.

ਲਹੂ-ਭਿੱਜੀ ਸਰਹਿੰਦ-

ਕਿਸ਼ਤ ਤੀਜੀ

ਸੁਖਜੀਤ ਸਿੰਘ ਕਪੂਰਥਲਾ

ਗੰਗੂ ਨਾਲ ਮਿਲਾਪ

(Chapter3/7)

ਨੋਟ:- ਲੜੀ ਜੋੜਣ ਲਈ ਕਿਸ਼ਤ ਨੰ. 2 ਪੜ੍ਹੋ (IN LEKH LARRI-DUJJI) (ਸੁਖਜੀਤ ਸਿੰਘ ਕਪੂਰਥਲਾ)

ਪੰਜਾਬੀ ਕਵੀ ਡਾਕਟਰ ਚਰਨ ਸਿੰਘ ‘ਗਿੱਲ` ਆਪਣੀ ਕਲਮ ਤੋਂ ‘ਸਾਕਾ ਸਰਹਿੰਦ` ਦੀ ਬਾਤ ਨੂੰ ਬੜੇ ਸੁੱਚਜੇ ਢੰਗ ਨਾਲ ਬਿਆਨ ਕਰ ਜਾਂਦਾ ਹੈ। ਉਹ ਕਹਿੰਦਾ ਹੈ ਕਿ ਇਹ ਜੋ ਸਾਕਾ ਸਰਹਿੰਦ ਹੋਇਆ ਹੈ, ਇਸ ਰਾਹੀਂ ਉਹਨਾਂ ਜਾਲਮਾਂ ਨੇ:

ਸੱਚ ਨੂੰ ਦਬਾਉਣ ਦਾ ਯਤਨ ਕੀਤਾ,

ਸੱਚ ਨੂੰ ਡਰਾਉਣ ਦਾ ਯਤਨ ਕੀਤਾ,

ਸੱਚ ਨੂੰ ਲਾਲਚ ਦੇਣ ਦਾ ਯਤਨ ਕੀਤਾ।

ਉਹਨਾਂ ਜ਼ਾਲਮਾਂ ਨੇ ਹਰ ਉਹ ਯਤਨ ਕੀਤਾ ਜੋ ਕਰ ਸਕਦੇ ਸਨ। ਗੁਰੂ ਨਾਨਕ ਦੇ ਘਰ ਦੇ ਸਿਧਾਂਤਾ ਨੂੰ ਦਬਾਉਣ ਦੇ ਲਈ, ਮਿਟਾਉਣ ਦੇ ਲਈ, ਪਰ ਉਹ ਕਹਿੰਦਾ ਹੈ:

ਸੱਚ ਕਦ ਡਰਦਾ ਹੈ ਕੰਧਾਂ ਤੋਂ,

ਸੱਚ ਕਦ ਡਰਦਾ ਲਲਕਾਰਾਂ ਤੋਂ।

ਸੱਚ ਕਦ ਡਰਦਾ ਹੈ ਜਾਬਰ ਤੋਂ,

ਸੱਚ ਕਦ ਡਰਦਾ ਹੈ ਤਲਵਾਰਾਂ ਤੋਂ।

ਜਿਹੜਾ ਸੱਚ ਨਾਲ ਜੁੜਿਆ ਹੁੰਦਾ ਹੈ, ਦੁਨੀਆਂ ਦੀ ਕੋਈ ਦੀਵਾਰ ਉਸ ਨੂੰ ਰੋਕ ਨਹੀ ਸਕਦੀ, ਦੁਨੀਆਂ ਦੀ ਕੋਈ ਤਲਵਾਰ ਉਸ ਨੂੰ ਮੋੜ ਨਹੀ ਸਕਦੀ, ਦੁਨੀਆਂ ਦੀ ਲਲਕਾਰ ਉਸ ਨੂੰ ਉਸ ਦੇ ਨਿਸ਼ਾਨੇ ਤੋਂ ਪਿਛਾਂਹ ਨਹੀ ਹਟਾ ਸਕਦੀ, ਪਰ ਸ਼ਰਤ ਇਹ ਹੈ ਕਿ ਸਹੀ ਅਰਥਾਂ ਵਿੱਚ ਸੱਚ ਨਾਲ ਜੁੜਿਆ ਹੋਵੇ। ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾਂ ਦੀ ਐਨੀ ਦ੍ਰਿੜਤਾ ਦਾ ਰਾਜ਼ ਹੀ ਇਹੀ ਸੀ ਕਿ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਸਨ। ਉਹ ਉਸ ਸੱਚ ਨਾਲ ਜੁੜੇ ਹੋਏ ਸਨ, ਜਿਸ ਸੱਚ ਦੀ ਮਹਿਮਾ ਗੁਰੂ ਦੀ ਬਾਣੀ ਬਿਆਨ ਕਰਦੀ ਹੈ:

ਆਦਿ ਸੁਚ ਜੁਗਾਦਿ ਸਚੁ।। ਹੈ ਭੀ ਸਚੁ ਨਾਨਕੁ ਹੋਸੀ ਭੀ ਸਚੁ।।

(ਜਪੁ-੧)

ਸਾਹਿਬਜਾਦੇ ਉਸ ਸੱਚ ਨਾਲ ਜੁੜੇ ਹੋਏ ਸਨ ਜੋ ਕਦੇ ਨਾਸ਼ ਨਹੀ ਹੁੰਦਾ ਤੇ ਇਹ ਖ਼ਿਆਲ ਰੱਖਿਓ ਜੇਕਰ ਅੱਜ ਵੀ ਕੋਈ ਉਸ ਸੱਚ ਨਾਲ ਜੁੜ ਜਾਵੇ ਤਾਂ ਉਹ ਵੀ ਸਾਹਿਬਜਾਦਿਆਂ ਦੇ ਪਾਏ ਹੋਏ ਪੂਰਨਿਆਂ ਤੇ ਚਲ ਕੇ ਇਤਿਹਾਸ ਦੀ ਸਿਰਜਣਾ ਕਰ ਸਕਦਾ ਹੈ।

ਬਸ! ਲੋੜ ਹੈ ਸੱਚ ਨਾਲ ਜੁੜਣ ਦੀ। ਸਰਹਿੰਦ ਦੀ ਖ਼ੂਨੀ ਦੀਵਾਰਾਂ ਤੇ ਪ੍ਰਥਾਏ ਇੱਕ ਵਿਦਵਾਨ ਡਾਕਟਰ ਬਲਬੀਰ ਸਿੰਘ ਜੀ ਜੋ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਗਤਾਂ ਨੇ, ਉਹ ਸਰਹਿੰਦ ਦੀ ਖ਼ੂਨੀ ਦੀਵਾਰਾਂ ਦੀ ਬਾਤ ਬੜੇ ਕਮਾਲ ਨਾਲ ਕਰ ਜਾਂਦੇ ਹਨ। ਉਹ ਕਹਿੰਦੇ ਹਨ “ਸਰਹਿੰਦ ਦੀ ਦੀਵਾਰ ਇੱਕ ਨਖਮੀਨਾ ਹੈ, ਜਿਸ ਦੁਆਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਗਰ ਦੀ ਬੁਲੰਦੀ ਨੂੰ ਵੇਖਿਆ ਜਾ ਸਕਦਾ ਹੈ। ਸਰਹਿੰਦ ਦੀ ਦੀਵਾਰ ਇੱਕ ਤਰਾਜ਼ੂ ਹੈ, ਜਿਸ ਨਾਲ ਦੁਸ਼ਟਾ ਜ਼ਾਲਮਾਂ ਦਾ ਵਹਿਸ਼ੀਪੁਣਾ ਤੋਲਿਆ ਜਾ ਸਕਦਾ ਹੈ, ਸਰਹਿੰਦ ਦੀ ਦੀਵਾਰ ਇੱਕ ਪੈਮਾਨਾ ਹੈ, ਜਿਸ ਨਾਲ ਛੋਟੇ ਲਾਲਾਂ ਦੇ ਸਬਰ ਨੂੰ ਮਿਣਿਆ ਜਾ ਸਕਦਾ ਹੈ। “

ਗੁਰੂ ਕਲਗੀਧਰ ਦੇ ਸਾਹਿਬਜਾਦਿਆਂ ਨੇ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ `ਤੇ ਚਲਦਿਆਂ ਹੋਇਆਂ, ਆਪਣੇ ਦਾਦਾ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਦਿਆਂ ਹੋਇਆਂ, ਆਪਣੇ ਪੜਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਦਿਆਂ ਹੋਇਆਂ, ਆਪਣੇ ਲੱਕੜ-ਦਾਦਾ ਸ੍ਰੀ ਗੁਰੂ ਅਰਜ਼ਨ ਦੇਵ ਜੀ ਦੇ ਪਾਏ ਪੂਰਨਿਆਂ ਤੇ ਚਲਦਿਆਂ ਹੋਇਆਂ ਇੱਕ ਐਸਾ ਇਤਿਹਾਸ ਸਿਰਜਿਆ ਹੈ ਕਿ ਰਹਿੰਦੀ ਦੁਨੀਆਂ ਤੱਕ ਵੀ ਜਦ ਵੀ ਦੁਨੀਆਂ ਦੇ ਸ਼ਹੀਦਾਂ ਦੇ ਇਤਿਹਾਸ ਦੀ ਬਾਤ ਚੱਲੇਗੀ, ਕਲਗੀਧਰ ਦੇ ਲਾਲਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।

ਅਸੀਂ ਜੋਗੀ ਅੱਲ੍ਹਾ ਯਾਰ ਖ਼ਾਂ ਦੇ ਲਿਖੇ ਹੋਏ ਸਾਕਾ ਸਰਹਿੰਦ ਅਰਥਾਤ “ਸ਼ਹੀਦਾਨਿ-ਵਫ਼ਾ” ਤੇ ਵਿਚਾਰ ਕਰ ਰਹੇ ਸੀ ਕਿ ਪਿਤਾ ਕਲਗੀਧਰ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ ਤੇ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜਾ ਹੋ ਗਿਆ ਹੈ। ਹੁਣ ਸਰਸਾ ਨਦੀ ਦੇ ਕੰਢੇ ਤੋਂ ਚਲ ਕੇ ਮਾਂ ਗੁਜਰੀ ਅਤੇ ਛੋਟੇ ਲਾਲਾਂ ਨੇ 7-8 ਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਕੱਟੀ।

ਫਿਰ ਉਹਨਾਂ ਨੂੰ ਅਗਲੀ ਸੁਬ੍ਹਾ ਗੰਗੂ ਮਿਲ ਪਿਆ, ਜੋ ਕਿ ਕਲਗੀਧਰ ਪਾਤਸ਼ਾਹ ਦੇ ਘਰ ਦਾ ਰਸੋਈਆ ਹੈ। ਸਮੇ ਦੀ ਨਜ਼ਕਾਤ ਅਤੇ ਹਾਲਾਤ ਦੇ ਅਨੁਸਾਰ ਇਸ ਵੇਲੇ ਇਹ ਮਾਂ ਗੁਜਰੀ ਅਤੇ ਲਾਲਾਂ ਦਾ ਇਕੋ ਇੱਕ ਆਸਰਾ ਹੈ।

ਮਾਂ ਗੁਜਰੀ ਅਤੇ ਛੋਟੇ ਲਾਲ ਹੁਣ ਗੰਗੂ ਨਾਲ ਤੁਰੇ ਜਾਂਦੇ ਹਨ ਤੇ ਮਾਂ ਗੁਜਰੀ ਨੂੰ ਆਉਣ ਵਾਲੇ ਸਮੇਂ ਦੇ ਵਲਵਲੇ (ਫ਼ਿਕਰ) ਅੱਖਾਂ ਸਾਹਮਣੇ ਆ ਰਹੇ ਹਨ। ਜੋਗੀ ਅੱਲ੍ਹਾ ਯਾਰ ਖ਼ਾਂ ਮਾਂ ਗੁਜਰੀ ਪ੍ਰਤੀ ਕਿੰਨੀ ਗੰਭੀਰਤਾ ਨਾਲ ਲਿਖਦਾ ਹੈ ਕਿ ਮਾਂ ਗੁਜਰੀ ਆਪਣੇ ਦਿਲ ਦੇ ਵਲਵਲੇ ਮਾਨੋਂ ਇਉਂ ਕਹਿ ਰਹੀ ਹੈ:

ਲੇਕਿਨ ਯੇ ਦੋ ਸਮਰ ਹੈਂ ਮਿਰੇ ਨੋ-ਨਿਹਾਲ ਕੇ।

ਬੇਟੇ ਹੈਂ ਦੋਨੋਂ ਸਰਵਰਿ- ਫ਼ੌਜ਼ਿ-ਅਕਾਲ ਕੇ।

ਇਹ ਦੋ ਫੁੱਲ ਨੇ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਮੇਰੇ ਪਾਸ, ਸਾਹਿਬਜਾਦਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ। ਉਸ ਅਕਾਲੀ ਸੈਨਾ ਦੇ ਮੁਖੀ ਗੁਰੂ ਗੋਬਿੰਦ ਸਿੰਘ ਦੇ ਇਹ ਦੋ ਪੁੱਤਰ ਨੇ। ਹੁਣ ਇਥੇ ਦੱਸਣਾ ਜਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਕਾਲੀ ਸੈਨਾ ਦਾ ਮੁਖੀ ਕਿਉਂ ਕਿਹਾ ਗਿਆ ਹੈ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਬਾਤ ਕਹੀ ਹੋਈ ਹੈ ਕਿ ਖ਼ਾਲਸਾ ਮੇਰਾ ਨਹੀ ਹੈ। ਖ਼ਾਲਸਾ ਕਿਸ ਦਾ ਹੈ? ਕਹਿੰਦੇ ਹਨ:

ਖਾਲਸਾ ਅਕਾਲ ਪੁਰਖ ਦੀ ਫੌਜ।।

ਪ੍ਰਗਟਿਉ ਖ਼ਾਲਸਾ ਪ੍ਰਮਾਤਮਾ ਦੀ ਮੌਜ।।

(ਸਰਬ ਲੋਹ ਗ੍ਰੰਥ)

ਜੋਗੀ ਅੱਲ੍ਹਾ ਯਾਰ ਖ਼ਾਂ ਮਾਂ ਗੁਜਰੀ ਦੇ ਮਨ ਦੇ ਵਲਵਲਿਆਂ ਨੂੰ ਉਸੇ ਤਰਾਂ ਬਿਆਨ ਕਰ ਰਿਹਾ ਹੈ:

ਰਖ ਕਰ ਉਨ੍ਹੇ ਕਲੇਜੇ ਮੇਂ ਆਖੋਂ ਮੇਂ ਡਾਲ ਕੇ।

ਬੇਟੇ ਕੀ ਲੇ ਕੇ ਜਾਊਂ ਅਮਾਨਤ ਸੰਭਾਲ ਕੇ।

ਮਾਤਾ ਜੀ ਕਹਿੰਦੇ ਹਨ ਕਿ ਮੈਂ ਯਤਨ ਕਰਾਂਗੀ ਕਿ ਜਿਨਾਂ ਚਿਰ ਮੇਰੇ ਸੁਆਸ ਚਲਦੇ ਨੇ, ਇਹ ਜੋ ਬਾਲਾਂ ਦੀ ਜਿੰਮੇਵਾਰੀ ਮੇਰੇ ਤੇ ਪਈ ਹੈ, ਮੈਂ ਇਹਨਾਂ ਦੀ ਪੂਰਨ ਸੰਭਾਲ ਕਰਾਂਗੀ ਅਤੇ ਆਪਣੇ ਬੇਟੇ ਦੀ ਅਮਾਨਤ ਜੋ ਮੇਰੇ ਕੋਲ ਹੈ, ਮੈਂ ਇਸ ਅਮਾਨਤ ਨੂੰ ਸੰਭਾਲ ਕੇ ਵਾਪਸ ਲੈ ਜਾਵਾਂਗੀ।

ਬੇਟੇ ਕਾ ਮਾਲ ਹੈ ਯਿਹ ਬਹੂ ਕੀ ਕਮਾਈ ਹੈ।

ਹੈ ਮੇਰੀ ਲਾਖ ਫਿਰ ਭੀ ਯਿਹ ਦੌਲਤ ਪਰਾਈ ਹੈ।

ਇਹਨਾਂ ਬੱਚਿਆ `ਤੇ ਪਹਿਲਾਂ ਹੱਕ ਮੇਰਾ ਨਹੀ ਹੈ, ਕਿਉਂਕਿ ਬੱਚਿਆਂ ਤੇ ਪਹਿਲਾਂ ਹੱਕ ਮਾਂ-ਬਾਪ ਦਾ ਬਣਦਾ ਹੈ। ਮਾਤਾ-ਪਿਤਾ ਦੇ ਹੱਕ ਤੋਂ ਬਾਅਦ ਹੀ ਮੇਰਾ ਹੱਕ ਬਣਦਾ ਹੈ।

ਮਨਜੂਰ ਇਸ ਘੜੀ ਜੋ ਮੁਝੇ ਇਮਤਿਹਾਨ ਹੈ।

ਹਾਜ਼ਿਰ ਬਜਾਇ ਪੋਤੋਂ ਕੇ ਦਾਦੀ ਕੀ ਜਾਨ ਹੈ।

ਦਾਦੀ ਮਾਂ ਗੁਜਰੀ ਕਹਿੰਦੀ ਹੈ ਕਿ ਆਉਣ ਵਾਲਾ ਸਮਾਂ ਮੇਰੇ ਉੱਤੇ ਇਮਤਿਹਾਨ ਬਣ ਕੇ ਆ ਰਿਹਾ ਹੈ, ਪਰ ਮੈਂ ਉਸ ਇਮਤਿਹਾਨ ਲਈ ਤਿਆਰ ਹਾਂ। ਇਹਨਾ ਬੱਚਿਆਂ ਦੀ ਜਾਨ ਵਿੱਚ ਹੀ ਮੇਰੀ ਜਾਨ ਹੈ, ਇਹਨਾਂ ਦੀ ਸਲਾਮਤੀ ਵਿੱਚ ਹੀ ਮੇਰੀ ਸਲਾਮਤੀ ਹੈ।

ਖ਼ਿਆਲ ਕਰਿਓ! ਇਹ ਪਿਆਰ ਅਤੇ ਭਾਵਨਾ ਦੀਆਂ ਬਾਤਾਂ ਹਨ। ਮਾਂ ਗੁਜਰੀ ਕਹਿੰਦੀ ਹੈ:

ਹੂੰ ਸੁਰਖ਼ਰੂ ਬਹੂ ਸੇ ਯਹੀ ਦਿਲ ਮੇਂ ਧਯਾਨ ਹੈ।

ਬੀਂਕਾ ਨਾ ਇਨ ਕਾ ਬਾਲ ਹੋ ਡਰ ਯਿਹ ਹਰ ਆਨ ਹੈ।

ਮਾਂ ਗੁਜਰੀ ਕਹਿੰਦੀ ਹੈ ਕਿ ਉਹ ਘੜੀ ਕਦੋਂ ਆਵੇਗੀ, ਜਦੋਂ ਮੈਂ ਇਸ ਇਮਤਿਹਾਨ ਤੋਂ ਸੁਰਖ਼ਰੁ ਹੋਵਾਂਗੀ, ਇਹਨਾਂ ਬੱਚਿਆਂ ਨੂੰ ਇਹਨਾਂ ਦੀ ਮਾਂ ਦੇ ਹਵਾਲੇ ਕਰ ਕੇ। ਪਰ ਦਾਦੀ ਮਾਂ ਨੂੰ ਆਉਣ ਵਾਲੇ ਸਮੇਂ ਦੇ ਸੰਕੇਤ ਕੋਈ ਚੰਗੇ ਨਹੀਂ ਲੱਗ ਰਹੇ:

ਵਰਨਾ ਜਵਾਬ ਦੂੰਗੀ ਮੈਂ ਕਯਾ ਇਨ ਕੇ ਬਾਪ ਕੋ।

ਸਦਕੇ ਕਰੂੰ ਮੈਂ ਇਨ ਕੇ ਸਰੋਂ ਪਰ ਸੇ ਆਪ ਕੋ।

ਦਾਦੀ ਮਾਂ ਗੁਜਰੀ ਸੋਚਦੀ ਹੈ ਕਿ ਜੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਸੁਚੱਜੇ ਤਰੀਕੇ ਨਾਲ ਨਿਭਾ ਨਾ ਸਕੀ ਤਾਂ ਮੈਂ ਆਪਣੇ ਪੁੱਤਰ ਤੇ ਇਹਨਾਂ ਦੇ ਬਾਪ ਗੁਰੂ ਕਲਗੀਧਰ ਨੂੰ ਕੀ ਜਵਾਬ ਦੇਵਾਂਗੀ?

ਫਿਰ ਇਹ ਸੋਚਦੀ ਹੈ ਕਿ ਜੇਕਰ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ “ਸਦਕੇ ਕਰੂੰ ਮੈਂ, ਇਨਕੇ ਸਰੋਂ ਪਰ ਸੇ ਆਪ ਕੋ। “ ਜੇਕਰ ਮੈਨੂੰ ਇਨ੍ਹਾਂ ਦੀ ਰਖਵਾਲੀ ਕਰਦਿਆਂ ਆਪਾ ਕੁਰਬਾਨ ਵੀ ਕਰਨਾ ਪੈ ਜਾਵੇ ਤਾਂ ਮੈਂ ਆਪਾਂ ਕੁਰਬਾਨ ਕਰਨ ਲਈ ਵੀ ਤਿਆਰ ਹਾਂ, ਪਰ ਇਹਨਾਂ ਦੀ ਰਖਵਾਲੀ ਮੈਂ ਆਪਣੇ ਅੰਤਿਮ ਸੁਆਸਾਂ ਤੱਕ ਕਰਾਂਗੀ। ਆਪਣੇ ਖ਼ੂਨ ਦੇ ਆਖਰੀ ਕਤਰੇ ਤੱਕ ਵੀ ਮੈਂ ਇਹਨਾਂ ਦਾ ਸਾਥ ਨਿਭਾਵਾਂਗੀ।

ਜਦੋਂ ਮਾਂ ਗੁਜਰੀ ਦੇ ਇਹ ਵਲਵਲੇ, ਦਿਲ ਦੀ ਹਾਲਤ ਨੂੰ ਗੰਗੂ ਨੇ ਵੇਖਿਆ, ਜੋ ਕਿ ਉਸ ਵੇਲੇ ਮਾਤਾ ਤੇ ਬੱਚਿਆਂ ਦੇ ਨਾਲ-ਨਾਲ ਚੱਲ ਰਿਹਾ ਸੀ, ਮਾਤਾ ਜੀ ਨੂੰ ਸੰਬੋਧਨ ਕਰ ਕੇ ਗੰਗੂ ਕੀ ਆਖਦਾ ਹੈ:

ਗੰਗੂ ਰਸੋਈਆ ਨੇ ਜੋ ਦੇਖਾ ਯਿਹ ਇਜ਼ਤਿਰਾਬ।

ਮਾਤਾ ਸੇ ਸਤਗੁਰੂ ਕੀ ਕੀਯਾ ਇਸ ਨੇ ਯਿਹ ਖ਼ਿਤਾਬ।

ਗਾਉਂ ਮਿਰਾ ਕਰੀਬ ਹੈ ਚਲੀਏ ਵਹਾਂ ਜਨਾਬ।

ਬਾਗੇਂ ਉਠਾ ਕੇ ਆਈਏ ਪੀਛੇ ਮਿਰੇ ਸ਼ਿਤਾਬ।

ਜਦੋਂ ਮਾਂ ਗੁਜਰੀ ਦੀ ਭਾਵਨਾ ਨੂੰ ਗੰਗੂ ਰਸੋਈਆ ਨੇ ਪੜ੍ਹਿਆ ਤਾਂ ਉਹ ਕਲਗੀਧਰ ਦੀ ਮਾਤਾ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ, “ਮਾਤਾ ਜੀ! ਡਰਨ ਦੀ ਕੋਈ ਲੋੜ ਨਹੀ ਹੈ, ਕੋਈ ਫਿਕਰ ਨਾ ਕਰੋ ਮੇਰਾ ਪਿੰਡ ਇਥੋਂ ਨਜ਼ਦੀਕ ਹੀ ਹੈ। ਮਾਤਾ ਜੀ ਇਹਨਾਂ ਲਾਲਾਂ ਨੂੰ ਲੈ ਕੇ ਹੁਣ ਤੁਸੀਂ ਮੇਰੇ ਪਿੰਡ ਨੂੰ ਚੱਲੋ। ਆਪਾਂ ਸਮੇ ਸਿਰ ਘਰ ਪਹੁੰਚਣਾ ਹੈ ਇਸ ਲਈ ਤੁਸੀ ਮੇਰੇ ਨਾਲ ਜਲਦੀ-ਜਲਦੀ ਚਲੋਂ, ਮੇਰਾ ਘਰ ਤੁਹਾਡਾ ਹੀ ਘਰ ਹੈ, ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। “

ਖੇੜੀ ਮੇਂ ਜਾ ਬਿਰਾਜੇ ਯਿਹ ਅਲ-ਕਿੱਸਾ ਸ਼ਾਮ ਕੋ।

ਕੋਠਾ ਬ੍ਰਾਹਮਣ ਨੇ ਦਿਯਾ ਇੱਕ ਕਯਾਮ ਕੋ

ਗੰਗੂ ਬ੍ਰਾਹਮਣ ਮਾਤਾ ਜੀ ਅਤੇ ਬੱਚਿਆਂ ਨੂੰ ਲੈ ਕੇ 8 ਪੋਹ ਦੀ ਸ਼ਾਮ ਨੂੰ ਆਪਣੇ ਪਿੰਡ ਖੇੜੀ ਆ ਬਿਰਾਜਿਆ।

ਵਿਦਵਾਨਾਂ ਨੇ ਇੱਕ ਤੱਤ ਕੱਢਿਆ ਹੈ ਅਤੇ ਸਚਾਈ ਸਾਹਮਣੇ ਲਿਆਂਦੀ। ਅਕਸਰ ਕਹਿੰਦੇ ਹਨ ਕਿ ਗੰਗੂ ਆਪਣੇ ਪਿੰਡ ਖੇੜੀ ਆ ਗਿਆ, ਪਰ ਇਸ ਨਾਮ ਦਾ ਕੋਈ ਪਿੰਡ ਰਿਕਾਰਡ ਵਿੱਚ ਹੈ ਹੀ ਨਹੀ ਹੈ। ਅਸਲ ਵਿੱਚ ਸਰਕਾਰੀ ਰਿਕਾਰਡ ਅਨੁਸਾਰ ਇਸ ਪਿੰਡ ਦਾ ਨਾਮ ‘ਸਹੇੜੀ` ਹੈ।

ਪਰ ਸਿੱਖ ਸੂਰਬੀਰਾਂ ਦੇ ਅੰਦਰ ਗੰਗੂ ਦੁਆਰਾ ਕੀਤੀ ਗਈ ਨਮਕ ਹਰਾਮੀ ਨੂੰ ਤੱਕਦਿਆਂ ਹੋਇਆਂ ਸਿੰਘਾਂ ਵਿੱਚ ਇਨਾਂ ਗੁੱਸਾ ਅਤੇ ਜੋਸ਼ ਭਰਿਆ ਹੋਇਆ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਫ਼ੌਜਾਂ ਸਮੇਤ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਚੜ੍ਹਦੇ ਨੇ ਤਾਂ ਕਹਿੰਦੇ ਸਨ ਕਿ ਸਹੇੜੀ ਨੂੰ ਜੜੋਂ ਉਖਾੜ ਕੇ ਰੱਖ ਦਿਉ। ਸਿੱਖ ਸਹੇੜੀ ਨੂੰ ਉਖੇੜੀ ਆਖਦੇ ਸਨ ਤੇ ਇਹ ਕਾਰਨ ਸੀ ਕਿ ਉਥੋਂ ਇਹ ਨਾਮ ਉਖੇੜੀ ਚਲਦਾ ਚਲਦਾ ਹੀ ਵਿਗੜ ਕੇ ਖੇੜੀ ਹੋ ਗਿਆ। ਅਸਲ ਵਿੱਚ ਇਸ ਖੇੜੀ (ਉਖੇੜੀ) ਦਾ ਨਾਮ ਰਿਕਾਰਡ ਅਨੁਸਾਰ ‘ਸਹੇੜੀ` ਹੈ।

ਗੰਗੂ ਨੇ ਆਪਣੇ ਘਰ ਦੇ ਅੰਦਰ ਘਰ ਦੇ ਸਭ ਤੋਂ ਪਿਛੇ ਇੱਕ ਲੁਕਵਾਂ ਕਮਰਾ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਰਹਿਣ ਲਈ ਦਿੱਤਾ।

ਭਾਈ ਕਾਨ੍ਹ ਸਿੰਘ ਨਾਭਾ ਜੋ ਕਿ ਪੰਥ ਦੇ ਪ੍ਰਸਿੱਧ ਵਿਦਵਾਨ ਸਨ। ਉਹ ਆਪਣੇ ਮਹਾਨ ਕੋਸ਼ ਵਿੱਚ ਗੰਗੂ ਦੇ ਪਿੰਡ ਬਾਰੇ ਲਿਖਦੇ ਹਨ ਕਿ ਇਹ ਪਿੰਡ ਮੋਰਿੰਡੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਅਤੇ ਸਰਹਿੰਦ ਤੋਂ 17 ਕਿਲੋਮੀਟਰ ਦੀ ਦੂਰੀ ਤੇ ਹੈ।

ਜਦੋਂ ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੀ ਰਚਨਾ ਕਰ ਰਹੇ ਸਨ ਤਾਂ ਕਿਸੇ ਮਸਲੇ ਤੇ ਕਿਸੇ ਸੱਜਣ ਨੇ ਭਾਈ ਸਾਹਿਬ ਨੂੰ ਚਿੱਠੀ ਕਿਸੇ ਗੰਭੀਰ ਮਸਲੇ ਤੇ ਸੀ ਪਰ ਜਵਾਬ ਦੇ ਨਾਲ ਹੀ ਭਾਈ ਸਾਹਿਬ ਨੇ ਲਿਖ ਦਿੱਤਾ ਕਿ ਅੱਜ ਤੋਂ ਬਾਅਦ ਮੈਨੂੰ ਕੋਈ ਚਿੱਠੀ ਨਾ ਲਿਖੀ ਜਾਵੇ ਕਿਉਂਕਿ ਮੇਰੇ ਕੋਲ ਕੋਈ ਸਮਾਂ ਨਹੀ ਹੈ ਕਿ ਮੈਂ ‘ਮਹਾਨ ਕੋਸ਼` ਦੀ ਰਚਨਾ ਕਰਦੇ ਸਮੇ ਵਿਚੋਂ ਸਮਾਂ ਕਢ ਕੇ ਚਿੱਠੀ ਦਾ ਜਵਾਬ ਦੇ ਸਕਾਂ।

ਮਹਾਨ ਕੋਸ਼ ਦੀ ਰਚਨਾ ਕਰਦਿਆਂ ਭਾਈ ਸਾਹਿਬ ਨੂੰ 14 ਸਾਲ ਦਾ ਸਮਾਂ ਲੱਗਾ ਹੈ। ਕਦੀ ਭਾਈ ਸਾਹਿਬ ਦੀ ਰਚਨਾ “ਮਹਾਨ ਕੋਸ਼” ਪੜ੍ਹ ਕੇ ਦੇਖਿਉ, ਆਪ ਹੈਰਾਨ ਹੋਵੇਗੇ ਕਿ ਭਾਈ ਸਾਹਿਬ ਵਰਗੇ ਵਿਦਵਾਨ ਆਮ ਪੈਦਾ ਨਹੀ ਹੋਇਆ ਕਰਦੇ, ਇਹ ਤਾਂ ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਹੀ ਐਸਾ ਮਹਾਨ ਕਾਰਜ ਕਰਨ ਲਈ ਸੰਸਾਰ ਤੇ ਆਉਂਦੇ ਹਨ। ਕਾਸ਼! ਕਿੱਧਰੇ ਸਾਡੇ ਜੀਵਨ ਵਿੱਚ ਕੋਈ ਪਲਟਾ ਹੋਵੇ ਤਾਂ ਭਾਈ ਸਾਹਿਬ ਦੇ ਜੀਵਨ ਵਰਗੀ ਜੀਵਨ ਜਾਚ ਸਾਨੂੰ ਆ ਜਾਵੇ।

ਕਹਿੰਦੇ ਹਨ ਇੱਕ ਵਾਰੀ ਭਾਈ ਕਾਨ੍ਹ ਸਿੰਘ ਜੀ ਨਾਭਾ ਅੰਮ੍ਰਿਤਸਰ ਸਾਹਿਬ ਦੀ ਧਰਤੀ `ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰ ਕਰਨ ਲਈ ਗਏ।। ਗੁਰੂ ਰਾਮਦਾਸ ਜੀ ਦੇ ਦਰਬਾਰ ਅੰਦਰ ਜਾ ਕੇ ਭਾਈ ਸਾਹਿਬ ਨੇ ਸ੍ਰੁੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਕੀਤੀ ਅਤੇ ਤਿੰਨ ਮੰਗਾਂ ਰੱਖੀਆ ਸਨ। ਦੇਖੋ! ਮੰਗਾਂ ਕੈਸੀਆਂ ਸਨ? ਗੁਰੂ ਸਾਹਿਬ ਦੇ ਸਨਮੁਖ-

ਪਹਿਲੀ ਮੰਗ:- ਗੁਰੂ ਸਾਹਿਬ! ਮੇਰਾ ਅੰਤ ਅੰਮ੍ਰਿਤ ਵੇਲੇ ਹੋਵੇ।

ਦੂਸਰੀ ਮੰਗ:- ਮੈਂ ਜਿਹੜੀ ਵੀ ਪੁਸਤਕ ਲਿਖ ਰਿਹਾ ਹੋਵਾਂ ਉਹ ਪੁਸਤਕ ਅਧੂਰੀ ਛੱਡ ਕੇ ਨਾ ਮਰਾਂ।

ਤੀਸਰੀ ਮੰਗ:- ਗੁਰੂ ਸਾਹਿਬ! ਮੈਂ ਮਰਨ ਵੇਲੇ ਇਕਾਂਤ ਵਿੱਚ ਹੋਵਾਂ।

ਜਦੋਂ 1938 ਈਸਵੀ ਨੂੰ ਭਾਈ ਕਾਨ੍ਹ ਸਿੰਘ ਜੀ ਨਾਭਾ ਇੱਕ ਪੁਸਤਕ ਲਿਖ ਰਹੇ ਸਨ- “ਗਿਆਨੀ ਰਤਨਾਵਲੀ” ਪੁਸਤਕ ਪੂਰੀ ਕੀਤੀ ਤੇ ਸੌਂ ਗਏ।। ਸਵੇਰੇ ਨੂੰਹ ਰਾਣੀ ਚਾਹ ਦਾ ਪਿਆਲਾ ਲੈ ਕੇ ਗਈ ਤਾਂ ਭਾਈ ਸਾਹਿਬ ਅਹਿੱਲ ਸੁੱਤੇ ਪਏ ਸਨ। ਜੋ ਮੰਗਾਂ ਭਾਈ ਸਾਹਿਬ ਨੇ ਮੰਗੀਆਂ ਸਨ, ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਪੂਰਤੀ ਵੀ ਕੀਤੀ।

ਕਦੀ ਸੋਚੀਏ ਕੀ ਅਸੀਂ ਵੀ ਕੋਈ ਮੰਗ ਗੁਰੂ ਸਾਹਿਬ ਪਾਸੋਂ ਮੰਗੀ ਹੈ ਜੋ ਕਿ ਭਾਈ ਸਾਹਿਬ ਦੀ ਮੰਗ ਨਾਲ ਮੇਲ ਖਾਂਦੀ ਹੋਵੇ।

ਹੁਣ ਜੋ ਕਮਰਾ ਗੰਗੂ ਨੇ ਮਾਤਾ ਜੀ ਅਤੇ ਲਾਲਾਂ ਨੂੰ ਰਹਿਣ ਲਈ ਦਿੱਤਾ ਉਹ ਕਮਰਾ ਘਰ ਦੇ ਸਭ ਤੋਂ ਪਿੱਛੇ ਹੈ। ਕਿਉਂਕਿ ਗੰਗੂ ਜਾਣਦਾ ਹੈ ਕਿ ਇਹਨਾਂ ਨੂੰ ਖਤਰਾ ਵੀ ਹੋ ਸਕਦਾ ਹੈ। ਇਸ ਲਈ ਉਹ ਉਹਨਾਂ ਨੂੰ ਆਪਣੇ ਘਰ ਵੀ ਲੈ ਕੇ ਜਾਂਦਾ ਹੈ ਤੇ ਉਹਨਾਂ ਨੂੰ ਮਹਿਫੂਜ਼ ਵੀ ਰੱਖਦਾ ਹੈ। ਪੂਰੇ ਦਿਨ ਦੀ ਦੌੜ-ਭੱਜ ਕਾਰਨ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਥਕਾਵਟ ਵੀ ਬਹੁਤ ਸੀ।

ਦਿਨ ਭਰ ਕੀ ਦੌੜ ਧੂਪ ਸੇ ਸਭ ਕੋ ਥਕਾਨ ਥਾ।

ਮਹਿਫ਼ੂਜ਼ ਹਰ ਤਰਹ ਸੇ ਬਜ਼ਾਹਿਰ ਮਕਾਨ ਥਾ।

ਬਰਸੋਂ ਜਿਸੇ ਖਿਲਾਯਾ ਥਾ ਵੁਹ ਮੇਜ਼ਬਾਨ ਥਾ।

ਖ਼ਤਰੇ ਕਾ ਇਸ ਵਜਹ ਨਹੀਂ ਵਹਮੋਂ ਗੁਮਾਨ ਥਾ।

ਹੁਣ ਮਾਂ ਗੁਜਰੀ ਸੋਚਦੀ ਹੈ ਕਿ ਇਹ ਕੋਈ ਬੇਗਾਨਾ ਥੋੜੀ ਹੈ, ਇਹ ਗੰਗੂ ਤਾਂ ਕਈ ਸਾਲਾਂ ਤੋਂ ਗੁਰੂ ਘਰ ਦਾ ਰਸੋਈਆ ਚਲਿਆ ਆ ਰਿਹਾ ਹੈ, ਇਹ ਤਾਂ ਆਪਣਾ ਹੈ। ਮਾਤਾ ਜੀ ਨੂੰ ਅਹਿਸਾਸ ਹੋਇਆ ਕਿ ਇਥੇ ਅਸੀਂ ਮਹਿਫ਼ੂਜ਼ ਹਾਂ, ਕੋਈ ਖਤਰਾ ਨਹੀ ਹੈ। ਕੋਈ ਡਰ-ਭੈਅ ਨਹੀ ਹੈ। ਹੁਣ ਕੀ ਹੋਇਆ? ਰਾਤ ਦਾ ਸਮਾਂ ਸੀ, ਥਕਾਵਟ ਜ਼ਿਆਦਾ ਸੀ।

ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਅੱਗੇ ਚੱਲਦੀ ਹੈ:

ਨੌਕਰ ਕਾ ਘਰ ਸਮਝ ਕੇ ਵੁਹ ਬੇ-ਫ਼ਿਕਰ ਹੋ ਗਏ।

ਲਗ ਕਰ ਗਲੇ ਸੇ ਦਾਦੀ ਕੇ ਸ਼ਹਜਾਦੇ ਸੋਂ ਗਏ।

ਨੌਕਰ ਦਾ ਘਰ ਸਮਝ ਕੇ ਮਾਤਾ ਗੁਜਰੀ ਦੇ ਗਲੇ ਲੱਗ ਕੇ ਸੱਜੇ ਪਾਸਿਉਂ, ਇੱਕ ਖੱਬੇ ਪਾਸਿਉਂ ਆਪਣੀ ਦਾਦੀ ਨੂੰ ਗਲਵਕੜੀ ਪਾ ਕੇ ਦੋਵੇ ਸਾਹਿਬਜਾਦੇ ਸੌਂ ਗਏ। ਥਕਾਵਟ ਹੋਣ ਕਰਕੇ ਮਾਤਾ ਜੀ ਨੂੰ ਵੀ ਨੀਂਦ ਆ ਗਈ। ਹੁਣ ਇਥੋਂ ਗੰਗੂ ਦੀ ਨਮਕਹਰਾਮੀ ਸ਼ੁਰੂ ਹੋ ਗਈ, ਪਰ ਅਸਲ ਵਿੱਚ ਨਮਕਹਰਾਮੀ ਦਾ ਕਾਰਨ ਕੀ ਬਣਿਆ?

ਵਜ਼ੀਰ ਖ਼ਾਂ ਨੂੰ ਆਪਣਾ ਡਰ ਸਤਾ ਰਿਹਾ ਹੈ ਅਤੇ ਉਹ ਹਰ ਪਿੰਡ ਹਰ ਜਗਾ ਤੇ ਢੰਡੋਰਾ ਪਿਟਵਾ ਰਿਹਾ ਹੈ। ਢੰਡੋਰਾ ਕੀ ਪਿਟਵਾ ਰਿਹਾ ਹੈ ਵਜ਼ੀਰ ਖ਼ਾਂ ਕਿ-ਗੁਰੂ ਗੋਬਿੰਦ ਸਿੰਘ ਜਾਂ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਨਾਹ ਦੇਣ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਹਨਾਂ ਦੀ ਸੂਚਨਾ ਦੇਣ ਵਾਲੇ ਮੂੰਹ ਮੰਗੇ ਇਨਾਮਾਂ ਨਾਲ ਨਿਵਾਜਿਆ ਜਾਵੇਗਾ।

ਹੁਣ ਵਜ਼ੀਰ ਖ਼ਾਂ ਨੂੰ ਇੱਕ ਪਾਸੇ ਤਾਂ ਡਰ ਸਤਾ ਰਿਹਾ ਹੈ ਤੇ ਉਹ ਧਮਕੀ ਦੇ ਰਿਹਾ ਹੈ, ਪਰ ਦੂਜੇ ਪਾਸੇ ਲਾਲਚ ਵੀ ਦੇ ਰਿਹਾ ਹੈ। ਇਹ ਦੋਵੇਂ ਪੱਖ ਵਜ਼ੀਰ ਖ਼ਾਂ ਦੇ ਢੰਡੋਰੇ ਵਿਚੋਂ ਸਾਹਮਣੇ ਆ ਰਹੇ ਹਨ। ਗੰਗੂ ਜਦੋਂ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਲੈ ਕੇ ਆਪਣੇ ਘਰ ਆਇਆ ਸੀ ਤਾਂ ਉਸ ਨੇ ਦੇਖਿਆ ਸੀ ਕਿ ਮਾਤਾ ਜੀ ਕੋਲ ਜੇਵਰਾਤਾਂ ਦੀ ਪੋਟਲੀ ਵੀ ਸੀ। ਗੰਗੂ ਨੇ ਜਦੋਂ ਢੰਡੋਰਾ ਸੁਣਿਆ ਤਾਂ ਉਸ ਦੇ ਮਨ ਵਿੱਚ ਲਾਲਚ ਆ ਗਿਆ ਤੇ ਨਾਲ ਡਰਾਵਾ ਵੀ ਦਿਖਾਈ ਦੇ ਰਿਹਾ ਹੈ। ਤੀਸਰਾ ਹੁਣ ਮਾਂ ਗੁਜਰੀ ਦੇ ਖ਼ਜਾਨੇ ਬਾਰੇ ਵੀ ਗੰਗੂ ਦੇ ਮਨ ਵਿੱਚ ਫੁਰਨੇ ਫੁਰ ਰਹੇ ਹਨ। ਗੰਗੂ ਸੋਚਦਾ ਹੈ ਕਿ ਹੁਣ ਤਾਂ ਸਾਰੇ ਪਾਸੇ ਲਾਭ ਹੀ ਲਾਭ ਹੈ ਤੇ ਗੰਗੂ ਦੇ ਮਨ ਵਿੱਚ ਲੋਭ ਦੇ ਅਧੀਨ ਹੁਣ ਬੇਈਮਾਨੀ ਆ ਗਈ। ਉਸ ਬੇਈਮਾਨ ਦਾ ਜ਼ਿਕਰ ਜੋਗੀ ਅੱਲ੍ਹਾ ਯਾਰ ਖ਼ਾਂ ਇਸ ਤਰਾਂ ਕਰ ਰਿਹਾ ਹੈ:

ਮਾਤਾ ਕੇ ਸਾਥ ਡੱਬਾ ਥਾ ਇੱਕ ਜ਼ੇਵਰਾਤ ਕਾ।

ਲਲਚਾ ਜਿਸੇ ਥਾ ਦੇਖ ਕੇ ਜ਼ੀ ਬਦ-ਸਿਫਾਤ ਕਾ।

ਕਹਤੇ ਹੈ ਜਬ ਕਿ ਵਕਤ ਹੂਆ ਰਾਤ ਕਾ।

ਜੀ ਮੈਂ ਕਿਯਾ ਨਾ ਖ਼ੌਫ ਕੁਛ ਆਕਾ ਕੀ ਮਾਤ ਕਾ।

ਅੱਧੀ ਰਾਤ ਦਾ ਸਮਾਂ ਹੋ ਗਿਆ ਹੈ ਪਰ ਗੰਗੂ ਨੂੰ ਨੀਂਦ ਨਹੀ ਆ ਰਹੀ, ਉਸ ਦੀਆਂ ਅੱਖਾਂ ਸਾਹਮਣੇ ਵਜੀਰ ਖ਼ਾਂ ਦੀ ਧਮਕੀ ਦਾ ਡਰ, ਦੂਸਰਾ ਇਨਾਮ ਦਾ ਲਾਲਚ ਤੇ ਤੀਸਰਾ ਮਾਤਾ ਜੀ ਦਾ ਖ਼ਜਾਨਾ ਹੈ। ਗੰਗੂ ਸੋਚਦਾ ਹੈ ਕਿ ਹੁਣ ਤਾਂ ਹਰ ਪਾਸੇ ਮੇਰਾ ਫਾਇਦਾ ਹੀ ਫਾਇਦਾ ਹੈ। ਦੂਜੇ ਪਾਸੇ ਮਾਤਾ ਜੀ ਅਤੇ ਦੋਵੇਂ ਸਾਹਿਬਜਾਦੇ ਬੇਫ਼ਿਕਰ ਹੋ ਕੇ ਸੁੱਤੇ ਪਏ ਨੇ।। ਅੱਧੀ ਰਾਤ ਹੋ ਗਈ ਹੈ। ਹੁਣ ਗੰਗੂ ਦਾ ਲਾਲਚ ਸਭ ਹੱਦਾਂ ਪਾਰ ਕਰਕੇ ਬਾਹਰ ਆ ਗਿਆ। ਉਸ ਦੇ ਮਨ ਵਿੱਚ ਮਾਤਾ ਗੁਜਰੀ ਅਤੇ ਆਪਣੇ ਆਕਾ (ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦਾ ਡਰ ਵੀ ਖ਼ਤਮ ਹੋ ਗਿਆ ਹੈ।

ਮੁਹਰੋਂ ਦਾ ਬਦਰਾ ਔਰ ਵੁਹ ਡੱਬਾ ਉੜਾ ਗਯਾ।

ਧੋਖੇ ਸੇ ਬ੍ਰਾਹਮਣ ਵੁਹ ਖ਼ਜਾਨਾ ਚੁਰਾ ਗਯਾ।

ਲਾਲਚ ਵੱਸ ਹੋ ਕੇ ਗੰਗੂ ਨੇ ਮੋਹਰਾਂ ਦੀ ਥੈਲੀ ਜੋ ਕਿ ਭਰੀ ਹੋਈ ਸੀ ਉਹ ਚੁਰਾ ਲਈ, ਇਹ ਸਭ ਕੁੱਝ ਮਾਂ ਗੁਜਰੀ ਨੇ ਤੱਕ ਵੀ ਲਿਆ ਕਿ ਗੰਗੂ ਇਹ ਬਦਹਰਾਮੀ ਕਰ ਰਿਹਾ ਹੈ। ਪਰ ਉਸ ਸਮੇ ਮਾਂ ਗੁਜਰੀ ਖਾਮੋਸ਼ ਰਹੀ।

ਸਵੇਰ ਹੋਈ। ਮਾਂ ਗੁਜਰੀ ਨੇ ਗੰਗੂ ਨੂੰ ਪੁਛਿਆ ਤਾਂ ਗੰਗੂ “ਉਲਟਾ ਚੋਰ ਕੋਤਵਾਲ ਕੋ ਡਾਂਟੇ” ਵਾਲੀ ਗੱਲ ਕਰਨ ਲਗ ਪਿਆ। ਜੋਗੀ ਅੱਲ੍ਹਾ ਯਾਰ ਖ਼ਾਂ ਗੰਗੂ ਦੀ ਨਮਕਹਰਾਮੀ ਦੇ ਕਿੱਸੇ ਅਗਾਂਹ ਵੱਲ ਲੈ ਜਾ ਰਿਹਾ ਹੈ:

ਬਦਜ਼ਾਤ ਬਦ-ਸਿਫ਼ਾਤ ਵੁਹ ਗੰਗੂ ਨਮਕਹਰਾਮ।

ਟੁਕੜੋਂ ਪਿ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ।

ਉਹ ਭੈੜੀ ਨੀਅਤ ਵਾਲਾ, ਨਮਕਹਰਾਮੀ ਗੰਗੂ, ਜਿਹੜਾ ਕਲਗੀਧਰ ਜੀ ਦੇ ਟੁਕੜਿਆਂ ਤੇ ਪਲਦਾ ਸੀ। ਹਮੇਸ਼ਾ ਗੁਰੂ ਘਰ ਦਾ ਨਮਕ ਖਾਣ ਵਾਲਾ ਗੰਗੂ, ਲਾਲਚ ਨੇ ਉਸ ਦੇ ਮਨ ਦੇ ਸਾਰੇ ਡਰ ਲਾਹ ਦਿੱਤੇ, ਉਸ ਤੋਂ ਬੇਈਮਾਨੀ ਕਰਵਾ ਦਿੱਤੀ।

ਖ਼ਿਆਲ ਕਰਿਓ! ਇੱਕ ਪਾਸੇ ਤਾਂ ਇਹ ਗੰਗੂ ਬ੍ਰਾਹਮਣ ਨਮਕਹਰਾਮੀ ਕਰ ਰਿਹਾ ਹੈ ਜੋ ਕਿ ਗੁਰੂ ਘਰ ਦਾ ਰਸੋਈਆ ਹੈ। ਦੂਸਰੇ ਪਾਸੇ ਭਾਈ ਨੰਦ ਲਾਲ ਜੀ ਦੀ ਗੁਰੂ ਘਰ ਪ੍ਰਤੀ ਸ਼ਰਧਾ ਅਤੇ ਪਿਆਰ ਭਰੀ ਯਾਦ ਆ ਗਈ।

ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਪਰਸ਼ਾਦਾ ਛਕਦੇ ਪਏ ਨੇ ਤੇ ਮਾਂ ਗੁਜਰੀ ਮਮਤਾ ਦੇ ਅਧੀਨ ਬੜੇ ਪਿਆਰ ਨਾਲ ਇੱਕਲਾ-ਇੱਕਲਾ ਪਰਸ਼ਾਦਾ ਲਿਆ ਕੇ ਆਪਣੇ ਪੁੱਤਰ ਨੂੰ ਛੁਕਾਉਂਦੇ ਪਏ ਹਨ। ਪਰਸ਼ਾਦਾ ਛਕਾਉਂਦਿਆਂ-ਛਕਾਉਂਦਿਆਂ ਮਾਂ ਗੁਜਰੀ ਜੀ ਆਪਣੇ ਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ “ਲਾਲ ਜੀ! ਇੱਕ ਹੋਰ”ਪਰ ਕਲਗੀਧਰ ਪਾਤਸ਼ਾਹ ਕਹਿੰਦੇ” ਨਹੀਂ ਮਾਤਾ ਜੀ! ਮੈਂ ਤ੍ਰਿਪਤ ਹੋ ਗਿਆ ਹੈ। “ ਪਰ ਕਹਿੰਦੇ ਹਨ ਕਿ ਮਾਂ ਦੀ ਮਮਤਾ ਨੂੰ ਹਮੇਸ਼ਾ ਬੱਚਾ ਭੁੱਖਾ ਹੀ ਦਿਖਾਈ ਦਿੰਦਾ ਹੈ। ਮਾਤਾ ਜੀ ਫਿਰ ਕਹਿੰਦੇ ਹਨ “ਨਹੀ! ਇੱਕ ਹੋਰ”। ਕਲਗੀਧਰ ਪਾਤਸ਼ਾਹ ਦੇ ਇਨਕਾਰ ਦੇ ਬਾਵਜੂਦ ਵੀ ਮਾਤਾ ਜੀ ਨੇ ਇੱਕ ਪਰਸ਼ਾਦਾ ਹੋਰ ਰੱਖ ਦਿੱਤਾ, ਪਰ ਕਲਗੀਧਰ ਪਾਤਸ਼ਾਹ ਸਰੀਰਕ ਤੌਰ ਤੇ ਭੋਜਨ ਛਕ ਕੇ ਤ੍ਰਿਪਤ ਹੋ ਚੁੱਕੇ ਸਨ। ਪਾਤਸ਼ਾਹ ਨੇ ਪਰਸ਼ਾਦੇ ਦੇ ਦੋ ਟੁਕੜੇ ਕਰਕੇ ਇੱਕ ਟੁਕੜਾ ਪਾਸ ਬੈਠੇ ਕੁੱਤੇ ਨੂੰ ਪਾ ਦਿੱਤਾ। ਭਾਈ ਨੰਦ ਲਾਲ ਵੀ ਕਲਗੀਧਰ ਪਾਤਸ਼ਾਹ ਦੇ ਪਾਸ ਹੀ ਬੈਠੇ ਹੋਏ ਹਨ, ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਨੂੰ ਸਬੋਧਨ ਹੋਏ ਤੇ ਆਪਣੇ ਵੱਲ ਨੂੰ ਇਸ਼ਾਰਾ ਕਰਕੇ ਕਹਿਣ ਲੱਗੇ- “ਪਾਤਸ਼ਾਹ ਜੀ! ਦੂਸਰਾ ਕੂਕਰ ਇਧਰ ਵੀ ਬੈਠਾ ਹੈ, ਬਾਕੀ ਅੱਧੀ ਰੋਟੀ ਆਪਣੇ ਇਸ ਕੂਕਰ ਨੂੰ ਵੀ ਪਾ ਦਿਉ। “

ਸੋਚਣ ਵਾਲੀ ਗਲ ਹੈ ਕਿੰਨੀ ਭਾਵਨਾ ਅਤੇ ਪ੍ਰੇਮ ਵਾਲੇ ਸਿੱਖ ਹੋਣਗੇ ਭਾਈ ਨੰਦ ਲਾਲ ਜੀ।

ਸਤਿਗੁਰੂ ਕਹਿਣ ਲਗੇ “ਨੰਦ ਲਾਲ! ਆਪ ਨੂੰ ਇਹ ਪ੍ਰਸ਼ਾਦਾ ਨਹੀ ਮਿਲੇਗਾ। “ ਭਾਈ ਨੰਦ ਲਾਲ ਜੀ ਫਿਰ ਹੱਥ ਜੋੜ ਕੇ ਪੁੱਛਦੇ ਹਨ “ਪਾਤਸ਼ਾਹ ਜੀ! ਮੇਰੇ ਕੋਲੋਂ ਕੀ ਗਲਤੀ ਹੋ ਗਈ ਹੈ। ਕੀ ਕੋਈ ਖ਼ਤਾ ਹੋ ਗਈ ਹੈ ਜੋ ਇਸ ਕੂਕਰ ਨੂੰ ਆਪ ਜੀ ਦੇ ਹੱਥੋਂ ਇਹ ਅੱਧਾ ਪ੍ਰਸ਼ਾਦਾ ਨਹੀ ਮਿਲੇਗਾ। “ ਕਲਗੀਧਰ ਪਾਤਸ਼ਾਹ ਕਹਿਣ ਲੱਗੇ “ਇਸ ਕੁੱਤੇ ਨੇ ਪ੍ਰਸ਼ਾਦਾ ਮੰਗਿਆ ਨਹੀ ਪਰ ਤੁਸਾਂ ਮੰਗ ਲਿਆ ਹੈ। “

ਇਹ ਗੱਲ ਮੈਂ ਕਰ ਰਿਹਾ ਸੀ ਗੁਰੂ ਘਰ ਦੀਆਂ ਭਿੱਜੀਆਂ ਹੋਈਆਂ ਰੂਹਾਂ ਦੀ।

ਭਾਈ ਨੰਦ ਲਾਲ ਦੀ ਤੁਲਨਾ ਉਸ ਗੁਰੂ ਘਰ ਦੇ ਗੰਗੂ ਬ੍ਰਾਹਮਣ ਨਾਲ ਕਰੀਏ ਕਿ ਉਹ ਗੰਗੂ ਨਮਕਹਰਾਮੀ ਤੇ ਉਤਰ ਆਇਆ ਹੈ ਤੇ ਦੂਸਰੇ ਪਾਸੇ ਭਾਈ ਨੰਦ ਲਾਲ ਦੀ ਗੁਰੂ ਘਰ ਨਾਲ ਪ੍ਰੀਤ। ਗੁਰੂ ਨਾਨਕ ਦੇ ਘਰ ਵਿਚੋਂ ਦੋਹਾਂ ਪੱਖਾਂ ਦੀਆਂ ਬਾਤਾਂ ਸਾਹਮਣੇ ਆਉਂਦੀਆਂ ਹਨ।

ਇੱਕ ਦਿਨ ਗੁਰੂ ਘਰ ਦੇ ਸੇਵਕ ਭਾਈ ਨੰਦ ਲਾਲ ਗੁਰੂ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗੇ “ਸਤਿਗੁਰੂ ਜੀ! ਤੁਸੀ ਸਭ ਨੂੰ ਬਖ਼ਸ਼ਿਸ਼ਾਂ ਨਾਲ ਨਿਵਾਜਦੇ ਹੋ। ਇੱਕ ਬਖ਼ਸ਼ਿਸ਼ ਮੈਂ ਆਪ ਤੋਂ ਅਜ ਮੰਗ ਕੇ ਲੈਣੀ ਹੈ। “ ਸਤਿਗੁਰੂ ਜੀ ਕਹਿਣ ਲੱਗੇ “ਦਸੋ ਨੰਦ ਲਾਲ! ਤੁਹਾਨੂੰ ਕੀ ਚਾਹੀਦਾ ਹੈ। “ ਭਾਈ ਨੰਦ ਲਾਲ ਜੀ ਕਹਿਣ ਲੱਗੇ “ਪਾਤਸ਼ਾਹ! ਦਾਸ ਦੀ ਇੱਛਾ ਹੈ ਕਿ ਮੇਰਾ ਅੰਤਿਮ ਸਸਕਾਰ ਤੁਸੀਂ ਆਪਣੇ ਹੱਥਾਂ ਨਾਲ ਕਰਨਾ। ਪਰ ਜਦੋਂ ਮੇਰਾ ਅੰਤਿਮ ਸਸਕਾਰ ਹੋਵੇ ਤਾਂ ਹਵਾ ਨੂੰ ਜਰੂਰ ਰੋਕ ਲੈਣਾ ਕਿਤੇ ਨੰਦ ਲਾਲ ਦੇ ਸਰੀਰ ਦੀ ਰਾਖ ਉਡ ਕੇ ਦੂਸਰੇ ਪਾਸੇ ਨਾ ਚਲੀ ਜਾਵੇ। ਮਤਾਂ ਉਹ ਦੂਸਰੇ ਲੋਕ ਜਿੰਨਾਂ ਨੂੰ ਛੱਡ ਕੇ ਮੈਂ ਆਪ ਜੀ ਦੇ ਪਾਸ ਆਇਆ ਹਾਂ ਉਹ ਇਹ ਨਾ ਆਖਣ ਕਿ ਸਾਨੂੰ ਛੱਡ ਕੇ ਗੁਰੂ ਕਲਗੀਧਰ ਕੋਲ ਗਿਆ ਮਰ ਕੇ ਫਿਰ ਸਾਡੇ ਕੋਲ ਆ ਗਿਆ। “

ਪਰ ਦੂਸਰੇ ਪਾਸੇ ਗੁਰੂ ਘਰ ਦੇ ਟੁਕੜਿਆਂ ਤੇ ਪਲਣ ਵਾਲਾ ਉਹ ਗੰਗੂ ਬ੍ਰਾਹਮਣ ਗੁਰੂ ਘਰ ਨਾਲ ਕਿਵੇਂ ਬੇਈਮਾਨੀ, ਬਦ ਹਰਾਮੀ ਕਰ ਰਿਹਾ ਹੈ।

ਘਰ ਲੇ ਕੇ ਸ਼ਹਜਾਦੋਂ ਕੋ ਆਯਾ ਜ਼ੋ ਬਦਲਗਾਮ।

ਥਾ ਜ਼ਰ ਕੇ ਲੂਟਨੇ ਕੋ ਕੀਯਾ ਯਿਹ ਇੰਤਜ਼ਾਮ।

ਦੁਨੀਆਂ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।

ਦੁਸ਼ਮਣ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਿਆ।

ਗੰਗੂ ਪਹਿਲਾਂ ਤਾਂ ਮਾਤਾ ਜੀ ਅਤੇ ਬੱਚਿਆਂ ਨੂੰ ਹਮਦਰਦੀ ਨਾਲ ਆਪਣੇ ਘਰ ਲੈ ਕੇ ਆਇਆ ਸੀ, ਪਰ ਜਦੋਂ ਲਾਲਚ ਵੱਸ ਹੋ ਕੇ ਬੇਈਮਾਨੀ ਤੇ ਉਤਰ ਆਇਆ ਤਾਂ ਇਹ ਸਭ ਵੇਖ ਲੱਗਦਾ ਹੈ ਉਹ ਇਹਨਾਂ ਨੂੰ ਆਪਣੇ ਘਰ ਲਿਆਇਆ ਹੀ ਲੁਟੱਣ ਦੀ ਨੀਯਤ ਨਾਲ ਸੀ। ਇਹ ਗੰਗੂ ਬ੍ਰਾਹਮਣ ਆਪਣੇ ਲਾਲਚ ਵਸ ਹੋ ਕੇ ਆਪਣੇ ਨਾਮ ਨੂੰ ਐਸਾ ਬਦਨਾਮ ਕਰ ਗਿਆ ਕਿ ਦੁਸ਼ਮਣ ਵੀ ਐਸਾ ਕੰਮ ਨਹੀ ਕਰਦੇ ਜਿਹੜਾ ਕੰਮ ਗੰਗੂ ਨੇ ਕਰ ਲਿਆ।

ਜ਼ਰਾ ਖ਼ਿਆਲ ਕਰਿਓ! ਇੱਕਲੇ ਨਾਵਾਂ ਉਪਰ ਨਾ ਜਾਣਾ, ਗੰਗੂ ਬ੍ਰਾਹਮਣ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਕਾਲ ਅੰਦਰ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਹੈ ਕਿ ਗੰਗਾ ਰਾਮ ਨਾਮਕ ਬ੍ਰਾਹਮਣ ਦਾ ਇੱਕ ਹੋਰ ਜ਼ਿਕਰ ਆਉਂਦਾ ਹੈ। ਇਹ ਨਾ ਸੋਚਣਾ ਕਿ ਗੰਗੂ ਬ੍ਰਾਹਮਣ ਮਾੜਾ ਹੈ ਤੇ ਸਾਰੇ ਬ੍ਰਾਹਮਣ ਮਾੜੇ ਹੁੰਦੇ ਹੋਣਗੇ, ਨਹੀ ਇਸ ਤਰਾਂ ਨਹੀ, ਸਾਰੇ ਬ੍ਰਾਹਮਣ ਮਾੜੇ ਨਹੀ ਹੁੰਦੇ।

ਗੰਗਾ ਰਾਮ ਬ੍ਰਾਹਮਣ ਬਠਿੰਡੇ ਦਾ ਰਹਿਣ ਵਾਲਾ ਵਪਾਰੀ ਸੀ। ਉਹ ਆਪਣੇ ਘੋੜਿਆਂ ਅਤੇ ਖੱਚਰਾਂ ਉਪਰ ਸੌਦਾ ਲੱਦ ਕੇ ਦੂਰ-ਦੂਰ ਤਕ ਵਪਾਰ ਕਰਨ ਜਾਂਦਾ ਹੁੰਦਾ ਸੀ। ਗੰਗਾ ਰਾਮ ਬ੍ਰਾਹਮਣ ਨੇ ਸੁਣਿਆ ਕਿ ਅੰਮ੍ਰਿਤਸਰ ਦੀ ਧਰਤੀ `ਤੇ ਗੁਰੂ ਅਰਜਨ ਦੇਵ ਜੀ, ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਹਨ। ਉਹ ਇਸ ਨੀਯਤ ਨਾਲ, ਆਪਣਾ ਸਮਾਨ ਲੱਦ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ ਉਸ ਦੇ ਮਨ ਅੰਦਰ ਵਪਾਰ ਵਧਾਉਣ ਦੀ ਭਾਵਨਾ ਹੈ। ਉਸ ਭਾਵਨਾ ਨੂੰ ਲੈ ਕੇ ਗੰਗਾ ਰਾਮ ਉਸ ਸਮੇਂ ਅੰਮ੍ਰਿਤਸਰ ਪਹੁੰਚ ਗਿਆ, ਜਿਸ ਸਮੇਂ ਪ੍ਰਿਥੀ ਚੰਦ ਨੇ ਗੁਰੂ ਘਰ ਦੀ ਨਾਕਾਬੰਦੀ ਕੀਤੀ ਹੋਈ ਸੀ।

ਬਾਬਾ ਪ੍ਰਿਥੀ ਚੰਦ ਨੇ ਆਪਣੇ ਹਿਸਾਬ ਨਾਲ ਅੰਮ੍ਰਿਤਸਰ ਦੀ ਨਾਕਾਬੰਦੀ ਇੰਨੀ ਸਫਲਤਾ ਨਾਲ ਕੀਤੀ ਹੋਈ ਸੀ ਕਿ ਜਿਹੜੀਆਂ ਸੰਗਤਾਂ ਗੁਰੂ ਘਰ ਲਈ ਕਾਰ ਭੇਟਾ ਲੈ ਕੇ ਆਉਂਦੀਆਂ ਸਨ ਉਹ ਸਾਰੀ ਦੀ ਸਾਰੀ ਭੇਟਾ ਆਪ ਰੱਖ ਲੈਂਦਾ ਸੀ ਅਤੇ ਪ੍ਰਸ਼ਾਦੇ ਪਾਣੀ ਲਈ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਪਾਸ ਭੇਜ ਦਿੰਦਾ ਸੀ। ਆਮਦਨ ਸਾਰੀ ਪ੍ਰਿਥੀ ਚੰਦ ਦੀ -ਖ਼ਰਚਾ ਸਾਰਾ ਗੁਰੂ ਘਰ ਦਾ।

ਉਹ ਵੀ ਸਮਾਂ ਆਇਆ ਜਦੋਂ ਗੁਰੂ ਸਾਹਿਬ ਤੇ ਮਾਤਾ ਗੰਗਾ ਜੀ ਨੂੰ ਰੁਖਾ-ਮਿਸਾ ਪ੍ਰਸ਼ਾਦ ਛਕ ਕੇ ਗੁਜਾਰਾ ਕਰਨਾ ਪਿਆ। ਉਸ ਸਮੇ ਗੰਗਾ ਰਾਮ ਆਪਣਾ ਸਾਰਾ ਸਮਾਨ ਤੇ ਬਾਜਰਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਸੀ। ਗੁਰੂ ਸਾਹਿਬ ਨੇ ਗੰਗਾਂ ਰਾਮ ਬ੍ਰਾਹਮਣ ਨੂੰ ਆਖਿਆ “ਗੰਗਾ ਰਾਮ! ਗੁਰੂ ਘਰ ਦਾ ਲੰਗਰ ਚਲਦਾ ਰਹੇ ਇਸ ਲਈ ਤੂੰ ਸਾਨੂੰ ਇਹ ਰਸਦ ਉਧਾਰੀ ਦੇ ਦੇ। “ ਗੰਗਾ ਰਾਮ ਨੇ ਕੋਈ ਨਾਂਹ ਨਹੀ ਕੀਤੀ। ਰੋਜ਼ਾਨਾ ਲੋੜ ਅਨਸਾਰ ਗੁਰੂ ਘਰ ਵਿੱਚ ਲੰਗਰ ਲਈ ਰਸਦ ਉਧਾਰੀ ਦੇਂਦਾ ਰਿਹਾ। ਪਰ ਪ੍ਰਿਥੀ ਚੰਦ ਜੋ ਨਾਕਾਬੰਦੀ ਕੀਤੀ ਹੋਈ ਸੀ ਇਸ ਕਾਰਨ ਗੁਰੂ ਘਰ ਵਿੱਚ ਕੋਈ ਦਸਵੰਧ ਦੀ ਭੇਟਾ ਨਾ ਆਈ

ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਬੜੀ ਸਿਆਣਪ ਨਾਲ ਪ੍ਰਿਥੀ ਚੰਦ ਦੇ ਨਾਕੇ ਤੋ ਵੀ ਅਗਾਂਹ ਸਿੱਖ ਖੜੇ ਕਰ ਦਿੱਤੇ ਜੋ ਕਿ ਸਿੱਖ ਸੰਗਤਾਂ ਨੂੰ ਪਹਿਲਾਂ ਹੀ ਸਮਝਾ ਦਿੰਦੇ ਸਨ ਕਿ ਤੁਹਾਡੇ ਨਾਲ ਅੱਗੇ ਕੀ ਵਾਪਰੇਗਾ। ਇਸ ਤਰਾਂ ਗੁਰੂ ਘਰ ਵਿੱਚ ਮਾਇਆ ਆਉਣੀ ਸ਼ੁਰੂ ਹੋ ਗਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਸਿਆਣਪ ਨਾਲ ਬਾਬਾ ਪ੍ਰਿਥੀ ਚੰਦ ਦੀ ਨਾਕਾਬੰਦੀ ਟੁੱਟ ਗਈ।

ਹੁਣ ਗੁਰੂ ਅਰਜਨ ਪਾਤਸ਼ਾਹ ਨੇ ਗੰਗਾ ਰਾਮ ਬ੍ਰਾਹਮਣ ਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ “ਗੰਗਾ ਰਾਮ! ਤੁਹਾਡੀ ਜਿੰਨੀ ਮਾਇਆ ਗੁਰੂ ਘਰ ਵਲ ਬਣਦੀ ਹੈ ਉਹ ਲੈ ਲਵੋ। “ ਹੁਣ ਗੰਗਾ ਰਾਮ ਬ੍ਰਾਹਮਣ ਗੁਰੂ ਦੀ ਰੰਗਤ ਵਿੱਚ ਰੰਗਿਆ ਗਿਆ ਸੀ, ਉਹ ਆਪਣਾ ਵਪਾਰ ਵਧਾਉਣ ਲਈ ਅੰਮ੍ਰਿਤਸਰ ਆਇਆ ਸੀ। ਹੱਥ ਜੋੜ ਕੇ ਕਹਿਣ ਲੱਗਾ “ਸਤਿਗੁਰੂ ਜੀ! ਮੈਨੂੰ ਮਾਇਆ ਨਹੀ ਸਿੱਖੀ ਦੀ ਦਾਤ ਬਖ਼ਸ਼ ਦਿਉ ਬਸ! ਮੇਰੀ ਝੋਲੀ ਵਿੱਚ ਸਿੱਖੀ ਦੀ ਬਖ਼ਸ਼ਿਸ਼ ਪਾ ਦਿਉ। “

ਐਸਾ ਰੰਗ ਚੜਿਆ ਗੰਗਾ ਰਾਮ ਬ੍ਰਾਹਮਣ ਨੂੰ, ਆਇਆ ਸੀ ਵਪਾਰ ਕਰਨ ਲਈ, ਪਰ ਗੁਰੂ ਬਖ਼ਸ਼ਿਸ਼ ਨਾਲ ਸਿੱਖੀ ਕਮਾ ਗਿਆ। ਇੱਕ ਪਾਸੇ ਗੰਗਾ ਰਾਮ ਬ੍ਰਾਹਮਣ ਸਿੱਖੀ ਕਮਾ ਗਿਆ ਅਤੇ ਦੂਜੇ ਪਾਸੇ ਗੰਗੂ ਬ੍ਰਾਹਮਣ ਗੁਰੂ ਘਰ ਨਾਲ ਬੇਈਮਾਨੀ ਕਮਾ ਗਿਆ।

ਦੁਨੀਆ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।

ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ।

ਹੁਣ ਜਦੋ ਰਾਤ ਦਾ ਸਮਾਂ ਬੀਤ ਗਿਆ। ਮਾਤਾ ਜੀ ਨੇ ਗੰਗੂ ਦੀ ਸਭ ਨਮਕਹਰਾਮੀ ਦੇਖ ਲਈ ਸੀ। ਪਰ ਰਾਤ ਦੇ ਸਮੇਂ ਮਾਤਾ ਜੀ ਨੇ ਗੰਗੂ ਨੂੰ ਕੁੱਝ ਵੀ ਕਹਿਣਾ ਮੁਨਾਸਿਬ ਨਾ ਸਮਝਿਆ ਕਿਉਂਕਿ ਮਾਂ ਗੁਜਰੀ ਨੇ ਵੀ ਵਜ਼ੀਰ ਖ਼ਾਂ ਦਾ ਢੰਡੋਰਾ ਸੁਣਿਆ ਸੀ। ਮਾਂ ਗੁਜਰੀ ਜਾਣਦੇ ਹਨ ਕਿ ਇਹ ਸਮਾਂ ਬਿਪਤਾ ਤੇ ਇਮਤਿਹਾਨ ਵਾਲਾ ਹੈ। ਸਵੇਰੇ ਮਾਤਾ ਜੀ ਨੇ ਗੰਗੂ ਨੂੰ ਬੁਲਾ ਕੇ ਪੁੱਛਣ ਦਾ ਮਨ ਬਣਾਇਆ। ਗੰਗੂ ਬ੍ਰਾਹਮਣ ਨੂੰ ਪਾਸ ਬੁਲਾ ਕੇ ਕੀ ਆਖਦੇ ਨੇ:

ਗੰਗੂ ਸੇ ਬੋਲੀ ਲੇਤਾ ਹੈ ਕਯੋਂ ਸਬਰਿ ਬੇਕਸਾਂ।

ਜ਼ਰ ਲੇ ਗਯਾ ਉਠਾ ਕੇ ਤੂੰ ਐ ਜਿਸ਼ਤ-ਰੂ ਕਹਾਂ।

ਬਿਹਤਰ ਥਾ ਮਾਂਗ ਲੇਤਾ ਤੂੰ ਹਮ ਸੇ ਤਮਾਮ ਮਾਲ।

ਲੇਕਿਨ ਹੂਆ ਚੁਰਾਨੇ ਸੇ ਤੁਝ ਪਰ ਹਰਾਮ ਮਾਲ।

ਕੰਿਹੰਦੇ ਹਨ “ਕਾਲੇ ਮੂੰਹ ਵਾਲਿਆ! ਤੂੰ ਸਾਡੇ ਸਬਰ ਦਾ ਇਮਤਿਹਾਨ ਲੈਣ ਲਈ ਕਿਉਂ ਤੁਰਿਆ ਏ। “ਲੇਤਾਂ ਹੈ ਕਯੋਂ ਸਬਰਿ ਬੇਕਸਾਂ”ਅਸੀ ਤਾਂ ਅੱਗੇ ਹੀ ਕਾਫੀ ਪਰੇਸ਼ਾਨ ਹਾਂ। ਸਾਡਾ ਬਾਹਰੀ ਤੌਰ ਤੇ ਕੋਈ ਟਿਕਾਣਾ ਨਹੀਂ ਹੈ ਤੇ ਤੂੰ ਸਾਨੂੰ ਹੋਰ ਪਰੇਸ਼ਾਨ ਕਰ ਰਿਹਾ ਹੈ। ਹੇ ਗੰਗੂ! ਤੂੰ ਇਥੋਂ ਧਨ ਦੌਲਤ ਚੁੱਕਕੇ ਕਿਥੇ ਲੈ ਗਿਆ ਏਂ? ਇਸ ਨਾਲੋ ਤਾਂ ਬਿਹਤਰ ਹੁੰਦਾ, ਤੂੰ ਇੱਕ ਵਾਰ ਮੰਗ ਤਾਂ ਵੇਖਦਾ ਤੂੰ ਜੇਕਰ ਮੰਗ ਲੈਦਾ ਤਾਂ ਮੈਂ ਤੈਨੂੰ ਸਾਰਾ ਖ਼ਜਾਨਾ ਦੇ ਦਿੰਦੀ, ਪਰ ਤੂੰ ਇਹ ਚੋਰੀ ਕੀਤੀ ਹੈ ਤੇ ਚੋਰੀ ਕਰਨ ਦੇ ਲਾਲ ਇਹ ਸਾਰਾ ਖ਼ਜਾਨਾ ਤੇਰੇ ਲਈ ਹਰਾਮ ਦਾ ਮਾਲ ਹੋ ਗਿਆ ਹੈ। “

ਬਿਲਕੁਲ ਉਹੀ ਗੱਲ ਜੋ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਫ਼ੁਰਮਾਈ ਹੈ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।

(ਮਹਲਾ ੧-੧੪੧)

ਦਾਸ ਨੂੰ ਇਥੇ ਇੱਕ ਛੋਟੀ ਜਿਹੀ ਗੱਲ ਯਾਦ ਆਈ। ਸਾਡੇ ਵਿੱਚ ਬਹੁਤ ਸਾਰੇ ਐਸੇ ਵੀ ਸਰੀਰ ਹਨ ਜੋ ਦਾਰੂ ਮੀਟ ਛਕਣ ਲਈ ਕਈ ਤਰਾਂ ਦੇ ਬਹਾਨੇ ਬਣਾ ਲੈਂਦੇ ਹਨ। ਵਧੀਆ ਤੋ ਵਧੀਆ ਦਲੀਲਾਂ ਉਹਨਾਂ ਦੇ ਸ਼ਰਾਰਤੀ ਦਿਮਾਗ ਦੀ ਉਪਜ ਹੁੰਦੀਆਂ ਹਨ।

ਦੋ ਦੋਸਤ ਜੋ ਕਿ ਰੋਜ਼ਾਨਾ ਸ਼ਰਾਬ ਦੇ ਪਿਆਲੇ ਦੀ ਸਾਂਝ ਵਾਲੇ ਮਿੱਤਰ ਹਨ। ਇੱਕ ਦਿਨ ਕਿਸੇ ਧਰਮ ਅਸਥਾਨ ਤੋਂ ਧਰਮ ਦੀ ਗੱਲ ਉਹਨਾਂ ਦੇ ਕੰਨੀ ਪੈ ਗਈ। ਉਥੇ ਧਰਮ ਦਾ ਪ੍ਰਚਾਰਕ ਕਹਿ ਰਿਹਾ ਸੀ ਕਿ ਸ਼ਰਾਬ ਪੀਣਾ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ ਅਤੇ ਹਿੰਦੂ ਦੇ ਲਈ ਸ਼ਰਾਬ ਪੀਣਾ ਗਊ ਦਾ ਮਾਸ ਖਾਣ ਦੇ ਬਰਾਬਰ ਹੈ। ਉਹ ਦੋਸਤ ਵੀ ਇੱਕ ਹਿੰਦੂ ਅਤੇ ਦੂਸਰਾ ਮੁਸਲਮਾਨ ਹੈ। ਇਹ ਸੁਣ ਕੇ ਉਹਨਾਂ ਦੇ ਦਿਲ ਨੂੰ ਡੁੰਘੀ ਚੋਟ ਪਹੁੰਚੀ। ਉਹਨਾ ਦੋਵਾਂ ਨੇ ਕਸਮਾਂ ਖਾ ਕੇ ਫੈਸਲਾ ਕਰ ਲਿਆ ਕਿ ਅਗਾਂਹ ਤੋਂ ਅਸੀਂ ਸ਼ਰਾਬ ਨਹੀ ਪੀਵਾਂਗੇ। ਪਰ ਅਫਸੋਸ ਕਿ ਥੋੜਾ ਸਮਾਂ ਬੀਤਿਆ ਤਾਂ ਉਹ ਅਚਾਨਕ ਸ਼ਰਾਬ ਦੇ ਠੇਕੇ ਦੇ ਅੱਗਿਓ ਦੀ ਲੰਘੇ ਤੇ ਕਹਿਣ ਲੱਗੇ, “ਅਸੀ ਕੋਈ ਬੋਤਲ ਖ੍ਰੀਦਣ ਦੀ ਕਸਮ ਥੋੜਾ ਪਾਈ ਹੈ ਤੇ ਅਹਾਤੇ ਵਿੱਚ ਜਾਣ ਤੋਂ ਵੀ ਕਸਮ ਨਹੀਂ ਪਾਈ। “ਹੁਣ ਉਹਨਾਂ ਦੋਵੇ ਦੋਸਤਾਂ ਨੇ ਸ਼ਰਾਬ ਗਲਾਸਾਂ ਵਿੱਚ ਪਾਈ ਤੇ ਬੈਠ ਗਏ। ਕੁੱਝ ਦੇਰ ਬੈਠ ਕੇ ਸੋਚਿਆ ਤੇ ਕਮਾਲ ਦਾ ਹੱਲ ਕੱਢਿਆ। ਕਹਿੰਦੇ “ਮਿੱਤਰਾ! ਅਸੀ ਆਪਣੇ-ਆਪਣੇ ਪਿਆਲੇ ਵਟਾ ਲਈਏ। “ ਹਿੰਦੂ ਮੁਸਲਾਮਨ ਨੂੰ ਕਹਿੰਦਾ, “ਤੂੰ ਗਊ ਦਾ ਮਾਸ ਖਾ ਲੈ ਤੇ ਮੈਂ ਸੂਰ ਦਾ ਮਾਸ ਖਾ ਲੈਂਦਾ ਹਾਂ। “ ਖ਼ਿਆਲ ਕਰਿਓ! ਸਾਡੇ ਵਿੱਚ ਵੀ ਬਹੁਤ ਐਸੇ ਹਨ ਜੋ ਆਪਣੀਆ ਗਲਤੀਆ ਨੂੰ ਜ਼ਾਇਜ ਠਹਰਾਉਣ ਲਈ ਬਹਾਨੇ-ਬਾਜ਼ੀਆ ਆਪੇ ਹੀ ਬਣਾ ਲੈਂਦੇ ਹਨ।

ਕਿਸੇ ਨੂੰ ਕਹਿ ਕੇ ਦੇਖੋ! ਭਾਈ ਸਾਹਿਬ ਉਮਰ ਕਾਫੀ ਹੋ ਗਈ ਹੈ। ਅੰਮ੍ਰਿਤ ਕਿਉਂ ਨਹੀ ਛਕਦੇ, ਅੰਮ੍ਰਿਤ ਛਕ ਲਉ ਤਾਂ ਅੱਗੋਂ ਬਹੁਤ ਵਧੀਆ ਤੇ ਲਾਜਵਾਬ ਉੱਤਰ ਮਿਲੇਗਾ ਕਿ ਅੰਮ੍ਰਿਤ ਤਾਂ ਛਕਣਾ ਹੈ। ਪਹਿਲਾਂ ਮੁੰਡੇ ਦਾ ਵਿਆਹ ਕਰ ਲਈਏ, ਫੇਰ ਛਕ ਲਵਾਂਗੇ, ਹੁਣ ਪੁਛਿਆ ਜਾਵੇ ਕਿ ਭਲਿਓ, ਮੁੰਡੇ ਦਾ ਵਿਆਹ ਅੰਮ੍ਰਿਤ ਛਕਣ ਵਿੱਚ ਕਿਵੇਂ ਰੁਕਾਵਟ ਹੈ? ਕਹਿੰਦੇ ਜੀ ਰੁਕਾਵਟ ਤਾਂ ਹੈ, ਸਮਾਜਿਕ ਤੌਰ ਤੇ ਕੀ?

ਦੇਖੋਂ ਜੀ! ਅਸੀ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਦੇ ਵਿਆਹਾਂ ਤੇ ਦਾਰੂ ਪੀਂਦੇ ਰਹੇ ਹਾਂ, ਜੇਕਰ ਅਸੀ ਨਾ ਪਿਲਾਈ ਤਾਂ ਲੋਕ ਕੀ ਕਹਿਣਗੇ? ਬਸ! ਆਹ ਰੁਕਾਵਟ ਜੇ। ਤੇ ਸੋਚੋ ਕਿ ਜੇ ਅਸੀ ਦੋਸਤਾਂ ਮਿੱਤਰਾ ਕੋਲੋਂ ਪੀਵਾਂਗੇ ਨਹੀ ਤਾਂ ਸਾਨੂੰ ਕੌਣ ਆਖੇਗਾ। ਬਸ ਸਾਨੂੰ ਵਿਆਹ-ਸ਼ਾਦੀਆਂ, ਪਾਰਟੀਆਂ ਹੀ ਆਪਣੇ ਗੁਰੂ ਤੋਂ ਬੇ-ਮੁੱਖ ਕਰੀ ਜਾਂਦੀਆਂ ਨੇ।

ਕਾਸ਼! ਕਿਧਰੇ ਸਾਡਾ ਮਨ ਹੀ ਸਾਡੇ ਵੱਸ ਵਿੱਚ ਆ ਜਾਵੇ। ਇਥੇ ਅਸੀ ਜੀਵਨ ਜਾਚ ਵਾਲਿਆਂ ਕੋਲੋਂ ਕੁੱਝ ਸਿੱਖਿਆ ਲਈਏ ਤੇ ਸਿਖਿਆ ਲੈਣੀ ਬਣਦੀ ਵੀ ਹੈ ਸਾਡੇ ਲਈ।

ਵੀਹਵੀਂ ਸਦੀ ਦੇ ਮਹਾਨ ਜਰਨੈਲ “ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ” ਕਿਤੇ ਐਸੀ ਸਖ਼ਸ਼ੀਅਤ ਵਰਗੀ ਜੀਵਨ ਜਾਚ ਆ ਜਾਵੇ। ਕਿਧਰੇ ਅੱਜ ਹੋਵੇਗਾ ਕੋਈ ਐਸਾ ਧਰਮ ਪਰਚਾਰਕ? ਕਹਿੰਦੇ ਹਨ ਗੁਰਮਤਿ ਪ੍ਰਚਾਰ ਦੌਰੇ ਤੇ ਚਲਦਿਆਂ-ਚਲਦਿਆਂ ਇੱਕ ਨਗਰ ਵਿੱਚ ਪਹੁੰਚੇ ਅਤੇ ਸੰਗਤ ਵਿੱਚ ਆਪਣੇ ਵਿਚਾਰ ਰੱਖਣ ਤੋਂ ਬਾਅਦ ਇੱਕ ਬੇਨਤੀ ਕੀਤੀ। ਉਹ ਬੇਨਤੀ ਕੀ ਸੀ?

ਕਹਿਣ ਲੱਗੇ “ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਮਹਿਤਾ ਨਗਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਉੱਤੇ ਗੁਰਦੁਆਰਾ “ਗੁਰਦਰਸ਼ਨ ਪ੍ਰਕਾਸ਼” ਦੀ ਉਸਾਰੀ ਕਰਵਾ ਰਹੇ ਹਾਂ (ਕਿਉਂਕਿ ਉਸ ਸਮੇਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਉਸਾਰੀ ਚੱਲ ਰਹੀ ਸੀ।) ਸਾਧ ਸੰਗਤ ਜੀ! ਮੇਰੇ ਮਨ ਦੀ ਇੱਛਾ ਹੈ ਕਿ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਉੱਪਰ ਸਾਰੀ ਸੰਗਤ ਵਲੋਂ ਤਿੱਲ ਫੁੱਲ ਭੇਟਾ ਜਰੂਰ ਲੱਗੇ। ਇਸ ਲਈ ਅਸੀਂ ਚਾਦਰ ਵਿਛਾ ਰਹੇ ਹਾਂ ਆਪ ਸਭ ਆਪਣੀ ਸ਼ਰਧਾ ਅਤੇ ਭਾਵਨਾ ਦੇ ਨਾਲ ਜੋ ਵੀ ਤਿਲ ਫੁੱਲ ਭੇਟਾ ਦੇਣੀ ਚਾਹੋ ਤਾਂ ਦੇ ਦਿਉ। “ ਚਾਦਰ ਵਿਛਾਈ ਗਈ। ਸਾਰੀ ਸੰਗਤ ਨੇ ਆਪਣੀ ਸ਼ਰਧਾ ਅਤੇ ਵਿੱਤ ਅਨੁਸਾਰ ਮਾਇਆ ਰੱਖੀ। ਜਦੋਂ ਸਾਰੀ ਸੰਗਤ ਨੇ ਮਾਇਆ ਚਾਦਰ ਉੱਤੇ ਰੱਖ ਦਿੱਤੀ ਤਾਂ ਖ਼ਾਲਸਾ ਜੀ ਫਿਰ ਖੜੇ ਹੋਏ ਅਤੇ ਆਪਣੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ “ਸਾਧ ਸੰਗਤ ਜੀ! ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਦਾਸ ਦੀ ਬੇਨਤੀ ਨੂੰ ਸਵੀਕਾਰ ਕੀਤਾ ਅਤੇ ਆਪਣੀ ਸ਼ਰਧਾ ਅਨੁਸਾਰ ਮਾਇਆ ਭੇਟ ਕੀਤੀ ਹੈ। “ ਜਦੋਂ ਉਹਨਾਂ ਨੇ ਅਗਲੀ ਗੱਲ ਕੀਤੀ ਤਾਂ ਕਮਾਲ ਦੀ ਕਰ ਗਏ। ਇਥੋਂ ਤੱਕ ਤਾਂ ਇੱਕ ਆਮ ਗੱਲ ਸੀ। ਸੰਤ ਜੀ ਕਹਿਣ ਲੱਗੇ “ਸਾਧ ਸੰਗਤ ਜੀ! ਆਪ ਨੇ ਮਾਇਆ ਭੇਟ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਹੁਣ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਅਸੀਂ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਬਣਵਾ ਰਹੇ ਹਾਂ ਤੇ ਦਾਸ ਦੀ ਖ਼ਾਹਿਸ਼ ਹੈ ਕਿ ਇਸ ਗੁਰਦੁਆਰਾ ਸਾਹਿਬ ਉੱਪਰ ਕਿਸੇ ਸ਼ਰਾਬੀ ਜਾਂ ਨਸ਼ੇ ਕਰਨ ਵਾਲੇ ਦੀ ਮਾਇਆ ਨਾ ਲੱਗੇ, ਜੋ ਵੀ ਕੋਈ ਸ਼ਰਾਬ ਪੀਂਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪ ਆ ਕੇ ਆਪਣੀ ਮਾਇਆ ਚੁੱਕ ਲਵੇ। “

ਅੱਜ ਹੈ ਕੋਈ ਐਸਾ ਪ੍ਰਚਾਰਕ? ਅੱਜ ਹੈ ਕਿਧਰੇ ਕੋਈ ਐਸੀ ਗੱਲ ਕਿਧਰੇ? ਝਾਤੀ ਮਾਰ ਕੇ ਦੇਖ਼ਿਓ, ਆਪਣੇ ਆਲੇ-ਦੁਆਲੇ। ਜਦੋਂ ਹੁਣ ਇੰਨੀ ਗੱਲ ਕਹੀ ਤਾਂ ਕਿਸੇ ਦੀ ਹਿੰਮਤ ਨਹੀ ਪੈ ਰਹੀ ਅੱਗੇ ਆਉਣ ਦੀ। ਉਨ੍ਹਾਂ ਫਿਰ ਆਖਿਆ “ਮੈਂ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਫਿਰ ਬੇਨਤੀ ਕਰਦਾ ਹਾਂ, ਜੇ ਕੋਈ ਸ਼ਰਾਬ ਦਾ ਸੇਵਨ ਕਰਦਾ ਹੈ ਜਾਂ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਜੇ ਆਪਣੀ ਮਾਇਆ ਚੁੱਕ ਲਉ। “

ਖ਼ਿਆਲ ਕਰਿਓ! ਜੇਕਰ ਸਿੱਖ ਨੂੰ ਗੁਰੂ ਦਾ ਵਾਸਤਾ ਪਾ ਕੇ ਕੋਈ ਗੱਲ ਕਹੀ ਜਾਵੇ ਤਾਂ ਅੰਦਰ ਝੰਜੋੜਿਆਂ ਜਾਂਦਾ ਹੈ। ਹੁਣ ਸੰਗਤ ਵਿਚੋਂ ਪੰਜ-ਸੱਤ ਸਰੀਰ ਖੜੇ ਹੋਏ ਤੇ ਹੱਥ ਜੋੜ ਕੇ ਕਹਿਣ ਲੱਗੇ” ਅਸੀ ਇੱਕ ਗੁਨਾਹ ਤਾਂ ਕਰਦੇ ਹੀ ਹਾਂ, ਨਸ਼ਿਆਂ ਵਿੱਚ ਗ੍ਰਸਤ ਹਾਂ। ਕ੍ਰਿਪਾ ਕਰਕੇ ਸਾਡੇ ਪਾਸੋਂ ਦੂਸਰਾ ਗੁਨਾਹ ਨਾ ਕਰਵਾਉ। ਸਾਡੇ ਵਲੋਂ ਦਿੱਤੀ ਹੋਈ ਮਾਇਆ ਸਾਡੇ ਵਲੋ ਚੁਕਵਾ ਰਹੇ ਹੋ, ਇਹ ਦੂਸਰਾ ਗੁਨਾਹ ਸਾਡੇ ਕੋਲੋਂ ਨਾ ਕਰਵਾਉ। “ਫਿਰ ਖ਼ਾਲਸਾ ਜੀ ਕਹਿਣ ਲੱਗੇ “ਫਿਰ ਤੁਸੀਂ ਦੋਹਾਂ ਵਿਚੋਂ ਇੱਕ ਚੀਜ ਚੁਣ ਲਵੋ, ਜਾਂ ਆਪਣੀ ਮਾਇਆ ਚੁੱਕ ਲਵੋ ਜਾਂ ਫਿਰ ਨਸ਼ੇ ਛੱਡਣ ਦਾ ਪ੍ਰਣ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਕਰ ਲਉ। “ ਭਰੀ ਸੰਗਤ ਵਿੱਚ ਉਹਨਾਂ ਸਰੀਰਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਉਹ ਨਸ਼ੇ ਨਹੀ ਕਰਨਗੇ।

ਅੱਜ ਕਿਧਰੇ ਹੈ ਕੋਈ ਐਸੀ ਜੀਵਨ ਜਾਚ ਸਿਖਾਉਣ ਵਾਲਾ? ਅੱਜ ਜੇ ਮੈਂ ਇਹ ਵੀ ਕਹਿ ਦੇਵਾਂ ਤਾਂ ਕੋਈ ਅਤਿ ਕਥਨੀ ਨਹੀ ਹੋਵੇਗੀ ਕਿ ਅੱਜ ਗੁਰੂ ਨਾਨਕ ਦੇ ਘਰ ਅੰਦਰ ਭਾਈ ਲਾਲੋ ਨੂੰ ਗੁਰਦੁਆਰਿਆਂ ਅੰਦਰ ਕੋਈ ਨਹੀ ਪੁਛਦਾ, ਉੱਪਰ ਤੋਂ ਲੈ ਕੇ ਹੇਠਾਂ ਤਕ ਝਾਤੀ ਮਾਰ ਕੇ ਦੇਖ ਲਓ, ਮਲਕ ਭਾਗੋ ਹੀ ਸਤਿਕਾਰੇ ਜਾਂਦੇ ਹਨ, ਅੱਜ ਭਾਈ ਲਾਲੋ ਨੂੰ ਕੌਣ ਸਿਰਪਾਉ ਦਿੰਦਾ ਹੈ। ਅੱਜ ਤਾਂ ਮਲਕ ਭਾਗੋ ਨੂੰ ਸਿਰਪਾਉ ਦੇ ਕੇ ਨਿਵਾਜਿਆ ਜਾਂਦਾ ਹੈ। ਅੱਜ ਭਾਈ ਲਾਲੋ ਕਿਥੇ ਜਾ ਕੇ ਖੜਾ ਹੋ ਗਿਆ? ਗੁਰੂ ਨਾਨਕ ਸਾਹਿਬ ਤਾਂ ਮਲਕ ਭਾਗੋ ਦੇ ਪਕਵਾਨ ਛੱਡ ਕੇ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਨੂੰ ਪ੍ਰਵਾਨ ਕਰਦੇ ਨੇ। ਮਲਕ ਭਾਗੋ ਗੁਰੂ ਨਾਨਕ ਸਾਹਿਬ ਨੂੰ ਆਖਦਾ ਹੈ “ਆਹ ਛੱਤੀ ਪ੍ਰਕਾਰ ਦੇ ਸਵਾਦਲੇ ਪਕਵਾਨ ਛੱਡ ਕੇ ਬਾਬਾ ਨਾਨਕ ਜੀ ਤੁਸੀ ਕੋਧਰੇ ਦੀ ਰੋਟੀ ਖਾਣ ਚਲੇ ਹੋ। ਆਹ ਵੇਖੋ ਸਭ ਮਾਈ ਭਾਈ ਚਟਖਾਰੇ ਲੈ-ਲੈ ਕੇ ਖਾ ਰਹੇ ਹਨ, ਤੁਹਾਨੂੰ ਕੁੱਝ ਨਹੀ ਹੁੰਦਾ, ਤੁਸੀ ਵੀ ਖਾ ਲਓ। “

ਮੇਰੇ ਗੁਰੂ ਨਾਨਕ ਜੀ ਜੋ ਜਵਾਬ ਦਿੱਤਾ ਸੀ, ਉਹ ਜਨਮ ਸਾਖੀ ਵਿੱਚ ਲਿਖਿਆ ਹੈ “ਮਾਲਕ ਭਾਗੋ! ਕਿੱਕਰ ਦੇ ਬੀਜ ਨੂੰ ਕੰਡੇ ਨਹੀ ਹੁੰਦੇ ਜੇ ਬੀਜ ਧਰਤੀ ਵਿੱਚ ਬੀਜ ਦਈਏ ਤਾਂ ਕੰਡੇ ਆਪੇ ਹੀ ਸੂਲਾਂ ਬਣ ਕੇ ਉੱਗ ਆਉਂਦੇ ਹਨ। ਇਹ ਤੇਰੇ ਛੱਤੀ ਪ੍ਰਕਾਰ ਦੇ ਸੁਆਦਲੇ ਪਕਵਾਨ, ਗ਼ਰੀਬਾਂ ਦਾ ਖੂਨ ਚੂਸ-ਚੂਸ ਕੇ ਕਮਾਈ ਹੋਈ ਦੌਲਤ ਨਾਲ ਬਣਾਏ ਹੋਏ ਪਕਵਾਨ, ਖਾਣ ਨੂੰ ਜਰੂਰ ਸੁਆਦਲੇ ਲੱਗਦੇ ਨੇ, ਪਰ ਜਦੋਂ ਇਹ ਪਕਵਾਨ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਉਦੋਂ ਉਹਨਾ ਦੀ ਬਿਰਤੀ ਉਖੜ ਜਾਂਦੀ ਹੈ। “

ਅਗਲੀ ਗੱਲ ਗੁਰੂ ਨੇ ਮਲਕ ਭਾਗੋ ਨੂੰ ਆਖੀ ਸੀ “ਮਲਕ ਭਾਗੋ! ਕਿਸ ਦਾ ਚਿਤ ਕਰੇਗਾ ਕਿ ਉਹ ਛੱਤੀ ਪ੍ਰਕਾਰ ਦੇ ਪਕਵਾਨ ਛੱਡ ਕੇ ਕੋਧਰੇ ਦੀ ਰੋਟੀ ਖਾਵੇ, ਪਰ ਕੌਣ ਇਹ ਖੰਡ ਵਿੱਚ ਲਪੇਟਿਆ ਜ਼ਹਿਰ ਖਾਵੇ। “

ਅੱਜ ਜ਼ਰਾ ਝਾਤੀ ਮਾਰਿਓ ਕਿ ਸਾਡੇ ਗੁਰਦੁਆਰਿਆਂ ਰਾਹੀਂ ਜੋ ਗੁਰਮਤਿ ਦਾ ਪ੍ਰਚਾਰ ਅਤੇ ਗੁਰਮਤਿ ਦਾ ਪ੍ਰਸਾਰ ਤਸਲੀਬਖ਼ਸ਼ ਨਹੀ ਹੋ ਰਿਹਾ, ਕਿਧਰੇ ਇਹ ਮਲਕ ਭਾਗੋ ਦੀ ਕਮਾਈ ਤਾਂ ਅੱਗੇ ਨਹੀ ਆ ਰਹੀ। ਆਹ ਸਾਡੇ ਲੰਗਰਾਂ ਵਿੱਚ ਕਿਧਰੇ ਮਲਕ ਭਾਗੋ ਤਾਂ ਨਹੀ ਵਰਤ ਰਿਹਾ? ਅੱਜ ਲਾਲੋ ਨੂੰ ਅੱਗੇ ਲਿਆਉਣਾ ਪਵੇਗਾ, ਅੱਜ ਲੋੜ ਹੈ ਕਿ ਭਾਈ ਲਾਲੋਂ ਬਿਰਤੀ ਵਾਲੇ ਹਿਰਦੇ ਸਤਿਕਾਰੇ ਜਾਣ।

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੂ।।

ਨਾਨਕੁ ਤਿਨੁ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

(ਸਿਰੀ ਰਾਗ ਮਹਲਾ ੧-੧੫)

ਅੱਜ ਬਹੁਗਿਣਤੀ ਗੁਰਦੁਆਰਿਆਂ ਵਿੱਚ ਭਾਈ ਲਾਲੋ ਨੂੰ ਕੋਈ ਨਹੀ ਪੁੱਛਦਾ। ਅੱਜ ਤਾਂ ਲਾਲੋ ਦੀ ਧੀ ਦਾ ਵਿਆਹ ਵੀ ਮੁਸ਼ਕਿਲ ਹੋ ਗਿਆ ਹੈ। ਗੁਰੂ ਅਮਰਦਾਸ ਜੀ ਨੇ ਬਾਣੀ ਵਿੱਚ ਫੁਰਮਾਇਆ ਹੈ:

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ।।

ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ।।

(ਆਸਾ ਮਹਲਾ ੩-੪੩੫)

ਇਹ ਖ਼ਿਆਲ ਕਰਿਓ! ਧੀਆਂ ਸਭ ਦੀਆਂ ਸਾਝੀਆਂ ਹਨ। ਅੱਜ ਧੀਆਂ ਦਾ ਧਨ ਵੀ ਖਾਧਾ ਜਾ ਰਿਹਾ ਹੈ। ਅੱਜ ਭਾਈ ਲਾਲੋ ਦੀ ਧੀ ਦਾ ਅਨੰਦ ਕਾਰਜ ਸ਼ਾਇਦ ਗੁਰਦੁਆਰਾ ਸਾਹਿਬ ਵਿੱਚ ਨਾ ਹੋ ਸਕੇ, ਕਿਥੇ ਖੜੇ ਹੋਵਾਂਗੇ ਜਾ ਕੇ ਅਸੀ? ਜ਼ਰਾ ਝਾਤੀ ਮਾਰ ਕੇ ਦੇਖਣਾ ਪਵੇਗਾ ਸਾਨੂੰ।

ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਮਾਤਾ ਗੁਜਰੀ ਜੀ ਅਤੇ ਗੰਗੂ ਦੀ ਵਾਰਤਾਲਾਪ ਨੂੰ ਅੱਗੇ ਲਿਖਦੀ ਹੈ: ਹੇ ਗੰਗੂ! ਤੂੰ ਇਹ ਖਜ਼ਾਨਾ ਮੇਰੇ ਤੋਂ ਮੰਗ ਲੈਂਦਾ ਤਾਂ ਚੰਗੀ ਗੱਲ ਸੀ, ਪਰ ਤੂੰ ਚੋਰੀ ਕੀਤਾ ਹੈ ਇਹ ਖ਼ਜਾਨਾ ਤੇਰੇ ਲਈ ਹਰਾਮ ਹੋ ਗਿਆ ਹੈ।

ਜਿਸ ਘਰ ਕਾ ਤੂ ਗੁਲਾਮ ਥਾ ਉਸ ਸੇ ਦਗਾ ਕੀਯਾ।

ਲਾ ਕਰ ਕੇ ਘਰ ਮੇਂ ਕਾਮ ਯਿਹ ਕਯਾ ਬੇਵਫ਼ਾ ਕੀਯਾ।

ਹੇ ਗੰਗੁ! ਤੂੰ ਦਗਾ ਕਿਸ ਨਾਲ ਕਮਾਇਆ, ਜਿਸ ਘਰ ਦਾ ਤੂੰ ਨਮਕ ਖਾਧਾ ਹੈ, ਉਸ ਘਰ ਨਾਲ ਤੂੰ ਦਗਾ ਕਮਾਇਆ ਹੈ। ਕਮਲਿਆ! ਤੂੰ ਮਾਂ ਗੁਜਰੀ ਦੇ ਹਿਰਦੇ ਨੂੰ ਸਮਝ ਨਾ ਸਕਿਆ। ਗੰਗੂ! ਤੇਰੀਆ ਅੱਖਾਂ ਦੇ ਸਾਹਮਣੇ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਕੁੱਝ ਵਾਪਰਦਾ ਰਿਹਾ ਹੈ, ਪਰ ਤੈਨੂੰ ਮਾਂ ਗੁਜਰੀ ਦੇ ਹਿਰਦੇ ਦੀ ਸਮਝ ਨਾ ਪਈ।

ਜ਼ਰ ਕੇ ਲੀਏ ਸਵਾਲ ਨਾ ਕਯੋਂ ਬਰਮਲਾ ਕੀਯਾ।

ਹਮ ਸੇ ਤੋ ਜਿਸ ਨੇ ਭੀ ਮਾਂਗਾ ਅਤਾ ਕੀਯਾ।

ਮਾਂ ਗੁਜਰੀ ਜੀ ਕਹਿੰਦੇ ਹਨ ਕਿ ਮੇਰੇ ਕੋਲੋਂ ਤਾਂ ਜਿਸਨੇ ਜੋ ਵੀ ਮੰਗਿਆ ਹੈ ਮੈਂ ਦਿੱਤਾ। ਕੀ ਤੈਨੂੰ ਮੇਰੇ ਤੇ ਭਰੋਸਾ ਨਹੀ ਸੀ?

ਇਥੇ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਪਿਆਰੀ ਗੱਲ ਯਾਦ ਆਈ। ਦਾਸ ਆਪ ਜੀ ਨਾਲ ਸਾਂਝੀ ਕਰਨਾ ਚਾਹੇਗਾ। ਪਟਨੇ ਦੀ ਧਰਤੀ ਤੇ ਰਾਜਾ ਫ਼ਤਹਿ ਚੰਦ ਮੈਣੀ ਦੀ ਰਾਣੀ ਬਾਲਾ ਪ੍ਰੀਤਮ ਨੂੰ ਰੋਜ਼ਾਨਾ ਵੇਖਦੀ ਹੈ। ਉਸ ਦੇ ਮਨ ਵਿਚੋਂ ਲਾਲਸਾ ਜਾਗਦੀ ਹੈ ਕਿ ਕਿਧਰੇ ਮੇਰੇ ਘਰ ਵਿੱਚ ਵੀ ਐਸਾ ਪੁੱਤਰ ਪੈਦਾ ਹੋ ਜਾਵੇ। ਕਲਗੀਧਰ ਬਾਲਾ ਪ੍ਰੀਤਮ ਇੱਕ ਦਿਨ ਆਪਣੇ ਸਾਥੀਆਂ ਦੇ ਨਾਲ ਖੇਡਦੇ-ਖੇਡਦੇ ਰਾਜਾ ਫ਼ਤਹਿ ਚੰਦ ਮੈਣੀ ਦੀ ਰਾਣੀ ਦੀ ਗੋਦ ਵਿੱਚ ਬੈਠ ਕੇ ਮਾਂ-ਮਾਂ ਕਰਕੇ ਸੰਬੋਧਨ ਕਰਨ ਲਗ ਪਏ। ਰਾਣੀ ਨਿਹਾਲ ਹੋ ਗਈ, ਵਾਰਤਾਲਾਪ ਹੋਈ। ਬਾਲਾ ਪ੍ਰੀਤਮ ਜੀ ਕਹਿਣ ਲੱਗੇ “ਜਿਨਾਂ ਪਿਆਰ ਤੇ ਸਤਿਕਾਰ ਮੇਰੇ ਮਨ ਵਿੱਚ ਮਾਂ ਗੁਜਰੀ ਨਾਲ ਹੈ। ਅੱਜ ਤੋਂ ਬਾਅਦ ਉਨਾਂ ਹੀ ਪਿਆਰ ਤੇ ਸਤਿਕਾਰ ਮੈਂ ਆਪ ਜੀ ਨੂੰ ਵੀ ਦਿਆਂਗਾ। “ ਮਾਂ ਗੁਜਰੀ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਸੀ ਤਾਂ ਮਾਂ ਗੁਜਰੀ ਨੇ ਬਾਲਾ ਪ੍ਰੀਤਮ ਨੂੰ ਇੱਕ ਸਵਾਲ ਕੀਤਾ “ਪੁੱਤਰ ਜੀ! ਇਹ ਕਿਵੇਂ ਹੋਵੇਗਾ ਕਿ ਪੁੱਤਰ ਇੱਕ ਤੇ ਮਾਵਾਂ ਦੋ? “ ਬਾਲਾ ਪ੍ਰੀਤਮ ਜੀ ਨੇ ਆਖਿਆ “ਮਾਤਾ ਜੀ! ਇਹ ਉਸੇ ਤਰਾਂ ਹੀ ਹੋ ਸਕਦਾ ਹੈ ਜਿਵੇਂ ਅੱਖਾਂ ਦੋ ਤੇ ਨਜ਼ਰ ਇਕ। ਇਸੇ ਤਰ੍ਹਾ ਮਾਵਾਂ ਦੋ ਤੇ ਪੁੱਤਰ ਇਕ। “ ਇਹ ਨੇ ਬਾਲਾ ਪ੍ਰੀਤਮ ਦੇ ਪਿਆਰ ਦੀਆਂ ਗੱਲਾਂ। ਮਾਂ ਗੁਜਰੀ ਜੀ ਨੇ ਤਾਂ ਰਾਜਾ ਫ਼ਤਹਿ ਚੰਦ ਮੈਣੀ ਦੀ ਰਾਣੀ ਨਾਲ ਆਪਣਾ ਪੁੱਤਰ ਵੀ ਵੰਡ ਲਿਆ ਸੀ ਤੇ ਹੋਰ ਕੀ ਵੰਡਿਆ ਮਾਂ ਗੁਜਰੀ ਨੇ, ਜੋਗੀ ਜੀ ਦੇ ਖ਼ਿਆਲਾਤ ਨੇ:

ਮਾਤਾ ਹੂੰ ਕਲਗੀਧਰ ਕੀ, ਤੁਝੇ ਕਿਆ ਖ਼ਬਰ ਨ ਥੀ।

ਤੇਰੀ ਤਰਹ ਤੋ ਮੁਝ ਕੋ ਜਰਾ ਜਿਰ ਹਿਰਸਿ ਜ਼ਰ ਨ ਥੀ।

ਵਾਹਿਗੁਰੂ ਕੇ ਨਾਮ ਪੇ, ਮਾਲੋ ਜਰ ਭੀ ਦੂੰ।

ਖਲਕਤ ਕੇ ਫ਼ਾਇਦੇ ਕੋ, ਲੁਟਾ ਆਪਣਾ ਘਰ ਭੀ ਦੂੰ।

ਮਾਤਾ ਗੁਜਰੀ ਜੀ ਕਹਿੰਦੇ ਕਿ ਗੰਗੂ ਤੈਨੂੰ ਪਤਾ ਨਹੀ, ਮੈਂ ਕਲਗੀਧਰ ਦੀ ਮਾਂ ਹਾਂ। ਤੈਨੂੰ ਤਾਂ ਮਾਇਆ ਦਾ ਲੋਭ ਲਾਲਚ ਹੈ, ਪਰ ਕਲਗੀਧਰ ਦੀ ਮਾਂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲਾਂ ਨੂੰ ਮਾਇਆ ਦਾ ਕੋਈ ਲੋਭ ਲਾਲਚ ਨਹੀਂ ਹੈ। ਮੈਂ ਤਾਂ ਵਾਹਿਗੁਰੂ ਜੀ ਦੇ ਨਾਮ ਤੋਂ ਆਪਣਾ ਸਭ ਕੁੱਝ ਦੇ ਦਿੰਦੀ। ਇਹ ਇਸ਼ਾਰਾ ਹੈ ਕਿ ਉਹਨਾ ਨੇ ਖਲਕਤ ਦੇ ਫ਼ਾਇਦੇ ਲਈ ਦਿੱਲੀ ਵਿੱਚ ਆਪਣੇ ਪਤੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਦਿਤੀ, ਆਪਣੇ ਨਿਜੀ ਫ਼ਾਇਦੇ ਲਈ ਨਹੀਂ ਦਿੱਤੀ।

ਪਹਿਲੇ ਜਾਮੇ ਵਿਚ, ਗੁਰੂ ਨਾਨਕ ਦੇਵ ਪਾਤਸ਼ਾਹ ਨੂੰ 10 ਸਾਲ ਦੀ ਉਮਰ ਵਿੱਚ ਪੰਡਿਤ ਹਰਦਿਆਲ ਜਨੇਊ ਪਾਉਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਮੈਂ ਜਬਰੀ ਜਨੇਊ ਪਾਉਣ ਨਹੀ ਦੇਣਾ ਤੇ ਉਹੀ ਗੁਰੂ ਨਾਨਕ ਸਾਹਿਬ ਆਪਣੇ ਨੌਵੇਂ ਜਾਮੇ ਵਿੱਚ ਇਹ ਗੱਲ ਕਹਿ ਰਹੇ ਹਨ ਕਿ ਮੈਂ ਜਬਰੀ ਜਨੇਊ ਲਾਹੁਣ ਨਹੀਂ ਦੇਣਾ ਤੇ ਤਿਲਕ ਜੰਝੂ ਦੀ ਰਖਵਾਲੀ ਲਈ ਨੌਵੇਂ ਜਾਮੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ।

ਤਿਲਕ ਜੰਝੂ ਰਾਖਾ ਪ੍ਰਭ ਤਾਕਾ।। ਕੀਨੋ ਬਡੋ ਕਲੂ ਮਹਿ ਸਾਕਾ।।

(ਬਚਿਤ੍ਰ ਨਾਟਕ)

ਇਸ ਦੇ ਵਿੱਚ ਰਮਜ਼ ਕੀ ਹੈ?

ਪਹਿਲੇ ਜਾਮੇ ਵਿੱਚ ਜੰਝੂ ਪਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਤੇ ਨੌਵੇਂ ਜਾਮੇ ਵਿੱਚ ਉਸੇ ਹੀ ਜੰਝੂ ਨੂੰ ਜਬਰੀ ਲਾਹੁਣ ਦੇ ਵਿਰੋਧ ਵਿੱਚ ਸ਼ਹਾਦਤ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਰਮਜ਼ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਬਰਦਸਤੀ ਜਨੇਊ ਪਾਉਣ ਨਹੀ ਦੇਣਾ ਅਤੇ ਨੌਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਹਨ ਕਿ ਮੈਂ ਜਬਰਦਸਤੀ ਜਨੇਊ ਲਾਹੁਣ ਨਹੀ ਦੇਣਾ। ਇਹ ਹਨ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਨਿਵੇਕਲੀਆਂ ਬਾਤਾਂ।

ਇਹ ਧਰਮ ਦੀ ਸੁਤੰਤਰਤਾ ਦੀਆਂ ਬਾਤਾਂ ਨੇ।

ਇਹ ਧਰਮ ਦੇ ਇਤਿਹਾਸ ਦੀਆਂ ਬਾਤਾਂ ਨੇ।

ਇਹ ਗੱਲ ਵੱਖਰੀ ਹੈ ਕਿ ਅੱਜ ਅਕ੍ਰਿਤਘਣ ਲੋਕ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਭੁੱਲ ਗਏ ਹਨ। ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸੰਨ 1675 ਈਸਵੀ ਵਿੱਚ ਜਦੋਂ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਊਂਦੇ ਹੀ ਅੱਗ ਨਾਲ ਸਾੜਿਆ ਗਿਆ ਸੀ ਤਾਂ ਉਸ ਸਮੇਂ ਦਿੱਲੀ ਦੇ ਤਮਾਸ਼ਬੀਨਾਂ ਨੇ ਤਾੜੀਆਂ ਮਾਰੀਆ ਸਨ ਤੇ ਕਹਿੰਦੇ ਸਨ “ਦੇਖੋ ਸਿਖੜਾ ਕੈਸੇ ਨਾਚ ਕਰਤਾ ਹੈ। “ ਉਸ ਤੋਂ ਠੀਕ 309 ਸਾਲ ਬਾਅਦ 1984 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ-ਪਾ ਕੇ ਜਿਊਂਦੇ ਜੀਅ ਅੱਗ ਲਾ ਕੇ ਸਾੜ ਦਿੱਤੇ ਗਏ। ਤਮਾਸ਼ਬੀਨਾਂ ਨੇ ਉਸੇ ਦਿੱਲੀ ਸ਼ਹਿਰ ਵਿਚ, ਜਿਨਾਂ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਉਹਨਾਂ ਦੇ ਧਰਮ ਦੀ ਸੁਤੰਤਰਤਾ ਦੀ ਰਖਵਾਲੀ ਕੀਤੀ, ਫਿਰ ਤਾੜੀਆਂ ਮਾਰਦੇ ਹੋਏ ਕਿਲਕਾਰੀਆਂ ਮਾਰੀਆਂ “ਦੇਖੋ ਸਿਖੜਾ ਕੈਸੇ ਨਾਚ ਕਰਤਾ ਹੈ। “ ਅਕ੍ਰਿਤਘਣਤਾ ਦਾ ਇਸ ਤੋਂ ਵੱਡਾ ਸਬੂਤ ਕੀ ਹੋਵੇਗਾ।

ਉਸ ਸਮੇਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੇਕਰ ਆਪਣੀਆਂ ਸ਼ਹਾਦਤਾਂ ਨਾ ਦਿੰਦੇ ਤਾਂ ਸ਼ਾਇਦ ਭਾਰਤ ਦੀ ਧਰਤੀ ਦਾ ਇਤਿਹਾਸ ਹੀ ਹੋਰ ਹੁੰਦਾ। ਹਿੰਦੋਸਤਾਨ ਦੀ ਧਰਤੀ ਉਪਰ ਫੇਰ ਕੀ ਹੁੰਦਾ? ਅੱਜ ਬੁੱਲੇ ਸ਼ਾਹ ਦੇ ਉਹ ਬਚਨ ਸੱਚ ਸਾਬਤ ਹੋਏ ਹੁੰਦੇ। ਕਿਹੜੇ?

ਨਾ ਬਾਤ ਕਹੂੰ ਅਬ ਕੀ, ਨਾ ਬਾਤ ਕਹੂੰ ਤਬ ਕੀ।

ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬ ਕੀ।

ਜੇਕਰ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਵਿੱਚ ਪਹਿਲਾ ਕਦਮ ਆਪਣੇ ਪਿਤਾ ਜੀ ਦੀ ਸ਼ਹਾਦਤ ਵਾਲਾ ਨਾ ਪੁਟਦੇ ਤਾਂ ਅੱਜ ਹਿੰਦੋਸਤਾਨ ਵਿੱਚ ਧਰਮ ਦੀ ਆਜਾਦੀ ਨਾ ਬਚੀ ਹੁੰਦੀ। ਪਰ ਅਕ੍ਰਿਤਘਣਤਾ ਦਾ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ 309 ਸਾਲ ਬਾਅਦ ਉਹੀ ਲੋਕ ਤਾੜੀਆਂ ਮਾਰ ਕੇ ਹੱਸਦੇ ਹੋਏ ਕਹਿੰਦੇ ਨੇ ਕਿ ‘ਦੇਖੋ ਸਿੱਖੜਾ ਕੈਸੇ ਨਾਚ ਕਰਤਾ ਹੈ। “

ਇਸ ਪਰਥਾਇ ਇੱਕ ਵਿਦਵਾਨ ਕਵੀ ਦੇ ਉਚਾਰਣ ਕੀਤੇ ਬੜੇ ਭਾਵਪੂਰਤ ਸ਼ਬਦ ਧਿਆਨ ਗੋਚਰੇ ਹਨ-

ਧੰਨ ਸ੍ਰੀ ਗੁਰੂ ਤੇਗ ਬਹਾਦਰ, ਸਾਥੋਂ ਤੇਰਾ ਪੂਰਾ ਪ੍ਰਚਾਰ ਨਹੀਂ ਹੋ ਸਕਿਆ।

ਹਿੰਦੋਸਤਾਨ ਦੇ ਇਨ੍ਹਾਂ ਲੋਕਾਂ ਕੋਲੋਂ, ਤੇਰਾ ਪੂਰਾ ਸਤਿਕਾਰ ਨਹੀਂ ਹੋ ਸਕਿਆ।

ਸੀਸ ਕਿਸੇ ਪਾਸੇ ਧੜ ਕਿਸੇ ਪਾਸੇ, ਤੇਰਾ ਇੱਕ ਥਾਂ ਸਸਕਾਰ ਨਹੀਂ ਹੋ ਸਕਿਆ।

ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ, ਤੇਰਾ ਇੱਕ ਥਾਂ ਪਰਿਵਾਰ ਨਹੀਂ ਹੋ ਸਕਿਆ।

ਭਾਈ ਗੁਰਦਾਸ ਜੀ ਦੇ ਬਚਨ ਇਥੇ ਬਹੁਤ ਚੇਤੇ ਆਉਂਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਧਰਤੀ ਦੀ ਕੂਕ ਪੁਕਾਰ ਅਕਾਲ ਪੁਰਖ ਨੇ ਸੁਣੀ ਤਾਂ ਪੁਛਿਆ ਕਿ ਤੈਨੂੰ ਕੀ ਗੱਲ ਹੈ, ਕਿਸ ਗੱਲ ਦਾ ਦੁਖ ਹੈ? ਤਾਂ ਧਰਤੀ ਨੇ ਕਿਹਾ ਕਿ ਮੇਰੇ ਤੇ ਬਹੁਤ ਭਾਰ ਵਧ ਗਿਆ ਹੈ। ਬੜਾ ਸੁੰਦਰ ਚਿਤਰਨ ਹੈ ਇਸ ਖ਼ਿਆਲ ਦਾ।

ਅਕਾਲ ਪੁਰਖ ਨੇ ਕਿਹਾ ਕਿ ਤੇਰੇ ਤੇ ਪਹਾੜਾਂ ਦਾ ਭਾਰ ਵੱਧ ਗਿਆ ਹੈ ਤਾਂ ਮੈਂ ਪਹਾੜ ਚੁੱਕ ਲਵਾਂ, ਤੈਨੂੰ ਬਨਸਪਤੀ ਦਾ ਭਾਰ ਲੱਗਦਾ ਹੈ, ਉਹ ਚੁੱਕ ਲਵਾਂ? ਤੈਨੂੰ ਜੀਵ ਜੰਤੂਆਂ ਦਾ ਭਾਰ ਲੱਗਦਾ ਹੈ, ਉਹ ਚੁੱਕ ਦਿਆਂ? ਧਰਤੀ ਕਹਿਣ ਲੱਗੀ ਕਿ ਇਹਨਾਂ ਵਿਚੋਂ ਮੈਨੂੰ ਕਿਸੇ ਦਾ ਵੀ ਭਾਰ ਨਹੀ ਲਗਦਾ ਤਾਂ ਅਕਾਲ ਪੁਰਖ ਨੇ ਪੁਛਿਆ ਕਿ ਤੈਨੂੰ ਕਿਸ ਚੀਜ ਦਾ ਭਾਰ ਲੱਗਦਾ ਹੈ? ਧਰਤੀ ਨੇ ਜਵਾਬ ਦਿਤਾ ਸੀ-

ਭਾਰੇ ਭੁਈ ਅਕਿਰਤਘਣ ਮੰਦੀ ਹੂੰ ਮੰਦੇ।

(ਵਾਰ ੩੫, ਪਉੜੀ ੮)

ਧਰਤੀ ਕਹਿੰਦੀ ਹੈ ਕਿ ਮੇਰੇ ਤੇ ਅਕ੍ਰਿਤਘਣਾਂ ਦਾ ਭਾਰ ਵਧ ਗਿਆ ਹੈ ਤੇ ਉਸ ਦਿੱਲੀ ਨੇ 309 ਸਾਲ ਬਾਅਦ ਵੀ ਅਕ੍ਰਿਤਘਣਤਾ ਦਾ ਸਬੂਤ ਦੇ ਦਿੱਤਾ ਕਿ “ਵੇਖੋ ਸਿੱਖੜਾ ਨਾਚ ਕਰਤਾ ਹੈ। “ ਕਦੋਂ ਸਮਝਾਂਗੇ ਅਸੀ?

ਉਹ ਲੋਕ ਜੋ ਆਪਣੀ ਆਟੋਬਾਇਗਰਾਫੀ ਵਿੱਚ ਆਪ ਲਿਖ ਰਹੇ ਹਨ ਕਿ ਇੰਦਰਾ ਗਾਂਧੀ ਓਪਰੇਸ਼ਨ ਬਲਿਊ ਸਟਾਰ ਨਹੀ ਸੀ ਕਰਨਾ ਚਾਹੁੰਦੀ, ਅਸੀਂ ਉਸ ਨੂੰ ਮਜਬੂਰ ਕੀਤਾ ਤਾਂ ਮਜਬੂਰੀ ਵਿੱਚ ਉਸ ਨੂੰ ਓਪਰੇਸ਼ਨ ਬਲਿਊ ਸਟਾਰ ਕਰਨਾ ਪਿਆ ਸਾਡੇ ਚੌਧਰੀ ਉਹਨਾ ਨਾਲ ਜੱਫੀਆਂ ਪਾਉਂਦੇ ਫਿਰਦੇ ਨੇ। ਪਤਾ ਨਹੀ ਇਹਨਾਂ ਆਗੂਆ ਨੂੰ ਕਦੋਂ ਅਕਲ ਆਵੇਗੀ?

ਸੰਨ 1999 ਈ. ਨੂੰ ਅਨੰਦਪੁਰ ਸਾਹਿਬ ਖਾਲਸੇ ਦੀ 300 ਸਾਲਾ ਸ਼ਤਾਬਦੀ ਮਨਾਈ ਗਈ ਤੇ 300 ਸਾਲਾ ਸ਼ਤਾਬਦੀ ਦੀ ਆਰੰਭਤਾ ਦਾ ਮਾਣ ਤਾਂ ਪੰਜ ਪਿਆਰਿਆਂ ਨੂੰ ਮਿਲਣਾ ਚਾਹੀਦਾ ਸੀ, ਪਰ ਉਹ ਮਾਣ ਸਾਡੇ ਆਗੂਆਂ ਨੇ ਕਿਸ ਨੂੰ ਦਿੱਤਾ?

ਉਹ ਮਾਣ ਸਾਡੇ ਆਗੂਆਂ ਵਲੋ ਦਿੱਤਾ ਗਿਆ ਅਟੱਲ ਬਿਹਾਰੀ ਵਾਜਪਾਈ ਨੂੰ। ਕਿੱਥੇ ਖੜੇ ਹੋਵਾਂਗੇ ਅਸੀ? ਖ਼ਾਲਸੇ ਦਾ ਸਾਜਨਾ ਦਿਹਾੜਾ ਹੋਵੇ, 300 ਸਾਲਾ ਸ਼ਤਾਬਦੀ ਸਮਾਗਮਾਂ ਦੀ ਅਰੰਭਤਾ ਹੋਵੇ ਤੇ ਮਾਣ ਪੰਜ ਪਿਆਰਿਆਂ ਨੂੰ ਮਿਲਣ ਦੀ ਜਗ੍ਹਾ ਮਾਣ ਸਾਡੇ ਆਗੂਆਂ ਨੇ ਕਿਸ ਨੂੰ ਦੇ ਦਿੱਤਾ? ਅਫ਼ਸੋਸ ਇਸ ਅਸਚਰਜਤਾ ਦਾ ਹੈ ਕਿ ਕਦੋਂ ਸਮਝ ਆਵੇਗੀ ਸਾਨੂੰ? ਕਦੋਂ ਸਾਡੀ ਕੌਮ ਦੇ ਆਗੂ ਇਨ੍ਹਾਂ ਗੱਲਾਂ ਨੂੰ ਸਮਝਣਗੇ ਕਿ ਪੰਜ ਪਿਆਰੇ ਦੇ ਸਿਧਾਂਤ ਤੋਂ ਉੱਪਰ ਗੁਰੂ ਨਾਨਕ ਦੇ ਘਰ ਵਿੱਚ ਕੋਈ ਵੀ ਗੱਲ ਨਹੀ ਹੈ। 300 ਸਾਲਾ ਸ਼ਤਾਬਦੀ ਸਮਾਗਮਾਂ ਦੀ ਅਰੰਭਤਾ ਕਰਨ ਦਾ ਮਾਣ ਪੰਜ ਪਿਆਰਿਆਂ ਦਾ ਹੱਕ ਸੀ, ਕੋਈ ਖੈਰਾਤ ਨਹੀ ਸੀ, ਇਹ ਹੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਦਿੱਤਾ ਹੈ-

ਸਿੱਖ ਪੰਚਨ ਮਹਿਂ ਮੇਰੋ ਬਾਸਾ। ਪੂਰਨ ਕਰੋਂ ਧਰਹਿ ਜ਼ੋ ਆਸਾ।

(ਗੁਰ ਪ੍ਰਤਾਪ ਸੂਰਜ ੨-੨੩)

ਇਹ ਹੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰਿਆਂ ਨੂੰ ਦਿੱਤਾ ਹੈ, ਪਰ ਸਾਡੇ ਅੱਜ ਦੇ ਚੌਧਰੀਆਂ ਨੂੰ ਇਹ ਸਭ ਕੁੱਝ ਭੁੱਲ ਗਿਆ ਹੈ।

ਤੇ ਮਾਂ ਗੁਜਰੀ ਗੰਗੂ ਨੂੰ ਕਹਿ ਰਹੀ ਹੈ ਕਿ ਕਮਲਿਆ! ਮਾਂ ਤੇ ਸਰਬੱਤ ਦੇ ਭਲੇ ਲਈ ਕੁੱਝ ਵੀ ਕਰ ਸਕਦੀ ਹੈ, ਤੂੰ ਇਸ ਮਾਇਆ ਲਈ ਨਮਕ ਹਰਾਮੀ ਕਰ ਲਈ, ਤੂੰ ਇੱਕ ਵਾਰ ਮੇਰਾ ਜਿਗਰਾ ਤਾਂ ਦੇਖਦਾ, ਮੂੰਹੋਂ ਮੰਗ ਕੇ। ਕਵੀ ਦੀ ਕਲਮ ਅੱਗੇ ਲਿਖ ਰਹੀ ਹੈ, ਜੋ ਮਾਂ ਗੁਜਰੀ ਜੀ ਕਹਿ ਰਹੇ ਹਨ:

ਵਾਹੇਗੁਰੂ ਕੇ ਨਾਮ ਪਿ ਕੁਲ ਮਾਲੋ-ਜ਼ੁਰ ਭੀ ਦੂੰ।

ਖ਼ਲਕਤ ਕੇ ਫ਼ਾਇਦੇ ਕੋ ਲੁਟਾ ਅਪਨਾ ਘਰ ਭੀ ਦੂੰ।

ਗਰਦਨ ਪਤੀ ਕੀ ਦੇ ਚੁਕੀ ਅਪਨਾ ਸਿਰ ਭੀ ਦੂੰ।

ਖ਼ੁਸ਼ਨੂਦੀਏ - ਅਕਾਲ ਕੋ ਲਖ਼ਤੇ-ਜਿਗਰ ਭੀ ਦੂੰ।

ਮਾਂ ਗੁਜਰੀ ਕਹਿੰਦੀ ਹੈ ਕਿ ਮੈਂ ਖਲਕਤ ਦੇ ਭਲੇ ਲਈ ਆਪਣੇ ਪਤੀ ਗੁਰੂ ਤੇਗ ਬਹਾਦਰ ਦੀ ਗਰਦਨ ਕਟਵਾ ਚੁੱਕੀ ਹਾਂ ਤੇ ਜੇਕਰ ਮੈਨੂੰ ਆਪਣੀ ਗਰਦਨ ਵੀ ਕਟਵਾਉਣੀ ਪਈ ਤਾਂ ਮੈਂ ਉਹ ਵੀ ਕਟਵਾ ਦਿਆਂਗੀ।

ਅਕਾਲ ਪੁਰਖ ਦੇ ਭਾਣੇ ਅੰਦਰ ਜੇਕਰ ਮੈਨੂੰ ਆਪਣੇ ਪੁੱਤਰ ਨੂੰ ਵੀ ਕੁਰਬਾਨ ਕਰਨਾ ਪਿਆ ਤਾਂ ਮੈਂ ਪੁੱਤਰ ਵੀ ਕੁਰਬਾਨ ਕਰ ਦਿਆਂਗੀ। ਜੇਕਰ ਅਕਾਲ ਪੁਰਖ ਦੇ ਭਾਣੇ ਅੰਦਰ ਮੈਨੂੰ ਆਪਣੇ ਪੁੱਤਰ ਦੇ ਲਾਲ ਵੀ ਕੁਰਬਾਨ ਕਰਨੇ ਪਏ ਮੈਂ ਫਿਰ ਵੀ ਸੰਕੋਚ ਨਹੀ ਕਰਾਂਗੀ। ਹੇ ਗੰਗੂ! ਮੈਂ ਮਾਂ ਗੁਜਰੀ ਹਾਂ ਤੂੰ ਮੈਨੂੰ ਜਾਣਦਾ ਨਹੀ।

ਇਕਰਾਰ ਕਰ ਲੇ ਅਪਨੀ ਖ਼ਤਾ ਤੂੰ ਅਗਰ ਅਭੀ।

ਹਮ ਬਖ਼ਸ਼ ਦੇਂਗੇ ਸੌਂਕ ਸੇ ਸਭ ਮਾਲੋ ਜ਼ਰ ਅਭੀ।

ਗੰਗੂ ਜੇਕਰ ਤੂੰ ਆਪਣੀ ਗਲਤੀ ਹੁਣ ਵੀ ਮੰਨ ਲਵੇ, ਜੋ ਤੂੰ ਨਮਕਹਰਾਮੀ ਕੀਤੀ ਹੈ ਤੂੰ ਮੰਨ ਲਵੇਂ ਤਾਂ ਤੈਨੂੰ ਫਿਰ ਵੀ ਬਖ਼ਸ਼ ਦਿਆਂਗੀ ਤੇ ਸਾਰਾ ਖ਼ਜਾਨਾ ਵੀ ਤੈਨੂੰ ਦੇ ਦੇਵਾਂਗੀ। ਇਹ ਹੈ ਮੇਰੀ ਮਾਂ ਗੁਜਰੀ ਦਾ ਜਿਗਰਾ। ਪਰ ਗੰਗੂ ਮੰਨਣ ਲਈ ਕਿਥੇ ਤਿਆਰ ਸੀ। ਜ਼ਰਾ ਇਤਿਹਾਸ ਪੜ੍ਹ ਕੇ ਵੇਖਿਉ ਕਿ ਜਿਸ ਧਨ ਕਾਰਨ ਗੰਗੂ ਨੇ ਇਹ ਨਮਕ ਹਰਾਮੀ ਕੀਤੀ, ਉਹੀ ਧਨ ਗੰਗੂ ਦੀ ਮੌਤ ਦਾ ਕਾਰਨ ਬਣਿਆ ਸੀ।

ਜਦੋਂ ਮਾਂ ਗੁਜਰੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਹੋ ਗਈ ਸੀ ਤਾਂ ਕਿਸੇ ਸੂਹੀਏ ਨੇ ਵਜ਼ੀਰ ਖ਼ਾਂ ਨੂੰ ਇਹ ਖ਼ਬਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਮਾਲ-ਅਸਬਾਬ ਗੰਗੂ ਦੇ ਕੋਲ ਹੈ। ਹੁਣ ਕਿਉਂਕਿ ਵਜੀਰ ਖ਼ਾਂ ਨੇ ਪਹਿਲਾਂ ਹੀ ਢੰਡੋਰਾ ਪਿਟਵਾਇਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਮਾਲ-ਅਸਬਾਬ, ਖ਼ਜਾਨਾ ਜ਼ਬਤ ਕਰ ਲਿਆ ਜਾਵੇ। ਤੇ ਗੰਗੂ ਨੇ ਪਤਾ ਕੀ ਕੀਤਾ ਸੀ। ਸਾਰਾ ਖ਼ਜਾਨਾ ਘਰ ਰੱਖਣ ਦੀ ਬਜਾਇ, ਦਰਿਆ ਦੇ ਕੰਢੇ ਤੇ ਜਾ ਕੇ ਰੇਤਾ ਵਿੱਚ ਦਬਾ ਦਿੱਤਾ ਸੀ, ਪਰ ਹੋਇਆ ਕੀ? ਗੰਗੂ ਦੀ ਹਾਲਤ ਉਹੀ ਹੋਈ ਜਿਵੇਂ ਸਿਆਣਾ ਕਾਂ ਆਪਣੇ ਲਈ ਮਾਸ ਦੀ ਬੋਟੀ ਲਿਆ ਕੇ ਮਿੱਟੀ ਵਿੱਚ ਲੁਕਾ ਦੇਂਦਾ ਹੈ, ਪਰ ਕਹਿੰਦੇ ਹਨ ਕਿ ਉਹ ਕਾਂ ਆਪਣੀ ਹੀ ਰੱਖੀ ਹੋਈ ਚੀਜ਼ ਨੂੰ ਆਪ ਹੀ ਭੁੱਲ ਜਾਂਦਾ ਹੈ ਕਿ ਪਤਾ ਨਹੀਂ ਮੈਂ ਮਾਸ ਦੀ ਬੋਟੀ ਕਿਥੇ ਲੁਕਾਈ ਸੀ। ਉਸ ਸਿਆਣੇ ਕਾਂ ਵਾਂਗ, ਗੰਗੂ ਨਾਲ ਵੀ ਉਹੀ ਘਟਨਾ ਵਾਪਰੀ।

ਉਹ ਡਰ ਦੇ ਕਾਰਨ ਗੁਰੂ ਘਰ ਦਾ ਚੋਰੀ ਕੀਤਾ ਸਾਰਾ ਮਾਲ ਰੇਤਾ ਵਿੱਚ ਲੁਕਾ ਆਇਆ। ਪਰ ਜਦੋਂ ਵਜ਼ੀਰ ਖ਼ਾਂ ਦੇ ਸਿਪਾਹੀ ਚੜ੍ਹ ਕੇ ਆਏ ਤੇ ਕਹਿਣ ਲਗੇ “ਗੁਰੂ ਘਰ ਦਾ ਸਾਰਾ ਮਾਲ ਅਸਬਾਬ ਤੇਰੇ ਕੋਲ ਹੈ, ਉਹ ਸਾਡੇ ਹਵਾਲੇ ਕਰ ਦੇ, ਉਸ ਨੂੰ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। “ ਗੰਗੂ ਪਹਿਲਾਂ ਤਾਂ ਇਨਕਾਰੀ ਹੋਇਆ, ਪਰ ਜਦੋਂ ਗੰਗੂ ਦੀ ਮਾਰ ਕੁੱਟ ਕੀਤੀ ਗਈ ਤਾਂ ਗੰਗੂ ਮੰਨ ਗਿਆ। ਫਿਰ ਕੀ ਸੀ, ਸਿਪਾਹੀ ਉਸ ਨੂੰ ਲੈ ਕੇ ਦਰਿਆ ਦੇ ਕੰਢੇ ਤੇ ਗਏ ਕਾਫੀ ਦੇਰ ਲੱਗੇ ਰਹੇ। ਪਰ ਗੰਗੂ ਨੂੰ ਉਹ ਟਿਕਾਣਾ ਹੀ ਨਾ ਲਭ ਸਕਿਆ ਕਿਉਂਕਿ ਉਹ ਸਭ ਖ਼ਜਾਨਾ ਦਰਿਆ ਦੇ ਪਾਣੀ ਨਾਲ ਵਹਿ ਗਿਆ ਸੀ। ਗੰਗੂ ਅਤੇ ਸਿਪਾਹੀਆਂ ਦੇ ਹੱਥ ਕੁੱਝ ਵੀ ਨਾ ਆਇਆ। ਵਜ਼ੀਰ ਖ਼ਾਂ ਦੇ ਸਿਪਾਹੀ ਸਖ਼ਤੀ ਨਾਲ ਬੋਲੇ “ਗੰਗੂ! ਤੂੰ ਝੂਠ ਬੋਲ ਰਿਹਾ ਏਂ, ਤੂੰ ਸਾਨੂੰ ਪਰੇਸ਼ਾਨ ਕਰ ਰਿਹਾ ਏ? “ ਇਸ ਕਾਰਨ ਨੂੰ ਮੁੱਖ ਰੱਖ ਕੇ ਵਜ਼ੀਰ ਖ਼ਾਂ ਦੇ ਸਿਪਾਹੀਆਂ ਨੇ ਗੰਗੂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਇਹੀ ਧਨ ਗੰਗੂ ਦੀ ਮੌਤ ਦਾ ਕਾਰਨ ਬਣਿਆ ਸੀ।

ਖ਼ਿਆਲ ਕਰਿਉ! ਦਾਸ ਨੇ ਇੱਕ ਪਾਸੇ ਗੰਗੂ ਦੇ ਉਲਟ, ਦੂਸਰੇ ਪਾਸੇ ਭਾਈ ਨੰਦ ਲਾਲ ਜੀ ਦੀ ਬਾਤ ਕੀਤੀ ਸੀ ਤੇ ਇਥੇ ਮੈਂ ਇੱਕ ਹੋਰ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਾਂ:

ਇੱਕ ਇਲਾਕੇ ਦਾ ਚੌਧਰੀ ਆਪਣੀ ਹਵੇਲੀ ਵਿੱਚ ਬੈਠਾ ਹੋਇਆ ਹੈ। ਅਚਾਨਕ ਇੱਕ ਭਲਾ ਪੁਰਸ਼ ਆਇਆ ਤੇ ਚੌਧਰੀ ਦੇ ਪੈਰਾਂ ਤੇ ਸਿਰ ਰਖ ਕੇ ਰੋਣ ਲੱਗ ਪਿਆ ਅਤੇ ਕਹਿਣ ਲੱਗਾ, “ਚੌਧਰੀ ਜੀ! ਮੈਨੂੰ ਮੁਆਫ ਕਰ ਦਿਉ, ਚੌਧਰੀ ਜੀ ਮੈਨੂੰ ਮੁਆਫ ਕਰ ਦਿਉ। “ ਚੌਧਰੀ ਪੁੱਛਣ ਲੱਗਾ “ਭਲਿਆ ਤੂੰ ਹੈ ਕੌਣ? ਮੂੰਹ ਉੱਪਰ ਕਰਕੇ ਤਾਂ ਵਿਖਾ ਤੂੰ ਕੌਣ ਹੈ? “ਚੌਧਰੀ ਨੇ ਜਦੋਂ ਉਸ ਪੁਰਸ਼ ਦਾ ਮੂੰਹ ਦੇਖਿਆ ਤਾਂ ਕਹਿਣ ਲੱਗਾ “ਮੈਂ ਤਾਂ ਤੈਨੂੰ ਜਾਣਦਾ ਵੀ ਨਹੀ ਕਿ ਤੂੰ ਕੌਣ ਹੈਂ? ਤੂੰ ਕਿਹੜਾ ਗੁਨਾਹ ਕੀਤਾ ਹੈ, ਜਿਸ ਦੀ ਤੂੰ ਮੁਆਫੀ ਮੰਗ ਰਿਹਾ ਹੈ? “ ਉਹ ਭਲਾ ਪੁਰਸ਼ ਕਹਿਣ ਲੱਗਾ “ਚੌਧਰੀ ਜੀ! ਤੁਹਾਨੂੰ ਯਾਦ ਹੋਵੇਗਾ ਕਿ ਕੁੱਝ ਸਾਲ ਪਹਿਲਾ ਤੁਹਾਡੀ ਮੱਝ ਚੋਰੀ ਹੋਈ ਸੀ, ਉਹ ਚੋਰ ਕੋਈ ਹੋਰ ਨਹੀ, ਮੈਂ ਸੀ। ਮੈਂ ਹੀ ਤੁਹਾਡੀ ਮੱਝ ਚੋਰੀ ਕਰਕੇ ਲੈ ਗਿਆ ਸੀ, ਮੈਂ ਤੁਹਾਡੀ ਮੱਝ ਵੀ ਵਾਪਸ ਲੈ ਕੇ ਆਇਆ ਹਾਂ, ਉਸ ਮੱਝ ਨੇ ਮੇਰੇ ਘਰ ਜਾ ਕੇ ਇੱਕ ਕੱਟਾ ਦਿੱਤਾ ਸੀ, ਉਹ ਵੀ ਲੈ ਆਇਆ ਹਾਂ, ਉਹ ਵੀ ਲੈ ਲਵੋ। ਇਸ ਸਮੇਂ ਦੌਰਾਨ ਮੱਝ ਨੇ ਜਿੰਨਾਂ ਦੁੱਧ ਦਿੱਤਾ ਸੀ, ਅਸੀਂ ਉਹ ਪੀਤਾ ਹੈ ਉਸ ਦੀ ਕੀਮਤ ਵੀ ਲੈ ਲਵੋ, ਪਰ ਮੈਨੂੰ ਮੁਆਫ ਕਰ ਦਿਉ। “ ਚੌਧਰੀ ਦੀ ਹੈਰਾਨਗੀ ਦੀ ਹੱਦ ਨਾ ਰਹੀ। ਹੈਰਾਨ ਪਰੇਸ਼ਾਨ ਹੋ ਕੇ ਸੋਚਣ ਲੱਗਾ ਕਿ ਇਸ ਤਰਾਂ ਤਾਂ ਕਦੀ ਵੀ ਨਹੀ ਹੋਇਆ ਕਿ ਚੋਰ ਚੋਰੀ ਕਰਕੇ ਲੈ ਜਾਵੇ ਤੇ ਕੁੱਝ ਸਾਲਾਂ ਬਾਅਦ ਆ ਕੇ ਕਹੇ ਕਿ ਆਹ ਮੱਝ ਅਤੇ ਕੱਟਾ ਵੀ ਲਵੋ, ਇਹ ਪੈਸੇ ਵੀ ਦੁੱਧ ਦੇ ਲੈ ਲਵੋ ਅਤੇ ਕਹੇ ਕਿ ਮੈਨੂੰ ਮੁਆਫ ਕਰ ਦਿਉ। ਚੌਧਰੀ ਹੈਰਾਨ ਹੋ ਕੇ ਪੁਛਣ ਲੱਗਾ “ਭਲਿਆ ਪੁਰਸ਼ਾ! ਤੈਨੂੰ ਕੀ ਹੋ ਗਿਆ? “ ਭਲੇ ਪੁਰਸ਼ ਨੇ ਉੱਤਰ ਦਿੱਤਾ “ਚੌਧਰੀ ਜੀ! ਹੁਣ ਮੈਂ ਗੁਰੂ ਨਾਨਕ ਦਾ ਸਿੱਖ ਹੋ ਗਿਆ ਹਾਂ। “

ਇਤਿਹਾਸ ਵਿੱਚ ਉਸ ਸਿੱਖ ਦਾ ਨਾਮ ਭਾਈ ਮੇਹਰੂ ਕਰਕੇ ਆਉਂਦਾ ਹੈ। ਕਿਧਰੇ ਸਾਨੂੰ ਵੀ ਐਸੀ ਜੀਵਨ ਜਾਚ ਆ ਜਾਵੇ।

ਇੱਕ ਪਾਸੇ ਭਾਈ ਮੇਹਰੂ ਵਰਗੇ ਪਿਆਰੇ ਗੁਰਸਿੱਖ ਹਨ ਤੇ ਦੂਸਰੇ ਪਾਸੇ ਗੰਗੂ ਵਰਗੇ ਨਮਕਹਰਾਮੀ ਹਨ ਜਿਸ ਨੂੰ ਮਾਤਾ ਗੁਜਰੀ ਜੀ ਤਾੜਨਾ ਕਰਦੇ ਹੋਏ ਕਹਿ ਰਹੇ ਹਨ ਕਿ ਗੰਗੂ ਤੂੰ ਮਾੜਾ ਕੀਤਾ ਹੈ। ਗੰਗੂ ਅੱਗੋ ਕੀ ਕਹਿ ਰਿਹਾ ਹੈ-

ਉਪਦੇਸ਼ ਮਾਤਾ ਗੁਜਰੀ ਕਾ ਸੁਨ ਕਰ ਵੁਹ ਬੇ-ਹਯਾ।

ਸ਼ਰਮਿੰਦਾ ਹੋਨੇ ਕੀ ਜਗ੍ਹਾ ਚਿਲਾਨੇ ਲਗ ਗਯਾ।

ਬਕਤਾ ਥਾ ਜ਼ੋਰ-ਜ਼ੋਰ ਸੇ ਦੇਖੋ ਗਜਬ ਹੈ ਕਯਾ।

ਤੁਮ ਕੋ ਪਨਾਹ ਦੇਨੇ ਕੀ ਕਯਾ ਥੀ ਯਹੀ ਸਜ਼ਾ

ਮਾਤਾ ਗੁਜਰੀ ਜੀ ਦੀਆਂ ਇਹ ਗੱਲਾਂ ਸੁਣ ਕੇ ਗੰਗੂ ਸ਼ਰਮਿੰਦਾ ਹੋਣ ਦੀ ਬਜਾਏ, ਚਿਲਾਉਣ ਲੱਗ ਪਿਆ, ਸ਼ੋਰ ਮਚਾਉਣ ਲੱਗ ਪਿਆ ਅਤੇ ਉੱਚੀ-ਉੱਚੀ ਰੌਲਾ ਪਾ ਕੇ ਕਹਿ ਰਿਹਾ ਸੀ ਕਿ ਦਸੋ ਜੀ, ਉਲਟਾ ਚੋਰ ਕੋਤਵਾਲ ਕੋ ਡਾਂਟੇ ਦੇਖੇ ਜੀ ਮੈਨੂੰ ਚੋਰ ਬਣਾਈ ਜਾਂਦੇ ਨੇ ਮੈਂ ਇਹਨਾ ਨੂੰ ਆਪਣੇ ਘਰ ਪਨਾਹ ਦਿੱਤੀ ਇਹ ਮੈਨੂੰ ਉਲਟਾ ਚੋਰ ਬਣਾਈ ਜਾਂਦੇ ਨੇ।

ਮਾਂ ਗੁਜਰੀ ਗੰਗੂ ਨੂੰ ਕਹਿ ਰਹੀ ਹੈ ਕਿ ਗੰਗੂ ਚੁੱਪ ਕਰ, ਸ਼ੋਰ ਕਿਉਂ ਮਚਾ ਰਿਹਾ ਏਂ। ਕਵੀ ਦੇ ਖ਼ਿਆਲ ਨੇ ਕਿ ਮਾਂ ਗੁਜਰੀ ਨੂੰ ਖ਼ਤਰਾ ਵੀ ਦਿਖਾਈ ਦਿੰਦਾ ਹੈ। ਕਿਉਂਕਿ ਮਾਂ ਗੁਜਰੀ ਨੇ ਵੀ ਵਜ਼ੀਰ ਖ਼ਾਂ ਦਾ ਢੰਡੋਰਾ ਸੁਣਿਆ ਹੋਇਆ ਹੈ। ਪਰ ਗੰਗੂ ਨੂੰ ਚੁੱਪ ਕਰਾਉਣ ਦਾ ਯਤਨ ਕਾਮਯਾਬ ਨਾ ਹੋਇਆ। ਗੰਗੂ ਉੱਚੀ ਉੱਚੀ ਰੋਲਾ ਪਾ ਰਿਹਾ ਸੀ ਕਿ ਵੇਖੋ ਜੀ ਕਿੰਨੀ ਹੈਰਾਨੀ ਦੀ ਗੱਲ ਹੈ। ਦੁਨੀਆਂ ਦੇ ਲੋਕੋ ਮੇਰੀ ਗੱਲ ਸੁਣੋ ਮੈਂ ਕੀ ਕਹਿ ਰਿਹਾ ਹਾਂ। ਗੰਗੂ ਕਹਿੰਦਾ ਹੈ ਕਿ ਤੁਸੀ ਮੈਨੂੰ ਪਨਾਹ ਦੇਣ ਦੀ ਇਹ ਸਜਾ ਦੇ ਰਹੇ ਹੋ ਮਾਂ ਤਾਂ ਤੁਹਾਨੂੰ ਪਨਾਹ ਦੇ ਕੇ ਗਲਤੀ ਕਰ ਲਈ ਤੇ ਗੰਗੂ ਮਾਂ ਗੁਜਰੀ ਨੂੰ ਡਾਂਟ ਰਿਹਾ ਹੈ ਤੇ ਕਹਿ ਰਿਹਾ ਹੈ-

ਫ਼ਿਰਤੇ ਹੋ ਜਾਂ ਛੁਪਾਏ ਹੂਏ ਖ਼ੁਦ ਨਵਾਬ ਸੇ।

ਕਹਤੇ ਹੋ ਮੁਝਕੋ ਚੋਰ ਯਿ ਫਿਰ ਕਿਸ ਹਿਸਾਬ ਸੇ।

ਗੰਗੂ ਕਹਿੰਦਾ ਹੈ ਕਿ ਚੋਰ ਮੈਂ ਥੋੜੀ ਹਾਂ, ਚੋਰ ਤਾਂ ਤੁਸੀਂ ਹੋ, ਨਵਾਬ ਦੇ ਡਰ ਤੋਂ ਚੋਰਾਂ ਦੀ ਤਰਾਂ ਲੁਕਦੇ ਫਿਰਦੇ ਹੋ। ਆਪਣੀ ਜਾਨ ਦੀ ਖ਼ੈਰ ਨਹੀ ਉਲਟਾ ਮੈਨੂੰ ਚੋਰ ਕਹਿੰਦੇ ਹੋ। ਕਿਉਂਕਿ ਗੰਗੂ ਨਹੀ ਸੀ ਚਾਹੁੰਦਾ ਕਿ ਮੈਂ ਜੋ ਇਹ ਨਮਕਹਰਾਮੀ ਕੀਤੀ ਹੈ ਇਹ ਚੋਰੀ ਕੀਤਾ ਖ਼ਜਾਨਾ ਮੇਰੇ ਤੋ ਖੁਸ ਜਾਵੇ। ਗੰਗੂ ਦੇ ਮਨ ਵਿੱਚ ਆਇਆ ਕਿ ਜੇਕਰ ਮੈਂ ਇਹਨਾ ਨੂੰ ਆਪਣੇ ਘਰ ਵਿੱਚ ਰੱਖਿਆ ਤਾਂ ਵਜੀਰ ਖ਼ਾ ਵਲੋਂ ਮੈਨੂੰ ਸਿੱਧੀ ਮੌਤ ਹੈ। ਦੂਸਰੇ ਪਾਸੇ ਡਰ ਵੀ ਹੈ ਕਿ ਜੇਕਰ ਮਾਤਾ ਗੁਜਰੀ ਜੀ ਬੱਚਿਆਂ ਨੂੰ ਲੈ ਕੇ ਸਹੀ ਸਲਾਮਤ ਗੁਰੂ ਗੋਬਿੰਦ ਸਿੰਘ ਪਾਸ ਪਹੁੰਚ ਗਏ ਤਾਂ ਮੇਰਾ ਕੀ ਬਣੇਗਾ?

ਹੁਣ ਗੰਗੂ ਦੋਹਾਂ ਪਾਸਿਆਂ ਤੋ ਡਰਿਆ ਹੋਇਆ ਹੈ ਤੇ ਮਨ ਵਿੱਚ ਲਾਲਚ ਵੀ ਹੈ ਕਿ ਇੱਕ ਪਾਸੇ ਨਵਾਬ ਕੋਲੋਂ ਇਨਾਮ ਮਿਲੇਗਾ ਤੇ ਦੂਸਰੇ ਪਾਸੇ ਜ਼ੋ ਖ਼ਜਾਨਾ ਚੋਰੀ ਕੀਤਾ ਹੈ ਉਸ ਨੂੰ ਵੀ ਕੋਈ ਨਹੀ ਪੁਛੇਗਾ, ਇਹ ਵੀ ਮੇਰਾ ਹੋ ਜਾਵੇਗਾ। ਲਾਲਚ ਵੀ ਦੋਹਰਾ ਹੈ ਅਤੇ ਡਰ ਵੀ ਦੋਹਰਾ ਹੈ। ਹੁਣ ਗੰਗੂ ਨੇ ਕੀ ਕੀਤਾ:

ਚੁਪ ਚਾਪ ਘਰ ਸੇ ਚਲ ਦੀਯਾ ਫਿਰ ਵੁਹ ਨਮਕ ਹਰਾਮ।

ਪਹੁੰਚਾ ਵੁਹ ਉਸ ਜਗ੍ਹਾ ਪਿ ਮੋਰਿੰਡਾ ਥਾ ਜਿਸ ਕਾ ਨਾਮ।

ਹੁਣ ਇਹ ਨਮਕ ਹਰਾਮੀ ਗੰਗੂ ਰੌਲਾ ਪਾਉਂਦਿਆਂ-ਪਾਉਂਦਿਆਂ ਆਪਣੇ ਘਰੋਂ ਤੁਰ ਪਿਆ ਤੇ ਤੁਰਦਾ-ਤੁਰਦਾ ਮੋਰਿੰਡੇ ਦੇ ਕੋਤਵਾਲ ਕੋਲ ਪਹੁੰਚ ਗਿਆ।

ਮੁਖ਼ਬਿਰ ਵਹਾਂ ਨਵਾਬ ਕੇ ਰਖਤੇ ਥੇ ਕੁੱਝ ਕਯਾਮ।

ਖ਼ੁਫੀਆ ਕੁਛ ਉਨ ਸੇ ਕਰਨੇ ਲਗਾ ਬਦਸਯਰ ਕਲਾਮ।

ਕਹਿੰਦੇ ਹਨ ਕਿ ਇਥੇ ਨਵਾਬ ਵਜੀਰ ਖ਼ਾ ਦਾ ਠਾਣਾ ਹੈ ਅਤੇ ਕੁੱਝ ਖੁਫੀਆ ਜਾਸੂਸ ਵੀ ਉਥੇ ਬੈਠੇ ਹੋਏ ਹਨ। ਹੁਣ ਗੰਗੂ ਉਹਨਾਂ ਕੋਲ ਜਾ ਕੇ ਹੌਲੀ-ਹੌਲੀ ਖ਼ਬਰ ਕੀ ਦੇ ਰਿਹਾ ਹੈ:

ਮਤਲਬ ਥਾ ਜਿਸ ਕਾ ਘਰ ਮਿਰੇ ਸਤਗੁਰ ਕੇ ਲਾਲ ਹੈਂ।

ਜਿਨ ਕੇ ਪਕੜਨੇ ਕੇ ਸਭੀ ਖ਼ਾਹਾਂ ਕਮਾਲ ਹੈਂ।

ਠਾਣੇ ਵਿੱਚ ਜਾ ਕੇ ਗੰਗੂ ਖ਼ਬਰ ਦੇ ਰਿਹਾ ਹੈ ਕਿ ਜਿਨ੍ਹਾਂ ਨੂੰ ਤੁਸੀ ਲੱਭਦੇ ਫਿਰਦੇ ਹੋ, ਜੋ ਨਵਾਬ ਵਜ਼ੀਰ ਖ਼ਾਂ ਦਾ ਖ਼ੁਆਬ ਹੈ, ਉਹ ਬੱਚੇ ਗੁਰੂ ਗੋਬਿੰਦ ਸਿੰਘ ਦੇ ਅਤੇ ਸਤਿਗੁਰਾਂ ਦੀ ਮਾਤਾ ਮੇਰੇ ਘਰ ਨੇ। ਬਸ! ਗੰਗੂ ਨੇ ਨਮਕ ਹਰਾਮੀ ਕਰ ਹੀ ਦਿੱਤੀ।

ਹੁਣ ਖ਼ਿਆਲ ਕਰਿਓ! ਇੱਕ ਪਾਸੇ ਸੱਚ ਹੈ ਤੇ ਇੱਕ ਪਾਸੇ ਝੂਠ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਹੀ ਨੇ ਇਹ ਦੋ ਬਾਤਾਂ। ਇਤਿਹਾਸਿਕ ਤੌਰ ਤੇ ਗੰਗੂ ਜੋ ਇਹ ਸ਼ਿਕਾਇਤ ਕਰ ਰਿਹਾ ਹੈ, ਉਹ ਸੱਚ ਬੋਲ ਰਿਹਾ ਹੈ, ਉਹ ਝੂਠ ਨਹੀਂ ਬੋਲ ਰਿਹਾ, ਉਹ ਇਹ ਸੱਚ ਹੀ ਕਹਿ ਰਿਹਾ ਹੈ ਕਿ ਦਸ਼ਮੇਸ਼ ਪਾਤਸ਼ਾਹ ਦੀ ਮਾਤਾ ਅਤੇ ਬੱਚੇ ਮੇਰੇ ਘਰ ਵਿੱਚ ਹਨ। ਦੂਸਰੇ ਪਾਸੇ ਗਨੀ ਖ਼ਾਂ ਅਤੇ ਨਬੀ ਖ਼ਾਂ ਦੋ ਸਕੇ ਭਰਾ, ਜਿਹੜੇ ਕਲਗੀਧਰ ਪਾਤਸ਼ਾਹ ਨੂੰ ਉੱਚ ਦਾ ਪੀਰ ਦਸ ਕੇ ਲਈ ਜਾਂਦੇ ਨੇ। ਜਦੋਂ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਪੁਛਿਆ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਤਾਂ ਨਹੀ। ਗਨੀ ਖ਼ਾਂ ਤੇ ਨਬੀ ਖ਼ਾਂ ਜੋ ਕਿ ਪਲੰਘ ਦੇ ਅਗਲੇ ਦੋ ਪਾਵਿਆਂ ਨੂੰ ਮੋਢਿਆਂ ਤੇ ਚੁੱਕ ਕੇ ਚਲ ਰਹੇ ਨੇ ਤੇ ਪਿਛਲੇ ਪਾਵਿਆਂ ਤੇ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਹਨ, ਸਭ ਤੋਂ ਪਿਛੇ ਭਾਈ ਦਇਆ ਸਿੰਘ ਜੀ ਮੋਰ ਦੇ ਖੰਭਾਂ ਦਾ ਬਣਿਆ ਚੌਰ ਕਰ ਰਹੇ ਹਨ। ਕਲਗੀਧਰ ਪਾਤਸ਼ਾਹ ਨੇ ਨੀਲੇ ਰੰਗ ਦੇ ਬਸਤਰ ਪਹਿਨ ਰੱਖੇ ਹਨ ਅਤੇ ਕੇਸ ਪਿਛਾਂਹ ਨੂੰ ਖਿਲਾਰ ਕੇ ਗੋਲ ਦਸਤਾਰ ਬੰਨ੍ਹੀ ਹੋਈ ਹੈ। ਹੁਣ ਗਨੀ ਖ਼ਾਂ ਅਤੇ ਨਬੀ ਖ਼ਾਂ ਅੱਗੇ ਹਨ ਤੇ ਜਵਾਬ ਦੇ ਰਹੇ ਨੇ ਕਿ ਨਹੀਂ ਇਹ ਉੱਚ ਦੇ ਪੀਰ ਹਨ। ਜਦ ਕਿ ਉਹ ਸਰਸਰੀ ਤੌਰ ਤੇ ਝੂਠ ਵੀ ਬੋਲ ਰਹੇ ਹਨ।

ਗੰਗੂ ਦਾ ਸੱਚ ਇਤਿਹਾਸ ਨੂੰ ਗਲਤ ਪਾਸੇ ਲੈ ਗਿਆ ਅਤੇ ਗਨੀ ਖ਼ਾਂ- ਨਬੀ ਖ਼ਾਂ ਦਾ ਝੂਠ, ਇਤਿਹਾਸ ਨੂੰ ਸਹੀ ਦਿਸ਼ਾ ਵੱਲ ਲੈ ਗਿਆ।

ਕਹਿੰਦੇ ਹਨ ਉਹਨਾਂ ਸਿਪਾਹੀਆਂ ਨੂੰ ਸ਼ੱਕ ਜਰੂਰ ਪਿਆ ਕਿ ਇਹ ਗੁਰੂ ਗੋਬਿੰਦ ਸਿੰਘ ਹੀ ਹੈ ਤੇ ਉਹਨਾ ਨੇ ਸ਼ਨਾਖਤ ਲਈ ਉਹ ਕਾਜ਼ੀ ਫੜ ਲਿਆਂਦਾ ਜੋ ਕਿ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਪੜ੍ਹਾਉਂਦਾ ਹੁੰਦਾ ਸੀ। ਸਿਪਾਹੀ ਉਸ ਕਾਜੀ ਨੂੰ ਕਹਿਣ ਲੱਗੇ ਕਿ ਚੰਗੀ ਤਰਾਂ ਵੇਖ ਕੇ ਦੱਸ! ਇਹ ਗੁਰੂ ਗੋਬਿੰਦ ਸਿੰਘ ਹੈ ਕਿ ਨਹੀਂ। ਕਹਿੰਦੇ ਹਨ, ਹੁਣ ਕਾਜ਼ੀ ਵੀ ਝੂਠ ਬੋਲ ਰਿਹਾ ਹੈ ਕਿ ਨਹੀ ਇਹ ਵਾਕਿਆ ਹੀ ਉੱਚ ਕੋਟੀ ਦੇ ਪੀਰ ਨੇ। ਦੇਖੋ! ਕਾਜੀ ਸੱਚ ਵੀ ਬੋਲ ਗਿਆ ਤੇ ਪਰਦਾ ਵੀ ਪਾ ਗਿਆ। ਜੇਕਰ ਕਾਜ਼ੀ ਇਹ ਰਮਜ਼ ਭਰੀ ਗੱਲ ਨਾ ਕਰਦਾ ਤਾਂ ਸ਼ਾਇਦ ਗੁਰੂ ਗੋਬਿੰਦ ਸਿੰਘ ਹਾਕਮਾਂ ਦੀ ਕੈਦ ਵਿੱਚ ਹੁੰਦੇ ਅਤੇ ਮੁਕਤਸਰ ਦੀ ਧਰਤੀ ਤੇ 40 ਮੁਕਤਿਆਂ ਦਾ ਇਤਿਹਾਸ ਨਾ ਰਚਿਆ ਜਾਂਦਾ, ਜਫ਼ਰਨਾਮਾ ਕਦੀ ਨਾ ਲਿਖਿਆ ਜਾਂਦਾ, ਕਿਤੇ ਦਮਦਮਾ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਨਾ ਕਰਵਾਉਂਦੇ, ਕਿਤੇ ਹਜ਼ੂਰ ਸਾਹਿਬ (ਨਾਂਦੇੜ) ਦੀ ਧਰਤੀ ਤੇ ਗੁਰੂ ਪਾਤਸ਼ਾਹ ਗ੍ਰੰਥ ਸਾਹਿਬ ਨੂੰ ਗੁਰਿਆਈ ਵੀ ਨਾ ਦੇ ਪਾਉਂਦੇ। ਬਲਿਹਾਰ ਜਾਈਏ ਉਹਨਾਂ ਗੁਰੂ ਦੇ ਸੇਵਕਾਂ ਦੀਆਂ ਸੋਚਾਂ ਤੇ। ਇੱਕ ਪਾਸੇ ਗੰਗੂ ਹੈ ਜੋ ਧਨ-ਦੌਲਤ ਦੇ ਲਾਲਚ ਪਿੱਛੇ ਇਹ ਨਖਿਧ ਕਾਰਾ ਕਰ ਰਿਹਾ ਹੈ।

ਰਾਜੋਂ ਸੇ ਔਰ ਨਵਾਬ ਸੇ ਦਿਲਵਾਓ ਗਰ ਇਨਾਮ।

ਆਕਾ ਕੀ ਮਾਂ ਕੋਂ, ਬੇਟੋਂ ਕੋਂ ਪਕੜਾਊਂ ਲਾ ਕਲਾਮ।

ਗੰਗੂ ਕਹਿੰਦਾ ਹੈ ਕਿ ਜੇਕਰ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਮੈਨੂੰ ਹਿੰਦੋਸਤਾਨ ਦੇ ਬਾਦਸ਼ਾਹ ਔਰੰਗਜੇਬ ਕੋਲੋਂ ਅਤੇ ਸਰਹੰਦ ਦੇ ਨਵਾਬ ਤੋਂ ਇਨਾਮ ਦਿਵਾਓਗੇ ਤਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਅਤੇ ਉਸ ਦੇ ਦੋ ਬੱਚਿਆਂ ਨੂੰ ਤੁਹਾਡੇ ਹਵਾਲੇ ਕਰ ਸਕਦਾ ਹਾਂ, ਪਰ ਪਹਿਲਾਂ ਮੇਰੇ ਨਾਂਲ ਵਾਅਦਾ ਕਰੋ।

ਪਾ ਕੇ ਸਿਲਾ ਬਜੀਦ ਸੇ ਤੁਮ ਭੀ ਹੋ ਸ਼ਾਦ-ਕਾਮ।

ਮੁਝਕੋ ਭੀ ਖ਼ਿਅਲਤੋ ਸੇ ਕਰੇ ਫ਼ਾਇਜ਼ੁਲਮਰਾਮ।

ਕਹਿੰਦਾ ਹੈ ਵਜ਼ੀਰ ਖ਼ਾਂ ਦੇ ਕੋਲੋਂ ਤੁਸੀਂ ਸ਼ਾਬਾਸ਼ ਵੀ ਲੈਣੀ ਤੇ ਦੂਸਰੀ ਗੱਲ ਤੁਸੀਂ ਉਸ ਤੋਂ ਇਨਾਮ ਵੀ ਪਾਉ ਤੇ ਮੈਨੂੰ ਵੀ ਇਨਾਮ ਦਿਵਾਉ।

*************

(ਚਲਦਾ ……..)

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.