.

ਅੰਮ੍ਰਿਤ ਬਾਣੀ ਗੁਰ ਕੀ ਮੀਠੀ॥

ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਅਗੈ ਭੁਖਾ ਕਿਆ ਖਾਏ” ? - “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਸਮੂਚੀ ਗੁਰਬਾਣੀ ਭਾਵਤੋਂ ਲੈ ਕੈ “ਤਨੁ ਮਨੁ ਥੀਵੈ ਹਰਿਆ” ਤੱਕ ਪ੍ਰਾਪਤ ਮਨੁੱਖਾ ਜਨਮ ਨੂੰ ਸ਼ਬਦ ਗੁਰੂ ਦੀ ਕਮਾਈ ਰਾਹੀਂ ਆਪਣੇ ਅਸਲੇ ਪ੍ਰਭੂ `ਚ ਸਫ਼ਲ ਕਰਣ ਲਈ ਹੀ ਪ੍ਰੇਰਣਾ ਕੀਤੀ ਹੋਈ ਹੈ। ਗੁਰਬਾਣੀ `ਚ ਜੀਵਨ ਦੀ ਅਜਿਹੀ ਪ੍ਰਾਪਤੀ ਲਈ ਹੀ ਫ਼ੁਰਮਾਨ ਹੈ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਜਿਸਦੇ ਅਰਥ ਹਨ ਕਿ “ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ। ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ”। ਅਜਿਹੇ ਸਫ਼ਲ ਮਨੁੱਖਾ ਜਨਮ ਨੂੰ ਹੀ ਗੁਰਬਾਣੀ `ਚ ਸਫ਼ਲ, ਸਚਿਆਰਾ, ਗੁਰਮੁਖ, ਵਡਭਾਗੀ ਆਦਿ ਜੀਵਨ ਵੀ ਕਿਹਾ ਹੈ। ਜਿਵੇਂ:-

(ੳ) “ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ॥ ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ॥ ਹਰਿ ਹਰਿ ਨਾਮੁ ਧਿਆਇਐ ਜਿਸ ਨਉ ਕਿਰਪਾ ਕਰੇ ਰਜਾਇ” (ਪੰ: ੨੮)

(ਅ) “ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ॥ ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ” (ਪੰ: ੮੯)

(ੲ) “ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ॥ ਧੰਨਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ” (ਪੰ: ੪੦)

(ਸ) “ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ॥ ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ” (ਪੰ: ੪੩੦)

(ਹ) “ਪ੍ਰਭ ਅਪਨੇ ਕਾ ਭਇਆ ਬਿਸਾਸੁ॥ ਜੀਉ ਪਿੰਡੁ ਸਭੁ ਤਿਸ ਕੀ ਰਾਸਿ॥ ਨਾਨਕ ਕਉ ਉਪਜੀ ਪਰਤੀਤਿ॥ ਮਨਮੁਖ ਹਾਰ ਗੁਰਮੁਖ ਸਦ ਜੀਤਿ” (ਪੰ: ੮੬੭) ਅਦਿ ਬੇਅੰਤ ਗੁਰਬਾਣੀ ਪ੍ਰਮਾਣ।

ਫ਼ਿਰ ਇਤਨਾ ਹੀ ਨਹੀਂ, ਗੁਰਬਾਣੀ `ਚ ਕਿਸੇ ਵਿਸ਼ੇਸ਼ ਫ਼ਿਰਕੇ ਨੂੰ ਨਹੀਂ ਬਲਕਿ ਸਮੂਚੇ ਮਨੁੱਖ ਮਾਤ੍ਰ ਨੂੰ ਪ੍ਰਾਪਤ ਮਨੁੱਖਾ ਜਨਮ ਦੇ ਸਫ਼ਲ ਕਰਣ ਲਈ ਪ੍ਰੇਰਣਾ ਕੀਤੀ ਹੋਈ ਹੈ। ਹੋਰ ਤਾਂ ਹੋਰ, ਜਦੋਂ ਸੰਬੰਧਤ ਵਿਸ਼ੇ ਨੂੰ ਲਵਾਂਗੇ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਗੁਰਬਾਣੀ `ਚ ਤਾਂ ਅਨੰਤ ਵਾਰ ਮਨੁੱਖਾ ਜਨਮ ਨੂੰ ਵਿਸ਼ੇਸ਼, ਦੁਰਲਭ ਤੇ ਅਮੁੱਲਾ ਜਨਮ ਆਦਿ ਸਪਸ਼ਟ ਕਰਕੇ, ਨਾਲ ਨਾਲ ਇਸ ਨੂੰ ਬਿਰਥਾ, ਅਹਿਲਾ ਅਥਵਾ ਨਿਹਫਲ ਕਰਣ ਤੋਂ ਵੀ ਸੁਚੇਤ ਕੀਤਾ ਹੋਇਆ ਹੈ। ਜਦਕਿ ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਪ੍ਰਕਰਣ ਅਨੁਸਾਰ ਅਸੀਂ ਇਥੇ ਹੇਠਾਂ ਗੁਰਬਾਣੀ `ਚੋਂ ਹੀ ਕੁੱਝ ਸੰਬੰਧਤ ਸ਼ਬਦ ਵੀ ਲੈ ਰਹੇ ਹਾਂ ਜਿਵੇਂ:-

(੧) ਮਾਰੂ ਮਹਲਾ ੫ ਘਰੁ ੩॥ ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ॥ ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ॥ ੧ ॥ ਰੇ ਨਰ ਐਸੀ ਕਰਹਿ ਇਆਨਥ॥ ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ॥ ੧ ॥ ਰਹਾਉ॥ ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ॥ ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ॥ ੨ ॥ ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ॥ ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ॥ ੩ ॥ ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ ੪ (ਪੰ: ੧੦੦੧)

(੨) “ਫਫਾ ਫਿਰਤ ਫਿਰਤ ਤੂ ਆਇਆ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰੁ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ” (ਪੰ: ੨੫੮)

(੩) ਸੋਰਠਿ ਮਹਲਾ ੯॥” ਰੇ ਮਨ ਰਾਮ ਸਿਉ ਕਰਿ ਪ੍ਰੀਤਿ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥ ੧ ॥ ਰਹਾਉ॥ ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ॥ ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ॥ ੧ ॥ ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ॥ ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ” (ਪੰ: ੬੩੧)

(੪) ਤਿਲੰਗ ਮਹਲਾ ੯॥ ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ॥ ੧ ॥ ਰਹਾਉ॥ ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ॥ ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ॥ ੧ ॥ ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ॥ ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ॥ ੨ ॥ ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ॥ ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ॥ ੩ ॥ ੩ (ਪੰ: ੭੨੭)

(੫) ਗਉੜੀ ੯॥ ਜੋਨਿ ਛਾਡਿ ਜਉ ਜਗ ਮਹਿ ਆਇਓ॥ ਲਾਗਤ ਪਵਨ ਖਸਮੁ ਬਿਸਰਾਇਓ॥ ੧ ॥ ਜੀਅਰਾ ਹਰਿ ਕੇ ਗੁਨਾ ਗਾਉ॥ ੧ ॥ ਰਹਾਉ॥ ਗਰਭ ਜੋਨਿ ਮਹਿ ਉਰਧ ਤਪੁ ਕਰਤਾ॥ ਤਉ ਜਠਰ ਅਗਨਿ ਮਹਿ ਰਹਤਾ॥ ੨ ॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ॥ ੩ ॥ ਕਹੁ ਕਬੀਰ ਭਜੁ ਸਾਰਿਗਪਾਨੀ॥ ਆਵਤ ਦੀਸੈ ਜਾਤ ਨ ਜਾਨੀ॥ ੪ (ਪੰ: ੩੩੭)

(੬) ਗਉੜੀ ਮਹਲਾ ੯॥ ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥ ੧ ॥ ਰਹਾਉ॥ ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ॥ ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ॥ ੧ ॥ ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥ ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ॥ ੨ ॥ ੫ (ਪੰ: ੨੧੯)

(੭) ਸਾਰਗ ਮਹਲਾ ੫॥ ਅਬ ਪੂਛੇ ਕਿਆ ਕਹਾ॥ ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ॥ ੧ ॥ ਰਹਾਉ॥ ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ॥ ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ॥ ੧ ॥ ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ॥ ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ॥ ੨ ॥ ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ॥ ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨਿੑਹਾ॥ ੩ ॥ ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ॥ ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ॥ ੪ ॥ ੪ (ਪੰ {੧੨੦੩)

(੮) ਸੋਰਠਿ ਮਹਲਾ ੯॥ ਮਨ ਰੇ ਕਉਨੁ ਕੁਮਤਿ ਤੈ ਲੀਨੀ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ॥ ੧ ॥ ਰਹਾਉ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ॥ ੧ ॥ ਨਾ ਹਰਿਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ॥ ੨ ॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ॥ ੩ ॥ ੩ (ਪੰ: ੬੩੧) ਇਸ ਤਰ੍ਹਾਂ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚੋਂ ਬੇਅੰਤ ਸ਼ਬਦ ਪ੍ਰਾਪਤ ਹਨ।

“ਅਹਿਲਾ ਜਨਮੁ ਗਵਾਇਆ” -ਬਲਕਿ ਗੁਰਬਾਣੀ `ਚ ਤਾਂ ਇਸ ਪੱਖੌ ਵੀ ਅਨੰਤ ਵਾਰ ਚੇਤਾਵਣੀ ਦਿੱਤੀ ਹੋਈ ਹੈ ਕਿ ਐ ਭਾਈ! ਜੇ ਇਸ ਵਾਰ ਵੀ ਤੂੰ ਆਪਣੇ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਨਾ ਕੀਤੀ; ਇਸ ਨੂੰ ਪਹਿਲਾਂ ਵਾਂਙ ਹੀ ਬਿਨਾ ਸ਼ਬਦ ਗੁਰੂ ਦੀ ਕਮਾਈ ਦੇ ਬਿਰਥਾ ਕਰ ਦਿੱਤਾ ਤਾਂ ਤੇਰੀ ਫ਼ਿਰ ਤੋਂ ਉਹੀ ਹਾਲਤ ਹੋਵੇਗੀ ਜਿਹੜੀ ਤੇਰੀ ਹਾਲਤ ਇਸ ਮਨੁੱਖਾ ਜਨਮ `ਚ ਆਉਣ ਤੋਂ ਪਹਿਲਾਂ ਹੋਈ ਪਈ ਸੀ; ਭਾਵ ਤੈਨੂੰ ਮੁੜ ਜਨਮਾਂ-ਜੂਨਾਂ-ਗਰਭਾਂ ਦੇ ਗੇੜ ਹੀ ਪੈਣਾ ਪਵੇਗਾ।

ਫ਼ੁਰਮਾਨ ਹੈ “ਆਸਾ ਮਹਲਾ ੪॥ ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥ ੨ (ਪੰ: ੪੫੦) ਗੁਰਦੇਵ ਨੇ ਤਾਂ “ਨਾਮ ਬਿਨਾ ਬਿਰਥਾ ਸਭੁ ਜਾਏ” ਵਾਲੇ ਵਿਸ਼ੇ ਨੂੰ ਇਸ ਤਰ੍ਹਾਂ ਵੀ ਬਿਆਣਿਆ ਹੈ ਜਿਵੇਂ

“ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ॥ ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ” (ਪ: ੫੬੫) ਅਥਵਤ

“ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ” (ਪੰ: ੭੯੬)। ਅਤੇ ਵਿਸ਼ੇ ਨਾਲ ਸੰਬੰਧਤ ਹੋਰ ਵੀ ਬੇਅੰਤ ਸ਼ਬਦ ਪ੍ਰਾਪਤ ਹਨ।

ਧਿਆਨ ਰਹੇ! ਮਨੁੱਖ ਜਦੋਂ ਸੰਸਾਰਕ ਤਲ `ਤੇ ਵੀ ਕਿਸੇ ਪਉੜੀ ਦੇ ਉਪਰ ਤੱਕ ਚਵ੍ਹਦਾ ਹੋਇਆ ਜਦੋਂ ਉਸ ਦੇ ਸਾਰੇ ਡੰਡੇ ਚੜ੍ਹ ਜਾਦਾ ਹੈ ਤਾਂ ਅੰਤਮ ਡੰਡੇ ਬਾਅਦ ਉਸ ਦੀ ਅਗਲੀ ਸੀਮਾ, ਉਸ ਦੀ ਆਪਣੀ ਮੰਜ਼ਿਲ ਹੀ ਹੁੰਦੀ ਹੈ। ਇਸ ਦੇ ਉਲਟ, ਜੇਕਰ ਕਿਸੇ ਕਾਰਣ ਪੂਰੀਆਂ ਪਉੜੀਆਂ ਚੜ੍ਹਣ ਤੋਂ ਬਾਅਦ ਆਖ਼ਰੀ ਪਉੜੀ `ਤੇ ਪੁੱਜ ਕੇ, ਉਸ ਦਾ ਡੰਡੇ ਤੋਂ ਹੱਥ ਛੁੱਟ ਜਾਂਦਾ ਹੈ ਜਾਂ ਪੈਰ ਖਿਸਕ ਜਾਂਦਾ ਹੈ ਤਾਂ ਨਤੀਜਾ, ਉਹ ਵਾਪਿਣ ਉਥੇ ਹੀ ਜਾ ਡਿੱਗਦਾ ਹੈ, ਜਿਥੋਂ ਕਿ ਉਸ ਨੇ ਚੜ੍ਹਣਾ ਅਰੰਭ ਕੀਤਾ ਸੀ।

ਦਰਅਸਲ ਗੁਰਦੇਵ ਇਥੇ ਪਉੜੀ ਦੀ ਉਸੇ ਸੰਸਾਰਕ ਮਿਸਾਲ ਨੂੰ ਵਰਤ ਕੇ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ `ਚ ਪਏ ਜੀਵ ਨੂੰ ਸਮਝਾ ਰਹੇ ਹਨ। ਫ਼ੁਰਮਾਉਂਦੇ ਹਨ ਕਿ, ਮੂਲ ਰੂਪ `ਚ ਮਨੁੱਖਾ ਜਨਮ ਵਾਲਾ ਮੌਕਾ ਵਾਰੀ, ਅਵਸਰ ਵੀ, ਇਸ ਜੀਵ ਲਈ ਪ੍ਰਭੂ `ਚ ਅਭੇਦ ਹੋਣ ਲਈ, ਉਸ ਜਨਮਾਂ ਜੂਨਾਂ ਵਾਲੀ ਪਉੜੀ ਦਾ ਆਖ਼ਿਰੀ ਡੰਡਾਂ ਹੀ ਹੁੰਦਾ ਹੈ। ਜਦਕਿ, ਅਗਿਆਨਤਾ ਕਾਰਣ ਜੀਵ ਦੇ ਹੱਥੋਂ ਜਦੋਂ ਇਹ ਅਵਸਰ ਵੀ ਖਾਲੀ ਚਲਾ ਜਾਂਦਾ ਹੈ (ਹਥੋਂ ਛੁੱਟ ਗਿਆ ਜਾਂ ਪੈਰ ਖਿਸਕ ਗਿਆ) ਤਾਂ ਇਸ ਲਈ ਵੀ “ਨਾਮ ਬਿਨਾ ਬਿਰਥਾ ਸਭੁ ਜਾਏ” ਜਾਂ ਅਹਿਲਾ ਜਨਮੁ ਗਵਾਇਆ” ਹੀ ਹੁੰਦਾ ਹੈ। ਇਸ ਤਰ੍ਹਾਂ ਕਰਤੇ ਦੇ ਨਿਆਂ `ਚ ਇਸ ਨੂੰ ਮੁਢੋਂ ਤੇ ਫ਼ਿਰ ਤੋਂ ਉਸੇ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪੈਣਾ ਪੈਂਦਾ ਹੈ, ਜਿਥੋਂ ਇਹ ਅਰੰਭ ਹੋਇਆ ਸੀ।

“ਇਹੀ ਤੇਰਾ ਅਉਸਰੁ ਇਹ ਤੇਰੀ ਬਾਰ” - ਬਲਕਿ ਗੁਰਬਾਣੀ `ਚ ਤਾਂ ਅਜਿਹੇ ਸ਼ਬਦ ਵੀ ਬੇਅੰਤ ਹਨ ਜਿਨ੍ਹਾਂ `ਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ (ਕੁਝ ਧੁਰੋਂ ਥਾਪੀਆਂ ਹੋਈਆਂ ਹਸਤੀਆਂ ਨੂੰ ਛੱਡ ਕੇ ਜਿਵੇਂ ਦਸ ਪਾਤਸ਼ਾਹੀਆਂ ਜਾਂ ਜਿਨ੍ਹਾਂ ਬਾਰੇ ਕਰਤਾ ਹੀ ਜਾਣਦਾ ਹੈ) ਸਾਡੇ ਵਰਗੇ ਸਾਧਾਰਨ ਮਨੁੱਖਾਂ ਦੇ ਜਨਮ ਦੇ ਮੁਖ ਛੇ ਪੱਖ ਹੁੰਦੇ ਹਨ। ਫ਼ਿਰ ਉਨ੍ਹਾਂ ਛੇ ਪੱਖਾਂ `ਚੋਂ ਹੀ ਚਾਰ ਪੱਖ ਹਰੇਕ ਮਨੁੱਖਾ ਜਨਮ `ਤੇ ਲਾਗੂ ਹੁੰਦੇ ਹਨ। ਉਪ੍ਰੰਤ ਗੁਰਬਾਣੀ ਆਧਾਰਿਤ ਉਹ੍ਹਾਂ ਛੇ ਪੱਖਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

(੧) ਹਰੇਕ ਮਨੁੱਖ ਨੂੰ ਇਸ ਤੋਂ ਪਹਿਲਾਂ ਵੀ ਕਿਸੇ ਸਮੇਂ ਮਨੁੱਖਾ ਜਨਮ ਵਾਲਾ ਅਵਸਰ, ਵਾਰੀ ਤੇ ਬਰੀਆ ਮਿਲ ਚੁੱਕੀ ਹੁੰਦੀ ਹੈ। ਜਦਕਿ “ਇਕਿ ਕਿਤੁ ਆਏ ਜਨਮੁ ਗਵਾਏ॥ ਮਨਮੁਖ ਲਾਗੇ ਦੂਜੈ ਭਾਏ॥ ਏਹ ਵੇਲਾ ਫਿਰਿ ਹਾਥਿ ਨ ਆਵੈ, ਪਗਿ ਖਿਸਿਐ ਪਛੁਤਾਇਦਾ(ਪੰ: ੧੦੬੫) ਅਥਵਾ

“ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ” (ਅੰ: ੬੮) ਆਦਿ ਪਰ ਮਨੁੱਖ ਨੇ ਆਪਣੀ ਮਨਮੁਖਤਾ ਕਾਰਣ ਉਸ ਨੂੰ ਬਿਰਥਾ ਕਰ ਦਿੱਤਾ ਹੁੰਦਾ ਹੈ।

(੨) ਉਸੇ ਦਾ ਨਤੀਜਾ “ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ” (ਪੰ: ੮੮੫) ਅਥਵਾ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ” (ਪੰ: ੬੫੧) ਹੋਰ “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ” (ਪੰ: ੨੦੭) ਅਨੁਸਾਰ ਅਜੋਕੇ ਮਨੁੱਖਾ ਜਨਮ ਦੀ ਪ੍ਰਾਪਤੀ ਤੋਂ ਪਹਿਲਾਂ ਵੀ ਹਰੇਕ ਮਨੁੱਖ ਕਰਤੇ ਪ੍ਰਭੂ ਦੇ ਸੱਚ ਨਿਆਂ `ਚ ਅਨੇਕਾਂ ਗਰਭ ਤੇ ਜੂਨਾਂ ਭੋਗ ਚੁੱਕਾ ਹੁੰਦਾ ਹੈ। (ਇਹੀ ਹੈ ਮਨੁੱਖਾ ਜਨਮ ਦਾ ਦੂਜਾ ਪੱਖ)

(੩-੪) ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਾਡੇ ਇਸ ਮਨੁੱਖਾ ਜਨਮ ਦਾ ਤੀਜਾ ਤੇ ਚੌਥਾ ਪੱਖ ਹੈ ਗੁਰਮੁਖ ਤੇ ਮਨਮੁਖ ਜੀਵਨ। ਜਦਕਿ ਇਨ੍ਹਾ ਦੋਨਾਂ `ਚੋਂ ਹਰੇਕ ਮਨੁੱਖ ਜੀਵਨ `ਚ ਜੀਵਨ ਦਾ ਇੱਕ ਪੱਖ ਹੀ ਤਿਆਰ ਹੋਣਾ ਹੈ ਗੁਰਮੁਖ ਜਾਂ ਮਨਮੁਖ ਦੋਵੇਂ ਇਕੱਠੇ ਨਹੀਂ। ਇਸੇ ਤੋਂ ਗੁਰਬਾਣੀ `ਚ ਪ੍ਰਾਪਤ ਮਨੁੱਖਾ ਜਨਮ ਨੂੰ “ਸ਼ਬਦ ਗੁਰੂ” ਦੀ ਕਮਾਈ ਨਾਲ ਗੁਰਮੁਖ, ਸਫ਼ਲ ਤੇ ਸਚਿਆਰਾ ਜੀਵਨ ਤਿਆਰ ਕਰ ਲਈ ਹੀ ਬੇਅੰਤ ਵਾਰ ਬਲਕਿ ਬਹੁਤਾ ਕਰਕੇ ਪ੍ਰੇਰਣਾ ਕੀਤੀ ਗਈ ਹੈ। ਜਿਵੇਂ:-

“ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਹੋਰ

“ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ” (ਅੰ: ੫੨੪)

ਉਪ੍ਰੰਤ ਇਹੀ ਵਿਸ਼ਾ ਅਰਦਾਸ ਰੂਪ `ਚ ਵੀ ਜਿਵੇਂ “ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ” (ਪੰ: ੭੧੩) ਇਸ ਤੋਂ ਬਾਅਦ ਵੀ ਜੇਕਰ ਇਸ ਪੱਖੋਂ ਜੀਵਨ ਦੀ ਸੰਭਾਲ ਨਹੀਂ ਕੀਤੀ ਜਾਂਦੀ ਤਾਂ ਮਨਮੁਖੀ ਜੀਵਨ ਹੀ ਤਿਆਰ ਹੁੰਦਾ ਹੈ ਅਤੇ ਉਸ ਸੰਬੰਧੀ ਵੀ ਗੁਰਬਾਣੀ ਬੇਅੰਥ ਫ਼ੁਰਮਾਨ ਹਨ ਜਿਵੇਂ

“ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ॥ ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ” (ਪੰ: ੩੩) ਅਥਵਾ

“ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ” (ਪੰ: ੩੪) ਇਸ ਤਰ੍ਹਾਂ ਇਹ ਹਨ ਮਨੁੱਖਾ ਜਨਮ ਦੇ ਤੀਜਾ ਤੇ ਚੌਥਾ ਪੱਖ ਜਿਨ੍ਹਾਂ ਚੋਂ ਗੁਰਮੁਖ ਜਾਂ ਮਨਮੁਖ, ਪਰ ਆਪਣੇ ਆਪਣੇ ਜੀਵਨ ਕਾਲ `ਚ ਕਿਸੇ ਇੱਕ ਪ੍ਰਕਾਰ ਦੇ ਜੀਵਨ ਦੀ ਤਿਆਰੀ ਹੀ ਹਰੇਕ ਮਨੁੱਖਾ ਜੀਵਨ `ਚ ਸੰਭਵ ਹੈ।

ਗੁਰਮੁਖ ਬਨਾਮ ਮਨਮੁਖ- ਜਿਹੜਾ ਗੁਰਮੁਖੀ ਜੀਵਨ ਤਿਆਰ ਹੁੰਦਾ ਹੈ ਉਹ ਜੀਵਨ ਅਨੰਦ ਮਈ, ਸੰਤੋਖੀ, ਚਿੰਤਾ ਭਟਕਣਾ, ਆਸ਼ਾ-ਮਨਸ਼ਾ-ਤ੍ਰਿਸ਼ਨਾ, ਅਉਗੁਣਾਂ-ਵਿਕਾਰਾਂ ਤੋਂ ਰਹਿਤ; ਕਰਤੇ ਪ੍ਰਭੂ ਨਾਲ ਇੱਕ ਮਿਕ ਹੋ ਕੇ ਬਤੀਤ ਹੁੰਦਾ ਹੈ। ਜਦਕਿ ਮਨਮੁਖੀ ਜੀਵਨ ਆਪਣੇ ਜੀਵਨ ਕਾਲ `ਚ ਵੀ ਤ੍ਰਿਸ਼ਨਾ ਹਉਮੈ ਆਦਿ ਵਿਕਾਰਾਂ ਦੀ ਮਾਰ ਸਹਿਣ ਨੂੰ ਮਜਬੂਰ ਅਤੇ ਭਟਕਣਾ, ਚਿੰਤਾਂਵਾਂ ਨਾਲ ਭਰਪੂਰ ਗੁਣਾਹਾਂ-ਜੁਰਮਾਂ ਝੂਠ ਫ਼ਰੇਬ ਠਗੀਆਂ ਤੇ ਵਿਤਕਰਿਆਂ ਆਦਿ ਵਾਲੇ ਪਾਸੇ ਹੀ ਅਰੁਕ ਵਧਦਾ ਜਾਂਦਾ ਹੈ।

(੫-੬) ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਾਡੇ ਮਨੁੱਖਾ ਜਨਮ ਦੇ ਪੰਜਵੇਂ ਤੇ ਛੇਵੇਂ ਪੱਖ ਦਾ ਸੰਬੰਧ ਸਾਡੀ ਸਰੀਰਕ ਮੌਤ ਤੋਂ ਬਾਅਦ ਹੈ। ਦੂਜਾ ਇਹ ਕਿ ਸਾਡੇ ਮਨੁੱਖਾ ਜੀਵਨ ਦੇ ਤੀਜੇ ਤੇ ਚੌਥੇ ਪੱਖ ਦੀ ਨਿਆਈਂ ਇਨ੍ਹਾਂ ਦੋਨਾਂ ਪੱਖਾਂ `ਚੋਂ ਵੀ ਹਰੇਕ ਮਨੁੱਖ ਦਾ ਇੱਕ ਪੱਖ ਨਾਲ ਹੀ ਸੰਬੰਧ ਹੈ ਦੋਨਾਂ ਨਾਲ ਇਕੱਠਾ ਨਹੀਂ। ਦਰਅਸਲ ਇਹ ਸਾਡੇ ਜੀਵਨ ਦੇ ਤੀਜੇ ਤੇ ਚੌਥੇ ਪੱਖ ਦਾ ਸਾਡੀ ਮੌਤ ਤੋਂ ਬਾਅਦ, ਨਤੀਜਾ ਹੁੰਦੇ ਹਨ।

ਗੁਰਬਾਣੀ ਅਨੁਸਾਰ ਗੁਰਮੁਖ, ਵਡਭਾਗੀ, ਸਚਿਆਰੇ ਜੀਵਨ ਸਰੀਰਕ ਮੌਤ ਤੋਂ ਬਾਅਦ ਵੀ ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ ਤੇ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ।

ਜਦਕਿ ਬਿਰਥਾ, ਮਨਮੁਖੀ, ਅਭਾਗੇ ਕੂੜਿਆਰ ਜੀਵਨ ਮੁੜ ਜੂਨਾਂ ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਧੱਕ ਦਿੱਤੇ ਜਾਂਦੇ ਹਨ। ਇਸ ਲਈ ਮਨੁੱਖਾ ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਲਈ ਵੱਖ ਵੱਖ ਵੀ ਅਤੇ ਜੁੜਵੇਂ ਵੀ, ਗੁਰਬਾਣੀ ਚੋਂ ਬੇਅੰਤ ਫ਼ੁਰਮਾਨ ਪ੍ਰਾਪਤ ਹਨ। ਤਾਂ ਤੇ ਇਸ ਲੜੀ `ਚ ਕੁੱਝ ਗੁਰਬਾਣੀ ਫ਼ੁਰਮਾਨ:-

“ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) ਭਾਵ ਖਰੇ ਅਥਵਾ ਸਚਿਆਰੇ ਜੀਵਨ ਤਾਂ ਕਰਤੇ ਪ੍ਰਭੂ `ਚ ਸਮਾਅ ਜਾਂਦੇ ਹਨ ਤੇ ਮੁੜ ਜਨਮ-ਮਰਨ ਦੇ ਗੁੜ `ਚ ਨਹੀਂ ਆਉਂਦੇ। ਖੋਟੇ ਭਾਵ ਮਨਮੁਖੀ ਤੇ ਕੁੜਿਆਰ ਫ਼ਿਰ ਤੋਂ ਜੂਨਾਂ ਜਨਮਾਂ ਤੇ ਗਰਭਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਹੋਰ:

“ਗੁਰਮੁਖਿ ਲਾਹਾ ਲੈ ਗਏ, ਮਨਮੁਖ ਚਲੇ ਮੂਲੁ ਗਵਾਇ ਜੀਉ” (ਪੰ: ੭੪) ਪੁਨਾ

“ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ॥ ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ” (ਪੰ: ੩੦)

ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ” (ਪੰ: ੬੪)

ਉਪ੍ਰੰਤ ਕੁੱਝ ਖ਼ੁਰਮਾਣ ਕੇਵਲ ਮਨਮੁਖ ਦੀ ਸਰੀਰਕ ਮੌਤ ਤੋਂ ਬਾਅਦ ਨਾਲ ਸੰਬੰਧਤ ਜਿਵੇਂ:- “ਮਨਮੁਖ ਮੁਗਧ ਕਰਹਿ ਚਤੁਰਾਈ।। ਨਾਤਾ ਧੋਤਾ ਥਾਇ ਨ ਪਾਈ।। ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ” (ਪੰ: ੧੧੪) ਚੇਤੇ ਰਹੇ ਗੁਰਬਾਣੀ ਅਨੁਸਾਰ ਮੌਤ ਤੋਂ ਬਾਅਦ ਪਛੋਤਾਵਣਿਆ ਦਾ ਅਰਥ ਹੀ ਮੁੜ ਜਨਮ-ਮਰਨ ਤੇ ਜੂਨਾਂ ਦਾ ਗੇੜ ਹੀ ਹੈ। ਹੋਰ

“ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ॥ ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ” (ਪੰ: ੩੪)

“ਮਨਮੁਖ ਮੁਏ ਜਿਨ ਦੂਜੀ ਪਿਆਸਾ॥ ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ॥ ਜੈਸਾ ਬੀਜਹਿ ਤੈਸਾ ਖਾਸਾ” (ਪੰ: ੧੭੬)

“ਖਤਿਅਹੁ ਜੰਮੇ, ਖਤੇ ਕਰਨਿ, ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ, ਜੇ ਸਉ ਧੋਵਣ ਪਾਹਿ” (ਪੰ: ੧੪੯) ਅਥਵਾ

“ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ” (ਪੰ: ੧੨੩੮)

ਭਾਵ ਅਜਿਹੇ ਮਨੁੱਖ ਸੰਸਾਰ `ਚ ਮਨੁੱਖਾ ਜਨਮ ਲੈ ਕੇ ਆਉਨਦੇ ਵੀ ਇਸ ਲਈ ਹਨ ਕਿ ਉਨ੍ਹਾਂ ਆਪਣਾ ਇਸ ਤੋਂ ਪਿਛਲਾ ਮਨੁੱਖਾ ਜਨਮ ਬਿਰਥਾ ਕੀਤਾ ਸੀ ਅਤੇ ਸ਼ਬਦ-ਗੁਰੂ ਦੀ ਕਮਾਈ ਪੱਖੋਂ ਖਾਲੀ ਹੱਥ (ਨੰਗੇ) ਸਨ। ਉਪ੍ਰੰਤ ਇਸ ਮਨੁੱਖਾ ਜਨਮ ਵੀ ਉਸੇ ਤਰ੍ਹਾਂ ਬਿਰਥਾ ਕਰਕੇ ਗਏ ਹਨ। ਦਰਅਸਲ ਇਸੇ ਸੱਚ ਦੇ ਪ੍ਰਗਟਾਵੇ ਲਈ ਇਥੇ ਗੁਰਬਾਣੀ ਦੀ ਸ਼ਬਦਾਵਲੀ ਹੈ “ਆਵਹਿ ਨੰਗੇ ਜਾਹਿ ਨੰਗੇ” ਅਥਵਾ “ਖਤਿਅਹੁ ਜੰਮੇ, ਖਤੇ ਕਰਨਿ, ਤ ਖਤਿਆ ਵਿਚਿ ਪਾਹਿ”।

ਵਿਚਾਰ ਕੀਤੀ ਜਾਵੇ ਤਾਂ ਹੇਠਾਂ ਦਿੱਤੇ ਦੋਨਾਂ ਸ਼ਬਦਾਂ `ਚ ਵੀ ਪੰਜਵੇਂ ਪਾ: ਤੇ ਕਬੀਰ ਸਾਹਿਬ ਬਹੁਤਾ ਕਰਕੇ ਮਨੁੱਖਾ ਜਨਮ ਬਾਰੇ ਇਹੀ ਵੇਰਵੇ ਦੇ ਰਹੇ ਹਨ। ਅਰਥਾਂ ਸਹਿਤ ਦੋਵੇਂ ਸ਼ਬਦ ਇਸ ਤਰ੍ਹਾਂ ਹਨ:-

(੧) ਗਉੜੀ ਗੁਆਰੇਰੀ ਮਹਲਾ ੫॥ ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ 

ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ੧ ॥ ਰਹਾਉ॥

ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ ੨ 

ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩ 

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪ ॥” (ਪੰ: ੧੭੬)

ਅਰਥ : — ਐ ਭਾਈ ! ਬੜੇ ਚਿਰ ਪਿੱਛੋਂ ਤੈਨੂੰ (ਮਨੁੱਖਾ) ਸਰੀਰ ਮਿਲਿਆ ਹੈ, (ਹੁਣ ਤੂੰ) ਜਗਤ ਦੇ ਮਾਲਕ ਪ੍ਰਭੂ ਨੂੰ ਮਿਲ। ਕਿਉਂਕਿ ਕੇਵਲ ਇਹ ਮਨੁੱਖਾ ਜਨਮ ਹੀ, ਪ੍ਰਭੂ ਮਿਲਾਪ ਦਾ ਸਮਾ ਹੈ। (ਇਸ ਰਹਾਉ ਵਾਲੀ ਪੰਕਤੀ ਦੇ ਗੁਰਬਾਣੀ ਅਨੁਸਾਰ ਮੂਲ਼ ਅਰਥ ਹਨ ਕਿ ਚੱਲ ਰਹੇ ਅਨੰਤ ਜੂਨਾਂ ਵਾਲੇ, ਜਨਮ ਮਰਨ ਦੇ ਗੇੜ `ਚੋਂ ਆਜ਼ਾਦ ਹੋਣ ਤੇ ਪ੍ਰਭੂ `ਚ ਅਭੇਦ ਹੋਣ ਲਈ, ਜੀਵ ਕੋਲ ਕੇਵਲ ਮਨੁੱਖਾ ਜੂਨ ਹੀ ਇਕੋ ਇੱਕ ਅਵਸਰ, ਸਮਾਂ ਤੇ ਬਰੀਆ ਹੁੰਦੀ ਹੈ। ਜਦਕਿ ਬਾਕੀ ਸਮੂਹ ਜੂਨਾਂ ਕੇਵਲ ਕਰਮ ਭੋਗੀ ਜੂਨਾਂ ਹੀ ਹੁੰਦੀਆਂ ਹਨ। ਉਨ੍ਹਾਂ ਜੂਨਾਂ ਸਮੇਂ ਜੀਵ ਲਈ ਅਜਿਹੀ ਸਫ਼ਲਤਾ ਸੰਭਵ ਹੀ ਨਹੀਂ। ਰਹਾਉ।

ਤਾਂ ਤੇ ਐ ਭਾਈ ! ਤੂੰ ਕਈ ਜਨਮਾਂ `ਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ `ਚ ਹਾਥੀ ਮੱਛ ਹਿਰਨ ਬਣਦਾ ਰਿਹਾ। ਕਈ ਜਨਮਾਂ `ਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ `ਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ। ੧।

ਐ ਭਾਈ ! ਕਈ ਜਨਮਾਂ `ਚ ਤੈਨੂੰ ਪੱਥਰ ਤੇ ਚਟਾਨਾਂ ਬਣਨਾ ਪਿਆ, ਕਈ ਜਨਮਾਂ ਸਮੇਂ ਤੇਰੀ ਮਾਤਾ ਦਾ ਗਰਭ ਡਿਗਦਾ ਰਿਹਾ। ਕਈ ਜਨਮਾਂ `ਚ ਤੈਨੂੰ ਕਈ ਤਰ੍ਹਾਂ ਦੇ ਰੁੱਖ ਬਣਾ ਕੇ ਪੈਦਾ ਕੀਤਾ ਗਿਆ। ਇਸ ਤਰ੍ਹਾਂ ਤੈਨੂੰ ਚੌਰਾਸੀ ਲੱਖ ਭਾਵ ਅਨੰਤ ਜੂਨਾਂ `ਚ ਭਵਾਇਆ ਗਿਆ। ੨।

ਐ ਭਾਈ! ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਹੈ, ਤੂੰ ਸਾਧ ਸੰਗਤਿ `ਚ ਆ ਤੇ ਸ਼ਬਦ-ਗੂਰੂ ਦੀ ਕਮਾਈ ਰਾਹੀਂ ਇਸ ਜਨਮ ਨੂੰ ਸਫ਼ਲਾ ਕਰ। ਇਸ ਤੋਂ ਤੂੰ ਆਪਣੇ ਅੰਦਰੋਂ ਮੋਹ ਮਾਇਆ ਦੀ ਪਕੜ (ਮਾਨੁ ਝੂਠੁ) ਤੇ ਅਹੰਕਾਰ ਆਦਿ ਵਿਕਾਰਾਂ (ਅਭਿਮਾਨੁ) ਤੋਂ ਛੁਟਕਾਰ ਪਾ ਸਕੇਂਗਾ। ਕਿਉਂਕਿ ਪ੍ਰਭੂ ਦਰ `ਤੇ ਤੂੰ ਤਾਂ ਹੀ ਕਬੂਲ ਹੋਵੇਂਗਾ ਜੇ ਤੂੰ ਜੀਊਂਦੇ ਜੀਅ ਆਪਣੇ ਅੰਦਰੋਂ ਆਪਾ-ਭਾਵ (ਹਊਮੈ) ਮਿਟਾ ਲਵੇਂਗਾ। ੩।

(ਅੰਤ `ਚ ਗੁਰੂ ਨਾਨਕ ਪਾਤਸ਼ਾਹ ਸਾਡੇ ਵੱਲੋਂ ਹੋ ਕੇ ਪ੍ਰਭੂ ਦੇ ਚਰਨਾਂ `ਚ ਅਰਦਾਸ ਕਰਦੇ ਹਨ ਕਿ ਹੇ ਕਰਤੇ! ਤੇਰੀ ਸਿਫ਼ਤ ਸਲਾਹ ਨਾਲ ਜੁੜਣ ਵਾਲੀ ਸਮਰਥਾ ਵੀ ਜੀਵ ਕੋਲ ਨਹੀਂ।)

ਸੰਸਾਰ `ਚ ਜੋ ਕੁੱਝ ਵੀ ਹੋ ਰਿਹਾ ਹੈ ਉਹ ਸਭ ਤੇਰੇ ਹੁਕਮ ਦੀ ਹੀ ਖੇਡ ਹੈ। ਤੇਰੇ ਬਿਨਾ ਹੋਰ ਕੋਈ ਵੀ, ਅਜਿਹਾ ਕੁੱਝ ਕਰਣ ਦੀ ਸਮਰੱਥਾ ਨਹੀਂ ਰਖਦਾ।

ਤਾਂ ਤੇ ਹੇ ਪ੍ਰਭੂ! ਤੈਨੂੰ ਵੀ ਤਾਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ ਆਪਣੇ ਨਾਲ ਮਿਲਾ ਲਵੇਂ। ਬਲਕਿ ਜੀਵ, ਤੇਰੇ ਗੁਣ ਗਾਉਣ ਦੇ ਯੋਗ ਵੀ ਤਦੋਂ ਹੀ ਹੁੰਦਾ ਜਦੋਂ ਤੂੰ ਆਪ ਕਿਸੇ ਨੂੰ ਅਜਿਹੀ ਸਮਰਥਾ ਦੇਵੇਂ। ਕਿਉਂਕਿ ਆਪਣੀ ਸਮਰਥਾ ਨਾਲ ਤਾਂ ਜੀਵ ਅਜਿਹਾ ਵੀ ਨਹੀਂ ਕਰ ਸਕਦਾ। ੪।

ਉਪ੍ਰੰਤ ਇਸ ਸੰਬੰਧ ਤੇ ਲੜੀ `ਚ ਦੂਜਾ ਸ਼ਬਦ ਕਬੀਰ ਜੀ ਦਾ:-

(੨) “ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥ ੧ 

ਭਜਹੁ ਗ+ਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥ ੧ ॥ ਰਹਾਉ॥

ਜਬ ਲਗੁ ਜਰਾ ਰੋਗੁ ਨਹੀ ਆਇਆ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ॥ ਜਬ ਲਗੁ ਬਿਕਲ ਭਈ ਨਹੀ ਬਾਨੀ॥ ਭਜਿ ਲੇਹਿ ਰੇ ਮਨ ਸਾਰਿਗਪਾਨੀ॥ ੨ 

ਅਬ ਨ ਭਜਸਿ ਭਜਸਿ ਕਬ ਭਾਈ॥ ਆਵੈ ਅੰਤੁ ਨ ਭਜਿਆ ਜਾਈ॥ ਜੋ ਕਿਛੁ ਕਰਹਿ ਸੋਈ ਅਬ ਸਾਰੁ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ॥ ੩ 

ਸੋ ਸੇਵਕੁ ਜੋ ਲਾਇਆ ਸੇਵ॥ ਤਿਨ ਹੀ ਪਾਏ ਨਿਰੰਜਨ ਦੇਵ॥ ਗੁਰ ਮਿਲਿ ਤਾ ਕੇ ਖੁਲੑੇ ਕਪਾਟ॥ ਬਹੁਰਿ ਨ ਆਵੈ ਜੋਨੀ ਬਾਟ॥ ੪ 

ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥ ੫ (ਪੰ: ੧੧੫੯)

ਅਰਥ-ਸ਼ਬਦ `ਚ ਕਬੀਰ ਜੀ ਕਹਿੰਦੇ ਹਨ, ਐ ਭਾਈ! ਪ੍ਰਭੂ ਨੇ ਤੈਨੂੰ ਮਨੁੱਖਾ ਸਰੀਰ ਦਿੱਤਾ ਹੀ ਇਸ ਲਈ ਹੈ, ਤਾ ਕਿ ਤੂੰ ਸ਼ਬਦ-ਗੁਰੂ ਦੀ ਕਮਾਈ ਕਰ ਅਤੇ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ।

ਐ ਭਾਈ! ਜਿਨ੍ਹਾਂ ਨੂੰ ਤੂੰ ਦੇਵਤੇ ਮੰਣਦਾ ਹੈ, ਮਨੁੱਖਾ ਸਰੀਰ ਲਈ ਤਾਂ ਉਹ ਵੀ ਤਰਸਦੇ ਹਨ; ਭਾਵ ਬਾਕੀ ਅਨੰਤ ਜੂਨਾਂ `ਚੋਂ ਪ੍ਰਭੂ ਮਿਲਾਪ ਲਈ ਕੇਵਲ ਮਨੁੱਖਾ ਸਰੀਰ ਹੀ ਸਰਬ ਉੱਤਮ ਸਮਾਂ ਹੈ॥ ੧॥

ਐ ਭਾਈ! ਤੈਨੂੰ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਤਾ ਕਿ ਤੂੰ ਕਰਤੇ ਨੂੰ ਨਾ ਵਿਸਾਰ। ਕਿਉਂਕਿ ਮਨੁੱਖਾ ਜਨਮ ਦਾ ਕੇਵਲ ਇਹੀ ਅਤੇ ਇਕੋ ਇੱਕ ਮੁੱਖ ਤੇ ਵੱਡਾ ਲਾਭ ਹੈ॥ ਰਹਾਉ॥

ਜਦੋਂ ਤਕ ਤੇਰੇ `ਤੇ ਬੁਢਾਪੇ ਵਾਲਾ ਰੋਗ ਨਹੀਂ ਆਇਆ, ਜਦੋਂ ਤਕ ਤੈਨੂੰ ਮੌਤ ਨੇ ਨਹੀਂ ਗ੍ਰਸਿਆ, ਜਦੋਂ ਤਕ ਤੇਰੀ ਜ਼ਬਾਨ ਨੇ ਥਿੜਕਣਾ ਸ਼ੁਰੂ ਨਹੀਂ ਕੀਤਾ; ਐ ਭਾਈ! (ਤੂੰ ਉਸ ਤੋਂ ਪਹਿਲਾਂ ਪਹਿਲਾਂ, ਆਪਣੇ ਮਨੁੱਖਾ ਜਨਮ ਦੇ ਮਕਸਦ) ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ। ੨।

ਐ ਭਾਈ! ਇਸ ਵੇਲੇ ਭਾਵ ਜ਼ਿੰਦਗੀ ਦੇ ਹੁੰਦਿਆਂ ਵੀ ਜੇ ਤੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜੇਂਗਾ, ਤਾਂ ਫ਼ਿਰ ਤੁੰ ਅਜਿਹਾ ਕਦੋਂ ਕਰੇਂਗਾ? ਕਿਉਂਕਿ ਜਦੋਂ ਮੌਤ ਆ ਗਈ ਤਾਂ ਉਸ ਵੇਲੇ ਇਹ ਸੰਭਵ ਹੀ ਨਹੀਂ ਹੋਵੇਗਾ। ਇਸ ਲਈ ਜੋ ਵੀ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਉਪਰਾਲਾ ਕਰਣਾ ਹੈ, ਤੁੰ ਹੁਣੇ ਕਰ ਲੈ।

ਜ਼ਿੰਦਗੀ ਦੇ ਮੁੱਕਣ ਬਾਅਦ ਸਿਵਾਏ ਪਛਤਾਵੇ ਦੇ ਤੇਰੇ ਹੱਥ ਕੁੱਝ ਵੀ ਨਹੀਂ ਲਗੇਗਾ। (ਚੇਤੇ ਰਹੇ! ਗੁਰਬਾਣੀ ਅਨੁਸਾਰ ਮੌਤ ਤੋਂ ਬਾਅਦ ਪਛਤਾਉਣ ਦਾ ਅਰਥ ਹੀ ਮੁੜ ਜਨਮਾਂ-ਜੂਨਾਂ ਦੇ ਗੇੜ ਹੀ ਹਨ)। ੩।

ਤਾਂ ਤੇ ਅਸਲ `ਚ ਉਸੇ ਮਨੁੱਖ ਦਾ ਜੀਵਨ ਸਫ਼ਲ ਹੈ ਜਿਸ ਨੂੰ ਪ੍ਰਭੂ ਆਪ ਆਪਣੀ ਮਿਹਰ ਕਰਕੇ ਆਪਣੀ ਸਿਫ਼ਤ ਸਲਾਹ ਨਾਲ ਜੋੜ ਲੈਂਦਾ ਹੈ। ਅਜਿਹਾ ਮਨੁੱਖ ਆਪਣੇ ਜੀਵਨ `ਚ ਹੀ ਪ੍ਰਭੂ ਨੂੰ ਪਾ ਲੈਂਦਾ ਹੈ।

ਦੂਜੇ ਲਫ਼ਜ਼ਾਂ `ਚ, ਅਜਿਹਾ ਮਨੁੱਖ ਹੀ ਸਫ਼ਲ ਜੀਵਨ ਨੂੰ ਪ੍ਰਾਪਤ ਹੁੰਦਾ ਹੈ, ਜਿਸਦੇ ਜੀਵਨ ਅੰਦਰੋਂ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹਉਮੈ ਦਾ ਨਾਸ ਹੋ ਜਾਂਦਾ ਤੇ ਉਸ `ਚ ਸਮ੍ਰਪਣ ਦੀ ਭਾਵਨਾ ਜਾਗ ਪੈਂਦੀ ਹੈ।

ਸ਼ਬਦ ਗੁਰੂ ਦੀ ਕਮਾਈ ਕਾਰਣ, ਉਸ ਸੇਵਕ ਦੇ ਮਨ ਦੇ ਕਿਵਾੜ ਖੁਲ੍ਹ ਜਾਂਦੇ ਹਨ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਅਜਿਹਾ ਮਨੁੱਖ ਮੁੜ ਜਨਮ (ਮਰਨ) ਦੇ ਗੇੜ `ਚ ਨਹੀਂ ਆਉਂਦਾ। ੪।

ਅੰਤ `ਚ ਕਬੀਰ ਜੀ ਕਹਿੰਦੇ ਹਨ, ਐ ਭਾਈ! ਮੈਂ ਤਾਂ ਤੈਨੂੰ ਕਈ ਢੰਗਾਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ, ਬਾਕੀ ਤੇਰੀ ਮਰਜ਼ੀ ਕਿ ਤੂੰ ਇਸ ਮਨੁੱਖਾ-ਜਨਮ ਦੀ ਬਾਜ਼ੀ ਨੂੰ ਜਿੱਤ ਕੇ ਜਾ ਤੇ ਭਾਵੇਂ ਹਾਰ ਕੇ ਜਾ।

ਭਾਵ ਤੂੰ ਇਸ ਜਨਮ ਨੂੰ ਸਫ਼ਲ ਕਰ ਭਾਵੇਂ ਅਸਫ਼ਲ, ਇਸ ਬਾਰੇ ਤਾਂ ਤੂੰ ਆਪ ਆਪਣੇ ਹਿਰਦੇ `ਚ ਘੋਖ। ਕਿਉਂਕਿ ਪ੍ਰਭੂ ਮਿਲਾਪ ਲਈ ਇਹ ਮਨੁੱਖਾ-ਜਨਮ ਹੀ ਇਕੋ ਇੱਕ ਸਮਾਂ, ਮੌਕਾ, ਬਰੀਆ ਤੇ ਅਵਸਰ ਹੈ। (ਸਪਸ਼ਟ ਹੈ ਕਿ ਇੱਥੋਂ ਖੁੰਝ ਕੇ ਬਾਕੀ ਅਨੰਤ ਜੂਨਾਂ ਸਮੇਂ ਅਜਿਹੀ ਪ੍ਰਾਪਤੀ ਹੀ ਸੰਭਵ ਨਹੀਂ)। ੫।

ਤੇ ਜਨ ਵਿਰਲੇ ਸੰਸਾਰਿ- ਹੁਣ ਤੱਕ ਦੀ ਵਿਚਾਰ ਤੋਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਸਮੂਚੀ ਗੁਰਬਾਣੀ `ਚ ਮੂਲ ਵਿਸ਼ਾ ਹੀ ਇਕੋ ਹੈ ਅਤੇ ਉਹ ਹੈ “ਭਜਹੁ ਗ+ਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ” ਅਥਵਾ “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” ਭਾਵ ਐ ਮਨੁੱਖ! ਤੈਨੂੰ ਅਕਾਲ ਪੁਰਖ ਨੇ ਲੰਮੇ ਸਮੇਂ ਬਾਅਦ ਤੈਨੂੰ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੈ।

ਉਪ੍ਰੰਤ ਅਜਿਹੀਆਂ ਚੇਤਾਵਣੀਆਂ ਵੀ ਹਨ ਕਿ “ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ”। ਇਸ ਤੋਂ ਇਲਾਵਾ ਇਹ ਵੀ ਬੇਅੰਤ ਵਾਰ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਪ੍ਰਾਪਤ ਮਨੁੱਖਾ ਜਨਮ ਨੂੰ ਬਿਰਥਾ ਕਰਣ ਅਥਵਾ ਅਹਿਲਾ ਗੁਆਉਣ ਦਾ ਅਰਥ ਹੀ ਫ਼ਿਰ ਤੋਂ ਉਹੀ ਜੂਨਾਂ-ਗਰਭਾਂ ਤੇ ਜਨਮ ਮਰਨ ਦੇ ਗੇੜ ਹਨ ਜਿਨ੍ਹਾਂ ਨੂੰ ਤੂੰ ਇਸ ਸਮੇਂ ਭੁਗਤਾਅ ਰਿਹਾ ਹੈਂ। ਇਹ ਵੀ ਕਿ ਉਸੇ ਜਨਮ ਮਰਨ ਤੇ ਜੂਨਾਂ-ਗਰਭਾਂ ਦੇ ਗੇੜ ਨੂੰ ਭੁਗਤਾਉਂਦੇ ਹੋਏ ਅਤੇ ਉਸੇ ਦੌਰਾਨ ਅਕਾਲਪੁਰਖ ਨੇ ਤੈਨੂੰ ਅਜੋਕੀ ਮਨੁੱਖਾ ਜਨਮ ਵਾਲੀ ਬਰੀਆ, ਸਮਾਂ ਤੇ ਅਵਸਰ ਬਖ਼ਸ਼ਿਆ ਹੈ।

ਇਸ ਸਾਰੇ ਦੇ ਬਾਵਜੂਦ ਗੁਰਬਾਣੀ `ਚ ਹੋਰ ਵੀ ਸੈਂਕੜੇ ਸ਼ਬਦ ਤੇ ਫ਼ੁਰਮਾਨ ਹਨ ਜਿਨ੍ਹਾਂ `ਚ ਗੁਰਦੇਵ ਸਪਸ਼ਟ ਕਰ ਰਹੇ ਹਨ ਕਿ ਇਤਨਾ ਵਧ ਸਮਝਾਉਣ ਤੇ ਸਪਸ਼ਟ ਕਰਣ ਦੇ ਬਾਅਦ ਕੇਵਲ ਵੀ ਵਿਰਲੇ ਹੀ ਜੀਊੜੇ ਹੁੰਦੇ ਹਨ ਜਿਹੜੇ ਆਪਣੇ ਪ੍ਰਾਪਤ ਦੁਰਲਭ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਜਾਂਦੇ ਹਨ। ਜਿਵੇਂ:

“ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ॥ ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ” (ਪੰ: ੨੬)

ਐਸੋ ਰੇ ਹਰਿ ਰਸੁ ਮੀਠਾ॥ ਗੁਰਮੁਖਿ ਕਿਨੈ ਵਿਰਲੈ ਡੀਠਾ (ਪੰ: ੮੮੬)

“ਅਗਮ ਰੂਪ ਕਾ ਮਨ ਮਹਿ ਥਾਨਾ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ” (ਪੰ: ੧੮੬)

“ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ” (ਪੰ: ੪੭੦)

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ॥ ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ’ (ਪੰ: ੯੭੦)

“ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ॥ ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ” (ਪੰ: ੧੬੨)

ਜਦਕਿ ਇਹ ਵੀ ਦੇਖ ਆਏ ਹਾਂ ਕਿ ਵੱਡੀ ਗਿਣਤੀ `ਚ ਲੋਕਾਈ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਅਸਫ਼ਲ ਤੇ ਬਿਰਥਾ, ਅਹਿਲਾ ਗੁਆ ਕੇ ਹੀ ਜਾਂਦੀ ਹੈ। ਉਸੇ ਦਾ ਨਤੀਜਾ ਕਿ ਇਹ ਲੋਕਾਈ ਫ਼ਿਰ ਤੋਂ ਉਸੇ ਜੂਨਾਂ ਜਨਮਾਂ ਦੇ ਗੇੜ `ਚ ਪੈਂਦੀ ਹੈ। ਬਲਕਿ ਗੁਰਬਾਣੀ ਦੇ ਫ਼ੈਸਲੇ ਅਨੁਸਾਰ ਹੀ ਜੀਵਨ ਨੂੰ ਸਫ਼ਲ ਕਰਣ ਵਾਲਿਆਂ ਲਈ ਤਾਂ ਗੁਰਦੇਵ ਨੇ ਵਿਰਲੇ---ਬਿਰਲੇ—ਕੋਇ-ਕੋ--ਕੋਈ ਆਦਿ ਹੀ ਕਿਹਾ ਹੈ ਜਦਕਿ ਦੂਜੇ ਪਾਸੇ ਜੀਵਨ ਨੂੰ ਬਿਰਥਾ ਕਰਣ ਵਾਲਿਆਂ ਲਈ ਗੁਰਦੇਵ ਨੇ ਪੂਰਾਂ ਦੇ ਪੂਰ ਲਫ਼ਜ਼ ਹੀ ਵਰਤਿਆ ਹੈ ਜਿਵੇਂ:-

“ਤਨੁ ਜਲਿ ਬਲਿ ਮਾਟੀ ਭਇਆ, ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ, ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ, ਦੁਬਿਧਾ ਡੋਬੇ ਪੂਰੁ” (ਪੰ: ੧੯)

“ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ” (ਪੰ: ੪੬੮)

“ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ” (ਪੰ: ੬੯੨)

ਅਜੋਕਾ ਪੰਥਕ ਦੁਖਾਂਤ- ਹੱਥਲੇ ਗੁਰਮੱਤ ਪਾਠ “ਅੰਮ੍ਰਿਤ ਬਾਣੀ ਗੁਰ ਕੀ ਮੀਠੀ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ” ਸੰਬੰਧੀ ਹੁਣ ਤੱਕ ਦੇ ਵੇਰਵਿਆਂ ਤੋਂ ਮਨੁੱਖਾ ਜੀਵਨ ਦੇ ਦੋ ਮੁੱਖ ਪੱਖ ਤਾਂ ਪੂਰੀ ਤਰ੍ਹਾਂ ਸਪਸ਼ਟ ਹਨ, ਜਿਂਨ੍ਹਾਂ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ; ਇਹ ਹਨ ਸਫ਼ਲ ਜੀਵਨ ਤੇ ਅਸਫ਼ਲ ਜੀਵਨ। ਇਸ ਦੇ ਨਾਲ ਗੁਰਬਾਣੀ `ਚ ਇਹ ਵੀ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ ਕਿ ਕੇਵਲ ਸਫ਼ਲ ਜੀਵਨ ਹੀ ਪ੍ਰਭੂ ਦੇ ਦਰ `ਤੇ ਪ੍ਰਵਾਣ ਹੁੰਦੇ ਹਨ ਜਦਕਿ ਅਸਫ਼ਲ ਜੀਵਨ ਮੁੜ ਜਨਮ-ਮਰਨ ਦੇ ਗੇੜ `ਚ ਪਾਏ ਜਾਂਦੇ ਹਨ। ਫ਼ਿਰ ਅਸਫ਼ਲ ਜੀਵਨ ਲਈ ਤਾਂ ਬਿਰਥਾ ਜਨਮੁ ਗਵਾਇਆ” (ਪੰ: ੩੨) “ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ” (ਪੰ: ੩੫) ਅਥਵਾ “ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ” (ਪੰ: ੧੫੫) ਆਦਿ ਵੇਰਵੇ ਵੀ ਗੁਰਬਾਣੀ `ਚ ਬੇਅੰਤ ਵਾਰ ਆਏ ਹੋਏ ਹਨ।

ਹੋਰ ਤਾਂ ਹੋਰ, ਕੇਵਲ ਸਫ਼ਲ ਜਾਂ ਅਸਫ਼ਲ ਜੀਵਨ ਦੀ ਗੱਲ ਹੀ ਨਹੀਂ, ਗੁਰਬਾਣੀ `ਚ ਤਾਂ ਹਲਤ-ਪਲਤ, ਇਥੇ-ਉਥੇ ਸਮੇਤ ਜਨਮ ਮਰਨ ਦੇ ਵਿਸ਼ੇ ਨਾਲ ਸੰਬੰਧਤ, ਹੋਰ ਵੀ ਬੇਅੰਤ ਤੇ ਉਘੜਵੀਂ ਸ਼ਬਦਾਵਲੀ ਪ੍ਰਾਪਤ ਹੈ। ਫ਼ਿਰ ਵੀ ਅਕਾਲਪੁਰਖ ਹੀ ਜਾਣਦਾ ਹੈ ਕਿ ਅੱਜ ਅਜਿਹਾ ਭਾਣਾ ਕਿਉਂ ਵਰਤ ਰਿਹਾ ਹੈ? ਕਿਉਂਕਿ ਜਨਮ-ਮਰਨ ਦੇ ਵਿਸ਼ੇ ਨੂੰ ਲੈ ਕੇ ਅੱਜ ਸਾਡੇ ਬਹੁਤੇ ਪ੍ਰਚਾਰਕ ਤਾਂ ਸ਼ਾਇਦ ਆਪਣੀ ਅਗਿਆਨਤਾ ਵੱਸ ਇਸਨੂੰ ਗਰੁੜ ਪੁਰਾਨ ਦੀ ਵਿਚਾਰਧਾਰਾ ਨਾਲ ਹੀ ਖ਼ਲ਼ਤ-ਮਲਤ ਕਰ ਦਿੰਦੇ ਹਨ।

ਇਸ ਤੋਂ ਬਅਦ ਅੱਜ ਵਿਸ਼ੇ ਨਾਲ ਸੰਬੰਧਤ ਕੁੱਝ ਅਜਿਹੇ ਪ੍ਰਚਾਰਕ ਵੀ ਉਭਰ ਰਹੇ ਹਨ ਜਿਹੜੇ ਕਿਂ ਗੁਰਬਾਣੀ `ਚ ਜਿੱਥੇ ਤੇ ਜਦੋਂ ਵੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪ੍ਰਕਰਣ ਆਉਂਦਾ ਹੈ ਤਾਂ ਉਹ ਇੱਕ ਪਾਸੇ ਤਾਂ ਉਸ ਗਰੁੜ ਪੁਰਾਨ ਆਦਿ ਦੇ ਖੰਡਣ-ਮੰਡਣ `ਚ ਹੀ ਪਏ ਹੁੰਦੇ ਹਨ, ਉਸ ਗਰੁੜ ਪੁਰਾਨ ਤੇ ਸ਼ਾਂਖ ਸ਼ਾਸਤ੍ਰ ਆਦਿ ਜਿਨ੍ਹਾਂ ਦੀ ਸੰਪੂਰਨ ਵਿਚਾਰਧਾਰਾ ਨੂੰ ਹੀ ਗੁਰਬਾਣੀ ਨੇ ਮੂਲੋਂ ਪ੍ਰਵਾਣ ਨਹੀਂ ਕੀਤਾ, ਬਲਕਿ ਉਨ੍ਹਾ ਦਾ ਖੰਡਣ ਕੀਤਾ ਹੈ। ਉਪ੍ਰੰਤ ਅਜਿਹੇ ਸੱਜਨ ਉਥੋਂ ਟੱਪ ਕੇ ਫ਼ਿਰ ਸਿਧੇ ਪੁੱਜ ਜਾਂਦੇ ਹਨ ਕਿ ਗੁਰਬਾਣੀ ਅਨੁਸਾਰ ਜਨਮ ਮਰਨ ਦਾ ਵਿਸ਼ਾ ਮੂਲੋਂ ਹੈ ਹੀ ਨਹੀਂ।

ਜਦਕਿ ਮੂਲ ਰੂਪ `ਚ ਇਹ ਵੀ ਕਾਮਰੇਡੀ ਵਿਚਾਰਧਾਰਾ ਹੈ ਕਿ ਇਸ ਮਨੁੱਖਾ ਸਰੀਰ ਦਾ ਅੱਗਾ ਪਿਛਾ ਹੈ ਹੀ ਕੁੱਝ ਨਹੀਂ। ਕਾਸ਼! ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਅਸੀਂ ਗੁਰਬਾਣੀ ਦੀ ਨਿਵੇਕਲੀ ਤੇ ਦਲੀਲ ਭਪਪੂਰ ਵਿਚਾਰਧਾਰਾ ਨੂੰ ਕੇਵਲ ਤੇ ਕੇਵਲ ਗੁਰਬਾਣੀ ਦੇ ਦਾਇਰੇ `ਚ ਰਹਿ ਕੇ ਸਮਝ ਸਕੀਏ। ਇਸਦਾ ਵੱਡਾ ਲਾਭ ਹੋਵੇਗਾ ਕਿ ਗਰੂ ਪਾਤਸ਼ਾਹ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣ ਕੇ ਅਸੀਂ ਆਪਣੇ ਦੁਰਲ਼ਭ ਇਸ ਮਨੁੱਖਾ ਜਨਮ ਦੀ ਸਰਬ ਉੱਤਮਤਾ ਨੂੰ ਵੀ ਪਹਿਚਾਣ ਸਕਾਂਗੇ ਤੇ ਇਸਨੂੰ ਸਫ਼ਲ ਕਰਣ ਦੇ ਯੋਗ ਵੀ ਹੋ ਸਕਾਂਗੇ। ਅੰਤ `ਚ ਅਸੀਂ ਗੁਰਬਾਣੀ `ਚੋਂ ਵਿਸ਼ੇ ਨਾਲ ਸੰਬੰਧਤ ਫ਼ੁਰਮਾਨ ਅੰਮ੍ਰਿਤ ਬਾਣੀ ਗੁਰ ਕੀ ਮੀਠੀ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ॥ ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ” (ਪੰ: ੧੧੩) ਲੈ ਕੇ ਵਿਸ਼ੇ ਨੂੰ ਸਮਾਪਤ ਕਰਨਾ ਚਾਹਾਂਗੇ। #228s013.02s013#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 228

ਅੰਮ੍ਰਿਤ ਬਾਣੀ ਗੁਰ ਕੀ ਮੀਠੀ॥

ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.