ਧਰਮ ਦੀ ਸਮੱਸਿਆ-18
ਮਾਨਸਿਕ ਗੁਲਾਮੀ ਅਧਾਰਿਤ
ਨਕਲੀ ਧਰਮ
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: [email protected]
www.sikhvirsa.com
ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ
ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ
ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ
ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ
ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ
ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ
ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ
ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ।
ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ,
ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ
ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ
ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ
ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ
ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ
ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ
ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ
ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ
ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ,
ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ
ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ
ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ
ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ
ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ
ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ
ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ
ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5
ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ
ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ
ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ
ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ
ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ
ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ
ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ
ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ
ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਚਰਚਾ ਵਿੱਚ ਹੁਣ ਅਸੀਂ ‘ਮਾਨਸਿਕ ਗੁਲਾਮੀ’ ਅਧਾਰਿਤ
ਨਕਲੀ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ਨੂੰ ਅੱਗੇ ਤੋਰੀਏ,
ਨਕਲੀ ਧਰਮਾਂ ਦੇ ਇਤਿਹਾਸ ਨੂੰ ਸਮਝਣ ਲੈਣਾ ਲਾਹੇਵੰਦ ਰਹੇਗਾ। ਜਦੋਂ ਹੀ ਮਨੁੱਖ ਨੇ ਜੰਗਲੀ ਜੀਵਨ
ਛੱਡ ਕੇ ਸਮਾਜਿਕ ਜੀਵਨ ਦੀ ਸ਼ੁਰੂਆਤ ਕੀਤੀ, ਉਦੋਂ ਹੀ ਨਕਲੀ ਧਰਮਾਂ ਦੀ ਹੌਲੀ-ਹੌਲੀ ਸ਼ੁਰੂਆਤ ਹੋ ਗਈ
ਸੀ। ਜੰਗਲੀ ਜੀਵਨ ਦੌਰਾਨ ਜਦੋਂ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦਾ ਸਾਹਮਣਾ
ਕਰਨਾ ਪੈਂਦਾ ਸੀ ਤਾਂ ਕੁਦਰਤ ਬਾਰੇ ਸੋਝੀ ਨਾ ਹੋਣ ਕਾਰਨ ਮਨੁੱਖ ਇਨ੍ਹਾਂ ਸ਼ਕਤੀਆਂ ਦੀ ਤਾਕਤ ਤੋਂ
ਘਬਰਾਉਂਦਾ ਸੀ। ਇਨ੍ਹਾਂ ਤੋਂ ਬਚਣ ਦੇ ਉਪਾਅ ਵੀ ਕਰਦਾ ਸੀ, ਪਰ ਉਸਦੀ ਬਹੁਤੀ ਪੇਸ਼ ਨਹੀਂ ਜਾਂਦੀ ਸੀ।
ਇਸੇ ਸਮੇਂ ਵਿੱਚ ਕੁਦਰਤੀ ਸ਼ਕਤੀਆਂ ਦੀ ਕਰੋਪੀ ਤੋਂ ਬਚਣ ਲਈ ਇਨ੍ਹਾਂ ਦੀ ਪੂਜਾ ਸ਼ੁਰੂ ਹੋਈ ਜਾਂ ਇਉਂ
ਵੀ ਕਹਿ ਸਕਦੇ ਹਾਂ ਕਿ ਨਵੇਂ ਬਣ ਰਹੇ ਸਮਾਜਾਂ ਵਿੱਚ ਮੋਹਰੀ ਲੋਕਾਂ ਨੇ ਸ਼ੁਰੂ ਕਰਵਾ ਦਿੱਤੀ। ਜਿਸ
ਤਰ੍ਹਾਂ ਸਮਾਜ ਛੋਟੇ ਛੋਟੇ ਗਰੁੱਪਾਂ ਤੋਂ ਕਬੀਲਿਆਂ ਤੇ ਫਿਰ ਰਾਜਾਂ ਵਿੱਚ ਬਦਲਿਆ। ਸਮਾਜ ਨੂੰ
ਚਲਾਉਣ ਲਈ ਤਾਕਤਵਰ ਲੋਕ ਮੁੱਖੀ ਬਣੇ। ਜਿਨ੍ਹਾਂ ਨੂੰ ਬਾਅਦ ਵਿੱਚ ਰਾਜੇ ਤੇ ਹੁਣ ਰਾਜਨੀਤਕ ਲੋਕ
ਕਿਹਾ ਜਾਂਦਾ ਹੈ। ਜਿਥੇ ਸਮਾਜ ਦੇ ਸਰੀਰਕ ਤੌਰ ਤੇ ਤਾਕਤਵਰ ਲੋਕਾਂ ਨੇ ਆਮ ਲੋਕਾਂ ਤੇ ਆਪਣੀ ਤਾਕਤ
ਨਾਲ ਰਾਜ ਕਰਨਾ ਸ਼ੁਰੂ ਕਰ ਦਿੱਤਾ, ਉਥੇ ਸਮਾਜ ਦੇ ਦਿਮਾਗੀ ਤਾਕਤਵਰ (ਸ਼ਾਤਰ) ਲੋਕਾਂ ਨੇ ਆਪਣਾ ਰਾਜ
ਸਥਾਪਿਤ ਕਰਨ ਲਈ ਧਰਮ ਦੀ ਕਾਢ ਕੱਢੀ। ਸ਼ੁਰੂ ਵਿੱਚ ਕੁਦਰਤੀ ਸ਼ਕਤੀਆਂ ਤੋਂ ਡਰੇ ਹੋਏ ਮਨੁੱਖ ਨੂੰ
ਇਨ੍ਹਾਂ ਆਫਤਾਂ ਤੋਂ ਬਚਾਉਣ ਲਈ ਉਨ੍ਹਾਂ ਦੀ ਪੂਜਾ ਕਰਨ ਦੇ ਰਾਹ ਤੋਰਿਆ। ਫਿਰ ਹੌਲੀ-ਹੌਲੀ ਉਸਨੇ
ਮਨੁੱਖੀ ਮਨ ਦੀ ਲਾਲਚੀ ਬਿਰਤੀ ਨੂੰ ਦੇਖਦੇ ਹੋਏ, ਇਨ੍ਹਾਂ ਕੁਦਰਤੀ ਸ਼ਕਤੀਆਂ ਤੋਂ ਪੂਜਾ ਰਾਹੀਂ
ਵਰਦਾਨ ਲੈ ਕੇ ਦੇਣ ਦੇ ਲਾਲਚ ਦਿੱਤੇ ਜਾਣ ਲੱਗੇ। ਸਮਾਂ ਪਾ ਕੇ ਸਰੀਰਕ ਅਤੇ ਦਿਮਾਗੀ ਤੌਰ ਤੇ
ਤਾਕਤਵਰ ਲੋਕਾਂ ਨੇ ਸਾਂਝ ਬਣਾ ਲਈ ਤੇ ਅਜਿਹੇ ਢੰਗ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਕਿ ਉਨ੍ਹਾਂ ਦਾ
ਰਾਜ ਵੀ ਚਲਦਾ ਰਹੇ ਤੇ ਕੁੱਝ ਕਰਨਾ ਵੀ ਨਾ ਪਵੇ। ਉਨ੍ਹਾਂ ਦੀ ਇਸ ਭਾਵਨਾ ਵਿੱਚੋਂ ਕਿ ਬਾਕੀ ਸਾਰਾ
ਸਮਾਜ ਕੰਮ ਧੰਦਾ ਕਰੇ ਤੇ ਉਹ ਵਿਹਲੇ ਬੈਠ ਕੇ ਖਾਣ, ਵਿਚੋਂ ਹੀ ਸਮਾਜ ਦਾ ਸੋਸ਼ਣ ਕਰਨ ਦੀ ਪ੍ਰਵਿਰਤੀ
ਪੈਦਾ ਹੋਈ। ਜਿਸ ਤਰ੍ਹਾਂ ਸਮਾਜ ਅੱਗੇ ਵਧਿਆ, ਇਨ੍ਹਾਂ ਦੋਨਾਂ ਤਾਕਤਾਂ (ਰਾਜ ਤੇ ਨਕਲੀ ਧਰਮ) ਦਾ
ਸਮਾਜ ਤੇ ਪੂਰਾ ਗਲਬਾ ਪੈ ਚੁੱਕਾ ਸੀ। ਇਥੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਦੁਨੀਆਂ ਦੇ ਸਾਰੇ
ਸਮਾਜਾਂ ਵਿੱਚ ਨਕਲੀ ਧਰਮ ਪਹਿਲਾਂ ਆਏ ਤੇ ਸਥਾਪਿਤ ਹੋਏ। ਅੱਜ ਦੇ ਪ੍ਰਚਲਤ ਜਥੇਬੰਦਕ ਧਰਮਾਂ ਦੇ
ਹੋਂਦ ਵਿੱਚ ਆਉਣ ਤੋਂ ਪਹਿਲਾਂ ਨਕਲੀ ਧਰਮਾਂ ਦਾ ਮਨੁੱਖੀ ਸਮਾਜ ਵਿੱਚ ਪੂਰਾ ਬੋਲਬਾਲਾ ਹੋ ਚੁੱਕਾ
ਸੀ। ਆਮ ਮਨੁੱਖ ਅੱਜ ਵਾਂਗ ਅਗਿਆਨਤਾ ਵਿੱਚ ਸ਼ਾਤਰ ਲੋਕਾਂ ਵਲੋਂ ਦੱਸੇ ਜਾਂਦੇ ਧਰਮ ਕਰਮ ਜਾਂ ਪੂਜਾ
ਪਾਠ ਨੂੰ ਅਸਲੀ ਧਰਮ ਸਮਝਦਾ ਸੀ। ਇਨ੍ਹਾਂ ਨਕਲੀ ਧਰਮਾਂ ਦੇ ਪੁਜਾਰੀਆਂ ਤੇ ਰਾਜ ਕਰ ਰਹੀ ਹਾਕਮ ਧਿਰ
ਵਲੋਂ ਰਲ਼ ਕੇ ਜਦੋਂ ਸਮਾਜ ਦਾ ਹਰ ਪੱਧਰ ਤੇ ਸੋਸ਼ਣ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਇਨ੍ਹਾਂ ਨਕਲੀ
ਧਰਮਾਂ ਦੇ ਵਿਰੋਧ ਵਿੱਚ ਅੱਜ ਦੇ ਜਥੇਬੰਦਕ ਧਰਮ ਹੋਂਦ ਵਿੱਚ ਆਏ। ਪੱਛਮੀ ਧਰਮਾਂ ਵਿੱਚ ਯਹੂਦੀ ਧਰਮ
ਪਹਿਲਾ ਅਜਿਹਾ ਧਰਮ ਸੀ, ਜੋ ਇਨ੍ਹਾਂ ਨਕਲੀ ਧਰਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਇਆ। ਧਰਮਾਂ ਦਾ
ਇਤਿਹਾਸ ਬੜਾ ਅਜੀਬ ਜਿਹਾ ਹੈ, ਤਕਰਬੀਨ ਸਾਰੇ ਧਰਮ ਬਹੁਤਾ ਚਿਰ ਆਪਣੀ ਮੌਲਕਿਤਾ ਕਾਇਮ ਨਹੀਂ ਰੱਖ
ਪਾਉਂਦੇ। ਬਹੁਤ ਜਲਦੀ ਨਕਲੀ ਗੁਰੂਆਂ ਜਾਂ ਪੁਜਾਰੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਜਾਦੇ ਹਨ ਤੇ ਫਿਰ
ਇਹ ਨਾਮ ਦੇ ਹੀ ਧਰਮ ਰਹਿ ਜਾਂਦੇ ਹਨ, ਅਸਲੀਅਤ ਵਿੱਚ ਇਨ੍ਹਾਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ
ਸ਼ੁਰੂ ਹੋ ਜਾਂਦੇ ਹਨ ਤੇ ਫਿਰ ਇਹ ਸਮਾਜ ਦਾ ਸੋਸ਼ਣ ਕਰਨ ਦਾ ਸੰਦ ਬਣ ਜਾਦੇ ਹਨ। ਬੁਨਿਆਦੀ ਤੌਰ ਤੇ
ਸਾਰੇ ਨਕਲੀ ਧਰਮਾਂ ਦਾ ਖਾਸਾ ਪਿਛਾਂਹ ਖਿਚੂ ਹੈ ਕਿਉਂਕਿ ਇਹ ਪੁਰਾਤਨਤਾ ਵਿੱਚ ਵਿਸ਼ਵਾਸ਼ ਰੱਖਦੇ ਹਨ।
ਨਵੀਂ ਖੋਜ ਨੂੰ ਮਾਨਤਾ ਨਹੀਂ ਦਿੰਦੇ, ਜੋ ਕੁੱਝ ਪਹਿਲਾਂ ਹੋ ਚੁੱਕਾ ਹੈ, ਭਾਵੇਂ ਅੱਜ ਗਲਤ ਵੀ
ਸਾਬਿਤ ਹੋ ਜਾਵੇ, ਉਸਨੂੰ ਹੀ ਸੱਚ ਮੰਨਣ ਦਾ ਹੋਕਾ ਦਿੰਦਾ ਹਨ। ਸਾਰੇ ਧਰਮ ਸਮੇਂ ਨਾਲੋਂ ਕਈ ਸੌ ਸਾਲ
ਪਿਛੇ ਚਲਦੇ ਹਨ, ਮੌਕੇ ਦੇ ਸੱਚ ਨੂੰ ਲੰਬੇ ਸਮੇਂ ਬਾਅਦ ਮਜਬੂਰੀ ਵਿੱਚ ਕਬੂਲਦੇ ਹਨ। ਇਹ ਆਪਣੇ
ਸ਼ਰਧਾਲੂਆਂ ਨੂੰ ਸੋਚਣ ਤੋਂ ਰੋਕਦੇ ਹਨ। ਮੰਨਣ ਤੇ ਜ਼ੋਰ ਦਿੰਦੇ ਹਨ ਤੇ ਜਾਨਣ ਦੀ ਇਜ਼ਾਜਤ ਨਹੀਂ
ਦਿੰਦੇ। ਤਕਰੀਬਨ ਸਾਰੇ ਪ੍ਰਚਲਤ ਜਥੇਬੰਧਕ ਧਾਰਮਿਕ ਫਿਰਕੇ ਆਪਣੇ ਤੋਂ ਪਹਿਲੇ ਧਰਮ ਵਿੱਚ ਪੈਦਾ ਹੋ
ਜਾਂਦੇ ਨਕਲੀ ਧਰਮਾਂ ਦੇ ਵਿਰੋਧ ਵਿੱਚ ਖੜਦੇ ਹਨ, ਅਸਲੀ ਧਰਮ ਗੁਰੂ ਫਿਰ ਪਹਿਲੇ ਧਰਮਾਂ ਦੇ ਨਕਲੀਪਨ
ਤੇ ਪੁਜਾਰੀਵਾਦ ਦਾ ਵਿਰੋਧ ਕਰਦੇ ਹਨ। ਪਰ ਸਮਾਂ ਪਾ ਕੇ ਪੁਜਾਰੀ ਤੇ ਹਾਕਮ, ਨਵੇਂ ਧਰਮ ਵਿੱਚ ਨਕਲੀ
ਧਰਮਾਂ ਰਾਹੀਂ ਫਿਰ ਆਪਣਾ ਗਲਬਾ ਪਾ ਲੈਂਦੇ ਹਨ। ਅੱਜ ਦੇ ਪ੍ਰਚਲਤ ਸਾਰੇ ਜਥੇਬੰਧਕ ਧਰਮਾਂ ਦਾ
ਇਤਿਹਾਸ ਤਕਰੀਬਨ 4000 ਕੁ ਹਜ਼ਾਰ ਸਾਲ ਪੁਰਾਣਾ ਹੈ। ਪਹਿਲਾ ਜਥੇਬੰਧਕ ਯਹੂਦੀ ਧਰਮ ਆਪਣੇ ਸਮੇਂ ਦੇ
ਰਾਜਨੀਤਕਾਂ ਤੇ ਨਕਲੀ ਧਰਮ ਪੁਜਾਰੀਆਂ ਦੇ ਵਿਰੋਧ ਵਿੱਚ ਪ੍ਰਗਟ ਹੋਇਆ ਸੀ, ਪਰ ਸਮਾਂ ਪਾ ਕੇ ਇਸ ਧਰਮ
ਦੇ ਪੁਜਾਰੀਆਂ ਨੇ ਰੋਮਨ ਸ਼ਾਸਕਾਂ ਨਾਲ ਸਾਂਝ ਪਾ ਲਈ ਤੇ ਰਲ਼ ਕੇ ਲੋਕਾਂ ਦਾ ਸੋਸ਼ਣ ਕਰਨ ਲੱਗੇ ਤਾਂ
ਯਹੂਦੀਆਂ ਵਿੱਚ ਪੈਦਾ ਹੋਏ ਜੀਸਸ ਕਰਾਈਸਟ ਨੇ ਬਗਾਵਤ ਕੀਤੀ ਤੇ ਉਸਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ
ਬਾਅਦ ਵਿੱਚ ਉਸਦੇ ਨਾਮ ਤੇ ਸ਼ੁਰੂ ਹੋਇਆ ਨਵਾਂ ਧਾਰਮਿਕ ਫਿਰਕਾ ਇਸਾਈ ਮੱਤ ਬਣਿਆ। ਜਿਸ ਵਿੱਚ ਪੈਦਾ
ਹੋਏ ਪੁਜਾਰੀਵਾਦ ਨੇ ਸਮੇਂ ਦੀਆਂ ਹਕੂਮਤਾਂ ਨਾਲ ਰਲ਼ ਕੇ ਜੋ ਮਨੁੱਖਤਾ ਵਿਰੁੱਧ ਜ਼ੁਲਮ ਕੀਤੇ, ਉਸ ਨਾਲ
ਇਤਿਹਾਸ ਦੀਆਂ ਕਿਤਾਬਾਂ ਭਰੀਆਂ ਪਈਆਂ ਹਨ। ਕੁੱਝ ਸਦੀਆਂ ਪਹਿਲਾਂ ਈਸਾਈ ਪੁਜਾਰੀਆਂ ਨੇ ਗੋਰੇ
ਹਾਕਮਾਂ ਨਾਲ ਰਲ਼ ਕੇ ਸਾਰੀ ਮਨੁੱਖਤਾ ਨੂੰ ਗੁਲਾਮ ਬਣਾਉਣ ਦਾ ਸੁਪਨਾ ਲਿਆ ਸੀ। ਅਰਬ ਵਿੱਚ ਮੂਰਤੀ
ਪੂਜ ਲੋਕਾਂ ਨੂੰ ਇੱਕ ਰੱਬ ਦਾ ਸੰਦੇਸ਼ ਤੇ ਮੌਕੇ ਦੇ ਹਾਕਮਾਂ ਦੇ ਸੋਸ਼ਣ ਖਿਲਾਫ ਖੜੇ ਹੋਏ ਇਸਲਾਮ ਨੇ
ਬਾਅਦ ਵਿੱਚ ਉਨ੍ਹਾਂ ਹੀ ਹਾਕਮਾਂ ਨਾਲ ਰਲ਼ ਕੇ ਜੋ ਤਬਾਹੀ ਦੁਨੀਆਂ ਵਿੱਚ ਮਚਾਈ, ਉਸ ਦੀਆਂ ਮਿਸਾਲਾਂ
ਲਈ ਸਾਊਥ ਏਸ਼ੀਆ ਦੇ ਇਤਿਹਾਸ ਦਾ ਹਰ ਪੰਨਾ ਗਵਾਹ ਹੈ। ਇਸੇ ਤਰ੍ਹਾਂ ਭਾਰਤੀ ਮੂਲ ਨਿਵਾਸੀਆਂ ਦਾ
ਕੁਦਰਤ ਦੀ ਪੂਜਾ ਆਦਿ ਦਾ ਧਰਮ ਤਬਾਹ ਕਰਕੇ ਆਰੀਅਨ ਕਬੀਲਿਆਂ ਨੇ ਵੇਦਾਂ, ਸ਼ਸਤਰਾਂ, ਸਿਮ੍ਰਤੀਆਂ,
ਉਪਨਿਸ਼ਦਾਂ ਆਦਿ ਅਧਾਰਿਤ ਨਕਲੀ ਧਰਮ ਸ਼ੁਰੂ ਕਰਕੇ ਸਮਾਜ ਵਿੱਚ ਸਿਰਫ ਵੰਡੀਆਂ ਹੀ ਨਹੀਂ ਪਾਈਆਂ, ਸਗੋਂ
ਦਰਾਵੜ ਲੋਕਾਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਤੋਂ ਬਦਤਰ ਜੀਵਨ ਜੀਣ ਲਈ ਮਜਬੂਰ ਕੀਤਾ। ਇਸਦੇ ਵਿਰੋਧ
ਵਿੱਚ ਬੁੱਧ ਤੇ ਜੈਨ ਧਰਮ ਪੈਦਾ ਹੋਏ, ਜਿਨ੍ਹਾਂ ਨੇ ਆਰੀਅਨਾਂ ਦੇ ਨਕਲੀ ਬ੍ਰਾਹਮਣੀ ਧਰਮ ਨੂੰ
ਵੰਗਾਰਿਆ, ਪਰ ਅੱਜ ਇਹ ਦੋਨੋ ਧਰਮ ਵੀ ਨਕਲੀ ਧਰਮਾਂ ਨਾਲ ਭਰੇ ਪਏ ਹਨ। ਇਸੇ ਤਰ੍ਹਾਂ ਪੁਰਾਣੇ ਸਾਰੇ
ਨਕਲੀ ਧਰਮਾਂ ਨੂੰ ਰੱਦ ਕਰਕੇ ਖੜਾ ਹੋਇਆ ਨਵਾਂ ਸਿੱਖ ਧਰਮ, ਪੂਰੀ ਤਰ੍ਹਾਂ ਬ੍ਰਾਹਮਣਵਾਦ ਦੀ ਭੇਟ
ਚੜ੍ਹ ਚੁੱਕਾ ਹੈ। ਬਾਕੀ ਧਰਮਾਂ ਵਾਂਗ ਇਸ ਵਿੱਚ ਵੀ ਰਾਜਨੀਤਕਾਂ, ਪੁਜਾਰੀਆਂ ਤੇ ਧਨਾਢਾਂ ਦਾ ਪੂਰਾ
ਬੋਲਬਾਲਾ ਹੈ। ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਸਿੱਖ ਧਰਮ ਵਿੱਚ ਵੀ ਪ੍ਰਚਲਤ ਹੋ ਚੁੱਕੇ ਹਨ। ਜਿਸ
ਵਿਚੋਂ ਅਸਲੀ ਧਰਮ ਵਿਚੋਂ ਲੱਭਣਾ ਮੁਸ਼ਕਿਲ ਹੋ ਚੁੱਕਾ ਹੈ।
ਇਹ ਸਾਰਾ ਕੁੱਝ ਦੱਸਣ ਤੋਂ ਭਾਵ ਹੈ ਕਿ ਅਸਲੀ ਧਰਮ ਬਹੁਤ ਥੋੜਾ ਚਿਰ ਚੱਲਦਾ ਹੈ, ਨਕਲੀ ਧਰਮਾਂ ਅੱਗੇ
ਅਸਲੀ ਧਰਮ ਬਹੁਤਾ ਚਿਰ ਨਹੀਂ ਖੜਦੇ ਕਿਉਂਕਿ ਪੁਜਾਰੀਆਂ ਨੂੰ ਪਤਾ ਹੁੰਦਾ ਹੈ ਕਿ ਮਨੁੱਖ ਦੀਆਂ
ਬੁਨਿਆਦੀ ਕਮਜ਼ੋਰੀਆਂ ਨੂੰ ਵਰਤ ਕੇ ਉਨ੍ਹਾਂ ਦਾ ਸੋਸ਼ਣ ਕਿਵੇਂ ਕਰਨਾ ਹੈ? ਨਕਲੀ ਧਰਮਾਂ ਤੇ ਸਿਆਸਤ ਦੀ
ਖੇਡ ਸਿਰਫ ਇਸ ਆਧਾਰ ਤੇ ਚਲਦੀ ਹੈ ਕਿ ਵੱਧ ਤੋਂ ਲੋਕਾਂ ਨੂੰ ਕਾਬੂ ਕਿਵੇਂ ਕਰਨਾ ਹੈ ਤੇ ਆਪਣੇ
ਹਿੱਤਾਂ ਲਈ ਕਿਵੇਂ ਵਰਤਣਾ ਹੈ। ਰਾਜਨੀਤੀਵਾਨ ਮਨੁੱਖ ਨੂੰ ਸਰਰਿਕ ਤੌਰ ਤੇ ਕਾਬੂ ਕਰਦਾ ਹੈ, ਗੁਲਾਮ
ਬਣਾਉਂਦਾ ਹੈ ਤੇ ਮਨੁੱਖ ਜਦੋਂ ਜਾਗਰੂਕ ਹੋ ਜਾਦਾ ਹੈ ਤਾਂ ਉਹ ਰਾਜਨੀਤਕ ਗੁਲਾਮੀ ਚੋਂ ਨਿਕਲ ਜਾਂਦਾ
ਹੈ ਜਾਂ ਰਾਜਨੀਤਕ ਨਿਜ਼ਾਮ ਬਦਲ ਦਿੰਦਾ ਹੈ। ਨਕਲੀ ਧਰਮ ਦੀ ਖੂਬੀ ਇਹ ਹੈ ਕਿ ਇਹ ਤੁਹਾਡੇ ਦਿਮਾਗ ਨੂੰ
ਕਾਬੂ ਕਰਦਾ ਹੈ, ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਂਦਾ ਹੈ। ਇੱਕ ਵਾਰ ਗੁਲਾਮ ਬਣਿਆ ਮਨੁੱਖ
ਪੀੜ੍ਹੀ-ਦਰ-ਪੀੜ੍ਹੀ ਗੁਲਾਮ ਤੁਰਿਆ ਜਾਦਾ ਹੈ। ਪੁਜਾਰੀਆਂ ਕੋਲ ਮਨੁੱਖ ਨੂੰ ਦਿਮਾਗੀ ਤੌਰ ਤੇ ਗੁਲਾਮ
ਬਣਾ ਕੇ ਰੱਖਣ ਦੇ ਬੜੇ ਸਾਧਨ ਹਨ। ਸ਼ਰਧਾ (ਫੇਥ) ਉਨ੍ਹਾਂ ਦਾ ਇੱਕ ਅਜਿਹਾ ਮਾਰੂ ਹਥਿਆਰ ਹੈ ਕਿ ਜੋ
ਇਸਦੇ ਚੱਕਰ ਵਿੱਚ ਫਸ ਗਿਆ, ਨਿਕਲਣਾ ਬੜਾ ਮੁਸ਼ਕਿਲ ਹੈ। ਇਸ ਕਰਕੇ ਪੁਜਾਰੀ ਤੁਹਾਨੂੰ ਵਾਰ ਵਾਰ ਸ਼ਰਧਾ
ਰੱਖਣ, ਭਰੋਸਾ ਕਰਨ ਦੀ ਮੁਹਾਰਨੀ ਪੜ੍ਹਾਉਂਦੇ ਹਨ। ਅਸਲ ਵਿੱਚ ਸ਼ਰਧਾ ਕੀ ਹੈ, ਇਹ ਵੀ ਜਾਣ ਲੈਣਾ
ਚਾਹੀਦਾ ਹੈ ਤਾਂ ਹੀ ਇਸ ਵਿਚੋਂ ਨਿਕਲ ਸਕਦੇ ਹਾਂ। ਸ਼ਰਧਾ ਤੋਂ ਭਾਵ ਹੈ ਕਿ ਬਿਨਾਂ ਕੁੱਝ ਜਾਣੇ,
ਬਿਨਾਂ ਕੁੱਝ ਸਮਝੇ, ਬਿਨਾਂ ਕੋਈ ਪੜਤਾਲ ਕੀਤਿਆਂ, ਸੱਚੋ ਸੱਚ ਮੰਨ ਕੇ ਤੁਰ ਪੈਣਾ। ਤੁਹਾਡੇ ਸਾਹਮਣੇ
ਜਿਤਨੀ ਮਰਜੀ ਵੱਡੀ ਕੋਈ ਸਚਾਈ ਪੇਸ਼ ਕਰ ਦੇਵੇ, ਤੁਸੀਂ ਉਸਨੂੰ ਸੱਚ ਨਹੀਂ ਮੰਨਣਾ, ਸੱਚ ਸਿਰਫ ਉਹ
ਮੰਨਣਾ ਹੈ, ਜੋ ਤੁਹਾਨੂੰ ਧਰਮ ਪੁਜਾਰੀ ਨੇ ਸਿਖਾ ਦਿੱਤਾ ਹੋਵੇ, ਉਸਦਾ ਤੋਤਾ ਰਟਨ ਕਰਾ ਦਿੱਤਾ
ਹੋਵੇ। ਸ਼ਰਧਾ ਅਜਿਹੀ ਮਾਨਸਿਕ ਬੀਮਾਰੀ ਹੈ ਕਿ ਸਾਹਮਣੇ ਸੱਚ ਦੇਖ ਕੇ ਵੀ ਬੰਦਾ ਅੱਖਾਂ ਮੀਟ ਲੈਂਦਾ
ਹੈ। ਆਮ ਤੌਰ ਤੇ ਜਥੇਬੰਧਕ ਧਰਮਾਂ ਵਿੱਚ ਫਸੇ ਲੋਕ, ਅਕਸਰ ਕਹਿੰਦੇ ਹਨ ਕਿ ਅਸੀਂ ਸਾਰੇ ਧਰਮਾਂ ਦਾ
ਸਤਿਕਾਰ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਅਜਿਹਾ ਕਹਿਣਾ ਪੁਜਾਰੀਆਂ ਨੇ ਸਿਖਾਇਆ ਹੁੰਦਾ ਹੈ।
ਉਨ੍ਹਾਂ ਦੇ ਇਸ ਤਰ੍ਹਾਂ ਕਹਿਣ ਦਾ ਭਾਵ ਹੁੰਦਾ ਹੈ ਕਿ ਦੂਜੇ ਫਿਰਕੇ ਸਾਡੀਆਂ ਮਰਿਯਾਦਾਵਾਂ ਮਨੌਤਾਂ
ਵਿੱਚ ਦਖਲ ਨਾ ਦੇਣ ਤੇ ਅਸੀਂ ਦੂਜਿਆਂ ਵਿੱਚ ਦਖਲ ਨਾ ਦੇਈਏ, ਅਸੀਂ ਕੀ ਲੈਣਾ, ਕਿਥੇ ਕੀ ਹੁੰਦਾ ਹੈ।
ਪੁਜਾਰੀਆਂ ਵਲੋਂ ਸਾਨੂੰ ਕਿਸੇ ਵੀ ਧਾਰਮਿਕ ਮਰਿਯਾਦਾ, ਪ੍ਰੰਪਰਾ, ਮਨੌਤ, ਕਰਮਕਾਂਡ ਆਦਿ ਨੂੰ ਬਿਨਾਂ
ਕਿਸੇ ਕਿੰਤੂ ਪ੍ਰੰਤੂ ਦੇ ਮੰਨੀ ਜਾਣਾ, ਕੋਈ ਸਵਾਲ ਨਾ ਉਠਾਉਣਾ, ਅੱਖਾਂ ਮੀਟੀ ਰੱਖਣੀਆਂ ਆਦਿ
ਸਿਖਾਇਆ ਜਾਂਦਾ ਹੈ। ਅਜਿਹਾ ਕਰਕੇ ਹੀ ਪੁਜਾਰੀ ਸਾਡੇ ਤੇ ਮਾਨਸਿਕ ਗਲਬਾ ਪਾਉਂਦਾ ਹੈ। ਜੇ ਪੁਜਾਰੀ
ਇਹ ਸਿਖਾਉਣ ਲੱਗ ਜਾਣ ਕੇ ਤੁਸੀਂ ਸਾਡੀ ਕਿਸੇ ਗੱਲ ਨੂੰ ਸੱਚ ਨਹੀਂ ਮੰਨਣਾ, ਕੋਈ ਵੀ ਗੱਲ ਮੰਨਣ ਤੋਂ
ਪਹਿਲਾਂ ਉਸਦੀ ਛਾਣਬੀਣ ਕਰਨੀ ਹੈ, ਮੰਨਣ ਤੋਂ ਪਹਿਲਾਂ ਜਾਨਣਾ ਹੈ, ਕਿਸੇ ਤੇ ਅੱਖਾਂ ਮੀਟ ਕੇ ਇਤਬਾਰ
ਨਹੀਂ ਕਰਨਾ, ਸਾਡੇ ਧਰਮ ਗ੍ਰੰਥ ਤੇ ਵੀ ਯਕੀਨ ਨਹੀਂ ਕਰਨਾ, ਜਿਤਨਾ ਚਿਰ ਤੁਹਾਡੀ ਤਸੱਲੀ ਨਾ ਹੋਵੇ,
ਕਿਸੇ ਦੇ ਧਰਮ ਦਾ ਪਹਿਰਾਵਾ ਜਾਂ ਧਰਮ ਦੇ ਚਿੰਨ੍ਹ ਪਾਏ ਦੇਖ ਕੇ ਉਸਨੂੰ ਧਰਮੀ ਸਮਝ ਕੇ ਮਗਰ ਨਹੀਂ
ਲੱਗ ਜਾਣਾ, ਸਗੋਂ ਪਛਾਨਣ ਦੀ ਕੋਸ਼ਿਸ਼ ਕਰਨੀ ਹੈ ਕਿ ਕੀ ਉਹ ਸੱਚਮੁੱਚ ਧਰਮੀ ਹੈ ਤਾਂ ਤੁਸੀਂ ਆਪ ਹੀ
ਅੰਦਾਜਾ ਲਗਾਉ ਕਿ ਕਿਤਨੇ ਕੁ ਲੋਕ ਪੁਜਾਰੀਆਂ ਪਿਛੇ ਲੱਗਣਗੇ। ਖਾਸਕਰ ਅੱਜ ਦੇ ਸਮੇਂ ਵਿੱਚ ਜੇਕਰ
ਮਨੁੱਖ ਨੂੰ ਇਹ ਸੋਝੀ ਕਰਵਾ ਦਿੱਤੀ ਜਾਵੇ ਕਿ ਇਸ ਦਿਸਦੇ ਜਾਂ ਅਣਦਿਸਦੇ ਬ੍ਰਹਿਮੰਡ ਵਿੱਚ ਸਭ ਕੁੱਝ
ਕੁਦਰਤ ਦੇ ਬਣਾਏ ਅਟੱਲ ਨਿਯਮਾਂ ਅਨੁਸਾਰ ਹੀ ਚਲਦਾ ਹੈ, ਉਥੇ ਕਿਸੇ ਦੀ ਕੋਈ ਸਿਫਾਰਸ਼ ਜਾਂ ਵੱਢੀ
ਨਹੀਂ ਚਲਦੀ। ਕਿਸੇ ਦੇ ਪੂਜਾ ਪਾਠ ਕਰਨ ਨਾਲ ਉਹ ਖੁਸ਼ ਨਹੀਂ ਹੁੰਦਾ ਤੇ ਕਿਸੇ ਦੇ ਨਾ ਕਰਨ ਨਾਲ ਉਹ
ਨਾਰਾਜ਼ ਨਹੀਂ ਹੁੰਦਾ, ਕੁਦਰਤ ਦੇ ਅਟੱਲ ਨਿਯਮ ਆਪਣੀ ਚਾਲੇ ਆਪੇ ਚਲਦੇ ਰਹਿੰਦੇ ਹਨ। ਉਥੇ ਕਿਸੇ ਦੀ
ਕੋਈ ਅਰਦਾਸ, ਪ੍ਰੇਅਰ, ਜੋਦੜੀ ਆਦਿ ਕੰਮ ਨਹੀਂ ਆਉਂਦੀ, ਉਥੇ ਸਭ ਨਿਯਮ ਵਿੱਚ ਹੀ ਚਲਦਾ ਹੈ। ਜੇ
ਅਸੀਂ ਉਸ ਹੁਕਮ (ਨਿਯਮ) ਨੂੰ ਸਮਝ ਲਵਾਂਗੇ ਤਾਂ ਸਾਡਾ ਜੀਵਨ ਸੌਖਾ ਹੋ ਜਾਵੇਗਾ। ਅਜਿਹਾ ਸਮਝਾਉਣ
ਤੋਂ ਬਾਅਦ ਤੁਸੀਂ ਸੋਚੋ ਕਿ ਕਿਤਨੇ ਕੁ ਲੋਕ ਫਿਰ ਧਰਮ ਅਸਥਾਨਾਂ ਵਿੱਚ ਪੂਜਾ ਪਾਠ ਲਈ, ਭਜਨ ਬੰਦਗੀ
ਲਈ, ਅਰਦਾਸਾਂ ਆਦਿ ਲਈ ਜਾਣਗੇ? ਪੁਜਾਰੀ ਇਹ ਸਭ ਜਾਣਦਾ ਹੈ ਕਿ ਜੇ ਮਨੁੱਖ ਨੂੰ ਅਜਿਹੀ ਸੋਝੀ ਹੋ
ਜਾਵੇ ਤਾਂ ਸਾਡਾ ਧਰਮ ਦੇ ਨਾਮ ਤੇ ਹਜਾਰਾਂ ਸਾਲਾਂ ਤੋਂ ਖੜਾ ਝੂਠ ਦਾ ਮਹੱਲ ਡਿਗਦਿਆਂ ਦੇਰ ਨਹੀਂ
ਲੱਗਣੀ, ਇਸ ਲਈ ਉਹ ਸਾਨੂੰ ਮਾਨਸਿਕ ਤੌਰ ਤੇ ਸ਼ਰਧਾ ਦੇ ਨਾਮ ਤੇ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ
ਹੈ। ਇਸੇ ਲਈ ਸਾਨੂੰ ਵਾਰ ਵਾਰ ਕਿਹਾ ਜਾਂਦਾ ਹੈ ਕਿ ਸ਼ਰਧਾ ਰੱਖੋ, ਰੱਬ ਦੇ ਘਰ ਦੇਰ ਹੈ ਅੰਧੇਰ
ਨਹੀਂ, ਉਹ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਬੜਾ ਨੇੜਿਉਂ ਹੋ ਕੇ ਸੁਣਦਾ ਹੈ, ਧਰਮ ਤੇ ਕਦੇ ਕਿੰਤੂ
ਪ੍ਰੰਤੂ ਨਹੀਂ ਕਰਨਾ ਚਾਹੀਦਾ, ਜਿਹੜੇ ਆਪਣੇ ਗੁਰੂ ਤੇ ਯਕੀਨ ਕਰਦੇ ਹਨ, ਉਨ੍ਹਾਂ ਦਾ ਹੀ ਬੇੜਾ ਪਾਰ
ਹੁੰਦਾ ਹੈ ਆਦਿ ਅਨੇਕਾਂ ਤਰ੍ਹਾਂ ਦੇ ਲੁਭਾਵਣੇ ਸ਼ਬਦ ਇਨ੍ਹਾਂ ਨੇ ਸਾਡੀ ਲੁੱਟ ਕਰਨ ਲਈ ਘੜੇ ਹੋਏ ਹਨ।
ਮਨੁੱਖ ਨੂੰ ਮਾਨਸਿਕ ਗੁਲਾਮ ਬਣਾਉਣ ਲਈ ਇੱਕ ਹੋਰ ਵੱਡਾ ਹਥਿਆਰ ਵਰਤਿਆ ਜਾਂਦਾ ਹੈ ਕਿ ਧਰਮ ਗ੍ਰੰਥ
ਰੱਬੀ ਬਾਣੀ ਹੁੰਦੇ ਹਨ। ਇਨ੍ਹਾਂ ਵਿਚਲਾ ਗਿਆਨ ਰੱਬ ਵਲੋਂ ਸਿੱਧਾ ਸਾਡੇ ਪੈਗੰਬਰ ਤੱਕ ਪਹੁੰਚਾਇਆ
ਗਿਆ ਸੀ, ਜਿਸਨੂੰ ਸਾਡੇ ਰਹਿਬਰ ਜਾਂ ਗੁਰੂ ਨੇ ਮਨੁੱਖਤਾ ਦੇ ਭਲੇ ਲਈ ਗ੍ਰੰਥ ਵਿੱਚ ਕਲਮਬੰਦ ਕੀਤਾ
ਹੈ। ਪੁਜਾਰੀ ਅਜਿਹਾ ਪ੍ਰਚਾਰ ਕਿਉਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਅਸੀਂ ਆਪਣੇ
ਧਰਮ ਗ੍ਰੰਥ ਨੂੰ ਸੱਚਾ ਰੱਬੀ ਗਿਆਨ ਕਹਾਂਗੇ ਤਾਂ ਹੀ ਅਸੀਂ ਇਸ ਤੇ ਕੋਈ ਚਰਚਾ ਰੋਕ ਸਕਦੇ ਹਾਂ। ਇਸ
ਨਾਲ ਰੱਬ ਵਲੋਂ ਆਏ ਸਿੱਧੇ ਗਿਆਨ ਤੇ ਕੋਈ ਕਿੰਤੂ ਕਰਨ ਵਾਲਿਆਂ ਨੂੰ ਰੋਕ ਸਕਦੇ ਹਾਂ? ਕਿਸੇ
ਤਰਕਵਾਦੀ ਦੇ ਸਵਾਲਾਂ ਦੇ ਜਵਾਬਾਂ ਤੋਂ ਬਚ ਸਕਦੇ ਹਾਂ। ਸਮੇਂ ਦੇ ਨਾਲ ਆ ਰਹੀਆਂ ਤਬਦੀਲੀਆਂ ਜਾਂ
ਕੁਦਰਤ ਦੇ ਭੇਦਾਂ ਬਾਰੇ ਨਵੀਂ ਮਿਲ ਰਹੀ ਜਾਣਕਾਰੀ ਦੇ ਅਧਾਰ ਤੇ ਕੀਤੇ ਜਾਣ ਵਾਲੇ ਪ੍ਰਸ਼ਨਾਂ ਦੇ ਉਤਰ
ਦੇਣ ਤੋਂ ਬਚ ਸਕਦੇ ਹਾਂ। ਜੇ ਧਰਮ ਗ੍ਰੰਥਾਂ ਵਿੱਚ ਲਿਖਿਆਂ ਸਭ ਕੁੱਝ ਸੱਚੋ ਸੱਚ ਹੈ ਤੇ ਇਹ ਰੱਬ
ਵਲੋਂ ਸਿੱਧਾ ਪੈਗੰਬਰ ਨੂੰ ਲਿਖਾਇਆ ਗਿਆ ਸੀ ਤਾਂ ਫਿਰ ਇਸਤੇ ਵਿਚਾਰ ਕਰਨ ਤੇ ਰੋਕ ਕਿਉਂ? ਸੱਚ ਨੂੰ
ਕਾਹਦਾ ਪਰਦਾ ਤੇ ਕਾਹਦਾ ਡਰ? ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜੇ ਸਾਰੇ ਧਰਮ ਗ੍ਰੰਥਾਂ ਵਿਚਲਾ
ਗਿਆਨ ਅਗਰ ਰੱਬ ਵਲੋਂ ਸਿੱਧਾ ਭੇਜਿਆ (ਜਿਸ ਤਰ੍ਹਾਂ ਸਾਰੇ ਧਰਮ ਪੁਜਾਰੀਆਂ ਵਲੋਂ ਦਾਅਵਾ ਕੀਤਾ
ਜਾਂਦਾ ਹੈ) ਗਿਆ ਸੀ ਤਾਂ ਫਿਰ ਪਹਿਲੇ ਧਰਮ ਗੁਰੂ ਦਾ ਗਿਆਨ, ਦੂਜੇ ਨਾਲੋਂ ਵੱਖਰਾ ਕਿਉਂ ਹੈ, ਇਥੋਂ
ਤੱਕ ਕਿ ਇੱਕ ਦੂਜੇ ਨੂੰ ਕੱਟਦਾ ਵੀ ਹੈ। ਮੰਨ ਲਉ ਰੱਬ ਜੀ ਆਪਣਾ ਗਿਆਨ ਸਮੇਂ ਅਨੁਸਾਰ ਬਦਲਦੇ ਰਹੇ
ਸਨ ਤਾਂ ਫਿਰ ਨਵੇਂ ਧਰਮ ਰਾਹੀਂ ਰੱਬ ਵਲੋਂ ਦਿੱਤੇ ਗਿਆਨ ਨੂੰ ਪੁਰਾਣੇ ਸਾਰੇ ਧਰਮ ਸੱਚ ਕਿਉਂ ਨਹੀਂ
ਮੰਨ ਲੈਂਦੇ? ਫਿਰ ਕਿਉਂ ਕੋਈ 2000 ਸਾਲ ਪਹਿਲਾਂ ਦਿੱਤੇ ਗਿਆਨ ਨੂੰ ਜੱਫਾ ਮਾਰੀ ਬੈਠਾ ਹੈ, ਕੋਈ
1500 ਸਾਲ ਪਹਿਲਾਂ ਰੱਬ ਦੇ ਫੁਰਮਾਨਾਂ ਨੂੰ ਇਲਾਹੀ ਹੁਕਮ ਮੰਨਦਾ ਹੈ, ਕੋਈ 1000 ਸਾਲ ਜਾਂ 500
ਸਾਲ ਪਹਿਲਾਂ ਦੇ ਗਿਆਨ ਨੂੰ ਧੁਰੋਂ ਆਇਆ ਫੁਰਮਾਨ ਕਹਿ ਕੇ ਤੇ ਅਟਕ ਗਿਆ ਹੈ। ਜਿਸ ਤਰ੍ਹਾਂ
ਸਾਇੰਸਦਾਨ ਜਦੋਂ ਪੁਰਾਣੀਆਂ ਖੋਜਾਂ ਦੇ ਆਧਾਰ ਤੇ ਨਵੀਂ ਖੋਜ ਕਰ ਲੈਂਦੇ ਹਨ ਤਾਂ ਫਿਰ ਸਾਰੇ ਨਵੀਂ
ਖੋਜ ਨੂੰ ਮੰਨਦੇ ਹਨ, ਨਾ ਕਿ ਕੋਈ 500 ਸਾਲ ਜਾਂ 200 ਸਾਲ ਪਹਿਲਾਂ ਦੀ ਖੋਜ ਨੂੰ ਅੰਤਿਮ ਸੱਚ ਮੰਨ
ਕੇ ਬੈਠਾ ਹੈ। ਇਸ ਹਿਸਾਬ ਨਾਲ ਤੇ ਧਰਮ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਉਸ ਧਰਮ ਗ੍ਰੰਥ ਨੂੰ
ਮੰਨਣਾ ਚਾਹੀਦਾ ਹੈ, ਜੋ ਸਭ ਤੋਂ ਨਵੀਨ ਗਿਆਨ ਰੱਬ ਨੇ ਦਿੱਤਾ ਸੀ, ਉਸ ਤੋਂ ਵੀ ਅੱਗੇ ਜੋ ਕੁਦਰਤ
ਦੀਆਂ ਸਚਾਈਆਂ ਅੱਜ ਦੇ ਮਨੁੱਖ ਨੂੰ ਚਿੱਟੇ ਦਿਨ ਵਾਂਗ ਸਪੱਸ਼ਟ ਦਿਖਾਈ ਦੇ ਰਹੀਆਂ ਹਨ, ਉਹ ਮੰਨਣੀਆਂ
ਚਾਹੀਦੀਆਂ ਹਨ? ਅਜਿਹਾ ਨਹੀਂ ਹੈ, ਪੁਜਾਰੀਆਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਸੱਚ ਕੀ
ਹੈ ਤੇ ਝੂਠ ਕੀ ਹੈ? ਗਲਤ ਕੀ ਹੈ ਤੇ ਸਹੀ ਕੀ ਹੈ? ਉਨ੍ਹਾਂ ਨੇ ਤਾਂ ਆਪਣੀ ਆਪਣੀ ਦੁਕਾਨਦਾਰੀ
ਚਲਾਉਣੀ ਹੈ? ਉਨ੍ਹਾਂ ਨੂੰ ਪਤਾ ਹੈ ਕਿ ਜੇ ਲੋਕਾਂ ਨੂੰ ਸੱਚ ਦੀ ਖੋਜ ਕਰਨ ਦੇ ਰਾਹੇ ਪਾਇਆ ਗਿਆ ਤਾਂ
ਫਿਰ ਸਾਡੇ ਕੋਲ ਕੌਣ ਝੂਠੀਆਂ ਅਰਦਾਸਾਂ ਕਰਾਉਣ ਆਏਗਾ? ਕੌਣ ਫੋਕਟ ਕਰਮਕਾਂਡ ਅੱਖਾਂ ਮੀਟ ਕੇ ਕਰੇਗਾ?
ਕੌਣ ਝੂਠੇ ਪੂਜਾ ਪਾਠਾਂ ਵਿੱਚ ਆਪਣਾ ਸਮਾਂ ਖਰਾਬ ਕਰੇਗਾ? ਇਸ ਲਈ ਉਨ੍ਹਾਂ ਦਾ ਫਾਇਦਾ ਇਸੇ ਗੱਲ
ਵਿੱਚ ਹੈ ਕਿ ਲੋਕ ਅਗਿਆਨੀ ਬਣੇ ਰਹਿਣ, ਅੰਧ ਵਿਸ਼ਵਾਸ਼ੀ ਬਣੇ ਰਹਿਣ? ਵਹਿਮਾਂ, ਭਰਮਾਂ, ਪਾਖੰਡਾਂ,
ਕਰਮਕਾਂਡਾਂ ਆਦਿ ਵਿੱਚ ਉਲਝੇ ਰਹਿਣ? ਕਈ ਵਾਰ ਆਮ ਇਨਸਾਨ ਦੇ ਵਰਤਾਰੇ ਨੂੰ ਦੇਖ ਕੇ ਹੈਰਾਨੀ ਹੁੰਦੀ
ਹੈ ਕਿ ਉਹ ਬਾਹਰ ਸਮਾਜ ਵਿੱਚ ਤਾਂ ਸਭ ਕੁੱਝ ਨਵਾਂ ਕਰਨਾ ਚਾਹੁੰਦਾ ਹੈ, ਨਵਾਂ ਵਰਤਣਾ ਚਾਹੁੰਦਾ ਹੈ,
ਨਵੀਂ ਖੋਜ ਤੇ ਵਿਸ਼ਵਾਸ਼ ਕਰਦਾ ਹੈ, ਹਰ ਵਿਸ਼ੇ ਤੇ ਚਰਚਾ ਕਰਨਾ ਚਾਹੁੰਦਾ ਹੈ, ਕੋਈ ਚੀਜ਼ ਲੈਣ ਦੇਣ
ਵੇਲੇ ਆਪਣੀ ਪੂਰੀ ਤਸੱਲੀ ਕਰਦਾ ਹੈ, ਉਹ ਇਸ ਗੱਲ ਲਈ ਹਮੇਸ਼ਾਂ ਜਾਗਰੂਕ ਰਹਿੰਦਾ ਹੈ ਕਿ ਉਸ ਨਾਲ ਕੋਈ
ਧੋਖਾ ਨਾ ਕਰ ਲਵੇ, ਉਸਨੂੰ ਕੋਈ ਲੁੱਟ ਨਾ ਲਵੇ, ਉਸ ਨਾਲ ਕੋਈ ਠੱਗੀ ਨਾ ਮਾਰ ਲਵੇ, ਘਰ ਵਿੱਚ
ਸਕਿਉਰਿਟੀ ਅਲਾਰਮ ਲਗਾਉਂਦਾ ਹੈ ਤਾਂ ਕਿ ਕੋਈ ਚੋਰ ਨਾ ਆ ਜਾਵੇ, ਕਈ ਵਾਰ ਕੋਈ ਚੀਜ਼ ਲੈਣ ਤੋਂ
ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੋਂ ਸਲਾਹ ਲੈਂਦਾ ਹੈ, ਹੁਣ ਤੇ ਇੰਟਰਨੈਟ ਤੇ ਸਰਚ
ਵੀ ਕਰ ਲੈਂਦਾ ਹੈ, ਜੇ ਕੋਈ ਉਸ ਨਾਲ ਧੋਖਾਧੜੀ ਕਰੇ, ਕਨੂੰਨ ਦੀ ਜਾਂ ਪੁਲਿਸ ਦੀ ਮੱਦਦ ਵੀ ਲੈਂਦਾ
ਹੈ, ਆਪਣੇ ਜੀਵਨ ਵਿੱਚ ਕਿਹੜਾ ਪ੍ਰੋਫੈਸ਼ਨ ਅਖਤਿਆਰ ਕਰਨਾ ਹੈ ਆਦਿ ਬਾਰੇ ਸਲਾਹਾਂ ਲੈਂਦਾ ਹੈ, ਸਿਹਤ
ਵਿੱਚ ਥੋੜੀ ਖਰਾਬੀ ਹੋਵੇ ਡਾਕਟਰ ਕੋਲ ਜਾਂਦਾ ਹੈ, ਕਹਿਣ ਤੋਂ ਭਾਵ ਹਰ ਜਗ੍ਹਾ ਆਪਣੀ ਸਮਝ ਅਨੁਸਾਰ
ਚੁਕੰਨਾ ਰਹਿੰਦਾ ਹੈ, ਪਰ ਜਦੋਂ ਹੀ ਧਰਮ ਦੀ ਗੱਲ ਆਉਂਦੀ ਹੈ, ਦਿਮਾਗ ਦੇ ਸਾਰੇ ਦਰਵਾਜੇ ਬੰਦ ਕਰ
ਲੈਂਦਾ ਹੈ, ਜਦੋਂ ਹੀ ਧਰਮ ਅਸਥਾਨ ਦਾ ਦਰਵਾਜਾ ਟੱਪਦਾ ਹੈ, ਉਸਦੇ ਦਿਮਾਗ ਦਾ ਸੋਚਣ ਵਾਲਾ ਦਰਵਾਜਾ
ਬੰਦ ਹੋ ਜਾਂਦਾ ਹੈ ਤੇ ਸ਼ਰਧਾ ਦਾ ਦਰਵਾਜਾ ਖੁੱਲ ਜਾਂਦਾ ਹੈ। ਉਸਦੇ ਅੱਖਾਂ ਸਾਹਮਣੇ ਪੁਜਾਰੀ ਝੂਠੀਆਂ
ਮਨਘੜਤ ਕਥਾ ਕਹਾਣੀਆਂ ਸੁਣਾਉਂਦੇ ਹਨ, ਕਲਪਿਤ ਦੇਸ਼ਾਂ ਦੇ ਲੁਭਾਵਣੇ ਸੁਪਨੇ ਦਿਖਾਉਂਦੇ ਹਨ। ਕੁਦਰਤ
ਦੇ ਅਟੱਲ ਨਿਯਮਾਂ ਦੇ ਉਲਟ ਝੂਠੀਆਂ ਕਰਾਮਤੀ ਕਹਾਣੀਆਂ ਸੁਣ ਕੇ ਵੀ ਉਸਦਾ ਦਿਮਾਗ ਕੰਮ ਨਹੀਂ ਕਰਦਾ
ਕਿਉਂਕਿ ਪੁਜਾਰੀਆਂ ਨੇ ਉਸਨੂੰ ਮਾਨਸਿਕ ਗੁਲਾਮ ਬਣਾ ਲਿਆ ਹੁੰਦਾ ਹੈ।
ਹੁਣ ਇਹ ਸਵਾਲ ਉਠਦਾ ਹੈ ਕਿ ਪੁਜਾਰੀ ਮਨੁੱਖ ਨੂੰ ਮਾਨਸਿਕ ਗੁਲਾਮ ਕਿਉਂ ਬਣਾਉਂਦੇ ਹਨ ਤੇ ਸ਼ਰਧਾਲੂ
ਇਨ੍ਹਾਂ ਦੇ ਜਾਲ ਵਿੱਚ ਫਸ ਕੇ ਮਾਨਸਿਕ ਗੁਲਾਮ ਕਿਉਂ ਹੁੰਦੇ ਹਨ? ਜਿਸ ਤਰ੍ਹਾਂ ਸ਼ੁਰੂ ਵਿੱਚ ਜ਼ਿਕਰ
ਕੀਤਾ ਸੀ ਕਿ ਪੁਰਾਣੇ ਸਮੇਂ ਤੋਂ ਹੀ ਸਿਆਸਤਦਾਨਾਂ ਤੇ ਪੁਜਾਰੀਆਂ ਦੀ ਮਨੁੱਖ ਨੂੰ ਗੁਲਾਮ ਬਣਾ ਕੇ
ਰੱਖਣ ਦੀ ਖੇਡ ਚੱਲ ਰਹੀ ਹੈ। ਹਾਕਮ ਧਿਰਾਂ ਕੋਲ ਗੁਲਾਮ ਬਣਾਉਣ ਲਈ ਹਥਿਆਰ ਤੇ ਫੌਜਾਂ ਹੁੰਦੀਆਂ ਹਨ,
ਪਰ ਪੁਜਾਰੀ ਕੋਲ ਅਜਿਹਾ ਕੁੱਝ ਨਹੀਂ ਹੁੰਦਾ, ਇਸ ਲਈ ਉਹ ਮਨੁੱਖ ਨੂੰ ਦਿਮਾਗੀ ਗੁਲਾਮ ਬਣਾਉਣ ਦੀ
ਖੇਡ ਖੇਡਦਾ ਹੈ, ਇਸ ਨਾਲ ਉਹ ਸਰਰਿਕ ਤੇ ਮਾਨਸਿਕ ਦੋਨੋਂ ਤਰ੍ਹਾਂ ਗੁਲਾਮ ਬਣਾ ਲੈਂਦਾ ਹੈ। ਪਿਛਲੀਆਂ
ਕੁੱਝ ਸਦੀਆਂ ਤੋਂ ਇਨ੍ਹਾਂ ਦੀ ਇਸ ਘਿਨਾਉਣੀ ਖੇਡ ਵਿੱਚ ਤੀਜੀ ਧਿਰ ਸਰਮਾਏਦਾਰੀ ਵੀ ਰਲ਼ ਚੁੱਕੀ ਹੈ।
ਜਿਨ੍ਹਾਂ ਦਾ ਏਜੰਡਾ ਕੁਦਰਤੀ ਸਾਧਨਾਂ ਤੇ ਕਬਜ਼ਾ ਕਰਕੇ ਤਿਆਰ ਕੀਤੇ ਸਮਾਨ ਵਿਚੋਂ ਵੱਧ ਤੋਂ ਵੱਧ
ਮੁਨਾਫਾ ਕਿਵੇਂ ਕਮਾਇਆ ਜਾਵੇ? ਦੂਜਾ ਉਨ੍ਹਾਂ ਦਾ ਏਜੰਡਾ ਮਨੁੱਖ ਨੂੰ ਮਸ਼ੀਨ ਵਾਂਗ ਵਰਤ ਕੇ ਵੱਧ ਕੰਮ
ਤੇ ਘੱਟ ਉਜਰਤ ਕਿਵੇਂ ਦਿੱਤੀ ਜਾਵੇ, ਇਸ ਲਈ ਉਨ੍ਹਾਂ ਨੂੰ ਗੁਲਾਮ ਬਿਰਤੀ ਮਨੁੱਖਾਂ ਦੀ ਲੋੜ ਹੈ। ਜੋ
ਆਪਣੇ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕਰਨ ਦੇ ਕਾਬਿਲ ਨਾ ਹੋਣ, ਸਭ ਕੁੱਝ ਨੂੰ ਰੱਬ ਦੀ ਰਜ਼ਾ ਮੰਨਣ
ਵਾਲੇ ਹੋਣ, ਜੋ ਕੁੱਝ ਮਿਲ ਰਿਹਾ ਹੈ, ਉਸਨੂੰ ਆਪਣੀ ਕਿਸਮਤ ਸਮਝਣ ਦੇ ਆਦੀ ਹੋਣ। ਹੁਣ ਇਹ ਤਿੰਨੇ
ਧਿਰਾਂ ਸਾਰੀ ਦੁਨੀਆਂ ਵਿੱਚ ਛੋਟੇ ਤੋਂ ਲੈ ਕੇ ਵੱਡੇ ਪੱਧਰ ਤੇ ਰਲ਼ੀਆਂ ਹੋਈਆਂ ਹਨ। ਤਿੰਨਾਂ ਦਾ ਕੰਮ
ਤਾਂ ਹੀ ਚੱਲ ਸਕਦਾ ਹੈ, ਜੇ ਮਨੁੱਖ ਮਾਨਸਿਕ ਤੌਰ ਤੇ ਬੌਣਾ ਹੋਵੇ, ਉਸਦੀ ਸੋਚ ਪਸ਼ੂ ਪੱਧਰ ਤੋਂ ਉਪਰ
ਨਾ ਉਠ ਸਕੇ। ਜਾਗੇ ਹੋਏ ਮਨੁੱਖ ਤਿੰਨਾਂ ਧਿਰਾਂ (ਪੁਜਾਰੀਆਂ, ਹਾਕਮਾਂ, ਸਰਮਾਏਦਾਰਾਂ) ਨੂੰ ਰਾਸ
ਨਹੀਂ ਆਉਂਦੇ? ਪੁਜਾਰੀਆਂ ਨੂੰ ਖਤਰਾ ਹੈ ਕਿ ਜੇ ਮਨੁੱਖ ਜਾਗ ਪਿਆ, ਉਹ ਧਰਮ ਦੇ ਖੇਤਰ ਵਿੱਚ ਸੋਚਣ
ਦੇ ਰਾਹੇ ਪੈ ਗਿਆ ਤਾਂ ਉਸਦਾ ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਂਡਾਂ, ਪੂਜਾ ਪਾਠਾਂ, ਅਰਦਾਸਾਂ,
ਨਕਲੀ ਕਰਾਮਾਤੀ ਕਥਾ ਕਹਾਣੀਆਂ ਅਧਾਰਿਤ ਨਕਲੀ ਧਰਮ ਬਹੁਤਾ ਚਿਰ ਟਿਕ ਨਹੀਂ ਸਕਦਾ। ਹਾਕਮ ਜਮਾਤਾਂ
ਨੂੰ ਪਤਾ ਹੈ ਕਿ ਜੇ ਆਮ ਲੋਕ ਜਾਗ ਜਾਣ ਤਾਂ ਉਨ੍ਹਾਂ ਦੀ ਐਸ਼ੋ ਇਸ਼ਰਤ, ਚੌਧਰ ਤੇ ਸੋਸ਼ਣ ਦੀ ਖੇਡ
ਬਹੁਤਾ ਚਿਰ ਚੱਲ ਨਹੀਂ ਸਕਦੀ, ਲੋਕ ਉਨ੍ਹਾਂ ਦੀਆਂ ਹਕੂਮਤਾਂ ਪਲਟਣ ਲੱਗੇ ਦੇਰ ਨਹੀਂ ਲਾਇਆ ਕਰਨਗੇ,
ਇਸ ਲਈ ਉਹ ਵੀ ਇਹੀ ਚਾਹੁੰਦੇ ਹਨ ਕਿ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਧੰਦਿਆਂ ਜਾਂ ਧਰਮ ਦੇ ਪੂਜਾ
ਪਾਠਾਂ, ਭਜਨ ਬੰਦਗੀਆਂ ਵਿੱਚ ਫਸੇ ਰਹਿਣ ਤੇ ਉਨ੍ਹਾਂ ਵਿਰੁੱਧ ਕੋਈ ਆਵਾਜ ਨਾ ਉਠ ਸਕੇ। ਇਸੇ ਤਰ੍ਹਾਂ
ਧਨਾਢਾਂ ਜਾਂ ਸਰਾਮਾਏਦਾਰਾਂ ਨੂੰ ਵੀ ਇਹੀ ਰਾਸ ਆਉਂਦਾ ਹੈ ਕਿ ਲੋਕ ਦਿਮਾਗੀ ਅਪਾਹਜ਼ ਬਣੇ ਰਹਿਣ,
ਸੋਚਣ ਸਮਝਣ ਦੇ ਸਮਰੱਥ ਨਾ ਹੋ ਸਕਣ, ਸੰਘਰਸ਼ ਦੇ ਕਾਬਿਲ ਨਾ ਹੋਣ, ਆਪਣੇ ਹੱਕਾਂ ਪ੍ਰਤੀ ਸੁਚੇਤ ਨਾ
ਹੋਣ ਤਾਂ ਕਿ ਉਨ੍ਹਾਂ ਵਲੋਂ ਹਾਕਮ ਜਮਾਤਾਂ ਨਾਲ ਰਲ਼ ਕੇ ਮਨੁੱਖੀ ਤੇ ਕੁਦਰਤੀ ਵਸੀਲਿਆਂ ਤੇ ਕਬਜ਼ਾ
ਕਰਕੇ ਜੋ ਲੁੱਟ ਮਚਾਈ ਹੋਈ ਹੈ, ਲੋਕ ਉਸ ਤੋਂ ਜਾਣੂ ਨਾ ਹੋ ਸਕਣ। ਉਹ ਆਪਣੇ ਹੱਕਾਂ ਲਈ ਖੜੇ ਨਾ ਹੋ
ਸਕਣ। ਆਪਣੇ ਹੱਕਾਂ ਲਈ ਸੰਘਰਸ਼ ਨਾ ਕਰ ਸਕਣ। ਇਸ ਲਈ ਤਿੰਨੇ ਧਿਰਾਂ ਦਾ ਭਲਾ ਇਸੇ ਵਿੱਚ ਹੈ ਕਿ ਆਮ
ਮਨੁੱਖ ਸੁੱਤੇ ਰਹਿਣ, ਮਾਨਸਿਕ ਤੌਰ ਤੇ ਗੁਲਾਮ ਜ਼ਹਿਨੀਅਤ ਦੇ ਮਾਲਕ ਬਣੇ ਰਹਿਣ, ਸੋਚਣ ਸਮਝਣ ਦੇ
ਸਮਰੱਥ ਨਾ ਹੋ ਸਕਣ ਤਾਂ ਕਿ ਉਨ੍ਹਾਂ ਤਿੰਨਾਂ ਧਿਰਾਂ ਵਲੋਂ ਰਲ਼ ਕੇ ਸਦੀਆਂ ਤੋਂ ਕੀਤੀ ਜਾ ਰਹੀ
ਮਨੁੱਖਤਾ ਦੀ ਲੁੱਟ ਤੋਂ ਲੋਕ ਆਜ਼ਾਦ ਨਾ ਹੋ ਸਕਣ। ਧਰਮ ਇਸ ਵਿੱਚ ਸਭ ਤੋਂ ਘਾਤਕ ਰੋਲ ਅਦਾ ਕਰਦਾ ਹੈ।
ਮਨੁੱਖ ਦੀ ਜ਼ਹਿਨੀਅਤ ਨੂੰ ਨਕਾਰਾ ਕਰਨ ਜਾਂ ਖੁੰਡਾ ਕਰਨ ਵਿੱਚ ਇਸਦੀ ਅਹਿਮ ਭੂਮਿਕਾ ਹੈ। ਇਸ ਲਈ
ਸਮਾਜ ਦਾ ਧਾਰਮਿਕ ਤੌਰ ਤੇ ਆਜ਼ਾਦ ਹੋਣਾ ਸਭ ਤੋਂ ਜਰੂਰੀ ਹੈ।
ਜਦੋਂ ਇਹ ਤਿੰਨੋਂ ਧਿਰਾਂ ਮਨੁੱਖਤਾ ਵਿਰੋਧੀ ਹਨ ਤਾਂ ਫਿਰ ਲੋਕ ਇਨ੍ਹਾਂ ਦੇ ਮਾਇਆਜਾਲ ਵਿੱਚ ਫਸਦੇ
ਕਿਉਂ ਹਨ? ਅਸਲ ਵਿੱਚ ਇਹੀ ਤਾਂ ਇਨ੍ਹਾਂ ਦੀ ਖੂਬੀ ਹੈ ਕਿ ਇਹ ਸਦੀਆਂ ਤੋਂ ਮਨੁੱਖਤਾ ਨੂੰ ਨਕਲੀ
ਧਰਮਾਂ ਰਾਹੀਂ ਮਾਨਸਿਕ ਗੁਲਾਮ ਬਣਾਉਣ ਦਾ ਅਜਿਹਾ ਸਬਕ ਪੜ੍ਹਾਉਂਦੇ ਆਏ ਹਨ ਕਿ ਹੁਣ ਲੋਕਾਂ ਦੀ
ਬੁੱਧੀ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ। ਆਮ ਲੋਕ ਤਾਂ ਇਹ ਸਮਝਣ ਦੇ ਸਮਰਥ ਦੇ ਵੀ ਸਮਰਥ ਨਹੀਂ
ਰਹੇ ਕਿ ਉਨ੍ਹਾਂ ਦੀ ਹਰ ਪੱਧਰ ਤੇ ਇਸ ਤਿਕੜੀ ਵਲੋਂ ਲੁੱਟ ਕੀਤੀ ਜਾ ਰਹੀ ਹੈ। ਸਾਰੀ ਦੁਨੀਆਂ ਵਿੱਚ
ਇਸ ਤਿਕੜੀ ਦੀ ਗਿਣਤੀ 10% ਤੋਂ ਵੱਧ ਨਹੀਂ, ਪਰ ਹਰ ਦੇਸ਼, ਹਰ ਸਮਾਜ, ਹਰ ਕੌਮ ਵਿੱਚ ਇਹੀ 90%
ਲੋਕਾਂ ਤੇ ਰਾਜ ਕਰਦੇ ਰਹੇ ਹਨ ਤੇ ਕਰ ਰਹੇ ਹਨ। ਮਨੁੱਖ ਇਨ੍ਹਾਂ ਦੇ ਜਾਲ ਵਿੱਚ ਡਰ ਤੇ ਲਾਲਚ ਵੱਸ
ਫਸਦਾ ਹੈ, ਇਨ੍ਹਾਂ ਨੇ ਸਦੀਆਂ ਤੋਂ ਅਜਿਹਾ ਤਾਣਾ-ਬਾਣਾ ਬੁਣਿਆ ਹੋਇਆ ਹੈ ਕਿ ਆਮ ਬੰਦੇ ਨੂੰ ਸੋਚਣ
ਲਈ ਸੁਰਤ ਹੀ ਨਹੀਂ ਆਉਣ ਦਿੰਦੇ, ਦੂਸਰਾ ਪੀੜੀ-ਦਰ-ਪੀੜ੍ਹੀ ਅਜਿਹਾ ਪ੍ਰਚਾਰ ਕਰਕੇ ਮਨੁੱਖ ਨੂੰ
ਦਿਮਾਗੀ ਅਪਾਹਿਜ ਬਣਾ ਦਿੱਤਾ ਗਿਆ ਹੈ। ਇਨ੍ਹਾਂ ਦੇ ਮਕੜਜਾਲ ਵਿਚੋਂ ਨਿਕਲਣ ਲਈ ਸਭ ਤੋਂ ਪਹਿਲਾਂ
ਨਕਲੀ ਧਰਮਾਂ ਦਾ ਖਹਿੜਾ ਛੱਡਣਾ ਪਵੇਗਾ ਕਿਉਂਕਿ ਦੂਜੀਆਂ ਦੋ ਧਿਰਾਂ ਦੀ ਗੁਲਾਮੀ ਜ਼ਿਆਦਾਤਰ ਸਰੀਰਕ
ਹੈ, ਇਸ ਲਈ ਉਸ ਵਿਚੋਂ ਵਿਅਕਤੀ ਜਲਦੀ ਨਿਕਲ ਸਕਦਾ ਹੈ, ਪਰ ਨਕਲੀ ਧਰਮ ਦੀ ਗੁਲਾਮੀ ਵਿਚੋਂ ਨਿਕਲਣ
ਲਈ ਅਸਲੀ ਧਰਮ ਦਾ ਰਾਹ ਅਖਤਿਆਰ ਕਰਨਾ ਪਵੇਗਾ। ਸੱਚ ਦੇ ਮਾਰਗ ਦੇ ਪਾਂਧੀ ਬਣਨਾ ਪਵੇਗਾ। ਅਸਲੀ ਧਰਮ
ਦਾ ਮਾਰਗ ਸੱਚ ਦੀ ਖੋਜ ਕਰਨਾ ਸਿਖਾਉਂਦਾ ਹੈ, ਅੱਖਾਂ ਮੀਟ ਕੇ ਨਹੀਂ ਖੋਲ ਕੇ ਤੁਰਨ ਦੀ ਜਾਚ ਦੱਸਦਾ
ਹੈ, ਅਸਲੀ ਧਰਮ ਕੁਦਰਤ ਦੇ ਅਟੱਲ ਨਿਯਮਾਂ ਦੀ ਸੋਝੀ ਕਰਾਉਂਦਾ ਹੈ ਕਿ ਸਭ ਕੁੱਝ ਹੁਕਮ ਵਿੱਚ ਚੱਲ
ਰਿਹਾ ਹੈ, ਉਸਨੂੰ ਸਮਝ ਕੇ ਸਭ ਕੁੱਝ ਹੋ ਸਕਦਾ ਹੈ, ਸੋਝੀ ਹੋ ਸਕਦੀ ਹੈ ਕਿ ਸਾਡੀ ਕੀ ਸਮਰਥਾ ਹੈ ਤੇ
ਕੀ ਅਸਮਰਥਾ? ਅਸਲੀ ਧਰਮ ਦੱਸਦਾ ਹੈ ਕਿ ਕੁਦਰਤ ਦੇ ਅਟੱਲ ਨਿਯਮਾਂ ਤੋਂ ਉਲਟ ਕਦੇ ਕੋਈ ਕਰਾਮਾਤ ਨਹੀਂ
ਵਾਪਰਦੀ। ਕੁਦਰਤ ਤੇ ਨਿਯਮਾਂ ਨੂੰ ਸਮਝ ਕੇ, ਉਨ੍ਹਾਂ ਦੀ ਖੋਜ ਕਰਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ।
ਅਸਲੀ ਧਰਮ ਤੁਹਾਨੂੰ ਕਦੇ ਵੀ ਲਕੀਰ ਦਾ ਫਕੀਰ ਨਹੀਂ ਬਣਾਉਂਦਾ। ਅਸਲੀ ਧਰਮ ਵੀ ਸਾਇੰਸ ਵਾਂਗ ਜਾਨਣ
ਤੇ ਖੋਜਣ ਦਾ ਵਿਸ਼ਾ ਹੈ ਨਾ ਕਿ ਸਿਰਫ ਅੱਖਾਂ ਮੀਟ ਕੇ ਮੰਨਣ ਦਾ। ਸਾਇੰਸ ਤੇ ਅਸਲੀ ਧਰਮ ਵਿੱਚ ਇਤਨਾ
ਕੁ ਹੀ ਫਰਕ ਹੈ ਕਿ ਸਾਇੰਸ ਸ੍ਰਿਸਟੀ ਵਿੱਚ ਦਿਸਦੇ ਮਾਦਾ (ਮੈਟਰ) ਦੀ ਖੋਜ ਕਰਕੇ ਕੁਦਰਤ ਦਾ ਸੱਚ
ਸਾਹਮਣੇ ਲਿਆਉਂਦਾ ਹੈ ਤੇ ਅਸਲੀ ਧਰਮ ਉਸ ਮਾਦੇ (ਮੈਟਰ) ਵਿੱਚ ਛੁਪੀ ਚੇਤੰਨਤਾ (ਜਿਵੇਂ ਮਨੁੱਖ ਵਿੱਚ
ਆਤਮਾ) ਦੀ ਖੋਜ ਕਰਕੇ ਕੁਦਰਤ ਦੇ ਅੰਦਰਲੇ ਭੇਦਾਂ ਦਾ ਸੱਚ ਪ੍ਰਗਟ ਕਰਦਾ ਹੈ। ਅਸਲੀ ਧਰਮ ਮਨੁੱਖ ਨੂੰ
ਆਪਣੇ ਅੰਦਰ ਦੀ ਚੇਤੰਨਤਾ (ਆਤਮਾ) ਦੀ ਖੋਜ ਕਰਨ ਦੀ ਦੱਸ ਪਾਉਂਦਾ ਹੈ। ਇਸ ਲਈ ਧਰਮ ਤੇ ਸਾਇੰਸ
ਵਿਰੋਧੀ ਨਹੀਂ, ਜਿਸ ਤਰ੍ਹਾਂ ਕਿ ਨਕਲੀ ਧਰਮਾਂ ਦੇ ਪੁਜਾਰੀ ਪੇਸ਼ ਕਰਦੇ ਹਨ। ਸਾਇੰਸ ਤੇ ਧਰਮ ਦੋਨੋ
ਖੋਜ ਵਿੱਚ ਤੇ ਲਗਾਤਾਰ ਖੋਜ ਵਿੱਚ ਵਿਸ਼ਵਾਸ਼ ਰੱਖਦੇ ਹਨ। ਨਕਲੀ ਧਰਮ ਹੀ ਖੋਜਣ ਜਾਂ ਜਾਨਣ ਦੀ ਥਾਂ
ਮੰਨਣ ਤੇ ਸ਼ਰਧਾ ਦਾ ਪ੍ਰਚਾਰ ਕਰਦੇ ਹਨ। ਜਿਸ ਦਿਨ ਮਨੁੱਖ ਮੰਨਣ ਦੀ ਥਾਂ ਜਾਨਣ ਤੇ ਖੋਜਣ ਦੇ ਰਾਹ
ਤੁਰ ਪਿਆ, ਉਸ ਦਿਨ ਤੋਂ ਨਕਲੀ ਧਰਮਾਂ ਦਾ ਭੋਗ ਪੈਣਾ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਅਸਲੀ ਧਰਮ
ਮਨੁੱਖ ਨੂੰ ਜ਼ੁਲਮ, ਜ਼ਬਰ, ਅੱਤਿਆਚਾਰ, ਸੋਸ਼ਣ ਖਿਲਾਫ ਜੂਝਣਾ ਸਿਖਾਉਂਦਾ ਹੈ, ਸੰਘਰਸ਼ ਕਰਨਾ ਸਿਖਾਉਂਦਾ
ਹੈ। ਅਸਲੀ ਧਰਮ ਮਨੁੱਖੀ ਬਰਾਬਰਤਾ ਤੇ ਭਰਾਤਰੀਭਾਵ ਦਾ ਸੁਨੇਹਾ ਦਿੰਦਾ ਹੈ ਨਾ ਕਿ ਮਨੁੱਖਤਾ ਵਿੱਚ
ਧਰਮ, ਜਾਤ, ਨਸਲ, ਰੰਗ, ਕੌਮ, ਦੇਸ਼ ਆਦਿ ਦੇ ਨਾਮ ਤੇ ਵੰਡੀਆਂ ਪਾਉਣ ਦਾ ਸੰਦੇਸ਼। ਧਰਮ ਸਭ ਦਾ ਸਾਂਝਾ
ਹੈ, ਉਹ ਹੈ ਸੱਚ ਦੇ ਮਾਰਗ ਤੇ ਚੱਲਣਾ ਅਤੇ ਸੱਚ ਦੀ ਖੋਜ ਕਰਨਾ। ਕੁਦਰਤ ਦੇ ਭੇਦਾਂ ਨੂੰ ਜਾਨਣਾ ਤੇ
ਉਨ੍ਹਾਂ ਨੂੰ ਮਨੁੱਖਤਾ ਦੇ ਭਲੇ ਲਈ ਵਰਤਣਾ। ਇਸ ਲਈ ਸਾਨੂੰ ਨਕਲੀ ਧਰਮਾਂ ਵਲੋਂ ਮਨੁੱਖ ਨੂੰ
ਪੀੜ੍ਹੀ-ਦਰ-ਪੀੜ੍ਹੀ ਮਾਨਸਿਕ ਗੁਲਾਮ ਬਣਾਉਣ ਦੀ ਪ੍ਰਵਿਰਤੀ ਨੂੰ ਰੋਕਣ ਤੇ ਇਸ ਵਿਚੋਂ ਨਿਕਲਣ ਲਈ
ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਮੰਨਣ ਦੀ ਥਾਂ ਜਾਨਣ ਦੇ ਰਾਹ ਪਾਉਣ ਦੀ ਲੋੜ
ਹੈ। ਅੱਖਾਂ ਮੀਟ ਕੇ ਤੇ ਦਿਮਾਗ ਬੰਦ ਕਰਕੇ ਚੱਲਣ ਦੀ ਥਾਂ, ਮਨੁੱਖ ਨੂੰ ਅੱਖਾਂ ਖੋਲ ਕੇ ਤੇ ਦਿਮਾਗ
ਵਰਤ ਕੇ ਚੱਲਣ ਦੀ ਲੋੜ ਹੈ ਤਾਂ ਹੀ ਅਸੀਂ ਨਕਲੀ ਧਰਮਾਂ ਦੀ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਪਾ
ਸਕਦੇ ਹਾਂ।