.

ਲਹੂ-ਭਿੱਜੀ ਸਰਹਿੰਦ

ਕਿਸ਼ਤ ਚੌਥੀ-ਸੁਖਜੀਤ ਸਿੰਘ ਕਪੂਰਥਲਾ

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ

(Chapter 4/7)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਕਿਸ਼ਤ ਨੰ. 3 ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)

ਅਲਕਿੱਸਾ ਲੇ ਕੇ ਸਾਥ ਵੁਹ ਜਾਸੂਸ ਆ ਗਯਾ।

ਪਕੜਨੇ ਸ਼ਾਹਜਾਦੋਂ ਕੋ ਮਨਹੂਸ ਆ ਗਯਾ।

ਮੋਰਿੰਡੇ ਦੇ ਕੋਤਵਾਲ ਨੇ ਵਜ਼ੀਰ ਖ਼ਾਂ ਕੋਲੋਂ ਗੰਗੂ ਨੂੰ ਇਨਾਮ ਦਿਵਾਉਣ ਦਾ ਵਾਅਦਾ ਕੀਤਾ ਤਾਂ ਜਾਨੀ ਖ਼ਾਂ ਅਤੇ ਮਾਨੀ ਖ਼ਾਂ ਦੀ ਅਗਵਾਈ ਵਿੱਚ ਮੁਗਲ ਫ਼ੌਜੀਆਂ ਨੂੰ ਲੈ ਕੇ ਆਪਣੇ ਘਰ ਆ ਗਿਆ ਮਾਂ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਪਕੜਵਾਉਣ ਦੇ ਲਈ। ਜਦੋਂ ਮਾਤਾ ਗੁਜਰੀ ਜੀ ਨੇ ਜਾਨੀ ਖ਼ਾਂ- ਮਾਨੀ ਖ਼ਾਂ ਨੂੰ ਸਿਪਾਹੀਆਂ ਦੇ ਨਾਲ ਆਉਂਦਿਆਂ ਵੇਖਿਆ ਕਿ ਗੰਗੂ ਵੀ ਨਾਲ ਹੈ ਤਾਂ ਮਾਤਾ ਜੀ ਨੇ ਬੱਚਿਆ ਨੂੰ ਸੰਬੋਧਨ ਹੋ ਕੇ ਆਖਿਆ “ਚਲੋ ਬੱਚਿਉ! ਚੱਲੀਏ।”

ਦਾਦੀ ਮਾਂ ਗੁਜਰੀ, ਜੋ ਕਿ ਬ੍ਰਹਮ ਗਿਆਨ ਨਾਲ ਅਕਾਲ ਪੁਰਖ ਵਲੋਂ ਨਿਵਾਜੀ ਹੋਈ ਆਤਮਾ ਹੈ, ਨੂੰ ਜਾਨੀ ਖ਼ਾਂ ਅਤੇ ਮਾਨੀ ਖ਼ਾਂ ਨੇ ਆਉਂਦਿਆਂ ਹੀ ਹੁਕਮ ਸੁਣਾ ਦਿਤਾ ਕਿ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।

ਬੱਚੇ ਜਿਨੋਂ ਨੇ ਆ ਕੇ ਗ੍ਰਿਫਤਾਰ ਕਰ ਲੀਏ।

ਕਾਬੂ ਬਜਬ੍ਰ ਬੇਕਸੋ-ਬੇਯਾਰ ਕਰ ਲੀਏ।

ਜਦੋਂ ਮੁਗਲ ਸਿਪਾਹੀਆਂ ਨੇ ਮਾਂ ਗੁਜਰੀ ਅਤੇ ਲਾਲਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਉਹਨਾਂ ਕੋਲ ਕੋਈ ਵਧੀਆ ਸਾਧਨ ਨਹੀ ਸੀ, ਜਿਸ ਉਪਰ ਸਵਾਰ ਕਰਕੇ ਮਾਂ ਗੁਜਰੀ ਅਤੇ ਬੱਚਿਆ ਨੂੰ ਆਪਣੇ ਨਾਲ ਸਰਹਿੰਦ ਲੈ ਕੇ ਜਾਂਦੇ।

ਕਬਜ਼ੇ ਮੇ ਅਪਨੇ ਦੋ ਦੁਰੇ-ਸ਼ਹਵਾਰ ਕਰ ਲੀਏ।

ਸਰਹਿੰਦ ਸਾਥ ਚਲਨੇ ਕੋ ਤੈਯਾਰ ਕਰ ਲੀਏ।

ਪੀਨਸ ਥੀ, ਪਾਲਕੀ ਥੀ ਨਾ ਵੁਹ ਅੰਬਾਰੀ ਥੀ।

ਬਦਬਖ਼ਤ ਲਾਏ ਬੈਲ ਕੀ ਗਾੜੀ ਸਵਾਰੀ ਥੀ।

ਕੋਈ ਵਧੀਆ ਸਾਧਨ ਉਹਨਾਂ ਕੋਲ ਨਹੀ ਸੀ। ਕੰਬਖਤ ਬੈਲ ਗੱਡੀ ਲੈ ਕੇ ਆਏ ਸਨ। ਸਫ਼ਰ ਵੀ ਬਹੁਤ ਜ਼ਿਆਦਾ ਸੀ ਅਤੇ ਇੱਕ ਦਿਨ ਵਿੱਚ ਪਹੁੰਚਿਆਂ ਨਹੀ ਸੀ ਜਾ ਸਕਦਾ। ਜਾਨੀ ਖ਼ਾਂ ਅਤੇ ਮਾਨੀ ਖ਼ਾਂ ਦੀ ਅਗਵਾਈ ਵਿੱਚ ਬੱਚਿਆਂ ਨੂੰ ਅਤੇ ਮਾਂ ਗੁਜਰੀ ਨੂੰ ਬੈਲ ਗੱਡੀ ਰਾਹੀਂ ਲੈ ਕੇ ਮੁਗਲ ਫ਼ੌਜੀ ਤੁਰ ਪਏ। ਇੱਕ ਰਾਤ ਮਾਂ ਗੁਜਰੀ ਅਤੇ ਸਾਹਿਬਜਾਦਿਆਂ ਨੂੰ ਮੋਰਿੰਡੇ ਦੇ ਥਾਣੇ ਵਿੱਚ ਰੱਖਿਆ ਗਿਆ।

ਦਾਸ ਇੱਕ ਗੱਲ ਇਥੇ ਆਪ ਜੀ ਦੀ ਜਾਣਕਾਰੀ ਵਧਾਉਣ ਲਈ ਦੱਸ ਦੇਵੇ ਕਿ ਇੱਕ ਫਿਲਮ ਪੰਜਾਬੀ ਵਿੱਚ ਬਣੀ ਸੀ ਜੇਕਰ ਨਾ ਵੇਖੀ ਹੋਵੇ ਤਾਂ ਜਰੂਰ ਵੇਖਣਾ। ਉਸ ਫਿਲਮ ਦਾ ਨਾਂ ਸੀ “ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ”। ਉਸ ਫਿਲਮ ਦੇ ਡਾਇਰੈਕਟਰ ਦੀ ਪੇਸ਼ਕਾਰੀ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਉਹ ਦਿਖਾਉਂਦਾ ਹੈ- ਉਹ ਮੋਰਿੰਡੇ ਦੇ ਥਾਣੇ ਦੀ ਹਵਾਲਾਤ, ਜਿਸ ਵਿੱਚ ਮਾਂ ਗੁਜਰੀ ਅਤੇ ਬੱਚਿਆਂ ਨੂੰ ਗ੍ਰਿਫਤਾਰੀ ਉਪੰਰਤ ਪਹਿਲੀ ਰਾਤ ਕੱਟਣੀ ਪਈ। ਉਸ ਹਵਾਲਾਤ ਦੀ ਛੱਤ ਵੀ ਢੱਠੀ ਜਿਹੀ ਹੈ ਤੇ ਬਹੁਤ ਪੁਰਾਣੀ ਹਵੇਲੀ ਜਿਹੀ ਲੱਗ ਰਹੀ ਹੈ। ਅੱਜ ਜਰੂਰਤ ਹੈ ਇਹਨਾਂ ਵਿਰਾਸਤਾਂ ਨੂੰ ਸੰਭਾਲਣ ਦੀ, ਪਰ ਮੇਰੀ ਕੌਮ ਨੇ ਉਸ ਵਿਰਾਸਤ ਨੂੰ ਸੰਭਾਲਿਆ ਨਹੀ, ਜਰੂਰਤ ਹੈ ਸਾਨੂੰ ਆਪਣੀਆਂ ਵਿਰਾਸਤਾਂ, ਇਤਿਹਾਸਕ ਯਾਦਗਾਰਾਂ ਨੂੰ ਸੰਭਾਲਣ ਦੀ।

ਅੱਜ ਅਸੀ ਆਪਣੀਆਂ ਇਹਨਾਂ ਵਿਰਾਸਤਾਂ ਅਤੇ ਇਤਿਹਾਸਕ ਯਾਦਗਾਰਾਂ ਨੂੰ ਕਾਰ ਸੇਵਾ ਦੇ ਨਾਮ ਹੇਠ ਪਤਾ ਨਹੀਂ ਕਿੰਨੀਆ ਕੁ ਯਾਦਗਾਰਾਂ ਗਵਾ ਬੈਠੇ ਹਾਂ। ਦਾਸ ਇੱਕ ਉਦਾਹਰਣ ਦੇ ਰਿਹਾ ਹੈ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਚੁਬਾਰਾ ਸਾਹਿਬ ਹੈ। ਦੇਖੋ! ਉਥੇ ਇੱਕ ਜਗ੍ਹਾ ਤੇ ਲਿਖਿਆ ਹੈ, “ਬੀਬੀ ਭਾਨੀ ਜੀ ਦਾ ਚੁੱਲ੍ਹਾ”। ਪਰ ਉਹ ਚੁੱਲ੍ਹਾ ਸੰਗਮਰਮਰ ਦਾ ਬਣਿਆ ਹੋਇਆ ਹੈ। ਦਸੋ ਸਾਡੀ ਇਹ ਕਿਹੜੀ ਵਿਰਾਸਤ ਹੈ, ਅਸੀ ਸੰਗਮਰਮਰ ਦੇ ਚੁੱਲ੍ਹੇ ਨੂੰ ਬੀਬੀ ਭਾਨੀ ਜੀ ਦਾ ਚੁੱਲ੍ਹਾ ਕਿਵੇਂ ਆਖਾਂਗੇ?

ਮੈਂ ਬੇਨਤੀ ਕਰ ਦਿਆਂ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਗੁਰਦੁਆਰਿਆਂ ਦੀ ਨਵ-ਉਸਾਰੀ ਵਿੱਚ ਯੋਗਦਾਨ ਤਾਂ ਹੈ ਪਰ ਦੂਸਰੇ ਪਾਸੇ ਇਤਿਹਾਸਕ ਵਿਰਾਸਤਾਂ ਨੂੰ ਗੁਆਉਣ ਵਿੱਚ ਪੂਰਾ ਯੋਗਦਾਨ ਹੈ।

ਅਸੀਂ ਇੱਕ ਵਾਰ ਚਮਕੌਰ ਸਾਹਿਬ ਗਏ ਸੀ। ਦਾਸ ਨਾਲ ਸਾਥੀ ਵੀ ਸਨ। ਅਸੀਂ ਵੇਖਿਆ ਉਸ ਚਮਕੌਰ ਸਾਹਿਬ ਦੀ ਗੜ੍ਹੀ ਨੂੰ। ਪਰ ਸਾਥੀ ਬੋਲ ਪਿਆ ਅਸੀ ਕਿਵੇਂ ਦਸਾਂਗੇ ਆਉਣ ਵਾਲੀਆਂ ਪੀੜੀਆਂ ਨੂੰ ਕਿ ਸਿੱਖ ਗੜ੍ਹੀ ਵਿਚੋ ਨਿਕਲ ਕੇ ਲੜਦੇ ਹੋਣਗੇ? ਆਉਣ ਵਾਲੀਆਂ ਪੀੜੀ ਤਾਂ ਇਹੀ ਸੋਚੇਗੀ ਕਿ ਸਿੱਖ ਗੁਰਦੁਆਰਿਆਂ ਵਿਚੋ ਨਿਕਲ ਕੇ ਲੜਦੇ ਰਹੇ ਹੋਣਗੇ। ਅਸੀਂ ਆਪਣੀਆਂ ਬਹੁਤ ਵਿਰਾਸਤਾਂ ਗੁਆ ਲਈਆ ਹਨ, ਪਰ ਲੋੜ ਹੈ ਸਾਨੂੰ ਆਪਣੀਆਂ ਅਲੋਪ ਹੋ ਰਹੀਆਂ ਵਿਰਾਸਤਾਂ ਨੂੰ ਸੰਭਾਲਣ ਦੀ।

ਜੇਕਰ ਕੋਈ ਵਿਰਾਸਤ ਸੰਭਾਲੀ ਹੋਈ ਵੇਖਣੀ ਹੋਵੇ ਤਾਂ ਉਹ ਗੁਰਦੁਆਰਾ ਕੰਧ ਸਾਹਿਬ (ਬਟਾਲਾ) ਵਿਖੇ ਹੈ। ਆਪ ਜਾ ਕੇ ਦਰਸ਼ਨ ਕਰ ਸਕਦੇ ਹੋ, ਪਰ ਉਹ ਵਿਰਾਸਤ ਵੀ ਨਹੀ ਸੀ ਰਹਿਣੀ, ਸਾਡੇ ਅਗਿਆਨੀ ਅਤੇ ਅੰਨੀ ਸ਼ਰਧਾ ਵਾਲੇ ਲੋਕ “ਕੱਚੀ ਕੰਧ” ਦੀਆ ਮੁਠੀਆਂ ਭਰ-ਭਰ ਕੇ ਘਰਾਂ ਨੂੰ ਲਈ ਜਾਂਦੇ ਸਨ। ਬਲਿਹਾਰ ਜਾਈਏ ਉਹਨਾਂ ਪ੍ਰਬੰਧਕਾਂ ਦੀ ਸੋਚ ਇਹੋ ਜਿਹੀ ਹੋਵੇ। ਇਹ ਅਰਦਾਸ ਹੈ ਅਕਾਲ ਪੁਰਖ ਦੇ ਸਨਮੁਖ।

ਕਈ ਵਿਦਵਾਨ ਮਹਾਂ ਪੁਰਖ ਬਾ-ਕਮਾਲ ਤਰੀਕੇ ਨਾਲ ਗੁਰੂ ਦੀਆਂ ਬਾਤਾਂ ਵੀ ਕਰ ਜਾਂਦੇ ਹਨ। ਮੈਂ ਕਾਰ ਸੇਵਾ ਵਾਲੇ ਬਾਬਿਆਂ ਦੀ ਨਿੰਦਾ ਨਹੀ ਕਰ ਰਿਹਾ, ਮੈਂ ਇਥੇ ਉਸਤਤ ਪੱਖ ਦੀ ਬਾਤ ਕਰਕੇ ਗੱਲ ਨੂੰ ਸਮਾਪਤ ਕਰਾਂਗਾ।

ਜਦੋ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਦੀ ਧਰਤੀ ਤੇ ਗੋਦਾਵਰੀ ਨਦੀ ਉਪਰ ਪੁਲ ਦੀ ਉਸਾਰੀ ਕਾਰ ਸੇਵਾ ਰਾਹੀਂ ਬਾਬਾ ਜੀਵਨ ਸਿੰਘ ਜੀ ਵਲੋਂ ਕਰਵਾਈ ਗਈ। ਉਸਾਰੀ ਪੂਰਨ ਤੌਰ ਤੇ ਮੁਕੰਮਲ ਹੋ ਗਈ ਤਾਂ ਉਸ ਇਲਾਕੇ ਦੇ ਮੁਹਤਬਰ ਲੋਕ ਤੇ ਕੁੱਝ ਰਾਜਨੀਤਕ ਲੋਕ ਬਾਬਾ ਜੀਵਨ ਸਿੰਘ ਜੀ ਪਾਸ ਆ ਕੇ ਕਹਿਣ ਲੱਗੇ “ਬਾਬਾ ਜੀ! ਪੁਲ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਤੇ ਪੁਲ ਦਾ ਉਦਾਘਟਨ ਕਰਨ ਲਈ ਕਿਸੇ ਵੱਡੇ ਲੀਡਰ ਜਾਂ ਵੱਡੇ ਮੰਤਰੀ, ਅਫਸਰ ਨੂੰ ਬੁਲਾ ਲਈਏ? ਕੋਈ ਸਮਾਗਮ ਰੱਖੀਏ ਤਾਂ ਉਦਘਾਟਨ ਕਰਵਾ ਲਈਏ? “ ਬਾਬਾ ਜੀਵਨ ਸਿੰਘ ਜੀ ਕਹਿਣ ਲੱਗੇ “ਭਲਿਓ! ਮੈਂ ਜਿਸ ਨੂੰ ਕਹਿਣਾ ਸੀ ਕਹਿ ਦਿੱਤਾ ਹੈ। “ਲੋਕ ਪੁਛਦੇ ਹਨ ਕਿ ਬਾਬਾ ਜੀ ਦਿਨ ਕਿਹੜਾ ਰੱਖਿਆ ਹੈ? ਬਾਬਾ ਜੀ ਨੇ ਦਿਨ ਵੀ ਦੱਸ ਦਿੱਤਾ ਅਤੇ ਨਿਸ਼ਚਿਤ ਦਿਨ ਵੀ ਆ ਗਿਆ। ਸਾਰੇ ਲੋਕ ਪੁਲ ਦੇ ਪਾਸ ਗੋਦਾਵਰੀ ਦੇ ਕੰਢੇ ਤੇ ਖੜੇ ਹੋਏ ਹਨ। ਉਡੀਕ ਕਰ ਰਹੇ ਹਨ ਅਤੇ ਸੋਚ ਰਹੇ ਹਨ ਕਿ ਪਤਾ ਨਹੀ ਕੌਣ ਤੇ ਕਿਹੜਾ ਵੱਡਾ ਮੰਤਰੀ ਉਦਘਾਟਨ ਕਰਨ ਆ ਰਿਹਾ ਹੈ, ਪਰ ਹੈਰਾਨ ਵੀ ਨੇ ਕਿ ਕੋਈ ਸਕਿਉਰਟੀ ਤਾਂ ਹੈ ਨਹੀ ਤੇ ਕੋਈ ਪੁਲਿਸ ਵਗੈਰਾ ਵੀ ਨਹੀ ਹੈ। ਲੋਕ ਫਿਰ ਬਾਬਾ ਜੀ ਨੂੰ ਪੁੱਛਦੇ ਹਨ “ਬਾਬਾ ਜੀ! ਜਿਸ ਨੁੰ ਤੁਸੀ ਉਦਘਾਟਨ ਕਰਨ ਲਈ ਕਿਹਾ ਹੈ ਉਸ ਨੂੰ ਚੇਤਾ ਵੀ ਕਰਵਾ ਦੇਣਾ ਸੀ। “ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ “ਭਲਿਓ! ਮੈਂ ਚੇਤਾ ਕਰਵਾਇਆ ਹੋਇਆ ਹੈ ਉਹ ਪੂਰੇ ਸਮੇਂ ਤੇ ਆ ਰਹੇ ਹਨ। “ਕੁਝ ਹੀ ਸਮੇਂ ਬਾਅਦ ਲੋਕ ਕੀ ਦੇਖਦੇ ਹਨ ਕਿ ਕੁੱਝ ਸਿੱਖ ‘ਗੁਰੂ ਗ੍ਰੰਥ ਸਾਹਿਬ` ਦੀ ਸਵਾਰੀ ਲੈ ਕੇ ਆ ਰਹੇ ਹਨ ਅਤੇ ਤੇ ਦੇਖਦਿਆਂ ਹੀ ਦੇਖਦਿਆਂ ਗੁਰੂ ਸਾਹਿਬ ਦੇ ਗੁਣਗਾਨ ਕਰਦੇ ਪੁਲ ਦੇ ਉੱਪਰੋਂ ਦੀ ਲੰਘ ਗਏ।

ਬਾਬਾ ਜੀ ਕਹਿਣ ਲੱਗੇ” ਲਉ ਭਈ! ਉਦਘਾਟਨ ਹੋ ਗਿਆ ਜੇ। ਮੈਂ ਇਹਨਾ ਨੂੰ ਹੀ ਕਿਹਾ ਸੀ, ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਦਿਖਾਈ ਨਹੀ ਸੀ ਦਿੱਤਾ ਮੈਂ ਇਹਨਾਂ ਨੂੰ ਹੀ ਉਦਘਾਟਨ ਕਰਨ ਲਈ ਬੇਨਤੀ ਕਰ ਦਿੱਤੀ ਸੀ। “

ਦੇਖੋ ਕੈਸੀਆਂ ਉੱਤਮ ਸੋਚਾਂ ਦੀ ਬਖ਼ਸ਼ਿਸ਼ ਹੈ ਮਹਾਂਪੁਰਖਾਂ ਨੂੰ ਅਕਾਲ ਪੁਰਖ ਵਲੋਂ। ਨਾਮ ਹੀ ਜੀਵਨ ਸਿੰਘ ਨਹੀ ਅਸਲੀਅਤ ਵਿੱਚ ਵੀ ਜੀਵਨ ਸਿੰਘ ਵਾਲੀ ਬਾਤ ਹੈ। ਸਤਿਗੁਰੂ ਰਹਿਮਤ ਕਰਨ ਸਾਡੇ ਤੇ ਅਸੀਂ ਤਾਂ ਗੁਰਦੁਆਰਿਆਂ ਦੇ ਉਦਘਾਟਨ ਲਈ ਚੌਧਰੀ ਲੱਭਦੇ ਫਿਰਦੇ ਹਾਂ।

ਦਾਸ ਇਥੇ ਇੱਕ ਗੱਲ ਸਤਿਕਾਰਯੋਗ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਜਰੂਰ ਕਰਨੀ ਚਾਹੇਗਾ। ਕਹਿੰਦੇ ਅੰਗਰੇਜਾਂ ਨੇ ਜਦੋਂ ਹਿੰਦੁਸਤਾਨ ਦੀ ਰਾਜਧਾਨੀ ਕਲਕਤੇ ਤੋ ਤਬਦੀਲ ਕਰਕੇ ਦਿੱਲੀ ਕੀਤੀ ਸੀ ਤਾਂ ਉਹਨਾਂ ਨੇ ਸਾਰਿਆਂ ਧਰਮਾਂ ਦੇ ਮੁਖੀਆਂ ਨੂੰ ਬੁਲਾਇਆ ਸੀ। ਸਿੱਖ ਧਰਮ ਵਲੋ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਬੁਲਾਇਆ ਗਿਆ। ਨਿਸ਼ਚਿਤ ਦਿਨ ਸਾਰੇ ਧਰਮਾਂ ਦੇ ਮੁਖੀ ਆਮ ਵਾਂਗ ਆ ਪਹੁੰਚੇ, ਪਰ ਬਾਬਾ ਜੀ ਆਪਣੇ ਸਾਥੀਆਂ ਨਾਲ ਢੋਲਕੀਆਂ, ਚਿਮਟਿਆਂ ਅਤੇ ਛੈਣਿਆਂ ਨਾਲ ਕੀਰਤਨ ਕਰਦਿਆਂ ਹੋਇਆ, ਬਾਣੀ ਪੜਦਿਆਂ ਜਦੋਂ ਅੰਗਰੇਜਾ ਦੇ ਦਿੱਲੀ ਦਰਬਾਰ ਵਿਖੇ ਪਹੁੰਚੇ ਤਾਂ ਸ਼ਬਦ ਪਤਾ ਕਿਹੜਾ ਪੜ੍ਹ ਰਹੇ ਸਨ-

ਕੋਊ ਹਰਿ ਸਮਾਨਿ ਨਹੀ ਰਾਜਾ।।

ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ।।

(ਬਿਲਾਵਲ ਕਬੀਰ ਜੀ-੮੫ ੬)

ਕਹਿੰਦੇ ਹਨ, ਅੰਗਰੇਜਾ ਨੇ ਜਦੋ ਇੰਟਰ-ਪ੍ਰੇਟਰ (ਦੁਭਾਸ਼ੀਏ) ਦੇ ਰਾਹੀਂ ਇਸ ਬਾਣੀ ਦਾ ਮਤਲਬ ਸਮਝਿਆ ਕਿ ਇਹ ਕੀ ਗਾ ਰਹੇ ਹਨ? ਤਾਂ ਅੰਗਰੇਜ਼ ‘ਜਾਰਜ ਪੰਚਮ` ਨੇ ਬਾਬਾ ਅਤਰ ਸਿੰਘ ਮਾਸਤੂਆਣੇ ਵਾਲਿਆਂ ਨੂੰ ਆਪਣੇ ਤਖ਼ਤ ਦੇ ਨਾਲ ਤਖ਼ਤ ਲਗਵਾ ਕੇ ਬਿਰਾਜਮਾਨ ਕਰਵਾਇਆ। ਇੰਨਾ ਸਤਿਕਾਰ ਕਿਸੇ ਹੋਰ ਧਰਮ ਦੇ ਮੁਖੀ ਨੂੰ ਨਹੀ ਸੀ ਮਿਲਿਆ? ਫਿਰ ਸਤਿਕਾਰ ਕਿਸਨੂੰ ਮਿਲਿਆ? ਸਤਿਕਾਰ ਉਸ ਨੂੰ ਮਿਲਿਆ ਜੋ-

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।।

(ਤਿਲੰਗ ਮਹਲਾ ੧-੭੨੩)

ਜਿਨਾਂ ਨੇ ਪਹਿਰਾ ਵੀ ਦਿੱਤਾ। ਕਾਸ਼! ਅਜ ਵੀ ਕਿਤੇ ਐਸਾ ਪਹਿਰਾ ਅਤੇ ਸਚਾਈ ਕਹਿਣ ਵਾਲੇ ਹੋ ਜਾਣ। ਅੱਜ ਲੋੜ ਹੈ ਬਾਬਾ ਜੀਵਨ ਸਿੰਘ ਵਾਲਿਆਂ ਵਰਗੇ ਗੁਣ ਗ੍ਰਹਿਣ ਕਰਨ ਦੀ, ਅੱਜ ਜਰੂਰਤ ਹੈ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਵਰਗੀ ਜੀਵਨ ਜਾਚ ਗ੍ਰਹਿਣ ਕਰਨ ਦੀ ਤਾਂ ਕਿ ਉਹ ਸਾਡੀ ਕੌਮ ਦਾ ਗਹਿਣਾ ਬਣ ਜਾਣ।

ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਨੂੰ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ, ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਨੂੰ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਜਿਸ ਵੀ ਕਿਸੇ ਮਨੁੱਖ ਨੇ ਨਿਰਪੱਖਤਾ ਨਾਲ ਪੜ੍ਹਿਆ ਹੈ, ਨਿਰਪੱਖਤਾ ਨਾਲ ਵਾਚਿਆ ਹੈ, ਭਾਵੇਂ ਉਹ ਵੀ ਕਿਸੇ ਧਰਮ ਦਾ ਹੈ, ਪਰ ਉਹ ਗੁਰੂ ਕਲਗੀਧਰ ਪਾਤਸ਼ਾਹ ਦੀ ਸਿਫ਼ਤਿ ਕਰਨ ਤੋਂ ਬਿਨਾ ਨਹੀ ਰਹਿ ਸਕਿਆ।

ਹਿੰਦੀ ਭਾਸ਼ਾ ਦਾ ਰਾਸ਼ਟਰੀ ਕਵੀ, ਹਿੰਦੁਸਤਾਨ ਦਾ ਚੋਣਵਾਂ ਕਵੀ ‘ਮੈਥਲੀ ਸ਼ਰਨ ਗੁਪਤ` ਜਿਸ ਦਾ ਨਾਮ ਹਰ ਹਿੰਦੀ ਸਾਹਿਤ ਪੜ੍ਹਨ ਵਾਲਾ ਵਿਅਕਤੀ ਉਸ ਦੇ ਨਾਮ ਤੋਂ ਜਾਣੂ ਹੋਵੇਗਾ, ਉਸ ਨੇ ਜਦੋਂ ਸਾਕਾ ਸਰਹਿੰਦ ਦੀ ਗਾਥਾ ਨੂੰ ਪੜ੍ਹਿਆ, ਉਸ ਨੇ ਜਦੋਂ ਸਾਕਾ ਸਰਹਿੰਦ ਦੀ ਗਾਥਾ ਨੂੰ ਸੁਣਿਆ, ਉਸ ਨੇ ਜਦੋਂ ਸਾਕਾ ਸਰਹਿੰਦ ਦੀ ਗਾਥਾ ਨੂੰ ਵਾਚਿਆ, ਉਸ ਨੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਬੜੇ ਬਾ-ਕਮਾਲ ਤਰੀਕੇ ਨਾਲ ਪ੍ਰਗਟ ਕਰਦੇ ਇਸ ਸਾਕਾ ਸਰਹਿੰਦ ਦੀਆਂ ਦੀਵਾਰਾਂ ਦੀ ਬਾਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਲਿਖਦਾ ਹੈ ਕਿ-

ਜਿਸ ਕੁਲ ਜਾਤ ਕੌਮ ਕੇ ਬੱਚੇ, ਦੇ ਸਕਤੇ ਯੂੰ ਬਲੀਦਾਨ।

ਉਸ ਕਾ ਵਰਤਮਾਨ ਕੁਛ ਭੀ ਹੋ, ਭਵਿਸ਼ ਹੈ ਮਹਾਂ ਮਹਾਨ।

(ਮੈਥਲੀ ਸ਼ਰਨ ਗੁਪਤ)

ਇਥੇ ਮੈਂ ਇੱਕ ਗੱਲ ਆਪ ਨੂੰ ਦੱਸਦਾ ਜਾਵਾਂ, ਸਮਝਣ ਦਾ ਯਤਨ ਕਰਿਉ ਕਿ ਗੁਰੂ ਕਲਗੀਧਰ ਦੇ ਲਾਡਲਿਆਂ ਦੀ ਵਡਿਆਈ ਇਸ ਗੱਲ ਵਿੱਚ ਨਹੀ ਹੈ ਕਿ ਉਹ ਕਲਗੀਧਰ ਦੇ ਬੇਟੇ ਹਨ। ਉਹਨਾਂ ਲਾਲਾਂ ਦੀ ਵਡਿਆਈ ਦਾ ਮੂਲ ਕਾਰਨ ਹੈ ਉਹਨਾਂ ਦੀ ਮੌਤ, ਉਹਨਾਂ ਦੀ ਸ਼ਹੀਦੀ, ਉਹਨਾਂ ਦੀ ਕੁਰਬਾਨੀ ਦੀ ਆਪਣੀ ਇੱਕ ਬੇ-ਮਿਸਾਲ ਮਹਾਨਤਾ ਤਾਂ ਹੈ ਹੀ, ਪਰ ਉਹਨਾਂ ਕਲਗੀਧਰ ਦੇ ਲਾਡਲਿਆਂ ਦਾ ਦ੍ਰਿੜਤਾ ਪੂਰਵਕ ਆਪਣੀਆਂ ਸ਼ਹਾਦਤਾਂ ਦੇ ਕੇ ਆਪਣੇ ਪਿਤਾ ਦਸਮੇਸ਼ ਜੀ ਦੀ ਪਹਿਲਾਂ ਹੀ ਚਮਕਦੀ ਹੋਈ ਸ਼ਾਨ ਨੂੰ ਹੋਰ ਚਾਰ ਚੰਦ ਲਗਾ ਦਿੱਤੇ।

ਕਲਗੀਧਰ ਦੇ ਲਾਡਲੇ, ਮਾਸੂਮ ਬਾਲਕ ਇੰਨ੍ਹਾਂ ਵੱਡਾ ਇਤਿਹਾਸ ਰਚ ਗਏ, ਜਿਸ ਦੇ ਪਿਛੇ ਕਹਿ ਦੇਈਏ ਕਿ ਦਾਦੀ ਮਾਂ ਗੁਜਰੀ ਦੀ ਪ੍ਰੇਰਣਾ ਸੀ ਤਾਂ ਕੋਈ ਗਲਤ ਬਾਤ ਨਹੀ ਹੋਵੇਗੀ। ਇਹ ਸਭ ਦਾਦੀ ਮਾਂ ਦੀ ਪ੍ਰੇਰਣਾ ਸਦਕਾ ਸੀ, ਇਹ ਸਭ ਦਾਦੀ ਮਾਂ ਦਾ ਸੁਣਾਇਆ ਹੋਇਆ ਇਤਿਹਾਸ ਸੀ। ਇਹ ਸਭ ਦਾਦੀ ਮਾਂ ਦੀਆਂ ਸੁਣਾਈਆਂ ਹੋਈਆਂ ਬਾਤਾਂ ਦਾ ਸਿੱਟਾ ਸੀ।

ਗੁਰੂ ਬਾਬਿਆਂ ਦੀਆਂ ਕਹਾਣੀਆਂ, ਜਿਸ ਦੇ ਅੰਦਰ ਘਰ ਕਰ ਜਾਂਦੀਆਂ ਹਨ, ਜਦੋਂ ਰੋਮ-ਰੋਮ ਵਿੱਚ ਧੱਸ ਜਾਦੀਆਂ ਹਨ ਤਾਂ ਗੁਰੂ ਬਾਬਿਆਂ ਦਾ ਸਿਧਾਂਤ, ਪੁੱਤਰਾਂ ਨੂੰ ਨੇਕ ਸਪੁੱਤਰ ਬਣਾ ਜਾਂਦਾ ਹੈ। ਦਾਦੀ ਮਾਂ ਗੁਜਰੀ ਨੇ ਬਿਲਕੁਲ ਗੁਰਬਾਣੀ ਦੇ “ਬਾਬਾਣੀਆ ਕਹਾਣੀਆਂ ਪੁਤ ਸਪੁਤ ਕਰੇਨਿ” ਵਾਲੇ ਇਸ ਆਸ਼ੇ ਨੂੰ ਪੂਰਾ ਕਰਕੇ ਦਿਖਾ ਦਿਤਾ।

ਇੰਗਲੈਂਡ ਦਾ ਇਸਾਈ ਪਾਦਰੀ ਹੋਇਆ ਹੈ, ਜਿਸ ਦਾ ਨਾਮ ਹੈ, ਰਸਕਿਨ (RASKIN) ਕਹਿੰਦੇ ਹਨ, ਉਸ ਨੂੰ ਬਾਈਬਲ ਦਾ ਇਕ-ਇਕ ਅੱਖਰ ਜ਼ਬਾਨੀ ਯਾਦ ਸੀ, ਕਿਸੇ ਨੇ ਉਸ ਤੋਂ ਪੁਛਿਆ ਕਿ “ਰਸਕਿਨ! ਤੈਨੂੰ ਬਾਈਬਲ ਦਾ ਇਕ-ਇਕ ਅੱਖਰ ਕਿਵੇਂ ਯਾਦ ਹੈ” ਰਸਕਿਨ ਦਾ ਜਵਾਬ ਸੀ “ਮੇਰੀ ਮਾਂ ਨੇ ਛਮਕਾਂ ਮਾਰ-ਮਾਰ ਕੇ ਬਾਈਬਲ ਦਾ ਇਕ-ਇਕ ਅੱਖਰ ਮੇਰੀ ਚਮੜੀ ਵਿੱਚ ਘੁਸੇੜ ਦਿੱਤਾ ਹੈ। “

ਖ਼ਿਆਲ ਕਰਿਉ ਕਿ ਜੇਕਰ ਇਹ ਦੋ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਵੇਖੀਏ ਤਾਂ ਬਿਲਕੁਲ ਇਸੇ ਤਰਾਂ ਦੀ ਬਾਤ ਮਾਂ ਗੁਜਰੀ ਵਿੱਚ ਵੀ ਦਿਖਾਈ ਦੇਵੇਗੀ। ਮਾਂ ਗੁਜਰੀ ਨੇ ਵੀ ਉਹਨਾਂ ਦੋ ਮਾਸੂਮ ਬਾਲਾਂ ਦੇ ਅੰਦਰ ਸ਼ਹਾਦਤਾਂ ਦੀ ਬਾਤ, ਸਿੱਖ ਫ਼ਲਸਫ਼ੇ ਦੀ ਬਾਤ, ਸਿੱਖ ਵਿਚਾਰਧਾਰਾ ਦੀ ਬਾਤ ਐਨੀ ਦ੍ਰਿੜਤਾ ਨਾਲ ਭਰ ਦਿੱਤੀ ਕਿ ਉਹ ਛੋਟੇ-ਛੋਟੇ ਮਾਸੂਮ ਬਾਲ, ਉਹਨਾਂ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਵਿੱਚ ਜਾ ਕੇ ਵੀ ਨਹੀ ਡੋਲੇ, ਕਿਉਂਕਿ ਉਹ ਪੁੱਤਰ ਨੇ ਗੁਰੂ ਕਲਗੀਧਰ ਦੇ, ਪੋਤਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਪੜਪੋਤਰੇ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ।

ਕਲਗੀਧਰ ਪਾਤਸ਼ਾਹ ਦੇ ਇਹਨਾਂ ਦੋ ਮਾਸੂਮਾਂ ਬਾਲਾਂ ਨੇ ਮਾਂ ਗੁਜਰੀ ਦੀ ਪ੍ਰੇਰਣਾ ਸਦਕਾ ਆਪਣੇ ਇਤਿਹਾਸਕ ਵਿਰਸੇ ਨੂੰ ਚਾਰ ਚੰਨ ਲਗਾ ਦਿੱਤੇ ਅਤੇ ਮਾਂ ਗੁਜਰੀ ਨੇ ਵੀ ਆਪਣੇ ਫ਼ਰਜ਼ ਨੂੰ ਕਿੰਨੀ ਬਾ-ਖੂਬੀ ਨਾਲ ਨਿਭਾਇਆ, ਇਸ ਦਾ ਜ਼ਿਕਰ ਇੱਕ ਜਾਣਿਆ ਪਛਾਣਿਆ ਕਵੀ ‘ਇੰਦਰਜੀਤ ਸਿੰਘ ਹਸਨਪੁਰੀ` ਬੜੇ ਬਾ-ਕਮਾਲ ਤਰੀਕੇ ਨਾਲ ਆਪਣੀ ਕਲਮ ਤੋ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਪ੍ਰਤੀ ਫ਼ਰਜ਼ ਨੂੰ ਇਸ ਤਰ੍ਹਾ ਲਿਖ ਰਿਹਾ ਹੈ:-

ਕਿਵੇਂ ਸ਼ਹਾਦਤ ਪਾਉਣੀ ਪੁੱਤਰੋ!

ਦਾਦੀ ਮਾਂ ਸਮਝਾਵਣ ਲੱਗੀ।

ਸਿੱਖ ਕੌਮ ਦੀਆਂ ਨੀਹਾਂ ਪੱਕੀਆਂ,

ਹੱਥੀਂ ਮਾਂ ਕਰਵਾਵਣ ਲੱਗੀ।

ਬਾਬੇ ਦੀਆਂ ਮਿਸਾਲਾ ਦੇ ਕੇ,

ਅਣਖੀ ਹੋਰ ਬਣਾਉਂਦੀ ਪੋਤੇ।

ਇਹ ਵੀ ਕੌਮ ਲਈ ਅਰਪਣ ਹੋਵਣ,

ਕੌਮ ਦੇ ਲੇਖੇ ਲਾਉਂਦੀ ਪੋਤੇ।

ਦਿਲ ਦੇ ਟੁਕੜੇ ਗਲ ਨੂੰ ਲਾ ਕੇ,

ਬਾਤ ਧਰਮ ਦੀ ਪਾਵਣ ਲੱਗੀ।

ਕਿਵੇਂ ਸ਼ਹਾਦਤ ਪਾਉਣੀ ਪੁੱਤਰੋ,

ਦਾਦੀ ਮਾਂ ਸਮਝਾਵਣ ਲੱਗੀ।

ਉਸ ਦਾਦੀ ਮਾਂ ਨੇ ਐਸਾ ਬਾ-ਖੂਬੀ ਤਰੀਕੇ ਨਾਲ ਆਪਣੇ ਫ਼ਰਜ਼ ਨੂੰ ਨਿਭਾਇਆ ਕਿ ਦੁਨੀਆਂ ਵਿੱਚ ਕਿਧਰੇ ਵੀ ਮਿਸਾਲ ਨਾ ਮਿਲ ਸਕਦੀ ਹੈ ਤੇ ਨਾ ਹੀ ਮਿਲੇਗੀ।

ਕਿਤੇ ਉਸ ਦਾਦੀ ਮਾਂ ਦੇ ਪੂਰਨਿਆਂ ਉੱਪਰ, ਅੱਜ ਦੀ ਮਾਂ ਵੀ ਆਪਣੇ ਫ਼ਰਜਾਂ ਨੂੰ ਨਿਭਾਉਣ ਦੇ ਸਮਰੱਥ ਹੋ ਸਕੇ। ਅੱਜ ਸਾਨੂੰ ਆਪਣੇ। ਪੁੱਤਰਾਂ ਨੂੰ ਬੇਮੁੱਖਤਾ ਪਾਸੇ ਜਾਣਾ ਵੇਖਣਾ ਨਾ ਪਵੇ। ਅੱਜ ਦੀਆਂ ਅਖ਼ਬਾਰਾਂ ਵਿੱਚ ਪੁੱਤਰਾਂ ਦੀਆਂ ਬੇ-ਦਖਲੀਆਂ ਦੇ ਨੋਟਿਸ ਨਾ ਛਪਵਾਉਣੇ ਪੈਣ। ਮਾਂ ਬਾਪ ਨੂੰ ਆਪਣੇ ਪੁਤਰਾਂ ਤੋਂ ਦੁਖੀ ਨਾ ਹੋਣਾ ਪਵੇ। ਕਾਸ਼! ਉਹ ਦਾਦੀ ਮਾਂ ਦਾ ਫ਼ਰਜ਼ ਸਾਡੇ ਘਰਾਂ ਵਿੱਚ ਵੀ ਕਿਤੇ ਬੀਬੀਆਂ ਨਿਭਾ ਸਕਣ। ਕਿੰਨਾ ਚੰਗਾ ਹੋਵੇ ਜੇਕਰ ਅੱਜ ਦੀਆਂ ਮਾਵਾਂ, ਦਾਦੀ ਮਾਂ ਗੁਜਰੀ ਦੇ ਵਿਰਸੇ ਨੂੰ, ਸੋਚ ਨੂੰ, ਅਪਣਾ ਕੇ ਆਪਣੇ ਘਰਾਂ ਨੂੰ ਸੰਭਾਲ ਲੈਣ।

ਆਪਾਂ ਹੁਣ ਤੱਕ ਇਹ ਜਾਣ ਚੁੱਕੇ ਹਾਂ ਕਿ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱØਡਿਆ, ਕਿਵੇਂ ਸਰਸਾ ਨਦੀ ਦੇ ਕੰਢੇ ਤੇ ਜੰਗ ਦਾ ਮੈਦਾਨ ਭਖਿਆ ਤੇ ਕਿਵੇਂ ਵਿਛੋੜਾ ਪੈ ਗਿਆ। ਕਿਸ ਤਰ੍ਹਾਂ ਗੰਗੂ ਦੇ ਨਾਲ ਮਾਂ ਗੁਜਰੀ ਤੇ ਛੋਟੇ ਲਾਲ ਉਸ ਗੰਗੂ ਦੇ ਘਰ ਠਹਿਰੇ ਪਰ ਗੰਗੂ ਦੇ ਲਾਲਚ ਨੇ, ਨਮਕਹਰਾਮੀ ਨੇ, ਗੰਗੂ ਦੇ ਡਰ ਨੇ ਉਸ ਤੋਂ ਕੀ ਕੀ ਕੁਕਰਮ ਕਰਵਾ ਦਿੱਤੇ।

ਗੰਗੂ ਨੇ ਮੋਰਿੰਡੇ ਦੇ ਹਾਕਮਾਂ ਜਾਨੀ ਖ਼ਾਂ ਅਤੇ ਮਾਨੀ ਖ਼ਾਂ ਕੋਲ ਜਾ ਕੇ ਮਾਤਾ ਜੀ ਅਤੇ ਬੱਚਿਆਂ ਦੇ ਆਪਣੇ ਕੋਲ ਹੋਣ ਦੀ ਖ਼ਬਰ ਦਿੱਤੀ ਤੇ ਕਲਗੀਧਰ ਦੀ ਮਾਤਾ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਹੁਣ ਗ੍ਰਿਫਤਾਰ ਕਰਕੇ ਹੁਣ ਉਹਨਾਂ ਨੂੰ ਲਿਜਾਣ ਲਈ ਕੋਈ ਵਧੀਆ ਸਾਧਨ ਦਾ ਪ੍ਰਬੰਧ ਨਹੀਂ ਕੀਤਾ ਗਿਆ, ਉਹ ਆਪ ਤਾਂ ਘੋੜਿਆਂ ਤੇ ਸਵਾਰ ਨੇ, ਪਰ ਦਾਦੀ ਮਾਂ ਤੇ ਛੋਟੇ ਮਾਸੂਮ ਬਾਲਾਂ ਨੂੰ ਬੈਲ ਗੱਡੀ ਦੇ ਵਿੱਚ ਸਵਾਰ ਕਰਵਾ ਕੇ ਲੈ ਤੁਰੇ ਨੇ ਸਰਹਿੰਦ ਨੂੰ। ਕਿਉਂਕਿ ਸਰਹਿੰਦ ਵੱਲ ਉਹਨਾਂ ਬੈਲ ਗੱਡੀ ਤੇ ਲਿਜਾਣਾ ਹੈ, ਸਫ਼ਰ ਲੰਬਾ ਹੈ। ਇੱਕ ਦਿਨ ਵਿੱਚ ਬੈਲ ਗੱਡੀ ਕਿੰਨਾ ਕੁ ਸਫਰ ਤੈਅ ਕਰ ਸਕਦੀ ਸੀ, ਇਸ ਲਈ ਇਤਿਹਾਸ ਬੋਲਦਾ ਹੈ ਕਿ ਉਨ੍ਹਾਂ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਇੱਕ ਰਾਤ ਮੋਰਿੰਡੇ ਦੀ ਹਵਾਲਾਤ ਵਿੱਚ ਰੱਖਿਆ। ਫਿਰ ਦੂਸਰੇ ਦਿਨ ਬੱਸੀ ਦੇ ਥਾਣੇ ਵਿੱਚ ਲੈ ਗਏ, ਉਸ ਤੋਂ ਅੱਗੇ ਚਲਦਿਆਂ-ਚਲਦਿਆਂ ਜਦੋਂ ਖ਼ਬਰ ਨਵਾਬ ਵਜ਼ੀਰ ਖ਼ਾਂ ਤਕ ਪਹੁੰਚੀ ਤਾਂ ਉਹ ਵੀ ਦਿੱਲੀ ਤੋਂ ਸਰਹਿੰਦ ਆ ਪਹੁੰਚਿਆ।

ਹੁਣ ਜਾਨੀ ਖ਼ਾਂ ਅਤੇ ਮਾਨੀ ਖ਼ਾਂ ਜੋ ਕਿ ਮਾਤਾ ਗੁਜਰੀ ਜੀ ਆਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲਿਆ ਰਹੇ ਸਨ, ਨਵਾਬ ਦੀ ਖ਼ੁਸ਼ੀ ਲੈਣ ਲਈ ਅਤੇ ਇਨਾਮ ਦੇ ਲਾਲਚ ਵਿੱਚ ਮਾਂ ਗੁਜਰੀ ਅਤੇ ਲਾਲਾਂ ਨੂੰ ਲੈ ਕੇ ਸਰਹਿੰਦ ਪਹੁੰਚ ਗਏ।

ਸਰਹਿੰਦ ਨੂੰ “ਸਰਹਿੰਦ” ਕਿਉਂ ਕਿਹਾ ਜਾਂਦਾ ਹੈ? ਮੈਂ ਆਪ ਜੀ ਦੀ ਜਾਣਕਾਰੀ ਲਈ ਇਹ ਵੀ ਦੱਸਦਾ ਜਾਵਾਂ। ਦਿੱਲੀ ਦਰਬਾਰ ਦੀਆਂ ਵੱਖ-ਵੱਖ ਵਜ਼ਾਰਤਾਂ ਦੇ ਵਿਚੋਂ, ਵੱਖ-ਵੱਖ ਸੂਬਿਆਂ (STATES) ਦੇ ਵਿਚੋਂ, ਸਰਹਿੰਦ ਸਭ ਤੋਂ ਤਾਕਤਵਰ ਸੂਬਾ ਸੀ ਅਤੇ ਇਹ ਦਿੱਲੀ ਦਰਬਾਰ ਦੀ ਸਭ ਤੋਂ ਜ਼ਿਆਦਾ ਤਾਕਤਵਰ ਰਿਆਸਤ ਸੀ, ਤਾਕਤਵਰ ਹੋਣ ਕਾਰਨ ਇਸ ਨੂੰ ਕਿਹਾ ਜਾਂਦਾ ਸੀ, ‘ਸਰ-ਹਿੰਦ`। ਭਾਵ ਹਿੰਦੁਸਤਾਨ ਦਾ ਸਿਰ, ਭਾਵ ਕਿ ਹਿੰਦੁਸਤਾਨ ਦੀਆਂ ਰਿਆਸਤਾਂ ਵਿਚੋਂ ਸਭ ਤੋਂ ਜਿਆਦਾ ਤਾਕਤਵਰ ‘ਸਰ-ਹਿੰਦ`, ਉਥੋਂ ਇਸ ਦਾ ਨਾਮ ਨਿਕਲਿਆ ਸਰਹਿੰਦ।

ਸਰਹਿੰਦ ਜਿਸ ਦਾ ਉਸ ਸਮੇਂ ਦਾ ਹਾਕਮ ਹੈ ਵਜ਼ੀਰ ਖ਼ਾਂ ਜੋ ਕਿ ਅਨੰਦਪੁਰ ਸਾਹਿਬ ਤੋਂ ਹੀ ਗੁਰੂ ਕਲਗੀਧਰ ਪਾਤਸ਼ਾਹ ਨਾਲ ਵੈਰ ਕਮਾਉਂਦਾ ਆ ਰਿਹਾ ਹੈ। ਨਵਾਬ ਵਜ਼ੀਰ ਖ਼ਾਂ ਨੇ ਸਰਸਾ ਨਦੀ ਦੇ ਕੰਢੇ ਤੇ ਹੋਏ ਘਮਾਸਾਨ ਦੇ ਯੁੱਧ ਵਿੱਚ ਆਪਣੀ ਲਗਭਗ ਅੱਧੀ ਫ਼ੌਜ ਦੀ ਹੋਈ ਕੱਟ-ਵੱਢ ਨੂੰ ਆਪ ਤੱਕਿਆ ਸੀ। ਭਾਵੇਂ ਕਿ ਸਿੰਘ ਸੂਰਬੀਰ ਭੁੱਖੇ, ਤਿਹਾਏ ਸਨ, ਪਰ ਫਿਰ ਵੀ ਅਕਾਲ ਪੁਰਖ ਦੇ ਬਖ਼ਸ਼ੇ ਸਬਰ ਸੰਤੋਖ ਦੇ ਸਦਕਾ ਉਹਨਾਂ ਸੂਰਬੀਰ ਸਿੰਘਾਂ ਨੇ, ਵਜ਼ੀਰ ਖ਼ਾਂ ਦੀ ਅੱਧੀ ਫ਼ੌਜ ਨੂੰ ਤਹਿਸ-ਨਹਿਸ ਕਰ ਦਿੱਤਾ ਸੀ, ਜਿਸ ਵਿੱਚ ਪਹਾੜੀ ਫ਼ੌਜਾਂ ਵੀ ਵਜ਼ੀਰ ਖ਼ਾਂ ਦੇ ਨਾਲ ਸਨ ਤੇ ਇਹ ਸਾਰਾ ਦ੍ਰਿਸ਼ ਵਜ਼ੀਰ ਖ਼ਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਉਸ ਦਿਨ ਤੋਂ ਹੀ ਵਜ਼ੀਰ ਖ਼ਾਂ ਨੇ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਸੀ ਕਿ ਉਹ ਕੋਈ ਵੀ ਤਰੀਕਾ ਅਪਣਾਵੇਗਾ, ਕੋਈ ਵੀ ਫਰੇਬ ਕਰੇਗਾ, ਪਰ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਜਰੂਰ ਲਵੇਗਾ। ਇਸ ਲਈ ਵਜ਼ੀਰ ਖ਼ਾਂ ਹਰ ਸੰਭਵ ਯਤਨ ਕਰ ਰਿਹਾ ਸੀ, ਉਸ ਕਤਲੋ-ਗਾਰਤ ਦਾ ਬਦਲਾ ਲੈਣ ਲਈ।

ਬਸ! ਜਦੋਂ ਵਜ਼ੀਰ ਖ਼ਾਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਸਾਹਿਬਜਾਦੇ ਮੇਰੀ ਕੈਦ ਵਿੱਚ ਆ ਚੁੱਕੇ ਹਨ ਤਾਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਕੋਲ ਉਹ ਮੌਕਾ ਆ ਗਿਆ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਤੋਂ ਆਪਣੇ ਬਦਲੇ ਗਿਣ-ਗਿਣ ਕੇ ਲੈ ਲਵਾਂ। ਹੁਣ ਬੈਲ ਗੱਡੀ ਵੀ ਸਰਹਿੰਦ ਪਹੁੰਚ ਗਈ, ਜਿਸ ਵਿੱਚ ਸਾਹਿਬਜਾਦੇ ਅਤੇ ਮਾਂ ਗੁਜਰੀ ਸਵਾਰ ਹਨ।

ਜੋਗੀ ਅੱਲ੍ਹਾਂ ਯਾਰ ਖ਼ਾਂ ਇਸ ਗਾਥਾ ਨੂੰ ਅਗਾਂਹ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ:

ਸਰਹਿੰਦ ਜਾ ਕੇ ਪਹੁੰਚੇ ਹਜ਼ਾਰ ਇਜ਼ਤਿਰਾਬ ਸੇ।

ਦੋ ਚਾਰ ਹਾਏ! ਜਬ ਹੂਏ ਜ਼ਾਲਿਮ ਨਵਾਬ ਸੇ।

ਭਾਵ ਕਿ ਰਸਤੇ ਵਿੱਚ ਦੀਆਂ ਔਕੜਾਂ ਨੂੰ ਝਲਦੇ ਹੋਏ ਉਹ ਸਰਹਿੰਦ ਦੀ ਧਰਤੀ ਤੇ ਪਹੁੰਚ ਗਏ। ਰਸਤੇ ਵਿੱਚ ਲੋਕ ਬੁਢੜੀ ਮਾਂ ਅਤੇ ਬੱਚਿਆਂ ਵੱਲ ਤੱਕ-ਤੱਕ ਕੇ ਗੱਲਾਂ ਕਰਦੇ ਸਨ ਕਿ ਇਸ ਬੁਢੜੀ ਮਾਤਾ ਨੇ ਕੀ ਜ਼ੁਰਮ ਕੀਤਾ ਹੋਵੇਗਾ ਤੇ ਜਦੋਂ ਲਾਲਾਂ ਵੱਲ ਤੱਕਦੇ ਸਨ ਤਾਂ ਵੀ ਲੋਕ ਕਹਿੰਦੇ ਸਨ ਕਿ ਇਹਨਾਂ ਮਾਸੂਮਾਂ ਨੇ ਕੀ ਗੁਨਾਹ ਕੀਤਾ ਹੋਵੇਗਾ। ਹਨੇਰ ਸਾਈ ਦਾ ਉਏ ਭਲਿਉ! ਇਹਨਾਂ ਨੇ ਕਿਹੜਾ ਜ਼ੁਰਮ, ਕਿਹੜਾ ਗੁਨਾਹ ਕਰ ਲਿਆ ਕਿ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲਈ ਜਾ ਰਹੇ ਹੋ, ਲੋਕ ਹਾਹਾਕਾਰ ਮਚਾ ਰਹੇ ਨੇ, ਹਨੇਰ ਸਾਂਈ ਦਾ, ਹਨੇਰ ਸਾਂਈ ਦਾ।

ਪਰ ਜ਼ਾਲਿਮ ਸਿਪਾਹੀਆਂ ਦੇ ਅੱਗੇ ਇਹਨਾਂ ਲੋਕਾਂ ਦੀ ਕੋਈ ਪੇਸ਼ ਨਹੀ ਸੀ ਜਾ ਰਹੀ। ਲੋਕਾਂ ਦੀ ਅਵਾਜ਼, ਲੋਕ ਰਾਏ, ਮਾਂ ਗੁਜਰੀ ਅਤੇ ਸਾਹਿਬਜਾਦਿਆਂ ਦੇ ਨਾਲ ਖੜੀ ਹੋ ਰਹੀ ਸੀ, ਪਰ ਕਿਸੇ ਦੀ ਕੋਈ ਪੇਸ਼ ਨਹੀ ਚਲ ਰਹੀ। ਜਾਨੀ ਖ਼ਾਂ, ਮਾਨੀ ਖ਼ਾਂ ਨੇ ਆਪਣੇ ਆਕਾ ਨੂੰ ਖ਼ੁਸ਼ ਕਰਨ ਦੇ ਲਈ ਸਿੱਧੇ ਹੀ ਮਾਤਾ ਗੁਜਰੀ ਅਤੇ ਬੱਚੇ ਵਜ਼ੀਰ ਖ਼ਾਂ ਦੇ ਸਾਹਮਣੇ ਪੇਸ਼ ਕਰ ਦਿੱਤੇ।

ਦੋ ਚਾਰ ਹਾਏ! ਜਬ ਹੂਏ ਜ਼ਾਲਿਮ ਨਵਾਬ ਸੇ।

ਦੋ ਚਾਰ ਦਾ ਅਰਥ ਹੈ- ਆਹਮਣੇ-ਸਾਹਮਣੇ ਹੋਣਾ। ਜ਼ਾਲਿਮ ਵਜ਼ੀਰ ਖ਼ਾਂ ਦੇ ਨਾਲ, ਦੋ ਮਾਸੂਮ ਬਾਲਾਂ ਅਤੇ ਮਾ ਗੁਜਰੀ ਦਾ ਆਹਮਣਾ-ਸਾਹਮਣਾ ਹੋ ਗਿਆ।

ਕਮਬਖ਼ਤ ਦੇਖਤੇ ਹੀ ਯਿਹ ਬੋਲਾ ਅਤਾਬ ਸੇ।

ਫ਼ਿਲਹਾਲ ਇਨ ਕੋ ਕੈਦ ਮੇਂ ਰਖੋ ਗੁਜ਼ਾਬ ਸੇ।

ਅਤਾਬ ਦਾ ਅਰਥ ਹੈ- “ਗੁੱਸੇ” ਦੇ ਨਾਲ। ਜਿਵੇਂ ਹੀ ਨਵਾਬ ਵਜ਼ੀਰ ਖ਼ਾਂ ਨੇ ਤੱਕਿਆ ਕਿ ਇਹ ਕਲਗੀਧਰ ਦੀ ਮਾਂ ਹੈ ਅਤੇ ਇਹ ਬੱਚੇ ਕਲਗੀਧਰ ਦੇ ਹਨ ਤਾਂ ਵਜ਼ੀਰ ਖ਼ਾਂ ਗੁੱਸੇ ਦੇ ਨਾਲ ਭਰ ਗਿਆ, ਕਿਉਂਕਿ ਉਸ ਦੇ ਅੰਦਰ ਬਦਲੇ ਅੱਗ ਬਲ ਰਹੀ ਹੈ। ਉਸ ਨੇ ਇਹ ਵੀ ਨਹੀ ਸੋਚਿਆ ਕਿ ਇਹਨਾਂ ਦਾ ਕੀ ਕਸੂਰ ਹੈ। ਬਸ! ਉਹ ਨਵਾਬ ਇੱਕ ਹੀ ਗੱਲ ਜਾਣਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਮਾਂ ਅਤੇ ਉਸ ਦੇ ਬੱਚੇ ਨੇ, ਉਸ ਦੀਆਂ ਅੱਖਾਂ ਸਾਹਮਣੇ ਸਰਸਾ ਨਦੀ ਦੇ ਕੰਢੇ ਤੇ ਹੋਈ ਕਤਲੋਗਾਰਤ ਅਤੇ ਗੁਰੂ ਗੋਬਿੰਦ ਸਿੰਘ ਦਾ ਨੂਰਾਨੀ ਚਿਹਰਾ ਹੈ। ਨਵਾਬ ਵਜ਼ੀਰ ਖ਼ਾਂ ਗੁੱਸੇ ਦੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ ਕੀ ਬੋਲਦਾ ਹੈ ਕਿ ਇਹਨਾਂ ਨੂੰ ਪੂਰੇ ਸਖ਼ਤ ਤੋਂ ਸਖ਼ਤ ਪਹਿਰੇ ਵਿੱਚ ਰੱਖੋ ਅਤੇ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਲਿਹਾਜ਼ਦਾਰੀ ਨਾ ਕੀਤੀ ਜਾਵੇ ਅਤੇ ਨਾ ਹੀ ਕੋਈ ਨਰਮੀ ਵਾਲਾ ਵਰਤਾਉ ਕੀਤਾ ਜਾਵੇ।

ਸ਼ਾਮ ਦਾ ਸਮਾਂ ਸੀ, ਸਰਦੀ ਵੀ ਕਹਿਰ ਦੀ ਸੀ ਅਤੇ ਕੈਦ ਕਿੱਥੇ ਕਰਨ ਦਾ ਹੁਕਮ ਸੁਣਾਇਆ?

ਗੁੰਬਦ ਥਾ ਜਿਸ ਮਕਾਂ ਮੇਂ ਮੁਕੱਯਦ ਹਜ਼ੂਰ ਥੇ।

ਦੋ ਚਾਂਦ ਏਕ ਬੁਰਜ ਮੇਂ ਰਖਤੇ ਜ਼ਹੂਰ ਥੇ।

ਨਵਾਬ ਦੇ ਹੁਕਮ ਦੇ ਨਾਲ ਠੰਡੇ ਬੁਰਜ ਵਿੱਚ ਉਹਨਾਂ ਨੂੰ ਕੈਦ ਵਿੱਚ ਰਖ ਲਿਆ ਗਿਆ। ਆਪ ਜਾਣਦੇ ਹੋ ਕਿ ਇਸ ਜਗ੍ਹਾ ਨੂੰ ‘ਠੰਡਾ ਬੁਰਜ` ਕਿਉਂ ਕਿਹਾ ਜਾਂਦਾ ਹੈ? ਨਵਾਬ ਨੇ ਇਹ ਕਿਲ੍ਹੇ ਦੀ ਚਾਰ ਦੀਵਾਰੀ ਦੇ ਸਭ ਤੋਂ ਉਤੇ, ਸਭ ਤੋਂ ਉੱਚਾ ਬਣਾਇਆ ਸੀ ਤੇ ਠੰਡਾ ਕਿਵੇਂ ਸੀ? ਉਸ ਬੁਰਜ ਦੇ ਨਾਲ ਹੀ ਇੱਕ ਠੰਡੇ ਪਾਣੀ ਦੀ ਨਹਿਰ ਵਗਦੀ ਸੀ ਅਤੇ ਗਰਮੀਆਂ ਦੇ ਇਹਨਾਂ ਦਿਨਾਂ ਵਿੱਚ ਵਜ਼ੀਰ ਖ਼ਾਂ ਆਪ ਉਸ ਬੁਰਜ ਵਿੱਚ ਬੈਠਦਾ ਸੀ ਕਿਉਂਕਿ ਹਵਾਵਾਂ ਜਦੋਂ ਨਹਿਰ ਦੇ ਠੰਡੇ ਪਾਣੀ ਦੇ ਨਾਲ ਟਕਰਾਉਂਦੀਆਂ ਸਨ ਤੇ ਕੁਦਰਤੀ ਉਹ ਹਵਾਵਾਂ ਠੰਡੇ ਬੁਰਜ ਦੇ ਅੰਦਰ ਵੀ ਪ੍ਰਵੇਸ਼ ਹੁੰਦੀਆਂ ਸਨ। ਵਜ਼ੀਰ ਖ਼ਾਂ ਇਹਨਾਂ ਠੰਡੀਆਂ ਹਵਾਵਾਂ ਦਾ ਅਨੰਦ ਮਾਣਦਾ ਸੀ। ਉਸ ਠੰਡੇ ਬੁਰਜ ਨੂੰ ਕੋਈ ਬਾਹਰੀ ਦਰਵਾਜਾ ਨਹੀ ਸੀ, ਕੋਈ ਬਾਰੀ ਵੀ ਨਹੀ ਸੀ, ਸਿਰਫ਼ ਥੰਮਲਿਆ ਉਪਰ ਗੋਲ ਛੱਤ ਸੀ। ਸਰਦੀ ਦੇ ਮੌਸਮ ਵਿੱਚ ਉਪਰੋਂ ਅੱਤ ਦੀ ਸਰਦੀ ਤੇ ਨਾਲ ਠੰਡੀਆਂ ਹਵਾਵਾਂ। ਸਰਦੀਆਂ ਵਿੱਚ ਉਹ ਠੰਡੀਆਂ ਹਵਾਵਾਂ ਦੁਖਦਾਈ ਬਣ ਕੇ ਸਾਹਮਣੇ ਆਉਣਗੀਆਂ।

ਬਸ! ਉਸ ਠੰਡੇ ਬੁਰਜ ਵਿੱਚ ਮਾਂ ਗੁਜਰੀ ਅਤੇ ਦੋ ਲਾਲਾਂ ਨੂੰ ਸਖ਼ਤ ਪਹਿਰੇ ਨਾਲ ਕੈਦ ਕਰਨ ਦਾ ਹੁਕਮ ਵਜ਼ੀਰ ਖ਼ਾਂ ਨੇ ਸੁਣਾ ਦਿੱਤਾ।

ਦੋ ਚਾਂਦ ਏਕ ਬੁਰਜ ਮੇਂ ਰਖਤੇ ਜ਼ਹੂਰ ਥੇ।

ਹੁਣ ਦੋ ਚੰਦਰਮਾਂ ਇਸ ਬੁਰਜ ਵਿੱਚ ਚੜੇ ਹੋਏ ਨੇ। ਇੱਕ ਸਾਹਿਬ ਜ਼ੋਰਾਵਰ ਸਿੰਘ ਰੂਪੀ ਅਤੇ ਇੱਕ ਸਾਹਿਬ ਫ਼ਤਹਿ ਸਿੰਘ ਰੂਪੀ। ਦੋ ਚੰਦਰਮਾਂ ਕਲਗੀਧਰ ਦੇ ਲਾਡਲੇ ਇਸ ਠੰਡੇ ਬੁਰਜ ਵਿੱਚ ਆਪਣੀ ਦਾਦੀ ਮਾਂ ਨਾਲ ਕੈਦ ਕਰ ਲਏ ਗਏ ਨੇ।

ਹੁਣ ਪੋਹ ਮਹੀਨੇ ਦੀਆਂ ਠੰਡੀਆਂ ਰਾਤਾਂ, ਮਾਂ ਗੁਜਰੀ ਅਤੇ ਲਾਲਾਂ ਦੇ ਕੋਲ ਕੱਪੜੇ ਵੀ ਪੂਰੇ ਨਹੀ ਹਨ। ਕੋਈ ਮੰਜਾ ਬਿਸਤਰਾ ਵੀ ਨਹੀਂ ਤੇ ਹੇਠਾਂ ਠੰਡੀ-ਠਾਰ ਜ਼ਮੀਨ ਤੇ ਬੈਠਣ ਨਾਲ ਵੀ ਕਿੰਨੀ ਕੁ ਠੰਡ ਲੱਗਦੀ ਹੋਵੇਗੀ? ਤੁਸੀਂ ਅੰਦਾਜਾ ਲਗਾ ਸਕਦੇ ਹੋ ਮਾਂ ਗੁਜਰੀ ਨੇ ਲਾਲਾਂ ਨੂੰ ਠੰਡ ਤੋਂ ਕਿਵੇਂ ਬਚਾਇਆ ਹੋਵੇਗਾ।

ਦਾਸ ਇੱਕ ਬੇਨਤੀ ਕਰੇਗਾ ਕਿ ਇਹ ਠੰਡ ਅਕਸਰ ਜਾਂ ਤਾਂ ਬਜ਼ੁਰਗਾਂ ਨੂੰ ਜ਼ਿਆਦਾ ਤੰਗ ਕਰਦੀ ਹੈ ਜਾਂ ਬੱਚਿਆਂ ਨੂੰ ਜ਼ਿਆਦਾ ਤੰਗ ਕਰਦੀ ਹੈ। ਹੁਣ ਇਥੇ ਠੰਡੇ ਬੁਰਜ ਵਿੱਚ ਜੋ ਕੈਦ ਕੀਤੇ ਗਏ ਹਨ ਉਹ ਵੀ ਬਜ਼ੁਰਗ ਮਾਂ ਗੁਜਰੀ ਅਤੇ ਦੋ ਮਾਸੂਮ ਬਾਲ ਹਨ ਤੇ ਦੋਵੇਂ ਪਾਸੇ ਹੀ ਠੰਡ ਤੋਂ ਮਾਰ ਖਾਣ ਵਾਲੀ ਅਵਸਥਾ ਵਿੱਚ ਹਨ।

ਕੈਦਿ-ਬਲਾ ਮੇਂ ਤੀਸਰਾ ਦਿਨ ਥਾ ਜਨਾਬ ਕੋ।

ਬੇ ਆਬ ਕਰ ਚੁੱਕੀ ਥੀ ਅਤਸ਼ ਹਰ ਗੁਲਾਬ ਕੋ।

ਵਜ਼ੀਰ ਖ਼ਾਂ ਨੇ ਬੱਚਿਆਂ ਨੂੰ ਅਤੇ ਮਾਂ ਗੁਜਰੀ ਜੀ ਨੂੰ ਤਸੀਹੇ ਦੇਣ ਦੀ ਨੀਯਤ ਨਾਲ ਤਿੰਨ ਦਿਨ ਕੈਦ ਵਿੱਚ ਰੱਖਿਆ। ਹੇਠਾਂ ਠੰਡਾ ਫਰਸ਼ ਉਪਰੋਂ ਅਤ ਦੀ ਸਰਦੀ ਅਤੇ ਨਾ ਹੀ ਉਹਨਾਂ ਨੂੰ ਕੋਈ ਕੱਪੜਾ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਨੂੰ ਖਾਣ ਪੀਣ ਦੀ ਸੁਵਿਧਾ ਦਿੱਤੀ ਗਈ। ਤਿੰਨ ਦਿਨ ਇਹਨਾਂ ਨੂੰ ਸਖਤ ਪਹਿਰੇ ਹੇਠ ਠੰਡੇ ਬੁਰਜ ਵਿੱਚ ਰੱਖਿਆ ਗਿਆ, ਇਨ੍ਹਾਂ ਤਿੰਨ ਦਿਨਾਂ ਵਿੱਚ ਜਿਸ ਮਹਾਨ ਸ਼ਖ਼ਸੀਅਤ ਨੂੰ ਗੁਰੂ ਘਰ ਦੀ ਸੇਵਾ ਮਿਲੀ ਤੇ ਉਸ ਮਹਾਨ ਸ਼ਖ਼ਸੀਅਤ ਨੇ ਗੁਰੂ ਜੀ ਦੀ ਮਾਤਾ ਅਤੇ ਬੱਚਿਆਂ ਦੀ ਸੇਵਾ ਦਾ ਲਾਹਾ ਵੀ ਖੱਟਿਆ ਤੇ ਉਹ ਮਹਾਨ ਸ਼ਖ਼ਸੀਅਤ ਸੀ “ਮੋਤੀ ਰਾਮ”।

ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਮੋਤੀ ਰਾਮ ਨੂੰ ਜੋ ਕਿ ਵਜੀਰ ਖ਼ਾਂ ਦਾ ਮੁਲਾਜਮ ਸੀ, ਪਰ ਉਸ ਦਾ ਗੁਰੂ ਘਰ ਨਾਲ ਵੀ ਬਹੁਤ ਪਿਆਰ ਸੀ ਤੇ ਉਸ ਦੇ ਮਨ ਵਿੱਚ ਮਾਤਾ ਜੀ ਅਤੇ ਬੱਚਿਆਂ ਦੀ ਸੇਵਾ ਕਰਨ ਦਾ ਚਾਓ ਵੀ ਸੀ, ਪਰ ਉਹ ਸੋਚਾਂ ਸੋਚਦਾ ਸੀ ਕਿ ਮੈਂ ਇਹ ਸੇਵਾ ਕਿਸ ਤਰ੍ਹਾ ਕਰਾਂ? ਮੈਂ ਇਹਨਾਂ ਤੱਕ ਪਹੁੰਚ ਕਿਵੇਂ ਕਰਾਂ? ਮੈਨੂੰ ਇਹ ਪਹਿਰੇਦਾਰ ਇਹਨਾਂ ਤੱਕ ਪਹੁੰਚਣ ਨਹੀ ਦੇਣਗੇ।

ਆਖ਼ਿਰ ਮੋਤੀ ਰਾਮ ਨੇ ਇੱਕ ਵਿਉਂਤ ਬਣਾ ਲਈ ਕਿਉਂਕਿ ਉਸ ਦੇ ਮਨ ਵਿੱਚ ਸੇਵਾ ਭਾਵਨਾ ਬਹੁਤ ਸੀ। ਆਖ਼ਿਰ ਮੋਤੀ ਰਾਮ ਤਿੰਨੇ ਦਿਨ ਆਪਣੀ ਪਤਨੀ ਦੇ ਗਹਿਣੇ ਲਿਆ-ਲਿਆ ਕੇ ਰਿਸ਼ਵਤ ਦੇ ਤੌਰ ਦੇ ਪਹਿਰੇਦਾਰਾਂ ਨੂੰ ਦਿੰਦਾ ਰਿਹਾ ਅਤੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਰਿਹਾ। ਮੋਤੀ ਰਾਮ ਬਹੁਤ ਅਮੀਰ ਪਰਿਵਾਰ ਦਾ ਨਹੀ ਸੀ, ਪਰ ਆਪਣੀ ਪਤਨੀ ਦੀ ਸਹਿਮਤੀ ਨਾਲ, ਪਹਿਰੇਦਾਰਾਂ ਨੂੰ ਗਹਿਣੇ ਲਿਆ ਕੇ ਦਿੰਦਾ ਰਿਹਾ ਤੇ ਤਿੰਨ ਦਿਨ ਸੇਵਾ ਦਾ ਸੁਭਾਗ ਪ੍ਰਾਪਤ ਕੀਤਾ। ਇਤਿਹਾਸ ਵਿੱਚ ਦੋ ਲਾਈਨਾਂ ਸ਼ਰਧਾ ਦੇ ਤੌਰ ਤੇ ਮੋਤੀ ਰਾਮ ਪ੍ਰਤੀ ਸੇਵਾ ਭਾਵਨਾ ਨੂੰ ਦਰਸਾਉਂਦੀਆ ਹਨ ਕਿ-

ਧੰਨ ਮੋਤੀ, ਜਿਸ ਪੁੰਨ ਕਮਾਇਆ, ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ।

ਕਿਸੇ ਚੁਗਲ ਖੋਰ ਨੇ ਆਖ਼ਿਰ ਵਜ਼ੀਰ ਖ਼ਾਂ ਦੇ ਕੋਲ ਜਾ ਕੇ ਚੁਗਲੀ ਕਰ ਦਿੱਤੀ “ਮੋਤੀ ਰਾਮ ਤੇਰਾ ਮੁਲਾਜਮ ਹੈ, ਪਰ ਉਹ ਗੁਰੂ ਗੋਬਿੰਦ ਸਿੰਘ ਦੀ ਮਾਤਾ ਅਤੇ ਉਸ ਦੇ ਬੱਚਿਆਂ ਨੂੰ ਦੁੱਧ ਪਿਲਾਉਂਦਾ ਹੈ, ਤੇਰੇ ਹੁਕਮ ਦੀ ਉਲੰਘਣਾ ਕਰ ਰਿਹਾ ਹੈ, ਹੁਕਮ ਅਦੂਲੀ ਕਰ ਰਿਹਾ ਹੈ। “

ਇਤਿਹਾਸਿਕ ਤੱਥ ਦਸਦੇ ਹਨ ਕਿ ਸਾਹਿਬਜਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਨ ਦੇ ਇਲਜ਼ਾਮ (ਗੁਨਾਹ) ਵਿੱਚ ਮੋਤੀ ਰਾਮ ਅਤੇ ਉਸ ਦੀ ਪਤਨੀ ਨੂੰ ਜਿਊਂਦੇ ਜੀਅ ਕੋਹਲੂ ਵਿੱਚ ਪੀੜ ਦਿੱਤਾ ਗਿਆ ਸੀ। ਕੈਸੀਆਂ ਸ਼ਹਾਦਤਾਂ ਨੇ ਗੁਰੂ ਘਰ ਦੇ ਇਤਿਹਾਸ ਦੀਆਂ। ਜਦ ਵੀ ਸਿੱਖ ਇਤਿਹਾਸ ਵਿੱਚ ਸਰਹਿੰਦ ਦੀ ਗਾਥਾ ਚਲੇਗੀ ਤਾਂ ਮੋਤੀ ਰਾਮ ਅਤੇ ਉਸ ਦੇ ਪ੍ਰਵਾਰ ਵਲੋਂ ਕੀਤੀ ਸੇਵਾ ਦੀ ਬਾਤ ਵੀ ਨਾਲ ਚਲੇਗੀ।

ਇਥੇ ਮੈਂ ਅੱਜ ਦੇ ਪ੍ਰਥਾਏ ਇੱਕ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਅੱਜ ਅਸੀ ਆਪਣੇ ਸ਼ਹੀਦਾਂ ਨੂੰ, ਜਾਤਾਂ ਪਾਤਾਂ ਅਤੇ ਬਰਾਦਰੀਆਂ ਦੇ ਨਾਵਾਂ ਤੇ ਵੰਡ ਰਹੇ ਹਾਂ। ਇਹਨਾਂ ਕੌਮੀ ਸ਼ਹੀਦਾਂ ਨੂੰ ਕਿਸੇ ਜਾਤ, ਬਰਾਦਰੀਆਂ ਵਿੱਚ ਵੰਡਣਾ, ਸਾਡੇ ਲਈ ਸੋਚਣਾ ਵੀ ਸਾਡੀ ਬਦਕਿਸਮਤੀ ਦਾ ਅਗਾਜ਼ ਹੈ। ਪਰ ਅਸੀ ਇਹਨਾਂ ਕੌਮੀ ਸ਼ਹੀਦਾਂ ਨੂੰ ਜਾਤਾਂ ਪਾਤਾਂ ਅਤੇ ਬਰਾਦਰੀਆਂ ਵਿੱਚ ਵੰਡਦੇ ਜਾ ਰਹੇ ਹਾਂ, ਅੱਜ ਸਾਡੇ ਵਿਚੋਂ ਕੁੱਝ ਇਹ ਕਹਿ ਰਹੇ ਹਨ ਕਿ ਭਾਈ ਜੀਵਨ ਸਿੰਘ ਸਾਡੀ ਬਰਾਦਰੀ ਦਾ ਹੈ, ਭਾਈ ਮੋਤੀ ਰਾਮ ਸਾਡੀ ਬਰਾਦਰੀ ਦਾ ਹੈ, ਪਰ ਗੱਲ ਇਥੋਂ ਤੱਕ ਹੀ ਨਹੀ ਨਿਬੜੀ, ਅੱਜ ਸਾਡੀ ਸਥਿਤੀ ਇਥੋਂ ਤੱਕ ਪਹੁੰਚ ਚੁੱਕੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰਦਿਆਂ, ਸਮੁੱਚੇ ਭਗਤਾਂ ਨੂੰ ਕਲਾਵੇ ਵਿੱਚ ਲੈ ਕੇ ਸ਼ਿਖ਼ਰ ਤੇ ਬਿਠਾ ਲਿਆ ਅਤੇ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਿਆਂ ਨਤਮਸਤਕ ਹੁੰਦੇ ਹਾਂ ਤਾਂ ਸਮੁੱਚੇ ਭਗਤਾਂ ਨੂੰ ਵੀ ਨਮਸਕਾਰ ਕਰਦੇ ਹਾਂ, ਪਰ ਸਾਡੇ ਕੁੱਝ ਕੁ ਨਾ-ਸਮਝਾਂ ਨੇ, ਆਪਣੇ-ਆਪਣੇ ਭਗਤਾਂ ਨੂੰ ਵੀ ਵੰਡ ਕੇ ਰੱਖ ਲਿਆ, ਅਸੀ ਸ਼ਹੀਦ ਵੀ ਵੰਡ ਦਿੱਤੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਭਗਤਾਂ ਨੁੰ ਵੀ ਵੰਡ ਕੇ ਰੱਖ ਲਿਆ, ਅਸੀ ਸ਼ਹੀਦ ਵੀ ਵੰਡ ਦਿੱਤੇ, ਅਸੀ ਗੁਰੂ ਗ੍ਰੰਥ ਸਾਹਿਬ ਦੇ ਭਗਤਾਂ ਨੂੰ ਵੀ ਜਾਤਾਂ, ਬਰਾਦਰੀਆਂ ਵਿੱਚ ਵੰਡ ਕੇ ਰੱਖ ਦਿੱਤਾ। ਮੈਂ ਬੇਨਤੀ ਕਰ ਦਿਆਂ ਕਿ ਸਾਡੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੂ ਸਾਹਿਬਾਨ ਨੂੰ ਵੀ ਵੰਡ ਕੇ ਰੱਖ ਦਿਤਾ।

ਬੇਦੀ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਬੇਦੀ ਨੇ, ਇਹ ਸਾਡੇ ਨੇ।

ਭੱਲੇ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਭੱਲੇ ਨੇ, ਇਹ ਸਾਡੇ ਨੇ।

ਸੋਢੀ ਕਹਿੰਦੇ ਹਨ ਕਿ ਗੁਰੂ ਰਾਮਦਾਸ ਜੀ ਸੋਢੀ ਨੇ, ਇਹ ਸਾਡੇ ਨੇ।

ਇਸੇ ਤਰਾਂ ਸਭ ਫਿਰਕਿਆਂ ਨੇ ਵੱਖਰੇ-ਵੱਖਰੇ ਢੰਗ ਨਾਲ ਕਿ ਫਲਾਣਾ ਸਾਡਾ ਹੈ, ਫਲਾਣਾ ਸਾਡਾ ਹੈ, ਅਸੀ ਤਾਂ ਗੁਰੂ ਸਾਹਿਬਾਨ ਨੂੰ ਵੀ ਵੰਡ ਕੇ ਰੱਖ ਦਿੱਤਾ।

ਖ਼ਿਆਲ ਕਰਿਉ ਕਿ ਇਸ ਵੰਡ ਦੇ ਵਿਚ, ਇਸ ਵੰਡ ਵੰਡਾਉਣ ਦੇ ਵਿਚ, ਮਤ ਸੋਚਿਉ ਕਿ ਉਹਨਾਂ ਜਾਤਾਂ-ਪਾਤਾਂ ਵਾਲਿਆਂ ਦਾ ਯੋਗਦਾਨ ਹੈ। ਇਸ ਦੇ ਵਿੱਚ ਸਾਡੇ ਕੌਮੀ ਆਗੂਆਂ ਦਾ ਯੋਗਦਾਨ ਤਾਂ ਕਿਤੇ ਜ਼ਿਆਦਾ ਹੈ ਅਤੇ ਨਾਲ ਦੀ ਨਾਲ ਸਾਡਾ ਵੀ ਯੋਗਦਾਨ ਹੈ। ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਹੋਵੇ, ਕੋਈ ਗਮੀ ਦਾ ਸਮਾਂ ਹੋਵੇ ਜਾਂ ਫਿਰ ਗੁਰਦੁਆਰਾ ਸਾਹਿਬ ਵਿਖੇ ਕੋਈ ਰੋਜ਼ਾਨਾ ਦਾ ਸਮਾਗਮ ਹੋਵੇ, ਕਦੀ ਅਸੀਂ ਇਹ ਧਿਆਨ ਕੀਤਾ ਹੈ ਕਿ ਕੀਰਤਨ ਕਰਦਿਆਂ, ਬਾਣੀ ਪੜਦਿਆਂ, ਇਹ ਬਾਣੀ, ਸ਼ਬਦ ਕਿਸ ਦੀ ਰਚਨਾ ਹੈ, ਇਹ ਸ਼ਬਦ ਕਿਸ ਦਾ ਉਚਾਰਨ ਕੀਤਾ ਹੋਇਆ ਹੈ?

ਇਹ ਭਗਤ ਕਬੀਰ ਜੀ ਦਾ ਹੈ?

ਇਹ ਭਗਤ ਨਾਮਦੇਵ ਜੀ ਦਾ ਹੈ?

ਇਹ ਭਗਤ ਫ਼ਰੀਦ ਜੀ ਦਾ ਹੈ?

ਇਹ ਭਗਤ ਰਵਿਦਾਸ ਜੀ ਦਾ ਹੈ। ?

ਅਸੀਂ ਕਦੀ ਵਿਚਾਰ ਨਹੀ ਕੀਤੀ ਕਿ ਇਹ ਬਾਣੀ ਕਿਸ ਦੀ ਉਚਾਰਨ ਕੀਤੀ ਹੈ, ਪਰ ਜਦੋਂ ਉਹਨਾਂ ਭਗਤਾਂ ਦੇ ਜਨਮ ਦਿਹਾੜੇ ਮਨਾਉਣ ਦੀ ਬਾਤ ਆਉਂਦੀ ਹੈ ਤਾਂ ਅਸੀ ਕਹਿ ਦੇਂਦੇ ਹਾਂ ਕਿ ਭਗਤ ਕਬੀਰ ਜੀ ਦਾ ਜਨਮ ਦਿਹਾੜਾ, ਇਹ ਅਸੀਂ ਥੋੜੀ ਮਨਾਉਣਾ ਹੈ, ਇਹ ਤਾਂ ਜੁਲਾਹਾ ਬਰਾਦਰੀ ਨੇ ਮਨਾਉਣਾ ਹੈ, ਇਹ ਤਾਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ, ਇਹ ਛੀਂਬਾ ਬਰਾਦਰੀ ਮਨਾਏਗੀ, ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਰਵਿਦਾਸੀਆਂ ਨੇ ਮਨਾਉਣਾ ਹੈ। ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਭ ਨੂੰ ਇੱਕ ਗਲਵਕੜੀ ਵਿੱਚ ਲਿਆ ਅਤੇ ਗੋਦ ਵਿੱਚ ਬਿਠਾ ਲਿਆ, ਪਰ ਅਸੀਂ ਫਿਰ ਅਲੱਗ-ਅਲੱਗ ਕਰ ਕੇ ਰੱਖ ਰਹੇ ਹਾਂ, ਇਸ ਦੇ ਵਿੱਚ ਜਿੰਮੇਵਾਰ ਅਸੀਂ ਆਪ ਹਾਂ।

ਇੱਕ ਬਜ਼ੁਰਗ ਬਾਬਾ ਚਲਦਿਆਂ-ਚਲਦਿਆਂ ਇੱਕ ਵੱਡੇ ਨਗਰ ਵਿੱਚ ਪਹੁੰਚਿਆ। ਰਾਤ ਦਾ ਸਮਾਂ ਹੋ ਗਿਆ ਤਾਂ ਇੱਕ ਨੌਜਵਾਨ ਨੂੰ ਬਾਬਾ ਪੁੱਛਦਾ ਹੈ “ਕਾਕਾ! ਮੈਂ ਗੁਰਦੁਆਰੇ ਜਾਣਾ ਹੈ, ਮੈਂ ਰਾਤ ਕੱਟਣੀ ਹੈ, ਮੈਨੂੰ ਗੁਰਦੁਆਰਾ ਸਾਹਿਬ ਦਾ ਰਸਤਾ ਦੱਸ ਦਿਉ। “ ਉਸ ਨੌਜੁਆਨ ਨੇ ਬਾਬੇ ਨੂੰ ਸਵਾਲ ਕੀਤਾ “ਬਾਬਾ ਜੀ! ਕਿਹੜੇ ਗੁਰਦੁਆਰੇ ਜਾਣਾ ਹੈ? “ ਉਹ ਬਜ਼ੁਰਗ ਕਹਿਣ ਲੱਗਾ “ਬੇਟਾ! ਗੁਰਦੁਆਰਾ ਤਾਂ ਗੁਰਦੁਆਰਾ ਹੀ ਹੁੰਦਾ ਹੈ, ਇਹ ਤੇਰਾ ਸਵਾਲ ਅਸਚਰਜ ਜਿਹਾ ਹੈ। “ ਨੌਜਵਾਨ ਕਹਿਣ ਲੱਗਾ “ਨਹੀਂ ਬਾਪੂ ਜੀ! ਮੇਰਾ ਮਤਲਬ ਹੈ ਕਿ ਸਾਡੇ ਨਗਰ ਵਿੱਚ ਤੁਸੀ ਦੱਸੋ ਕਿ ਜੱਟਾਂ ਦੇ ਗੁਰਦੁਆਰੇ ਜਾਣਾ ਹੈ ਜਾਂ ਬਾਵਿਆਂ ਦੇ ਗੁਰਦੁਆਰੇ ਜਾਣਾ ਹੈ ਜਾਂ ਭਾਪਿਆਂ ਦੇ ਗੁਰਦੁਆਰੇ ਜਾਣਾ ਹੈ, ਜਾਂ ਛੀਂਬਿਆਂ ਦੇ ਗੁਰਦੁਆਰੇ ਜਾਣਾ ਹੈ ਦੱਸੋ? ਕਿਹੜੇ ਗੁਰਦੁਆਰੇ ਜਾਣਾ ਹੈ? “ਬਜ਼ੁਰਗ ਕਹਿਣ ਲੱਗਾ “ਪੁੱਤਰਾ! ਮੈਂ ਸਿੱਖਾਂ ਦੇ ਗੁਰਦੁਆਰੇ ਜਾਣਾ ਹੈ। “ ਨੌਜਵਾਨ ਹੈਰਾਨ ਹੋ ਕੇ ਕਹਿਣ ਲੱਗਾ, “ਬਾਬਾ ਜੀ! ਸਾਡੇ ਨਗਰ ਵਿੱਚ ਹੋਰ ਵੀ ਗੁਰਦੁਆਰੇ ਹਨ, ਪਰ ਸਿੱਖਾਂ ਦਾ ਗੁਰਦੁਆਰਾ ਤਾਂ ਕੋਈ ਵੀ ਨਹੀ। “

ਖ਼ਿਆਲ ਕਰਿਉ! ਅਸੀਂ ਤਾਂ ਗੁਰਦੁਆਰਿਆਂ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ। ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤੇ ਗੁਰਦੁਆਰੇ ਜਾਤਾਂ-ਪਾਤਾਂ ਅਤੇ ਬਰਾਦਰੀਆਂ ਦੇ ਨਾਮ ਤੇ, ਪਰ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਵੇਖੀਏ ਤਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਤਾਂ ਜਾਤ-ਪਾਤ ਦੀ ਕੋਈ ਗੱਲ ਹੀ ਨਹੀਂ ਹੈ। ਗੁਰੂ ਸਾਹਿਬ ਤਾਂ ਆਖ ਰਹੇ ਹਨ ਕਿ:

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।

(ਆਸਾ ਮਹਲਾ ੧-੩੪੯)

ਜਾਤਿ ਜਨਮੁ ਨਹ ਪੁਛੀਐ ਸਚ ਘਰੁ ਲੇਹੁ ਬਤਾਇ।।

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।।

(ਪ੍ਰਭਾਤੀ ਮਹਲਾ ੧-੧੩੩੦)

ਪਰ ਅਸੀਂ ਤਾਂ ਗੁਰੂ ਨਾਨਕ ਦੇ ਘਰ ਨੂੰ ਵੀ ਵੰਡ ਕੇ ਰੱਖ ਦਿੱਤਾ। ਕੈਸੀ ਬਾਤ ਹੈ ਕਿ ਕੋਈ ਕਹਿ ਰਿਹਾ ਹੈ ਅਸੀਂ ਰਾਮਗੜ੍ਹੀਆਂ ਦੇ ਗੁਰਦੁਆਰੇ ਨਹੀ ਜਾਣਾ, ਕੋਈ ਕਹਿ ਰਿਹਾ ਹੈ ਕਿ ਅਸੀਂ ਭਾਪਿਆਂ ਦੇ ਗੁਰਦੁਆਰੇ ਨਹੀ ਜਾਣਾ। ਕੋਈ ਕਹਿ ਰਿਹਾ ਹੈ ਕਿ ਅਸੀਂ ਰਵਿਦਾਸੀਆਂ ਦੇ ਗੁਰਦੁਆਰੇ ਨਹੀ ਜਾਣਾ। ਅਸੀ ਕਿੱਥੇ ਖੜੇ ਹਾਂ? ਕੀ ਸੋਚ ਰਹਿ ਗਈ ਹੈ ਸਾਡੀ? ਕਿੱਥੇ ਜਾ ਕੇ ਇਸ ਕੌਮੀ ਤਰਾਸਦੀ ਦਾ ਅੰਤ ਹੋਵੇਗਾ।

ਦਾਸ ਇੱਕ ਮਿੰਨੀ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਟਿਕਟ ਲਈ ਤਾਂ ਟਿਕਟ ਤੇ ਬਸ ਟਰਾਂਸਪੋਰਟ ਦਾ ਨਾਮ ਲਿਖਿਆ ਸੀ- “ਦਾ ਨਿਊ ਗੁਰੂ ਨਾਨਕ ਟਰਾਂਸਪੋਰਟ ਕੰਪਨੀ”। ਨਾਮ ਪੜ੍ਹ ਕੇ ਬੜੀ ਹੈਰਾਨੀ ਹੋਈ ਤਾਂ ਦਾਸ ਨੇ ਕੰਡਕਟਰ ਨੂੰ ਪੁੱਛ ਲਿਆ “ਆਹ ਕੀ! ਕਦੀ ਗੁਰੂ ਨਾਨਕ ਦਾ ਨਾਮ ਵੀ ਨਵਾਂ ਜਾਂ ਪੁਰਾਣਾ ਹੁੰਦਾ ਹੈ? “ ਉਹ ਬੱਸ ਦਾ ਕੰਡਕਟਰ ਮਾਲਕ ਵੀ ਸੀ, ਉਸ ਨੇ ਜੋ ਜਵਾਬ ਦਿੱਤਾ, ਉਹ ਦਿਲ ਨੂੰ ਹੈਰਾਨ ਕਰ ਦੇਣ ਵਾਲਾ ਸੀ।

ਉਹ ਕਹਿਣ ਲੱਗਾ “ਵੀਰ ਜੀ! ਸਾਡੇ ਦੋਵਾਂ ਭਰਾਵਾਂ ਦੀਆਂ ਪਹਿਲਾਂ ਇਕੱਠੀਆਂ ਬੱਸਾਂ ਚਲਦੀਆਂ ਸਨ, ਪਰ ਕਿਸੇ ਗੱਲ ਤੋ ਸਾਡੇ ਵਿੱਚ ਤਕਰਾਰ ਹੋ ਗਿਆ ਤੇ ਪਹਿਲਾ ਗੁਰੂ ਨਾਨਕ ਮੈਂ ਆਪਣੇ ਵੱਡੇ ਭਰਾ ਨੂੰ ਦੇ ਦਿੱਤਾ ਤੇ ਆਪ ਮੈਂ ਨਵਾਂ ਗੁਰੂ ਨਾਨਕ ਬਣਾ ਲਿਆ। “ ਦਾਸ ਜਵਾਬ ਸੁਣ ਕੇ ਠੰਡਾ ਜਿਹਾ ਹੋ ਗਿਆ ਕਿ ਅਸੀਂ ਲੋਕਾਂ ਨੇ ਤਾਂ ਹੁਣ ਗੁਰੂ ਨਾਨਕ ਨੂੰ ਵੀ ਨਵੇਂ ਪੁਰਾਣੇ ਵਿੱਚ ਵੰਡ ਕੇ ਰੱਖ ਦਿੱਤਾ ਹੈ।

ਮੈਂ ਬੇਨਤੀ ਕਰ ਰਿਹਾ ਸੀ ਕਿ ਉਸ ਮੋਤੀ ਰਾਮ ਨੂੰ ਵੀ ਅਸੀਂ ਜਾਤਾਂ-ਪਾਤਾਂ ਵਿੱਚ ਵੰਡ ਕੇ ਰੱਖ ਲਿਆ। ਭਾਈ ਜੀਵਨ ਸਿੰਘ ਨੂੰ ਜਾਤਾਂ ਪਾਤਾਂ ਵਿੱਚ ਵੰਡ ਲਿਆ। ਕਿਸ-ਕਿਸ ਦੀ ਮੈਂ ਗੱਲ ਕਰਾਂ। ਬਾਬਾ ਬੰਦਾ ਸਿੰਘ, ਭਾਈ ਮਨੀ ਸਿੰਘ ਜੀ ਨੂੰ ਵੀ ਅਸੀਂ ਜਾਤਾਂ ਪਾਤਾਂ ਬਰਾਦਰੀਆਂ ਵਿੱਚ ਵੰਡ ਲਿਆ। ਸਾਡੀ ਕੌਮ ਕਿਧਰ ਨੂੰ ਜਾ ਰਹੀ ਹੈ? ਮੈਂ ਬੇਨਤੀ ਕਰ ਰਿਹਾ ਸੀ-

ਧੰਨ ਮੋਤੀ ਜਿਸ ਪੁੰਨ ਕਮਾਇਆ।

ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ।

ਇਸ ਦੁੱਧ ਪਿਲਾਉਣ ਦੇ ਬਦਲੇ, ਉਸ ਮੋਤੀ ਰਾਮ ਨੂੰ ਪ੍ਰਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਗਿਆ। ਇਸ ਦੁੱਧ ਪਿਲਾਉਣ ਦੀ ਸੇਵਾ ਤੋਂ ਉਸ ਨੂੰ ਇੰਨੀ ਸਖ਼ਤ ਸਜ਼ਾ ਮਿਲੀ ਜੋ ਉਸ ਨੇ ਝੱਲ ਲਈ। ਉਸ ਦੀ ਸੇਵਾ ਕਰਨ ਤੇ ਉਸਨੂੰ ਮਿਲੀ ਸਜ਼ਾ ਨੇ ਉਸ ਨੂੰ ਸਾਰੀ ਦੁਨੀਆਂ ਵਿੱਚ ਅਮਰ ਕਰ ਦਿੱਤਾ। ਜਦੋਂ ਵੀ ਸਾਹਿਬਜਾਦਿਆਂ ਦੀ ਬਾਤ ਚੱਲੇਗੀ ਤਾਂ ਉਸ ਮੋਤੀ ਰਾਮ ਦਾ ਨਾਮ ਵੀ ਨਾਲ ਚੱਲੇਗਾ। ਇਸ ਗਾਥਾ ਦੀ ਬਾਤ ਨੂੰ ਅੱਗੇ ਕਰਦਿਆਂ ਜੋਗੀ ਅੱਲ੍ਹਾ ਯਾਰ ਖ਼ਾਂ ਕਹਿ ਰਿਹਾ ਹੈ ਕਿ:

ਕੈਦਿ-ਬਲਾ ਮੇਂ ਤੀਸਰਾ ਦਿਨ ਥਾ ਜਨਾਬ ਕੋ।

ਬੇ ਆਬ ਕਰ ਚੁੱਕੀ ਥੀ ਅਤਸ਼ ਹਰ ਗੁਲਾਬ ਕੋ।

ਤਰਸੇ ਹੂਏ ਥੇ ਰਿਜ਼ਕ ਕੋ ਜੀ ਔਰ ਖ਼ਵਾਬ ਕੋ।

ਇਸ ਰੋਜ਼ ਸੁੱਚਾ ਨੰਦ ਯਿਹ ਬੋਲਾ ਨਵਾਬ ਕੋ।

ਪਿਆਸ ਨਾਲ ਉਹਨਾਂ ਬੱਚਿਆਂ ਦੀ ਅਤੇ ਮਾਤਾ ਜੀ ਦੀ ਮੰਦੀ ਹਾਲਤ ਤੇ ਉਹ ਗੁਲਾਬ ਵਰਗੇ ਕੋਮਲ ਫੁੱਲ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸਿੰਘ ਜੀ ਦੇ ਚਿਹਰੇ ਮੁਰਝਾ ਰਹੇ ਨੇ।

ਖ਼ਿਆਲ ਕਰਿਉ! ਇਸ ਸਰੀਰ ਨੂੰ ਅੰਨ ਨਾ ਮਿਲੇ, ਇਸ ਸਰੀਰ ਨੂੰ ਪਾਣੀ ਨਾ ਮਿਲੇ, ਜਿੰਨਾ ਮਰਜ਼ੀ ਕੋਈ ਧਰਮੀ ਹੋਵੇ, ਜਿੰਨਾਂ ਮਰਜੀ ਕੋਈ ਬ੍ਰਹਮ ਗਿਆਨੀ ਕਿਉਂ ਨਾ ਹੋਵੇ, ਪਰ ਅੰਨ ਪਾਣੀ ਤੋਂ ਬਿਨਾਂ ਸਰੀਰ ਨੇ ਸਾਥ ਨਹੀ ਦੇਣਾ। ਮਤ ਕਦੇ ਸੋਚਿਉ ਕਿ ਅੰਨ ਪਾਣੀ ਤੋਂ ਬਿਨਾਂ ਸਰੀਰ ਚਲਦਾ ਰਹੇਗਾ, ਨਿਢਾਲ ਨਹੀ ਹੋਵੇਗਾ ਤੇ ਉਹ ਬਾਤ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਦੀ ਜੋਗੀ ਅੱਲ੍ਹਾ ਯਾਰ ਖ਼ਾਂ ਕਹਿ ਰਿਹਾ ਹੈ ਕਿ:

ਤਰਸੇ ਹੂਏ ਥੇ ਰਿਜ਼ਕ ਕੋ ਜੀ ਔਰ ਖ਼ਵਾਬ ਕੋ।

ਸੁੱਚਾ ਨੰਦ ਵਜ਼ੀਰ ਖ਼ਾਂ ਕੋਲ ਪਹੁੰਚ ਗਿਆ, ਕਿਉਂਕਿ ਤਿੰਨ ਦਿਨ ਲੰਘ ਚੁੱਕੇ ਹਨ ਤੇ ਸੁੱਚਾ ਨੰਦ ਵਜ਼ੀਰ ਖ਼ਾਂ ਨੂੰ ਜਾ ਕੇ ਕਹਿਣ ਲੱਗਾ “ਵਜ਼ੀਰ ਖ਼ਾਂ ਤੂੰ ਕੀ ਕਰ ਰਿਹਾ ਏ, ਲੱਗਦਾ ਹੈ ਕਿ ਤੈਨੂੰ ਚੇਤਾ ਭੁੱਲ ਗਿਆ ਹੈ। ਤੂੰ ਮਾਂ ਗੁਜਰੀ ਅਤੇ ਛੋਟੇ ਬੱਚੇ ਆਪਣੀ ਕੈਦ ਵਿੱਚ ਰੱਖੇ ਹੋਏ ਨੇ। ਮੈਨੂੰ ਲੱਗਦਾ ਹੈ ਤੈਨੂੰ ਚੇਤਾ ਭੁੱਲ ਗਿਆ ਹੈ, ਮੈਂ ਤੈਨੂੰ ਚੇਤਾ ਕਰਵਾਉਣ ਲਈ ਆਇਆ ਹਾਂ। “

ਇਸ ਦਾ ਨਾਮ ਹੈ, ‘ਸੁੱਚਾ ਨੰਦ` ਪਰ ਕਰਮਾਂ ਦੇ ਅਧਾਰ ਤੇ ਜੋ ਇਸ ਨੇ ਕੰਮ ਕੀਤੇ ਹਨ, ਉਹਨਾਂ ਨੂੰ ਵੇਖਦਿਆਂ ਇਤਿਹਾਸ ਵਿੱਚ ਇਸ ਦਾ ਨਾਮ ਲਿਖਿਆ ਗਿਆ ਹੈ ‘ਝੂਠਾ ਨੰਦ`। ਕਿਉਂਕਿ ਗੱਲ ਨਾਮ ਦੇ ਅਧਾਰ ਤੇ ਨਹੀ ਗੱਲ ਕਰਮਾਂ ਦੇ ਅਧਾਰ ਤੇ ਹੁੰਦੀ ਹੈ। ਕਈ ਵਾਰ ਕਿਸੇ ਦਾ ਨਾਮ ਬਹੁਤ ਵਧੀਆ ਹੁੰਦਾ ਹੈ, ਪਰ ਕਰਮ ਸਮਾਜਿਕ ਪੱਧਰ ਤੋ ਗਿਰੇ ਹੋਏ ਹੁੰਦੇ ਹਨ, ਕੰਮ ਭੈੜੇ ਤੋਂ ਭੈੜੇ ਵੀ ਕਰ ਜਾਂਦੇ ਹਨ। ਨਾਮ ਕੀ ਕਰੇਗਾ ਨਾਮ ਤਾਂ ਹੈ ਸੁੱਚਾ ਨੰਦ, ਪਰ ਕਰਮ ਇੰਨੇ ਭੈੜੇ ਹਨ ਕਿ ਇਤਿਹਾਸ ਵਿੱਚ ਨਾਮ ਝੂਠਾ ਨੰਦ ਲਿਖਿਆ ਗਿਆ।

ਗੁਰੂ ਨਾਨਕ ਦਾ ਘਰ ਹਮੇਸ਼ਾ ਇਨਸਾਫ ਕਰਦਾ ਹੈ। ਇੱਕ ਪਾਸੇ ਤਾਂ ਸੁੱਚਾ ਨੰਦ ਨੂੰ ਝੂਠਾ ਨੰਦ ਕਿਹਾ ਜਾ ਰਿਹਾ ਹੈ। ਦੂਸਰੇ ਪਾਸੇ ਜ਼ਰਾ ਸ੍ਰ. ਜੱਸਾ ਸਿੰਘ ਆਹਲੂਵਾਲੀਆ ਅਤੇ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਦਾ ਇਤਿਹਾਸ ਪੜ੍ਹਨਾ। ਅਸੀਂ ਇਹਨਾਂ ਨੂੰ ਬਰਾਦਰੀਆਂ ਵਿੱਚ ਵੰਡ ਕੇ ਰੱਖ ਦਿੱਤਾ। ਸਾਨੂੰ ਪਤਾ ਹੀ ਨਹੀ ਕਿ ਸ੍ਰ. ਜੱਸਾ ਸਿੰਘ ਨੂੰ ਆਹਲੂਵਾਲੀਆ ਕਿਉਂ ਕਿਹਾ ਜਾਂਦਾ ਹੈ, ਇਹ ਬਰਾਦਰੀ ਦਾ ਨਾਮ ਨਹੀ ਹੈ। ਅਸਲ ਵਿੱਚ ਜਿਲ੍ਹਾ ਲਾਹੌਰ ਵਿੱਚ ਪਿੰਡ ਆਹਲੂ ਹੈ, ਜਿਥੇ ਦੇ ਭਾਈ ਜੱਸਾ ਸਿੰਘ ਵਸਨੀਕ ਸਨ ਤੇ ਪਿੰਡ ਦੇ ਨਾਮ ਤੋਂ ਉਹਨਾਂ ਦੇ ਨਾਮ ਦੇ ਨਾਲ ਆਹਲੂਵਾਲੀਆ ਲੱਗ ਗਿਆ, ਪਰ ਅਸੀਂ ਇਹ ਬਰਾਦਰੀ ਬਣਾ ਕੇ ਰੱਖ ਦਿੱਤੀ।

ਇਸੇ ਤਰ੍ਹਾ ਸ੍ਰ. ਜੱਸਾ ਸਿੰਘ ਨੂੰ ਵੀ ਇਸ ਕਰਕੇ ਰਾਮਗੜ੍ਹੀਆ ਕਿਹਾ ਜਾਦਾ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੇ ਸਿੱਖਾਂ ਵਲੋਂ ਇੱਕ ਕਿਲਾ ਬਣਾਇਆ ਗਿਆ ਸੀ, ਜਿਸ ਕਿਲੇ ਦਾ ਨਾਮ ਸੀ ‘ਰਾਮ ਰੌਣੀ`। ਉਸ ਕਿਲ੍ਹੇ ਨੂੰ ਵੈਰੀਆਂ ਨੇ ਘੇਰਾਂ ਪਾ ਲਿਆ ਤੇ ਸ੍ਰ ਜੱਸਾ ਸਿੰਘ ਵੀ ਘੇਰਾ ਪਾਉਣ ਵਾਲਿਆਂ ਦੇ ਨਾਲ ਹੀ ਹੈ।

ਕਿਲ੍ਹੇ ਦੇ ਅੰਦਰ ਸ੍ਰ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਸਿੰਘ ਸੂਰਮੇ ਸਨ। ਘਮਸਾਨ ਦਾ ਯੁੱਧ ਹੋਇਆ ਤਾਂ ਅਖ਼ੀਰ ਜੱਸਾ ਸਿੰਘ ਜੋ ਕਿ ਵੈਰੀਆਂ ਨਾਲ ਸੀ, ਉਸ ਨੇ ਤੱਕਿਆ ਕਿ ਹੁਣ ਇਸ ਕਿਲੇ ਤੇ ਹਮਲਾ ਹੋਣ ਨਾਲ ਇਹ ਇਤਿਹਾਸਕ ਕਿਲ੍ਹਾ ਢਹਿ ਢੇਰੀ ਹੋ ਜਾਵੇਗਾ ਤਾਂ ਤੁਰੰਤ ਜੱਸਾ ਸਿੰਘ ਆਪਣੀਆ ਫ਼ੌਜਾਂ ਵੱਲੋ ਪਲਟੀ ਮਾਰ ਕੇ ਅੰਦਰ ਸਿੱਖਾਂ ਨਾਲ ਰਲ ਗਿਆ ਤੇ ਉਸ ਕਿਲ੍ਹੇ ਦੀ ਹਿਫ਼ਾਜਤ ਲਈ, ਸਿੱਖ ਵਿਰਾਸਤ ਦੀ ਹਿਫ਼ਾਜਤ ਲਈ ਅਤੇ ਉਸ ਕਿਲ੍ਹੇ ਨੂੰ ਬਚਾਉਣ ਲਈ ਉਸ ਨੇ ਪਲਟਾ ਮਾਰ ਲਿਆ।

ਉਸ ਕਿਲ੍ਹੇ ਨੂੰ ਜੱਸਾ ਸਿੰਘ ਵਲੋਂ ਬਚਾਅ ਲਿਆ ਗਿਆ ਤੇ ਉਸ ਇਤਿਹਾਸਕ ਕਿਲ੍ਹੇ “ਰਾਮ ਰੌਣੀ” ਨੂੰ ਬਚਾਉਣ ਕਰਕੇ ਉਸ ਸਮੇਂ ਸਿੱਖਾਂ ਨੇ, ਸਿੱਖ ਵਿਦਵਾਨਾਂ ਨੇ ਸ੍ਰ. ਜੱਸਾ ਸਿੰਘ ‘ਰਾਮਗੜ੍ਹੀਆ` ਦੀ ਉਪਾਧੀ ਨਾਲ ਨਿਵਾਜਿਆ। ਇਹ ਜਾਤ ਬਰਾਦਰੀ ਨਹੀ ਸੀ, ਇਹ ਉਪਾਧੀ ਸੀ, ਪਰ ਅਸੀਂ ਜਾਤ ਬਰਾਦਰੀਆਂ ਵਿੱਚ ਵੰਡ ਕੇ ਰੱਖ ਦਿੱਤਾ।

ਮੈਂ ਬੇਨਤੀ ਕਰਾਂ ਕਿ ਇਸ ਘਟਨਾਕ੍ਰਮ ਵਿੱਚ ਇੱਕ “ਦੀਵਾਨ ਕੌੜਾ ਮੱਲ” ਸੀ ਜੋ ਕਿ ਮੁਗਲਾਂ ਦੀ ਫ਼ੌਜ ਦਾ ਜਰਨੈਲ ਸੀ, ਪਰ ਉਸ ਨੇ ਜਦੋਂ ਸਮਾਂ ਬਣਿਆ ਤਾਂ ਵੈਰੀਆਂ ਦੇ ਵੱਲ ਹੁੰਦਿਆਂ ਹੋਇਆਂ ਵੀ ਸਿੱਖ ਸੂਰਬੀਰਾਂ ਦੀ ਬਹੁਤ ਸਹਾਇਤਾ ਕੀਤੀ ਤੇ ਸਿੱਖ ਕੌਮ ਨੇ ਉਸ ਦੀਵਾਨ ਕੌੜਾ ਮੱਲ ਦਾ ਨਾਮ ਰੱਖਿਆ- “ਦੀਵਾਨ ਮਿੱਠਾ ਮੱਲ”।

ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਤਿਹਾਸਕ ਪੰਨਿਆਂ ਨੂੰ ਪੜ੍ਹਦੇ ਹੀ ਨਹੀ। ਦੀਵਾਨ ਕੌੜਾ ਮੱਲ ਨੂੰ ਸਿੱਖ ਕੌਮ ਵਲੋਂ ਦੀਵਾਨ ਮਿੱਠਾ ਮੱਲ ਕਿਹਾ ਗਿਆ ਹੈ। ਪਰ ਦੀਵਾਨ ਸੁੱਚਾ ਨੰਦ ਨੂੰ ਕਿਹਾ ਗਿਆ ਹੈ- “ਦੀਵਾਨ ਝੂਠਾ ਨੰਦ”। ਕਿਉਂਕਿ ਉਸ ਦੇ ਕੰਮ ਝੂਠਿਆਂ ਵਾਲੇ ਸਨ। ਉਹ ਝੂਠਾ ਨੰਦ ਹੁਣ ਵਜ਼ੀਰ ਖ਼ਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹੈ ਕਿ ਵਜ਼ੀਰ ਖ਼ਾਂ ਵੇਖੀ ਕਿਤੇ ਉਹਨਾਂ ਬੱਚਿਆਂ ਨੂੰ ਮਾਸੂਮ ਸਮਝ ਕੇ ਦਯਾ ਨਾ ਕਰੀ। ਕਿਧਰੇ ਉਹਨਾਂ ਤੇ ਤਰਸ ਨਾ ਕਰੀਂ। ਦੇਖੋ! ਸੁੱਚਾ ਨੰਦ ਆਪਣੀ ਚਾਲ ਚੱਲ ਰਿਹਾ ਹੈ। ਇਥੇ ਇੱਕ ਗੱਲ ਦੱਸਣੀ ਜਰੂਰੀ ਹੈ। ਕਿ ਵਜ਼ੀਰ ਖ਼ਾਂ ਦੀ ਭਾਵਨਾ ਕਿਸੇ ਵੀ ਤਰਾਂ ਸਾਹਿਬਜਾਦਿਆਂ ਨੂੰ ਮਾਰਨ ਦੀ ਨਹੀ ਹੈ, ਬਲਕਿ ਵਜ਼ੀਰ ਖ਼ਾਂ ਦੇ ਮਨ ਦੇ ਅੰਦਰ ਦੋ ਤਰਾਂ ਦੀ ਭਾਵਨਾ ਕੰਮ ਕਰ ਰਹੀ ਹੈ। ਪਹਿਲੀ ਖਾਹਿਸ਼ ਇਹ ਹੈ ਕਿ ਇਹਨਾਂ ਲਾਲਾਂ ਦੇ ਰਾਹੀਂ, ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਮਮਤਾ ਦੇ ਮੋਹ ਕਰਕੇ ਮੇਰੇ ਕੋਲ ਖਿਚਿਆ ਆ ਜਾਵੇਗਾ। ਜੇਕਰ ਉਸ ਦੇ ਅੰਦਰ ਬੱਚਿਆਂ ਨੂੰ ਮਾਰਨ ਦੀ ਭਾਵਨਾ ਹੁੰਦੀ ਤਾਂ ਉਹ ਤਿੰਨ ਦਿਨ ਤੱਕ ਬੱਚਿਆਂ ਨੂੰ ਅਤੇ ਮਾਂ ਗੁਜਰੀ ਜੀ ਨੂੰ ਕੈਦ ਵਿੱਚ ਨਾ ਰੱਖਦਾ ਅਤੇ ਉਹਨਾ ਦੀਆਂ ਬਾਰ-ਬਾਰ ਪੇਸ਼ੀਆਂ ਨਾ ਪਾਉਂਦਾ।

ਵਜ਼ੀਰ ਖ਼ਾਂ ਦੇ ਮਨ ਵਿੱਚ ਦੂਸਰੀ ਖਾਹਿਸ਼ ਹੈ ਕਿ ਜੇਕਰ ਇਹਨਾਂ ਬੱਚਿਆਂ ਦੀ ਮਮਤਾ ਦਾ ਮਾਰਿਆ ਇਹਨਾਂ ਦਾ ਪਿਤਾ ਮੇਰੀ ਕੈਦ ਵਿੱਚ ਨਾ ਆੱਿੲਆ ਤਾਂ ਘੱਟ ਤੋਂ ਘਟ ਮੈਂ ਇਹਨਾਂ ਬੱਚਿਆਂ ਨੂੰ ਡਰਾਵੇ ਜਾਂ ਲਾਲਚ ਦੇ ਕੇ ਮੁਸਲਮਾਨ ਬਣਾ ਦਿਆਂਗਾ ਅਤੇ ਔਰੰਗਜੇਬ ਦੇ ਕੋਲ ਇਹਨਾਂ ਨੂੰ ਪੇਸ਼ ਕਰ ਕੇ ਸੁਰਖ਼ਰੂ ਤਾਂ ਹੋ ਜਾਵਾਂਗਾ।

ਆਹ ਦੋ ਭਾਵਨਾਵਾਂ ਸਨ, ਵਜ਼ੀਰ ਖ਼ਾਂ ਦੇ ਮਨ ਦੇ ਅੰਦਰ, ਪਰ ਜਿਉਂ-ਜਿਉਂ ਵਜ਼ੀਰ ਖ਼ਾਂ ਦੀਆ ਭਾਵਨਾਵਾਂ, ਖਾਹਿਸ਼ਾਂ ਸਾਹਮਣੇ ਆਉਣਗੀਆਂ ਇਹ ਸੁੱਚਾ ਨੰਦ ਉਸਦੀ ਪੇਸ਼ ਨਹੀ ਜਾਣ ਦੇਵੇਗਾ। ਜੇਕਰ ਸੁੱਚਾ ਨੰਦ ਨਾ ਹੁੰਦਾ ਤਾਂ ਵਜ਼ੀਰ ਖ਼ਾਂ ਸਾਹਿਬਜਾਦਿਆਂ ਨੂੰ ਸ਼ਹੀਦ ਵੀ ਨਾ ਕਰਦਾ ਤੇ ਅੱਜ ਸਿੱਖ ਇਤਿਹਾਸ ਵੀ ਕੁੱਝ ਹੋਰ ਹੁੰਦਾ, ਪਰ ਸੁੱਚਾ ਨੰਦ ਦੀਆਂ ਭੜਕਾਹਟ ਭਰੀਆਂ ਗੱਲਾਂ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਹੁਣ ਅੱਗੇ ਸੁੱਚਾ ਨੰਦ ਕੀ ਕਰ ਰਿਹਾ ਹੈ।

ਆਰੰਭਤਾ ਉਸ ਨੇ ਕਰ ਦਿੱਤੀ ਕਿ ਵਜ਼ੀਰ ਖ਼ਾਂ ਤੈਨੂੰ ਚੇਤਾ ਨਹੀ, ਤਿੰਨ ਦਿਨ ਹੋ ਗਏ ਨੇ, ਤੇ ਤੂੰ ਉਹਨਾਂ ਨੂੰ ਕੈਦ ਵਿੱਚ ਰੱਖ ਕੇ ਬੈਠਾ ਏਂ। ਬੁਲਾ ਉਹਨਾਂ ਨੂੰ ਇਥੇ! ਤੇ ਬਦਲਾ ਲੈ ਲਾ ਕਲਗੀਧਰ ਦੇ ਪੁੱਤਰਾਂ ਤੋਂ। ਹੁਣ ਵਜ਼ੀਰ ਖ਼ਾਂ ਦੇ ਅੰਦਰ ਜੋ ਕਲਗੀਧਰ ਪ੍ਰਤੀ ਗੁੱਸੇ ਦੀ ਚਿੰਗਾਰੀ ਸੀ, ਉਹ ਭਾਂਬੜ ਬਣ ਕੇ ਬਾਹਰ ਆ ਗਈ। ਵਜ਼ੀਰ ਖ਼ਾਂ ਕਹਿੰਦਾ ਹੈ:

ਬੋਲਾ ਵੁਹ ਸੁੱਚਾ ਨੰਦ ਸੇ ਲੇ ਆ ਇਨ੍ਹੇ ਸ਼ਿਤਾਬ।

ਚਰਕੋਂ ਸੇ ਸਤਿਗੁਰੂ ਕੇ ਜਿਗਰ ਹੈ ਮਿਰਾ ਕਬਾਬ।

ਗੋਬਿੰਦ ਨੇ ਗੰਵਾ ਦੀਯਾ ਸਭ ਮੇਰਾ ਰੁਅਬ ਦਾਬ।

ਰਾਜੋਂ ਕੇ ਸਾਥ ਮੇਰੀ ਭੀ ਮੱਟੀ ਹੂਈ ਖ਼ਰਾਬ।

ਚੱਲ ਸੁੱਚਾ ਨੰਦ! ਜੇਕਰ ਤੂੰ ਕਹਿੰਦਾ ਏਂ ਤਾਂ ਬੁਲਾ ਕੇ ਲਿਆ ਉਨ੍ਹਾਂ ਨੂੰ। ਇਹਨਾਂ ਦੇ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਜਿੰਨੀਆ ਚੋਬਾਂ ਮਾਰੀਆਂ ਨੇ ਇਹ ਮੇਰਾ ਦੁਖੀ ਦਿਲ ਹੀ ਜਾਣਦਾ ਹੈ। ਮੈਂ ਸਰਹੰਦ ਦਾ ਨਵਾਬ ਹੋਵਾਂ, ਮੈਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਰਿਆਸਤ ਦਾ ਨਵਾਬ ਹੋਵਾਂ ਤੇ ਮੇਰੀ ਇਹ ਹਾਲਤ ਹੋਵੇ। ਇਹਨਾਂ ਦੇ ਪਿਤਾ ਨੇ ਮੈਨੂੰ ਇੰਨਾ ਦੁਖੀ ਕੀਤਾ ਹੈ, ਤੂੰ ਜਲਦੀ ਕਰ ਲਿਆ ਉਹਨਾਂ ਨੂੰ, ਮੈਂ ਬਦਲਾ ਲੈਣ ਲਈ ਤਿਆਰ ਹਾਂ। ਮੇਰਾ ਸਾਰੇ ਹਿੰਦੁਸਤਾਨ ਵਿੱਚ ਰੋਅਬ ਚਲਦਾ ਹੈ। ਸਾਰਾ ਹਿੰਦੁਸਤਾਨ ਮੇਰਾ ਰੋਅਬ ਮੰਨਦਾ ਹੈ। ਪਰ ਇੱਕ ਇਹਨਾਂ ਦਾ ਪਿਤਾ ਹੀ ਗੁਰੂ ਗੋਬਿੰਦ ਸਿੰਘ ਜੋ ਮੇਰਾ ਰੋਅਬ ਲਈ ਮੰਨਦਾ। ਇਹਨਾਂ ਦੇ ਪਿਤਾ ਨੇ ਮੇਰਾ ਰੋਅਬ ਗੁਆ ਦਿੱਤਾ ਹੈ।

ਵਜ਼ੀਰ ਖ਼ਾਂ ਪਹਾੜੀ ਰਾਜਿਆਂ ਦੀ ਗੱਲ ਵੀ ਕਰ ਰਿਹਾ ਹੈ ਕਿ-

ਰਾਜੋਂ ਕੇ ਸਾਥ ਮੇਰੀ ਭੀ ਮੱਟੀ ਹੂਈ ਖ਼ਰਾਬ।

ਬਾਈਧਾਰ ਦੇ ਰਾਜਿਆਂ ਨਾਲ ਮਿਲ ਕੇ ਮੈਂ ਅਨੰਦਪੁਰ ਦੇ ਕਿਲ੍ਹੇ ਦਾ ਲਗਭਗ 6-7 ਮਹੀਨੇ ਘੇਰਾ ਪਾਈ ਰੱਖਿਆ, ਇੰਨਾਂ ਕੁੱਝ ਕੀਤਾ, ਮੈਂ ਝੂਠੀਆਂ ਕਸਮਾਂ ਵੀ ਖਾਧੀਆਂ, ਧਰਮ ਗ੍ਰੰਥਾਂ ਦੀਆਂ ਝੂਠੀਆਂ ਕਸਮਾਂ ਖਾ ਕੇ ਤੋੜੀਆਂ ਵੀ, ਬੇਈਮਾਨ ਵੀ ਬਣਿਆ, ਪਰ ਜਿਵੇਂ ਉਹਨਾਂ ਰਾਜਿਆਂ ਦੀ ਬੇ-ਪਤੀ ਹੋਈ, ਉਹਨਾਂ ਦੇ ਨਾਲ ਮੇਰੀ ਵੀ ਬੇ-ਪਤੀ ਹੋਈ, ਮੈਂ ਬੇਇਜ਼ਤ ਹੋ ਗਿਆ।

ਦੁਸ਼ਮਨ ਕੇ ਬੱਚੇ ਕਤਲ ਕਰੂੰਗਾ ਜ਼ਰੂਰ ਮੈਂ।

ਕਹਨੇ ਪਿ ਤੇਰੇ ਆਜ ਚਲੂੰਗਾ ਜ਼ਰੂਰ ਮੈਂ।

ਵਜ਼ੀਰ ਖਾਂ, ਸੁੱਚਾ ਨੰਦ ਨੂੰ ਸੰਬੋਧਨ ਹੋ ਕੇ ਆਖ ਰਿਹਾ ਹੈ ਕਿ ਸੁੱਚਾ ਨੰਦ! ਜਿਵੇਂ ਤੂੰ ਕਹਿੰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਮੈਂ ਆਪਣੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਜ਼ਰੂਰ ਕਤਲ ਕਰਾਂਗਾ। ਵਜ਼ੀਰ ਖ਼ਾਂ ਦੇ ਅੰਦਰ ਜਵਾਲਾ ਭੜਕ ਰਹੀ ਹੈ ਤੇ ਸੁੱਚਾ ਨੰਦ ਨੇ ਬਲਦੀ ਤੇ ਤੇਲ ਪਾ ਕੇ ਹੋਰ ਭੜਕਾ ਕੇ ਰੱਖ ਦਿੱਤੀ। ਹੁਣ ਫ਼ੌਜੀਆਂ ਨੂੰ ਹੁਕਮ ਦਿੱਤਾ ਗਿਆ ਤੇ ਫ਼ੌਜੀ ਸਿਪਾਹੀ ਮਾਂ ਗੁਜਰੀ ਕੋਲੋਂ ਸਾਹਿਬਜਾਂਦਿਆਂ ਨੂੰ ਲੈਣ ਲਈ ਚੱਲ ਪਏ।

ਉਧਰ ਮਾਂ ਗੁਜਰੀ ਜੋ ਕਿ ਜਾਣਦੀ ਹੈ ਕਿ ਇਹ ਸਮਾਂ ਆਉਣ ਵਾਲਾ ਹੈ। ਮਾਂ ਗੁਜਰੀ ਜਿੱਥੇ ਆਪਣੇ ਇਹਨਾਂ ਸਾਹਿਬਜ਼ਾਦਿਆਂ ਨੂੰ ਸਵੇਰ, ਸ਼ਾਮ ਨਿਤਨੇਮ ਦੀਆਂ ਬਾਣੀਆਂ ਨਾਲ ਜੋੜ ਕੇ ਪ੍ਰਪੱਕ ਕਰ ਰਹੀ ਹੈ। ਉਥੇ ਉਹ ਬੱਚਿਆਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਜੰਗਾਂ ਅਤੇ ਇਤਿਹਾਸ ਦੀਆਂ ਬਾਤਾਂ ਵੀ ਸੁਣਾਉਂਦੀ ਹੈ। ਬਾਰ-ਬਾਰ ਉਹ ਬੱਚਿਆਂ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਦੀ ਗਾਥਾਵਾਂ ਵੀ ਸੁਣਾਉਂਦੀ ਹੈ। ਮਾਤਾ ਗੁਜਰੀ ਜੀ ਆਪਣੇ ਲਾਲਾਂ ਨੂੰ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀਆਂ ਬਾਤਾਂ ਵੀ ਸੁਣਾਉਂਦੀ ਹੈ।

ਬਿਲਕੁਲ ਉਹੀ ਬਾਤ ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫ਼ੁਰਮਾਈ ਹੈ ਕਿ:

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ।।

(ਸਲੋਕ ਮਹਲਾ ੩-੯੫੧)

ਉਸੇ ਸਿੱਖਿਆ `ਤੇ ਚਲ ਕੇ ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਗੁਰੂ ਬਾਬਿਆਂ ਦੀਆਂ ਸ਼ਹੀਦੀਆਂ ਦੀਆਂ ਗਾਥਾਵਾਂ ਸੁਣਾ-ਸੁਣਾ ਕੇ ਪ੍ਰਪੱਕ ਕਰ ਦਿੱਤਾ।

ਜਦੋਂ ਸਿਪਾਹੀ ਬੱਚਿਆਂ ਨੂੰ ਪਹਿਲੀ ਪੇਸ਼ੀ ਲਈ ਲੈਣ ਗਏ ਤਾਂ ਹੁਣ ਇਹਨਾਂ ਦਾ ਸਰਦਾਰ ਕੋਈ ਹੋਰ ਨਹੀਂ, ਇਹਨਾਂ ਦੀ ਸਰਦਾਰੀ ਖ਼ੁਦ ਆਪ ਸੁੱਚਾ ਨੰਦ ਕਰ ਰਿਹਾ ਹੈ ਤੇ ਹਰ ਕੰਮ ਅੱਗੇ ਵਧ-ਵਧ ਕੇ ਆਪ ਕਰ ਰਿਹਾ ਹੈ। ਅੱਲ੍ਹਾ ਯਾਰ ਖ਼ਾਂ ਆਪਣੀ ਗੱਲ ਨੂੰ ਅੱਗੇ ਵਧਾਉਂਦਾ ਕਹਿੰਦਾ ਹੈ:

ਬਚੋਂ ਕੋ ਲੇਨੇ ਆਏ ਗਰਜ ਚੰਦ ਬੇਹਯਾ।

ਸਰਦਾਰ ਇਨ ਕਾ ਕਹਤੇ ਹੈਂ ਕਿ ਸੁੱਚਾ ਨੰਦ ਥਾ।

ਮਾਤਾ ਨੇ ਦੇਖ ਕਰ ਕਹਾ ਹੈ ਹੈ ਗਜਬ ਹੂਆ।

ਬਸ ਆਨ ਪਹੁੰਚਾ ਸਰ ਪਿ ਹੈ ਮੌਕਾ ਜੁਦਾਈ ਕਾ।

ਹੁਣ ਮਾਂ ਗੁਜਰੀ ਨੇ ਸੋਚ ਲਿਆ ਕਿ ਹੁਣ ਜੁਦਾਈ ਦਾ ਸਮਾਂ ਆਉਣ ਵਾਲਾ ਹੈ। ਇਥੇ ਆਪ ਜੀ ਦੇ ਗਿਆਨ ਲਈ ਦੱਸਣਾ ਜਰੂਰੀ ਹੈ ਕਿ ਜੋਗੀ ਅੱਲ੍ਹਾ ਯਾਰ ਖ਼ਾਂ ਨੇ ਆਪਣੀ ਗਾਥਾ “ਸ਼ਹੀਦਾਨਿ-ਵਫ਼ਾ” ਵਿੱਚ ਕੇਵਲ ਇੱਕ ਹੀ ਪੇਸ਼ੀ ਦੀ ਗੱਲ ਕਹੀ ਹੈ, ਪਰ ਬਹੁਗਿਣਤੀ ਇਤਿਹਾਸਕਾਰ ਇਹ ਲਿਖਦੇ ਹਨ ਕਿ ਸਾਹਿਬਜਾਦਿਆਂ ਦੀਆਂ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਤਿੰਨ ਪੇਸ਼ੀਆਂ ਹੋਈਆਂ ਸਨ। ਜੋਗੀ ਅੱਲ੍ਹਾ ਯਾਰ ਖ਼ਾਂ ਨੇ ਕੇਵਲ ਇੱਕ ਹੀ ਪੇਸ਼ੀ ਵਿੱਚ ਇਸ ਕਿੱਸੇ ਨੂੰ ਮੁਕਾਇਆ ਹੈ, ਪਰ ਤਿੰਨ ਪੇਸ਼ੀਆਂ ਹੋਈਆਂ ਸਨ।

ਮਾਂ ਗੁਜਰੀ ਦੇ ਕੋਲੋਂ ਜਦੋਂ ਬੱਚਿਆਂ ਨੂੰ ਸਿਪਾਹੀ ਪਹਿਲੀ ਪੇਸ਼ੀ ਲਈ ਲੈਣ ਲਈ ਆਏ ਤਾਂ ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਤੋਰਨ ਤੋਂ ਪਹਿਲਾਂ ਤਿੰਨ ਗੱਲਾਂ ਦ੍ਰਿੜ ਕਰਵਾਈਆਂ ਸਨ ਉਹ ਅੱਜ ਦੇ ਸਮੇਂ ਵਿਚ, ਅੱਜ ਦੀਆਂ ਮਾਵਾਂ ਨੂੰ ਲੋੜ ਹੈ ਕਿ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਉਹੀ ਤਿੰਨ ਗੱਲਾਂ ਜਰੂਰ ਦ੍ਰਿੜ ਕਰਵਾਉਣ, ਕਿਉਂਕਿ ਸਾਡੇ ਬੱਚੇ ਗੁਰੂ ਤੋਂ ਬੇਮੁਖ ਹੋ ਰਹੇ ਹਨ, ਬੱਚੇ ਗਲਤ ਸੁਸਾਇਟੀ ਵਿੱਚ ਜਾ ਰਹੇ ਹਨ, ਬੱਚੇ ਮਾਂ ਬਾਪ ਦੇ ਆਗਿਆਕਾਰੀ ਨਹੀਂ ਰਹਿ ਰਹੇ, ਇਸ ਦਾ ਕਾਰਨ ਇਹੀ ਮਿਲੇਗਾ ਕਿ ਸ਼ਾਇਦ ਅਸੀ ਉਹ ਗੱਲ੍ਹਾਂ ਦ੍ਰਿੜ ਨਹੀ ਕਰਵਾ ਰਹੇ, ਇਸ ਦੇ ਵਿੱਚ ਅਸੀਂ ਜ਼ਿਆਦਾ ਗੁਨਾਹਗਾਰ ਹਾਂ। ਅੱਜ ਸਾਡੇ ਘਰਾਂ ਵਿੱਚ ਬੀਬੀਆਂ ਦਾ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਹ ਗੱਲਾਂ ਦ੍ਰਿੜ ਕਰਵਾਉਣ ਜੋ ਮਾਂ ਗੁਜਰੀ ਜੀ ਨੇ ਸਾਹਿਬਜਾਦਿਆਂ ਨੂੰ ਦ੍ਰਿੜ ਕਰਵਾਈਆਂ ਸਨ। ਉਹ ਕਿਹੜੀਆਂ ਤਿੰਨ ਗੱਲਾਂ ਹਨ? ਬੜੀਆ ਬਾ-ਕਮਾਲ ਦੀਆਂ ਬਾਤਾਂ ਸਨ:

ਮਾਤਾ ਗੁਜਰੀ ਕਹਿੰਦੀ ਹੈ “ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ”, ਆਹ ਪਹਿਲੀ ਬਾਤ ਸੀ ਜੋ ਮਾਂ ਗੁਜਰੀ ਨੇ ਲਾਲਾਂ ਨੂੰ ਦ੍ਰਿੜ ਕਰਵਾਈ ਤੇ ਦੂਸਰੀ ਬਾਤ ਜੋ ਮਾਤਾ ਜੀ ਨੇ ਦ੍ਰਿੜ ਕਰਾਵਾਈ ਉਹ ਸੀ “ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤਰੇ ਹੋ। “ ਤੀਸਰੀ ਬਾਤ ਮਾਂ ਗੁਜਰੀ ਜੀ ਨੇ ਬੱਚਿਆਂ ਨੂੰ ਸਮਝਾਈ, ਬੜੀ ਵਜ਼ਨਦਾਰ ਬਾਤ ਸੀ, ਜਿਸ ਦੇ ਵਿੱਚ ਘਰ ਪਰਿਵਾਰ ਦੀ ਕੋਈ ਬਾਤ ਨਹੀ ਹੈ। ਕੋਈ ਖੂਨ ਦੇ ਰਿਸ਼ਤੇ ਦੀ ਬਾਤ ਨਹੀ ਹੈ। ਤੀਸਰੀ ਬਾਤ ਵਿਚਾਰ ਦੇ ਰਿਸ਼ਤੇ ਦੀ ਬਾਤ ਹੈ, ਕਿਉਂਕਿ ਅਸਲ ਰਿਸ਼ਤਾ ਹੀ ਵਿਚਾਰ ਦਾ ਹੁੰਦਾ ਹੈ, ਕਿਉਂਕਿ ਜੇ ਪਿਉ- ਪੁੱਤਰ, ਮਾਂ-ਧੀ ਜਾਂ ਕਿਸੇ ਰਿਸ਼ਤੇ ਦੀ ਆਪਸ ਵਿੱਚ ਵਿਚਾਰ ਨਾ ਮਿਲੇ ਤਾਂ ਰਿਸ਼ਤੇ ਟੁੱਟ ਜਾਂਦੇ ਹਨ, ਦੂਰੀਆਂ ਪੈ ਜਾਂਦੀਆਂ ਹਨ, ਅਸਲ ਵਿੱਚ ਰਿਸ਼ਤਾ ਹੀ ਵਿਚਾਰ ਦਾ ਹੁੰਦਾ ਹੈ। ਵਿਚਾਰਾਂ ਦੀ ਸਾਂਝ ਜੇਕਰ ਨਾ ਹੋਵੇ ਤਾਂ ਪਤੀ-ਪਤਨੀ ਦਾ ਰਿਸ਼ਤਾ ਵੀ ਟੁੱਟ ਕੇ ਤਲਾਕ ਵਿੱਚ ਤਬਦੀਲ ਹੋ ਜਾਂਦਾ ਹੈ। ਪਿਉ- ਪੁੱਤਰ ਦਾ ਰਿਸ਼ਤਾ ਬੇਦਖਲੀ ਵਿੱਚ ਬਦਲ ਜਾਂਦਾ ਹੈ। ਇਹ ਵੱਖਰੀ ਬਾਤ ਹੈ ਕਿ ਅਸੀਂ ਸਰੀਰਾਂ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ ਰੱਖਦੇ ਹਾਂ, ਕੇਵਲ ਖੂਨ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ ਰੱਖਦੇ ਹਾਂ।

ਮੈਂ ਬੇਨਤੀ ਕਰ ਦਿਆਂ ਕਿ ਜਿਸ ਦਿਨ ਵਿਚਾਰ ਦੇ ਰਿਸ਼ਤਿਆਂ ਦੀ ਬਾਤ ਆ ਗਈ, ਉਸ ਦਿਨ ਵਧੀਆ ਸਮਾਜ ਦੀ ਉਸਾਰੀ ਹੋ ਜਾਵੇਗੀ।

ਤੇ ਮਾਂ ਗੁਜਰੀ ਜੀ ਨੇ ਜੋ ਤੀਸਰੀ ਬਾਤ ਸਮਝਾਈ ਬੱਚਿਆਂ ਨੂੰ-ਉਹ ਸੀ “ਬੱਚਿਉ! ਯਾਦ ਰੱਖਣਾ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ। “

ਪਰ ਗੁਰੂ ਨਾਨਕ ਪਾਤਸ਼ਾਹ ਤਾਂ ਬਖ਼ਸ਼ਿਸ਼ਾਂ ਕਰਨ ਨੂੰ ਅੱਜ ਵੀ ਤਿਆਰ ਹਨ, ਪਰ ਜੇਕਰ ਸਾਡਾ ਸਿਰ ਹੀ ਗੁਰੂ ਨਾਨਕ ਸਾਹਿਬ ਦੇ ਹੱਥਾਂ ਹੇਠ ਨਾ ਆਵੇ ਤਾਂ ਗੁਰੂ ਨਾਨਕ ਸਾਹਿਬ ਦਾ ਕੀ ਕਸੂਰ ਹੈ? ਅਸੀਂ ਹੀ ਆਪਣਾ ਸਿਰ ਗੁਰੂ ਨਾਨਕ ਸਾਹਿਬ ਦੇ ਹੱਥਾਂ ਹੇਠੋਂ ਹੋਰ-ਹੋਰ ਪਾਸੇ ਨੂੰ ਲਈ ਫਿਰਦੇ ਹਾਂ। ਜ਼ਰਾ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਦੇਖੀਏ ਕਿ ਗੁਰੂ ਨਾਨਕ ਸਾਹਿਬ ਅਤੇ ਸਾਡੀ ਵਿਚਾਰਧਾਰਾ ਵਿੱਚ ਕਿੰਨਾ ਕੁ ਅੰਤਰ ਹੈ। ਉਦਾਹਰਣ ਵਜੋਂ ਸਪਸ਼ਟ ਕਰਨ ਦਾ ਯਤਨ ਕਰਾਂ:

ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਿਆਨ ਨਾਲ ਪੜੀਏ ਤਾਂ ਸਾਨੂੰ ਲਗੇਗਾ ਕਿ ਇਹ ਬਾਣੀ ਗੁਰੂ ਅੰਗਦ ਸਾਹਿਬ ਦੀ ਹੈ। ਇਹ ਬਾਣੀ ਗੁਰੂ ਅਮਰਦਾਸ ਜੀ ਦੀ ਹੈ, ਇਹ ਬਾਣੀ ਗੁਰੂ ਰਾਮਦਾਸ ਜੀ ਦੀ ਹੈ। ਇਹ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ। ਇਹ ਬਾਣੀ ਗੁਰੂ ਤੇਗ਼ ਬਹਾਦਰ ਜੀ ਦੀ ਹੈ। ਇਸੇ ਤਰ੍ਹਾਂ ਇਹ ਪਤਾ ਚਲਦਾ ਹੈ ਕਿ ਇਹ ਬਾਣੀ ਭਗਤ ਕਬੀਰ ਜੀ ਦੀ, ਭਗਤ ਫ਼ਰੀਦ ਜੀ ਦੀ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਦੀ ਹੈ। ਪਰ ਜਦੋਂ ਅਸੀਂ ਗੁਰੂ ਸਾਹਿਬਾਨ ਦੀ ਅਤੇ ਭਗਤਾਂ ਦੀ ਬਾਣੀ ਧਿਆਨ ਨਾਲ ਅਤੇ ਡੂੰਘਾਈ ਨਾਲ ਵਾਚਾਂਗੇ ਤਾਂ ਇੱਕ ਗੱਲ ਤੇ ਨਿਰਣਾ ਆਵੇਗਾ ਕਿ ਇਹ ਸਾਰੀ ਬਾਣੀ ਗੁਰੂ ਨਾਨਕ ਵਿਚਾਰਧਾਰਾ ਦੀ ਹੈ। ਇਥੇ ਸਥਾਨ ਹੀ ਉਹਨਾਂ ਨੂੰ ਮਿਲਿਆ ਹੈ ਜਿਹੜੇ ਗੁਰੂ ਨਾਨਕ ਵਿਚਾਰਧਾਰਾ ਦੀ ਕਸਵੱਟੀ ਤੇ ਪੂਰੇ ਉਤਰੇ ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਪੂਰੇ ਨਹੀ ਉਤਰੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਟਿਕਾਣਾ ਨਹੀ ਮਿਲਿਆ।

ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ। ਉਸ ਸਮੇ ਦੇ ਚਾਰ ਭਗਤ- ਕਾਨ੍ਹਾ, ਛੱਜੂ ਪੀਲੂ, ਅਤੇ ਸ਼ਾਹ ਹੁਸੈਨ ਵੀ ਆਪਣੇ-ਆਪਣੇ ਵਿਚਾਰ ਦਰਜ ਕਰਾਉਣ ਲਈ ਆਏ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਆਪਣੇ-ਆਪਣੇ ਵਿਚਾਰ ਅਤੇ ਰਚਨਾਵਾਂ ਸੁਣਾ ਦਿਉ ਜੇਕਰ ਉਹ ਗੁਰੂ ਨਾਨਕ ਵਿਚਾਰਧਾਰਾ ਤੇ ਪੂਰੀਆਂ ਉਤਰਣਗੀਆਂ ਤਾਂ ਜਰੂਰ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਪਰ ਜਦੋਂ ਉਹਨਾਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਸਨ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਵਿਚਾਰਧਾਰਾ ਸੁਣ ਕੇ ਆਖ ਦਿੱਤਾ ਸੀ ਕਿ ਇਹ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਕਸਵੱਟੀ ਤੇ ਪੂਰੀਆਂ ਨਹੀ ਉਤਰਦੀਆਂ।

ਇਥੇ ਮੈਂ ਉਹਨਾਂ ਵਲੋਂ ਕੇਵਲ ਇੱਕ ਦੀ ਗੱਲ ਕਰ ਦਿਆਂ, ਉਹਨਾਂ ਵਿਚੋਂ ਜਦੋਂ ਛੱਜੂ ਨੇ ਆਪਣੀ ਕਵਿਤਾ ਸੁਣਾਈ:

ਕਾਗਦ ਸੰਦੀ ਪੁਤਲੀ, ਤਉ ਨ ਤ੍ਰਿਆ ਨਿਹਾਰ।

ਇਉਂ ਹੀ ਮਾਰ ਲੈ ਜਾਇਗੀ, ਜਿਉਂ ਬਲੋਚਾਂ ਦੀ ਧਾੜ।

ਭਾਵ ਕਿ ਇਸਤਰੀ ਕਾਗਜ ਦੀ ਵੀ ਬਣੀ ਹੋਵੇ ਤਾਂ ਵੀ ਉਸ ਨੂੰ ਤੱਕਣਾ ਨਹੀ ਚਾਹੀਦਾ, ਮਨ ਡੋਲ ਜਾਂਦਾ ਹੈ। ਮਨ ਵਿੱਚ ਬੁਰੀਆਂ ਭਾਵਨਾਵਾਂ, ਬੁਰੇ ਖ਼ਿਆਲ ਪੈਦਾ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ “ਛੱਜੂ! ਹੋ ਸਕਦਾ ਹੈ ਕਿ ਤੁਹਾਡੇ ਘਰ ਵਿੱਚ ਪਤਨੀ ਰੂਪੀ ਇਸਤਰੀ ਨਾ ਹੋਵੇ, ਹੋ ਸਕਦਾ ਹੈ ਕਿ ਆਪ ਦੇ ਘਰ ਵਿੱਚ ਭੈਣ ਰੂਪੀ, ਪੁੱਤਰੀ ਰੂਪੀ ਇਸਤਰੀ ਨਾ ਹੋਵੇ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੇਰੇ ਘਰ ਵਿੱਚ ਇਸਤਰੀ ਰੂਪੀ ਮਾਂ ਹੀ ਨਾ ਹੋਵੇ, ਤੂੰ ਆਪਣੀ ਇਸਤਰੀ ਰੂਪੀ ਮਾਂ ਨੂੰ ਹੀ ਬੁਰਾ ਕਹਿ ਰਿਹਾ ਏ? ਇਹ ਮੇਰੇ ਗੁਰੂ ਨਾਨਕ ਦੀ ਵਿਚਾਰਧਾਰਾ ਨਹੀ ਹੈ। “ ਗੁਰੂ ਨਾਨਕ ਸਾਹਿਬ ਤਾਂ ਫ਼ੁਰਮਾਉਦੇ ਹਨ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

(ਮਹਲਾ ੧-੪੭੩)

ਇਹ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ। ਮੈਂ ਆਪਣੀਆ ਮਾਵਾਂ ਭੈਣਾਂ ਨੂੰ ਇਹ ਗੱਲ ਜਰੂਰ ਕਹਿਣੀ ਚਾਹਾਂਗਾ ਕਿ ਅੱਜ ਜੇਕਰ ਸੰਗਤ ਵਿੱਚ ਬਰਾਬਰਤਾ ਦੇ ਹੱਕ ਵਿੱਚ ਬੈਠੀਆਂ ਜੇ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਕਾਰਨ ਹੀ ਹੈ। ਤੁਹਾਨੂੰ ਹਰ ਸਮਾਜ ਅੰਦਰ, ਹਰ ਜਗ੍ਹਾ ਤੇ ਜੇਕਰ ਬਰਾਬਰਤਾ ਦਾ ਹੱਕ ਮਿਲਿਆ ਹੈ ਤਾਂ ਸਭ ਤੋਂ ਵੱਧ ਔਰਤ ਜਾਤ ਨੂੰ ਗੁਰੂ ਨਾਨਕ ਸਾਹਿਬ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਜੇਕਰ ਗੁਰੂ ਨਾਨਕ ਦੇਵ ਜੀ ਔਰਤ ਦੇ ਹੱਕ ਵਿੱਚ ਅਵਾਜ ਨਾ ਉਠਾਉਂਦੇ ਤਾਂ ਅੱਜ ਵੀ ਔਰਤ ਬੁਰਕੇ ਦੀ ਚਾਰਦੀਵਰੀ ਵਿੱਚ ਕੈਦ ਹੁੰਦੀ। ਅੱਜ ਗੁਰਦੁਆਰਿਆਂ ਵਿਚ, ਸਮਾਜਿਕ ਸਥਾਨਾਂ ਅਤੇ ਦਫ਼ਤਰਾਂ ਵਿੱਚ ਬਰਾਬਰਤਾ ਤੇ ਨਾ ਬੈਠੀ ਹੁੰਦੀ। ਇਸਦਾ ਸਿਹਰਾ ਔਰਤ ਜਾਤ ਵਲੋਂ ਗੁਰੂ ਨਾਨਕ ਸਾਹਿਬ ਨੂੰ ਦੇਣਾ ਬਣਦਾ ਹੈ।

ਪੰਚਮ ਪਾਤਸ਼ਾਹ ਜੀ ਨੇ ਆਖਿਆ ਕਿ ਛੱਜੂ! ਤੇਰੀ ਵਿਚਾਰਧਾਰਾ, ਗੁਰੂ ਨਾਨਕ ਦੀ ਵਿਚਾਰਾਰਾ ਤੇ ਪੂਰੀ ਨਹੀਂ ਉਤਰਦੀ। ਇਸੇ ਤਰ੍ਹਾਂ ਬਾਕੀ ਤਿੰਨ ਕਵੀਆਂ ਕਾਨ੍ਹਾ, ਪੀਲੂ ਅਤੇ ਸ਼ਾਹ ਹੁਸੈਨ ਦੀਆਂ ਰਚਨਾਵਾਂ ਨੇ ਵੀ ਗੁਰੂ ਨਾਨਕ ਵਿਚਾਰਧਾਰਾ ਨਾਲ ਮੇਲ ਨਾ ਖਾਧਾ।

ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਮੁਗਲ ਫ਼ੌਜੀ ਬੱਚਿਆਂ ਨੂੰ ਲੈਣ ਲਈ ਆਏ ਤਾਂ ਮਾਤਾ ਗੁਜਰੀ ਜੀ ਬੱਚਿਆਂ ਨੂੰ ਤਿੰਨ ਗੱਲਾਂ ਨਾਲ ਪ੍ਰਪੱਕ ਕਰ ਚੁੱਕੀ ਸੀ। ਉਹ ਤਿੰਨ ਸਿੱਖਿਆਵਾਂ ਜੋ ਆਪ ਜਾਣ ਚੁੱਕੇ ਹੋ ਕਿ:

ਬੱਚਿਉ! ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ।

ਬੱਚਿਉ! ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ।

ਬੱਚਿਉ! ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ।

ਬਸ! ਜਿਸ ਦਿਨ ਸਾਨੂੰ ਯਾਦ ਆ ਗਿਆ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਉਸ ਦਿਨ ਤੋਂ ਬਾਅਦ ਸਾਡੇ ਹੱਥ ਵਿੱਚ ਸ਼ਰਾਬ ਦਾ ਪਿਆਲਾ ਨਹੀਂ ਹੋਵੇਗਾ, ਸਿੱਖ ਸ਼ਰਾਬ ਦਾ ਵਪਾਰੀ ਨਹੀ ਹੋਵੇਗਾ, ਸਿੱਖ ਉਸ ਦਿਨ ਅੰਮ੍ਰਿਤ ਦਾ ਵਪਾਰੀ ਹੋਵੇਗਾ, ਪਰ ਸ਼ਰਤ ਇਹ ਹੈ ਕਿ ਜਿਸ ਦਿਨ ਸਾਡੇ ਹਰ ਸਿੱਖ ਦੇ ਦਿਮਾਗ ਵਿੱਚ ਇਹ ਗੱਲ ਆ ਗਈ ਕਿ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ।

ਮੈਂ ਵਿਚਾਰਧਾਰਾ ਦੀ ਸਾਂਝ ਦੀ ਗੱਲ ਕਰ ਰਿਹਾ ਹਾਂ ਕਿ ਸਾਨੂੰ ਕੋਈ ਪੁੱਛ ਲਵੇ ਕਿ ਸਾਡੇ ਵਿਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਸਵੱਟੀ ਅਨੁਸਾਰ ਅੰਨਾ ਵਿਅਕਤੀ ਕੌਣ ਹੈ। ? ਸਾਡੀ ਤੇ ਗੁਰੂ ਦੀ ਵਿਚਾਰਧਾਰਾ ਦਾ ਕਿੰਨਾ ਕੁ ਅੰਤਰ ਹੈ ਤਾਂ ਅਸੀ ਕਹਾਂਗੇ ਕਿ ਜਿਸ ਵਿਅਕਤੀ ਦੀਆਂ ਅੱਖਾਂ ਨਾ ਹੋਣ, ਉਹੀ ਅੰਨਾ ਵਿਅਕਤੀ ਹੈ। ਪਰ ਜੇਕਰ ਅਸੀਂ ਗੁਰੂ ਸਾਹਿਬਾਨ ਤੋਂ ਪੁੱਛ ਕੇ ਵੇਖੀਏ ਕਿ ਸਤਿਗੁਰੂ ਜੀ ਸਾਨੂੰ ਦਸੋ ਕਿ ਅੰਨਾਂ ਵਿਅਕਤੀ ਕੌਣ ਹੈ? ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਬਾਣੀ ਰਾਹੀਂ ਦਸਣਗੇ ਕਿ:

ਅੰਧੇ ਏਹਿ ਨ ਆਖੀਅਨ ਜਿਨ ਮੁਖਿ ਲੋਇਣ ਨਾਹਿ।।

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।।

(ਸਲੋਕ ਮਹਲਾ ੨-੯੫੪)

ਪਾਤਸ਼ਾਹ ਕਹਿੰਦੇ ਹਨ ਕਿ ਉਹਨਾਂ ਵਿਅਕਤੀਆਂ ਨੂੰ ਅੰਨੇ ਨਾ ਆਖੋ, ਜਿਨਾਂ ਦੀਆਂ ਦੁਨਿਆਵੀ ਅੱਖਾਂ ਨਹੀ ਹਨ ਤਾਂ ਫਿਰ ਅੱਗੇ ਸਤਿਗੁਰੂ ਜੀ ਆਪਣੀ ਅਗਲੀ ਪੰਗਤੀ ਵਿੱਚ ਫ਼ੁਰਮਾਣ ਕਰਕੇ ਸਾਡੇ ਭਰਮ ਦੀ ਨਵਿਰਤੀ ਕਰ ਰਹੇ ਹਨ ਕਿ ਅੰਨ੍ਹੇ ਉਹ ਹਨ ਜਿੰਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ, ਜਿਨਾਂ ਵਿਅਕਤੀਆਂ ਨੂੰ ਪਰਮੇਸ਼ਰ ਭੁਲਿਆ ਹੋਇਆ ਹੈ। ਉਹ ਵਿਅਕਤੀ ਅੰਨ੍ਹੇ ਹਨ ਤੇ ਜ਼ਰਾ ਅਸੀਂ ਵੀ ਆਪਣੇ-ਆਪਣੇ ਮਨਾਂ ਦੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਕਿਧਰੇ ਅਸੀ ਵੀ ਤਾਂ ਅੰਨੇ ਨਹੀ, ਕਿਤੇ ਅਸੀਂ ਵੀ ਪ੍ਰਮੇਸ਼ਰ ਨੂੰ ਭੁਲਾਈ ਤਾਂ ਨਹੀ ਬੈਠੇ। ਮੈਂ ਕਿੰਨਿਆਂ ਕੁ ਦੀ ਬਾਤ ਕਰਾਂ ਜਿਥੇ ਸਾਡੀ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਆਪਸ ਵਿੱਚ ਮੇਲ ਨਹੀ ਖਾਂਦੀ ਤੇ ਜਿੱਥੇ ਵਿਚਾਰਧਾਰਾ ਦਾ ਮੇਲ ਨਾ ਹੋਵੇ, ਉਥੇ:

ਪਤੀ-ਪਤਨੀ ਦਾ ਰਿਸ਼ਤਾ ਟੁੱਟ ਜਾਂਦਾ ਹੈ।

ਭਰਾ-ਭਰਾ ਦਾ ਰਿਸ਼ਤਾ ਟੁੱਟ ਜਾਂਦਾ ਹੈ।

ਪਿਉ-ਪੁੱਤਰ ਦਾ ਰਿਸ਼ਤਾ ਟੁੱਟ ਜਾਂਦਾ ਹੈ।

ਤੇ ਫਿਰ ਗੁਰੂ ਤੇ ਸਿੱਖ ਦਾ ਰਿਸ਼ਤਾ ਕਿਵੇਂ ਬਣੇਗਾ। ਜਿਥੇ ਵਿਚਾਰਾਂ ਦੀ ਸਾਂਝ ਹੀ ਨਹੀ ਹੋਵੇਗੀ। ਮੇਰੇ ਕਲਗੀਧਰ ਦੇ ਲਾਡਲਿਆਂ ਨੂੰ ਮਾਤਾ ਗੁਜਰੀ ਜੀ ਨੇ ਇਹਨਾਂ ਵਿਚਾਰਾਂ ਨਾਲ ਪ੍ਰਪੱਕ ਕਰਕੇ ਤੋਰਿਆ। ਬਸ! ਬੱਚਿਉ ਯਾਦ ਰੱਖਣਾ ਕਿ ਤੁਸੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋ।

ਹੁਣ ਜਦੋਂ ਦਾਦੀ ਮਾਂ ਸਾਹਿਬਜਾਦਿਆਂ ਨੂੰ ਉਹਨਾਂ ਮੁਗਲ ਸਿਪਾਹੀਆਂ ਦੇ ਨਾਲ ਪੇਸ਼ੀ ਲਈ ਤੋਰਨ ਲੱਗੀ ਹੈ। ਜੋਗੀ ਅੱਲਾ ਯਾਰ ਖ਼ਾਂ ਬੜੇ ਹੀ ਵੈਰਾਗਮਈ ਸ਼ਬਦਾਂ ਨਾਲ ਬਿਆਨ ਕਰ ਰਿਹਾ ਹੈ:

ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋਂ ਲੂੰ।

ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।

ਮਾਂ ਗੁਜਰੀ ਜੀ ਬੱਚਿਆਂ ਨੂੰ ਤੋਰਨ ਤੇ ਪਹਿਲਾਂ ਪਿਆਰ ਨਾਲ ਕਹਿ ਰਹੀ ਹੈ ਕਿ ਆਓ ਬੱਚਿਉ! ਮੈ ਤੁਹਾਡੇ ਕੇਸਾਂ ਨੂੰ ਸਵਾਰ ਦਿਆਂ। ਇਥੇ ਵਿਸ਼ਾ ਕੇਸਾਂ ਦਾ ਆਇਆ ਹੈ ਤੇ ਅੱਜ ਦੀ ਮਾਂ ਅਤੇ ਉਸ ਦਾਦੀ ਮਾਂ ਦੇ ਵਿਚਾਰਾਂ ਵਿੱਚ ਸੋਚ ਦਾ ਕਿੰਨਾ ਫ਼ਰਕ ਹੈ। ਇਸ ਵਿਸ਼ੇ ਤੇ ਵਿਚਾਰ ਕਰਨੀ ਜਰੂਰੀ ਬਣਦੀ ਹੈ ਕਿ ਪੁਰਾਤਨ ਮਾਵਾਂ ਅਤੇ ਅਜ ਦੀਆਂ ਮਾਵਾਂ ਦੇ ਵਿਚਾਰਾਂ ਵਿੱਚ ਕਿੰਨਾ ਕੁ ਫ਼ਰਕ ਹੈ।

ਪੁਰਾਤਨ ਸਮਿਆਂ ਵਿੱਚ ਆਹ ਪਟਕਾ ਨਹੀ ਸੀ ਹੁੰਦਾ, ਵੱਧ ਤੋਂ ਵੱਧ ਜੂੜੇ ਤੇ ਰੁਮਾਲ ਹੁੰਦਾ ਸੀ ਤੇ ਬੱਚਿਆਂ ਦੇ ਬਾਹਰ ਖੇਡਦਿਆਂ-ਖੇਡਦਿਆਂ, ਲੜਦਿਆਂ-ਭਿੜਦਿਆਂ, ਦੌੜਦਿਆਂ ਕੇਸ ਖੁਲ ਜਾਣੇ, ਇੱਕ ਸੁਭਾਵਿਕ ਗੱਲ ਸੀ। ਕੇਸ ਖੁੱਲ ਜਾਣੇ ਤੇ ਮਾਵਾਂ ਨੇ ਜਦੋਂ ਦੇਖਣਾ ਕਿ ਮੇਰੇ ਬੱਚੇ ਦੇ ਕੇਸ ਖੁੱਲੇ ਹੋਏ ਹਨ ਤਾਂ ਮਾਂ ਨੇ ਬੱਚੇ ਨੂੰ ਅਵਾਜ਼ ਮਾਰ ਕੇ ਕਹਿਣਾ ਕਿ ਬੇਟਾ! ਘਰ ਨੂੰ ਆ, ਤੇਰੇ ਕੇਸ ਖੁੱਲੇ ਹੋਏ ਨੇ, ਮੈਂ ਤੇਰੇ ਕੇਸ ਦੁਬਾਰਾ ਸਵਾਰ ਕੇ ਤੈਨੂੰ ਸਰਦਾਰ ਬਣਾ ਦਿਆਂ, ਆ ਜਲਦੀ ਘਰ ਨੂੰ ਆ।

ਪਰ ਦੁੱਖ ਦੀ ਗੱਲ ਹੈ ਕਿ ਅੱਜ ਦਾ ਬੱਚਾ ਜਦੋਂ ਮਾਂ ਨੂੰ ਕੇਸ ਵਾਹੁਣ ਦੀ ਗੱਲ ਕਰਦਾ ਹੈ ਤਾਂ ਅਜ ਮਾਂ ਆਖਦੀ ਹੈ ਕਿ ਮੇਰੇ ਕੋਲੋਂ ਤੇਰਾ ਝਾਟਾ ਬਾਰ-ਬਾਰ ਨਹੀਂ ਫੂਕਿਆ ਜਾਂਦਾ। ਇਹ ਸੁਣ ਕੇ ਪੁੱਤਰ ਵੀ ਆਖਦਾ ਹੈ ਕਿ ਜੇਕਰ ਤੇਰੇ ਕੋਲੋਂ ਬਾਰ-ਬਾਰ ਨਹੀ ਫੂਕਿਆ ਜਾਂਦਾ ਤਾਂ ਫਿਰ ਨਾਈ (BARBER) ਵਧੀਆ ਫੂਕ ਲੈਂਦਾ ਹੈ। ਬੱਚਾ ਤੁਰ ਪੈਂਦਾ ਹੈ ਨਾਈ ਦੀ ਦੁਕਾਨ ਵੱਲ ਨੂੰ। ਇੱਕ ਸਿੱਖ ਬੱਚਾ ਨਾਈ ਦੀ ਦੁਕਾਨ ਤੇ ਜਾਵੇ ਕਿੰਨੀ ਹੈਰਾਨਗੀ ਤੇ ਸ਼ਰਮ ਦੀ ਗੱਲ ਹੈ। ਤੁਸੀਂ ਹੈਰਾਨ ਹੋਵੇਗੇ ਕਿ ਸਿੱਖ ਬੱਚੇ ਬਾਹਰ ਵਿਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਹੀ ਨਾਈਆਂ ਦੀਆਂ ਦੁਕਾਨਾਂ ਤੇ ਚਲੇ ਜਾਂਦੇ ਹਨ ਤੇ ਨਾਈ ਵੀ ਪਹਿਲਾਂ ਕੁੱਝ ਰੁਪਏ ਸ਼ਗਨ ਦੇ ਤੌਰ ਤੇ ਲੈਂਦੇ ਹਨ। ਕਿਧਰ ਨੂੰ ਜਾ ਰਿਹਾ ਹੈ ਸਾਡਾ ਵਿਰਸਾ? ਸਾਨੂੰ ਖ਼ੁਦ ਨੂੰ ਵੀ ਲੱਗਦਾ ਹੈ ਕਿ ਜਿਵੇਂ ਕੇਸਾਂ ਦੇ ਨਾਲ ਸਾਡਾ ਬੱਚਾ ਜਹਾਜ਼ ਵਿੱਚ ਨਹੀ ਚੜ੍ਹ ਸਕੇਗਾ, ਕੇਸਾਂ ਨਾਲ ਸਾਡੇ ਬੱਚੇ ਨੂੰ ਸ਼ਾਇਦ ਵਿਦੇਸ਼ ਦੀ ਧਰਤੀ ਤੇ ਪੈਰ ਰੱਖਣਾ ਨਸੀਬ ਨਾ ਹੋਵੇ।

ਕਿਧਰੇ ਹਰਭਜਨ ਸਿੰਘ ਯੋਗੀ ਵਰਗਿਆਂ ਵੀਰਾਂ ਦਾ ਇਤਿਹਾਸ ਪੜ੍ਹਿਓ। ਉਹਨਾ ਨੇ ਤਾਂ ਈਸਾਈਆਂ ਨੂੰ ਵੀ ਪ੍ਰੇਰਣਾ ਦੇ ਕੇ ਸਿੱਖੀ ਵਿੱਚ ਲੈ ਆਂਦਾ, ਉਹਨਾਂ ਦੀ ਪ੍ਰੇਰਣਾ ਸਦਕਾ ਈਸਾਈ ਤੇ ਹੋਰ ਧਰਮਾਂ ਵਾਲੇ ਸਿੱਖੀ ਧਰਮ ਵਿੱਚ ਆ ਗਏ। ਪਰ ਅਸੀਂ ਆਪਣਾ ਧਰਮ ਹੀ ਗੁਆਈ ਜਾ ਰਹੇ ਹਾਂ।

ਮਾਂ ਗੁਜਰੀ ਕਹਿ ਰਹੀ ਹੈ ਕਿ ਆਓ ਬੱਚਿਉ! “ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ”। ਕੇਸਾਂ ਦੀ ਮਹੱਤਤਾ ਬਾਰੇ ਇੱਕ ਵਿਦਵਾਨ ਨੇ ਬੜੀ ਬਾ-ਕਮਾਲ ਗੱਲ ਲਿਖੀ ਹੈ। ਉਹ ਕਹਿੰਦਾ ਹੈ:

ਕੌਮਾਂ ਜੀਊਂਦੀਆਂ ਸਦਾ ਉਹ ਜੱਗ ਉੱਤੇ,

ਪੁੱਤਰ ਬੀਰ ਜਿਸ ਦੇ ਘਾਲਾਂ ਘਾਲਦੇ ਨੇ।

ਛੰਨ੍ਹਾ ਖੋਪੜੀ ਦਾ ਫੜ ਕੇ ਪੁੱਤ ਜਿਸ ਦੇ,

ਆਪਣੀ ਕੌਮ ਨੂੰ ਅੰਮ੍ਰਿਤ ਪਿਲਾਂਵਦੇ ਨੇ।

ਉਹ ਕਿਹੜੀ ਖੋਪੜੀ ਦੀ ਬਾਤ ਕਰ ਰਿਹਾ ਹੈ? ਉਹ ਬਾਤ ਕਰ ਰਿਹਾ ਹੈ, ਭਾਈ ਤਾਰੂ ਸਿੰਘ ਦੀ ਖੋਪੜੀ ਦੀ। ਉਹ ਭਾਈ ਤਾਰੂ ਸਿੰਘ ਜੀ ਜੋ ਕਿ ਪਿੰਡ ਪੂਹਲਾ ਦਾ ਰਹਿਣ ਵਾਲਾ ਸੀ ਅਤੇ ਉਸ ਸਮੇਂ ਜਕਰੀਆ ਖਾਨ ਦੇ ਕਾਰਨ ਸਿੰਘ ਸੂਰਬੀਰਾਂ ਨੂੰ ਘਰ-ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ ਸੀ। ਭਾਈ ਤਾਰੂ ਸਿੰਘ ਆਪਣੀ ਮਾਂ ਅਤੇ ਭੈਣ ਦੇ ਨਾਲ ਸਿੰਘ ਸੂਰਬੀਰਾਂ ਦੀ ਸੇਵਾ ਵਿੱਚ ਜੁੱਟ ਗਿਆ।

ਸ੍ਰ. ਨਰਿੰਦਰ ਸਿੰਘ ‘ਸੋਚ` ਦੀ ਕਲਮ ਤੇ ਹੋਰ ਵਿਦਵਾਨਾਂ ਦੀਆਂ ਕਲਮਾਂ ਰਾਹੀਂ ਇਸ ਇਤਿਹਾਸਿਕ ਘਟਨਾਕਰਮ ਦਾ ਬਹੁਤ ਭਾਵਪੂਰਤ ਚਿਤਰਨ ਕੀਤਾ ਗਿਆ ਹੈ।

ਭਾਈ ਤਾਰੂ ਸਿੰਘ ਦੇ ਵਿਚਾਰ ਸਨ ਕਿ ਇਹ ਸਿੰਘ ਸੂਰਬੀਰ ਆਪਣੇ ਨਿੱਜੀ ਸੁਆਰਥਾਂ ਲਈ ਨਹੀ ਲੜ ਰਹੇ, ਇਸ ਲਈ ਇਹਨਾਂ ਦੀ ਸੇਵਾ ਕਰਨਾ, ਉਹਨਾਂ ਆਪਣਾ ਧਰਮ ਸਮਝਿਆ। ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਵੀ ਆਪਣੇ ਯੋਗਦਾਨ ਪਾਉਂਦਿਆ ਕਿਹਾ “ਬੇਟਾ! ਆਪਾਂ ਘਰ ਵਿੱਚ ਤਿੰਨ ਮੈਂਬਰ ਹਾਂ ਇੱਕ ਤੂੰ, ਇੱਕ ਮਾਂ ਅਤੇ ਇੱਕ ਤੇਰੀ ਜਵਾਨ ਭੈਣ ਹੈ, ਕਿਉਂ ਨਾ ਹੋਵੇ ਤਾਂ ਅਸੀਂ ਤਿੰਨੇ ਰਲ ਕੇ ਸੇਵਾ ਦਾ ਦੀਵਾ ਬਾਲੀਏ। ਇਕ-ਇਕ ਦੀਵੇ ਨਾਲ ਆਪੇ ਹੀ ਦੀਵਾਲੀ ਬਣ ਜਾਵੇਗੀ। “

ਇਤਿਹਾਸਕ ਤੱਥਾਂ ਤੋ ਜਾਣਕਾਰੀ ਮਿਲਦੀ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਭੈਣ ਅਤੇ ਮਾਂ ਅੱਗ ਬਾਲ ਕੇ, ਆਟਾ ਗੁੰਨ ਕੇ, ਦਾਲ-ਪ੍ਰਸ਼ਾਦੇ ਤਿਆਰ ਕਰਕੇ ਭਾਈ ਤਾਰੂ ਸਿੰਘ ਦੇ ਸਿਰ ਤੇ ਰੱਖ ਕੇ ਉਹ ਲੰਗਰ ਜੰਗਲਾਂ ਵਿੱਚ ਸਿੰਘ ਸੂਰਬੀਰਾਂ ਲਈ ਭੇਜਣ ਦੀ ਸੇਵਾ ਕਰਦੀਆਂ ਹਨ। ਉਹ ਲੰਗਰ, ਜੰਗਲਾਂ ਵਿੱਚ ਸਿੰਘ ਸੂਰਬੀਰ ਛਕਦੇ ਹਨ। ਉਹ ਗੁਰੂ ਕਾ ਲੰਗਰ ਜੋ ਤਵੇ ਤੋਂ ਸ਼ੁਰੂ ਹੋਇਆ ਸੀ, ਚਲਦਾ-ਚਲਦਾ ਅੱਗੇ ਲੋਹਾਂ ਤੱਕ ਪਹੁੰਚ ਗਿਆ। ਜਿਹੜੀ ਦਾਲ ਇੱਕ ਪਤੀਲੇ ਤੋਂ ਸ਼ੁਰੂ ਹੋਈ ਸੀ ਚਲਦਿਆਂ-ਚਲਦਿਆਂ ਉਹ ਪਤੀਲਾਂ ਅੱਜ ਦੇਗਾਂ ਦਾ ਰੂਪ ਧਾਰਨ ਕਰ ਗਿਆ।

ਹੁਣ ਸੁੱਚਾ ਨੰਦ ਦੀ ਤਰ੍ਹਾਂ ਹੀ ਇੱਕ ਨਾਮ ਹੈ- ‘ਹਰਭਗਤ ਨਿਰੰਜਨੀਆ`। ਨਾਮ ਕਿੰਨਾ ਪਿਆਰਾ ਹੈ, ਪਰ ਕੰਮ ਕਿੰਨੇ ਘਟੀਆ। ਉਸ ਹਰਭਗਤ ਨਿਰੰਜਨੀਏ ਨੇ ਜ਼ਕਰੀਏ ਖ਼ਾਂ ਕੋਲ ਜਾ ਕੇ ਚੁਗਲੀ ਕਰ ਦਿੱਤੀ “ਆਹ ਤਾਰੂ ਸਿੰਘ ਵਰਗੇ ਜਿੰਨਾ ਚਿਰ ਪਿੰਡਾਂ ਵਿੱਚ ਜਿਊਂਦੇ ਫਿਰਦੇ ਨੇ, ਤੂੰ ਓਨਾ ਚਿਰ ਸਿੱਖਾਂ ਦਾ ਖਾਤਮਾ ਨਹੀ ਕਰ ਸਕਦਾ। ਜੇਕਰ ਤੂੰ ਸਿੱਖਾਂ ਦੀਆਂ ਜੜ੍ਹਾਂ ਵੱਢਣੀਆਂ ਹਨ ਤਾਂ ਪਹਿਲਾਂ ਤਾਰੂ ਸਿੰਘ ਵਰਗਿਆਂ ਦੀਆਂ ਜੜ੍ਹਾਂ ਤੈਨੂੰ ਵੱਢਣੀਆਂ ਪੈਣਗੀਆਂ। “

ਇਹ ਚੁਗਲੀ ਸੁਣਦਿਆਂ ਹੀ ਜ਼ਕਰੀਆਂ ਖ਼ਾਂ ਨੇ ਗ੍ਰਿਫਤਾਰੀ ਦਾ ਹੁਕਮ ਸੁਣਾ ਦਿੱਤਾ। 200 ਫ਼ੌਜੀਆਂ ਦਾ ਦਸਤਾ ਭਾਈ ਤਾਰੂ ਸਿੰਘ ਦੇ ਘਰ ਭੇਜ ਦਿੱਤਾ। ਹੁਣ ਅੱਗੇ ਘਰ ਦਾ ਦ੍ਰਿਸ਼ ਕੀ ਹੈ? ਮਾਂ ਅਤੇ ਧੀ ਰਲ ਕੇ ਲੰਗਰ ਤਿਆਰ ਕਰ ਰਹੀਆਂ ਹਨ। ਸਿਪਾਹੀ ਘਰ ਅੰਦਰ ਜਾ ਕੇ ਉਹਨਾਂ ਨੂੰ ਪੁੱਛਦੇ ਹਨ “ਤਾਰੂ ਸਿੰਘ ਕਿੱਥੇ ਹੈ? “ ਮਾਂ ਕਹਿੰਦੀ ਹੈ “ਬਾਹਰ ਗਿਆ ਹੈ? “ ਸਿਪਾਹੀ ਕਹਿਣ ਲੱਗੇ “ਸਾਡੀ ਆਹਟ ਸੁਣ ਕੇ ਲੱਗਦਾ ਹੈ ਕਿ ਡਰ ਕੇ ਭੱਜ ਗਿਆ ਹੈ। “ ਮਾਂ ਭਰੋਸੇ ਨਾਲ ਕਹਿਣ ਲੱਗੀ “ਕਾਕਾ। ਡਰ ਕੇ ਚੋਰ ਭੱਜਦੇ ਹਨ, ਕਾਤਲ ਭੱਜਦੇ ਹਨ, ਡਾਕੂ ਭੱਜਦੇ ਹਨ। ਮੇਰਾ ਪੁੱਤਰ ਕਿਉਂ ਭੱਜੇਗਾ, ਉਹ ਮੇਰਾ ਪੁੱਤਰ ਹੈ ਹੁਣੇ ਆਉਂਦਾ ਹੀ ਹੋਵੇਗਾ, ਤੁਸੀਂ ਅਰਾਮ ਨਾਲ ਬੈਠੋ ਤੇ ਪ੍ਰਸ਼ਾਦਾ ਛੱਕ ਲਓ। “

ਇੱਕ ਸਿਪਾਹੀ ਹੌਲੀ-ਹੌਲੀ ਆਪਣੇ ਸਾਥੀਆਂ ਨੂੰ ਕਹਿਣ ਲੱਗਾ “ਓਏ ਇਸ ਬੁੱਢੀ ਮਾਤਾ ਦੀਆਂ ਮੋਮੋ ਠੱਗਣੀਆਂ ਗੱਲਾਂ ਵਿੱਚ ਨਾ ਆਇਉ, ਕਿਧਰੇ ਸਾਨੂੰ ਪ੍ਰਸ਼ਾਦੇ ਵਿੱਚ ਜ਼ਹਿਰ ਮਿਲਾ ਕੇ ਖੁਆ ਦੇਵੇ ਤੇ ਸਾਨੂੰ ਮਾਰ ਦੇਵੇ। “ ਮਾਂ ਨੇ ਇਹ ਗੱਲ ਸੁਣ ਲਈ ਤੇ ਸਿਪਾਹੀ ਨੂੰ ਕਹਿਣ ਲੱਗੀ “ਕਾਕਾ! ਮੈਨੂੰ ਲੱਗਦਾ ਹੈ ਤੈਨੂੰ ਆਪਣੀ ਮਾਂ ਦਾ ਦੁੱਧ ਪੀਣਾ ਨਸੀਬ ਨਹੀ ਹੋਇਆ, ਤੈਨੂੰ ਸਮਝਾ ਦੇਵਾਂ ਕਿ ਮਾਂ ਕਦੀ ਮੋਮੋ ਠੱਗਣੀ ਨਹੀ ਹੁੰਦੀ। ਇਹ ਗੁਰੂ ਦਾ ਲੰਗਰ ਹੈ ਜਿਸ ਲੰਗਰ ਵਿੱਚ ਤੂੰ ਜ਼ਹਿਰ ਦੀ ਗੱਲ ਕਰਦਾ ਹੈਂ ਇਹ ਤਾਂ ਤੇਰੇ ਅੰਦਰੋਂ ਨਫ਼ਰਤ ਦਾ ਜ਼ਹਿਰ ਵੀ ਕੱਢ ਦੇਵੇਗਾ। ਬੈਠੋ ਪ੍ਰਸ਼ਾਦਾ ਛਕੋ, ਮੇਰਾ ਪੁੱਤ ਹੁਣੇ ਆ ਜਾਵੇਗਾ। “

ਥੋੜੀ ਦੇਰ ਬਾਅਦ ਭਾਈ ਤਾਰੂ ਸਿੰਘ ਜੀ ਵੀ ਆ ਗਏ ਤੇ ਆਉਂਦਿਆਂ ਹੀ ਫ਼ਤਹਿ ਗਜਾ ਕੇ ਕਹਿਣ ਲੱਗੇ “ਤੁਹਾਨੂੰ ਆਉਣ ਦੀ ਕੀ ਲੋੜ ਸੀ। ਮੈਨੂੰ ਸੁਨੇਹਾ ਭੇਜ ਦਿੰਦੇ ਮੈਂ ਆਪ ਹੀ ਸੂਬੇਦਾਰ ਕੋਲ ਪਹੁੰਚ ਜਾਂਦਾ। “ ਸਿਪਾਹੀ ਨੇ ਕਿਹਾ “ਜਕਰੀਆਂ ਖ਼ਾਂ ਨੇ ਤੂਹਾਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਹੈ। “ ਉਸ ਸਮੇਂ ਸਾਰੇ ਪਿੰਡ ਦੇ ਮੋਹਤਬਰ ਬੰਦੇ ਅੱਗੇ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ “ਇਹ ਇੱਕਲੇ ਤਾਰੂ ਸਿੰਘ ਦੀ ਮਾਂ ਨਹੀ ਹੈ। ਇਹ ਸਾਡੇ ਪਿੰਡ ਦੀ ਮਾਂ ਹੈ, ਇਹ ਇੱਕਲੇ ਤਾਰੂ ਸਿੰਘ ਦੀ ਭੈਣ ਨਹੀ ਹੈ ਸਾਰੇ ਪਿੰਡ ਦੀ ਭੈਣ ਹੈ। ਇਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਕੋਈ ਮੱਥਾ ਤਾਂ ਟੇਕ ਸਕਦਾ ਹੈ, ਪਰ ਗ੍ਰਿਫਤਾਰ ਨਹੀ ਕਰ ਸਕਦਾ। “

ਮੈਂ ਬੇਨਤੀ ਕਰ ਦਿਆਂ ਕਿ ਸਾਡਾ ਉਹ ਵਿਰਸਾ ਕਿਥੇ ਗਿਆ। ਅੱਜ ਤਾਂ ਜਿਸ ਦੀ ਮਾਂ ਹੈ, ਉਸੇ ਦੀ ਹੀ ਮਾਂ ਹੈ, ਜਿਸ ਦੀ ਭੈਣ ਹੈ, ਉਸੇ ਦੀ ਹੀ ਭੈਣ ਹੈ। ਕਿਥੇ ਖੜੇ ਹਾਂ ਅਸੀਂ? ਜਿਥੇ ਕਾਜ਼ੀ ਨੂਰ ਮੁਹੰਮਦ ਵਰਗੇ ਸਿੱਖਾਂ ਦੀ ਤਾਰੀਫ਼ ਕਰਨ ਤੋ ਵੀ ਨਹੀ ਸਨ ਰੁਕ ਸਕੇ, ਉਹ ਸਿੱਖਾਂ ਦੇ ਕਿਰਦਾਰ ਦੀ ਸਿਫ਼ਤਿ ਕਰਨ ਤੋ ਨਹੀ ਸੀ ਥੱਕਦਾ, ਪਰ ਅੱਜ ਦੇ ਗਾਇਕ ਸਾਨੂੰ ਕੀ ਸੁਨੇਹਾ ਦੇ ਰਹੇ ਹਨ, ਕੀ ਸੁਣਾ ਰਹੇ ਹਨ? “ਆਹ ਦੇਖੋ ਸੜ੍ਹਕਾਂ ਤੇ ਅੱਗ ਤੁਰੀ ਜਾਂਦੀ ਏ। “ਇਸ ਗਾਇਕ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਸੜਕ ਤੇ ਅੱਗ ਵਿੱਚ ਤੇਰੀ ਮਾਤਾ, ਤੇਰੀ ਭੈਣ, ਤੇਰੀ ਧੀ ਵੀ ਹੋ ਸਕਦੀ ਹੈ। ਕੀ ਸਿੱਖਿਆ ਦੇ ਰਹੇ ਹਨ ਅੱਜ ਦੇ ਗਾਇਕ ਸਾਨੂੰ, ਕਿਥੇ ਹੈ ਉਹ ਪੰਜਾਬ ਜੋ ਜਿਊਂਦਾ ਗੁਰਾਂ ਦੇ ਨਾਮ ਤੇ।

ਪੂਹਲਾ ਪਿੰਡ ਵਾਸੀ ਇਹ ਗੱਲ ਕਹਿ ਰਹੇ ਹਨ ਕਿ ਇਹ ਭਾਈ ਤਾਰੂ ਸਿੰਘ ਦੀ ਮਾਂ ਭੈਣ ਨਹੀ ਹੈ, ਇਹ ਸਮੁੱਚੇ ਇਲਾਕੇ ਦੀ ਮਾਂ ਭੈਣ ਹੈ। ਫ਼ੌਜਦਾਰ ਥੋੜਾ ਡਰ ਕੇ ਕਹਿਣ ਲੱਗਾ “ਚਲੋ! ਮੈਂ ਤੁਹਾਡੀ ਗੱਲ ਮੰਨ ਕੇ ਇਹਨਾਂ ਨੂੰ ਛੱਡ ਦਿੰਦਾ ਹਾਂ। ਪਰ ਮੈਂ ਤਾਰੂ ਸਿੰਘ ਨੂੰ ਨਹੀ ਛੱਡ ਸਕਦਾ। ਇਹ ਅਧਿਕਾਰ ਮੇਰੇ ਪਾਸ ਨਹੀ ਹੈ। “ ਹੁਣ ਖ਼ਿਆਲ ਕਰਿਉ! ਭਾਈ ਤਾਰੂ ਸਿੰਘ ਨੂੰ ਤੋਰਨ ਲੱਗਿਆਂ, ਮਾਂ ਨੇ ਜੋ ਸ਼ਬਦ ਕਹੇ ਉਹ ਸ਼ਬਦ ਸ੍ਰ. ਨਰਿੰਦਰ ਸਿੰਘ ਸੋਚ ਦੀ ਕਲ੍ਹਮ ਨੇ ਬੜੇ ਬਾ-ਕਮਾਲ ਤਰੀਕੇ ਨਾਲ ਕਲਮਬੱਧ ਕੀਤੇ ਤੇ ਉਸ ਕਲਮ ਤੋਂ ਬਲਿਹਾਰ ਜਾਣ ਨੂੰ ਮਨ ਕਰੇਗਾ। ਮਾਂ ਤਾਰੂ ਸਿੰਘ ਨੂੰ ਤੋਰਨ ਲੱਗਿਆਂ ਕਹਿੰਦੀ ਹੈ “ਤਾਰੂ ਸਿੰਘ! ਵਾਹਿਗੁਰੂ ਦੇ ਬਖ਼ਸ਼ੇ ਹੋਏ, ਗੁਰੂ ਜੀ ਦੇ ਨਿਵਾਜੇ ਅਤੇ ਮੇਰੇ ਵਲੋਂ ਮੱਖਣ ਦਹੀ ਨਾਲ ਪਾਲੇ ਹੋਏ ਇਹਨਾਂ ਕੇਸਾਂ ਨੂੰ ਆਂਚ ਨਾ ਆਉਣ ਦੇਵੀ। ਤੂੰ ਬੇ-ਫ਼ਿਕਰ ਹੋ ਕੇ ਜਾ ਤੇਰੀ ਭੈਣ ਤੇਰੇ ਮਗਰੋਂ ਸਿਰ ਤੇ ਦਸਤਾਰ ਸਜਾ ਕੇ ਤਾਰੂ ਸਿੰਘ ਬਣ ਜਾਵੇਗੀ ਅਤੇ ਸਿੰਘ, ਸੂਰਬੀਰਾਂ ਦੀ ਸੇਵਾ ਜਾਰੀ ਰੱਖੇਗੀ। ਇਹ ‘ਗੁਰੂ ਕਾ ਲੰਗਰ` ਇਸੇ ਤਰ੍ਹਾਂ ਹੀ ਚਲਦਾ ਰਹੇਗਾ। “

ਕਿਧਰੇ ਹੈ ਅੱਜ ਦੀ ਮਾਂ ਵਿੱਚ ਐਸੀ ਸੋਚ, ਐਸੀ ਭਾਵਨਾ, ਐਸਾ ਵਿਰਸਾ?

ਭਾਈ ਤਾਰੂ ਸਿੰਘ ਨੂੰ ਜਦੋ ਜਕਰੀਆ ਖ਼ਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜਕਰੀਆਂ ਖ਼ਾਂ ਕਹਿਣ ਲੱਗਾ “ਤਾਰੂ ਸਿੰਘ! ਮੁਸਲਮਾਨ ਬਣ ਜਾ, ਨਹੀ ਤਾਂ ਮਾਰਿਆ ਜਾਵੇਗਾ। “ ਅੱਗੋਂ ਭਾਈ ਤਾਰੂ ਸਿੰਘ ਜੀ ਕਹਿੰਦੇ ਹਨ “ਜ਼ਕਰੀਆ ਖ਼ਾਂ, ਮੈਨੂੰ ਇਹ ਗੱਲ ਦੱਸ ਕੀ ਮੁਸਲਮਾਨ ਮਰਦੇ ਨਹੀਂ? ਜੇਕਰ ਮੁਸਲਮਾਨ ਬਣ ਕੇ ਵੀ ਇੱਕ ਮਰਨਾ ਹੀ ਹੈ ਤਾਂ ਮੈਂ ਗੁਰੂ ਤੋਂ ਬੇ-ਮੁਖ ਹੋ ਕੇ ਕਿਉਂ ਮਰਾਂ। “ ਫਿਰ ਜਕਰੀਆ ਖ਼ਾਂ ਕਹਿੰਦਾ ਹੈ “ਇਹ ਕੇਸ ਦੇ ਦੇ, ਤੂੰ ਇਨਾਂ ਕੇਸਾਂ ਦਾ ਮਾਣ ਕਰਦਾ ਏਂ, ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਇਹ ਕੇਸ ਉਡਾ ਦਿਆਂਗਾ। “

ਭਾਈ ਤਾਰੂ ਸਿੰਘ ਨੇ ਜਵਾਬ ਦਿਤਾ- “ਕੀ ਪਤਾ ਕਿਸ ਨੇ ਕਿਸ ਦੀਆਂ ਜੁੱਤੀਆਂ ਖਾਣੀਆਂ ਨੇ, ਕਿਸ ਨੇ ਕਿਸ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਹੈ। “ ਇਹ ਸ਼ਬਦ ਭਾਈ ਤਾਰੂ ਸਿੰਘ ਦੇ ਮੂੰਹੋਂ ਸੁਭਾਵਿਕ ਨਿਕਲੇ ਸਨ, ਪਰ ਇਹ ਸੱਚ ਹੋਏ ਸਨ। ਜ਼ਕਰੀਆਂ ਖ਼ਾਂ ਦੇ ਹੁਕਮ ਨਾਲ ਭਾਈ ਤਾਰੂ ਸਿੰਘ ਦਾ ਖੋਪਰ, ਕੇਸਾਂ ਸਮੇਤ ਰੰਬੀ ਨਾਲ ਉਤਾਰ ਦਿੱਤਾ ਗਿਆ ਸੀ ਤੇ ਖੋਪਰ ਉਤਾਰ ਕੇ ਭਾਈ ਸਾਹਿਬ ਨੂੰ ਖੱਡ ਵਿੱਚ ਸੁਟ ਦਿੱਤਾ ਗਿਆ।

ਇਤਿਹਾਸਕ ਤੱਥ ਦਸਦੇ ਹਨ ਕਿ ਪੂਰੇ 22 ਦਿਨ ਭਾਈ ਤਾਰੂ ਸਿੰਘ ਬਾਣੀ ਦੇ ਆਸਰੇ ਨਾਲ, ਬਿਨਾ ਖੋਪਰ ਦੇ ਜਿਊਂਦੇ ਰਹੇ ਸਨ। ਉਸ ਸਮੇਂ ਕੀ ਹੋਇਆ ਸੀ ਕਿ ਜ਼ਕਰੀਆ ਖ਼ਾਂ ਨੂੰ ਪੇਸ਼ਾਬ ਦਾ ਬੰਨ ਪੈ ਗਿਆ। ਵੈਦ, ਹਕੀਮ ਇਲਾਜ ਕਰ ਰਹੇ ਸਨ, ਪਰ ਕੋਈ ਵੀ ਇਲਾਜ ਸਾਰਥਿਕ ਨਾ ਹੋ ਸਕਿਆ। ਆਖ਼ਿਰ ਉਹ ਥੱਕ ਗਏ, ਪਰ ਜ਼ਕਰੀਆਂ ਖ਼ਾਂ ਕਿਲਕਾਰੀਆਂ ਮਾਰਦਾ ਹੈ, ਚਾਂਗਰਾਂ ਮਾਰਦਾ ਹੈ ਕਿ ਜਿਵੇਂ ਮਰਜੀ ਹੋਵੇ, ਮੈਨੂੰ ਇਸ ਬੀਮਾਰੀ ਤੋਂ ਛੁਟਕਾਰਾ ਦਿਵਾਉ।

ਕਿਸ ਨੇ ਆਖ ਦਿੱਤਾ ਕਿ ਤੈਨੂੰ ਭਾਈ ਤਾਰੂ ਸਿੰਘ ਦੀ ਆਹ ਲੱਗ ਗਈ ਹੈ, ਤੂੰ ਬੇਦੋਸ਼ੇ ਨੂੰ ਮਾਰਿਆ ਹੈ। ਜ਼ਕਰੀਆ ਖ਼ਾਂ ਕਹਿਣ ਲੱਗਾ “ਜਾਉ! ਤਾਰੂ ਸਿੰਘ ਕੋਲੋਂ ਮੁਆਫੀ ਮੰਗਣ ਦੀ ਗੱਲ ਚਲਾਉ। “ ਉਸ ਦੇ ਅਹਿਲਕਾਰ ਗਏ ਤੇ ਭਾਈ ਤਾਰੂ ਸਿੰਘ ਨਾਲ ਸਾਰੀ ਗੱਲ ਕੀਤੀ। ਹੁਣ ਭਾਈ ਤਾਰੂ ਸਿੰਘ ਕਹਿਣ ਲੱਗੇ “ਮੈਂ ਕੌਣ ਹੁੰਦਾ ਹਾਂ ਮੁਆਫ ਕਰਨ ਵਾਲਾ, ਮੇਰੇ ਵਿੱਚ ਕੀ ਸਮਰੱਥਾ ਹੈ? “ ਫਿਰ ਜ਼ਕਰੀਆਂ ਖ਼ਾਂ ਦੇ ਅਹਿਲਕਾਰਾਂ ਰਾਹੀਂ ਖ਼ਾਲਸੇ ਦੇ ਕੋਲ ਫ਼ਰਿਆਦ ਹੋਈ ਕਿ ਜ਼ਕਰੀਆਂ ਖ਼ਾਂ ਬਹੁਤ ਤਕਲੀਫ ਵਿੱਚ ਹੈ, ਉਸ ਦੇ ਕੋਲੋਂ ਗੁਨਾਹ ਹੋਇਆ ਹੈ ਉਸ ਨੂੰ ਮੁਆਫ ਕਰ ਦਿਉ। ਪਤਾ ਕੀ ਫੈਸਲਾ ਦਿੱਤਾ ਸੀ? ਕਿ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਜ਼ਕਰੀਆਂ ਖ਼ਾਂ ਦੇ ਸਿਰ ਵਿੱਚ ਮਾਰੀਆਂ ਜਾਣ ਤਾਂ ਇਲਾਜ ਹੋਵੇਗਾ।

ਇਥੇ ਭਾਈ ਤਾਰੂ ਸਿੰਘ ਦੀ ਗੱਲ ਸੱਚ ਹੋ ਗਈ ਸੀ ਕਿ ਕੀ ਪਤਾ ਕਿਸ ਨੇ ਕਿਸ ਦੀਆਂ ਜੁੱਤੀਆਂ ਖਾਣੀਆ ਨੇ। ਉਹੋ ਹੀ ਗੱਲ ਹੋਈ, ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਲਿਆਏ। ਜ਼ਕਰੀਆਂ ਖ਼ਾਂ ਦੇ ਸਿਰ ਉਪਰ ਠਾਹ-ਠਾਹ ਮਾਰਨ ਲੱਗੇ। ਜਿਉਂ-ਜਿਉਂ ਜੁੱਤੀਆਂ ਵੱਜਣ ਲੱਗੀਆਂ, ਤਿਉਂ-ਤਿਉਂ ਜ਼ਕਰੀਆਂ ਖ਼ਾਂ ਦੀ ਤਕਲੀਫ ਘਟਣ ਲੱਗੀ ਤਾਂ ਕਹਿਣ ਲੱਗਾ ਕਿ ਜਲਦੀ-ਜਲਦੀ ਤੇ ਜ਼ੋਰ-ਜ਼ੋਰ ਨਾਲ ਮਾਰੋ ਮੈਂ ਠੀਕ ਹੋ ਰਿਹਾ ਹਾਂ। ਇਤਿਹਾਸ ਗਵਾਹ ਹੈ ਕਿ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਿਆਂ-ਖਾਂਦਿਆਂ ਜ਼ਕਰੀਆਂ ਖ਼ਾਂ ਇਸ ਸੰਸਾਰ ਤੋਂ ਕੂਚ ਕਰ ਗਿਆ ਸੀ।

ਜਦੋ ਭਾਈ ਤਾਰੂ ਸਿੰਘ ਨੂੰ ਇਸ ਗੱਲ ਦੀ ਖ਼ਬਰ ਪਹੁੰਚੀ ਕਿ ਜ਼ਕਰੀਆਂ ਖ਼ਾਂ ਦੀ ਮੌਤ ਹੋ ਗਈ ਹੈ। ਤਾਂ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ “ਖ਼ਾਲਸੇ ਨੇ ਉਸ ਨੂੰ ਜੁੱਤੀ ਅੱਗੇ ਲਾ ਕੇ ਹੀ ਜਾਣਾ ਸੀ। “ ਭਾਈ ਤਾਰੂ ਸਿੰਘ ਜੀ ਨੇ ਇਹ ਸਭ ਕੁੱਝ ਕਿਸ ਲਈ ਕੀਤਾ? ਸਿਰਫ਼ ਸਾਡੇ ਲਈ ਕੀਤਾ। ਉਸਨੇ ਕਿਹੜੀ ਰਿਆਸਤ ਕਾਇਮ ਕਰਨੀ ਸੀ? ਉਸ ਨੇ ਕਿਹੜਾ ਰਾਜ ਭਾਗ ਲੈਣਾ ਸੀ? ਉਸਨੇ ਕਿਹੜੀ ਵਜ਼ੀਰੀ ਲੈਣੀ ਸੀ? ਉਸਨੇ ਇਹ ਸਭ ਸਾਡੇ ਲਈ ਕੀਤਾ। ਕਾਸ਼! ਅੱਜ ਅਸੀਂ ਵੀ ਭਾਈ ਤਾਰੂ ਸਿੰਘ ਦੀ ਤਰ੍ਹਾਂ ਸ਼ਾਨਾਮੱਤਾ ਇਤਿਹਾਸਕ ਵਿਰਸਾ ਕਾਇਮ ਕਰ ਸਕੀਏ।

ਅੱਜ ਕੀ ਕਾਰਨ ਹੈ ਕਿ ਸਾਡੇ ਬੱਚੇ ਕੇਸਾਂ ਤੋ ਹੀਣੇ ਹੋ ਰਹੇ ਨੇ? ਦਾਸ ਆਪਣੇ ਤਜਰਬੇ ਵਿਚੋਂ ਇੱਕ ਬਾਤ ਕਹਿ ਰਿਹਾ ਹੈ। ਇੱਕ ਵਾਰ ਗੁਰਦੁਆਰਾ ਸਾਹਿਬ ਦੇ ਸਮਾਗਮ ਵਿੱਚ ਪ੍ਰਚਾਰਕ ਨੇ ਪੰਜ-ਪੰਜ, ਛੇ-ਛੇ ਸਾਲ ਦੇ 7-8 ਬੱਚਿਆਂ ਨੂੰ ਖੜੇ ਕੀਤਾ। ਉਹ ਬੱਚੇ ਸੰਗਤ ਵਿਚੋਂ ਹੀ ਖੜੇ ਕੀਤੇ ਸਨ, ਜਿਨ੍ਹਾਂ ਦੇ ਕੇਸ ਕੱਟੇ ਹੋਏ ਸਨ। ਅਨਭੋਲ ਬੱਚਾ ਕਦੇ ਨਹੀ ਝੂਠ ਬੋਲਦਾ। ਉਹਨਾਂ ਨੂੰ ਸਟੇਜ ਤੋਂ ਪੁੱਛਿਆ ਗਿਆ ਕਿ ਦਸੋਂ ਬੱਚਿਉ! ਤੁਸੀ ਕੇਸ ਕਿਉਂ ਕਟਵਾਏ? ਉਹਨਾਂ ਅਨਭੋਲ ਬੱਚਿਆਂ ਨੇ ਸੱਚ ਬੋਲਿਆ ਤੇ ਕਹਿਣ ਲੱਗੇ “ਜੀ! ਸਾਡੀ ਮੰਮੀ ਨੇ ਕਟਵਾਏ ਹਨ। “ ਇਥੇ ਇਹ ਤਾਂ ਕਹਿ ਸਕਦੇ ਹਾਂ ਕਿ 16-17-18 ਸਾਲ ਦਾ ਨੌਜਵਾਨ ਬਾਗੀ ਹੋ ਗਿਆ ਹੈ। ਪਰ ਅਸੀਂ 5-6 ਸਾਲ ਦੇ ਬੱਚੇ ਨੂੰ ਬਾਗੀ ਕਿਵੇਂ ਕਹਿ ਸਕਾਂਗੇ?

ਸਾਧ ਸੰਗਤ ਜੀ! ਆਪ ਸੋਚ ਰਹੇ ਹੋਵੇਗੇ ਕਿ ਮੈਂ ਇਹ ਕੇਸਾਂ ਦਾ ਵਿਸ਼ਾ ਕਾਫ਼ੀ ਲੰਬਾ ਲੈ ਕੇ ਚਲਾ ਗਿਆ ਹਾਂ ਤੇ ਮੈਂ ਵੀ ਕੀ ਕਰ ਸਕਦਾ ਹਾਂ ਕਿੳ਼ੁੱਕਿ ਕੇਸਾਂ ਦਾ ਵਿਸ਼ਾ ਐਸਾ ਹੀ ਹੈ। ਜਿਸ ਤੇ ਕਾਫ਼ੀ ਉਦਾਹਰਨ ਦਿੱਤੇ ਜਾ ਸਕਦੇ ਹਨ, ਪਰ ਚਲੋ ਪਰਮੇਸ਼ਰ ਆਪਣੀ ਮਿਹਰ ਕਰਨਗੇ। ਅਸੀਂ ਆਪਣੇ ਮੂਲ ਵਿਸ਼ੇ ਵੱਲ ਆਈਏ।

ਹੁਣ ਦਾਦੀ ਮਾਂ ਸਾਹਿਬਜਾਦਿਆਂ ਨੂੰ ਤੋਰਨ ਤੋਂ ਪਹਿਲਾਂ ਆਖ ਰਹੀ ਹੈ ਕਿ ਆਓ ਬੱਚਿਉ! ਮੈਂ ਤੁਹਾਡੇ ਕੇਸਾਂ ਨੂੰ ਕੰਘੀ ਕਰ ਦਿਆਂ, ਤੁਹਾਡੇ ਕੇਸ ਸਵਾਰ ਦਿਆਂ।

ਜਾਨੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋਂ ਲੂੰ।

ਕੇਸੋਂ ਕੋਂ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।

ਪਯਾਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋਂ ਲੂੰ।

ਮਰਨੇ ਸੇ ਪਹਿਲੇ ਤੁਮਕੋ ਦੂਲਹਾ ਬਨਾ ਤੋਂ ਲੂੰ।

ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ।

ਤੀਰੋਂ ਕਮਾ ਸੇ, ਤੇਗ ਸੇ ਪੈਰਾਸਤਾ ਕੀਯਾ।

ਇਹ ਮਾਂ ਗੁਜਰੀ ਜੋ ਜਾਣਦੀ ਹੈ ਕਿ ਮੈਂ ਆਪਣੇ ਲਾਲਾਂ ਨੂੰ ਕਿਧਰ ਤੋਰ ਰਹੀ ਹਾਂ, ਬਿਲਕੁਲ ਉਸੇ ਤਰਾਂ ਜਿਵੇਂ ਕਲਗੀਧਰ ਪਿਤਾ ਜੀ ਵੀ ਜਾਣਦੇ ਸਨ ਕਿ ਚਮਕੌਰ ਦੀ ਗੜ੍ਹੀ `ਚੋ ਮੈਂ ਅਜੀਤ ਸਿੰਘ ਨੂੰ ਕਿਧਰ ਨੂੰ ਤੋਰ ਰਿਹਾ ਹਾਂ, ਮੈਂ ਜੁਝਾਰ ਸਿੰਘ ਨੂੰ ਕਿਧਰ ਤੋਰ ਰਿਹਾ ਹਾਂ। ਮਾਂ ਗੁਜਰੀ ਜੀ ਵੀ ਆਪਣੇ ਬੇਟੇ ਵਾਂਗ ਆਪਣੇ ਪੋਤਿਆਂ ਨੂੰ ਉਹਨਾਂ ਹੀ ਪੂਰਨਿਆਂ ਤੇ ਤੋਰ ਰਹੀ ਹੈ।

ਜੋਗੀ ਅਲ੍ਹਾਂ ਯਾਰ ਖ਼ਾਂ ਇਸ ਕਿੱਸੇ ਨੂੰ ਆਪਣੀ ਕਲਮ ਰਾਹੀਂ ਅਗਾਂਹ ਤੋਰ ਰਿਹਾ ਹੈ-

ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ।

ਤੀਰੋਂ ਕਮਾ ਸੇ, ਤੇਗ ਸੇ ਪੈਰਾਸਤਾ ਕੀਯਾ।

ਕਹਿੰਦੇ ਵੈਰਾਗ ਦੀ ਮੂਰਤ ਮਾਂ ਗੁਜਰੀ ਨੇ ਸਾਹਿਬਜਾਦਿਆਂ ਨੂੰ ਪਹਿਲੀ ਪੇਸ਼ੀ ਲਈ ਵਿਦਾ ਕਰ ਦਿੱਤਾ। ਵਿਦਾ ਕਰਨ ਲੱਗਿਆਂ ਮਾਂ ਗੁਜਰੀ ਜੀ ਨੇ ਬੱਚਿਆਂ ਨੂੰ ਇਹ ਗੱਲ ਕਹਿ ਕੇ ਵਿਦਾ ਕੀਤਾ ਕਿ ਬੱਚਿਉ! ਮੈਂ ਤੁਹਾਡੀ ਉਡੀਕ ਕਰਾਂਗੀ।

ਬੱਚਿਆ ਨੂੰ ਵਿਦਾ ਕਰਕੇ ਮਾਂ ਗੁਜਰੀ ਆਪਣੇ ਖ਼ਿਆਲਾਂ ਵਿੱਚ ਕਿਵੇਂ ਬਾਤਾਂ ਕਰ ਰਹੀ ਹੈ-

ਬੇਟੇ ਸੇ ਪਹਿਲੀ ਬਿਛੜੀ ਥੀ ਤੁਮ ਭੀ ਬਿਛੜ ਚਲੇ।

ਬਿਗੜੇ ਹੂਏ ਨਸੀਬ ਜਿਆਦਾ ਬਿਗੜ ਚਲੇ।

ਕੈਸੀ ਬਾਤ ਕਰ ਰਹੀ ਹੈ। ਮਾਂ ਗੁਜਰੀ ਕਹਿੰਦੀ ਹੈ, ਮੈਂ ਬੇਟੇ ਤੋਂ ਵਿਛੜੀ ਸੀ, ਹੁਣ ਆਹ ਦੋ ਬੱਚੇ ਸੀ, ਉਹਨਾਂ ਤੋ ਵੀ ਵਿਛੋੜੇ ਦੀ ਘੜੀ ਆ ਗਈ ਹੈ। ਤੁਸੀ ਬੇਰਹਿਮ ਦੁਸ਼ਮਣਾਂ ਦੀ ਕਚਹਿਰੀ ਵਿੱਚ ਜਾ ਰਹੇ ਹੋ ਤੇ ਮੈਨੂੰ ਇਕੱਲੀ ਨੂੰ ਛੱਡ ਚਲੇ ਹੋ:

ਬੇਰਹਿਮ ਦੁਸ਼ਮਨੋਂ ਕੋਂ ਤੁਮ ਹਾਥੋਂ ਮੇਂ ਪੜ ਚਲੇ।

ਜ਼ੰਜੀਰਿ-ਗਮ ਮੇਂ ਮੁਝਕੋ ਯਹਾਂ ਪਰ ਜਕੜ ਚਲੇ।

ਬਿਹਤਰ ਥਾ ਤੁਮ ਸੇ ਪਹਿਲੇ ਮੈਂ ਦੇਤੀ ਪਰਾਨ ਕੋ।

ਦੁਖ ਸੇ ਤੁਮਾਰੇ ਦੁਖ ਹੈ ਸਿਵਾ ਮੇਰੀ ਜਾਨ ਕੋ।

ਮਾਂ ਗੁਜਰੀ ਕਹਿੰਦੀ ਹੈ ਕਿ ਕਿੰਨਾ ਚੰਗਾ ਹੁੰਦਾ ਕਿ ਮੈਂ ਤੁਹਾਡੇ ਤੋਂ ਪਹਿਲਾ ਸ਼ਹੀਦ ਹੋ ਜਾਂਦੀ, ਤੁਹਾਡੀ ਜਾਨ ਨੂੰ ਦੁੱਖ ਦੇਖਣੇ ਮੈਨੂੰ ਨਸੀਬ ਨਾ ਹੁੰਦੇ। ਜਦੋਂ ਸਾਹਿਬਜਾਦਿਆਂ ਨੇ ਮਾਂ ਗੁਜਰੀ ਦੀ ਵੇਦਨਾ ਨੂੰ ਤੱਕਿਆ ਤਾਂ ਕਲਗੀਧਰ ਦੇ ਲਾਡਲੇ ਮਾਂ ਗੁਜਰੀ ਨੂੰ ਕਿਸ ਤਰਾਂ ਸੰਬੋਧਨ ਹੁੰਦੇ ਹਨ:

ਫ਼ੁਰਮਾਏ ਦਸਤ-ਬਸਤ ਵੁਹ ਦੋਨੋਂ ਗੁਰ ਕੇ ਲਾਲ।

ਜੀ ਕਯੋਂ ਮੁੱਕਦਸਾ ਕਾ ਹੈ ਅਪਨੇ ਲਿਯੇ ਨਿਢਾਲ।

ਕੁਰਬਾਨੀਯੋਂ ਕੀ ਪੰਥ ਕੋ ਹਾਜਤ ਭੀ ਹੋ ਕਮਾਲ।

ਜਾਂ ਸੀ ਹਕੀਰ ਚੀਜ਼ ਕਾ ਫਿਰ ਹਮ ਕੋ ਹੋ ਖ਼ਯਾਲ।

ਦਸਤ ਬਸਤ ਦਾ ਅਰਥ ਹੈ- ਦੋਨੋਂ ਹੱਥ ਜੋੜ ਕੇ। ਸਾਹਿਬਜਾਦੇ ਦੋਵੇਂ ਹੱਥ ਜੋੜ ਕੇ ਦਾਦੀ ਮਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ “ਹੇ ਪਵਿੱਤਰ ਜੀਵਨ ਵਾਲੀ ਦਾਦੀ ਮਾਂ! ਤੁਹਾਡਾ ਮਨ ਨਿਢਾਲ ਕਿਉਂ ਹੈ? ਤੁਹਾਡੇ ਪਿਛਲੇ ਸਮੇਂ ਦੇ ਮਨ ਅਤੇ ਹੁਣ ਦੇ ਸਮੇਂ ਦੇ ਮਨ ਵਿੱਚ ਅੰਤਰ ਹੈ, ਇਹ ਮੇਲ ਲਈ ਖਾਂਦੇ। ਦਾਦੀ ਮਾਂ ਜੀ ਤੁਹਾਨੂੰ ਜਦੋਂ ਪਤਾ ਹੈ ਕਿ ਪੰਥ ਚਲਦਾ ਹੀ ਤਾਂ ਹੈ ਜਦ ਤੱਕ ਇਸਦੀਆਂ ਨੀਹਾਂ ਵਿੱਚ ਸੂਰਬੀਰਾਂ ਦਾ ਖ਼ੂਨ ਪੈਦਾ ਰਹੇ। “

ਇੱਕ ਵਿਦਵਾਨ ਨੇ ਬੜੀ ਕਮਾਲ ਦੀ ਗੱਲ ਕਹੀ ਹੈ। ਉਹ ਕਹਿੰਦਾ ਹੈ ਕਿ ਕਦੀ ਸਾਡਾ ਰਿਸ਼ਤੇਦਾਰ ਜਾਂ ਕੋਈ ਸਬੰਧੀ ਕਦੀ ਹਸਪਤਾਲ ਦੇ ਵਿੱਚ ਦਾਖ਼ਲ ਹੋਵੇ, ਉਸ ਨੂੰ ਖ਼ੂਨ ਦੀ ਲੋੜ ਪੈ ਜਾਵੇ ਤੇ ਕੋਈ ਸੱਜਣ ਮਿੱਤਰ ਜਰੂਰਤ ਵੇਲੇ ਇੱਕ ਬੋਤਲ ਖ਼ੂਨ ਦੇ ਦੇਵੇ ਤਾਂ ਅਸੀ ਅਕਸਰ ਖ਼ੂਨ ਦੇਣ ਵਾਲੇ ਨੂੰ ਆਖਦੇ ਹਾਂ ਕਿ ਮੈਂ ਜ਼ਿੰਦਗੀ ਭਰ ਤੇਰਾ ਅਹਿਸਾਨਮੰਦ ਰਹਾਂਗਾ, ਕਿਉਂਕਿ ਤੂੰ ਸਾਨੂੰ ਬਿਪਤਾ ਸਮੇਂ ਇੱਕ ਬੋਤਲ ਖ਼ੂਨ ਦੀ ਦਿੱਤੀ ਹੈ। ਪਰ ਅਸੀਂ ਕਲਗੀਧਰ ਦਾ ਅਹਿਸਾਨ ਕਦੋਂ ਚੁਕਾਵਾਂਗੇਂ? ਜਿਸ ਨੇ ਸਾਡੇ ਲਈ ਸਾਰੇ ਸਰਬੰਸ ਦਾ ਖ਼ੂਨ ਦੇ ਦਿੱਤਾ। ਕਦੀ ਕਲਗੀਧਰ ਪ੍ਰਤੀ ਵੀ ਸਾਡੇ ਮਨ ਵਿੱਚ ਇਸ ਤਰਾਂ ਦੀ ਭਾਵਨਾ ਆਈ ਹੈ।

ਸਾਹਿਬਜਾਦੇ ਕਹਿ ਰਹੇ ਹਨ, “ਦਾਦੀ ਜੀ! ਸਾਨੂੰ ਜਾਨ ਦੀ ਪਰਵਾਹ ਨਹੀ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਪੰਥ ਕੁਰਬਾਨੀਆ ਨਾਲ ਹੀ ਚਲਦਾ ਹੈ। ਦਾਦੀ ਮਾਂ! ਸਾਨੂੰ ਆਪਣੀ ਜਾਨ ਨਾਲੋ ਵਾਹਿਗੁਰੂ ਦੀ ਰਜ਼ਾ ਪਿਆਰੀ ਹੈ। ਆਹ ਤੁਹਾਡੀ ਵੈਰਾਗ ਵਾਲੀ ਭਾਵਨਾ ਦਾਦੀ ਜੀ ਸਾਨੂੰ ਚੰਗੀ ਨਹੀ ਜੇ ਲੱਗਦੀ ਹੈ। “

ਵਾਹੇਗੁਰੂ ਸੇ ਜਾਨ ਪਯਾਰੀ ਨਹੀਂ ਹਮੇਂ।

ਭਾਤੀ ਯਿਹ ਆਹੋ ਜ਼ਾਰੀ ਤੁਮਾਰੀ ਨਹੀਂ ਹਮੇਂ।

ਦੇਖੋਂ ਛੋਟੇ-ਛੋਟੇ ਲਾਲ ਆਪਣੀ ਦਾਦੀ ਮਾਂ ਨੂੰ ਹੌਸਲਾ ਦੇ ਰਹੇ ਹਨ। ਕਹਿੰਦੇ ਦਾਦੀ ਜੀ ਸਾਨੂੰ ਹੁਣ ਆਗਿਆ ਦੇ ਦਿਉ ਕਿ ਅਸੀਂ ਆਪਣੀਆਂ ਕੁਰਬਾਨੀਆਂ ਦੇ ਕੇ ਜਬਰ ਜੁਲਮ ਦਾ ਖਾਤਮਾ ਕਰ ਸਕੀਏ। ਆਪਣੇ ਸਿਰ ਦੇ ਕੇ ਅਕਾਲ ਪੁਰਖ ਦੇ ਭਾਣੇ ਨੂੰ ਪੂਰਾ ਕਰ ਲਈਏ, ਸਾਨੂੰ ਆਗਿਆ ਦਿਉ।

ਰੁਖ਼ਸਤ ਦੋ ਅਬ ਖ਼ੁਸ਼ੀ ਸੇ ਕਿ ਜਾਨੇਂ ਫ਼ਿਦਾ ਕਰੇਂ।

ਦੁਨੀਯਾ ਸੇ ਜਬ੍ਰੋ-ਜ਼ੋਰ ਕਾ ਹਮ ਖ਼ਾਤਮਾ ਕਰੇ।

ਹਾਸਿਲ ਸਿਰੋਂ ਕੋ ਦੇ ਕੇ ਖ਼ੁਦਾ ਕੀ ਰਜ਼ਾ ਕਰੇਂ।

ਨਾਮ ਅਪਨੇ ਬਾਪ ਦਾਦੇ ਕਾ ਮਰ ਕਰ ਸਿਵਾ ਕਰੇਂ।

ਕਹਿੰਦੇ “ਦਾਦੀ ਜੀ! ਸਾਨੂੰ ਆਗਿਆ ਦਿਉ ਕਿ ਅਸੀਂ ਆਪਣੇ ਸਿਰਾਂ ਦੀ ਕੁਰਬਾਨੀ ਦੇ ਨਾਲ ਆਪਣੇ ਬਾਪ ਗੁਰੂ ਕਲਗੀਧਰ ਪਾਤਸ਼ਾਹ, ਦਾਦੇ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਨਾਨਕ ਜੀ ਦੇ ਨਾਮ ਨੂੰ ਹੋਰ ਉਚਾ ਕਰ ਦੇਈਏ। “

ਜਦੋਂ ਦਾਦੀ ਮਾਂ ਨੇ ਬੱਚਿਆਂ ਦੇ ਮੁਖਾਰਬਿੰਦ ਤੋ ਐਸੀਆਂ ਗੱਲਾਂ ਸੁਣੀਆਂ, ਕਿਉਂਕਿ ਸਾਨੂੰ ਪਹਿਲਾਂ ਲੱਗਦਾ ਸੀ ਕਿ ਦਾਦੀ ਮਾਂ ਅਵਾਜ਼ਾਰ ਦੀ ਭਾਵਨਾ ਵਿੱਚ ਹੈ। ਪਰ ਮੈਂ ਬੇਨਤੀ ਕਰਾਂ ਕਿ ਦਾਦੀ ਮਾਂ ਅਵਾਜ਼ਾਰ ਨਹੀ ਸੀ, ਦਾਦੀ ਮਾਂ ਦਾ ਦਿਲ ਡੋਲਦਾ ਨਹੀ ਸੀ, ਦਾਦੀ ਮਾਂ ਦੇ ਦਿਲ ਨੂੰ ਡੋਬੂ ਨਹੀਂ ਸੀ ਪੈਂਦੇ, ਦਾਦੀ ਮਾਂ ਤਾਂ ਇਹਨਾ ਬੱਚਿਆਂ ਨੂੰ ਪਰਖ ਰਹੀ ਸੀ ਕਿ ਬੱਚੇ ਕਿੱਥੇ ਖੜੇ ਹਨ। ਪਰ ਜਦੋਂ ਦਾਦੀ ਮਾਂ ਨੇ ਬੱਚਿਆਂ ਦੇ ਕੋਲੋਂ ਇਹ ਜਵਾਬ ਸੁਣਿਆ ਤਾਂ ਦਾਦੀ ਮਾਂ ਨੇ ਫਿਰ ਹੁਣ ਕੀ ਕੀਤਾ?

ਗਿਰਯਾ ਕੋ ਜਬਤ ਕਰਕੇ ਬਹੁਤ ਆਲੀ-ਸ਼ਾਨ ਨੇ।

ਵਾਰੀ ਗਈ ਲੋ ਜਾਓ, ਕਹਾ ਦਾਦੀ ਜਾਨ ਨੇ।

ਦਾਦੀ ਮਾਂ ਕਹਿਣ ਲੱਗੀ ਕਿ ਹੁਣ ਮੈਨੂੰ ਕੋਈ ਫਿਕਰ ਨਹੀ ਹੈ, ਤੁਸੀ ਲੈ ਜਾਓ। ਜੋ ਮੇਰੇ ਮਨ ਦਾ ਤੌਖਲਾ ਸੀ, ਸਾਹਿਬਜਾਦਿਆਂ ਨੂੰ ਪਰਖਣ, ਹੁਣ ਮੇਰੇ ਲਾਲਾਂ ਨੇ ਮੈਨੂੰ ਪੂਰੀ ਤਰਾਂ ਬੇ-ਫ਼ਿਕਰ ਕਰ ਦਿੱਤਾ ਹੈ। ਇਹ ਕਹਿ ਕੇ ਦਾਦੀ ਮਾਂ ਬੱਚਿਆਂ ਨੂੰ ਤੋਰਨ ਲਗੀ।

ਲੇਨੇ ਜੋ ਲੋਗ ਆਏ ਜ਼ੁਲਮੋ-ਜ਼ਹੂਲ ਥੇ।

ਇਨਸਾਂ ਕਾ ਜਾਮਾਂ ਪਹਿਨੇ ਹੂਏ ਵੁਹ ਫ਼ਜ਼ੂਲ ਥੇ।

ਚਲਨੇ ਮੇਂ ਦੇਰ ਕਰਨੇ ਸੇ ਹੋਤੇ ਮਲੂਲ ਥੇ।

ਇਸ ਦਮ ਘਿਰੇ ਹੋਏ ਗੋਯਾ ਕਾਂਟੋਂ ਮੇਂ ਫੂਲ ਥੇ।

ਜਾਮਾ ਤਾਂ ਇਨਸਾਨ ਦਾ ਹੈ, ਪਰ ਅੰਦਰ ਫਿਤਰਤ ਇਨਸਾਨਾਂ ਵਾਲੀ ਨਹੀਂ ਹੈ, ਇਨ੍ਹਾਂ ਸਿਪਾਹੀਆਂ ਦੇ ਅੰਦਰ ਇਨਸਾਨੀਅਤ ਨਹੀਂ ਹੈ। ਜਿੰਨੀ ਦੇਰ ਹੋ ਰਹੀ ਸੀ, ਸਿਪਾਹੀਆਂ ਨੂੰ ਓਨਾ ਹੀ ਕ੍ਰੋਧ ਆ ਰਿਹਾ ਸੀ। ਮਾਨੋਂ ਕਿ ਇਹ ਦੋ ਸਾਹਿਬਜਾਦੇ ਉਹਨਾਂ ਸਿਪਾਹੀਆਂ ਦੇ ਵਿੱਚ ਇਉਂ ਘਿਰੇ ਹੋਏ ਨੇ, ਜਿਵੇਂ ਗੁਲਾਬ ਦੇ ਫੁੱਲ ਕੰਡਿਆਂ ਦੇ ਵਿੱਚ ਘਿਰੇ ਹੁੰਦੇ ਹਨ।

ਤਸਲੀਮ ਕਰਕੇ ਦਾਦੀ ਸੇ ਬੱਚੇ ਜੁਦਾ ਹੂਏ।

ਦਰਬਾਰ ਮੇਂ ਨਵਾਬ ਕੇ ਦਾਖ਼ਿਲ ਵੁਹ ਆ ਹੂਏ।

ਦਾਦੀ ਮਾਂ ਨੇ ਸਿਪਾਹੀਆਂ ਨਾਲ ਤੋਰਨ ਤੋਂ ਪਹਿਲਾਂ ਇਹ ਫਿਰ ਦ੍ਰਿੜ ਕਰਵਾ ਦਿੱਤਾ ਕਿ ਬੱਚਿਉ

ਯਾਦ ਰੱਖਣਾ! ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ।

ਯਾਰ ਰੱਖਣਾ! ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤਰੇ ਹੋ।

ਯਾਦ ਰੱਖਣਾ! ਤੁਸੀਂ ਗੁਰੂ ਨਾਨਕ ਦੇ ਸਿੱਖ ਹੋ।

ਬੱਚਿਆਂ ਨੇ ਦਾਦੀ ਮਾਂ ਨੂੰ ਫ਼ਤਹਿ ਬੁਲਾਈ ਤੇ ਸਿਪਾਹੀਆਂ ਦੇ ਨਾਲ ਚੱਲ ਪਏ। ਦਾਦੀ ਮਾਂ ਨੇ ਚਲਦਿਆਂ ਹੀ ਫਿਰ ਕਿਹਾ ਕਿ ਬੱਚਿਉ! ਮੈਂ ਤੁਹਾਡੀ ਉਡੀਕ ਕਰਾਂਗੀ।

ਹੁਣ ਬੱਚੇ ਨਵਾਬ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਦਾਖ਼ਲ ਹੋਏ। ਕਿਵੇਂ ਕਚਹਿਰੀ ਵਿੱਚ ਦਾਖ਼ਲ ਹੋਏ? ਕਿਵੇਂ ਪੇਸ਼ੀਆਂ ਹੋਈਆ? ਕਿਵੇਂ ਨਵਾਬ ਵਜ਼ੀਰ ਖ਼ਾਂ ਦੇ ਨਾਲ ਸਵਾਲ ਜਵਾਬ ਹੋਏ? ਸਾਹਿਬਜਾਦਿਆਂ ਵਲੋਂ ਦਿਖਾਈ ਗਈ ਬੜੇ ਬਾ-ਕਮਾਲ ਦੀ ਦ੍ਰਿੜਤਾ ਇਤਿਹਾਸ ਦੇ ਪੰਨਿਆਂ ਨੇ ਸਾਂਭੀ ਹੋਈ ਹੈ। ਬੜੀਆਂ ਹੀ ਸੁੰਦਰ ਕਵੀ ਮਨ ਦੀਆਂ ਪੰਗਤੀਆਂ ਨੇ। ਇਹ ਸਾਕਾ ਸਰਹਿੰਦ ਉਹਨਾਂ ਗੌਰਵਮਈ ਸ਼ਹਾਦਤਾਂ ਦਾ ਸਿਖਰ ਹੈ ਸਾਡੇ ਕੋਲ। ਕਵੀ ਕਹਿੰਦਾ ਹੈ ਕਿ-

ਲੜਨਾ ਕੌਮ ਦੀ ਖ਼ਾਤਿਰ, ਮਰਨਾ ਕੌਮ ਦੀ ਖ਼ਾਤਿਰ,

ਜਿਸ ਕੌਮ ਦੀਆਂ ਮੁੱਢ ਤੋ ਹੀ ਆਦਤਾ ਨੇ।

ਉਹ ਕੌਮ ਮਰਜੀਵੜੇ ਕਰੇ ਪੈਦਾ,

ਉਸ ਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ।

ਇਹ ਉਹ ਸ਼ਹਾਦਤਾਂ ਦੇ ਰੰਗ ਦਾ ਸਿਖ਼ਰ ‘ਸਾਕਾ ਸਰਹਿੰਦ` ਦੀ ਬਾਤ ਕਰਦਾ ਹੋਇਆ, ਉਸ ਵੈਰਾਗਮਈ ਪੱਖ ਨੂੰ ਪੇਸ਼ ਕਰਦਾ ਹੈ, ਕਿਉਂਕਿ ਸਾਕਾ ਸਰਹਿੰਦ ਦਾ ਇਤਿਹਾਸ ਜਾਣ ਕੇ, ਇਤਿਹਾਸ ਪੜ ਕੇ ਉਹ ਕਿਹੜੀ ਕੌਮ ਹੈ। ਉਹ ਕਿਹੜੀ ਮਾਂ ਹੈ ਜਿਸਦਾ ਕਲੇਜਾ ਬਾਹਰ ਨੂੰ ਨਹੀਂ ਆਵੇਗਾ। ਉਹ ਕਿਹੜਾ ਹਿਰਦਾ ਹੈ ਜਿਸ ਹਿਰਦੇ ਵਿਚੋਂ ਵੈਰਾਗ ਨਹੀ ਉਠੇਗਾ। ਪੰਥ ਦਾ ਪ੍ਰਸਿੱਧ ਕਵੀ ਮਹਿੰਦਰ ਸਿੰਘ ਮਾਨੂੰਪੁਰੀ ਬੜੇ ਹੀ ਵੈਰਾਗ ਭਰੇ ਸ਼ਬਦਾਂ ਵਿੱਚ ਬਿਆਨ ਕਰਦਾ ਹੈ-

ਹਿਕ ਕਿਹੜੀ ਨਾ ਹਉਕਾ ਭਰਿਆ, ਅੱਖ ਕਿਹੜੀ ਨਾ ਰੋਈ।

ਧਰਤੀ ਮਾਂ ਨੇ ਕਦੇ ਨਾ ਵੇਖੀ, ਇਹ ਹੋਣੀ ਜੋ ਹੋਈ।

ਦੇਖੋ। ਕਿਸ ਥਾਂ ਤੋਂ ਸੰਕੇਤ ਲੈ ਕੇ ਵਿਦਵਾਨ ਆਪਣੀ ਬਾਤ ਨੂੰ ਕਿਥੇ ਲੈ ਜਾਂਦੇ ਹਨ। ਇੱਕ ਵਿਦਵਾਨ ਦੀ ਕਲਮ ਲਿਖਦੀ ਹੈ “ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਪੁੱਤਰਾਂ ਨੂੰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਸਿੱਖ ਕੌਮ ਵਿੱਚ ਕਦੀ ਵੀ ਧਰਮ ਯੁੱਧ ਦਾ ਚਾਉ ਪੈਦਾ ਨਹੀ ਹੋਣਾ ਸੀ। ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਛੋਟੇ ਲਾਲਾਂ ਨੂੰ ਆਪਣੀ ਬੁਕਲ ਵਿੱਚ ਲੁਕਾ ਲੈਂਦੇ ਤੇ ਉਹਨਾਂ ਨੂੰ ਸਰਹਿੰਦ ਦੀਆਂ ਦੀਵਾਰਾਂ ਵਿੱਚ ਸ਼ਹੀਦ ਨਾ ਕਰਵਾਉਂਦੇ ਤਾਂ ਬਹਾਦਰ ਸਿੰਘਣੀਆਂ ਕਦੇ ਵੀ ਆਪਣੇ ਗਲਾਂ ਵਿੱਚ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਨਾ ਪੁਆਉਂਦੀਆਂ। “

ਇਹ ਸਿਹਰਾ ਜਾਵੇਗਾ ਮੇਰੇ ਬਾਜਾਂ ਵਾਲੇ, ਕਲਗੀਧਰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ। ਉਸ ਮਹਾਨ ਸਤਿਗੁਰੂ ਜੀ ਦੇ ਇਤਿਹਾਸ ਦੀਆਂ ਬਾਤਾਂ ਅਸੀਂ ਕਰ ਰਹੇ ਹਾਂ। ਮੇਰੇ ਕਲਗੀਧਰ ਪਾਤਸ਼ਾਹ ਦੇ ਉਸ ਇਤਿਹਾਸ ਦੀ ਬਾਤ, ਜਿਸ ਦੇ ਅੰਦਰ ਮਾਂ ਗੁਜਰੀ ਹੈ, ਜਿਸ ਇਤਿਹਾਸ ਦੇ ਨਾਇਕ ਬਾਬਾ ਜ਼ੋਰਵਾਰ ਸਿੰਘ ਬਾਬਾ ਫ਼ਤਹਿ ਸਿੰਘ ਜੀ ਨੇ, ਤਿੰਨ ਨਾਇਕ ਨੇ ਸਰਹਿੰਦ ਦੇ ਸਾਕੇ ਦੇ।

============ (ਚਲਦਾ ….)

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.