.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ (ਭਾਗ ਦੂਜਾ)

‘ਜੈਸਾ ਅੰਨ ਤੈਸਾ ਮਨ’ ਸਬੰਧੀ ਕੁੱਝ ਕੁ ਵਿਚਾਰਵਾਨਾਂ ਦੇ ਕਥਨਾਂ ਸੰਬੰਧੀ ਸੰਖੇਪ ਜਿਹੀ ਚਰਚਾ ਕਰਨੀ ਅਢੁੱਕਵੀਂ ਨਹੀਂ ਹੋਵੇਗੀ। ਭੋਜਨ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਇੱਕ ਵਿਦਵਾਨ ਸੱਜਣ ਜੀ ਲਿਖਦੇ ਹਨ ਕਿ, “ਬਹਾਦਰ ਜਾਨਵਰ ਉਹੀ ਗਿਣੇ ਜਾਂਦੇ ਹਨ ਜਿਹੜੇ ਮਾਸ ਖਾਂਦੇ ਹਨ ਅਤੇ ਦੁਨੀਆਂ ਦੀਆਂ ਬਹਾਦਰ ਕੌਮਾਂ ਮਾਸ ਖਾਣ ਵਾਲੇ ਲੋਕਾਂ ਦੀਆਂ ਹੀ ਹਨ ਪਰ ਆਤਮਿਕ ਸੋਚ-ਉਡਾਰੀਆਂ, ਮਾਸ ਨਾ ਖਾਣ ਵਾਲੀਆਂ ਕੌਮਾਂ ਨੇ ਹੀ ਲਾਈਆਂ ਹਨ।”
ਵਿਦਵਾਨ ਸੱਜਣ ਜੀ ਦੇ ਇਸ ਕਥਨ ਵਿੱਚ ਸਚਾਈ ਨਹੀਂ ਹੈ। ਇਹ ਠੀਕ ਹੈ ਕਿ ਮਾਸ ਖਾਣ ਵਾਲੇ ਕਈ ਜਾਨਵਾਰ (ਖ਼ਾਸ ਤੌਰ `ਤੇ ਸ਼ੇਰ) ਬਹਾਦਰ ਹੁੰਦੇ ਹਨ, ਪਰ ਸਾਰੇ ਮਾਸਾਹਾਰੀ ਜਾਨਵਰ ਬਹਾਦਰ ਨਹੀਂ ਹਨ। ਉਦਾਹਰਣ ਵਜੋਂ ਗਿੱਦੜ ਮਾਸਾਹਾਰੀ ਜਾਨਵਰ ਹੈ ਪਰੰਤੂ ਇਹ ਬਹੁਤ ਹੀ ਡਰਪੋਕ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਜ਼ਿਆਦਾਤਰ ਲੜਾਕੂ ਕੌਮਾਂ ਮਾਸ ਖਾਣ ਵਾਲੀਆਂ ਹਨ ਪਰ ਇਸ ਦਾ ਇਹ ਭਾਵ ਨਹੀਂ ਹੈ ਕਿ ਸ਼ਾਕਾਹਾਰੀਆਂ ਵਿੱਚ ਸੂਰਬੀਰਤਾ ਦਾ ਤੱਤ ਹੁੰਦਾ ਹੀ ਨਹੀਂ। ਨਹੀਂ, ਅਜਿਹਾ ਨਹੀਂ ਹੈ। ਸ਼ਾਕਾਹਾਰੀ ਵੀ ਅਨੇਕਾਂ ਸ਼ੂਰਬੀਰ ਹੋਏ ਹਨ। ਇਸ ਲਈ ਨਾ ਤਾਂ ਮਾਸ ਖਾਣ ਵਾਲੇ ਸਾਰੇ ਸੂਰਬੀਰ ਹਨ ਅਤੇ ਨਾ ਹੀ ਦੁੱਧ ਪੀਣ ਵਾਲੇ ਸਾਰੇ ਕਾਇਰ ਹਨ। ਸੂਰਬੀਰਤਾ ਦਾ ਸੰਬੰਧ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਨਾਲ ਨਹੀਂ ਹੈ।
ਇਹ ਗੱਲ ਵੀ ਧਿਆਨ ਯੋਗ ਹੈ ਕਿ ਬਹਾਦਰੀ ਦਾ ਆਧਾਰ ਕੇਵਲ ਸਰੀਰਕ ਬਲ ਹੀ ਨਹੀਂ ਹੈ ਸਗੋਂ ਜ਼ੁਲਮ, ਅਨਿਆਂ, ਧੱਕੇਸ਼ਾਹੀ ਆਦਿ ਵਿਰੁੱਧ ਆਵਾਜ਼ ਉਠਾਉਣਾ ਹੈ। ਜੇਕਰ ਸਰੀਰਕ ਬਲ ਹੁੰਦਿਆਂ ਵੀ ਕੋਈ ਵਿਅਕਤੀ ਅਨਿਆਂ ਅਤੇ ਅਤਿਆਚਾਰ ਆਦਿ ਦੇ ਵਿਰੁੱਧ ਆਵਾਜ਼ ਨਹੀਂ ਉਠਾ ਰਿਹਾ ਤਾਂ ਉਸ ਦੀ ਗਿਣਤੀ ਬਹਾਦਰਾਂ ਵਿੱਚ ਨਹੀਂ ਸਗੋਂ ਬੁਜ਼ਦਿਲਾਂ ਵਿੱਚ ਹੋਵੇਗੀ। ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਪ੍ਰਾਣੀ ਹੀ ਸਹੀ ਅਰਥਾਂ ਵਿੱਚ ਸੂਰਮੇ ਹਨ। ਇਸ ਤਰ੍ਹਾਂ ਦੇ ਬਹਾਦਰ ਅਤੇ ਕਾਇਰ ਹਰੇਕ ਕੌਮ ਵਿੱਚ ਹੁੰਦੇ ਹਨ; ਹਾਂ, ਗਿਣਤੀ ਘੱਟ-ਵੱਧ ਹੁੰਦੀ ਹੈ।
ਜਿੱਥੋਂ ਤੀਕ ਸ਼ਾਕਾਹਾਰੀਆਂ ਵਲੋਂ ਆਤਮਿਕ ਉਡਾਰੀਆਂ ਲਾਉਣ ਦਾ ਸੰਬੰਧ ਹੈ ਇਸ ਵਿੱਚ ਵੀ ਪੂਰਨ ਸਚਾਈ ਨਹੀਂ ਹੈ। ਆਤਮਕ ਉਡਾਰੀਆਂ ਲਾਉਣ ਵਾਲੇ ਸ਼ਾਕਾਹਾਰੀ ਵੀ ਹੋਏ ਹਨ ਅਤੇ ਮਾਸਾਹਾਰੀ ਵੀ। ਇਸ ਲਈ ਨਾ ਤਾਂ ਸਾਰੇ ਸ਼ਾਕਾਹਾਰੀ ਆਤਮਕ ਉਡਾਰੀਆਂ ਲਾਉਣ ਵਾਲੇ ਹੁੰਦੇ ਹਨ ਅਤੇ ਨਾ ਹੀ ਮਾਸਾਹਾਰੀ। ਨੋਟ:- ਵੈਸੇ ਵਿਦਵਾਨ ਲੇਖਕ ਜੀ ਜਿਹੋ- ਜਿਹੀਆਂ ‘ਆਤਮਿਕ ਸੋਚ-ਉਡਾਰੀਆਂ ਵਲ ਸੰਕੇਤ ਕਰ ਰਹੇ ਹਨ, ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਹੋ-ਜਿਹੀਆਂ ‘ਆਤਮਿਕ ਸੋਚ-ਉਡਾਰੀਆਂ’ ਨੂੰ ਅਧਿਆਤਮਕਤਾ ਦਾ ਲੱਛਣ ਨਹੀਂ ਮੰਨਿਆ ਗਿਆ ਹੈ।
ਵਿਨੋਬਾ ਭਾਵੇ ਰਿਗਵੇਦ ਦੇ ਇੱਕ ਸਲੋਕ ਨੂੰ ਆਧਾਰ ਬਣਾ ਕੇ ਲਿਖਦੇ ਹਨ ਕਿ, “ਭੁੱਖ ਨੂੰ ਤਾਂ ਅਸੀਂ ਅੰਨ ਨਾਲ ਮਿਟਾ ਸਕਦੇ ਹਾਂ ਪਰੰਤੂ ‘ਦੁਰੇਵਾ ਅਮਤਿ’ ਭਾਵ ਦੁਰਭਾਗ ਵਿੱਚ ਲੈ ਜਾਣ ਵਾਲੀ ਅਬੁੱਧੀ ਅਰਥਾਤ ਗੋਸ਼ਤ ਦੀ ਤਰਫ਼ ਲੈ ਕੇ ਜਾਣ ਵਾਲੀ ਅਬੁੱਧੀ ਦਾ, ਗਾਂ ਦੇ ਦੁੱਧ ਨਾਲ ਹੀ ਅਸੀਂ ਨਿਵਾਰਨ ਕਰ ਸਕਦੇ ਹਾਂ।” ਹਰ ਤਰ੍ਹਾਂ ਦੀ ਅਬੁੱਧੀ ਮਿਟਾਉਣ ਲਈ ਅਤੇ ਉਸ ਵਿੱਚੋਂ ਜ਼ਹਿਰ ਕੱਢਣ ਲਈ ਗਾਂ ਦਾ ਦੁੱਧ ਸਾਡੇ ਕੰਮ ਆਉਂਦਾ ਹੈ। ( ‘ਵਿਨੋਬਾ ਕੇ ਵਿਚਾਰ’ ਪੁਸਤਕ `ਚੋਂ) ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਗਾਂ ਦਾ ਦੁੱਧ ਗੁਣਕਾਰੀ ਹੈ। ਗਾਂ ਦਾ ਹੀ ਨਹੀਂ ਬਲਕਿ ਹਰ ਪ੍ਰਕਾਰ ਦਾ ਦੁੱਧ ਮਨੁੱਖ ਲਈ ਲਾਭਦਾਇਕ ਹੈ। ਇਹਨਾਂ ਦਿਨਾਂ ਵਿਖੇ ਹੀ ਭਾਰਤ ਵਿੱਚ ਡੇਂਗੂ ਦੇ ਬੁਖ਼ਾਰ ਵਿੱਚ ਬਕਰੀ ਦਾ ਦੁੱਧ ਬਹੁਤ ਹੀ ਕਾਰਗਰ ਸਾਬਤ ਹੋਇਆ ਹੈ। ਇਸ ਲਈ ਕਈ ਥਾਂਈਂ ਬਕਰੀ ਦਾ ਦੁੱਧ ਅੱਠ ਸੌ ਰੁਪਏ ਤੋਂ ਵੀ ਮਹਿੰਗਾ ਵਿਕਿਆ ਹੈ। ਇਸੇ ਤਰ੍ਹਾਂ ਹੋਰ ਪਸ਼ੂਆਂ ਦਾ ਦੁੱਧ ਵੀ ਗੁਣਕਾਰੀ ਹੈ। ਪਰ ਦੁੱਧ ਪੀਣ ਨਾਲ ਕਿਸੇ ਦੀ ਮੰਦ-ਬੁੱਧੀ ਸਬੁੱਧੀ `ਚ ਬਦਲ ਜਾਵੇਗੀ, ਇਸ ਵਿੱਚ ਸਚਾਈ ਨਹੀਂ ਹੈ। ਮੰਦ ਬੁੱਧੀ ਤੋਂ ਛੁਟਕਾਰਾ ਗਾਂ ਦੇ ਦੁੱਧ ਨਾਲ ਨਹੀਂ ਸਗੋਂ ਗਿਆਨ ਨਾਲ ਹੁੰਦਾ ਹੈ।
‘ਜੈਸਾ ਅੰਨ ਤੈਸਾ ਮਨ’ ਦੀ ਪ੍ਰਚਲਤ ਧਾਰਨਾ ਦੇ ਮੁਦਈ ਇੱਕ ਵਿਦਵਾਨ ਸੱਜਣ ਦੇ ਇਸ ਕਥਨ ਵਿੱਚ ਕੋਈ ਸਚਾਈ ਨਹੀਂ ਹੈ ਕਿ, “ਭਾਰਤ ਵਿੱਚੋਂ ਅਹਿੰਸਾਵਾਦ ਦਾ ਪ੍ਰਚਾਰ ਸੰਭਵ ਹੀ ਤਾਂ ਹੋਇਆ ਜਦੋਂ ਅਸੀਂ ਆਪਣੇ ਵਿਚੋਂ ਮਨ ਨੂੰ ਭਟਕਾਉਣ ਅਤੇ ਵਿਕਾਰ ਉਪਜਾਉਣ ਅਤੇ ਉਤੇਜਿਤ ਕਰਨ ਵਾਲੀ ਸਮੱਗ੍ਰੀ ਹੀ ਖਾਰਜ ਕਰ ਦਿੱਤੀ”। ਕੋਈ ਭੋਜਨ ਮਨੁੱਖ ਨੂੰ ਭਟਕਾਉਣ ਜਾਂ ਇਸ ਦੇ ਅੰਦਰ ਵਿਕਾਰ ਉਪਜਾਉਣ ਦਾ ਕਾਰਨ ਨਹੀਂ ਬਣਦਾ। ਹਾਂ, ਇਹ ਠੀਕ ਹੈ ਕਿ ਕੁੱਝ ਚੀਜ਼ਾਂ ਦਿਮਾਗ਼ੀ ਕੰਮ ਕਰਨ ਵਾਲਿਆਂ ਨੂੰ ਖਾਣ ਤੋਂ ਜ਼ਰੂਰ ਸੰਕੋਚ ਕਰਨਾ ਚਾਹੀਦਾ ਹੈ। ਜਿਹੜੇ ਸਰੀਰਕ ਤੌਰ `ਤੇ ਮਿਹਨਤ ਕਰਦੇ ਹਨ ਉਹਨਾਂ ਨੂੰ ਭਾਰੀ ਖ਼ੁਰਾਕ ਦੀ ਲੋੜ ਹੁੰਦੀ ਹੈ। ਇਕੋ ਤਰ੍ਹਾਂ ਦੀ ਖ਼ੁਰਾਕ ਕਿਸੇ ਲਈ ਲਾਭਦਾਇਕ ਅਤੇ ਕਿਸੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਕੋਈ ਭੋਜਨ ਆਪਣੇ ਆਪ ਵਿੱਚ ਸਾਤਕੀ ਜਾਂ ਕੋਈ ਰਾਜਸੀ ਨਹੀਂ ਹੁੰਦਾ ਹੈ। ਭੋਜਨ ਸੰਬੰਧੀ ਇਹੋ-ਜਿਹੀ ਧਾਰਨਾ ਕੇਵਲ ਏਸ਼ੀਆਈ (ਖ਼ਾਸ ਤੌਰ `ਤੇ ਭਾਰਤ ਵਿੱਚ) ਦੇਸ਼ਾਂ ਵਿੱਚ ਹੀ ਪਾਈ ਜਾਂਦੀ ਹੈ, ਕਿਸੇ ਹੋਰ ਮੁਲਕ ਵਿੱਚ ਨਹੀਂ।
ਵਿਸ਼ੇਸ਼ ਵਸਤੂਆਂ ਦੇ ਖਾਣ-ਪਾਣ ਤੋਂ ਇਲਾਵਾ ਕੁੱਝ ਵਿਅਕਤੀਆਂ ਦੇ ਹੱਥੋਂ ਲੈ ਕੇ ਖਾਣ ਨਾਲ ਵੀ ਮਨੁੱਖ ਦਾ ਮਨ ਪ੍ਰਭਾਵਤ ਹੋਣ ਦੀ ਧਾਰਨਾ ਪ੍ਰਚਲਤ ਹੈ। ਕਈ ਧਰਮਾਂ ਵਿੱਚ ਕਿਸੇ ਵਿਸ਼ੇਸ਼ ਜਾਤ ਅਤੇ ਵਰਗ ਦੇ ਹੱਥੋਂ ਜਾਂ ਉਸ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਖਾਣ ਦੀ ਮਨ੍ਹਾਹੀ ਹੈ। ਅਜਿਹੇ ਸੱਜਣਾਂ ਦੀ ਇਹ ਧਾਰਨਾ ਹੈ ਕਿ ਹਰ ਮਨੁੱਖ ਦੇ ਹੱਥੋਂ ਜਾਂ ਉਹਨਾਂ ਦਾ ਅੰਨ ਖਾਣ ਨਾਲ ਮਨੁੱਖ ਦਾ ਮਨ ਹੀ ਪ੍ਰਭਾਵਿਤ ਨਹੀਂ ਹੁੰਦਾ ਸਗੋਂ ਉਸ ਨੂੰ ਕਈ ਜਨਮਾਂ ਤੀਕ ਨੀਚ ਜੂਨੀਆਂ ਵਿੱਚ ਵੀ ਭ੍ਰਮਣ ਕਰਨਾ ਪੈਂਦਾ ਹੈ। ਇਹ ਭਾਵ ਸਿਮ੍ਰਿਤੀਆਂ ਦੀਆਂ ਨਿਮਨ ਲਿਖਤਾਂ ਵਿੱਚ ਸਪਸ਼ਟ ਰੂਪ ਵਿੱਚ ਦਿੱਤੇ ਹੋਏ ਆਦੇਸ਼ਾਂ ਵਿੱਚ ਦੇਖਿਆ ਜਾ ਸਕਦਾ ਹੈ:-
(੧) ਪੰਡਤ, ਬ੍ਰਾਹਮਣ, ਸ਼ੂਦਰ ਦਾ ਪਕਵਾਨ ਭੋਜਨ ਨਾ ਕਰੇ, ਜੇ ਘਰ ਅੰਨ ਨਾ ਹੋਵੇ ਤਾਂ ਇੱਕ ਰਾਤ ਵਾਸਤੇ ਕੱਚਾ ਅੰਨ ਲੈ ਲਵੇ ਤਾਂ ਕੋਈ ਡਰ ਨਹੀਂ। (ਮਨੂੰ ਸਿਮ੍ਰਿਤੀ-ਅਧਿਆਏ ੪)
(੨) ਸ਼ੂਦ੍ਰ ਦਾ ਅੰਨ ਲਹੂ ਦੇ ਬਰਾਬਰ ਹੈ, ਅਤੇ ਜੇ ਸ਼ੂਦ੍ਰ ਦਾ ਅੰਨ ਪੇਟ ਵਿੱਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਵੇਗੀ, ਉਹ ਸ਼ੂਦ੍ਰ ਹੀ ਸਮਝੀ ਜਾਵੇਗੀ। (ਲਘੂ ਅਤ੍ਰਿ ਸੰਹਿਤਾ, ਅਧਿਆਏ ੫)
(੩) ਸ਼ੂਦ੍ਰ ਦਾ ਅੰਨ ਖਾ ਕੇ ਬ੍ਰਾਹਮਣ ਸੱਤ ਜਨਮ ਕੁੱਤਾ ਹੁੰਦਾ ਹੈ, ਨੌ ਜਨਮ ਸੂਰ ਬਣਦਾ ਹੈ ਅਤੇ ਅੱਠ ਜਨਮ ਗਿਰਝ ਹੁੰਦਾ ਹੈ।” (ਬ੍ਰਿਧ ਅਤ੍ਰਿ ਸੰਹਿਤਾ, ਅਧਿਆਏ ੫)
ਸਿਮ੍ਰਿਤੀਆਂ ਦੀਆਂ ਇਹਨਾਂ ਲਿਖਤਾਂ ਵਿੱਚ ਕਿਹੜੀ ਚੀਜ਼ ਖਾਣ ਯੋਗ ਹੈ ਅਤੇ ਕਿਹੜੀ ਨਹੀਂ ਹੈ, ਦਾ ਵਰਨਣ ਨਹੀਂ ਹੈ। ਇਹਨਾਂ ਵਿੱਚ ਬ੍ਰਾਹਮਣ ਦਾ, ਕਿਸੇ ਸ਼ੂਦ੍ਰ ਦਾ ਅੰਨ ਖਾਣ ਜਾਂ ਉਸ ਦੇ ਹੱਥੋਂ ਲੈ ਕੇ ਖਾਣ ਨਾਲ ਮਨ ਹੀ ਨਹੀਂ ਸਗੋਂ ਜਨਮ ਹੀ ਭ੍ਰਿਸ਼ਟ ਹੋ ਜਾਂਦਾ ਹੈ। (ਸਿਮ੍ਰਿਤੀਆਂ ਅਨੁਸਾਰ ਜਿਹਨਾਂ ਚੀਜ਼ਾਂ ਦੀ ਖਾਣ ਦੀ ਮਨ੍ਹਾਹੀ ਹੈ, ਉਸ ਦਾ ਪਹਿਲੇ ਭਾਗ ਵਿੱਚ ਸੰਖੇਪ ਵਿੱਚ ਜ਼ਿਕਰ ਆ ਚੁਕਾ ਹੈ) ਇਹਨਾਂ ਲਿਖਤਾਂ ਅਨੁਸਾਰ ਮਨੁੱਖੀ ਮਨ ਅੰਨ ਨਾਲ ਨਹੀਂ ਸਗੋਂ ਸ਼ੂਦ੍ਰ ਦੇ ਹੱਥੋਂ ਜਾਂ ਉਸ ਦਾ ਅੰਨ ਖਾਣ ਨਾਲ ਪ੍ਰਭਾਵਤ ਹੁੰਦਾ ਹੈ। ਸ਼ੂਦ੍ਰ ਦੇ ਹੱਥ ਦਾ ਭਾਵੇਂ ਦੁੱਧ ਹੈ ਅਤੇ ਭਾਵੇਂ ਮਾਸ ਹੈ, ਇਹ ਦੋਵੇਂ ਹੀ ਪ੍ਰਭਾਵਤ ਕਰਦੇ ਹਨ।
ਇਹੋ ਜਿਹੀ ਧਾਰਨਾ ਦਾ ਪ੍ਰਗਟਾਵਾ ਸਾਡੇ ਰਹਿਤਨਾਮਿਆਂ ਵਿੱਚ ਵੀ ਕੀਤਾ ਹੋਇਆ ਹੈ। ਜਿਵੇਂ:-
‘ਜਾਕੀ ਰਹਿਤ ਨਾ ਜਾਨੀਏ ਗੁਰਮੰਤਰ ਨਾਹੀ ਚੀਤ। ਤਾ ਕਾ ਭੋਜਨ ਖਾਇਕੇ ਬਿਸਰੇ ਹਰ ਸਿਉਂ ਪ੍ਰੀਤ।’ ਜਾਂ ‘ਮੋਨੇ ਕਰ ਅਹਾਰ ਨਹਿ ਖਾਨਾ।’
ਇਹੋ ਜਿਹੀਆਂ ਲਿਖਤਾਂ ਦੀ ਬਦੌਲਤ ਹੀ ਸਿੱਖ ਜਗਤ ਵਿੱਚ ਕਈ ਸੱਜਣ ਮੋਨੇ ਵਿਅਕਤੀ ਦੇ ਹੱਥੋਂ ਜਾਂ ਉਸ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਨਹੀਂ ਛਕਦੇ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਕਈ ਸੱਜਣ ਹਰੇਕ ਅੰਮ੍ਰਿਤਧਾਰੀ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਵੀ ਨਹੀਂ ਖਾਂਦੇ ਹਨ। ਉਹ ਕੇਵਲ ਉਸ ਅੰਮ੍ਰਿਤਧਾਰੀ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਹੀ ਛਕਦੇ ਹਨ, ਜਿਸ ਨੇ ਉਹਨਾਂ ਦੇ ਜੱਥੇ ਪਾਸੋਂ ਹੀ ਖੰਡੇ ਦੀ ਪਾਹੁਲ ਲਈ ਹੋਵੇ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਵਿੱਚੋਂ ਕਈ ਸੱਜਣ ਨਾਂ ਤਾਂ ਗੁਰਦੁਆਰੇ ਲੰਗਰ ਛਕਦੇ ਹਨ ਅਤੇ ਨਾ ਹੀ ਕੜਾਹ ਪ੍ਰਸ਼ਾਦ ਲੈਂਦੇ ਹਨ। ਇਸ ਤੋਂ ਇਲਾਵਾ ਸਿੱਖ ਪੰਥ ਨਾਲ ਸੰਬੰਧਤ ਅਜਿਹੀ ਸ਼੍ਰੇਣੀ ਵੀ ਹੈ ਜਿਹੜੀ ਕਥਿਤ ਨੀਵੀਂ ਜਾਤ ਵਾਲਿਆਂ ਨੂੰ ਲੰਗਰ ਵਿੱਚ ਲੰਗਰ ਤਿਆਰ ਕਰਨ ਦੀ ਵੀ ਇਜ਼ਾਜਤ ਨਹੀਂ ਦੇਂਦੀ।
(ਨੋਟ:-ਰਹਿਤਨਾਮਿਆਂ ਨੂੰ ਆਧਾਰ ਬਣਾ ਕੇ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ, ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਜੇਕਰ ਗੁਰਬਾਣੀ ਦੇ ਆਸ਼ੇ ਦੇ ਵਿਪਰੀਤ ਕੁੱਝ ਵੀ ਕਿਸੇ ਰਹਿਤਨਾਮੇ ਜਾਂ ਕਿਸੇ ਹੋਰ ਪੁਸਤਕ ਵਿੱਚ ਲਿਖਿਆ ਹੋਇਆ ਹੈ ਤਾਂ ਉਸ ਨੂੰ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਜਾ ਸਕਦਾ ਹੈ। ਰਹਿਤਨਾਮਿਆਂ ਜਾਂ ਗੁਰੂ ਸਾਹਿਬਾਨ ਦੇ ਸੰਬੰਧ ਵਿੱਚ ਲਿਖੀਆਂ ਕਈ ਪੁਸਤਕਾਂ ਵਿੱਚ, ਲਿਖਣ ਵਾਲਿਆਂ ਨੇ ਗੁਰੂ ਸਾਹਿਬਾਨ ਦੇ ਮੁੱਖੋਂ ਬਹੁਤ ਕੁੱਝ ਅਜਿਹਾ ਕਢਵਾਇਆ ਹੈ, ਜਿਸ ਦਾ ਗੁਰੂ ਸਾਹਿਬਾਨ ਨਾਲ ਕੋਈ ਸੰਬੰਧ ਨਹੀਂ ਹੈ। ਇਤਿਹਾਸ ਦੀਆਂ ਪੁਸਤਕਾਂ ਵਿੱਚ ਦਰਜ ਗੁਰੂ ਸਾਹਿਬ ਦੇ ਫ਼ਰਮਾਨਾਂ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਸਹਿਜੇ ਹੀ ਨਿਰਣਾ ਕੀਤਾ ਜਾ ਸਕਦਾ ਹੈ ਕਿ ਇਤਿਹਾਸ ਵਿਚਲੀ ਕਿਹੜੀ ਗੱਲ ਗੁਰ ਆਸ਼ੇ ਦੇ ਅਨੁਕੂਲ ਅਤੇ ਕਿਹੜੀ ਵਿਪਰੀਤ ਹੈ। ਗੁਰਮਤਿ ਦੀ ਜੀਵਨ-ਜੁਗਤ ਦਾ ਆਧਾਰ ਇਤਿਹਾਸ ਨਹੀਂ ਸਗੋਂ ਗੁਰਬਾਣੀ ਹੈ।)
ਸਿਮ੍ਰਿਤੀਆਂ ਅਤੇ ਰਹਿਤਨਾਮਿਆਂ ਦੀਆਂ ਲਿਖਤਾਂ ਵਿੱਚ ਇਸ ਪੱਖੋਂ ਸਮਾਨਤਾ ਹੈ। ਸਿਮ੍ਰਿਤੀਆਂ ਅਤੇ ਰਹਿਤਨਾਮਿਆਂ ਦੀਆਂ ਲਿਖਤਾਂ ਵਿੱਚ ਸਮਾਨਤਾ ਹੁੰਦਿਆਂ ਵੀ ਇੱਕ ਅੰਤਰ ਹੈ। ਉਹ ਅੰਤਰ ਇਹ ਹੈ ਕਿ ਜਿੱਥੇ ਸਿਮ੍ਰਿਤੀਆਂ ਵਿੱਚ ਸ਼ੂਦ੍ਰ ਦੇ ਹੱਥੋਂ ਕੁੱਝ ਖਾਣ-ਪੀਣ ਤੋਂ ਬ੍ਰਾਹਮਣਾਂ ਨੂੰ ਮਨ੍ਹਾਂ ਕੀਤਾ ਹੈ, ਉੱਥੇ ਰਹਿਤਨਾਮਿਆਂ ਵਿੱਚ ਜਾਤ-ਪਾਤ ਨੂੰ ਆਧਾਰ ਬਣਾਉਣ ਦੀ ਥਾਂ ਗੁਰਮੰਤ੍ਰ ਹੀਣ, ਭਾਵ, ਜਿਹਨਾਂ ਨੇ ਖੰਡੇ ਦੀ ਪਾਹੁਲ ਨਹੀਂ ਲਈ ਹੋਈ, ਉਹਨਾਂ ਦੇ ਹੱਥੋਂ ਜਾਂ ਉਹਨਾਂ ਵਲੋਂ ਤਿਆਰ ਕੀਤਾ ਹੋਇਆ ਭੋਜਨ ਖਾਣ ਦੀ ਮਨ੍ਹਾਹੀ ਹੈ।
ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਰਹਿਤਨਾਮਿਆਂ ਵਿੱਚ ਹੀ ਨਹੀਂ ਬਲਕਿ ਗੁਰਬਾਣੀ ਵਿੱਚ ਵੀ ਇਸ ਤਰ੍ਹਾਂ ਦਾ ਆਦੇਸ਼ ਦਿੱਤਾ ਹੋਇਆ ਹੈ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਦਾ ਹਵਾਲਾ ਦਿੰਦੇ ਹਨ: ‘ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ’ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਵਿੱਚ ਭਾਈ ਰਣਧੀਰ ਸਿੰਘ ਜੀ ਵੀ ਸਨ। ਪੰਥ ਦੀ ਇਹ ਸਤਿਕਾਰਤ ਸ਼ਖ਼ਸ਼ੀਅਤ ਇਸ ਸੰਬੰਧ ਵਿੱਚ ਲਿਖਦੇ ਹਨ, “ਕਈ ਬਿਬੇਕ-ਹੀਣ ਸ਼੍ਰੇਣੀ ਦੇ ਚਗਲ-ਪੰਥੀਆਂ ਦਾ ਪੱਖ ਪੂਰਨ ਵਾਲੇ ਖਰੜ ਗਿਆਨੀ ਇਹ ਹੁੱਜਤ ਭੇੜਿਆ ਕਰਦੇ ਹਨ ਕਿ ‘ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ’ ਦੀ ਪੰਗਤੀ ਤੋਂ ਭਾਵ ਬੇਦੀਨਾਂ ਦਾ ਜੂਠਾ, ਬੇਦੀਨਾ ਦੇ ਨਾਲ ਇੱਕ ਥਾਲੀ ਵਿੱਚ ਇਕੱਠੇ ਬਹਿ ਕੇ ਖਾਣ ਤੋਂ ਹੈ, ਨਾ ਕਿ ਉਹਨਾਂ ਦੇ ਹੱਥੋਂ ਲੈ ਕੇ ਖਾਣ ਤੋਂ? ਅਰਥਾਤ ਉਹ ਕਹਿੰਦੇ ਹਨ, ਮੰਨ ਲਿਆ ਕਿ ਬਹਿ ਕੇ ਇੱਕ ਥਾਲੀ ਬੇਦੀਨਾਂ ਦੇ ਨਾਲ ਇਕੱਠਾ ਖਾਣਾ ਗੁਰੂ ਖਾਲਸਾ ਲਈ ਬਿਬਰਜਤ ਹੈ, ਪ੍ਰੰਤੂ ਬੇਦੀਨਾਂ ਹੱਥੋਂ ਲੈ ਕੇ ਖਾਣਾ ਅਥਵਾ, ਬੇਦੀਨਾਂ ਦਾ ਬਣਾਇਆ ਹੋਇਆ ਖਾਣ ਵਿੱਚ ਕੋਈ ਹਰਜ ਨਹੀਂ। ਇਸ ਹੁੱਜਤ ਦਾ ਉੱਤਰ ਇਹ ਹੈ ਕਿ ਸਾਨੂੰ ਕੀ ਸਬੂਤ ਹੈ ਕਿ ਬੇਦੀਨਾਂ ਦਾ ਬਣਾਇਆ ਹੋਇਆ ਖਾਣਾ ਉਸ ਜੂਠ ਅਸੁਚ ਅਤੇ ਅਪਵਿੱਤ੍ਰਤਾ ਤੋਂ ਰਹਿਤ ਹੈ ਜਿਸਦੇ ਕਾਰਨ ਕਿ ਆਪ ਨੇ ਉਹਨਾਂ ਦੇ ਨਾਲ ਬਹਿ ਕੇ ਥਾਲੀ ਵਿੱਚ ਇੱਕਠਾ ਨਾ ਖਾਣ ਦੀ ਸੰਕੋਚ ਨੂੰ ਮੰਨਿਆ ਹੈ। ਭਾਵ, ਬੇਦੀਨਾਂ ਦੇ ਨਾਲ ਇਕੱਠਾ ਇੱਕ ਥਾਲੀ ਵਿੱਚ ਬਹਿ ਕੇ ਖਾਣਾ ਇਸ ਵਾਸਤੇ ਹੀ ਬਿਬਰਜਤ ਮੰਨਿਆ ਗਿਆ ਹੈ ਨਾ, ਕਿ ਬੇਦੀਨਾ ਦੀ ਜੂਠ ਖਾਣੀ ਪੈਂਦੀ ਹੈ ਅਤੇ ਸੁਚ ਪਵਿੱਤ੍ਰਤਾ ਦੇ ਸਵਾਲ ਨੂੰ ਮੰਨ ਕੇ ਤਾਂ ਬੇਦੀਨਾਂ ਦੇ ਹੱਥੋਂ ਯਾ ਉਹਨਾਂ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਖਾਣਾ ਖਾਣਾ ਭੀ ਬਿਬਰਜਤ ਹੈ. . ।” (ਗੁਰਮਤਿ ਬਿਬੇਕ- ਭਾਈ ਸਾਹਿਬ ਰਣਧੀਰ ਸਿੰਘ ਜੀ)
ਪਰ ਇਸ ਸਲੋਕ ਵਿੱਚ ‘ਵੇਦੀਨਾ’ ਸ਼ਬਦ `ਚੋਰਾਂ, ਜਾਰਾਂ, ਰੰਡੀਆਂ ਆਦਿ ਲਈ ਵਰਤਿਆ ਗਿਆ ਹੈ, ਨਾ ਕਿ ਖੰਡੇ ਦੀ ਪਾਹੁਲ ਨਾ ਲੈਣ ਵਾਲਿਆਂ ਲਈ। ਜਿਸ ਸਲੋਕ ਦੀ ਇਹ ਪੰਗਤੀ ਹੈ, ਉਸ ਨੂੰ ਪੜ੍ਹਿਆਂ ਇਹ ਗੱਲ ਸਪਸ਼ਟ ਰੂਪ ਉਘੜਦੀ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:-
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ ਪੰਨਾ ੭੯੦) ਅਰਥ:- ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿੱਚ ਬਹਿਣ-ਖਲੋਣ ਹੁੰਦਾ ਹੈ, ਇਹਨਾਂ ਧਰਮਾਂ ਤੋਂ ਵਾਂਜਿਆਂ ਦੀ ਆਪੋ ਵਿੱਚ ਮਿਤ੍ਰਤਾ ਤੇ ਆਪੋ ਵਿੱਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)। ਹੇ ਨਾਨਕ! “ਕੂੜ” (ਦਾ ਸੂਤਰ) ਕੱਤਣ ਲਈ “ਕੂੜ” ਦਾ ਹੀ ਤਾਣਾ ਚਾਹੀਦਾ ਹੈ, “ਕੂੜ” ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ “ਕੂੜ” -ਰੂਪ ਪੁਸ਼ਾਕ ਦੇ ਕਾਰਨ “ਕੂੜ” ਹੀ ਵਡਿਆਈ ਮਿਲਦੀ ਹੈ।
ਇਸ ਤਰ੍ਹਾਂ ਦਾ ਭਾਵ ਗੁਰਬਾਣੀ ਦੇ ਹੋਰ ਵੀ ਕਈ ਸ਼ਬਦਾਂ ਵਿੱਚ ਦਰਸਾਇਆ ਗਿਆ ਹੈ, ਜਿਵੇਂ:- ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ॥ (ਪੰਨਾ ੭੮੮) ਅਰਥ:- (ਕੀਤੀ ਤੋਂ ਲੈ ਕੇ ਹਾਥੀ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ। ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)।
ਭਾਈ ਗੁਰਦਾਸ ਜੀ ਨੇ ਇਸ ਭਾਵ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:-
ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰੰਦੇ॥ ਜੂਆਰੀ ਜੂਆਰੀਆਂ ਵੇਕਰਮੀ ਵੇਕਰਮ ਰਚੰਦੇ॥ ਚੋਰਾਂ ਚੋਰਾਂ ਪਿਰਹੜੀ ਠਗ ਠਗ ਮਿਲ ਦੇਸ ਠਗੰਦੇ॥ ਮਸਕਰਿਆਂ ਮਿਲ ਮਸਕਰੇ ਚੁਗਲਾਂ ਚੁਗਲ ਉਮਾਹ ਮਿਲੰਦੇ॥ ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ॥ ਦੁਖਿਆਰੇ ਦੁਖਿਆਰਿਆਂ ਮਿਲ ਮਿਲ ਅਪਣੇ ਦੁਖ ਰੁਵੰਦੇ॥ (ਵਾਰ ੫, ਪਉੜੀ ੪) ਅਰਥ:-ਨਸ਼ਈ ਨਸ਼ਈਆਂ ਨਾਲ ਰਚਦੇ ਹਨ, ਸੂਫੀ ਸੋਫੀਆਂ ਨਾਲ ਮੇਲ ਕਰਦੇ ਹਨ। ਜੁਆਰੀਏ ਜੁਆਰੀਆਂ ਨਾਲ ਹੋਰ ਖੋਟੇ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲਿਆਂ ਨਾਲ ਰਹਿੰਦੇ ਹਨ। ਚੋਰਾਂ ਦੀ ਚੋਰਾਂ ਨਾਲ ਪ੍ਰੀਤ ਹੈ, ਠੱਗ ਠੱਗਾਂ ਨੂੰ ਮਿਲਕੇ ਦੇਸ਼ ਠਗਦੇ ਹਨ। ਮਸਖਰਿਆਂ ਨੂੰ ਮਸਖ਼ਰੇ ਮਿਲਦੇ ਤੇ ਚੁਗਲਾਂ ਨੂੰ ਚੁਗਲ ਖ਼ੁਸ਼ੀ ਨਾਲ ਮਿਲਦੇ ਹਨ। ਅਨਤਾਰੂ ਅਨਤਾਰੂਆਂ ਨੂੰ ਤੇ ਤਾਰੂ ਤਾਰੂ ਨਾਲ ਮਿਲਕੇ ਤਰਦੇ ਤਾਰਦੇ ਹਨ। ਦੁਖੀਏ ਦੁਖੀਆਂ ਨੂੰ ਮਿਲ ਮਿਲਕੇ ਆਪੋ ਆਪਣੇ ਦੁਖ ਰੋਂਵਦੇ ਹਨ।
ਇਸ ਲਈ ‘ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ’ ਫ਼ਰਮਾਨ ਵਿੱਚ ਗੁਰਮੰਤ੍ਰ ਤੋਂ ਹੀਣੇ ਪ੍ਰਾਣੀਆਂ ਲਈ ‘ਵੇਦੀਨਾ’ ਸ਼ਬਦ ਨਹੀਂ ਆਇਆ ਹੈ। ਇੱਥੇ ਇਹ ਸ਼ਬਦ ਚੋਰ ਅਤੇ ਲੁੱਚਿਆਂ ਆਦਿ ਲਈ ਆਇਆ ਹੈ। ਜੇਕਰ ਕੋਈ ਪ੍ਰਾਣੀ ਜਾਂ ਜਥੇਬੰਦੀ ਇਸ ਤਰ੍ਹਾਂ ਦੀ ਧਾਰਨਾ ਰੱਖਦੀ ਹੈ ਤਾਂ ਇਹ ਉਹਨਾਂ ਦੀ ਨਿਜੀ ਧਾਰਨਾ ਹੀ ਸਮਝਣੀ ਚਾਹੀਦਾ ਹੈ, ਖ਼ਾਲਸਾ ਪੰਥ ਦੀ ਨਹੀਂ। ਗੁਰਮਤਿ ਵਿੱਚ ਜਿਹਨਾਂ ਦਾ ਅੰਨ-ਪਾਣੀ ਖਾਣ ਦੀ ਮਨ੍ਹਾਹੀ ਹੈ, ਉਸ ਦੀ ਅਸੀਂ ਪਹਿਲੇ ਭਾਗ ਵਿੱਚ ਚਰਚਾ ਕਰ ਆਏ ਹਾਂ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੁਰਮਤਿ ਦੀ ਜੀਵਨ-ਜੁਗਤ ਵਿੱਚ ਸੁੱਚ (ਪਵਿਤਤ੍ਰਾ) ਦਾ ਆਪਣਾ ਨਿਵੇਕਲਾ ਸਥਾਨ ਹੈ ਪਰੰਤੂ ਇਸ ਪਵਿੱਤ੍ਰਤਾ ਦਾ ਆਧਾਰ ਗੁਰਮੰਤ੍ਰ ਵਿਹੂਣੇ ਜਾਂ ਉੱਚੀ ਨੀਵੀਂ ਜਾਤ ਨਹੀਂ ਹੈ। ਇਸ ਲਈ ਇਸ ਤਰ੍ਹਾਂ ਦੀ ਧਾਰਨਾ ਗੁਰਮਤਿ ਅਨੁਸਾਰ ਨਹੀਂ ਹੈ। ਗੁਰਬਾਣੀ ਵਿੱਚ ਤਾਂ ਇਹ ਪੱਖ ਸਪਸ਼ਟ ਹੈ ਹੀ ਪਰ ਇਤਿਹਾਸ ਵਿੱਚ ਵੀ ਇਹ ਪੱਖ ਦੇਖਿਆ ਜਾ ਸਕਦਾ ਹੈ, ਜਿਵੇਂ:- ‘ਜਾਤਿ ਪਾਤਿ ਕੋ ਭੇਦ ਨ ਕੋਈ। ਚਾਰ ਵਰਨ ਅਚਵਹਿ ਇੱਕ ਹੋਈ।’ ਜਾਂ `ਚਤੁਰ ਬਰਨ ਇੱਕ ਦੇਗ਼ ਅਹਾਰਾ। ਇੱਕ ਸਮ ਸੇਵਹਿ ਧਰਿ ਉਰ ਪਯਾਰਾ।’ (ਗੁਰ ਪ੍ਰਤਾਪ ਸੂਰਜ)
ਸੋ, ਜਿਸ ਤਰ੍ਹਾਂ ਸਿਮ੍ਰਿਤੀਆਂ ਵਿੱਚ ਸ਼ੂਦ੍ਰ ਦਾ ਅੰਨ-ਜਲ ਖਾਣ ਪੀਣ ਦੀ ਮਨ੍ਹਾਹੀ ਹੈ, ਇਸੇ ਤਰ੍ਹਾਂ ਸਿੱਖ ਜਗਤ ਨਾਲ ਸੰਬੰਧਤ ਇਹੋ ਜਿਹੇ ਪ੍ਰਾਣੀਆਂ ਨੇ ਵੀ ਕੇਵਲ ਖੰਡੇ ਦੀ ਪਾਹੁਲ ਨਾ ਲੈਣ ਵਾਲਿਆਂ ਦੇ ਹੱਥੋਂ ਜਾਂ ਇਹਨਾਂ ਦੁਆਰਾ ਤਿਆਰ ਕੀਤੇ ਹੋਏ ਭੋਜਨ ਨੂੰ ਖਾਣ ਯੋਗ ਨਹੀਂ ਮੰਨਿਆ ਹੈ। ਇਸ ਲਈ ਅੰਨ-ਜਲ ਸੰਬੰਧੀ ਅਜਿਹੀ ਧਾਰਨਾ ਗੁਰਬਾਣੀ ਦੀ ਜੀਵਨ-ਜੁਗਤ ਅਨੁਸਾਰੀ ਨਹੀਂ ਹੈ। ਗੁਰਬਾਣੀ ਵਿੱਚ ਹੀ ਨਹੀਂ ਸਗੋਂ ਇਤਿਹਾਸ ਵਿੱਚੋਂ ਵੀ ਇਸ ਤਰ੍ਹਾਂ ਧਾਰਨਾ ਦਾ ਵਰਨਣ ਨਹੀਂ ਮਿਲਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਇਹ ਸ਼ਬਦ ਪੜ੍ਹਣ ਯੋਗ ਹਨ ਕਿ, “ਪੁਰਾਣੇ ਸਮੇਂ ਜੰਗ ਕਰਦੇ ਸਿੱਖਾਂ ਨੂੰ ਜੇ ਮੁਸਲਮਾਨਾਂ ਦੀਆਂ ਪਕਾਈਆਂ ਦੇਗ਼ਾਂ ਮਿਲ ਜਾਂਦੀਆਂ ਸਨ, ਤਾਂ ‘ਤਵ ਪ੍ਰਸਾਦ ਭਰਮ ਕਾ ਨਾਸ’ ਆਖ ਕੇ ਛਕਦੇ ਸਨ, ਵਿਪਦਾ ਸਮੇਂ ਸਰੀਰ ਰਖਯਾ ਕਰਨੀ ਉੱਤਮ ਸਮਝਦੇ ਸਨ।” (ਗੁਰੁਮਤ ਮਾਰਤੰਡ) (ਨੋਟ:- ‘ਵਿਪਦਾ ਸਮੇਂ ਸਰੀਰ ਰਖਯਾ ਕਰਨੀ ਉੱਤਮ ਸਮਝਦੇ ਸਨ’ ਦਾ ਇਹ ਭਾਵ ਨਹੀਂ ਕਿ ਅੱਗੇ-ਪਿੱਛੇ ਸਿੰਘ ਕਿਸੇ ਤਰ੍ਹਾਂ ਦਾ ਭਰਮ ਕਰਨਾ ਉਚਿਤ ਸਮਝਦੇ ਸਨ ਜਾਂ ਭਰਮ ਕਰਨਾ ਯੋਗ ਹੈ।)
ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੀਆਂ ਧਿਰਾਂ ਨੇ ਭੋਜਨ ਦਾ ਆਪਣਾ ਵੀ ਕੋਈ ਮਹੱਤਵ ਹੈ, ਇਸ ਗੱਲ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਦਿੱਤਾ ਹੈ। ਕੁੱਝ ਅਜਿਹੀਆਂ ਵਸਤੂ ਹਨ ਜੋ ਕਿਸੇ ਇਲਾਕੇ ਦੇ ਰਹਿਣ ਵਾਲੇ ਲਈ ਖਾਣੀਆਂ ਹਾਨੀਕਾਰਕ ਹਨ ਅਤੇ ਕੁੱਝ ਕੁ ਲਾਭਦਾਇਕ ਹਨ। ਅਜਿਹੀਆਂ ਵਸਤੂਆਂ ਨੂੰ ਇਸ ਦੀ ਭਿਣਕ ਤੀਕ ਵੀ ਨਹੀਂ ਹੁੰਦੀ ਕਿ ਉਹਨਾਂ ਨੂੰ ਖਾਣ ਵਾਲਾ ਸ਼ੂਦ੍ਰ ਹੈ ਜਾਂ ਬ੍ਰਾਹਮਣ ਹੈ, ਗੁਰਮੰਤ੍ਰ ਹੀਣਾ ਹੈ ਜਾਂ ਗੁਰਮੰਤ੍ਰ ਲੈਣ ਵਾਲਾ ਹੈ। ਇਸ ਤਰ੍ਹਾਂ ਦੇ ਭੋਜਨ ਨੇ ਤਾਂ ਆਪਣਾ ਅਸਰ ਦਿਖਾਉਣਾ ਹੈ। ਕਰਤੇ ਦੀ ਕੁਦਰਤ ਦੇ ਇਸ ਅਟੱਲ ਨਿਯਮ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ:-
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੈ ਹਥਿ ਮਰੀਐ ਚਖੀਐ॥ (ਪੰਨਾ ੧੪੨) ਅਰਥ:- (ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿੱਚ ਕੁੱਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)। (ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ—ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿੱਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿੱਚ ਜਾਤਿ ਦਾ ਲਿਹਾਜ਼ ਨਹੀਂ ਹੋਇਆ)।
ਇਕ ਸੁਘੜ-ਸਿਆਣੇ ਦਾ ਭੋਜਨ ਸੰਬੰਧੀ ਕਥਨ ਹੈ ਕਿ, “ਮੈਨੂੰ ਦੱਸੋ ਤੁਸੀਂ ਕੀ ਖਾਂਦੇ ਹੋ, ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕੀ ਹੋ ਅਤੇ ਕੀ ਸੋਚਦੇ ਹੋ”। ਪਰੰਤੂ ਇਸ ਕਥਨ ਵਿੱਚ ਸਚਾਈ ਨਹੀਂ ਹੈ, ਕਿਉਂਕਿ ਭੋਜਨ ਤੋਂ ਹੀ ਕਿਸੇ ਦੀ ਸ਼ਖ਼ਸੀਅਤ ਨੂੰ ਨਹੀਂ ਜਾਣਿਆ ਜਾ ਸਕਦਾ ਹੈ। ਕਿਸੇ ਦੇ ਭੋਜਨ ਨੂੰ ਦੇਖ ਕੇ (ਕਿਸੇ ਹੱਦ ਤੀਕ) ਇਹ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਕਿ ਵਿਅਕਤੀ ਗ਼ਰੀਬ ਹੈ ਜਾਂ ਅਮੀਰ ਹੈ। (ਜਿਵੇਂ ਭੋਜਨ ਦੇ ਸੰਬੰਧ ਵਿੱਚ ਇਹ ਅਖਾਣ ਪ੍ਰਸਿੱਧ ਹੈ ਕਿ, ‘ਜਿਨ੍ਹਾਂ ਦੇ ਘਰ ਦਾ ਭੋਜਨ ਇਹ ਹੈ, ਮੁੰਡਾ ਤਕਣ ਦੀ ਲੋੜ ਕਿਹ ਹੈ’।) ਭੋਜਨ ਤੋਂ ਇਹ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਕਿ ਵਿਅਕਤੀ ਬੀਮਾਰ ਹੈ ਜਾਂ ਤੰਦਰੁਸਤ। ਕੁੱਝ ਹੱਦ ਤੀਕ ਇਸ ਗੱਲ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਕੋਈ ਪ੍ਰਾਣੀ ਬੀਮਾਰ ਹੈ ਤਾਂ ਕਿਹੜੀ ਬੀਮਾਰੀ ਦਾ ਸ਼ਿਕਾਰ ਹੈ। ਜੇਕਰ ਕੋਈ ਸ਼ਕਰ ਰੋਗ ਦਾ ਸ਼ਿਕਾਰ ਹੈ ਤਾਂ ਉਹ ਮਿੱਠੀਆਂ ਚੀਜ਼ਾਂ ਖਾਣ ਤੋਂ ਪ੍ਰੇਹਜ਼ ਕਰੇਗਾ; ਦਿਲ ਦੀ ਬੀਮਾਰੀ ਵਾਲਾ ਮਨੁੱਖ ਤਲੀਆਂ ਹੋਈਆਂ ਵਸਤੂਆਂ ਖਾਣ ਤੋਂ ਪ੍ਰੇਹਜ਼ ਕਰੇਗਾ। ਭੋਜਨ ਤੋਂ ਇਹ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਕਿ ਕੋਈ ਕਿਸ ਇਲਾਕੇ ਦੇ ਰਹਿਣ ਵਾਲਾ ਹੈ, ਚੂੰਕਿ ਹਰ ਇਲਾਕੇ ਦਾ ਮਨ ਭਾਉਂਦਾ ਖਾਣਾ ਹੈ; ਜਿਵੇਂ ਪੰਜਾਬੀਆਂ ਦਾ ਮਨ ਭਾਉਂਦਾ ਖਾਣਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹੈ, ਡੇਹਰਾਦੂਨ ਦੇ ਆਸ-ਪਾਸ ਦੇ ਵਸਨੀਕਾਂ ਦਾ ਰਾਜ ਮਾਂਹ ਅਤੇ ਫੁਲਕਾ, ਜੰਮੂ ਦੇ ਵਸਨੀਕਾਂ ਦਾ ਚਾਵਲ ਅਤੇ ਰਾਜ ਮਾਂਹ ਅਤੇ ਬੰਗਾਲ ਨਿਵਾਸੀਆਂ ਦਾ ਮੱਛੀ ਅਤੇ ਚਾਵਲ ਹਨ। ਭੋਜਨ ਤੋਂ ਇਸ ਗੱਲ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਮਨੁੱਖ ਕਿਸ ਧਰਮ ਜਾਂ ਇਲਾਕੇ ਦਾ ਰਹਿਣ ਵਾਲਾ ਹੈ। ਕੁੱਝ ਧਰਮਾਂ ਵਿੱਚ ਕੁੱਝ ਚੀਜ਼ਾਂ ਖਾਣ ਦੀ ਸਖ਼ਤ ਮਨ੍ਹਾਹੀ ਹੈ। ਇਸ ਲਈ ਜੇਕਰ ਕੋਈ ਸੂਰ ਦਾ ਮਾਸ ਖਾ ਰਿਹਾ ਹੈ ਤਾਂ ਉਸ ਬਾਰੇ ਇਹ ਸਪਸ਼ਟ ਹੈ ਕਿ ਉਹ ਮੁਸਲਮਾਨ ਨਹੀਂ ਹੋਵੇਗਾ, ਜੇਕਰ ਕੋਈ ਗਾਂ ਦਾ ਮਾਸ ਖਾ ਰਿਹਾ ਹੈ ਤਾਂ ਉਹ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਨਹੀਂ ਹੋਵੇਗਾ। ਪਰ ਭੋਜਨ ਤੋਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਉਹ ਕਿਹੋ ਜਿਹੇ ਆਚਰਣ ਦਾ ਮਾਲਕ ਹੈ ਜਾਂ ਕੋਈ ਕੀ ਸੋਚਦਾ ਹੈ।
ਇਸ ਲਈ ਵਿਦਵਾਨ ਸੱਜਣ ਜੀ ਦਾ ਇਹ ਕਥਨ ( “ਮੈਨੂੰ ਦੱਸੋ ਤੁਸੀਂ ਕੀ ਖਾਂਦੇ ਹੋ, ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕੀ ਹੋ ਅਤੇ ਕੀ ਸੋਚਦੇ ਹੋ” ) ਸਚਾਈ ਤੋਂ ਕੋਹਾਂ ਦੂਰ ਹੈ। (ਚੱਲਦਾ)




.