.

ਚੰਗੇ ਸਮਾਜ ਦੀ ਸਿਰਜਨਾ … (15)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

10. ਸਿੱਖ ਕੌਮ ਦਾ ਰੱਬੀ-ਰਾਜ ਨੂੰ ਬਹਾਲ ਕਰਨ ਲਈ ਹਥਿਆਰਬੰਦ-ਸੰਘਰਸ਼

ਆਪਣੇ ਘਰ-ਘਾਟ ਖਾਲੀ ਕਰ ਕੇ ਉੱਜੜੀ ਫਿਰ ਰਹੀ ਸਿੱਖ ਕੌਮ ਇੱਕ ਪਾਸੇ ਵਕਤ ਦੀ ਜ਼ਾਲਮ ਮੁਗ਼ਲ ਹਕੂਮਤ ਨਾਲ ਅਤੇ ਦੂਜੇ ਪਾਸੇ ਵਿਦੇਸ਼ੀ ਜਰਵਾਣੇ ਅਤੇ ਦਹਿਸ਼ਤਗਰਦ ਲੁਟੇਰਿਆਂ (ਨਾਦਰਸ਼ਾਹ, ਅਹਿਮਦਸ਼ਾਹ ਅਬਦਾਲੀ ਆਦਿ) ਨਾਲ ਬਹੁਤ ਹੀ ਭਿਆਨਕ ਜਿੰਦਗੀ-ਮੌਤ ਦੇ ਹਥਿਆਰਬੰਦ ਸੰਘਰਸ਼ ਵਿੱਚ ਉਲਝ ਗਈ।

ਪਿੰਡਾਂ ਵਿੱਚ ਸੁੰਨੇ ਪਏ ਗੁਰਦਵਾਰਿਆਂ `ਤੇ ਉਦਾਸੀਆਂ (ਕੇਸ਼ਾਂ-ਦਾੜ੍ਹੇ ਵਾਲੇ ਸ੍ਰੀਚੰਦੀਏ-ਬ੍ਰਹਮਣਵਾਦੀ) ਨੇ ਕਬਜ਼ੇ ਕਰ ਕੇ, ਗੁਰਮਤਿ ਪ੍ਰਚਾਰ ਦੀ ਬਜਾਏ ਮਨੂੰਵਾਦੀ (ਵਰਨ-ਆਸ਼ਰਮ) ਵਿਚਾਰਧਾਰਾ ਦਾ ਕਰਮ-ਕਾਂਡੀ (ਗੁਰਮਤਿ ਤੇ ਮਾਨਵ-ਵਿਰੋਧੀ) ਪ੍ਰਚਾਰ ਸ਼ੁਰੂ ਕਰ ਦਿੱਤਾ।

ਛੋਟਾ ਘਲੂਘਾਰਾ (1 ਮਈ 1746)

ਕੁੱਝ ਅਰਸੇ ਤੋਂ, ਕਾਹਨੂਵਾਨ (ਗੁਰਦਾਸਪੁਰ) ਦੇ ਸੰਘਣੇ ਜੰਗਲਾਂ ਵਿੱਚ, ਪਾਣੀ ਦੀ ਕੁਦਰਤੀ ਝੀਲ ਦੇ ਆਸ-ਪਾਸ, ਸਿੱਖ ਕੌਮ ਦਾ ਵੱਡਾ ਹਿੱਸਾ ਠਹਿਰਿਆ ਹੋਇਆ ਸੀ। ਮੁਗ਼ਲੀਆ ਹਕੂਮਤ ਦੇ ਦੀਵਾਨ (ਵਜ਼ੀਰ) ਲਖਪਤ ਰਾਏ ਦਾ ਭਰਾ ਜਸਪਤ ਰਾਏ, ਬਿਨਾਂ ਕਿਸੇ ਕਾਰਨ, ਲੰਗਰ ਤਿਆਰ ਕਰ ਰਹੇ ਸਿੰਘਾਂ ਦੇ ਇੱਕ ਜਥੇ `ਤੇ ਹਮਲਾਵਰ ਹੋ ਗਿਆ ਅਤੇ ਮਾਰਿਆ ਗਿਆ। ਲਖਪਤ ਰਾਏ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਸੈਂਕੜੇ ਮਜਦੂਰ ਕਾਹਨੂਵਾਨ ਦਾ ਜੰਗਲ ਕੱਟ ਕੇ ਅੱਗ ਲਗਾਉਣ ਲਈ ਲਗਾ ਦਿੱਤੇ ਅਤੇ ਜੰਗਲ `ਚੋਂ ਬਾਹਰ ਨਿਕਲ ਰਹੇ ਸਿੰਘਾਂ/ਸਿੰਘਣੀਆਂ `ਤੇ ਤੋਪਾਂ ਨਾਲ ਹਮਲਾ ਕਰ ਦਿੱਤਾ। ਤਕਰੀਬਨ 15 ਹਜ਼ਾਰ ਸਿੱਖ ਇਸ ਘਲੂਘਾਰੇ `ਚ ਸ਼ਹੀਦ ਹੋ ਗਏ।

ਦਲ ਖ਼ਾਲਸਾ ਦੀ ਕਾਇਮੀ

“29 ਮਾਰਚ 1748 ਦੇ ਦਿਨ, ਸਰਬੱਤ ਖ਼ਾਲਸਾ ਦਾ ਇੱਕ ਅਹਿਮ ਇਕੱਠ ਅਕਾਲ ਤਖ਼ਤ ਸਾਹਿਬ `ਤੇ ਹੋਇਆ। ਇਸ ਵੇਲੇ ਖ਼ਾਲਸਾ ਫ਼ੌਜਾਂ ਦੇ 65 ਜਥੇ, ਵੱਖ-ਵੱਖ ਇਲਾਕਿਆਂ ਵਿੱਚ ਵਿੱਚਰ ਰਹੇ ਸਨ। ਸਰਬੱਤ ਖ਼ਾਲਸਾ ਦੇ ਇਸ ਇਕੱਠ ਨੇ ਸਾਰੇ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਕੀਤਾ। ਗੁਰਮਤੇ ਮੁਤਾਬਿਕ, (ਨਵਾਬ) ਕਪੂਰ ਸਿੰਘ ਸਰਬੱਤ ਖਾਲਸਾ ਦੇ ਜਥੇਦਾਰ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦਲ ਖ਼ਾਲਸਾ (ਯਾਨੀ ਕਿ ਸਾਰੀ ਖ਼ਾਲਸਾ ਫ਼ੌਜ) ਦੇ ਜਥੇਦਾਰ ਬਣਾਏ ਗਏ। ਹਰ ਇੱਕ ਮਿਸਲ (ਜਥੇ) ਦੀ ਕਮਾਨ ਇੱਕ ਜਥੇਦਾਰ ਨੂੰ ਸੌਂਪੀ ਗਈ।

ਸਰਬੱਤ ਖ਼ਾਲਸਾ ਨੇ ਫ਼ੈਸਲਾ ਕੀਤਾ ਕਿ ਕੋਈ ਵੀ ਸਿੱਖ ਦਲ ਖ਼ਾਲਸਾ ਦੀ ਕਿਸੇ ਵੀ ਮਿਸਲ ਵਿੱਚ ਸ਼ਾਮਿਲ ਹੋ ਸਕਦਾ ਹੈ। ਹਰ ਮਿਸਲ ਆਪਣੇ ਅੰਦਰੂਨੀ ਮਸਲਿਆਂ ਵਿੱਚ ਖ਼ੁਦ-ਮੁਖ਼ਤਿਆਰ ਹੋਵੇਗੀ, ਪਰ ਕੌਮੀ ਮਸਲੇ ਜਾਂ ਮਿਸਲਾਂ ਦੇ ਆਪਸੀ ਝਗੜੇ ਤੇ ਫ਼ੌਜੀ ਮਾਮਲੇ ਦਲ ਖ਼ਾਲਸਾ (ਸਰਬੱਤ ਖ਼ਾਲਸਾ) ਦੇ ਇਕੱਠ ਵਿੱਚ ਵਿਚਾਰੇ ਜਾਇਆ ਕਰਨਗੇ, ਫ਼ੌਜੀ ਮਾਮਲਿਆਂ ਵਿੱਚ ਦਲ ਖ਼ਾਲਸਾ ਦੇ ਜਥੇਦਾਰ (ਸੁਪਰੀਮ ਕਮਾਂਡਰ) ਦਾ ਹੁਕਮ ਸਾਰੇ ਕਬੂਲ ਕਰਿਆ ਕਰਨਗੇ, ਹਰ ਸਾਲ ਵੈਸਾਖੀ ਤੇ ਦੀਵਾਲੀ ਦੇ ਦਿਨ ਸਰਬੱਤ ਖ਼ਾਲਸਾ ਦਾ ਇਕੱਠ ਹੋਇਆ ਕਰੇਗਾ ਅਤੇ ਹਰ ਕੌਮੀ ਮਸਲੇ ਦਾ ਹੱਲ ਗੁਰਮਤੇ ਰਾਹੀਂ ਕੱਢਿਆ ਜਾਇਆ ਕਰੇਗਾ।

ਸਰਬੱਤ ਖ਼ਾਲਸਾ ਨੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਭਾਈ ਦੀਪ ਸਿੰਘ ਦੀ ਅਗੁਵਾਈ ਵਾਲੀ ਮਿਸਲ ਨੂੰ ਸੌਂਪ ਦਿੱਤੀ। ਇਹ ਵੀ ਗੁਰਮਤਾ ਕੀਤਾ ਗਿਆ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸੇਵਾ ਵੀ ਇਸ ਮਿਸਲ ਦੇ ਸੇਵਾਦਾਰ ਹੀ ਕਰਿਆ ਕਰਨਗੇ ਅਤੇ ਮਿਸਲਾਂ ਜਾਂ ਸਿੱਖਾਂ ਦੇ ਛੋਟੇ-ਮੋਟੇ ਮਸਲੇ ਵੀ ਇਹੀ ਸੁਲਝਾਇਆ ਕਰਨਗੇ”  (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ, ਸਫੇ 515-16)।

ਵੱਡਾ ਘਲੂਘਾਰਾ (5 ਫਰਵਰੀ 1762)

ਸਿੱਖਾਂ ਦਾ 40-50 ਹਜ਼ਾਰ ਦਾ ਜਥਾ, (ਜਿੱਸ ਵਿੱਚ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਿਲ ਸਨ), ਮਲੇਰਕੋਟਲਾ ਤੋਂ 16-17 ਕਿਲੋਮੀਟਰ ਦੂਰ ਪਿੰਡ ਰਾਏਪੁਰ-ਗੁੱਜਰਵਾਲ ਦੇ ਇਲਾਕੇ ਦੇ ਜੰਗਲਾਂ ਵਿੱਚ ਰੁਕਿਆ ਹੋਇਆ ਸੀ। ਅਹਿਮਦਸ਼ਾਹ ਅਬਦਾਲੀ ਲਾਹੌਰ ਤੋਂ ਮਲੇਰਕੋਟਲੇ ਦਾ ਤਕਰੀਬਨ 225 ਕਿਲੋਮੀਟਰ ਦਾ ਸਫ਼ਰ ਢਾਈ ਕੁ ਦਿਨਾਂ ਵਿੱਚ ਹੀ ਮੁਕਾ ਕੇ, (ਜੰਡਿਆਲਾ ਤੋਂ ਆਕੁਲ ਦਾਸ ‘ਨਿਰੰਜਨੀਆਂ’ ਨੂੰ ਸੂਹੀਏ ਦੇ ਤੌਰ `ਤੇ ਨਾਲ ਲੈ ਕੇ), ਇੱਕ ਲੱਖ ਤੋਂ ਵੀ ਵੱਧ ਫ਼ੌਜ ਨਾਲ ਘੇਰਾ ਪਾ ਕੇ ਅਚਾਨਕ ਹੀ ਬੇਖ਼ਬਰ ਬੈਠੇ ਇਸ ਜਥੇ `ਤੇ ਹਮਲਾਵਰ ਹੋ ਗਿਆ।

ਸਿੱਖਾਂ ਨੇ ਇੱਕ ਵਹੀਰ (ਚਲਦੇ-ਫਿਰਦੇ ਕਿਲ੍ਹੇ) ਦੀ ਸ਼ਕਲ ਵਿੱਚ, ਬਰਨਾਲੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਵਹੀਰ ਦੇ ਸਾਰੇ ਪਾਸੇ ਤਕੜੇ ਜਵਾਨ ਸਨ ਤੇ ਵਿਚਕਾਰ ਟੱਬਰ ਸਨ। ਸਿੱਖ ਇਸ ਤਰ੍ਹਾਂ ਹੌਲੀ-ਹੌਲੀ, ਲੜਦੇ-ਲੜਦੇ, ਅਗੇ ਵਧਦੇ ਗਏ। ਇੱਕ ਦਿਨ ਦੇ ਇਸ ਸੰਘਰਸ਼ ਵਿੱਚ 25-30 ਹਜ਼ਾਰ ਸਿੱਖ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲਿਆਂ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਸਨ। ਇਸ ਜੰਗ ਵਿੱਚ ਤਕਰੀਬਨ ਹਰ ਇੱਕ ਸਿੱਖ ਜ਼ਖ਼ਮੀ ਹੋ ਗਿਆ ਸੀ।

ਸਰਹਿੰਦ `ਤੇ ਕਬਜ਼ਾ

13 ਜਨਵਰੀ 1764 ਦੇ ਦਿਨ, 50 ਹਜ਼ਾਰ ਦੇ ਕਰੀਬ ਸਿੱਖ ਫ਼ੌਜਾਂ ਨੇ ਸਰਹਿੰਦ `ਤੇ ਹਮਲਾ ਕਰ ਕੇ ਇਸ ਦੇ ਸੂਬੇਦਾਰ ਜੈਨ ਖ਼ਾਨ ਨੂੰ ਮਾਰ ਮੁਕਾਇਆ ਤੇ ਕਬਜ਼ਾ ਕਰ ਲਿਆ।

ਲਾਹੌਰ `ਤੇ ਕਬਜ਼ਾ

10 ਅਪ੍ਰੈਲ 1765 ਦੇ ਸਰਬੱਤ ਖ਼ਾਲਸਾ ਇਕੱਠ ਵਿੱਚ ਲਾਹੌਰ `ਤੇ ਕਬਜ਼ਾ ਕਰਨ ਦਾ ਗੁਰਮਤਾ ਕੀਤਾ ਗਿਆ ਅਤੇ 16 ਮਈ 1765 ਦੇ ਦਿਨ ਸਿੱਖ ਫ਼ੌਜਾਂ ਤੂਫ਼ਾਨ ਦੀ ਤੇਜੀ ਨਾਲ ਸ਼ਹਿਰ ਵਿੱਚ ਦਾਖਲ ਹੋ ਗਈਆਂ ਤੇ ਲਾਹੌਰ ਦੇ ਕਿਲ੍ਹੇ `ਤੇ ਕਬਜ਼ਾ ਕਰ ਲਿਆ।

ਖ਼ਾਲਸਾਈ ਸਿੱਕਾ ਦੁਬਾਰਾ ਜਾਰੀ ਹੋਇਆ

ਲਾਹੌਰ ਵਿੱਚ ਖ਼ਾਲਸਾਈ ਹਕੂਮਤ ਕਾਇਮ ਕਰ ਕੇ ਸਿੱਖਾਂ ਨੇ ਗੁਰੂ ਸਾਹਿਬਾਨ ਦੇ ਨਾਂ `ਤੇ ਨਾਨਕਸ਼ਾਹੀ ਸਿੱਕਾ ਦੁਬਾਰਾ ਜਾਰੀ ਕਰ ਦਿੱਤਾ। ਇਸ ਸਿੱਕੇ `ਤੇ ਉਕਰੀ ਇਬਾਰਤ ਇੰਜ ਸੀ -

ਦੇਗ਼-ਓ-ਤੇਗ਼-ਓ ਫ਼ਤਹਿ-ਓ-ਨੁਸਰਤ ਬੇਦਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ

ਭਾਵ: ਦੇਗ਼ ਤੇ ਤੇਗ਼ ਦੀ ਫ਼ਤਹਿ ਅਤੇ ਫੌਰੀ ਮਦਦ ਅਕਾਲ ਪੁਰਖੁ ਤੋਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ, ਗੁਰੂਆਂ ਦੀ ਬਖਸ਼ਿਸ਼ ਨਾਲ ਹਾਸਿਲ ਹੋਈ।

ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ -

“ਲਾਹੌਰ ਵਿੱਚ ਸੰਮਤ 1822 (1765) ਵਿੱਚ ਘੜਿਆ ਗਿਆ। 

ਸਿੱਖਾਂ ਦਾ ਪੰਜਾਬ `ਤੇ ਮੁਕੰਮਲ ਕਬਜ਼ਾ

1770 ਤੱਕ, ਸਿੱਖਾਂ ਦੀ ਹਕੂਮਤ ਬਹੁਤ ਵੱਡੇ ਇਲਾਕੇ `ਤੇ ਕਾਇਮ ਹੋ ਚੁੱਕੀ ਸੀ। ਇਸ ਵਿੱਚ ਦਰਿਆ ਜਿਹਲਮ ਤੋਂ ਕਰਨਾਲ ਅਤੇ ਹਾਂਸੀ ਤੱਕ ਦਾ ਇਲਾਕਾ ਆ ਜਾਂਦਾ ਸੀ। …. ਕੁੱਝ ਚਿਰ ਤਾਂ ਦਿੱਲੀ ਵੀ ਸਿੱਖਾਂ ਦੇ ਕਬਜ਼ੇ ਹੇਠ ਰਹੀ ਸੀ। ਯਾਨੀ ਕਿ, ਦਰਿਆ ਜਮਨਾ ਤੋਂ ਜਿਹਲਮ ਤੱਕ ਦਾ ਸਾਰਾ ਇਲਾਕਾ ਹੀ, ਅਕਾਲ ਤਖ਼ਤ ਸਾਹਿਬ ਦੀ ਸਿਰਦਾਰੀ ਹੇਠ, ਸਿੱਖ ਮਿਸਲਾਂ ਕੋਲ ਸੀ। ਮਿਸਲਾਂ ਸਰਬੱਤ ਖ਼ਾਲਸਾ ਦੇ ਨਾਂ ਹੇਠ ਹਕੂਮਤ ਕਰਦੀਆਂ ਸਨ।

11. ਗੁਰਮਤਿ ਇਨਕਲਾਬ ਨਿਵਾਣਾਂ ਵੱਲ ਨੂੰ

1770 ਦੇ ਆਸ-ਪਾਸ ਦਾ ਸਮਾਂ, 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੁੱਸ ਚੁੱਕੇ ਹਲੇਮੀ-ਰਾਜ ਨੂੰ ਬਹਾਲ ਕਰਨ ਦਾ ਬਹੁਤ ਹੀ ਢੁਕਵਾਂ ਸਮਾਂ ਸੀ। ਪਰ, ਅਜਿਹਾ ਨਾ ਹੋ ਸਕਿਆ, ਕਿਉਂਕਿ, ਉਸ ਵਕਤ ਦਲ ਖ਼ਾਲਸਾ ਦੇ ਜਥਿਆਂ (ਮਿਸਲਾਂ) ਦੇ ਲੀਡਰ ਉਨ੍ਹਾਂ 2-3 ਪੁਸਤਾਂ (ਪੀੜ੍ਹੀਆਂ) `ਚੋਂ ਆਏ ਸਨ ਜਿਨ੍ਹਾਂ ਨੂੰ, ਸਿੱਖ ਕੌਮ ਦੇ ਸਮੂਹਕ ਉਜਾੜੇ ਦੇ ਸਮੇਂ ਦੌਰਾਨ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ ਫ਼ਲਸਫ਼ੇ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਮਿਲ ਸਕੀ ਸੀ। ਇਸ ਨਾਬਖ਼ਸਣਯੋਗ ਅਣਗਹਿਲੀ ਲਈ ਇਨ੍ਹਾਂ ਦੇ ਪੁਰਖਿਆਂ ਨੂੰ ਵੀ ਦੋਸ਼-ਮੁਕਤ ਨਹੀਂ ਕੀਤਾ ਜਾ ਸਕਦਾ, ਕਿਉਂਕਿ, ਭਾਵੇਂ ਕਿਤਨਾ ਭੀ ਔਖਾ ਸਮਾਂ ਹੋਵੇ, ਆਪਣੀ ਔਲਾਦ ਨੁੰ ਆਪਣੇ ਵਿਰਸੇ ਬਾਰੇ ਲੋੜੀਂਦੀ ਜਾਣਕਾਰੀ ਦੇਣਾ ਮਾਂ-ਬਾਪ ਦਾ ਮੁੱਢਲਾ-ਫ਼ਰਜ਼ ਹੁੰਦਾ ਹੈ।

ਕੌਮ ਦਾ ਗੁਰਮਤਿ ਫ਼ਲਸਫ਼ੇ ਨਾਲੋਂ ਟੁੱਟ ਜਾਣ ਦਾ ਨਤੀਜਾ ਇਹ ਨਿਕਲਿਆ ਕਿ ਮਿਸਲਾਂ ਦੇ ਗੁਰਮਤਿ-ਵਿਹੂਣੇ ਲੀਡਰ, 1770 ਦੇ ਆਸ-ਪਾਸ ਤੱਕ ਦੁਬਾਰਾ ਆਜ਼ਾਦ ਕਰਵਾਏ ਜਾ ਚੁੱਕੇ ਇਲਾਕਿਆਂ ਨੂੰ ਇਕੱਠਿਆਂ ਕਰ ਕੇ (1716 ਵਿੱਚ ਖੁੱਸੇ) ਹਲੇਮੀ-ਰਾਜ ਨੂੰ ਬਹਾਲ ਕਰਨ ਦੀ ਬਜਾਏ, ਮਿਸਲਾਂ ਨੂੰ ਆਪਣੇ ਪਿਓ-ਦਾਦਿਆਂ ਵੱਲੋਂ ਵਿਰਾਸਤ ਵਿੱਚ ਮਿਲੀਆਂ ਰਿਆਸਤਾਂ ਸਮਝ ਕੇ, ਆਪੋ-ਆਪਣੇ ਅਧਿਕਾਰ ਅਧੀਨ ਇਲਾਕਿਆਂ `ਚ ਵਾਧਾ ਕਰਨ ਲਈ ਇੱਕ-ਦੂਜੇ ਦੇ ਇਲਾਕੇ ਖੋਹਣ ਲਈ ਆਪਸੀ ਭਰਾ-ਮਾਰੂ ਜੰਗਾਂ ਵਿੱਚ ਹੀ ਉਲਝਦੇ ਚਲੇ ਗਏ। ਇਹ ਦੁਖਦਾਈ ਭਾਣਾ ਵਾਪਰਨ ਦੇ ਕੁੱਝ ਕੁ ਹੇਠ ਲਿਖੇ ਹੋਰ ਕਾਰਨ ਵੀ ਸਨ:-

(ੳ) 1753 ਵਿੱਚ (ਨਵਾਬ) ਕਪੂਰ ਸਿੰਘ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖ਼ਾਲਸਾ ਦੀ ਕਮਾਨ ਸੰਭਾਲ ਲਈ ਸੀ। ਜਦੋਂ ਜੱਸਾ ਸਿੰਘ ਆਹਲੂਵਾਲੀਆ ਬੁਢਾਪੇ ਦੇ ਆਖਰੀ ਹਿੱਸੇ ਵਿੱਚ ਆਇਆ ਤਾਂ ਉਸ ਦੀ ਕਮਾਂਡ ਕਮਜ਼ੋਰ ਹੋ ਗਈ ਸੀ ਅਤੇ ਮਿਸਲਾਂ ਦੇ ਮੁੱਖੀ ਉਸ ਦੇ ਫ਼ੈਸਲਿਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਆਪ-ਹੁਦਰੇ ਹੋ ਕੇ ਵਿਚਰਨ ਲੱਗ ਪਏ ਸਨ।

(ਅ) ਮਿਸਲਾਂ ਦੇ ਆਗੂ ਦੌਲਤ ਤੇ ਤਾਕਤ ਵਾਲੇ ਬਣ ਚੁੱਕੇ ਸਨ, ਤੇ ਉਹ ਆਪਣੇ ਆਪ ਨੂੰ, ਹੌਲੀ-ਹੌਲੀ, ‘ਹਾਕਮ’ ਵੀ ਸਮਝਣ ਲੱਗ ਪਏ ਸਨ।

(ੲ) ਹੌਲੀ-ਹੌਲੀ, ਮਿਸਲਾਂ ਦੇ ਆਗੂਆਂ ਨੇ ਆਪੋ-ਆਪਣਾ ਨਿਜ਼ਾਮ ਚਲਾਉਂਣ ਵਾਸਤੇ, ਲੇਖਾ ਰੱਖਣ ਵਾਸਤੇ ਤੇ ਖ਼ਤ ਲਿਖਣ ਵਾਸਤੇ ਗ਼ੈਰ-ਸਿੱਖ ‘ਅਫ਼ਸਰ’ ਵੀ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹ ਸਾਰੇ ਮੁਲਾਜ਼ਮ (ਵਧੇਰੇ ਕਰ ਕੇ) ਹਿੰਦੂ ਸਨ ਅਤੇ ਇਨ੍ਹਾਂ ਵਿੱਚੋਂ ਕੁੱਝ ਹਿੰਦੁਸਤਾਨ (ਹੁਣ ਯੂ. ਪੀ. , ਐਮ. ਪੀ. ਵਗੈਰਾ) ਦੇ ਬ੍ਰਾਹਮਣ ਸਨ। ਇਨ੍ਹਾਂ ਦਾ ਵੱਡਾ ਹਿੱਸਾ ਪਹਿਲਾਂ ਕਿਸੇ ਨਾ ਕਿਸੇ ਮੁਗ਼ਲ ਜਾਂ ਹਿੰਦੂ ਰਾਜੇ, ਵਜ਼ੀਰ, ਅਮੀਰ, ਨਵਾਬ, ਫ਼ੌਜਦਾਰ, ਨਾਇਬ ਵਗੈਰਾ ਕੋਲ ਕੰਮ ਕਰਦਾ ਰਿਹਾ ਸੀ ਤੇ ਉਨ੍ਹਾਂ ਕੋਲ ਉਸ ਨਿਜ਼ਾਮ ਦਾ ਤਜ਼ਰਬਾ ਹੀ ਨਹੀਂ ਬਲਕਿ ਆਦਤਾਂ ਵੀ ਕਾਇਮ ਸਨ। ਹਿੰਦੂ ਰਜਵਾੜਿਆਂ, ਨਵਾਬਾਂ ਤੇ ਜ਼ਿੰਮੀਦਾਰਾਂ ਦੇ ਤੌਰ-ਤਰੀਕੇ ਵੀ, ਵਧੇਰੇ ਕਰ ਕੇ, ਮੁਗ਼ਲਾਂ ਵਰਗੇ ਹੀ ਸਨ ਤੇ ਇਸ ਕਰ ਕੇ ਉਨ੍ਹਾਂ ਦੇ ਮੁਲਾਜ਼ਮ (ਅਫ਼ਸਰ) ਵੀ ਮੁਗਲਾਂ ਵਾਲੀ ਫ਼ਿਤਰਤ ਰਖਦੇ ਸਨ। ਇਸ ਫ਼ਿਤਰਤ ਵਿੱਚ ‘ਹੁਕਮ ਕਰਨਾ’, ਅੱਯਾਸ਼ੀ, ਧੱਕੇਸ਼ਾਹੀ, ਕੁਨਬਾ-ਪੁਰਬੀ, ਨਸ਼ੇ, ਵੱਡੀ ਗਿਣਤੀ ਵਿੱਚ ਔਰਤਾਂ ਰੱਖਣਾ ਵੀ ਸ਼ਾਮਿਲ ਸੀ। ਇਨ੍ਹਾਂ ਅਹਿਲਕਾਰਾਂ ਨੇ ਆਪਣੀਆਂ ਇਨ੍ਹਾਂ ਮਾਨਵ-ਵਿਰੋਧੀ ਆਦਤਾਂ ਦੀ ਲਾਗ ਮਿਸਲਾਂ ਦੇ ਗੁਰਮਤਿ-ਬਿਹੂਣੇ ਆਗੂਆਂ ਨੂੰ ਵੀ ਲਗਾ ਦਿੱਤੀ ਸੀ।

(ਸ) 1710 ਤੋਂ 1715 ਤੱਕ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਸਮੇਂ, ਸਿੱਖਾਂ ਦੇ ਨਾਲ-ਨਾਲ, ਬਹੁਤ ਸਾਰੇ ਹਿੰਦੂ (ਗੁੱਜਰ, ਜਾਟ ਤੇ ਰਾਜਪੂਤ) ਵੀ ਉਸ ਦੀ ਫ਼ੌਜ ਵਿੱਚ ਸ਼ਾਮਿਲ ਹੋ ਗਏ ਸਨ। ਪਰ, ਇਨ੍ਹਾਂ ਦਾ ਨਿਸ਼ਾਨਾ ਸਿਰਫ਼ ਤੇ ਸਿਰਫ਼ ਲੁੱਟ-ਮਾਰ ਕਰਨਾ ਸੀ (ਹਰੀ ਰਾਮ ਗੁਪਤਾ: ਹਿਸਟਰੀ ਆਫ਼ ਸਿੱਖਜ਼, ਜਿਲਦ 2, ਸਫ਼ਾ 35)। ਜਦੋਂ ਬੰਦਾ ਸਿੰਘ ਤੇ ਸਿੱਖਾਂ ਦੀਆਂ ਸ਼ਹੀਦੀਆਂ ਦਾ ਦੌਰ ਆਇਆ ਤਾਂ ਇਹ ਸਾਰੇ ਹਿੰਦੂ ਦਾੜ੍ਹੀ-ਕੇਸ਼ ਮੁੰਨਵਾ ਕੇ ਫੇਰ ਆਪਣੇ ਅਸਲੀ ਰੂਪ ਵਿੱਚ ਆ ਗਏ (ਹਿੰਦੂ ਬਣ ਗਏ)। 1753 ਤੋਂ ਮਗਰੋਂ, ਜਦ ਸਿੱਖਾਂ ਦੇ ਦਿਨ ਫਿਰੇ ਅਤੇ ਮੁਗ਼ਲ ਤੇ ਅਫ਼ਗਾਨ ਕਮਜ਼ੋਰ ਹੋਣ ਲੱਗ ਪਏ, ਤਾਂ ਬਹੁਤ ਸਾਰੇ ਪੰਜਾਬੀ ਹਿੰਦੂ ਜੱਟ ਵੀ ਸਿੱਖ ਫ਼ੌਜ ਦਾ ਹਿੱਸਾ ਬਣ ਗਏ। ਉਨ੍ਹਾਂ ਦਾ ਨਿਸ਼ਾਨਾ ਨਾ ਤਾਂ ਸਿੱਖੀ ਦਾ ਵਿਕਾਸ ਕਰਨਾ ਸੀ ਅਤੇ ਨਾਂ ਹੀ ਜ਼ੁਲਮ ਦਾ ਨਾਸ਼ ਕਰ ਕੇ ਹਲੇਮੀ-ਰਾਜ ਕਾਇਮ ਕਰਨਾ ਸੀ। ਉਹ ਜਾਂ ਤਾਂ ਜ਼ੁਲਮ ਤੇ ਗ਼ਰੀਬੀ ਤੋਂ ਤੰਗ ਆਏ ਹੋਏ ਸਿੱਖ ਫ਼ੌਜਾਂ ਵਿੱਚ ਸ਼ਾਮਿਲ ਹੋਏ ਸਨ ਤੇ ਜਾਂ ਉਹ ਸਿੱਖ ਰਾਜ ਦੇ ਆਉਣ ਦੀ ਉਮੀਦ ਵਿੱਚ, ਤਾਕਤ ਵਿੱਚ ਆਉਂਣ ਦੀ ਸੋਚ ਨਾਲ, ਖ਼ਾਲਸਾ ਫ਼ੌਜ ਦੇ ਨੇੜੇ ਹੋਏ ਸਨ। ਹੌਲੀ-ਹੌਲੀ, ਇਹ ਮੌਕਾ-ਪ੍ਰਸਤ ਤਬਕਾ, ਅਨਪੜ੍ਹ ਮਿਸਲਦਾਰਾਂ ਨੂੰ ‘ਸਿਆਸਤ ਦੇ ਗੁਰ’ ਵੀ ਸਿਖਾਉਂਣ ਲੱਗ ਪਿਆ ਅਤੇ ਉਨ੍ਹਾਂ ਦੇ ਦੀਵਾਨ (ਵਜ਼ੀਰ) ਬਣ ਕੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ (ਰੀਮੋਟ ਕੰਟਰੋਲ ਕਰ ਕੇ) ਚਲਾਉਂਣ ਲੱਗ ਪਿਆ। ਨਤੀਜਾ ਇਹ ਨਿਕਲਿਆ ਕਿ ਨਸ਼ਿਆਂ ਦਾ ਵੀ ਪ੍ਰਸਾਰ ਹੋਣ ਲੱਗ ਪਿਆ। ਇਸ ਦੇ ਨਾਲ ਹੀ ਕਾਮ ਵੀ ਭਾਰੂ ਹੋਣ ਲੱਗ ਪਿਆ, ਕਈ-ਕਈ ਜ਼ਨਾਨੀਆਂ, ਗੋਲੀਆਂ, ਰਖੈਲਾਂ ਇਨ੍ਹਾਂ ਮਿਸਲਦਾਰਾਂ ਦੇ ਹਰਮਾਂ ਵਿੱਚ ਸ਼ਾਮਿਲ ਹੋਣ ਲੱਗ ਪਈਆਂ। ਦੋ-ਢਾਈ ਦਹਾਕਿਆਂ ਵਿੱਚ ਹੀ, ਕਈ ਮਿਸਲਾਂ ਦੇ ਆਗੂ ਮੁਗ਼ਲ ਹਾਕਮਾਂ ਵਾਲੀ ਜ਼ਿੰਦਗੀ ਜੀਣ ਲੱਗ ਪਏ ਸਨ।

(ਹ) ਮਿਸਲਾਂ ਦੇ ਗੁਰਮਤਿ-ਵਿਹੂਣੇ ਖ਼ੁਦਗਰਜ਼ ਆਗੂ ਆਪਣੇ ਬੁਢਾਪੇ ਵਿੱਚ ਆਪਣੀ ਮਿਸਲ ਦੀ ਵਾਗਡੋਰ ਕਿਸੇ ਹੋਰ ਕਾਬਲ ਸਿੱਖ ਜਰਨੈਲ ਨੂੰ ਸੌਂਪਣ ਦੀ ਬਜਾਏ ਆਪਣੇ ਪੁੱਤਰਾਂ, ਭਤੀਜਿਆਂ ਤੇ ਹੋਰ ਨਾ-ਅਹਿਲ ਰਿਸ਼ਤੇਦਾਰਾਂ ਨੂੰ ਹੀ (ਆਪਣੇ ਵਾਰਸਾਂ ਦੇ ਤੌਰ `ਤੇ) ‘ਹਾਕਮ’ ਬਣਾਉਂਣ ਲੱਗ ਪਏ ਸਨ। ਇਹ ਸੋਚ ਗੁਰੂ ਦੇ ਹੁਕਮ ਦੇ ਉਲਟ ਸੀ।

ਇੱਕ ਵਾਰ ਦਾ ਸ਼ੁਰੂ ਹੋਇਆ ਇਹ ਅ-ਸਿੱਖ ਦੌਰ ਦਿਨੋਂ-ਦਿਨ ਚੌੜੇਰਾ ਤੇ ਵਡੇਰਾ ਹੁੰਦਾ ਗਿਆ ਤੇ ਅਖੀਰ ਇਸ ਨੇ ਸਿੱਖ ਹਕੂਮਤਾਂ ਨੂੰ ਖ਼ਾਨਦਾਨੀ, ਨਿੱਜੀ ਤੇ ਮਾਫ਼ੀਆ ਸੋਚ ਵਾਲੀ ਹਕੂਮਤ ਵਿੱਚ ਬਦਲ ਦਿੱਤਾ। ਜਿਹੜੀ ਕਿਰਪਾਨ ਜ਼ੁਲਮ ਅਤੇ ਜ਼ਾਲਮ ਦੇ ਨਾਸ਼ ਵਾਸਤੇ ਵਰਤੀ ਜਾਂਦੀ ਸੀ, ਹੁਣ ਆਪਣੇ ਭਰਾਵਾਂ ਦੀਆਂ ਗਰਦਨਾਂ `ਤੇ ਚੱਲਣ ਲੱਗ ਪਈ ਸੀ (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ਼, ਸਫ਼ੇ 619-622)।

ਇਸ ਤਰ੍ਹਾਂ, ਸਰਬੱਤ ਦੇ ਭਲੇ ਨੂੰ ਸਮਰਪਿਤ, ਸਰਬਸਾਂਝੇ ਗੁਰਮਤਿ ਫ਼ਲਸਫ਼ੇ ਦੇ ਆਧਾਰ `ਤੇ ਸਦੀਵਕਾਲੀ ਵਿਸ਼ਵ-ਪੱਧਰੀ ਹਲੇਮੀ ਰਾਜ ਦੀ ਸਥਾਪਨਾ ਲਈ 1478 ਵਿੱਚ ਅਰੰਭ ਹੋਇਆ ਗੁਰਮਤਿ ਇਨਕਲਾਬ, ਦਿਸ਼ਾਹੀਣ ਹੋ ਕੇ, ਖੇਰੂੰ-ਖੇਰੂੰ ਹੋ ਗਿਆ। ਇਸ ਅਤਿ ਦੁਖਦਾਈ ਹਾਲਾਤ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਦਾ ਇਹ ਫ਼ੁਰਮਾਣੁ ਬਹੁਤ ਹੀ ਢੁਕਵਾਂ ਨਜ਼ਰ ਆਉਂਦਾ ਹੈ -

ਪਬਰ ਤੂੰ ਹਰੀਆਵਲਾ, ਕਵਲਾ ਕੰਚਨ ਵੰਨਿ॥ ਕੈ ਦੋਖੜੈ ਸੜਿਓਹਿ, ਕਾਲੀ ਹੋਈਆ ਦੇਹੁਰੀ, ਨਾਨਕ, ਮੈ ਤਨਿ ਭੰਗੁ॥ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗੁ॥ ਜਿਤੁ ਡਿਠੈ ਤਨੁ ਪਰਫੁੜੈ, ਚੜ੍ਹੈ, ਚਵਗਣਿ ਵੰਨੁ॥ 30॥ (ਮ: 1, 1412)

ਇਸ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ, ਇੱਕ ਨਿਵੇਕਲੀ ਕਾਵਿ-ਸ਼ੈਲੀ ਦੀ ਵਰਤੋਂ ਕਰ ਕੇ, ਉਸ ਸਰੋਵਰ ਨਾਲ ਵਾਰਤਾਲਾਪ ਕੀਤੀ ਹੈ ਜੋ ਕਿਸੇ ਵਕਤ ਨਿਰਮਲ ਜਲ ਨਾਲ ਭਰਿਆ ਰਹਿੰਦਾ ਸੀ, ਕਿਉਂਕਿ, ਉਸ ਦਾ ਸਿੱਧਾ ਸੰਪਰਕ ਨਿਰਮਲ ਜਲ ਦੇ ਸੋਮੇ (ਝਰਨੇ) ਨਾਲ ਸੀ, ਜਿੱਥੋਂ ਉਸ ਨੂੰ ਤਾਜ਼ਾ ਤੇ ਨਿਰਮਲ ਜਲ ਸਦਾ ਹੀ ਮਿਲਦਾ ਰਹਿੰਦਾ ਸੀ। ਪਰ, ਸਮਾਂ ਪਾ ਕੇ, ਉਸ ਦਾ ਸੰਰਪਕ ਉਸ ਨਿਰਮਲ ਜਲ ਦੇ ਝਰਨੇ ਨਾਲੋਂ ਟੁੱਟ ਗਿਆ ਤੇ ਉਹ ਸੁੱਕ ਕੇ ਸੜਾਂਦ ਮਾਰਨ ਲੱਗ ਪਿਆ।

ਗੁਰੂ ਨਾਨਕ ਸਾਹਿਬ ਦਾ ਸਰੋਵਰ ਨੂੰ ਸਵਾਲ

ਹੇ ਕਦੇ ਨਿਰਮਲ ਜਲ ਨਾਲ ਭਰੇ ਸਰੋਵਰ! ਤੂੰ ਕਦੇ ਸੋਨੇ ਰੰਗੇ ਕੰਵਲ ਫੁੱਲਾਂ ਨਾਲ ਮਹਿਕਦਾ ਹੁੰਦਾ ਸੀ। ਤੇਰੇ ਅੰਦਰੋਂ ਹਿਰਦੇ ਨੂੰ ਖਿੱਚ ਪਾਉਣ ਵਾਲੀ ਹਲਕੀ-ਹਲਕੀ ਪਵਣ ਸਾਰੇ ਵਾਤਾਵਰਣ ਨੂੰ ਸੁਗੰਧਤ ਕਰਿਆ ਕਰਦੀ ਸੀ, ਹਰ ਪਾਸੇ ਤੇਰੀ ਸੁੰਦਰਤਾ ਦੀ ਮਹਿਮਾਂ ਦੇ ਗੁਣ ਗਾਏ ਜਾਂਦੇ ਸਨ, ਹਰ ਕੋਈ ਤੇਰੇ ਕਿਨਾਰੇ ਬੈਠ ਕੇ ਕਾਦਿਰ ਦੀ ਕੁਦਰਤਿ ਦਾ ਅਨੋਖਾ ਤੇ ਸੁਖਾਵਾਂ ਜਿਹਾ ਰੰਗ ਮਾਣਦਾ ਸੀ ਅਤੇ ਤੇਰੀ ਨੇੜਤਾ ਹਾਸਿਲ ਕਰਨ ਲਈ ਤਾਂਘ ਰਖਦਾ ਸੀ। ਤੇਰਾ ਸੋਹਣਾ ਸਰੀਰ ਕਿਸ ਕਾਰਨ ਸੁੱਕ ਕੇ ਕਾਲਾ ਸਿਆਹ ਹੋ ਗਿਆ ਹੈ? ਤੇਰੇ ਨਿਰਮਲ ਜਲ ਵਿੱਚ ਖ਼ੁਸ਼ੀ ਨਾਲ ਖ਼ੀਵੇ ਹੋ ਕੇ ਟਹਿਕਦੇ ਸੁੰਦਰ ਕੰਵਲ ਫੁੱਲ ਵੀ ਸੜ ਕੇ ਬਦਬੂ ਛੱਡ ਰਹੇ ਹਨ (ਅਤੇ ਖੁਸ਼ੀ ਨਾਲ ਨਚਦੇ ਅਤੇ ਚਹਿਕਦੇ ਪੰਛੀ ਵੀ ਹੁਣ ਤੇਰੇ ਨੇੜੇ ਕਿਤੇ ਨਜ਼ਰ ਨਹੀਂ ਆਉਂਦੇ)।

ਸਰੋਵਰ ਦਾ ਜਵਾਬ

ਆਪਣੀ ਇਸ ਤਰਸਯੋਗ ਹਾਲਤ ਦੇ ਕਾਰਨਾਂ ਨੂੰ ਬਿਆਨ ਕਰਨ ਬਾਰੇ, ਜਦੋਂ ਪਰਉਪਕਾਰੀ ਗੁਰੂ ਨਾਨਕ ਸਾਹਿਬ ਨੇ ਸਰੋਬਰ ਨੂੰ ਉਪਰੋਕਤ ਸਵਾਲ ਪੁੱਛਿਆ ਤਾਂ ਸਰੋਵਰ ਧਾਹਾਂ ਮਾਰ ਕੇ ਰੋਇਆ ਅਤੇ ਰੋ-ਰੋ ਕੇ ਕਹਿਣ ਲੱਗਾ, “ਹੇ ਸਰਬਕਲਾ ਸਮਰੱਥ ਗੁਰੂ ਨਾਨਕ ਪਾਤਿਸ਼ਾਹ ਜੀ। (ਇਸ ਸੜਾਂਦ ਦਾ ਕਾਰਨ ਇਹ ਹੈ ਕਿ) ਜਿਥੋਂ ਮੈਨੂੰ ਸੁੰਦਰ ਅਤੇ ਤਾਜ਼ਗੀ -ਭਰਪੂਰ ਜੀਵਨ ਲਈ ਨਿਰਮਲ ਜਲ ਦੀ ਖ਼ੁਰਾਕ ਮਿਲਦੀ ਸੀ ਅਤੇ ਜੋ ਮੇਰੇ ਸੁੰਦਰ ਗੁਣਾਂ ਦਾ ਸੋਮਾ ਸੀ, ਕਿਸੇ ਦੋਖੀ ਨੇ ਉਸ ਸਰੋਤ ਨਾਲੋਂ ਮੇਰਾ ਸੰਬੰਧ ਕੱਟ ਦਿੱਤਾ ਹੈ। ਨਿਰਮਲ ਜਲ ਦੇ ਸੋਮੇਂ ਨਾਲੋਂ ਸਬੰਧ ਟੁੱਟਣ ਕਾਰਨ, ਮੇਰੇ ਸਾਰੇ ਗੁਣ ਤੇ ਸੁਗੰਧੀ ਖਤਮ ਹੋ ਗਏ ਹਨ, ਜਿਸ ਕਾਰਨ ਫੁੱਲ ਵੀ ਸੜ ਕੇ ਦੁਰਗੰਧ ਛੱਡਣ ਲੱਗ ਪਏ ਹਨ (ਹੁਣ ਕੋਈ ਮੇਰੇ ਨੇੜੇ ਨਹੀਂ ਢੁਕਦਾ) ਅਤੇ (ਇਸ ਤੋਂ ਵੱਡਾ ਦੁੱਖ ਇਹ ਹੈ ਕਿ ਨਿਰਮਲ ਜਲ ਦੇ ਸੋਮੇ ਨਾਲੋਂ ਮੇਰਾ ਸਬੰਧ ਕਿਸੇ ਹੋਰ ਨੇ ਨਹੀਂ, ਮੇਰੀ ਸੰਭਾਲ ਕਰਨ ਵਾਲੇ ਮਾਲੀ ਯਾਨੀ ਕਿ, ਕੌਮ ਦੇ ਜ਼ਿੰਮੇਵਾਰ ਆਗੂਆਂ) ਨੇ ਹੀ ਕੱਟਿਆ ਹੈ (ਜਦੋਂ ਤਾਂਈ ਉਸ ਨਿਰਮਲ ਜਲ ਦੇ ਸੋਮੇ ਨਾਲ ਦੁਬਾਰਾ ਮੇਰਾ ਸਬੰਧ ਨਹੀਂ ਜੁੜਦਾ, ਮੇਰਾ ਫਿਰ ਤੋਂ ਪ੍ਰਫੁੱਲਤ ਹੋਣਾ ਅਸੰਭਵ ਹੈ)।

ਸਿੱਖ ਕੌਮ ਨਾਲ ਇਹ ਅਤਿ ਦੁਖਦਾਈ ਭਾਣਾ ਕਿਉਂ ਵਾਪਰਿਆ? ਇਸ ਪ੍ਰਸ਼ਨ ਦਾ ਉੱਤਰ ਹੁਣ ਤੱਕ ਹੋ ਚੁੱਕੀ ਵਿਚਾਰ `ਚੋਂ ਹੀ ਚਿੱਟੇ ਦਿਨ ਵਾਂਗ ਸਪੱਸ਼ਟ ਨਜ਼ਰੀਂ ਪੈ ਰਿਹਾ ਹੈ। ਥੋੜੇ ਸ਼ਬਦਾਂ ਵਿੱਚ ਇਸ ਦਾ ਉੱਤਰ ਹੈ ‘ਸਿੱਖ ਲੀਡਰਸ਼ਿਪ ਦਾ ਸ਼ਬਦ-ਗੁਰੂ ਦੇ ਉਪਦੇਸ਼ਾਂ ਤੋਂ ਬੇ-ਮੁੱਖ ਹੋ ਜਾਣਾ’। ਜਿਸ ਤਰ੍ਹਾਂ ਉਪਰ ਵਾਲੇ ਪਾਵਨ ਸ਼ਬਦ ਵਿੱਚ ਇੱਕ ਖ਼ੁਸ਼ੀਆਂ ਵੰਡਦੇ ਆਸ-ਪਾਸ ਦੇ ਮਾਹੌਲ ਨੂੰ ਸੁਗੰਧਤ ਕਰਨ ਵਾਲੇ ਸਰੋਵਰ ਦੀ ਦੁਖਦਾਈ ਹਾਲਤ ਦਾ ਬਿਆਨ ਕੀਤਾ ਗਿਆ ਹੈ, ਇੰਨ-ਬਿੰਨ ਇਸੇ ਤਰ੍ਹਾਂ ਹੀ, ਆਪਣੇ ਜੀਵਨ ਦੇ ਸੋਮੇ ‘ਬਾਣੀ-ਗੁਰੂ’ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਸਿੱਖ ਕੌਮ ਦੇ ਦੁਖਾਂਤ ਦਾ ਜਨਮ ਹੋਇਆ ਹੈ। ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -

ਮੈਂ ਹਰਿ ਹਰਿ ਨਾਮੁ ਵਿਸਾਹੁ॥ ਗੁਰ ਪੂਰੇ ਤੇ ਪਾਇਆ, ਅੰਮ੍ਰਿਤੁ ਅਗਮ ਅਥਾਹੁ॥ 1॥ ਰਹਾਉ॥

… … … … …. .

ਮੈ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨੁ ਜੀਵਾਂ ਮਾਉਂ॥ ਮੈਂ ਗੁਰਬਾਣੀ ਆਧਾਰੁ ਹੈ, ਗੁਰਬਾਣੀ ਲਾਗਿ ਰਹਾਉਂ॥ 8॥

… … … … … … …. .

ਸਜਣੁ ਮੇਰਾ ਏਕੁ ਤੂੰ, ਕਰਤਾ ਪੁਰਖੁ ਸੁਜਾਣੁ॥ ਸਤਿਗੁਰਿ ਮੀਤਿ ਮਿਲਾਇਆ, ਮੈ ਸਦਾ ਸਦਾ ਤੇਰਾ ਤਾਣੁ॥ 12॥ (ਮ: 5, 759)

ਭਾਵ: (ਹੇ ਭਾਈ!) ਮੈਂ ਪ੍ਰਭੂ-ਪਿਤਾ ਦੇ ਨਾਮ ਦਾ ਹੀ ਵਾਪਾਰ ਕੀਤਾ ਹੈ (ਪ੍ਰਭੂ ਦੇ ਅਟੱਲ ਹੁਕਮਾਂ ਦੀ ਪਾਲਣਾ ਕਰ ਕੇ) ਸ਼ਬਦ-ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਂ ਕੇ, ਮੈਂ ਮਾਲਿਕ-ਪ੍ਰਭੂ, ਜੋ ਸਦੀਵੀ ਆਤਮਿਕ ਜੀਵਨ ਦੇਣ ਵਾਲਾ ਹੈ, ਮੱਤ-ਬੁਧੀ ਤੇ ਗਿਆਨ-ਇੰਦ੍ਰਿਆਂ ਦੀ ਪਕੜ ਤੋਂ ਪਰ੍ਹੇ ਹੈ, ਦਾ ਮਿਲਾਪ ਪ੍ਰਾਪਤ ਕਰ ਲਿਆ ਹੈ। ਰਹਾਉ॥

(ਹੇ ਭਾਈ!) ਮੇਰੀ, ਬਾਣੀ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ, ਪ੍ਰਭੂ-ਪਿਤਾ ਨਾਲ ਪ੍ਰੀਤ (ਪ੍ਰੇਮ) ਬਣ ਗਈ ਹੈ, ਹੁਣ ਮੈਂ ਮਾਲਿਕ-ਪ੍ਰਭੂ ਦੀ ਵਿਸਮਾਦੀ ਯਾਦ ਤੋਂ ਬਿਨਾਂ ਆਤਮਿਕ ਤੌਰ `ਤੇ ਜਿੰਦਾ ਨਹੀਂ ਰਹਿ ਸਕਦਾ, ਕਿਉਂਕਿ, ਗੁਰਬਾਣੀ-ਗੁਰੂ ਦੇ ਉਪਦੇਸ਼ ਮੇਰੇ ਜੀਵਨ ਦਾ ਆਧਾਰ ਬਣ ਗਏ ਹਨ। 2॥

ਸ਼ਬਦ-ਗੁਰੂ ਨੇ ਮੇਰਾ ਸਦੀਵੀਂ-ਮਿੱਤਰ (ਪ੍ਰਭੂ-ਪਿਤਾ) ਮੈਨੂੰ ਮਿਲਾ ਦਿੱਤਾ ਹੈ ਤੇ ਮੈਨੂੰ ਹੁਣ ਸਮਝ ਆ ਗਈ ਹੈ ਕਿ (ਹੇ ਵਾਹਿਗੁਰੂ!) ਤੂੰ ਹੀ, ਅਸਲ ਵਿੱਚ, ਮੇਰਾ ਸਿਰਜਣਹਾਰ ਤੇ ਸਿਆਣਾ ਮਿੱਤਰ ਹੈਂ ਤੇ ਮੈਨੂੰ ਤੇਰੀ ਹੀ ਓਟ ਹੈ, ਤੇਰੀ ਹੀ ਅਸੀਮ ਸ਼ਕਤੀ ਦਾ ਸਹਾਰਾ ਹੈ। 12.

ਮਿਸਲਾਂ ਦੇ ਆਗੂਆਂ ਦੀਆਂ ਆਪਸੀ ਭਰਾ-ਮਾਰੂ ਕਾਰਵਾਈਆਂ ਦੇ ਮਾਹੌਲ ਵਿੱਚ ਕਿਸਮਤ ਨੇ ਸ਼ੁੱਕਰਚੱਕੀਆ ਮਿਸਲ ਦੇ ਨੌਜਵਾਨ ਆਗੂ ਰਣਜੀਤ ਸਿੰਘ ਦਾ ਸਾਥ ਦਿੱਤਾ ਅਤੇ ਉਹ 1799 ਵਿੱਚ, ਹਲੇਮੀ-ਰਾਜ ਦੀ ਬਜਾਏ, ਆਪਣਾ ਗੁਰਮਤਿ-ਵਿਰੋਧੀ ਸ਼ਖਸੀ-ਰਾਜ ਕਾਇਮ ਕਰਨ ਵਿੱਚ ਸਫ਼ਲ ਹੋ ਗਿਆ। ਕੁੱਝ ਕੁ ਹੋਰ ਮਿਸਲਾਂ ਦੇ ਆਗੂ ਵੀ (ਫਰੀਦਕੋਟ, ਪਟਿਆਲਾ, ਨਾਭਾ, ਜੀਂਦ, ਕਲਸੀਆਂ, ਕੈਥਲ ਆਦਿ) ਆਪੋ-ਆਪਣਾ ਸੁਤੰਤਰ ਰਾਜਭਾਗ ਸਥਾਪਤ ਕਰ ਕੇ ਐਸ਼ ਕਰਨ ਲੱਗੇ।

ਦੂਜੇ ਪਾਸੇ, 1716 ਦੇ ਆਸ-ਪਾਸ ਤੋਂ ਹੀ, ਸਨਾਤਨ ਧਰਮ ਦੇ ਪੈਰੋਕਾਰ (ਸਿੱਖੀ ਸਰੂਪ ਵਾਲੇ ਉਦਾਸੀ) ਗੁਰਦਵਾਰਿਆਂ `ਤੇ ਕਾਬਜ਼ ਹੋ ਗਏ। ਇਨ੍ਹਾਂ ਨੇ ਗੁਰਮਤਿ ਇਨਕਲਾਬ ਦਾ ਪ੍ਰਚਾਰ ਬੰਦ ਕਰ ਦਿੱਤਾ ਅਤੇ ਗੁਰਮਤਿ ਦੇ ਲੇਬਲ ਹੇਠ ਮਨੂੰਵਾਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪਸਾਰ ਸ਼ੁਰੂ ਕਰ ਦਿੱਤਾ।

ਉਨ੍ਹੀਵੀਂ ਸਦੀ ਦੇ ਅਰੰਭ ਵਿੱਚ ਹੀ, ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜੀ ਤਾਕਤ ਤੋਂ ਭੈ-ਭੀਤ ਹੋ ਕੇ, ਸਤਲੁਜ ਦਰਿਆ ਦੇ ਪੂਰਬਲੇ ਪਾਸੇ ਵਾਲੀਆਂ ਸਿੱਖ ਰਿਆਸਤਾਂ (ਸ਼ਾਤਰ ਫ਼ਰੰਗੀਆਂ ਦੀ ਮਿਲੀ-ਭੁਗਤ ਨਾਲ) ਅੰਗਰੇਜ਼ੀ ਸਾਮਰਾਜ ਦੀ ਰੱਖਿਆ (Protection) ਅਧੀਨ ਚਲੀਆਂ ਗਈਆਂ। ਜੰਮੂ ਦੇ ਡੋਗਰਿਆਂ (ਧਿਆਨ ਸਿਂਹ ਤੇ ਉਸ ਦਾ ਭਰਾ ਗੁਲਾਬ ਸਿਂਹ) ਅਤੇ ਪੂਰਬੀਏ ਬ੍ਰਾਹਮਣਾਂ (ਮਿਸ਼ਰ ਲਾਲ ‘ਸਿਂਹ’ ਤੇ ਮਿਸ਼ਰ ਤੇਜ ‘ਸਿਂਹ’ ), ਜੋ ਚਾਣਕੀਯਾ ਕੂਟਨੀਤੀ ਅਧੀਨ ਰਣਜੀਤ ਸਿੰਘ ਦੇ ਰਾਜ ਨੂੰ ਤਹਿਸ-ਨਹਿਸ ਕਰਨ ਲਈ ਹੀ ਰਣਜੀਤ ਸਿੰਘ ਦੇ ਵਿਸ਼ਵਾਸ-ਪਾਤਰ ਬਣ ਕੇ ਉੱਚੇ ਪ੍ਰਸ਼ਾਸਨਕ (ਪਰਧਾਨਮੰਤਰੀ) ਅਤੇ ਫ਼ੌਜੀ ਅਹੁਦਿਆਂ (ਸਿੱਖ ਫ਼ੌਜ ਦਾ ਮੁੱਖੀ) ਤੱਕ ਜਾ ਪੁੱਜੇ ਸਨ, ਨੇ ਅੰਗਰੇਜ਼ੀ ਸਾਮਰਾਜ ਨਾਲ ਗੰਢ-ਤੁੱਪ ਕਰ ਕੇ ਅੀਤਿ ਕਮੀਣੀਆਂ ਗ਼ੱਦਾਰੀਆਂ ਕਰ ਕੇ, 1849 ਵਿੱਚ ਸਿੱਖ ਰਾਜ ਦਾ ਖਾਤਮਾ ਕਰਵਾ ਕੇ, ਪੰਜਾਬ ਨੂੰ ਅੰਗਰੇਜ਼ੀ ਹਕੂਮਤ ਅਧੀਨ ਕਰਵਾ ਦਿੱਤਾ।

12. ਸਿੱਖ ਕੌਮ ਦਾ ਆਜ਼ਾਦੀ ਲਈ ਦੂਜਾ ਸੰਘਰਸ਼ - ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ (1849-1947)

1873 ਦੇ ਆਸ-ਪਾਸ, ਸਿੱਖੀ `ਚ ਆ ਚੁੱਕੇ ਸਿਧਾਂਤਕ ਨਿਘਾਰ ਨੂੰ ਠੱਲ ਪਾਉਂਣ ਲਈ, ਸਿੰਘ ਸਭਾ ਲਹਿਰ ਦਾ ਆਗਾਜ਼ ਹੋਇਆ। ਵੀਹਵੀਂ ਸਦੀ ਦੇ ਅਰੰਭ ਵਿੱਚ ਇਹ ਲਹਿਰ ‘ਗੁਰਦਵਾਰਾ ਸੁਧਾਰ ਲਹਿਰ’ ਦਾ ਰੂਪ ਧਾਰਨ ਕਰ ਗਈ ਜਿਸ ਦੇ ਫਲਸਰੂਪ 1920 ਤੱਕ, ਬਹੁਤ ਸਾਰੀਆਂ ਸ਼ਹਾਦਤਾਂ ਤੇ ਹੋਰ ਕੁਰਬਾਨੀਆਂ ਦੇਣ ਤੋਂ ਬਾਅਦ, ਗੁਰਦਵਾਰੇ ਉਦਾਸੀਆਂ, ਮਹੰਤਾਂ ਤੇ ਨਿਰਮਲਿਆਂ ਦੇ ਕਬਜ਼ੇ `ਚੋਂ ਛੁਡਾ ਲਏ ਗਏ।

ਇਸੇ ਦੌਰਾਨ, 1849 ਤੋਂ ਹੀ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ `ਚੋਂ ਆਜ਼ਾਦ ਕਰਵਾਉਣ ਲਈ ਭਾਈ ਮਹਾਰਾਜ ਸਿੰਘ ਤੇ ਮਹਾਰਾਣੀ ਜਿੰਦ ਕੌਰ ਦੀ ਅਗੁਵਾਈ ਹੇਠ ਜਦੋ-ਜਹਿਦ ਚਲਦੀ ਰਹੀ। ਹਥਿਆਰਬੰਦ ਸੰਘਰਸ਼ ਲਈ, ਗਦਰ ਪਾਰਟੀ ਲਹਿਰ (1913-18) ਤੇ ਬੱਬਰ ਅਕਾਲੀ ਲਹਿਰ (1921-25) ਚੱਲੀਆਂ। ਸਿੱਖ ਕੌਮ ਦੀ ਆਜ਼ਾਦੀ ਦੀ ਇਸ ਜਦੋ-ਜਹਿਦ ਨੇ ਫ਼ਰੰਗੀਆਂ ਨੂੰ ਹੱਥਾਂ-ਪੈਰਾਂ ਦੀ ਪਾਈ ਰੱਖੀ।

ਦੂਜੇ ਪਾਸੇ, ਹਿੰਦੁਸਤਾਨ ਨੂੰ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਂਣ ਲਈ, ਕਾਂਗਰਸ ਪਾਰਟੀ ਦੀ ਅਗੁਵਾਈ ਹੇਠ, ਸ਼ਾਂਤਮਈ ਅੰਦੋਲਨ ਚੱਲ ਰਿਹਾ ਸੀ। ਕਾਂਗਰਸ ਪਾਰਟੀ ਦੇ ਤੱਤਕਾਲੀਨ ਸ਼ਾਤਰ ਤੇ ਬੇਈਮਾਨ ਆਗੂਆਂ ਨੇ, ਦੂਰ ਦੀ ਸੋਚ ਕੇ, ਬਹਾਦਰ ਸਿੱਖ ਕੌਮ ਦੇ ਲੀਡਰਾਂ ਨਾਲ ਮਤਿਆਂ ਦੇ ਰੂਪ ਵਿੱਚ ਲਿਖਤੀ ਤੇ ਜ਼ੁਬਾਨੀ ਵਾਅਦੇ ਕਰਕੇ, ਸਿੱਖ ਲੀਡਰਾਂ ਨੂੰ ਭਰੋਸੇ ਵਿੱਚ ਲੈ ਕੇ, ਹਿੰਦੁਸਤਾਨ ਦੀ ਅਜ਼ਾਦੀ ਦੀ ਜਦੋਜਹਿਦ ਅੰਦਰ, ਸਿੱਖ ਕੌਮ ਨੂੰ ਮੂਹਰਲੀਆਂ ਸਫਾਂ ਵਿੱਚ ਲੜਨ ਮਰਨ ਲਈ ਝੋਂਕ ਦਿੱਤਾ। ਭਾਰਤੀ ਉਪ-ਮਹਾਂਦੀਪ ਦੀ ਵਸੋਂ ਦਾ ਤਕਰੀਬਨ 2% ਹਿੱਸਾ ਹੋਣ ਦੇ ਬਾ-ਵਜੂਦ, ਸਿੱਖ ਕੌਮ ਨੇ ਆਜ਼ਾਦੀ ਦੀ ਇਸ ਜਦੋ-ਜਹਿਦ ਵਿੱਚ 80% ਤੋਂ ਵੀ ਵੱਧ ਯੋਗਦਾਨ ਪਾ ਕੇ ਇਸ ਉਪ-ਮਹਾਂਦੀਪ ਨੂੰ ਅਗੱਸਤ 1947 ਵਿੱਚ ਆਜ਼ਾਦ ਕਰਵਾਇਆ। ਪਰ, ਅੰਗਰੇਜ਼ਾਂ ਦੇ ਭਾਰਤ ਉੱਪ-ਮਹਾਂਦੀਪ ਵਿੱਚੋਂ ਨਿਕਲਣ ਦੀ ਦੇਰ ਸੀ ਕਿ ਬਿੱਪਰਵਾਦੀ ਕਾਂਗਰਸੀ ਲੀਡਰ ਸਿੱਖ ਕੌਮ ਨਾਲ ਆਪਣੇ ਕੀਤੇ ਪਵਿੱਤਰ ਲੋਕ-ਇਕਰਾਰਾਂ ਨੂੰ ਛਿੱਕੇ ਤੇ ਟੰਗ ਕੇ, ਪੂਰੀ ਢੀਠਤਾਈ ਤੇ ਬੇਸ਼ਰਮੀ ਨਾਲ ਮੁੱਕਰ ਗਏ। ਸਿੱਖ ਕੌਮ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ `ਚੋਂ ਨਿਕਲ ਕੇ ਬਿੱਪਰਵਾਦੀਆਂ ਦੀ ਗ਼ੁਲਾਮੀ ਵਿੱਚ ਫਸ ਗਹੀ ਅਤੇ ਫਸੀ ਹੋਈ ਅੱਜ ਤੱਕ ਕੁਰਲਾ ਰਹੀ ਹੈ। ਸਦ ਅਫ਼ਸੋਸ!

ਇਨ੍ਹਾਂ ਕਾਂਗਰਸੀ ਲੀਡਰਾਂ ਨੇ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ, ਸਮੁੱਚੀ ਮਨੁੱਖਤਾ ਦੇ ਰੂ-ਬਰੂ ਹੋ ਕੇ, ਪਵਿੱਤਰ ਕਸਮਾਂ (ਸੌਹਾਂ, oaths) ਦੇ ਰੂਪ ਵਿੱਚ ਸਿੱਖ ਲੀਡਰਸ਼ਿਪ ਨਾਲ ਹੇਠ ਲਿਖੇ ਦੋ ਵਾਅਦੇ ਕੀਤੇ ਸਨ:-

1. ਆਜ਼ਾਦ ਭਾਰਤ ਦਾ ਕੋਈ ਵੀ ਐਸਾ ਸੰਵਿਧਾਨ ਬਣਾ ਕੇ ਲਾਗੂ ਨਹੀਂ ਕੀਤਾ ਜਾਵੇਗਾ ਜਿਹੜਾ ਸਿੱਖ ਕੌਮ ਤੇ ਹੋਰ ਘੱਟ-ਗਿਣਤੀਆਂ ਨੂੰ ਪਰਵਾਨ ਨਾ ਹੋਵੇ।

2. ਸਿੱਖ ਕੌਮ ਲਈ, ਭਾਰਤ ਦੇ ਉੱਤਰੀ ਹਿੱਸੇ ਵਿੱਚ, ਇੱਕ ਅਜਿਹਾ ਇਲਾਕਾ ਰਾਖਵਾਂ ਕਰ ਦਿੱਤਾ ਜਾਵੇਗਾ ਜਿੱਥੇ ਸਿੱਖ ਕੌਮ ਵੀ ਆਜ਼ਾਦੀ ਦਾ ਨਿੱਘ ਮਾਣ ਸਕੇ। ਇਨ੍ਹਾਂ ਨੇ ਸਿੱਖ ਕੌਮ ਨਾਲ ਕੀਤੇ ਪਵਿੱਤਰ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸਗੋਂ 1947 ਤੋਂ ਬਾਅਦ ਭਾਰਤ ਵਿੱਚ ਸਿੱਖ ਕੌਮ ਨਾਲ ਵਿਤਕਰੇ, ਬੇ-ਇਨਸਾਫ਼ੀਆਂ, ਧੱਕੇਸ਼ਾਹੀਆਂ ਅਤੇ ਜ਼ੁਲਮਾਂ ਦਾ ਦੌਰ ਆਰੰਭ ਹੋ ਗਿਆ। ਜੂਨ 1984 ਵਿੱਚ ਸਿੱਖ ਕੌਮ ਦੇ ਕੇਂਦਰੀ ਧਾਰਮਕ ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਜਾਬ ਵਿਚਲੇ ਤਿੰਨ ਦਰਜਨ ਤੋਂ ਵੱਧ ਹੋਰ ਇਤਿਹਾਸਕ ਗੁਰਦਵਾਰਿਆਂ `ਤੇ ਫ਼ੌਜੀ ਹਮਲੇ ਕਰ ਕੇ, 1984 ਤੋਂ 1995 ਤੱਕ, ਸਿੱਖ ਕੌਮ ਦੀ ਵੱਡੇ ਪੱਧਰ `ਤੇ ਨਸਲਕੁਸ਼ੀ ਕੀਤੀ ਗਈ ਅਤੇ ਸਿੱਖ ਬੀਬੀਆਂ ਦੇ ਸਮੂਹਕ ਬਲਾਤਕਾਰ ਕੀਤੇ ਗਏ ਅਤੇ ਸਿੱਖ ਬੀਬੀਆਂ ਦੇ ਸਮੂਹਕ ਬਲਾਤਕਾਰ ਕੀਤੇ ਗਏ। ਪਰ, ਬੇ-ਤਹਾਸ਼ਾ ਅਤੇ ਵਿਉਂਤਬੰਦ ਝੂਠਾ ਸਰਕਾਰੀ ਪ੍ਰਾਪੇਗੰਡਾ ਕਰ ਕੇ ਅਤੇ ਭਾਰਤ ਦੇ ਫ਼ਿਰਕਾਪ੍ਰਸਤ ਮੀਡੀਆ ਦੀ ਵਰਤੋਂ ਕਰ ਕੇ, ਕੌਮਾਂਤਰੀ ਪੱਧਰ `ਤੇ ਉਲਟਾ ਸਿੱਖ ਕੌਮ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੈ। 1984-1995 ਦੇ ਸਮੇਂ ਦੌਰਾਨ ਭਾਰਤ ਵਿੱਚ ਕੀਤੀ ਗਈ ਸਿੱਖ ਕੌਮ ਦੀ ਨਸਲਕੁਸ਼ੀ ਰਾਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਮਾਰੇ ਗਏ। ਪਰ, ਭਾਰਤੀ ਸਟੇਟ `ਤੇ 1947 ਤੋਂ ਹੀ ਹਾਵੀ ਹੋਈ ਆ ਰਹੀ ਮਨੂੰਵਾਦੀ ਲਾਬੀ ਇਸ ਨੂੰ ਛੁਪਾਉਣ ਵਿੱਚ ਅਤੇ ਕੌਮਾਂਤਰੀ ਪੱਧਰ `ਤੇ ਇਸ ਨੂੰ ਭਾਰਤੀ ਸਟੇਟ ਦੀ ਅੰਦਰੂਨੀ ਸਮੱਸਿਆ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਸਫ਼ਲ ਰਹੀ ਹੈ। ਇਹ ਤੱਥ ਇਸ ਮਨੂੰਵਾਦੀ ਲਾਬੀ ਦੀ ਲਾਸਾਨੀ ਮੱਕਾਰੀ ਦਾ ਮੂੰਹੋਂ-ਬੋਲਦਾ ਸਬੂਤ ਹੈ, ਕਿਉਂਕਿ, ਵੀਹਵੀਂ ਸਦੀ ਦੇ ਚਾਲ੍ਹਵਿਆਂ ਦੌਰਾਨ ਜਰਮਨੀ ਦੇ ਨਾਜ਼ੀ (ਤੇ ਹੋਰ ਸਬੰਧਤ ਜ਼ਾਲਮ ਧਿਰਾਂ) ਵੀ ਯਹੂਦੀਆਂ ਦੀ ਇਤਨੇ ਵੱਡੇ ਪੱਧਰ `ਤੇ ਨਸਲਕੁਸ਼ੀ ਕਰ ਕੇ ਉਸ ਨੂੰ ‘ਅੰਦਰੂਨੀ ਮਾਮਲਾ’ ਬਣਾ ਕੇ ਪੇਸ਼ ਕਰਨ ਵਿੱਚ ਸਫ਼ਲ ਨਹੀਂ ਸਨ ਹੋ ਸਕੇ ਅਤੇ ਦੋਸ਼ੀਆਂ ਨੂੰ ਕੌਮਾਂਤਰੀ ਪੱਧਰ ਦੇ ਨਿਉਰਮਬਰਗ ਟਰਾਇਲ ਦੌਰਾਨ ਢੁਕਵੀਆਂ ਸਜ਼ਾਵਾਂ ਮਿਲੀਆਂ ਸਨ। ਪਰ ਭਾਰਤ ਵਿੱਚ ਸਿੱਖਾਂ ਦੀ ਇਤਨੇ ਵੱਡੇ ਪੱਧਰ `ਤੇ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਨਾਂ ਤਾਂ ਹੁਣ ਤੱਕ ਮਾਰੇ ਗਏ ਸਿੱਖਾਂ ਦੀ ਸੂਚੀ ਜਾਰੀ ਹੋ ਸਕੀ ਹੈ ਅਤੇ ਨਾ ਹੀ ਕਾਤਲਾਂ ਨੂੰ ਸਜ਼ਾਵਾਂ ਹੀ ਮਿਲ ਸਕੀਆਂ ਹਨ, ਬਲਕਿ, ਕਾਤਲ ਪਿਛਲੇ ਤਕਰੀਬਨ 30 ਸਾਲਾਂ ਤੋਂ ਕੇਂਦਰੀ ਤੇ ਸੂਬਾ ਸਰਕਾਰਾਂ ਵਿੱਚ ਉੱਚੇ ਅਹੁਦਿਆਂ (ਮੰਤਰੀਆਂ ਤੱਕ) ਦਾ ਸੁਖ ਮਾਣਦੇ ਆ ਰਹੇ ਹਨ। ਇਹ ਸਿੱਖ ਕੌਮ ਦੇ ਹੀ ਨਹੀਂ, ਬਲਕਿ ਇਨਸਾਫ਼-ਪਸੰਦ ਕੌਮਾਂਤਰੀ ਭਾਈਚਾਰੇ (ਵਿਸ਼ੇਸ਼ ਕਰ ਕੇ ਯੂ. ਐਨ. ਓ.) ਦੇ ਸਾਹਮਣੇ ਮਨੁੱਖੀ ਹੱਕਾਂ ਦੀ ਰਾਖੀ ਨਾਲ ਸਬੰਧਤ ਬਹੁਤ ਵੱਡੀ ਚੁਣੌਤੀ ਹੈ। ਭੋਲੀ ਸਿੱਖ ਕੌਮ ਵੀ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਜ਼ਾਲਮ ਮਨੂੰਵਾਦੀ ਕਾਤਲਾਂ ਪਾਸੋਂ ਹੀ ਇਨਸਾਫ਼ ਮੰਗਦੀ ਆ ਰਹੀ ਹੈ ਅਤੇ ਇਨਸਾਫ਼ ਮਿਲਣ ਦੀ ਆਸ ਲਾਈ ਬੈਠੀ ਹੈ। ਅੱਜ ਲੋੜ ਹੈ ਕਿ ਸਿੱਖ ਕੌਮ ਇਸ ਭਰਮ ਚੋਂ ਨਿਕਲ ਕੇ ਕੌਮਾਂਤਰੀ ਪੱਧਰ `ਤੇ ਉਪਰਾਲੇ ਕਰੇ ਇਨਸਾਫ਼ ਹਾਸਿਲ ਕਰਨ ਲਈ।

1770 ਦੇ ਆਸ-ਪਾਸ ਤੋਂ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਟੁੱਟੀ ਆ ਰਹੀ ਸਿੱਖ ਕੌਮ, ਵੰਨ-ਸੁਵੰਨੀਆਂ ਸੰਪਰਦਾਵਾਂ, ਟਕਸਾਲਾਂ, ਡੇਰਿਆਂ, ਸਿਆਸੀ ਪਾਰਟੀਆਂ ਅਤੇ ਹੋਰ ਧੜੇਬੰਦੀਆਂ ਵਿੱਚ ਵੰਡੀ ਜਾ ਕੇ ਖੇਰੂੰ-ਖੇਰੂੰ ਹੋਈ ਪਈ ਹੈ। ਸਾਧਾਰਨ ਸਿੱਖ ਦੀ ਤਾਂ ਗੱਲ ਹੀ ਛੱਡੋ, ਕੌਮ ਦੇ ਵਿਦਵਾਨ ਤਬਕੇ ਦਾ ਵੀ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਮੁੱਢਲੇ ਗੁਰਮਤਿ ਸਿਧਾਂਤਾਂ ਦੀ ਸਪੱਸ਼ਟਤਾ ਦੀ ਸੋਝੀ ਤੋਂ ਕੋਰਾ ਹੈ। ਅਜਿਹੇ ਹਾਲਾਤਾਂ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਸਦੀਵਕਾਲੀ ਵਿਸ਼ਵ-ਪੱਧਰੀ ਹਲੇਮੀ-ਰਾਜ ਦੀ ਸਥਾਪਤੀ ਲਈ 1478 ਵਿੱਚ ਅਰੰਭ ਕੀਤੀ ਲਾਸਾਨੀ (ਗੁਰਮਤਿ) ਇਨਕਲਾਬੀ ਲਹਿਰ ਨੂੰ ਫਿਰ ਤੋਂ ਗੁਰਮਤਿ ਗਾਡੀ ਰਾਹ `ਤੇ ਲਿਆ ਕੇ ਸੰਸਾਰ `ਚ ਇਸ ਦਾ ਵਿਕਾਸ ਕਿਵੇਂ ਕੀਤਾ ਜਾਵੇ? ਕਿਹੜੀਆਂ-ਇੱਕ ਵਿਸ਼ਵ-ਵਿਆਪਕ ਚੰਗੇ ਸਮਾਜ ਪ੍ਰਬੰਧ ਦੀ ਸਿਰਜਨਾ ਵੱਲ ਵਧਣ ਲਈ ਕਿਹੜੀਆਂ ਚੁਣੌਤੀਆਂ ਨਾਲ ਨਜਿੱਠਣਾ ਪਵੇਗਾ? ਇੱਕ ਵਿਸ਼ਵ-ਵਿਆਪਕ ਚੰਗੇ ਸਮਾਜ ਪ੍ਰਬੰਧ ਦੀ ਸਿਰਜਨਾ ਵੱਲ ਵਧਣ ਲਈ ਇਸ ਬਾਰੇ ਵਿਚਾਰ ਕਰਨ ਦਾ ਯਤਨ ਅੱਗੇ ਕੀਤਾ ਜਾ ਰਿਹਾ ਹੈ।




.