.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ (ਭਾਗ ਚੌਥਾ)

ਜੋ ਕੁੱਝ ਮਨੁੱਖ ਅੱਖਾਂ ਅਤੇ ਕੰਨਾਂ ਆਦਿ ਇੰਦ੍ਰਿਆ ਦੁਆਰਾ ਦੇਖਦਾ ਜਾਂ ਸੁਣਦਾ ਹੈ, ਉਸ ਨਾਲ ਮਨ ਪ੍ਰਭਾਵਿਤ ਹੁੰਦਾ ਹੈ। ਨਵ ਜਨਮੇ ਬੱਚੇ ਦੀ ਸਮੇਂ ਨਾਲ ਕੇਵਲ ਸਰੀਰਕ ਡੀਲ-ਡੌਲ ਅਤੇ ਬਲ ਹੀ ਨਹੀਂ ਵਧਦਾ-ਫੁਲਦਾ ਹੈ, ਸਰੀਰਕ ਇੰਦਿਆਂ ਦੁਆਰਾ ਪ੍ਰਾਪਤ ਹੋਏ ਭੋਜਨ (ਗਿਆਨ) ਨਾਲ ਬੋਧਕ ਤਲ ਵੀ ਪ੍ਰਫੁਲਿਤ ਹੁੰਦਾ ਹੈ। ਇਸ ਵਧਣ-ਫੁਲਣ ਕਾਰਨ ਹੀ ਮਨੁੱਖ ਦੇ ਸੋਚਣ, ਦੇਖਣ, ਸੁਣਨ ਅਤੇ ਬੋਲਣ ਆਦਿ ਵਿੱਚ ਤਬਦੀਲੀ ਅਤੇ ਨਿਖ਼ਾਰ ਆਉਂਦਾ ਹੈ। ਇਹ ਪ੍ਰਕਿਆ ਜਨਮ ਤੋਂ ਸ਼ੁਰੂ ਹੋ ਕੇ ਮਰਨ ਤੱਕ ਜਾਰੀ ਰਹਿੰਦੀ ਹੈ। ਇਸ ਭੋਜਨ ਦੀ ਬਦੌਲਤ ਹੀ ਮਨੁੱਖ ਨੇ ਉਨਤੀ ਦੀਆਂ ਟੀਸੀਆਂ ਨੂੰ ਛੁਹਿਆ ਹੈ। ਮਨੁੱਖੀ ਸਰੀਰ ਤਾਂ ਆਯੂ ਦੇ ਇੱਕ ਪੜਾਅ `ਚ ਅਪੜ ਕੇ ਵਧਣ-ਫੁਲਣ ਤੋਂ ਰੁਕ ਕੇ ਨਿਵਾਣ ਵਲ ਵਧਣਾ ਸ਼ੁਰੂ ਹੋ ਜਾਂਦਾ ਹੈ ਪਰ ਇਹਨਾਂ ਇੰਦ੍ਰਿਆਂ ਦੁਆਰਾ ਹਾਸਲ ਹੋਈ ਜਾਣਕਾਰੀ ਰੂਪ ਭੋਜਨ ਦੇ ਕਾਰਨ, ਮਨੁੱਖ ਦੇ ਵਿਚਾਰਾਂ `ਚ ਉਮਰ ਦੇ ਅੰਤ ਤੀਕ ਵਾਧਾ ਹੁੰਦਾ ਰਹਿੰਦਾ ਹੈ। ਇਸ ਵਾਧੇ ਕਾਰਨ ਹੀ ਇਸ ਦੇ ਵਿਚਾਰਾਂ ਵਿੱਚ ਉਤਰਾ-ਚੜ੍ਹਾਅ ਆਉਂਦਾ ਰਹਿੰਦਾ ਹੈ। ਆਮ ਤੌਰ `ਤੇ ਇਹ ਭੋਜਨ ਹੀ ਮਨੁੱਖ ਨੂੰ ਦੈਵੀ ਕਦਰਾਂ-ਕੀਮਤਾਂ ਦਾ ਧਾਰਨੀ ਜਾਂ ਸ਼ੈਤਾਨੀਅਤ ਦਾ ਮੁਦਈ ਬਣਾਉਂਦਾ ਹੈ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਨੁੱਖ ਦੀ ਸ਼ਖ਼ਸ਼ੀਅਤ `ਚ ਪਿਤਾ ਪੁਰਖੀ ਅੰਸ਼ ਵੀ ਮੌਜੂਦ ਹੁੰਦਾ ਹੈ ਪਰੰਤੂ ਵਾਤਾਵਰਨ (ਚੌਗਿਰਦਾ) ਦਾ ਮਨੁੱਖੀ ਆਚਰਣ ਦੀ ਉਸਾਰੀ ਵਿੱਚ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਇਹ ਕਹਿਣ `ਚ ਅਤਿਕਥਨੀ ਨਹੀਂ ਹੋਵੇਗੀ ਕਿ ਇਹ ਭੋਜਨ ਮਨੁੱਖ ਦੇ ਸਮੁੱਚੇ ਵਿਅਕਤੀਤਵ (ਸ਼ਖ਼ਸ਼ੀਅਤ) `ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਜਾਤ-ਪਾਤ, ਰੰਗ-ਨਸਲ, ਊਚ-ਨੀਚ ਅਤੇ ਲਿੰਗ-ਭੇਦ ਵਿੱਚ ਭਿੰਨ-ਭੇਦ ਕਰਨ `ਚ ਵਿਸ਼ਵਾਸ ਕਰਨ ਜਾਂ ਨਾ ਕਰਨ ਵਿੱਚ ਵੀ ਇਸ ਭੋਜਨ ਦਾ ਵਿਸ਼ੇਸ਼ ਰੋਲ (ਪਾਰਟ) ਹੁੰਦਾ ਹੈ। ਇਤਨਾ ਹੀ ਨਹੀਂ, ਮਨੁੱਖ ਦੇ ਚੰਗੇ, ਮਾੜੇ ਜਾਂ ਪਾਪ ਅਤੇ ਪੁੰਨ ਸੰਬੰਧੀ ਦ੍ਰਿਸ਼ਟੀਕੋਣ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅੱਖਾਂ ਅਤੇ ਕੰਨਾਂ ਆਦਿ ਦੁਆਰਾ ਪ੍ਰਾਪਤ ਕੀਤੀ ਹੋਈ ਖ਼ੁਰਾਕ (ਗਿਆਨ) ਕਾਰਨ ਹੀ ਮਨੁੱਖ ਦੀ ਦੂਜੇ ਮਨੁੱਖਾਂ ਪ੍ਰਤੀ ਪਹਿਲਾਂ ਹੀ (ਚੰਗੇ ਜਾਂ ਮਾੜੇ) ਦੀ ਧਾਰਨਾ ਬਣਦੀ ਹੈ। ਇਸ ਭੋਜਨ ਦੀ ਬਦੌਲਤ ਮਨੁੱਖ ਦੂਜੇ ਮਨੁੱਖਾਂ ਬਾਰੇ ਹੀ ਨਹੀਂ ਸਗੋਂ ਵਿਸ਼ੇਸ਼ ਕਿੱਤੇ, ਜਾਤ, ਇਲਾਕੇ ਅਤੇ ਲਿਬਾਸ ਆਦਿ ਬਾਰੇ ਵੀ ਚੰਗੀ ਜਾਂ ਮਾੜੀ ਰਾਏ ਕਾਇਮ ਕਰ ਲੈਂਦਾ ਹੈ।
ਸਰੀਰਕ ਭੋਜਨ ਕੁੱਝ ਮਾਤਰਾ ਤੀਕ ਹੀ ਖਾ ਸਕੀਦਾ ਹੈ, ਚੂੰਕਿ ਲੋੜ ਤੋਂ ਵਧੇਰੇ ਖਾਣ ਨਾਲ ਮਨੁੱਖ ਦਾ ਸਰੀਰ ਰੋਗੀ ਹੋ ਜਾਂਦਾ ਹੈ ਪਰ ਇਸ (ਗਿਆਨ) ਭੋਜਨ ਉੱਤੇ ਅਜਿਹਾ ਨਿਯਮ ਲਾਗੂ ਨਹੀਂ ਹੁੰਦਾ। ਇਹ ਭੋਜਨ ਜਿਤਨਾ ਕੋਈ ਵਧੇਰੇ ਖਾਂਦਾ ਹੈ, ਉਤਨਾ ਹੀ ਉਸ ਦੇ ਵਿਚਾਰਾਂ ਵਿੱਚ ਪਕਿਆਈ ਹੀ ਨਹੀਂ, ਸਗੋਂ ਗਿਆਨ ਦਾ ਘੇਰਾ ਵੀ ਵਿਸ਼ਾਲ ਹੁੰਦਾ ਹੈ।
ਇਹ ਭੋਜਨ ਸਾਡੇ ਖ਼ਿਆਲਾਂ ਨੂੰ ਹੀ ਨਹੀਂ ਸਗੋਂ ਸਾਡੀ ਨਿਰਣਾ ਲੈਣ ਦੀ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸੇ ਲਈ ਆਮ ਤੌਰ `ਤੇ ਕਿਸੇ ਮਨੁੱਖ ਜਾਂ ਘਟਨਾ ਆਦਿ ਬਾਰੇ ਸਾਰੇ ਮਨੁੱਖਾਂ ਦੀ ਇੱਕ ਰਾਏ ਨਹੀਂ ਹੁੰਦੀ ਹੈ। ਆਮ ਤੌਰ `ਤੇ ਮਨੁੱਖ ਆਪਣੇ ਧੜੇ, ਧਰਮ, ਦੇਸ਼, ਕੌਮ, ਆਪਣੇ ਜਾਂ ਪਰਾਏ ਆਦਿ ਦੇ ਝਰੋਖੇ ਥਾਣੀ ਦੇਖਦਾ, ਪਰਖਦਾ ਅਤੇ ਜਾਚਦਾ ਹੈ। ਇਸ ਲਈ ਹੀ ਆਮ ਤੌਰ `ਤੇ ਮਨੁੱਖ ਨੂੰ ਉਹ ਕੁੱਝ ਦਿਖਾਈ ਜਾਂ ਸੁਣਾਈ ਦਿੰਦਾ, ਜੋ ਸੱਚ-ਮੁੱਚ ਨਹੀਂ ਹੈ, ਬਲਕਿ ਉਹ ਕੁੱਝ ਦਿਖਾਈ ਜਾਂ ਸੁਣਾਈ ਦਿੰਦਾ ਹੈ, ਜੋ ਉਹ ਦੇਖਣਾ ਜਾਂ ਸੁਣਨਾ ਚਾਹੁੰਦਾ ਹੈ। ਹਾਂ, ਕੇਵਲ ਉਹ ਇਨਸਾਨ ਹੀ ਕਿਸੇ ਵਿਅਕਤੀ ਜਾਂ ਘਟਨਾ ਨੂੰ ਠੀਕ ਰੂਪ ਵਿੱਚ ਦੇਖ ਸਕਣ `ਚ ਕਾਮਯਾਬ ਹੁੰਦਾ ਹੈ ਜੋ ਧੜੇ ਜਾਂ ਧਰਮ ਆਦਿ ਤੋਂ ਉਪਰ ਉਠ ਕੇ ਦੇਖਦਾ ਹੈ। ਇਹਨਾਂ ਤੋਂ ਉਪਰ ਉਹ ਪ੍ਰਾਣੀ ਹੀ ਉਪਰ ਉਠ ਸਕਦਾ ਹੈ ਜੋ ਕਿਸੇ ਵਿਅਕਤੀ ਜਾਂ ਘਟਨਾ ਆਦਿ ਬਾਰੇ ਆਪਣੀ ਪਹਿਲਾਂ ਬਣੀ ਮਨੌਤ ਨੂੰ ਇੱਕ ਪਾਸੇ ਰੱਖ ਕੇ ਦੇਖਣ ਦੀ ਕੋਸ਼ਸ਼ ਕਰਦਾ ਹੈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਦ੍ਰਿਸ਼ਟੀਕੋਣ ਬਦਲਣ ਨਾਲ ਦ੍ਰਿਸ਼ਟੀ ਬਦਲ ਜਾਂਦੀ ਹੈ।
(ਨੋਟ:-ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਕਈ ਵਾਰ ਮਨੁੱਖ ਨੂੰ ਕਿਸੇ ਘਟਨਾ ਜਾਂ ਵਿਅਕਤੀ ਆਦਿ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਸ ਬਾਰੇ ਜੋ ਰਾਏ ਕਾਇਮ ਕਰ ਲੈਂਦਾ ਹੈ, ਉਹ ਠੀਕ ਨਹੀਂ ਹੁੰਦੀ। ਪਰ ਜਿਹੜੇ ਪੁਸ਼ਟ ਆਹਾਰ (ਭਾਵ, ਸੱਚ ਦੀਆਂ ਕਦਰਾਂ-ਕੀਮਤਾਂ ਨੂੰ ਸਮਝ ਕੇ ਇਹਨਾਂ ਨੂੰ ਅਮਲੀ ਰੂਪ ਵਿੱਚ ਅਪਣਾਉਣ ਵਾਲੇ ਪ੍ਰਾਣੀ) ਕਰਨ ਵਾਲੇ ਹਨ, ਉਹਨਾਂ ਨੂੰ ਜਿਉਂ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਉਹ ਆਪਣੀ ਕਰਣੀ ਉੱਤੇ ਦਿਲੋਂ ਪਛਤਾਵਾ ਕਰਦੇ ਹਨ।
ਇਹ ਠੀਕ ਹੈ ਕਿ ਕਈ ਵਾਰ ਮਨੁੱਖ ਸੱਚ ਤੋਂ ਜਾਣੂ ਹੁੰਦਾ ਹੋਇਆ ਵੀ, ਉਸ ਨੂੰ ਝੂਠ ਆਖਣ ਲਈ ਮਜਬੂਰ ਹੁੰਦਾ ਹੈ। ਇਸ ਤਰ੍ਹਾਂ ਦਾ ਕਦਮ ਮਨੁੱਖ ਕਿਧਰੇ ਪੈਸੇ ਦੀ ਖ਼ਾਤਰ, ਕਿਧਰੇ ਮੂੰਹ-ਮੁੰਹਲਾਜ਼ੇ ਦੀ ਖ਼ਾਤਰ ਅਤੇ ਕਿਧਰੇ ਕਿਸੇ ਦੇ ਦਬਾਅ `ਚ ਆ ਕੇ, ਕਿਧਰੇ ਬਦਲਾਖ਼ੋਰੀ ਕਾਰਨ ਅਤੇ ਕਿਧਰੇ ਈਰਖਾ ਵਸ, ਉਠਾਉਂਦਾ ਹੈ। ਕਈ ਵਾਰ ਮਨੁੱਖ ਆਪਣੀ ਨੌਕਰੀ ਬਚਾਉਣ, ਪ੍ਰਭਾਵਸ਼ਾਲੀ ਸ਼ਖ਼ਸ਼ੀਅਤਾਂ ਦੀ ਕ੍ਰੋਪੀ ਤੋਂ ਬਚਣ ਜਾਂ ਉਹਨਾਂ ਦੀ ਖ਼ੁਸ਼ੀ ਆਦਿ ਹਾਸਲ ਕਰਨ ਲਈ ਵੀ ਸੱਚ ਨੂੰ ਸੱਚ ਆਖਣ ਤੋਂ ਸੰਕੋਚ ਕਰਦਾ ਹੈ। ਜਿਹਨਾਂ ਅੰਦਰ ਇਨਸਾਨੀਅਤ ਦਾ ਅੰਸ਼ ਮੌਜੂਦ ਹੁੰਦਾ ਹੈ, ਉਹ ਅਜਿਹਾ ਕਦਮ ਉਠਾਉਣ ਮਗਰੋਂ ਆਪਣੇ ਆਪ ਨੂੰ ਹਮੇਸ਼ਾਂ ਹੀ ਕੋਸਦੇ ਰਹਿੰਦੇ ਹਨ। ਪਰ ਜਿਹਨਾਂ ਅੰਦਰ ਰੰਚ-ਮਾਤਰ ਵੀ ਇਨਸਾਨੀਅਤ ਦਾ ਅੰਸ਼ ਨਹੀਂ ਹੁੰਦਾ, ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ। ਪਰ ਕਈ ਵਾਰ, ਇਹੋ ਜਿਹੇ ਪਸ਼ੂ ਬਿਰਤੀ ਦੇ ਧਾਰਨੀ ਵੀ ਆਪਣੀ ਇਸ ਕਰਣੀ `ਤੇ ਪਛਤਾਉਂਦੇ ਹਨ (ਖ਼ਾਸ ਤੌਰ `ਤੇ) ਜਦੋਂ ਇਹਨਾਂ ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ: ਕੋਈ ਬੀਮਾਰੀ, ਮਾਇਕ ਨੁਕਸਾਨ, ਐਕਸੀਡੈਂਟ, ਸਬੰਧੀ ਦੀ ਮੌਤ ਜਾਂ ਸੱਚ ਆਦਿ ਪ੍ਰਗਟ ਹੋਣ ਦਾ ਡਰ, ਮਨੁੱਖ ਨੂੰ ਅੰਦਰ ਹੀ ਅੰਦਰ ਵੱਢ ਵੱਢ ਖਾਂਦਾ ਰਹਿੰਦਾ ਹੈ।) ਸੋ, ਗੱਲ ਕੀ, ਅੱਖਾਂ ਅਤੇ ਕੰਨਾਂ ਆਦਿ ਦੁਆਰਾ ਪ੍ਰਾਪਤ ਹੋਇਆ ਇਹ ਭੋਜਨ ਮਨੁੱਖ ਦੇ ਜੀਵਨ ਨਾਲ ਸੰਬੰਧਤ ਹਰੇਕ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ। (ਨੋਟ:-ਅਸੀਂ ਇਸ ਵਿਸ਼ੇ ਨਾਲ ਸੰਬੰਧਤ ਵਿਸ਼ੇਸ਼ ਤੌਰ `ਤੇ ਇੱਕ ਪਹਿਲੂ ਦੀ ਹੀ ਚਰਚਾ ਕਰ ਰਹੇ ਹਾਂ, ਇਸ ਲਈ ਇਸ ਪੱਖ ਦਾ ਵਰਨਣ ਨਹੀਂ ਕਰ ਰਹੇ ਹਾਂ ਜਿਸ ਵਿੱਚ ਮਨੁੱਖ ਦੇਖਦਾ, ਸੁਣਦਾ ਹੋਇਆ ਵੀ ਕਿਸੇ ਤਰ੍ਹਾਂ ਦਾ ਪ੍ਰਭਾਵ ਗ੍ਰਹਿਣ ਨਹੀਂ ਕਰਦਾ; ਭਾਵ ਇਸ ਭੋਜਨ ਦਾ ਮਨੁੱਖੀ ਮਨ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ।)
ਇਹ ਗੱਲ ਵਧੇਰੇ ਕੋਈ ਵਧੇਰੇ ਵਿਆਖਿਆ ਦੀ ਮੁਹਤਾਜ ਨਹੀਂ ਹੈ ਕਿ ਕੋਈ ਵੀ ਪ੍ਰਾਣੀ ਜਿਸ ਦੇ ਹੋਸ਼-ਹਵਾਸ ਕਾਇਮ ਹਨ, ਉਹ ਅਜਿਹਾ ਭੋਜਨ ਖਾਣ ਤੋਂ ਸੰਕੋਚ ਕਰਦਾ ਹੈ ਜਿਹੜਾ ਇਸ ਦੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਇਹ ਠੀਕ ਹੈ ਕਿ ਕਈ ਥਾਈਂ ਅਤੇ ਕਈ ਵਾਰ ਮਨੁੱਖ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਭੋਜਨ ਖਾਣਾ ਪੈਂਦਾ ਹੈ। ਇਸ ਤਰ੍ਹਾਂ ਦਾ ਭੋਜਨ ਖਾਣਾ ਮਨੁੱਖ ਦੀ ਚਾਹਤ ਨਹੀਂ ਸਗੋਂ ਮਜਬੂਰੀ ਹੁੰਦੀ ਹੈ। ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਸਾਨੂੰ ਖ਼ਰਾਬ ਭੋਜਨ ਖਿਲਾਉਣਾ ਚਾਹੇ ਤਾਂ ਅਸੀਂ ਉਸ ਪ੍ਰਾਣੀ ਨੂੰ ਆਪਣਾ ਦੁਸ਼ਮਨ ਵੀ ਸਮਝਣ ਲੱਗ ਪੈਂਦੇ ਹਾਂ। ਸਰੀਰ ਨੂੰ ਆਰੋਗ ਰੱਖਣ ਲਈ ਭੋਜਨ ਪ੍ਰਤੀ ਸੁਚੇਤ ਹੋਣਾ ਮਾੜੀ ਗੱਲ ਨਹੀਂ ਪਰ ਜੇਕਰਮਨੁੱਖ, ਮਨ ਨੂੰ ਪ੍ਰਭਾਵਿਤ ਕਰਨ ਵਾਲੇ ਭੋਜਨ ਵਲੋਂ ਅਵੇਸਲਾ ਹੋ ਜਾਵੇ ਤਾਂ ਇਸ ਦਾ ਰਿਸ਼ਟ-ਪੁਸ਼ਟ ਸਰੀਰ ਜ਼ਹਿਰ ਦੀ ਵਾੜੀ ਬਣ ਜਾਂਦਾ ਹੈ। ਜ਼ਹਿਰ ਦੀ ਵਾੜੀ ਬਣਿਆ ਮਨੁੱਖ ਪਸ਼ੂਪੁਣੇ ਦਾ ਸ਼ਿਕਾਰ ਹੋ ਕੇ ਅਜਿਹਾ ਖੋਰੂ ਪਾਉਂਦਾ ਹੈ ਜਿਸ ਨਾਲ ਮਨੁੱਖਤਾ ਸ਼ਰਮਸ਼ਾਰ ਹੁੰਦੀ ਹੈ। ਇਸ ਭੋਜਨ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਕਿਧਰੇ ਭਾਸ਼ਾ ਦੇ ਨਾਂ `ਤੇ, ਕਿਧਰੇ ਜਾਤ-ਪਾਤ ਦੇ ਨਾਂ `ਤੇ, ਕਿਧਰੇ ਧਰਮ ਦੇ ਨਾਂ `ਤੇ, ਕਿਧਰੇ ਰਾਸ਼ਟਰ ਆਦਿ ਦੇ ਆਧਾਰ `ਤੇ ਇੱਕ ਦੂਜੇ ਦੇ ਖ਼ੂਨ ਦਾ ਪਿਆਸਾ ਬਣਿਆ ਹੋਇਆ ਹੈ। ਇਸ ਭੋਜਨ ਦੀ ਬਦੌਲਤ ਹੀ ਮਨੁੱਖ ਧੜੇਬਾਜ਼ੀਆਂ ਦਾ ਸ਼ਿਕਾਰ ਹੋ ਕੇ ਸੱਚ ਵਲੋਂ ਅੱਖਾਂ ਮੀਚ ਲੈਂਦਾ ਹੈ। ਸੱਚ ਸਮਝਦਾ ਅਤੇ ਦੇਖਦਾ ਹੋਇਆ ਵੀ ਇਸ ਨੂੰ ਅਪਣਾਉਣ ਲਈ ਉਤਸੁਕ ਨਹੀਂ ਹੈ।
ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਭੋਜਨ ਮਨੁੱਖ ਗ਼ਰੀਬੀ, ਮਜਬੂਰੀ ਜਾਂ ਬੇਸਮਝੀ ਵਿੱਚ ਖਾਂਦਾ ਹੈ। ਕੋਈ ਵੀ ਮਨੁੱਖ ਖ਼ੁਸ਼ੀ ਨਾਲ ਮਾੜਾ ਭੋਜਨ ਨਹੀਂ ਖਾਣਾ ਚਾਹੁੰਦਾ। ਜੇ ਕੋਈ ਇਹੋ-ਜਿਹਾ ਭੋਜਨ ਖਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰ ਮਨ ਨੂੰ ਮਾੜਾ ਅਤੇ ਵਿਸ਼ੈਲਾ ਭੋਜਨ ਖੁਆਉਣ ਨਾਲ ਮਨੁੱਖ ਆਪਣਾ ਨੁਕਸਾਨ ਹੀਂ ਨਹੀਂ ਸਗੋਂ ਦੂਜਿਆਂ ਦਾ ਵੀ ਕਰਦਾ ਹੈ।

ਇਸ ਭੋਜਨ ਵਲੋਂ ਅਵੇਸਲੇਪਣ ਦੇ ਸਿੱਟੇ ਵਜੋਂ ਹੀ ਮਨੁੱਖ, ਮਨ ਦੇ ਤਲ `ਤੇ ਕਈ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਮਾਨਸਕ ਰੋਗੀਆਂ ਦੇ ਕਾਰਨ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਕ ਖੇਤਰ ਹੀ ਨਹੀਂ ਸਗੋਂ ਹਰ ਵਿਭਾਗ ਵੀ ਗੰਦਗੀ ਨਾਲ ਲਿਬੜਿਆ ਹੋਇਆ ਹੈ। ਜਿਸ ਤਰ੍ਹਾਂ ਮਨੁੱਖ ਨੂੰ ਮਜ਼ਬੂਰੀਵਸ ਇਸ ਤਰ੍ਹਾਂ ਦਾ ਭੋਜਨ ਖਾਣਾ ਪੈਂਦਾ ਹੈ ਜਿਹੜਾ ਮਨੁੱਖ ਦੇ ਸਰੀਰ ਲਈ ਨੁਕਸਾਨ ਦਾਇਕ ਹੈ ਪਰ ਮਨ ਦੇ ਭੋਜਨ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ ਹੈ। ਇਹ ਠੀਕ ਹੈ ਕਿ ਕਈ ਹਾਲਾਤਾਂ ਵਿੱਚ ਮਨੁੱਖ ਦੀ ਇਸ ਭੋਜਨ ਸੰਬੰਧੀ ਆਪਣੀ ਚੋਣ ਨਹੀਂ ਹੁੰਦੀ। ਜਿਸ ਮਾਹੌਲ (ਵਾਤਾਵਰਨ) ਵਿੱਚ ਉਹ ਰਹਿ ਰਿਹਾ ਹੁੰਦਾ ਹੈ, ਉਸ ਨੂੰ ਉਹੋ ਭੋਜਨ ਖਾਣਾ ਪੈਂਦਾ ਹੈ। (ਇਸ ਵਾਤਾਵਰਨ ਦਾ, ਜਿਸ ਵਿੱਚ ਇਸ ਭੋਜਨ ਸੰਬੰਧੀ ਮਨੁੱਖ ਦੀ ਆਪਣੀ ਚੋਣ ਨਹੀਂ ਹੁੰਦੀ, ਕੁੱਝ ਕੁ ਵਿਸਤਾਰ ਸਹਿਤ ਅੱਗੇ ਚਰਚਾ ਕਰਾਂਗੇ)
ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥਾਂ ਵਿੱਚ ਜੇਕਰ ਕੋਈ ਮਿਲਾਵਟ ਕਰਦਾ ਹੈ ਤਾਂ ਉਸ ਨੂੰ ਕਨੂੰਨੀ ਤੌਰ `ਤੇ ਸਜ਼ਾ ਮਿਲਦੀ ਹੈ। ਭਾਵੇਂ ਕਈ ਦੇਸ਼ਾਂ `ਚ ਇਸ ਤਰ੍ਹਾਂ ਦੀ ਕਨੂੰਨ ਦੀ ਪਕੜ `ਚ ਕੇਵਲ ਆਮ ਸਾਧਾਰਨ ਮਨੁੱਖ ਹੀ ਆਉਂਦਾ ਹੈ। ਰਾਜਸੀ ਲੋਕਾਂ ਦੀ ਮਿਲੀ-ਭੁਗਤ ਨਾਲ ਇਸ ਤਰ੍ਹਾਂ ਦੀ ਕਰਤੂਤ ਕਰਨ ਵਾਲਿਆਂ ਤੀਕ ਕਨੂੰਨ ਦਾ ਹੱਥ ਨਹੀਂ ਅਪੜਦਾ ਹੈ। ਪਰ ਹਰ ਥਾਂ ਅਜਿਹਾ ਨਹੀਂ ਹੁੰਦਾ ਹੈ। ਪਰ ਮਨ ਨੂੰ ਦੂਸ਼ਿਤ ਕਰਨ ਵਾਲੇ ਭੋਜਨ ਬਾਰੇ ਕੋਈ ਕਨੂੰਨ ਨਹੀਂ ਹੈ। ਇਸ ਲਈ ਹਰ ਖੇਤਰ ਵਿੱਚ ਮਨ ਨੂੰ ਭ੍ਰਿਸ਼ਟ ਕਰਨ ਵਾਲੇ ਖੁਲ੍ਹਮ-ਖੁਲ੍ਹਾ ਇਸ ਭੋਜਨ ਨੂੰ ਪਰੋਸ ਕੇ ਮਨੁੱਖ ਨੂੰ ਖੁਵਾ ਰਹੇ ਹਨ।
ਮਨ ਦੇ ਭੋਜਨ ਸੰਬੰਧੀ ਇਸ ਅਣਗਹਿਲੀ ਕਾਰਨ ਹੀ ਮਨੁੱਖ ਦੇ ਮਨ ਦੀ ਖ਼ੁਰਾਕ ਉਹ ਹੈ ਜਿਸ ਨੂੰ ਖਾਣ ਕਾਰਨ, ਮਨੁੱਖ ਦਾ ਮਨ ਬੁਰੀ ਤਰ੍ਹਾਂ ਦੂਸ਼ਿਤ ਹੋਇਆ ਹੋਇਆ ਹੈ। ਇਹ ਅਵੇਸਲਾਪਣ ਧਾਰਮਿਕ ਦੁਨੀਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਸ ਲਈ ਹੀ ਕਿਸੇ ਖਾਣ ਵਾਲੇ ਪਦਾਰਥ ਨਾਲ ਮਨੁੱਖ ਨੂੰ ਭ੍ਰਿਸ਼ਟ ਸਮਝਿਆ ਜਾਂਦਾ ਹੈ। ਕਿਸੇ ਧਰਮ ਦਾ ਪੈਰੋਕਾਰ ਜੇਕਰ ਮਨੁੱਖਤਾ ਨੂੰ ਕਲੰਕਿਤ ਕਰਨ ਵਾਲਾ ਕੋਈ ਕਾਰਨਾਮਾ ਕਰਦਾ ਹੈ ਤਾਂ ਉਸ ਧਰਮ ਦੇ ਪੈਰੋਕਾਰ ਉਸ ਨੂੰ ਫਿਰ ਵੀ ਆਪਣੇ ਧਰਮ ਦੇ ਪੈਰੋਕਾਰ ਦੀ ਹੈਸੀਅਤ ਵਿੱਚ ਦੇਖਦੇ ਹਨ। ਪਰ ਜੇਕਰ ਕੋਈ ਆਪਣੇ ਧਰਮ ਵਿੱਚ ਮਨ੍ਹਾਹੀ ਵਾਲੇ ਭੋਜਨ ਨੂੰ ਖਾ ਲੈਂਦਾ ਹੈ ਤਾਂ ਉਸ ਨੂੰ ਉਸ ਧਰਮ ਦਾ ਪੈਰੋਕਾਰ ਨਹੀਂ ਸਮਝਿਆ ਜਾਂਦਾ ਹੈ।
ਹਾਂ, ਕਈ ਦੇਸ਼ਾਂ ਵਿੱਚ ਦੂਜਿਆਂ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚਾਉਣ ਜਾਂ ਨਫ਼ਰਤ ਆਦਿ ਫੈਲਾਉਣ ਲਈ ਜ਼ਰੂਰ ਸਜ਼ਾ ਦਿੱਤੀ ਜਾਂਦੀ ਹੈ। ਪਰ ਦੋਸ਼ੀ ਨੂੰ ਤਦੋਂ ਹੀ ਸਜ਼ਾ ਦਿੱਤੀ ਜਾ ਸਕਦੀ ਹੈ ਜਦੋਂ ਕੋਈ ਵਿਅਕਤੀ ਖੁਲ੍ਹੇਆਮ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਦੇਸ਼ਾਂ ਵਿੱਚ ਇਸ ਕਾਨੂੰਨ ਦੀ ਪਕੜ ਵਿੱਚ ਕੇਵਲ ਘੱਟ ਗਿਣਤੀ ਨਾਲ ਸੰਬੰਧਤ ਜਾਂ ਗ਼ਰੀਬ ਵਿਅਕਤੀ ਹੀ ਆਉਂਦੇ ਹਨ। ਜਿਹੜੇ ਵਿਅਕਤੀ ਸਭਿਅਕ ਢੰਗ ਨਾਲ ਵਾਤਾਵਰਨ ਨੂੰ ਦੂਸ਼ਿਤ ਕਰਕੇ, ਮਨੁੱਖੀ ਮਨਾਂ ਨੂੰ ਭ੍ਰਿਸ਼ਟ ਕਰ ਰਹੇ ਹਨ, ਉਹਨਾਂ ਲਈ ਅਜੇ ਕਿਸੇ ਦੇਸ਼ ਵਿੱਚ ਵੀ ਕਨੂੰਨ ਨਹੀਂ ਬਣਿਆ ਹੈ।
ਸਰੀਰਕ ਇੰਦ੍ਰਿਆਂ ਦੁਆਰਾ ਗ੍ਰਹਿਣ ਕੀਤਾ ਹੋਇਆ ਆਹਾਰ ਸਾਡੇ ਜੀਵਨ ਵਿੱਚ ਆਏ ਦੁੱਖ-ਸੁਖ ਨੂੰ ਮਹਿਸੂਸ ਕਰਨ ਵਾਲੀ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹ ਭੋਜਨ ਮਨੁੱਖ ਨੂੰ ਨਾਕਾਰਾਤਮਕ ਅਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਜੇਕਰ ਕੋਈ ਮਨੁੱਖ ਪੁਸ਼ਟ ਭੋਜਨ ਕਰਨ ਵਾਲਾ ਹੈ ਤਾਂ ਉਸ ਨੂੰ ਭਿਆਨਕ ਤੋਂ ਭਿਆਨਕ ਘਟਨਾ ਵੀ ਦੁਖੀ ਨਹੀਂ ਕਰ ਸਕਦੀ ਅਤੇ ਜੇਕਰ ਕੋਈ ਮਾੜੀ ਖ਼ੁਰਾਕ ਖਾਣ ਵਾਲਾ ਹੈ ਤਾਂ ਉਸ ਨੂੰ ਸਾਧਾਰਨ ਘਟਨਾ ਵੀ ਦੁੱਖੀ ਕਰ ਦਿੰਦੀ ਹੈ।
ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਕਾਰਨ ਜੇਕਰ ਅਸੀਂ ਕਿਸੇ ਵਲੋਂ ਨਿੰਦਿਆਂ ਆਦਿ ਕਾਰਨ ਦੁਖੀ ਹੁੰਦੇ ਹਾਂ ਤਾਂ ਇਸ ਵਿੱਚ ਸਾਡੀ ਮਾੜੀ ਖ਼ੁਰਾਕ ਦਾ ਦੋਸ਼ ਹੈ। ਸਾਡੇ `ਤੇ ਨਿਰਭਰ ਕਰਦਾ ਹੈ ਕਿ ਅਸੀਂ ਦੂਜੇ ਦੇ ਵਿਵਹਾਰ ਨੂੰ ਕਿਸ ਰੂਪ ਵਿੱਚ ਲੈਂਦੇ ਹਾਂ। ਮਨੁੱਖ ਦੀ ਕਿਸੇ ਮਨੁੱਖ ਬਾਰੇ ਜੋ ਸੋਚ ਹੁੰਦੀ ਹੈ, ਉਸ ਨੂੰ ਉਹ ਉਸੇ ਹੀ ਰੂਪ ਵਿੱਚ ਦਿਖਾਈ ਦੇਣ ਲੱਗ ਪੈਂਦਾ ਹੈ। ਇਸ ਸੰਬੰਧੀ ਇੱਕ ਪ੍ਰਾਚੀਨ ਕਹਾਣੀ ਪ੍ਰਚਲਤ ਹੈ ਕਿ ਉਹ ਲਕੜਹਾਰਾ ਜਿਸ ਦੀ ਕੁਹਾੜੀ ਗਵਾਚ ਜਾਂਦੀ ਹੈ, ਉਸ ਨੂੰ ਆਪਣੇ ਗਵਾਂਢ ਵਿੱਚ ਰਹਿ ਰਹੇ ਨੌਜਵਾਨ ਉੱਤੇ ਸ਼ੱਕ ਹੈ। ਉਸ ਕੋਲ ਭਾਵੇਂ ਕੋਈ ਇਸ ਗੱਲ ਦਾ ਸਬੂਤ ਨਹੀਂ ਪਰ ਫਿਰ ਵੀ ਉਸ ਨੂੰ ਲਗਦਾ ਹੈ ਕਿ ਉਸ ਦੀ ਕੁਹਾੜੀ ਇਸ ਨੌਜਵਾਨ ਨੇ ਹੀ ਚੁਰਾਈ ਹੈ। ਉਹ ਜਦੋਂ ਵੀ ਉਸ ਨੌਜਵਾਨ ਨੂੰ ਦੇਖਦਾ ਹੈ, ਉਸ ਨੂੰ ਉਸ ਦੀ ਚਾਲ ਤੋਂ, ਦੇਖਣ ਢੰਗ ਤੋਂ, ਬੋਲ-ਚਾਲ ਤੋਂ ਉਹ ਪੱਕਾ ਚੋਰ ਲਗਦਾ ਹੈ। ਕੁੱਝ ਦਿਨਾਂ ਮਗਰੋਂ ਲਕੜਹਾਰੇ ਨੂੰ ਆਪਣੇ ਘਰੋਂ ਹੀ ਗੁਆਚੀ ਕੁਹਾੜੀ ਮਿਲ ਜਾਂਦੀ ਹੈ। ਹੁਣ ਜਦੋਂ ਉਹ ਉਸ ਨੌਜਵਾਨ ਨੂੰ ਦੇਖਦਾ ਹੈ ਤਾਂ ਉਸ ਦੀ ਚਾਲ, ਦੇਖਣ ਅਤੇ ਬੋਲ-ਚਾਲ ਤੋਂ ਉਹ ਨੌਜਵਾਨ ਚੋਰ ਨਹੀਂ ਬਲਕਿ ਬੜਾ ਹੀ ਸਾਊ ਵਿਅਕਤੀ ਪ੍ਰਤੀਤ ਹੁੰਦਾ ਹੈ। ਗੁਰਬਾਣੀ ਵਿੱਚ ਇਸ ਭਾਵ ਨੂੰ ਇਸ ਤਰ੍ਹਾਂ ਦਰਸਾਇਆ ਹੈ:-
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ॥ ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ॥ ੧॥ ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ॥ ਰਹਾਉ॥ ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ॥ ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ॥ ੨॥ (ਪੰਨਾ ੬੧੦) ਅਰਥ:-ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ, ਜਿਸ ਨੇ ਸਭ ਜੀਵਾਂ ਵਿੱਚ ਪਰਮਾਤਮਾ ਵੱਸਦਾ ਪਛਾਣ ਲਿਆ, ਉਸ ਦੇ ਖ਼ਿਆਲ ਵਿੱਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ। ਰਹਾਉ। ਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿੱਚ ਫਸੇ ਹੋਏ ਦੇ ਖ਼ਿਆਲ ਵਿੱਚ ਸਾਰੀ ਲੁਕਾਈ ਹੀ ਵਿਕਾਰੀ ਹੈ। ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁੱਝ ਕਰਨ ਦੀ ਸਮਰਥਾ ਵਾਲਾ ਹੈ, ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ ਰੱਖਿਆ ਹੋਇਆ ਹੈ। ੧। ਹੇ ਭਾਈ! ਸਾਧ ਸੰਗਤਿ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ) ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ। ਪਰ ਜਿਸ ਮਨੁੱਖ ਦਾ ਮਨ ਹਉਮੈਂ-ਰੋਗ ਵਿੱਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ। ੨।
ਭਾਈ ਗੁਰਦਾਸ ਜੀ ਨੇ ਇਸ ਪ੍ਰਥਾਇ ਲਿਖਿਆ ਹੈ:-ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ॥ ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ॥ ਕਿਸਨੁ ਸਹਾਈ ਪਾਂਡਵਾਂ ਭਾਇ ਭਗਤਿ ਕਰਤੂਤਿ ਵਿਸੇਖੈ॥ ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੈ॥ ਭਲਾ ਬੁਰਾ ਪਰਵੰਨਿਆ ਭਾਲਣ ਗਏ ਨ ਦਿਸਟਿ ਸਰੇਖੈ॥ ਬੁਰਾ ਨ ਕੋਇ ਜੁਧਿਸਟਰੈ ਦੁਰਜੋਧਨ ਕੋ ਭਲਾ ਨ ਭੇਖੈ॥ ਕਰਵੈ ਹੋਇ ਸੁ ਟੋਟੀ ਰੇਖੈ॥ (ਵਾਰ ੩੧, ਪਉੜੀ ੪) ਅਰਥ:- ਜੋ ਆਪ ਭਲਾ ਹੈ, ਸਾਰਾ ਜਗਤ ਉਸ ਦੇ ਭਾਣੇ ਭਲਾ ਹੈ ਕਿਉਂਕਿ ਭਲਾ ਮਨੁੱਖ ਸਭਨਾਂ ਨੂੰ ਭਲਾ ਕਰਕੇ ਦੇਖਦਾ ਹੈ। ਜੋ ਆਪ ਬੁਰਾ ਹੈ, ਉਸ ਨੂੰ ਸਾਰਾ ਜਗਤ ਹੀ ਬੁਰਾ ਭਾਸਦਾ ਹੈ, ਕਿਉਂਕਿ ਬੁਰੇ ਦੇ ਲੇਖੇ ਸਾਰੇ ਬੁਰੇ ਹੀ ਹਨ। ਕ੍ਰਿਸ਼ਨ ਨੇ ਪਾਂਡਵਾਂ ਦੀ ਕੁਮਕ ਕੀਤੀ ਕਿਉਂਕਿ ਉਹਨਾਂ ਵਿੱਚ ਭਾਉ ਭਗਤੀ ਦੀ ਊਤਮ ਕ੍ਰਿਆ ਸੀ। ਕੈਰਵਾਂ ਦੇ ਚਿੱਤ ਵਿੱਚ ਵੈਰ ਭਾਉ ਸੀ, ਵੈਰ ਦੀ ਹੀ ਗਿਣਤੀ ਮਨ ਵਿੱਚ ਗਿਣਦੇ ਸਨ, ਅੰਤ ਨੂੰ ਕਾਲਖ ਦਾ ਹੀ ਟਿੱਕਾ ਮਿਲਿਆ। ਮਾਨਨੀਯ ਦੋ ਰਾਜੇ ਭਲਾ ਤੇ ਬੁਰਾ ਲੱਭਣ ਗਏ, ਦੋਹਾਂ ਦੀ ਦ੍ਰਿਸ਼ਟੀ ਇਕੋ ਜਿਹੀ ਨਹੀਂ ਸੀ। ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਯੋਧਨ ਨੂੰ ਕੋਈ ਭਲਾ ਨਾ ਲਭਿਆ। ਗੰਗਾ ਸਾਗਰ ਵਿੱਚ ਜੋ ਹੁੰਦਾ ਹੈ ਟੂਟੀ ਦੀ ਧਾਰ ਥੋਂ ਪ੍ਰਤੀਤ ਹੋ ਜਾਂਦਾ ਹੈ।
ਭਾਈ ਗੁਰਦਾਸ ਜੀ ਦੀ ਇਸ ਪਉੜੀ ਵਿੱਚ ਇਸ ਗੱਲ ਨੂੰ ਹੀ ਦਰਸਾਇਆ ਗਿਆ ਹੈ ਕਿ ਜੋ ਕੁੱਝ ਮਨੁੱਖ ਦੇ ਮਨ ਵਿੱਚ ਹੈ, ਉਹੀ ਕੁੱਝ ਇਸ ਨੂੰ ਨਜ਼ਰ ਆਉਂਦਾ ਹੈ। ਗੋ ਸੁਆਮੀ ਤੁਲਸੀ ਹੁਰਾਂ ਨੇ ਇਸ ਭਾਵ ਨੂੰ ਇਉਂ ਬਿਆਨ ਕੀਤਾ ਹੈ:-ਜਾਕੀ ਰਹੀ ਭਾਵਨਾ ਜੈਸੀ ਪ੍ਰਭੂ ਮੂਰਤਿ ਤਿਨ ਦੇਖੀ ਜੈਸੀ।
(ਨੋਟ:- ਅਸੀਂ 'ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ' ਦਾ ਵਰਨਣ ਕਰ ਰਹੇ ਹਾਂ, ਇਸ ਲਈ ਉਸ ਪੱਖ ਦਾ ਜ਼ਿਕਰ ਨਹੀਂ ਕਰ ਰਹੇ ਹਾਂ, ਜਿਸ ਵਿੱਚ ਮਨੁੱਖ ਡਰ, ਲਾਲਚ ਜਾਂ ਚਾਪਲੂਸੀ ਆਦਿ ਕਾਰਨ, ਬੇਈਮਾਨ ਮਨੁੱਖ ਨੂੰ ਈਮਾਨਦਾਰ ਅਤੇ ਈਮਾਨਦਾਰ ਨੂੰ ਬੇਈਮਾਨ ਹੋਣ ਦੀ ਗਵਾਹੀ ਭਰਦਾ ਹੈ।)
ਇਹ ਮੰਨਿਆਂ ਜਾਂਦਾ ਹੈ ਕਿ ਜਦੋਂ ਕੋਈ ਪ੍ਰਾਣੀ ਮਾੜਾ ਕੰਮ ਕਰਨ ਲਗਦਾ ਹੈ ਤਾਂ ਉਸ ਦੀ ਅੰਤਰ-ਆਤਮਾ ਤੋਂ ਆਵਾਜ਼ ਆਉਂਦੀ ਹੈ ਜੋ ਮਨੁੱਖ ਨੂੰ ਮਾੜਾ ਕੰਮ ਕਰਨ ਤੋਂ ਰੋਕਦੀ ਹੈ। ਇਹ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਜੋ ਮਨੁੱਖ ਨੂੰ ਭੈੜਾ ਕੰਮ ਕਰਨ ਤੋਂ ਵਰਜਦੀ ਹੈ ਪਰ ਮਨੁੱਖ ਇਸ ਆਵਾਜ਼ ਨੂੰ ਸੁਣ ਕੇ ਵੀ ਅਣਸੁਣਿਆਂ ਕਰ ਦੇਂਦਾ ਹੈ। ਇਸ ਆਵਾਜ਼ ਨੂੰ ਅਣਸੁਣਿਆਂ ਕਰਕੇ ਹੀ ਮਨੁੱਖ ਬੇਝਿਝਕ ਹੋ ਕੇ ਗ਼ਲਤ ਕਦਮ ਉਠਾ ਲੈਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਉਂ ਜਿਉਂ ਮਨੁੱਖ ਰੱਬੀ ਆਵਾਜ਼ ਨੂੰ ਅਣਸੁਣਿਆਂ ਕਰਦਾ ਜਾਂਦਾ ਹੈ ਤਿਉਂ ਤਿਉਂ ਹੀ ਇਹ ਆਵਾਜ਼ ਮੱਧਮ ਹੁੰਦੀ ਜਾਂਦੀ ਹੈ। ਸਿੱਟੇ ਵਜੋਂ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਇਹ ਆਵਾਜ਼ ਇਤਨੀ ਧੀਮੀ ਹੋ ਜਾਂਦੀ ਹੈ ਕਿ ਮਨੁੱਖ ਨੂੰ ਸੁਣਾਈ ਹੀ ਨਹੀਂ ਦੇਂਦੀ।
ਪਰੰਤੂ ਇਹ ਧਾਰਨਾ ਠੀਕ ਨਹੀਂ ਹੈ ਕਿਉਂਕਿ ਇਹ ਆਵਾਜ਼ ਰੱਬ ਦੀ ਆਵਾਜ਼ ਨਹੀਂ ਹੈ। ਜੇਕਰ ਇਹ ਰੱਬ ਦੀ ਆਵਾਜ਼ ਹੁੰਦੀ ਤਾਂ ਇਹ ਸਾਰਿਆਂ ਮਨੁੱਖਾਂ ਨੂੰ ਇਕੋ ਜਿਹਾ ਸ਼ੰਦੇਸ ਦੇਂਦੀ। ਇਹ ਆਵਾਜ਼ ਸਾਰੇ ਵਿਅਕਤੀਆਂ ਦੀ ਅੰਤਰ-ਆਤਮਾ ਵਿੱਚ ਇਕੋ-ਜਿਹੀ ਨਹੀਂ ਉਠਦੀ। ਉਦਾਹਰਣ ਵਜੋਂ ਜੇਕਰ ਕੋਈ ਧਾਰਮਿਕ ਜਨੂੰਨ ਦਾ ਸ਼ਿਕਾਰ ਹੋ ਕੇ ਦੂਜੇ ਧਰਮ ਦੇ ਪੈਰੋਕਾਰ ਨੂੰ ਮਾਰ ਮੁਕਾਉਂਦਾ ਹੈ ਤਾਂ ਉਸ ਦੇ ਅੰਦਰੋਂ ਇਹੋ-ਜਿਹੀ ਆਵਾਜ਼ ਨਹੀਂ ਆਉਂਦੀ, ਜਿਹੜੀ ਉਸ ਨੂੰ ਇਹ ਕਹਿ ਰਹੀ ਹੋਵੇ ਕਿ ਪਾਪ ਹੈ। ਇਹੋ-ਜਿਹੇ ਜਨੂੰਨੀ ਨੂੰ ਤਾਂ ਸਗੋਂ ਇਹੋ-ਜਿਹਾ ਕੁਕਰਮ ਕਰਨ ਲਈ ਅੰਦਰੋਂ ਪ੍ਰੇਰਨਾ ਮਿਲ ਰਹੀ ਹੁੰਦੀ ਹੈ। ਇਸ ਲਈ ਹੀ ਤਾਂ ਇਸ ਤਰ੍ਹਾਂ ਦੇ ਨਿਰਦਈ ਮਨੁੱਖਾਂ ਨੂੰ ਅਣਮਨੁੱਖੀ ਕਾਰਾ ਕਰਕੇ ਵੀ ਕਿਸੇ ਤਰ੍ਹਾਂ ਕੋਈ ਪਛਤਾਵਾ ਨਹੀਂ ਹੁੰਦਾ ਹੈ। ਅਜਿਹੇ ਜਨੂੰਨੀਆਂ ਨੂੰ ਆਪਣੇ ਕੀਤੇ `ਤੇ ਪਛਤਾਵਾ ਕਰਨ ਦੀ ਥਾਂ ਮਾਨ ਮਹਿਸੂਸ ਹੁੰਦਾ ਹੈ। ਲਗ-ਪਗ ਹਰ ਧਰਮ ਵਿੱਚ ਇਹੋ ਜਿਹੇ ਜਨੂੰਨੀਆਂ ਦੇ ਕਾਰਨਾਮਿਆਂ ਨਾਲ ਇਤਿਹਾਸ ਭਰਿਆ ਪਿਆ ਹੈ। ਇਹੋ-ਜਿਹੇ ਜਨੂੰਨੀ ਬੀਤੇ ਯੁੱਗ ਦਾ ਹੀ ਹਿੱਸਾ ਨਹੀਂ ਬਲਕਿ ਅੱਜ ਵੀ ਹਰ ਥਾਂ ਮੌਜੂਦ ਹਨ; ਜਿਹੜੇ ਧਰਮ ਦੇ ਨਾਮ `ਤੇ ਮਨੁੱਖਤਾ ਨੂੰ ਕਲੰਕਿਤ ਕਰਨ ਵਾਲੇ ਕਾਰਨਾਮੇ ਕਰਨ ਤੋਂ ਰੰਚ-ਮਾਤਰ ਵੀ ਸੰਕੋਚ ਨਹੀਂ ਕਰਦੇ।
ਪਰਮਾਤਮਾ ਨਾਲ ਜੋ ਕੁੱਝ ਵੀ ਸੰਬੰਧਤ ਹੈ, ਉਹ ਸਾਰੇ ਮਨੁੱਖਾਂ ਲਈ ਇਕੋ ਜਿਹਾ ਹੈ। ਕੁਦਰਤ ਦੇ ਨਿਯਮ ਨਾ ਤਾਂ ਕਿਸੇ ਨਾਲ ਭਿੰਨ-ਭੇਦ ਕਰਦੇ ਹਨ ਅਤੇ ਨਾ ਹੀ ਕਿਸੇ ਨਾਲ ਵਿਤਕਰਾ ਕਰਦੇ ਹਨ। ਭੇਦ-ਭਾਵ ਅਤੇ ਵਿਤਕਰੇ ਕਰਨ ਵਿੱਚ ਪਰਮਾਤਮਾ ਦੀ ਸਭ ਤੋਂ ਸ੍ਰੇਸ਼ਟ ਕ੍ਰਿਤ ਮਨੁੱਖ ਦੀ ਹੀ ਸਰਦਾਰੀ ਹੈ। ਇਸ ਲਈ ਮਨੁੱਖ ਅੰਦਰੋਂ ਉੱਠ ਰਹੀ ਆਵਾਜ਼ ਰੱਬ ਦੀ ਆਵਾਜ਼ ਨਹੀਂ ਹੁੰਦੀ, ਇਹ ਆਵਾਜ਼ ਮਨੁੱਖ ਦੀ ਆਪਣੀ ਹੀ ਹੁੰਦੀ ਹੈ। ਇਸ ਲਈ ਹੀ ਇੱਕ ਧਰਮ ਦੇ ਪੈਰੋਕਾਰ ਦੇ ਮਨ ਵਿੱਚ ਦੂਜੇ ਧਰਮ ਦੇ ਧਰਮ-ਮੰਦਰ ਨੂੰ ਦੇਖ ਕੇ ਉਹੋ ਜਿਹਾ ਭਾਵ ਪੈਦਾ ਨਹੀਂ ਹੁੰਦਾ ਜਿਹੋ-ਜਿਹਾ ਉਸ ਨੂੰ ਆਪਣੇ ਧਰਮ-ਮੰਦਰ ਦੇਖ ਕੇ ਪੈਦਾ ਹੁੰਦਾ ਹੈ।
ਸੋ, ਅੰਤਰ-ਆਤਮਾ ਦੀ ਇਹ ਆਵਾਜ਼ ਪਰਮਾਤਮਾ ਦੀ ਨਹੀਂ ਬਲਕਿ ਮਨੁੱਖ ਦੇ ਆਪਣੇ ਹੀ ਮਨ ਦੀ ਹੁੰਦੀ ਹੈ। ਇਹ ਆਵਾਜ਼ ਮਨੁੱਖ ਦੀ ਆਪਣੀ ਸੋਚ ਦਾ ਸਿੱਟ ਹੁੰਦੀ ਹੈ। ਇਹ ਮੁਕੰਮਲ ਰੂਪ ਵਿੱਚ ਮਨੁੱਖ `ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਸ ਤਰ੍ਹਾਂ ਦੀ ਆਵਾਜ਼ ਸੁਣਨੀ ਹੈ। ਜੇਕਰ ਮਨੁੱਖ ਸੱਚ-ਮੁੱਚ ਰੱਬੀ ਆਵਾਜ਼ ਸੁਣਨਾ ਚਾਹੁੰਦਾ ਹੈ ਤਾਂ ਉਸ ਨੂੰ ਸਵੱਛ ਅਤੇ ਪੌਸ਼ਟਿਕ ਭੋਜਨ ਮਨ ਨੂੰ ਖੁਆਉਣਾ ਪਵੇਗਾ। (ਇਸ ਖ਼ੁਰਾਕ ਦੀ ਅਸੀਂ ਅਗਲੇ ਭਾਗ ਵਿੱਚ ਚਰਚਾ ਕਰਾਂਗੇ)। ਇਸ ਭਾਵ ਨੂੰ ਹੀ ਇਸ ਅਖਾਣ ਵਿੱਚ ਦਰਸਾਇਆ ਗਿਆ ਹੈ ਕਿ ‘ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ’। ਮਨੁੱਖ ਦੀ ਜਿਹੋ-ਜਿਹੀ ਦ੍ਰਿਸ਼ਟੀ ਹੁੰਦੀ ਹੈ, ਉਸ ਤਰ੍ਹਾਂ ਦੀ ਹੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਜਿਸ ਦ੍ਰਿਸ਼ਟੀ ਨਾਲ ਮਨੁੱਖ ਨੂੰ ਸ੍ਰਿਸ਼ਟੀ ਨਜ਼ਰ ਆਉਂਦੀ ਹੈ, ਇਸ ਦ੍ਰਿਸ਼ਟੀ ਦਾ ਮਨੁੱਖ ਖ਼ੁਦ ਹੀ ਜਨਮ ਦਾਤਾ ਹੈ। ਪਰਮਾਤਮਾ ਨੇ ਤਾਂ ਸਾਰੇ ਮਨੁੱਖਾਂ ਨੂੰ ਇਕੋ-ਜਿਹੀ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ ਪਰ ਮਨੁੱਖ ਆਪਣੇ ਸੰਸਕਾਰਾਂ ਰੂਪ ਮਿੱਟੀ-ਘੱਟੇ ਨਾਲ ਇਸ ਨੂੰ ਧੁੰਧਲਾ ਬਣਾ ਦੇਂਦਾ ਹੈ। ਇਸ ਲਈ ਜੇਕਰ ਕਿਸੇ ਮਨੁੱਖ ਦੀ ਦ੍ਰਿਸ਼ਟੀ ਵਿੱਚ ਖੋਟ ਹੈ, ਤਾਂ ਇਹ ਖੋਟ ਰੱਬ ਦੀ ਦਾਤ ਨਹੀਂ ਬਲਕਿ ਮਨੁੱਖ ਦੀ ਆਪਣੀ ਗ਼ਲਤੀ ਦਾ ਸਿੱਟਾ ਹੈ। ਜੇਕਰ ਮਨੁੱਖ ਆਪਣੇ ਮਨ ਨੂੰ ਮਾੜੀ ਖ਼ੁਰਾਕ ਨਾ ਖੁਆਉਂਦਾ ਤਾਂ ਇਸ ਦੀ ਇਹੋ-ਜਿਹੀ ਦ੍ਰਿਸ਼ਟੀ ਨਾ ਬਣਦੀ। (ਚੱਲਦਾ)




.