.

ਅਰਥ ਨਿਖਾਰ

ਪਵਨੈ ਮਹਿ ਪਵਨੁ ਸਮਾਇਆ॥

ਜੋਤੀ ਮਹਿ ਜੋਤਿ ਰਲਿ ਜਾਇਆ॥

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪੰ: ੮੮੫ `ਤੇ ਰਾਮਕਲੀ ਰਾਗ `ਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ:

ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ ੧ 

ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ ੧॥ ਰਹਾਉ॥

ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਊਠਿ ਸਿਧਾਈ॥ ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ॥ ੨॥

ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ ੩॥

ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ ੪॥ ੧੦॥”

ਕੁਝ ਸ਼ਬਦ ਸੰਬੰਧੀ-ਦਰਅਸਲ ਜਾਣੇ-ਅਣਜਾਣੇ ਸਾਡੇ ਕਈ ਸੁਲਝੇ ਵਿਦਵਾਨ ਵੀ ਇਸ ਸ਼ਬਦ ਦੇ ਅਰਥਾਂ ਬਾਰੇ ਉਲਝੇ ਤੇ ਕੁਰਾਹੇ ਪਏ ਨਜ਼ਰ ਆ ਰਹੇ ਹਨ। ਇਸੇ ਲਈ ਸ਼ਬਦ ਦੇ ਮੂਲ ਅਰਥਾਂ ਨੂੰ ਘੋਖਣ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਫ਼ਿਰ ਇਤਨਾ ਹੀ ਨਹੀਂ, ਕੁੱਝ ਸੱਜਨ ਤਾਂ ਇਸ ਸ਼ਬਦ ਨੂੰ ਆਧਾਰ ਬਣਾ ਕੇ ਅਜਿਹਾ ਪ੍ਰਚਾਰ ਵੀ ਕਰ ਰਹੇ ਹਨ, ਜਿਵੇਂ ਕਿ ਸਿੱਖ ਧਰਮ ਅਤੇ ਗਰਬਾਣੀ ਅਨੁਸਾਰ ਜਨਮ-ਮਰਨ ਦੇ ਗੇੜ ਅਤੇ ਅਗ਼ਲੀਆਂ-ਪਿਛਲੀਆਂ ਜੂਨਾਂ ਵਾਲਾ ਵਿਸ਼ਾ ਹੈ ਹੀ ਨਹੀਂ। ਜਦਕਿ ਗੁਰਬਾਣੀ ਅਨੁਸਾਰ ਜਨਮ-–ਮਰਨ ਵਾਲਾ ਵਿਸ਼ਾ ਤਾਂ ਹੈ ਪਰ ਕਿਸ ਰੂਪ `ਚ? ਇਸਨੂੰ ਕੇਵਲ ਤੇ ਕੇਵਲ ਗੁਰਬਾਣੀ `ਚੋਂ ਹੀ ਸਮਝਿਆ ਜਾ ਸਕਦਾ ਹੈ, ਬਾਹਿਰੋਂ ਕਿਧਰੋਂ ਵੀ ਇਸਦੀ ਸਮਝ ਨਹੀਂ ਆ ਸਕਦੀ।

ਗੁਰਬਾਣੀ ਅਨੁਸਾਰ ਕੇਵਲ ਸਫ਼ਲ ਮਨੁੱਖਾ ਜਨਮ ਹੀ ਹੁੰਦਾ ਹੈ ਜਿਸ `ਤੇ ਮੌਤ ਤੋਂ ਬਾਅਦ ਮੁੜ ਜਨਮ-–ਮਰਨ ਤੇ ਜੂਨਾਂ-ਗਰਭਾਂ ਆਦਿ ਵਾਲਾ ਵਿਸ਼ਾ ਲਾਗੂ ਨਹੀਂ ਹੁੰਦਾ। ਅਜਿਹੇ ਜੀਊੜੇ ਮੌਤ ਤੋਂ ਬਾਅਦ ਕਰਤੇ ਪ੍ਰਭੂ `ਚ ਹੀ ਸਮਾਅ ਜਾਂਦੇ ਤੇ ਉਸੇ `ਚ ਅਭੇਦ ਹੋ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ। ਜਦਕਿ ਗੁਰਬਾਣੀ ਅਨੁਸਾਰ ਮਨਮੁਖਾਂ `ਤੇ ਮੌਤ ਤੋਂ ਬਾਅਦ ਫ਼ਿਰ ਤੋਂ ਜਨਮ-ਮਰਨ ਤੇ ਜੂਨਾਂ ਗਰਭਾਂ ਆਦਿ ਵਾਲਾ ਵਿਸ਼ਾ ਬਰਾਬਰ ਲਾਗੂ ਹੁੰਦਾ ਹੈ ਜਿਵੇਂ:

“ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ” (ਪੰ: ੬੪) ਅਤੇ

“ਗੁਰਮੁਖਿ ਲਾਹਾ ਲੈ ਗਏ, ਮਨਮੁਖ ਚਲੇ ਮੂਲੁ ਗਵਾਇ ਜੀਉ” (ਪੰ: ੭੪)। ਬਲਕਿ

“ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ” (ਪੰ: ੬੮) “ਲੋੜ ਹੈ ਤਾਂ ਸੰਬੰਧਤ ਸ਼ਬਦ ਨੂੰ ਇਸ ਦੇ ਪਰੀਪੇਖ ਅਤੇ ਸ਼ਬਦ ਵਿਚਲੇ ਗੁਰਬਾਣੀ ਸਿਧਾਂਤ ਨੂੰ ਸਮਝਣ ਦੀ, ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ।

ਵਿਸ਼ੇਸ਼ ਧਿਆਨ ਯੋਗ-ਸਿੱਖ ਧਰਮ ਸੰਬੰਧੀ ਜਨਮ-ਮਰਨ, ਆਵਾਗਉਣ, ਕਰਮ ਫ਼ਿਲਸਫ਼ੀ, ਅਗ਼ਲੀਆਂ-ਪਿਛਲੀਆਂ ਜੂਨਾਂ ਆਦਿ ਬਾਰੇ ਗੱਲ ਕਰਦਿਆਂ, ਅਜਿਹਾ ਕਹਿਣਾ ਤਾਂ ਠੀਕ ਵੀ ਹੈ ਤੇ ਸੱਚ ਵੀ ਕਿ ਗੁਰਬਾਣੀ ਦਾ ਇਸ ਪੱਖੋਂ ਗਰੁੜ ਪੁਰਾਨ, ਸ਼ਾਂਖ ਸ਼ਾਸਤ੍ਰ ਆਦਿ ਬ੍ਰਾਹਮਣੀ ਰਚਨਾਵਾਂ ਜਾਂ ਕਿਸੇ ਵੀ ਹੋਰ ਬਾਹਰਲੀ ਵਿਚਾਰਧਾਰਾ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ। ਇਹ ਵੀ ਕਿ ਗੁਰਬਾਣੀ ਨੇ ਉਨ੍ਹਾਂ ਰਚਨਾਵਾਂ ਨੂੰ ਮੂਲੋਂ ਹੀ ਪ੍ਰਵਾਣ ਨਹੀਂ ਕੀਤਾ ਬਲਕਿ ਖੰਡਣ ਵੀ ਕੀਤਾ ਹੈ।

ਉਂਜ ਗੁਰਬਾਣੀ `ਚ ਵੀ ਆਵਾਗਉਣ ਆਦਿ ਵਾਲੀ ਸਮੂਚੀ ਸ਼ਬਦਾਵਲੀ ਹੈ ਪਰ ਉਸ ਦੇ ਬਿਲਕੁਲ ਬਦਲਵੇਂ, ਨਿਵੇਕਲੇ, ਤੇ ਗੁਰਬਾਣੀ ਅਰਥਾਂ `ਚ। ਇਸ ਦੇ ਉਲਟ, ਇਹ ਕਹਿਣਾ ਕਿ ਗੁਰਬਾਣੀ ਅਨੁਸਾਰ ਜਨਮ-ਮਰਨ ਦਾ ਵਿਸ਼ਾ ਹੈ ਹੀ ਨਹੀ ਜਾਂ ਗੁਰਬਾਣੀ ਅਨੁਸਾਰ ਇਹ ਸਰੀਰ ਹੀ ਸਭਕੁਝ ਹੈ, ਇਸ ਦਾ ਅੱਗਾ-ਪਿਛਾ ਹੀ ਕੁੱਝ ਨਹੀਂ, ਗੁਰਬਾਣੀ ਆਧਾਰ `ਤੇ ਇਹ ਗੱਲਾਂ ਬਿਲਕੁਲ ਠੀਕ ਸਾਬਤ ਨਹੀਂ ਹੁੰਦੀਆਂ। ਇਸ ਤੋਂ ਇਲਾਵਾ, ਗੁਰਬਾਣੀ `ਚ ਆਈ ਅਜਿਹੀ ਸਮੂਚੀ ਸ਼ਬਦਾਵਲੀ ਦੇ ਦੋ ਪੱਖ ਹੋਰ ਵੀ ਹਨ। ਇੱਕ ਇਹ ਕਿ ਉਹ ਸ਼ਬਦਾਵਲੀ ਪ੍ਰਚਲਤ ਬ੍ਰਾਹਮਣੀ ਅਰਥਾਂ ਦੇ ਖੰਡਣ ਲਈ ਵੀ ਆਈ ਹੈ ਫ਼ਿਰ ਕਈ ਵਾਰ ਰੂਪਕ ਅਲੰਕਾਰ ਵੱਜੋਂ ਵੀ ਆਈ ਹੈ। ਲੋੜ ਹੈ ਤਾਂ ਪ੍ਰਕਰਣ ਅਨੁਸਾਰ ਵਿਸ਼ੇ ਨੂੰ ਲੈਣ ਦੀ।

“ਜੋ ਬ੍ਰਹਮੰਡੇ ਸੋਈ ਪਿੰਡੇ” -ਗਹਿਰਾਈ ਤੋਂ ਦੇਖਿਆ ਜਾਵੇ ਤਾਂ ਜਿਹੜੀ ਗੱਲ ਭਗਤ ਪੀਪਾ ਜੀ ਆਪਣੇ ਸ਼ਬਦ “ਕਾਯਉ ਦੇਵਾ ਕਾਇਅਉ ਦੇਵਲ” ਦੇ ਬੰਦ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥” ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ” (ਪੰ: ੬੯੫) `ਚ ਕਹਿ ਰਹੇ ਹਨ। ਦਰਅਸਲ ਹੋਰ ਵੀ ਬਹੁਤੇਰੇ ਵਾਧਿਆਂ ਸਹਿਤ ਉਹੀ ਵਿਸ਼ਾ ਪੰਜਵੇਂ ਪਾਤਸ਼ਤਹ ਨੇ ਉਪ੍ਰੋਕਤ ਸ਼ਬਦ `ਚ ਵੀ ਨਿਭਾਇਆ ਹੈ। ਜਿਵੇਂ ਆਪਣੇ ਇਸ ਬੰਦ `ਚ ਭਗਤ ਜੀ ਕਹਿ ਰਹੇ ਹਨ, ਐ ਇਨਸਾਨ! ਕਰਤੇ ਦੀ ਰਚਨਾ ਵੱਲ ਦੇਖ! ਕਰਤੇ ਪ੍ਰਭੂ ਦਾ ਜਿਹੜਾ ਨਿਯਮ ਉਸ ਦੀ ਸਮੂਚੀ ਰਚਨਾ `ਤੇ ਲਾਗੂ ਹੁੰਦਾ ਹੈ। ਕਰਤੇ ਦਾ ਉਹੀ ਨਿਯਮ ਤੇਰੇ ਸਰੀਰ `ਤੇ ਲਾਗੂ ਹੁੰਦਾ ਹੈ। ਸੰਖੇਪ `ਚ:-

ਪੀਪਾ ਜੀ ਕਹਿੰਦੇ ਹਨ ਕਿ ਪ੍ਰਭੂ ਨੇ ਪੰਜ ਤੱਤਾਂ ਦੇ ਮਿਲਾਪ ਤੋਂ ਤੇਰਾ ਸਰੀਰ ਘੜਿਆ ਹੈ ਅਤੇ ਉਸ `ਚ ਜੀਵਨ ਤਤ, ਕਰਤੇ ਦਾ ਨੂਰ, ਅੰਸ਼ ਅਥਵਾ ਜੋਤ ਪਾਈ ਹੋਈ ਹੈ। ਇਸੇ ਤਰ੍ਹਾਂ ਸਮੂਚੀ ਰਚਨਾ ਦੀ ਹੋਂਦ ਤੇ ਬਨਾਵਟ ਵੀ “ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ” ਉਨ੍ਹਾਂ ਹੀ ਪੰਜ ਤੱਤਾਂ ਦੇ ਮਿਲਾਪ ਤੋਂ ਬਣੀ ਹੋਈ ਹੈ ਅਤੇ ਉਸ ਦੇ ਜ਼ਰੇ ਜ਼ਰੇ `ਚ ਵੀ ਪਰਮ ਤਤ ਉਸ ਕਰਤੇ ਦੀ ਹੋਂਦ ਹੀ ਹੈ ਪਰ ਇਸ ਦੀ ਸਮਝ ਕੇਵਲ ਸ਼ਬਦ-ਗੁਰੂ ਦੀ ਕਮਾਈ ਤੋਂ ਹੀ ਆ ਸਕਦੀ ਹੈ, ਉਸ ਤੋਂ ਬਿਨਾ ਨਹੀਂ।

ਇਸ ਤਰ੍ਹਾਂ ਸੰਬੰਧਤ ਸ਼ਬਦ `ਚ ਵੀ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ” ਅਤੇ “ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ” ਭਾਵ ਉਹੀ ਵਿਸ਼ਾ ਜੋ ਪੀਪਾ ਜੀ ਨੇ “ਪੀਪਾ ਪ੍ਰਣਵੈ ਪਰਮ ਤਤੁ ਹੈ” ਕਹਿ ਕੇ ਬਿਆਣਿਆ ਹੈ ਗੁਰਦੇਵ ਨੇ ਇਥੇ ਵੀ ਉਨ੍ਹਾਂ ਹੀ ਪੰਜ ਤੱਤਾਂ ਦੇ ਮਿਲਾਪ ਅਤੇ ਪ੍ਰਭੂ ਦੇ ਨੂਰ ਦੀ ਗੱਲ ਹੀ ਕੀਤੀ ਹੈ। ਦੂਜਾ “ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ” ਵਾਲਾ ਵਿਸ਼ਾ ਵੀ ਗੁਰਬਾਣੀ `ਚ ਸੈਂਕੜੇ ਵਾਰ ਆਇਆ ਹੈ ਜਿਵੇਂ “ਦੇਹੀ ਅੰਦਰਿ ਨਾਮੁ ਨਿਵਾਸੀ॥ ਆਪੇ ਕਰਤਾ ਹੈ ਅਬਿਨਾਸੀ॥ ਨਾ ਜੀਉ ਮਰੈ ਨ ਮਾਰਿਆ ਜਾਈ, ਕਰਿ ਦੇਖੈ ਸਬਦਿ ਰਜਾਈ ਹੇ” (ਪੰ: ੧੦੨੬)॥

ਇਥੇ ਦਿੱਤੇ ਜਾ ਰਹੇ ਕੇਵਲ ਇੱਕ ਦੋ ਫ਼ੁਰਮਾਨ ਹੀ ਨਹੀਂ ਬਲਕਿ ਗੁਰਬਾਣੀ `ਚ ਤਾਂ ਇਸ ਵਿਸ਼ੇ ਨਾਲ ਸੰਬੰਧਤ ਹੋਰ ਵੀ ਬਹੁਤੇਰੇ ਫ਼ੁਰਮਾਨ ਹਨ। ਲੋੜ ਹੈ ਤਾਂ ਸ਼ਬਦ ਦੇ ਮੂਲ ਵਿਸ਼ੇ ਨੂੰ ਇਸ ਦੇ ਠੀਕ ਪਰੀਪੇਖ `ਚ ਸਮਝਣ ਦੀ। ਘੋਖਿਆ ਜਾਵੇ ਤਾਂ ਜਦੋਂ ਇਸ ਸ਼ਬਦ `ਚ ਮਨੁੱਖਾ ਜਨਮ ਦਸਫ਼ਲ ਜਾਂ ਅਸਫ਼ਲ, ਮਨੁੱਖਾ ਸਰੀਰ ਵਿਚਲੇ ਪ੍ਰਭੂ `ਚ ਅਭੇਦ ਕਰਣ ਵਾਲੇ ਮਨ ਤੇ ਉਸ ਮਨ ਦੀ ਹਉਮੈ ਜਿਵੇਂ “ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ” (ਬਾਣੀ ਜਪੁ) ਭਾਵ ਜਿਹੜੀ ਹਊਮੈ ਪ੍ਰਭੂ ਤੋਂ ਵਿਛੋੜਣ ਤੇ ਜਨਮਾਂ-ਗਰਭਾਂ ਦਾ ਕਾਰਣ ਬਣਦੀ ਹੈ, ਉਸ ‘ਮਨ’ ਜਾਂ ‘ਹਉਮੈ’ ਆਦਿ ਵਾਲਾ ਵਿਸ਼ਾ ਹੀ ਇਸ ਸ਼ਬਦ `ਚ ਨਹੀਂ, ਤਾਂ ਇਸ ਸ਼ਬਦ `ਚ ਜਨਮ-ਮਰਨ ਦੇ ਸਿਧਾਂਤ ਦਾ ਮਿਲੇਗਾ ਵੀ ਕਿਥੋਂ?

ਦਰਅਸਲ ਇਸ ਸ਼ਬਦ `ਚ ਜ਼ਿਕਰ ਹੀ ਮਨੁੱਖਾ ਸ਼ਰੀਰ ਦੀ ਉਸ ਨਸ਼ਵਰਤਾ ਦਾ ਹੈ ਜਿਹੜਾ ਜ਼ਿਕਰ ਗੁਰਬਾਣੀ `ਚ ਹੋਰ ਹੀ ਬੇਅੰਤ ਵਾਰ ਆਇਆ ਹੈ ਜਿਵੇਂ “ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ” (ਪੰ: ੬੫੪)। ਇਸੇ ਤਰ੍ਹਾਂ ਇਥੇ ਵੀ ਦੂਜਿਆਂ ਦੇ ਰੋਣ ਪਿਟਣ ਆਦਿ ਬਾਰੇ ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਰੋਵਨਹਾਰੇ ਕੀ ਕਵਨ ਟੇਕ”. .”ਰੋਵਨਹਾਰੁ ਭਿ ਊਠਿ ਸਿਧਾਈ॥ ਭਰਮ ਮੋਹ ਕੇ ਬਾਂਧੇ ਬੰਧ॥ ਸੁਪਨੁ ਭਇਆ ਭਖਲਾਏ ਅੰਧ” ਭਾਵ ਐ ਭਾਈ! ਅੱਜ ਉਸ ਦੀ ਮੌਤ ਹੋਈ ਤੇ ਤੂੰ ਰੋ ਰਿਹਾ ਹੈਂ, ਕੱਲ ਤੂੰ ਵੀ ਇਸੇ ਤਰ੍ਹਾਂ ਹੀ ਮਰਣਾ ਹੈ। ਬਾਕੀ ਤਾਂ ਖਾਲੀ ਮੋਹ ਮਾਇਆ ਦੇ ਬੰਧਨ ਹੀ ਹਨ। ਇਸ ਤਰ੍ਹਾਂ ਇਹ ਸਾਰਾ ਰੋਣ ਪਿਟਣ ਤੇਰੀ ਅਗਿਆਨਤਾ ਦੀ ਉਪਜ ਤੇ ਸੁਪਨੇ ਦੀ ਨਿਆਂਈ ਹੀ ਹੈ”।

ਇਸੇ ਤਰ੍ਹਾਂ ਗੁਰਬਾਣੀ `ਚ ਅਜਿਹਾ ਵਰਨਣ ਹੋਰ ਵੀ ਅਨੇਕਾਂ ਵਾਰ ਆਇਆ ਹੈ ਜਿਵੇਂ “ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ” (ਪੰ: ੧੫) “ਓਹੀ ਓਹੀ ਕਿਆ ਕਰਹੁ, ਹੈ ਹੋਸੀ ਸੋਈ॥ ਤੁਮ ਰੋਵਹੁਗੇ ਓਸ ਨੋ, ਤੁਮੑ ਕਉ ਕਉਣੁ ਰੋਈ॥  ॥ ਧੰਧਾ ਪਿਟਿਹੁ ਭਾਈਹੋ ਤੁਮੑ ਕੂੜੁ ਕਮਾਵਹੁ॥ ਓਹੁ ਨ ਸੁਣਈ ਕਤ ਹੀ ਤੁਮੑ ਲੋਕ ਸੁਣਾਵਹੁ” (ਪੰ: ੪੧੮)। ਬਲਕਿ ਮਨੁੱਖਾ ਸਰੀਰ ਤੇ ਉਸ ਨੂੰ ਉਪਦੇਸ਼ ਨਾਲ ਸੰਬੰਧਤ ਤਾਂ ਸ਼ਬਦ ਵਿਚਲਾ ਕੇਵਲ ਇੱਕ ਪੱਖ ਹੀ ਹੈ। ਜਦਕਿ ਇਸ ਸ਼ਬਦ ਦਾ ਸੰਬੰਧ, ਸਮੂਚੀ ਰਚਨਾ `ਚ ਵਰਤ ਰਹੇ ਪ੍ਰਭੂ ਦਾ ਨਸ਼ਵਰਤਾ ਵਾਲਾ ਪੱਖ ਵੀ ਹੈ। ਫ਼ਿਰ ਵੀ ਮਨੁੱਖਾ ਸਰੀਰ ਦੇ ਜਨਮ ਮਰਨ ਵਾਲਾ ਵਿਸ਼ਾ, ਜਿਸਦਾ ਸ਼ੰਬੰਧ ਹੀ ਮਨੁੱਖ ਦੇ ਸਫ਼ਲ ਅਥਵਾ ਅਸਫ਼ਲ ਜੀਵਨ ਅਤੇ ਸਰੀਰ ਵਿਚਲੇ ਮਨ ਤੇ ਉਸਦੀ ਹਊੰਮੈ ਵੱਸ ਸੁਵਰਤੋਂ-ਕੁਵਰਤੋਂ ਨਾਲ ਹੈ, ਸੰਬੰਧਤ ਸ਼ਬਦ `ਚ ਮੂਲੋਂ ਹੀ ਨਹੀਂ ਅਤੇ ਨਾ ਹੀ, ਜਨਮ -ਮਰਨ ਸਿਧਾਂਤ ਇਸ ਸ਼ਬਦ ਦਾ ਵਿਸ਼ਾ ਹੀ ਹੈ।

ਇਸ ਤੋਂ ਬਾਅਦ ਸ਼ਬਦ “ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ, ਇਹੁ ਤਉ ਚਲਤੁ ਭਇਆ॥ ੧॥ ਰਹਾਉ॥” ਅਤੇ ਅੰਤਮ ਬੰਦ “ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ” ਇਹ ਵਿਸ਼ਾ ਵੀ ਗੁਰਬਾਣੀ `ਚ ਹਜ਼ਾਰਾਂ ਵਾਰ ਆਇਆ ਹੈ। ਜਿਵੇਂ “ਆਵਨ ਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੀਨੀ ਮਾਇਆ॥ ਸਭ ਕੈ ਮਧਿ ਅਲਿਪਤੋ ਰਹੈ॥ ਜੋ ਕਿਛੁ ਕਹਣਾ ਸੁ ਆਪੇ ਕਹੈ॥ ਆਗਿਆ ਆਵੈ ਆਗਿਆ ਜਾਇ॥ ਨਾਨਕ ਜਾ ਭਾਵੈ ਤਾ ਲਏ ਸਮਾਇ” (ਪ: ੨੯੪) ਭਾਵ ਕਰਤੇ ਨੇ ਇਹ ਰਚਨਾ ਤਾਂ ਆਉਣ-ਜਾਣ ਵਾਲੀ ਕੇਵਲ ਖੇਡ ਹੀ ਬਨਾਈ ਹੋਈ ਹੈ।

ਇਸੇ ਤਰ੍ਹਾਂ “ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ” (ਪ: ੨੯੨) ਹੋਰ “ਆਪਨ ਖੇਲੁ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ” (ਪੰ: ੨੯੧)। ਭਾਵ ਇਹ ਸਮੁਚੀ ਰਚਨਾ ਹੀ ਉਸ ਕਰਤੇ ਦੀ ਹੈ ਜਿਸ `ਚ ਉਸਨੇ “ਦੇਹੀ ਅੰਦਰਿ ਨਾਮੁ ਨਿਵਾਸੀ॥ ਆਪੇ ਕਰਤਾ ਹੈ ਅਬਿਨਾਸੀ॥ ਨਾ ਜੀਉ ਮਰੈ ਨ ਮਾਰਿਆ ਜਾਈ, ਕਰਿ ਦੇਖੈ ਸਬਦਿ ਰਜਾਈ ਹੇ” (ਪੰ: ੧੦੨੬)। ਤਾਂ ਤੇ ਇਹ ਵਿਸ਼ਾ ਵੀ ਇਥੇ ਅਜਿਹਾ ਨਹੀਂ ਜਿਥੋਂ ਕਿ ਅਜਿਹਾ ਭਰਮ ਪਾਲ ਲਿਆ ਜਾਵੇ।

ਬਾਕੀ ਜਿਥੋਂ ਤੱਕ ਇਥੇ ਇਹ ਪੰਕਤੀ ਹੈ ਕਿ “ਨਾ ਕੋਈ ਮਰੈ ਨ ਆਵੈ ਜਾਇਆ” ਉਸ ਸੰਬੰਧ `ਚ ਵੀ ਸਪਸ਼ਟ ਹੈ ਕਿ ਗੁਰਬਾਣੀ `ਚ ਹੋਰ ਅਨੇਕਾਂ ਥਾਵੇਂ ਮਨੁੱਖਾ ਸਰੀਰ ਦਾ ਜਨਮ-ਮਰਨ ਦਾ ਸਿਧਾਂਤ ਇਹੀ ਹੈ ਕਿ ਸਫ਼ਲ ਜੀਵਨ ਤਾਂ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ ਜਦਕਿ ਮਨਮੁਖ ਵੀ ਭਿੰਨ ਭਿੰਨ ਜੂਨਾਂ ਜਨਮਾਂ ਦੇ ਰੂਪ `ਚ, ਆਪਣੇ ਮਨੁੱਖਾ ਜਨਮ ਸਮੇਂ ਕੀਤੇ ਚੰਗੇ ਤੇ ਮਾੜੇ ਕਰਮਾਂ ਨੂੰ ਭੋਗਦੇ ਹੋਏ, ਫ਼ਿਰ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ, ਅੰਤ ਪ੍ਰਭੂ `ਚ ਹੀ ਸਮਾਅ ਜਾਂਦੇ ਹਨ; ਭਾਵ ਆਖ਼ਿਰੀ ਮੰਜ਼ਿਲ ਥਾ ਉਨ੍ਹਾਂ ਦੀ ਵੀ ਪ੍ਰਭੂ `ਚ ਸਮਾਉਣਾ ਹੀ ਹੁੰਦੀ ਹੈ।

ਇਸ ਤੋਂ ਬਾਅਦ ਸਮੂਚੇ ਸ਼ਬਦ `ਚ ਇੱਕ ਗੁਰਮੱਤ ਸਿਧਾਂਤ ਹੋਰ ਵੀ “ਅਗਲੀ ਕਿਛੁ ਖਬਰਿ ਨ ਪਾਈ”। ਉਪ੍ਰੰਤ ਇਥੇ ਵੀ ਦੇਖਣਾ ਹੈ ਕਿ ਮੌਤ ਤੋਂ ਬਾਅਦ ਜੀਵ ਦਾ ਕੀ ਹਸ਼ਰ ਹੋਇਆ ਤੇ ਉਸ ਦਾ ਕੀ ਬਣਿਆ, ਕਰਤੇ ਪ੍ਰਭੂ ਦੇ ਸੱਚ ਨਿਆਂ ਸੰਬੰਧੀ ਇਹ ਜ਼ਿਕਰ ਵੀ ਕੇਵਲ ਇਥੇ ਹੀ ਨਹੀਂ ਬਲਕਿ ਗੁਰਬਾਣੀ `ਚ ਹੋਰ ਵੀ ਬੇਅੰਤ ਵਾਰ ਆਇਆ ਹੈ ਮਿਸਾਲ ਵੱਜੋਂ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੮) ਜਾਂ “ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ” (ਪੰ: ੪੬੬) ਆਦਿ।

ਗੁਰਬਾਣੀ ਅਨੁਸਾਰ ਵਿਸ਼ਾ ਜਨਮ ਮਰਨ ਤੇ ਇਸਦੀ ਪਹਿਚਾਣ? - ਗੁਰਬਾਣੀ ਅਨੁਸਾਰ ਜਨਮ-ਮਰਨ ਦਾ ਵਿਸ਼ਾ ਹੈ ਜਾਂ ਨਹੀਂ? ਵਿਸ਼ੇ ਨਾਲ ਸੰਬੰਧਤ ਗੁਰਬਾਣੀ ਦੇ ਕਿਸੇ ਵੀ ਅਜਿਹੇ ਸ਼ਬਦ `ਚ ਗੁਰਬਾਣੀ ਆਧਾਰਿਤ ਜਨਮ-ਮਰਨ, ਆਵਾਗਉਣ, ਕਰਮ ਫ਼ਿਲਸਫ਼ੀ, ਅਗ਼ਲੀਆਂ-ਪਿਛਲੀਆਂ ਜੂਨਾਂ ਉਪ੍ਰੰਤ ਸਫ਼ਲ-ਅਸਫ਼ਲ. ਗੁਰਮੁਖ-ਮਨਮੁਖ, ਵਡਭਾਗੀ, ਸੁਭਾਗਾ, ਅਭਾਗਾ, ਬਿਰਥਾ, -ਅਹਿਲਾ ਜਨਮ; ਇਸ ਦੇ ਨਾਲ ਨਾਲ ਮਨੁੱਖੀ ਮਨ ਤੇ ਉਸ ਮਨ ਦੀ ਹਉਮੈ ਸੰਬੰਧੀ ਅਵਸਥਾ ਅਤੇ ਪ੍ਰਭੂ ਦਾ ਨੂਰ ਆਦਿ ਸੰਬੰਧਤ ਵਿਸ਼ਿਆਂ ਦਾ ਕੁੱਝ ਨਾ ਕੁੱਝ ਜ਼ਿਕਰ ਆਇਆ ਹੋਣਾ ਜ਼ਰੂਰੀ ਹੈ। ਉਂਝ ਗੁਰਬਾਣੀ ਆਧਾਰਿਤ ਜਨਮ ਮਰਨ ਦੇ ਵਿਸ਼ੇ ਨੂੰ ਸਮਝਣ ਲਈ ਘਟੋ ਘਟ ਗੁਰਬਾਣੀ ਅਨੁਸਾਰ ਮਨੁੱਖਾ ਮਨ, ਹਉੰਮੈ ਤੇ ਤੀਜਾ ਮਨੁੱਖਾ ਸਰੀਰ ਅੰਦਰ ‘ਪ੍ਰਭੂ ਦੇ ਅੰਸ਼’ ਭਾਵ ਜੋਤ ਵਾਲੇ, ਇਨ੍ਹਾਂ ਤਿੰਨ ਵਿਅਿਾਂ ਨੂੰ ਸਮਝਣਾ ਜ਼ਰੂਰੀ ਹੈ। ਵਰਨਾ ਗੁਰਬਾਣੀ ਆਧਾਰਿਤ ਇਸ ਵਿਸ਼ੇ ਦੀ ਸਮਝ ਨਹੀਂ ਆ ਸਕਦੀ।

ਅਜਿਹੀ ਸੁਚੇਤਤਾ ਤੋਂ ਬਿਨਾ ਕਿਸੇ ਵੀ ਸ਼ਬਦ ਨੂੰ ਬਦੋਬਦੀ ਜਾਂ ਅਗਿਆਨਤਾ ਵੱਸ ਲੈ ਲੈਣਾ ਤੇ ਪ੍ਰਚਾਰਣਾ ਕਿ ਗੁਰਬਾਣੀ ਅਨੁਸਾਰ ਜਨਮ ਮਰਨ ਦਾ ਵਿਸ਼ਾ ਹੈ ਹੀ ਨਹੀਂ, ਗੁਰਬਾਣੀ ਦੇ ਜਨਮ-ਮਰਨ ਦੇ ਸਿਧਾਂਤ ਬਾਰੇ ਨਾਸਮਝੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਵਿਚਾਰ ਅਧੀਨ ਪੰਜਵੇਂ ਪਾਤਸ਼ਾਹ ਦੇ ਸ਼ਬਦ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ” ਨੂੰ ਬਿਨਾ ਘੋਖੇ ਆਧਾਰ ਬਣਾ ਕੇ ਸਾਡੇ ਕੁੱਝ ਵਿਦਵਾਨ ਵੀ ਅਜਿਹਾ ਪ੍ਰਚਾਰ ਰਹੇ ਹਨ ਕਿ ਗੁਰਬਾਣੀ ਅਨੁਸਾਰ ਜਨਮ-ਮਰਨ ਦਾ ਵਿਸ਼ਾ ਹੈ ਹੀ ਨਹੀਂ। ਹਾਲਾਂਕਿ ਸੰਬੰਧਤ ਸ਼ਬਦ ਦੇ ਪੂਰੇ ਅਰਥ ਕਰਕੇ ਵੀ ਦੇਖ ਚੁੱਕੇ ਹਾਂ ਕਿ ਸ਼ਬਦ ਦਾ ਮਨੁੱਖ ਦੇ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧ ਹੀ ਨਹੀਂ।

ਮਨੁੱਖਾ ਜੂਨ ਬਨਾਮ ਅਨੰਤ ਜੂਨਾਂ-ਸੱਚ ਹੈ ਕਿ ਗੁਰਬਾਣੀ ਨੇ ਕਰਤੇ ਦੀਆਂ ਬੇਅੰਤ ਜੂਨੀਆਂ `ਚੋਂ ਮਨੁੱਖਾ ਜੂਨ ਨੂੰ ਹੀ ਸਰਵ ਸ੍ਰੇਸ਼ਟ ਜੂਨ ਦੱਸਿਆ ਤੇ ਸਾਬਤ ਵੀ ਕੀਤਾ ਹੈ। ਫ਼ਿਰ, ਕਰਤੇ ਨੇ ਇਹ ਸਮ੍ਰਥਾ ਵੀ ਮਨੁੱਖ ਨੂੰ ਹੀ ਬਖਸ਼ੀ ਹੈ ਜੋ ਮਰਨੋਂ ਬਾਅਦ ਮਨੁੱਖ, ਮਨੁੱਖਾ ਸਰੀਰ ਦੀ ਸੰਭਾਲ ਆਪਣੇ ਜਜ਼ਬਾਤਾਂ, ਵਿਸ਼ਵਾਸਾਂ ਤੇ ਲੋੜ ਅਨੁਸਾਰ ਆਪ ਕਰ ਸਕਦਾ ਹੈ ਜਿਵੇਂ:

“ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥” ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੮)

ਜਦਕਿ ਦੂਜੀ ਕਿਸੇ ਵੀ ਸ਼੍ਰੇਣੀ ਕੋਲ ਅਜਿਹੀ ਨਾ ਸਮ੍ਰਥਾ ਹੈ ਤੇ ਨਾ ਸੋਝੀ। ਫ਼ਿਰ ਮਿਸਾਲ ਵਜੋਂ ਖਰਬੂਜ਼ਾ ਕਿਸੇ ਵੇਲ `ਤੇ ਜਨਮ ਲੈਂਦਾ ਹੈ। ਉਸਨੂੰ ਵੇਲ ਤੋਂ ਤੋੜ ਕੇ ਉਸਦੇ ਕੁਦਰਤੀ ਗੁਣਾਂ ਅਨੁਸਾਰ ਵਰਤੋਂ `ਚ ਲਿਆਉਂਦੇ ਹਾਂ। ਇਸ ਤਰ੍ਹਾਂ ਇਹੀ ਖਰਬੂਜ਼ਾ ਇੱਕ ਪਾਸੇ ਮਨੁੱਖ ਦੀ ਖ਼ੁਰਾਕ ਬਣਦਾ ਹੈ, ਇਸ ਦੇ ਨਾਲ ਇਸ ਦੇ ਤੱਤ ਵੀ ਬਦਲਵੇਂ ਢੰਗ ਨਾਲ, ਵਾਪਿਸ ਤੱਤਾਂ `ਚ ਮਿਲ ਜਾਂਦੇ ਹਨ।

ਇਸ ਦੇ ਉਲਟ, ਜੇ ਮਨੁੱਖ ਉਸ ਖ਼ਰਬੂਜ਼ੇ ਨੂੰ ਵੇਲ ਤੋਂ ਨਾ ਤੋੜੇ ਤਾਂ ਵੀ ਇੱਕ ਦਿਨ ਉਹ ਸੜ ਕੇ ਜਾਂ ਕਿਸੇ ਵੀ ਢੰਗ, ਵੇਲ ਤੋਂ ਟੁੱਟ ਕੇ ਜ਼ਮੀਨ `ਤੇ ਡਿੱਗ ਪਵੇਗਾ। ਤਾਂ ਵੀ ਉਸ ਦੇ ਤੱਤ ਵਾਪਿਸ ਉਨ੍ਹਾਂ ਤੱਤਾਂ `ਚ ਹੀ ਮਿਲ ਜਾਣਗੇ। ਦਰਅਸਲ ਇਹੀ ਰੱਬੀ ਨਿਯਮ ਬੱਕਰੇ, ਮੁਰਗੇ, ਅੰਬ, ਤਰਬੂਜ਼, ਅਨਾਜ, ਸਬਜ਼ੀਆਂ, ਫਲ, ਫੁਲ, ਮੇਵੇ ਆਦਿ ਹਰੇਕ ਜੀਵ ਸ਼੍ਰੇਣੀ `ਤੇ ਲਾਗੂ ਹੁੰਦਾ ਹੈ। “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੮) ਅਨੁਸਾਰ ਕਿਸੇ ਸ਼੍ਰੇਣੀ ਦੀ ਨਸਲ, ਗੁਣਾਂ ਤੇ ਲੋੜ ਦੇ ਆਧਾਰ `ਤੇ ਮਨੁੱਖ ਕੇਵਲ ਉਨ੍ਹਾਂ ਸ਼੍ਰੇਣੀਆਂ ਦੇ ਸਰੀਰਾਂ ਦੀ ਮਿੱਟੀ ਦੀ ਵਰਤੋਂ ਹੀ ਕਰਦਾ ਹੈ। ਜੀਵ ਦੀ ਹਤਿੱਆ ਨਹੀਂ ਕਰਦਾ ਤੇ ਨਾ ਹੀ ਜੀਵ ਦੀ ਹਤਿਆ ਸੰਭਵ ਹੀ ਹੈ, ਜਿਵੇਂ:

“ਸਾਹਿਬੁ ਮੇਰਾ ਸਦਾ ਹੈ, ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਇ” (ਪੰ: ੫੦੯)

ਦਰਅਸਲ ਮਨੁੱਖ ਸਮੇਤ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਅੰਦਰ ਵੀ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ” (ਪੰ: ੧੩) ਅਨੁਸਾਰ ਇਕੋ ਹੀ ਜੀਵਨ ਤਤ, ਕਰਤੇ ਦਾ ਨੂਰ, ਅੰਸ਼ ਅਥਵਾ ਜੋਤ ਹੀ ਹੁੰਦੀ ਹੈ॥ ਇਸ ਤਰ੍ਹਾਂ ਭਿੰਨ ਭਿੰਨ ਸਰੀਰਾਂ ਕਾਰਣ ੳੇੁਹ ਸਾਨੂੰ ਮਨੁੱਖ, ਬੱਕਰੇ, ਮੁਰਗੇ, ਅੰਬ, ਤਰਬੂਜ਼, ਅਨਾਜ, ਸਬਜ਼ੀਆਂ, ਫਲ, ਮੇਵੇ, ਆਦਿ ਨਜ਼ਰ ਆਉਂਦੇ ਹਨ। ਜਦਕਿ ਕਰਤੇ ਦੀ ਖੇਡ `ਚ ਤਾਂ ਹਰ ਪਾਸੇ “ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ” (ਪੰ: ੧੩੫੦) ਦਾ ਨਿਯਮ ਹੀ ਕੰਮ ਕਰ ਰਿਹਾ ਹੈ। ਖ਼ੂਬੀ ਇਹ ਕਿ “ਸਭ ਇਕਾ ਜੋਤਿ ਵਰਤੈ ਭਿਨਿ ਭਿਨਿ” ਤਾਂ ਵੀ “ਨ ਰਲਈ ਕਿਸੈ ਦੀ ਰਲਾਈਆ” (ਪੰ: ੯੬)।

ਇਸ ਤਰ੍ਹਾਂ ਉਨ੍ਹਾਂ ਅੰਦਰ ਜੋ ਜੀਵ ਜਾਂ ਜ਼ਿੰਦਗੀ ਹੈ, ਉਹ “ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲੀਆ ਜਾਈ॥ ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ” (ਪੰ: ੧੦੦) ਅਨੁਸਰ ਕਰਤੇ ਦਾ ਨੂਰ ਤੇ ਉਸ ਦੀਆਂ ਖੇਡਾਂ ਹੀ ਹਨ। ਇਸ ਲਈ ਜੀਵ ਦੀ ਹਤਿਆ ਤਾਂ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦੀ ਕਿਉਂਕਿ ਜੀਵ ਤਾਂ ਅਵਿਨਾਸ਼ੀ ਪ੍ਰਭੂ ਦਾ ਹੀ ਅੰਸ਼ ਹੁੰਦਾ ਹੈ। ਇਸ ਲਈ ਸਮਝਣਾ ਹੈ ਕਿ ਇਨ੍ਹਾਂ ਫਲਾਂ, ਸਬਜ਼ੀਆਂ, ਮੁਰਗਿਆਂ, ਬਕਰਿਆਂ ਆਦਿ ਦੇ ਸਰੀਰਾਂ ਦੇ ਬਿਨਸਨ ਨਾਲ ਉਨ੍ਹਾਂ ਵਿਚਲੇ ਜੀਵ ਦੀ ਹਤਿਆ ਨਹੀਂ ਹੁੰਦੀ। ਉਨ੍ਹਾਂ ਸਰੀਰਾਂ `ਚੋਂ ਜੀਵ ਦੇ ਅੱਡ ਹੋਣ ਬਾਅਦ ਬਾਕੀ ਉਨ੍ਹਾਂ ਸਰੀਰਾਂ ਦੀ ਮਿਟੀ ਹੀ ਰਹਿ ਜਾਂਦੀ ਹੈ, ਜਿਹੜੀ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੮) ਅਨੁਸਾਰ ਮਨੁੱਖ ਉਸ ਨੂੰ ਆਪਣੀ ਲੋੜ ਅਨੁਸਾਰ ਵਰਤਦਾ ਹੈ।

ਇਸ ਲਈ ਪ੍ਰਭੂ ਦੀ ਸਮੂਚੀ ਰਚਨਾ `ਚ “ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ” (ਪੰ: ੪੭੨) ਦਾ ਸਿਧਾਂਤ ਹੀ ਕੰਮ ਕਰ ਰਿਹਾ ਹੈ। ਮਨੁੱਖ ਤਾਂ ਕੇਵਲ ਉਨ੍ਹਾਂ ਤੋਂ ਭਿੰਨ ਭਿੰਨ ਸ਼੍ਰੇਣੀਆਂ ਦੇ ਸਰੀਰਾਂ ਦੀ ਮਿੱਟੀ ਹੀ ਵਰਤਦਾ ਹੈ, ਜੀਵ ਨੂੰ ਨਹੀਂ ਤੇ ਨਾ ਹੀ ਜੀਵ ਨੂੰ ਵਰਤਿਆ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਬਾਕੀ ਤਾਂ “ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ” (ਪੰ: ੧੨੮੯) ਕੇਵਲ ਭਰਮ ਮਾਤ੍ਰ ਹੀ ਹੁੰਦਾ ਹੈ ਕਿ ਜੀਵ ਹਤਿਆ ਕੀਤੀ ਹੈ ਜਾਂ ਜੀਵ ਹਤਿਆ ਹੋਈ ਹੈ। ਗੁਰਬਾਣੀ ਅਨੁਸਾਰ ਤਾਂ ਉਸ `ਤੇ ਪਾਪ ਆਦਿ ਦੀ ਸੋਚ ਵੀ ਲਾਗੂ ਨਹੀਂ ਹੁੰਦੀ।

“ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” - ਉਂਝ ਤਾਂ ਅਨੰਤ ਜੂਨੀਆਂ ਦੇ ਸਰੀਰਾਂ ਵਾਲਾ ਗੁਰਬਾਣੀ ਦਾ ਉਹੀ ਉਸੂਲ “ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲੀਆ ਜਾਈ॥ ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ” (ਪੰ: ੧੦੦) ਮਨੁੱਖਾ ਸਰੀਰ `ਤੇ ਵੀ ਲਾਗੂ ਹੁੰਦਾ ਹੈ। ਜਦਕਿ ਮਨੁੱਖਾ ਸਰੀਰ ਲਈ ਜੋ ਵੱਖਰਾ ਵਿਸ਼ਾ ਹੈ ਉਹ ਹੈ ਮਨੁੱਖਾ ਸਰੀਰ ਅੰਦਰ ‘ਮਨ’ ਵਾਲਾ। ਉਹ ਮਨ ਜਿਹੜਾ ਬਾਕੀ ਕਿਸੇ ਵੀ ਜੂਨ ਸਮੇਂ ਨਹੀਂ ਮਿਲਦਾ। ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨਾਂ ਕੇਵਲ ਕਰਮ ਭੋਗੀ ਜੂਨਾਂ ਹੀ ਹੁੰਦੀਆਂ ਹਨ। ਜਿਸ ਦੇ ਅਰਥ ਹਨ ਕਿ ਉਹ ਸਮੂਹ ਜੂਨੀਆਂ, ਇਸ ਤੋਂ ਪਹਿਲਾਂ ਕਿਸੇ ਸਮੇਂ ਪ੍ਰਭੂ ਵੱਲੋਂ ਪ੍ਰਾਪਤ ਮਨੁੱਖਾ ਜਨਮ ਦੇ ਬਿਰਥਾ ਹੋਣ `ਤੇ, ਉਸ ਜਨਮ ਸਮੇਂ ਬਿਤਾਏ ਗਏ ਮਨਮੁੱਖੀ ਜੀਵਨ ਦੋਰਾਨ ਕੀਤੇ ਚੰਗੇ ਤੇ ਮਾੜੇ ਕਰਮਾਂ ਨੂੰ ਭੋਗਣ ਲਈ ਕੇਵਲ ਇਹ ਜੂਨਾਂ ਸਜ਼ਾਵਾਂ ਰੂਪ ਕੋਠੜੀਆਂ (Cells, Packages) ਮਾਤ੍ਰ ਹੀ ਹੁੰਦੀਆਂ ਹਨ।

ਇਹ ਕੇਵਲ ਮਨੁੱਖਾ ਜੂਨ ਅਥਵਾ ਜਨਮ ਹੀ ਹੈ ਜਦੋਂ ਮਨਮੁਖ ਦਾ ਜੀਵਨ ਤਾਂ ਕੇਵਲ ਕਰਮ ਭੋਗੀ ਹੀ ਹੁੰਦਾ ਹੈ। ਜਦਕਿ ਉਸੇ ਮਨੁੱਖਾ ਜਨਮ ਸਮੇਂ ਸ਼ਬਦ- ਗੁਰੂ ਦੀ ਕਮਾਈ ਰਾਹੀਂ ਜੀਵ ਨੂੰ ਜੀਵਨ ਮੁੱਕਤ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ। ਅਜਿਹੀ ਜੀਵਨ ਮੁੱਕਤ ਦੀ ਅਵਸਥਾ `ਚ ਇਸਦੇ ਕਰੋੜਾਂ ਜਨਮਾਂ ਦੇ ਕਰਮਾਂ ਦਾ ਵੀ ਨਾਸ ਹੋ ਜਾਂਦਾ ਹੈ। ਇਸ ਤਰ੍ਹਾਂ ਕਰਤੇ ਦੀ ਬਖ਼ਸ਼ਿਸ਼ ਨਾਲ, ਜੀਵ ਪਿਛਲੇ ਚਲਦੇ ਆ ਰਹੇ ਜਨਮ-ਮਰਨ ਦੇ ਗੇੜ ਚੋਂ “ਭਈ ਪਰਾਪਤਿ ਮਾਨੁਖ ਦੇਹੁਰੀਆ॥” ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਆਦਿ ਗੁਰ ਫ਼ੁਰਮਾਨਾਂ ਅਨੁਸਾਰ ਸੁਰਖਰੂ ਹੋ ਜਾਂਦਾ ਹੈ; ਉਸ ਨੂੰ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਣਾ ਪੈਂਦਾ; ਪ੍ਰਭੂ `ਚ ਹੀ ਸਮਅ ਜਾਂਦਾ ਹੈ।

ਇਸ ਤਰ੍ਹਾਂ ਸਮਝਣਾ ਹੈ ਕਿ ਸੰਬੰਧਤ ਸ਼ਬਦ “ਪਵਨੈ ਮਹਿ ਪਵਨੁ ਸਮਾਇਆ॥” ਜੋਤੀ ਮਹਿ ਜੋਤਿ ਰਲਿ ਜਾਇਆ” ਦਾ ਸੰਬੰਧ, ਮਨੁੱਖਾ ਜੂਨ ਅਥਵਾ ਜਨਮ ਨਾਲ ਵੀ ਹੈ ਅਤੇ ਸਮੂਹ ਜੂਨਾਂ ਨਾਲ ਵੀ। ਮਨੁੱਖਾ ਜਨਮ ਨਾਲ ਕੇਵਲ ਇਤਨਾ ਕਿ ਇਸ ਸ਼ਬਦ ਵਿਚਲਾ ਰੋਣ ਪਿਟਣ ਤੇ ਗੁਰ ਉਪਦੇਸ਼ ਵਾਲੇ ਵਿਸ਼ਿਆਂ ਦਾ ਸੰਬੰਧ ਹੀ ਮਨੁੱਖਾ ਜੂਨ ਨਾਲ ਹੈ, ਬਾਕੀ ਕਿਸੇ ਵੀ ਜੂਨ ਨਾਲ ਨਹੀਂ। ਜਦਕਿ ਉਸ ਤੋਂ ਇਲਾਵਾ, “ਅਗਲੀ ਕਿਛੁ ਖਬਰਿ ਨ ਪਾਈ” ਸਮੇਤ, ਸਾਰੇ ਸ਼ਬਦ ਵਿਚਲਾ ਬਾਕੀ ਵੇਰਵਾ ਹਰੇਕ ਜੂਨ ਦੇ ਸਰੀਰ ਨਾਲ ਵੀ ਸੰਬੰਧਤ ਹੈ, ਫ਼ਿਰ ਭਾਵੇਂ ਸਰੀਰ ਮਨੁੱਖ ਦਾ ਹੋਵੇ ਜਾਂ ਕਿਸੇ ਵੀ ਜੂਨ ਦਾ।

ਇਸ ਤਰ੍ਹਾਂ ਸਪਸ਼ਟ ਹੋਇਆ ਕਿ ਇਸ ਸ਼ਬਦ `ਚ ਦੋ ਪੱਖ ਹਨ। ਪਹਿਲਾ, ਸ਼ਬਦ `ਚ ਜੋ ਗੁਰ ਉਪਦੇਸ਼ ਹੈ ਉਸ ਨੂੰ ਸਮਝਣ ਦਾ ਲਾਭ ਕੇਵਲ ਮਨੁੱਖਾ ਜੂਨ ਸਮੇਂ ਹੀ ਲਿਆ ਜਾ ਸਕਦਾ ਹੈ ਬਾਕੀ ਜੂਨਾਂ ਸਮੇਂ ਨਹੀਂ। ਇਸੇ ਤਰ੍ਹਾਂ ਰੋਣ-ਪਿਟਣ ਦਾ ਸੰਬੰਧ ਵੀ ਕੇਵਲ ਮਨੁੱਖਾ ਜੂਨ ਨਾਲ ਹੀ ਹੈ। ਉਪ੍ਰੰਤ ਸ਼ਬਦ `ਚ ਦੂਜਾ ਪੱਖ ਉਹ ਹੈ, ਜਿਸਦਾ ਸੰਬੰਧ ਕੇਵਲ ਮਨੁੱਖਾ ਜੂਨ ਨਾਲ ਹੀ ਨਹੀਂ ਬਲਕਿ ਮਨੁੱਖ ਸਮੇਤ ਸਮੁਚੀਆਂ ਅਰਬਾਂ-ਖਰਬਾਂ ਜੂਨਾਂ ਨਾਲ ਵੀ ਬਰਾਬਰ ਦਾ ਤੇ ਇਕੋ ਜਿਹਾ ਹੈ।

“ਜੋਤੀ ਮਹਿ ਜੋਤਿ ਰਲਿ ਜਾਇਆ” -ਸਰੀਰ ਮਨੁੱਖ ਦਾ ਹੋਵੇ, ਅਨਾਜ, ਸਬਜ਼ੀਆਂ, ਖਰਬੂਜ਼ੇ, ਤਰਬੂਜ਼ ਜਾਂ ਬੱਕਰੇ, ਮੁਰਗੇ, ਮੱਛੀ, ਗਊ ਆਦਿ ਦਾ, ਉਨ੍ਹਾਂ `ਚੋਂ ਵੀ ਕਰਤੇ ਦਾ ਨੂਰ, ਅੰਸ਼, ਜੋਤ ਅਥਵਾ ਆਤਮਾ ਦੇ ਅੱਡ ਹੋਣ `ਤੇ ਬਾਕੀ ਮਿੱਟੀ ਹੀ ਰਹਿੰਦੀ ਹੈ। ਇਸ ਤਰ੍ਹਾਂ ਉਸ ਮਿੱਟੀ ਦੀ ਸੰਭਾਲ ਜਾਂ ਉਸਦੀ ਲੋੜ ਅਨੁਸਾਰ ਵਰਤੋਂ ਹੀ ਕੀਤੀ ਜਾਂਦੀ ਹੈ। ਜਦਕਿ ਇਨ੍ਹਾਂ ਸਾਰੇ ਸਰੀਰਾਂ `ਚ ਜੋ ਕਰਤੇ ਦਾ ਨੂਰ ਹੁੰਦਾ ਹੈ ਉਹ ਸਦੀਵੀ ਹੁੰਦਾ ਹੈ, ਉਸ ਦਾ ਨਾਸ ਨਹੀਂ ਹੁੰਦਾ। ਉਹ “ਜੋਤੀ ਮਹਿ ਜੋਤਿ ਰਲਿ ਜਾਇਆ” ਅਨੁਸਾਰ ਵਾਪਿਸ ਕਰਤੇ ਪ੍ਰਭੂ `ਚ ਹੀ ਸਮਾਉਂਦਾ ਹੈ। ਬਾਕੀ ਰਹੀ ਗੱਲ “ਕਰਿ ਦੇਖੈ ਸਬਦਿ ਰਜਾਈ ਹੇ” (ਪੰ: ੧੦੨੬) ਅਨੁਸਾਰ ਸੰਸਾਰ ਦਾ ਚਲਣ, ਪ੍ਰਭੂ ਦੀ ਰਜ਼ਾ ਤੇ ਉਸਦੇ ਸੱਚ ਨਿਆਂ `ਚ ਚੱਲਦਾ ਰਹਿੰਦਾ ਹੈ ਜਿਸਦੀ ਪਹਿਚਾਣ ਵੀ ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਆਉਂਦੀ ਹੈ।

“ਤਨ ਛੂਟੇ ਮਨੁ ਕਹਾ ਸਮਾਈ” - ਮਨੁੱਖਾ ਜੂਨ ਸਮੇਂ ਬਾਕੀ ਅਨੰਤ ਜੂਨਾਂ ਨਾਲੋਂ ਵੱਡਾ ਫ਼ਰਕ ਹੁੰਦਾ ਹੈ ਤਾਂ ਮਨੁੱਖ ਸਰੀਰ ਅੰਦਰਲੇ ਮਨ ਦਾ। ਉਹ ਮਨ ਵੀ ਸਫ਼ਲ ਜੀਵਨ ਸਮੇਂ, ਸਰੀਰਕ ਮੌਤ ਤੋਂ ਪਹਿਲਾਂ ਹੀ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ ਮਿਟਿ ਗਏ ਗਵਨ ਪਾਏ ਬਿਸ੍ਰਾਮ” (ਪੰ੨੭੮) ਅਤੇ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਆਦਿ ਗੁਰ ਫ਼ੁਰਮਾਨਾ ਅਨੁਸਾਰ ਪ੍ਰਭੂ `ਚ ਹੀ ਸਮਾਅ ਜਾਂਦਾ ਹੈ ਅਤੇ ਉਸ ਮਨ ਵਾਲੀ ਆਪਣੀ ਵੱਖਰੀ ਹੋਂਦ ਵੀ ਮੁੱਕ ਜਾਂਦੀ ਹੈ।

ਜਦਕਿ ਮਨਮੁਖ ਦਾ ਮਨ ਮੌਤ ਤੋਂ ਬਾਅਦ ਵੀ “ਤਨ ਛੂਟੇ ਮਨੁ ਕਹਾ ਸਮਾਈ” (ਪੰ: ੧੧੨੮) ਅਥਵਾ “ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ” (ਪੰ: ੬੮੬) ਪ੍ਰਭੂ `ਚ ਅਭੇਦ ਨਹੀਂ ਹੁੰਦਾ। ਇਸੇ ਤੋਂ ਮਨਮੁੱਖ, ਇਸ ਮਨੁੱਖਾ ਜਨਮ ਦੌਰਾਨ ਕੀਤੇ ਚੰਗੇ ਤੇ ਮਾੜੇ ਕਰਮਾਂ ਦਾ ਨਤੀਜਾ, ਜੀਵ ਮੁੜ ਜੂਨਾਂ ਜਨਮਾਂ ਦੇ ਗੇੜ `ਚ ਹੀ ਪੈਂਦਾ ਹੈ। ਇਸੇ ਤੋਂ ਇਸਦਾ ਅਰੰਭ ਹੁੰਦਾ ਹੈ ਮੁੜ ਜਨਮ-ਮਰਨ ਦਾ ਗੇੜ। ਅੰਤ ਉਹ ਮਨਮੁਖ ਵੀ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ ਫ਼ਿਰ ਤੋਂ ਕਰਤੇ `ਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਅੰਤ ਉਸ ਮਨਮੁਖ ਦੀ ਮੰਜ਼ਿਲ ਵੀ “ਜੋਤੀ ਮਹਿ ਜੋਤਿ ਰਲਿ ਜਾਇਆ” ਹੀ ਹੁੰਦੀ ਹੈ। ਇਸਤਰ੍ਹਾਂ ਗੁਰਬਾਣੀ ਅਨੁਸਾਰ ਸਿੱਖ ਧਰਮ ਅਨੁਸਾਰ, ਮਨੁੱਖਾ ਮਨ ਨਾਲ ਸੰਬੰਧਤ ਜਨਮ-ਮਰਨ ਦਾ ਸਿਧਾਂਤ ਹੀ ਨਿਤਾਂਤ ਭਿੰਨ, ਨਿਵੇਕਲਾ ਤੇ ਦਲੀਲ ਭਰਪੂਰ ਹੈ। ਇਹ ਵੀ ਕਿ ਵਿਚਾਰ ਅਧੀਨ ਸ਼ਬਦ “ਪਵਨੈ ਮਹਿ ਪਵਨੁ ਸਮਾਇਆ” ਦੇ ਵਿਸ਼ੇ ਨਾਲ ਉਸ ਸਿਧਾਂਤ ਦਾ ਉੱਕਾ ਹੀ ਸੰਬੰਧ ਨਹੀਂ।

“ਘਟਿ ਘਟਿ ਰਾਮੁ ਸਮਾਨਾ ਰੇ” -ਇਸ ਤਰ੍ਹਾਂ ਮਨੁੱਖਾ ਸਰੀਰ ਵਿਚਲੇ ਮਨ ਵਾਲੇ ਵਿਸ਼ੇ ਤੋਂ ਇਲਾਵਾ, ਮਨੁੱਖਾ ਸਰੀਰ ਸਮੇਤ ਅਨੰਤ ਜੂਨਾਂ ਦੇ ਸਰੀਰਾਂ ਦਾ ਅੰਤ ਇਕੋ ਹੀ ਹੈ। ਉਨ੍ਹਾਂ ਦਾ ਜੀਵਨ, ਉਨ੍ਹਾਂ `ਚ “ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ” (ਪੰ: ੯੮੮) ਭਾਵ ਮਿਟੀ ਤੋਂ ਹੀ ਸਾਰੇ ਸਰੀਰ ਬਣੇ ਹੁੰਦੇ ਹਨ ਅਤੇ ਉਨ੍ਹਾਂ `ਚ “ਘਟਿ ਘਟਿ ਰਾਮੁ ਸਮਾਨਾ ਰੇ” ਅਨੁਸਾਰ ਕਰਤੇ ਦਾ ਨੂਰ ਹੀ ਉਨ੍ਹਾਂ ਦਾ ਜੀਵਨ ਹੁੰਦਾ ਹੈ।

ਤਾਂ ਤੇ ਕਰਤੇ ਦੀ ਸਮੁਚੀ ਖੇਡ ਅੰਦਰ ਫ਼ਿਰ ਭਾਵੇਂ ਰਚਨਾ ਦਾ ਕੋਈ ਵੀ ਅੰਗ ਹੋਵੇ ਜਾਂ ਰੂਪ, “ਏਕੋ ਪਵਣੁ ਮਾਟੀ ਸਭ ਏਕਾ ਸਭ, ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ” (ਪੰ: ੯੬) ਅਥਵਾ “ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥ ਏਕੁ ਪੁਰਬੁ ਮੈ ਤੇਰਾ ਦੇਖਿਆ, “ਤੂ ਸਭਨਾ ਮਾਹਿ ਰਵੰਤਾ” (ਪੰ: ੫੯੬)। ਇਸ ਤਰ੍ਹਾਂ ਅਜਿਹੇ ਸਮੂਹ ਗੁਰ ਫ਼ੁਰਮਾਨਾ ਅਨੁਸਾਰ “ਘਟਿ ਘਟਿ ਰਾਮੁ ਸਮਾਨਾ ਰੇ”, “ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ”, “ਤੂ ਸਭਨਾ ਮਾਹਿ ਰਵੰਤਾ” ਭਾਵ ਸਾਰਿਆਂ ਅੰਦਰ ਕਰਤੇ ਪ੍ਰਭੂ ਦਾ ਨੂਰ ਅਥਵਾ ਅੰਸ਼ ਹੀ ਹੁੰਦਾ ਹੈ ਜਿਹੜਾ ਸਦੀਵੀ ਹੈ। ਜਿਹੜਾ ਜਨਮ ਮਰਨ `ਚ ਨਹੀਂ ਆਉਂਦਾ। ਉਸ ਬਾਰੇ ਹੀ ਬਾਣੀ ਜਪੁ ਦਾ ਅਰੰਭਕ ਸਲੋਕ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਵੀ ਹੈ। ਫ਼ਿਰ ਸੰਬੰਧਤ ਸ਼ਬਦ `ਚ ਵੀ ਇਸੇ ਵਿਸ਼ੇ ਨੂੰ “ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥ ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ …. ਨਾ ਜੀਉ ਮਰੈ ਨ ਮਾਰਿਆ ਜਾਈ” ਵਾਲੀ ਸ਼ਬਦਾਵਲੀ ਵੀ ਗੁਰਬਾਣੀ ਦੇ ਉਸੇ ਹੀ ਸਿਧਾਂਤ ਨੂੰ ਸਪਸ਼ਟ ਕਰ ਰਹੀ ਹੈ। #229s013.02s013#

ਨੋਟ-ਗੁਰੂ ਕੀਆਂ ਸੰਗਤਾਂ ਤੇ ਗੁਰਮੱਤ ਦੇ ਪਾਠਕਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਦਾਸ ਦੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਵੀ ਜ਼ਰੂਰ ਮੰਗਵਾਉਣ ਤੇ ਪੜ੍ਹਣ। ਇਹ ਪੁਸਤਕ ਆਪ ਜੀ ਸਿਧੀ ਸੈਂਟਰ ਪਾਸੋਂ ਜਾਂ ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001. Ph Nos. 099150-48001,183-2550739,2543965 ਤੋਂ ਵੀ ਮੰਗਵਾਈ ਜਾ ਸਕਦੀ ਹੈ ਜੀ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 229

ਅਰਥ ਨਿਖਾਰ

ਪਵਨੈ ਮਹਿ ਪਵਨੁ ਸਮਾਇਆ॥

ਜੋਤੀ ਮਹਿ ਜੋਤਿ ਰਲਿ ਜਾਇਆ॥

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.