.

ਸਿੱਖ, ਜਾਤਿ-ਪਾਤਿ ਤੋਂ ਰਹਿਤ!

{ਤੀਜੀ ਕਿਸ਼ਤ}

ਆਓ, ਜਾਤਿ-ਪਾਤਿ ਬਾਰੇ ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਵਰਣਨ ਕੀਤੇ ਹੋਏ ਓਪਦੇਸ਼ਾਂ ਨੂੰ ਗ੍ਰਹਿਣ ਕਰਕੇ ਅਤੇ ਸਿੱਖ ਮਾਰਗ ਦੇ ਪਾਂਧੀ ਬਣ ਕੇ, ਅਸੀਂ ਸਾਰੇ ਹੀ “ਸਿੱਖ ਧਰਮ” ਨਾਲ ਜੁੜੇ ਰਹੀਏ:

ਗੁਰੂ ਗਰੰਥ ਸਾਹਿਬ ਪੰਨਾ ੧੬੭: ਗਉੜੀ ਬੈਰਾਗਣਿ ਮਹਲਾ ੪॥ ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥ ੪॥ ੫॥ ੧੧॥ ੪੯॥

ਅਰਥ: ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਹੇ ਅਕਾਲ ਪੁਰਖ ਜੀਓ, ਜਿਸ ਤਰ੍ਹਾਂ ਦੀ ਮੇਰੀ ਹਾਲਤ ਸੀ, ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਮੈਂ ਇਧਰ-ਉਧਰ ਭਟਕਦਾ ਫਿਰਦਾ ਸੀ, ਕੋਈ ਮੇਰੀ ਹਾਲਤ `ਤੇ ਤਰਸ ਨਹੀਂ ਸੀ ਕਰਦਾ, ਪਰ ਅਕਾਲ ਪੁਰਖ ਦੀ ਮਿਹਰ ਸਦਕਾ, ਮੇਰੇ ਜੈਸੇ ਕੀੜੇ ਨੂੰ ਆਪਣੇ ਨਾਲ ਇਕ-ਮਿਕ ਕਰ ਲਿਆ। ਮੇਰਾ ਅਕਾਲ ਪੁਰਖ ਐਸਾ ਮਿਹਰਬਾਨ ਗੁਰੂ ਹੈ, ਜਿਸ ਦੀ ਬਖਸ਼ਿਸ਼ ਦੁਆਰਾ ਮੇਰੇ ਜੈਸੇ ਗ਼ਰੀਬ ਦੇ ਸਾਰੇ ਦੁੱਖ-ਕਲੇਸ਼ ਖ਼ੱਤਮ ਕਰ ਦਿੱਤੇ। (੪੯)

ਪੰਨਾ ੧੬੭: ਗਉੜੀ ਬੈਰਾਗਣਿ ਮਹਲਾ ੪॥ ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ॥ ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ॥ ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ॥ ੨॥

ਅਰਥ: ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਹੇ ਅਕਾਲ ਪੁਰਖ ਜੀਓ, ਨਾਹ ਮੇਰਾ ਰੂਪ ਸੁੰਦਰ ਹੈ, ਨਾਹ ਹੀ ਮੇਰੀ ਕੋਈ ਜਾਤਿ ਹੈ ਅਤੇ ਨਾਹ ਹੀ ਸੁਚੱਜੇ ਜੀਵਨ ਦੀ ਸੋਝੀ ਹੈ। ਮੈਂ ਤੇਰੇ ਇਲਾਹੀ ਗੁਣਾਂ ਤੋਂ ਸੱਖਣਾ ਹਾਂ ਅਤੇ ਨਾਹ ਹੀ ਮੈਂ ਤੇਰਾ ਨਾਮ ਜਪਿਆ ਹੈ, ਇਸ ਲਈ ਇਨ੍ਹਾਂ ਚੰਗਿਆਈਆਂ ਤੋਂ ਬਿਨਾਂ ਕਿਵੇਂ ਤੇਰੇ ਦਰਬਾਰ ਵਿਖੇ ਹਾਜ਼ਰ ਜੋ ਸਕਦਾ ਹਾਂ? ਪਰ, ਅਕਾਲ ਪੁਰਖ ਦੀ ਸ਼ਰਣ ਗ੍ਰਹਿਣ ਕਰਕੇ, ਮੈਂ ਸਾਰੇ ਵਿਕਾਰਾਂ ਤੋਂ ਸੁਰਖੁਰੂ ਹੋ ਗਿਆ ਹਾਂ। (੨)

ਪੰਨਾ ੭੩੧: ਰਾਗੁ ਸੂਹੀ ਮਹਲਾ ੪ ਘਰੁ ੧॥ ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ॥ ੪॥ ੧॥

ਅਰਥ: ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਗੁਰੂ ਹੀ ਮੇਰੀ ਜਾਤਿ ਅਤੇ ਪਾਤਿ ਹੈ ਕਿਉਂਕਿ ਮੈਂ ਆਪਣੇ-ਆਪ ਨੂੰ ਉਸ ਗੁਰੂ ਦੇ ਹਵਾਲੇ ਕਰ ਦਿੱਤਾ ਹੈ। ਅਕਾਲ ਪੁਰਖ ਦੇ ਨਾਮ ਨੂੰ ਗ੍ਰਹਿਣ ਕਰਕੇ, ਮੈਂ ਉਸ ਦਾ ਹੀ ਚੇਲਾ ਬਣ ਗਿਆ ਹੋਇਆ ਹਾਂ ਅਤੇ ਹੁਣ ਉਹੀ ਮੇਰੀ ਇੱਜ਼ਤ ਦਾ ਆਪ ਹੀ ਰਾਖਾ ਹੈ। (੪/੧)

ਪੰਨਾ ੭੩੩: ਸੂਹੀ ਮਹਲਾ ੪ ਘਰੁ ੬॥ ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥ ੧॥

ਅਰਥ: ਗੁਰੂ ਰਾਮਦਾਸ ਸਾਹਿਬ ਭਗਤਾਂ ਦੀਆਂ ਪੁਰਾਤਣ ਮਿਸਾਲਾਂ ਦੇ ਕੇ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦਾ ਨਾਮ ਸਿਮਰਨ ਹੀ ਨੀਚੋਂ ਊਚ ਕਰ ਦਿੰਦਾ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਹੋਰ ਪਾਸੋਂ ਪਤਾ ਕਰ ਲਵੋ ਕਿਉਂਕਿ ਕ੍ਰਿਸ਼ਨ ਦਾਸੀ ਦੇ ਪੁੱਤਰ ਬਿਦਰ ਦੇ ਘਰ ਠਹਿਰਿਆ ਸੀ ਨਾ ਕਿ ਰਾਜੇ ਦੁਰਯੋਧਨ ਦੇ ਮਹਿਲਾਂ ਵਿਚ! (੧)

ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ॥ ੧॥ ਰਹਾਉ॥

ਅਰਥ: ਐ ਗੁਰਮੁੱਖ ਪਿਆਰਿਓ, ਅਕਾਲ ਪੁਰਖ ਦੀ ਸਿਫਤਿ-ਸਾਲਾਹ ਦੀਆਂ ਵਡਿਆਈਆਂ ਸੁਣ ਕੇ ਗ੍ਰਹਿਣ ਕਰ ਲਿਆ ਕਰੋ, ਜਿਸ ਸਦਕਾ ਸਾਡੇ ਸਾਰੇ ਡਰ ਅਤੇ ਦੁੱਖ ਦੂਰ ਹੋ ਜਾਂਦੇ ਹਨ। (੧-ਰਹਾਉ)

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇੱਕ ਗਾਇ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥ ੨॥

ਅਰਥ: ਭਾਵੇਂ ਕਿਰਤ ਕਰਕੇ, ਲੋਕਾਈ ਭਗਤ ਰਵਿਦਾਸ ਜੀ ਨੂੰ ਚਮਾਰ ਕਹਿੰਦੀ ਸੀ, ਪਰ ਉਹ ਹਰ ਸਮੇਂ ਅਕਾਲ ਪੁਰਖ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਸੀ, ਜਿਸ ਸਦਕਾ ਉਹ ਨੀਵੀਂ ਜਾਤਿ ਦਾ ਹੁੰਦਿਆਂ ਹੋਇਆ ਵੀ ਉੱਤਮ ਭਗਤ ਬਣ ਗਿਆ। ਇੰਜ, ਚਾਰੇ ਵਰਨ: ਬ੍ਰਾਹਮਣ, ਖ਼ੱਤਰੀ, ਵੈਸ਼ ਅਤੇ ਸ਼ੂਦਰ ਆ ਕੇ ਉਸ ਦੇ ਪੈਰੀਂ ਪੈਂਦੇ ਸਨ। (੨)

ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥ ੩॥

ਅਰਥ: ਭਗਤ ਨਾਮਦੇਵ ਜੀ ਅਕਾਲ ਪੁਰਖ ਨਾਲ ਇੰਜ ਇਕ-ਮਿਕ ਹੋ ਗਿਆ ਕਿ ਭਾਵੇਂ ਲੋਕਾਈ ਉਸ ਨੂੰ ਛੀਂਬਾ ਆਖ ਕੇ ਬਲਾਉਂਦੀ ਸੀ, ਪਰ ਅਕਾਲ ਪੁਰਖ ਨੇ ਬ੍ਰਹਾਮਣਾਂ ਅਤੇ ਖੱਤਰੀਆਂ ਨੂੰ ਇੱਕ ਪਾਸੇ ਕਰਕੇ, ਭਗਤ ਨਾਮਦੇਵ ਜੀ ਨੂੰ ਆਪਣੀ ਸ਼ਰਨ ਵਿੱਚ ਲੈ ਲਿਆ। (੩)

ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ॥ ੪॥ ੧॥ ੮॥

ਅਰਥ: ਜਿੰਨ੍ਹਾਂ ਸੇਵਕ-ਭਗਤਾਂ ਨੇ ਅਕਾਲ ਪੁਰਖ ਦੇ ਸਾਰੇ ਗੁਣ ਗ੍ਰਹਿਣ ਕਰ ਲਏ ਹੋਂਣ, ਗੁਰੂ ਰਾਮਦਾਸ ਸਾਹਿਬ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੀ ਹਰ ਰੋਜ਼ ਸਿਫਤਿ-ਸਾਲਾਹ ਕਰਨੀ ਚਾਹੀਦੀ ਹੈ। (੪/੧/੮)

ਪੰਨਾ ੮੬੧: ਗੋਂਡ ਮਹਲਾ ੪॥ ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ॥ ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥ ੩॥

ਅਰਥ: ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਹਿੰਦੂਆਂ ਦੀ ਸੋਚ ਅਨੁਸਾਰ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਚਾਰ ਵਰਨ ਮਿੱਥੇ ਹੋਏ ਹਨ ਅਤੇ ਇੰਜ ਹੀ ਚਾਰ ਆਸ਼ਰਮ: ਬ੍ਰਹਮਚਰਜ, ਗ੍ਰਿਹਸਥ, ਵਾਨਪ੍ਰਸਥ ਅਤੇ ਸੰਨਿਆਸ ਹਨ, ਪਰ ਇਨ੍ਹਾਂ ਵਿਚੋਂ ਜੇਹੜਾ ਪ੍ਰਾਣੀ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ, ਉਹੀ ਸੱਭ ਤੋਂ ਸ੍ਰੇਸ਼ਟ ਹੈ। ਜਿਵੇਂ ਚੰਦਨ ਦੇ ਨੇੜੇ ਇੱਕ ਵਿਚਾਰਾ ਅਰਿੰਡ ਭੀ ਸੁਗੰਧਿਤ ਹੋ ਜਾਂਦਾ ਹੈ, ਇਵੇਂ ਹੀ ਗੁਰਮੁੱਖਾਂ ਦੀ ਸੰਗਤ ਕਰਕੇ, ਇੱਕ ਡਿੱਗਿਆ ਹੋਇਆ ਪ੍ਰਾਣੀ ਵੀ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣ ਜਾਂਦਾ ਹੈ। (੩)

ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ॥ ੪॥ ੪॥

ਅਰਥ: ਜਿਸ ਪ੍ਰਾਣੀ ਨੇ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਗ੍ਰਹਿਣ ਕਰ ਲਿਆ, ਉਹੀ ਸੱਭ ਤੋਂ ਉੱਚਾ ਤੇ ਸੁੱਚਾ ਮੰਨਿਆ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਮੈਂ ਐਸੇ ਗੁਰਮੁੱਖ ਪ੍ਰਾਣੀ ਦੇ ਬਲਿਹਾਰੇ ਜਾਂਦਾ ਹਾਂ, ਜਿਹੜਾ ਅਕਾਲ ਪੁਰਖ ਦਾ ਸੱਚਾ ਭਗਤ ਬਣ ਗਿਆ ਹੋਵੇ, ਭਾਵੇਂ ਲੋਕਾਈ ਉਸ ਨੂੰ ਨੀਚ ਜਾਤੀ ਦਾ ਕਹਿੰਦੀ ਹੋਵੇ! (੪/੪)

ਪੰਨਾ ੧੧੭੮: ਬਸੰਤੁ ਮਹਲਾ ੪ ਹਿੰਡੋਲ॥ ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ॥ ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ਹ ਹਰਿ ਧਾਰਿਓ ਹਰਿ ਉਰਛੇ॥ ੩॥

ਅਰਥ: ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਕੋਈ ਵੀ ਪ੍ਰਾਣੀ ਭਾਵੇਂ ਅਖੌਤੀ ਉੱਚੀ ਜਾਂ ਨੀਵੀਂ ਜਾਤਿ ਦਾ ਹੋਵੇ, ਜਿਹੜਾ ਅਕਾਲ ਪੁਰਖ ਦਾ ਨਾਮ ਹਿਰਦੇ ਵਿੱਚ ਗ੍ਰਹਿਣ ਕਰ ਲਵੇ, ਉਸ ਦੇ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ। ਐਸੇ ਗੁਰਮੁੱਖ ਪ੍ਰਾਣੀਆਂ ਹੀ ਉੱਤਮ ਜਾਣੇ ਜਾਂਦੇ ਹਨ। (੩)

ਪੰਨਾ ੧੨੯੭: ਕਾਨੜਾ ਮਹਲਾ ੪॥ ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ॥ ੨॥ ੫॥ ੧੧॥

ਅਰਥ: ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਚਾਰ ਵਰਨਾਂ ਅਤੇ ਚਾਰ ਆਸ਼ਰਮਾਂ ਵਿਚੋਂ ਜਿਹੜਾ ਵੀ ਅਕਾਲ ਪੁਰਖ ਦੀ ਮਿਹਰ ਦਾ ਪਾਤਾ ਬਣ ਜਾਂਦਾ ਹੈ, ਉਹ ਆਪਣਾ ਅਤੇ ਆਪਣੇ ਸਤਿ-ਸੰਗੀਆਂ ਦਾ ਜੀਵਨ ਸਫਲਾ ਕਰ ਦਿੰਦਾ ਹੈ। (੧੧)

ਪੰਨਾ ੧੩੦੯: ਕਾਨੜਾ ਮਹਲਾ ੪॥ ਜਾਤਨ ਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ॥ ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ॥ ੭॥

ਅਰਥ: ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਤੂੰ ਕਿਸੇ ਦੀ ਉੱਚੀ ਤੋਂ ਉੱਚੀ ਜਾਤਿ ਦੇਖ ਕੇ ਭੁਲੇਖਾ ਨਾ ਖਾ ਜਾਂਈ ਕਿ ਭਗਤੀ ਕੋਈ ਉੱਚੀ ਜਾਤਿ ਵਾਲਾ ਹੀ ਕਰ ਸਕਦਾ ਹੈ! ਗੁਰੂ ਸਾਹਿਬ ਇੱਕ ਪੁਰਾਤਨ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਰਾਜੇ ਜਨਕ ਖੱਤ੍ਰੀ ਦੇ ਘਰ ਯੱਗ ਹੋ ਰਿਹਾ ਸੀ, ਸੁਕਦੇਵ ਬ੍ਰਾਹਮਣ ਦੀ ਪ੍ਰੀਖਿਆ ਲਈ ਉਸ ਨੂੰ ਬਾਹਰ ਹੀ ਖੜਾ ਰਹਿਣ ਲਈ ਕਿਹਾ, ਜਿਸ ਦੇ ਸਿਰ ਉੱਪਰ ਪੱਤਲਾਂ ਦੀ ਸਾਰੀ ਜੂਠ ਸੁੱਟੀ ਗਈ, ਪਰ ਉਹ ਫਿਰ ਵੀ ਅਡੋਲ ਰਿਹਾ। ਭਾਵ, ਅਕਾਲ ਪੁਰਖ ਦੀ ਭਗਤੀ ਕਰਨ ਵਾਲਾ ਆਪਣੀ ਜਾਤਿ ਦੀ ਹਉਮੈ ਨਹੀਂ ਕਰਦਾ। (੭)

ਪੰਨਾ ੨੭੭: ਗਉੜੀ ਸੁਖਮਨੀ ਮ: ੫॥ ਖਿਨ ਮਹਿ ਨੀਚ ਕੀਟ ਕਉ ਰਾਜ॥ ਪਾਰਬ੍ਰਹਮ ਗਰੀਬ ਨਿਵਾਜ॥ ੪॥ ੧੧॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਗ਼ਰੀਬ ਪ੍ਰਾਣੀਆਂ `ਤੇ ਮਿਹਰ ਕਰਨ ਵਾਲਾ ਹੈ ਕਿਉਂਕਿ ਉਹ ਬਿਨਾ ਕਿਸੇ ਦੇਰੀ `ਤੇ ਕੀੜੇ ਜੈਸੇ ਨੀਵੇਂ ਪ੍ਰਾਣੀ ਨੂੰ ਰਾਜ ਦੇਣ ਦੇ ਸਮਰਥ ਹੈ। (੪/੧੧)

ਪੰਨਾ ੨੭੮: ਗਉੜੀ ਸੁਖਮਨੀ ਮ: ੫॥ ਅਸਟਪਦੀ॥ ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥ ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥ ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥ ਧਨ ਭੂਮਿ ਕਾ ਜੋ ਕਰੈ ਗੁਮਾਨੁ॥ ਸੋ ਮੂਰਖੁ ਅੰਧਾ ਅਗਿਆਨੁ॥ ਕਰਿ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ ੧॥ ੧੨॥

ਅਰਥ: ਜਿਹੜਾ ਪ੍ਰਾਣੀ ਆਪਣੇ ਰਾਜ ਦੀ ਹਉਮੈ ਕਰਦਾ ਹੈ, ਇੰਜ ਸਮਝੋ ਕਿ ਉਹ ਇੱਕ ਕੁੱਤੇ ਸਮਾਨ ਹੈ, ਜਿਹੜਾ ਨਰਕ ਜੈਸੀ ਜ਼ਿੰਦਗੀ ਭੋਗ ਰਿਹਾ ਹੈ। ਜਿਹੜਾ ਪ੍ਰਾਣੀ ਆਪਣੀ ਜੁਆਨੀ-ਰੂਪ ਦਾ ਘਮੰਡ ਕਰਦਾ ਹੈ, ਉਹ ਵਿੱਸ਼ਟਾ ਦੇ ਕੀੜੇ ਵਾਂਗ ਹੈ। ਜਿਹੜਾ ਪ੍ਰਾਣੀ ਇਹ ਸਮਝਦਾ ਹੈ ਕਿ ਉਹੀ ਸਾਰਿਆਂ ਨਾਲੋਂ ਚੰਗੇ ਕੰਮ ਕਰਨ ਵਾਲਾ ਹੈ, ਉਹ ਜਨਮ-ਮਰਨ ਦੇ ਭਰਮ ਵਿੱਚ ਭਟਕਦਾ ਰਹਿੰਦਾ ਹੈ। ਇਵੇਂ ਹੀ ਜੇਹੜਾ ਪ੍ਰਾਣੀ ਆਪਣੀ ਦੌਲਤ ਅਤੇ ਜ਼ਮੀਨ ਦੇ ਅਹੰਕਾਰ ਵਿੱਚ ਰਹਿੰਦਾ ਹੈ, ਉਹ ਅਗਿਆਨੀ ਮੂਰਖ ਵਾਂਗ ਹੈ। ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਜਿਹੜਾ ਪ੍ਰਾਣੀ ਅਕਾਲ ਪੁਰਖ ਦੀ ਮਿਹਰ ਸਦਕਾ ਨਿਮਰਤਾ ਵਿੱਚ ਵਿਚਰਦਾ ਹੈ, ਉਸ ਦਾ ਦੁਨਿਆਵੀ ਅਤੇ ਇਲਾਹੀ ਜੀਵਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। (੧/੧੨)

ਪੰਨਾ ੪੯੭: ਗੂਜਰੀ ਮਹਲਾ ੫॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ॥ ੨॥ ੬॥ ੭॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਇਹ ਝੂਠੀ ਮਾਇਆ ਦੇ ਪਸਾਰੇ ਕਰਕੇ ਬਣੇ ਹੋਏ ਸੱਜਣ ਅਤੇ ਰਿਸ਼ਤੇਦਾਰ ਕਿਸੇ ਵੀ ਕੰਮ ਨਹੀਂ ਆਉਂਦੇ। ਪਰ, ਅਕਾਲ ਪੁਰਖ ਦਾ ਭਗਤ ਨੀਵੀਂ ਕੁਲ ਦਾ ਵੀ ਕਿਉਂ ਨ ਹੋਵੇ, ਉਹੀ ਸ੍ਰੇਸ਼ਟ ਹੈ ਕਿਉਂਕਿ ਉਸ ਦੀ ਸੰਗਤ ਕਰਕੇ, ਸਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। (੨/੬/੭)

ਪੰਨਾ ੫੨੯: ਦੇਵਗੰਧਾਰੀ ਮਹਲਾ ੫॥ ਮਨ ਜਿਉ ਅਪੁਨੇ ਪ੍ਰਭ ਭਾਵਉ॥ ਨੀਚਹੁ ਨੀਚੁ ਨੀਚੁ ਅਤਿ ਨਾਨ੍ਹਾ ਹੋਇ ਗਰੀਬੁ ਬੁਲਾਵਉ॥ ੧॥ ਰਹਾਉ॥

ਅਰਥ: ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਮੈਂ ਨੀਵਿਆਂ ਤੋਂ ਵੀ ਨੀਵਾਂ ਹੋ ਕੇ ਅਤੇ ਨਿਮਾਣਾ ਬਣ ਕੇ, ਅਕਾਲ ਪੁਰਖ ਅੱਗੇ ਬੇਨਤੀ ਕਰਦਾ ਰਹਿੰਦਾ ਹਾਂ ਤਾਂ ਜੋ ਮੈਂ ਵੀ ਪ੍ਰਭੂ ਦੀ ਮਿਹਰ ਦਾ ਪਾਤਰ ਬਣ ਜਾਂਵਾ। (੧-ਰਹਾਉ)

ਪੰਨਾ ੬੧੭: ਸੋਰਠਿ ਮਹਲਾ ੫॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ ੧॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਜਿਵੇਂ ਹਰੇਕ ਦਰੱਖਤ ਵਿੱਚ ਅੱਗ ਅਤੇ ਦੁੱਧ ਵਿੱਚ ਘਿਉ ਨਜ਼ਰ ਨਹੀਂ ਆਉਂਦਾ, ਤਿਵੇਂ ਹੀ ਚੰਗੇ ਮੰਦੇ ਪ੍ਰਾਣੀਆਂ ਵਿੱਚ ਵੀ ਅਕਾਲ ਪੁਰਖ ਦੀ ਜੋਤਿ ਵਿਚਰ ਰਹੀ ਹੈ। (੧)

ਪੰਨਾ ੭੪੭-੭੪੮: ਸੂਹੀ ਮਹਲਾ ੫॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ ੪॥ ੩॥ ੫੦॥

ਅਰਥ: ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਇਲਾਹੀ ਸਿਖਿਆ ਚੌਹਾਂ ਵਰਨਾਂ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਲਈ ਇਕੋ-ਜਿਹੀ ਹੈ। ਅਕਾਲ ਪੁਰਖ ਦੀ ਜੋਤਿ ਹਰੇਕ ਪ੍ਰਾਣੀ ਵਿੱਚ ਹੈ, ਇਸ ਲਈ ਜਿਹੜਾ ਪ੍ਰਾਣੀ ਨਾਮ ਜੱਪਦਾ ਹੈ, ਉਹ ਸੱਭ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। (੪/੩/੫੦)

ਪੰਨਾ ੮੧੨: ਬਿਲਾਵਲੁ ਮਹਲਾ ੫॥ ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ॥ ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ॥ ੨॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਮੈਂ ਨੀਵੇਂ ਤੋਂ ਵੀ ਬਹੁਤ ਨੀਵਾਂ ਰਹਿ ਕੇ, ਤੇਰੇ ਅੱਗੇ ਬੇਨਤੀ ਕਰਦਾ ਰਹਾਂ ਅਤੇ ਆਪਾ-ਭਾਵ ਨੂੰ ਤਿਆਗ ਕੇ ਸੰਗਤ ਵਿੱਚ ਲੀਨ ਹੋ ਕੇ, ਤੇਰੀ ਹੀ ਸੇਵਾ ਵਿੱਚ ਜੁੜਿਆ ਰਹਾਂ। (੨)

ਪੰਨਾ ੮੧੩: ਬਿਲਾਵਲੁ ਮਹਲਾ ੫॥ ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ॥ ੨॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਅਹੰਕਾਰੀ ਪ੍ਰਾਣੀ ਨੂੰ ਨੀਵਾਂ ਬਣਾ ਦਿੰਦਾ ਹੈ ਅਤੇ ਝੱਟ ਵਿੱਚ ਨੀਚਾਂ ਨੂੰ ਉੱਚੀ ਪਦਵੀ ਦੇ ਦਿੰਦਾ ਹੈ। ਪਰ, ਅਕਾਲ ਪੁਰਖ ਦੀ ਰਹਿਮਤ ਦਾ ਭੇਦ ਨਹੀਂ ਪਾਇਆ ਜਾ ਸਕਦਾ।

ਪੰਨਾ ੮੧੫: ਬਿਲਾਵਲੁ ਮਹਲਾ ੫॥ ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ॥ ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ॥ ੪॥ ੨੫॥ ੫੫॥

ਅਰਥ: ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਮੈਂ ਨੀਚ, ਅਨਾਥ, ਇੰਞਾਣਾ ਅਤੇ ਗੁਣਾਂ ਤੋਂ ਕੋਰਾ ਹਾਂ। ਪਰ, ਅਕਾਲ ਪੁਰਖ ਦੀ ਮਿਹਰ ਸਦਕਾ, ਮੈਨੂੰ ਆਪਣਾ ਸੇਵਕ ਬਣਾਅ ਲਿਆ ਹੈ। (੪/੨੫/੫੫)

ਪੰਨਾ ੮੩੭: ਰਾਗੁ ਬਿਲਾਵਲੁ ਮਹਲਾ ੫॥ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ॥ ਤਜਿ ਆਨ ਸਰਣਿ ਗਹੀ॥ ੧॥ ਰਹਾਉ॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਕੋਈ ਜਾਤ ਨਹੀਂ ਅਤੇ ਨਾ ਹੀ ਉਸ ਦੀਆਂ ਵਡਿਆਈਆਂ ਵਰਣਨ ਕੀਤੀਆਂ ਜਾ ਸਕਦੀਆਂ ਹਨ। ਇਸ ਲਈ, ਹੋਰ ਸਾਰੇ ਆਸਰੇ ਤਿਆਗ ਕੇ, ਮੈਂ ਤਾਂ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਭਾਵ, ਜਿਵੇਂ ਅਕਾਲ ਪੁਰਖ ਦੀ ਕੋਈ ਜਾਤ ਨਹੀਂ, ਇਵੇਂ ਹੀ ਉਸ ਦੇ ਜੀਆਂ ਦੀ ਵੀ ਕੋਈ ਜਾਤ ਨਹੀਂ!

……………………. . ਚਲਦਾ….

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੨ ਜਨਵਰੀ ੨੦੧੪




.