.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ

(ਭਾਗ ਤੀਜਾ)

ਭੋਜਨ ਦੁਆਰਾ ਮਨ ਦੇ ਪ੍ਰਭਾਵਿਤ ਹੋਣ ਸੰਬੰਧੀ ਪ੍ਰਚਲਤ ਧਾਰਨਾਵਾਂ ਵਿੱਚੋਂ ਇੱਕ ਇਹ ਵੀ ਧਾਰਨਾ ਹੈ ਕਿ, “ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ, ਉਸੇ ਅਨੁਸਾਰ ਹੀ ਸਾਡੀ ਸੋਚ ਉਸਰਦੀ ਹੈ ਅਤੇ ਜੀਵਨ-ਆਦਰਸ਼ ਉਭਰਦੇ ਹਨ। ਸਪਸ਼ਟ ਹੈ ਕਿ ਭੋਜਨ ਸਾਡੀ ਸ਼ਖ਼ਸੀਅਤ ਅਤੇ ਸੋਚ-ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ”। (ਤਰਕਵੇਦ-ਨਰਿੰਦਰ ਸਿੰਘ ਕਪੂਰ)
ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਵਲੋਂ ਇਸ ਲਈ ਹੀ ਸ਼ਾਕਾਹਾਰੀ ਭੋਜਨ ਖਾਣ ਦੀ ਸਾਲਾਹ ਦਿੱਤੀ ਜਾਂਦੀ ਹੈ। ਸੁਆਮੀ ਦਇਆ ਨੰਦ ਇਸ ਸੰਬੰਧ ਵਿੱਚ ਕਹਿੰਦੇ ਹਨ ਕਿ, “ਮਾਸਾਹਾਰੀ ਮਨੁੱਖ ਦਾ ਸੁਭਾਉ ਹਿੰਸਕ ਹੋ ਜਾਂਦਾ ਹੈ, ਇਸ ਲਈ ਮਾਸ ਖਾਣਾ ਉਚਿਤ ਨਹੀਂ ਹੈ।”
(ਨੋਟ:- ਕਈ ਸੱਜਣ ਸ਼ਾਂਤ ਅਤੇ ਹਿੰਸਕ ਸੁਭਾਉ ਦਾ ਆਧਾਰ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਨੂੰ ਨਹੀਂ ਬਲਕਿ ਕਿਸੇ ਸ਼ਸਤਰ ਜਾਂ ਕਿਸੇ ਵਿਸ਼ੇਸ਼ ਵਸਤੂ ਨੂੰ ਕੇਵਲ ਪਾਸ ਰੱਖਣ ਨਾਲ ਮੰਨਦੇ ਹਨ। ਇਸ ਭਾਵ ਨੂੰ ਵਿਨੇਬਾ ਭਾਵੇ ਦੇ ਨਿਮਨ ਲਿਖਤ ਕਥਨ ਤੋਂ ਦੇਖਿਆ ਜਾ ਸਕਦਾ ਹੈ:-
“ਜਿਸ ਤਰ੍ਹਾਂ ਤਲਵਾਰ ਨੂੰ ਕੋਲ ਰਖਣ ਨਾਲ ਮਨੁੱਖ ਹਿੰਸਕ ਬਣ ਜਾਂਦਾ ਹੈ ਉਸੇ ਤਰ੍ਹਾਂ ਉਹ ਚਰਖੇ ਦੇ ਨਾਲ ਸ਼ਾਂਤ ਹੋ ਜਾਂਦਾ ਹੈ। ਸ਼ਾਂਤੀ ਅਤੇ ਅਹਿੰਸਾ ਹੀ ਚਰਖੇ ਦਾ ਸਹਚਾਰੀ ਭਾਵ ਹੈ।” (ਚਰਖੇ ਦਾ ਸਹਚਾਰੀ ਭਾਵ)
ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਚੰਗਾ ਜਾਂ ਮਾੜਾ ਭੋਜਨ ਖਾਣ ਨਾਲ ਸਾਡਾ ਸਰੀਰ ਪ੍ਰਭਾਵਿਤ ਹੁੰਦਾ ਹੈ। ਸਰੀਰਕ ਬੀਮਾਰੀ ਜਾਂ ਤੰਦਰੁਸਤੀ ਦਾ ਮਨੁੱਖ ਦੇ ਵਿਅਕਤੀਤਵ ਨਾਲ ਗੂੜ੍ਹਾ ਸੰਬੰਧ ਹੈ। ਇਤਨੀ ਕੁ ਸਚਾਈ ਦੇ ਬਾਵਜੂਦ ਵੀ ਇਹ ਨਹੀਂ ਮੰਨਿਆ ਜਾ ਸਕਦਾ ਕਿ, ‘ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ, ਉਸੇ ਅਨੁਸਾਰ ਹੀ ਸਾਡੀ ਸੋਚ ਉਸਰਦੀ ਹੈ ਅਤੇ ਜੀਵਨ-ਆਦਰਸ਼ ਉਭਰਦੇ ਹਨ’।
ਆਮ ਤੌਰ `ਤੇ ਭੋਜਨ ਦੀ ਚੋਣ `ਚ ਮਨੁੱਖ ਦੀ ਆਪਣੀ ਪਸੰਦ ਨਹੀਂ ਹੁੰਦੀ ਹੈ। ਇਹ ਗੱਲ ਕੇਵਲ ਇਸ ਗੱਲ `ਤੇ ਨਿਰਭਰ ਕਰਦੀ ਹੈ ਕਿ ਮਨੁੱਖ ਕਿਸ ਦੇਸ਼, ਧਰਮ, ਜਾਂ ਇਲਾਕੇ ਆਦਿ ਨਾਲ ਸੰਬੰਧਤ ਹੈ। ਸ਼ਾਕਾਹਾਰੀ ਪਰਵਾਰ ਵਿੱਚ ਜਨਮ ਲੈਣ ਵਾਲਾ ਬੱਚਾ (ਆਮ ਤੌਰ `ਤੇ) ਸ਼ਾਕਾਹਾਰੀ ਭੋਜਨ ਹੀ ਖਾਂਦਾ ਹੈ। ਮਾਸ ਖਾਣ ਵਾਲੇ ਦੇ ਘਰ ਜਨਮ ਲੈਣ ਵਾਲੇ ਬੱਚੇ ਆਮ ਤੌਰ `ਤੇ ਮਾਸ ਖਾਣ ਵਾਲੇ ਹੁੰਦੇ ਹਨ। ਜਿਹਨਾਂ ਇਲਾਕਿਆਂ ਵਿੱਚ ਲੋਕੀਂ ਡੱਡੂ ਅਤੇ ਸੱਪ ਆਦਿ ਦਾ ਮਾਸ ਵੀ ਖਾ ਲੈਂਦੇ ਹਨ, ਉਹਨਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਬੱਚੇ ਵੀ ਇਹਨਾਂ ਦਾ ਮਾਸ ਨਿਰਸੰਕੋਚ ਖਾ ਲੈਂਦੇ ਹਨ। ਸੋ, ਗੱਲ ਕੀ, ਜਿਸ ਪਰਵਾਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਉਸੇ ਤਰ੍ਹਾਂ ਦਾ ਭੋਜਨ ਖਾਣ ਦੀ ਉਸ ਦੀ ਆਦਤ ਬਣ ਜਾਂਦੀ ਹੈ। ਇਸ ਤੋਂ ਇਲਾਵਾ, ਮਨੁੱਖ ਦੀ ਮਾਇਕ ਹਾਲਤ `ਤੇ ਵੀ ਨਿਰਭਰ ਕਰਦਾ ਹੈ। ਜਿਹੜਾ ਮਨੁੱਖ ਮਾਇਕ ਪੱਖੋਂ ਕਮਜ਼ੋਰ ਹੈ ਉਸ ਲਈ ਭੋਜਨ ਦੀ ਚੋਣ ਕਰ ਸਕਣਾ ਸੰਭਵ ਨਹੀਂ ਹੈ; ਉਸ ਨੂੰ ਜੋ ਵੀ ਮਿਲਦਾ ਹੈ, ਉਸ ਨੂੰ ਉਹ ਖਾ ਲੈਂਦਾ ਹੈ।
ਭਾਵੇਂ ਹੁਣ ਵੱਡੇ ਵੱਡੇ ਸ਼ਹਿਰਾਂ ਵਿੱਚ ਹਰ ਤਰ੍ਹਾਂ ਦਾ ਖਾਣਾ ਮਿਲ ਜਾਂਦਾ ਹੈ। ਇਸ ਜ਼ਮਾਨੇ ਵਿੱਚ ਕਈ ਲੋਕੀਂ ਵੱਖ ਵੱਖ ਦੇਸ਼ਾਂ ਦੇ ਭੋਜਨ ਦਾ ਵੀ ਸੁਆਦ ਮਾਣਨ ਲੱਗ ਪਏ ਹਨ ਪਰ ਫਿਰ ਵੀ ਆਮ ਤੌਰ `ਤੇ ਵੱਖ ਵੱਖ ਦੇਸਾਂ ਜਾਂ ਸਭਿਆਚਾਰ ਨਾਲ ਸੰਬੰਧ ਰੱਖਣ ਵਾਲਿਆਂ ਦਾ ਮਨਪਸੰਦ ਖਾਣਾ ਹੁੰਦਾ ਹੈ। ਜੇਕਰ ਭੋਜਨ ਨਾਲ ਹੀ ਮਨੁੱਖ ਦੀ ਸੋਚ ਉਸਰਦੀ ਅਤੇ ਜੀਵਨ-ਆਦਰਸ਼ ਉਭਰਦੇ ਹੁੰਦੇ ਤਾਂ ਇਕੋ ਭੋਜਨ ਖਾਣ ਵਾਲਿਆਂ ਵਿੱਚ ਇਸ ਪੱਖੋਂ ਜ਼ਰੂਰ ਇਕਸਾਰਤਾ ਦੇਖਣ ਨੂੰ ਮਿਲਦੀ ਪਰੰਤੂ ਅਜਿਹਾ ਨਹੀਂ ਹੈ। ਇਕੋ ਪਰਵਾਰ ਦੇ ਜੇਕਰ ਪੰਜ ਮੈਂਬਰ ਹਨ ਤਾਂ ਉਹਨਾਂ ਸਾਰਿਆਂ ਦੇ ਵਿਚਾਰਾਂ ਵਿੱਚ ਭਿੰਨਤਾ ਦੇਖਣ ਨੂੰ ਮਿਲਦੀ ਹੈ। ਇਸ ਲਈ ਵਿਦਵਾਨ ਸੱਜਣ ਦੇ ਉਪਰੋਕਤ ਕਥਨ ਨੂੰ ਜੇਕਰ ਸਰੀਰ ਦੇ ਅਰੋਗ ਜਾਂ ਨਿਰੋਗ ਤੀਕ ਸੀਮਤ ਰੱਖਿਆ ਜਾਏ ਤਾਂ ਠੀਕ ਹੈ ਪਰੰਤੂ ਜੇਕਰ ਇਸ ਨੂੰ ਮਨੁੱਖ ਦੇ ਆਚਰਣ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਸਚਾਈ ਤੋਂ ਕੋਹਾਂ ਦੂਰ ਹੋਵੇਗਾ।
ਜਿੱਥੋਂ ਤੀਕ ਸੁਆਮੀ ਦਇਆ ਨੰਦ ਹੁਰਾਂ ਦੇ ਇਸ ਕਥਨ ਦਾ ਸੰਬੰਧ ਹੈ ਕਿ, “ਮਾਸਾਹਾਰੀ ਮਨੁੱਖ ਦਾ ਸੁਭਾਉ ਹਿੰਸਕ ਹੋ ਜਾਂਦਾ ਹੈ”, ਇਸ ਵਿੱਚ ਜੇਕਰ ਰੰਚ-ਮਾਤਰ ਵੀ ਸਚਾਈ ਹੁੰਦੀ ਤਾਂ ਸੰਸਾਰ ਵਿੱਚ ਸ਼ਾਕਾਹਾਰੀਆਂ ਦੀਆਂ ਦਿਲ-ਕੰਬਾਊ ਹਿੰਸਕ ਕਾਰਵਾਈਆਂ ਪੜ੍ਹਣ, ਸੁਣਨ ਅਤੇ ਦੇਖਣ ਨੂੰ ਨਾ ਮਿਲਦੀਆਂ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਸ਼ਾਕਾਹਾਰੀਆਂ ਨੇ ਵੀ ਆਪਣੀ ਹਿੰਸਕ ਬਿਰਤੀ ਦੁਆਰਾ ਮਨੁੱਖਤਾ ਦਾ ਬੜੀ ਬੇਰਹਿਮੀ ਨਾਲ ਘਾਣ ਕੀਤਾ ਹੈ ਅਤੇ ਅੱਜ ਵੀ ਕਰ ਰਹੇ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਭੋਜਨ ਨਾਲ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ; ਪਰ ਜਿਸ ਭੋਜਨ ਨਾਲ ਮਨੁੱਖੀ ਮਨ ਪ੍ਰਭਾਵਿਤ ਹੁੰਦਾ ਹੈ, ਉਹ ਭੋਜਨ ਮੁੱਖ ਦੁਆਰਾ ਖਾਣ ਵਾਲਾ ਨਹੀਂ ਸਗੋਂ ਉਹ ਭੋਜਨ ਹੈ ਜਿਹੜਾ ਮਨੁੱਖ ਆਪਣੀਆਂ ਗਿਆਨ ਇੰਦ੍ਰੀਆਂ ਦੀ ਸਹਾਇਤਾ ਨਾਲ ਆਪਣੇ ਅੰਦਰ ਲੰਘਾਉਂਦਾ ਹੈ। ਇਸ ਭੋਜਨ ਦੀ ਚਰਚਾ ਕਰਨ ਤੋਂ ਪਹਿਲਾਂ ‘ਮਨ’ ਦੇ ਸੰਬੰਧ ਵਿੱਚ ਸੰਖੇਪ ਜਿਹੀ ਚਰਚਾ ਕਰਨੀ ਢੁੱਕਵੀਂ ਹੋਵੇਗੀ।
ਮਨ ਕੀ ਹੈ? ਮਨ ਸੰਕਲਪਾਂ ਵਿਕਲਪਾਂ ਦਾ ਸੰਗ੍ਰਹਿ ਹੈ। ਮਨ ਸਾਡੇ ਖ਼ਿਆਲਾਂ ਦਾ ਸਮੂਹ ਹੈ। ਇਸ ਲਈ ਹੀ ਜਿਸ ਤਰ੍ਹਾਂ ਮਨੁੱਖ ਦੇ ਖ਼ਿਆਲ ਸਥਿਰ ਨਹੀਂ ਰਹਿੰਦੇ, ਇਸੇ ਤਰ੍ਹਾਂ ਮਨ ਵੀ ਸਥਿਰ ਨਹੀਂ ਰਹਿੰਦਾ ਹੈ। ਖ਼ਿਆਲਾਂ ਦੇ ਬਦਲਣ ਨਾਲ ਮਨ ਵੀ ਬਦਲ ਜਾਂਦਾ ਹੈ ਜਾਂ ਇੰਜ ਆਖੀਏ ਕਿ ਖ਼ਿਆਲਾਂ ਦਾ ਬਦਲਣਾ ਹੀ ਮਨ ਦਾ ਬਦਲਣਾ ਹੈ। ਜਿਵੇਂ ਜਿਵੇਂ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤਿਵੇਂ ਤਿਵੇਂ ਇਸ ਦੇ ਖ਼ਿਆਲ ਬਦਲਦੇ ਰਹਿੰਦੇ ਹਨ। ਇਸ ਲਈ ਇਹਨਾਂ ਖ਼ਿਆਲਾਂ ਦਾ ਬਦਲਣਾ ਹੀ ਮਨੁੱਖ ਦੇ ਮਨ ਦਾ ਬਦਲਣਾ ਹੈ। ਮਨੁੱਖੀ ਗਿਆਨ ਵਿੱਚ ਤਜਰਬੇ ਨਾਲ ਵਾਧਾ ਹੁੰਦਾ ਹੈ ਅਤੇ ਮਨੁੱਖ ਜੋ ਕੁੱਝ ਇਹ ਆਪਣੀਆਂ ਅੱਖਾਂ, ਕੰਨਾਂ ਆਦਿ ਨਾਲ ਦੇਖਦਾ, ਸੁਣਦਾ, ਪੜ੍ਹਦਾ ਜਾਂ ਮਹਿਸੂਸ ਕਰਦਾ ਹੈ, ਉਸ ਰਾਹੀਂ ਇਸ ਨੂੰ ਇਹ ਤਜਰਬਾ ਹੁੰਦਾ ਹੈ। ਪੜ੍ਹਣ, ਸੁਣਨ, ਦੇਖਣ ਅਤੇ ਮਹਿਸੂਸ ਕਰਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇਹ ਵਾਧਾ ਹੀ ਇਸ ਦੇ ਪਹਿਲੇ ਬਣੇ ਹੋਏ ਖ਼ਿਆਲਾਂ ਨੂੰ ਬਲਦਣ ਦਾ ਕਾਰਨ ਬਣਦਾ ਹੈ। (ਨੋਟ:- ਅਸੀਂ ਮਨ ਸੰਬੰਧੀ ਆਮ ਪ੍ਰਚਲਤ ਧਾਰਨਾ ਦਾ ਹੀ ਜ਼ਿਕਰ ਕਰ ਰਹੇ ਹਾਂ ਨਾ ਕਿ ਦਾਰਸ਼ਨਿਕ ਪੱਖ ਤੋਂ) ਜਿਸ ਤਰ੍ਹਾਂ ਪਾਣੀ ਦਾ ਆਪਣਾ ਰੰਗ ਨਹੀਂ ਹੁੰਦਾ, ਇਸੇ ਤਰ੍ਹਾਂ ਮਨ ਦਾ ਵੀ ਆਪਣਾ ਕੋਈ ਰੂਪ-ਰੰਗ ਨਹੀਂ ਹੁੰਦਾ। ਜਿਸ ਤਰ੍ਹਾਂ ਦਾ ਪਾਣੀ ਵਿੱਚ ਰੰਗ ਪਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਦੇ ਰੰਗ ਵਿੱਚ ਪਾਣੀ ਰੰਗਿਆ ਜਾਂਦਾ ਹੈ, ਇਹੀ ਹਾਲ ਮਨੁੱਖ ਦੇ ਮਨ ਦਾ ਹੈ। ਇਸ ਲਈ ਮਨੁੱਖ ਆਪਣੀਆਂ ਅੱਖਾਂ ਨਾਲ ਜੋ ਕੁੱਝ ਪੜ੍ਹਦਾ, ਸੁਣਦਾ ਅਤੇ ਦੇਖਦਾ ਹੈ, ਇਹ ਇਸ ਦੇ ਮਨ ਦਾ ਅਤੁੱਟ ਹਿੱਸਾ ਬਣਦਾ ਜਾਂਦਾ ਹੈ। ਗੁਰਬਾਣੀ ਵਿੱਚ ਮਨ ਦੀ ਇਸ ਪ੍ਰਕ੍ਰਿਤੀ (ਸੁਭਾਅ) ਦਾ ਵਰਨਣ ਕਰਦਿਆਂ ਹੋਇਆਂ ਇਉਂ ਕਿਹਾ ਹੈ:-
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ (ਪੰਨਾ 1369) ਅਰਥ:- ਹੇ ਕਬੀਰ! (ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿੱਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇੱਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ (ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤਿ ਵਿੱਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਇਸ ਫ਼ਰਮਾਨ ਦੀ ਵਿਆਖਿਆ ਕਰਦਿਆਂ ਹੋਇਆਂ ਇਉਂ ਲਿਖਿਆ ਹੈ:-
(ੳ) ਜੈਸੇ ਸੂਆ ਉਡਤ ਫਿਰਤ ਬਨ ਬਨ ਪ੍ਰਤਿ, ਜੈਸੇ ਹੀ ਬਿਰਖ ਬੈਠੇ, ਤੈਸੇ ਫਲੁ ਚਾਖਈ। ਪਰ ਬਸਿ ਹੋਇ ਜੈਸੀ ਜੈਸੀਐ ਸੰਗਤਿ ਮਿਲੈ, ਸੁਨਿ ਉਪਦੇਸ ਤੈਸੀ ਭਾਖਾ ਲੈ ਸੁ ਭਾਖਈ। ਤੈਸੇ ਚਿਤ ਚੰਚਲ ਚਪਲ ਜਲ ਕੋ ਸੁਭਾਉ, ਜੈਸੇ ਰੰਗ ਸੰਗ ਸੰਗ ਮਿਲੈ, ਤੈਸੋ ਰੰਗ ਰਾਖਈ। ਅਧਮ ਅਸਾਧ ਜੈਸੇ ਬਾਰੁਨੀ ਬਿਨਾਸ ਕਾਲ, ਸਾਧ ਸੰਗ ਗੰਗ ਮਿਲਿ ਸੁਜਨ ਭਿਲਾਖਈ। ਅਰਥ:- ਜਿਵੇਂ ਤੋਤਾ ਭਾਂਤ ਭਾਂਤ ਦੇ ਬਾਗਾਂ ਵਿੱਚ ਉਡਦਾ ਫਿਰਦਾ ਹੈ ਅਤੇ ਜਿਹੋ-ਜਿਹੇ ਬ੍ਰਿਛ `ਤੇ ਬਹਿੰਦਾ ਹੈ, ਉਹੋ ਜਿਹਾ ਫਲ ਚਖਦਾ ਹੈ। ਤੋਤਾ ਪਰਾਏ ਵਸ ਵਿੱਚ ਪੈ ਕੇ ਜੈਸੀ ਸੰਗਤਿ ਵਿੱਚ ਮਿਲਦਾ ਹੈ, ਉਪਦੇਸ਼ ਸੁਣ ਕੇ ਉਹੋ ਜਿਹੀ ਬੋਲੀ ਗ੍ਰਹਿਣ ਕਰ ਕੇ ਉਹ ਬੋਲਦਾ ਹੈ। ਤਿਵੇਂ ਚੰਚਲ ਮਨ ਦਾ ਸੁਭਾਵ ਵੀ ਪਾਣੀ ਦੇ ਸੁਭਾਵ ਵਾਂਗ ਨਾ ਟਿਕਣ ਵਾਲਾ ਹੈ, ਜਿਸ ਜਿਸ ਰੰਗ ਨਾਲ ਮਿਲਦਾ ਹੈ, ਉਹੋ ਜਿਹਾ ਰੰਗ ਬਣਾ ਲੈਂਦਾ ਹੈ। ਜਿਵੇਂ ਨੀਚ ਤੇ ਦੁਸਟ ਪੁਰਸ਼ ਮਰਨ ਸਮੇਂ ਸ਼ਰਾਬ ਦੀ ਅਭਿਲਾਖਾ ਕਰਦਾ ਹੈ, ਇਉਂ ਹੀ ਉੱਤਮ ਪੁਰਸ਼ ਦੀ ਅੰਤ ਸਮੇਂ ਸਾਧ ਸੰਗਤਿ ਰੂਪੀ ਗੰਗਾ ਨਾਲ ਮਿਲ ਕੇ ਉੱਤਮ ਤੇ ਭਲੇ ਪੁਰਸ਼ਾਂ ਦੇ ਮੇਲ ਦੀ ਅਭਿਲਾਖਾ ਹੁੰਦੀ ਹੈ।
(ਅ) ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂ ਦਸਾ ਕੋ ਪਵਨ ਬਾਦਰ ਬਿਲਾਤ ਹੈ। ਕਾਹੂ ਜਲ ਪਾਨ ਕੀਏ ਅਰੋਗ ਦੇਹੀ, ਕਾਹੂ ਜਲ ਪਾਨ ਬਿਆਪੈ ਬ੍ਰਿਥਾ ਬਿਲਲਾਤ ਹੈ। ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ, ਕਾਹੂ ਗ੍ਰਿਹ ਕੀ ਅਗਨਿ ਭਵਨ ਜਰਾਤ ਹੈ। ਕਾਹੂ ਕੀ ਸੰਗਤਿ ਮਿਲਿ ਜੀਵਨ ਮੁਕਤਿ ਹੁਇ, ਕਾਹੂ ਕੀ ਸੰਗਤਿ ਮਿਲਿ ਜਮਪੁਰਿ ਜਾਤ ਹੈ। ਅਰਥ:- ਜਿਵੇਂ ਕਿਸੇ ਪਾਸੇ ਦੀ ਹਵਾ ਚਲਣ ਨਾਲ ਵਰਖਾ ਹੁੰਦੀ ਹੈ, ਪਰ ਕਿਸੇ ਪਾਸੇ ਦੀ ਹਵਾ ਬੱਦਲ ਉਡਾ ਦਿੰਦੀ ਹੈ। ਜਿਵੇਂ ਕੋਈ ਪਾਣੀ ਪੀਣ ਨਾਲ ਸਰੀਰ ਅਰੋਗ ਰਹਿੰਦਾ ਹੈ, ਪਰ ਕੋਈ ਹੋਰ ਪਾਣੀ ਪੀਣ ਨਾਲ ਰੋਗ ਆ ਚੰਬੜਦਾ ਹੈ, ਜਿਸ ਨਾਲ ਰੋਗੀ ਰੋਂਦਾ ਕੁਰਲਾਂਦਾ ਹੈ। ਜਿਵੇਂ ਕਿਸੇ ਘਰ ਦੀ ਅੱਗ ਪਕਵਾਨ ਤੇ ਸਬਜ਼ੀ-ਭਾਜੀ ਤਿਆਰ ਵਿੱਚ ਸਹਾਈ ਹੁੰਦੀ ਹੈ, ਪਰ ਕਿਸੇ ਘਰ ਦੀ ਭੜਕੀ ਹੋਈ ਅੱਗ ਘਰ ਨੂੰ ਹੀ ਸਾੜ-ਫੂਕ ਦੇਂਦੀ ਹੈ। ਇਸੇ ਤਰ੍ਹਾਂ ਕਿਸੇ ਦੀ ਸੰਗਤਿ ਵਿੱਚ ਮਿਲਿਆਂ ਜੀਵਨ-ਮੁਕਤ ਪਾਈਦੀ ਹੈ, ਪਰ ਕਿਸੇ ਦੀ ਸੰਗਤਿ ਵਿੱਚ ਮਿਲਿਆਂ ਜਮਪੁਰੀ ਵਿੱਚ ਜਾਈਦਾ ਹੈ।
ਇਸ ਲਈ ਹੀ ਮਨੁੱਖਤਾ ਦੇ ਸ਼ੁਭ-ਚਿੰਤਕਾਂ ਨੇ ਮਨੁੱਖ ਨੂੰ ਭੈੜੀ ਸੰਗਤ ਕਰਨ ਤੋਂ ਵਰਜ ਕੇ ਸ੍ਰੇਸ਼ਟ ਮਨੁੱਖਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਹੈ:-
(1) ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ॥ (ਪੰਨਾ 1371) ਅਰਥ:- ਹੇ ਕਬੀਰ! (ਜੇ “ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ” ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ। (ਵੇਖ,) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ।
(ਨੋਟ:- ਕਈ ਵਿਦਵਾਨ ਸੱਜਣ 'ਸਾਕਤ' ਤੋਂ ਭਾਵ ਮਾੜੀ ਬਿਰਤੀ ਤੋਂ ਲੈਂਦੇ ਹਨ। 'ਸਾਕਤ' ਦਾ ਅਰਥ ਮਾੜੀ ਬਿਰਤੀ ਕਿੰਨਾ ਕੁ ਇੱਥੇ ਢੁੱਕਵਾਂ ਹੈ? ਇਸ ਸੰਬੰਧੀ ਅਸੀਂ ਕਿਸੇ ਵੱਖਰੇ ਲੇਖ ਵਿੱਚ ਚਰਚਾ ਕਰਾਂਗੇ।)
(2) ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥ (ਪੰਨਾ 1369) ਅਰਥ:- ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ ‘ਠੌਰ’ ਹੈ, ਉਹ ਹੈ ‘ਸਾਧ ਸੰਗਤਿ’, ਸੋ) ਸਾਧ ਸੰਗਤਿ ਵਿੱਚ ਜੁੜਨਾ ਚਾਹੀਦਾ ਹੈ, ਸਾਧ ਸੰਗਤਿ ਵਾਲਾ ਸਾਥ ਤੋੜ ਨਿਭਦਾ ਹੈ; ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ।
ਇਸ ਲਈ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਸਰੀਰਕ ਭੋਜਨ ਸੰਬੰਧੀ ਹਿਦਾਇਤ ਕੀਤੀ ਹੋਈ ਹੈ ਕਿ ਮਨੁੱਖ ਨੂੰ ਸਾਫ਼-ਸੁਥਰਾ ਅਤੇ ਸੰਤੁਲਣ ਭੋਜਨ ਖਾਣਾ ਚਾਹੀਦਾ ਹੈ, ਉੱਥੇ ਮਨ ਦੀ ਖ਼ੁਰਾਕ ਵਲ ਵੀ ਵਿਸ਼ੇਸ਼ ਧਿਆਨ ਦੇਣ ਲਈ ਉਤਸ਼ਾਹਤ ਕੀਤਾ ਹੈ। ਮਨ ਨੂੰ ਪ੍ਰਭਾਵਿਤ ਕਰਨ ਵਾਲੇ ਭੋਜਨ ਦੇ ਸੰਬੰਧ `ਚ ਹੀ ਚਰਚਾ ਕਰਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ ਜੇਕਰ ਐ ਮਨੁੱਖ ਤੂੰ ਮਾੜੀ ਖ਼ੁਰਾਕ ਖਾਵੇਂਗਾ ਤਾਂ ਤੇਰਾ ਮਨ ਰੋਗੀ ਅਥਵਾ ਮੈਲਾ ਹੋ ਜਾਵੇਗਾ। ਜੇਕਰ ਮਨ ਰੋਗੀ (ਮੈਲਾ) ਹੋ ਗਿਆ ਤਾਂ ਸਭ ਕੁਝ, ਭਾਵ, ਸਾਰੇ ਗਿਆਨ ਅਤੇ ਕਰਮ ਇੰਦ੍ਰੇ, ਮੈਲੇ ਹੋ ਜਾਂਦੇ ਹਨ। (ਭਾਵ, ਮਨ ਮੈਲੇ ਵਾਲਾ ਮਨੁੱਖ ਅੱਖਾਂ ਨਾਲ ਪਰ ਰੂਪ ਅਤੇ ਧਨ ਨੂੰ ਵਿਕਾਰ ਭਰੀਆਂ ਨਿਗਾਹਾਂ ਨਾਲ ਦੇਖਣ ਲੱਗ ਪੈਂਦਾ ਹੈ, ਜ਼ਬਾਨ ਨਾਲ ਦੂਜਿਆਂ ਦੀ ਨਿੰਦਿਆਂ ਵਿੱਚ ਮਗਨ ਹੋ ਜਾਂਦਾ ਹੈ, ਕੰਨਾ ਨਾਲ ਦੂਜਿਆਂ ਦੀ ਨਿੰਦਿਆਂ ਸੁਣਨ ਵਿੱਚ ਰਸ ਲੈਣ ਲੱਗ ਪੈਂਦਾ ਹੈ, ਆਦਿ):- ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (ਪੰਨਾ 558) ਅਰਥ:- ਹੇ ਭਾਈ! ਜੇ ਮਨੁੱਖ ਦਾ ਮਨ (ਵਿਕਾਰਾਂ ਦੀ) ਮੈਲ ਨਾਲ ਭਰਿਆ ਰਹੇ (ਤਾਂ ਉਤਨਾ ਚਿਰ) ਮਨੁੱਖ ਜੋ ਕੁੱਝ ਕਰਦਾ ਹੈ ਸਭ ਵਿਕਾਰ ਹੀ ਕਰਦਾ ਹੈ, ਸਰੀਰ ਨੂੰ (ਤੀਰਥਾਂ ਆਦਿਕ ਦੇ) ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।
ਸੋ, ਗੱਲ ਕੀ, ਜਿਸ ਭੋਜਨ ਨਾਲ ਮਨੁੱਖ ਦਾ ਮਨ ਸੱਚ-ਮੁੱਚ ਪ੍ਰਭਾਵਿਤ ਹੁੰਦਾ ਹੈ, ਉਹ ਭੋਜਨ ਮਨੁੱਖ ਮੁੱਖ ਦੁਆਰਾ ਨਹੀਂ ਸਗੋਂ ਆਪਣੀਆਂ ਅੱਖਾਂ ਅਤੇ ਕੰਨਾਂ ਆਦਿ ਦੀ ਸਹਾਇਤਾ ਨਾਲ ਕਰਦਾ ਹੈ। ਜਦੋਂ ਮਨੁੱਖ ਅਵੇਸਲਾ ਹੋ ਜਾਂਦਾ ਹੈ ਤਾਂ ਇਸ ਦੇ ਇੰਦ੍ਰੇ ਆਪੋ-ਆਪਣੇ ਰਸਾਂ ਵਿੱਚ ਮਸਤ ਹੋ ਜਾਂਦੇ ਹਨ, ਸਿੱਟੇ ਵਜੋਂ ਇਹਨਾਂ ਸਰੀਰਕ (ਇੰਦ੍ਰਿਆਂ) ਦਰਵਾਜ਼ਿਆਂ ਦੁਆਰਾ ਇਹ ਗ਼ਲਤ ਆਹਾਰ ਕਰਨ ਲੱਗ ਪੈਂਦਾ ਹੈ:-
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥ ਰਸਨਾ ਸੋਈ ਲੋਭਿ ਮੀਠੈ ਸਾਦਿ॥ ਮਨੁ ਸੋਇਆ ਮਾਇਆ ਬਿਸਮਾਦਿ॥ (ਪੰਨਾ 182) ਅਰਥ:-ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ—ਇਹ ਅੱਖਾਂ ਵਿੱਚ ਨੀਂਦ ਆ ਰਹੀ ਹੈ। ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ। ਜੀਭ ਖਾਣ ਦੇ ਲੋਭ ਵਿੱਚ ਪਦਾਰਥਾਂ ਦੇ ਮਿੱਠੇ ਸੁਆਦ ਵਿੱਚ ਸੁੱਤੀ ਰਹਿੰਦੀ ਹੈ। ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿੱਚ ਸੁੱਤਾ ਰਹਿੰਦਾ ਹੈ।
ਇਸੇ ਸੰਬੰਧ ਵਿੱਚ ਬਾਈਬਲ ਦਾ ਇਹ ਕਥਨ ਵੀ ਬਹੁਤ ਭਾਵ-ਪੂਰਤ ਹੈ ਕਿ, “ਜੋ ਕੁੱਝ ਮੂੰਹ ਵਿੱਚ ਆਉਂਦਾ ਹੈ ਉਹ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਹੈ, ਜੋ ਮਨੁੱਖ ਦੇ ਮੂੰਹ ਵਿੱਚੋਂ ਨਿਕਲਦਾ ਹੈ, ਉਹ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਜੋ ਕੁੱਝ ਮੂੰਹ ਵਿੱਚ ਆਉਂਦਾ ਹੈ, ਉਹ ਪੇਟ ਵਿੱਚ ਪੈਂਦਾ ਹੈ ਅਤੇ ਬਾਹਰ ਨਿਕਲ ਜਾਂਦਾ ਹੈ, ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਉਹ ਮਨ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਬੁਰੇ ਖ਼ਿਆਲ, ਖ਼ੂਨ, ਵਿਭਚਾਰ, ਹਰਾਮਖ਼ੋਰੀ, ਚੋਰੀਆਂ, ਝੂਠੀਆਂ ਗਵਾਹੀਆਂ, ਕੁਫ਼ਰ ਮਨ ਵਿੱਚੋਂ ਨਿਕਲਦੇ ਹਨ, ਇਹ ਗੱਲਾਂ ਹਨ ਜੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।” ਮਨੁੱਖ ਦੇ ਮਨ ਵਿੱਚੋਂ ਉਹੀ ਕੁੱਝ ਨਿਕਲਦਾ ਹੈ ਜੋ ਮਨੁੱਖ ਨੇ ਆਪਣੀਆਂ ਇੰਦ੍ਰੀਆਂ ਦੁਆਰਾ ਇਸ ਵਿੱਚ ਪਾਇਆ ਹੁੰਦਾ ਹੈ। ਜੇਕਰ ਮਨੁੱਖ ਨੇ ਆਪਣੀਆਂ ਇੰਦ੍ਰੀਆਂ ਰਾਹੀਂ ਅਤਿ ਮਾੜੀ ਖ਼ੁਰਾਕ ਹੀ ਖਾਦੀ ਹੋਈ ਹੈ ਤਾਂ ਸਮਾਂ ਪਾ ਕੇ ਉਹੀ ਕੁੱਝ ਇੰਦ੍ਰਿਆਂ ਦੁਆਰਾ ਬਾਹਰ ਨਿਕਲੇਗਾ।
ਜਦੋਂ ਕਿਸੇ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਜੋ ਕੁੱਝ ਵੀ ਕਰਦਾ ਹੈ ਉਸ ਦੁਆਰਾ ਮਨ ਦੀ ਮੈਲ ਹੋਰ ਵਧਦੀ ਹੀ ਹੈ:- ਮਨੁ ਮੈਲਾ ਹੈ ਦੂਜੈ ਭਾਇ॥ ਮੈਲਾ ਚਉਕਾ ਮੈਲੈ ਥਾਇ॥ ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ॥ (ਪੰਨਾ 121) ਅਰਥ:- ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ। (ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤਿ ਸਦਾ) ਮੈਲੇ ਥਾਂ ਵਿੱਚ ਹੀ ਟਿਕੀ ਰਹਿੰਦੀ ਹੈ। ਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ। (ਇਸ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ।
ਮਨ ਮੈਲਾ ਹੋਣ ਕਾਰਨ ਜਿਹਨਾਂ ਦੇ ਗਿਆਨ ਅਤੇ ਕਰਮ ਇੰਦ੍ਰੇ ਮੈਲੇ ਹੋ ਜਾਂਦੇ ਹਨ, ਉਹਨਾਂ ਦੀ ਜੀਵਨ-ਜੁਗਤ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ:-
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ॥ ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ॥ ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ॥ ਮਿਥਿਆ ਮਨ ਪਰ ਲੋਭ ਲੁਭਾਵਹਿ॥ ਮਿਥਿਆ ਤਨ ਨਹੀ ਪਰਉਪਕਾਰਾ॥ ਮਿਥਿਆ ਬਾਸੁ ਲੇਤ ਬਿਕਾਰਾ॥ ਬਿਨੁ ਬੂਝੇ ਮਿਥਿਆ ਸਭ ਭਏ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ॥ (ਪੰਨਾ 268-69)
ਅਰਥ:- (ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ, ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ; ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ, ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿੱਚ (ਲੱਗੀ ਹੋਈ ਹੈ); ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ। ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ। (ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ, (ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ। (ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ। ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ।
ਗੁਰਬਾਣੀ ਵਿੱਚ ਇਸ ਲਈ ਹੀ ਮਨੁੱਖ ਨੂੰ ਪਰ ਤਨ, ਪਰ ਧਨ ਨੂੰ ਵਿਕਾਰ ਦੀ ਦ੍ਰਿਸ਼ਟੀ ਨਾਲ ਦੇਖਣ ਅਤੇ ਜਿਹਭਾ ਨਾਲ ਨਿੰਦਿਆ ਆਦਿ ਕਰਨ ਤੋਂ ਵਰਜਿਆ ਹੈ। ਇਹਨਾਂ ਵਿਕਾਰਾਂ ਤੋਂ ਵਰਜਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ ਇਹਨਾਂ ਇੰਦ੍ਰਿਆਂ ਦੁਆਰਾ ਹੀ ਮਨੁੱਖ ਕਾਲ ਦੇ ਜਾਲ ਵਿੱਚ ਫਸ ਕੇ, ਆਤਮਕ ਮੌਤ ਦਾ ਸ਼ਿਕਾਰ ਹੁੰਦਾ ਹੈ:- ਕਾਲੁ ਜਾਲੁ ਜਿਹਵਾ ਅਰੁ ਨੈਣੀ॥ ਕਾਨੀ ਕਾਲੁ ਸੁਣੈ ਬਿਖੁ ਬੈਣੀ॥ ਬਿਨੁ ਸਬਦੈ ਮੂਠੇ ਦਿਨੁ ਰੈਣੀ॥ (ਪੰਨਾ 227) ਅਰਥ:- (ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ, ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ)। ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ।
ਗੁਰਬਾਣੀ ਵਿੱਚ ਇਸ ਲਈ ਹੀ ਜਿਹੜੀਆਂ ਇੰਦ੍ਰੀਆਂ ਸ਼ੁਭ ਭੋਜਨ ਦਾ ਆਹਾਰ ਕਰਦੀਆਂ ਹਨ, ਉਹਨਾਂ ਇੰਦ੍ਰੀਆਂ ਨੂੰ ਸਲਾਹਿਆ ਹੈ:- ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ॥ ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ॥ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ॥ ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ॥ 2॥ ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ॥ ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ॥ ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ॥ ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ॥ (ਪੰਨਾ 540) ਅਰਥ:- ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ, ਮੁਬਾਰਿਕ ਹੈ, ਜੇਹੜੀ (ਸਦਾ) ਪਰਮਾਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਹੇ ਮੇਰੀ ਸੋਹਣੀ ਜਿੰਦੇ! (ਆਖ-) ਹੇ ਪ੍ਰਭੂ! ਉਹ ਕੰਨ ਸੋਹਣੇ ਹਨ, ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਹੇ ਮੇਰੀ ਸੋਹਣੇ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ, ਜੇਹੜਾ ਗੁਰੂ ਦੇਚਰਨਾਂ ਵਿੱਚ ਜਾ ਲੱਗਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ (ਨਾਨਕ ਨੂੰ) ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ। 2. ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ, ਸਫਲ ਹਨ, ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ, ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਆਧਾਰ ਬਣਾ ਲੈਂਦੇ ਹਨ)। (ਚੱਲਦਾ)




.