.

ਜਨੇਊ ਜੀਅ ਕਾ……

(2)

ਮਹਲਾ ੧॥ ਨਾਇ ਮੰਨਿਐ ਪਤਿ ਉਪਜੈ ਸਾਲਾਹੀ ਸਚੁ ਸੂਤੁ॥

ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤੁ॥ ੩॥

ਸ਼ਬਦ ਅਰਥ:- ਨਾਇ ਮੰਨਿਐ: ਰੱਬ ਦੀ ਹੋਂਦ ਅਤੇ ਉਸ ਦੇ ਨਾਮ-ਸਿਮਰਨ ਦੀ ਦੈਵੀ ਸ਼ਕਤੀ ਵਿੱਚ ਯਕੀਨ ਰੱਖਣ ਨਾਲ। ਪਤਿ: ਆਦਰ ਮਾਨ। ਉਪਜੈ: ਉਗਮਦੀ ਹੈ, ਸਹਜ ਸੁਭਾਇ ਪ੍ਰਾਪਤ ਹੁੰਦੀ ਹੈ। ਸਾਲਾਹੀ: ਜਿਸ ਦੀ ਸਿਫ਼ਤ-ਸਾਲਾਹ ਕੀਤੀ ਜਾਵੇ: ਪ੍ਰਭੂ, ਪਰਮਾਤਮਾ। ਸਚੁ: ਸਦੀਵੀ। ਸੂਤੁ: ਜੰਞੂ, ਜਨੇਊ। ਦਰਗਹ: ਰੱਬ ਦੇ ਘਰਿ, ਪਰਲੋਕ ਵਿੱਚ। ਨ ਤੂਟਸਿ: ਨਹੀਂ ਟੁੱਟੇਗਾ। ਪੂਤੁ: ਪਵਿੱਤਰ; ਚੇਲਾ, ਮੁਰੀਦ।

ਭਾਵ ਅਰਥ:- ਨਾਮ-ਸਿਮਰਨ ਦੀ ਦੈਵੀ ਸ਼ਕਤੀ ਵਿੱਚ ਸੱਚੀ ਸ਼ਰਧਾ ਰੱਖਣ ਨਾਲ (ਪ੍ਰਭੂ ਦੀ ਦਰਗਹ ਵਿੱਚ) ਸੱਚਾ ਮਾਨ ਮਿਲਦਾ ਹੈ। ਸਾਲਾਹੁਣਯੋਗ ਪ੍ਰਭੂ ਪਰਮਾਤਮਾ ਦੀ ਸਿਫ਼ਤ ਸਾਲਾਹ (ਗੁਣ-ਗਾਇਣ) ਕਰਨਾ ਹੀ ਸੱਚਾ ਤੇ ਸਦੀਵੀ ਜਨੇਊ ਹੈ। (ਇਸ ਲਈ, ਕਪਾਹ ਦੇ ਕੱਚੇ ਸੂਤ/ਜਨੇਊ ਦੀ ਬਜਾਏ ਨਾਮ-ਸਿਮਰਨ ਦੇ ਸੱਚੇ ਸੂਤ/ਜਨੇਊ ਨੂੰ ਅਪਣਾਉਣਾ ਲੋੜੀਏ!)

(ਸਾਲਾਹੁਣਯੋਗ ਪ੍ਰਭੂ ਦੀ) ਸਿਫ਼ਤ ਸਾਲਾਹ ਦਾ ਪਵਿੱਤਰ ਤੇ ਪੱਕਾ ਜਨੇਊ ਕਦੇ ਟੁੱਟਦਾ ਨਹੀਂ, ਅਤੇ ਇਸ ਦੇ ਧਾਰਨ ਕਰਨ ਨਾਲ ਹੀ ਰੱਬ ਦੇ ਦਰਬਾਰ ਵਿੱਚ ਪ੍ਰਵਾਣਗੀ ਮਿਲਦੀ ਹੈ।

ਉਪਰ ਵਿਚਾਰੇ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ (ਸੂਤ ਤੋਂ ਵੱਟੇ ਕੱਚੇ ਜਨੇਊ ਦੀ ਬਜਾਏ) ਸਾਲਾਹੁਣਯੋਗ ਰੱਬ ਦੀ ਸਿਫ਼ਤ ਸਾਲਾਹ ਅਥਵਾ ਨਾਮ-ਸਿਮਰਨ ਦੇ, ਆਤਮਾ ਨਾਲ ਨਿਭਨ ਵਾਲੇ, ਸੱਚੇ ਤੇ ਸਦੀਵੀ ਜਨੇਊ ਨੂੰ ਧਾਰਨ ਕਰਨ ਦਾ ਸੁਝਾਅ ਦਿੰਦੇ ਹਨ।

ਮਹਲਾ ੧॥ ਤਗੁ ਨ ਇੰਦ੍ਰੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ॥

ਤਗੁ ਨ ਪੈਰੀ ਤਗੁ ਨ ਹਥੀ॥ ਤਗੁ ਨ ਜਿਹਵਾ ਤਗੁ ਨ ਅਖੀ॥

ਵੇਤਗਾ ਆਪੈ ਵਤੈ॥ ਵਟਿ ਧਾਗੇ ਅਵਰਾ ਘਤੈ॥

ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ॥ ੪॥

ਸ਼ਬਦ ਅਰਥ:- ਤਗੁ: ਨਿਯੰਤ੍ਰਣ, ਕਾਬੂ, ਬੰਧੇਜ ਰੂਪੀ ਜਨੇਊ। ਇੰਦ੍ਰੀ: ਗਿਆਨ- ਇੰਦ੍ਰੀਆਂ (ਅੱਖਾਂ, ਕੰਨ, ਨੱਕ, ਜੀਭ ਤੇ ਤ੍ਵਚਾ/ਚਮੜੀ) ਅਤੇ ਕਰਮ-ਇੰਦ੍ਰੀਆਂ (ਹੱਥ, ਪੈਰ, ਮੂੰਹ ਅਤੇ ਦੋ ਗੁਪਤ ਅੰਗ)। ਤਗੁ ਨ ਨਾਰੀ: ਇਸਤ੍ਰੀ-ਲਿੰਗ ਪ੍ਰਤਿ ਖਿੱਚ/ਕਾਮ-ਚੇਸ਼ਟਾ ਉੱਤੇ ਕਾਬੂ ਨਹੀਂ। ਭਲਕੇ: ਹਰ ਰੋਜ਼, ਹਮੇਸ਼ਾ। ਥੁਕ ਪਵੈ ਨਿਤ ਦਾੜੀ: ਖ਼ੁਨਾਮੀ ਹੋਣੀ, ਥੂਹ ਥੂਹ ਹੋਣੀ।

ਆਪੈ: ਆਪ ਤਾਂ। ਵਤੈ: ਵਿਚਰਦਾ ਹੈ। ਅਵਰਾ: ਦੂਜਿਆਂ ਨੂੰ। ਘਤੈ: ਘੱਤਣਾ=ਪਾਉਣਾ; ਪਾਉਂਦਾ ਹੈ।

ਲੈ ਭਾੜਿ: ਦੱਛਣਾ/ਭਾੜਾ/ਭੇਟਾ ਲੈ ਕੇ। ਕਾਗਲਿ: ਕਾਗ਼ਜ਼; ਜਨਮ-ਕੁੰਡਲੀ। ਦਸੇ ਰਾਹੁ: ਧਰਮ ਦਾ ਰਾਹ ਦੱਸਦਾ ਹੈ।

ਵਿਡਾਣੁ: ਧੋਖਾ, ਫ਼ਰੇਬ, ਛਲ। ਮਨਿ ਅੰਧਾ: ਮਨੋਂ ਅੰਨ੍ਹਾ, ਆਤਮ-ਗਿਆਨ ਤੋਂ ਕੋਰਾ। ਸੁਜਾਣੁ: ਸੂਝਵਾਨ, ਬਿਬੇਕ ਬੁੱਧਿ ਵਾਲਾ।

ਭਾਵ ਅਰਥ:- (ਜਨੇਊ ਦਾ ਕਰਮਕਾਂਡ ਕਰਨ ਵਾਲੇ ਪਾਂਡੇ ਦੇ ਪਤਿਤ ਕਿਰਦਾਰ ਦੀ ਅਸਲੀਅਤ ਵੇਖੋ!) ਵਿਕਾਰ-ਗ੍ਰਸਤ ਬ੍ਰਾਹਮਣ ਦਾ ਇੰਦ੍ਰਆਂ ਉੱਤੇ ਕਾਬੂ ਨਹੀਂ, ਅਤੇ ਨਾ ਹੀ ਉਹ ਕਾਮ-ਚੇਸ਼ਟਾ ਨੂੰ ਜ਼ਬਤ `ਚ ਰੱਖਣ ਦੇ ਸਮਰਥ ਹੈ। (ਕਾਲੀਆਂ ਕਰਤੂਤਾਂ ਕਾਰਣ, ਅਮੋੜ ਵਿਕਾਰੀ ਪੰਡਤ ਦੀ) ਹਮੇਸ਼ਾ ਥੂਹ ਥੂਹ ਹੁੰਦੀ ਹੈ। ਉਹ ਆਪਣੇ ਪੈਰਾਂ ਨੂੰ ਪੁੱਠੇ ਰਾਹ ਜਾਣ ਤੋਂ, ਅਤੇ ਹੱਥਾਂ ਨੂੰ ਬੁਰੇ ਕਰਮ ਕਰਨ ਤੋਂ ਰੋਕ ਨਹੀਂ ਸਕਦਾ। ਝੂਠੇ ਤੇ ਮੰਦੇ ਬੋਲ ਬੋਲਦੀ ਜ਼ੁਬਾਨ, ਅਤੇ ਮੈਲੀਆਂ ਨਿਗਾਹਾਂ ਉੱਤੇ ਵੀ ਉਸ ਦਾ ਕੋਈ ਨਿਯੰਤ੍ਰਨ ਨਹੀਂ। ਆਪ ਤਾਂ ਉਹ (ਸਦਗੁਣਾਂ ਵਾਲੇ) ਸੱਚੇ ਜਨੇਊ ਤੋਂ ਬਿਨਾਂ ਹੀ ਵਿਚਰਦਾ ਹੈ, (ਪਰੰਤੂ) ਜਜਮਾਨਾਂ ਨੂੰ ਉਹ (ਕਥਿਤ ਗੁਣ-ਸੂਚਕ) ਜਨੇਊ ਵੱਟ ਵੱਟ ਕੇ ਪਾਉਂਦਾ ਹੈ।

(ਲੋਭੀ ਪੰਡਿਤ) ਦਾਨ-ਦਖਿਣਾ ਲੈ ਕੇ ਜਜਮਾਨ ਦੀ ਬੇਟੀ ਦੇ ਵਿਆਹ ਦੀ ਰਸਮ ਸੰਪੰਨ ਕਰਵਾਉਂਦਾ ਹੈ ਅਤੇ (ਗਿਣਤੀਆਂ-ਮਿਣਤੀਆਂ ਕਰਕੇ ਆਪ ਹੀ ਬਣਾਈਆਂ) ਜਨਮ-ਕੁੰਡਲੀਆਂ ਅਨੁਸਾਰ ਧਰਮ-ਸਿੱਖਿਆ ਦਿੰਦਾ ਹੈ। ਹੇ ਲੋਕੋ! ਸੁਣੋ ਤੇ ਵੇਖੋ ਪੰਡਿਤ ਦਾ ਇਹ ਛਲ ਫ਼ਰੇਬ! ਹੈ ਤਾਂ ਉਹ ਮਨੋਂ ਖੋਟਾ ਤੇ ਅਕਲੋਂ ਅੰਨ੍ਹਾਂ, ਪਰ ਆਪਣੇ ਆਪ ਨੂੰ ਗੁਣੀ ਗਿਆਨੀ ਆਖਦਾ/ਅਖਵਾਉਂਦਾ ਹੈ!

ਜਨੇਊ ਜੀਅ ਕਾ…… (1 ਤੇ 2) ਵਿੱਚ ਵਿਚਾਰੇ ਗਏ ਗੁਰੂ ਨਾਨਕ ਦੇਵ ਜੀ ਦੇ ਚਾਰ ਸ਼ਬਦਾਂ/ਸ਼ਲੋਕਾਂ ਵਿੱਚੋਂ ਉਭਰ ਕੇ ਆਏ ਤੱਥ:-

1. ਜਨੇਊ ਇੱਕ ਚਿੰਨ੍ਹ ਹੈ ਅਤੇ ਜਨੇਊ-ਸੰਸਕਾਰ ਦਿਖਾਵੇ ਦਾ ਧਾਰਮਿਕ ਕਰਮਕਾਂਡ।

2. ਚਿੰਨ੍ਹ ਧਾਰਨ ਕਰਨ/ਕਰਾਉਣ ਅਤੇ ਇਨ੍ਹਾਂ ਚਿੰਨ੍ਹਾਂ ਨਾਲ ਸੰਬੰਧਿਤ ਸੰਸਕਾਰ ਸੰਪੰਨ ਕਰਨ/ਕਰਵਾਉਣ ਵਾਲੇ ਪੁਜਾਰੀ ਤੇ ਜਜਮਾਨ, ਦਰਅਸਲ, ਖੋਟੇ, ਦੰਭੀ ਤੇ ਵਿਭਚਾਰੀ ਹੁੰਦੇ ਹਨ। ਚਿੰਨ੍ਹ ਤਾਂ ਮਹਿਜ਼ ਦਿਖਾਵਾ ਹਨ ਜੋ ਖੋਟ ਉੱਤੇ ਪੜਦਾ ਪਾਉਣ ਵਾਸਤੇ ਪਹਿਨੇ/ਪਹਨਾਏ ਜਾਂਦੇ ਹਨ। ਅਤੇ ਕਰਮਕਾਂਡ ਲੋਕਾਚਾਰ ਹਨ ਜੋ ਸਮਾਜ ਵਿੱਚ ਝੂਠੀ ਸ਼ੋਭਾ ਖੱਟਣ ਤੇ ਭਾਈਚਾਰੇ ਵਿੱਚ ਥੋਥੀ ਧਾਕ ਜਮਾਉਣ ਵਾਸਤੇ ਕੀਤੇ/ਕਰਵਾਏ ਜਾਂਦੇ ਹਨ।

3. ਧਾਰਮਿਕ ਚਿੰਨ੍ਹ ਤੇ ਕਰਮਕਾਂਡ, ਸੰਸਾਰਕ ਹੋਣ ਕਾਰਣ, ਸੂਖਮ ਆਤਮਾ ਦੇ ਸਦੀਵੀ ਸਾਥੀ ਨਹੀਂ ਹੋ ਸਕਦੇ; ਇਸ ਵਾਸਤੇ, ਜੀਵਨ-ਮਨੋਰਥ ਦੀ ਪੂਰਤੀ ਲਈ ਇਹ ਸਹਾਈ ਨਹੀਂ ਹੁੰਦੇ। ਧਰਮ ਦੇ ਨਾਂ `ਤੇ ਚਿੰਨ੍ਹਾਂ ਨੂੰ ਧਾਰਨ ਕਰਨਾ/ਕਰਵਾਉਣਾ ਸੁਧਾ ਪਾਖੰਡ, ਕਪਟ ਤੇ ਪਾਪ ਹੈ।

4. ਮਾਇਆ-ਮੂਠੇ ਚਿੰਨ੍ਹ-ਧਾਰੀ ਪੁਜਾਰੀਆਂ ਨੇ ਕਈ ਧਾਰਮਿਕ ਰੀਤੀਆਂ ਈਜਾਦ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ ਰੀਤੀਆਂ ਦੇ ਸਹਾਰੇ ਦੱਛਣਾ (ਭੇਟਾ) ਦੇ ਰੂਪ `ਚ ਰੱਬ ਦੀ ਰਿਆਇਆ ਤੋਂ ਮਾਇਆ ਬਟੋਰਦੇ ਹਨ।

5. ਦੱਛਣਾ/ਭਾੜਾ/ਭੇਟਾ ਲੈ ਕੇ ਬੇਟੀ/ਬੇਟੇ ਦੇ ਵਿਆਹ ਦੀ ਰਸਮ ਸੰਪੰਨ ਕਰਵਾਉਣਾ ਅਤੇ ਝੂਠ-ਮੂਠ ਦੀ ਧਾਰਮਿਕ ਸਿੱਖਿਆ ਦੇਣੀ ਵੱਡਾ ਛਲ ਤੇ ਪਾਪ ਹੈ ਜੋ ਫ਼ਰੇਬੀ ਪੁਜਾਰੀ ਨਿਰਸੰਕੋਚ ਕਮਾਉਂਦੇ ਹਨ। ……

6. ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਨੁਸਾਰ ਚਿੰਨ੍ਹ ਅਤੇ ਕਰਮਕਾਂਡ ਦੋਵੇਂ ਦੰਭ ਹੋਣ ਕਰ ਕੇ ਅਣਮਨੁੱਖੀ ਤੇ ਅਧਾਰਮਿਕ ਹਨ, ਇਸ ਲਈ ਇਨ੍ਹਾਂ ਦਾ ਪੂਰਨ ਪਰਿਤਿਆਗ ਕਰਨਾ ਲੋੜੀਏ।

7. ਕੋਈ ਵੀ ਚਿੰਨ੍ਹ ਧਾਰਨ ਕਰਨ ਜਾਂ ਧਾਰਮਿਕ ਕਰਮਕਾਂਡ ਕਰਨ/ਕਰਾਉਣ ਦੀ ਬਜਾਏ ਸਾਲਾਹੁਣਯੋਗ ਅਕਾਲ ਪੁਰਖ ਪ੍ਰਤਿ ਸੱਚੀ ਸ਼ਰਧਾ ਰੱਖਦਿਆਂ ਉਸ ਦੇ ਗੁਣ ਗਾਇਣ ਕਰਨਾ ਹੀ ਸੱਚਾ ਧਰਮ-ਕਰਮ ਹੈ।

8. ਪ੍ਰਭੂ ਦੇ ਗੁਣ ਗਾਇਣ ਕਰਨ ਨਾਲ ਮਨੁੱਖ ਦੈਵੀ ਗੁਣਾਂ (ਸੱਚ, ਸੰਤੋਖ, ਦਇਆ, ਧਰਮ ਤੇ ਧੀਰਜ ਆਦਿ) ਦਾ ਧਾਰਨੀ ਬਣ ਜਾਂਦਾ ਹੈ; ਇਹ ਮਨੁੱਖੀ ਗੁਣ ਹੀ ਉਸ ਨੂੰ ਪ੍ਰਭੂ ਦੀ ਨੇੜਤਾ ਦਾ ਭਾਗੀਦਾਰ ਬਣਾਉਂਦੇ ਹਨ।

9. ਸਦਗੁਣਾਂ ਦੇ ਧਾਰਨੀ ਨੂੰ ਚਿੰਨ੍ਹ ਧਾਰਨ ਕਰਨ ਦੀ ਲੋੜ ਨਹੀਂ ਹੁੰਦੀ! ਅਤੇ ਨਾ ਹੀ ਦਿਖਾਵੇ ਦੇ ਕਰਮਕਾਂਡ ਕਰਨ ਕਰਵਾਉਣ ਦੀ ਜ਼ਰੂਰਤ ਹੀ ਰਹਿੰਦੀ ਹੈ।

10. ਨਾਮ-ਸਿਮਰਨ ਅਤੇ ਆਤਮਿਕ ਗੁਣ ਹੀ ਆਤਮਾ ਦੇ ਸੱਚੇ ਤੇ ਸਦੀਵੀ ਸੰਗੀ ਹਨ। ……

ਪਾਠਕ ਸੱਜਨੋਂ! ਜੇ ਉਕਤ ਤੱਥਾਂ ਦੀ ਰੌਸ਼ਣੀ ਵਿੱਚ ਸਮਦਰਸ਼ਤਾ ਨਾਲ ਦੇਖੀਏ ਤਾਂ ਗੁਰਮਤਿ ਤੇ ਗੁਰਸਿੱਖੀ ਉੱਤੇ ਕਾਬਜ਼ ਚਿੰਨ੍ਹਾਂ ਦੇ ਉਪਾਸ਼ਕ ਤੇ ਕਰਮਕਾਂਡਾਂ ਦੇ ਸੌਦਾਈ ਸਮਰਥਕ ਪ੍ਰਬੰਧਕਾਂ ਤੇ ਪੁਜਾਰੀਆਂ (ਜਥੇਦਾਰ, ਭਾਈ, ਰਾਗੀ, ਪ੍ਰਚਾਰਕ ਤੇ ‘ਸੇਵਾਦਾਰਾਂ’ ਆਦਿ) ਦਾ ਹਾਲ ਪਾਂਡਿਆਂ ਤੋਂ ਵੀ ਬਦਤਰ ਹੈ। ਪਾਂਡਿਆਂ ਵਾਲੇ ਸਾਰੇ ਕੁਲੱਛਣ (1 ਤੋਂ 5) ‘ਸਿੱਖ’ ਪ੍ਰਬੰਧਕਾਂ ਤੇ ਪੁਜਾਰੀਆਂ ਦੇ ਆਪੇ ਵਿੱਚ ਨੱਕੋ ਨੱਕ ਭਰੇ ਹੋਏ ਹਨ। ਚਿੰਨ੍ਹ ਧਾਰਨ ਕਰ ਕੇ ਅਗਿਆਨਤਾ ਦੇ ਝੰਡੇ ਗੱਡਣ ਅਤੇ ਲੋਕਾਂ ਨੂੰ ਕੁਰਾਹੇ ਪਾ ਕੇ ਠੱਗਣ `ਚ ਉਹ ਪਾਂਡਿਆਂ ਤੋਂ ਕਈ ਕਦਮ ਅੱਗੇ ਹਨ। ਪਰੰਤੂ ਇਹ ਸੱਚ ਬੜਾ ਕਸ਼ਟਦਾਇਕ ਹੈ ਕਿ ਇਨ੍ਹਾਂ ਚਿੰਨ੍ਹ-ਧਾਰੀਆਂ ਦੇ ਕਿਰਦਾਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ (6 ਤੋਂ 10…) ਦਾ ਇੱਕ ਕਣ ਵੀ ਨਜ਼ਰ ਨਹੀਂ ਆਉਂਦਾ! ਇਨ੍ਹਾਂ ਪਾਖੰਡੀਆਂ ਨੇ ਮਹਾਂਪੁਰਖ ਬਾਣੀਕਾਰਾਂ, ਗੁਰੂਆਂ ਅਤੇ ਗੁਰਮਤਿ ਨੂੰ, ਚਿੰਨ੍ਹਾਂ ਤੇ ਕਰਮਕਾਂਡਾਂ ਰਾਹੀਂ, ਅਤਿਅੰਤ ਬਦਨਾਮ ਕਰ ਦਿੱਤਾ ਹੋਇਆ ਹੈ। ਇਨ੍ਹਾਂ ਦੀਆਂ ਕਰਤੂਤਾਂ ਨੂੰ ਦੇਖ-ਸੁਣ ਕੇ ਸ਼ਰਮ ਵੀ ਸ਼ਰਮਸਾਰ ਹੁੰਦੀ ਹੈ। ਇਨ੍ਹਾਂ ਫ਼ਰੇਬੀਆਂ ਦੇ ਪਰਛਾਵੇਂ ਤੋਂ ਵੀ ਬਚਣਾ ਲੋੜੀਏ!

ਗੁਰਇੰਦਰ ਸਿੰਘ ਪਾਲ

ਫ਼ਰਵਰੀ 9, 2014.
.