.

ਧਰਮ ਦੀ ਸਮੱਸਿਆ-17
ਸੌਦੇਬਾਜੀ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਇਸ ਲੜੀ ਵਿੱਚ ਹੁਣ ਅਸੀਂ ‘ਸੌਦੇਬਾਜੀ’ ਅਧਾਰਿਤ ਨਕਲੀ ਧਰਮ ਦੀ ਚਰਚਾ ਕਰਾਂਗੇ। ‘ਸੌਦੇਬਾਜੀ’ ਦਾ ਅੱਖਰੀ ਅਰਥ ਹੈ; ਲੈਣ ਦੇਣ ਕਰਨਾ, ਬਿਜਨੈਸ ਡੀਲ ਕਰਨਾ, ਕਾਰੋਬਾਰ ਵਿੱਚ ਆਦਾਨ ਪ੍ਰਦਾਨ ਕਰਨਾ ਆਦਿ। ਮਨੁੱਖੀ ਸਭਿਅਤਾ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਮਨੁੱਖ ਨੇ ਸਮਾਜਿਕ ਢਾਂਚਾ ਉਸਾਰਨਾ ਸ਼ੁਰੂ ਕੀਤਾ ਤਾਂ ਉਸਦਾ ਆਧਾਰ ਲੈਣ-ਦੇਣ ਜਾਂ ਅਦਾਨ-ਪ੍ਰਦਾਨ ਕਰਨਾ ਹੀ ਮਿਥਿਆ ਗਿਆ ਸੀ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਸਾਰਾ ਸੰਸਾਰ ਹਰ ਖੇਤਰ ਵਿੱਚ ਇਸੇ ਲੈਣ-ਦੇਣ ਜਾਂ ਆਦਾਨ-ਪ੍ਰਦਾਨ ਦੇ ਅਧਾਰ ਤੇ ਹੀ ਚੱਲ ਰਿਹਾ ਹੈ। ਦੁਨੀਆਂ ਵਿੱਚ ਸਭ ਕੁੱਝ ਡੀਲਜ਼ (ਸੌਦੇਬਾਜ਼ੀ) ਦੇ ਆਧਾਰ ਤੇ ਹੀ ਚਲਦਾ। ਤੁਸੀਂ ਕੁੱਝ ਵੀ ਕੁੱਝ ਦਿੱਤੇ ਬਿਨਾਂ ਲੈ ਨਹੀਂ ਸਕਦੇ ਜਾਂ ਇਸਦੇ ਉਲਟ ਕੁੱਝ ਲੈ ਕੇ ਕੁੱਝ ਦੇਣ ਦੇ ਪਾਬੰਧ ਹੋ ਜਾਂਦੇ ਹੋ। ਇੱਕ ਆਮ ਵਿਅਕਤੀ ਕਿਸੇ ਦੁਕਾਨਦਾਰ ਕੋਲੋਂ ਕੁੱਝ ਲੈਣ ਜਾਂਦਾ ਹੈ ਤਾਂ ਉਹ ਮੌਕੇ ਦੀ ਕਰੰਸੀ ਜਾਂ ਲੈਣ-ਦੇਣ ਦੇ ਕਿਸੇ ਸਿਸਟਮ ਅਧੀਨ ਹੀ ਕੁੱਝ ਲੈ ਸਕਦਾ ਹੈ, ਬਿਨਾਂ ਦਿੱਤਿਆਂ ਜਾਂ ਦੇਣ ਦੇ ਭਰੋਸੇ ਤੁਹਾਨੂੰ ਕੁੱਝ ਨਹੀਂ ਮਿਲ ਸਕਦਾ। ਇਹ ਵਰਤਾਰਾ ਤਾਂ ਆਮ ਦੁਨੀਆਂ ਦਾ ਹੈ, ਪਰ ਜਦੋਂ ਮਨੁੱਖ ਇਸੇ ਬਿਰਤੀ ਅਧੀਨ ਧਰਮ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸਨੂੰ ਲਗਦਾ ਹੈ ਕਿ ਇਥੇ ਵੀ ਇਵੇਂ ਹੀ ਚਲਦਾ ਹੋਵੇਗਾ, ਕੁੱਝ ਦੇ ਕੇ ਹੀ ਕੁੱਝ ਲਿਆ ਜਾ ਸਕਦਾ ਹੈ। ਇਥੋਂ ਹੀ ਸੌਦੇਬਾਜੀ ਅਧਾਰਿਤ ਨਕਲੀ ਧਰਮ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤਰ੍ਹਾਂ ਕਿ ‘ਨਕਲੀ ਧਰਮਾਂ’ ਦੀ ਲੇਖ ਲੜੀ ਵਿੱਚ ਅਸੀਂ ਅਕਸਰ ਜ਼ਿਕਰ ਕਰਦੇ ਆਏ ਹਾਂ ਕਿ ਦੁਨੀਆਂ ਨੂੰ ਰਾਜਨੀਤਕ, ਸਰਮਾਏਦਾਰ ਤੇ ਪੁਜਾਰੀ ਚਲਾਉਂਦੇ ਆਏ ਹਨ ਤੇ ਚਲਾ ਰਹੇ ਹਨ। ਇਨ੍ਹਾਂ ਦਾ ਮਕਸਦ ਹਮੇਸ਼ਾਂ ਤੋਂ ਆਪਣੀ ਸਰਦਾਰੀ ਕਾਇਮ ਰੱਖਣੀ ਤੇ ਮਨੁੱਖਤਾ ਦੀ ਲੁੱਟ ਕਰਨੀ ਹੈ। ਪੁਜਾਰੀਆਂ ਲਈ ਧਰਮ ਕਦੇ ਵੀ ਨਾ ਜੀਵਨ ਜਾਚ ਰਿਹਾ ਹੈ ਤੇ ਨਾ ਹੀ ਮਨ ਦੀ ਖੋਜ ਦਾ ਮਾਰਗ, ਸਗੋਂ ਧਰਮ ਉਨ੍ਹਾਂ ਲਈ ਧੰਦਾ ਹੁੰਦਾ ਹੈ ਤੇ ਧਰਮ ਅਸਥਾਨ ਉਨ੍ਹਾਂ ਲਈ ਬਿਜਨੈਸ ਅਦਾਰੇ ਤੋਂ ਵੱਧ ਕੁੱਝ ਨਹੀਂ ਹੁੰਦੇ। ਉਨ੍ਹਾਂ ਨੇ ਇਹ ਧੰਦਾ, ਸ਼ਰਧਾ ਰੂਪੀ ਅਗਿਆਨਤਾ ਦੇ ਸਿਰ ਖੜਾ ਕੀਤਾ ਹੁੰਦਾ ਹੈ, ਅਗਿਆਨਤਾ ਤੇ ਸ਼ਰਧਾ, ਅੰਧ ਵਿਸ਼ਵਾਸ਼ ਦੀ ਮਾਂ ਹੈ। ਜੋ ਮਨੁੱਖੀ ਦਿਮਾਗ ਦੇ ਦਲੀਲ ਜਾਂ ਤਰਕ ਨਾਲ ਸੋਚਣ ਵਾਲੇ ਭਾਗ ਨੂੰ ਖਤਮ ਕਰ ਦਿੰਦੇ ਹਨ। ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਦੁਨੀਆਂ ਦਾ ਸਾਰਾ ਦਾਰੋ-ਮਦਾਰ ਦੇਣ ਲੈਣ ਤੇ ਖੜਾ ਹੈ, ਪਰ ਧਰਮ ਹੀ ਇੱਕ ਅਜਿਹਾ ਧੰਦਾ ਹੈ, ਜਿਥੇ ਸਿਰਫ ਲਿਆ ਹੀ ਜਾਂਦਾ ਹੈ, ਦੇਣ ਲਈ ਉਨ੍ਹਾਂ ਕੋਲ ਝੂਠੇ ਲਾਰਿਆਂ ਤੋਂ ਵੱਧ ਕੁੱਝ ਨਹੀਂ ਹੁੰਦਾ। ਵੈਸੇ ਦੇਣ ਲਈ ਉਨ੍ਹਾਂ ਕੋਲ ਗਿਆਨ ਹੁੰਦਾ ਹੈ, ਜੋ ਉਹ ਮਨੁੱਖ ਨੂੰ ਦੇ ਕੇ ਉਸਨੂੰ ਸੱਚ ਦੇ ਮਾਰਗ ਤੋਰ ਸਕਦੇ ਹਨ, ਪਰ ‘ਘੋੜਾ ਘਾਹ ਨਾਲ ਦੋਸਤੀ ਕਰੇਗਾ ਤੇ ਭੁੱਖਾ ਮਰੇਗਾ’ ਦੀ ਕਹਾਵਤ ਅਨੁਸਾਰ ਸ਼ਰਧਾਲੂਆਂ ਨੂੰ ਗਿਆਨਵਾਨ ਬਣਾ ਕੇ ਉਹ ਅਗਿਆਨਤਾ ਤੇ ਅੰਧਵਿਸ਼ਵਾਸ਼ ਅਧਾਰਿਤ ਧੰਦਾ ਨਹੀਂ ਚਲਾ ਸਕਣਗੇ। ਇਸ ਲਈ ਉਹ ਕਦੇ ਵੀ ਗਿਆਨ ਦੀ ਗੱਲ ਨਹੀਂ ਕਰਦੇ। ਮਨੁੱਖ ਨੂੰ ਗੈਰ ਕੁਦਰਤੀ ਕਥਾ ਕਹਾਣੀਆਂ ਸੁਣਾਉਣਗੇ, ਵੱਖ-ਵੱਖ ਤਰ੍ਹਾਂ ਦੇ ਕਰਮਕਾਂਡ ਕਰਨ ਲਈ ਕਹਿਣਗੇ, ਪੂਜਾ ਪਾਠ ਦੇ ਚੱਕਰ ਵਿੱਚ ਉਲਝਾਉਣਗੇ ਤਾਂ ਕਿ ਮਨੁੱਖ ਗਿਆਨਵਾਨ ਨਾ ਬਣ ਸਕੇ। ਪਰ ਆਮ ਸ਼ਰਧਾਲੂ ਮਨੁੱਖ ਇਨ੍ਹਾਂ ਦੇ ਭਰਮਜਾਲ ਵਿੱਚ ਫਸਿਆ, ਆਪ ਗਿਆਨ ਲੈਣ ਲਈ ਯਤਨ ਨਹੀਂ ਕਰਦਾ ਤੇ ਬੜੀ ਆਸ ਨਾਲ ਧਰਮ ਪੁਜਾਰੀਆਂ ਕੋਲ ਤਨ, ਮਨ, ਧਨ ਲੈ ਕੇ ਜਾਂਦਾ ਹੈ, ਪੁਜਾਰੀ ਸ਼ਰਧਾਲੂ ਦਾ ਇਹ ਸਭ ਕੁੱਝ ਲੁੱਟਣ ਤੋਂ ਬਾਅਦ ਫੋਕੇ ਧਰਵਾਸ ਜਾਂ ਭਵਿੱਖ ਦੇ ਲਾਰਿਆਂ ਤੋਂ ਵੱਧ ਕੁੱਝ ਨਹੀਂ ਦਿੰਦਾ, ਅਸਲ ਵਿੱਚ ਉਸ ਕੋਲ ਇਸ ਤੋਂ ਵੱਧ ਦੇਣ ਲਈ ਕੁੱਝ ਹੁੰਦਾ ਵੀ ਨਹੀਂ ਜਾਂ ਜੇ ਕੁੱਝ ਗਿਆਨ ਹੋਵੇ ਵੀ ਤਾਂ ਉਹ ਦਿੰਦਾ ਨਹੀਂ। ਸਵਾਲ ਪੈਦਾ ਹੁੰਦਾ ਹੈ ਕਿ ਜੇ ਪੁਜਾਰੀ ਕੋਲੋਂ ਕੁੱਝ ਮਿਲਣਾ ਨਹੀਂ ਹੁੰਦਾ ਤਾਂ ਫਿਰ ਵੀ ਸ਼ਰਧਾਲੂ ਉਸਦੇ ਮਾਇਆ ਜਾਲ਼ ਵਿੱਚ ਕਿਉਂ ਫਸਦੇ ਹਨ? ਕਿਉਂ ਸ਼ਰਧਾਲੂ ਇਨ੍ਹਾਂ ਪੁਜਾਰੀਆਂ ਕੋਲੋਂ ਸਰੀਰਕ, ਮਾਨਸਿਕ, ਆਰਥਿਕ ਸੋਸ਼ਣ ਕਰਾਉਂਦੇ ਹਨ? ਉਹ ਕਿਉਂ ਨਹੀਂ ਇਨ੍ਹਾਂ ਦੇ ਮਾਇਆਜਾਲ ਵਿਚੋਂ ਨਿਕਲ ਕੇ ਇੱਕ ਆਮ ਇਨਸਾਨ ਵਾਲਾ ਜੀਵਨ ਬਤੀਤ ਕਰਦੇ, ਜਿਸ ਵਿੱਚ ਸੁੱਖੀ ਰਹਿ ਸਕਣ? ਇਹ ਸਾਰੇ ਸਵਾਲ ਜੇ ਸਾਡੇ ਦਿਮਾਗ ਵਿੱਚ ਨਹੀਂ ਆਉਂਦੇ ਤਾਂ ਇਹੀ ਸਭ ਤੋਂ ਵੱਡੀ ਸਮੱਸਿਆ ਹੈ? ਜਿਹੜੇ ਲੋਕ ਗਿਆਨਵਾਨ ਹਨ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਸ਼ਰਧਾਲੂਆਂ ਦੇ ਦਿਮਾਗ ਵਿੱਚ ਸਵਾਲ ਖੜੇ ਕਰਨ ਤਾਂ ਕਿ ਉਹ ਕੁੱਝ ਸੋਚਣ ਦੇ ਸਮਰੱਥ ਹੋ ਸਕਣ। ਉਨ੍ਹਾਂ ਦੇ ਦਿਮਾਗ ਦਾ ਦਲੀਲ ਤੇ ਤਰਕ ਵਾਲਾ ਜਿਹੜਾ ਹਿੱਸਾ ਸੌਂ ਚੁੱਕਾ ਹੈ ਜਾਂ ਕਮਜ਼ੋਰ ਪੈ ਚੁੱਕਾ ਹੈ, ਉਸਨੂੰ ਜਗਾਇਆ ਜਾ ਸਕੇ, ਤਕੜਾ ਕੀਤਾ ਜਾ ਸਕੇ। ਜਦ ਤੱਕ ਗਿਆਨਵਾਨ ਪੁਰਸ਼ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਦੇ ਮਨਾਂ ਵਿੱਚ ਸਵਾਲ ਖੜੇ ਨਹੀਂ ਕਰਦੇ, ਸੁਧਾਰ ਨਹੀਂ ਹੋ ਸਕਦਾ? ਇਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਪੁਜਾਰੀ ਸਭ ਤੋਂ ਵੱਧ ਸਵਾਲਾਂ ਤੋਂ ਹੀ ਡਰਦੇ ਹਨ, ਇਸੇ ਕਰਕੇ ਉਹ ਵਾਰ ਸ਼ਰਧਾਲੂਆਂ ਨੂੰ ਸ਼ਰਧਾ ਰੱਖਣ, ਯਕੀਨ ਕਰਨ, ਭਰੋਸਾ ਕਰਨ, ਸਭ ਕੁੱਝ ਠੀਕ ਹੋ ਜਾਵੇਗਾ, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਰਗੀਆਂ ਗੱਲਾਂ ਵਾਰ-ਵਾਰ ਦੁਹਰਾਉਂਦੇ ਹਨ, ਤਾਂ ਕਿ ਮਨੁੱਖ ਜਾਗ ਨਾ ਪਵੇ, ਸੋਚਣ ਦੇ ਰਾਹ ਨਾ ਪੈ ਜਾਵੇ, ਸਵਾਲ ਕਰਨ ਲਈ ਨਾ ਉਠ ਪਵੇ। ਇਸ ਲਈ ਜੇ ਪੁਜਾਰੀਆਂ ਦੇ ਮਕੜਜਾਲ ਵਿਚੋਂ ਨਿਕਲਣਾ ਹੈ ਜਾਂ ਮਨੁੱਖਤਾ ਨੂੰ ਕੱਢਣਾ ਹੈ ਤੇ ਮਨੁੱਖਤਾ ਦੀ ਲੁੱਟ ਰੋਕਣੀ ਹੈ ਤਾਂ ਸਵਾਲ ਖੜੇ ਕਰਨੇ ਪੈਣਗੇ? ਉਨ੍ਹਾਂ ਨੂੰ ਪੁਛਣਾ ਪਵੇਗਾ ਕਿ ਉਹ ਜਿਹੜੇ ਕਰਮਕਾਂਡ ਕਰਦੇ ਹਨ, ਉਨ੍ਹਾਂ ਦਾ ਕੋਈ ਲਾਭ ਹੋਇਆ ਹੈ, ਉਨ੍ਹਾਂ ਵਲੋਂ ਕੀਤੇ ਜਾਂਦੇ ਮੰਤਰ ਜਾਪਾਂ, ਸਿਮਰਨਾਂ, ਨਿਤਨੇਮਾਂ ਨਾਲ ਜੀਵਨ ਵਿੱਚ ਕੋਈ ਤਬਦੀਲੀ ਆਈ ਹੈ, ਕੀ ਸਿਰਫ ਧਰਮ ਦੇ ਚਿੰਨ੍ਹ ਪਹਿਨਣ, ਧਰਮ ਦੀਆਂ ਰੀਤਾਂ ਰਸਮਾਂ ਨਿਭਾਉਣ, ਵਿਧੀ ਨਾਲ ਕਰਮਕਾਂਡ ਆਦਿ ਕਰਨ, ਧਰਮ ਦਾ ਪਹਿਰਾਵਾ ਪਹਿਨ ਲੈਣ, ਦਾਨ-ਦੱਸ਼ਣਾ ਆਦਿ ਦੇਣ ਨਾਲ ਉਨ੍ਹਾਂ ਦਾ ਜਾਂ ਮਨੁੱਖਤਾ ਜਾਂ ਸਮਾਜ ਦਾ ਕੋਈ ਭਲਾ ਹੋਇਆ ਹੈ? ਕੀ ਜੇ ਉਹ ਅਜਿਹੇ ਕਰਮ ਨਾ ਕਰਨਗੇ ਤਾਂ ਕੀ ਉਨ੍ਹਾਂ ਦਾ ਕੋਈ ਨੁਕਸਾਨ ਹੋ ਜਾਵੇਗਾ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਖੜੇ ਕੀਤੇ ਜਾ ਸਕਦੇ ਹਨ? ਸਵਾਲ ਖੜੇ ਕਰਨ ਨਾਲ ਹੀ ਗਿਆਨ ਦਾ ਦੀਵਾ ਜਗ ਸਕਦਾ ਹੈ ਤੇ ਅਗਿਆਨਤਾ ਦਾ ਅੰਧੇਰਾ ਖਤਮ ਹੋ ਸਕਦਾ ਹੈ। ਜੇ ਗਿਆਨਵਾਨ ਜਾਂ ਜਾਗਰੂਕ ਲੋਕ, ਪੁਜਾਰੀਆਂ ਦੀਆਂ ਮਰਿਯਾਦਾਵਾਂ, ਕਰਮਕਾਂਡਾਂ, ਫੋਕਟ ਧਾਰਮਿਕ ਚਿੰਨ੍ਹਾਂ, ਦਿਖਾਵਿਆਂ-ਪਹਿਰਾਵਿਆਂ ਤੇ ਪ੍ਰਸ਼ਨ ਚਿੰਨ੍ਹ ਲਗਾਉਣ ਲੱਗਣ, ਸਵਾਲ ਖੜੇ ਕਰਨ ਲੱਗਣ ਤਾਂ ਸੁਧਾਰ ਕਰਨਾ ਜਾਂ ਤਬਦੀਲੀ ਲਿਆਉਣੀ ਕੋਈ ਬਹੁਤ ਵੱਡੀ ਗੱਲ ਨਹੀਂ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇੱਕ ਜਗਦਾ ਦੀਵਾ ਹੀ ਹੋਰ ਦੀਵੇ ਜਗਾ ਸਕਦਾ ਹੈ, ਇਸੇ ਤਰ੍ਹਾਂ ਪਹਿਲਾਂ ਆਪ ਗਿਆਨਵਾਨ ਹੋਈਏ, ਪੁਜਾਰੀਆਂ ਵਲੋਂ ਖੜੇ ਕੀਤੇ ਨਕਲੀ ਧਰਮਾਂ ਦੀ ਨਬਜ਼ ਪਛਾਣੀਏ, ਉਨ੍ਹਾਂ ਵਿਚੋਂ ਆਪ ਨਿਕਲੀਏ, ਉਨ੍ਹਾਂ ਵਲੋਂ ਖੜੇ ਕੀਤੇ ਦਿਖਾਵੇ ਦੇ ਕਰਮਕਾਂਡਾਂ, ਮਰਿਯਾਦਾਵਾਂ, ਚਿੰਨ੍ਹਾਂ ਨੂੰ ਨਕਾਰੀਏ, ਫਿਰ ਅਸੀਂ ਜੋਤ ਤੋਂ ਜੋਤ ਜਗਾ ਸਕਾਂਗੇ।
ਇਸ ਤੋਂ ਪਹਿਲਾਂ ਕਿ ਅਸੀਂ ਇਹ ਜਾਣੀਏ ਕਿ ਮਨੁੱਖ ‘ਸੌਦੇਬਾਜੀ ਵਾਲੇ ਨਕਲੀ ਧਰਮ’ ਵਿੱਚ ਫਸਦਾ ਕਿਉਂ ਹੈ? ਇਹ ਜਾਣ ਲੈਣਾ ਵੀ ਜਰੂਰੀ ਹੈ ਪੁਜਾਰੀ ਕਿਵੇਂ ਭੋਲੇ-ਭਾਲੇ ਸ਼ਰਧਾਲੂਆਂ ਨੂੰ ਆਪਣੇ ਕਪਟੀ ਮਾਇਆਜਾਲ ਵਿੱਚ ਫਸਾਉਂਦਾ ਹੈ ਤੇ ਫਿਰ ਸਾਰੀ ਉਮਰ ਉਸ ਵਿਚੋਂ ਨਿਕਲਣ ਨਹੀਂ ਦਿੰਦਾ? ਧਰਮਾਂ ਦਾ ਸਾਰਾ ਧੰਦਾ ਰੱਬ ਦੀ ਹੋਂਦ ਤੇ ਖੜਾ ਹੈ। ਉਹ ਇਹ ਮੰਨ ਕੇ ਚੱਲਦੇ ਹਨ ਜਾਂ ਅਜਿਹਾ ਸ਼ਰਧਾਲੂ ਨੂੰ ਦੱਸਦੇ ਹਨ ਕਿ ਇਸ ਦਿਸਦੇ ਸੰਸਾਰ ਪਿਛੇ ਇੱਕ ਅਜਿਹੀ ਲੁਕਵੀਂ ਸ਼ਕਤੀ ਹੈ, ਜੋ ਇਸ ਯੂਨੀਵਰਸ ਨੂੰ ਚਲਾ ਰਹੀ ਹੈ। ਇਸ ਸ਼ਕਤੀ (ਰੱਬ) ਬਾਰੇ ਵੀ ਵੱਖ-ਵੱਖ ਧਰਮਾਂ ਦਾ ਵੱਖੋ-ਵੱਖਰਾ ਨਜ਼ਰੀਆ ਹੈ। ਜਿਥੇ ਬਹੁਤੇ ਇਸਦਾ ਵਾਸਾ ਧਰਤੀ ਤੋਂ ਉਪਰ ਕਿਸੇ ਹੋਰ ਧਰਤੀ (ਪਲੈਨਿਟ ਜਾਂ ਆਕਾਸ਼) ਤੇ ਮੰਨਦੇ ਹਨ, ਉਥੇ ਕਈ ਇਸਨੂੰ ਇਸ ਸ੍ਰਿਸ਼ਟੀ ਵਿੱਚ ਵਿਚਰਦਾ ਮੰਨਦੇ ਹਨ। ਪਰ ਅਸਲ ਵਿੱਚ ਕੁਦਰਤ ਦੀ ਇਹ ਖੇਡ ਕਿਸ ਤਰ੍ਹਾਂ ਚਲਦੀ ਹੈ, ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ। ਸਭ ਧਰਮ ਆਗੂਆਂ ਨੇ ਆਪਣੀ-ਆਪਣੀ ਸਮਝ ਅਨੁਸਾਰ ਕਿਆਸ ਅਰਾਈਆਂ ਹੀ ਕੀਤੀਆਂ ਹੋਈਆਂ ਹਨ। ਬੇਸ਼ਕ ਜੋ ਵੀ ਹੋਵੇ, ਇੱਕ ਗੱਲ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਇਹ ਸ੍ਰਿਸ਼ਟੀ ਆਪਣੀ ਹੋਂਦ ਤੋਂ ਹੀ ਇੱਕ ਬੱਝਵੇਂ (ਅਟੱਲ ਜਾਂ ਨਾ ਬਦਲਣ ਵਾਲੇ) ਨਿਯਮਾਂ ਅਧੀਨ ਚੱਲ ਰਹੀ ਹੈ। ਸਾਇੰਸ ਨੂੰ ਮੰਨਣ ਵਾਲੇ ਇਸ ਵਿਚਾਰਧਾਰਾ ਦੇ ਹਨ ਕਿ ਇਹ ਅਟੱਲ ਨਿਯਮ (ਲਾਅ ਆਫ ਨੇਚਰ ਜਾਂ ਕੁਦਰਤ ਦੇ ਨਿਯਮ) ਹੀ ਸਭ ਕੁੱਝ ਹਨ, ਕੋਈ ਇਨ੍ਹਾਂ ਨੂੰ ਰੱਬ ਦਾ ਨਾਮ ਦੇਵੇ ਜਾਂ ਕੁੱਝ ਹੋਰ, ਪਰ ਇਨ੍ਹਾਂ ਨਿਯਮਾਂ ਤੋਂ ਬਾਹਰ ਕੁੱਝ ਨਹੀਂ ਤੇ ਇਹ ਨਿਯਮ ਕਿਸੇ ਨਿਯਮ ਅਧੀਨ ਆਪੇ ਹੀ ਹੋਂਦ ਵਿੱਚ ਆਏ ਤੇ ਨਿਰੰਤਰ ਚੱਲ ਰਹੇ ਹਨ। ਦੂਜੇ ਪਾਸੇ ਧਾਰਮਿਕ ਲੋਕ ਇਹ ਮੰਨਦੇ ਹਨ ਕਿ ਬੇਸ਼ਕ ਇਹ ਅਟੱਲ ਨਿਯਮ ਸਦਾ ਤੋਂ (ਸ੍ਰਿਸ਼ਟੀ ਦੇ ਮੁੱਢ ਤੋਂ) ਬਣੇ ਹੋਏ ਹਨ, ਪਰ ਇਨ੍ਹਾਂ ਨਿਯਮਾਂ ਨੂੰ ਬਣਾਉਣ ਵਾਲਾ ਕੋਈ ਹੋਰ ਹੈ, ਇਹ ਆਪੇ ਨਹੀਂ ਬਣ ਗਏ, ਜਿਸ ਤਰ੍ਹਾਂ ਸਾਇੰਸਦਾਨ ਮੰਨਦੇ ਹਨ? ਇਹ ਤਾਂ ਫਿਰ ‘ਮੁਰਗੀ ਤੇ ਅੰਡੇ’ ਵਾਲੀ ਬੁਝਾਰਤ ਬਣ ਗਈ ਕਿ ਪਹਿਲਾਂ ਮੁਰਗੀ ਸੀ, ਜਿਸਨੇ ਪਹਿਲਾ ਅੰਡਾ ਦਿੱਤਾ ਤੇ ਅੱਗੇ ਉਤਪਤੀ ਤੁਰੀ ਜਾਂ ਪਹਿਲਾਂ ਅੰਡਾ ਸੀ, ਜਿਸ ਵਿਚੋਂ ਮੁਰਗੀ ਨਿਕਲੀ ਸੀ? ਇਸੇ ਕਰਕੇ ਕਵੀ ਪ੍ਰੋ: ਮੋਹਣ ਸਿੰਘ ਹੋਰਾਂ ਕਿਹਾ ਸੀ ਕਿ ‘ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖਧੰਦਾ, ਪੇਚ ਇਸਦੇ ਖੋਲਣ ਲੱਗਿਆਂ, ਕਾਫਿਰ ਹੋ ਜਾਏ ਬੰਦਾ’। ਜੇ ਅਸੀਂ ਇਸ ਉਲਝਨ ਵਿੱਚ ਪਵਾਂਗੇ ਤਾਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ, ਸਿਵਾਏ ਬਹਿਸ ਕਰਕੇ ਝਗੜਾ ਖੜਾ ਕਰਨ ਦੇ। ਪਰ ਇਹ ਗੱਲ ਤਕਰੀਬਨ ਸਾਰੇ ਮੰਨਦੇ ਹਨ ਕਿ ਕੁਦਰਤ ਦੇ ਅਟੱਲ ਨਿਯਮ, ਆਪਣੇ ਨਿਯਮ ਵਿੱਚ ਨਿਰੰਤਰ ਚੱਲ ਰਹੇ ਹਨ, ਇਨ੍ਹਾਂ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਉਂਦੀ, ਇਨ੍ਹਾਂ ਨੂੰ ਕੋਈ ਵਿਅਕਤੀ ਆਪਣੇ ਕਿਸੇ ਯਤਨ ਨਾਲ ਬਦਲ ਨਹੀਂ ਸਕਦਾ। ਜੇ ਅਸੀਂ ਇਨ੍ਹਾਂ ਨਿਯਮਾਂ ਨੂੰ ਧਿਆਨ ਨਾਲ ਸਮਝ ਲਈਏ, ਉਸ ਅਨੁਸਾਰ ਜੀਵਨ ਜਾਚ ਬਣਾ ਲਈਏ ਤਾਂ ਅਸੀਂ ਇਸ ਧਰਤੀ ਤੇ ਸੌਖਾ ਤੇ ਆਨੰਦਮਈ ਜੀਵਨ ਬਤੀਤ ਕਰ ਸਕਦੇ ਹਾਂ। ਇਸ ਨਾਲ ਸਾਨੂੰ ਆਪਣੀਆਂ ਸ਼ਕਤੀਆਂ ਤੇ ਸੀਮਾਵਾਂ ਦਾ ਪਤਾ ਚੱਲ ਜਾਂਦਾ ਹੈ। ਜੇ ਅਸੀਂ ਇਹ ਵੀ ਜਾਣ ਲਈਏ ਕਿ ਇਨ੍ਹਾਂ ਨਿਯਮਾਂ ਪਿਛੇ ਵੀ ਅਨੇਕਾਂ ਲੁਕਵੇਂ ਨਿਯਮ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਮਝਣ ਨਾਲ ਸਾਡੀਆਂ ਕਈ ਸਮੱਸਿਆਵਾਂ ਹੀ ਹੱਲ ਨਹੀਂ ਹੋ ਜਾਂਦੀਆਂ, ਬਲਕਿ ਅਸੀਂ ਕਈ ਕੁੱਝ ਨਵਾਂ ਵੀ ਪੈਦਾ ਕਰ ਸਕਦੇ ਹਾਂ। ਸਾਇੰਸਦਾਨ ਇਸੇ ਲਈ ਅੱਗੇ ਤੋਂ ਅੱਗੇ ਤਰੱਕੀ ਕਰ ਰਹੇ ਹਨ ਕਿਉਂਕਿ ਉਹ ਅੱਗੇ ਤੋਂ ਅੱਗੇ ਇਨ੍ਹਾਂ ਨਿਯਮਾਂ ਵਿੱਚ ਛੁਪੇ ਹੋਏ ਨਿਯਮਾਂ ਦੀ ਖੋਜ ਕਰਦੇ ਜਾ ਰਹੇ ਹਨ, ਜਿਸ ਨਾਲ ਉਹ ਨਾ ਸਿਰਫ ਨਿੱਤ ਨਵੇਂ ਖੁਲਾਸੇ ਕਰ ਰਹੇ ਹਨ, ਸਗੋਂ ਮਨੁੱਖ ਲਈ ਨਿੱਤ ਨਵੀਆਂ ਸੁੱਖ ਸਹੂਲਤਾਂ ਪੈਦਾ ਕਰ ਰਹੇ ਹਨ। ਸਾਇੰਸਦਾਨ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਨਿੱਤ ਨਵੀਆਂ ਖੋਜਾਂ ਕਰਦੇ ਜਾ ਰਹੇ ਹਨ, ਸ਼ਾਇਦ ਉਹ ਇੱਕ ਦਿਨ ਉਸ ਸ਼ਕਤੀ ਦੇ ਸੋਮੇ (ਜਿਸਨੂੰ ਧਰਮ ਵਿੱਚ ਰੱਬ ਕਿਹਾ ਜਾਦਾ ਹੈ) ਨੂੰ ਵੀ ਲੱਭ ਲੈਣ, ਜੋ ਇਨ੍ਹਾਂ ਨਿਯਮਾਂ ਨੂੰ ਚਲਾ ਰਹੀ ਹੈ। ਪਰ ਧਰਮ ਇਸ ਤੋਂ ਬਿਲਕੁਲ ਉਲਟ ਦਿਸ਼ਾ ਵਿੱਚ ਖੜਾ ਹੈ। ਉਹ ਕੁਦਰਤ ਦੇ ਅਟੱਲ ਨਿਯਮਾਂ ਨੂੰ ਮੰਨਦਾ ਹੋਇਆ ਵੀ ਅਜਿਹੀ ਆਸ ਰੱਖਦਾ ਹੈ ਕਿ ਇਨ੍ਹਾਂ ਨਿਯਮਾਂ ਪਿਛੇ ਛੁਪੀ ਸ਼ਕਤੀ ਦੇ ਪੂਜਾ ਪਾਠ, ਭਜਨ ਬੰਦਗੀ, ਸੇਵਾ ਸਿਮਰਨ, ਦਾਨ-ਦੱਸ਼ਣਾ ਆਦਿ ਨਾਲ ਉਸਨੂੰ ਖੁਸ਼ ਕੀਤਾ ਜਾ ਸਕਦਾ ਹੈ ਤੇ ਉਹ ਸ਼ਕਤੀ ਆਪਣੇ ਭਗਤਾਂ ਤੇ ਮਿਹਰਬਾਨ ਹੋ ਕੇ ਆਪਣੇ ਬਣਾਏ ਅਟੱਲ ਨਿਯਮਾਂ ਨੂੰ ਵੀ ਬਦਲ ਲੈਂਦੀ ਹੈ। ਸਾਹਮਣੇ ਵਾਪਰਦੇ ਦੇ ਸੱਚ ਨੂੰ ਦੇਖ ਕੇ ਵੀ ਮਨੁੱਖ ਇਹ ਆਸ ਰੱਖਦਾ ਹੈ ਕਿ ਕੁੱਝ ਅਣਹੋਣੀ ਜਰੂਰ ਵਾਪਰੇਗੀ ਕਿ ਉਸਦਾ ਬੇੜਾ ਪਾਰ ਹੋ ਜਾਵੇਗਾ। ਉਸਨੂੰ ਇਹ ਭਰੋਸਾ ਹੁੰਦਾ ਹੈ ਕਿ ਪ੍ਰਭੂ ਉਸਦੀ ਸ਼ਰਧਾ ਭਾਵਨਾ ਤੇ ਪ੍ਰਭੂ ਭਗਤੀ ਤੋਂ ਤਰੁੱਠ (ਖੁਸ਼ ਹੋ) ਕੇ ਉਸ ਦੀਆਂ ਮਨੋ ਮੰਗੀਆਂ ਮੁਰਾਦਾਂ ਪੂਰੀਆਂ ਕਰਨ ਦੇ ਸਮਰੱਥ ਹੈ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਸੱਚੇ ਦਿਲੋਂ ਕੀਤੀ ਅਰਦਾਸ ਰੱਬ ਜਰੂਰ ਸੁਣਦਾ ਹੈ ਤੇ ਸੁਣਦਾ ਵੀ ਨੇੜਿਉਂ ਹੋ ਕੇ ਹੈ। ਸੱਚ ਸਾਹਮਣੇ ਹੋਣ ਦੇ ਬਾਵਜੂਦ ਮਨੁੱਖ ਅਜਿਹਾ ਕਿਉਂ ਸੋਚਦਾ ਹੈ? ਕਿਉਂਕਿ ਪੁਜਾਰੀ, ਪਰਿਵਾਰ ਤੇ ਸਮਾਜ, ਉਸਨੂੰ ਅਜਿਹਾ ਵਿਸ਼ਵਾਸ਼ ਕਰਨ ਲਈ ਬਚਪਨ ਤੋਂ ਹੀ ਉਸਦੀ ਕੰਡੀਸ਼ਨਿੰਗ ਕਰ ਦਿੰਦੇ ਹਨ ਕਿ ਬਹੁ-ਗਿਣਤੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸੋਚਣ ਦੇ ਸਮਰੱਥ ਹੀ ਨਹੀਂ ਰਹਿੰਦੀ, ਉਹ ਤਾਂ ਪੁਜਾਰੀਆਂ ਦੇ ਦੱਸੇ ਰਸਤੇ ਤੇ ਹੀ ਅੱਖਾਂ ਮੀਟ ਕੇ ਸਾਰੀ ਉਮਰ ਤੁਰਦੀ, ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੀ ਹੈ। ਉਨ੍ਹਾਂ ਦੇ ਦਿਮਾਗ ਦਾ ਧਰਮ ਬਾਰੇ ਸੋਚਣ ਵਾਲਾ ਪਾਸਾ ਬੰਦ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ। ਪੁਜਾਰੀਆਂ ਦੇ ਨਕਲੀ ਧਰਮਾਂ ਦਾ ਧੰਦਾ ਮਨੁੱਖ ਦੀਆਂ ਦੋ ਬੁਨਿਆਦੀ ਕਮਜ਼ੋਰੀਆਂ ਤੇ ਖੜਾ ਹੈ, ਇੱਕ ਡਰ ਤੇ ਦੂਜਾ ਲਾਲਚ। ਪੁਜਾਰੀ ਨੂੰ ਮਨੁੱਖੀ ਮਨ ਦੇ ‘ਡਰ’ ਤੇ ‘ਲਾਲਚ’ ਨੂੰ ਵਰਤਣਾ ਖੂਬ ਆਉਂਦਾ ਹੈ। ਇਨ੍ਹਾਂ ਦੋ ਕਮਜ਼ੋਰੀਆਂ ਸਿਰ ਪੁਜਾਰੀ 5000 ਸਾਲ ਤੋਂ ਧਰਮ ਦਾ ਧੰਦਾ ਚਲਾ ਰਿਹਾ ਹੈ। ਪੁਜਾਰੀ ਬਚਪਨ ਤੋਂ ਮਨੁੱਖ ਅੰਦਰ ਹੀਣ ਭਾਵਨਾ ਭਰ ਕੇ ਰੱਖਦਾ ਹੈ ਕਿ ਮਨੁੱਖ ਹਮੇਸ਼ਾਂ ਦੀਨ, ਨਿਮਾਣਾ, ਬੇਸਹਾਰਾ ਬਣਿਆ ਰਹੇ, ਦੂਜੇ ਪਾਸੇ ਉਸ ਵਲੋਂ ਕਲਪਿਤ ਰੱਬ ਜਾਂ ਦੇਵੀ-ਦੇਵਤਿਆਂ, ਗੁਰੂਆਂ, ਪੀਰਾਂ, ਪੈਗੰਬਰਾਂ ਬਾਰੇ ਅਨੇਕਾਂ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਦਾ ਭਰਮਜਾਲ ਬੁਣਿਆ ਹੋਇਆ ਹੈ। ਜਿਸ ਨਾਲ ਮਨੁੱਖ ਨੂੰ ਪੈਰ ਪੈਰ ਤੇ ਅਹਿਸਾਸ ਹੁੰਦਾ ਰਹੇ ਕਿ ਉਸਦੇ ਹੱਥ ਕੁੱਝ ਨਹੀਂ, ਉਹ ਕੁੱਝ ਵੀ ਕਰਨ ਦੇ ਸਮਰੱਥ ਨਹੀਂ। ਜੋ ਕੁੱਝ ਉਸ ਕੋਲ ਹੈ, ਇਹ ਉਸਦੀ ਰਹਿਮਤ ਤੇ ਬਖਸ਼ਿਸ਼ ਹੈ ਅਤੇ ਜੇ ਕੁੱਝ ਨਹੀਂ ਹੈ ਤਾਂ ਉਸਦੇ ਮੰਦੇ ਭਾਗਾਂ ਦਾ ਫਲ ਹੈ। ਮਨੁੱਖ ਆਪਣੇ ਮੱਥੇ ਦੀਆਂ ਪੁੱਠੀਆਂ ਲਕੀਰਾਂ ਪੁਜਾਰੀਆਂ ਜਾਂ ਉਨ੍ਹਾਂ ਵਲੋਂ ਬਣਾਏ ਰੱਬਾਂ ਅੱਗੇ ਮੱਥੇ ਰਗੜ ਕੇ ਹੀ ਸਿੱਧੀਆਂ ਕਰ ਸਕਦਾ ਹੈ। ਰੱਬ ਦੀ ਰਹਿਮਤ ਉਨ੍ਹਾਂ ਤੇ ਹੁੰਦੀ ਹੈ, ਜੋ ਸ਼ਰਧਾ ਨਾਲ ਭਰੋਸਾ ਰੱਖ ਕੇ ਚਲਦੇ ਹਨ, ਤਰਕ ਦਲੀਲ ਦੀਆਂ ਗੱਲਾਂ ਕਰਨ ਵਾਲੇ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ, ਖਾਲੀ ਹੱਥ ਤੁਰ ਜਾਂਦੇ ਹਨ। ਰੱਬ ਉਨ੍ਹਾਂ ਦੀਆਂ ਹੀ ਝੋਲੀਆਂ ਭਰਦਾ ਹੈ, ਉਨ੍ਹਾਂ ਤੇ ਹੀ ਮਿਹਰਬਾਨ ਹੁੰਦਾ ਹੈ, ਉਨ੍ਹਾਂ ਤੇ ਹੀ ਰਹਿਮਤਾਂ ਦੀ ਬਖਸ਼ਿਸ਼ ਕਰਦਾ ਹੈ, ਜੋ ਸਿਰ ਸੁੱਟ ਕੇ, ਅੱਖਾਂ ਮੀਟ ਕੇ, ਪੁਜਾਰੀ ਵਲੋਂ ਦੱਸੇ ਕਰਮਕਾਂਡਾਂ, ਮਰਿਯਾਦਾਵਾਂ, ਪੂਜਾ ਪਾਠ ਆਦਿ ਨੂੰ ਸ਼ਰਧਾ ਨਾਲ ਨਿਭਾਉਂਦਾ ਹੈ।
ਜਦੋਂ ਮਨੁੱਖ ਨੂੰ ਇਹ ਪਤਾ ਹੈ ਕਿ ਇਹ ਦਿਸਦੀ ਜਾਂ ਅਣਦਿਸਦੀ ਸ੍ਰਿਸ਼ਟੀ ਕੁਦਰਤ ਦੇ ਅਟੱਲ ਨਿਯਮਾਂ ਵਿੱਚ ਚੱਲ ਰਹੀ ਹੈ ਤੇ ਇਨ੍ਹਾਂ ਨਿਯਮਾਂ ਨੂੰ ਬਦਲਣ ਦੀ ਕਿਸੇ ਕੋਲ ਕੋਈ ਸਮਰੱਥਾ ਨਹੀਂ। ਇਨ੍ਹਾਂ ਨੂੰ ਸਮਝਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ, ਖੋਜਿਆ ਜਾ ਸਕਦਾ ਹੈ, ਇਨ੍ਹਾਂ ਨੂੰ ਸਹੀ ਢੰਗ ਨਾਲ ਜਾਣ ਕੇ ਜਾਂ ਖੋਜ ਕੇ ਮਨੁੱਖ ਜਿਥੇ ਆਪ ਸੁੱਖੀ ਰਹਿ ਸਕਦਾ ਹੈ, ਉਥੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਆਪ ਵੀ ਬਚ ਸਕਦਾ ਹੈ ਤੇ ਮਨੁੱਖਤਾ ਨੂੰ ਵੀ ਬਚਾ ਸਕਦਾ ਹੈ। ਪਰ ਧਰਮ ਪੁਜਾਰੀ ਮਨੁੱਖ ਨੂੰ ਅਜਿਹਾ ਸੋਚਣ ਨਹੀਂ ਦਿੰਦੇ। ਉਨ੍ਹਾਂ ਨੂੰ ਅਜਿਹਾ ਭਰਮ ਪਾਈ ਰੱਖਦੇ ਹਨ ਕਿ ਉਨ੍ਹਾਂ ਵਲੋਂ ਦੱਸੀ ਮਰਿਯਾਦਾ ਨਿਭਾਉਣ ਨਾਲ ਹੀ ਰੱਬ ਖੁਸ਼ ਹੁੰਦਾ ਹੈ ਤੇ ਨਾ ਨਿਭਾਉਣ ਨਾਲ ਰੱਬ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ। ਜੇ ਮਨੁੱਖ ਪੁਜਾਰੀ ਦੀ ਦੱਸੀ ਮਰਿਯਾਦਾ ਨੂੰ ਨੇਮ ਨਾਲ ਨਿਭਾਏ ਤਾਂ ਇਹ ਜਨਮ ਹੀ ਨਹੀਂ ਅਗਲਾ ਜਨਮ ਵੀ ਸਫਲ ਹੋ ਸਕਦਾ ਹੈ। ਜਿਸ ਦਿਨ ਰੱਬ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਹੋਵੇਗਾ ਤਾਂ ਪੈਗੰਬਰ, ਪੁਜਾਰੀਆਂ ਵਲੋਂ ਪੂਜਾ ਪਾਠ ਦੀ ਦਿੱਤੀ ਲਿਸਟ ਮੁਤਾਬਿਕ ਸ਼ਰਧਾਲੂ ਦੇ ਹੱਕ ਵਿੱਚ ਗਵਾਹੀ ਦੇਵੇਗਾ। ਇਸ ਤਰ੍ਹਾਂ ਦਾ ਭਰਮ ਪਾ ਕੇ ਪੁਜਾਰੀ ਮਨੁੱਖ ਨੂੰ ‘ਸੌਦੇਬਾਜੀ’ ਲਈ ਪ੍ਰੇਰਦਾ ਹੈ। ਮਨੁੱਖ ਜਦੋਂ ਸਮਾਜ ਵਿੱਚ ਪ੍ਰਚਲਤ ਸੌਦੇਬਾਜੀ (ਦੇਣ-ਲੈਣ) ਨੂੰ ਦੇਖਦਾ ਹੈ ਤਾਂ ਉਸਨੂੰ ਲਗਦਾ ਹੈ ਕਿ ਰੱਬ ਦੇ ਦਰਬਾਰ ਵਿੱਚ ਵੀ ਜਰੂਰ ਅਜਿਹੀ ਸੌਦੇਬਾਜੀ ਹੁੰਦੀ ਹੋਵੇਗੀ। ਇਸ ਤਰ੍ਹਾਂ ਸ਼ਰਧਾਲੂ ਪੁਜਾਰੀ ਵਲੋਂ ਦੱਸੀ ਮਰਿਯਾਦਾ ਨੂੰ ਨਿਭਾਉਣ ਵਿੱਚ ਹੀ ਆਪਣਾ ਧਰਮ ਸਮਝਦਾ ਹੈ। ਇਸ ਤਰ੍ਹਾਂ ਪੁਜਾਰੀ ਸ਼ਰਧਾਲੂ ਨੂੰ ਸੌਦੇਬਾਜੀ ਦੀ ਲਿਸਟ ਦਿੰਦਾ ਹੈ। ਕਿਸੇ ਖਾਸ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਨਾਲ ਇਹ ਲਾਭ ਮਿਲੇਗਾ, ਤੀਰਥ ਅਸਥਾਨ ਤੇ ਵਿਧੀ ਨਾਲ ਖਾਸ ਮੌਕਿਆਂ ਤੇ ਇਸ਼ਨਾਨ ਕਰਨ ਨਾਲ ਇਹ ਲਾਭ ਪ੍ਰਾਪਤ ਹੋਵੇਗਾ, ਪੁਜਾਰੀ ਵਲੋਂ ਦਿੱਤਾ ਮੰਤਰ ਪੜ੍ਹਨ (ਜਾਪ ਕਰਨ) ਨਾਲ ਇਹ ਲਾਭ ਮਿਲੇਗਾ, ਧਰਮ ਗ੍ਰੰਥ ਦੇ ਪਾਠ ਕਰਾਉਣ ਨਾਲ ਇਹ ਲਾਭ ਮਿਲੇਗਾ, ਪੂਜਾ ਕਰਾਉਣ ਨਾਲ ਇਹ ਲਾਭ ਮਿਲੇਗਾ, ਜੇ ਆਪ ਅਜਿਹਾ ਕਰਨ ਲਈ ਸਮਾਂ ਨਹੀਂ ਤਾਂ ਪੁਜਾਰੀ ਨੂੰ ਧੰਨ ਦੌਲਤ ਦਿੱਤਾ ਜਾਵੇ ਤੇ ਪੁਜਾਰੀ ਤੁਹਾਡੇ ਲਈ ਪੂਜਾ, ਪਾਠ, ਮੰਤਰ ਜਾਪ, ਯੱਗ, ਹਵਨ, ਮਾਲਾ ਫੇਰਨਾ, ਧਰਮ ਗ੍ਰੰਥਾਂ ਦੇ ਪਾਠ ਆਦਿ ਕਰਕੇ ਸ਼ਰਧਾਲੂ ਲਈ ਰੱਬ ਤੋਂ ਮੂੰਹੋਂ ਮੰਗੀਆਂ ਮੁਰਾਦਾਂ ਲੈ ਕੇ ਦੇ ਸਕਦਾ ਹੈ। ਪੁਜਾਰੀ ਰੱਬ ਅੱਗੇ ਸ਼ਰਧਾਲੂ ਲਈ ਅਰਦਾਸ (ਪ੍ਰੇਅਰ) ਕਰਕੇ ਕਿਸੇ ਵਿਗੜੇ ਕੰਮ ਨੂੰ ਸੰਵਾਰਨ ਲਈ ਸਿਫਾਰਸ਼ ਕਰ ਸਕਦਾ ਹੈ। ਸ਼ਰਧਾਲੂਆਂ ਦੇ ਮਨਾਂ ਵਿੱਚ ਇਹ ਗੱਲ ਪੱਕੀ ਕੀਤੀ ਜਾਂਦੀ ਹੈ ਕਿ ਪੁਜਾਰੀ ਹੀ ਇੱਕ ਵਿਅਕਤੀ ਹੈ, ਜਿਸਦਾ ਰੱਬ ਨਾਲ ਸਿੱਧਾ ਸਬੰਧ ਹੁੰਦਾ ਹੈ। ਉਸ ਵਲੋਂ ਕੀਤੀ ਸਿਫਰਸ਼ (ਅਰਦਾਸ) ਕਦੇ ਅਜਾਈਂ ਨਹੀਂ ਜਾਂਦੀ। ਇਸ ਤਰ੍ਹਾਂ ਮਨੁੱਖ ਆਪਣੀ ਲਾਲਚੀ ਬਿਰਤੀ ਅਧੀਨ ਪੁਜਾਰੀਆਂ ਦੇ ਪੈਰਾਂ ਤੇ ਹਮੇਸ਼ਾਂ ਡਿਗਿਆ ਰਹਿੰਦਾ ਹੈ। ਉਹ ਕਦੇ ਨਹੀਂ ਸੋਚਦਾ ਕਿ ਜੇ ਇਸ ਤਰ੍ਹਾਂ ਅਰਦਾਸਾਂ, ਪੂਜਾ-ਪਾਠਾਂ, ਮੰਤਰ-ਜਾਪਾਂ, ਭਗਤੀਆਂ ਆਦਿ ਨਾਲ ਰੱਬ ਖੁਸ਼ ਹੋ ਕੇ ਆਪਣੇ ਨਿਯਮ ਬਦਲਦਾ ਤਾਂ ਹੁਣ ਤੱਕ ਕਦੋਂ ਦਾ ਪੁਜਾਰੀਆਂ ਨੇ ਰੱਬ ਨੂੰ ਵੇਚ ਦਿੱਤਾ ਹੁੰਦਾ ਜਾਂ ਆਪਣੇ ਕਿਸੇ ਧਰਮ ਅਸਥਾਨ ਵਿੱਚ ਕੈਦ ਕਰ ਲਿਆ ਹੁੰਦਾ ਤੇ ਫਿਰ ਆਪਣੀ ਮਰਜੀ ਦੇ ਫੈਸਲੇ ਕਰਾਉਂਦਾ। ਪਰ ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕੁਦਰਤ ਦੇ ਅਟੱਲ ਨਿਯਮਾਂ ਤੋਂ ਉਲਟ ਕਦੇ ਕੋਈ ਕਰਾਮਾਤ ਨਹੀਂ ਵਾਪਰਦੀ। ਜੋ ਕੁੱਝ ਵਾਪਰਦਾ ਹੈ, ਉਹ ਉਨ੍ਹਾਂ ਅਟੱਲ ਨਿਯਮਾਂ ਅਧੀਨ ਹੀ ਵਾਪਰਦਾ ਹੈ। ਇਸਦਾ ਦੂਜਾ ਪੱਖ ਇਹ ਵੀ ਹੈ ਕਿ ਕੁਦਰਤ ਦੇ ਇਨ੍ਹਾਂ ਨਿਯਮਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਕਰ ਰਿਹਾ ਹੈ? ਕੌਣ ਆਸਤਿਕ ਹੈ ਤੇ ਕੌਣ ਨਾਸਤਿਕ ਹੈ? ਕੌਣ ਕਿਸ ਧਰਮ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ? ਕੌਣ ਪੂਜਾ ਪਾਠ ਕਰਦਾ ਹੈ ਤੇ ਕੌਣ ਨਹੀਂ ਕਰਦਾ? ਕੌਣ ਧਰਮੀ ਹੈ ਤੇ ਕੌਣ ਪਾਪੀ ਹੈ, ਕੌਣ ਧਰਮ ਅਸਥਾਨਾਂ ਵਿੱਚ ਨੇਮ ਨਾਲ ਜਾਂਦਾ ਹੈ ਤੇ ਕੌਣ ਨਹੀਂ ਜਾਂਦਾ? ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕਿਹੜੇ ਦੇਸ਼, ਧਰਮ, ਨਸਲ, ਕੌਮ, ਰੰਗ, ਲਿੰਗ ਆਦਿ ਨਾਲ ਸਬੰਧਤ ਹੈ। ਕੁਦਰਤ ਦੇ ਅਟੱਲ ਨਿਯਮ ਆਪਣੇ ਸੁਭਾਅ ਅਨੁਸਾਰ ਨਿਰੰਤਰ ਚੱਲ ਰਹੇ ਹਨ। ਜਿਹੜਾ ਵੀ ਇਨ੍ਹਾਂ ਨਿਯਮਾਂ ਅਨੁਸਾਰ ਜਾਂ ਉਨ੍ਹਾਂ ਨੂੰ ਸਮਝ ਕੇ ਚਲਦਾ ਹੈ, ਉਹ ਸੁੱਖੀ ਰਹਿ ਸਕਦਾ ਹੈ ਤੇ ਜਿਹੜਾ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਹ ਦੁੱਖ ਪਾ ਸਕਦਾ ਹੈ। ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਅਧੀਨ ਮਨੁੱਖ ਨੂੰ ਸੁੱਖ ਦੁੱਖ ਮਿਲਦੇ ਰਹਿੰਦੇ ਹਨ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਦੇਸ਼ ਦਾ ਕੋਈ ਨਾਗਰਿਕ ਅਗਰ ਦੇਸ਼ ਦੇ ਕਨੂੰਨ ਵਿੱਚ ਰਹਿ ਕੇ ਕੰਮ ਕਰਦਾ ਰਹੇ ਤਾਂ ਉਹ ਚੰਗਾ ਨਾਗਰਿਕ ਬਣ ਕੇ ਸਭ ਸੁੱਖ ਸਹੂਲਤਾਂ ਮਾਣਦਾ ਹੈ ਤੇ ਕਨੂੰਨ ਦੀ ਉਲੰਘਣਾ ਕਰਨ ਵਾਲਾ ਸਜ਼ਾ ਪਾਉਂਦਾ ਹੈ। ਕਈ ਵਾਰ ਮਨੁੱਖ ਅਣਜਾਣੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਵੀ ਦੁੱਖ ਪਾ ਸਕਦਾ ਹੈ ਤੇ ਇਸੇ ਤਰ੍ਹਾਂ ਕਈ ਵਾਰ ਅਣਜਾਣੇ ਵਿੱਚ ਨਿਯਮ ਅਨੁਸਾਰ ਚੱਲ ਕੇ ਸੁੱਖ ਵੀ ਪਾ ਸਕਦਾ ਹੈ। ਕਈ ਵਾਰ ਮਨੁੱਖ ਕੁੱਝ ਕਰਦਾ ਹੈ, ਉਸਦਾ ਚੰਗਾ ਜਾਂ ਮਾੜਾ ਨਤੀਜਾ ਜਲਦੀ ਸਾਹਮਣੇ ਆ ਜਾਂਦਾ ਹੈ ਤੇ ਕਈ ਵਾਰ ਉਸ ਲਈ ਸਮਾਂ ਲੱਗ ਸਕਦਾ ਹੈ। ਪਰ ਇਹ ਸਭ ਹੁੰਦਾ ਨਿਯਮ (ਭਾਣੇ) ਵਿੱਚ ਹੀ ਹੈ। ਕੁੱਝ ਵੀ ਇਸ ਤੋਂ ਬਾਹਰ ਨਹੀਂ ਹੈ। ਇਸ ਲਈ ਸੌਦੇਬਾਜੀ ਦੀ ਭਾਵਨਾ ਨਾਲ ਕੀਤੇ ਪੂਜਾ ਪਾਠ, ਸਿਮਰਨ, ਭਜਨ ਬੰਦਗੀ, ਮੰਤਰ ਜੰਤਰ ਆਦਿ ਕੁੱਝ ਨਹੀਂ ਸੰਵਾਰ ਸਕਦੇ ਤੇ ਨਾ ਹੀ ਇਸ ਨਾਲ ਇਨ੍ਹਾਂ ਅਟੱਲ ਨਿਯਮਾਂ (ਹੁਕਮ ਜਾਂ ਭਾਣਾ) ਨੂੰ ਬਦਲਿਆ ਜਾ ਸਕਦਾ ਹੈ ਤੇ ਨਾ ਹੀ ਖੁਸ਼ ਕੀਤਾ ਜਾ ਸਕਦਾ ਹੈ। ਪੁਜਾਰੀਆਂ ਵਲੋਂ ਧਰਮ ਦੇ ਨਾਮ ਤੇ ਕੀਤਾ ਜਾਂਦਾ ਅਡੰਬਰ ਝੂਠਾ ਤੇ ਨਕਲੀ ਹੈ। ਪੁਜਾਰੀਆਂ ਵਲੋਂ ਮਨੁੱਖੀ ਮਨ ਦੀ ਲਾਲਾਚੀ ਬਿਰਤੀ ਅਧੀਨ ਲੁੱਟਣ ਲਈ ਹੀ ਇਹ ਪ੍ਰਚਾਰਿਆ ਜਾਂਦਾ ਹੈ; ‘ਤੁਮ ਏਕ ਪੈਸਾ ਦੋਗੇ ਵੋ ਦਸ ਲਾਖ ਦੇਗਾ’। ਇਸ ਵਿੱਚ ਕੋਈ ਸਚਾਈ ਨਹੀਂ, ਜਿਤਨੀ ਜਲਦੀ ਇਹ ਸੱਚ ਆਪਾਂ ਜਾਣ ਲਵਾਂਗੇ, ਇਨ੍ਹਾਂ ਦੇ ਭਰਮਜਾਲ ਜਾਂ ਮਾਇਆਜਾਲ ਵਿਚੋਂ ਨਿਕਲ ਸਕਾਂਗੇ। ਜੇ ਨਹੀਂ ਸਮਝਾਂਗੇ ਤਾਂ ਅਸੀਂ ਵੀ ਆਪਣੇ ਪੁਰਖਿਆਂ (ਪੂਰਵਜਾਂ) ਵਾਂਗ ਪੁਜਾਰੀਆਂ ਜਾਂ ਉਨ੍ਹਾਂ ਦੇ ਬਣਾਏ ਨਕਲੀ ਭਗਵਾਨਾਂ ਜਾਂ ਮੂਰਤੀਆਂ ਅੱਗੇ ਮੱਥੇ ਰਗੜਦੇ ਮਰ ਜਾਵਾਂਗੇ, ਪਰ ਮਿਲੇਗਾ ਕੁੱਝ ਨਹੀਂ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਜਾਣ ਲੈਣੀ ਚਾਹੀਦੀ ਹੈ ਕਿ ਇਸ ਰੱਬੀ ਨਿਜ਼ਾਮ ਵਿੱਚ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਚਲਦੀ, ਕਿਤੇ ਸੌਦੇਬਾਜੀ ਨਹੀਂ ਚਲਦੀ, ਕੋਈ ਅਰਦਾਸ ਨਹੀਂ ਸੁਣੀ ਜਾਂਦੀ? ਨਾ ਹੀ ਅਜਿਹੀ ਕਿਸੇ ਸੌਦੇਬਾਜੀ ਨਾਲ ਕਿਸੇ ਨੂੰ ਖੁਸ਼ ਕਰਕੇ ਕੁੱਝ ਕਰਵਾਇਆ ਜਾ ਸਕਦਾ ਹੈ? ਇਹ ਸਾਡੇ ਵਲੋਂ ਬਣਾਏ ਸਮਾਜ ਵਿੱਚ ਤਾਂ ਸੰਭਵ ਹੋ ਸਕਦਾ ਹੈ ਕਿ ਅਸੀਂ ਰਿਸ਼ਵਤ ਦੇ ਕੇ, ਕੋਈ ਵੱਢੀ ਦੇ ਕੇ, ਕੋਈ ਸਿਫਾਰਿਸ਼ ਪੁਆ ਕੇ ਕੰਮ ਕਰਵਾ ਲਈਏ, ਪਰ ਕੁਦਰਤ ਦੇ ਸਿਸਟਮ ਵਿੱਚ ਸਭ ਕੁੱਝ ਸਿਸਟਮ (ਨਿਯਮ) ਵਿੱਚ ਹੀ ਚਲਦਾ ਹੈ। ਉਸਨੂੰ ਬਦਲਣਾ ਜਾਂ ਖੁਸ਼ ਕਰਨਾ ਸਾਡੇ ਵੱਸ ਨਹੀਂ। ਸਾਡੇ ਹੱਥ ਸਿਰਫ ਇਹੀ ਹੈ ਕਿ ਅਸੀਂ ਇਸ ਸਿਸਟਮ ਨੂੰ ਸਮਝੀਏ, ਉਸ ਅਨੁਸਾਰ ਰਹਿਣ ਦੀ ਜਾਚ ਸਿੱਖੀਏ। ਉਸਨੂੰ ਖੋਜੀਏ, ਜੇ ਖੋਜਾਂਗੇ ਤਾਂ ਜਰੂਰ ਕੁੱਝ ਨਾ ਕੁੱਝ ਮਿਲੇਗਾ, ਜਿਸ ਨਾਲ ਆਪਣਾ ਤੇ ਮਨੁੱਖਤਾ ਦਾ ਭਲਾ ਕੀਤਾ ਜਾ ਸਕਦਾ ਹੈ।
ਜੋ ਮਨੁੱਖ ਪੁਜਾਰੀਆਂ ਦੇ ਕਰਮਕਾਂਡੀ ਮਾਇਆਜਾਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਨੂੰ ਇਸ ਵਿਚੋਂ ਕੱਢਣਾ, ਉਨ੍ਹਾਂ ਨੂੰ ਗਿਆਨਵਾਨ ਬਣਾਉਣਾ, ਉਨ੍ਹਾਂ ਨੂੰ ਸੱਚ ਦੇ ਮਾਰਗ ਤੇ ਤੋਰਨਾ, ਅਸਲੀ ਧਰਮ ਦੇ ਰਾਹੇ ਪਾਉਣਾ, ਉਨ੍ਹਾਂ ਨੂੰ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ ਲੁੱਟ ਤੋਂ ਬਣਾਉਣਾ, ਉਨ੍ਹਾਂ ਸਭ ਦਾ ਫਰਜ਼ ਹੈ ਜੋ ਗਿਆਨਵਾਨ ਹਨ, ਸੂਝਵਾਨ ਹਨ, ਸੱਚ ਦੇ ਮਾਰਗ ਦੇ ਪਾਂਧੀ ਹਨ, ਅਸਲੀ ਧਰਮੀ ਹਨ, ਜਾਗਰੂਕ ਹਨ, ਪੁਜਾਰੀਆਂ ਦੇ ਕਪਟੀ ਜਾਲ ਵਿਚੋਂ ਨਿਕਲ ਚੁੱਕੇ ਹਨ। ਜੇ ਅਸੀਂ ਇਹ ਸੋਚ ਕੇ ਕਿ ਇਨ੍ਹਾਂ ਦਾ ਕੁੱਝ ਨਹੀਂ ਹੋ ਸਕਦਾ ਜਾਂ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਸਕਦਾ, ਇਹ ਸਾਡੀ ਨਾਕਾਰਾਤਮਿਕ ਸੋਚ ਹੈ। ਬਹੁਤੇ ਸ਼ਰਧਾਲੂ ਅਣਜਾਣੇ ਜਾਂ ਭੋਲੇਪਨ ਵਿੱਚ ਹੀ ਇਨ੍ਹਾਂ ਦੇ ਜਾਲ ਵਿੱਚ ਫਸੇ ਹੋਏ ਹਨ। ਸਾਨੂੰ ਉਨ੍ਹਾਂ ਤੇ ਤਰਸ ਕਰਨ ਦੀ ਲੋੜ ਹੈ ਨਾ ਕਿ ਉਨ੍ਹਾਂ ਨਾਲ ਨਫਰਤ ਜਾਂ ਈਰਖਾ ਕਰਨ ਦੀ। ਇਹ ਗੱਲ ਉਨ੍ਹਾਂ ਅਨਪੜ੍ਹ, ਅਧਪੜ੍ਹ, ਅਗਿਆਨੀ, ਅੰਧਵਿਸ਼ਵਾਸ਼ੀ, ਕਰਮਕਾਂਡੀ ਸ਼ਰਧਾਲੂਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਕੁਦਰਤ ਦੇ ਇਸ ਨਿਰੰਤਰ ਚੱਲ ਰਹੇ ਵਰਤਾਰੇ ਵਿੱਚ ਸਭ ਕੁੱਝ ਰੱਬੀ ਨਿਯਮਾਂ (ਕੁਦਰਤ ਦੇ ਨਿਯਮਾਂ ਜਾਂ ਲਾਅ ਆਫ ਨੇਚਰ) ਅਨੁਸਾਰ ਹੀ ਵਾਪਰਦਾ ਹੈ, ਇਥੇ ਇਨ੍ਹਾਂ ਨਿਯਮਾਂ ਤੋਂ ਬਾਹਰ ਕਦੇ ਕੋਈ ਕਰਾਮਾਤ ਨਹੀਂ ਵਾਪਰਦੀ, ਜੇ ਸਾਨੂੰ ਵਾਪਰਨ ਦਾ ਭਰਮ ਹੈ ਤਾਂ ਸਿਰਫ ਮਦਾਰੀ ਦੇ ਤਮਾਸ਼ੇ ਵਾਲਾ ਹੱਥ ਦੀ ਸਫਾਈ ਨਾਲ ਕੀਤਾ ਅੱਖਾਂ ਦਾ ਭਰਮ ਹੁੰਦਾ ਹੈ। ਜੇ ਅਸੀਂ ਨਿਯਮਾਂ ਨੂੰ ਸਮਝ ਲਈਏ, ਇਨ੍ਹਾਂ ਨਿਯਮਾਂ ਦੇ ਪਿਛੇ ਕੰਮ ਕਰਦੇ ਛੁਪੇ ਹੋਏ ਨਿਯਮਾਂ ਨੂੰ ਜਾਣ ਲਈਏ ਤਾਂ ਅਸੀਂ ਕਈ ਕਰਾਮਾਤਾਂ ਵਰਤਾਅ ਸਕਦੇ ਹਾਂ। ਫਿਰ ਸਾਨੂੰ ਕਿਸੇ ਪੁਜਾਰੀ ਦੇ ਚਰਨਾਂ ਵਿੱਚ ਡਿਗ ਕੇ, ਫੋਕਟ ਰੀਤਾਂ-ਰਸਮਾਂ, ਫੋਕਟ ਕਰਮਕਾਂਡਾਂ, ਫੋਕਟ ਪੂਜਾ-ਪਾਠਾਂ, ਭਗਤੀਆਂ-ਸਿਮਰਨ ਆਦਿ ਕਰਨ ਦੀ ਲੋੜ ਨਹੀਂ ਪੈਣੀ? ਨਾ ਹੀ ਆਪਣੇ ਕਾਰਜਾਂ ਜਾਂ ਜੀਵਨ ਨੂੰ ਸੰਵਾਰਨ ਜਾਂ ਆਨੰਦਮਈ ਬਣਾਉਣ ਲਈ ਪੁਜਾਰੀਆਂ ਨਾਲ ਕੋਈ ਸੌਦੇਬਾਜੀ ਕਰਨ ਦੀ ਲੋੜ ਪੈਣੀ ਹੈ। ਫਿਰ ਅਸੀਂ ਆਪਣਾ ਹੀ ਨਹੀਂ, ਸਰਬਤ ਦਾ ਭਲਾ ਕਰਨ ਦੇ ਸਮਰੱਥ ਹੋ ਸਕਾਂਗੇ। ਇਹ ਗੱਲ ਵੀ ਜਾਣ ਲੈਣੀ ਬੜੀ ਜਰੂਰੀ ਹੈ ਕਿ ਕੁਦਰਤ ਦੇ ਇਹ ਅਟੱਲ ਨਿਯਮ ਸਿਰਫ ਬਾਹਰੀ ਮਾਦੇ (ਮੈਟਰ) ਤੇ ਹੀ ਲਾਗੂ ਨਹੀਂ ਹੁੰਦੇ, ਇਹ ਸਾਡੇ ਅੰਦਰ ਛੁਪੀ ਬੈਠੀ ਚੇਤੰਨਤਾ (ਆਤਮਾ ਜਾਂ ਦਿਲ ਜਾਂ ਮਨ ਜਾਂ ਦਿਮਾਗ) ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦੇ ਹਨ, ਇਸੇ ਲਈ ਅਸਲੀ ਧਰਮ ਗੁਰੂਆਂ ਨੇ ਸਾਨੂੰ ਵਾਰ-ਵਾਰ ਆਪਣੇ ਅੰਦਰ ਝਾਤੀ ਮਾਰਨ ਲਈ ਆਵਾਜ ਮਾਰੀ ਹੈ, ਆਪਾ ਚੀਨਣ ਦੀ ਬਾਤ ਪਾਈ ਹੈ, ਆਪਾ ਖੋਜਣ ਦੀ ਗੱਲ ਕੀਤੀ ਹੈ। ਜੇ ਅਸੀਂ ਨਕਲੀ ਧਰਮਾਂ ਦੀ ਦਲਦਲ ਵਿਚੋਂ ਨਿਕਲ ਕੇ ਅਸਲੀ ਧਰਮ ਦੇ ਮਾਰਗ ਦੇ ਪਾਂਧੀ ਬਣਨਾ ਹੈ ਤਾਂ ਸਾਨੂੰ ਆਪਣੇ ਆਪ ਨਾਲ ਜੁੜਨਾ ਪਵੇਗਾ, ਆਪਣੇ ਅੰਦਰ ਝਾਤੀ ਮਾਰਨੀ ਪਵੇਗੀ, ਆਪਣੇ ਅੰਦਰ ਛੁਪੀ ਉਸ ਚੇਤੰਨਤਾ ਦੇ ਦਰਸ਼ਨ ਕਰਨੇ ਪੈਣਗੇ, ਜੋ ਸਾਡੇ ਅੰਦਰ ਬੈਠੀ ਇਹ ਸਾਰਾ ਖੇਲ ਰਚਾ ਰਹੀ ਹੈ। ਇਸੇ ਲਈ ਅਸਲੀ ਧਰਮ ਗੁਰੂ ਸਾਨੂੰ ਇੱਟਾਂ ਮਿੱਟੀ ਦੇ ਬਣੇ ਧਰਮ ਮੰਦਰਾਂ ਵਿੱਚ ਖੋਜਣ ਲਈ ਨਹੀਂ, ਸਗੋਂ ਆਪਾ ਖੋਜਣ ਦਾ ਮਾਰਗ ਦੱਸਦੇ ਹਨ। ਆਪਾ ਖੋਜਣ ਦਾ ਇਹ ਮਾਰਗ, ਇੱਕ ਦਿਨ ਨਹੀਂ, ਰੋਜ਼ਾਨਾ (ਨਿੱਤ) ਦਾ ਕਾਰਜ ਹੈ, ਜੋ ਅਸੀਂ ਹਮੇਸ਼ਾਂ ਕਰਦੇ ਰਹਿਣਾ ਹੈ। ਬੇਸ਼ਕ ਪੁਜਾਰੀ ਤਾਂ ਇਹ ਪਾਠ ਪੜਾਉਂਦੇ ਹਨ ਕਿ ਸ਼ਰਧਾ ਵਾਲਾ ਹੀ ਅਸਲੀ ਧਰਮੀ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ਰਧਾ ਦਾ ਰਸਤਾ ਛੱਡੇ ਬਿਨਾਂ ਕੋਈ ਸੱਚਾ ਧਰਮੀ ਨਹੀਂ ਬਣ ਸਕਦਾ। ਧਰਮ ਗ੍ਰੰਥਾਂ ਦੇ ਮਹਿਜ ਪਾਠ ਜਾਂ ਮੰਤਰ ਜਾਪ ਤੁਹਾਨੂੰ ਧਰਮੀ ਹੋਣ ਦਾ ਭਰਮ ਤਾਂ ਪਾ ਸਕਦੇ ਹਨ, ਪਰ ਧਰਮੀ ਬਣਾ ਨਹੀਂ ਸਕਦੇ। ਸ਼ਰਧਾ ਨੂੰ ਛੱਡ ਕੇ ਹੀ ਤੁਸੀਂ ਗਿਆਨ ਦੇ ਮਾਰਗ ਵੱਲ ਪਹਿਲਾ ਕਦਮ ਪੁੱਟਦੇ ਹੋ। ਗਿਆਨ ਦੇ ਮਾਰਗ ਤੇ ਤੁਰ ਕੇ ਹੀ ਤੁਸੀਂ ਧਰਮ ਵੱਲ ਆ ਸਕਦੇ ਹੋ, ਉਸ ਲਈ ਤੁਹਾਨੂੰ ਆਪਣੀ ਖੋਜ ਆਪ ਕਰਨੀ ਪਵੇਗੀ, ਦੂਜਿਆਂ ਦੀਆਂ ਖੋਜਾਂ ਤੁਹਾਨੂੰ ਆਪਣੀ ਖੋਜ ਲਈ ਸਹਾਈ ਤਾਂ ਹੋ ਸਕਦੀਆਂ ਹਨ, ਪਰ ਮੰਜ਼ਿਲ ਤੇ ਪਹੁੰਚਣ ਲਈ ਤੁਹਾਨੂੰ ਰਸਤਾ ਆਪ ਹੀ ਤੈਅ ਕਰਨਾ ਪਵੇਗਾ। ਮਨ ਦੀ ਖੋਜ ਮੈਟਰ ਦੀ ਖੋਜ ਵਾਂਗ ਦੋ ਗੁਣਾਂ ਦੋ ਚਾਰ ਵਾਂਗ ਨਹੀਂ ਹੈ, ਇਹ ਸਭ ਦੀ ਵੱਖਰੀ ਹੋਵੇਗੀ ਕਿਉਂਕਿ ਸਾਡਾ ਸਭ ਦਾ ਮਨ (ਦਿਮਾਗ) ਵੱਖਰਾ ਹੈ। ਇਹ ਕੋਈ ਜੜ੍ਹ (ਸਥੂਲ) ਵਸਤੂ ਨਹੀਂ ਹੈ, ਇਹ ਜਿੰਦਾ ਚੇਤੰਨਤਾ ਹੈ। ਇਸ ਲਈ ਸਾਨੂੰ ਅਸਲੀ ਧਰਮ ਦੇ ਮਾਰਗ ਤੇ ਤੁਰਨ ਲਈ ਆਪਣਾ ਰਸਤਾ ਆਪ ਬਣਾਉਣਾ ਪੈਣਾ ਹੈ। ਇਸ ਲਈ ਪਹਿਲੀ ਸ਼ਰਤ ਪੁਜਾਰੀਆਂ ਦੇ ਨਕਲੀ ਧਰਮਾਂ, ਇਨ੍ਹਾਂ ਦੀਆਂ ਨਕਲੀ ਮਰਿਯਾਦਾਵਾਂ, ਨਕਲੀ ਪੂਜਾ-ਪਾਠਾਂ, ਨਕਲੀ ਕਰਮਕਾਂਡਾਂ, ਨਕਲੀ ਧਰਮ ਚਿੰਨ੍ਹਾਂ ਆਦਿ ਨੂੰ ਛੱਡਣਾ ਪਵੇਗਾ, ਇਨ੍ਹਾਂ ਤੋਂ ਖਹਿੜਾ ਛੁਡਾਉਣਾ ਪਵੇਗਾ? ਇਨ੍ਹਾਂ ਨਕਲੀ ਧਰਮਾਂ ਵਿਚੋਂ ਨਿਕਲੇ ਬਿਨਾਂ ਅਸੀਂ ਅਸਲੀ ਧਰਮ ਦੇ ਦਰਸ਼ਨ ਨਹੀਂ ਕਰ ਸਕਦੇ? ਆਉ ਸਾਰੇ ਰਲ ਕੇ ਪੁਜਾਰੀਆਂ ਦੇ ਸੌਦੇਬਾਜੀਆਂ ਵਾਲੇ ਨਕਲੀ ਧਰਮਾਂ ਨੂੰ ਛੱਡ ਕੇ ਕੁਦਰਤ ਦੇ ਮਾਦੇ (ਮੈਟਰ) ਵਿਚਲੇ ਨਿਯਮਾਂ ਨੂੰ ਜਾਨਣ ਦੇ ਨਾਲ-ਨਾਲ ਉਸ ਮਾਦੇ ਵਿੱਚ ਵਿਚਰਦੀ ਚੇਤੰਨਤਾ ਨੂੰ ਪਛਾਈਏ? ਇਹੀ ਅਸਲੀ ਧਰਮ ਦਾ ਮਾਰਗ ਹੈ।




.