.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ

‘ਜੈਸਾ ਅੰਨ ਤੈਸਾ ਮਨ’ ਦੀ ਕਹਾਵਤ ਦਾ ਭਾਵ ਆਮ ਤੌਰ `ਤੇ ਭੋਜਨ ਤੋਂ ਹੀ ਲਿਆ ਜਾਂਦਾ ਹੈ, ਭਾਵ, ਕੇਵਲ ਖਾਣ ਵਾਲੇ ਪਦਾਰਥਾਂ ਤੋਂ ਹੀ ਲਿਆ ਜਾਂਦਾ ਹੈ। ਅੰਨ ਸੰਬੰਧੀ ਇਸ ਤਰ੍ਹਾਂ ਦੀ ਧਾਰਨਾ ਕਾਰਨ ਹੀ ਇਹ ਮੰਨਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਦਾ ਕੋਈ ਵਿਅਕਤੀ ਅੰਨ ਖਾਂਦਾ ਹੈ, ਉਸ ਤਰ੍ਹਾਂ ਦਾ ਹੀ ਉਸ ਦਾ ਮਨ ਹੋ ਜਾਂਦਾ ਹੈ। ਕਈ ਸ਼ਾਕਾਹਾਰੀਆਂ ਦਾ ਮਾਸਾਹਾਰੀ ਭੋਜਨ ਤੋਂ ਸੰਕੋਚ ਦਾ ਕਾਰਨ ਜਿੱਥੇ ਧਾਰਮਿਕ ਹੈ, ਉੱਥੇ ‘ਜੈਸਾ ਅੰਨ ਤੈਸਾ ਮਨ’ ਵਾਲੀ ਧਾਰਨਾ ਵੀ ਹੈ। ਭੋਜਨ ਸੰਬੰਧੀ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਵਿੱਚੋਂ ਹੀ ਕਈ ਸੱਜਣ ਮੱਝ ਦਾ ਦੁੱਧ ਪੀਣ ਤੋਂ ਸੰਕੋਚ ਕਰਦੇ ਹਨ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਦਾ ਇਹ ਮੰਨਣਾ ਹੈ ਕਿ ਮੱਝ ਦਾ ਦੁੱਧ ਪੀਣ ਵਾਲੇ ਦੀ ਮੱਤ ਵੀ ਮੱਝ ਵਾਂਗ ਮੋਟੀ ਹੋ ਜਾਂਦੀ ਹੈ। ਅਖਾਣਾਂ ਵਿੱਚ ਵੀ ਭੋਜਨ ਸੰਬੰਧੀ ਇਹੋ-ਜਿਹੀਆਂ ਮਨੌਤਾਂ ਦਾ ਪ੍ਰਗਟਾਵਾ ਕੀਤਾ ਹੋਇਆ ਹੈ। ਜਿਵੇਂ:- “ਮਾਸ ਖਾਧਿਆਂ ਮਾਸ ਵਧੇ ਘਿਉ ਖਾਂਦਿਆਂ ਖੋਪਰੀ, ਦੁੱਧ ਪੀਂਦਿਆਂ ਕਾਮ ਵਧੇ, ਸਾਗ ਖਾਂਦਿਆਂ ਓਜਰੀ” ; “ਖਾਵੋ ਮਾਸ ਹੋਵੋ ਨਾਸ਼, ਪੀਵੋ ਸ਼ਰਾਬ ਹੋਵੋ ਖ਼ਰਾਬ” ; “ਲਿਆਵੀਂ ਪੁਠ ਭਾਵੇਂ ਲਗੇ ਮਹੀਨਾ, ਲਿਆਵੀਂ ਪੁਠ ਨਹੀਂ ਤਾਂ ਆਵੀਂ ਉਠ (ਇਸ ਅਖਾਣ ਵਿੱਚ ਬੱਕਰੇ ਦੇ ਸੀਨੇ ਤੇ ਪੁਠ ਦੇ ਗੁਣਕਾਰੀ ਹੋਣ ਵਲ ਇਸ਼ਾਰਾ ਹੈ)।
ਪਰ ਇਹਨਾਂ ਅਖਾਣਾਂ ਵਿਚਲੀ ਮਨੌਤ ਵਿੱਚ ਸਚਾਈ ਨਹੀਂ ਹੈ। ਭਾਵੇਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਭੋਜਨ ਨਾਲ ਸਾਡਾ ਸਮੁੱਚਾ (ਸਰੀਰਕ ਅਤੇ ਮਾਨਸਕ) ਢਾਂਚਾ ਪ੍ਰਭਾਵਤ ਹੁੰਦਾ ਹੈ। ਚੰਗੀ ਅਤੇ ਸੰਤੁਲਤ ਖ਼ੁਰਾਕ ਨਾ ਖਾਣ ਦੀ ਸੂਰਤ ਵਿੱਚ ਸਰੀਰਕ ਕਮਜ਼ੋਰੀ ਦਾ ਸ਼ਿਕਾਰ ਹੋਣਾ ਸੁਭਾਵਕ ਹੈ। ਸਰੀਰਕ ਕਮਜ਼ੋਰੀ ਜਾਂ ਬੀਮਾਰੀ ਆਦਿ ਦੀ ਹਾਲਤ ਵਿੱਚ ਮਨੁੱਖ ਦੇ ਮਨ ਦਾ ਸਥਿਰ ਰਹਿਣ ਕਠਨ ਹੈ। ਨਿਰਸੰਦੇਹ ਬੀਮਾਰੀ ਆਦਿ ਦੀ ਹਾਲਤ ਵਿੱਚ ਮਨੁੱਖ ਦਾ ਮਨ ਪ੍ਰਭਾਵਤ ਹੁੰਦਾ ਹੈ। ਪਰ ਇਸ ਮਨੌਤ ਵਿੱਚ ਸਚਾਈ ਨਹੀਂ ਹੈ ਕਿ ਮਾਸ ਖਾਣ ਨਾਲ ਮਾਸ ਵਧਦਾ ਹੈ ਜਾਂ ਦੁੱਧ ਪੀਣ ਨਾਲ ਕਾਮ ਸ਼ਕਤੀ `ਚ ਵਾਧਾ ਹੁੰਦਾ ਹੈ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਕੋ ਹੀ ਚੀਜ਼, ਕਿਸੇ ਪ੍ਰਾਣੀ ਲਈ ਖਾਣੀ ਲਾਭਦਾਇਕ ਹੈ ਅਤੇ ਕਿਸੇ ਲਈ ਨੁਕਸਾਨਦਾਇਕ। ਜਿਵੇਂ ਪਿੰਡਾਂ ਵਿੱਚ ਘਿਉ ਬਾਰੇ ਇਹ ਅਖਾਣ ਆਮ ਹੀ ਵਰਤਿਆ ਜਾਂਦਾ ਸੀ ਕਿ, “ਜਿਹੜੀ ਕਰੇ ਘਿਉ, ਨਾ ਮਾਂ ਕਰੇ ਨਾ ਪਿਉ”। ਪਰ ਇਸ ਅਖਾਣ ਵਿੱਚਲੀ ਸਚਾਈ ਹਰੇਕ ਮਨੁੱਖ ਉੱਤੇ ਨਹੀਂ ਢੁੱਕਦੀ। ਚੂੰਕਿ ਇੱਕ ਕਿਸਾਨ, ਮਜ਼ਦੂਰ ਜਾਂ ਸਰੀਰਕ ਮਿਹਨਤ ਵਾਲਾ ਕੰਮ ਕਰਨ ਵਾਲੇ ਲਈ ਘਿਉ ਦੀ ਵਰਤੋਂ ਲਾਭਦਾਇਕ ਹੋ ਸਕਦੀ ਹੈ ਪਰੰਤੂ ਜਿਸ ਪ੍ਰਾਣੀ ਦਾ ਕੰਮ-ਕਾਜ ਅਜਿਹਾ ਹੈ ਕਿ ਉਸ ਵਿੱਚ ਉਸ ਨੂੰ ਸਰੀਰਕ ਦੌੜ-ਭੱਜ ਨਹੀਂ ਕਰਨੀ ਪੈਂਦੀ, ਉਸ ਲਈ ਘਿਉ ਖਾਣਾ ਘਾਤਕ ਹੋਵੇਗਾ। ਐਸੇ ਪ੍ਰਾਣੀ ਲਈ ਹਲਕੀ ਅਤੇ ਸਾਦਾ ਖ਼ੁਰਾਕ ਹੀ ਲਾਭਦਾਇਕ ਹੋਵੇਗੀ। ਇਸ ਲਈ ਇਹ ਕਿਹਾ ਜਾਂਦਾ ਹੈ ਕਿ, “ਕਿਸੇ ਨੂੰ ਮਾਂਹ ਬਾਦੀ ਅਤੇ ਕਿਸੇ ਨੂੰ ਮਾਂਹ ਸਵਾਦੀ ਤੇ ਕਿਸੇ ਨੂੰ ਮਾਂਹ ਮੁਆਫਕ”।
ਕਈ ਧਾਰਮਿਕ ਪੁਸਤਕਾਂ ਵਿੱਚ ਮਾਸ ਤੋਂ ਇਲਾਵਾ ਕੁੱਝ ਸਬਜ਼ੀਆਂ ਆਦਿ ਖਾਣ ਦੀ ਵੀ ਮਨ੍ਹਾਹੀ ਹੈ; ਜਿਵੇਂ ਮਨੂੰ ਸਿਮ੍ਰਿਤੀ ਦਾ ਇਹ ਕਥਨ ਕਿ, “ਥੋਮ, ਪਿਆਜ਼, ਗਾਜਰ, ਖੁੰਬ ਅਤੇ ਖਾਦ ਪਾ ਕੇ ਪੈਦਾ ਕੀਤਾ ਹੋਇਆ ਸਾਗ ਨਾ ਖਾਵੇ. . ।” (ਅਧਿਆਏ ਪੰਜਵਾਂ)
ਨੋਟ:- ਦੂਜਿਆਂ ਦੇ ਵਿਹੜੇ `ਚੋਂ ਵਹਿਮਾਂ-ਭਰਮਾਂ ਨੂੰ ਚੁੱਕ ਕੇ ਸਿੱਖੀ ਦੇ ਵਿਹੜੇ `ਚ ਸੁਟਣ ਦੀ ਸੇਵਾ ਨਿਭਾਉਣ ਵਾਲਿਆਂ ਦੀ ਬਦੌਲਤ ਭੋਜਨ ਸੰਬੰਧੀ ਸਿੱਖ ਜਗਤ ਵਿੱਚ ਵੀ ਇਸ ਤਰ੍ਹਾਂ ਦੀਆਂ ਧਾਰਨਾ ਪ੍ਰਚਲਤ ਹੋ ਗਈਆਂ ਹਨ। ਇਸ ਵਹਿਮ ਅਧੀਨ ਹੀ ਕਈ ਗੁਰਦੁਆਰਾ ਸਾਹਿਬਾਨ ਦੇ ਲੰਗਰ ਵਿੱਚ ਲਸਣ (ਥੋਮ) ਨਹੀਂ ਵਰਤਿਆ ਜਾਂਦਾ। ਜੇਕਰ ਕਿਤੇ ਭੁੱਲ-ਭੁਲੇਖੇ ਕੋਈ ਇਸ ਦੀ ਵਰਤੋਂ ਕਰ ਲਵੇ ਤਾਂ ਇਸ ਨੂੰ ਬਹੁਤ ਬੜੀ ਭੁੱਲ ਸਮਝਿਆ ਜਾਂਦਾ ਹੈ। ਇਸ ਦੀ ਮਨ੍ਹਾਹੀ ਦਾ ਕਾਰਨ ਦਸਣ ਵਾਲਿਆਂ ਵਿੱਚ ਕਈ ਇਸ ਖ਼ਿਆਲ ਦੇ ਹਨ ਕਿ ਲਸਣ ਮਨੁੱਖ ਦੀ ਕਾਮ ਸ਼ਕਤੀ ਨੂੰ ਵਧਾਉਂਦਾ ਹੈ, ਇਸ ਲਈ ਗੁਰੂ ਕੇ ਲੰਗਰ ਵਿੱਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਧਾਰਨਾ ਦੀ ਪੁਸ਼ਟੀ ਲਈ ਕਈ ਸੱਜਣ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਦਾ ਹਵਾਲਾ ਵੀ ਦਿੰਦੇ ਹਨ:- ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ॥ ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ॥ (ਪੰਨਾ 1365) ਅਰਥ:- ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ ‘ਦੁਨੀਆ’ ਦੀ ਖ਼ਾਤਰ ‘ਦੀਨ’ ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ। ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ)।
ਇਸ ਫ਼ਰਮਾਨ ਵਿੱਚ ਲਸਣ ਖਾਣ ਜਾਂ ਨਾ ਖਾਣ ਦੀ ਗੱਲ ਨਹੀਂ ਕੀਤੀ ਗਈ ਹੈ; ਇਸ ਵਿੱਚ ਤਾਂ ਸਾਕਤ ਮਨੁੱਖ ਦੀ ਜੀਵਨ-ਸ਼ੈਲੀ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਆਪਣੀ ਬੋਲ-ਚਾਲ ਅਤੇ ਵਿਹਾਰ ਰਾਂਹੀ ਆਪਣਾ-ਆਪ ਜ਼ਾਹਰ ਕਰ ਹੀ ਦੇਂਦਾ ਹੈ।
ਕਿਹੜਾ ਭੋਜਨ ਖਾਣ ਯੋਗ ਹੈ ਅਤੇ ਕਿਹੜਾ ਨਹੀਂ ਖਾਣ ਯੋਗ ਨਹੀਂ ਹੈ, ਗੁਰਬਾਣੀ ਦਾ ਇਸ ਸੰਬੰਧੀ ਸਪਸ਼ਟ ਫ਼ਰਮਾਨ ਹੈ:-ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16) ਅਰਥ:-ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿੱਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।
ਗੁਰਬਾਣੀ ਦੇ ਇਸ ਫ਼ਰਮਾਨ ਦੀ ਰੋਸ਼ਨੀ ਵਿੱਚ ਹੀ ਰਹਿਤਨਾਮਿਆਂ ਵਿੱਚ ਇਸ ਸੰਬੰਧ ਵਿੱਚ ਕਿਹਾ ਗਿਆ ਹੈ ਕਿ, “ਅੰਨ ਬਹੁਤ ਭੁੱਖ ਲੱਗੇ ਤਾਂ ਖਾਣਾ, ਭਰੇ ਉੱਪਰ ਭਰੇ ਨਾਹੀ। ਜੋ ਖਟਕਰਮੀ ਕਹਿਤੇ ਹੈਂ ਅਮੁਕਾ ਅਮੁਕਾ (ਫਲਾਣਾ ਫਲਾਣਾ) ਅੰਨ ਨਾ ਖਾਈਐ, ਸੋ ਸਭ ਭਰਮ ਹੈ, ਅੰਨ ਸਭ ਪਵਿਤ੍ਰ ਹੈਨ, ਇੱਕ ਏਹ ਖਾਣੇ ਵਾਲਾ ਅਪਵਿਤ੍ਰ ਹੈ। ਜੋ ਆਪਣੀ ਦੇਹੀ ਮਾਫਕ ਹੋਵੇ ਸੋ ਖਾਏ, ਪਰ ਗੁਰੂ ਤੋਂ ਵਿਮੁਖ ਔਰ ਹੰਕਾਰੀ ਦਾ ਅੰਨ ਨਾ ਖਾਏ।” (ਪ੍ਰੇਮ ਸੁਮਾਰਗ)
ਇਸ ਲਈ ਕਿਸੇ ਵਿਅਕਤੀ ਲਈ ਕਿਹੜੀ ਚੀਜ਼ (ਭੋਜਨ/ਅੰਨ) ਖਾਣੀ ਲਾਭਦਾਇਕ ਹੈ ਅਤੇ ਕਿਹੜੀ ਨਹੀਂ ਇਸ ਬਾਰੇ
(dieticians) ਆਹਾਰ-ਵਿਗਿਆਨੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਖ਼ੈਰ! ਅਸੀਂ ਗੱਲ ਕਰ ਰਹੇ ਸੀ ‘ਜੈਸਾ ਅੰਨ ਤੈਸਾ ਮਨ’ ਦੀ ਕਿ ਇਸ ਬਾਰੇ ਜੋ ਧਾਰਨਾ ਪ੍ਰਚਲਤ ਹੈ ਉਹ ਅਧੂਰੀ ਅਤੇ ਇਕਪਾਸੜ ਹੈ; ਚੂੰਕਿ ਇਸ ਵਿੱਚ ਕੇਵਲ ਖਾਣ ਵਾਲੇ (ਖ਼ਾਸ ਤੌਰ `ਤੇ ਮਾਸ) ਪਦਾਰਥਾਂ ਨਾਲ ਹੀ ਮਨ ਦੇ ਪ੍ਰਭਾਵਤ ਹੋਣ ਦੀ ਧਾਰਨਾ ਹੈ। ਜੇਕਰ ਇਸ ਮਨੌਤ ਵਿੱਚ ਰੰਚ-ਮਾਤਰ ਵੀ ਸਚਾਈ ਹੁੰਦੀ ਤਾਂ ਕੇਵਲ ਸ਼ਾਕਾਹਾਰੀ ਪ੍ਰਾਣੀ ਹੀ ਮਨੁੱਖਤਾ ਦੀਆਂ ਉੱਚਤਮ ਸਿਖਰਾਂ ਨੂੰ ਛੁਹਿਣ ਵਿੱਚ ਕਾਮਯਾਬ ਹੁੰਦੇ, ਪਰ ਅਜਿਹਾ ਨਹੀਂ ਹੈ। ਜਦੋਂ ਅਸੀਂ ਇਤਿਹਾਸ ਜਾਂ ਅਜੋਕੇ ਸਮੇਂ ਵਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਸ਼ਾਕਾਹਾਰੀਆਂ ਅਤੇ ਮਾਸਾਹਾਰੀਆਂ ਵਿੱਚ, ਇਹੋ-ਜਿਹੇ ਇਨਸਾਨ ਮਿਲਦੇ ਹਨ ਜਿਹਨਾਂ ਨੇ ਆਪਣੇ ਘਿਰਣਤ ਕਾਰਨਾਮਿਆਂ ਦੁਆਰਾ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ ਹੈ। ਕਈ ਦੁੱਧ ਪੀਣ ਵਾਲਿਆਂ ਵਲੋਂ ਜਿਹੋ-ਜਿਹੇ ਕੁਕਰਮ ਕੀਤੇ ਜਾਂਦੇ ਹਨ, ਉਹਨਾਂ ਨੂੰ ਪੜ੍ਹ ਸੁਣ ਜਾਂ ਦੇਖ ਕੇ ਮਨੁੱਖ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇਸੇ ਤਰ੍ਹਾਂ ਕਈ ਮਾਸਾਹਾਰੀਆਂ ਵਲੋਂ ਵੀ ਅਜਿਹੇ ਕੁਕਰਮ ਕੀਤੇ ਗਏ ਹਨ ਜਿਹਨਾਂ ਨੂੰ ਪੜ੍ਹ, ਸੁਣ ਜਾਂ ਦੇਖ ਕੇ ਜਨ-ਸਾਧਾਰਨ ਦਾ ਮਨੁੱਖਤਾ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈ। ਜਿਵੇਂ ਅਡੋਲਫ ਹਿਟਲਰ ਸ਼ਾਕਾਹਾਰੀ ਸੀ, ਜਿਸ ਨੇ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਹਮੇਸ਼ਾਂ ਦੀ ਨੀਂਦ ਸੌਣ ਲਈ ਮਜਬੂਰ ਕਰ ਦਿੱਤਾ ਸੀ। ਇਸੇ ਤਰ੍ਹਾਂ ਕਈ ਦੁੱਧਾਧਾਰੀਆਂ ਵਲੋਂ ਮਨੁੱਖਤਾ ਨੂੰ ਕਲੰਕਤ ਕਰਨ ਵਾਲੇ ਕਾਰਨਾਮਿਆਂ ਦੀ ਮੀਡੀਏ ਵਿੱਚ ਚਰਚਾ ਹੁੰਦੀ ਰਹਿੰਦੀ ਹੈ। ਇਹਨਾਂ ਦੁੱਧਾਧਾਰੀਆਂ ਵਿੱਚ ਕਥਿਤ ਧਾਰਮਿਕ ਆਗੂ ਵੀ ਹੁੰਦੇ ਹਨ ਜਿਹਨਾਂ ਦੇ ਅਤਿ ਘਿਣਾਉਣੇ ਕਾਰਨਾਮਿਆਂ ਕਾਰਨ, ਆਮ ਮਨੁੱਖ ਦਾ ਧਰਮ ਤੋਂ ਹੀ ਵਿਸ਼ਵਾਸ ਉਠ ਜਾਂਦਾ ਹੈ। ਪਿੱਛੇ ਜਿਹੇ ਭਾਰਤ ਵਿੱਚ ਘਿਉ ਵਿੱਚ ਸੂਰ ਆਦਿ ਦੀ ਚਰਬੀ ਮਿਲਾਉਣ ਵਾਲੇ ਜਿਹੜੇ ਵਿਅਕਤੀ ਪਕੜੇ ਗਏ ਸਨ, ਉਹਨਾਂ ਵਿੱਚ ਮੁੱਖ ਰੂਪ ਵਿੱਚ ਉਹ ਲੋਕ ਸਨ ਜਿਹਨਾਂ ਦਾ ਧਰਮ ਕੀੜੀ ਨੂੰ ਮਾਰਨ ਦੀ ਵੀ ਇਜਾਜ਼ਤ ਨਹੀਂ ਦੇਂਦਾ ਹੈ।
ਜੇਕਰ ਇਸ ਮਨੌਤ ਵਿੱਚ ਸਚਾਈ ਹੁੰਦੀ ਤਾਂ ਖ਼ਾਸ ਤਰ੍ਹਾਂ ਦਾ ਭੋਜਨ ਖਾਣ ਜਾਂ ਨਾ ਖਾਣ ਵਾਲਿਆਂ ਦੀ ਜੀਵਨ-ਜੁਗਤ ਵਿੱਚ ਅੰਤਰ ਹੁੰਦਾ। ਇਸ ਲਈ ਜ਼ੁਲਮ, ਅਨਿਆਂ, ਬੇਈਮਾਨੀ, ਹੇਰਾਫੇਰੀ, ਧਿੰਗੋਜ਼ੋਰੀ ਆਦਿ ਦਾ ਸੰਬੰਧ ਭੋਜਨ ਨਾਲ ਨਹੀਂ ਹੈ ਸਗੋਂ ਮਨੁੱਖ ਦੀ ਪਸ਼ੂ ਬ੍ਰਿਤੀ ਨਾਲ ਹੈ। ਮਨੁੱਖ ਦੀ ਇਸ ਪਸ਼ੂ ਬ੍ਰਿਤੀ ਦਾ ਕਾਰਨ ਮਾਸਾਹਾਰੀ ਭੋਜਨ ਨਹੀਂ ਬਲਕਿ ਖ਼ੁਦਗ਼ਰਜ਼, ਅਤਿ ਕੋਝੀ ਅਤੇ ਨੀਚ ਸੋਚ ਹੈ।
ਧਿਆਨ ਰਹੇ ਸ਼ਾਕਾਹਾਰੀਆਂ ਦੀਆਂ ਕਈ ਕਿਸਮਾਂ ਹਨ: ਕਈ ਹਰ ਤਰ੍ਹਾਂ ਦੇ ਮਾਸ ਅਤੇ ਅੰਡੇ ਤੋਂ ਪ੍ਰੇਹਜ਼ ਕਰਦੇ ਹਨ; ਕਈ ਸ਼ਾਕਾਹਾਰੀ ਅੰਡੇ ਦੀ ਗਿਣਤੀ ਸ਼ਾਕਾਹਾਰੀ ਭੋਜਨ ਵਿੱਚ ਹੀ ਕਰਦੇ ਹਨ, ਕਈ ਦੇਸ਼ਾਂ ਵਿੱਚ ਅੰਡੇ ਅਤੇ ਮੱਛੀ ਦੀ ਗਿਣਤੀ ਸ਼ਾਕਾਹਾਰੀ ਭੋਜਨ ਵਿੱਚ ਕੀਤੀ ਜਾਂਦੀ ਹੈ। (ਮਨੂੰ ਸਿਮ੍ਰਿਤੀ ਦੇ ਪੰਜਵੇ ਅਧਿਆਏ ਦੇ 15ਵੇਂ ਸਲੋਕ ਵਿੱਚ ਲਿਖਿਆ ਹੈ ਕਿ, “ਜੋ ਜੀਵ, ਜਿਸ ਦਾ ਮਾਸ ਖਾਂਦਾ ਹੈ, ਉਹ ਉਸ ਦੇ ਖਾਣ ਵਾਲਾ ਅਖਵਾਉਂਦਾ ਹੈ। ਜਿਸ ਤਰ੍ਹਾਂ ਮੱਛੀ ਸਭੇ ਮਾਸ ਖਾਂਦੀ ਹੈ ਤੇ ਜਿਸ ਨੇ ਮੱਛੀ ਖਾਧੀ ਉਸ ਨੇ ਹਰ ਤਰ੍ਹਾਂ ਦਾ ਮਾਸ ਖਾ ਲਿਆ, ਇਸ ਲਈ ਮੱਛੀ ਨਹੀਂ ਖਾਣੀ ਚਾਹੀਦੀ”। ਮਨੂ ਸਿਮ੍ਰਿਤੀ ਦੇ ਇਸ ਕਥਨ ਦੇ ਮੁਕਾਬਲੇ `ਤੇ ਗੁਰਬਾਣੀ ਦਾ ਇਹ ਫ਼ਰਮਾਨ ਵਿਚਾਰਨ ਯੋਗ ਹੈ: ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥ (ਪੰਨਾ 1289) ਅਰਥ:-ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ); (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ। ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।
(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿੱਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ), (ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)।
ਕਈ ਲੋਕ
(vegan) ਤਾਂ ਹਰ ਤਰ੍ਹਾਂ ਦੇ ਮਾਸ ਅਤੇ ਅੰਡੇ ਤੋਂ ਨਹੀਂ ਸਗੋਂ ਦੁੱਧ ਅਤੇ ਦੁੱਧ ਤੋਂ ਬਣੀ ਹੋਈ ਹਰੇਕ ਚੀਜ਼ ਤੋਂ ਵੀ ਪ੍ਰੇਹਜ਼ ਕਰਦੇ ਹਨ। ਇਸ ਲਈ ਉਹ ਪਨੀਰ, ਚੀਜ਼ ਆਦਿ ਦੀ ਵਰਤੋਂ ਵੀ ਨਹੀਂ ਕਰਦੇ। ਇਤਨਾ ਹੀ ਨਹੀਂ, ਕਈ ਚਮੜੇ ਦੀਆਂ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਕਰਦੇ ਹਨ।
ਸ਼ਾਕਾਹਾਰੀਆਂ ਵਾਂਗ ਹੀ ਮਾਸਾਹਾਰੀਆਂ ਦੀ ਕਈ ਕਿਸਮਾਂ ਹਨ; ਕਈ ਹਰ ਤਰ੍ਹਾਂ ਦਾ ਮਾਸ ਖਾ ਲੈਂਦੇ ਹਨ, ਕਈ ਕਿਸੇ ਵਿਸ਼ੇਸ ਜਾਨਵਰ ਜਾਂ ਪੰਛੀ ਦਾ ਮਾਸ ਨਹੀਂ ਖਾਂਦੇ (ਜਿਵੇਂ ਮੁਸਲਮਾਨ ਸੂਰ ਦਾ ਅਤੇ ਹਿੰਦੂ ਗਾਂ ਦਾ ਮਾਸ ਨਹੀਂ ਖਾਂਦੇ) ਅਤੇ ਕਈ ਖ਼ਾਸ ਢੰਗ ਨਾਲ ਮਾਰੇ ਹੋਏ ਜਾਨਵਰ ਜਾਂ ਪੰਛੀ ਆਦਿ ਦਾ ਮਾਸ ਨਹੀਂ ਖਾਂਦੇ ਹਨ। ਜਿਵੇਂ ਸਿੱਖ ਕੁੱਠੇ ਮਾਸ (ਹਲਾਲ) ਦੀ ਵਰਤੋਂ ਨਹੀਂ ਕਰਦੇ ਅਤੇ ਮੁਸਲਮਾਨ ਕੇਵਲ ਹਲਾਲ ਮਾਸ ਦੀ ਹੀ ਵਰਤੋਂ ਕਰਦੇ ਹਨ।
(ਨੋਟ: ਸਾਡੇ ਲੇਖ ਦਾ ਵਿਸ਼ਾ ਮਾਸ ਖਾਣ ਜਾਂ ਨਾ ਖਾਣ ਸੰਬੰਧ ਨਹੀਂ ਹੈ। ਅਸੀਂ ਤਾਂ ਕੇਵਲ ‘ਜੈਸਾ ਅੰਨ ਤੈਸਾ ਮਨ’ ਦਾ ਜੋ ਭਾਵ ਹੈ ਕੇਵਲ ਇਸ ਸੰਬੰਧੀ ਹੀ ਚਰਚਾ ਕਰ ਰਹੇ ਹਾਂ। ਇਸ ਲਈ ‘ਜੈਸਾ ਅੰਨ ਤੈਸਾ ਮਨ’ ਵਾਲੀ ਕਹਾਵਤ ਦੀ ਗ਼ਲਤ ਅਥਵਾ ਅਧੂਰੇ ਭਾਵ ਦੀ ਵਰਤੋਂ ਵਲ (ਸੰਖੇਪ ਵਿੱਚ) ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ ਤਾਂ ਕਿ ਇਸ ਨੂੰ ਸਹੀ ਸੰਦਰਭ ਵਿੱਚ ਵਿਚਾਰਿਆ ਜਾ ਸਕੇ।)
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਜਿਹੋ-ਜਿਹੀ ਕੋਈ ਪ੍ਰਾਣੀ ਖ਼ੁਰਾਕ ਖਾਂਦਾ ਹੈ, ਉਸ ਤਰ੍ਹਾਂ ਹੀ ਉਸ ਦਾ ਸਰੀਰ ਰਿਸ਼ਟ-ਪੁਸ਼ਟ ਜਾਂ ਕਮਜ਼ੋਰ ਹੁੰਦਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਹੋਇਆ ਕਿ ਨਰੋਆ ਸਰੀਰ ਹੀ ਨਰੋਆ ਮਨ ਰੱਖਦਾ ਹੈ। ਜੇਕਰ ਸਰੀਰ ਰੋਗੀ ਹੋਵੇ ਤਾਂ ਕਈ ਮਨੁੱਖਾਂ ਦਾ ਮਨ ਵੀ ਰੋਗੀ ਹੋ ਜਾਂਦਾ ਹੈ। ਇਸ ਲਈ ਖ਼ੁਰਾਕ ਦਾ ਸਰੀਰਕ ਅਰੋਗਤਾ ਨਾਲ ਗੂੜ੍ਹਾ ਸੰਬੰਧ ਹੈ ਅਤੇ ਅਰੋਗਤਾ ਦਾ ਮਨੁੱਖੀ ਮਿਜ਼ਾਜ ਨਾਲ। ਭੋਜਨ ਸੰਬੰਧੀ ਇਸ ਸਚਾਈ ਨੂੰ ਸਵੀਕਾਰ ਕਰਦੇ ਹੋਏ, ਅਸੀਂ ਇਸ ਅਖਾਣ ਵਿਚਲੇ ਅੰਨ ਦੇ ਦੂਜੇ ਸਰੂਪਾਂ ਵਲ ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ।
ਅੰਨ ਤੋਂ ਭਾਵ ਕੇਵਲ ਭੋਜਨ ਤੋਂ ਹੀ ਨਹੀਂ ਹੈ ਬਲਕਿ ਹਰੇਕ ਉਸ ਸ਼ੈ ਤੋਂ ਹੈ, ਜਿਸ ਨਾਲ ਮਨੁੱਖ ਦਾ ਮਨ ਪ੍ਰਭਾਵਤ ਹੁੰਦਾ ਹੈ। ਮਨੁੱਖ ਦਾ ਮਨ ਮੁੱਖ ਦੁਆਰਾ ਖਾਣ ਪੀਣ ਵਾਲੇ ਪਦਾਰਥਾਂ ਤੋਂ ਨਹੀਂ ਬਲਕਿ ਅੱਖਾਂ, ਕੰਨਾਂ ਆਦਿ ਇੰਦ੍ਰਿਆਂ ਦੁਆਰਾ ਪੜ੍ਹਣ, ਸੁਣਨ ਅਤੇ ਦੇਖਣ ਆਦਿ ਨਾਲ ਜੋ ਕੁੱਝ ਅਸੀਂ ਗ੍ਰਹਿਣ ਕਰਦੇ ਹਾਂ, ਮੁੱਖ ਰੂਪ ਵਿੱਚ ਇਹਨਾਂ ਤੋਂ ਪ੍ਰਭਾਵਤ ਹੁੰਦਾ ਹੈ।
ਇਸ ਲਈ ਨਿਰਸੰਦੇਹ ਅੰਨ ਮਨੁੱਖ ਦੇ ਮਨ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇਹ ਅੰਨ ਮੂੰਹ ਦੁਆਰਾ ਖਾਣ ਵਾਲਾ ਭੋਜਨ ਨਹੀਂ ਬਲਕਿ ਅੱਖਾਂ ਆਦਿ ਦੁਆਰਾ ਪੜ੍ਹ, ਸੁਣ, ਦੇਖ ਦੁਆਰਾ ਗ੍ਰਹਿਣ ਕੀਤਾ ਹੋਇਆ ਅੰਨ ਹੈ। ਇਸ ਲਈ ਗੁਰਮਤਿ ਦੀ ਜੀਵਨ-ਜੁਗਤ ਵਿੱਚ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਤੋਂ ਮਨ ਦੇ ਪ੍ਰਭਾਵਿਤ ਕਰਨ ਵਾਲੀ ਧਾਰਨਾ ਦੀ ਥਾਂ, ਮਨੁੱਖ ਨੇ ਕਿਨ੍ਹਾਂ ਸਾਧਨਾ ਦੁਆਰਾ ਇਹ ਅੰਨ ਕਮਾਇਆ ਹੈ, ਇਸ ਨੂੰ ਆਧਾਰ ਬਣਾਇਆ ਗਿਆ ਹੈ। ਇਸ ਲਈ ਹੀ ਸਿੱਖੀ ਦੀ ਜੀਵਨ-ਜੁਗਤ ਵਿੱਚ ਮਨੁੱਖ ਨੂੰ ਬੇਈਮਾਨੀ ਜਾਂ ਹੇਰਾ-ਫੇਰੀ ਕਰਕੇ, ਵੱਢੀ ਲੈ ਕੇ ਜਾਂ ਦੂਜਿਆਂ ਦੇ ਹੱਕ ਮਾਰ ਕੇ ਕਮਾਏ ਹੋਏ ਧਨ ਨਾਲ ਖ਼ਰੀਦ ਕੇ ਲਿਆਂਦੇ ਹੋਏ ਦੁੱਧ ਜਾਂ ਇਸ ਦੁੱਧ ਤੋਂ ਬਣੀ ਹੋਈ ਖੀਰ ਨੂੰ ਖਾਣ ਦੀ ਵੀ ਮਨ੍ਹਾਹੀ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਸਾਹਿਬਾਨ ਆਪਣੀ ਚਰਨ-ਸ਼ਰਨ ਵਿੱਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਉਸ ਦੀ ਉਪਜੀਵਕਾ ਸੰਬੰਧੀ ਜ਼ਰੂਰ ਪੁੱਛਦੇ ਸਨ। ਜੇਕਰ ਕੋਈ ਪ੍ਰਾਣੀ ਗ਼ਲਤ ਢੰਗ ਨਾਲ ਆਪਣੀਆਂ ਅਤੇ ਪਰਵਾਰ ਦੀਆਂ ਲੋੜਾਂ ਦੀ ਪੂਰਤੀ ਕਰਦਾ ਸੀ ਤਾਂ ਸਤਿਗੁਰੂ ਜੀ ਉਸ ਨੂੰ ਮਨੁੱਖਤਾ ਨੂੰ ਕਲੰਕਿਤ ਕਰਨ ਵਾਲੀ ਕਾਰ ਤਿਆਗਨ ਲਈ ਕਹਿੰਦੇ ਸਨ। ਤਾਂਹੀਓ, ਜੇਕਰ ਕੋਈ ਕੁਕ੍ਰਿਤ ਕਰਨ ਵਾਲਾ ਗੁਰੂ ਕੀ ਸੰਗਤ ਵਿੱਚ ਆਉਂਦਾ ਸੀ ਤਾਂ ਗੁਰੂ ਉਪਦੇਸ਼ ਦੀ ਬਰਕਤ ਨਾਲ ਉਹ ਮਾੜੀ ਕਿਰਤ ਦਾ ਤਿਆਗ ਕਰਕੇ ਸੁਕ੍ਰਿਤ ਕਰਨ ਲੱਗ ਪੈਂਦਾ ਸੀ।
ਜੇਕਰ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦਾ ਬ੍ਰਹਮ ਭੋਜ ਛਕਣ ਤੋਂ ਇਨਕਾਰ ਕੀਤਾ ਸੀ, ਤਾਂ ਇਸ ਇਨਕਾਰ ਦਾ ਕਾਰਨ ਨਾ ਤਾਂ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਸੀ ਅਤੇ ਨਾ ਹੀ ਖਾਣਾ ਬਣਾਉਣ ਸਮੇਂ ਲਸਣ ਜਾਂ ਪਿਆਜ ਦੀ ਵਰਤੋਂ ਸੀ। ਇਨਕਾਰ ਕਰਨ ਦਾ ਕਾਰਨ ਕੇਵਲ ਇਤਨਾ ਹੀ ਸੀ ਕਿ ਮਲਕ ਭਾਗੋ ਨੇ ਇਹ ਭੋਜਨ ਗ਼ਰੀਬਾਂ ਦਾ ਹੱਕ ਮਾਰ ਕੇ, ਲੁੱਟ-ਖੋਹ ਕਰਕੇ ਅਤੇ ਵੱਢੀਖ਼ੋਰੀ ਦੀ ਪੂੰਜੀ ਨਾਲ ਬਣਾਇਆ ਸੀ। ਇਸ ਲਈ ਗੁਰੂ ਨਾਨਕ ਸਾਹਿਬ ਨੇ ਇਹ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰਦੇਵ ਦਾ ਇਹ ਮੰਨਣਾ ਹੈ ਕਿ ਗ਼ਰੀਬਾਂ ਦੇ ਨਿਚੋੜੇ ਹੋਏ ਲਹੂ ਦੀ ਕਮਾਈ ਵਾਲਾ ਭੋਜਨ (ਭਾਵੇਂ ਇਹ ਭੋਜਨ ਸ਼ਾਕਾਹਾਰੀ ਹੈ ਅਤੇ ਭਾਵੇਂ ਮਾਸਾਹਾਰੀ ਹੈ) ਖਾਣ ਨਾਲ ਮਨੁੱਖ ਦਾ ਮਨ ਮੈਲਾ ਹੋ ਜਾਂਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਸਚਾਈ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ:-
(ੳ) ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140) ਅਰਥ:-ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ), (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?
(ਅ) ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥ (ਪੰਨਾ 141) ਅਰਥ:-ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿੱਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿੱਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਹੀ ਹੱਕ-ਹਲਾਲ ਦੀ ਕਮਾਈ ਕਰਨ ਵਾਲਿਆਂ ਦੇ ਸਾਧਾਰਨ ਪ੍ਰਸ਼ਾਦਾ ਨੂੰ ਵੀ ਅੰਮ੍ਰਿਤ ਨਿਆਂਈ ਕਿਹਾ ਹੈ ਅਤੇ ਬੇਈਮਾਨੀ, ਚੋਰੀ, ਲੁੱਟ-ਖੋਹ ਅਤੇ ਹੇਰਾ-ਫੇਰੀ ਆਦਿ ਕਰਕੇ ਧਨ ਕਮਾਉਣ ਵਾਲਿਆਂ ਦੇ ਨਾਨਾ ਪ੍ਰਕਾਰ ਦੇ ਪਦਾਰਥਾਂ ਨੂੰ ਜ਼ਹਿਰ ਆਖਿਆ ਹੈ। ਇਸ ਜ਼ਹਿਰ ਨੂੰ ਖਾਣ ਦੀ ਸਖ਼ਤ ਮਨ੍ਹਾਹੀ ਕੀਤੀ ਹੈ:-
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ॥ (ਪੰਨਾ 811) ਅਰਥ:-ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿੱਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ)।
ਇਤਨਾ ਹੀ ਨਹੀਂ, ਗੁਰੂ ਨਾਨਕ ਸਾਹਿਬ ਧਰਮ ਦਾ ਮੁਖੌਟਾ ਪਹਿਣ ਕੇ ਜਨ-ਸਾਧਾਰਨ ਦੀ ਲੁੱਟ-ਖਸੁੱਟ ਕਰਕੇ ਧਨ ਬਟੋਰਨ ਵਾਲਿਆਂ ਦੀ, ਇਸ ਬੇਈਮਾਨੀ ਦੀ ਕਮਾਈ `ਚੋਂ ਹਿੱਸਾ ਵੰਡਾਉਣ ਵਾਲੇ ਧਾਰਮਿਕ ਆਗੂਆਂ ਦੀ ਕਾਰਜ-ਸ਼ੈਲੀ ਦੀ ਵੀ ਇਹਨਾਂ ਸ਼ਬਦਾਂ ਦੁਆਰਾ ਸਖ਼ਤ ਨਿਖੇਧੀ ਕਰਦੇ ਹਨ:- ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ (ਪੰਨਾ 471)
ਅਰਥ:- (ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿੱਚ ਜਨੇਊ ਹਨ। ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿੱਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ; ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)। (ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ। ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ।
ਰਹਿਤਨਾਮਿਆਂ ਵਿੱਚ ਵੀ ਜਿਨ੍ਹਾਂ ਦਾ ਖਾਣਾ ਵਿਵਰਜਿਤ ਹੈ, ਉਹਨਾਂ ਬਾਰੇ ਇਉਂ ਕਿਹਾ ਹੈ:-
“ਪਰ ਦੁੰਹ ਦਾ ਖਾਣਾ ਬਿਬਰਜਿਤ ਹੈ, ਪ੍ਰਥਮੈ- ਜੋ ਕੋਈ ਅਪਨੇ ਗੁਰੂ ਤੋਂ ਬੇਮੁਖ ਹੋਵੈ, ਦੂਤੀਆ-ਜੋ ਕੋਈ ਦਾਵਾ ਬੰਨ੍ਹੈ ਅਰ ਕਹੈ ‘ਅਮੁਕਾ ਮੇਰੇ ਈਹਾਂ ਖਾਇ ਗਇਆ ਹੈ।” (ਚੱਲਦਾ)




.