.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੭)

Gurmat and science in present scenario (Part-17)

ਪੌਦੇ ਵੀ ਜੀਵ ਹਨ ਤੇ ਸੱਭ ਦੇ ਜੀਵਨ ਦਾ ਆਧਾਰ ਪਾਣੀ ਹੈ

Plants are also living beings and water is the basic requirement for life

ਆਮ ਲੋਕ ਇਹੀ ਸਮਝਦੇ ਹਨ ਕਿ ਪੌਦੇ ਨਿਰਜੀਵ ਹਨ ਤੇ ਉਨ੍ਹਾਂ ਦੀ ਸੋਚ ਜਾਂ ਵਤੀਰਾ ਵੀ ਜੀਵਾਂ ਤੇ ਪੌਦਿਆਂ ਸਬੰਧੀ ਅਕਸਰ ਵੱਖਰਾ ਹੁੰਦਾ ਹੈ। ਸਾਇੰਸ ਦੇ ਅਨੁਸਾਰ ਜਿਹੜੀ ਚੀਜ਼ ਵਧਦੀ ਹੈ ਉਸ ਨੂੰ ਜਿਊਂਦਾ ਗਿਣਿਆ ਜਾਂਦਾ ਹੈ। ਜਿਊਦੀਆਂ ਚੀਜਾਂ ਚਲ ਜਾਂ ਵਧ ਸਕਦੀਆਂ ਹਨ, ਤੇ ਨਿਰਜੀਵ ਚੀਜਾਂ ਉਥੇ ਹੀ ਟਿਕੀਆਂ ਰਹਿੰਦੀਆਂ ਹਨ। ਜਿਊਦੀਆਂ ਚੀਜਾਂ ਨੂੰ ਵਧਣ ਲਈ ਊਰਜਾ ਦੀ ਲੋੜ ਹੈ, ਜਦੋਂ ਕਿ ਨਿਰਜੀਵਾਂ ਨੂੰ ਨਹੀਂ। ਜਿਊਦੀਆਂ ਚੀਜਾਂ ਅਕਸਰ ਸਾਹ ਲੈਂਦੀਆਂ ਹਨ, ਜਦ ਕਿ ਨਿਰਜੀਵ ਨਹੀਂ।

ਪਰੌਸਪੈਰੋ ਅਲਪੀਨੀ (Prospero Alpini) ਨੇ 1580 ਵਿੱਚ ਦੱਸਿਆ ਕਿ ਪੌਦਿਆਂ ਦੇ ਵੀ ਨਰ ਤੇ ਮਾਦਾ ਹੁੰਦੇ ਹਨ, ਜਿਸ ਤਰ੍ਹਾਂ ਕਿ ਖਜ਼ੂਰ (Date Palm), ਇਨ੍ਹਾਂ ਨੂੰ ਨਰ ਅਤੇ ਮਾਦਾ ਦੇ ਮੇਲ ਨਾਲ ਹੀ ਫਲ ਲਗਦੇ ਹਨ।

ਸਰ ਜਗਦੀਸ਼ ਚੰਦਰ ਬੋਸ (1858 - 1937) ਨੇ ਆਪਣੇ ਬਣਾਏ ਹੋਏ ਜੰਤਰ (Crescograph) ਨਾਲ ਵਿਖਾਇਆ ਕਿ ਪੌਦਿਆਂ ਦੇ ਵਾਧੇ ਉਪਰ ਤਾਪਮਾਨ, ਰਸਾਇਣ, ਬਿਜਲੀ ਤੇ ਗੈਸਾਂ ਦਾ ਅਸਰ ਪੈਂਦਾ ਹੈ। ਆਮ ਜਾਨਵਰਾਂ ਦੀ ਤਰ੍ਹਾਂ ਪੌਦਿਆਂ ਦੇ ਵੀ ਟਿਸ਼ੂ ਹੁੰਦੇ ਹਨ ਤੇ ਉਹ ਮਹਿਸੂਸ ਕਰ ਸਕਦੇ ਹਨ।

ਵਿਗਿਆਨ ਨੂੰ ਤਾਂ 100 ਸਾਲ ਪਹਿਲਾਂ ਹੀ ਪਤਾ ਲੱਗਾ ਕਿ ਪੌਦੇ ਵੀ ਜੀਵ ਹਨ, ਪਰੰਤੂ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਇਹ ਕਈ ਸਾਲ ਪਹਿਲਾਂ ਅੰਕਿਤ ਕਰ ਦਿਤਾ ਸੀ, ਕਿ ਸਾਰੇ ਦਾਣਿਆਂ ਵਿੱਚ ਜੀਵ ਹਨ।

ਗੁਰੂ ਨਾਨਕ ਸਾਹਿਬਾਂ ਨੇ ਲੋਕਾਂ ਨੂੰ ਸੂਤਕ ਦੇ ਭਰਮਾਂ ਤੇ ਵਹਿਮਾਂ ਵਿਚੋਂ ਕੱਢਣ ਲਈ ਕਈ ਨਿਵੇਕਲੀਆਂ ਵਿਗਿਆਨਕ ਖੋਜ਼ਾਂ ਵੀ ਸਮਝਾ ਦਿਤੀਆਂ। ਗੁਰੂ ਸਾਹਿਬਾਂ ਨੇ ਸਮਝਾਇਆ ਕਿ ਜੇਕਰ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਵੀ ਧਿਆਨ ਵਿੱਚ ਰੱਖਣਾਂ ਪਵੇਗਾ ਕਿ ਇਸ ਤਰ੍ਹਾਂ ਦਾ ਸੂਤਕ ਫਿਰ ਸਭ ਥਾਈਂ ਹੁੰਦਾ ਹੈ। ਗੋਹੇ ਤੇ ਲਕੜੀ ਦੇ ਅੰਦਰ ਵੀ ਜੀਵ ਹਨ, ਜਿਹੜੇ ਕਿ ਕਈ ਵਾਰੀ ਕੀੜਿਆਂ ਦੀ ਸ਼ਕਲ ਵਿੱਚ ਬਾਹਰ ਵੀ ਦਿਖਾਈ ਦਿੰਦੇ ਹਨ। ਅਜੇਹੇ ਜੀਵ ਗੋਹੇ ਤੇ ਲਕੜੀਆਂ ਦੇ ਅੰਦਰ ਜੰਮਦੇ ਮਰਦੇ ਰਹਿੰਦੇ ਹਨ। ਅੰਨ ਦੇ ਜਿਤਨੇ ਵੀ ਦਾਣੇ ਹਨ, ਇਨ੍ਹਾਂ ਵਿਚੋਂ ਕੋਈ ਦਾਣਾ ਵੀ ਜੀਵ ਤੋਂ ਬਿਨਾ ਨਹੀਂ ਹੈ। ਅੰਨ ਦੇ ਅੰਦਰਲੇ ਜੀਵ ਅਸੀਂ ਹੁਣ ਖ਼ੁਰਦਬੀਨ ਦੀ ਸਹਾਇਤਾ ਨਾਲ ਵੇਖ ਸਕਦੇ ਹਾਂ। ਪਰ ਇਹ ਸਚਾਈ ਗੁਰੂ ਸਾਹਿਬ ਨੇ ੫੦੦ ਸਾਲ ਪਹਿਲਾ ਸਪੱਸ਼ਟ ਕਰ ਦਿਤੀ ਸੀ। ਗੁਰੂ ਸਾਹਿਬ ਨੇ ਪਾਣੀ ਨੂੰ ਵੀ ਜੀਵ ਦਰਸਾਇਆ ਹੈ, ਕਿਉਂਕਿ ਇਹ ਜੀਵਨ ਦਾ ਆਧਾਰ ਹੈ। ਕੋਈ ਵੀ ਜੀਵ ਜੰਤੂ ਜਾਂ ਪੌਦਾ ਪਾਣੀ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦਾ ਹੈ। ਇਹ ਪਾਣੀ ਹੀ ਹੈ ਜਿਸ ਕਰਕੇ ਹਰੇਕ ਜੀਵ ਹਰਾ ਭਰਾ ਤੇ ਜਿੰਦਾ ਰਹਿੰਦਾ ਹੈ। ਇਸ ਲਈ ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? ਕਿਉਂਕਿ ਸੂਤਕ ਤਾਂ ਹਰ ਵੇਲੇ ਰਸੋਈ ਵਿੱਚ ਹੀ ਪਿਆ ਰਹਿੰਦਾ ਹੈ। ਰਸੋਈ ਵਿੱਚ ਪਏ ਹੋਏ ਅੰਨ ਤੇ ਪਾਣੀ ਵਿੱਚ ਜੀਵ ਜੰਮਦੇ ਮਰਦੇ ਰਹਿੰਦੇ ਹਨ। ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਕਠਨ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਇਸ ਤਰ੍ਹਾਂ ਦੇ ਭਰਮਾਂ ਵਿੱਚ ਪਿਆਂ ਸੂਤਕ ਮਨ ਤੋਂ ਨਹੀਂ ਉਤਰਦਾ, ਇਸ ਨੂੰ ਗੁਰਬਾਣੀ ਦੇ ਗਿਆਨ ਨਾਲ ਹੀ ਧੋ ਕੇ ਉਤਾਰਿਆ ਜਾ ਸਕਦਾ ਹੈ।

ਸਲੋਕੁ ਮਃ ੧॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥ ੧॥ (੪੭੨-੪੭੩)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਸਾਬਤ ਕਰਦੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਜਿਥੇ 100 ਤੋਂ ਵੱਧ ਭਾਸ਼ਾਵਾ ਦਾ ਗਿਆਨ ਸੀ, ਉਥੇ ਰੋਜਾਨਾ ਜੀਵਨ ਦੀ ਸਿਖਿਆ ਤੋ ਇਲਾਵਾ, ਹੋਰ ਬਹੁਤ ਸਾਰੇ ਵਿਸ਼ਿਆਂ ਸਬੰਧੀ ਡੂੰਘੀ ਜਾਣਕਾਰੀ ਸੀ, ਜਿਸ ਤਰ੍ਹਾਂ ਕਿ ਭੌਤਿਕ ਵਿਗਿਆਨ (Physics), ਰਸਾਨਿਕ ਵਿਗਿਆਨ (Chemistry), ਭੂਗੋਲ ਵਿਗਿਆਨ (Geography), ਆਕਾਸ਼ ਮੰਡਲ (Astronomy), ਜੀਵ ਵਿਗਿਆਨ (Biology), ਬਨਸਪਤੀ ਵਿਗਿਆਨ (Botony), ਮਨੋਵਿਗਿਆਨ (Psychology), ਆਦਿ। ਇਸ ਵਿਸ਼ੇ ਸਬੰਧੀ ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਲੇਖ ਨੂੰ ਪੜ੍ਹ ਸਕਦੇ ਹੋ ਜੀ:-

http://www.sikhmarg.com/2012/1125-nanak-gian.html,

ਕਬੀਰ ਸਾਹਿਬ ਗੁਰਬਾਣੀ ਦੇ ਹੇਠ ਲਿਖੇ ਸਬਦ ਵਿੱਚ ਜੀਵਨ ਸਬੰਧੀ ਮਾਲਣ ਨੂੰ ਉਪਦੇਸ਼ ਦਿੰਦੇ ਹਨ। ਮੂਰਤੀ ਅੱਗੇ ਭੇਟਾ ਧਰਨ ਲਈ ਮਾਲਣ ਪੱਤੇ ਤੋੜਦੀ ਹੈ, ਪਰ ਇਹ ਨਹੀਂ ਜਾਣਦੀ ਕਿ ਹਰੇਕ ਪੱਤੇ ਵਿੱਚ ਜਿੰਦ ਹੈ। ਜਿਸ ਪੱਥਰ ਦੀ ਮੂਰਤੀ ਦੀ ਖ਼ਾਤਰ ਮਾਲਣ ਪੱਤੇ ਤੋੜਦੀ ਹੈ, ਉਹ ਪੱਥਰ ਦੀ ਮੂਰਤੀ ਨਿਰਜੀਵ ਹੈ। ਇੱਕ ਨਿਰਜੀਵ ਮੂਰਤੀ ਦੀ ਸੇਵਾ ਕਰ ਕੇ ਇਹ ਮਾਲਣ ਭੁੱਲ ਰਹੀ ਹੈ, ਅਸਲੀ ਇਸ਼ਟ ਸਤਿਗੁਰੂ ਤਾਂ ਜੀਉਂਦਾ ਜਾਗਦਾ ਦੇਵਤਾ ਹੈ।

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥ ੧॥ ਭੂਲੀ ਮਾਲਨੀ ਹੈ ਏਉ॥ ਸਤਿਗੁਰੁ ਜਾਗਤਾ ਹੈ ਦੇਉ॥ ੧॥ ਰਹਾਉ॥” (੪੭੯)

ਕਬੀਰ ਸਾਹਿਬ ਫੁੱਲ ਪੱਤਿਆਂ ਨੂੰ ਤੋੜਨ ਦਾ ਗੁਨਾਹ ਵੀ ਉਤਨਾ ਹੀ ਦੱਸਦੇ ਹਨ, ਜਿਤਨਾ ਕਿ ਕਿਸੇ ਜਾਨਵਰ ਨੂੰ ਮਾਰਨ ਦਾ ਹੈ। ਕੋਈ ਜਾਨਵਰ ਨੂੰ ਮਾਰ ਕੇ ਖੁਸ਼ ਕਰ ਰਿਹਾ ਹੈ ਤੇ ਕੋਈ ਫੁੱਲ ਪੱਤਿਆਂ ਨਾਲ। ਕਬੀਰ ਸਾਹਿਬ ਆਪਣੀ ਰਚਨਾ ਵਿੱਚ ਮਾਸ ਦੀ ਨਿਦਿਆ ਨਹੀਂ ਕਰ ਰਹੇ ਹਨ, ਸਿਰਫ ਕੁਰਬਾਨੀ ਸਬੰਧੀ ਭਰਮ ਦੂਰ ਕਰ ਰਹੇ ਹਨ। ਕਬੀਰ ਸਾਹਿਬ ਸਮਝਾਂਉਂਦੇ ਹਨ ਕਿ ਮਾਲਣ ਮੂਰਤੀ ਪੂਜਣ ਦੇ ਭੁਲੇਖੇ ਵਿੱਚ ਪਈ ਹੈ, ਤੇ ਲੋਕ ਵੀ ਇਨ੍ਹਾਂ ਭੁਲੇਖਿਆ ਵਿੱਚ ਪਏ ਹੋਏ ਹਨ, ਪਰ ਅਸੀਂ ਇਹ ਗ਼ਲਤੀ ਨਹੀਂ ਕੀਤੀ, ਕਿਉਂਕਿ ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਨ੍ਹਾਂ ਭੁਲੇਖਿਆਂ ਤੋਂ ਬਚਾ ਲਿਆ ਹੈ। ਅੱਜਕਲ ਕਈ ਥਾਂਵਾਂ ਤੇ ਇਹ ਨਵੀਂ ਰੀਤ ਚਲ ਰਹੀ ਹੈ, ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੋਟੀ ਦਾ ਥਾਲ ਲਿਆ ਕੇ ਰੱਖਿਆ ਜਾਂਦਾ ਹੈ, ਤੇ ਭੋਗ ਲਵਾਇਆ ਜਾਂਦਾ ਹੈ। ਕੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।

ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਸਤਿਕਾਰ ਕਰਦੇ ਨਹੀਂ, ਪਰ ਮਰ ਗਏ ਪਿਤਰਾਂ ਨਿਮਿਤ ਹਰ ਸਾਲ ਭੋਜਨ ਖੁਆਉਂਦੇ ਰਹਿੰਦੇ ਹਨ। ਵਿਚਾਰੇ ਪਿਤਰ ਭਲਾ ਸਰਾਧਾਂ ਦਾ ਭੋਜਨ ਕਿਵੇਂ ਖਾ ਸਕਦੇ ਹਨ? ਉਸ ਨੂੰ ਤਾਂ ਕਾਂ ਜਾਂ ਕੁੱਤੇ ਹੀ ਖਾ ਜਾਂਦੇ ਹਨ। ਕਬੀਰ ਸਾਹਿਬ ਸਵਾਲ ਪੁਛਦੇ ਹਨ ਕਿ ਮੈਨੂੰ ਕੋਈ ਦੱਸੇ ਕਿ ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿੱਚ ਸੁਖ ਜਾਂ ਆਨੰਦ ਕਿਵੇਂ ਹੋ ਜਾਂਦਾ ਹੈ। ਲੋਕ ਇਸੇ ਭਰਮ ਤੇ ਵਹਿਮ ਵਿੱਚ ਖਜਲ ਖ਼ੁਆਰ ਹੋ ਰਹੇ ਹਨ ਕਿ ਪਿਤਰਾਂ ਨਿਮਿਤ ਸਰਾਧ ਕਰਨ ਨਾਲ ਘਰ ਵਿੱਚ ਸੁਖ ਬਣਿਆ ਰਹਿੰਦਾ ਹੈ। ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ, ਇਸੇ ਤਰ੍ਹਾਂ ਦੇ ਮਿੱਟੀ ਦੇ ਬਣਾਏ ਹੋਏ ਤੁਹਾਡੇ ਪਿਤਰ ਅਖਵਾਉਂਦੇ ਹਨ, ਉਨ੍ਹਾਂ ਅੱਗੇ ਵੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ, ਉਹ ਆਪਣੇ ਮੂੰਹੋਂ ਮੰਗ ਕੇ ਤੇ ਕੁੱਝ ਲੈ ਨਹੀਂ ਸਕਦੇ। ਲੋਕਾਚਾਰੀ ਤੇ ਰਸਮਾਂ ਦੇ ਡਰ ਕਰਕੇ ਬਹੁਤ ਸਾਰੇ ਲੋਕ ਆਪਣਾ ਆਤਮਕ ਜੀਵਨ ਬਰਬਾਦ ਕਰ ਰਹੇ ਹਨ, ਉਹ ਜੀਉਂਦੇ ਜੀਵਾਂ ਨੂੰ ਤਾਂ ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ ਮਾਰਦੇ ਹਨ, ਤੇ ਮਿੱਟੀ ਆਦਿਕ ਦੇ ਬਣਾਏ ਹੋਏ ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ, ਇਸ ਤਰ੍ਹਾਂ ਉਹ ਆਪਣਾ ਭਵਿੱਖ ਬਰਬਾਦ ਕਰ ਰਹੇ ਹਨ। ਐਸੇ ਲੋਕਾਂ ਨੂੰ ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ, ਜੋ ਅਕਾਲ ਪੁਰਖ ਦਾ ਨਾਮੁ ਯਾਦ ਕਰਨ ਨਾਲ ਬਣਦੀ ਹੈ। ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਵੀ ਰਹਿੰਦੇ ਹਨ, ਕਿਉਂਕਿ ਅਸਲ ‘ਕੁਸ਼ਲ’ ਦੇਣ ਵਾਲੇ ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ, ਉਹ ਕੁਲ ਰਹਿਤ ਅਕਾਲ ਪੁਰਖ ਨੂੰ ਚੇਤੇ ਨਹੀਂ ਕਰਦੇ ਤੇ ਸਦਾ ਮਾਇਆ ਨਾਲ ਲਪਟੇ ਰਹਿੰਦੇ ਹਨ।

ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥ ੩॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ॥ ੪॥ ੧॥ ੪੫॥ (੩੩੨)

ਗੁਰੂ ਗਰੰਥ ਸਾਹਿਬ ਦੇ ਪੰਨਾਂ 1289-1290 ਤੇ ਮਾਸ ਦੇ ਵਿਸ਼ੇ ਸਬੰਧੀ ਗੁਰੂ ਨਾਨਕ ਸਾਹਿਬ ਨੇ ਪੂਰੀ ਤਰਾਂ ਸਪੱਸ਼ਟ ਕਰ ਦਿਤਾ ਸੀ, ਕਿ ਮਾਸ ਤੋਂ ਬਿਨਾ ਮਨੁੱਖ ਦਾ ਕਿਸੇ ਤਰਾਂ ਵੀ ਛੁਟਕਾਰਾ ਨਹੀਂ ਹੋ ਸਕਦਾ। ਜੀਵ ਦਾ ਆਰੰਭ ਹੀ ਮਾਸ ਤੋਂ ਹੁੰਦਾ ਹੈ। ਸਭ ਤੋਂ ਪਹਿਲਾਂ ਪਿਤਾ ਦੇ ਰਕਤ ਤੇ ਮਾਤਾ ਦੇ ਬਿੰਦ ਤੋਂ ਜੀਵ ਦੀ ਹਸਤੀ ਦਾ ਮੁੱਢ ਬੱਝਦਾ ਹੈ। ਇਹ ਦੋਵੇ ਹੀ ਮਾਸ ਹਨ। ਜਦੋਂ ਇਸ ਪੁਤਲੇ ਵਿੱਚ ਜਾਨ ਪੈਂਦੀ ਹੈ ਤਾਂ ਵੀ ਜੀਭ-ਰੂਪੀ ਮਾਸ ਮੂੰਹ ਵਿੱਚ ਮਿਲਦਾ ਹੈ। ਇਸ ਮਾਸ ਦਾ ਵਾਸਾ ਮਾਂ ਦੇ ਪੇਟ ਵਿੱਚ ਨੌ ਮਹੀਨੇ ਰਹਿੰਦਾ ਹੈ। ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਉਹ ਰੋਟੀ ਦਾਲ ਖਾਣ ਦੇ ਸਮਰੱਥ ਨਹੀਂ ਹੁੰਦਾਂ ਹੈ। ਮਾਤਾ ਜੋ ਵੀ ਖਾਣਾ ਖਾਂਦੀ ਹੈ। ਉਸ ਦੇ ਪੇਟ ਵਿੱਚ ਹਜ਼ਮ ਹੋਣ ਤੋਂ ਬਾਅਦ ਉਸ ਦੇ ਜੂਸ ਬਣਦੇ ਹਨ ਜੋ ਕਿ ਖੂਨ ਰਾਹੀਂ ਪੂਰੇ ਸਰੀਰ ਵਿੱਚ ਜਾਂਦੇ ਹਨ। ਇਸ ਜੂਸ ਸਦਕਾ ਮਾਤਾ ਦੇ ਸਰੀਰ ਵਿੱਚ ਨਵੇਂ ਸੈਲ ਬਣਦੇ ਹਨ, ਜੋ ਕਿ ਮਾਸ ਹੀ ਹਨ। ਇਹੀ ਜੂਸ ਮਾਤਾ ਦੇ ਖੂਨ ਰਾਹੀਂ ਬੱਚੇ ਦੇ ਸਰੀਰ ਦੀ ਬਣਤਰ ਲਈ ਸਹਾਈ ਹੁੰਦੇ ਹਨ। ਮਨੁੱਖ ਦੇ ਸਰੀਰ ਦੀ ਸਾਰੀ ਬਣਤਰ ਭਾਵ ਹੱਡੀਆਂ, ਚਮੜੀ ਤੇ ਹੋਰ ਸਭ ਸਰੀਰ ਦੇ ਅੰਗ, ਸਭ ਕੁੱਝ ਮਾਸ ਹੀ ਹਨ। ਜਦੋਂ ਬੱਚਾ ਮਾਂ ਦੇ ਪੇਟ ਰੂਪੀ ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਵੀ ਉਹ ਖ਼ੁਰਾਕ ਲਈ ਦੁੱਧ, ਮਾਂ ਦੇ ਸਰੀਰ ਤੋਂ ਲੈਂਦਾ ਹੈ, ਜੋ ਕਿ ਮਾਸ ਹੀ ਹੈ। ਇਸ ਦਾ ਮੂੰਹ ਵੀ ਮਾਸ ਦਾ ਹੈ, ਜੀਭ ਵੀ ਮਾਸ ਦੀ ਹੈ, ਮਾਸ ਵਿੱਚ ਸਾਹ ਲੈਂਦਾ ਹੈ। ਜਦੋਂ ਜਵਾਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਵੀ ਇਸਤ੍ਰੀ-ਰੂਪੀ ਮਾਸ ਹੀ ਘਰ ਵਿੱਚ ਲਿਆਉਂਦਾ ਹੈ। ਫਿਰ ਮਾਸ ਤੋਂ ਹੀ ਮਾਸ ਰੂਪੀ ਬੱਚਾ ਜੰਮਦਾ ਹੈ। ਇਸ ਲਈ ਸਾਰੇ ਜਗਤ ਦੇ ਸਾਕ-ਸੰਬੰਧੀ ਮਾਸ ਕਰਕੇ ਹੀ ਹਨ। ਮਾਸ ਖਾਣ ਜਾਂ ਨਾ ਖਾਣ ਦਾ ਨਿਰਣਾ ਸਮਝਣ ਦੀ ਬਜਾਏ, ਜੇਕਰ ਸਤਿਗੁਰੂ ਨੂੰ ਮਿਲ ਕੇ ਉਸ ਅਕਾਲ ਪੁਰਖ ਦੇ ਹੁਕਮੁ ਤੇ ਉਸ ਦੀ ਰਜ਼ਾ ਸਮਝੀਏ ਤਾਂ ਜੀਵ ਦਾ ਜਗਤ ਵਿੱਚ ਆਉਣਾ ਸਫਲ ਹੋ ਸਕਦਾ ਹੈ। ਜੀਵ ਦਾ ਮਾਸ ਨਾਲ ਜਨਮ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ, ਕਿ ਆਪਣੇ ਜ਼ੋਰ ਨਾਲ ਵੀ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਸਪੱਸ਼ਟ ਕਰਕੇ ਸਮਝਾਉਂਦੇ ਹਨ ਕਿ ਇਸ ਕਿਸਮ ਦੀ ਚਰਚਾ ਕਰਨ ਨਾਲ ਸਿਰਫ ਨੁਕਸਾਨ ਹੀ ਹੈ।

ਸਲੋਕ ਮਃ ੧॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥ ੧॥ (੧੨੮੯)

ਆਪਣੇ ਵੱਲੋਂ ਮਾਸ ਦਾ ਤਿਆਗੀ ਮੂਰਖ, ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਬਹਿਸ ਕਰਦਾ ਹੈ, ਪਰ ਨਾ ਤਾਂ ਇਸ ਨੂੰ ਆਤਮਕ ਜੀਵਨ ਦੀ ਸਮਝ ਹੈ ਤੇ ਨਾ ਹੀ ਇਸ ਨੂੰ ਸੁਰਤ ਹੈ। ਗੁਰੂ ਸਾਹਿਬ ਤਾਂ ਵਿਗਿਆਨਿਕ ਤਰੀਕੇ ਨਾਲ ਸਮਝਾਉਂਦੇ ਹਨ, ਕਿ ਗਹੁ ਨਾਲ ਵਿਚਾਰ ਕੇ ਵੇਖੋ ਕਿ ਮਾਸ ਤੇ ਸਾਗ ਵਿੱਚ ਕੀ ਫ਼ਰਕ ਹੈ ਤੇ ਕਿਸ ਦੇ ਖਾਣ ਵਿੱਚ ਪਾਪ ਹੈ। ਅੱਜਕਲ ਤਾਂ ਪਹਿਲੀ ਕਲਾਸ ਦੀ ਕਿਤਾਬ ਵਿੱਚ ਪੜ੍ਹਾ ਦਿਤਾ ਜਾਂਦਾ ਹੈ ਕਿ ਜਾਨਦਾਰ ਤੇ ਬੇਜਾਨਦਾਰ ਵਿੱਚ ਕੀ ਫਰਕ ਹੈ? ਜੀਵ ਜੰਤੂ ਤੇ ਪੌਦੇ ਦੋਵੇਂ ਜਾਨਦਾਰ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹੀ ਸਚਾਈ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਸਮਝਾਈ ਸੀ, ਕਿ ਮਾਸ ਤੇ ਸਾਗ ਵਿੱਚ ਕੋਈ ਅੰਤਰ ਨਹੀਂ। ਪਰੰਤੂ ਅਫਸੋਸ ਕਿ ਕਈਆਂ ਨੂੰ ਅਜੇ ਵੀ ਸਮਝ ਨਹੀਂ ਆਈ ਹੈ। ਅਜੇਹੇ ਲੋਕ ਆਪਣੇ ਆਪ ਨੂੰ ਕਹਾਉਂਦੇ ਤਾਂ ਸਿੱਖ ਹਨ, ਪਰੰਤੂ ਨਾ ਤਾਂ ਗੁਰਬਾਣੀ ਦਾ ਗਿਆਨ ਸਮਝ ਸਕੇ ਹਨ ਤੇ ਨਾ ਹੀ ਸਾਇੰਸ ਦਾ।

ਮਃ ੧॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ (੧੨੮੯)

ਪੁਰਾਣੇ ਸਮੇਂ ਵਿੱਚ ਵੀ ਲੋਕ ਦੇਵਤਿਆਂ ਦੇ ਸੁਭਾਉ ਅਨੁਸਾਰ, ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ। ਜੇ ਕਰ ਇਨ੍ਹਾਂ ਲੋਕਾਂ ਅਨੁਸਾਰ ਮਾਸ ਪਾਪ ਹੈ ਤਾਂ ਗੈਂਡੇ ਨੂੰ ਮਾਰਨਾ ਕਿਸ ਤਰ੍ਹਾਂ ਪੁੰਨ ਹੋ ਸਕਦਾ ਹੈ। ਆਪਣੇ ਆਪ ਨੂੰ ਮਾਸ ਦੇ ਤਿਆਗੀ ਅਖਵਾਉਂਣ ਵਾਲੇ ਮਨੁੱਖ ਜਦੋਂ ਕਦੇ ਕਿਤੇ ਮਾਸ ਨੂੰ ਵੇਖਣ ਤਾਂ ਆਪਣਾ ਨੱਕ ਬੰਦ ਕਰ ਲੈਂਦੇ ਹਨ ਕਿ ਮਾਸ ਦੀ ਬੋ ਆ ਰਹੀ ਹੈ। ਇਹੀ ਲੋਕ ਰਾਤ ਨੂੰ ਮਨੁੱਖਾਂ ਨੂੰ ਖਾਣ ਦੇ ਮਨਸੂਬੇ ਬਣਾਉਂਦੇ ਹਨ, ਭਾਵ ਰਾਤੀਂ, ਧੋਖਾ, ਹੇਰਾਫੇਰੀ, ਚਲਾਕੀ ਨਾਲ ਮਨੁੱਖਾਂ ਦੇ ਲਹੂ ਪੀਣ ਦੀਆਂ ਵਿਉਂਤਾਂ ਬਣਾਉਂਦੇ ਹਨ। ਮਾਸ ਨਾ ਖਾਣ ਦਾ ਇਹ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਹਨ, ਕਿ ਉਹ ਬਹੁਤ ਧਰਮੀ ਮਨੁੱਖ ਹਨ। ਅਸਲੀਅਤ ਇਹ ਹੈ ਕਿ ਇਨ੍ਹਾਂ ਨੂੰ ਨਾ ਤਾਂ ਸਚਾਈ ਦੀ ਸਮਝ ਹੈ ਤੇ ਨਾ ਹੀ ਉਸ ਅਕਾਲ ਪੁਰਖ ਨਾਲ ਸੁਰਤ ਜੁੜੀ ਹੋਈ ਹੈ। ਗੁਰੂ ਸਾਹਿਬ ਤਾਂ ਸਪੱਸ਼ਟ ਕਹਿੰਦੇ ਹਨ ਕਿ ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਉਂਣ ਦਾ ਕੋਈ ਲਾਭ ਨਹੀਂ, ਜੇ ਕੋਈ ਇਸ ਨੂੰ ਸਮਝਾਵੇ, ਤਾਂ ਵੀ ਇਹ ਸਮਝਾਇਆ ਸਮਝਦਾ ਨਹੀਂ। ਜਿਸ ਮਨੁੱਖ ਨੇ ਸੱਚ ਸੁਣਨ ਲਈ ਆਪਣੇ ਕੰਨ ਬੰਦ ਕਰ ਲਏ ਹੋਣ, ਉਸ ਨੂੰ ਕਿਨ੍ਹਾਂ ਵੀ ਸਮਝਾਉਂਣ ਦੀ ਕੋਸ਼ਿਸ਼ ਕਰੋ, ਉਹ ਸੁਣੇਗਾ ਨਹੀਂ। ਸੁਤੇ ਮਨੁੱਖ ਨੂੰ ਜਗਾਣਾ ਤਾਂ ਆਸਾਨ ਹੈ ਪਰ ਜਾਗੇ ਨੂੰ ਜਗਾਣਾ ਬਹੁਤ ਮੁਸ਼ਕਲ ਹੈ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥ (੧੨੮੯)

ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲੇ ਕੰਮ ਕਰਦਾ ਹੈ, ਜਿਸ ਦੇ ਹਿਰਦੇ ਵਿੱਚ ਗਿਆਨ ਦੀਆਂ ਅੱਖਾਂ ਨਹੀਂ ਹਨ। ਭਾਵ, ਜੋ ਸੂਝਬੂਝ ਤੇ ਸਮਝ ਤੋਂ ਸੱਖਣਾ ਹੈ। ਸਰੀਰ ਨਾਲ ਅੱਖਾਂ ਤਾਂ ਹਨ, ਪਰ ਗੁਰੂ ਦੀ ਮੱਤ ਦੀ ਸੋਝੀ ਨਹੀਂ। ਸੋਚਣ ਵਾਲੀ ਗੱਲ ਹੈ ਕਿ ਆਪ ਵੀ ਤਾਂ ਮਾਂ ਤੇ ਪਿਉ ਦੀ ਰੱਤ ਤੋਂ ਹੀ ਪੈਦਾ ਹੋਏ ਹਨ ਤੇ ਫਿਰ ਮੱਛੀ ਮਾਸ ਤੋਂ ਕਿਸ ਲਈ ਪਰਹੇਜ਼ ਕਰਦੇ ਹਨ। ਮਨੁੱਖ ਦਾ ਸਰੀਰ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਬਣਿਆ ਹੈ। ਫਿਰ ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀ ਭਾਵ ਹੋਇਆ?

ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥ (੧੨੮੯, (੧੨੯੦)

ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਵੀ ਮਾਸ ਨਾਲ ਹੀ ਮੰਦ, ਭਾਵ, ਭੋਗ ਕਰਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ ਹੈ, ਅਸੀਂ ਮਾਸ ਤੋਂ ਹੀ ਪੈਦਾ ਹੋਏ ਹਾਂ। ਮਾਸ ਦਾ ਤਿਆਗੀ ਪੰਡਿਤ ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ ਸਿਆਣਾ ਅਖਵਾਉਂਦਾ ਹੈ। ਅਸਲ ਵਿੱਚ ਇਸ ਨੂੰ ਨਾ ਤਾਂ ਇਸ ਦਾ ਗਿਆਨ, ਤੇ ਨਾ ਹੀ ਸੁਰਤ ਹੈ ਕਿ ਸਚਾਈ ਨਾਲ ਜੁੜ ਸਕੇ। ਗੁਰੂ ਸਾਹਿਬ ਤਾਂ ਸੁਆਲ ਕਰਦੇ ਹਨ ਕਿ ਭਲਾ ਦੱਸੋ, ਪੰਡਿਤ ਜੀ! ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਹੈ ਤੇ ਘਰ ਦਾ ਵਰਤਿਆ ਮਾਸ ਚੰਗਾ? ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ ਮਾਸ ਵਿੱਚ ਹੀ ਡੇਰਾ ਲਾਇਆ ਹੋਇਆ ਹੈ। ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ, ਉਹ ਨਾ ਖਾਣ-ਜੋਗ ਚੀਜਾਂ ਭਾਵ, ਪਰਾਇਆ ਹੱਕ ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ ਜਿਨ੍ਹਾਂ ਤੋਂ ਜ਼ਿੰਦਗੀ ਦਾ ਮੁੱਢ ਬੱਝਾ ਹੈ, ਤਿਆਗਦੇ ਹਨ।

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥ (੧੨੯੦)

ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ ਹੈ ਤੇ ਅਸੀਂ ਮਾਸ ਤੋਂ ਹੀ ਪੈਦਾ ਹੋਏ ਹਾਂ। ਮਾਸ ਦਾ ਤਿਆਗੀ ਪੰਡਿਤ ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ ਸਿਆਣਾ ਅਖਵਾਉਂਦਾ ਹੈ। ਅਸਲ ਵਿੱਚ ਇਸ ਨੂੰ ਨਾ ਤਾਂ ਇਸ ਦਾ ਗਿਆਨ, ਤੇ ਨਾ ਹੀ ਸੁਰਤ ਹੈ ਕਿ ਸਚਾਈ ਨਾਲ ਜੁੜ ਸਕੇ। ਪੁਰਾਣਾਂ ਵਿੱਚ ਮਾਸ ਦਾ ਜ਼ਿਕਰ ਹੈ, ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿੱਚ ਵੀ ਮਾਸ ਵਰਤਣ ਦਾ ਜ਼ਿਕਰ ਹੈ, ਜਗਤ ਵਿੱਚ ਸ਼ੁਰੂ ਤੋਂ ਹੀ ਮਾਸ ਵਰਤਿਆ ਚਲਿਆ ਆਇਆ ਹੈ। ਆਦਿ ਮਨੁੱਖ ਸ਼ਿਕਾਰ ਕਰਕੇ ਕੱਚਾ ਮਾਸ ਹੀ ਖਾ ਜਾਂਦਾ ਸੀ। ਸਮਾਂ ਪਾ ਕੇ ਮਨੁੱਖ ਨੇ ਅੱਗ ਬਾਲਣੀ ਸਿੱਖੀ ਤੇ ਫਿਰ ਪਕਾ ਕੇ ਖਾਣਾ ਆਰੰਭ ਕੀਤਾ। ਜੱਗ ਵਿਚ, ਵਿਆਹ ਆਦਿਕ ਕਾਜ ਵਿੱਚ ਮਾਸ ਦੀ ਵਰਤੋਂ ਪ੍ਰਧਾਨ ਹੈ, ਆਮ ਤੌਰ ਤੇ ਇਨ੍ਹਾਂ ਸਮਿਆਂ ਵੇਲੇ ਮਾਸ ਵਰਤਿਆ ਜਾਂਦਾ ਹੈ।

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥ ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ॥ (੧੨੯੦)

ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ, ਆਦਿ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਇਹ ਸਾਰੇ ਮਾਸ ਤੋਂ ਬਣਨ ਕਰਕੇ ਨਰਕ ਵਿੱਚ ਪੈਂਦੇ ਦਿਸਦੇ ਹਨ ਤਾਂ ਮਾਸ ਦੇ ਤਿਆਗੀ ਪੰਡਿਤ ਨੂੰ ਇਨ੍ਹਾਂ ਲੋਕਾਂ ਤੋਂ ਦਾਨ ਵੀ ਨਹੀਂ ਲੈਣਾ ਚਾਹੀਦਾ। ਨਹੀਂ ਤਾਂ ਵੇਖੋ, ਕਿ ਇਹ ਕਿੰਨੀ ਅਜੀਬ ਤੇ ਧੱਕੇ ਵਾਲੀ ਗੱਲ ਹੈ ਕਿ ਦਾਨ ਦੇਣ ਵਾਲੇ ਤਾਂ ਨਰਕਾਂ ਵਿੱਚ ਪੈਣ ਤੇ ਲੈਣ ਵਾਲੇ ਸੁਰਗ ਵਿਚ। ਪੰਡਿਤ ਬਹੁਤ ਚਤੁਰ ਹੈ, ਉਸ ਨੂੰ ਆਪ ਤਾਂ ਮਾਸ ਖਾਣ ਦੇ ਬਾਰੇ ਸਮਝ ਨਹੀਂ, ਪਰ ਲੋਕਾਂ ਨੂੰ ਸਮਝਾਉਂਦਾ ਹੈ।

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ॥ (੧੨੯੦)

ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ। ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਾਈ ਕਰਦਾ ਹਾਂ ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ ਤੇ ਪੁਸ਼ਾਕ ਪੈਦਾ ਕਰਦਾ ਹਾਂ, ਇਹ ਸਾਰੀਆਂ ਤਬਦੀਲੀਆਂ ਭਾਵ, ਬੇਅੰਤ ਕਿਸਮਾਂ ਦੇ ਪਦਾਰਥ ਪਾਣੀ ਵਿੱਚ ਹੀ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੇ ਕਰ ਸੱਚਾ ਤਿਆਗੀ ਬਣਨਾ ਹੈ ਤਾਂ ਇਨ੍ਹਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣ, ਕਿਉਂਕਿ ਮਾਸ ਦੀ ਉਤਪਤੀ ਵੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਵੀ ਪਾਣੀ ਤੋਂ ਹੀ ਹੈ। ਗੁਰਬਾਣੀ ਦੀ ਇਹ ਪੰਗਤੀ ਸਪੱਸ਼ਟ ਕਰਦੀ ਹੈ ਕਿ ਜੀਵਨ ਜਾਨਵਰਾਂ ਵਿੱਚ ਵੀ ਹੈ ਤੇ ਪੌਦਿਆਂ ਵਿੱਚ ਵੀ ਅਤੇ ਇਨ੍ਹਾਂ ਦੋਵਾਂ ਦਾ ਆਧਾਰ ਪਾਣੀ ਹੀ ਹੈ। ਸਾਇੰਸ ਵੀ ਚੰਨ ਤੇ ਪਾਣੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਥੇ ਜੀਵਨ ਸੰਭਵ ਹੋ ਸਕੇ।

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ ੨॥ (੧੨੯੦)

ਮਾਸ ਦੇ ਵਿਸ਼ੇ ਸਬੰਧੀ ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਲੇਖ ਨੂੰ ਪੜ੍ਹ ਸਕਦੇ ਹੋ ਜੀ:-

http://www.sikhmarg.com/2006/1203-maas-maas-kar.html,

ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪੂਰੀ ਤਰਾਂ ਸਪੱਸ਼ਟ ਕਰ ਦਿਤਾ ਹੈ ਕਿ ਮਾਸ ਅਤੇ ਸਬਜੀਆਂ ਵਿੱਚ ਫਰਕ ਕਰਨਾ ਮੁਸ਼ਕਲ ਹੈ। ਠੀਕ ਉਸੇ ਤਰ੍ਹਾਂ ਸਾਇੰਸ ਨੇ ਵੀ ਇਊਗਲੀਨਾ (Euglena) ਵਰਗੀ ਉਦਾਹਰਣ ਲੱਭੀ ਹੈ, ਜੋ ਕਿ ਜੀਵ ਤੇ ਪੌਦੇ ਦੋਹਾਂ ਦੀ ਤਰ੍ਹਾਂ ਵਿਵਿਹਾਰ ਕਰਦੀ ਹੈ। ਬਹੁਤ ਸਾਰੀਆਂ ਕਿਸਮਾਂ ਦੀਆਂ ਇਊਗਲੀਨਾ ਦੇ ਸੈਲਾਂ ਵਿੱਚ ਕਲੋਰੋਪਲਾਸਟ (Chloroplast) ਹੁੰਦਾ ਹੈ, ਜਿਸ ਨਾਲ ਉਹ ਪੋਦਿਆਂ ਦੀ ਤਰ੍ਹਾਂ ਫੋਟੋਸਿੰਨਥਸਿਜ਼ (Photosynthesis) ਰਾਹੀ ਖੁਰਾਕ ਲੈਂਦੇ ਹਨ। ਇਹ ਮਿਠੇ ਤੇ ਲੂਣ ਵਾਲੇ ਪਾਣੀਆਂ ਵਿੱਚ ਪਾਈਆਂ ਜਾਂਦੀਆਂ ਹਨ। ਤਲਾਵਾਂ ਤੇ ਖੱਡਿਆਂ ਥੱਲੇ ਨੂੰ ਵਧ ਕੇ ਹਰਾ ਕਰ ਦਿੰਦੀਆਂ ਹਨ। ਇਹ ਜਾਨਵਰਾਂ ਦੀ ਤਰ੍ਹਾਂ ਹੈਟਰੋਪਰੌਫੀਕਲੀ (heterotrophically) ਖੁਰਾਕ ਵੀ ਲੈ ਸਕਦੀਆਂ ਹਨ। ਇਨ੍ਹਾਂ ਵਿੱਚ ਜਾਨਵਰਾਂ ਤੇ ਪੋਦਿਆਂ ਦੋਹਾਂ ਦੇ ਗੁਣ ਹਨ।

ਜਾਨਵਰਾਂ ਦੀ ਤਰ੍ਹਾਂ ਖਾਣ ਸਮੇਂ ਇਊਗਲੀਨਾ ਖੁਰਾਕ ਦੇ ਦਾਣਿਆਂ ਨੂੰ ਘੇਰ ਕੇ ਆਪਣੇ ਅੰਦਰ ਸਮੇਟ ਲੈਂਦੀ ਹੈ। ਜਦੋਂ ਸੂਰਜ ਦੀ ਰੌਸ਼ਨੀ ਹੁੰਦੀ ਹੈ, ਤਾਂ ਇਹ ਕਲੋਰੋਪਲਾਸਟ (Chloroplast) ਦੀ ਸਹਾਇਤਾ ਨਾਲ ਪੋਦਿਆਂ ਦੀ ਤਰ੍ਹਾਂ ਫੋਟੋਸਿੰਨਥਸਿਜ਼ (Photosynthesis) ਰਾਹੀ ਸ਼ੂਗਰ ਬਣਾ ਲੈਂਦੀ ਹੈ। ਇਊਗਲੀਨਾ ਦੇ ਕਲੋਰੋਪਲਾਸਟ (Chloroplast) ਦੀਆਂ 3 ਪਰਤਾਂ ਹੁੰਦੀਆਂ ਹਨ ਜਦੋਂ ਕਿ ਪੋਦਿਆਂ ਤੇ ਹਰੀ ਕਾਈ (green algae) ਦੇ ਕਲੋਰੋਪਲਾਸਟ (Chloroplast) ਦੀਆਂ 2 ਪਰਤਾਂ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਊਗਲੀਨਾ ਘਟ ਰੌਸ਼ਨੀ ਵਿੱਚ ਵੀ ਜੀਵਤ ਰਹਿ ਸਕਦੀ ਹੈ। ਇਊਗਲੀਨਾ ਦੇ ਸਰੀਰ ਤੇ ਲਾਲ ਅੱਖ ਦੀ ਤਰ੍ਹਾਂ (eyespot) ਬਣਿਆ ਹੁੰਦਾ ਹੈ, ਜਿਸ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਰੌਸ਼ਨੀ ਬਾਰੇ ਪਤਾ ਲਗ ਜਾਂਦਾ ਹੈ ਤੇ ਉਸ ਤਰਫ ਜਾ ਸਕਦੀ ਹੈ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਸਾਹਿਬਾਂ ਨੇ ਸਪੱਸ਼ਟ ਕਰਕੇ ਸਮਝਾ ਦਿੱਤਾ ਸੀ, ਕਿ ਜਿਸ ਤਰ੍ਹਾਂ ਆਮ ਜੀਵਾਂ ਵਿੱਚ ਜੀਵਨ ਹੈ, ਉਸੇ ਤਰ੍ਹਾਂ ਪੌਦੇ ਵੀ ਜੀਵ ਹਨ ਤੇ ਸੱਭ ਦੇ ਜੀਵਨ ਦਾ ਆਧਾਰ ਪਾਣੀ ਹੈ।

ਸਾਇੰਸ ਦੇ ਅਨੁਸਾਰ ਜਿਹੜੀ ਚੀਜ਼ ਵਧਦੀ ਹੈ ਉਸ ਨੂੰ ਜਿਊਂਦਾ ਗਿਣਿਆ ਜਾਂਦਾ ਹੈ, ਜਿਊਦੀਆਂ ਚੀਜਾਂ ਚਲ ਜਾਂ ਵਧ ਸਕਦੀਆਂ ਹਨ, ਤੇ ਨਿਰਜੀਵ ਚੀਜਾਂ ਉਥੇ ਹੀ ਟਿਕੀਆਂ ਰਹਿੰਦੀਆਂ ਹਨ।

ਪਰੌਸਪੈਰੋ ਅਲਪੀਨੀ (Prospero Alpini) ਨੇ 1580 ਵਿੱਚ ਦੱਸਿਆ ਕਿ ਪੌਦਿਆਂ ਦੇ ਵੀ ਨਰ ਤੇ ਮਾਦਾ ਹੁੰਦੇ ਹਨ।

ਸਰ ਜਗਦੀਸ਼ ਚੰਦਰ ਬੋਸ (1858 - 1937) ਨੇ ਆਪਣੇ ਬਣਾਏ ਹੋਏ ਜੰਤਰ (Crescograph) ਨਾਲ ਵਿਖਾਇਆ ਕਿ ਆਮ ਜਾਨਵਰਾਂ ਦੀ ਤਰ੍ਹਾਂ ਪੌਦਿਆਂ ਦੇ ਵੀ ਟਿਸ਼ੂ ਹੁੰਦੇ ਹਨ ਤੇ ਉਹ ਮਹਿਸੂਸ ਕਰ ਸਕਦੇ ਹਨ।

ਵਿਗਿਆਨ ਨੂੰ ਤਾਂ 100 ਸਾਲ ਪਹਿਲਾਂ ਹੀ ਪਤਾ ਲੱਗਾ ਕਿ ਪੌਦੇ ਵੀ ਜੀਵ ਹਨ, ਪਰੰਤੂ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਇਹ ਕਈ ਸਾਲ ਪਹਿਲਾਂ ਅੰਕਿਤ ਕਰ ਦਿਤਾ ਸੀ ਕਿ ਸਾਰੇ ਦਾਣਿਆਂ ਵਿੱਚ ਜੀਵ ਹਨ।

ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸੂਤਕ ਦੇ ਭਰਮਾਂ ਤੇ ਵਹਿਮਾਂ ਵਿਚੋਂ ਕੱਢਣ ਲਈ ਸਮਝਾਇਆ ਕਿ ਹਰੇਕ ਦਾਣੇ ਵਿੱਚ ਜੀਵ ਹਨ, ਤੇ ਸੱਭ ਦੇ ਜੀਵਨ ਦਾ ਆਧਾਰ ਪਾਣੀ ਹੈ।

ਕਬੀਰ ਸਾਹਿਬ ਗੁਰਬਾਣੀ ਵਿੱਚ ਸਮਝਾਉਂਦੇ ਹਨ ਕਿ ਹਰੇਕ ਪੱਤੇ ਵਿੱਚ ਜਿੰਦ ਹੈ, ਜਿਸ ਪੱਥਰ ਦੀ ਮੂਰਤੀ ਦੀ ਖ਼ਾਤਰ ਮਾਲਣ ਪੱਤੇ ਤੋੜਦੀ ਹੈ, ਉਹ ਪੱਥਰ ਦੀ ਮੂਰਤੀ ਨਿਰਜੀਵ ਹੈ।

ਗੁਰੂ ਗਰੰਥ ਸਾਹਿਬ ਦੇ ਪੰਨਾਂ 1289-1290 ਤੇ ਮਾਸ ਦੇ ਵਿਸ਼ੇ ਸਬੰਧੀ ਗੁਰੂ ਨਾਨਕ ਸਾਹਿਬ ਨੇ ਪੂਰੀ ਤਰਾਂ ਸਪੱਸ਼ਟ ਕਰ ਦਿਤਾ ਸੀ, ਕਿ ਮਾਸ ਤੋਂ ਬਿਨਾ ਮਨੁੱਖ ਦਾ ਕਿਸੇ ਤਰਾਂ ਵੀ ਛੁਟਕਾਰਾ ਨਹੀਂ ਹੋ ਸਕਦਾ।

ਮਾਸ ਖਾਣ ਜਾਂ ਨਾ ਖਾਣ ਦਾ ਨਿਰਣਾ ਸਮਝਣ ਦੀ ਬਜਾਏ, ਜੇਕਰ ਸਤਿਗੁਰੂ ਨੂੰ ਮਿਲ ਕੇ ਉਸ ਅਕਾਲ ਪੁਰਖ ਦੇ ਹੁਕਮੁ ਤੇ ਉਸ ਦੀ ਰਜ਼ਾ ਸਮਝੀਏ ਤਾਂ ਜੀਵ ਦਾ ਜਗਤ ਵਿੱਚ ਆਉਣਾ ਸਫਲ ਹੋ ਸਕਦਾ ਹੈ।

ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਇਹ ਸਚਾਈ ਸਮਝਾਈ ਸੀ, ਕਿ ਮਾਸ ਤੇ ਸਾਗ ਵਿੱਚ ਕੋਈ ਅੰਤਰ ਨਹੀਂ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਜੀਵਨ ਜਾਨਵਰਾਂ ਵਿੱਚ ਵੀ ਹੈ ਤੇ ਪੌਦਿਆਂ ਵਿੱਚ ਵੀ ਅਤੇ ਇਨ੍ਹਾਂ ਦੋਵਾਂ ਦਾ ਆਧਾਰ ਪਾਣੀ ਹੈ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = [email protected]
http://www.sikhmarg.com/article-dr-sarbjit.html




.