.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੮)

Gurmat and science in present scenario (Part-18)

ਅਕਾਲ ਪੁਰਖ ਅਤੇ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ

The limit of Akal Purkh and His creation is beyond human comprehension

ਕੁਦਰਤ (universe) ਦੀ ਰਚਨਾ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਵਿਚਲੀ ਖਾਲੀ ਥਾਂ, ਜੀਵ ਜੰਤੂ, ਪਦਾਰਥ ਤੇ ਉਨ੍ਹਾਂ ਦੇ ਛੋਟੇ ਤੋਂ ਛੋਟੇ ਅੰਸ਼, ਆਦਿ ਸਭ ਕੁੱਝ ਆ ਜਾਂਦੇ ਹਨ। ਅੱਜ ਦੀ ਸਾਇੰਸ ਅਜੇ ਗਲੈਕਸੀਆਂ ਤਕ ਹੀ ਸਮਝ ਸਕੀ ਹੈ, ਜਿਥੋ ਕਿ ਰੌਸ਼ਨੀ ਹੁਣ ਤਕ ਪਹੁੰਚ ਸਕੀ ਹੈ। ਜਿਸ ਤਰ੍ਹਾਂ ਸਾਇੰਸ ਤਰੱਕੀ ਕਰਦੀ ਗਈ ਨਵੀਆਂ ਥਿਊਰੀਆਂ ਬਣਦੀਆਂ ਗਈਆਂ। ਅੱਜ ਦੀ ਸਾਇੰਸ ਦੇ ਮੁਤਾਬਕ ਕੁਦਰਤ ਦਾ ਰੇਡੀਅਸ ੪੬ ਬਿਲਿਅਨ ਪ੍ਰਕਾਸ਼ ਸਾਲ ਹੈ। ਬਿਗ ਬੈਂਗ ਸਿਧਾਤ ਮੁਤਾਬਕ ਕੁਦਰਤ ੧੩. ੮ ਬਿਲਿਅਨ ਸਾਲ ਪਹਿਲਾਂ ਬਣੀ ਸੀ ਤੇ ਇਹ ਫੈਲਦੀ ਜਾ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾਂ ਹੈ ਕਿ ਇਸ ਬਿਗ ਬੈਂਗ ਤੋਂ ਪਹਿਲਾਂ ਕੀ ਸੀ ਤੇ ਕਿਉਂ ਸੀ। ਇਹ ਅੱਜ ਦੀ ਸਾਇੰਸ ਦੀ ਪਹੁੰਚ ਤੋਂ ਬਾਹਰ ਹੈ।

ਅੱਜ ਦੀ ਸਾਇੰਸ ਅਨੁਸਾਰ ਕੁਦਰਤ ਆਮ ਪਦਾਰਥ (Ordinary matter = 5%), ਨਾ ਦਿਖਾਈ ਦੇਣ ਵਾਲਾ ਪਦਾਰਥ (Dark matter = 25%) ), ਨਾ ਦਿਖਾਈ ਦੇਣ ਵਾਲੀ ਊਰਜਾ (Dark energy = 70%) ਜਿਹੜੀ ਕਿ ਸੁਨ (Vaccum) ਵਿੱਚ ਵੀ ਹੋ ਸਕਦੀ ਹੈ, ਦੀ ਬਣੀ ਹੈ। ਅੱਜ ਦੀ ਸਾਇੰਸ ਨੂੰ 95% ਕੁਦਰਤ ਬਾਰੇ ਕੁੱਝ ਪਤਾ ਨਹੀਂ। ਜਨਰਲ ਰੈਲੇਟਿਵਟੀ (General relativity) ਦੇ ਅਨੁਸਾਰ, ਕੁਦਰਤ ਪ੍ਰਕਾਸ਼ ਦੀ ਗਤੀ ਤੋਂ ਵੀ ਤੇਜੀ ਨਾਲ ਫੈਲ ਸਕਦੀ ਹੈ, ਇਸ ਲਈ ਕੁਦਰਤ ਦਾ ਅੰਤ ਪਾਣਾਂ ਆਸਾਨ ਨਹੀਂ, ਕਿਉਂਕਿ ਸਾਇੰਸ ਕੋਲ ਅਜੇ ਤਕ ਪ੍ਰਕਾਸ਼ ਦੀ ਗਤੀ ਤੋਂ ਤੇਜ ਮਾਪਣ ਦਾ ਹੋਰ ਕੋਈ ਸਾਧਨ ਨਹੀਂ ਹੈ।

ਗੁਰਬਾਣੀ ਅਨੁਸਾਰ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਤੇ ਉਸ ਨੇ ਆਪਣਾ ਸਦਾ ਅਟੱਲ ਰਹਿਣ ਵਾਲਾ ਨਿਯਮ ਹਰ ਥਾਂ ਕਾਇਮ ਕੀਤਾ ਹੋਇਆ ਹੈ। ਅਕਾਲ ਪੁਰਖ ਨੇ ਜਗਤ ਪੈਦਾ ਕਰ ਕੇ ਆਪ ਹੀ ਇਹ ਨਿਯਮ ਵੀ ਬਣਾ ਦਿੱਤਾ ਕਿ ਜੀਵਨ ਸਫਲ ਕਰਨ ਲਈ ਮਨੁੱਖ ਨੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ। ਅਕਾਲ ਪੁਰਖ ਨੇ ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਇਸ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਤੇ ਪਦਾਰਥ ਕਾਇਮ ਕੀਤੇ ਹਨ। ਅਕਾਲ ਪੁਰਖ ਨੇ ਵੱਖ ਵੱਖ ਤਰ੍ਹਾਂ ਦੇ ਜੀਵ ਪੈਦਾ ਕਰ ਕੇ ਉਨ੍ਹਾਂ ਦੇ ਅੰਦਰ ਆਪਣੀ ਸੱਤਿਆ ਕਾਇਮ ਕੀਤੀ। ਇਸ ਸ੍ਰਿਸ਼ਟੀ ਦਾ ਸਿਰਜਣਹਾਰ ਸਦਾ ਥਿਰ ਰਹਿੰਣ ਵਾਲਾ ਹੈ ਤੇ ਕੋਈ ਵੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਅਕਾਲ ਪੁਰਖ ਆਪ ਹੀ ਸਭ ਤਰ੍ਹਾਂ ਦੇ ਭੇਤ ਜਾਣਦਾ ਹੈ, ਤੇ ਜੀਵਾਂ ਨੂੰ ਗੁਰੂ ਦੇ ਰਸਤੇ ਉਤੇ ਤੋਰ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਣ ਵਾਲਾ ਵੀ ਉਹ ਆਪ ਹੀ ਹੈ।

ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ॥ ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ॥ ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ॥ ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ॥ ੧॥ (੧੦੯੪)

ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਉਸ ਦੇ ਭੰਡਾਰੇ ਵੀ ਬੇਅੰਤ ਹਨ, ਤੇ ਕਦੀ ਮੁੱਕ ਨਹੀਂ ਸਕਦੇ। ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ, ਭਾਵ, ਸਾਰੀ ਸ੍ਰਿਸ਼ਟੀ ਵਿੱਚ ਅਕਾਲ ਪੁਰਖ ਦੇ ਭੰਡਾਰੇ ਚਲ ਰਹੇ ਹਨ। ਜੋ ਕੁੱਝ ਅਕਾਲ ਪੁਰਖ ਨੇ ਉਨ੍ਹਾਂ ਭੰਡਾਰਿਆਂ ਵਿੱਚ ਪਾਇਆ ਹੈ, ਉਹ ਇਕੋ ਵਾਰੀ ਪਾ ਦਿੱਤਾ ਹੈ, ਭਾਵ, ਉਸ ਦੇ ਭੰਡਾਰੇ ਸਦਾ ਵਾਸਤੇ ਕਾਇਮ ਹਨ ਤੇ ਕਦੀ ਖਤਮ ਹੋਣ ਵਾਲੇ ਨਹੀਂ ਹਨ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ, ਜੀਵਾਂ ਨੂੰ ਪੈਦਾ ਕਰ ਕੇ ਉਨ੍ਹਾਂ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ ਵਾਲੀ ਇਹ ਕਾਰ ਸਦਾ ਅਟੱਲ ਹੈ, ਤੇ ਉਸ ਵਿੱਚ ਕੋਈ ਉਕਾਈ ਨਹੀਂ ਹੁੰਦੀ। ਇਸ ਲਈ ਕੇਵਲ ਉਸ ਅਕਾਲ ਪੁਰਖ ਨੂੰ ਧਿਆਉਣਾਂ ਚਾਹੀਦਾ ਹੈ, ਜੋ ਸਭ ਦਾ ਮੁੱਢ ਹੈ, ਜਿਸ ਦਾ ਸਰੂਪ ਪੂਰਨ ਤੌਰ ਤੇ ਸ਼ੁੱਧ ਹੈ, ਉਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਉਹ ਨਾਸ ਰਹਿਤ ਹੈ, ਤੇ ਸਦਾ ਇਕੋ ਜਿਹਾ ਰਹਿੰਦਾ ਹੈ। ਆਪਣੇ ਅੰਦਰ ਅਜੇਹੀ ਸੋਚ ਕਾਇਮ ਕਰਨ ਨਾਲ ਉਸ ਅਕਾਲ ਪੁਰਖ ਨਾਲੋਂ ਦੂਰੀ ਮਿਟ ਸਕਦੀ ਹੈ।

ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥ ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੩੧॥ (੭)

ਸੱਚ ਖੰਡ ਦੀ ਅਵਸਥਾ ਵਿੱਚ ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ, ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ। ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ ਦਿੱਸਦੇ ਹਨ, ਇਤਨੇ ਬੇਅੰਤ ਕਿ ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਨ੍ਹਾਂ ਦੀ ਗਿਣਤੀ ਖਤਮ ਨਹੀਂ ਹੁੰਦੀ। ਸੱਚ ਖੰਡ ਦੀ ਅਵਸਥਾ ਵਿੱਚ ਜੀਵ ਨੂੰ ਬੇਅੰਤ ਭਵਣ ਤੇ ਅਕਾਰ ਦਿਸਦੇ ਹਨ, ਜਿਨ੍ਹਾਂ ਸਭਨਾ ਵਿੱਚ ਉਸੇ ਤਰ੍ਹਾਂ ਕਾਰ ਵਿਹਾਰ ਚੱਲ ਰਹੀ ਹੈ, ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ, ਭਾਵ, ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿਖਾਈ ਦਿੰਦੀ ਹੈ। ਉਸ ਨੂੰ ਪਰਤੱਖ ਦਿਸਦਾ ਹੈ ਕਿ ਅਕਾਲ ਪੁਰਖ ਆਪਣੇ ਵੀਚਾਰ ਅਨੁਸਾਰ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੋ ਰਿਹਾ ਹੈ। ਸੱਚ ਖੰਡ ਦੀ ਇਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਸਿਰਫ ਅਨੁਭਵ ਕੀਤੀ ਜਾ ਸਕਦੀ ਹੈ। ਮਨੁੱਖ ਦੀ ਸੋਚ ਅਜੇਹੀ ਹੋ ਜਾਂਦੀ ਹੈ ਕਿ ਉਸ ਨੂੰ ਸਭ ਆਪਣੇ ਦਿਸਦੇ ਹਨ, ਹਰ ਪਾਸੇ ਤੇ ਹਰੇਕ ਦੇ ਅੰਦਰ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਵਿੱਚ ਜੁੜੀ ਰਹਿੰਦੀ ਹੈ, ਉਸ ਨੂੰ ਮਾਇਆ ਠੱਗ ਨਹੀਂ ਸਕਦੀ, ਉਸ ਦੀ ਆਤਮਾ ਬਲਵਾਨ ਹੋ ਜਾਂਦੀ ਹੈ, ਤੇ ਹਮੇਸ਼ਾਂ ਅਕਾਲ ਪੁਰਖ ਨਾਲ ਨੇੜਤਾ ਬਣੀ ਰਹਿੰਦੀ ਹੈ। ਮਨੁੱਖ ਨੂੰ ਪਰਤੱਖ ਜਾਪਣ ਲਗ ਜਾਂਦਾ ਹੈ ਕਿ ਅਕਾਲ ਪੁਰਖ ਬੇਅੰਤ ਕੁਦਰਤ ਰਚ ਕੇ ਸਭ ਨੂੰ ਆਪਣੇ ਹੁਕਮੁ ਤੇ ਰਜ਼ਾ ਅਨੁਸਾਰ ਤੋਰ ਰਿਹਾ ਹੈ।

ਸਚ ਖੰਡਿ ਵਸੈ ਨਿਰੰਕਾਰੁਕਰਿ ਕਰਿ ਵੇਖੈ ਨਦਰਿ ਨਿਹਾਲ॥ ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ ੩੭॥ (੮)

ਅਕਾਲ ਪੁਰਖ ਆਪ ਸਦਾ ਕਾਇਮ ਰਹਿਣ ਵਾਲਾ ਹੈ, ਤੇ ਇਹ ਬ੍ਰਹਮੰਡ ਉਸ ਨੇ ਆਪਣੇ ਹੁਕਮੁ ਅਨੁਸਾਰ ਆਪ ਹੀ ਪੈਦਾ ਕੀਤਾ ਹੈ। ਅਕਾਲ ਪੁਰਖ ਜਿਸ ਤਰ੍ਹਾਂ ਚਾਹੇ ਇਸ ਬ੍ਰਹਮੰਡ ਨੂੰ ਨਾਸ ਕਰ ਸਕਦਾ ਹੈ, ਫਿਰ ਪੈਦਾ ਕਰ ਸਕਦਾ ਹੈ, ਤੇ ਫਿਰ ਨਾਸ ਕਰ ਕੇ ਫਿਰ ਆਪ ਹੀ ਪੈਦਾ ਕਰ ਸਕਦਾ ਹੈ। ਇਹ ਧਰਤੀ ਅਤੇ ਆਕਾਸ਼ ਅਕਾਲ ਪੁਰਖ ਨੇ ਜੀਵਾਂ ਦੇ ਵੱਸਣ ਵਾਸਤੇ ਬਣਾਏ ਹਨ। ਉਸ ਨੇ ਆਪ ਹੀ ਦਿਨ ਤੇ ਰਾਤ ਬਣਾਏ ਹਨ, ਜੀਵਾਂ ਦੇ ਅੰਦਰ ਡਰ ਅਤੇ ਪਿਆਰ ਵੀ ਅਕਾਲ ਪੁਰਖ ਨੇ ਆਪ ਹੀ ਪੈਦਾ ਕੀਤਾ ਹੈ। ਜਿਸ ਅਕਾਲ ਪੁਰਖ ਨੇ ਸਾਰੇ ਜੀਵ ਜੰਤੂ ਪੈਦਾ ਕੀਤੇ ਹਨ, ਇਨ੍ਹਾਂ ਦੀ ਸੰਭਾਲ ਕਰਨ ਵਾਲਾ ਵੀ ਉਹ ਆਪ ਹੀ ਹੈ। ਇੱਕ ਅਕਾਲ ਪੁਰਖ ਤੋਂ ਬਿਨਾ ਕੋਈ ਹੋਰ ਦੂਜਾ ਇਸ ਬ੍ਰਹਮੰਡ ਨੂੰ ਪੈਦਾ ਕਰਨ ਵਾਲਾ ਨਹੀਂ ਹੈ।

ਆਪੇ ਸਚੁ ਕੀਆ ਕਰ ਜੋੜਿ॥ ਅੰਡਜ ਫੋੜਿ ਜੋੜਿ ਵਿਛੋੜਿ॥ ਧਰਤਿ ਅਕਾਸੁ ਕੀਏ ਬੈਸਣ ਕਉ ਥਾਉ॥ ਰਾਤਿ ਦਿਨੰਤੁ ਕੀਏ ਭਉ ਭਾਉ॥ ਜਿਨਿ ਕੀਏ ਕਰਿ ਵੇਖਣਹਾਰਾ॥ ਅਵਰੁ ਨ ਦੂਜਾ ਸਿਰਜਣਹਾਰਾ॥ ੩॥ (੮੩੯)

ਅਕਾਲ ਪੁਰਖ ਨੇ ਹਵਾ ਪਾਣੀ ਤੇ ਅੱਗ ਆਦਿਕ ਤੱਤਾਂ ਨੂੰ ਮਿਲਾ ਕੇ ਅਤੇ ਉਸ ਵਿੱਚ ਜੀਵ ਆਤਮਾ ਪਾ ਕੇ ਅਣਗਿਣਤ ਜੀਵ ਬਣਾਏ ਹਨ। ਸਭ ਜੀਵਾਂ ਵਿੱਚ ਤੱਤ ਤੇ ਇਕੋ ਜਿਹੇ ਹਨ, ਪਰ ਵੇਖੋ ਕਿ ਇਹ ਅਚਰਜ ਖੇਡ ਹੈ, ਕਿ ਇਨ੍ਹਾਂ ਵਿਚੋਂ ਕਈਆਂ ਨੂੰ ਦੁਖ ਤੇ ਕਈਆਂ ਨੂੰ ਸੁਖ ਮਿਲ ਰਹੇ ਹਨ। ਕਈ ਧਰਤੀ ਤੇ ਹਨ ਭਾਵ, ਸਾਧਾਰਨ ਜਿਹੀ ਹਾਲਤ ਵਿੱਚ ਹਨ, ਤੇ ਕਈ ਮਾਨੋ ਪਤਾਲ ਵਿੱਚ ਪਏ ਹਨ ਭਾਵ, ਕਈ ਨਿੱਘਰੇ ਹੋਏ ਹਨ। ਕਈ ਮਾਨੋ ਅਕਾਸ਼ ਵਿੱਚ ਹਨ ਭਾਵ, ਕਈ ਹੁਕਮ ਕਰ ਰਹੇ ਹਨ, ਤੇ ਕਈ ਰਾਜਿਆਂ ਦੇ ਦਰਬਾਰ ਵਿੱਚ ਵਜ਼ੀਰ ਬਣੇ ਹੋਏ ਹਨ। ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ ਘਟ ਉਮਰੇ ਮਰ ਕੇ ਦੁਖੀ ਹੁੰਦੇ ਰਹਿੰਦੇ ਹਨ। ਕਈ ਬੰਦੇ ਹੋਰਨਾਂ ਨੂੰ ਦੇ ਕੇ ਆਪ ਵੀ ਵਰਤਦੇ ਹਨ, ਪਰ ਉਨ੍ਹਾਂ ਦਾ ਧਨ ਮੁੱਕਦਾ ਨਹੀਂ, ਅਤੇ ਕਈ ਸਦਾ ਕੰਗਾਲ ਬਣੇ ਰਹਿੰਦੇ ਹਨ। ਅਕਾਲ ਪੁਰਖ ਆਪਣੇ ਹੁਕਮ ਅਨੁਸਾਰ ਇੱਕ ਪਲਕ ਵਿੱਚ ਲੱਖਾਂ ਜੀਵ ਪੈਦਾ ਕਰਦਾ ਹੈ ਤੇ ਲੱਖਾਂ ਹੀ ਨਾਸ ਕਰਦਾ ਹੈ, ਅਤੇ ਹਰੇਕ ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਅਕਾਲ ਪੁਰਖ ਦੀ ਰਜ਼ਾ ਰੂਪੀ ਨੱਥ ਵਿੱਚ ਜਕੜਿਆ ਹੋਇਆ ਹੈ। ਜਿਸ ਉਪਰ ਅਕਾਲ ਪੁਰਖ ਬਖ਼ਸ਼ਸ਼ ਕਰਦਾ ਹੈ, ਉਸ ਦੇ ਮਾਇਆ ਦੇ ਬੰਧਨ ਤੋੜ ਦਿੰਦਾ ਹੈ। ਪਰ ਅਕਾਲ ਪੁਰਖ ਆਪ ਕਰਮਾਂ ਦੇ ਲੇਖੇ ਤੋਂ ਉਪਰ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚੱਕ੍ਰ ਚਿਹਨ ਨਹੀਂ ਹੈ। ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਵੈਸੇ ਉਹ ਹਰ ਥਾਂ ਹੋਂਦ ਵਾਲਾ ਦਿਸਦਾ ਹੈ। ਜੀਵ ਜੋ ਕੁੱਝ ਕਰ ਰਹੇ ਹਨ ਤੇ ਬੋਲ ਰਹੇ ਹਨ, ਉਹ ਸਭ ਅਕਾਲ ਪੁਰਖ ਦੀ ਆਪਣੀ ਚਲਾਈ ਹੋਈ ਕਾਰ ਅਨੁਸਾਰ ਹੀ ਹੈ। ਅਕਾਲ ਪੁਰਖ ਆਪ ਐਸਾ ਹੈ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁੱਖ ਉਸ ਅਕੱਥ ਅਕਾਲ ਪੁਰਖ ਦੀਆਂ ਗੱਲਾਂ ਸੁਣਦਾ ਹੈ, ਭਾਵ, ਉਸ ਦੇ ਗੁਣ ਗਾਇਨ ਕਰਦਾ ਹੈ, ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਜਿਸ ਸਦਕਾ ਉਸ ਨੂੰ ਆਤਮਕ ਸੁਖ ਮਿਲਦਾ ਹੈ, ਤੇ ਸਮਝ ਲਉ ਕਿ ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ।

ਸਲੋਕ ਮਃ ੧॥ ਪਉਣੈ ਪਾਣੀ ਅਗਨਿ ਜੀਉ ਤਿਨ ਕਿਆ ਖੁਸੀਆ ਕਿਆ ਪੀੜ॥ ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ॥ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ॥ ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥ ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ॥ ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ॥ ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ॥ ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ॥ ਅਕਥ ਕੀ ਕਥਾ ਸੁਣੇਇ॥ ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ॥ ੧॥ (੧੨੮੯)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖ ਦੀ ਰਚਨਾ ਬੇਅੰਤ ਹੈ ਤੇ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਕੁਦਰਤ (universe) ਦੀ ਰਚਨਾ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਵਿਚਲੀ ਖਾਲੀ ਥਾਂ, ਜੀਵ ਜੰਤੂ, ਪਦਾਰਥ ਤੇ ਉਨ੍ਹਾਂ ਦੇ ਛੋਟੇ ਤੋਂ ਛੋਟੇ ਅੰਸ਼, ਆਦਿ ਸੱਭ ਕੁੱਝ ਆ ਜਾਂਦੇ ਹਨ।

ਕੁਦਰਤ ਦਾ ਅੰਤ ਪਾਣਾਂ ਆਸਾਨ ਨਹੀਂ, ਕਿਉਂਕਿ ਸਾਇੰਸ ਕੋਲ ਅਜੇ ਤਕ ਪ੍ਰਕਾਸ਼ ਦੀ ਗਤੀ ਤੋਂ ਤੇਜ ਮਾਪਣ ਦਾ ਹੋਰ ਕੋਈ ਸਾਧਨ ਨਹੀਂ ਹੈ।

ਗੁਰਬਾਣੀ ਅਨੁਸਾਰ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਤੇ ਉਸ ਨੇ ਆਪਣਾ ਸਦਾ ਅਟੱਲ ਰਹਿਣ ਵਾਲਾ ਨਿਯਮ ਹਰ ਥਾਂ ਕਾਇਮ ਕੀਤਾ ਹੋਇਆ ਹੈ।

ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਉਸ ਦੇ ਭੰਡਾਰੇ ਵੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ।

ਸੱਚ ਖੰਡ ਦੀ ਅਵਸਥਾ ਵਿੱਚ ਮਨੁੱਖ ਨੂੰ ਪਰਤੱਖ ਜਾਪਣ ਲਗ ਜਾਂਦਾ ਹੈ ਕਿ ਅਕਾਲ ਪੁਰਖ ਬੇਅੰਤ ਕੁਦਰਤ ਰਚ ਕੇ ਸਭ ਨੂੰ ਆਪਣੇ ਹੁਕਮੁ ਤੇ ਰਜ਼ਾ ਅਨੁਸਾਰ ਤੋਰ ਰਿਹਾ ਹੈ।

ਅਕਾਲ ਪੁਰਖ ਜਿਸ ਤਰ੍ਹਾਂ ਚਾਹੇ ਇਸ ਬ੍ਰਹਮੰਡ ਨੂੰ ਨਾਸ ਕਰ ਸਕਦਾ ਹੈ, ਫਿਰ ਪੈਦਾ ਕਰ ਸਕਦਾ ਹੈ, ਤੇ ਫਿਰ ਨਾਸ ਕਰ ਕੇ ਫਿਰ ਆਪ ਹੀ ਪੈਦਾ ਕਰ ਸਕਦਾ ਹੈ।

ਅਕਾਲ ਪੁਰਖ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਵੈਸੇ ਉਹ ਹਰ ਥਾਂ ਹੋਂਦ ਵਾਲਾ ਦਿਸਦਾ ਹੈ।

ਜਿਹੜਾ ਮਨੁੱਖ ਅਕਾਲ ਪੁਰਖ ਦੇ ਗੁਣ ਗਾਇਨ ਕਰਦਾ ਹੈ, ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਜਿਸ ਸਦਕਾ ਉਸ ਨੂੰ ਆਤਮਕ ਸੁਖ ਮਿਲਦਾ ਹੈ।

ਅਕਾਲ ਪੁਰਖ ਦੀ ਰਚਨਾ ਬੇਅੰਤ ਹੈ ਤੇ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ, ਪਰੰਤੂ ਫਿਰ ਵੀ ਅਸੀਂ ਗੁਰਬਾਣੀ ਦੁਆਰਾ ਅਕਾਲ ਪੁਰਖ ਦਾ ਹੁਕਮ ਸਮਝ ਕੇ ਆਪਣਾ ਇਹ ਮਨੁੱਖਾ ਜਨਮ ਸਫਲ ਕਰ ਸਕਦੇ ਹਾਂ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = [email protected]
http://www.sikhmarg.com/article-dr-sarbjit.html




.