.

ਚੰਗੇ ਸਮਾਜ ਦੀ ਸਿਰਜਨਾ … (19)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

5. ਸਿੱਖ ਕੌਮ ਦੀਆਂ ਸੰਸਥਾਵਾਂ `ਤੇ ਕਾਬਜ਼ ਹੋਏ ਗੁਰਮਤਿ-ਵਿਰੋਧੀ ਸੰਗਠਨ

ਗੁਰਮਤਿ ਇਨਕਲਾਬੀ ਲਹਿਰ ਦੇ ਪ੍ਰਚਾਰ ਅਤੇ ਪਾਸਾਰ ਹਿਤ, ਗੁਰੂ ਸਾਹਿਬਾਨ ਨੇ ਜਿਹੜੀਆਂ ਸਰਬ-ਸਾਂਝੀਆਂ ਸਥਾਨਿਕ ਤੇ ਕੇਂਦਰੀ ਸੰਸਥਾਵਾਂ (ਧਰਮਸ਼ਾਲਾ, ਪੰਗਤ, ਸਰੋਵਰ, ਸਪੋਰਟਸ ਕੇਂਦਰ, ਵਿਦਿਆਲਾ, ਹਸਪਤਾਲ, ਸ੍ਰੀ ਅਕਾਲ ਤਖ਼ਤ ਆਦਿ) ਸਥਾਪਤ ਕੀਤੀਆਂ ਸਨ, ਉਨ੍ਹਾਂ `ਤੇ ਸਿੱਖੀ ਸਰੂਪ ਵਾਲੇ ਗੁਰਮਤਿ-ਵਿਰੋਧੀ (ਅਨਮਤੀ ਸੰਗਠਨਾਂ ਦੇ ਹਮਾਇਤੀ) ਅਨਸਰ ਕਾਬਜ਼ ਹੋ ਚੁੱਕੇ ਹਨ। ਨਤੀਜਾ ਇਹ ਕਿ, ਇਹ ਸੰਸਥਾਵਾਂ ਗੁਰਮਤਿ ਦਾ ਪ੍ਰਚਾਰ ਜਾਂ ਪਾਸਾਰ ਕਰਨ ਦੀ ਬਜਾਏ, ਗੁਰਮਤਿ-ਵਿਰੋਧੀ ਸੰਗਠਨਾਂ (ਖਾਸ ਕਰ ਕੇ ਮਨੂੰਵਾਦ) ਦਾ ਹੀ ਪ੍ਰਚਾਰ ਤੇ ਪਾਸਾਰ ਕਰਦੀਆਂ ਆ ਰਹੀਆਂ ਹਨ। ਇਥੇ ਹੀ ਬੱਸ ਨਹੀਂ, ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਸੰਸਥਾਵਾਂ ਗੁਰਮਤਿ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ ਦੇ ਯਤਨ ਕਰ ਰਹੀਆਂ ਹਨ, ਅਨਮਤੀਆਂ ਦੇ ਕਬਜ਼ੇ ਹੇਠਲੀਆਂ ਸਿੱਖ ਸੰਸਥਾਵਾਂ ਉਨ੍ਹਾਂ ਦਾ, ਹਰ ਹਰਬਾ ਵਰਤ ਕੇ, ਵਿਰੋਧ ਕਰ ਰਹੀਆਂ ਹਨ ਅਤੇ ਸ਼ਬਦ-ਗੁਰੂ ਤੋਂ ਬੇ-ਮੁੱਖ ਹੋਈ ਅਖੌਤੀ ਸਿੱਖ ਲੀਡਰਸ਼ਿਪ ਗੁਰਮਤਿ-ਵਿਰੋਧੀ ਸੰਗਠਨਾਂ ਦੀ ਡਟ ਕੇ ਹਮਾਇਤ ਕਰਦੀ ਆ ਰਹੀ ਹੈ। ਮਿਸਾਲ ਦੇ ਤੌਰ `ਤੇ ਸ੍ਰੀ ਅਕਾਲ ਤਖ਼ਤ (ਅਤੇ ਦੂਜੇ ਤਖ਼ਤਾਂ) `ਤੇ ਗੁਰਮਤਿ-ਵਿਰੋਧੀ ਸਿੱਖ ਲੀਡਰਸ਼ਿਪ ਦੇ, ਅਣਅਧਿਕਾਰਤ ਤੌਰ `ਤੇ ਅਖੌਤੀ ਜਥੇਦਾਰਾਂ ਦੇ ਅਹੁਦੇ ਦੇ ਕੇ, ਬੈਠਾਏ ਹੋਏ ਗੁਰਮਤਿ-ਵਿਹੂਣੇ ਵਿਅਕਤੀ, (ਆਪਣੇ ਆਕਾਵਾਂ ਦੇ ਇਸ਼ਾਰਿਆਂ `ਤੇ ਨਚਦੇ ਹੋਏ) ਗੁਰਮਤਿ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ ਵਾਲਿਆਂ ਨੂੰ ਸਿੱਖ ਕੌਮ `ਚੋਂ ਅਣਅਧਿਕਾਰਤ ਤੌਰ `ਤੇ ਛੇਕਦੇ ਆ ਰਹੇ ਹਨ, ਉਨ੍ਹਾਂ ਨੂੰ ਜਿਸਮਾਨੀ ਤੌਰ `ਤੇ ਨੁਕਸਾਨ ਪਹੁੰਚਾਉਣ ਲਈ ਕਾਰਵਾਈਆਂ ਕਰਦੇ ਹਨ ਅਤੇ ਉਨ੍ਹਾਂ ਨੂੰ (ਅਖੌਤੀ ਲੋਕਰਾਜ ਦੇ ਥੰਮ੍ਹਾਂ ਦੀ ਦੁਰਵਰਤੋਂ ਕਰ ਕੇ), ਸੱਚ ਦਾ ਪ੍ਰਚਾਰ ਕਰਨ ਤੋਂ ਰੋਕਣ ਦੇ ਯਤਨ ਕਰਦੇ ਆ ਰਹੇ ਹਨ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਕੇਵਲ ਅਤੇ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਤਿਗੁਰਾਂ ਵੱਲੋਂ ਸਥਾਪਤ ਕੀਤੀ ਮੀਰੀ-ਪੀਰੀ ਦੇ ਸਿਧਾਂਤਕ ਸੁਮੇਲ ਦੀ ਪ੍ਰਤੀਨਿਧਤਾ ਕਰਨ ਵਾਲੀ ਕੌਮ ਦੀ ਕੇਂਦਰੀ ਸੰਸਥਾ ਹੈ (ਦੂਸਰੇ ਸਾਰੇ ਤਖ਼ਤਾਂ ਦੀ ਹੋਂਦ ਗੁਰਮਤਿ ਜੁਗਤਿ-ਸੰਗਤਿ ਨਹੀਂ ਹੈ)। ਇਹੀ ਕਾਰਨ ਹੈ ਕਿ ਅੱਜ ਇਹ ਚਾਰੇ ਤਖ਼ਤ (ਪਟਨਾ ਸਾਹਿਬ, ਕੇਸ਼ਗੜ੍ਹ ਸਾਹਿਬ, ਹਜ਼ੂਰ ਸਾਹਿਬ ਦੇ ਦਮਦਮਾ ਸਾਹਿਬ) ਗੁਰਮਤਿ ਇਨਕਲਾਬੀ ਲਹਿਰ ਦੇ ਪ੍ਰਚਾਰ ਤੇ ਵਿਕਾਸ ਦੇ ਰਾਹ ਵਿੱਚ ਰੁਕਾਵਟਾਂ ਬਣੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਚਾਰੇ ਤਖ਼ਤਾਂ ਨੂੰ ਸਥਾਪਤ ਕਰਨ ਦੀ ਗੁਰਮਤਿ-ਵਿਰੋਧੀ ਕਾਰਵਾਈ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਕੌਮ ਦੇ ਤੱਤਕਾਲੀਨ ਵਿਦਵਾਨਾਂ ਨੂੰ ਵੀ ਦੋਸ਼-ਮੁਕਤ ਨਹੀਂ ਕੀਤਾ ਜਾ ਸਕਦਾ।

ਸ੍ਰੀ ਅਕਾਲ ਤਖ਼ਤ ਸਾਹਿਬ

ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ, 1608-09 ਵਿੱਚ, ਗੁਰੂ ਹਰਿਗੋਬਿੰਦ ਸਾਹਿਬ ਨੇ, ਹਲੇਮੀ-ਰਾਜ (ਰੱਬੀ-ਰਾਜ) ਦੀ ਸਥਾਪਨਾ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੇਂਦਰੀ ਸੰਸਥਾ ਨੂੰ, ਅਕਾਲ ਪੁਰਖੁ ਦੀ ਪਾਤਿਸ਼ਾਹੀ ਅਧੀਨ, ਸਿੱਖ ਕੌਮ ਦੀ ਪ੍ਰਭੂਸੱਤਾ ਦੀ ਨਿਸ਼ਾਨੀ ਦੇ ਤੌਰ `ਤੇ ਪ੍ਰਗਟ ਕੀਤਾ ਸੀ। ਯਾਨੀ ਕਿ, ਗੁਰਮਤਿ ਸਿਧਾਂਤ ਨੂੰ ਹੀ ਸਥੂਲ ਰੂਪ ਵਿੱਚ ਸਥਾਪਤ ਕੀਤਾ ਸੀ। ਇਹ ਸੰਸਥਾ ਕੋਈ ਜਥਾ ਨਹੀਂ ਜਿਸ ਦਾ ਕਿ ਕੋਈ ਜਥੇਦਾਰ ਨਿਯੁਕਤ ਕੀਤਾ ਜਾ ਸਕੇ। ਪਰ, ਗੁਰਮਤਿ ਸਿਧਾਂਤਾਂ ਦੀ ਸਪੱਸ਼ਟਤਾ ਤੋਂ ਕੋਰੀ ਸਿੱਖ ਲੀਡਰਸ਼ਿਪ ਨੇ, 1920 ਤੋਂ ਬਾਅਦ, ਇਸ ਸੰਸਥਾ ਦੇ ਮੁੱਖ ਸੇਵਾਦਾਰ ਨੂੰ ‘ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ’ ਕਹਿਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬੱਸ ਨਹੀਂ, ਇਸ ਅਖੌਤੀ ਜਥੇਦਾਰ ਨੇ ਸਮਾਂ ਪਾ ਕੇ, (ਖ਼ੁਦਗਰਜ਼ ਤੇ ਗੁਰਮਤਿ-ਵਿਹੂਣੀ ਸਿੱਖ ਲੀਡਰਸ਼ਿਪ ਦੀ ਸਰਪ੍ਰਸਤੀ ਅਧੀਨ) ਆਪਣੇ ਆਪ ਨੂੰ, ਅਕਾਲ ਪੁਰਖੁ ਅਤੇ ਸਿੱਖ ਕੌਮ ਦੇ ਦਰਮਿਆਨ ਇੱਕ ਵਿਚੋਲੇ ਵਜੋਂ ਸਥਾਪਤ ਕਰ ਕੇ, ਅਣ ਅਧਿਕਾਰਤ ਤੌਰ `ਤੇ, ਰੱਬੀ-ਅਧਿਕਾਰਾਂ (Divine Rights) ਨਾਲ ਲੈਸ ਕਰ ਕੇ ‘ਹੁਕਮਨਾਮੇ’ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਮਨੂੰਵਾਦੀਆਂ ਨੂੰ ਸਿੱਖ ਕੌਮ ਦੀ ਅਜਿਹੀ ਹਾਸੋਹੀਣੀ ਸਥਿਤੀ ਬੜੀ ਰਾਸ ਆ ਰਹੀ ਹੈ, ਕਿਉਂਕਿ, ਉਹ ਕੌਮ ਦੇ ਖ਼ੁਦਗਰਜ਼ ਸਿਆਸੀ ਲੀਡਰਾਂ ਨੂੰ ਚਾਣਕੀਯਾ ਕੂਟਨੀਤੀ ਨਾਲ ਕਾਬੂ ਕਰ ਕੇ, (ਪਿਛਲੀ ਤਕਰੀਬਨ ਅੱਧੀ ਸਦੀ ਤੋਂ) ਅਖੌਤੀ ਜਥੇਦਾਰਾਂ ਪਾਸੋਂ ਆਪਣੀ ਮਨਮਰਜ਼ੀ ਦੇ ‘ਹੁਕਮਨਾਮੇ’ ਜਾਰੀ ਕਰਵਾਉਂਦੇ ਆ ਰਹੇ ਹਨ ਅਤੇ ਸਿੱਖ ਕੌਮ ਦੀ ਵਿਲੱਖਣ ਤੇ ਅੱਡਰੀ ਹੋਂਦ ਨੂੰ ਹੀ ਖਤਮ ਕਰਨ ਲਈ ਸਾਜਿਸ਼ੀ ਕਾਰਵਾਈਆਂ ਕਰਦੇ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ

ਦਸੰਬਰ 1920 ਵਿੱਚ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਿਆਸੀ ਸ਼ਾਖਾ (Political Wing) ਵਜੋਂ ਸਥਾਪਤ ਕੀਤਾ ਗਿਆ ਸੀ। ਅੱਜ ਇਹ, ਆਪਣੇ ਗੁਰਮਤਿ ਸਿਆਸੀ ਟੀਚੇ ਨੂੰ ਵਿਸਾਰ ਕੇ, ਪੰਜਾਬੀ ਪਾਰਟੀ ਦੇ ਰੂਪ ਵਿੱਚ ਗੁਰਮਤਿ ਇਨਕਲਾਬ ਦੇ ਕੱਟੜ ਵਿਰੋਧੀ ਰਾਸ਼ਟਰੀਆ ਸਵੈਮ ਸੇਵਕ ਸੰਘ ਦੀ ਸਿਆਸੀ ਜਥੇਬੰਦੀ (ਭਾਰਤੀ ਜਨਤਾ ਪਾਰਟੀ) ਦੇ ਥੱਲੇ ਲੱਗ ਕੇ ਚੱਲ ਰਿਹਾ ਹੈ। ਦੂਜੇ ਤਕਰੀਬਨ ਸਾਰੇ ਅਕਾਲੀ ਦਲ ਵੀ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਵਿਸਾਰ ਕੇ, ਦਿਸ਼ਾਹੀਣ ਹੋਏ, ਹੱਥ-ਪੈਰ ਮਾਰ ਰਹੇ ਹਨ ਅਤੇ (ਗੁਰਮਤਿ-ਵਿਰੋਧੀ ਵੋਟ ਵਿਧਾਨ ਦੀ ਨੀਤੀ ਅਧੀਨ) ਸਿੱਖ ਕੌਮ ਦੇ, ਇੱਕਜੁੱਟ ਹੋ ਕੇ ਗੁਰਮਤਿ ਮਿਸ਼ਨ ਦੀ ਮੰਜਲ ਵੱਲ ਵਧਣ ਦੇ ਰਾਹ ਵਿੱਚ ਰੁਕਾਵਟਾਂ ਬਣੇ ਪਏ ਹਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ

ਗੁਰਮਤਿ-ਵਿਰੋਧੀ ‘ਵੋਟ-ਵਿਧਾਨ’ ਅਧੀਨ ਹੋਂਦ ਵਿੱਚ ਆਈਆਂ ਇਹ ਗੁਰਦਵਾਰਾ ਕਮੇਟੀਆਂ ਵੀ ਗੁਰੂ ਨਾਨਕ ਮਿਸ਼ਨ ਦੇ ਰਾਹ ਦੀਆਂ ਰੁਕਾਵਟਾਂ ਹੀ ਹਨ। ਇਨ੍ਹਾਂ `ਤੇ ਕਾਬਜ਼ ਹੋਣ ਲਈ ਗੁਰਮਤਿ-ਵਿਹੂਣੀਆਂ ਸਿੱਖ ਸਿਆਸੀ ਪਾਰਟੀਆਂ ਹਰ ਹਰਬਾ (ਨਸ਼ੇ ਵੰਡਣ, ਨਕਦੀ ਜਾਂ ਹੋਰ ਤੋਹਫੇ ਵੰਡਣ, ਭਾਰਤੀ ਲੋਕਤੰਤਰ ਦੇ ਥੰਮ੍ਹਾਂ ਦੀ ਦੁਰਵਰਤੋਂ ਕਰਨ ਆਦਿ) ਵਰਤਦੀਆਂ ਆ ਰਹੀਆਂ ਹਨ। ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਗੋਲਕ ਵਿੱਚ ਪਾਈ ਮਾਇਆ ਤੇ ਰਸਦਾਂ-ਵਸਤਾਂ ਦੀ ਵਰਤੋਂ, ਗੁਰਮਤਿ ਲਹਿਰ ਦੇ ਪ੍ਰਚਾਰ ਹਿੱਤ ਘੱਟ ਅਤੇ ਵਿਰੋਧ ਵਿੱਚ ਜ਼ਿਆਦਾ ਕੀਤੀ ਜਾ ਰਹੀ ਹੈ।

6. ਸਿੱਖ ਕੌਮ ਵਿੱਚ ਭਾਦੋਂ ਦੀਆਂ ਖੁੰਬਾਂ ਵਾਗੂੰ ਪੈਦਾ ਹੋਏ ਡੇਰੇਦਾਰ ਤੇ ਨਕਲੀ ਸੰਤ-ਬਾਬੇ

ਪੰਜਾਬ `ਤੇ ਕਾਬਜ਼ ਤੱਤਕਾਲੀਨ ਅੰਗ੍ਰੇਜ਼ੀ ਹਕੂਮਤ ਨੇ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਨੀਤੀ ਅਧੀਨ, ਇੱਕ ਸਾਜਿਸ਼ ਘੜੀ। ਸਾਜਿਸ਼ ਇਹ ਸੀ ਕਿ ਸਿੱਖ ਕੌਮ ਨੂੰ ਸ਼ਬਦ-ਗੁਰੂ ਦੇ ਸਿਧਾਂਤ ਨਾਲੋਂ ਤੋੜ ਕੇ ਸ਼ਖਸੀਅਤਾਂ (ਦੇਹਧਾਰੀ-ਗੁਰੂਡੰਮ) ਨਾਲ ਜੋੜਿਆ ਜਾਵੇ। ਇਸ ਲਈ, ਉਨ੍ਹਾਂ ਨੇ ਆਪਣੀ ਹਕੂਮਤ ਅਧੀਨ ਸਰਵਸ ਕਰ ਰਹੇ ਕੁੱਝ ਕੁ ਧਾਰਮਿਕ ਰੁਚੀਆਂ ਵਾਲੇ ਫ਼ੌਜੀ ਸਿੱਖਾਂ ਨੂੰ (ਰੌਚਕਮਈ ਢੰਗ ਨਾਲ), ਸੇਵਾ-ਮੁਕਤ ਕਰ ਕੇ ਪੰਜਾਬ ਵਿੱਚ ਸੰਤਾਂ-ਮਹਾਂਪੁਰਖਾਂ ਦੇ ਰੂਪ ਵਿੱਚ ਸਥਾਪਤ ਕੀਤਾ। ਅੰਗ੍ਰੇਜ਼ੀ ਫ਼ੌਜੀ ਅਫ਼ਸਰ ਖ਼ੁਦ ਉਨ੍ਹਾਂ ਦੇ ਡੇਰਿਆਂ `ਤੇ ਆ ਕੇ ਉਨ੍ਹਾਂ ਨੂੰ ਮੱਥੇ ਟੇਕ ਕੇ ਉਨ੍ਹਾਂ ਨੂੰ ਪਰੋਮੋਟ ਕਰਦੇ ਰਹੇ। ਜਿਸ ਤਰ੍ਹਾਂ ਇਸ ਲਿਖਤ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ, 1770 ਦੇ ਆਸ-ਪਾਸ ਤੋਂ, ਸਿੱਖ ਕੌਮ ਦਾ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੀ ਸੋਝੀ ਗਵਾ ਚੁੱਕਾ ਸੀ। ਅਜਿਹੇ ਗੁਰਮਤਿ-ਵਿਰੋਧੀ ਵਾਤਾਵਰਣ ਵਿੱਚ ਅੰਗ੍ਰੇਜ਼ਾਂ ਦੀ ਗ਼ੁਲਾਮ ਸਿੱਖ ਕੌਮ ਨੇ ਇਨ੍ਹਾਂ ਡੇਰੇਦਾਰਾਂ ਤੇ ਨਕਲੀ ਸੰਤ-ਬਾਬਿਆਂ ਦੇ ਚਰਨਾਂ `ਤੇ ਧੜਾਧੜ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ‘ਮਹਾਂਪੁਰਖਾਂ’ ਨੇ ਗੁਰਬਾਣੀ ਦੀ ਦੁਰਵਿਆਖਿਆ ਕਰ ਕੇ ਆਪੋ-ਆਪਣੀ ਸਿੱਖੀ ਸੇਵਕੀ ਕਾਇਮ ਕਰਨ ਲਈ ਸਿਰਤੋੜ ਯਤਨ ਅਰੰਭ ਕਰ ਦਿੱਤੇ। ਅਸਲ ਵਿੱਚ, ਇਨ੍ਹਾਂ ਦੀ ਪੈਦਾਇਸ਼ ਹੀ ਗੁਰਬਾਣੀ ਦੀ ਦੁਰ-ਵਿਆਖਿਆ `ਚੋਂ ਅਰੰਭ ਹੋਈ ਸੀ ਅਤੇ ਹੁਣ ਵੀ ਹੁੰਦੀ ਆ ਰਹੀ ਹੈ। ਅੰਗ੍ਰੇਜ਼ਾਂ ਤੋਂ ਬਾਅਦ, ਖ਼ੁਦਗਰਜ਼ ਸਿਆਸਤਦਾਨਾਂ ਨੇ ਇਨ੍ਹਾਂ ਨੂੰ ਪਰੋਮੋਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਇਨ੍ਹਾਂ ਦੀ ਸਿੱਖੀ-ਸੇਵਕੀ ਵਿੱਚ ਵਾਧਾ ਹੁੰਦਾ ਗਿਆ। ਇਨ੍ਹਾਂ ਸ਼ਾਤਰ ਨਕਲੀ ਸਾਧਾਂ ਨੇ ਖ਼ੁਦਗਰਜ਼ ਸਿਆਸਤਦਾਨਾਂ ਦੀ ਕਮਜ਼ੋਰੀ (ਆਪੋ-ਆਪਣੀ ਪਾਰਟੀ ਦੇ ਵੋਟ-ਬੈਂਕ ਵਿੱਚ ਹਰ ਯੋਗ ਤੇ ਅਯੋਗ ਢੰਗ ਨਾਲ ਵਾਧਾ ਕਰਨ ਦੀ ਰੁਚੀ) ਨੂੰ ਭਾਂਪ ਕੇ ਆਪਣੇ ਚੇਲੇ-ਚੇਲੀਆਂ ਦੀਆਂ ਵੋਟਾਂ ਇਨ੍ਹਾਂ ਨੂੰ ਪੇਸ਼ ਕਰ ਦਿੱਤੀਆਂ। ਇਸ ਤਰ੍ਹਾਂ, ਇਹ ਮਾਨਵ-ਵਿਰੋਧੀ ਗੱਠਜੋੜ, ਹੋਂਦ ਵਿੱਚ ਆ ਕੇ, ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਵੱਲ ਵਧਦਾ ਜਾ ਰਿਹਾ ਹੈ। ਡੇਰਾਵਾਦ ਤੇ ਬਾਬਾਵਾਦ ਇੱਕ ਬਹੁਤ ਵਧੀਆ ਅਤੇ ਕਦੇ ਘਾਟਾ ਨਾ ਪਾਉਂਣ ਵਾਲਾ ਕਿੱਤਾ (Profession) ਬਣ ਚੁੱਕਾ ਹੈ, ਕਿਉਂਕਿ, ਇਸ ਕਿੱਤੇ ਨੂੰ ਅਰੰਭ ਕਰਨ ਲਈ ਕਿਸੇ ਕਿਸਮ ਦੀ ਪੂੰਜੀ ਦੀ ਲੋੜ ਨਹੀਂ, ਸਿਰਫ ਚਿੱਕੜੀਆਂ-ਚੋਪੜੀਆਂ ਗੱਲਾਂ ਤੇ ਗਪੌੜਾਂ ਸੁਣਾਉਂਣ ਦੀ ਯੋਗਤਾ ਹੀ ਚਾਹੀਦੀ ਹੈ। ਫਿਰ, ਇਹ ਵਾਪਾਰ ਦਿਨੋਂ-ਦਿਨ ਵਧਦਾ ਹੀ ਜਾਂਦਾ ਹੈ। ਡੇਰੇਦਾਰ ਜਾਂ ਸੰਤ-ਬਾਬਾ, ਸੰਗਤ ਵੱਲੋਂ ਅਰਪਿਤ ਕੀਤੀ ਮਾਇਆ ਦੀ ਬਦੌਲਤ, ਮਹਿੰਗੀਆਂ ਕਾਰਾਂ ਦੇ ਸਫਰ ਕਰਨ ਲਗਦਾ ਹੈ ਅਤੇ ਭੋਰਿਆਂ `ਚ ਵੜ ਕੇ ਬੰਦਗੀ ਕਰਨ ਦੇ ਬਹਾਨੇ ਸ਼ਰਧਾਲੂ ਬੀਬੀਆਂ ਦੀ ਇੱਜ਼ਤ ਨਾਲ ਵੀ ਖਿਲਵਾੜ ਕਰਨ ਤੱਕ ਚਲਾ ਜਾਂਦਾ ਹੈ। ਸਿੱਖ ਕੌਮ ਦੀ ਲੁੱਟ-ਖਸੁੱਟ ਕਰਨ ਲਈ ਇਨ੍ਹਾਂ ਨੇ ਰਲਕੇ ਇੱਕ ਸਾਧ ਯੂਨੀਅਨ (ਸੰਤ-ਸਮਾਜ) ਵੀ ਬਣਾ ਲਈ ਹੈ।

7. ਸਿੱਖ ਕੌਮ ਵਿੱਚ ਪ੍ਰਗਟ ਹੋਈਆਂ ਟਕਸਾਲਾਂ ਤੇ ਸੰਪਰਦਾਵਾਂ

1770 ਦੇ ਆਸ-ਪਾਸ ਤੋਂ, ਦਿਸ਼ਾਹੀਣ ਹੋ ਕੇ ਖੇਰੂੰ-ਖੇਰੂੰ ਹੋਈ ਸਿੱਖ ਕੌਮ ਵਿੱਚ (ਗੁਰਮਤਿ ਦੇ ਨਾਂ `ਤੇ) ਟਕਸਾਲਾਂ ਤੇ ਸੰਪਰਦਾਵਾਂ ਦਾ ਪੈਦਾ ਹੋ ਜਾਣਾ ਸੁਭਾਵਕ ਹੀ ਸੀ ਕਿਉਂਕਿ, ਆਪਣੇ ਕੇਂਦਰੀ ਸੋਮੇਂ ਤੋਂ ਵੱਖ-ਵੱਖ ਹੋਏ ਹਿੱਸਿਆਂ ਦੀ ਕਿਸਮਤ ਵਿੱਚ ਹੀ, ਸ਼ਾਇਦ, ਇਹ ਲਿਖਿਆ ਜਾਂਦਾ ਹੈ ਕਿ ਉਹ ਹਮੇਸ਼ਾਂ ਭਟਕਦੇ ਹੀ ਰਹਿਣ, ਜਿਵੇਂ ਕਿ ਦੇਸੀ ਅੱਕ ਦੀ ਟਹਿਣੀ ਨਾਲੋਂ ਵੱਖ ਹੋਈਆਂ ਖੱਖੜੀਆਂ, ਤੂੰਬਾ-ਤੂੰਬਾ ਹੋ ਕੇ ਹਵਾ ਦੇ ਝਕੋਲਿਆਂ ਨਾਲ ਇਧਰ-ਉਧਰ ਭਟਕਦੀਆਂ ਰਹਿੰਦੀਆਂ ਹਨ। ਸਿੱਖ ਕੌਮ ਵੀ ਇਸੇ ਰੱਬੀ-ਭਾਣੇ ਦਾ ਸ਼ਿਕਾਰ ਹੋ ਕੇ, ਵੰਨ-ਸੁਵੰਨੀਆਂ ਸ਼੍ਰੇਣੀਆਂ (ਟਕਸਾਲਾਂ, ਜਥੇ ਤੇ ਸੰਪਰਦਾਵਾਂ ਆਦਿ) ਵਿੱਚ ਵੰਡੀ ਦੀ ਗਈ ਅਤੇ ਕਮਜ਼ੋਰ ਹੁੰਦੀ ਚਲੀ ਗਈ। ਅੱਜ ਹਾਲਾਤ ਇਸ ਕਦਰ ਦੁਖਦਾਈ ਬਣ ਚੁੱਕੇ ਹਨ ਕਿ ਇਹ ਸ਼੍ਰੇਣੀਆਂ ਦਾਅਵੇ ਕਰ ਰਹੀਆਂ ਹਨ ਕਿ ਗੁਰਮਤਿ ਫ਼ਲਸਫ਼ੇ ਦਾ ਅੰਤਮ ਸੱਚ ਰੱਬ ਨੇ ਸਿਰਫ਼ ਇਨ੍ਹਾਂ ਦੀ ਝੋਲੀ ਵਿੱਚ ਹੀ ਪਾ ਕੇ ਇਨ੍ਹਾਂ ਨੂੰ ਨਿਵਾਜਿਆ ਹੈ। ਨਤੀਜਾ, ਕੌਮ ਅੰਦਰ ਸਿਧਾਂਤਕ ਮੱਤਭੇਦ ਘਟਣ ਦੀ ਵਜਾਏ, ਆਏ ਦਿਨ, ਵਧਦੇ ਹੀ ਚਲੇ ਜਾ ਰਹੇ ਹਨ। ਅਜਿਹੇ ਮੱਤ-ਭੇਦਾਂ ਨੂੰ ਦੂਰ ਕਰਨ ਲਈ ਸਤਿਗੁਰਾਂ ਨੇ ਫ਼ੁਰਮਾਣੁ ਕੀਤਾ ਸੀ ਕਿ -

ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੈ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾਂ ਵਿਛਾਇ॥ (ਮ: 1, 1185)

ਪਰ, ਸਤਿਗੁਰਾਂ ਦੇ ਫ਼ੁਰਮਾਣ, ਸ਼ਾਇਦ, ਇਨ੍ਹਾਂ ਟਕਸਾਲਾਂ, ਜਥਿਆਂ ਤੇ ਸੰਪਰਦਾਵਾਂ ਦੇ ਮੋਢੀਆਂ ਦੇ ਫ਼ੁਰਮਾਣਾਂ ਮੂਹਰੇ, ਅਰਥਹੀਣ ਹੋ ਕੇ ਰਹਿ ਗਏ ਲਗਦੇ ਹਨ।

8. ਸਿੱਖ ਕੌਮ ਅੰਦਰ ਸਾਜਿਸ਼ੀ ਢੰਗ ਨਾਲ ਦਾਖਲ ਕੀਤੇ ਨਸ਼ੇ, ਵਿਹਲੜਪਣ, ਅਣਪੜ੍ਹਤਾ ਤੇ ਆਚਰਨਹੀਣਤਾ

ਅੰਗ੍ਰੇਜ਼ਾਂ ਨੇ 1849 ਤੱਕ ਸਾਰਾ ਭਾਰਤ ਗ਼ੁਲਾਮ ਬਣਾ ਲਿਆ ਸੀ, ਪਰ, ਚੀਨ ਅਜੇ ਉਨ੍ਹਾਂ ਦੇ ਕਾਬੂ ਨਹੀਂ ਸੀ ਆ ਰਿਹਾ। ਸ਼ਾਤਰ ਫ਼ਰੰਗੀਆਂ ਨੇ, ਇੱਕ ਸਾਜਿਸ਼ ਅਧੀਨ, ਭਾਰਤ ਵਿੱਚ ਅਫ਼ੀਮ ਬਣਾਉਂਣ ਦੇ ਕਾਰਖਾਨੇ ਲਗਾ ਕੇ ਚੀਨੀਆਂ ਨੂੰ ਮੁਫ਼ਤ ਅਫ਼ੀਮ ਵੰਡਣੀ ਸ਼ੁਰੂ ਕਰ ਦਿੱਤੀ। ਥੋੜ੍ਹੇ ਸਮੇਂ ਵਿੱਚ ਹੀ, ਚੀਨੀ ਨਸ਼ੇੜੀ ਬਣ ਕੇ ਸਿਹਤ, ਆਰਥਿਕ, ਵਿਦਿਆ ਤੇ ਆਚਰਣ ਪੱਖਾਂ ਤੋਂ ਕਮਜ਼ੋਰ ਹੋ ਗਏ। ਅੰਗਰੇਜ਼ਾਂ ਨੇ, ਢੁਕਵੇਂ ਸਮੇਂ ਤੇ, ਚੀਨ ਨੂੰ ਗ਼ੁਲਾਮ ਬਣਾ ਕੇ ਕਾਬੂ ਕਰ ਲਿਆ। ਸਿੱਖ ਕੌਮ ਨੂੰ ਨੇਸਤੋ-ਨਾਬੂਦ ਕਰਨ ਲਈ ਵੀ, ਹੂ-ਬ-ਹੂ, ਇਹੀ ਫ਼ਾਰਮੂਲਾ ਵਰਤਿਆ ਜਾ ਰਿਹਾ ਹੈ - ਪੰਜਾਬ ਦੇ ਹਰ ਇੱਕ ਪਿੰਡ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹ ਚੁੱਕੇ ਹਨ। ਜਿਹੜੇ ਪਿੰਡਾਂ ਦੀਆਂ ਪੰਚਾਇਤਾਂ (ਮਤੇ ਪਾਸ ਕਰ ਕੇ) ਠੇਕੇ ਪਿੰਡਾਂ `ਚੋਂ ਬੰਦ ਕਰਵਾਉਂਣਾ ਚਾਹੁੰਦੀਆਂ ਹਨ ਉਨ੍ਹਾਂ ਵਿੱਚੋਂ ਕੁੱਝ ਕੁ ਨੂੰ ਪੁਲੀਸ ਦਾ ਡੰਡਾ ਦਿਖਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਅੰਗ੍ਰੇਜ਼ ਤਾਂ ਭਲਾ ਸੱਤ-ਵਿਗਾਨੇ ਸਨ, ਪਰ, ਹੁਣ ਆਪਣੇ ਹੀ ਅਤੇ ਕੌਮ ਦਾ ਦਰਦੀ ਹੋਣ ਦਾ ਢੋਂਗ ਕਰਨ ਵਾਲੇ ਹੀ ਅਜਿਹਾ ਕਿਉਂ ਕਰ ਰਹੇ ਹਨ? ਸਾਫ਼ ਹੈ ਕਿ ਇਹ ਗੁਰਮਤਿ ਫ਼ਲਸਫ਼ੇ ਦੇ ਵਿਰੋਧੀਆਂ ਦੀ ਲੁਕਵੀਂ ਸਾਜਿਸ਼ ਅਧੀਨ ਹੀ (ਉਨ੍ਹਾਂ ਦੇ ਹੱਥ-ਠੋਕੇ ਬਣ ਕੇ), ਅਜਿਹਾ ਕਰ ਰਹੇ ਹਨ, ਕਿਉਂਕਿ, ਨਸ਼ਿਆਂ ਦਾ ਆਦੀ ਹੋਇਆ ਬੰਦਾ ਸਿਹਤ ਅਤੇ ਆਰਥਿਕ ਪੱਖੋਂ ਤਾਂ ਕਮਜ਼ੋਰ ਹੋ ਹੀ ਜਾਂਦਾ ਹੈ, ਉਹ ਅਨਪੜ੍ਹ, ਵਿਹਲੜ ਤੇ ਆਚਰਣਹੀਣ ਵੀ ਬਣ ਜਾਂਦਾ ਹੈ। ਅੱਜ ਵਿਸ਼ੇਸ਼ ਕਰ ਕੇ ਪੰਜਾਬ ਵਿੱਚ ਸਿੱਖ ਨੌਜਵਾਨੀ ਇਸ ਸਾਜਿਸ਼ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਪਈ ਹੈ। ਅਜਿਹੀ ਨੌਜਵਾਨੀ ਨੇ ਸਿੱਖੀ ਤੋਂ ਵੀ ਪਤਿਤ ਹੋਣਾ ਹੀ ਹੁੰਦਾ ਹੈ ਅਤੇ ਹੋ ਵੀ ਰਹੀ ਹੈ। ਇਹ ਹਕੀਕਤ, ਚੰਗੇ ਸਮਾਜ ਪ੍ਰਬੰਧ ਦੀ ਸਿਰਜਨਾ ਦੇ ਰਾਹ ਵਿੱਚ, ਇੱਕ ਵੱਡੀ ਚੁਣੌਤੀ ਬਣ ਕੇ ਸਾਡੇ ਸ੍ਹਾਮਣੇ ਖੜ੍ਹੀ ਹੈ।

9. ਗੁਰਮਤਿ ਗਾਡੀਰਾਹ ਤੋਂ ਭਟਕਿਆ ਸਿੱਖ ਸਮਾਜ

ਗੁਰੂ ਗ੍ਰੰਥ ਸਾਹਿਬ ਦੇ ਸਰਲ, ਸਪੱਸ਼ਟ, ਵਿਗਿਆਨਕ ਅਤੇ ਸਰਬ-ਕਲਿਆਣਕਾਰੀ ਫ਼ਲਸਫ਼ੇ ਨਾਲੋਂ ਟੁੱਟਿਆ ਹੋਇਆ ਸਿੱਖ-ਸਮਾਜ ਫਿਰ ਤੋਂ ਉਨ੍ਹਾਂ ਹੀ ਬਿੱਪਰਵਾਦੀ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਮਨੌਤਾਂ ਤੇ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਫਸਦਾ ਚਲਾ ਗਿਆ ਜਿਸ ਵਿੱਚੋਂ ਗੁਰੂ ਸਾਹਿਬਾਨ ਨੇ, 1469 ਤੋਂ 1708 ਤੱਕ, 239 ਸਾਲ ਦੀ ਸਖਤ ਘਾਲਣਾ ਨਾਲ, ਇਸ ਨੂੰ ਬਾਹਰ ਕੱਢਿਆ ਸੀ। ਗੁਰਦਵਾਰਾ ਦੀ ਸੰਸਥਾ ਅਤੇ ਅਖੌਤੀ ਸੰਤ-ਸਮਾਜ ਵਾਲਿਆਂ ਦੇ ਡੇਰੇ, ਸਿੱਖ ਸਮਾਜ ਨੂੰ ਇਸ ਬਿੱਪਰਵਾਦੀ ਦਲਦਲ ਵੱਲ ਧੱਕਣ ਦੇ ਵਸੀਲੇ ਬਣੇ ਹੋਏ ਹਨ, ਕਿਉਂਕਿ, ਗੁਰਮਤਿ-ਵਿਹੁਣੇ ਸਿੱਖ ਰਾਜਨੀਤਕ ਇਨ੍ਹਾਂ ਨੂੰ ਸ਼ਹਿ ਅਤੇ ਸਰਪ੍ਰਸਤੀ ਦੇਂਦੇ ਆ ਰਹੇ ਹਨ। ਆਮ ਸਿੱਖ ਨੇ ਗੁਰਬਾਣੀ ਪੜ੍ਹਨੀ ਤੇ ਵਿਚਾਰਨੀ ਛੱਡ ਦਿੱਤੀ ਹੈ, ਕਿਉਂਕਿ, ਨਕਲੀ ਸੰਤ-ਬਾਬਿਆਂ ਤੇ ਡੇਰੇਦਾਰਾਂ ਨੇ ਸਿੱਖਾਂ ਦੇ ਮਨ੍ਹਾਂ ਵਿੱਚ ਇਹ ਵਹਿਮ ਪਾ ਦਿੱਤਾ ਹੈ ਕਿ, “ਵੇਖਿਓ ਭਾਈ! ਜੇਕਰ ਗੁਰਬਾਣੀ ਪੜ੍ਹਦਿਆਂ (ਖਾਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ) ਤੁਹਾਡੇ ਕੋਲੋਂ ਕੋਈ ਸ਼ਬਦ ਗ਼ਲਤ ਪੜ੍ਹਿਆ ਗਿਆ ਤਾਂ ਬਹੁਤ ਪਾਪ ਲੱਗੂਗਾ ਤੇ ਤੁਹਾਡਾ ਕੋਈ-ਨਾ-ਕੋਈ ਨੁਕਸਾਨ ਹੋ ਜਾਊਗਾ”।  ਇਨ੍ਹਾਂ ਗੁਰੂ ਦੋਖੀਆਂ ਨੇ ਦੂਜਾ ਵਹਿਮ ਇਹ ਪਾਇਆ ਕਿ, “ਵੇਖੋ ਭਾਈ! ਗੁਰਬਾਣੀ ਦੀ ਵੀਚਾਰ (ਅਰਥ-ਬੋਧ) ਕਰਨ ਦੀ ਕੋਈ ਲੋੜ ਨਹੀਂ, ਜੇਕਰ ਅਜਿਹੀ ਲੋੜ ਹੁੰਦੀ ਤਾਂ ਗੁਰੂ ਸਾਹਿਬ ਆਪ ਹੀ ਗੁਰਬਾਣੀ ਦਾ ਟੀਕਾ ਕਰ ਕੇ ਸਾਨੂੰ ਦੇ ਜਾਂਦੇ। ਇਸ ਲਈ, ਅਗਾਬ-ਬੋਧ ਗੁਰਬਾਣੀ ਦੇ ਅਰਥ ਸਮਝਣ ਦੀ ਸਾਨੂੰ ਕੋਈ ਲੋੜ ਨਹੀਂ; ਬੱਸ, ਇਸ ਦੇ ਪਾਠ-ਕਰਨ ਮਾਤਰ ਨਾਲ ਹੀ ਅਰਦਾਸਿ ਕਰ ਕੇ ਮਨ-ਇੱਛੇ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ”। ਇਨ੍ਹਾਂ ਵੱਲੋਂ ਛੱਡੇ ਗਏ ਇਸ ਸ਼ੋਸ਼ੇ ਦਾ ਹੀ ਨਤੀਜਾ ਹੈ ਕਿ ਸਿੱਖ ਜਗਤ ਗੁਰਬਾਣੀ ਦੇ ਤੋਤਾ-ਰਟਨੀ ਪਾਠਾਂ (ਅਖੰਡ-ਪਾਠ, ਸਪਤਾਹਿਕ ਪਾਠ, ਸੰਪਟ-ਪਾਠ, ਸੁਖਮਨੀ ਬਾਣੀ ਦੇ ਲੜੀਵਾਰ ਪਾਠ ਆਦਿ) ਦੀਆਂ ਲੜੀਆਂ ਵਿੱਚ ਹੀ ਉਲਝਿਆ ਪਿਆ ਹੈ। ਗੁਰਬਾਣੀ ਨੂੰ ਬਿਨਾਂ ਸਮਝੇ ਪੜ੍ਹੀ ਜਾਣਾ ਇੱਕ ਕਰਮ-ਕਾਂਡੀ ਕਾਰਵਾਈ ਤੋਂ ਵੱਧ ਕੁੱਝ ਵੀ ਨਹੀਂ ਹੈ ਅਤੇ ਕਰਮ-ਕਾਂਡਾਂ ਨੂੰ, ਸ਼ਬਦ-ਗੁਰੂ ਦਾ ਫ਼ਲਸਫ਼ਾ, ਮੁੱਢੋਂ ਹੀ ਰੱਦ ਕਰਦਾ ਹੈ। ਵੱਡੇ ਦੁੱਖ ਤੇ ਹੈਰਾਨੀ ਦੀ ਗੱਲ ਹੈ ਕਿ ਹਰ ਪ੍ਰਕਾਰ ਦੇ ਕਰਮ-ਕਾਂਡਾਂ ਨੂੰ ਰੱਦ ਕਰਨ ਵਾਲੇ ਅਰਸ਼ੀ ਸਤਿਗੁਰਾਂ ਦੇ ਗੁਰ ਪੁਰਬ ਵੀ, ਗੁਰਦਵਾਰਿਆਂ ਵਿੱਚ ਹੀ, ਕਰਮ-ਕਾਂਡੀ ਅਖੰਡ ਪਾਠ ਕਰ ਕੇ ਅਰੰਭ ਕੀਤੇ ਜਾ ਰਹੇ ਹਨ। ਸਦ ਅਫਸੋਸ! ਕੀ ਅਸੀਂ (ਆਪਣੇ ਆਪ ਨੂੰ ਸ਼ਬਦ-ਗੁਰੂ ਦੇ ਸਿੱਖ ਅਖਵਾਉਂਣ ਵਾਲੇ), ਗੁਰੂ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰਨਾ ਵੀ ਕਦੇ ਆਪਣਾ ਫਰਜ਼ ਸਮਝ ਕੇ, ਉਸ `ਤੇ ਅਮਲ ਕਰਨਾ ਸ਼ੁਰੂ ਕਰਾਂਗੇ? ਸਿੱਖ ਸਮਾਜ ਨੂੰ ਅਮਲੀ ਤੌਰ `ਤੇ ਗੁਰਮਤਿ ਸਿਧਾਂਤਾਂ ਨਾਲ ਜੋੜਨਾ ਵੀ ਅੱਜ ਇੱਕ ਵੱਡੀ ਚੁਣੌਤੀ ਹੈ।




.