.

ਉਠਿ ਚਲਿਆ ਪਛੁਤਾਇਆ

ਪਰਿਆ ਵਸਿ ਜੰਦਾਰ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਬੋਲੀਆਂ ਅਤੇ ਸ਼ਬਦਾਵਲੀ” -ਹੋ ਸਕਦਾ ਹੈ ਕਿ ਕੁੱਝ ਸੱਜਨ ਅਜਿਹੇ ਸਿਰਲੇਖ ਤੋਂ ਹੀ ਹੈਰਾਨੀ ਪ੍ਰਗਟ ਕਰ ਦੇਣ ਕਿ ਇਥੇ “ਬੋਲੀਆਂ ਅਤੇ ਸ਼ਬਦਾਵਲੀ” ਵਾਲੇ ਸਿਰਲੇਖ ਤੋਂ ਆਖ਼ਿਰ ਕੀ ਭਾਵ ਹੈ? ਕਿਉਂਕਿ ਭਿੰਨ ਭਿੰਨ ਭਾਸ਼ਾਵਾਂ ਤੇ ਲਿਪੀਆਂ ਸੰਬੰਧੀ ਜ਼ਿਕਰ ਤਾਂ ਆਮ ਚਲਦੇ ਹਨ। ਇਹ ਵੀ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਰਚਨਾ ਗੁਰਮੁਖੀ ਲਿਪੀ `ਚ ਹੋਣ ਦੇ ਬਾਵਜੂਦ, ਉਥੇ ਵੀ ਇੱਕ ਤੋਂ ਵਧ ਕਿਤਨੀਆਂ ਹੀ ਭਾਸ਼ਾਵਾਂ ਹਨ ਜਿਵੇਂ ਪੰਜਾਬੀ, ਸੰਸਕ੍ਰਿਤ, ਹਿੰਦੀ, ਅਰਬੀ, ਫ਼ਾਰਸੀ, ਉਰਦੂ ਆਦਿ।

ਜਦਕਿ ਸਮਝਣਾ ਇਹ ਵੀ ਹੈ ਕਿ ਲਿਪੀਆਂ ਤੇ ਭਾਸ਼ਾਵਾਂ ਤੋਂ ਬਾਅਦ “ਬੋਲੀਆਂ ਅਤੇ ਸ਼ਬਦਾਵਲੀ” ਵਾਲਾ ਵਿਸ਼ਾ ਵੀ ਵਿਸ਼ੇਸ਼ ਹੈ। ਕਿਉਂਕਿ ਹਰੇਕ ਭਾਸ਼ਾ ਤੋਂ ਬਾਅਦ ਉਸ ਦੀਆਂ ਬੋਲੀਆਂ ਵਾਲਾ ਵਿਸ਼ਾ ਹੋਰ ਵੀ ਗਹਿਰਾ ਹੁੰਦਾ ਹੈ। ਮਿਸਾਲ ਵਜੋਂ ਪੰਜਾਬੀ ਭਾਸ਼ਾ ਇੱਕ ਹੈ ਜਦਕਿ ਮਾਝੇ ਦੀ, ਮਾਲਵੇ ਦੀ, ਡੋਗਰੀ, ਉਪ੍ਰੰਤ ਲਹਿੰਦੇ ਦੀ ਪੰਜਾਬੀ, ਚੜ੍ਹਦੇ ਦੀ ਪੰਜਾਬੀ, ਝੰਗ, ਮੁਲਤਾਨ, ਰਾਵਲਪਿੰਡੀ ਆਦਿ ਦੀ ਪੰਜਾਬੀ, ਮੂਲ ਰੂਪ `ਚ ਇਹ ਸਭ ਇਕੋ ਪੰਜਾਬੀ ਭਾਸ਼ਾ ਦੀਆਂ ਹੀ ਬੋਲੀਆਂ ਹਨ ਤੇ ਹਰੇਕ ਬੋਲੀ `ਚ ਆਪਣੀ ਆਪਣੀ ਸ਼ਬਦਾਵਲੀ ਵੀ ਹੈ। ਫ਼ਿਰ ਵੀ ਇਨ੍ਹ੍ਹਾਂ ਤੇ ਅਜਿਹੀਆਂ ਸਾਰੀਆਂ ਬੋਲੀਆਂ ਦੀ ਮੂਲ ਭਾਸ਼ਾ ਪੰਜਾਬੀ ਤੇ ਲਿਪੀ ਗੁਰਮੁਖੀ ਹੀ ਹੈ, ਇਸੇ ਤਰ੍ਹਾਂ ਹਰੇਕ ਭਾਸ਼ਾ ਵਾਲਾ ਵਿਸ਼ਾ। ਇਹੀ ਕਾਰਣ ਹੈ ਕਿ ਵਿਦਵਾਨਾ ਅਨੁਸਾਰ ਇਕੱਲੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦੋ ਸੌ ਤੋਂ ਵਧ ਬੋਲੀਆਂ ਹਨ, ਜਦਕਿ ਉਥੇ ਭਾਸ਼ਾਵਾਂ ਦੀ ਗਿਣਤੀ ਇਤਨੀ ਨਹੀਂ। ਉਪ੍ਰੰਤ ਪ੍ਰਚਲਣ ਵੀ ਹੈ ਕਿ ਹਰੇਕ ਬਾਰਾਂ ਕੋਹ ਬਾਅਦ ਬੋਲੀ ਬਦਲ ਜਾਂਦੀ ਹੈ ਜਦਕਿ ਮੂਲ ਭਾਸ਼ਾ ਉਹੀ ਹੁੰਦੀ ਹੈ।

ਬੋਲੀਆਂ ਦੀ ਉਮਰ? -ਬੋਲੀਆਂ ਦੀ ਇੱਕ ਹੋਰ ਵਿਲਖਣਤਾ ਵੀ ਹੈ। ਉਹ ਇਹ ਕਿ ਸੰਸਾਰ ਭਰ ਦੀ ਹਰੇਕ ਬੋਲੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਜਦਕਿ ਸਮੇਂ ਸਮੇ ਨਾਲ ਹਰੇਕ ਬੋਲੀ `ਚ ਭਿੰਨ ਭਿੰਨ ਸਭਿਯਤਾਵਾਂ ਚਲਣ, ਰਹਿਣੀਆਂ ਤੇ ਵਿਚਾਰਧਾਰਾਵਾਂ ਜਨਮ ਲੈਂਦੀਆਂ ਤੇ ਮੁਕਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਉਨ੍ਹਾਂ `ਚੋਂ ਕਈ ਸਭਿਯਤਾਵਾਂ ਪ੍ਰਫ਼ੁਲਤ ਹੁੰਦੀਆਂ ਹਨ ਤੇ ਕਈਆਂ ਦਾ ਸਮੇਂ ਨਾਲ ਨਾਮੋਨਿਸ਼ਾਨ ਵੀ ਮਿੱਟ ਜਾਂਦਾ ਹੈ। ਸਚਾਈ ਇਹ ਵੀ ਹੈ ਕਿ ਸਮੇਂ ਨਾਲ ਉਭਰਣ ਵਾਲੀ ਹਰੇਕ ਸਭਿਅਤਾ ਲਈ, ਬੋਲੀ ਤੇ ਸ਼ਬਦਾਵਲੀ ਤਾਂ ਚਲੰਤ ਹੀ ਹੁੰਦੀ ਹੈ ਪਰ ਲੋੜ ਅਨੁਸਾਰ ਉਹ ਸਭਿਅਤਾ, ਉਸ ਬੋਲੀ ਤੇ ਸ਼ਬਦਾਵਲੀ ਨੂੰ ਆਪਣੇ ਆਪਣੇ ਅਰਥ ਦਿੰਦੀ ਜਾਂਦੀ ਹੈ।

ਦਰਅਸਲ “ਬੋਲੀਆਂ ਅਤੇ ਸ਼ਬਦਾਵਲੀ” ਵਾਲਾ ਇਹੀ ਵਿਸ਼ਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਬਾਣੀ `ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ। ਵਿਦਵਾਨਾਂ ਅਨੁਸਾਰ ਸੰਪੂਰਨ ਗੁਰਬਾਣੀ `ਚ ਜ਼ਿਆਦਾ ਤੋਂ ਜ਼ਿਆਦਾ ਸੱਤਰ ਤੋਂ ਪੰਜ੍ਹਤਰ ਲਫ਼ਜ਼ ਹੀ ਅਜਿਹੇ ਤੇ ਨਵੇਂ ਹਨ ਜਿਹੜੇ ਗੁਰਬਾਣੀ ਰਚਨਾ ਤੋਂ ਪਹਿਲਾਂ ਕਿਸੇ ਵੀ ਸਾਹਿਤ ਤੇ ਇਤਿਹਾਸ `ਚ ਨਹੀਂ ਮਿਲਦੇ। ਉਹ ਸਾਰੇ ਲਫ਼ਜ਼ ਕੇਵਲ ਤੇ ਕੇਵਲ ਗੁਰੂ ਸਾਹਿਬਾਨ ਦੀ ਆਪਣੀ ਤੇ ਨਿਵੇਕਲੀ ਦੇਣ ਹਨ ਜਿਵੇਂ “ੴ, ਵਾਹਿਗੁਰੂ, ਕਰਤਾਪੁਰਖ, ਅੰਮ੍ਰਿਤਵੇਲਾ, ਜੀਵਨ ਮੁਕਤ, ਸਿੱਖ ਆਦਿ”। ਇਸ ਤਰ੍ਹਾਂ ਮੂਲ਼ ਰੂਪ `ਚ ਉਨ੍ਹਾਂ ਨਵੇਂ ਲਫ਼ਜ਼ਾਂ ਦੇ ਅਰਥ ਵੀ ਗੁਰਬਾਣੀ ਵਿਚਾਰਧਾਰਾ ਆਧਾਰਿਤ ਤੇ ਵਿਸ਼ੇਸ਼ ਹਨ।

ਗੁਰਬਾਣੀ ਦੀ ਕਥਾ-ਵਿਆਖਿਆ? - ਅਜਿਹੇ ਕੁੱਝ ਸ਼ਬਦਾਂ ਤੋਂ ਇਲਾਵਾ, ਸੰਪੂਰਣ ਗੁਰਬਾਣੀ `ਚ, ਹੋਰ ਜਿਤਣੀ ਵੀ ਸ਼ਬਦਾਵਲੀ ਵਰਤੀ ਹੈ ਉਹ ਉਹੀ ਹੈ ਜਿਹੜੀ ਹਜ਼ਾਰਾਂ ਸਾਲਾਂ ਤੋਂ ਭਾਰਤ `ਚ ਬੋਲੀ ਜਾਂਦੀ ਸੀ, ਜਾਂ ਜਿਸ ਨੇ ਇਸਲਾਮੀ ਸਭਿਅਤਾ ਨਾਲ ਭਾਰਤ `ਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਇਹ ਵੀ ਸੱਚ ਹੈ, ਚੂੰਕਿ ਭਾਰਤ `ਤੇ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣੀ ਵਿਚਾਰਧਾਰਾ ਹੀ ਭਾਰੂ ਸੀ। ਇਸੇ ਤੋਂ ਗੁਰਬਾਣੀ `ਚ ਵੀ ਬ੍ਰਾਹਮਣੀ ਲਫ਼ਜ਼ਾਂ ਦੀ ਹੀ ਭਰਮਾਰ ਹੈ ਪਰ ਬਹੁਤਾ ਕਰਕੇ ਬਦਲਵੇਂ ਗੁਰਬਾਣੀ ਅਰਥਾਂ `ਚ। ਜਦਕਿ ਪ੍ਰਕਰਣ ਅਨੁਸਾਰ ਉਹੀ ਸ਼ਬਦਾਵਲੀ ਆਪਣੇ ਪੁਰਾਤਨ ਅਰਥਾਂ `ਚ ਵੀ ਆਈ ਹੈ। ਇਸ ਲਈ ਗੁਰਬਾਣੀ ਦੇ ਅਰਥ ਵਿਚਾਰ ਲਈ ਮੁਖ ਲੋੜ ਹੁੰਦੀ ਹੈ ਪ੍ਰਕਰਣ ਨੂੰ ਦੇਖਣ ਦੀ। ਮਿਸਾਲ ਵੱਜੋਂ ਇੱਕ ਜਗ੍ਹਾ `ਤੇ ਫ਼ੁਰਮਾਨ ਹੈ “ਜਪੁ ਤਪੁ ਸੰਜਮੁ ਧਰਮੁ ਨ ਕਮਾਇਆ” (ਪੰ: ੧੨) ਅਤੇ ਦੂਜੀ ਜਗ੍ਹਾ ਤੇ ਵੀ ਉਹੀ ਸ਼ਬਦਾਵਲੀ “ਜਪੁ ਤਪੁ” ਹੈ ਜਿਵੇਂ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ” (ਪੰ: ੭੨੯) ਪਰ ਦੋਂਵੇਂ ਪਾਸੇ ਵਿਰੋਧੀ ਅਰਥਾਂ `ਚ। ਪਹਿਲੇ ਫ਼ੁਰਮਾਨ `ਚ “ਜਪੁ ਤਪੁ” ਹਠ ਕਰਮ ਵੱਜੋਂ ਬ੍ਰਾਹਮਣੀ ਅਰਥਾਂ `ਚ ਹੈ ਤੇ ਉਨ੍ਹਾਂ ਦਾ ‘ਖੰਡਣ’ ਹੈ। ਦੂਜੇ ਫ਼ੁਰਮਾਣ `ਚ “ਜਪੁ ਤਪੁ” ਗੁਰਮੱਤ ਅਰਥਾਂ `ਚ ਹੈ ਅਤੇ ਗੁਰੂ ਕੀਆਂ ਸੰਗਤਾਂ ਨੂੰ ਆਦੇਸ਼ ਵੱਜੋਂ ਹੈ। ਬਲਕਿ ਗੁਰਬਾਣੀ `ਚ ਅਜਿਹੀ ਸ਼ਬਦਾਵਲੀ ਦਾ ਬਹੁਤੀ ਵਾਰ ਤੀਜਾ ਅਤੇ ਚੌਥਾ ਅਰਥ ਵੀ ਹੈ। ਉਦੋਂ ਜਦੋਂ ਗੁਰਦੇਵ ਨੇ ਉਸੇ ਨੂੰ ਮਿਸਾਲ ਵੱਜੋਂ ਜਾਂ ਰੂਪਕ ਅਲੰਕਾਰ ਦੇ ਤੌਰ `ਤੇ ਵਰਤਿਆ ਹੈ।

ਦਰਅਸਲ ਸਮੂਚੀ ਗੁਰਬਾਣੀ `ਚ, ਬ੍ਰਾਹਮਣੀ ਵਿਚਾਰਧਾਰਾ ਨਾਲ ਸੰਬੰਧਤ ਹਰੇਕ ਸ਼ਬਦ `ਤੇ ਇਹੀ ਤਿੰਨ ਅਰਥੀ ਨੀਯਮ ਤਾਂ ਲਾਗੂ ਹੁੰਦਾ ਹੀ ਹੈ। ਫ਼ਿਰ ਇਹ ਕਿ ਉਹ ਸਮੂਚੀ ਸ਼ਬਦਾਵਲੀ, ਹਜ਼ਾਰਾਂ ਸਾਲਾਂ ਤੋਂ ਪੁਰਾਤਨ ਅਰਥਾਂ `ਚ, ਭਾਰਤੀ ਜਨਤਾ ਦੀ ਰਗ-ਰਗ `ਚ ਧੱਸੀ ਹੋਈ ਹੈ। ਇਸ ਲਈ ਗੁਰਬਾਣੀ ਦੀ ਅਰਥ ਵਿਚਾਰ ਸਮੇਂ ਇਹ ਵਿਸ਼ਾ ਵਿਸ਼ੇਸ਼ ਧਿਆਨ, ਸਤਕਰਤਾ ਤੇ ਪ੍ਰਕਰਣ ਅਨੁਸਾਰ ਅਰਥ ਲੈਣ ਦਾ ਵੀ ਹੈ। ਇਸ ਤਰ੍ਹਾਂ ਇਹੀ ਉਹ ਵਿਸ਼ਾ ਹੈ ਜਿੱਥੇ ਬਹੁਤਾ ਕਰਕੇ ਗੁਰਬਾਣੀ ਦੇ ਬਹੁਤੇ ਕਥਾਵਾਚਕ ਉਖੜੇ ਜਾਂ ਕੁਰਾਹੇ ਪਏ ਨਜ਼ਰ ਆਉਂਦੇ ਹਨ। ਇਸ ਲਈ ਗੁਰਬਾਣੀ `ਚ ਲਫ਼ਜ਼ ਕੇਵਲ “ਜਪੁ ਤਪੁ” ਹੀ ਨਹੀਂ ਬਲਕਿ ਦਾਨ, ਪੁੰਨ, ਦਇਆ, ਧਰਮ, ਗੁਰੂ, ਅੰਮ੍ਰਿਤ, ਸੁਰਗ, ਨਰਕ ਆਦਿ ਹਜ਼ਾਰਾਂ ਲਫ਼ਜ਼ ਹਨ ਜਿਨ੍ਹਾਂ ਦੇ ਮੋਟੇ ਤੌਰ `ਤੇ ਤਿੰਨ ਤਿੰਨ ਤੇ ਇੱਕ ਦੂਜੇ ਤੋਂ ਨਿਤਾਂਤ ਭਿੰਨ ਭਿੰਨ ਹਨ। ਇਸ ਲਈ ਜਦੋਂ ਤੱਕ ਉਨ੍ਹਾਂ ਨੂੰ ਪ੍ਰਕਰਣ ਅਨੁਸਾਰ ਨਹੀਂ ਲਿਆ ਜਾਵੇਗਾ, ਗੁਰਬਾਣੀ ਦਾ ਪ੍ਰਚਾਰਕ ਖ਼ੁਦ ਵੀ ਕੁਰਾਹੇ ਪਵੇਗਾ ਅਤੇ ਗੁਰੂ ਕੀਆਂ ਸੰਗਤਾਂ ਨੂੰ ਵੀ ਕੁਰਾਹੇ ਪਾਉਣ ਦਾ ਕਾਰਣ ਬਣੇਗਾ।

“ਸ਼ਬਦਾਵਲੀ, ਜਮ, ਜਮ ਜੰਦਾਰ ਆਦਿ? -ਸਾਡੇ ਉਪ੍ਰੋਕਤ ਵੇਰਵੇ ਦਾ ਮੂਲ ਮਕਸਦ ਵੀ ਇਸ ਪ੍ਰਥਾਇ ਕਿਸੇ ਵਿਸ਼ੇਸ਼ ਪੱਖ ਨੂੰ ਸਪਸ਼ਟ ਕਰਣਾ ਹੈ। ਧਿਆਨ ਦੇਣਾ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ “ਜਮ, ਜਮ ਪੁਰਿ, ਜਮੁ ਪਕੜੈ, ਜਮ ਜੰਦਾਰ, ਜਮਕਾਲੈ, ਜੰਦਾਰੁ, ਜਮਕਾਲ ਆਦਿ” ਅਤੇ ਇਸ ਨਾਲ ਸੰਬੰਧਤ ਹੋਰ ਜਿਤਨੀ ਵੀ ਸ਼ਬਦਾਵਲੀ ਆਈ ਹੈ ਉਹ ਬੇਅੰਤ ਹੈ। ਇਸ ਵਿਸ਼ੇ `ਤੇ ਇਸ ਤੋਂ ਵੱਡੀ ਖ਼ੂਬੀ ਦੀ ਗੱਲ ਇਹ ਹੈ ਕਿ ਇਸ ਸ਼ਬਦਾਵਲੀ ਦਾ ਮੂਲ ਵੀ ਗਰੁੜ ਪੁਰਾਨ ਆਦਿ ਬ੍ਰਾਹਮਣੀ ਰਚਨਾਵਾਂ ਹੀ ਹਨ। ਇਸ ਤੋਂ ਵੱਡੀ ਖ਼ੂਬੀ ਕਿ ਸੰਪੂਰਣ ਗੁਰਬਾਣੀ `ਚ ਇਹ ਸ਼ਬਦਾਵਲੀ ਬ੍ਰਾਹਮਣੀ ਵਿਚਾਰਧਾਰਾ ਤੇ ਉਨ੍ਹਾਂ ਅਰਥਾਂ `ਚ ਬਿਲਕੁਲ ਨਾ ਦੇ ਬਰਾਬਰ ਹੀ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਅਰਥਾਂ `ਚ ਜੇ ਕਿਧਰੇ ਆਈ ਵੀ ਹੈ ਤਾਂ ਉਹ ਵੀ ਤਿੰਨ ਪੱਖਾਂ ਤੋਂ, ਜਾਂ ਤਾਂ ਖੰਡਣ ਲਈ, ਜਾਂ ਰੂਪਕ ਅਲ਼ੰਕਾਰ ਵੱਜੋ, ਨਹੀਂ ਤਾਂ ਮਿਸਾਲ ਤੇ ਪ੍ਰਚਲਣ ਵੱਜੋ। ਬਾਕੀ ਜੋ ਬੇਅੰਤ ਵਾਰੀ ਆਈ ਹੈ ਤਾਂ ਉਹ ਨਿਰੋਲ ਬਦਲਵੇਂ ਅਤੇ ਗੁਰਬਾਣੀ ਦੇ ਆਪਣੇ ਅਰਥਾਂ `ਚ ਹੀ।

ਦਰਅਸਲ ਉਪ੍ਰੋਕਤ ਸਾਰੇ ਲਫ਼ਜ਼ਾਂ ਦਾ ਮੂਲ ਲਫ਼ਜ਼ ਹੀ ‘ਜਮ’ ਹੈ। ਇਸ ਤੋਂ ਬਾਅਦ “ਜਮ, ਜਮ ਪੁਰਿ, ਜਮੁ ਪਕੜੈ, ਜਮ ਜੰਦਾਰ, ਜਮਕਾਲੈ, ਜੰਦਾਰੁ, ਜਮਕਾਲ ਆਦਿ” ਸਾਰੇ ਲਫ਼ਜ਼ ਇਸ ਇਕੋ ਲਫ਼ਜ਼ ‘ਜਮ’ ਦਾ ਹੀ ਵਿਸਤਾਰ ਹਨ। ਉਪ੍ਰੰਤ ਗੁਰਬਾਣੀ `ਚ ਗੁਰਮੱਤ ਆਧਾਰਿਤ ਬਦਲਵੇਂ ਤੌਰ `ਤੇ ‘ਜਮ’ ਲਫ਼ਜ਼ ਪ੍ਰਕਰਣ ਅਨੁਸਾਰ ਭਿੰਨ ਭਿੰਨ ਅਤੇ ਮੁੱਖ ਤੌਰ `ਤੇ ਤਿੰਨ ਅਰਥਾਂ `ਚ ਹੀ ਆਇਆ ਹੈ।

(੧) ਗੁਰਬਾਣੀ `ਚ ਲਫ਼ਜ਼ ਜਮ, ਵੱਡੀ ਗਿਣਤੀ `ਚ ਸਰੀਰਕ ਮੌਤ ਦੇ ਅਰਥਾਂ `ਚ ਆਇਆ ਹੈ।

(੨) ਦੂਜੇ, ਗੁਰਬਾਣੀ `ਚ ਲਫ਼ਜ਼ ਜਮ, ਜਨਮ ਮਰਨ ਦੇ ਸੰਖੇਪ ਵੱਜੋਂ ਵੀ ਆਇਆ ਹੈ।

(੩) ਤੀਜੇ ਗੁਰਬਾਣੀ `ਚ ਲਫ਼ਜ਼ ਜਮ, ਕਾਮ, ਕਰੋਧ, ਲੋਭ, ਮੋਹ ਹੰਕਾਰ-ਪੰਜ ਵਿਕਾਰਾਂ ਲਈ ਵੀ ਬੇਅੰਤ ਵਾਰ ਆਇਆ ਹੈ।

ਫ਼ਿਰ ਇਹ ਵੀ ਦੇਖਣਾ ਹੈ ਕਿ ਪੁਰਾਤਨ ਬ੍ਰਾਹਮਣੀ ਰਚਨਾਵਾਂ `ਚ ਲਫ਼ਜ਼ ਜਮ, ਅਜਿਹੇ ਗੁਰਬਾਣੀ ਆਧਾਰਿਤ ਕਿਸੇ ਇੱਕ ਵੀ ਅਰਥ `ਚ, ਅਤੇ ਇੱਕ ਵਾਰ ਵੀ ਨਹੀਂ ਆਇਆ। ਇਹ ਵੀ ਕਿ ਗੁਰਬਾਣੀ `ਚ ਲਫ਼ਜ਼ ਜਮ, ਦੇ ਇਹ ਅਤੇ ਅਜਿਹੇ ਸਾਰੇ ਅਰਥ, ਨਿਰੋਲ ਗੁਰਬਾਣੀ ਆਧਾਰਿਤ ਬਦਲਵੇਂ ਤੇ ਕੇਵਲ ਗੁਰਮੱਤ ਦੇ ਆਪਣੇ ਹਨ। ਫ਼ਿਰ ਇਸੇ ਇੱਕ ਲਫ਼ਜ਼ ‘ਜਮ’ ਤੋਂ ਤਿਆਰ ਹੋਈ ਹੋਰ ਬਹੁਤੇਰੀ ਸ਼ਬਦਾਵਲੀ ਵੀ ਹੈ ਜਿਵੇਂ:-

(ੳ) ਜਮਪੁਰ, ਜਮਪੁਰੀ -ਗੁਰਬਾਣੀ ਅਨੁਸਾਰ ਮਨਮਤੀਆ ਮਨੁੱਖ ਜੀਊਂਦੇ ਜੀਅ ਵੀ ਵਿਕਾਰਾਂ ਦੀ ਮਾਰ ਹੇਠ ਜੀਵਨ ਬਿਤਾਉਣ ਨੂੰ ਮਜਬੂਰ ਹੁੰਦਾ ਹੈ। ਫ਼ਿਰ ਸਰੀਰਕ ਮੌਤ ਤੋਂ ਬਾਅਦ ਵੀ ਉਸ ਨੂੰ ਜਮਪੁਰ ਅਥਵਾ ਜਮਪੁਰੀ ਭਾਵ ਮੁੜ ਜੂਨਾਂ, ਜਨਮਾਂ, ਗਰਭਾਂ (ਜਨਮ ਮਰਨ) ਦੇ ਗੇੜ `ਚ ਹੀ ਪਾਇਆ ਜਾਂਦਾ ਹੈ। ਇਸੇਤਰ੍ਹਾਂ

(ਅ) ਜਮ ਜੰਦਾਰ-ਜੰਦਾਰ ਦੇ ਲਫ਼ਜ਼ੀ ਅਰਥ ਹਨ ‘ਅਵੈੜਾ। ਅਵੈੜਾ ਭਾਵ ਮੌਤ ਦਾ ਅਜਿਹਾ ਹਮਲਾ ਜਿਸਨੇ ਅਚਾਣਕ ਹੀ ਮਨੁੱਖ `ਤੇ ਕੈੜੇ ਹੱਥੀਂ ਵਾਰ ਕਰ ਦੇਣਾ ਹੈ ਤੇ ਫ਼ਿਰ ਉਸ ਨੂੰ ਛੱਡਣਾ ਵੀ ਨਹੀਂ।

ਇਸੇਤਰ੍ਹਾਂ ਅਜਿਹੀ ਬਾਕੀ ਸ਼ਬਦਾਵਲੀ ਵੀ। ਇਸ ਤੋਂ ਬਾਅਦ ਸਾਡੀ ਅੱਜ ਇਹ ਵੀ ਤ੍ਰਾਸਦੀ ਹੈ ਕਿ ਸਾਡੇ ਬਹੁਤੇ ਅਜੋਕੇ ਗੁਰਬਾਣੀ ਦੇ ਕਥਾਕਾਰ, ਅਜਿਹੀ ਸ਼ਬਦਾਵਲੀ ਸਮੇਂ ਇਨ੍ਹਾਂ ਦੇ ਗੁਰਬਾਣੀ ਅਰਥਾਂ ਤੋਂ ਹੀ ਅਣਜਾਣ ਹੁੰਦੇ ਹਨ। ਇਸੇ ਤੋਂ ਉਹ ਜਾਂ ਤਾਂ ਇਨ੍ਹਾਂ ਜਮ ਆਦਿ ਲਫ਼ਜ਼ਾਂ ਲਈ ਗਰੁੜ ਪੁਰਾਨ ਆਦਿ ਭਾਵ ਬ੍ਰਾਹਮਣੀ ਅਰਥ ਲੈ ਕੇ ਉਸੇ `ਚ ਗੁੰਮ ਹੋਏ ਹੁੰਦੇ ਹਨ। ਜੇ ਉਤਨਾ ਨਹੀ ਤਾਂ ਬਨਾਵਟੀ ਅਰਥ ਕਰਦੇ ਤੇ ਉਖੜੇ ਹੁੰਦੇ ਹਨ।

“ਅੰਤਿ ਗਇਆ ਪਛੁਤਾਇ” - ਇਸ ਤੋਂ ਬਾਅਦ ਇਸ ਲੜੀ `ਚ ਅਸੀਂ ਸ਼ਬਦਾਵਲੀ ਲੈ ਰਹੇ ਹਾਂ “ਪਛੋਤਾਵਣਿਆ, ਪਛੁਤਾਇਓ, ਪਛੁਤਾਵਹਿਗਾ, ਪਛੁਤਾਸੀ, ਪਛੁਤਾਇ” ਆਦਿ ਜਿਹੜੀ ਕਿ ਗੁਰਬਾਣੀ `ਚ ਹੋਰ ਵੀ ਕਈ ਰੂਪਾਂ `ਚ ਆਈ ਹੈ। ਜਦਕਿ ਇਹ ਵਿਸ਼ਾ ਹੋਰ ਵੀ ਗੁੰਝਲਦਾਰ ਹੋਇਆ ਪਿਆ ਹੈ। ਕਾਰਣ ਇਹ ਕਿ ਸਾਡੇ ਬਹੁਤੇ ਵਿਦਵਾਨ, “ਅੰਤਿ ਗਇਆ ਪਛੁਤਾਇ” ਦਾ ਅਰਥ ਹੀ “ਮਨੁੱਖ ਦੀ ਮੌਤ ਅਤੇ ਅੰਤ ਸਮਾਂ’ ਹੀ ਲੈ ਰਹੇ ਹਨ। ਉਨ੍ਹਾਂ ਅਨੁਸਾਰ ਜਿਵੇਂ ਕਿ ਉਸ ਸਮੇਂ ਮਨੁੱਖ ਨੂੰ ਇਹ ਸੋਝੀ ਤਾਂ ਹੋ ਜਾਂਦੀ ਹੈ ਕਿ ਉਸਨੇ ਆਪਣੇ ਅਮੁੱਲੇ ਜਨਮ ਨੂੰ ਬਿਰਥਾ ਕਰ ਦਿੱਤਾ ਹੈ। ਪਰ ਉਸ ਸਮੇਂ ਉਸ ਕੋਲ ਸਿਵਾਏ ਪਛਤਾਉਣ ਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ। ਇਸ ਲਈ ਉਸਨੂੰ ਆਪਣੇ ਬਿਰਥਾ ਕੀਤੇ ਜਾ ਚੁੱਕੇ ਜਨਮ ਲਈ ਪਛਤਾੳਣਾ ਹੀ ਪੈਂਦਾ ਹੈ।

ਬਾਕੀ ਤਾਂ ਕਰਤੇ ਦੀਆਂ ਕਰਤਾ ਹੀ ਜਾਣੇ ਜਾਂ ਗੁਰੂ ਸਾਹਿਬ। ਜਦਕਿ ਇੱਕ ਸੰਸਾਰੀ ਜੀਵ ਹੋਣ ਦੇ ਨਾਤੇ ਜੇ ਕੁੱਝ ਗਹਿਰਾਈ `ਚ ਜਾਵਾਂਗੇ ਤਾਂ ਪਤਾ ਲਗੇਗਾ ਕਿ ਗੁਰਬਾਣੀ ਵਿਚਲੇ ੯੮% ਤੋਂ ਉਪਰ ਸ਼ੰਬੰਧਤ ਫ਼ੁਰਮਾਨਾਂ `ਚ ਇਸ ਸ਼ਬਦਾਵਲੀ ਦੇ ਇਹ ਅਰਥ ਹੈਣ ਹੀ ਨਹੀਂ ਜਿਹੜੇ ਕਿ ਬਹੁਤਾ ਕਰਕੇ ਅੱਜ ਅਸ਼ੀਂ ਲੈ ਰਹੇ ਹਾਂ। ਹੋਰ ਤਾਂ ਹੋਰ, ਜੇਕਰ ਓਪਰੀ ਨਜ਼ਰੇ ਹੀ ਵਿਸ਼ੇ ਨੂੰ ਵਿਚਾਰੀਏ ਤਾਂ ਵੀ:-

(ੳ) ਅਣਗਿਣਤ ਮੌਤਾਂ ਤਾਂ ਕੁਦਰਤੀ ਆਫ਼ਤਾਂ ਕਾਰਣ ਇਕੋ ਸਮੇਂ ਹੋ ਜਾਂਦੀਆਂ ਹਨ ਜਿਵੇਂ ਕਿ ਸੁਨਾਮੀ ਲਹਿਰਾਂ ਕਾਰਣ; ਅਚਾਣਕ ਆਏ ਭੁਚਾਲਾਂ ਕਾਰਣ ਰਾਤ ਨੂੰ ਸੁੱਤੇ ਤੇ ਸਵੇਰੇ ਜਾਗੇ ਹੀ ਨਹੀਂ; ਠੀਕ ਉਸੇ ਤਰ੍ਹਾਂ ਜਿਵੇਂ ਕੁੱਝ ਸਮਾਂ ਪਹਿਲਾਂ ਗੁਜਰਾਤ `ਚ ਭੁਚਾਲ ਕਾਰਣ। ਫ਼ਿਰ ਤੁਫ਼ਾਨਾਂ ਤੇ ਬਾੜ੍ਹਾਂ ਆਦਿ ਕਾਰਣ ਲਖਾਂ ਮੌਤਾਂ, ਜਿਵੇਂ ਕਿ ਹਾਲ `ਚ ਕੇਦਾਰਨਾਥ ਦੇ ਮੰਦਿਰ `ਚ ਹੋਇਆ ਅਤੇ ਅਜਿਹੀਆਂ ਹੀ ਹੋਰ ਬੇਅੰਤ ਘਟਣਾਵਾਂ।

(ਅ) ਬੇਅੰਤ ਵਾਰ, ਬੰਦਾ ਘਰੋਂ ਰਾਜ਼ੀ ਖੁਸ਼ੀ ਨਿਕਲਦਾ ਹੈ ਪਰ ਬਾਹਿਰ ਨਿਕਲਦੇ ਹੀ ਅਚਾਣਕ ਕੋਈ ਅਜਿਹੀ ਦੁਰਘਟਣਾ ਵਾਪਰਦੀ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਉਸ `ਤੇ ਮਾਰੂ ਵਾਰ ਕਰ ਦਿੰਦਾ ਹੈ।

(ੲ) ਅਨੇਕਾਂ ਦਾ ਬੈਠੇ ਬੈਠੇ ਸਾਹ ਗੁੰਮ ਹੋ ਜਾਂਦਾ ਭਾਵ ਉਨ੍ਹਾਂ ਨੂੰ ਹਾਰਟ-ਅਟੈਕ ਹੋ ਜਾਂਦਾ ਹੈ।

(ਸ) ਬੇਅੰਤ ਬਿਮਾਰ, ਜਿਨ੍ਹਾਂ ਦੀਆਂ ਮੌਤਾਂ ਅਜਿਹੀ ਹਾਲਤ `ਚ ਹੁੰਦੀਆਂ ਹਨ। ਉਨ੍ਹਾਂ ਦਾ ਇਲਾਜ ਇਸ ਲਈ ਚੱਲ ਰਿਹਾ ਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਠੀਕ ਹੋ ਜਾਣ। ਅਜਿਹੀ ਹਾਲਤ `ਚ ਉਸ ਬਿਮਾਰ ਦੀ ਸੋਚ ਵੀ ਆਪਣੇ ਠੀਕ ਹੋਣ ਵਾਲੇ ਪਾਸੇ ਹੀ ਹੁੰਦੀ ਹੈ ਪਰ ਅਚਾਣਕ ਹੀ ਮੌਤ ਹੋ ਜਾਂਦੀ ਹੈ। ਅਜਿਹੀ ਮਾਨਸਿਕ ਹਾਲਤ ਸਮੇਂ ਖ਼ੁਦ ਬਿਮਾਰ ਮਨੁੱਖ ਦੀ ਸੋਚ ਕਿਸੇ ਪਛਤਾਵੇ ਵਾਲੀ ਨਹੀਂ ਬਲਕਿ ਠੀਕ ਹੋਣ ਵਾਲੇ ਪਾਸੇ ਹੀ ਹੁੰਦੀ ਹੈ।

(ਹ) ਬੇਅੰਤ ਮੌਤਾਂ ਫ਼ਿਰਕੂ ਫ਼ਸਾਦਾਂ ਤੇ ਕਤਲੋਗ਼ਾਰਤਾਂ ਸਮੇਂ ਅਜਿਹੀਆਂ ਤੇ ਅਚਾਣਕ ਹੁੰਦੀਆਂ ਜਦੋਂ ਕਿ ਉਹ ਲੋਕ ਕੇਵਲ ਆਪਣੇ ਬਚਾਅ ਲਈ ਹੀ, ਵੈਰੀ ਦੇ ਸਾਹਮਣੇ ਤਰਲੋਮੱਛੀ ਹੋ ਰਹੇ ਹੁੰਦੇ ਹਨ।

(ਕ) ਅਚਾਣਕ ਹੀ ਆਤੰਕਵਾਦੀ ਤੇ ਬੰਬ ਆਦਿ ਧਮਾਕਿਆਂ ਦਾ ਸ਼ਿਕਾਰ ਵੀ ਬੇਅੰਤ, ਲੋਕ ਹੋ ਜਾਂਦੇ ਹਨ।

(ਖ) ਭਿੰਨ ਭਿੰਨ ਦੇਸ਼ਾਂ ਦੀਆਂ ਆਪਸੀ ਜੰਗਾਂ ਦੌਰਾਨ ਹਜ਼ਾਰਾਂ ਫ਼ੌਜੀ ਮਾਰੇ ਜਾਂਦੇ ਹਨ ਪਰ ਉਸ ਸਮੇਂ ਕੈਸੀ ਮਾਨਸਿਕ ਅਵਸਥਾ `ਚ? ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ।

ਇਸ ਤਰ੍ਹਾਂ ਸਮੂਹਿਕ ਤੇ ਵਿਲੋਕਿਤਰੀਆਂ ਮਨੁੱਖੀ ਮੌਤਾਂ ਦੇ ਅਜਿਹੇ ਬੇਅੰਤ ਢੰਗ ਤੇ ਕਾਰਣ ਹੁੰਦੇ ਹਨ ਜਦੋਂ ਕਿ ਮਨੁੱਖ ਦੀ ਸੁਰਤ ਹੀ ਉਸ ਪਾਸੇ ਨਹੀਂ ਹੁੰਦੀ ਕਿ ਉਸ ਦੀ ਮੌਤ ਵੀ ਹੋ ਰਹੀ ਹੈ। ਸਪਸ਼ਟ ਹੈ ਕਿ ਅਜਿਹੀਆਂ ਮੌਤਾਂ ਅਥਵਾ ਅਜਿਹੀ ਮੌਤ ਸਮੇਂ, ਮਨੁੱਖ ਆਪਣੀ ਕਰਣੀਆਂ `ਤੇ ਪਛਤਾਏਗਾ ਕਦੋਂ ਤੇ ਕਿਸ ਤਰੀਕੇ?

ਜਦਕਿ ਅਸੀਂ ਗੁਰਬਾਣੀ `ਚ ਪੜ੍ਹ ਤਾਂ ਇਹ ਰਹੇ ਹਾਂ ਕਿ “ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ॥ ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ॥ ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ॥ ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ” (ਪੰ: ੨੮)।

ਇਸ ਲਈ ਦੇਖਣਾ ਹੈ ਕਿ ਇਥੇ ਅਤੇ ਹੋਰ ਵੀ ਅਜਿਹੇ ਗੁਰਫ਼ੁਰਮਾਨਾਂ `ਚ ਗੁਰਦੇਵ ਸਾਨੂੰ ਸੇਧ ਕੀ ਦੇ ਰਹੇ ਹਨ? ਸਚਾਈ ਹੈ ਕਿ ਇੱਕ ਪਾਸੇ ਅਸੀ ਗੁਰਬਾਣੀ ਦੇ ਮਨ-ਮਰਜ਼ੀ ਦੇ ਅਰਥ ਕਰਕੇ, ਗੁਰਬਾਣੀ ਦੀ ਬੇਅਦਬੀ ਕਰਣ ਦੇ ਦੋਸ਼ੀ ਬਣ ਰਹੇ ਹਾਂ। ਦੂਜਾ, ਨਾਲ ਹੀ ਇਸ ਤਰ੍ਹਾਂ ਅਸੀਂ ਆਪਣੇ ਅਮੁੱਲੇ ਮਨੁੱਖਾ ਜਨਮ ਵਾਲੇ ਅਵਸਰ ਨੂੰ ਬਿਰਥਾ ਕਰਣ ਦਾ ਕਾਰਣ ਵੀ ਖ਼ੁੱਦ ਹੀ ਬਣ ਰਹੇ ਹਾਂ।

“ਦੁਲਭ ਦੇਹ ਖੋਈ ਅਗਿਆਨੀ” - ਸਚਾਈ ਇਹ ਹੈ ਕਿ ਗੁਰਬਾਣੀ `ਚ ਤਾਂ ਮਨੁੱਖਾ ਜਨਮ ਦੀ ਸਫ਼ਲਤਾ ਲਈ ਹੀ ਪ੍ਰੇਰਣਾ ਤੇ ਆਦੇਸ਼ ਹਨ ਜਿਵੇਂ “ਭਾਈ ਰੇ, ਭਗਤਿਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ” (ਪੰ: ੩੨) ਅਥਵਾ “ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏ” (ਪੰ: ੪੫੦) ਅਤੇ ਇਸ ਵਿਸ਼ੇ `ਤੇ ਹੋਰ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

“ਦੁਲਭ ਦੇਹ ਪਾਈ ਵਡਭਾਗੀ” -ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਮਨੁੱਖਾ ਜੂਨ ਦੀ ਸਰਬ-ਉੱਤਮਤਾ ਅਤੇ ਵਿਸ਼ੇਸ਼ਤਾ ਵਾਲਾ ਜਿਹੜਾ ਵਿਸ਼ਾ ਗੁਰਬਾਣੀ ਨੇ ਸੰਸਾਰ ਭਰ ਦੇ ਮਨੁੱਖ ਮਾਤ੍ਰ ਨੂੰ ਪ੍ਰਗਟ ਕੀਤਾ ਹੈ, ਮਨੁੱਖਾ ਸਰੀਰ ਦੀ ਇਸ ਸਚਾਈ ਨੂੰ ਸ਼ਾਇਦ ਹੀ ਕੋਈ ਹੋਰ ਵਿਚਾਰਧਾਰਾ ਪ੍ਰਗਟ ਵੀ ਕਰ ਸਕੀ ਹੋਵੇ।

ਇਹ ਗੱਲ ਵੱਖਰੀ ਹੈ ਕਿ ਅਯੋਗ, ਦੂਸ਼ਿਤ ਤੇ ਅਤਿ ਦੇ ਵਿਗੜੇ ਗੁਰਮੱਤ ਪ੍ਰਚਾਰ ਕਾਰਣ ਜਦੋਂ ਗੁਰੂ ਕੀਆਂ ਸੰਗਤਾਂ ਤੇ ਗੁਰੂ ਕੇ ਸਿੱਖਾਂ ਨੂੰ ਹੀ ਸਪਸ਼ਟ ਨਹੀਂ ਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ਇਕੋ ਇੱਕ ਵਡਿਆਈ ਤੇ ਨਿਵੇਕਲਾਪਣ ਹੈ ਕੀ? ਅਜਿਹੀ ਹਾਲਤ `ਚ ਬੇਸ਼ੱਕ ਮੌਤ ਵੀ ਆ ਗਈ ਤਾਂ ਵੀ ਕਿਸੇ ਦੀ ਮਾਨਸਿਕਤਾ `ਚ ਅਜਿਹਾ ਪਛਤਾਵਾ ਕਿ ਉਸਨੇ ਜਨਮ ਨੂੰ ਬਿਰਥਾ ਕੀਤਾ ਹੈ ਆਵੇਗਾ ਵੀ, ਤਾਂ ਕਿਸ ਰਸਤੇ?

ਵਿਚਾਰਣ ਦਾ ਵਿਸ਼ਾ ਹੈ ਕਿ ਗੁਰਬਾਣੀ ਜੀਵਨ ਦੇ ਅਲੰਬਰਦਾਰ ਅਤੇ ਦਾਅਵੇਦਾਰਾਂ ਭਾਵ ਜੇਕਰ ਖ਼ੁਦ ਸਿੱਖਾਂ ਦੀ ਇਸ ਪੱਖੋਂ ਹਾਲਤ ਇਹ ਬਣੀ ਪਈ ਹੈ ਤਾਂ ਸਮੂਚੀ ਮਨੁੱਖ ਜਾਤੀ ਜਿਨ੍ਹਾਂ ਕੋਲ ਗੁਰਬਾਣੀ ਵਾਲਾ ਜੀਵਨ ਤਾਂ ਦੂਰ, ਗੁਰਬਾਣੀ ਵਾਲਾ ਸੱਚ ਵੀ ਨਹੀਂ, ਸਪਸ਼ਟ ਹੈ ਕਿ ਉਨ੍ਹਾਂ ਰਾਹੀਂ ਮੌਤ ਸਮੇਂ ਅਜਿਹੇ ਨਿਵੇਕਲੇ ਤੇ ਵਡਮੁੱਲੇ ਪਛਤਾਵੇ ਦਾ ਵੀ ਸੁਆਲ ਹੀ ਪੈਦਾ ਨਹੀਂ ਹੁੰਦਾ।

ਇਸ `ਤੇ ਸੁਆਲ ਪੈਦਾ ਹੁੰਦਾ ਹੈ ਕਿ ਗੁਰਬਾਣੀ `ਚ “ਪਛੋਤਾਵਣਿਆ, ਪਛੁਤਾਇਓ, ਪਛੁਤਾਵਹਿਗਾ, ਪਛੁਤਾਸੀ, ਪਛੁਤਾਇ” ਆਦਿ ਸ਼ਬਦਾਵਲੀ ਵਾਲੇ ਜੋ ਵੱਡੀ ਗਿਣਤੀ `ਚ ਫ਼ੁਰਮਾਨ ਤੇ ਸ਼ਬਦ ਆਏ ਹਨ, ਉਹ ਮਨੁੱਖਾ ਜਨਮ ਦੀ ਕਿਸੇ ਹੋਰ ਸਚਾਈ ਨੂੰ ਪ੍ਰਗਟ ਕਰ ਰਹੇ ਹਨ? ਕਿਉਂਕਿ ਸੰਪੂਰਣ ਗੁਰਬਾਣੀ `ਚ ਅਜਿਹਾ ਇੱਕ ਵੀ ਸ਼ਬਦ ਨਹੀਂ ਜਿਸਦਾ ਮਨੁੱਖਾ ਜਨਮ ਦੀ ਸੰਭਾਲ ਅਤੇ ਇਸਦੀ ਅਗਵਾਹੀ ਨਾਲ ਸੰਬੰਧ ਨਾ ਹੋਵੇ।

ਤਾਂ ਤੇ ਇਸ ਦਾ ਸਪਸ਼ਟ ਮਤਲਬ ਹੈ ਕਿ ਗੁਰਬਾਣੀ ਰਚਨਾ `ਚੋਂ, ਅਜਿਹੀਆਂ ਲਿਖਤਾਂ ਦੇ ਜਿਹੜੇ ਅਰਥ ਅਸੀਂ ਅੱਜ ਲੈ ਰਹੇ ਹਾਂ, ਯਕੀਨਣ ਉਨ੍ਹਾਂ ਦੇ ਉਹ ਅਰਥ ਗੁਰਬਾਣੀ ਅਨੁਸਾਰ ਤੇ ਗੁਰਬਾਣੀ ਸੇਧ `ਚ ਨਹੀਂ ਹਨ।

ਗੁਰਬਾਣੀ ਅਨੁਸਾਰ ਮਨੁੱਖਾ ਜਨਮ ਤਾਂ “ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ ਜਪਹਿ ਤੇ ਆਤਮ ਘਾਤੀ” (ਪੰ: ੧੮੮) ਅਤੇ “ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ” (ਪੰ: ੧੦੫) ਵਾਲੇ ਵਿਸ਼ੇ ਹਨ। ਇਸ ਲਈ ਗੁਰਬਾਣੀ ਦਾ ਆਦੇਸ਼ ਤਾਂ ਇਹ ਹੈ ਕਿ ਐ ਭਾਈ! ਕਰਤੇ ਦੇ ਚਰਨਾਂ `ਚ ਅਜਿਹਾ ਅਰਦਾਸੀਆ ਬਣ ਕੇ ਜੀਵਨ ਤਿਆਰ ਕਰ ਕਿ “ਚਰਣ ਕਮਲ ਠਾਕੁਰ ਉਰਿ ਧਾਰਿ॥ ਦੁਲਭ ਦੇਹ ਨਾਨਕ ਨਿਸਤਾਰਿ” (ਪੰ: ੧੯੦) ਜਿਸ ਤੋਂ ਕਰਤੇ ਦੀ ਬਖ਼ਸ਼ਿਸ਼ ਸਦਕਾ ਤੇਰਾ ਪ੍ਰਾਪਤ ਜਨਮ ਹੀ ਸਫ਼ਲਾ ਹੋ ਜਾਵੇ।

ਗੁਰਬਾਣੀ ਅਨੁਸਾਰ ਵਿਸ਼ਾ ਜਨਮ-ਮਰਨ (ਕੇਵਲ ਝਾਤ) -ਗੁਰਬਾਣੀ ਅਨੁਸਾਰ ਮਨੁੱਖਾ ਜਨਮ, ਅਕਾਲਪੁਰਖ ਤੋਂ ਸ਼ੁਰੂ ਹੋ ਕੇ ਮੁੜ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ ਅਕਾਲਪੁਰਖ `ਚ ਅਭੇਦ ਹੋਣ ਤੱਕ ਦੀ ਹੀ ਯਾਤ੍ਰਾ ਹੈ। ਗੁਰਬਾਣੀ `ਚ ਇਸੇ ਨੂੰ ਸਫ਼ਲ, ਗੁਰਮੁਖ ਤੇ ਸਚਿਆਰਾ ਆਦਿ ਜੀਵਨ ਵੀ ਕਿਹਾ ਹੈ।

ਇਹ ਵੱਖਰੀ ਗੱਲ ਹੈ, ਬੇਸ਼ੱਕ ਪਹਿਲੇ ਮਨੁੱਖਾ ਜਨਮ ਸਮੇਂ ਹੀ, ਸ਼ਬਦ ਗੁਰੂ ਦੀ ਕਮਾਈ ਕਾਰਣ, ਜੀਵ ਦੀ ਇਹ ਯਾਤ੍ਰਾ ਸਫ਼ਲ ਹੋ ਜਾਵੇ ਜਾਂ ਹਊਮੈ ਵੱਸ ਕੀਤੇ ਕਰਮਾਂ ਕਾਰਣ, ਮਨੁੱਖ ਲਈ ਪ੍ਰਭੂ ਤੋਂ ਜੀਵ ਦਾ ਬਣ ਚੁੱਕਾ ਵਿਛੋੜਾ ਲਖਾਂ ਜੂਨਾਂ-ਜਨਮਾ ਤੱਕ ਚਲਦਾ ਰਵੇ। ਜਦਕਿ ਇਸ ਸੰਬੰਧੀ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ” (ਪੰ: ੧੪੨) ਭਾਵ ਦੇਰ-ਸਵੇਰ, ਜੀਵ ਦੀ ਪ੍ਰਭੂ ਤੋਂ ਇਹ ਵਿਛੋੜੇ ਵਾਲੀ ਯਾਤ੍ਰਾ ਅਖ਼ੀਰ ਪ੍ਰਭੂ `ਚ ਅਭੇਦ ਹੋ ਕੇ ਹੀ ਸਮਾਪਤ ਹੋਣੀ ਹੁੰਦੀ ਹੈ।

ਇਹ ਵੀ ਕਿ ਅਜਿਹੀ ਸਫ਼ਲਤਾ ਲਈ ਕੇਵਲ ਮਨੁੱਖਾ ਜਨਮ ਹੀ ਇਕੋ ਇੱਕ ਤੇ ਜ਼ਰੂਰੀ ਪੜਾਅ ਹੁੰਦਾ ਹੈ। ਜਦਕਿ ਇਹ ਵੀ ਸੰਭਵ ਹੈ ਕਿ ਮਨੁੱਖਾ ਜਨਮ ਸਮੇਂ ਪ੍ਰਭੂ ਵੱਲੋਂ ਮਨੁੱਖ ਨੂੰ ਬਖ਼ਸ਼ੇ ਹੋਏ ਮਨ, ਉਪ੍ਰੰਤ ਮਨ ਦੀ ਹਊਮੈ ਕਾਰਣ, ਮਨੁੱਖ ਦੀ ਪ੍ਰਭੂ ਤੋਂ ਬਣ ਚੁੱਕੀ ਵਿੱਥ ਨੂੰ ਖ਼ਤਮ ਕਰਣ `ਚ ਲੱਖਾਂ ਜੂਨਾਂ, ਜਨਮ ਤੇ ਗਰਭ ਵੀ ਭੋਗਣੇ ਪੈਣ। ਕਿਉਂਕਿ ਗੁਰਬਾਣੀ ਦਾ ਫ਼ੈਸਲਾ ਹੈ ਕਿ ਹਊਮੈ ਕਾਰਣ ਪ੍ਰਭੂ ਤੋਂ ਬਣ ਚੁੱਕੀ ਜੀਵ ਦੀ ਵਿਥ, ਫ਼ਾਸਲਾ ਤੇ ਵਿਛੋੜਾ ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ(ਪੰ: ੯੨੦) ਕੇਵਲ ਤੇ ਕੇਵਲ ਫ਼ਿਰ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ ਹੀ ਮੁੱਕਦਾ ਤੇ ਸਮਾਪਤ ਹੁੰਦਾ ਹੈ ਅਤੇ ਉਦੋ ਤੱਕ ਨਹੀਂ।

ਇਸ ਵਿਸ਼ੇ `ਤੇ ਗੁਰਦੇਵ ਦਾ ਤਾਂ ਹੋਰ ਵੀ ਫ਼ੈਸਲਾ ਹੈ ਜਿਵੇਂ “ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ” (ਪੰ: ੫੯੧) ਭਾਵ ਸ਼ਬਦ ਗੁਰੂ ਦੀ ਕਮਾਈ ਤੇ ਸਾਧਸੰਗਤ ਦੇ ਮਿਲਾਪ ਵਿਹੂਣੇ, ਪ੍ਰਾਪਤ ਸੈਂਕੜੇ ਅਸਫ਼ਲ ਤੇ ਬਿਰਥਾ ਮਨੁੱਖਾ ਜਨਮ ਵੀ, ਜੀਵ ਦੀ ਪ੍ਰਭੂ ਤੋਂ ਬਣੀ ਹੋਈ ਇਸ ਵਿੱਥ ਨੂੰ ਖ਼ਤਮ ਨਹੀਂ ਕਰ ਸਕਦੇ। ਇਹ ਵੀ ਕਿ ਹਉਮੈ ਕਾਰਣ ਜੀਵ ਦਾ ਪ੍ਰਭੂ ਤੋਂ ਬਣ ਚੁੱਕਾ ਵਿਛੋੜਾ, ਮਨੁੱਖਾ ਜਨਮ ਤੋਂ ਇਲਾਵਾ ਬਾਕੀ ਹੋਰ ਅਨੰਤ ਜੂਨਾਂ `ਚੋਂ ਕਿਸੇ ਹੋਰ ਇੱਕ ਵੀ ਜੂਨ ਸਮੇਂ ਸਮਾਪਤ ਨਹੀਂ ਹੋ ਸਕਦਾ।

ਦਰਅਸਲ ਇਸ ਪੱਖੋਂ ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵਾਂਗੇ, ਇਹ ਵੀ ਸਪਸ਼ਟ ਹੁੰਦਾ ਜਾਵੇਗਾ ਕਿ ਅਰਬਾਂ-ਖਰਬਾਂ ਜੂਨਾਂ `ਚੋਂ ਕੇਵਲ ਤੇ ਕੇਵਲ ਇਕੋ ਕਨੁੱਖਾ ਜੂਨ ਹੀ ਹੈ ਜਿਸਦੇ ਸਫ਼ਲ ਤੇ ਅਸਫ਼ਲ, ਬਿਰਥਾ ਜਾਂ ਵਾਪਿਸ ਪ੍ਰਭੂ `ਚ ਅਭੇਦ ਹੋਣ-ਨਾ ਹੋਣ ਵਾਲੇ ਦੋ ਵਿਰੋਧੀ ਨਤੀਜੇ ਹੁੰਦੇ ਹਨ; ਨਹੀਂ ਤਾਂ ਬਾਕੀ ਸਮ੍ਹੂਹ ਜੂਨਾਂ ਕੇਵਲ ਕਿਸੇ ਮਨੁੱਖਾ ਜਨਮ ਸਮੇਂ ਹਊਮੈ ਵੱਸ ਕੀਤੇ ਚੰਗੇ ਤੇ ਮਾੜੇ ਕੰਮਾਂ ਨੂੰ ਭੋਗਣ ਲਈ ਕੇਵਲ ਕੋਠੜੀਆਂ Packges ਤੇ Cells ਹੀ ਹੁੰਦੀਆਂ ਹਨ। ਉਨ੍ਹਾਂ ਜੂਨਾਂ ਸਮੇਂ ਤਾਂ ਜੀਵ ਆਪਣੀ ਇਛਾ ਨਾਲ ਸੱਜੇ ਖੱਬੇ ਵੀ ਨਹੀਂ ਹੋ ਸਕਦਾ। ਹੋਰ ਤਾਂ ਹੋਰ ਉਨ੍ਹਾਂ ਸਮ੍ਹੂਹ ਜੂਨਾਂ ਸਮੇਂ ਜੀਵ ਨੂੰ ਪ੍ਰਭੂ ਵੱਲੋਂ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ।

ਗੁਰਬਾਣੀ `ਚੋਂ ਅਜਿਹੀਆਂ ਸੂਚਨਾਵਾਂ ਵੀ ਮਿਲਦੀਆਂ ਹਨ ਕਿ ਉਨ੍ਹਾਂ ਜੂਨਾਂ ਸਮੇਂ ਜੀਵ ਨੂੰ ਇਹ ਸੁਰਤ ਤਾਂ ਹੁੰਦੀ ਹੈ ਕਿ ਅਮੁੱਕੀ ਜੂਨ ਸਮੇਂ ਉਸ ਨੂੰ, ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਹੋਏ ਕਿਸ ਕਰਮ ਤੇ ਕਰਣੀ ਦੀ ਸਜ਼ਾ ਵਜੋਂ, ਕਰਤੇ ਦੇ ਸੱਚ ਨਿਆਂ `ਚ ਅਮੁੱਕੀ ਜੂਨ ਮਿਲੀ ਹੋਈ ਹੈ। ਜਦਕਿ ਅਜਿਹੀ ਮਿਲ ਰਹੀ ਸਜ਼ਾ ਸਮੇਂ, ਗੁੰਗੀ ਜ਼ਬਾਨ ਕਾਰਣ ਨਾ ਤਾਂ ਜੀਵ ਕਿਸੇ ਦੀ ਮਦਦ ਲੈ ਸਕਦਾ ਹੈ ਤੇ ਨਾ ਹੀ ਹਮਦਰਦੀ। ਉਸ ਸਮੇਂ ਤਾਂ ਆਪਣੇ ਕੀਤੇ `ਤੇ ਪਛਤਾਉਣ ਤੋਂ ਸਿਵਾ ਉਸ ਕੋਲ ਕੋਈ ਦੂਜਾ ਚਾਰਾ ਹੀ ਨਹੀਂ ਹੁੰਦਾ। ਇਸ ਲਈ ਸਪਸ਼ਟ ਹੈ ਕਿ ਗੁਰਬਾਣੀ `ਚ ਜਿਤਨੇ ਵੀ ਸ਼ਬਦ “ਪਛੋਤਾਵਣਿਆ, ਪਛੁਤਾਇਓ, ਪਛੁਤਾਵਹਿਗਾ, ਪਛੁਤਾਸੀ, ਪਛੁਤਾਇ” ਆਦਿ ਦੀ ਸ਼ਬਦਾਵਲੀ ਨਾਲ ਆਏ ਹਨ ਉਨ੍ਹਾਂ ਦਾ ਮੁਖ ਤੌਰ `ਤੇ ਸੰਬੰਧ ਹੈ ਹੀ ਮਨਮਤੀ ਜੀਵਨ ਕਾਰਣ ਮੁੜ ਜਨਮ ਮਰਨ ਦੇ ਗੇੜਾਂ ਸਮੇਂ ਭੁਗਤਾਈਆਂ ਜਾ ਰਹੀਆਂ ਜੂਨਾਂ ਦੇ ਰੂਪ `ਚ ਸਜ਼ਾਵਾਂ। ਫ਼ਿਰ ਜੀਵ ਰਾਹੀਂ ਭੁਗਤਾਈ ਜਾ ਰਹੀ ਉਹ ਸਜ਼ਾ ਭਾਵੇਂ ਕਿਸੇ ਮਨੁੱਖਾ ਜਨਮ ਦੇ ਰੂਪ `ਚ ਮਿਲ ਰਹੀ ਹੋਵੇ ਜਾਂ ਕਿਸੇ ਵੀ ਦੂਜੀ ਜੂਨ ਸਮੇਂ। ਹੁਣ ਇਸ ਮੂਲ ਵਿਸ਼ੇ ਨੂੰ ਕੁੱਝ ਹੋਰ ਗੁਰ ਫ਼ੁਰਮਾਨਾਂ ਨਾਲ ਵੀ ਸਮਝਣ ਦਾ ਯਤਣ ਕਰਾਂਗੇ। ਤਾਂ ਤੇ:-

“ਸੁਖ ਦੁਖ ਪੁਰਬਿ ਕਮਾਈ” - “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪੰ: ੧੨੭੩ `ਤੇ ਮਲਾਰ ਰਾਗ `ਚ ਪਹਿਲੇ ਪਾਤਸ਼ਾਹ ਦੀ ਅਸ਼ਟਪਦੀ ਹੈ “ਚਕਵੀ ਨੈਨ ਨੀਂਦ ਨਹਿ ਚਾਹੈ”। ਇਸ ਅਸ਼ਟਪਦੀ ਦਾ ਮੂਲ ਵਿਸ਼ਾ ਹੈ ਕਿ ਦੂਜੀਆਂ ਜੂਨੀਆਂ ਤਾਂ ਬਹੁਤ ਹੀ ਕਠਨ ਜੀਵਨ ਬਤੀਤ ਕਰਣ ਨੂੰ ਮਜਬੂਰ ਹੁਦੀਆਂ ਹਨ। ਇਸਦੇ ਬਾਵਜੂਦ ਚੂੰਕਿ ਉਹ ਪ੍ਰਭੂ ਦੀ ਰਜ਼ਾ `ਚ ਮਿਲੀ ਹੋਈ ਜੂਨ ਨੂੰ ਬਤੀਤ ਕਰਣ ਵਾਲਾ ਆਪਣਾ ਸੁਭਾਅ ਬਨਾ ਲੈਂਦੀਆਂ ਤੇ ਆਦੀ ਹੋ ਜਾਂਦੀਆਂ ਹਨ। ਉਸੇ ਤੋਂ ਉਹ ਮਨੁੱਖ ਦੇ ਮੁਕਾਬਲੇ ਕਈ ਗੁਣਾ ਵਧ ਸੁਖੀ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੀਆਂ ਹਨ। ਗੁਰਦੇਵ ਉਥੇ ਚਕਵੀ, ਕਮਲ ਦੇ ਫੁਲ ਅਤੇ ਚਾਤ੍ਰਿਕ (ਪਾਪੀਹੇ) ਦੇ ਜੀਵਨ ਦੀ, ਉਪ੍ਰੰਤ ਮਛਲੀ ਦੇ ਭਾਵ ਅਜਿਹੇ ਅਤਿ ਕਠਨ ਜੀਵਨਾਂ ਦੀ ਮਿਸਾਲ ਦਿੰਦੇ ਹਨ।

ਇਸ ਤਰ੍ਹਾਂ ਅਸ਼ਟਪਦੀ ਦੇ ਰਹਾਉ ਵਾਲੇ ਬੰਦ ਪਿਰ ਭਾਵੈ ਪ੍ਰੇਮੁ ਸਖਾਈ॥ ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ” `ਚ ਗੁਰਦੇਵ ਮਨੁੱਖ ਨੂੰ ਸਮਝਾਉਂਦੇ ਅਤੇ ਸਮਾਪਤੀ `ਤੇ ਫ਼ੈਸਲਾ ਵੀ ਦਿੰਦੇ ਹਨ “ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ॥ ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ॥ ੭ ॥ ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈਂ॥ ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਿਪਤਿ ਬੁਝਾਈ”। ਇਸ ਤਰ੍ਹਾਂ ਫ਼ੁਰਮਾਉਂਦੇ ਹਨ ਕਿ ਐ ਇਨਸਾਨ! ਤੂੰ ਵੀ ਬੇਸ਼ੱਕ ਇਨ੍ਹਾਂ ਜੂਨੀਆਂ ਕੋਲੋਂ ਹੀ ਸਿੱਖ ਲੈ। ਤੂੰ ਵੀ ਸਮਝ, ਕਿ ਹਰੇਕ ਜੂਨ ਸਮੇਂ ਦੁਖ-ਸੁਖ ਤਾਂ ਪ੍ਰਭੂ ਦੇ ਸਚ ਨਿਆਂ `ਚ ਅਤੇ ਜੀਵ ਰਾਹੀਂ ਪਹਿਲਾਂ ਤੋਂ ਕੀਤੀ ਹੋਈ ਆਪਣੀ ਚੰਗੀ ਤੇ ਮਾੜੀ ਕਮਾਈ ਕਾਰਣ ਹੀ ਹੁੰਦੇ ਹਨ। ਇਸ ਲਈ ਜੇ ਤੂੰ ਵੀ ਸਮੂਚੀ ਰਚਨਾ ਦੀ ਤਰ੍ਹਾਂ ਆਪਣੇ ਮਨੁੱਖਾ ਜਨਮ ਦੀ ਮੂਲ ਤੇ ਇਕੋ ਇੱਕ ਰਹਿਣੀ, ਕਰਤੇ ਪ੍ਰਭੂ ਦੀ ਰਜ਼ਾ `ਚ ਤੇ ਉਸ ਨਾਲ ਇੱਕ ਮਿਕ ਹੋ ਕੇ ਰਹਿਣਾ ਸਿੱਖ ਲਵੇਂ; ਤਾਂ ਯਕੀਨਣ ਤੇਰਾ ਇਹ ਮਨੁੱਖਾ ਜਨਮ ਵੀ ਪ੍ਰਭੂ ਰੰਗ `ਚ ਸੁਆਦਲਾ ਅਤੇ ਰਸ ਦਾਇਕ ਹੋ ਜਾਵੇਗਾ। ਇਤਨਾ ਹੀ ਨਹੀਂ ਬਲਕਿ ਇਸੇ ਤੋਂ ਸਹਿਜੇ ਹੀ ਤੂੰ ਆਪਣੇ ਜਨਮ ਨੂੰ ਸਫ਼ਲਾ ਕਰਕੇ, ਵਾਪਿਸ ਪ੍ਰਭੂ `ਚ ਅਭੇਦ ਵੀ ਹੋ ਜਾਂਵੇਗਾ।

ਇਸ ਤਰ੍ਹਾਂ ਚਲਦੇ ਪ੍ਰਕਰਣ ਦੀ ਲੋੜ ਅਨੁਸਾਰ ਜੇ ਕਰ ਅਸੀਂ, ਗੁਰਦੇਵ ਰਾਹੀਂ ਇਸ ਅਸਟਪਦੀ `ਚ ਮਛਲੀ ਸੰਬੰਧੀ ਦਿੱਤੀ ਹੋਈ ਮਿਸਾਲ ਤੋਂ ਹੀ ਪਹਿਚਾਣ ਕਰ ਲਵੀਏ। ਉਹ ਇਹ ਕਿ, ਮਛਲੀ ਦਾ ਅੰਤਾਂ ਦਾ ਕਠਣ ਜੀਵਨ, ਗਰਮੀ ਹੋਵੇ ਜਾਂ ਕੜਾਕੇ ਦੀ ਸਰਦੀ। ਇਥੋਂ ਤੀਕ ਕਿ, ਮੌਸਮ ਕਾਰਣ ਜੇ ਪਾਣੀ ਬਰਫ਼ ਦੀਆਂ ਚਟਾਣਾ `ਚ ਵੀ ਕਿਉਂ ਨਾ ਤਬਦੀਲ ਹੋ ਜਾਵੇ ਜਿਸਤੋਂ ਉਸ ਅੰਦਰ ਰਹਿਣ ਦੀ ਮਜਬੂਰੀ ਕਾਰਣ ਮਛਲੀ ਦੀ ਮੌਤ ਵੀ ਹੋ ਜਾਂਦੀ ਹੈ। ਤਾਂ ਵੀ ਮਛਲੀ ਨੂੰ ਆਪਣੀ ਜ਼ਿੰਦਗੀ ਪਾਣੀ `ਚ ਰਹਿ ਕੇ ਹੀ ਬਿਤਾਉਣੀ ਪੈਂਦੀ ਹੈ ਅਤੇ ਚਾਹ ਕੇ ਵੀ ਉਹ ਬਾਹਿਰ ਦੀ ਖੁੱਲੀ ਹਵਾ ਦਾ ਰਸ ਨਹੀਂ ਮਾਨ ਸਕਦੀ। ਉਸ ਦਾ ਮੁੱਖ ਕਾਰਣ ਹੁੰਦਾ ਹੈ ਸੁਖ ਦੁਖ ਪੁਰਬਿ ਕਮਾਈ”। ਜਦਕਿ ਪੂਰਾ ਬੰਦ ਇਸ ਪ੍ਰਕਾਰ ਹੈ “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ”। ਉਪ੍ਰੰਤ ਇਸੇ ਤਰ੍ਹਾਂ ਗੁਰਦੇਵ ਨੇ ਉਥੇ ਚਕਵੀ, ਕਮਲ ਦੇ ਫੁਲ, ਚਾਤ੍ਰਿਕ ਆਦਿ ਦੇ ਕਠਿਨ ਜੀਵਨ ਸੰਬੰਧੀ ਵੀ ਵੇਰਵੇ ਦਿੱਤੇ ਹੋਏ ਹਨ।

ਇਸ ਸਾਰੇ ਦੇ ਬਾਵਜੂਦ ਸਾਡਾ ਇਥੇ ਅਸ਼ਟਪਦੀ ਨੂੰ ਖਾਸ ਤੌਰ `ਤੇ ਖੋਲਣ ਦਾ ਮਕਸਦ ਕੇਵਲ ਇਹੀ ਸਪਸ਼ਟ ਕਰਣਾ ਹੈ ਕਿ ਗੁਰਬਾਣੀ ਵਿਚਲੀ “ਪਛੋਤਾਵਣਿਆ, ਪਛੁਤਾਇਓ, ਪਛੁਤਾਵਹਿਗਾ, ਪਛੁਤਾਸੀ, ਪਛੁਤਾਇ” ਆਦਿ ਸ਼ਬਦਾਵਲੀ ਨਾਲ ਸੰਬੰਧਤ ੯੮% ਸ਼ਬਦ ਤੇ ਫ਼ੁਰਮਾਣ ਕੇਵਲ ਤੇ ਕੇਵਲ ਮਨਮੁਖ ਦੀ ਮੌਤ ਤੋਂ ਬਾਅਦ ਮੁੜ ਜਨਮ ਮਰਨ ਦੇ ਗੇੜ `ਚ ਪੈਣ ਦੀ ਸੂਰਤ `ਚ ਕੀਤੇ ਕਰਮਾਂ ਨੂੰ ਭੋਗਣ ਤੇ ਉਹ ਵੀ ਖਾਸਕਰ ਦੂਜੀਆਂ ਜੂਨੀਆਂ ਸਮੇ ਬੀਤੇ ਅਤੇ ਕੀਤੇ ਹੋਏ ਕਰਮਾਂ ਲਈ ਪਛਤਾਵੇ ਨਾਲ ਹੀ ਸੰਬੰਧਤ ਹਨ। ਇਸ ਤੋਂ ਬਾਅਦ:-

“ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” -ਹੁਣ ਇਸੇ ਲੜੀ `ਚ ਸੰਬੰਧਤ ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਲੈ ਰਹੇ ਹਾਂ। ਇਹ ਸ਼ਬਦ ਇਸ ਤਰ੍ਹਾਂ ਹੈ “ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ॥ ੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀ ਕਹੀਐ॥ ੧॥ ਰਹਾਉ॥ ਕਊਆ ਕਹਾ ਕਪੂਰ ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ॥ ੨॥ ਸਤ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ੪॥ ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ” (ਪੰ: ੪੮੧)। ਉਪ੍ਰੰਤ ਸ਼ਬਦ ਦੇ ਅਰਥ ਹਨ:-

“ਸ਼ਬਦ `ਚ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ “ਐ ਇਨਸਾਨ ਅੱਜ ਤਾਂ ਤੂੰ ਮਨੁੱਖ ਦੀ ਜੂਨ `ਚ ਹੈਂ ਇਸ ਲਈ “ਰਾਮ ਰਾਮ ਰਾਮ ਰਮੇ ਰਮਿ ਰਹੀਐ” ਤੂੰ ਸਾਧ ਸੰਗਤ ਜਾ ਕੇ, ਇਸ ਅਮੁੱਲੇ ਜਨਮ ਦੀ ਸੰਭਾਲ ਕਰ ਅਤੇ ਕਰਤੇ ਨਾਲ ਇੱਕ ਮਿਕ ਹੋ ਜਾ। ਨਹੀਂ ਤਾਂ, ਮਨੁੱਖਾ ਜਨਮ ਨੂੰ ਬਿਰਥਾ ਕਰ ਦੇਣ `ਤੇ ਦੂਜੀਆਂ ਜੂਨਾਂ ਸਮੇਂ ਮਨੁੱਖ ਦਾ ਕੀ ਹਾਲ ਹੁੰਦਾ ਹੈ, ਸ਼ਬਦ `ਚ ਕਬੀਰ ਸਾਹਿਬ ਕੁੱਤੇ, ਸੱਪ, ਨਿੰਮ ਅਤੇ ਕਾਂ ਦੀਆਂ ਮਿਸਾਲਾ ਦੇ ਕੇ, ਬਿਰਥਾ ਮਨੁੱਖਾ ਜੀਵਨ ਦੇ ਪੱਖ ਨੂੰ ਸਸਪਸ਼ਟ ਕਰ ਰਹੇ ਹਨ।

ਕਬੀਰ ਸਾਹਿਬ ਚੇਤੇ ਕਰਵਾਉਂਦੇ ਹਨ “ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” ਭਾਵ ਜਦੋਂ ਕਿਸੇ ਨੂੰ ਆਪਣੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਕਾਰਣ, ਜੂਨ ਹੀ ਕੁੱਤੇ ਦੀ ਮਿਲੀ ਹੋਵੇ ਤਾਂ ਉਸ ਸਮੇਂ ਜੇ ਕਰ ਉਸ ਨੂੰ ਸਿੰਮ੍ਰਿਤੀਆਂ ਆਦਿ ਭਾਵ ਧਾਰਮਿਕ ਉਪਦੇਸ਼ ਵੀ ਸੁਨਾਵੋ ਤਾਂ ਉਨ੍ਹਾਂ ਦਾ ਉਸ ਕੁੱਤੇ ਨੂੰ ਕੁੱਝ ਲਾਭ ਨਹੀਂ ਹੁੰਦਾ।

ਇਸੇ ਤਰ੍ਹਾਂ ਮਨੁੱਖਾ ਜਨਮ ਸਮੇਂ ਕੀਤੇ ਕਰਮਾ ਕਾਰਣ, ਜੀਵ ਨੂੰ ਜੇ ਜੂਨ ਹੀ ਕਾਂ ਦੀ ਮਿਲੀ ਹੋਵੇ ਤਾਂ ਉਸ ਸਮੇਂ ਉਸ ਨੂੰ ਮੁਸ਼ਕ-ਕਾਫ਼ੂਰ ਆਦਿ ਸੁਗੰਧੀਆਂ ਦਾ ਕੀ ਲਾਭ। ਕਿਉਂਕਿ ਅਜਿਹੀ ਜੂਨ ਸਮੇਂ ਤਾਂ ਉਸ ਨੂੰ ਵਿਸ਼ਟਾ `ਤੇ ਹੀ ਜਾ ਕੇ ਬੈਠਣਾ ਪਵੇਗਾ।

ਇਸੇ ਤਰ੍ਹਾਂ ਮਨੁੱਖਾ ਜਨਮ ਸਮੇਂ ਕੀਤੇ ਕਰਮਾ ਕਾਰਣ, ਜੀਵ ਨੂੰ ਜੇ ਜੂਨ ਹੀ ਸੱਪ ਦੀ ਮਿਲੀ ਹੋਈ ਹੋਵੇ ਤਾਂ ਸੱਪ ਦੀ ਜੂਨ ਸਮੇਂ ਉਸ ਨੂੰ ਬੇਸ਼ੱਕ ਦੁੱਧ ਪਿਆ ਦੇਵੋ ਤਾਂ ਵੀ, ਆਪਣੇ ਮਸਤਕ `ਚ ਰਬੋਂ ਹੀ ਭਰੇ ਹੋਏ ਜ਼ਹਿਰ ਦੀ ਗਰਮੀ ਕਾਰਣ ਉਹ ਦੁਧ ਪਿਆਉਣ ਵਾਲੇ ਨੂੰ ਵੀ ਕੱਟਣੋਂ ਨਹੀਂ ਹਟੇਗਾ।

ਹੋਰ ਤਾਂ ਹੋਰ, ਜੇ ਉਸ ਨੂੰ ਜੂਨ ਹੀ ਨਿੰਮ ਦੀ ਮਿਲੀ ਹੋਵੇ ਤਾਂ ਅਜਿਹੀ ਜੂਨ ਸਮੇਂ ਬੇਸ਼ਕ ਉਸ ਦੀਆਂ ਜੜਾਂ ਨੂੰ ਮਿੱਠੇ (ਸ਼ਰਬਤਾਂ) ਨਾਲ ਸੀਂਚ ਦਿਓੇ, ਤਾਂ ਵੀ ਉਸ ਦੇ ਸੁਭਾਅ `ਚੋਂ ਕੁੜਿਤਣ ਨਹੀਂ ਘੱਟ ਸਕਦੀ।

ਦਰਅਸਲ ਕਬੀਰ ਜੀ ਇਸ ਸ਼ਬਦ ਰਾਹੀਂ ਸਪਸ਼ਟ ਕਰ ਰਹੇ ਹਨ “ਐ ਭਾਈ! ਅੱਜ ਮਨੁੱਖਾ ਜੂਨ ਸਮੇਂ ਤਾਂ ਤੂੰ ਸੱਚ ਧਰਮ ਨਾਲ ਵੀ ਜੁੜ ਸਕਦਾ ਹੈਂ। ਦੁਧ ਤੇ ਮਿਸ਼ਠਾਨਾਂ ਆਦਿ ਦੇ ਰਸ ਵੀ ਮਾਨ ਸਕਦਾ ਹੈ। ਇਸ ਦੇ ਉਲਟ, ਜੇਕਰ ਤੂੰ ਵੀ ਇਸ ਅਮੁੱਲੇ ਜਨਮ ਨੂੰ ਬਿਰਥਾ ਕਰ ਦਿੱਤਾ ਤਾਂ ਤੇਰੇ ਲਈ ਵੀ ਉਹੀ ਜੂਨਾਂ ਹੋਣੀਆਂ ਹਨ ਜਿਹੜੀਆਂ ਤੂੰ ਕੁਤਿਆਂ, ਕਾਂਵਾਂ, ਸੱਪਾਂ ਤੇ ਨਿੰਮ ਦੇ ਪੌਦੇ ਆਦਿ ਦੀਆਂ ਨਿੱਤ ਆਪਣੇ ਸਾਹਮਣੇ ਦੇਖਦਾ ਹੈਂ। ਕਿਉਂਕਿ ਇਹ ਸਾਰੇ ਵੀ ਤਾਂ ਕਿਸੇ ਸਮੇਂ ਤੇਰੀ ਤਰ੍ਹਾਂ ਮਨੁੱਖਾ ਜੂਨ ਦਾ ਲਾਭ ਹੀ ਲੈ ਰਹੇ ਸਨ।

ਇਸ ਤੋਂ ਵੱਡੀ ਗੱਲ “ਕਹਾ ਸਾਕਤ ਪਹਿ ਹਰਿ ਗੁਨ ਗਾਏ” ਭਾਵ ਜੇ ਕੋਈ ਮਨੁੱਖਾ ਜੂਨ `ਚ ਹੁੰਦਿਆ ਹੋਇਆਂ ਵੀ ਆਪਣੇ ਪਿਛਲੇ ਕਰਮਾਂ ਕਾਰਣ, ਜਨਮ ਤੋਂ ਹੀ ਸਾਕਤ ਭਾਵ ਨਾਸਤਿਕ ਦੀ ਜੂਨ ਭੋਗ ਰਿਹਾ ਹੈ ਤਾਂ ਉਸ ਨਾਲ ਵੀ ਪ੍ਰਭੂ ਦੀਆਂ ਬਾਤਾਂ ਅਤੇ ਉਸ ਨੂੰ ਕਰਤੇ ਦੀ ਸਿਫ਼ਤ ਸਲਾਹ ਸੁਨਾਉਣ ਦਾ ਕੁੱਝ ਲਾਭ ਨਹੀਂ ਹੁੰਦਾ।

ਇਹ ਵੀ ਕਿ ਇਸ ਸਮੇਂ ਮਨੁੱਖਾ ਜੂਨ ਹੋਣ ਕਰਕੇ “ਸਤ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ” ਜੇਕਰ ਅਜਿਹਾ ਸਾਕਤ ਵੀ ਸਾਧਸੰਗਤ ਦਾ ਲਾਭ ਲੈ ਕੇ ਆਪਣੇ ਪ੍ਰਾਪਤ ਜਨਮ ਦੀ ਸੰਭਾਲ ਕਰ ਲਵੇ ਤਾਂ ਉਹ ਵੀ ਆਪਣੇ ਜਨਮ ਨੂੰ ਸਫ਼ਲ ਕਰਣ ਦੇ ਸਮ੍ਰਥ ਹੋ ਸਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਪਾਰਸ ਨੂੰ ਛੂਣ ਕਰਕੇ ਲੋਹਾ, ਸੋਨਾਂ ਬਣ ਜਾਂਦਾ ਹੈ। ਜਦਕਿ ਬਾਕੀ ਜੂਨਾਂ ਸਮੇਂ ਤਾਂ ਅਜਿਹਾ ਵੀ ਸੰਭਵ ਨਹੀਂ”।

“ਚਾਰਿ ਪਾਵ ਦੁਇ ਸਿੰਗ ਗੁੰਗ ਮੁਖ” -ਹੁਣ ਇਸੇ ਲੜੀ `ਚ ਕਬੀਰ ਸਾਹਿਬ ਦਾ ਇੱਕ ਹੋਰ ਸ਼ਬਦ ਲੈਣਾ ਚਾਹਾਂਗੇ। ਕਬੀਰ ਜੀ ਦਾ ਅਮੁੱਕਾ ਸ਼ਬਦ ਹੈ “ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ ਹੈ॥ ੧ ॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ॥ ੧ ॥ ਰਹਾਉ॥ ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ॥  ॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ॥  ॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ” (ਪੰ: ੫੨੪) ਸ਼ਬਦ ਦੇ ਅਰਥ ਹਨ:-

“(ਹੇ ਭਾਈ! ਕਿਸੇ ਪਸ਼ੂ-ਜੂਨ ਵਿੱਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? । ੧।

(ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ, (ਨੱਥ ਨਾਲ) ਨੱਕ ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ। ੧। ਰਹਾਉ।

ਜੰਗਲ (ਜੂਹ) ਵਿੱਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ। ੨।

ਹੁਣ ਭੈੜੇ ਹਾਲ ਵਿੱਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖ਼ਰ) ਅਨੇਕਾਂ ਜੂਨਾਂ ਵਿੱਚ ਭਟਕੇਂਗਾ। ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ। ੩।

ਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਇਗੀ। ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ। ੪। ੧। ਸ਼ਬਦ ਦਾ ਭਾਵ : —ਮਨੁੱਖਾ ਜਨਮ ਹੀ ਸਿਮਰਨ ਦਾ ਸਮਾ ਹੈ, ਖੁੰਝਿਆਂ ਜਨਮ-ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ। (ਧੰਨਵਾਦਿ ਸਹਿਤ ਅਰਥ ਪ੍ਰੋ: ਸਾਹਿਬ ਸਿੰਘ ਜੀ)

“ਕਰਿ ਅਉਗਣ ਪਛੋਤਾਵਣਾ” - ਉਂਜ ਤਾਂ ਹੱਥਲੇ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚ ਅਜਿਹੇ ਹੋਰ ਵੀ ਬੇਅੰਤ ਫ਼ੁਟਰਮਾਨ ਹਨ ਤਾਂ ਵੀ ਇਥੇ ਕੇਵਲ ਇੱਕ ਫ਼ੁਰਮਾਨ ਹੀ ਹੋਰ ਲੈ ਰਹੇ ਹਾਂ। ਫ਼ੁਰਮਾਨ ਹੈ- “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੦)। ਦਰਅਸਲ ਇਹ ਫ਼ੁਰਮਾਨ ਬਾਣੀ ਆਸਾ ਕੀ ਵਾਰ ਦੀ ਪਉੜੀ ਨੰ: ੧੪ ਹੈ।

ਧਿਆਣ ਰਹੇ! ਇਥੇ ਵੀ “ਰਾਹਿ ਭੀੜੈ ਅਗੈ ਜਾਵਣਾ” ਤੇ “ਨੰਗਾ ਦੋਜਕਿ ਚਾਲਿਆ” ਵਾਲੀ ਸ਼ਬਦਾਵਲੀ ਗਰੁੜ ਪੁਰਾਣ ਆਦਿ ਬ੍ਰਾਹਮਣੀ ਰਚਨਾਵਾਂ `ਚ ਦੱਸੇ ਜਾਂਦੇ ਤੰਗ ਰਸਤਿਆਂ ਆਦਿ ਦੇ ਅਰਥਾਂ `ਚ ਨਹੀਂ। ਬਲਕਿ ਗੁਰਦੇਵ ਇਥੇ ਗਰੁੜ ਪੁਰਾਨ ਆਦਿ ਵਾਲੀ ਉਸੇ ਸ਼ਬਦਾਵਲੀ ਨੂੰ ਰੂਪਕ ਅਲੰਕਾਰ ਵੱਜੋ ਗੁਰਮੱਤ ਦੇ ਅਰਥਾਂ `ਚ ਵਰਤ ਰਹੇ ਹਨ। ਇਥੇ “ਰਾਹਿ ਭੀੜੈ” ਵੀ “ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਭਾਵ ਕਰਤੇ ਦੇ ਸੱਚ ਨਿਆਂ ਦੀ ਗੱਲ ਹੈ। ਅਜਿਹਾ ਨਿਆਂ ਜਿਸ `ਚ ਜੀਵ ਨਾਲ ਮਰਨੋ ਬਾਅਦ ਨਾ ਰਿਆਇਤ ਹੋਣੀ ਹੈ ਤੇ ਨਾ ਧੱਕਾ। ਇਥੇ ਕੇਵਲ ਕੀਓ ਅਪਨੋ ਪਈ ਹੈ” (ਪੰ: ੫੨੪) ਅਤੇ “ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” (ਪੰ: ੪੮੧) ਅਥਵਾ “ਸੁਖ ਦੁਖ ਪੁਰਬਿ ਕਮਾਈ” ਵਾਲੀ ਗੱਲ ਹੀ ਹੈ।

ਇਥੇ ਲਫ਼ਜ਼ ਨੰਗਾ ਦਾ ਅਰਥ ਵੀ ਸਰੀਰੋਂ ਨੰਗਾ ਨਹੀਂ ਬਲਕਿ ਗੁਰਮੱਤ ਅਨੁਸਾਰ ‘ਖਾਲੀ ਹੱਥ’ ਅਥਵਾ ‘ਬਿਰਥਾ ਜਨਮ’ ਹੈ। ਉਹ ਮਕਸਦ ਜਿਸ ਦੀ ਪ੍ਰਾਪਤੀ ਲਈ ਮਨੁੱਖਾ ਜਨਮ ਵਾਲਾ ਅਵਸਰ ਮਿਲਿਆ ਸੀ, ਜੀਵ ਨੇ ਕਮਾਈ ਨਹੀਂ ਕੀਤੀ ਤੇ ਉਸ ਨੂੰ ਵੀ ਬਿਰਥਾ ਕਰ ਦਿੱਤਾ। ਇਸੇ ਤਰ੍ਹਾਂ ਇਥੇ ਦੋਜ਼ਖ ਦੇ ਵੀ ਅਰਥ ਇਸਲਾਮੀ ਦੋਜ਼ਖ ਨਹੀਂ ਬਲਕਿ ਇਸ ਦੇ ਗੁਰਮੱਤ ਅਰਥ ਹਨ “ਮੁੜ ਜਨਮ ਮਰਨ ਦਾ ਗੇੜ” ਭਿੰਨ ਭਿੰਨ ਗਰਭਾਂ ਦੇ ਉਹੀ ਗੇੜ ਤੇ ਉਹੀ “ਪਛਤਾਵੇ” ; ਜਿਨ੍ਹਾਂ `ਚੋਂ ਕੱਢ ਕੇ ਪ੍ਰਭੂ ਨੇ ਮਨੁੱਖਾ ਜਨਮ ਵਾਲੀ ਵਾਰੀ ਤੇ ਅਵਸਰ ਬਖ਼ਸ਼ਿਆ ਸੀ।

ਉਪ੍ਰੰਤ ਪਉੜੀ ਦੇ ਅਰਥ ਹਨ- “ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ। (ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ। ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)। (ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿੱਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ। ਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ” (ਅਰਥ ਪ੍ਰੋ: ਸਾਹਿਬ ਸਿੰਘ ਜੀ) ਸਪਸ਼ਟ ਹੈ ਇਥੇ ਵੀ “ਕਰਿ ਅਉਗਣ ਪਛੋਤਾਵਣਾ” ਭਾਵ “ਪਛੋਤਾਵਣਾ” ਵਾਲਾ ਵਿਸ਼ਾ ਮੌਤ ਤੋਂ ਬਾਅਦ ਨਾਲ ਹੀ ਸੰਬੰਧਤ ਹੈ।

“ਪਰਿਆ ਵਸਿ ਜੰਦਾਰ” - ਇਸ ਤਰ੍ਹਾਂ ਗੁਰਬਾਣੀ `ਚ ਜਿਤਣੀ ਵਾਰ ਅਤੇ ਜਿਤਨੇ ਵੀ ਸ਼ਬਦਾਂ-ਫ਼ੁਰਮਾਨਾਂ `ਚ “ਪਛੋਤਾਵਣਿਆ, ਪਛੁਤਾਇਓ, ਪਛੁਤਾਵਹਿਗਾ, ਪਛੁਤਾਸੀ, ਪਛੁਤਾਇ” ਆਦਿ ਸ਼ਬਦਾਵਲੀ ਆਈ ਹੈ ਉਹ ਲਗਭਗ ੯੮% ਫ਼ੁਰਮਾਨਾ `ਚ ਮੌਤ ਤੋਂ ਬਾਅਦ ਨਾਲ ਹੀ ਸੰਬੰਧਤ ਹੈ। ਇਸੇ ਚੇਤਾਵਣੀ ਵੱਜੋਂ ਹੈ ਕਿ ਐ ਇਨਸਾਨ! ਕਰਤੇ ਅਕਾਲਪ੍ਰੁਰਖ ਨੇ ਵੱਡੀ ਬਖ਼ਸ਼ਿਸ਼ ਕਰਕੇ ਉਨ੍ਹਾਂ ਅਰਬਾਂ-ਖਰਬਾਂ ਕਰਮ ਭੋਗੀ ਜੂਨਾਂ `ਚੋਂ ਕੱਢ ਕੇ ਤੈਨੂੰ ਮਨੁੱਖਾ ਜਨਮ ਵਾਲੀ ਵਾਰੀ, ਸਮਾਂ, ਬਰੀਆ ਤੇ ਦੁਰਲਭ ਅਵਸਰ ਬਖ਼ਸ਼ਿਆ ਹੈ। ਤੂੰ ਇਸ ਦਾ ਲਾਭ ਲੈਣ ਲਈ ਸਾਧ ਸੰਗਤ `ਚ ਆ ਤੇ ਸ਼ਬਦ ਗੁਰੂ ਦੀ ਕਮਾਈ ਕਰ। ਇਸ ਤੋਂ ਤੇਰਾ ਅਜੋਕਾ ਨਮ ਵੀ ਪ੍ਰਭੂ ਰੰਗ `ਚ ਰੰਗਿਆ ਜਾਵੇਗਾ ਤੇ ਅਨੰਦਮਈ ਹੋ ਜਾਵੇਗਾ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਤੈਨੂੰ ਮੁੜ ਉਨ੍ਹਾਂ ਹੀ ਜੂਨਾਂ-ਗਰਭਾਂ ਦੇ ਗੇੜ `ਚ ਪੈ ਕੇ ਪਛਤਾਉਣਾ ਨਹੀਂ ਪਵੇਗਾ। ਤੂੰ ਸਹਿਜੇ ਹੀ ਅਸਲੇ, ਪ੍ਰਭੂ `ਚ ਸਮਾਅ ਜਾਵੇਂਗਾ।

ਤਾਂ ਤੇ ਐ ਭਾਈ! ਮਨੁੱਖਾ ਜਨਮ ਪਾ ਕੇ ਚੇਤੇ ਰਖ ਕਿ “ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥ ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ” (ਪੰ: ੪੩) ਭਾਵ “ਜਿਵੇਂ ਕਿਸੇ ਦੇ ਘਰ `ਚ, ਘੜੀ ਦੀ ਘੜੀ ਲਈ ਅਇਆ ਹੋਇਆ ਕੋਈ ਪ੍ਰਾਹੁਣਾ, ਉਸ ਘਰ ਦੇ ਕੰਮ ਸਵਾਰਨ ਵਾਲਾ ਹੀ ਬਣ ਕੇ ਜਾ ਬੈਠੇ। ਇਸ `ਤੇ ਉਸ ਦੀ ਅਜਿਹੀ ਕਰਣੀ ਹਾਸੋ-ਹੀਣੀ ਹੀ ਹੁੰਦੀ ਹੈ। ਇਸੇ ਤਰ੍ਹਾਂ ਇਹ ਜੀਵ ਵੀ ਇਸ ਸੰਸਾਰ `ਚ ਅਸਲੋਂ ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੀ ਹੁੰਦਾ ਹੈ। ਇਹ ਇਥੇ ਰਹਿਣ ਲਈ ਨਹੀਂ ਆਇਆ ਹੁੰਦਾ। ਇਸ ਦੇ ਉਲਦ, ਇਹ ਇਥੇ ਆ ਕੇ ਜਿਵੇਂ ਕਿ ਇਥੋਂ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਬੈਠਦਾ ਹੈ। ਇਸ ਤਰ੍ਹਾਂ ਅਗਿਆਨੀ ਮਨੁੱਖ, ਇਸ ਜਨਮ ਦੇ ਮਕਸਦ ਦੀ ਪਛਾਣ ਨਹੀਂ ਕਰਦਾ। ਇਸੇ ਕਾਰਣ ਇਹ ਜੀਵਨ ਭਰ ਮਾਇਆ ਦੇ ਮੋਹ ਅਤੇ ਕਾਮਵਾਸ਼ਨਾਵਾਂ ਆਦਿ `ਚ ਹੀ ਫਸਿਆ ਰਹਿੰਦਾ ਹੈ।

ਇਸੇ ਤਰ੍ਹਾਂ ਇਸੇ ਅਗਿਆਨਤਾ ਦੀ ਨੀੰਦਰ `ਚ ਸੁੱਤੇ ਹੋਏ ਨੂੰ ਜਦੋਂ ਅਵੈੜੀ ਮੌਤ ਆ ਕੇ ਆਪਣੀ ਕੈੜੀ ਪਕੜ `ਚ ਲੈ ਲੈਂਦੀ ਹੈ। ਨਤੀਜਾ, ਇਸ ਨੂੰ ਇਥੋਂ ਜਾਣਾ ਹੀ ਪੈਂਦਾ ਹੈ ਅਤੇ ਪਛਤਾਉਂਦਾ ਵੀ। ਕਿਉਂਕਿ ਇਸ ਨੂੰ ਫ਼ਿਰ ਤੋਂ ਪਰਿਆ ਵਸਿ ਜੰਦਾਰ” ਉਨ੍ਹਾਂ ਹੀ ਜੂਨਾਂ-ਜਨਮਾਂਤੇ ਗਰਭਾਂ ਆਦਿ ਦੇ ਗੇੜ `ਚ ਪਾ ਦਿੱਤ ਜਾਂਦਾ ਹੈ। ਜਦਕਿ ਵਿਚਾਰ ਅਧੀਨ ਬੰਦ ਪੰਜਵੇਂ ਪਾਤਸ਼ਾਹ ਦੇ ਸਿਰੀ ਰਾਗ ਵਿਚਲੇ ਚਾਰ ਬੰਦਾਂ ਵਾਲੇ ਸ਼ਬਦ `ਚੋ ਹੈ।

ਨੋਟ-ਇਥੇ ਵੀ ਦੇਖਣਾ ਹੈ ਕਿ “ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ” ਭਾਵ ਪਛੂਤਾਉਣ ਵਾਲਾ ਵਿਸ਼ਾ, ਜਨਮ ਦੇ ਬਿਰਥਾ ਹੋਣ ਅਤੇ ਮੌਤ ਤੋਂ ਬਾਅਦ ਨਾਲ ਹੀ ਸ਼ੰਬੰਧਤ ਹੈ, ਨਾ ਕਿ ਸਰੀਰ ਦੇ ਕਾਇਮ ਤੇ ਚਲਦੇ ਫ਼ਿਰਦੇ ਹੁੰਦਿਆਂ। #227s013.o2.013#

ਨੋਟ ੨-ਗੁਰੂ ਕੀਆਂ ਸੰਗਤਾਂ ਤੇ ਗੁਰਮੱਤ ਦੇ ਪਾਠਕਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਦਾਸ ਦੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਵੀ ਮੰਗਵਾਉਣ ਤੇ ਪੜ੍ਹਣ। ਇਹ ਪੁਸਤਕ ਆਪ ਜੀ ਸਿਧੀ ਸੈਂਟਰ ਪਾਸੋਂ ਜਾਂ ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001. Ph Nos. 099150-48001,183-2550739,2543965 ਤੋਂ ਵੀ ਮੰਗਵਾਈ ਜਾ ਸਕਦੀ ਹੈ ਜੀ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 227

ਉਠਿ ਚਲਿਆ ਪਛੁਤਾਇਆ

ਪਰਿਆ ਵਸਿ ਜੰਦਾਰ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

Eweb site- www.gurbaniguru.org




.