ਕੀ ਕਰੀਏ।

ਹਦ ਸੇ ਬੜਾ ਹੂਆ ਹੀ ਜੁ ਜ਼ਾਲਿਮ ਬਸ਼ਰ ਹੂਆ।

ਮੌਲਾ ਕਾ ਖ਼ੌਫ ਜਿਸ ਕੋ ਨਾ ਹਾਦੀ ਕਾ ਡਰ ਹੂਆ।

ਮੁਸਲਿਮ ਕਹਾ ਕੇ ਹਾਏ ਜੋ ਕੋਤਾਹ-ਨਜਰ ਹੂਆ।

ਸਰਮਦ ਕੇ ਕਤਲ ਸੇ ਭੀ ਨਾ ਜਿਸ ਕੋ ਹਜ਼ਰ ਹੂਆ।

ਉਹ ਆਪਣੇ ਜ਼ੁਲਮਾਂ ਨੂੰ ਇੰਨਾ ਵਧਾ ਬੈਠਾ ਹੈ ਕਿ ਉਸ ਨੂੰ ਅਕਾਲ ਪੁਰਖ ਦਾ ਵੀ ਡਰ ਨਹੀਂ ਹੈ। ਉਸ ਦੇ ਜੀਵਨ ਵਿੱਚ ਡਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀ। ਬਾਦਸ਼ਾਹ ਔਰੰਗਜੇਬ ਕਾਹਦਾ ਮੁਸਲਮਾਨ ਹੈ, ਜਿਸ ਨੇ ਦਿੱਲੀ ਦੇ ਵਿੱਚ ‘ਸਰਮਦ` ਨਾਮ ਦੇ ਫਕੀਰ ਨੂੰ ਵੀ ਕਤਲ ਕਰ ਦਿੱਤਾ ਸੀ।

‘ਸਰਮਦ` ਇੱਕ ਫਕੀਰ ਸੀ ਤੇ ਦਿੱਲੀ ਦੀਆਂ ਸੜਕਾਂ ਤੇ ਨੰਗਾ ਹੀ ਘੁੰਮਦਾ ਰਹਿੰਦਾ ਸੀ। ਕਿਸੇ ਨੇ ਬਾਦਸ਼ਾਹ ਔਰੰਗਜੇਬ ਪਾਸ ਇਸ ਸਬੰਧੀ ਸਰਮਦ ਫਕੀਰ ਦੀ ਸ਼ਿਕਾਇਤ ਕਰ ਦਿਤੀ ਸੀ। ਔਰੰਗਜੇਬ ਨੇ ਸਰਮਦ ਫਕੀਰ ਨੂੰ ਆਪਣੇ ਕੋਲ ਬੁਲਾ ਕੇ ਪੁਛਿਆ “ਤੂੰ ਸੜਕਾਂ ਤੇ ਕਿਉਂ ਨੰਗਾ ਘੁੰਮਦਾ ਏਂ? “ ਸਰਮਦ ਫਕੀਰ ਨੇ ਜਵਾਬ ਦਿੱਤਾ “ਬਾਦਸ਼ਾਹ ਸਲਾਮਤ! ਮੈਂ ਤਾਂ ਸਰੀਰਕ ਕੱਪੜਿਆਂ ਤੋਂ ਨੰਗਾ ਹਾਂ ਪਰ ਤੂੰ ਤਾਂ ਆਪਣੇ ਬੁਰੇ ਕੰਮਾਂ ਕਰਕੇ ਨੰਗਾਂ ਹੈ। “ ਸਰਮਦ ਫ਼ਕੀਰ ਨੇ ਬਾਦਸ਼ਾਹ ਦੇ ਪਾਪਾਂ ਦਾ ਕੱਚਾ ਚਿੱਠਾ ਖੋਲ ਕੇ ਬਾਦਸ਼ਾਹ ਦੇ ਅੰਦਰਲੇ ਕੁਕਰਮਾਂ ਕਾਰਣ ਭਰੇ ਦਰਬਾਰ ਵਿੱਚ ਉਸ ਨੂੰ ਨੰਗਿਆਂ ਕਰ ਦਿੱਤਾ ਸੀ। ਬਾਦਸ਼ਾਹ ਔਰੰਗਜੇਬ ਸਰਮਦ ਫਕੀਰ ਦੀ ਸਚਾਈ ਤੋ ਇੰਨਾਂ ਭੜਕਿਆ ਕਿ ਉਸ ਨੇ ਗੁੱਸੇ ਵਿੱਚ ਆ ਕੇ ਸੰਨ 1661 ਵਿੱਚ ਸਰਮਦ ਫ਼ਕੀਰ ਨੂੰ ਕਤਲ ਕਰਵਾ ਦਿੱਤਾ। ਕੈਸਾ ਮਨੁੱਖ ਹੈ ਔਰੰਗਜੇਬ, ਜੋ ਸਰਮਦ ਵਰਗੇ ਫ਼ਕੀਰਾਂ ਨੂੰ ਵੀ ਕਤਲ ਕਰਵਾ ਦਿੰਦਾ ਹੈ।

ਮੈਂ ਬੇਨਤੀ ਕਰ ਰਿਹਾ ਸੀ ਕਿ ਸਾਹਿਬਜਾਦੇ ਭਰੀ ਕਚਿਹਰੀ ਵਿੱਚ ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ:

ਬੁਲਵਾ ਕੇ ਦਿੱਲੀ ਤੇਗ ਬਹਾਦਰ ਕੀ ਜਾਨ ਲੀ।

ਮਰਨੇ ਕੀ ਹਮ ਨੇ ਭੀ ਹੈ ਜਬੀ ਆਨ ਠਾਨ ਲੀ।

ਉਹ ਔਰੰਗਜੇਬ ਬਾਦਸ਼ਾਹ ਜਿਸ ਨੇ ਆਪ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਬੁਲਾਇਆ ਸੀ ਤੇ ਬੁਲਾ ਕੇ 1675 ਈ. ਵਿੱਚ ਸ਼ਹੀਦ ਕਰ ਦਿੱਤਾ ਸੀ। ਅਸੀਂ ਵੀ ਉਸ ਦਾਦੇ ਦੇ ਪੋਤੇ ਹਾਂ, ਅਸੀਂ ਵੀ ਮਰਨ ਨੂੰ ਤਿਆਰ ਹਾਂ:

ਜ਼ਾਲਿਮ ਕਾ ਦੀਨ ਕਿਸ ਲੀਏ ਕਰਨੇ ਲਗੇ ਕਬੂਲ।

ਤਬਦੀਲੀਏ ਮਜਹਬ ਸੇ ਨਹੀਂ ਕੁਛ ਭੀ ਹੈ ਹਸੂਲ।

ਅਸੀਂ ਉਸ ਜ਼ਾਲਿਮ ਔਰੰਗਜੇਬ ਦਾ ਧਰਮ ਕਦੀ ਵੀ ਕਬੂਲ ਕਰਨ ਨੂੰ ਤਿਆਰ ਨਹੀ ਹਾਂ। ਸਾਨੂੰ ਪਤਾ ਹੈ ਕਿ ਧਰਮ ਛੱਡਣ ਦੇ ਨਾਲ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਕਦੀ ਵੀ ਟਿਕਾਣਾ ਨਹੀਂ ਮਿਲਦਾ ਤੇ ਅਸੀਂ ਇਥੇ ਤੇਰੇ ਕੋਲ ਧਰਮ ਤਿਆਗਣ ਲਈ ਨਹੀਂ ਆਏ ਤੇ ਨਾ ਹੀ ਧਰਮ ਬਦਲਣ ਲਈ ਆਏ ਹਾਂ।

ਤੌਹੀਦ ਕੇ ਸਿਵਾ ਹੈਂ ਯਿਹ ਬਾਤੇਂ ਹੀ ਸਭ ਫ਼ਜ਼ੂਲ।

ਮਨਵਾਨੇ ਵਾਹਗੁਰੂ ਕੋ ਹੀ ਆਏ ਥੇ ਸਭ ਰਸੂਲ।

ਇਸ ਧਰਤੀ ਤੇ ਜਿੰਨੇ ਵੀ ਪੀਰ ਪੈਗੰਬਰ ਆਏ ਹਨ, ਸਾਰੇ ਹੀ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਬਾਤ ਹੀ ਮੰਨਵਾਉਣ ਲਈ ਆਏ ਹਨ, ਪਰ ਹਾਂ ਨਾਮ ਜਪਣ ਵਾਲਿਆਂ ਲਈ ਉਸ ਦੇ ਨਾਮ ਵੱਖਰੇ-ਵੱਖਰੇ ਹੋ ਸਕਦੇ ਹਨ, ਪਰ ਹੈ ਉਹ ਇੱਕ ਹੀ।

ਕੁਝ ਬੁਤ ਪ੍ਰਸਤ ਭੀ ਨਹੀਂ, ਨ ਬੁਤ-ਸ਼ਿਕਨ ਹੈ ਹਮ।

ਅੰਮ੍ਰਿ੍ਰਤ ਛਕਾ ਹੈ ਜਬ ਸੇ ਨਿਹਾਯਤ ਮਗਨ ਹੈਂ ਹਮ।

ਜੇਕਰ ਅਸੀਂ ਬੁੱਤ ਪੂਜਦੇ ਨਹੀਂ ਹਾਂ ਤਾਂ ਫਿਰ ਬੁੱਤਾਂ ਨੂੰ ਤੋੜਦੇ ਵੀ ਨਹੀਂ ਹਾਂ ਇਹ ਸਾਡੇ ਗੁਰੂ ਨਾਨਕ ਦਾ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਹੈ:

ਬੁਤ ਪੂਜਿ ਪੂਜਿ ੰਿਹੰਦੂ ਮੂਏ ਤੁਰਕ ਮੂਏ ਸਿਰੁ ਨਾਈ।।

ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੁ ਨ ਪਾਈ।।

(ਸੋਰਠਿ ਕਬੀਰ ਜੀ- ੬੫੪)

ਬੰਦਿਆ! ਐਵੇ ਫੋਕੇ ਧਰਮ ਦੇ ਝਗੜਿਆਂ ਵਿੱਚ ਤੂੰ ਉਸ ਅਕਾਲ ਪੁਰਖ ਨੂੰ ਕਿਉਂ ਭੁਲੀ ਜਾ ਰਿਹਾ ਏਂ। ਜਿਹੜਾ ਰੱਬ ਤੇਰੇ ਵਿੱਚ ਵਸਦਾ ਹੈ, ਉਹੀ ਰੱਬ ਦੂਸਰਿਆਂ ਵਿੱਚ ਵੀ ਵਸਦਾ ਹੈ।

ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।। (ਧਨਾਸਰੀ ਮਹਲਾ ੧-੧੩)

ਇਹ ਨਹੀ ਕਿ ਸਿਖ ਦੇ ਅੰਦਰ ਕੋਈ ਵਧੀਆ ਜੋਤ ਹੈ ਤੇ ਉਹ ਜੋਤ ਦੂਸਰਿਆਂ ਵਿੱਚ ਨਹੀ ਹੈ। ਨਹੀਂ ਸਾਰਿਆਂ ਵਿੱਚ ਬਰਾਬਰ ਦੀ ਰੱਬੀ ਜੋਤ ਹੈ।।

ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਸਾਨੂੰ ਕਹਿ ਰਹੇ ਹਨ, ਪਰ ਸਾਨੂੰ ਤਾਂ ਆਪਣੇ ਅੰਦਰ ਦੀ ਜੋਤ ਦੀ ਪਹਿਚਾਣ ਨਹੀਂ ਹੈ ਤੇ ਅਸੀਂ ਦੂਸਰਿਆਂ ਦੀ ਅੰਦਰਰਲੀ ਜੋਤ ਨੂੰ ਕਿਵੇਂ ਪਹਿਚਾਣ ਸਕਦੇ ਹਾਂ। ਅਸੀਂ ਤਾਂ ਆਪਣੀ ਜੋਤ ਨੂੰ ਹੀ ਕਾਲਖ ਨਾਲ ਢੱਕ ਲਿਆ। ਆਹ ਜੇ ਸਾਡੀ ਹਾਲਤ।

ਸਾਹਿਬਜਾਦੇ, ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ ਕਿ ਅਸੀਂ ਬੁੱਤਾਂ ਨੂੰ ਪੂੱਜਣ ਵਾਲੇ ਨਹੀਂ ਤੇ ਨਾ ਹੀ ਬੁੱਤਾਂ ਨੂੰ ਤੋੜਣ ਵਾਲੇ ਹਾਂ। ਜਦੋਂ ਦਾ ਅਸੀਂ ਅੰਮ੍ਰਿਤਪਾਨ ਕੀਤਾ ਹੈ, ਸਾਡੇ ਅੰਦਰ ਵੈਰ, ਵਿਰੋਧ, ਦੂਈ-ਦਵੈਸ਼ ਵਾਲੀ ਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

ਅੱਜ ਸਾਡੇ ਵਿੱਚ ਬਹੁ-ਗਿਣਤੀ ਉਹਨਾਂ ਵੀਰਾਂ ਭੈਣਾਂ ਦੀ ਹੈ ਕਿ ਜਦੋਂ ਅੰਮ੍ਰਿਤ ਦੀ ਗੱਲ ਚਲਦੀ ਹੈ ਤਾਂ ਉਹ ਕਹਿੰਦੇ ਹਨ ਕਿ ਨਹੀਂ ਜੀ! ਅੰਮ੍ਰਿਤ ਦੀ ਕੀ ਲੋੜ ਹੈ। ਬਾਣੀ ਪੜ੍ਹਣੀ ਚਾਹੀਦੀ ਹੈ। ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸੰਗਤ ਵੀ ਕਰਦੇ ਹਾਂ, ਜੇਕਰ ਅੰਮ੍ਰਿਤ ਨਹੀ ਛਕਿਆ ਤਾਂ ਕੀ ਗੱਲ ਹੈ। ਸਾਡਾ ਮਨ ਸਾਫ ਤਾਂ ਹੈ ਨਾ ਆਦਿ। ਪਰ ਕਲਗੀਧਰ ਪਾਤਸ਼ਾਹ ਦੇ ਬਚਨਾਂ ਨੂੰ ਯਾਦ ਰੱਖੋ। ਕਲਗੀਧਰ ਪਾਤਸ਼ਾਹ ਪਤਾ ਜੇ ਕੀ ਆਖਦੇ ਨੇ:

ਧਰੇ ਕੇਸ ਪਾਹੁਲ ਬਿਨਾ, ਭੇਖੀ ਮੂੜਾ ਸਿੱਖ।।

ਮੇਰਾ ਦਰਸ਼ਨ ਨਾਹਿ ਤਿਸ, ਪਾਪੀ ਤਿਆਗੇ ਭਿੱਖ।।

ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਕਿ ਅੰਮ੍ਰਿਤ ਤੋਂ ਬਿਨਾਂ ਕੇਸਾਧਾਰੀ ਸਿੱਖ ਭੇਖੀ ਹੈ ਤੇ ਉਸ ਨੂੰ ਮੇਰੇ ਦਰਸ਼ਨ ਨਹੀ ਹੋ ਸਕਦੇ। ਗੁਰੂ ਦੇ ਬਖ਼ਸ਼ੇ ਹੋਏ ਖੰਡੇ ਬਾਟੇ ਦੀ ਪਾਹੁਲ ਛਕਣ ਤੋਂ ਬਿਨਾਂ ਦਰਸ਼ਨ ਨਹੀਂ ਹੋ ਸਕਦੇ। ਹੁਣ ਦੱਸੋ! ਕੌਣ ਐਸਾ ਹੋਵੇਗਾ ਜੋ ਗੁਰੂ ਕਲਗੀਧਰ ਦੇ ਦਰਸ਼ਨ ਨਹੀ ਕਰਨਾ ਚਾਹੇਗਾ। ਕੌਣ ਗੁਰੂ ਕਲਗੀਧਰ ਤੋਂ ਦੂਰ ਰਹਿਣਾ ਚਾਹੇਗਾ, ਪਰ ਅਸੀਂ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਲਈ ਤਿਆਰ ਨਹੀਂ ਹਾਂ।

ਮੈਂ ਇਥੇ ਗੁਰੂ ਕਲਗੀਧਰ ਦੇ ਜੀਵਨ ਦੀ ਇੱਕ ਬਾਤ ਕਹਿਣੀ ਚਾਹਾਂਗਾ, ਬੜੀ ਕਮਾਲ ਦੀ ਬਾਤ ਹੈ। ਜਦੋਂ ਕਲਗੀਧਰ ਪਾਤਸ਼ਾਹ ਨੇ ਆਪ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਜਾਚਨਾ ਕੀਤੀ ਸੀ, ਉਸ ਸਮੇਂ ਉਨ੍ਹਾਂ ਤੇ ਕੋਈ ਦਬਾਅ ਨਹੀਂ ਸੀ, ਕੋਈ ਜਰੂਰੀ ਨਹੀ ਸੀ, ਜੇਕਰ ਉਹ ਆਪ ਅੰਮ੍ਰਿਤ ਦੀ ਦਾਤ ਨਾ ਵੀ ਲੈਂਦੇ ਤਾਂ ਵੀ ਕਲਗੀਧਰ ਦੀ ਮਹਿਮਾ ਨਹੀਂ ਸੀ ਘਟਾਈ ਜਾ ਸਕਦੀ।

ਪਰ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਦੀ ਜਾਚਨਾ ਕਿਉਂ ਕੀਤੀ? ਕਿਉਂਕਿ ਕਲਗੀਧਰ ਪਾਤਸ਼ਾਹ ਨੂੰ ਸ਼ਾਇਦ ਇਹ ਵੀ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਸਿੱਖਾਂ ਨੇ ਕਹਿਣਾ ਹੈ ਕਿ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਦੋਖੋ! ਕਲਗੀਧਰ ਪਾਤਸ਼ਾਹ ਨੇ ਆਪਣੇ ਆਪ ਨੂੰ ਅੰਮ੍ਰਿਤ ਤੋਂ ਪਾਸੇ ਨਹੀ ਰੱਖਿਆ। ਪੰਜ ਪਿਆਰਿਆਂ ਨੇ ਜਦੋਂ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰਦਿਆਂ 16 ਵਾਰ ਕਲਗੀਧਰ ਦੇ ਮੁਖਾਰਬਿੰਦ ਤੋਂ ਆਪਣੇ ਹੁਕਮ ਨਾਲ ਬੁਲਾਇਆ ਸੀ- “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕਾ ਫ਼ਤਹਿ”। ਤੇ ਕਲਗੀਧਰ ਪਾਤਸ਼ਾਹ ਨੇ ਪੰਜਾ ਪਿਆਰਿਆਂ ਦੇ ਸਾਹਮਣੇ ਸੀਸ ਝੁਕਾ ਕੇ 16 ਵਾਰ ਕਿਹਾ ਸੀ- “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ”।

ਜਦੋਂ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਨੂੰ ਰਹਿਤਾਂ ਦ੍ਰਿੜ ਕਰਵਾਈਆਂ ਸਨ ਤਾਂ ਕਿਹਾ ਸੀ “ਪਾਤਸ਼ਾਹ! ਆਪ ਜੀ ਨੂੰ ਇੱਕ ਰਹਿਤ ਵਾਧੂ ਦੇਣੀ ਹੈ, ਕਲਗੀਧਰ ਪਾਤਸ਼ਾਹ! ਜਦੋਂ ਵੀ ਕਦੀ ਪੰਥ ਤੇ ਭੀੜ ਬਣੇ ਤਾਂ ਤੁਸੀਂ ਆਪ ਵੱਖਰੇ ਨਹੀ ਹੋਵੋਗੇ, ਆਪ ਖ਼ੁਦ ਪੰਥ ਦਾ ਹਿੱਸਾ ਹੋ ਕੇ ਵਿੱਚ ਹੋ ਕੇ ਲੜਿਉ। “ ਤਾਂ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰਿਆਂ ਅੱਗੇ ਸੀਸ ਝੁਕਾ ਕੇ ਕਿਹਾ “ਜੋ ਆਪ ਜੀ ਦਾ ਹੁਕਮ ਹੈ, ਉਹ ਪਰਵਾਨ ਹੈ। “

ਦੇਖੋ! ਕਲਗੀਧਰ ਪਾਤਸ਼ਾਹ ਤਾਂ ਅੱਜ ਵੀ ਤਲਵਾਰ ਲੈ ਕੇ ਪੰਥ ਲਈ ਲੜਣ ਨੂੰ ਤਿਆਰ ਹਨ, ਪਰ ਅਸੀਂ ਪੰਥ ਦਾ ਹਿੱਸਾ ਬਨਣ ਨੂੰ ਤਿਆਰ ਨਹੀ ਹਾਂ। ਅਸੀਂ ਧਰਮ ਨੂੰ ਕੀ ਬਣਾਕੇ ਰੱਖ ਦਿੱਤਾ ਹੈ? ਅਸੀਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਹੀ ਲੜਣ ਲੱਗ ਪੈਂਦੇ ਹਾਂ, ਤਾਹਨੇ-ਮਿਹਨੇ, ਕੀ ਇਹ ਪੰਥ ਹੈ, ਇੰਨਾ ਫੋਕਾ ਕਟੜਵਾਦ।

ਹਾਂ! ਇਹ ਠੀਕ ਹੈ ਕਿ ਜਿੱਥੇ ਕੱਟੜਵਾਦ ਰਹਿਣਾ ਚਾਹੀਦਾ ਹੈ ਉਥੇ ਕੱਟੜਵਾਦ ਜਰੂਰ ਰੱਖੋ, ਜਿਵੇਂ ਕਿ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਉਣਾ ਤੇ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਣਾ, ਕੇਸ ਦਾੜ੍ਹੀ ਸਾਬਤ ਰਹਿਣੇ ਚਾਹੀਦੇ ਹਨ। ਇਥੇ ਕੋਈ ਸਮਝੌਤਾ ਨਹੀ ਹੋਣਾ ਚਾਹੀਦਾ, ਇਹ ਸਾਡਾ ਕਟੱੜਵਾਦ ਹਰ ਹਾਲਤ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਸਿੱਖ ਨੇ ਪਰ-ਇਸਤਰੀ, ਪਰ-ਪੁਰਸ਼ ਗਾਮੀ ਨਹੀਂ ਹੋਣਾ, ਸਿੱਖ ਨੇ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ, ਇਹ ਸਾਡਾ ਜਰੂਰੀ ਕੱਟੜਵਾਦ ਹੈ। ਪਰ ਅਸੀਂ ਧਿਆਨ ਮਾਰੀਏ ਕਿ ਕਿੱਥੇ ਖੜੇ ਹਾਂ, ਇੱਕ ਕਵੀ ਲਿਖਦਾ ਹੈ:

ਕਿਸੇ ਨੇ ਬੰਨ੍ਹ ਲਈ ਸਾੜੀ, ਤਾਂ ਧਰਮ ਨੂੰ ਖ਼ਤਰਾ।

ਕਿਸੇ ਨੇ ਬੰਨ੍ਹ ਲਈ ਦਾੜ੍ਹੀ, ਤਾਂ ਧਰਮ ਨੂੰ ਖਤਰਾ।

ਧਰਮ ਨਾ ਹੋਇਆ, ਹੋ ਗਈ ਮੋਮਬੱਤੀ।

ਲੱਗੀ ਧੁੱਪ ਤੇ ਪਿਘਲ ਗਈ ਮੋਮਬੱਤੀ।

ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੇ ਜੀਵਨ ਨੂੰ ਸਿੱਖ ਨੀਤੀਆਂ ਦੇ ਪਰਥਾਏ ਅਤੇ ਉਹਨਾਂ ਦੇ ਖ਼ਿਆਲਾਂ ਨੂੰ ਨਿਰਪੱਖਤਾ ਨਾਲ ਵਾਚਣਾ, ਤਾਂ ਸਾਨੂੰ ਲੱਗੇਗਾ ਕਿ ਉਹ ਸਹੀ ਅਰਥਾਂ ਵਿੱਚ ਭਗਤ ਸਨ।

ਕੈਸੇ ਭਗਤ ਸਨ ਉਹ? ਜਦੋਂ 1947 ਵਿੱਚ ਪਾਕਿਸਤਾਨ ਵਿਚੋਂ ਕੋਈ ਗੱਡੇ ਭਰ ਕੇ ਸਮਾਨ ਲਿਆ ਰਿਹਾ ਸੀ, ਕੋਈ ਆਪਣਾ ਮਾਲ-ਅਸਬਾਬ ਘੋੜੇ ਲੱਦ ਕੇ ਲਿਆ ਰਿਹਾ ਸੀ। ਉਸ ਸਮੇਂ ਭਗਤ ਪੂਰਨ ਸਿੰਘ ਆਪਣਾ ਸਮਾਨ ਲੱਦ ਕੇ ਲਿਆ ਰਹੇ ਸਨ ਤੇ ਸਮਾਨ ਪਤਾ ਕੀ ਸੀ, ਆਪ ਹੈਰਾਨ ਹੋਵੇਗੇ ਕਿ ਭਗਤ ਪੂਰਨ ਸਿੰਘ ਜੀ ਆਪਣੇ ਨਾਲ ਇੱਕ ਵਿਅਕਤੀ ਜੋ ਕਿ ਪਿੰਗਲਾ ਸੀ ਤੇ ਉਸ ਦਾ ਨਾਮ ਸੀ ਪਿਆਰਾ ਸਿੰਘ, ਜਿਸ ਨੂੰ ਭਗਤ ਪੂਰਨ ਸਿੰਘ ਆਪਣੇ ਮੋਢਿਆਂ ਤੇ ਚੁੱਕ ਲਿਆਏ ਸਨ। ਇਹ ਸਨ ਭਗਤ ਪੂਰਨ ਸਿੰਘ ਜੀ। ਜਦੋਂ ਪਿੰਗਲੇ (ਪਿਆਰਾ ਸਿੰਘ) ਨੂੰ ਭਗਤ ਪੂਰਨ ਸਿੰਘ ਜੀ ਨੇ ਨਹਾ-ਧੁਆ ਕੇ ਘਰ ਲਿਆਂਦਾ ਤਾਂ ਭਗਤ ਜੀ ਦੀ ਮਾਤਾ ਮਹਿਤਾਬ ਕੌਰ ਨੇ ਕਿਹਾ “ਪੁੱਤਰ! ਹੁਣ ਤੂੰ ਇਸ ਪਿੰਗਲੇ ਨੂੰ ਸਾਂਭ ਰਿਹਾ ਏਂ, ਪਰ ਜਦੋਂ ਤੇਰਾ ਵਿਆਹ ਹੋ ਜਾਵੇਗਾ, ਤੇਰੇ ਆਪਣੇ ਬੱਚੇ ਹੋਣਗੇ ਫਿਰ ਕੌਣ ਸਾਂਭੇਗਾ? “ ਭਗਤ ਜੀ ਨੇ ਅੱਗੋ ਮਾਤਾ ਜੀ ਨੂੰ ਪਤਾ ਕੀ ਉੱਤਰ ਦਿੱਤਾ “ਮਾਂ! ਇਸ ਦੀ ਸੇਵਾ ਲਈ ਮੈਂ ਵਿਆਹ ਹੀ ਨਹੀ ਕਰਵਾਵਾਂਗਾ। “ ਮਾਂ ਜਾਣਦੀ ਹੈ ਕਿ ਮੇਰਾ ਇਕੋ ਇੱਕ ਪੁੱਤਰ ਹੈ ਤੇ ਜੇਕਰ ਇਸ ਨੇ ਵਿਆਹ ਨਾ ਕਰਵਾਇਆ ਤਾਂ ਅੱਗੇ ਕੁਲ ਨਹੀ ਚਲੇਗੀ, ਪਰ ਮਾਂ ਪਿਆਰ ਵਿੱਚ ਭਿੱਜੀ ਹੋਈ, ਗੁਰੂ ਬਖ਼ਸ਼ਿਸ਼ ਨਾਲ ਆਖਦੀ ਹੈ, “ਪੁੱਤਰਾ! ਅੱਜ ਮੇਰੀ ਕੁਖ ਸਫਲੀ ਹੋ ਗਈ ਹੈ। “ ਤੇ ਇਹ ਸਚਾਈ ਵੀ ਹੈ ਕਿ ਭਗਤ ਪੂਰਨ ਸਿੰਘ ਜੀ ਨੇ ਆਪਣੀ ਮਾਂ ਦੀ ਕੁਖ ਵੀ ਸਫਲੀ ਕਰ ਦਿੱਤੀ।

ਭਗਤ ਪੂਰਨ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ ਕਿ “ਸਿੱਖ ਬੀਬੀਆਂ ਦਾ ਪਹਿਰਾਵਾ ਉਹਨਾਂ ਦੀ ਸੁਰਖਿਆ ਦਾ ਜਾਮਨ ਹੈ। “ ਅੱਜ ਜਦੋਂ ਸਾਡੀ ਭੈਣ, ਕਿਸੇ ਬੀਬੀ ਨੇ ਸਿੱਖੀ ਦਾ ਸੁੱਚਜਾ ਪਹਿਰਾਵਾ ਪਾਇਆ ਹੋਵੇਗਾ ਤਾਂ ਦੁਨੀਆਂ ਦੀ ਕੋਈ ਮੈਲੀ ਨਜ਼ਰ ਉਸ ਵੱਲ ਨਹੀ ਉਠ ਸਕੇਗੀ ਅਤੇ ਜਦੋਂ ਸਿਰਫ ਦਿਖਾਵੇ ਮਾਤਰ ਫੈਸ਼ਨਾਂ ਵੱਲ ਪਏ ਹੋਵਾਂਗੇ ਤਾਂ ਦੁਨੀਆਂ ਦੀਆਂ ਪਾੜਵੀਆਂ ਨਜ਼ਰਾਂ ਸਾਡੇ ਵੱਲ ਵੀ ਬੁਰੇ ਰੂਪ ਵਿੱਚ ਤੱਕਣਗੀਆਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਭੁੱਲ ਗਏ।

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।।

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।

(ਸਿਰੀਰਾਗ ਮਹਲਾ ੧-੧੬)

ਜਿਸ ਪਹਿਰਾਵੇ ਨੂੰ ਵੇਖ ਕੇ ਮਨ ਵਿੱਚ ਵਿਕਾਰ ਪੈਦਾ ਹੋਵਣ, ਉਹ ਪਹਿਰਾਵਾ ਗੁਰੂ ਨਾਨਕ ਦੀ ਸਿੱਖਿਆ ਅਨੁਸਾਰ ਨਹੀਂ ਹੋ ਸਕਦਾ। ਹੁਣ ਇਹ ਗੱਲ ਨਹੀਂ ਸਮਝ ਲੈਣੀ ਕਿ ਇਹਨਾਂ ਅੱਖਾਂ ਨਾਲ ਕੁੱਝ ਵੇਖਣਾ ਹੀ ਨਹੀਂ ਹੈ, ਵੇਖੋ! ਪਰ ਕਿਸ ਤਰ੍ਹਾਂ? ਇਸ ਤਰ੍ਹਾਂ ਕਿ ਸਾਡੇ ਮੂੰਹ ਵਿਚੋਂ ਆਪ ਮੁਹਾਰੇ ਇਹ ਨਿਕਲੇ ਕਿ “ਵਾਹ ਮੇਰੇ ਸਾਹਿਬਾ ਵਾਹ” ਤੂੰ ਇਸ ਸੰਸਾਰ ਵਿੱਚ ਕਿੰਨੀ ਸੁੰਦਰਤਾ ਪੈਦਾ ਕੀਤੀ ਹੈ ਤੇ ਮਨ ਵਿਚੋਂ ਇਹੀ ਨਿਕਲੇ:

ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤ ਨ ਜਾਈ ਲਖਿਆ।।

(ਸਲੋਕ ਮਹਲਾ ੧-੪ ੬੯)

ਇਸ ਤਰਾਂ ਦੀ ਸਾਡੀ ਜੀਵਨ ਜਾਚ ਬਣ ਜਾਵੇ। ਮਾਂ ਗੁਜਰੀ ਜੀ ਦੀ ਇਹ ਸਿੱਖਿਆ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਬੱਚਿਓ! ਯਾਦ ਰੱਖਿਉ ਕਿ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ। ਭਰੀ ਕਚਿਹਰੀ ਵਿੱਚ ਸਾਹਿਬਜਾਦੇ, ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ:

ਕਰ ਲੇ ਮੁਕਾਬਲਾ ਤੂੰ ਜ਼ਰਾ ਅਪਨੇ ਸ਼ਾਹ ਸੇ।

ਪਾਪੀ ਹੈ ਵਹੁ ਤੋ ਹਮ ਹੈਂ ਬਰੀ ਹਰ ਗੁਨਾਹ ਸੇ।

ਜ਼ਰਾ ਆਪਣੇ ਸ਼ਹਿਨਸ਼ਾਹ ਔਰੰਗਜੇਬ ਨਾਲ ਸਾਡਾ ਮੁਕਾਬਲਾ ਤਾਂ ਕਰ, ਉਸ ਦੇ ਜੀਵਨ ਵਿੱਚ ਪਾਪ ਹੀ ਪਾਪ ਦਿਖਾਈ ਦੇਣਗੇ ਤੇ ਸਾਡੇ ਜੀਵਨ ਵਿੱਚ ਗੁਣ ਹੀ ਗੁਣ ਦਿਖਾਈ ਦੇਣਗੇ।

ਉਸ ਨੇ ਫ਼ਰੇਬ ਖੇਲਾ ਥਾ ਪੁਸ਼ਤੇ-ਪਨਾਹ ਸੇ।

ਮਰਨੇ ਪਿਤਾ ਕੇ ਵਾਸਤੇ ਹਮ ਆਏ ਚਾਹ ਸੇ।

ਤੇਰੇ ਬਾਦਸ਼ਾਹ ਨੇ ਹਰ ਇੱਕ ਨਾਲ ਧੋਖਾ ਹੀ ਧੋਖਾ ਕੀਤਾ ਹੈ। ਝੂਠੀਆਂ ਕਸਮਾਂ ਹੀ ਖਾਧੀਆਂ ਨੇ, ਬਾਦਸ਼ਾਹ ਔਰੰਗਜੇਬ ਝੂਠਾ ਹੈ, ਧੋਖੇਬਾਜ਼ ਹੈ, ਫ਼ਰੇਬੀ ਹੈ, ਬੇਈਮਾਨ ਹੈ, ਪਰ ਅਸੀਂ ਇਥੇ ਆਪਣੇ ਗੁਰੂ ਪਿਤਾ ਦੇ ਪਾਏ ਪੂਰਨਿਆਂ ਤੇ ਚਲਦਿਆਂ ਆਏ ਹਾਂ। ਕਿਹੜੇ ਪੂਰਨੇ?

ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰ ਧਰਿ ਤਲੀ ਗਲੀ ਮੇਰੀ ਆੳ।।

ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।

(ਸਲੋਕ ਮਹਲਾ ੧-੧੪੧੨)

ਵਜ਼ੀਰ ਖ਼ਾਂ ਅਸੀਂ ਉਸ ਗੁਰੂ ਨਾਨਕ ਦੇ ਪਾਏ ਪੂਰਨਿਆਂ ਤੇ ਚਲਦਿਆਂ ਚਲਦਿਆਂ ਤੇਰੇ ਪਾਸ ਪਹੁੰਚੇ ਹਾਂ।

ਕਾਮ ਇਸ ਨੇ ਭਾਈਯੋਂ ਸੇ ਕੀਆ ਥਾ ਯਜ਼ੀਦ ਕਾ।

ਦਾਰਾ ਕਾ ਹੈ, ਮੁਰਾਦ ਕਾ ਰੁਤਬਾ ਸ਼ਹੀਦ ਕਾ।

ਇਹ ਨਾਮ ਔਰੰਗਜੇਬ ਦੇ ਭਰਾਵਾਂ ਦੇ ਆਏ ਹਨ ਜਿਨ੍ਹਾਂ ਨੂੰ ਕਤਲ ਕਰਕੇ ਔਰੰਗਜੇਬ ਨੇ ਤਖ਼ਤ ਤੇ ਕਬਜਾ ਕਰ ਲਿਆ ਸੀ। ਸਾਹਿਬਜਾਦੇ ਵਜ਼ੀਰ ਖ਼ਾਂ ਦੇ ਸਾਹਮਣੇ ਨਿਡਰਤਾ ਨਾਲ ਇਹ ਆਖ ਰਹੇ ਹਨ ਕਿ ਆਪਣੀ ਮਾਂ ਦੇ ਜਾਇਆਂ ਦਾ ਆਪਣੇ ਭਰਾਵਾਂ ਦੇ ਕਤਲ ਕਰਨ ਵਾਲਾ ਤੇਰਾ ਸ਼ਹਿਨਸ਼ਾਹ ਕਿੰਨਾ ਕੁ ਇਮਾਨਦਾਰ ਹੋ ਸਕਦਾ ਹੈ।

ਹੁਣ ਕਲਗੀਧਰ ਦੇ ਲਾਡਲੇ ਆਪਣੀ ਮਨ ਦੀ ਇੱਛਾ ਵਜ਼ੀਰ ਖ਼ਾਂ ਨੂੰ ਦੱਸਦੇ ਹੋਏ ਕੀ ਆਖਦੇ ਹਨ? ਵਜ਼ੀਰ ਖ਼ਾਂ ਤੂੰ ਸਾਨੂੰ ਲਾਲਚ ਤੇ ਡਰਾਵੇਂ ਦੇ ਰਿਹਾ ਏਂ, ਪਰ ਸਾਡੇ ਮਨ ਵਿੱਚ ਕੀ ਹੈ?

ਮੈਂ ਇਥੇ ਇੱਕ ਗੱਲ ਕਹਾਂ ਕਿ ਵਜ਼ੀਰ ਖ਼ਾਂ ਨੇ ਲਾਡਲਿਆਂ ਨੂੰ ਪਹਿਲਾਂ ਪਿਆਰ, ਫਿਰ ਲਾਲਚ, ਫਿਰ ਡਰਾਵੇ ਵੀ ਦਿੱਤੇ। ਕੈਸੇ ਲਾਲਚ ਤੇ ਕੈਸੇ ਡਰਾਵੇ ਦਿੱਤੇ ਤੇ ਲਾਲਾਂ ਨੇ ਅੱਗੋ ਜਵਾਬ ਕੀ ਦਿੱਤੇ।

ਬੜੇ ਬਾ-ਕਮਾਲ ਜਵਾਬ ਨੇ ਬੱਚਿਆਂ ਦੇ, ਜ਼ਰਾ ਧਿਆਨ ਦੇਣਾ:

ਵਜ਼ੀਰ ਖ਼ਾਂ ਨੇ ਆਪਣੀ ਕਚਹਿਰੀ ਵਿੱਚ ਤਿੱਖਿਆਂ ਦੰਦਿਆਂ ਵਾਲਾ ਆਰਾ ਲਿਆ ਕੇ ਰੱਖਿਆ। ਇੱਕ ਲੋਹ ਲਿਆ ਕੇ ਲਾਲ ਸੁਰਖ ਕੀਤੀ ਤੇ ਇੱਕ ਦੇਗ ਪਾਣੀ ਦੀ ਉਬਾਲ ਕੇ ਰੱਖੀ। ਵਜ਼ੀਰ ਖ਼ਾਂ ਸਾਹਿਬਜਾਦਾ ਜ਼ੋਰਾਵਰ ਸਿੰਘ ਨੂੰ ਆਖਦਾ ਹੈ “ਬੇਟੇ ਜ਼ੋਰਾਵਰ ਸਿੰਘ! ਆਹ ਆਰੇ ਦੇ ਦੰਦੇ ਕਿੰਨੇ ਤਿੱਖੇ ਹਨ, ਇਸ ਆਰੇ ਨਾਲ ਦੋ ਫਾੜ ਕਰ ਦਿਆਂਗਾ” ਇਹ ਸੁਣ ਕੇ ਸਾਹਿਬ ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ “ਵਜ਼ੀਰ ਖ਼ਾਂ! ਇਹਨਾਂ ਆਰਿਆਂ ਦਾ ਤਿੱਖਾਪਨ ਭਾਈ ਮਤੀ ਦਾਸ ਨੇ ਪਹਿਲਾਂ ਹੀ ਦੇਖ ਲਿਆ ਹੈ। “ ਹੁਣ ਵਜ਼ੀਰ ਖ਼ਾਂ ਨੇ ਛੇ ਸਾਲ ਦੀ ਆਰਜ਼ਾ ਵਾਲੇ ਬਾਬਾ ਫ਼ਤਹਿ ਸਿੰਘ ਨੂੰ ਕਿਹਾ, “ਫ਼ਤਹਿ ਸਿੰਘ! ਆਹ ਤਪਦੀ ਹੋਈ ਲੋਹ ਵਲ ਝਾਤੀ ਮਾਰ ਲੈ ਇਸ ਲੋਹ ਤੇ ਤੈਨੁੰ ਮੱਛੀ ਵਾਂਗ ਭੁੰਨ ਦਿਆਂਗਾ। “ ਸਾਹਿਬ ਫ਼ਤਹਿ ਸਿੰਘ ਨੇ ਅਗੋ ਜਵਾਬ ਦਿੱਤਾ “ਇਸ ਤੱਤੀ ਲੋਹ ਦੀ ਤਪਸ਼ ਨੂੰ ਸਾਡੇ ਲੱਕੜ ਦਾਦੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਦੇਖ ਲਿਆ ਹੈ। “ਵਜ਼ੀਰ ਖ਼ਾਂ ਫਿਰ ਬਾਬਾ ਜ਼ੋਰਾਵਰ ਸਿੰਘ ਵੱਲ ਵੇਖ ਕੇ ਕਹਿੰਦਾ ਹੈ “ਜ਼ੋਰਾਵਰ ਸਿੰਘ! ਆਹ ਉਬਲਦੀ ਹੋਈ ਦੇਗ ਵਾਲਾ ਦੇਖ, ਇਸ ਵਿੱਚ ਮੈਂ ਤੈਨੂੰ ਆਲੂਆਂ ਵਾਂਗ ਉਬਾਲ ਦਿਆਂਗਾ। “ ਲਾਡਲੇ ਜ਼ੋਰਾਵਰ ਸਿੰਘ ਕਹਿਣ ਲੱਗੇ “ਵਜ਼ੀਰ ਖ਼ਾਂ! ਭਾਈ ਦਿਆਲਾ ਜੀ ਨੇ ਇਸ ਦੇਗ ਵਿੱਚ ਪਹਿਲਾਂ ਹੀ ਉਬਾਲ ਖਾ ਕੇ ਦੇਖ ਲਿਆ ਹੈ। “

ਇਹ ਸਨ ਕਲਗੀਧਰ ਦੇ ਲਾਡਲਿਆਂ ਦੇ ਜਵਾਬ।

ਵਜ਼ੀਰ ਖ਼ਾਂ ਫਿਰ ਕਹਿਣ ਲੱਗਾ “ਉਏ! ਤੁਹਾਡਾ ਪਿਤਾ ਮਾਰ ਦਿੱਤਾ ਗਿਆ ਹੈ, ਤੁਹਾਡੇ ਭਰਾ ਵੀ ਮਾਰ ਦਿੱਤੇ ਗਏ ਹਨ, ਹੁਣ ਤੁਹਾਡੀ ਬਾਂਹ ਫੜਣ ਵਾਲਾ ਕੋਈ ਵੀ ਨਹੀ ਹੈ। “ ਜਦੋਂ ਵਜ਼ੀਰ ਖ਼ਾਂ ਨੇ ਇਹ ਕਿਹਾ ਕਿ ਤੁਹਾਡਾ ਪਿਤਾ ਮਾਰ ਦਿੱਤਾ ਗਿਆ ਤਾਂ ਸਾਹਿਬਜਾਦੇ ਬੋਲ ਉਠੇ “ਐ ਵਜ਼ੀਰ ਖ਼ਾਂ! ਜ਼ਰਾ ਜਬਾਨ ਸੰਭਾਲ ਕੇ ਬੋਲ, ਤੂੰ ਕੀ ਬੋਲ ਰਿਹਾ ਹੈਂ। ਅਜੇ ਤੱਕ ਮਾਂ ਨੇ ਉਹ ਸੂਰਮਾ ਪੈਦਾ ਹੀ ਨਹੀ ਕੀਤਾ, ਜਿਹੜਾ ਸਾਡੇ ਪਿਤਾ ਨੂੰ ਮਾਰ ਸਕਦਾ ਹੋਵੇ, ਅਜੇ ਤੱਕ ਉਹ ਸ਼ਸਤਰ ਹੀ ਨਹੀਂ ਬਣਿਆ ਜੋ ਸਾਡੇ ਪਿਤਾ ਨੂੰ ਮਾਰ ਸਕਦਾ ਹੋਵੇ। ਜ਼ਰਾ ਜਬਾਨ ਨੁੰ ਸੰਭਾਲ ਕੇ ਗੱਲ ਕਰ। “

ਜਦੋਂ ਵਜੀਰ ਖ਼ਾਂ ਨੇ ਇਹ ਸਭ ਕੁੱਝ ਸੁØਣਿਆ ਤਾਂ ਕਹਿੰਦਾ “ਬੱਚਿਉ! ਚਲੇ ਜਾਉ ਆਪਣੀ ਦਾਦੀ ਮਾਂ ਦੇ ਕੋਲ, ਜਾ ਕੇ ਆਪਣੀ ਦਾਦੀ ਨਾਲ ਸਲਾਹ ਕਰ ਲੈਣਾ, ਕਿਉਂ ਐਵੇਂ ਆਪਣੀਆਂ ਕੀਮਤੀ ਜਾਨਾਂ ਵਿਅਰਥ ਗੁਆਉਂਦੇ ਹੋ। “

ਸਾਹਿਬਜਾਦੇ ਆਪਣੀ ਦਾਦੀ ਮਾਂ ਦੇ ਕੋਲ ਚਲੇ ਗਏ। ਹੁਣ ਦਾਦੀ ਮਾਂ ਦੇ ਕੋਲ ਆ ਕੇ ਸਾਹਿਬਜਾਦਿਆਂ ਨੇ ਸਾਰੇ ਦਿਨ ਦੀ ਵਾਰਤਾਲਾਪ ਸੁਣਾ ਦਿੱਤੀ। ਦਾਦੀ ਮਾਂ ਨੇ ਬੱਚਿਆਂ ਨੂੰ ਘੁਟ ਕੇ ਗਲਵੱਕੜੀ ਵਿੱਚ ਲੈ ਲਿਆ, ਪਿਆਰ ਭਰੀ ਸ਼ਾਬਾਸ਼ ਦਿੱਤੀ ਤੇ ਆਖਿਆ “ਸ਼ਾਬਾਸ਼! ਤੁਸੀਂ ਆਪਣੇ ਪਿਤਾ, ਆਪਣੇ ਦਾਦੇ ਤੇ ਆਪਣੇ ਗੁਰੂ ਨਾਨਕ ਦੀ ਰੱਖ ਵਿਖਾਈ ਹੈ। ਸ਼ਾਬਾਸ਼! ਬੱਚਿਉ ਸ਼ਾਬਾਸ਼! ਕਲ੍ਹ ਨੂੰ ਤੁਹਾਨੂੰ ਇਸ ਨਾਲੋ ਵੀ ਜਿਆਦਾ ਲਾਲਚ ਤੇ ਡਰਾਵੇ ਦਿੱਤੇ ਜਾਣਗੇ, ਪਰ ਤੁਸੀਂ ਡੋਲਣਾ ਨਹੀਂ। “ ਉਸ ਸਮੇਂ ਕਲੀਗੀਧਰ ਦੇ ਲਾਡਲਿਆਂ ਨੇ ਮਾਂ ਗੁਜਰੀ ਨੂੰ ਕਿਹਾ:

-ਧੰਨਯ ਭਾਗ ਹਮਰੇ ਹੈਂ ਮਾਈ।

ਧਰਮ ਹੇਤ ਤਨ ਜੇਕਰ ਜਾਈ।

(ਪੰਥ ਪ੍ਰਕਾਸ਼-ਗਿ: ਗਿਆਨ ਸਿੰਘ)

-ਹਮਰੇ ਬੰਸ ਰੀਤਿ ਇਮ ਆਈ।

ਸੀਸ ਦੇਤਿ ਪਰ ਧਰਮ ਨ ਜਾਈ।

(ਗੁਰ ਪ੍ਰਤਾਪ ਸੂਰਜ-੬: ੫੨)

ਦਾਦੀ ਮਾਂ! ਅਸੀਂ ਉਸ ਖਾਨਦਾਨ ਦੇ ਵਾਰਿਸ ਹਾਂ, ਜਿਸ ਖ਼ਾਨਦਾਨ ਦੇ ਵਿੱਚ ਤਾਂ ਸੀਸ ਤਾਂ ਦਿੱਤਾ ਜਾ ਸਕਦਾ ਹੈ, ਪਰ ਧਰਮ ਨਹੀ ਤਿਆਗਿਆ ਜਾ ਸਕਦਾ।

ਦੂਸਰੇ ਦਿਨ ਵੀ ਜਦੋਂ ਦਾਦੀ ਮਾਂ ਦੇ ਕੋਲੋਂ ਸਾਹਿਬਜਾਦਿਆਂ ਨੂੰ ਸਿਪਾਹੀ ਲੈਣ ਆਏ ਤਾਂ ਦਾਦੀ ਮਾਂ ਨੇ ਬੱਚਿਆਂ ਨੂੰ ਫਿਰ ਦ੍ਰਿੜ ਕਰਵਾ ਕੇ ਤੋਰਿਆ ਹੈ-

ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ।

ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ।

ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਨਾਨਕ ਦੇਵ ਦੇ ਸਿੱਖ ਹੋ।

ਬੱਚਿਉ! ਮੈਂ ਤੁਹਾਡੀ ਉਡੀਕ ਕਰਾਂਗੀ।

ਚੱਲ ਪਏ ਨੇ ਸਾਹਿਬਜਾਦੇ, ਵਜ਼ੀਰ ਖ਼ਾਂ ਦੀ ਕਚਹਿਰੀ ਨੂੰ। ਹੁਣ ਜੋ ਬਾਤਾਂ ਕੱਲ ਸਾਹਿਬਜਾਦਿਆਂ ਨੇ ਕੀਤੀਆਂ ਹਨ, ਜਾਲਮਾਂ ਨੂੰ ਬਹੁਤ ਚੁਭੀਆਂ ਹਨ, ਕਿਉਂਕਿ ਸਾਹਿਬਜਾਦੇ ਕਹਿ ਕੇ ਆਏ ਸਨ-

-ਜੋ ਹਮਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ,

ਕਿਸੀ ਅਉਰ ਕੋ ਸਲਾਮ ਨਹੀਂ ਕਰਤੇ।

-ਕੋਈ ਜ਼ੁਲਮ ਕੋਈ ਸਿਤਮ, ਸਾਨੂੰ ਝੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ,

ਅਜੇ ਤਾਂ ਸਾਡੀਆਂ ਰਗਾਂ ਵਿਚ, ਕਲਗੀਧਰ ਦਾ ਖ਼ੂਨ ਹੈ।

ਇਨ੍ਹਾਂ ਗੱਲਾਂ ਨੇ ਜਾਲਮਾਂ ਨੂੰ ਬਹੁਤ ਦੁੱਖ ਦਿੱਤਾ ਤੇ ਅੱਜ ਉਹਨਾਂ ਨੇ ਹੋਰ ਨਵੀਂ ਚਾਲ ਚੱਲੀ। ਉਹਨਾਂ ਜਾਲਮਾਂ ਨੇ ਵੱਡਾ ਦਰਵਾਜਾ ਬੰਦ ਕਰ ਦਿੱਤਾ ਤੇ ਛੋਟੀ ਖਿੜਕੀ ਖੋਲ੍ਹ ਦਿੱਤੀ। ਅੰਦਰ ਸਾਹਮਣੇ ਵਜ਼ੀਰ ਖ਼ਾਂ ਤਖ਼ਤ ਤੇ ਬੈਠਾ ਸੀ। ਕਿਉਂਕਿ ਜਦੋਂ ਬੱਚੇ ਸੀਸ ਝੁਕਾ ਕੇ ਅੰਦਰ ਪ੍ਰਵੇਸ਼ ਕਰਨਗੇ ਤਾਂ ਤਮਾਸ਼ਬੀਨ ਤਾੜੀਆਂ ਮਾਰਨਗੇ ਕਿ ਅਸੀਂ ਵਜ਼ੀਰ ਖ਼ਾਂ ਦੇ ਸਾਹਮਣੇ ਇਹਨਾਂ ਦਾ ਸੀਸ ਝੁਕਾ ਲਿਆ ਹੈ।

ਉਧਰ ਸਿਪਾਹੀ ਅੱਜ ਫਿਰ ਰਸਤੇ ਵਿੱਚ ਬੱਚਿਆਂ ਨੂੰ ਸਿਖਾਉਂਦੇ ਆ ਰਹੇ ਹਨ “ਬੱਚਿਉ! ਜਿਵੇਂ -ਜਿਵੇਂ ਅਸੀਂ ਕਰਾਂਗੇ ਤੁਸੀਂ ਤਿਵੇਂ-ਤਿਵੇਂ ਕਰਨਾ ਹੈ ਤੇ ਨਵਾਬ ਨੂੰ ਸਲਾਮ ਕਰਨੀ ਹੈ” ਜਦੋਂ ਸਿਪਾਹੀ ਅੱਗੇ ਚਲ ਰਹੇ ਸਨ ਤੇ ਸਿਰ ਝੁਕਾ ਕੇ ਖਿੜਕੀ ਰਾਹੀਂ ਅੰਦਰ ਲੰਘ ਗਏ। ਫਿਰ ਕਲਗੀਧਰ ਦੇ ਲਾਡਲਿਆਂ ਦੀ ਵਾਰੀ ਆਈ, ਕਲਗੀਧਰ ਦੇ ਲਾਡਲੇ ਜੋ ਦੂਰ ਅੰਦੇਸ਼ ਵੀ ਨੇ, ਇਹਨਾਂ ਗੱਲਾਂ ਨੂੰ ਆਮ ਸਮਝਦੇ ਹਨ। ਲਾਡਲਿਆਂ ਨੇ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਜੁੱਤੀਆਂ ਸਮੇਤ ਅੰਦਰ ਲੰਘਾਏ, ਮਾਨੋ ਜਿਵੇਂ ਲਾਡਲਿਆਂ ਨੇ ਵਜ਼ੀਰ ਖ਼ਾਂ ਨੂੰ ਆਖ ਦਿੱਤਾ ਹੋਵੇ:

ਜੁੱਤੀ ਦੀ ਇੱਕ ਠੋਕਰ ਲਾ ਕੇ ਤਾਜ ਤਖ਼ਤ ਠੁਕਰਾ ਸਕਦੇ ਹਾਂ।

ਨੀਹਾਂ ਵਿੱਚ ਚਿਣਵਾ ਕੇ ਆਪਾ, ਰੋਮ ਰੋਮ ਮੁਸਕਰਾ ਸਕਦੇ ਹਾਂ।

ਇਥੇ ਜਾਲਮਾਂ ਦੀ ਚਾਲ ਫੇਲ ਹੋ ਗਈ। ਦੂਸਰੇ ਦਿਨ ਵੀ ਸਾਹਿਬਜਾਦਿਆਂ ਨੂੰ ਲਾਲਚ, ਡਰਾਵੇ ਦਿਤੇ ਗਏ। ਪਰ ਸਾਹਿਬਜਾਦੇ ਡੋਲੇ ਨਹੀਂ। ਉਹਨਾਂ ਨੇ ਲਾਲਚ ਤੇ ਡਰਾਵਿਆਂ ਨੂੰ ਬਿਲਕੁਲ ਨਹੀਂ ਮੰਨਿਆ। ਉਥੇ ਸੁੱਚਾ ਨੰਦ ਨੇ ਇੱਕ ਚਾਲ ਚੱਲੀ। ਕਹਿਣ ਲੱਗਾ ਕਿ ਇਹ ਬਾਗੀ ਬਾਪ ਦੇ ਬਾਗੀ ਪੁੱਤਰ ਨੇ। ਹੁਣ ਤੱਕ ਵਜ਼ੀਰ ਖ਼ਾਂ ਬੱਚਿਆਂ ਨੂੰ ਮਾਰਨਾ ਨਹੀ ਸੀ ਚਾਹੁੰਦਾ, ਪਰ ਸੁੱਚਾ ਨੰਦ ਵਜ਼ੀਰ ਖ਼ਾਂ ਦੀ ਪੇਸ਼ ਨਹੀ ਜਾਣ ਦਿੰਦਾ।

ਸੁੱਚਾ ਨੰਦ ਵਜ਼ੀਰ ਖ਼ਾਂ ਨੂੰ ਕਹਿਣ ਲੱਗਾ “ਮੈਂ ਜੋ ਗੱਲ ਕਹਿਦਾ ਹਾਂ, ਉਸ ਨੂੰ ਸਾਬਤ ਕਰ ਸਕਦਾ ਹਾਂ ਕਿ ਇਹ ਬਾਗੀ ਬਾਪ ਦੇ ਬਾਗੀ ਪੁੱਤਰ ਨੇ। “ ਸੁੱਚਾ ਨੰਦ ਨੇ ਕਚਿਹਰੀ ਦੇ ਵਿੱਚ ਤਿੰਨ ਦੁਕਾਨਾਂ ਲਗਵਾ ਦਿੱਤੀਆ, ਉਹ ਤਿੰਨ ਦੁਕਾਨਾਂ ਕਿਹੜੀਆਂ ਸਨ? ਇੱਕ ਦੁਕਾਨ ਖਿਡੌਣਿਆਂ ਦੀ, ਦੂਸਰੀ ਦੁਕਾਨ ਮਠਿਆਈਆਂ ਦੀ ਅਤੇ ਤੀਸਰੀ ਦੁਕਾਨ ਸ਼ਸਤਰਾਂ ਦੀ ਲਗਵਾ ਦਿੱਤੀ। ਇਥੇ ਹੁਣ ਸੁੱਚਾ ਨੰਦ ਆਪਣੀ ਸੋਚ ਨੂੰ ਸਹੀ ਸਾਬਤ ਕਰਨ ਦਾ ਯਤਨ ਕਰ ਰਿਹਾ ਹੈ। ਵਜ਼ੀਰ ਖ਼ਾਂ ਦੇ ਸਾਹਮਣੇ ਕਚਿਹਰੀ ਦੇ ਅੰਦਰ, ਸਾਹਿਬਜਾਦਿਆਂ ਨੂੰ ਪਹਿਲਾਂ ਖਿਡੌਣਿਆ ਦੀ ਦੁਕਾਨ ਤੇ ਲਿਜਾਇਆ ਗਿਆ, ਪਰ ਲਾਲਾਂ ਨੇ ਖਿਡੌਣਿਆਂ ਵੱਲ ਤੱਕਿਆ ਵੀ ਨਹੀਂ। ਫਿਰ ਮਠਿਆਈਆਂ ਦੀ ਦੁਕਾਨ ਤੇ ਲੈ ਕੇ ਗਏ ਤਾਂ ਕਲਗੀਧਰ ਦੇ ਲਾਡਲਿਆਂ ਨੇ ਮਠਿਆਈਆਂ ਵੱਲ ਅੱਖ ਭਰ ਕੇ ਵੀ ਨਹੀਂ ਤੱਕਿਆ।

ਹੁਣ ਤੀਸਰੀ ਦੁਕਾਨ ਜੋ ਕਿ ਸ਼ਸਤਰਾਂ ਦੀ ਸੀ, ਇਥੇ ਕਲਗੀਧਰ ਦੇ ਇੱਕ ਲਾਡਲੇ ਨੇ ਨੇਜਾ ਚੁੱਕ ਲਿਆ ਤੇ ਦੂਸਰੇ ਲਾਡਲੇ ਨੇ ਤਲਵਾਰ ਚੁੱਕ ਲਈ। ਇਥੇ ਸੁੱਚਾ ਨੰਦ ਬੋਲ ਉਠਿਆ “ਵੇਖਿਆ ਵਜ਼ੀਰ ਖ਼ਾਂ! ਇਹ ਛੋਟੀ ਉਮਰ ਵਿੱਚ ਆਹ ਕੰਮ ਕਰ ਰਹੇ ਨੇ ਤੇ ਇਹ ਵੱਡੇ ਹੋ ਕੇ ਕੀ ਕਰਨਗੇ? ਇਹ ਬਾਗੀ ਬਾਪ ਦੇ ਬਾਗੀ ਪੁੱਤਰ ਨੇ ਇਨਾਂ ਤੇ ਰੱਤੀ ਭਰ ਵੀ ਤਰਸ ਨਾ ਖਾਈ। “

ਦੇਖ ਲਉ ਇਹ ਸੁੱਚਾ ਨੰਦ, ਵਜ਼ੀਰ ਖ਼ਾਂ ਨੂੰ ਕਿਸ ਤਰ੍ਹਾਂ ਭੜਕਾ ਰਿਹਾ ਹੈ। ਇਸੇ ਲਈ ਇਤਿਹਾਸ ਵਿੱਚ ਇਸਨੂੰ ਝੂਠਾ ਨੰਦ ਕਿਹਾ ਗਿਆ ਹੈ। ਇਥੇ ਇਹ ਵੀ ਬਾਤ ਮੈਂ ਦੱਸਣੀ ਚਾਹਾਂਗਾ ਕਿ ਸਾਹਿਬਜਾਦਾ ਫ਼ਤਹਿ ਸਿੰਘ ਨੂੰ ਬਾਬਾ ਫ਼ਤਹਿ ਸਿੰਘ ਕਿਹਾ ਜਾਂਦਾ ਹੈ। ਸਾਹਿਬਜਾਦੇ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ, ਸਾਧ ਸੰਗਤ ਜੀ ਉਹ ਸੱਚਮੁੱਚ ਹੀ ਬਾਬੇ ਸਨ ਤੇ ਬੜੇ ਸਿਆਣੇ ਸਨ।

ਅਨੰਦਪੁਰ ਸਾਹਿਬ ਦੀ ਧਰਤੀ ਦੀ ਬਾਤ ਹੈ। 1704 ਈ. ਵਿੱਚ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਤਿੰਨ ਵੱਡੇ ਸਾਹਿਬਜਾਦੇ ਆਪਣੇ ਸਾਥੀਆਂ ਨਾਲ ਖੇਡਦੇ ਪਏ ਨੇ। ਉਸ ਵਕਤ ਛੋਟਾ ਸਾਹਿਬਜਾਦਾ ਫ਼ਤਹਿ ਸਿੰਘ ਕਹਿਣ ਲੱਗਾ “ਵੀਰਿਓ! ਮੈਨੂੰ ਵੀ ਆਪਣੇ ਨਾਲ ਖਿਡਾਓ। ਮੈਂ ਵੀ ਤੁਹਾਡੇ ਨਾਲ ਖੇਡਣਾ ਚਾਹੁੰਦਾ ਹਾਂ। “ ਵੱਡੇ ਵੀਰਾਂ ਨੇ ਅੱਗੋ ਜਵਾਬ ਦਿੱਤਾ “ਤੂੰ ਅਜੇ ਛੋਟਾ ਏਂ। ਤੂੰ ਸਾਡੇ ਨਾਲ ਨਹੀ ਖੇਡ ਸਕਦਾ, ਸਾਡੀਆ ਖੇਡਾਂ ਵੱਡਿਆਂ ਵਾਲੀਆਂ ਨੇ। “ ਇਸ ਨੂੰ ਸੁਣ ਕੇ ਸਾਹਿਬਜਾਦਾ ਫ਼ਤਹਿ ਸਿੰਘ ਅੰਦਰ ਚਲੇ ਗਏ ਤੇ ਆਪਣੇ ਸੀਸ ਉੱਪਰ ਜੋ ਛੋਟੀ ਦਸਤਾਰ ਸਜਾਈ ਹੋਈ ਸੀ, ਉਸੇ ਵੇਲੇ ਦਸਤਾਰ ਦੇ ਉਪਰ ਇੱਕ ਹੋਰ ਦਸਤਾਰ ਸਜਾ ਲਈ ਇੱਕ ਹੋਰ ਦੁਮਾਲਾ ਤੇ ਫਿਰ ਉਸ ਉਪਰ ਇੱਕ ਹੋਰ ਦਸਤਾਰ ਸਜਾ ਲਈ, ਇਸੇ ਤਰ੍ਹਾਂ ਜਦੋ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਵੇਖਿਆ ਕਿ ਹੁਣ ਮੈਂ ਵੱਡਾ ਹੋ ਗਿਆ ਹਾਂ, ਫਿਰ ਬਾਹਰ ਆ ਗਏ ਤੇ ਆਪਣੇ ਵੀਰਿਆਂ ਨੂੰ ਕਹਿਣ ਲੱਗੇ “ਦੇਖੋ ਵੀਰਿਓ! ਮੈਂ ਹੁਣ ਤੁਹਾਡੇ ਜਿੱਡਾ ਹੋ ਗਿਆ ਹਾਂ। ਹੁਣ ਤਾਂ ਮੈਂ ਤੁਹਾਡੇ ਨਾਲ ਖੇਡ ਸਕਦਾ ਹਾਂ। “

ਕਲਗੀਧਰ ਪਿਤਾ ਆਪਣੇ ਇਸ ਲਾਡਲੇ ਦੇ ਚੋਜ ਨੂੰ ਤਕ ਰਹੇ ਸਨ ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਲਾਡਲੇ ਫ਼ਤਹਿ ਸਿੰਘ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਹਿਣ ਲੱਗੇ “ਇਹ ਮੇਰਾ ਫ਼ਤਹਿ ਸਿੰਘ ਜਥੇਦਾਰ ਪੁੱਤਰ ਹੈ ਤੇ ਅੱਜ ਮੈਂ ਇੱਕ ਅਕਾਲ ਦੀ ‘ਅਕਾਲੀ ਜਥੇਬੰਦੀ` ਤਿਆਰ ਕਰਦਾ ਹਾਂ, ਜਿਸ ਦਾ ਪਹਿਲਾਂ ਜਥੇਦਾਰ ਅਕਾਲੀ ਬਾਬਾ ਫ਼ਤਹਿ ਸਿੰਘ ਹੋਵੇਗਾ। “

ਜੋ ਨਿਹੰਗ ਸਿੰਘਾਂ ਦਾ ਜਥਾ ਹੋਂਦ ਵਿੱਚ ਆਇਆ ਹੈ, ਦੁਮਾਲੇ ਤੇ ਦੁਮਾਲਾ, ਦਸਤਾਰ ਤੇ ਦਸਤਾਰ। ਇਹ ਗੁਰੂ ਕਲਗੀਧਰ ਦੀ ਥਾਪੀ ਹੋਈ ਜਥੇਬੰਦੀ ਹੈ, ਇਸ ਦਾ ਪਹਿਲਾ ਜਥੇਦਾਰ ਕਲਗੀਧਰ ਪਾਤਸ਼ਾਹ ਨੇ ਬਾਬਾ ਫ਼ਤਹਿ ਸਿੰਘ ਜੀ ਨੂੰ ਥਾਪਿਆ ਸੀ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਕਿ ਅਕਾਲੀ ਜਥਾ ਕਿਸੇ ਵੀ ਜਾਲਮ ਅੱਗੇ ਨਹੀਂ ਝੁਕੇਗਾ। ਬਿਲਕੁਲ ਉਸੇ ਸਿੱਖਿਆ ਨੂੰ ਲੈ ਕੇ ਬਾਬਾ ਫ਼ਤਹਿ ਸਿੰਘ, ਆਪਣੇ ਵੱਡੇ ਵੀਰ ਜ਼ੋਰਾਵਰ ਸਿੰਘ ਦੇ ਨਾਲ, ਨਵਾਬ ਵਜ਼ੀਰ ਖ਼ਾਂ ਦੀ ਕਚਿਹਰੀ ਦੇ ਵਿੱਚ ਆਪਣੇ ਪਿਤਾ ਜੀ ਦੀ ਸਿੱਖਿਆ ਦਾ ਪ੍ਰੈਕਟੀਕਲ ਕਰ ਕੇ ਵਿਖਾ ਰਹੇ ਹਨ।

ਦੂਸਰੇ ਦਿਨ ਵਜ਼ੀਰ ਖ਼ਾਂ ਨੇ ਸਾਹਿਬਜਾਦਿਆਂ ਨੂੰ ਇਹ ਕਹਿ ਕੇ ਉਨ੍ਹਾਂ ਦੀ ਦਾਦੀ ਮਾਂ ਕੋਲ ਵਾਪਸ ਭੇਜ ਦਿੱਤਾ ਕਿ ਮੈਨੂੰ ਤੁਹਾਡੇ ਤੇ ਤਰਸ ਆਉਂਦਾ ਹੈ ਜਾਉ ਬੱਚਿਉ! ਜਾ ਕੇ ਆਪਣੀ ਦਾਦੀ ਮਾਂ ਦੇ ਨਾਲ ਫਿਰ ਸਲਾਹ ਕਰ ਲਉ, ਕਿਉਂ ਆਪਣੀਆਂ ਕੀਮਤੀ ਜਾਨਾਂ ਗੁਆਉਂਦੇ ਹੋ। ਦਾਦੀ ਮਾਂ ਕੋਲ ਜਾ ਕੇ ਬੱਚਿਆਂ ਨੇ ਅੱਜ ਫਿਰ ਸਾਰੀ ਵਾਰਤਾਲਾਪ ਕਚਹਿਰੀ ਦੀ ਸੁਣਾਈ, ਕਿਉਂਕਿ ਦਾਦੀ ਮਾਂ ਨੇ ਕਿਹਾ ਸੀ ਕਿ ਬੱਚਿਉ! ਮੈਂ ਤੁਹਾਡੀ ਉਡੀਕ ਕਰਾਂਗੀ ਤੇ ਦਾਦੀ ਮਾਂ ਨੇ ਸਾਰੀ ਵਾਰਤਾਲਾਪ ਸੁਣੀ। ਬੱਚਿਆਂ ਨੂੰ ਗਲਵਕੜੀ ਵਿੱਚ ਲਿਆ ਤੇ ਸ਼ਾਬਾਸ਼ ਦਿੱਤੀ।

ਸਾਧ ਸੰਗਤ ਜੀ! ਇੱਕ ਲਫ਼ਜ਼ ਹੈ, “ਮੌਤ”। ਮੌਤ ਦੇ ਦੋ ਅਰਥ ਹਨ- ਇੱਕ ਹੈ “ਸ਼ਹਾਦਤ” ਅਤੇ ਦੂਜਾ ਹੈ “ਮਰਨਾ”। ਜੇਕਰ ਇਹਨਾਂ ਦੋ ਸ਼ਬਦਾਂ ਨੂੰ ਅਸੀਂ ਬਾਹਰੀ ਰੂਪ ਵਿੱਚ ਦੇਖੀਏ ਤਾਂ ਦੋਨੋਂ ਸ਼ਬਦਾਂ ਦਾ ਅਰਥ ਮੌਤ ਹੀ ਹੈ, ਪਰ ਵਿਦਵਾਨਾਂ ਨੇ ਦੋਵਾਂ ਸ਼ਬਦਾਂ ਦਾ ਫ਼ਰਕ (ਅਰਥ) ਬੜੇ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ।

ਸ਼ਹਾਦਤ ਤੇ ਮਰਨ ਵਿੱਚ ਕੀ ਫ਼ਰਕ ਹੁੰਦਾ ਹੈ? “ਸ਼ਹੀਦ ਦੀ ਮੌਤ ਉਪਰ ਫ਼ਤਹਿ ਦਾ ਨਾਮ ਸ਼ਹਾਦਤ ਹੈ ਅਤੇ ਮੌਤ ਦੀ ਮਨੁੱਖ ਉਪਰ ਫ਼ਤਹਿ ਦਾ ਨਾਮ ਮਰਨਾ ਹੈ। “ਜਦੋਂ ਆਪਾਂ ਕਲਗੀਧਰ ਦੇ ਸਰਬੰਸ ਦੇ ਇਤਿਹਾਸ ਵੱਲ ਨੂੰ ਝਾਤੀ ਮਾਰਦੇ ਹਾਂ, ਜਦੋਂ ਆਪਾਂ ਸਿੰਘਾਂ ਸੂਰਮਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤਾਂ ਖ਼ਿਆਲ ਕਰਨਾ “ਇਥੇ ਮੌਤ ਉਪਰ ਫ਼ਤਹਿ ਪਾ ਕੇ ਸ਼ਹਾਦਤਾਂ ਦਾ ਇਤਿਹਾਸ ਰਚਿਆ ਗਿਆ ਹੈ। “

ਇਥੇ ਇੱਕ ਵਿਦਵਾਨ ਨੇ ਕਲਗੀਧਰ ਦੇ ਪ੍ਰਥਾਏ ਬੜੀ ਵਧੀਆ ਗੱਲ ਲਿਖੀ ਹੈ। ਉਹ ਕਹਿੰਦਾ ਹੈ ਕਿ ਜ਼ਰਾ ਗੁਰੂ ਨਾਨਕ ਦੇ ਘਰ ਦਾ ਇਤਿਹਾਸ ਪੜ੍ਹਦੇ ਜਾਣਾ, ਗੁਰੂ ਨਾਨਕ ਦੇ ਘਰ ਅੰਦਰ ਗੁਰੂ ਅਤੇ ਗੁਰੂ ਪੁੱਤਰਾਂ ਵਿੱਚ ਵਿਚਾਰਾਂ ਦਾ ਫ਼ਰਕ ਰਹਿੰਦਾ ਦਿਖਾਈ ਦਿੱਤਾ। ਜਿਵੇਂ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪੁੱਤਰਾਂ ਦੇ ਵਿਚਾਰਾਂ ਵਿੱਚ ਫ਼ਰਕ ਦਿਖਾਈ ਦਿੱਤਾ। ਗੁਰੂ ਅੰਗਦ ਦੇਵ ਜੀ ਅਤੇ ਉਹਨਾਂ ਦੇ ਪੁੱਤਰਾਂ ਦੇ ਵਿਚਾਰਾਂ ਵਿੱਚ ਫ਼ਰਕ ਦਿਖਾਈ ਦਿੱਤਾ। ਗੁਰੂ ਰਾਮਦਾਸ ਜੀ ਅਤੇ ਉਹਨਾਂ ਦੇ ਪੁੱਤਰ ਬਾਬਾ ਪ੍ਰਿਥੀਚੰਦ ਅਤੇ ਬਾਬਾ ਮਹਾਂਦੇਵ ਦੇ ਵਿਚਾਰਾਂ ਵਿੱਚ ਫ਼ਰਕ ਦਿਖਾਈ ਦਿੱਤਾ। ਇਸੇ ਤਰ੍ਹਾਂ ਗੁਰੂ ਹਰਿ ਰਾਇ ਜੀ ਅਤੇ ਉਹਨਾਂ ਦੇ ਸਪੁੱਤਰ ਬਾਬਾ ਰਾਮ ਰਾਏ ਦੇ ਵਿਚਾਰਾਂ ਵਿੱਚ ਫ਼ਰਕ ਰਹਿ ਗਿਆ।

ਪਰ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਝਾਤੀ ਮਾਰੀਏ ਤਾਂ ਦਿਖਾਈ ਦੇਵੇਗਾ ਕਿ ਕਲਗੀਧਰ ਪਾਤਸ਼ਾਹ ਨੇ ਇਹ ਪੀੜ੍ਹੀਆਂ ਦੇ ਵਿਚਾਰਾਂ ਦਾ ਫ਼ਰਕ ਪੂਰੀ ਤਰ੍ਹਾਂ ਮਿਟਾ ਦਿੱਤਾ ਹੈ। ਇਥੇ ਜਿਸ ਮਾਰਗ ਤੇ ਪਾਂਧੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ, ਪੁੱਤਰ ਗੁਰੂ ਗੋਬਿੰਦ ਸਿੰਘ ਵੀ ਉਸੇ ਮਾਰਗ ਦਾ ਪਾਂਧੀ ਹੈ, ਜਿਸ ਮਾਰਗ ਦੇ ਪਾਂਧੀ ਪਤੀ ਗੁਰੂ ਤੇਗ ਬਹਾਦਰ ਜੀ ਨੇ ਉਸੇ ਮਾਰਗ ਦੀ ਪਾਂਧੀ ਸੁਪਤਨੀ ਮਾਤਾ ਗੁਜਰੀ ਜੀ ਵੀ ਨੇ, ਜਿਸ ਮਾਰਗ ਦੇ ਪਾਂਧੀ ਗੁਰੂ ਗੋਬਿੰਦ ਸਿੰਘ ਨੇ, ਉਸੇ ਮਾਰਗ ਦੇ ਪਾਂਧੀ ਚਾਰ ਦੇ ਚਾਰ ਸਾਹਿਬਜਾਦੇ ਵੀ ਨੇ। ਇਹ ਪੀੜ੍ਹੀਆਂ ਦੇ ਵਿਚਾਰਾਂ ਦਾ ਫ਼ਰਕ ਵੀ ਗੁਰੂ ਕਲਗੀਧਰ ਦੇ ਪਰਿਵਾਰ ਨੂੰ ਮਿਟਾ ਦਿੱਤਾ। ਇੱਕ ਵਿਦਵਾਨ ਨੇ ਇਸ ਸਬੰਧੀ ਬੜੇ ਭਾਵਪੂਰਤ ਸ਼ਬਦ ਲਿਖੇ ਹਨ “ਅਜਬ ਫ਼ਕੀਰਾਂ ਦੀ ਮਸਤ ਟੋਲੀ ਗਜਬ ਦੇ ਕ੍ਰਿਸ਼ਮੇ ਦਿਖਾ ਕੇ ਹੈਰਾਨ ਕਰ ਗਈ। “ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੀਆਂ ਨਿਰਾਲੀਆਂ ਬਾਤਾਂ ਹਨ।

ਇੱਕ ਵਿਦਵਾਨ ਕਵੀ ਨੇ ਬੜੀ ਸੁੰਦਰ ਰਚਨਾ ਸਰਹਿੰਦ ਦੀਆਂ ਦੀਵਾਰਾਂ ਨੂੰ ਸਿਜਦਾ ਕਰਦਿਆਂ ਲਿਖੀ ਹੈ। ਉਹ ਕਵੀ ਕਹਿੰਦਾ ਹੈ ਕਿ ਜੇਕਰ ਭਾਵਨਾ ਦੀ ਅੱਖ ਨਾਲ ਉਹਨਾਂ ਸਰਹਿੰਦ ਦੀਆਂ, ਖ਼ੂਨੀ ਦੀਵਾਰਾਂ ਨੂੰ ਦੇਖੀਏ ਤਾਂ ਉਹਨਾਂ ਦੀਵਾਰਾਂ ਵਿਚੋਂ ਸਾਨੂੰ ਕੀ ਦਿਖਾਈ ਦੇਵੇਗਾ:

ਲਹੂ ਭਿੱਜੀ ਸਰਹਿੰਦ ਦੀ ਗਰਦ ਅੰਦਰ,

ਮੈਨੂੰ ਦੂਰੋਂ ਸ਼ਹੀਦਾਂ ਦਾ ਦਰ ਦਿਸਿਆ।

ਉਸ ਦਰ ਅੰਦਰੋਂ ਜਦੋਂ ਲੰਘਿਆ ਮੈਂ,

ਲਹੂ ਭਿੰਨਾ ਕੁਰਬਾਨੀ ਦਾ ਘਰ ਦਿਸਿਆ।

ਉਸ ਘਰ ਦੀ ਇਕ-ਇਕ ਇਟ ਅੰਦਰ

ਸੂਹੇ ਰੰਗ ਵਿੱਚ ਖ਼ੂਨ ਨਿਡਰ ਦਿਸਿਆ।

ਉਸ ਖ਼ੂਨ ਅੰਦਰ ਜਦੋਂ ਝਾਤ ਮਾਰੀ,

ਸਾਖਸ਼ਾਤ ਬੈਠਾ ਮੈਨੂੰ ਕਲਗੀਧਰ ਦਿਸਿਆ।

(ਵਿਧਾਤਾ ਸਿੰਘ ਤੀਰ)

ਗੁਰੂ ਨਾਨਕ ਦੇ ਘਰ ਦਾ ਹਰ ਪਖੋਂ ਨਿਵੇਕਲਾ ਇਤਿਹਾਸ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਥਿਊਰੀ ਹੈ ਅਤੇ ਸਿੱਖ ਇਤਿਹਾਸ ਉਸਦਾ ਪ੍ਰੈਕਟੀਕਲ ਹੈ। ਜੇਕਰ ਗੁਰੂ ਨਾਨਕ ਦੇ ਘਰ ਨੂੰ ਸਮਝਣਾ ਹੋਵੇ ਨਾ ਇੱਕਲਾ ਬਾਣੀ ਵਿਚੋਂ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਇਕੱਲੇ ਇਤਿਹਾਸ ਵਿਚੋਂ ਸਮਝਿਆ ਜਾ ਸਕਦਾ ਹੈ। ਗੁਰੂ ਨਾਨਕ ਦੇ ਘਰ ਨੂੰ ਸਮਝਣ ਲਈ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਵਿਚੋਂ ਹੀ ਸਮਝਿਆ ਜਾ ਸਕਦਾ ਹੈ।

ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪ੍ਰੈਕਟੀਕਲ ਦੇ ਤੌਰ ਤੇ ਨਾ ਕੀਤਾ ਜਾਂਦਾ ਅਤੇ ਜੇਕਰ ਉਦਾਹਰਣਾ ਗੁਰਬਾਣੀ ਦੇ ਨਾਲ ਸੈਟ ਨਾ ਕੀਤੀਆਂ ਜਾਂਦੀਆਂ ਤਾਂ ਆਮ ਲੋਕਾਂ ਨੇ ਕਹਿ ਦੇਣਾ ਸੀ ਕਿ ਇਹ ਤਾਂ ਕੇਵਲ ਲਿਖਣ ਮਾਤਰ ਦੀਆਂ ਬਾਤਾਂ ਨੇ, ਪਰ ਗੁਰੂ ਸਾਹਿਬਾਨ ਨੇ ਬਾਣੀ ਨੂੰ ਪ੍ਰੈਕਟੀਕਲ ਰੂਪ ਵਿੱਚ ਕਰਕੇ ਵੀ ਵਿਖਾ ਦਿੱਤਾ।

ਜੇਕਰ ਇਹ ਪ੍ਰੈਕਟੀਕਲ ਰੂਪ ਦੀਆਂ ਗੁਰੂ ਸਾਹਿਬਾਨ ਤਕ ਹੀ ਰਹਿ ਜਾਂਦੀਆ ਤਾਂ ਵੀ ਆਮ ਲੋਕਾਂ ਦੀ ਵਿਚਾਰ ਨੇ ਸ਼ੰਕੇ ਦੀ ਅੱਖ ਨਾਲ ਕਹਿਣਾ ਸੀ ਕਿ ਉਹ ਤਾਂ ਗੁਰੂ ਸਾਹਿਬਾਨ ਸਨ, ਉਹਨਾਂ ਨੇ ਤਾਂ ਇਹ ਸਭ ਕਰ ਹੀ ਲੈਣਾ ਸੀ। ਪਰ ਗੁਰੂ ਨਾਨਕ ਦੇ ਘਰ ਨੇ ਗੁਰੂ ਦੇ ਸਿੱਖਾਂ ਪਾਸੋਂ ਵੀ ਉਹੀ ਪ੍ਰੈਕਟੀਗਲ ਕਰਵਾ ਕੇ ਵਿਖਾ ਦਿੱਤੇ। ਇਥੇ ਗੁਰੂ ਨਾਨਕ ਦੇ ਘਰ ਵਿੱਚ ਗੁਰਸਿੱਖ ਵੀ ਗੁਰੂ ਕਲਗੀਧਰ ਦੇ ਪਾਏ ਪੂਰਨਿਆਂ ਤੇ ਚਲ ਕੇ ਪਰਿਵਾਰ ਵਾਰ ਸਕਦੇ ਹਨ। ਗੁਰੂ ਨਾਨਕ ਦੇ ਘਰ ਅੰਦਰ ਕੇਵਲ ਗੁਰੂ ਅਰਜਨ ਦੇਵ ਜੀ ਹੀ ਦੇਗ ਵਿੱਚ ਉਬਾਲੇ ਨਹੀ ਖਾਂਦੇ, ਇਥੇ ਗੁਰੂ ਦੇ ਸਿੱਖ ਭਾਈ ਦਿਆਲਾ ਜੀ ਵੀ ਦੇਗ ਵਿੱਚ ਉਬਾਲੇ ਖਾ ਜਾਂਦੇ ਹਨ। ਉਸ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਦੇ ਪਾਏ ਪੂਰਨਿਆਂ ਤੇ ਚੱਲ ਕੇ ਗੁਰਸਿੱਖਾਂ ਨੇ ਵੀ ਦਿਖਾ ਦਿੱਤਾ। ਉਹ ਕੌਣ ਸਨ?

ਉਹ ਹਨ ਗੁਰਸਿੱਖ ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ ਸਿੰਘ ਜੀ। ਭਾਈ ਸੁਬੇਗ ਸਿੰਘ ਜੀ ਲਾਹੌਰ ਦੇ ਕੋਤਵਾਲ ਸਨ ਤੇ ਮੁਗਲ ਰਾਜ ਦੀ ਦਿਤੀ ਕੋਤਵਾਲੀ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੇ ਸਨ। ਉਹਨਾਂ ਦੀ ਕੋਤਵਾਲੀ ਥੱਲੇ ਪੂਰੀ ਪਰਜਾ ਪ੍ਰਸੰਨ ਸੀ। ਭਾਈ ਸੁਬੇਗ ਸਿੰਘ ਜੀ ਦਾ ਪੁੱਤਰ ਭਾਈ ਸ਼ਾਹਬਾਜ ਸਿੰਘ, ਮਦਰੱਸੇ ਵਿੱਚ ਕਾਜ਼ੀ ਕੋਲ ਪੜ੍ਹਦਾ ਹੈ। ਉਹ ਕਾਜ਼ੀ ਇਸ ਹੋਣਹਾਰ ਅਤੇ ਸੁੰਦਰ ਬੱਚੇ ਤੇ ਬਹੁਤ ਖੁਸ਼ ਹੈ ਅਤੇ ਆਪਣੀ ਨੌਜੁਆਨ ਬੱਚੀ ਦੇ ਨਿਕਾਹ ਦੀ ਵਿਉਂਤ ਬਣਾ ਰਿਹਾ ਹੈ ਕਿ ਜੇਕਰ ਇਹ ਬੱਚਾ ਸ਼ਾਹਬਾਜ਼ ਸਿੰਘ ਮੁਸਲਮਾਨ ਬਣ ਜਾਵੇ ਤਾਂ ਮੈਂ ਇਸਨੂੰ ਆਪਣਾ ਜਵਾਈ ਬਣਾ ਲਵਾਂ। ਪਰ ਸ਼ਾਹਬਾਜ ਸਿੰਘ ਦੀਆਂ ਰਗਾਂ ਅੰਦਰ ਕਲਗੀਧਰ ਪਿਤਾ ਦੀ ਵਿਚਾਰਧਾਰਾ ਦਾ ਖ਼ੂਨ ਦੌੜਦਾ ਹੈ। ਉਹ ਕਾਜ਼ੀ ਦੇ ਇਰਾਦੇ ਅਨੁਸਾਰ ਸਿੱਖੀ ਤੋਂ ਬਿਲਕੁਲ ਨਾ ਡੋਲਿਆ। ਜਦੋਂ ਕਾਜ਼ੀ ਹਰ ਹੀਲੇ ਤੋਂ ਅਸਫ਼ਲ ਹੋ ਗਿਆ ਤਾਂ ਅਖ਼ੀਰ ਉਸ ਨੇ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਇਹ ਪਿਉ-ਪੁਤਰ, ਇਸਲਾਮ ਦੇ ਵੈਰੀ ਹਨ ਤੇ ਇਹ ਦੋਵੇ ਇਸਲਾਮ ਦੇ ਖ਼ਿਲਾਫ ਬੋਲਦੇ ਹਨ।

ਜ਼ਕਰੀਆਂ ਖ਼ਾਂ ਨੇ ਬਿਨ੍ਹਾਂ ਪੜਤਾਲ ਕੀਤਿਆਂ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਅਨੇਕਾਂ ਤਸੀਹੇ ਦਿੰਦੇ ਰਹੇ। ਪਰ ਜਦੋਂ ਸਿੰਘ ਤਸੀਹਿਆਂ ਤੋਂ ਨਾ ਡਰੇ ਤਾਂ ਜਕਰੀਆਂ ਖ਼ਾਂ ਦੀ ਅਚਾਨਕ ਮੌਤ ਤੋਂ ਬਾਅਦ ਤਖ਼ਤ ਤੇ ਬੈਠੇ ਉਸ ਦੇ ਪੁੱਤਰ ਯਹੀਆ ਖ਼ਾਨ ਨੇ ਹੁਕਮ ਸੁਣਾ ਦਿੱਤੇ ਕਿ ਇਹਨਾਂ ਦੋਵੇਂ ਪਿਉਂ ਪੁੱਤਰ ਨੂੰ ਚਰਖੜੀਆਂ ਤੇ ਚਾੜ ਦਿੱਤਾ ਜਾਵੇ। ਕੁੱਝ ਨਿਕਟਵਰਤੀ ਸਿੱਖਾਂ ਨੇ ਭਾਈ ਸੁਬੇਗ ਸਿੰਘ ਨੂੰ ਸਲਾਹ ਦਿਤੀ ਕਿ ਹੋਰ ਨਹੀ ਤਾਂ ਘਟੋ-ਘਟ ਆਪਣੇ ਬੱਚੇ ਨੂੰ ਬਚਾ ਕੇ ਕੁਲ ਦਾ ਨਿਸ਼ਾਨ ਤਾਂ ਕਾਇਮ ਰੱਖ ਲਉ ਤਾਂ ਸ੍ਰ. ਸੁਬੇਗ ਸਿੰਘ ਨੇ ਡੱਟ ਕੇ ਜਵਾਬ ਦਿਤਾ-

ਸਿੱਖਨ ਕਾਜ ਸੁ ਗੁਰੂ ਹਮਾਰੇ। ਸੀਸ ਦੀਓ ਨਿਜ ਸਣ ਪਰਵਾਰੇ।

ਹਮ ਕਾਰਨ ਗੁਰ ਕੁਲਹਿ ਗਵਾਈ। ਹਮ ਕੁਲ ਰਾਖੈ ਕੌਣ ਵਡਾਈ।

ਕਲਗੀਧਰ ਦੇ ਇਹਨਾਂ ਗੁਰਸਿੱਖਾਂ ਨੂੰ ਚਰਖੜੀਆਂ ਤੇ ਚਾੜ੍ਹ ਦਿੱਤਾ ਗਿਆ। ਚਰਖੜੀਆਂ ਦੇ ਤਿੱਖੇ ਦੰਦਿਆਂ ਨੇ ਇਹਨਾਂ ਗੁਰਸਿੱਖਾਂ ਦੇ ਸਰੀਰਾਂ ਨੂੰ ਤੂੰਬਾ-ਤੂੰਬਾ ਕਰ ਕੇ ਰੱਖ ਦਿੱਤਾ।

ਚਰਖੜੀ ਚਾੜ ਫਿਰ ਬਹੁਤ ਘੁਮਾਇਆ। ਵਾਹਿਗੁਰੂ ਤਹਿ ਨਹੀ ਭੁਲਾਇਆ।

ਉਹਨਾਂ ਗੁਰੂ ਕੇ ਸਿੱਖਾਂ ਨੇ ਵਾਹਿਗੁਰੂ ਨੂੰ ਨਾ ਭੁਲਾਇਆ ਤੇ ਅਕਾਲ ਪੁਰਖ ਦੇ ਭਾਣੇ ਨੂੰ ਖਿੜੇ ਮੱਥੇ ਮੰਨਦਿਆਂ ਆਪਣਾ ਆਪ ਵਾਰ ਗਏ। ਉਸ ਇਲਾਕੇ ਦੇ ਲੋਕ ਇਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ, ਸ਼ਰਧਾ ਦੇ ਨਾਲ ਗਾਉਣ ਲੱਗੇ ਪਏ-

ਥਲੇ ਧਰਤੀ ਉੱਤੇ ਅੰਬਰ, ਵਿੱਚ ਫਿਰੇ ਸੁਬੇਗ ਸਿੰਘ ‘ਜੰਬਰ`।

ਕਿਉਂਕਿ ਭਾਈ ਸੁਬੇਗ ਸਿੰਘ ਜੀ ਪਿੰਡ ‘ਜੰਬਰ` ਜਿਲਾ ਲਾਹੌਰ ਦੇ ਵਸਨੀਕ ਸਨ। ਮੈਂ ਬੇਨਤੀ ਕਰ ਰਿਹਾ ਸੀ ਕਿ ਕਲਗੀਧਰ ਪਾਤਸ਼ਾਹ ਨੇ ਕੇਵਲ ਇਤਿਹਾਸ ਹੀ ਨਹੀ ਰਚਿਆ, ਗੁਰੂ ਪੁੱਤਰਾਂ ਨੇ ਹੀ ਇਤਿਹਾਸ ਨਹੀਂ ਰਚਿਆ, ਇਥੇ ਗੁਰੂ ਦੇ ਸਿੱਖਾਂ ਨੇ ਵੀ ਇਤਿਹਾਸ ਰਚ ਕੇ ਵਿਖਾ ਦਿੱਤਾ। ਇਥੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਗੁਰਸਿੱਖਾਂ ਨੇ ਗੁਰੂ ਅਤੇ ਸਿੱਖਾਂ ਦਾ ਫ਼ਰਕ ਵੀ ਮਿਟਾ ਦਿੱਤਾ। ਇਹ ਹੈ ਸਾਡਾ ਇਤਿਹਾਸ ਕਿ ਜੋ ਪੂਰਨੇ ਸਾਡੇ ਗੁਰੂ ਨਾਨਕ ਜੀ ਨੇ ਪਾਏ ਉਹਨਾਂ ਪੂਰਨਿਆਂ ਤੇ ਗੁਰੂ ਕੇ ਸਿੱਖਾਂ ਨੇ ਚਲ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ।

ਇੱਕ ਅੰਗਰੇਜ਼ ਵਿਦਵਾਨ ਜਿਸ ਦਾ ਨਾਮ ‘ਜੇਮਜ਼ ਬਰਾਊਨ (JAMES BROWN)’ ਸੀ। ਸਾਕਾ ਸਰਹਿੰਦ ਦੀ ਗਾਥਾ ਨੂੰ ਪੜ੍ਹਣ ਤੋਂ ਬਾਅਦ ਜੇਮਜ਼ ਬਰਾਉਨ ਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਲਿਖਿਆ ਹੈ “ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉਤੇ ਢਾਹੇ ਜ਼ੁਲਮਾਂ ਦੀਆਂ ਸਾਰੀਆਂ ਹੀ ਮਿਸਾਲਾਂ ਵਿਚੋਂ ਸਾਕਾ ਸਰਹਿੰਦ ਸਭ ਤੋਂ ਜ਼ਿਆਦਾ ਕਠੋਰ, ਉਪੱਦਰ, ਨਿਰਦਈ ਅਤਿਆਚਾਰ ਹੈ। ਆਮ ਤੌਰ ਤੇ ਬੱਚੇ, ਇਸਤਰੀਆਂ ਅਤੇ ਨਿਹੱਥੇ ਲੋਕ ਧਾਰਮਿਕ ਕਰੋਧ ਤੋਂ ਬਚੇ ਰਹਿੰਦੇ ਹਨ, ਪਰ ਹੈਰਾਨੀ ਦੀ ਗੱਲ ਨਹੀਂ ਕਿ ਸਿੱਖਾਂ ਦੇ ਅੰਦਰ ਗੁੱਸਾ ਵੀ ਇਨਾਂ ਹੀ ਸਖ਼ਤ ਸੀ। “ ਸਾਕਾ ਸਰਹਿੰਦ ਵਿੱਚ ਅਤਿਆਚਾਰ ਦਾ ਸ਼ਿਕਾਰ ਬੇ-ਕਸੂਰ ਬੱਚੇ ਹੋਏ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਸ ਵਿੱਚ ਆ ਕੇ ਵਿਰੋਧੀ ਭਾਵਨਾ ਪ੍ਰਗਟਾਉਣਾ ਇੱਕ ਕੁਦਰਤੀ ਪ੍ਰਕਿਰਿਆ ਸੀ।

ਇੱਕ ਮਾਂ ਲਈ ਦੁਨੀਆਂ ਵਿੱਚ ਸਭ ਤੋਂ ਵੱਡਾ ਦੁਖ ਆਪਣੇ ਬੱਚੇ ਦੀ ਮੌਤ ਹੈ। ਸਿੱਖ ਇਤਿਹਾਸ ਵਿੱਚ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਾ ਦਿਤੇ ਗਏ। ਉਹ ਬਹਾਦਰ ਸਿੰਘਣੀਆਂ ਪਿਤਾ ਕਲਗੀਧਰ ਦੇ ਪਾਏ ਪੂਰਨਿਆਂ ਤੇ ਚਲਦੀਆਂ ਹੋਈਆਂ ਸ਼ਾਮ ਨੂੰ “ਸੋ ਦਰੁ ਰਹਰਾਸਿ ਸਾਹਿਬ” ਦਾ ਪਾਠ ਕਰਨ ਉਪਰੰਤ ਜਦੋਂ ਅਰਦਾਸ ਕਰਦੀਆਂ, ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਨੂੰ ਬੇਨਤੀ ਕਰਦੀਆਂ “ਹੇ ਸੱਚੇ ਪਾਤਸ਼ਾਹ! ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁਖ ਦੇ ਬਤੀਤ ਹੋਏ ਹਨ, ਚਾਰ ਪਹਿਰ ਰੈਣਿ ਆਪਣੇ ਭਾਣੇ ਅੰਦਰ ਬਤੀਤ ਕਰਾਉਣੀ” ਉਹ ਅਰਦਾਸ ਵਿੱਚ ਕਿਸੇ ਵੀ ਤਰ੍ਹਾਂ ਦਾ ਉਲਾਮਾ ਨਹੀ ਸਨ ਦੇਂਦੀਆਂ। ਬਸ ਅੱਜ ਮਾਵਾਂ ਨੂੰ ਮਾ ਗੁਜਰੀ ਦਾ ਸੰਦੇਸ਼ ਗ੍ਰਹਿਣ ਕਰਨ ਦੀ ਜਰੂਰਤ ਹੈ। ਜੋਗੀ ਅੱਲ੍ਹਾਂ ਯਾਰ ਖ਼ਾਂ ਆਪਣੇ ਕਿੱਸੇ ਨੂੰ ਅੱਗੇ ਤੋਰਦਾ ਹੋਇਆ ਕਹਿ ਰਿਹਾ ਹੈ ਕਿ ਸਾਹਿਬਜਾਦੇ ਡਰਾਵੇ, ਪਿਆਰ ਅਤੇ ਲਾਲਚ ਤੋਂ ਨਿਰਲੇਪ ਹੋ ਕੇ ਭਰੀ ਸਭਾ ਵਿੱਚ ਵਜ਼ੀਰ ਖ਼ਾਂ ਨਾਲ ਸਵਾਲ-ਜਵਾਬ ਕਰ ਰਹੇ ਹਨ।

ਅਖ਼ੀਰ ਵਜ਼ੀਰ ਖ਼ਾਂ ਕਹਿੰਦਾ ਹੈ ਕਿ ਦੱਸੋ ਤੁਹਾਨੂੰ ਮੌਤ ਚਾਹੀਦੀ ਹੈ ਕਿ ਪਨਾਹ ਚਾਹੀਦੀ ਹੈ ਤੇ ਸਾਹਿਬਜਾਦੇ ਭਰੀ ਸਭਾ ਵਿਚ

ਆਪਣੇ ਮਨ ਦੀ ਬਾਤ ਕਹਿ ਰਹੇ ਹਨ:

ਹਮ ਸਾਥ ਚਾਹਤੇ ਹੈਂ ਅਜਲ ਕੇ ਦਹਨ ਮੇਂ ਜਾਏਂ।

ਮਰ ਜਾਏ ਭੀ ਤੋ ਕਬਰ ਮੇਂ ਏਕ ਹੀ ਕਫ਼ਨ ਮੇਂ ਜਾਏਂ।

ਹਾਥੋਂ ਮੇਂ ਹਾਥ ਡਾਲ ਕੇ ਬਾਗੇ-ਅਦਨ ਮੇਂ ਜਾਏਂ।

ਮਾਸੂਮੋਂ ਕੇ ਲੀਏ ਜੋ ਬਨਾ ਉਸ ਚਮਨ ਮੇਂ ਜਾਏਂ।

ਕਲਗੀਧਰ ਦੇ ਸਾਹਿਬਜਾਦੇ ਕਹਿਣ ਲੱਗੇ “ਐ ਵਜ਼ੀਰ ਖ਼ਾਂ! ਅਸੀਂ ਸਾਫ ਚਾਹੁੰਦੇ ਹਾਂ ਕਿ ਅਸੀਂ ਮੌਤ ਦੇ ਮੂੰਹ ਵਿੱਚ ਚਲੇ ਜਾਈਏ, ਪਰ ਤੇਰੇ ਕੋਲੋਂ ਅਸੀਂ ਇੱਕ ਇਛਾ ਜਰੂਰ ਮੰਗਦੇ ਹਾਂ ਕਿ ਅਸੀਂ ਮੌਤ ਦੇ ਮੂੰਹ ਵਿੱਚ ਜਾਣਾ ਹੀ ਹੈ ਤੇ ਸਾਡੀ ਇਹ ਇਛਾ ਹੈ ਕਿ ਸਾਨੂੰ ਦੋਵਾਂ ਭਰਾਵਾਂ ਨੂੰ ਅੱਡ-ਅੱਡ ਨਾ ਕਰੀਂ ਸਾਨੂੰ ਇਕੱਠੇ ਹੀ ਰਹਿਣ ਦੇਵੀਂ”। ਉਹ ਬਾਗ-ਅਦਨ ਜਿਥੇ ਕਿ “ਬਾਈਬਲ” ਤੇ “ਕੁਰਾਨ” ਅਨੁਸਾਰ ਪਹਿਲੇ ਆਦਮ ਨੂੰ ਰੱਖਿਆ ਸੀ, ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਪ੍ਰਭੂ ਦੇ ਘਰ ਨੂੰ ਜਾਈਏ ਤਾਂ ਇਕੱਠੇ ਜਾਈਏ। ਅੱਗੇ ਸਾਹਿਬਜਾਦੇ ਵਜ਼ੀਰ ਖ਼ਾਂ ਨੂੰ ਕਹਿੰਦੇ ਹਨ:

ਮਜਹਬ ਕੋ ਪਾਤਸ਼ਾਹ ਨੇ ਬੱਟਾ ਲਗਾ ਦੀਯਾ।

ਹਮ ਨੇ ਅਮਲ ਸੇ ਪੰਥ ਕੋ ਅੱਛਾ ਬਨਾ ਦੀਯਾ।

ਕਹਿੰਦੇ ਹਨ ਕਿ ਤੇਰੇ ਬਾਦਸ਼ਾਹ ਔਰੰਗਜੇਬ ਨੇ ਧਰਮ ਨੂੰ ਗਿਰਾਵਟ ਵਿੱਚ ਸੁਟ ਦਿੱਤਾ ਹੈ। ਜੋ ਉਹ ਕਹਿ ਅਤੇ ਕਰ ਰਿਹਾ ਹੈ, ਉਹ ਧਰਮ ਦੀ ਸੇਵਾ ਨਹੀ ਕਰ ਰਿਹਾ, ਸਗੋਂ ਧਰਮ ਦਾ ਨੁਕਸਾਨ ਕਰ ਰਿਹਾ ਹੈ। ਸਾਡੀ ਉਮਰ ਭਾਵੇਂ ਛੋਟੀ ਹੈ, ਪਰ ਜੋ ਅਸੀਂ ਕਰਨ ਜਾ ਰਹੇ ਹਾਂ, ਅਸੀਂ ਆਪਣੇ ਪੰਥ ਦੀ ਸੇਵਾ ਕਰਨ ਜਾ ਰਹੇ ਹਾਂ, ਆਪਣੇ ਪੰਥ ਦਾ ਭਲਾ ਕਰਨ ਜਾ ਰਹੇ ਹਾਂ।

ਸਾਹਿਬਜਾਦੇ ਵਜ਼ੀਰ ਖ਼ਾਂ ਨੂੰ ਅਸਲੀਅਤ ਸਮਝਾਉਣ ਦਾ ਯਤਨ ਕਰ ਰਹੇ ਹਨ। ਕੀ ਸਮਝਾ ਰਹੇ ਹਨ:

ਸਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ।

ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ।

ਉਪਦੇਸ਼ ਅਪਨਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ।

ਹਮ ਕਹਿ ਰਹੇਂ ਹੈਂ ਤੁਮ ਕੋ ਖ਼ੁਦਾ ਕੀ ਜ਼ਬਾਨ ਸੇ।

ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜੇ ਹਾਂ, ਜੋ ਤੇਰੇ ਸ਼ਹਿਨਸ਼ਾਹ ਔਰੰਗਜੇਬ ਤੋਂ ਡਰਦਾ ਨਹੀਂ ਹੈ, ਤੇਰੇ ਸ਼ਹਿਨਸ਼ਾਹ ਵਰਗੇ ਉਸ ਦੇ ਦਰਬਾਰ ਵਿੱਚ ਕਈ ਤੁਰੇ ਫਿਰਦੇ ਨੇ।

ਅਸੀਂ ਜੋ ਉਪਦੇਸ਼ ਤੈਨੂੰ ਦੇਣ ਲੱਗੇ ਹਾਂ, ਉਹ ਆਪਣੇ ਕੰਨਾਂ ਨਾਲ ਧਿਆਨ ਨਾਲ ਸੁਣ ਕੇ ਦਿਲ ਵਿੱਚ ਵਸਾ ਲਈ, ਇਹ ਗੱਲ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਕਿਉਂਕਿ ਬਾਬੇ ਨਾਨਕ ਦੇ ਘਰ ਵਿਚ, ਬਾਬੇ ਨੇ ਇਹੀ ਕਿਹਾ ਹੈ ਕਿ ਇਹ ਮੈਂ ਨਹੀਂ ਬੋਲਦਾ ਇਹ ਤਾਂ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।

(ਤਿਲੰਗ ਮਹਲਾ ੧-੭੨੨)

ਜੇਕਰ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਪੱਛ ਲਈਏ ਤਾਂ ਉਹ ਵੀ ਇਹੀ ਕਹਿਣਗੇ ਕਿ ਮੈਂ ਨਹੀਂ ਬੋਲਦਾ:

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ।।

(ਸੂਹੀ ਮਹਲਾ ੫-੭੬੩)

ਕਹਿੰਦੇ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ, ਇਹ ਤਾਂ ਅਕਾਲ ਪੁਰਖ ਆਪ ਬਖ਼ਸ਼ਿਸ਼ ਕਰਕੇ ਮੇਰੇ ਤੋਂ ਸੇਵਾ ਲੈ ਰਿਹਾ ਹੈ।

ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ।।

ਮੈ ਨਿਰਗੁਣਿਆਰੇ ਕੋ ਗੁਣੁ ਨਾਹੀਂ ਆਪੇ ਤਰਸੁ ਪਇਓਈ।।

(ਸਲੋਕ ਮਹਲਾ ੫-੧੪੨੯)

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਹੇ ਅਕਾਲ ਪੁਰਖ! ਮੇਰੇ ਤਾਂ ਪੱਲੇ ਗੁਣ ਕੋਈ ਵੀ ਨਹੀਂ ਇਹ ਤਾਂ ਤੇਰੀ ਰਹਿਮਤ ਹੈ, ਤੇਰੀ ਬਖ਼ਸ਼ਿਸ਼ ਹੈ ਕਿ ਤੁਸੀਂ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਸੇਵਾ ਲੈ ਲਈ।

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।

(ਸੂਹੀ ਮਹਲਾ ੫-੭੮੩)

ਇਥੇ ਵੀ ਗੁਰੂ ਨਾਨਕ ਦੇ ਪਾਏ ਪੂਰਨਿਆਂ ਤੇ ਚਲਦਿਆਂ, ਸਾਹਿਬਜਾਦੇ ਕਹਿ ਰਹੇ ਹਨ। ਇਹ ਸਭ ਅਸੀਂ ਨਹੀਂ ਬੋਲਦੇ, ਅਸੀਂ ਤਾਂ ਤੈਨੂੰ ਅਕਾਲ ਪੁਰਖ ਦਾ ਹੁਕਮ ਸੁਣਾਉਣ ਲੱਗੇ ਹਾਂ ਤੇ ਖ਼ੁਦਾ ਪਰਮੇਸ਼ਰ ਦਾ ਹੁਕਮ ਹੈ:

ਬਾਜ ਆਓ ਸ਼ਰ ਸੇ ਹਿੰਦੂ ਮੁਸਲਿਮ ਹੋ ਕੋਈ ਹੋ।

ਪੰਡਿਤ ਹੋ, ਮੌਲਵੀ ਹੋ ਯਾ ਆਲਿਮ ਹੋ ਕੋਈ ਹੋ।

ਆਹ ਜੋ ਤੇਰੀਆਂ ਸ਼ਰਾਰਤੀ ਲਹਿਜੇ ਵਾਲੀਆਂ ਬਾਤਾਂ ਹਨ, ਤੂੰ ਇਹਨਾਂ ਤੋਂ ਬਾਜ ਆ ਜਾ। ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹੋਵੇ, ਧਰਮ ਦੇ ਨਾਮ ਤੇ ਆਪਸੀ ਵੈਰ-ਵਿਰੋਧ, ਈਰਖਾ-ਦਵੈਸ਼ ਇਹ ਸਭ ਜੀਵਨ ਵਿਚੋਂ ਕਢ ਦੇਵੇ।

ਖ਼ਿਆਲ ਕਰਿਉ! ਇਹ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਦਾ ਸਾਨੂੰ ਵੀ ਸੰਦੇਸ਼ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਦੇ ਰਾਹੀਂ ਕਿ ਅਸੀਂ ਕਿਸੇ ਨੂੰ ਇਸ ਕਰਕੇ ਨਫ਼ਰਤ ਨਾ ਕਰੀਏ ਕਿ ਉਹ ਹਿੰਦੂ, ਮੁਸਲਮਾਨ ਜਾਂ ਈਸਾਈ ਹੈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਪੱਲੇ ਬੰਨ ਲਈਏ:

-ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।।

(ਸੋਰਠਿ ਮਹਲਾ ੫-੬੧੧)

-ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।

(ਧਨਾਸਰੀ ਮਹਲਾ ੫-੬੭੧)

ਇੱਕ ਇਤਿਹਾਸਕ ਗੱਲ ਯਾਦ ਆ ਗਈ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਹੈ, ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਜੱਗਾ ਸਿੰਘ ਹੈ। ਉਹ ਇੰਨਾ ਪਿਆਰਾ ਸਿੱਖ, ਗੁਰੂ ਸਾਹਿਬ ਦਾ ਹੁਕਮੀ ਬੰਦਾ ਹੈ। ਜਿਹੜੇ ਸਾਡੇ ਵਰਗੇ ਥੋੜੇ ਜਿਹੇ ਮਲੀਨ ਬੁੱਧੀ ਵਾਲੇ ਲੋਕ ਹਨ, ਉਹ ਜੱਗਾ ਸਿੰਘ ਨਾਲ ਈਰਖਾ ਕਰਦੇ ਹਨ ਕਿ ਇਸ ਜੱਗਾ ਸਿੰਘ ਨੇ ਕਲਗੀਧਰ ਪਾਤਸ਼ਾਹ ਤੇ ਪਤਾ ਨਹੀਂ ਕੀ ਜਾਦੂ ਕੀਤਾ ਹੈ ਕਿ ਗੁਰੂ ਸਾਹਿਬ ਇਸ ਨੂੰ ਇੰਨਾ ਪਿਆਰ ਕਰਦੇ ਹਨ।

ਇੱਕ ਦਿਨ ਈਰਖਾ ਇੰਨੀ ਵੱਧ ਗਈ ਕਿ ਉਹਨਾਂ ਲੋਕਾਂ ਨੇ ਇੱਕਠੇ ਹੋ ਕੇ ਭਾਈ ਜੱਗਾ ਸਿੰਘ ਨੂੰ ਗੁੱਸੇ ਵਿੱਚ ਮਾਰਿਆ। ਪਰ ਭਾਈ ਜੱਗਾ ਸਿੰਘ ਨੇ ਅੱਗੋ ਕੋਈ ਵਿਰੋਧ ਪ੍ਰਗਟ ਨਹੀ ਕੀਤਾ। ਜਦੋਂ ਇਹ ਖ਼ਬਰ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਪਹੁੰਚੀ ਤਾਂ ਗੁਰੂ ਸਾਹਿਬ ਨੇ ਭਾਈ ਜੱਗਾ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਪੁਛਿਆ “ਭਾਈ ਜੱਗਾ ਸਿੰਘ! ਤੈਨੂੰ ਕਿਸੇ ਨੇ ਮਾਰਿਆ ਹੈ ਫਿਰ ਤੈਨੂੰ ਕਿਸ ਨੇ ਬਚਾਇਆ” ਭਾਈ ਜੱਗਾ ਸਿੰਘ ਦਾ ਜਵਾਬ ਪਤਾ ਕੀ ਸੀ? ਜੱਗਾ ਸਿੰਘ ਕਹਿਣ ਲੱਗਾ “ਸੱਚੇ ਪਾਤਸ਼ਾਹ! ਮਾਰਨ ਵਾਲੇ ਵੀ ਤੁਸੀਂ ਹੋ ਬਚਾਉਣ ਵਾਲੇ ਵੀ ਤੁਸੀਂ ਹੋ। “ ਕਲਗੀਧਰ ਪਾਤਸ਼ਾਹ ਮਾਰਨ ਵਾਲਿਆਂ ਨੂੰ ਕਹਿਣ ਲੱਗੇ “ਦੇਖੋ ਭਾਈ! ਇਸ ਨੂੰ ਮਾਰਨ ਵਾਲਿਆਂ ਵਿੱਚ ਵੀ ਗੁਰੂ ਨਾਨਕ ਦਿਖਾਈ ਦਿੰਦਾ ਹੈ ਤੇ ਤੁਸੀਂ ਇਸ ਨਾਲ ਈਰਖਾ ਕਰਦੇ ਹੋ? “ਇਹ ਹਨ ਗੁਰੂ ਨਾਨਕ ਦੇ ਘਰ ਦੇ ਸੰਦੇਸ਼ ਦੀਆਂ ਬਾਤਾਂ।

ਰੈਡ ਕਰਾਸ ਦੇ ਨਾਮ ਤੋਂ ਆਪ ਭਲੀ ਭਾਂਤ ਜਾਣੂ ਹੋ ਤੇ ਇਸ ਰੈਡ ਕਰਾਸ ਦੇ ਬਾਨੀ ਨੇ ਭਾਈ ਘਨਈਆ ਜੀ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸਿੱਖੀ ਸਿਧਾਂਤਾਂ ਦੀਆਂ ਕਮਾਈਆਂ ਕੀਤੀਆਂ ਹਨ।

ਇੱਕ ਹੋਰ ਸੰਸਥਾ ਦੇ ਨਾਮ ਤੋਂ ਆਪ ਹੋਰ ਵੀ ਜਾਣੂ ਹੋ, ਉਹ ਨਾਮ ਹੈ ‘ਫਾਇਰ ਬਰੀਗੇਡ` ਇਸ ਫ਼ਾਇਰ ਬਰੀਗੇਡ ਦੇ ਬਾਨੀ ਹਨ “ਭਾਈ ਤਾਰਾ ਜੀ”।

ਇੱਕ ਵਾਰ ਲਾਹੌਰ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਅੱਗ ਗਈ। ਅੱਗ ਦੇ ਭਾਂਬੜ ਮੱਚਣ ਲੱਗੇ ਤੇ ਮੁਹੱਲਾ ਸੜਨ ਲੱਗਾ, ਪਰ ਕੋਈ ਅੱਗ ਤੇ ਕਾਬੂ ਪਾਉਣ ਦਾ ਹੀਆ ਨਾ ਕਰ ਸਕਿਆ। ਇਸ ਸਿੱਖ ਨੇ ਜਦੋਂ ਇਹ ਸਭ ਦੇਖਿਆ ਤਾਂ ਉਹ ਆਪਣੇ ਘਰੋਂ ਪਾਣੀ ਦੀ ਬਾਲਟੀ ਭਰ ਕੇ ਲਿਆਇਆ। ਉਹ ਪਾਣੀ ਉਸ ਅੱਗ ਤੇ ਪਾ ਕੇ ਫਿਰ ਪਾਣੀ ਲੈਣ ਲਈ ਦੌੜਿਆ ਤਾਂ ਲੋਕ ਕਹਿਣ ਲੱਗੇ “ਤੂੰ ਕਮਲਾ ਹੋ ਗਿਆ ਏਂ? ਇੰਨੀ ਅੱਗ ਨੂੰ ਪਾਣੀ ਦੀ ਇਕ-ਇਕ ਬਾਲਟੀ ਨਾਲ ਕਿਵੇਂ ਬੁਝਾਵੇਗਾਂ? ਪਿਛਾਂਹ ਹੋ ਜਾ। “

ਉਸ ਸਿੱਖ, ਜਿਸ ਦਾ ਨਾਮ ਭਾਈ ਤਾਰਾ ਹੈ, ਨੇ ਜਵਾਬ ਦਿੱਤਾ “ਮੈਨੂੰ ਨਹੀਂ ਪਤਾ ਕਿ ਅੱਗ ਬੁਝੇਗੀ ਕਿ ਨਹੀਂ ਪਰ ਮੈਨੂੰ ਤਾਂ ਇਹੀ ਪਤਾ ਹੈ ਕਿ ਜੇਕਰ ਦੂਸਰੇ ਦਾ ਘਰ ਸੜ ਰਿਹਾ ਹੋਵੇ ਤਾਂ ਗੁਰੂ ਨਾਨਕ ਦਾ ਸਿੱਖ ਚੁੱਪ ਕਰਕੇ ਉਸ ਨੂੰ ਵੇਖ ਨਹੀਂ ਸਕਦਾ, ਮੈਂ ਤਾਂ ਆਪਣਾ ਫ਼ਰਜ਼ ਨਿਭਾ ਰਿਹਾ ਹਾਂ। ਅੱਗ ਬੁਝਣੀ ਹੈ ਜਾਂ ਨਹੀ, ਇਹ ਮੇਰਾ ਗੁਰੂ ਨਾਨਕ ਜਾਣੇ। “ ਇਹ ਹਨ ਸਿੱਖੀ ਦੀ ਕਮਾਈ ਦੀਆਂ ਬਾਤਾਂ। ਕਾਸ਼! ਕਿਧਰੇ ਗੁਰੂ ਨਾਨਕ ਦੀ ਵਿਚਾਰਧਾਰਾ ਸਾਡੇ ਜੀਵਨ ਵਿੱਚ ਵੀ ਆ ਜਾਵੇ।

ਸਾਹਿਬਜਾਦੇ ਵਜ਼ੀਰ ਖ਼ਾਂ ਨੂੰ ਇਹੀ ਸਮਝਾ ਰਹੇ ਹਨ-

ਅੰਮ੍ਰਿਤ ਬ: ਜ਼ੋਰ ਤੁਮ ਕੋ ਛਕਾਨਾ ਨਹੀਂ ਹਮੇਂ।

ਹਾਂ ਸਿੱਖ ਬਜਬ੍ਰ ਤੁਮ ਕੋ ਬਨਾਨਾ ਨਹੀਂ ਹਮੇਂ।

ਭਾਤਾ ਕਿਸੀ ਕੇ ਦਿਲ ਕੋ ਦੁਖਾਨਾ ਨਹੀਂ ਹਮੇਂ।

ਲੜ ਭਿੜ ਕੇ ਜਮਾਂ ਕਰਨਾ ਖ਼ਜਾਨਾ ਨਹੀਂ ਹਮੇਂ।

ਐ ਵਜ਼ੀਰ ਖ਼ਾਂ! ਤੈਨੂੰ ਅਸੀਂ ਜ਼ਬਰਦਸਤੀ ਅੰਮ੍ਰਿਤ ਨਹੀਂ ਛਕਾਉਣਾ, ਤੈਨੂੰ ਅਸੀਂ ਜ਼ਬਰਦਸਤੀ ਸਿੱਖ ਵੀ ਨਹੀਂ ਬਣਾਉਣਾ, ਕਿੳ਼ੁਂਕਿ ਗੁਰੂ ਨਾਨਕ ਦਾ ਘਰ ਕਿਸੇ ਨਾਲ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰਦਾ। ਇਤਿਹਾਸ ਵਿੱਚ ਕਦੀ ਇੱਕ ਵੀ ਮਿਸਾਲ ਨਹੀ ਮਿਲੇਗੀ, ਜਿਸ ਵਿੱਚ ਗੁਰੂ ਨਾਨਕ ਦੇ ਘਰ ਵਲੋਂ ਕਿਸੇ ਨਾਲ ਜ਼ਬਰਦਸਤੀ ਕੀਤੀ ਗਈ ਹੋਵੇ। ਕਿਸੇ ਨਾਲ ਵੀ ਲੜਨਾ-ਝਗੜਣਾ ਸਾਨੂੰ ਚੰਗਾ ਨਹੀਂ ਲੱਗਦਾ ਤੇ ਲੜਾਈ ਭਿੜਾਈ ਕਰਕੇ ਖ਼ਜਾਨੇ ਜਮਾਂ ਕਰਨੇ ਵੀ ਸਾਨੂੰ ਚੰਗੇ ਨਹੀਂ ਲੱਗਦੇ। ਸਾਡੇ ਗੁਰੂ ਨਾਨਕ ਦੇ ਘਰ ਦਾ ਇਹ ਮਕਸਦ ਹੀ ਨਹੀਂ ਹੈ।

ਸ਼ਾਹੀ ਹੈਂ ਅਪਨੇ ਠਾਠ ਮਗਰ ਯੂੰ ਫ਼ਕੀਰ ਹੈਂ।

ਨਾਨਕ ਕੀ ਤਰਹ ਹਿੰਦੂ-ਓ-ਮੁਸਲਿਮ ਕੇ ਪੀਰ ਹੈਂ।

ਗੁਰੂ ਨਾਨਕ ਦੇ ਘਰ ਵਿੱਚ ਅੰਦਰੋਂ ਭਾਵੇਂ ਸ਼ਾਹ ਹੋਈਏ, ਪਰ ਬਾਹਰੋਂ ਫ਼ਕੀਰੀ ਹੀ ਨਜ਼ਰ ਆਵੇਗੀ ਤੇ ਫ਼ਕੀਰਾਂ ਵਾਲੀ ਤਬੀਅਤ ਦੇ ਮਾਲਕ, ਗੁਰੂ ਨਾਨਕ ਦੇ ਸਿੱਖਾਂ ਨੂੰ ਅਕਾਲ ਪੁਰਖ ਆਪ ਬਣਾਉਂਦਾ ਹੈ।

ਜਦੋਂ ਕਲਗੀਧਰ ਪਾਤਸ਼ਾਹ ਨੇ ਬਚਪਨ ਸਮੇਂ ਗੰਗਾ ਨਦੀ ਵਿੱਚ ਕੰਗਣ ਸੁੱਟਿਆ ਸੀ। ਪਤਾ ਲੱਗਣ ਤੇ ਮਾਂ ਗੁਜਰੀ ਜੀ ਕਲਗੀਧਰ ਨੂੰ ਲੈ ਕੇ ਜਿੱਥੇ ਕੰਗਣ ਸੁਟਿਆ ਸੀ, ਉਥੇ ਗਏ। ਪੁਛਿਆ “ਲਾਲ ਜੀ! ਕੰਗਣ ਕਿਥੇ ਕੁ ਸੁਟਿਆ ਹੈ? “ ਕਲਗੀਧਰ ਨੇ ਦੂਸਰਾ ਕੰਗਣ ਸੁੱਟ ਕੇ ਆਖਿਆ ਸੀ “ਮਾਤਾ ਜੀ! ਇੱਥੇ ਕੁ ਸੁਟਿਆ ਹੈ। “ ਇਹ ਹਨ ਗੁਰੂ ਨਾਨਕ ਦੇ ਘਰ ਦੀ ਫ਼ਕੀਰੀ, ਬਾਹਰੋਂ ਸ਼ਹਿਨਸ਼ਾਹੀ ਠਾਠ ਨੇ ਤੇ ਅੰਦਰੋਂ ਫ਼ਕੀਰਾਂ ਵਾਲੀ ਤਬੀਅਤ ਹੈ। ਗੁਰੂ ਨਾਨਕ ਜਿਵੇਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਨੇ, ਬਿਲਕੁਲ ਗੁਰੂ ਨਾਨਕ ਦਾ ਸਿਧਾਂਤ ਭਾਵੇਂ 10 ਜਾਮਿਆਂ ਵਿੱਚ ਚੱਲਿਆ, ਪਰ ਨਾਲ-ਨਾਲ ਇਹ ਸਾਂਝੀ ਰਵਾਇਤ ਹੀ ਚਲਦੀ ਰਹੀ:

ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।

ਏਕੁ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।

ਲੋਗਾ ਭਰਮਿ ਨ ਭੂਲਹੁ ਭਾਈ।।

ਖਾਲਕਿੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ।।

(ਪ੍ਰਭਾਤੀ ਕਬੀਰ ਜੀ-੧੩੫੦)

ਤੇ ਉਹੀ ਬਾਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਡਲੇ ਕਰਦੇ ਨੇ:

ਤਕਰੀਰਿ-ਦਿਲ-ਪਜ਼ੀਰ ਸੇ ਗੁੰਮ ਸਭ ਕੇ ਹੋਸ਼ ਥੇ।

ਨੀਚੀ ਨਜ਼ਰ ਹਰ ਇੱਕ ਕੀ ਥੀ ਇਸਤਾਦਹ ਗੋਸ਼ ਥੇ।

ਦਿਲ ਪਜ਼ੀਰ ਦਾ ਅਰਥ ਹੈ ਦਿਲ ਨੂੰ ਧੂਹ ਪਾਉਣ ਵਾਲੀਆਂ ਬਾਤਾਂ। ਤੇ ਕਹਿੰਦੇ ਹਨ, ਦਿਲ ਨੂੰ ਧੂਹ (ਖਿੱਚ) ਪਾਉਣ ਵਾਲੀਆਂ ਬਾਤਾਂ ਨੂੰ ਸੁਣ-ਸੁਣ ਕੇ ਸਾਰਿਆਂ ਦੇ ਹੋਸ਼ ਗੁੰਮ ਹੋਏ ਪਏ ਨੇ, ਜ਼ਬਾਨ ਨੂੰ ਤਾਲੇ ਲੱਗੇ ਹੋਏ ਨੇ, ਹੁਣ ਸਾਰਿਆਂ ਦੀਆਂ ਅੱਖਾਂ ਨੀਵੀਆਂ ਹੋਈਆਂ ਪਈਆਂ ਨੇ।

ਬੱਚੋਂ ਕੇ ਸਾਮਨੇ ਸਭੀ ਦਾਨਾ ਖ਼ਾਮੋਸ਼ ਥੇ।

ਨਾਜ਼ਿਮ ਕੇ ਜੀ ਮੇਂ ਬੁਗਜ਼ ਹੀ ਥਾ ਅਬ ਨਾ ਜ਼ੋਸ਼ ਥੇ।

ਕਲਗੀਧਰ ਦੇ ਲਾਡਲਿਆਂ ਦੀਆਂ ਐਸੀਆਂ ਗਿਆਨ ਭਰਪੂਰ ਬਾਤਾਂ ਸੁਣ ਕੇ ਸਾਰੇ ਖ਼ਾਮੋਸ਼ ਹੋ ਕੇ ਬੈਠ ਗਏ ਨੇ। ਬੱਚਿਆਂ ਦੇ ਸਾਹਮਣੇ ਸਾਰੇ ਲਾ-ਜੁਆਬ ਹੋ ਗਏ, ਪਰ ਜਦੋਂ ਦੂਸਰੇ ਪਾਸੇ ਵਜ਼ੀਰ ਖ਼ਾਂ ਨੇ ਜਿਵੇਂ-ਜਿਵੇਂ ਬੱਚਿਆਂ ਦੀਆਂ ਦਲੇਰੀ ਅਤੇ ਗਿਆਨ ਭਰੀਆਂ ਬਾਤਾਂ ਸੁਣੀਆਂ ਤਾਂ ਉਸ ਨੂੰ ਸਮਝ ਪੈ ਗਈ ਤੇ ਉਸ ਦੇ ਅੰਦਰੋਂ ਈਰਖਾ ਅਤੇ ਦਵੈਸ਼ ਭਾਵਨਾ ਖ਼ਤਮ ਹੋ ਰਹੀ ਹੈ। ਕੋਈ ਵੈਰ ਕੋਈ ਵਿਰੋਧ ਇਸ ਸਮੇਂ ਵਜ਼ੀਰ ਖ਼ਾਂ ਦੇ ਮਨ ਦੇ ਵਿੱਚ ਨਹੀਂ ਹੈ। ਸਾਰਾ ਵੈਰ-ਵਿਰੋਧ ਵਜ਼ੀਰ ਖ਼ਾਂ ਦੇ ਮਨ ਵਿਚੋਂ ਨਿਕਲ ਗਿਆ।

ਜਿਹੜਾ ਵਜ਼ੀਰ ਖ਼ਾਂ ਸਰਸਾ ਨਦੀ ਦੇ ਕੰਢੇ ਤੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਵੇਖ ਕੇ ਕਹਿੰਦਾ ਸੀ ਕਿ ਮੈਂ ਇਸ ਦਾ ਬਦਲਾ ਗੁਰੂ ਕਲਗੀਧਰ ਪਾਸੋਂ ਜਰੂਰ ਲਵਾਂਗਾ, ਭਾਵੇਂ ਇਸ ਲਈ ਮੈਨੂੰ ਕੋਈ ਵੀ ਧੋਖਾ, ਕੋਈ ਵੀ ਫ਼ਰੇਬ ਕਿਉਂ ਨਾ ਕਰਨਾ ਪਵੇ ਭਾਵੇਂ ਇਹ ਬਦਲਾ ਲੈਣ ਲਈ ਮੈਨੂੰ ਕਿੰਨਾ ਵੀ ਸਮਾਂ ਕਿਉਂ ਨਾ ਲੱਗ ਜਾਵੇ। ਪਰ ਮੈਂ ਕਲਗੀਧਰ ਤੋਂ ਇਸ ਕਤਲੇਆਮ ਦਾ ਬਦਲਾ ਜਰੂਰ ਲਵਾਂਗਾ, ਉਹ ਵਜ਼ੀਰ ਖ਼ਾਂ ਜਿਹੜਾ ਕਿ ਇੱਕ ਸਮੇਂ ਖ਼ੁਸ਼ ਹੋ ਰਿਹਾ ਸੀ ਕਿ ਕਲਗੀਧਰ ਦੇ ਬੱਚੇ ਮੇਰੀ ਕੈਦ ਵਿੱਚ ਹਨ ਤੇ ਮੈਂ ਇਹਨਾਂ ਦੇ ਪਿਤਾ ਤੋਂ ਗਿਣ-ਗਿਣ ਕੇ ਬਦਲੇ ਲਵਾਂਗਾ, ਪਰ ਹੁਣ ਉਹ ਕਲਗੀਧਰ ਦੇ ਸਾਹਿਬਜਾਦਿਆਂ ਦੇ ਮੁਖਾਰਬਿੰਦ ਤੋਂ ਗੁਰੂ ਨਾਨਕ ਦੇ ਘਰ ਦੇ ਸਿਧਾਂਤਾ ਦੀਆਂ ਦਲੀਲ ਪੂਰਵਕ ਬਾਤਾਂ ਨੂੰ ਸੁਣ ਕੇ ਵਜ਼ੀਰ ਖ਼ਾਂ ਦੇ ਦਿਲ ਵਿਚੋਂ ਈਰਖਾ, ਦਵੈਸ਼, ਅਤੇ ਬਦਲੇ ਦੀ ਭਾਵਨਾ ਖ਼ਤਮ ਹੋ ਗਈ।

ਹੁਣ ਵਜ਼ੀਰ ਖ਼ਾਂ ਪੁੱਛਦਾ ਹੈ “ਕਾਜ਼ੀ ਸਾਹਿਬ! ਇਸਲਾਮੀ ਸ਼ਰ੍ਹਾ ਕੀ ਆਖਦੀ ਹੈ” ਕਾਜ਼ੀ ਕਹਿਦਾ ਹੈ “ਇਸਲਾਮੀ ਸ਼ਰ੍ਹਾ ਬੱਚਿਆਂ ਦੇ ਉਪਰ ਜ਼ੁਲਮ ਕਰਨ ਦੀ ਆਗਿਆ ਨਹੀ ਦੇਂਦੀ। “ ਇਹ ਸਭ ਸੁਣ ਕੇ ਵਜ਼ੀਰ ਖ਼ਾਂ ਦੇ ਮਨ ਵਿੱਚ ਬੱਚਿਆਂ ਨੂੰ ਰਿਹਾ ਕਰਨ ਦਾ ਵਿਚਾਰ ਵੀ ਆ ਗਿਆ, ਪਰ ਮਤਲਬ ਪ੍ਰਸਤ ਲੋਕ ਇਹ ਹੋਣ ਨਹੀਂ ਦਿੰਦੇ, ਇਹ ਕਿਵੇਂ ਹੋ ਸਕਦਾ ਸੀ।

=====================

(ਚਲਦਾ …)

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]
.