ਭੂਤ-ਪ੍ਰੇਤ ਦਾ ਭਰਮ ਅਤੇ ਗੁਰਮਤਿ
-ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ) -
Tel.: 403-681-8689 www.sikhvirsa.com
ਮਾਨਸਿਕ ਤੌਰ ਤੇ ਕਮਜ਼ੋਰ ਅਤੇ ਅਗਿਆਨਤਾ ਕਾਰਨ ਜਿੱਥੇ ਸਾਰੀ ਦੁਨੀਆਂ ਵਿੱਚ
ਭੂਤਾਂ-ਪ੍ਰੇਤਾਂ ਦਾ ਵਹਿਮ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚੱਲਤ ਹੈ, ਉਥੇ ਬ੍ਰਾਹਮਣੀ ਵਿਚਾਰਧਾਰਾ
ਵਲੋਂ ਭਾਰਤੀ ਜਨਤਾ ਉਤੇ ਹੋਰ ਕਈ ਕਿਸਮ ਦੇ ਵਹਿਮਾਂ-ਭਰਮਾਂ ਵਾਂਗ ਭੂਤਾਂ-ਪ੍ਰੇਤਾਂ, ਚੜੇਲਾਂ,
ਜਿੰਨਾਂ ਆਦਿ ਬਾਰੇ ਵੱਖਰੀ ਕਿਸਮ ਦਾ ਹੀ ਵਹਿਮ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਭੂਤਾਂ-ਪ੍ਰੇਤਾਂ
ਨੂੰ ਵੱਸ ਕਰਨ ਜਾਂ ਕਿਸੇ ਸਰੀਰ ਵਿੱਚ ਵੜ ਜਾਂਦੀਆਂ ਭੂਤਾਂ-ਪ੍ਰੇਤਾਂ ਦੀਆਂ ਰੂਹਾਂ ਨੂੰ ਕੱਢਣ ਲਈ
ਫਿਰਦੇ ਕਈ ਸਾਧ-ਸੰਤ ਮਨੁੱਖਤਾ ਨੂੰ ਠੱਗ ਰਹੇ ਹਨ। ਸਦੀਵੀ ਤੌਰ ਤੇ ਮਨੁੱਖ ਨੂੰ ਅਜਿਹੇ
ਵਹਿਮਾਂ-ਭਰਮਾਂ ਤੋਂ ਮੁਕਤ ਕਰਾ ਕੇ ਸੱਚੇ ਸੰਤ-ਸੂਰਮੇ ਬਣਾਉਣ ਲਈ ਗੁਰੂ ਸਾਹਿਬਾਨ ਨੇ ਆਪਣੇ ਗਿਆਨ
ਸਮੇਤ ਹੋਰ ਅਨੇਕਾਂ ਧਰਮੀ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਨੁੱਖ ਨੂੰ
ਇਸਦੇ ਲੜ ਲਗਾ ਦਿੱਤਾ ਤਾਂ ਕਿ ਮਨੁੱਖਤਾ ਹਮੇਸ਼ਾਂ ਇਸ ਤੋਂ ਸੇਧ ਲੈਂਦੀ ਰਹੇ, ਪਰ ਬਦਕਿਸਮਤੀ ਨਾਲ
ਸਿੱਖ ਸਮਾਜ ਦੇ ਵੱਡੇ ਹਿੱਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ-ਵਿਚਾਰਨਾ ਤੇ ਉਸ ਤੇ ਅਮਲ
ਕਰਨਾ ਛੱਡ ਦਿੱਤਾ ਹੈ, ਜਿਸਦਾ ਨਤੀਜਾ ਇਹ ਹੈ ਕਿ ਅਸੀਂ ਅੱਜ ਫਿਰ ਉਨ੍ਹਾਂ ਹੀ ਵਹਿਮਾਂ-ਭਰਮਾਂ ਦਾ
ਸ਼ਿਕਾਰ ਹਾਂ, ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ। ਅੱਜ ਸਿੱਖ ਧਰਮ ਵਿੱਚ ਪੁਜਾਰੀਵਾਦ ਦਾ
ਪੂਰਾ ਬੋਲ-ਬਾਲਾ ਹੋ ਚੁੱਕਾ ਹੈ, ਹਰ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ ਨੂੰ
ਪੜ੍ਹਨ ਵਿਚਾਰਨ ਤੇ ਜੀਵਨ ਮਾਰਗ ਬਣਾਉਣ ਦੀ ਥਾਂ ਪੂਜਾ, ਪਾਠ ਤੇ ਮੰਤਰ ਜਾਪਾਂ ਦਾ ਕਰਮਕਾਂਡ ਚੱਲ
ਰਿਹਾ ਹੈ। ਸਿੱਖ ਸਮਾਜ ਵੀ ਪੁਰੀ ਤਰ੍ਹਾਂ ਕਰਮਕਾਂਡੀ ਬਣ ਚੁੱਕਾ ਹੈ। ਪਰ ਗੁਰੂ ਗ੍ਰੰਥ ਸਾਹਿਬ
ਸਾਨੂੰ ਸੱਚਾ ਮਾਰਗ ਦਿਖਾਉਣ ਲਈ ਆਵਾਜਾਂ ਮਾਰ ਰਿਹਾ ਹੈ। ਆਓ ਹੁਣ ਭੂਤਾਂ-ਪ੍ਰੇਤਾਂ ਸਬੰਧੀ ਗੁਰਮਤਿ
ਨਜ਼ਰੀਏ ਨੂੰ ਵਿਚਾਰੀਏ।
ਗੁਰਬਾਣੀ ਅਨੁਸਾਰ ਭੂਤ-ਪ੍ਰੇਤ-ਬੇਤਾਲੇ ਕੌਣ?
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ
ਭੂਤ ਬਸਹਿ ਤਿਨ ਮਾਹਿ॥ 192॥ (ਪੰਨਾ 1374)
ਅਰਥ: ਭਗਤ ਕਬੀਰ ਜੀ ਇਸ ਸਲੋਕ ਰਾਹੀਂ ਦੱਸਦੇ ਹਨ ਕਿ ਜਿਨ੍ਹਾਂ ਘਰਾਂ
ਵਿੱਚ ਮਨੁੱਖਤਾ ਦੀ ਸੇਵਾ ਲਈ ਕੋਈ ਉਤਸ਼ਾਹ ਨਹੀਂ ਤੇ ਪ੍ਰਭੂ ਦੇ ਨਾਮ ਰੂਪੀ ਹੁਕਮ ਨੂੰ ਸਮਝਿਆ ਨਹੀਂ
ਜਾਂਦਾ, ਉਹ ਘਰ ਸ਼ਮਸ਼ਾਨ ਘਾਟ ਵਰਗੇ ਹਨ ਤੇ ਉਥੇ ਵਸਣ ਵਾਲੇ ਲੋਕ ਭੂਤ ਹਨ।
ਕਲਿ ਮਹਿ ਪ੍ਰੇਤ ਜਿਨਿ ਰਾਮੁ ਨ ਪਛਾਤਾ, ਸਤਿਜੁਗਿ ਪਰਮ ਹੰਸ ਬੀਚਾਰੀ॥
(ਪੰਨਾ 1131)
ਅਰਥ: ਕਲਯੁਗ (ਉਹ ਸਮਾਂ ਜਦੋਂ ਮਨੁੱਖ ਪ੍ਰਮਾਤਮਾ ਤੋਂ ਟੁੱਟ ਕੇ
ਵਿਕਾਰਾਂ ਵਿੱਚ ਫਸਿਆ, ਆਪਣਾ ਜੀਵਨ ਅਜਾਈਂ ਗੁਆਉਂਦਾ ਹੈ) ਵਿੱਚ ਪ੍ਰੇਤ ਸਿਰਫ ਉਹੀ ਹਨ, ਜਿਨ੍ਹਾਂ
ਨੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਦਾ ਨਹੀਂ ਪਛਾਣਿਆ। ਸਤਿਯੁਗ (ਉਹ ਸਮਾਂ ਜਦੋਂ ਮਨੁੱਖ ਪ੍ਰਭੂ
ਦੇ ਹੁਕਮ ਨੂੰ ਜਾਣ ਲੈਂਦਾ ਹੈ ਤੇ ਵਿਕਾਰਾਂ ਤੋਂ ਤੌਬਾ ਕਰ ਲੈਂਦਾ ਹੈ) ਵਿੱਚ ਸਭ ਤੋਂ ਉੱਚੇ ਜੀਵਨ
ਵਾਲੇ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ। (ਕਿਸੇ ਖਾਸ ਸਮੇਂ ਵਿੱਚ ਪੈਦਾ ਹੋਣ
ਕਰਕੇ ਲੋਕ ਪਰਮਹੰਸ ਨਹੀਂ ਬਣ ਸਕਦੇ)।
ਕਲੀ ਅੰਦਰਿ ਨਾਨਕਾ ਜਿੰਨਾ ਦਾ ਅਉਤਾਰੁ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ
ਜਿੰਨਾ ਦਾ ਸਿਕਦਾਰੁ॥ (ਪੰਨਾ 556)
ਅਰਥ: ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਕਲਯੁਗ (ਪ੍ਰਭੂ ਨਾਮ ਤੋਂ ਖੁੰਝ
ਕੇ ਵਿਕਾਰਾਂ ਵਿੱਚ ਫਸੇ ਸਦਾ ਵਿਕਾਰੀ ਜੀਵਨ) ਵਿੱਚ ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ
ਹਨ। ਉਨ੍ਹਾਂ ਦੇ ਪੁੱਤ ਭੂਤ, ਧੀਆਂ ਭੂਤਨੀਆਂ ਅਤੇ ਉਨ੍ਹਾਂ ਦੀ ਮਾਂ ਭੂਤਨਿਆਂ ਦੀ ਸਰਦਾਰ ਹੈ।
ਸਲੋਕ॥ ਕੁਟੰਬ ਜਤਨ ਕਰਣੰ ਆਇਆ ਅਨੇਕ ਉਦਮਹ॥ ਹਰਿ ਭਗਤਿ ਭਾਵ ਹੀਣੰ ਨਾਨਕ
ਪ੍ਰਭ ਬਿਸਰਤ ਤੇ ਪ੍ਰੇਤਤਹ॥ (ਪੰਨਾ 106)
ਅਰਥ: ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ
ਖਾਤਿਰ ਕਈ ਤਰ੍ਹਾਂ ਦੇ ਆਹਰ ਕਰਦੇ ਹਨ, ਪਰ ਪ੍ਰਭੂ ਹੁਕਮ ਨੂੰ ਨਹੀਂ ਪਛਾਣਦੇ ਤੇ ਅਗਿਆਨਤਾ ਵਿੱਚ
ਭਟਕਦੇ ਮਾਨੋ ਜਿੰਨ-ਭੂਤ (ਪ੍ਰੇਤ) ਹੀ ਹਨ।
ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥ ਨਰਕਿ ਪਚਹਿ ਅਗਿਆਨ ਅੰਧੇਰੇ॥ ਧਰਮਰਾਇ ਕੀ
ਬਾਕੀ ਲੀਜੇ ਜਿਨਿ ਹਰਿ ਕਾ ਨਾਮੁ ਵਿਸਾਰਾ ਹੈ॥ (ਪੰਨਾ 1029)
ਅਰਥ: ਜਿਹੜੇ ਮਨੁੱਖ ਪ੍ਰਭੂ ਦਾ ਹੁਕਮ ਨਹੀਂ ਪਛਾਣਦੇ, ਉਹ ਮਾਨੋ
ਪ੍ਰੇਤ-ਜੂਨ ਹਨ। ਉਨ੍ਹਾਂ ਦੇ ਇਹ ਮਨੁੱਖਾ ਸਰੀਰ ਵੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹਨ। (ਕਾਮ,
ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫਰਤ ਆਦਿ ਪੰਜ ਭੂਤ-ਪ੍ਰੇਤ ਦੇ ਵਾਸੇ ਵਾਲੇ) ਇਨ੍ਹਾਂ ਪ੍ਰੇਤ
ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨ। ਅਗਿਆਨਤਾ ਦੇ ਹਨ੍ਹੇਰੇ ਵਿੱਚ ਪੈ ਕੇ ਉਹ (ਆਤਮਿਕ
ਮੌਤ ਦੇ) ਨਰਕ ਵਿੱਚ ਖੁਆਰ ਹੁੰਦੇ ਹਨ। ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਉਹ
ਮਨੁੱਖ ਮਾਨੋ ਧਰਮਰਾਜ ਦਾ ਕਰਜਾਈ ਹੋ ਜਾਂਦਾ ਹੈ। ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ
ਹੀ ਜਾਂਦੀ ਹੈ। (ਭਾਵ, ਵਿਕਾਰਾਂ ਦੇ ਕਾਰਨ ਉਸਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ)।
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਜਿ
ਗਾਲੇ॥ ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ॥ (ਪੰਨਾ 305)
ਅਰਥ: ਜਿਨ੍ਹਾਂ ਮਨੁੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ
ਚੰਗੀ ਨਹੀਂ ਲਗਦੀ, ਉਨ੍ਹਾਂ ਦੇ ਮੂੰਹ ਭ੍ਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵਲੋਂ ਫਿਟਕਾਰੇ ਹੋਏ
ਫਿਰਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ, ਉਨ੍ਹਾਂ ਭੂਤਨਿਆਂ ਨੂੰ ਕਦ ਤਾਈਂ
ਧੀਰਜ ਦਿੱਤੀ ਜਾ ਸਕਦੀ ਹੈ।
ਇਸ ਤਰ੍ਹਾਂ ਇਨ੍ਹਾਂ ਗੁਰਬਾਣੀ ਫੁਰਮਾਨਾਂ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੋ
ਜਾਂਦੀ ਹੈ ਕਿ ਪ੍ਰੇਤ ਜੂਨ ਦਾ ਜ਼ਿਕਰ ਜੋ ਗੁਰਬਾਣੀ ਵਿੱਚ ਆਇਆ ਹੈ, ਇਹ ਉਸੇ ਪ੍ਰੇਤ ਜੂਨ ਵੱਲ ਇਸ਼ਾਰਾ
ਹੈ, ਜੋ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਫਸ ਕੇ ਜੀਉਂਦਾ ਹੈ ਅਰਥਾਤ ਪ੍ਰਮਾਤਮਾ ਤੋਂ
ਟੁੱਟ ਕੇ (ਭਾਵ ਜਿਸਨੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਨਹੀਂ ਪਛਾਣਿਆ) ਵਿਕਾਰੀ ਬਣਿਆ ਮਨੁੱਖ ਹੀ
ਅਸਲੀ ‘ਭੂਤ’ ਹੈ ਅਤੇ ਗੁਰਮਤਿ ਨੇ ਉਨ੍ਹਾਂ ਨੂੰ ਹੀ ‘ਪ੍ਰੇਤ’ ਵੀ ਕਿਹਾ ਹੈ। ਜਿਸ ਮਨੁੱਖ ਦੇ ਅੰਦਰ
ਪ੍ਰਭੂ ਦੇ ਹੁਕਮ ਨੂੰ ਸਮਝਣ ਦੀ ਚਾਹਤ ਨਹੀਂ, ਮਨੁੱਖਤਾ ਦੀ ਸੇਵਾ ਦਾ ਚਾਅ ਨਹੀਂ, ਇਨਸਾਨੀਅਤ ਦੇ
ਉੱਚੇ–ਸੁੱਚੇ ਗੁਣਾਂ ਦੀ ਅਣਹੋਂਦ ਹੈ, ਸਤਿਗੁਰ ਦੀਆਂ ਨਜ਼ਰਾਂ ਵਿੱਚ ਉਹੀ ਬੇਤਾਲਾ ਹੈ। ਜਿਸ ਨੂੰ
ਸਾਰੀ ਸ੍ਰਿਸ਼ਟੀ ਦੇ ਜ਼ਰੇ-ਜ਼ਰੇ ਵਿੱਚ ਪ੍ਰਭੂ ਦੀ ਹੋਂਦ ਅਨੁਭਵ ਨਹੀਂ ਹੁੰਦੀ, ਨਾਮ ਵਿਸਾਰ ਕੇ ਦੂਜੇ
ਭਾਉ (ਵਿਕਾਰਾਂ ਵਾਲੇ ਪਾਸੇ) ਲੱਗਾ ਹੋਇਆ ਹੈ, ਉਹੀ ਭੂਤ, ਪ੍ਰੇਤ, ਬੇਤਾਲਾ, ਜਿੰਨ ਆਦਿ ਹੈ। ਪ੍ਰਭੂ
ਨੂੰ ਵਿਸਾਰੀ ਫਿਰਦੇ ਮਨੁੱਖ ਨੂੰ ਇਹ ਸਮਝ ਨਹੀਂ ਆਉਂਦੀ ਕਿ ਮਨੁੱਖਾ ਸਰੀਰ ਪ੍ਰਭੂ ਦਾ ਘਰ ਹੈ ਅਤੇ
ਅੰਦਰ ਵਸਦੇ ਪ੍ਰਭੂ ਨਾਲ ਸਾਂਝ ਬਣਾ ਕੇ ਜਨਮ-ਮਰਨ ਸੁਆਰ ਲੈਣ ਵਾਸਤੇ ਹੀ ਮਨੁੱਖਾ ਦੇਹੀ ਮਿਲੀ ਹੈ।
ਗੁਰੂ ਜੀ ਨੇ ਇੱਕ ਜਗ੍ਹਾ ਮਾਇਆ ਦੇ ਮੋਹ ਨੂੰ ਅਤੇ ਕਾਮ, ਕ੍ਰੋਧ, ਹੰਕਾਰ
ਨੂੰ ਪ੍ਰੇਤ ਕਿਹਾ ਹੈ ਅਤੇ ਇਨ੍ਹਾਂ ਨੂੰ ਜਮਰਾਜ ਦੀ ਪਰਜਾ ਵੀ ਕਿਹਾ ਹੈ। ਭਾਵ, ਇਹ ਵਿਕਾਰ ਹੀ
ਮਨੁੱਖ ਨੂੰ ਜਮਰਾਜ (ਮੌਤ) ਦੇ ਦਰਸ਼ਨ ਛੇਤੀ ਕਰਾਉਂਦੇ ਹਨ, ਮਨੁੱਖ ਦੀ ਸਿਹਤ ਵਿਕਾਰ ਹੀ ਛੇਤੀ ਨਸ਼ਟ
ਕਰਦੇ ਹਨ।
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰ॥ ਏਹ ਜਮ ਕੀ ਸਿਰਕਾਰ ਹੈ ਏਨਾ
ਉਪਰਿ ਕਾ ਡੰਡੁ ਕਰਾਰਾ॥ (ਪੰਨਾ 513)
ਇਸੇ ਤਰ੍ਹਾਂ ਗੁਰੂ ਜੀ ਨੇ ਇੱਕ ਜਗ੍ਹਾ ਮੁਰਦਾ ਦੇਹੀ (ਜਿਸ ਵਿੱਚੋਂ ਪ੍ਰਭੂ
ਦੀ ਜੋਤ ਨਿਕਲ ਚੁੱਕੀ ਹੋਵੇ) ਨੂੰ ਭੂਤ ਕਿਹਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਮਨੁੱਖ ਆਪਣੇ
ਦੋਸਤਾਂ, ਮਿੱਤਰਾਂ, ਸਬੰਧੀਆਂ ਆਦਿ ਨੂੰ ਆਪਣੇ ਸਮਝ ਕੇ ਉਨ੍ਹਾਂ ਨਾਲ ਬੜਾ ਸਨੇਹ ਕਰਦਾ ਹੈ, ਪਰ
ਜਦੋਂ ਉਸਦੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਉਹੀ ਲੋਕ ਉਸ ਨੂੰ ਪ੍ਰੇਤ ਕਹਿ ਕੇ ਝਟਪਟ
ਘਰੋਂ ਕੱਢ ਦਿੰਦੇ ਹਨ:
ਜਿਸੁ ਬਿਸਰਤ ਤਨੁ ਕੁਸਮ ਹੋਇਆ ਕਹੇਤ ਸਭਿ ਪ੍ਰੇਤੁ॥ ਖਿਨੁ ਗ੍ਰਿਹ ਮਹਿ ਬਸਨ
ਨ ਦੇਵਹੀ ਜਿਨ ਸਿਉ ਸੋਈ ਹੇਤੁ॥ (ਪੰਨਾ 706)
ਇਥੇ ਤੱਕ ਦੀ ਵਿਚਾਰ-ਚਰਚਾ ਤੋਂ ਕੋਈ ਗੁੰਜਾਇੰਸ਼ ਨਹੀਂ ਰਹਿੰਦੀ ਕਿ ਗੁਰੂ
ਸਾਹਿਬ ਭੂਤ, ਪ੍ਰੇਤ, ਬੇਤਾਲੇ ਆਦਿ ਉਨ੍ਹਾਂ ਮਨੁੱਖਾਂ ਨੂੰ ਹੀ ਕਹਿੰਦੇ ਹਨ, ਜਿਨ੍ਹਾਂ ਨੇ ਪ੍ਰਭੂ
ਦੇ ਹੁਕਮ ਨੂੰ ਵਿਸਾਰ ਦਿੱਤਾ ਹੈ, ਪ੍ਰਭੂ ਨੂੰ ਆਪਣੇ ਹਿਰਦੇ ਅੰਦਰ, ਸਾਰੀ ਸ੍ਰਿਸ਼ਟੀ ਵਿੱਚ ਅਨੁਭਵ
ਨਹੀਂ ਕੀਤਾ ਅਤੇ ਵਿਕਾਰਾਂ ਵਿੱਚ ਫਸ ਕੇ ਜਨਮ ਅਜਾਈਂ ਗੁਆ ਰਹੇ ਹਨ। ਇਸ ਲਈ ਹੋਰ ਜਗ੍ਹਾ ਜਿੱਥੇ ਵੀ
ਭੂਤ, ਪ੍ਰੇਤ ਆਦਿ ਦਾ ਜ਼ਿਕਰ ਆਇਆ ਹੈ, ਉਹ ਅਜਿਹੇ ਭੂਤਾਂ (ਮਨੁੱਖਾਂ) ਬਾਰੇ ਹੀ ਹੈ। ਗੁਰੂ ਦੇ ਇਸ
ਆਸ਼ੇ ਨੂੰ ਸਮਝੇ ਬਿਨਾਂ ਜਿੱਥੇ ਬਹੁਤ ਸਾਰੇ ਲੋਕ ਅਣਜਾਣੇ ਵਿੱਚ ਗੁਰਬਾਣੀ ਵਿੱਚ ਹੋਰ ਜਗ੍ਹਾ ਆਏ
ਭੂਤ-ਪ੍ਰੇਤ ਸ਼ਬਦਾਂ ਸਬੰਧੀ ਟਪਲਾ ਖਾ ਰਹੇ ਹਨ, ਉਥੇ ਵਿਹਲੜ ਰਹਿ ਕੇ ਮਨੁੱਖਤਾ ਨੂੰ ਠੱਗਣ ਲਈ ਸਾਧ
ਬਾਣੇ ਵਿੱਚ ਵਿਚਰ ਰਹੇ ਬਨਾਰਸ ਦੇ ਠੱਗ ਆਪਣੀ ਲੁੱਟ ਜਾਰੀ ਰੱਖਣ ਲਈ ਭੂਤ-ਪ੍ਰੇਤ ਦੇ ਅਰਥ ਅਜਿਹੀਆਂ
ਰੂਹਾਂ ਦੇ ਕਰਦੇ ਹਨ, ਜੋ ਸ੍ਰਿਸ਼ਟੀ ਵਿੱਚ ਘੁੰਮਦੀਆਂ ਫਿਰਦੀਆਂ ਹਨ ਤੇ ਕਈਆਂ ਸਰੀਰਾਂ ਵਿੱਚ ਪ੍ਰਵੇਸ਼
ਕਰ ਜਾਂਦੀਆਂ ਹਨ। ਫਿਰ ਇਹ ਠੱਗ ਮਾਨਸਿਕ ਤੌਰ ਤੇ ਕਮਜ਼ੋਰ ਲੋਕਾਂ ਵਿੱਚੋਂ ਭੂਤ ਕੱਢਣ ਦੇ ਨਾਮ ਤੇ
ਲੁੱਟ ਤੇ ਕਈ ਵਾਰ ਸਰੀਰਕ ਸੋਸ਼ਣ ਵੀ ਕਰਦੇ ਹਨ।
ਕੀ ਭੂਤ ਕੋਈ ਅੱਡਰੀ ਜੂਨ ਹੈ?
ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ
ਜੂਨਾਂ ਦਾ ਜ਼ਿਕਰ ਕੀਤਾ ਹੈ, ਇੱਥੋਂ ਤੱਕ ਕਿ ਗੁਰੂ ਜੀ ਨੇ ਬਨਸਪਤੀ, ਪੱਥਰ, ਪਹਾੜ ਆਦਿਕ ਨੂੰ ਵੀ ਇਸ
ਸ਼ਬਦ ਵਿੱਚ ਜੂਨ ਮੰਨਿਆ ਹੈ, ਪਰ ਭੂਤ ਆਦਿ ਦੀ ਕਿਸੇ ਜੂਨ ਦਾ ਜ਼ਿਕਰ ਨਹੀਂ ਕੀਤਾ। ਆਉ ਸ਼ਬਦ ਵਿਚਾਰੀਏ:
ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ
ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥
ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ
ਚਉਰਾਸੀਹ ਜੋਨਿ ਭ੍ਰਮਾਇਆ॥ ਸਾਧ ਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥
ਤਿਆਗਿ ਮਾਨੁ ਝੂਠੁ ਅਭਿਆਨ॥ ਜੀਵਤ ਮਰਹਿ ਦਰਗਹ ਪਰਵਾਨੁ॥ 3॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥
ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ 4॥
(ਪੰਨਾ 176)
ਇਸ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਭੂਤ-ਪ੍ਰੇਤ ਕੋਈ
ਜੂਨ ਨਹੀਂ, ਸਗੋਂ ਨਾਮ ਤੋਂ ਟੁੱਟੇ ਹੋਏ ਵਿਕਾਰੀ ਮਨੁੱਖ ਹੀ ਮਨੁੱਖਾ ਜਨਮ ਵਿੱਚ ਭੂਤ-ਪ੍ਰੇਤ ਤੇ
ਬੇਤਾਲੇ ਹਨ। ਹੁਣ ਅੱਗੇ ਅਸੀਂ ਵਿਚਾਰਾਂਗੇ ਕਿ ਕਿਸ ਤਰ੍ਹਾਂ ਗੁਰਬਾਣੀ ਵਿੱਚ ਆਏ ਭੂਤ-ਪ੍ਰੇਤ ਸ਼ਬਦਾਂ
ਨੂੰ ਆਪਣੀ ਮਰਜ਼ੀ ਨਾਲ ਗੁਰੂ ਆਸ਼ੇ ਤੋਂ ਉਲਟ ਵਰਤਿਆ ਜਾ ਰਿਹਾ ਹੈ? ਜਿਥੇ ਇੱਕ ਪਾਸੇ ਕੁੱਝ ਲੋਕ ਗੁਰੂ
ਦਾ ਪੂਰਾ ਆਸ਼ਾ ਸਮਝੇ ਤੋਂ ਬਗੈਰ ਅਣਜਾਣੇ ਵਿੱਚ ਟਪਲਾ ਖਾ ਰਹੇ ਹਨ, ਉਥੇ ਦੂਜੇ ਪਾਸੇ ਭੇਖੀ ਸਾਧ-ਸੰਤ
ਲੋਕਾਂ ਵਿੱਚ ਅਜਿਹਾ ਭਰਮ ਕਾਇਮ ਰੱਖ ਕੇ ਮਨੁੱਖਤਾ ਨੂੰ ਲੁੱਟ ਰਹੇ ਹਨ।
ਗੁਰਬਾਣੀ ਵਿੱਚ ਹੋਰ ਜਗ੍ਹਾ ਆਏ ਭੂਤ-ਪ੍ਰੇਤ ਸ਼ਬਦਾਂ ਨੂੰ ਅਸੀਂ ਅਨੇਕਾਂ
ਗੁਰਬਾਣੀ ਦੇ ਸ਼ਬਦਾਂ ਰਾਹੀਂ ਗੁਰਮਤਿ ਦੇ ਇਸ ਸਿਧਾਂਤ ਨੂੰ ਸਮਝਿਆ ਹੈ ਕਿ ਭੂਤ-ਪ੍ਰੇਤ ਆਦਿ ਕੋਈ ਜੂਨ
ਨਹੀਂ ਹੁੰਦੀ, ਨਾ ਹੀ ਭੂਤਾਂ-ਪ੍ਰੇਤਾਂ ਰੂਪੀ ਕੋਈ ਰੂਹਾਂ ਹੁੰਦੀਆਂ ਹਨ, ਜੋ ਕਿ ਕਿਸੇ ਮਨੁੱਖ ਦਾ
ਕੋਈ ਨੁਕਸਾਨ ਕਰ ਸਕਦੀਆਂ ਹਨ। ਇਹ ਸਭ ਮਨੁੱਖੀ ਮਨ ਦਾ ਭਰਮ ਹੈ, ਚਲਾਕ ਤੇ ਠੱਗ ਬਿਰਤੀ ਲੋਕ ਮਾਨਸਿਕ
ਤੌਰ ਤੇ ਕਮਜ਼ੋਰ ਲੋਕਾਂ ਦੀਆਂ ਮਾਨਸਿਕ ਬੀਮਾਰੀਆਂ ਦਾ ਲਾਭ ਉਠਾ ਕੇ ਭੂਤਾਂ-ਪ੍ਰੇਤਾਂ ਦਾ ਵਹਿਮ ਪਾ
ਕੇ ਲੁੱਟਦੇ ਹਨ। ਅਜਿਹੇ ਸਾਧਾਂ-ਸੰਤਾਂ (ਅਖੌਤੀ) ਦੀ ਦੁਕਾਨਦਾਰੀ ਹੀ ਤਾਂ ਚਲਦੀ ਹੈ, ਜੇ ਮਨੁੱਖ
ਵਹਿਮੀ, ਭਰਮੀ, ਪਾਖੰਡੀ ਤੇ ਕਰਮਕਾਂਡੀ ਬਣਿਆ ਰਹੇ, ਪਰ ਮਨੁੱਖਤਾ ਨੁੰ ਵਹਿਮਾਂ, ਭਰਮਾਂ, ਪਾਖੰਡਾਂ,
ਕਰਮਕਾਡਾਂ, ਭੇਖਾਂ ਵਿੱਚੋਂ ਕੱਢ ਕੇ ਕੇਵਲ ਤੇ ਕੇਵਲ ਪ੍ਰਭੂ ਦੇ ਹੁਕਮ ਨਾਲ ਜੋੜਨ ਆਏ ਗੁਰੂ
ਸਾਹਿਬਾਨ ਨੇ ਮਨੁੱਖ ਨੂੰ ਅਜਿਹੇ ਭੇਖੀ ਤੇ ਠੱਗ ਲੋਕਾਂ ਤੋਂ ਬਚਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ
ਦੇ ਲੜ ਲਾ ਦਿੱਤਾ ਸੀ ਤਾਂ ਕਿ ਸਾਰੀ ਲੋਕਾਈ ਗਿਆਨ ਦੇ ਇਸ ਸਮੁੰਦਰ ਵਿੱਚ ਟੁੱਭੀਆਂ ਲਾ ਕੇ ਆਪਣੀ
ਆਤਮਾ ਨੂੰ ਵਿਕਾਰਾਂ ਤੋਂ ਪਵਿੱਤਰ ਕਰਕੇ ਸੱਚੇ ਪ੍ਰਭੂ ਦੇ ਲੜ ਲੱਗ ਸਕੇ। ਅੱਜ ਅਸੀਂ ਗੁਰੂ ਗ੍ਰੰਥ
ਸਾਹਿਬ ਨੂੰ ਆਪ ਪੜ੍ਹਨ, ਵਿਚਾਰਨ ਤੇ ਅਮਲ ਵਿੱਚ ਲਿਆਉਣ ਨੂੰ ਉੱਕਾ ਹੀ ਛੱਡ ਚੁੱਕੇ ਹਾਂ ਤੇ ਠੱਗ
ਸਾਧਾਂ ਤੇ ਭੇਖੀ ਪੁਜਾਰੀਆਂ ਮਗਰ ਲੱਗ ਕੇ ਅਖੰਡ ਪਾਠ ਕਰਾਉਣ ਜਾਂ ਮਾਇਆ ਦੇ ਕੇ ਕੀਤੇ ਕਰਾਏ ਪਾਠ
ਮੁੱਲ ਲੈਣ ਵਿੱਚ ਉਲਝ ਕੇ ਰਹਿ ਗਏ ਹਾਂ। ਗੁਰਦੁਆਰਾ ਕਮੇਟੀਆਂ ਲਈ ਵੀ ਅਖੰਡ ਪਾਠ ਇਨਕਮ ਦਾ ਚੰਗਾ
ਸਾਧਨ ਬਣ ਜਾਣ ਕਾਰਨ, ਉਹ ਵੀ ਸੰਗਤ ਨੂੰ ਸਹੀ ਸੇਧ ਦੇਣ ਦੀ ਜਗ੍ਹਾ ਗੁਰਦੁਆਰੇ ਦੀ ਇਨਕਮ ਵਧਾਉਣ ਦੀ
ਲਾਲਸਾ ਵਿੱਚ ਹੀ ਰਹਿੰਦੇ ਹਨ ਤਾਂ ਕਿ ਉਹ ਪਿਛਲੀ ਕਮੇਟੀ ਨਾਲੋਂ ਵੱਧ ਬੈਂਕ ਬੈਲੈਂਸ ਦਿਖਾ ਸਕਣ।
ਪਿਛਲੀ ਵਿਚਾਰ ਤੋਂ ਗੁਰਬਾਣੀ ਰਾਹੀਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਗੁਰੂ
ਸਾਹਿਬ ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਵਿਕਾਰੀ ਜੀਵਨ ਬਸਰ ਕਰ ਰਹੇ ਮਨੁੱਖ ਨੂੰ ਹੀ
ਭੂਤ-ਪ੍ਰੇਤ-ਬੇਤਾਲਾ ਕਹਿੰਦੇ ਹਨ, ਇਸ ਲਈ ਹੋਰ ਜਗ੍ਹਾ ਭੂਤ-ਪ੍ਰੇਤ-ਬੇਤਾਲੇ ਸ਼ਬਦ ਦੇ ਅਰਥ ਅਜਿਹੇ
ਮਨੁੱਖਾਂ ਦੇ ਰੂਪ ਵਿੱਚ ਕਰਨੇ ਹੀ ਸਹੀ ਗੁਰਮਤਿ ਹੈ। ਪਰ ਗੁਰੂ ਦੇ ਇਸ ਆਸ਼ੇ ਨੂੰ ਸਮਝੇ ਬਿਨਾਂ ਹੋਰ
ਭੂਤ-ਪ੍ਰੇਤ ਸ਼ਬਦਾਂ ਦੇ ਅਰਥ ਆਮ ਤੌਰ ਤੇ ਅਜਿਹੀਆਂ ਰੂਹਾਂ ਦੇ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ
ਸਰੀਰ ਨਹੀਂ ਮਿਲਿਆ ਤੇ ਵਾਯੂ ਮੰਡਲ ਵਿੱਚ ਘੁੰਮ ਰਹੀਆਂ ਹਨ ਤੇ ਕਈ ਵਾਰ ਕਿਸੇ ਮਨੁੱਖ (ਜ਼ਿਆਦਾਤਰ
ਅਨਪੜ੍ਹ ਪੇਂਡੂ ਇਸਤਰੀਆਂ ਵਿੱਚ) ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ।
ਗੁਰੂ ਦਾ ਗਿਆਨ ਭੂਤਾਂ-ਪ੍ਰੇਤਾਂ ਤੋਂ ਦੇਵਤੇ ਬਣਾਉਂਣਾ ਹੈ!
ਜੋ ਵੀ ਸਾਧ-ਸੰਤ ਜਾਂ ਟੂਣੇ ਆਦਿ ਕਰਨ ਵਾਲੇ ਮਨੁੱਖਤਾ ਨੂੰ ਭੂਤਾਂ-ਪ੍ਰੇਤਾਂ
ਦਾ ਭਰਮ ਪਾ ਕੇ ਲੁੱਟਦੇ ਹਨ, ਉਨ੍ਹਾਂ ਨੇ ਕਦੇ ਵੀ ਕਿਸੇ ਸਰੀਰ ਵਿੱਚ ਵੜੇ ਹੋਏ ਭੂਤ ਜਾਂ ਪ੍ਰੇਤ
ਨੂੰ ਬਾਹਰ ਕੱਢ ਕੇ ਲੋਕਾਂ ਨੂੰ ਨਹੀਂ ਦਿਖਾਇਆ। ਉਨ੍ਹਾਂ ਨੇ ਕਦੇ ਕਿਸੇ ਭੂਤ ਦਾ ਸੁਧਾਰ ਕਰਕੇ
ਮਨੁੱਖਾ ਜਨਮ ਨਹੀਂ ਬਖਸ਼ਿਆ। ਪਰ ਦੇਖੋ ਗੁਰਬਾਣੀ ਵਿੱਚ ਗੁਰੂ ਸਾਹਿਬ ਭੂਤ ਦਾ ਜੀਵਨ (ਨਾਮ ਤੋਂ ਟੁੱਟ
ਕੇ ਵਿਕਾਰੀ ਜੀਵਨ) ਜੀਅ ਰਹੇ ਮਨੁੱਖ ਨੂੰ ਭੂਤ-ਪ੍ਰੇਤ ਤੋਂ ਮਨੁੱਖ ਹੀ ਨਹੀਂ, ਦੇਵਤਾ ਬਣਾ ਰਹੇ ਹਨ।
ਜਿਥੇ ਗੁਰੂ ਦਾ ਸੱਚਾ ਤੇ ਇਲਾਹੀ ਗਿਆਨ ਮਨੁੱਖ ਨੂੰ ਉਸੇ ਘੜੀ ਦੇਵਤਾ ਬਣਾ ਦਿੰਦਾ ਹੈ, ਜਦੋਂ ਮਨੁੱਖ
ਉਸ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ।
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ 462)
ਪੂਰਾ ਸਤਿਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਮਨੁੱਖ ਨੂੰ ਪ੍ਰਭੂ ਦੇ ਚਰਨੀਂ
ਲਾ ਕੇ ਉਸ ਦਾ ਲੜ ਫੜਾ ਦੇਂਦਾ ਹੈ, ਜਿਸ ਨੂੰ ਵਿਸਾਰ ਕੇ ਭੁੱਲੜ ਜੀਵ ਪ੍ਰੇਤ, ਭੂਤ, ਬੇਤਾਲਾ ਬਣ
ਚੁੱਕਾ ਹੈ। ਗੁਰੂ ਦਾ ਗਿਆਨ ਅਜਿਹੇ ਭੂਤਾਂ-ਪ੍ਰੇਤਾਂ ਵਿੱਚ ਦੇਵਤਿਆਂ (ਬ੍ਰਾਹਮਣ ਦੇ ਬਣਾਏ ਹੋਏ
ਨਕਲੀ ਦੇਵਤੇ ਨਹੀਂ, ਸਗੋਂ ਪਵਿੱਤਰ ਆਤਮਾ ਵਾਲੇ ਉਹ ਭਲੇ ਪੁਰਸ਼ ਜੋ ਆਪਣੀ ਸੱਚੀ ਕਿਰਤ ਕਰਕੇ,
ਗ੍ਰਿਹਸਿਤੀ ਜੀਵਨ ਬਤੀਤ ਕਰਦੇ ਹੋਏ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ)
ਵਾਲੇ ਗੁਣ ਪੈਦਾ ਕਰ ਦਿੰਦਾ ਹੈ।
ਪਰੇਤਹੁ ਕੀਤੋਨ ਦੇਵਤਾ ਤਿਨਿ ਕਰਣੈਹਾਰੇ॥ ਸਭੇ ਸਿਖ ਉਬਾਰਿਆਨੁ ਪ੍ਰਭਿ ਕਾਜ
ਸਵਾਰੇ॥ (ਪੰ 323)
ਅਰਥ: ਗੁਰੂ ਨੇ ਆਪਣੇ ਗਿਆਨ ਨਾਲ ਉਸ ਸਿਰਜਣਹਾਰ ਪ੍ਰਭੂ ਦੇ (ਨਾਮ ਦੀ
ਦਾਤ ਦੇ ਕੇ ਜੀਵ ਨੂੰ) ਪ੍ਰੇਤਾਂ ਤੋਂ ਦੇਵਤਾ ਬਣਾ ਦਿੱਤਾ ਹੈ। ਪ੍ਰਭੂ ਨੇ ਆਪ ਸਾਰੇ ਕੰਮ ਸਵਾਰੇ ਹਨ
ਅਤੇ (ਗੁਰੂ ਦੇ) ਸਿੱਖ ਵਿਕਾਰਾਂ ਤੋਂ ਬਚਾ ਲਏ ਹਨ।
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ॥ ਪਸੂ ਪਰੇਤ ਮੁਗਧ ਭਏ
ਸ੍ਰੋਤੇ ਹਰਿ ਨਾਮਾ ਮੁਖਿ ਗਾਇਆ॥ (ਪੰਨਾ 614)
ਅਰਥ: (ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿੱਚ (ਗੁਰੂ) ਜਿੰਦ
(ਆਤਮਿਕ ਜੀਵਨ) ਪਾ ਦਿੰਦਾ ਹੈ, (ਪ੍ਰਭੂ ਤੋਂ) ਵਿਛੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ)
ਮਿਲਾ ਦਿੰਦਾ ਹੈ। ਪਸ਼ੂ (ਸੁਭਾਉ ਮਨੁੱਖ), ਪ੍ਰੇਤ (ਨਾਮ ਤੋਂ ਟੁੱਟ ਕੇ ਵਿਕਾਰੀ ਜੀਵਨ ਜੀਅ ਰਹੇ
ਮਨੁੱਖ), ਮੂਰਖ ਮਨੁੱਖ ਆਦਿ ਗੁਰੂ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ,
ਪ੍ਰਭੂ ਦਾ ਨਾਮ ਮੂੰਹ ਨਾਲ ਗਾਉਣ ਲੱਗ ਜਾਂਦੇ ਹਨ। ਕਈ ਅਗਿਆਨੀ ਪੁਰਸ਼ ਪਹਿਲੀ ਤੁਕ ਦੇ ਅਰਥ ਕਰਦੇ
ਹੋਏ ਕਹਿੰਦੇ ਹਨ ਕਿ ਮੁਰਦੇ ਮਨੁੱਖ ਨੂੰ ਚਾਹੇ ਤਾਂ ਸਾਹ ਪਾ ਕੇ ਜੀਵਨ ਬਖਸ਼ ਸਕਦਾ ਹੈ, ਜੋ ਕਿ ਗੈਰ
ਕੁਦਰਤੀ ਵਰਤਾਰਾ ਹੈ। ਇਸੇ ਤੁਕ ਜਾਂ ਅਜਿਹੀਆਂ ਹੋਰ ਤੁਕਾਂ ਦੇ ਗਲਤ ਅਰਥ ਕਰਕੇ ਬਾਬਿਆਂ ਨੇ ਕਈ
ਨਕਲੀ ਸਾਖੀਆਂ ਵੀ ਘੜੀਆਂ ਹੋਈਆਂ ਹਨ। ਜੋ ਵਿਅਕਤੀ ਇੱਕ ਵਾਰ ਕੁਦਰਤ ਦੇ ਨਿਯਮ ਅਨੁਸਾਰ ਸਰੀਰਕ ਰੂਪ
ਵਿੱਚ ਮਰ ਜਾਂਦਾ ਹੈ, ਉਸਨੂੰ ਜੀਵਤ ਨਹੀਂ ਕੀਤਾ ਜਾ ਸਕਦਾ। ਇਹ ਕੁਦਰਤ ਦਾ ਅਟੱਲ ਨਿਯਮ ਹੈ। ਸਾਨੂੰ
ਅਜਿਹੀਆਂ ਨਕਲੀ ਸਾਖੀਆਂ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ।
ਗੁਰ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥ ਸਤਿਗੁਰਿ ਪਾਇਐ
ਪੂਰਾ ਨਾਵਣੁ ਪਸੂ ਪਰੇਹਤੁ ਦੇਵ ਕਰੈ॥ (ਪੰਨਾ 1329)
ਅਰਥ: ਗੁਰੂ ਦੇ ਗਿਆਨ ਰੂਪੀ ਅੰਮ੍ਰਿਤ ਜਲ (ਬਾਹਰੀ ਕਿਸੇ ਪਾਣੀ ਦੇ
ਅੰਮ੍ਰਿਤ ਦੀ ਗੱਲ ਨਹੀਂ) ਨਾਲ ਹਿਰਦੇ ਵਿੱਚੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਜਦੋਂ ਮਨੁੱਖ
ਪੂਰੇ ਗੁਰੂ ਦੇ ਗਿਆਨ ਨਾਲ ਆਪਣੇ ਹਿਰਦੇ ਨੂੰ ਪ੍ਰਭੂ ਦੇ ਨਾਮ (ਗੁਰੂ ਦੀ ਵਿਚਾਰਧਾਰਾ) ਜਲ ਨਾਲ ਨਹਾ
ਲੈਂਦਾ ਹੈ ਤਾਂ ਫਿਰ ਉਹ ਪਸ਼ੂ ਬਿਰਤੀ ਅਤੇ ਪ੍ਰੇਤ (ਵਿਕਾਰੀ ਜੀਵਨ) ਤੋਂ ਦੇਵਤਾ ਬਣ ਜਾਂਦਾ ਹੈ।
ਚਰਨ ਕਮਲ ਸਿਉ ਲਾਗੋ ਹੇਤੁ॥ ਖਿਨ ਮਹਿ ਬਿਨਸਓੁ ਮਹਾ ਪਰੇਤੁ॥ ਆਠ ਪਹਰ ਹਰਿ
ਹਰਿ ਜਪੁ ਜਾਪਿ॥ ਰਾਖਨਹਾਰ ਗੋਵਿਦ ਗੁਰ ਆਪਿ॥ (ਪੰਨਾ 1149)
ਅਰਥ: ਪ੍ਰਭੂ ਦੇ ਸੋਹਣੇ ਚਰਨਾਂ (ਹੁਕਮ ਨਾਲ) ਨਾਲ ਜਿਸ ਮਨੁੱਖ ਦਾ
ਪਿਆਰ ਬਣ ਜਾਂਦਾ ਹੈ, ਉਸਦੇ ਅੰਦਰ ਦਾ (ਖੋਟਾ ਸੁਭਾਉ ਰੂਪ) ਵੱਡਾ ਪ੍ਰੇਤ ਖਿਨ ਵਿੱਚ ਮੁੱਕ ਜਾਂਦਾ
ਹੈ। ਹੇ ਭਾਈ! ਤੂੰ ਅੱਠੇ ਪਹਿਰ ਪ੍ਰਭੂ ਦੀ ਯਾਦ (ਹੁਕਮ) ਵਿੱਚ ਜੁੜਿਆ ਰਹਿ, ਸਾਰਿਆਂ ਦੀ ਰੱਖਿਆ ਦੇ
ਸਮਰੱਥ ਪ੍ਰਮਾਤਮਾ ਤੇਰੀ ਵੀ ਰੱਖਿਆ ਕਰੇਗਾ।
ਇਸ ਤਰ੍ਹਾਂ ਦੇ ਅਨੇਕਾਂ ਗੁਰ-ਫੁਰਮਾਨ ਹੋਰ ਦਿੱਤੇ ਜਾ ਸਕਦੇ ਹਨ, ਜਿਨ੍ਹਾਂ
ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ, ਨਾਮ ਤੋਂ ਟੁੱਟ ਕੇ ਵਿਕਾਰੀ ਜੀਵਨ ਜੀਅ ਰਹੇ ਮਨੁੱਖਾਂ ਨੂੰ ਹੀ
ਭੂਤ-ਪ੍ਰੇਤ ਸਮਝਦੇ ਹਨ ਤੇ ਗੁਰੂ ਦਾ ਗਿਆਨ ਅਜਿਹੇ ਭੂਤਾਂ-ਪ੍ਰੇਤਾਂ ਨੂੰ ਦੇਵਤੇ (ਪ੍ਰਭੂ ਦੀ ਯਾਦ
ਵਿੱਚ ਜੀਵਨ ਬਿਤਾਉਣ ਵਾਲੇ ਭਲੇ ਪੁਰਸ਼) ਬਣਾਉਣ ਦੀ ਸਮਰਥਾ ਰੱਖਦਾ ਹੈ।
ਅਕਾਲ-ਪੁਰਖ ਦੀ ਟੇਕ ਭੁਲਾ ਕੇ ਭੂਤਾਂ-ਪ੍ਰੇਤਾਂ ਦੇ ਭਰਮ ਵਿੱਚ ਪੈ ਕੇ
ਪੁੰਨ-ਦਾਨ ਕਰਨੇ, ਠੱਗ ਸਾਧਾਂ ਦੀਆਂ ਚੌਕੀਆਂ ਭਰਨੀਆਂ, ਟੂਣੇ-ਟਾਮਣੇ ਕਰਨੇ-ਕਰਾਉਣੇ, ਵਡਭਾਗ ਸਿੰਘ
ਦੇ ਡੇਰੇ ਜਾ ਕੇ ਡੋਲੀਆਂ ਖੇਡਣੀਆਂ, ਪੀਰਾਂ ਬਾਬਿਆਂ, ਜੋਤਸ਼ੀਆਂ, ਪੰਡਤਾਂ ਮਗਰ ਲੱਗਣਾ, ਮੜੀਆਂ,
ਮਸਾਣਾਂ, ਸਮਾਧਾਂ ਨੂੰ ਪੂਜਣਾ, ਕਿਸੇ ਜਗ੍ਹਾ ਨੂੰ ਸਖਤ ਜਾਂ ਕਰਾਮਾਤੀ ਮੰਨ ਕੇ ਡਰਨਾ ਜਾਂ ਪੁਜਾ
ਕਰਨੀ ਆਦਿ ਕਰਮ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨੂੰ ਪਿੱਠ ਦੇ ਕੇ ਬਿਪਰਨ ਕੀ ਰੀਤ ਦੇ ਧਾਰਨੀ
ਬਣਨਾ ਹੈ। ਸ਼ਬਦ ਗੁਰੂ ਦੀ ਓਟ ਲੈ ਕੇ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਜੀਵਨ ਬਸਰ ਕਰਨਾ ਹੀ ਸਹੀ
ਗੁਰਮਤਿ ਹੈ।
ਗੁਰਬਾਣੀ ਵਿੱਚ ਆਏ ‘ਭੂਤ’ ਤੇ ‘ਬੇਤਾਲੇ’ ਸ਼ਬਦ ਦੇ ਹੋਰ ਅਰਥ
ਗੁਰਬਾਣੀ ਵਿੱਚ ‘ਭੂਤ’ ਸ਼ਬਦ ਨੂੰ ਹੋਰ ਅਰਥਾਂ ਵਿੱਚ ਵੀ ਵਰਤਿਆ ਗਿਆ
ਹੈ, ਆਉ ਹੁਣ ਇਸ ਦੇ ਵਿਚਾਰ ਕਰੀਏ:
ਸਾਰ ਭੂਤ ਸਤਿ ਹਰਿ ਕੋ ਨਾਉ॥ ਸਹਜਿ ਸੁਭਾਇ ਨਾਨਕ ਗੁਨ ਗਾਉ॥ (ਪੰਨਾ
289)
ਅਰਥ: ਪ੍ਰਭੂ ਦਾ ਨਾਮ (ਹੁਕਮ ਨੂੰ ਸਮਝਣਾ) ਹੀ ਸਾਰੇ ਪਦਾਰਥਾਂ ਤੋਂ
ਉਤਮ ਹੈ, ਤਾਂ ਹੇ ਨਾਨਕ! ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ।
ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ॥ (ਪੰਨਾ
616)
ਅਰਥ: (ਜਿਸ ਇਲਾਜ ਨਾਲ) ਪ੍ਰਭੂ ਸਾਰੇ ਜੀਵਾਂ (ਭੂਤਾਂ) ਵਿੱਚ ਵਸਦਾ
ਮੰਨਿਆ ਜਾ ਸਕੇ ਤੇ ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ।
ਸਰਬ ਭੂਤ ਆਪਿ ਵਰਤਾਰਾ॥ ਸਰਬ ਨੈਨ ਆਪਿ ਪੇਖਨਹਾਰਾ॥ (ਪੰਨਾ 294)
ਅਰਥ: ਸਾਰੇ ਜੀਵਾਂ (ਭੂਤਾਂ) ਵਿੱਚ ਪ੍ਰਭੂ ਆਪ ਵਸਦਾ ਹੈ ਤੇ ਉਹ ਆਪ ਹੀ
ਸਾਰਿਆਂ ਦੇ ਨੈਣਾਂ ਵਿੱਚ ਵਸ ਕੇ ਵੇਖਦਾ ਹੈ।
ਸਰਬ ਭੂਤ ਏਕੈ ਕਰਿ ਜਾਨਿਆ, ਚੂਕੇ ਬਾਦ ਬਿਬਾਦਾ॥ ਕਹਿ ਕਬੀਰ ਮੈ
ਪੂਰਾ ਪਾਇਆ, ਭਏ ਰਾਮ ਪਰਸਾਦਾ॥ (ਪੰਨਾ 483)
ਅਰਥ: ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ ਮੇਰੇ ਉੱਤੇ ਪ੍ਰਭੂ ਦੀ
ਕ੍ਰਿਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ, ਮੈਂ ਸਾਰੇ ਜੀਵਾਂ (ਭੂਤਾਂ) ਵਿੱਚ ਹੁਣ ਇਸ
ਪ੍ਰਭੂ ਨੂੰ ਵਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਵੈਰ-ਵਿਰੋਧ ਮੁੱਕ ਗਏ ਹਨ।
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ॥ ਮਨਮੁਖ ਅੰਧੇ ਫਿਰਹਿ ਬੇਤਾਲੇ॥ (ਪੰਨਾ
117)
ਅਰਥ: ਵਸਤ ਅੰਦਰ ਪਈ ਹੈ (ਭਾਵ ਪ੍ਰਭੂ ਦੀ ਜੋਤ ਅੰਦਰ ਹੈ), ਜਿਸਨੂੰ
ਮੂਰਖ ਬਾਹਰ (ਗੁਰਦੁਆਰਿਆਂ ਆਦਿ ਵਿੱਚ) ਭਾਲਦਾ ਫਿਰ ਰਿਹਾ ਹੈ। ਅਜਿਹੇ ਮਨਮੁੱਖ ਅਗਿਆਨਤਾ ਵਿੱਚ
ਅੰਨ੍ਹੇ ਹੋਏ ਬੇਤਾਲੇ (ਭੂਤਾਂ ਦਾ ਇੱਕ ਹੋਰ ਨਾਮ) ਹੋ ਗਏ ਹਨ।
ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬੇਤਾਲੇ
ਰਾਮ॥ (540)
ਅਰਥ: ਜਿਹੜੇ ਵਿਅਕਤੀ ਮੋਹ ਮਾਇਆ ਦੇ ਬੰਦਨਾਂ ਵਿੱਚ ਪਏ ਹੋਏ ਹਨ,
ਅਜਿਹੇ ਮਨਮੁੱਖ ਵਿਅਕਤੀ ਬੇਤਾਲੇ (ਭੂਤ) ਹਨ।
ਉਪਰੋਕਤ ਸਾਰੇ ਸ਼ਬਦਾਂ ਵਿੱਚ ‘ਭੂਤ’ ਸ਼ਬਦ ਨੂੰ ‘ਜੀਵ ਆਤਮਾ’ ਦੇ ਤੌਰ ਤੇ
ਵਰਤਿਆ ਗਿਆ ਹੈ।
ਮੁਰਦਾ ਸਰੀਰ ਭੂਤ
ਘਰ ਕੀ ਨਾਰਿ ਉਰਹਿ ਤਨ ਲਾਗੀ॥ ਉਹ ਤਉ ਭੂਤੁ ਭੂਤੁ ਕਰਿ ਭਾਗੀ॥
(ਪੰਨਾ 794)
ਅਰਥ: ਉਹੀ ਘਰ ਦੀ ਇਸਤਰੀ ਜਿਹੜੀ ਸਾਰੀ ਉਮਰ ਨਾਲ ਰਹਿੰਦੀ ਹੈ, ਜਦੋਂ
ਇਸ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਹਨ, ਉਹੀ ਉਸਨੂੰ ਭੂਤ-ਭੂਤ ਕਹਿ ਕੇ ਪਰ੍ਹਾਂ ਭੱਜਦੀ ਹੈ।
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ॥ ਮਰਤੀ ਬਾਰ ਲੇਹੁ
ਲੇਹੁ ਕਰੀਐ ਭੂਤ ਰਹਨ ਕਿਉ ਦੀਆ॥ (ਪੰਨਾ 654)
ਅਰਥ: ਜਿਵੇਂ ਮਧੂ ਮੱਖੀ ਨੇ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ
ਕੀਤਾ (ਪਰ ਉਸਨੂੰ ਲੈ ਗਏ ਕੋਈ ਹੋਰ), ਤਿਵੇਂ ਮੂਰਖ (ਮਨੁੱਖ) ਨੇ ਸਰਫੇ ਨਾਲ ਧਨ ਜੋੜਿਆ। ਜਦੋਂ
ਉਸਦੇ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਹਨ, ਤਾਂ ਉਸ ਭੂਤ (ਗੁਜ਼ਰ ਚੁੱਕਿਆ ਪ੍ਰਾਣੀ, ਮੁਰਦਾ),
ਜਿਸਨੇ ਧਨ ਜੋੜ ਕੇ ਜਾਇਦਾਦ ਬਣਾਈ ਸੀ, ਉਸਨੂੰ ਘਰੋਂ ਕੱਢਣ ਦੀ ਕਾਹਲ ਹੋ ਰਹੀ ਹੁੰਦੀ ਹੈ।
ਪੰਜ ਵਿਕਾਰ ਭੂਤ
ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਨ ਇੰਦ੍ਰੀ ਮਕਰਿ ਸਘਾਰੇ॥ ਪੰਚ
ਭੂਤ ਸਵਾਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ॥ (ਪੰਨਾ 983)
ਸ਼ਬਦ ਅਰਥ: ਪੰਚ ਭੂਤ-ਪੰਜ ਦੈਂਤ (ਭਾਵ ਕਾਮ, ਕ੍ਰੋਧ, ਲੋਭ, ਮੋਹ,
ਹੰਕਾਰ)
ਅਰਥ: ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਮਰਦਾ ਹੈ, ਹਿਰਨ, ਭੌਰਾ,
ਹਾਥੀ, ਮੱਛੀ ਇਨ੍ਹਾਂ ਨੂੰ ਵੀ ਇੱਕ-ਇੱਕ ਵਿਕਾਰ ਵਾਸ਼ਨਾ ਆਪਣੇ ਵੱਸ ਵਿੱਚ ਕਰਕੇ ਮਾਰ ਦਿੰਦੇ ਹਨ
(ਹਿਰਨ ਨੂੰ ਨਾਦ ਸੁਣਨ ਦਾ ਰੋਗ, ਭੌਰੇ ਨੂੰ ਸੁਗੰਧੀ ਦਾ ਰੰਗ, ਹਾਥੀ ਨੂੰ ਕਾਮ-ਰੋਗ ਅਤੇ ਮੱਛੀ ਨੂੰ
ਜੀਭ ਦਾ ਚਸਕਾ, ਖਾਣ-ਰੋਗ)। ਪਰ ਮਨੁੱਖ ਸਰੀਰ ਵਿੱਚ ਤਾਂ ਕਾਮਾਦਿਕ ਪੰਜ ਦੈਂਤ (ਪੰਚ ਭੂਤ)
ਬਲਵਾਨ ਹਨ, (ਮਨੁੱਖ ਇਨ੍ਹਾਂ ਦਾ ਟਾਕਰਾ ਕਿਵੇਂ ਕਰੇ?) ਸਤਿਗੁਰੂ ਹੀ ਇਨ੍ਹਾਂ ਵਿਕਾਰਾਂ ਨੂੰ ਦੂਰ
ਕਰਦੇ ਹਨ।
ਦੁੰਦਰ ਦੂਤ ਭੂਤ ਭੀਹਾਲੇ॥ ਖਿੰਚੋਤਾਣਿ ਕਰਹਿ ਬੇਤਾਲੇ॥ ਸਬਦ ਸੁਰਤਿ ਬਿਨੁ
ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ॥ (ਪੰਨਾ 1031)
ਅਰਥ: ਜਿਸ ਮਨੁੱਖ ਦੇ ਅੰਦਰ ਰੌਲਾ ਪਾਉਣ ਵਾਲੇ ਤੇ ਡਰਾਉਣੇ ਭੂਤਾਂ
(ਵਿਕਾਰਾਂ) ਵਰਗੇ ਕਾਮਾਦਿਕ ਵੈਰੀ ਵਸਦੇ ਹੋਣ ਤੇ ਉਹ ਭੂਤ ਆਪੋ ਆਪਣੇ ਪਾਸੇ ਖਿੱਚਾ-ਖਿੱਚੀ ਕਰ ਰਹੇ
ਹੋਣ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤਿ-ਸੂਝ ਤੋਂ ਵਾਂਝਿਆ ਰਹਿ ਕੇ ਜਨਮ-ਮਰਨ ਦੇ ਭੈ ਵਿੱਚ
ਭਟਕਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ-ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਇਸ ਤਰ੍ਹਾਂ ਇਸ ਸਾਰੀ ਵਿਚਾਰ ਚਰਚਾ ਤੋਂ ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰ
ਪ੍ਰਭੂ ਦੇ ਨਾਮ ਤੋਂ ਟੁੱਟ ਕੇ ਵਿਕਾਰੀ ਜੀਵਨ ਵਾਲੇ ਵਿਅਕਤੀ ਹੀ ਇਸ ਜਨਮ ਵਿੱਚ ਭੂਤ-ਪ੍ਰੇਤ ਤੇ
ਬੇਤਾਲੇ ਹਨ। ਗੁਰੂ ਦੇ ਸ਼ਬਦ ਦਾ ਗਿਆਨ ਮਨੁੱਖ ਨੂੰ ਭਲਾ ਪੁਰਸ਼ ਬਣਾ ਕੇ ਪ੍ਰਭੂ ਨਾਲ ਇਕਮਿਕ ਕਰ
ਦਿੰਦਾ ਹੈ।
ਗੁਰਬਾਣੀ ਸਬੰਧੀ ਟਪਲਾ
ਗਾਉੜੀ ਸੁਖਮਨੀ ਮਹਲਾ 5 ਦੇ ਸਿਰਲੇਖ ਹੇਠ ਗੁਰੂ ਅਰਜਨ ਸਾਹਿਬ ਵਲੋਂ ਰਚੀ
ਗਈ, 24 ਅਸ਼ਟਪਦੀਆਂ ਵਿਚਲੀ ਬਾਣੀ ਦੀ ਦਸਵੀਂ ਅਸ਼ਟਪਦੀ ਵਿੱਚ ਦੇਵ, ਦਾਨਵ, ਭੂਤ, ਪ੍ਰੇਤ ਆਦਿ
ਦਾ ਜ਼ਿਕਰ ਆਇਆ ਹੈ। ਇਸਦੇ ਅਸਲ ਭਾਵ (ਗੁਰਮਤਿ ਆਸ਼ੇ ਨੂੰ) ਸਮਝਣ ਤੋਂ ਉਖੜ ਕੇ ਬਹੁਤ ਸਾਰੇ ਲੋਕ ਟਪਲਾ
ਖਾਂਦੇ ਹਨ ਕਿ ਪੰਚਮ ਪਾਤਸ਼ਾਹ ਨੇ ਇਸ ਅਸ਼ਟਪਦੀ ਵਿੱਚ ਭੂਤਾਂ ਦੀ ਜੂਨ ਨੂੰ ਮੰਨਿਆ ਹੈ।
ਇਸ ਅਸਟਪਦੀ ਵਿੱਚ ਗੁਰੂ ਜੀ ਪ੍ਰਭੂ ਦੀ ਬੇਅੰਤਤਾਈ ਦਾ ਵਰਨਣ ਕਰਦੇ ਹੋਏ
ਦੱਸਦੇ ਹਨ ਕਿ ਪ੍ਰਭੂ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਸ਼ਬਦ ਦੀਆਂ ਲਾਈਨਾਂ ਇਸ ਤਰ੍ਹਾਂ
ਹਨ:
ਕਈ ਕੋਟਿ ਜਖ੍ਹ ਕਿੰਨਰ ਪਿਸਾਚ॥ ਕਈ ਕੋਟਿ ਭੂਤ-ਪ੍ਰੇਤ ਸੂਕਰ ਮ੍ਰਿਗਾਚ॥ ਸਭ
ਤੇ ਨੇਰੈ ਸਭਹੂ ਤੇ ਦੂਰਿ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰ॥ (ਪੰਨਾ 275-76)
ਅਰਥ: ਕਈ ਕਰੋੜਾਂ ਜਖ੍ਹ (ਬ੍ਰਾਹਮਣ ਵਲੋਂ ਬਣਾਏ ਹੋਏ ਇੱਕ ਕਿਸਮ ਦੇ
ਦੇਵਤੇ ਜੋ ਕਥਿਤ ਤੌਰ ਤੇ ਧਨ ਦੇ ਦੇਵਤੇ ਕੁਬੇਰ ਦੇ ਅਧੀਨ ਹਨ), ਕਿੰਨਰ (ਬ੍ਰਾਹਮਣ ਵਲੋਂ ਬਣਾਏ ਹੋਏ
ਦੇਵਤਿਆਂ ਦੀ ਇੱਕ ਕਿਸਮ, ਜਿਨ੍ਹਾਂ ਦਾ ਧੜ ਮਨੁੱਖ ਦਾ ਅਤੇ ਸਿਰ ਘੋੜੇ ਦਾ ਦੱਸਿਆ ਜਾਂਦਾ ਹੈ),
ਪਿਸਾਚ (ਬ੍ਰਾਹਮਣ ਵਲੋਂ ਬਣਾਈਆਂ ਨੀਵੀਆਂ ਜਾਤਾਂ ਦੇ ਮਨੁੱਖ ਜਾਂ ਭਾਰਤ ਦੇ ਆਦਿਵਾਸੀ) ਆਦਿ ਹਨ। ਕਈ
ਕਰੋੜਾਂ ਭੂਤ-ਪ੍ਰੇਤ (ਪ੍ਰਭੂ ਦੇ ਨਾਮ ਤੋਂ ਟੁੱਟ ਕੇ ਵਿਕਾਰੀ ਜੀਵਨ ਜੀਅ ਰਹੇ ਮਨੁੱਖ), ਸੂਕਰ (ਸੂਰ
ਵਾਂਗ ਵਿਕਾਰਾਂ ਰੂਪੀ ਗੰਦਗੀ ਵਿੱਚ ਫਸੇ ਮਨੁੱਖ), ਮ੍ਰਿਗਾਚ (ਮਿਰਗਾਂ ਨੂੰ ਖਾਣ ਵਾਲੇ ਸ਼ੇਰ ਭਾਵ
ਲੋਕਾਂ ਤੇ ਜ਼ੁਲਮ ਅੱਤਿਆਚਾਰ ਕਰਕੇ ਹੱਕ ਮਾਰਨ ਵਾਲੇ ਮਨੁੱਖ) ਆਦਿ ਹਨ। ਇਸ ਤਰ੍ਹਾਂ ਪ੍ਰਭੂ ਦੀ
ਬੇਅੰਤਤਾਈ ਦਾ ਵਰਣਨ ਕਰਦੇ ਹੋਏ ਪੰਚਮ ਨਾਨਕ ਜੀ ਫੁਰਮਾਉਂਦੇ ਹਨ ਕਿ ਉਹ ਪ੍ਰਭੂ ਸਾਰਿਆਂ ਦੇ ਹਿਰਦੇ
ਵਿੱਚ ਵਸਦਾ ਹੋਇਆ ਨੇੜੇ ਵੀ ਹੈ ਤੇ ਹਉਮੈ ਦੀ ਕੰਧ ਵਿੱਚ ਉਸਰ ਜਾਣ ਕਾਰਨ ਸਾਡੇ ਤੋਂ ਦੂਰ ਵੀ ਹੈ।
ਇਸ ਤਰ੍ਹਾਂ ਅਕਾਲ-ਪੁਰਖ ਇਸ ਸਾਰੀ ਕਾਇਨਾਤ ਦੇ ਕਣ-ਕਣ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ।
ਭੂਤਾਂ-ਪ੍ਰੇਤਾਂ ਸਬੰਧੀ ਘਟਨਾਵਾਂ ਦੀ ਅਸਲੀਅਤ
ਪ੍ਰਭੂ ਦੀ ਕੁਦਰਤ ਬੜੀ ਬੇਅੰਤ ਹੈ, ਗੁਰੂ ਸਾਹਿਬ ਬਾਣੀ ਵਿੱਚ ਅਨੇਕ ਥਾਵਾਂ
ਤੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਉਸਦਾ ਕੋਈ ਅੰਤ ਨਹੀਂ ਪਾ ਸਕਦਾ। ਉਸਦਾ ਅੰਤ ਉਹ ਪਾ ਸਕਦਾ ਹੈ,
ਜਿਹੜਾ ਉਸ ਜਿਤਨਾ ਵੱਡਾ ਤੇ ਬੇਅੰਤ ਹੋ ਜਾਵੇ, ਭਾਵ ਕੋਈ ਉਸਦਾ ਅੰਤ ਨਹੀਂ ਪਾ ਸਕਦਾ। ਪਰ ਇਸ
ਦਿਸਦੇ-ਅਣਦਿਸਦੇ ਸੰਸਾਰ ਵਿੱਚ ਅਨੇਕ ਥਾਵਾਂ ਤੇ ਅਨੇਕ ਕੁੱਝ ਵਾਪਰ ਰਿਹਾ ਹੈ। ਕਈ ਵਾਰ ਕੁਦਰਤ ਦੇ
ਕਿਸੇ ਨਿਯਮ ਅਧੀਨ ਕੁੱਝ ਅਸਚਰਜ ਜਾਂ ਅਦਭੁਤ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਜੋ ਕਿ ਕਿਸੇ ਖਾਸ
ਜਗ੍ਹਾ ਤੇ ਵਾਪਰ ਕੇ ਉਥੇ ਹੀ ਖਤਮ ਹੋ ਜਾਂਦੀਆਂ ਹਨ। ਇਨ੍ਹਾਂ ਦਾ ਕਿਸੇ ਕਿਸਮ ਦੇ ਭੂਤਾਂ-ਪ੍ਰੇਤਾਂ
ਵਰਗੀਆਂ ਆਤਮਾਵਾਂ ਨਾਲ ਕੋਈ ਸਬੰਧ ਨਹੀਂ। ਦਿਸਦੀ ਜਾਂ ਅਣਦਿਸਦੀ ਸ੍ਰਿਸ਼ਟੀ ਰਚਨਾ ਵਿੱਚ ਗੈਸਾਂ ਜਾਂ
ਰਸਾਇਣਕ ਪਦਾਰਥਾਂ ਕਾਰਨ ਅਨੇਕਾਂ ਰਸਾਇਣਕ ਕਿਰਿਆਵਾਂ ਹੋ ਰਹੀਆਂ ਹਨ। ਸਾਡੀ ਦੇਖਣ ਵਾਲੀ ਅੱਖ ਦੀ
ਦ੍ਰਿਸ਼ਟੀ ਬੜੀ ਸੀਮਤ ਹੈ, ਕਿਸੇ ਖਾਸ ਦੂਰੀ ਤੋਂ ਅੱਗੇ ਜਾਂ ਸਾਡੀਆਂ ਅੱਖਾਂ ਤੋਂ ਉਹਲੇ ਸ੍ਰਿਸ਼ਟੀ
ਵਿੱਚ ਕੀ-ਕੀ ਵਾਪਰ ਰਿਹਾ ਹੈ, ਇਸ ਬਾਰੇ ਸਾਡਾ ਸੀਮਤ ਗਿਆਨ ਕੁਦਰਤ ਦੀ ਬੇਅੰਤਤਾਈ ਨੂੰ ਨਹੀਂ ਸਮਝ
ਸਕਦਾ। ਸਾਇੰਸਦਾਨ ਰੋਜ਼ਾਨਾ ਕੁਦਰਤ ਦੀ ਖੋਜ ਕਰਕੇ ਨਵੀਆਂ-ਨਵੀਆਂ ਕਾਂਢਾਂ ਕੱਢ ਰਹੇ ਹਨ। ਜੋ ਕਿ ਆਮ
ਮਨੁੱਖ ਨੂੰ ਹੈਰਾਨ ਕਰਨ ਵਾਲੀਆਂ ਹਨ। ਸ੍ਰਿਸ਼ਟੀ ਵਿੱਚ ਪ੍ਰਭੂ ਦੇ ਕਿਸੇ ਨਿਯਮ ਅਧੀਨ ਕਿਸੇ ਘਟਨਾ ਦੇ
ਵਾਪਰ ਜਾਣ ਨੂੰ ਮਨੁੱਖ ਸਦੀਆਂ ਤੋਂ ਜਿੰਨ੍ਹਾਂ-ਭੂਤਾਂ ਦੀ ਹੋਂਦ ਦਾ ਭਰਮ ਪਾਲ ਬੈਠਦਾ ਰਿਹਾ ਹੈ।
ਅਜਿਹੇ ਵਹਿਮਾਂ-ਭਰਮਾਂ ਦਾ ਸ਼ਿਕਾਰ ਅਤੇ ਮਾਨਸਿਕ ਤੌਰ ਤੇ ਰੋਗੀ ਲੋਕਾਂ ਨੂੰ ਬਨਾਰਸ ਦੇ ਠੱਗ ਸਦੀਆਂ
ਤੋਂ ਲੁੱਟਦੇ ਰਹੇ ਹਨ।
ਕਈ
ਚੰਗੇ ਗੁਣੀ-ਗਿਆਨੀ ਸਿੱਖ ਪ੍ਰਚਾਰਕ ਵੀ ਅਜਿਹਾ ਕਹਿੰਦੇ ਅਕਸਰ ਸੁਣੇ ਜਾਂਦੇ ਹਨ ਕਿ ਭੂਤ-ਪ੍ਰੇਤ
ਹੁੰਦੇ ਤਾਂ ਹਨ, ਪਰ ਕੜਾ ਹੱਥ ਵਿੱਚ ਪਾਉਣ ਨਾਲ, ਲੋਹੇ ਦੀ ਚੀਜ਼ ਕੋਲ ਰੱਖਣ ਨਾਲ ਜਾਂ ਪਾਠ ਕਰਨ ਨਾਲ
ਭੂਤ-ਪ੍ਰੇਤ ਨੇੜੇ ਨਹੀਂ ਆਉਂਦੇ। ਅਜਿਹੇ ਪ੍ਰਚਾਰਕ ਤੇ ਸਾਧ-ਸੰਤ ਵੀ ਭੂਤਾਂ-ਪ੍ਰੇਤਾਂ ਸਬੰਧੀ
ਮਨੁੱਖੀ ਮਨ ਦੇ ਭਰਮ ਨੂੰ ਪੱਕਾ ਕਰਨ ਵਿੱਚ ਸਹਾਈ ਹੋ ਰਹੇ ਹਨ। ਭਲਾ ਉਨ੍ਹਾਂ ਨੂੰ ਪੁਛੇ ਕਿ ਤੁਹਾਡੇ
ਕਹਿਣ ਮੁਤਾਬਿਕ ਜਿਹੜੀ ਭੂਤ ਆਤਮਾ ਕਿਸੇ ਨੂੰ ਦਿਸਦੀ ਨਹੀਂ, ਉਸਦਾ ਕਿਰਪਾਨ ਜਾਂ ਕੋਈ ਹਥਿਆਰ ਕੀ
ਵਿਗਾੜ ਸਕਦੇ ਹਨ? ਇਹੀ ਲੋਕ ਇੱਕ ਪਾਸੇ ਆਖਦੇ ਹਨ ਕਿ ਭੂਤ ਆਤਮਾ ਹੁੰਦੀ ਹੈ, ਜਿਸਨੂੰ ਅਜੇ ਸਰੀਰ
ਨਹੀਂ ਮਿਲਿਆ ਹੁੰਦਾ ਤੇ ਉਹ ਭਟਕਦੀ ਫਿਰਦੀ ਹੁੰਦੀ ਹੈ, ਦੂਜੇ ਪਾਸੇ ਆਪ ਹੀ ਇਹ ਕਹਿੰਦੇ ਹਨ ਕਿ
ਆਤਮਾ ਸੂਖਸ਼ਮ ਰੂਪ ਵਿੱਚ ਹੁੰਦੀ ਹੈ, ਫਿਰ ਉਹ ਸੂਖਸ਼ਮ ਕਿਸੇ ਦਾ ਕਿਵੇਂ ਨੁਕਸਾਨ ਕਰ ਸਕਦੀ ਹੈ।
ਫਿਲਮਾਂ, ਕਿਤਾਬਾਂ ਦੀ ਕਹਾਣੀਆਂ ਤੇ ਬਾਬਿਆਂ ਦੀ ਝੂਠੀਆਂ ਸਾਖੀਆਂ
ਮਨੁੱਖੀ ਮਨ ਤੇ ਫਿਲਮਾਂ ਜਾਂ ਕਿਤਾਬਾਂ ਦਾ ਅਕਸਰ ਅਸਰ ਹੁੰਦਾ ਹੈ। ਦੁਨੀਆਂ
ਭਰ ਵਿੱਚ ਫਿਲਮਾਂ ਬਣਾਉਣ ਵਾਲੇ ਲੋਕ ਮਨਾਂ ਵਿੱਚ ਸਦੀਆਂ ਤੋਂ ਪਏ ਭੂਤਾਂ ਪ੍ਰੇਤਾਂ ਦੇ ਪੱਖ ਨੂੰ
ਮੁੱਖ ਰੱਖ ਕੇ ਮਨੋਰੰਜ਼ਨ ਲਈ ਫਿਲਮਾਂ ਬਣਾਉਂਦੇ ਹਨ ਤੇ ਕਈ ਲੇਖਕ ਭੂਤਾਂ ਅਧਾਰਿਤ ਨਾਵਲ ਤੇ ਕਹਾਣੀਆਂ
ਲਿਖਦੇ ਰਹਿੰਦੇ ਹਨ, ਭਾਵੇਂ ਕਿ ਉਹ ਮਨੋਰੰਜ਼ਨ ਪੱਖ ਤੋਂ ਹੁੰਦੀਆਂ ਹਨ, ਪਰ ਇਹ ਵੀ ਆਮ ਵਿਅਕਤੀ ਦੇ
ਮਨ ਤੇ ਭੂਤਾਂ-ਪ੍ਰੇਤਾਂ ਦੇ ਭਰਮ ਨੂੰ ਪੱਕਾ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਸੇ ਤਰ੍ਹਾਂ ਲੋਕਾਂ
ਦੇ ਮਨਾਂ ਤੇ ਸਾਧ ਭੇਸ ਵਾਲੇ ਵਿਅਕਤੀ ਦਾ ਪਹਿਰਾਵਾ, ਦੇਖ ਕੇ ਹੀ ਪ੍ਰਭਾਵ ਪੈ ਜਾਦਾ ਹੈ। ਉਨ੍ਹਾਂ
ਵਲੋਂ ਅਕਸਰ ਧਰਮ ਨੂੰ ਧੰਦਾ ਬਣਾਇਆ ਹੁੰਦਾ ਹੈ, ਇਸ ਲਈ ਉਹ ਵੀ ਅਜਿਹੇ ਭਰਮਾਂ ਨੂੰ ਪੱਕੇ ਕਰਨ ਲਈ
ਝੂਠੀਆਂ ਸਾਖੀਆਂ ਜਾਂ ਕਹਾਣੀਆਂ ਸੁਣਾਉਂਦੇ ਹਨ, ਜਿਨ੍ਹਾਂ ਦਾ ਸਚਾਈ ਨਾਲ ਕੋਈ ਸਬੰਧ ਨਹੀਂ। ਇਸੇ
ਤਰ੍ਹਾਂ ਗੁਰਬਾਣੀ ਗਿਆਨ ਤੋਂ ਕੋਰੇ, ਅਨਪੜ੍ਹ ਜਾਂ ਅਧਪੜ੍ਹ ਪ੍ਰਚਾਰਕ ਵੀ ਡੇਰਿਆਂ ਵਿਚੋਂ ੳਾਪਣੇ
ਸਾਧਾਂ ਤੋਂ ਸੁਣੀਆਂ ਸੁਣਾਈਆਂ ਸਾਖੀਆਂ ਆਦਿ ਅੱਗੇ ਸ਼ਰਧਾਲੂਆਂ ਨੂ ਸੁਣਾ ਕੇ ਉਨ੍ਹਾਂ ਦਾ ਭਰਮ ਹੋਰ
ਪੱਕਾ ਕਰਦੇ ਰਹਿੰਦੇ ਹਨ।
ਅਸੀਂ ਇਸ ਲੇਖ ਰਾਹੀਂ ਇਲਾਹੀ ਗਿਆਨ ਦੇ ਸਮੁੰਦਰ ਗੁਰੂ ਗ੍ਰੰਥ ਸਾਹਿਬ ਦੇ
ਅਨੇਕਾਂ ਪਾਵਨ ਸ਼ਬਦਾਂ ਰਾਹੀਂ ਜਾਣ ਲਿਆ ਹੈ ਕਿ ਭੂਤ-ਪ੍ਰੇਤ ਕੋਈ ਰੂਹ, ਭਟਕਦੀ ਆਤਮਾ ਜਾਂ ਜੂਨ
ਨਹੀਂ, ਸਗੋਂ ਮਨੁੱਖੀ ਮਨ ਦਾ ਭਰਮ ਹਨ। ਜਿਵੇਂ ਮਨੁੱਖੀ ਸੂਝ-ਬੂਝ ਜਾਂ ਗਿਆਨ ਦਾ ਵਾਧਾ ਹੋ ਰਿਹਾ
ਹੈ, ਅਜਿਹੇ ਭਰਮ ਘਟ ਰਹੇ ਹਨ। ਅਗਿਆਨਤਾ ਕਾਰਨ ਹੀ ਸ਼ਹਿਰੀ ਜਾਂ ਪੜ੍ਹੇ ਲਿਖੇ ਲੋਕਾਂ ਨਾਲੋਂ ਅਨਪੜ੍ਹ
ਪੇਂਡੂਆਂ ਨੂੰ ਭੂਤ ਜ਼ਿਆਦਾ ਚੰਬੜਦੇ ਹਨ। ਦੂਸਰਾ ਸਰੀਰਕ ਤੇ ਮਾਨਸਿਕ ਤੌਰ ਤੇ ਕਮਜੋਰ ਔਰਤਾਂ ਨੂੰ
ਮਰਦਾਂ ਦੇ ਮੁਕਾਬਲੇ ਵੱਧ ਭੂਤ ਚੰਬੜਦੇ ਹਨ। ਇਸੇ ਤਰ੍ਹਾਂ ਵਿਦਿਆ ਜਾਂ ਵਿਗਿਆਨਕ ਤਰੱਕੀ ਵਿੱਚ ਪਛੜ
ਚੁੱਕੇ ਲੋਕਾਂ ਜਾਂ ਦੇਸ਼ਾਂ ਵਿੱਚ ਭੂਤਾਂ ਪ੍ਰੇਤਾਂ ਬਾਰੇ ਭਰਮ ਵੱਧ ਪਾਏ ਜਾਂਦੇ ਹਨ। ਕਨੇਡਾ,
ਅਮਰੀਕਾ ਜਾਂ ਹੋਰ ਵਿਕਸਤ ਦੇਸ਼ਾਂ ਵਿੱਚ ਭੂਤਾਂ ਦੀ ਕੋਈ ਹੋਂਦ ਨਹੀਂ ਮਿਲਦੀ, ਸ਼ਾਇਦ ਪੜ੍ਹ ਲਿਖ ਕੇ
ਜਾਂ ਤਰੱਕੀ ਕਰਕੇ ਇਨ੍ਹਾਂ ਸਭ ਦੀ ਮੁਕਤੀ ਹੋ ਚੁੱਕੀ ਹੈ। ਭਾਰਤੀ ਲੋਕਾਂ ਵਿਚੋਂ ਭੂਤਾਂ ਪ੍ਰੇਤਾਂ
ਦਾ ਭਰਮ ਕੱਢਣ ਲਈ ਕਈ ਤਰਕਸ਼ੀਲ ਸੁਸਾਇਟੀਆਂ ਵਧੀਆ ਕੰਮ ਕਰ ਰਹੀਆਂ ਹਨ। ਉਨ੍ਹਾਂ ਵਲੋਂ ਅਨੇਕਾਂ ਵਾਰ
ਪਿੰਡਾਂ ਵਿੱਚ ਭੂਤਾਂ ਦੇ ਕੇਸਾਂ ਨੂੰ ਹੱਲ ਕਰਕੇ ਦੱਸਿਆ ਹੈ ਕਿ ਇਹ ਮਾਨਸਿਕ ਰੋਗਾਂ ਦੇ ਕੇਸ ਸਨ।
ਇਸੇ ਤਰ੍ਹਾਂ ਉਨ੍ਹਾਂ ਅਨੇਕਾਂ ਪਾਖੰਡੀ ਬਾਬਿਆਂ ਜਾਂ ਤੰਤਰਿਕਾਂ ਨੂੰ ਚੈਲਿੰਜ ਕਰਕੇ ਭਜਾਇਆ ਹੈ।
ਜਿਸ ਨਾਲ ਭਾਰਤੀ ਸਮਾਜ ਵਿੱਚ ਜਾਗਰਤੀ ਆ ਰਹੀ ਹੈ ਤੇ ਭੂਤਾਂ ਪ੍ਰੇਤਾਂ ਦਾ ਭਰਮ ਦੂਰ ਹੋ ਰਿਹਾ ਹੈ।
ਭਾਵੇਂ ਕਿ ਮੀਡੀਏ ਦਾ ਇੱਕ ਹਿੱਸਾ ਪੈਸੇ ਦੇ ਲਾਲਚ ਵਿੱਚ ਇਨ੍ਹਾਂ ਭਰਮਾਂ ਨੂੰ ਪੱਕਾ ਕਰਨ ਲਈ ਨਾਂਹ
ਪੱਖੀ ਰੋਲ ਅਦਾ ਕਰ ਰਿਹਾ ਹੈ। ਫਿਰ ਵੀ ਹੁਣ ਭਾਰਤੀ ਲੋਕ ਪੜ੍ਹ ਲਿਖ ਕੇ ਭੂਤਾਂ ਆਦਿ ਦੇ ਭਰਮਾਂ ਤੋਂ
ਮੁਕਤ ਹੋ ਰਹੇ ਹਨ, ਭਾਵੇਂ ਕਿ ਧਰਮਾਂ ਦੇ ਪੁਜਾਰੀ ਆਪਣੇ ਧੰਦੇ ਨੂੰ ਚਲਦਾ ਰੱਖਣ ਲਈ ਸ਼ਰਧਾਲੂਆਂ ਨੂੰ
ਅਜੇ ਵੀ ਅਜਿਹੇ ਭਰਮਾਂ ਵਿੱਚ ਪਾਈ ਰੱਖਣ ਨੂੰ ਧਰਮ ਦਾ ਹਿੱਸਾ ਮੰਨਦੇ ਹਨ। ਸਾਡੇ ਸਾਧ ਬਾਬੇ ਵੀ ਅਜੇ
ਆਪਣੇ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਅਜਿਹੀਆਂ ਕਥਾ ਕਹਾਣੀਆਂ ਸੁਣਾਉਂਦੇ ਹਨ, ਪਰ ਬਹੁਤ ਸਾਰੇ ਪੜ੍ਹੇ
ਲਿਖੇ ਪ੍ਰਚਾਰਕ ਹੁਣ ਲੋਕਾਂ ਨੂੰ ਇਨ੍ਹਾਂ ਭਰਮਾਂ ਤੋਂ ਸੁਚੇਤ ਕਰਕੇ ਭੂਤਾਂ ਆਦਿ ਦਾ ਭਰਮ ਭਜਾ ਰਹੇ
ਹਨ। ਮੇਰੇ ਖਿਆਲ ਵਿੱਚ ਜਿਸ ਤਰ੍ਹਾਂ ਮਨੁੱਖੀ ਸਮਾਜ ਵਿੱਚ ਕੁਦਰਤ ਤੇ ਵਿਗਿਆਨ ਦਾ ਗਿਆਨ ਵਧੇਗਾ,
ਲੋਕਾਂ ਦੀ ਸੋਚ ਵਿਗਿਆਨਕ ਹੋਵੇਗੀ, ਉਸ ਤਰ੍ਹਾਂ ਭੂਤਾਂ ਦੇ ਭਰਮਾਂ ਸਮੇਤ ਅਨੇਕਾਂ ਹੋਰ ਭਰਮ
ਭੁਲੇਖਿਆਂ ਦਾ ਵੀ ਨਾਸ ਹੋਵੇਗਾ।
¨¨¨¨¨