.
<

ਚੰਗੇ ਸਮਾਜ ਦੀ ਸਿਰਜਨਾ … (11)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਇਹ ਇੱਕ ਵਿਗਿਆਨਕ ਸੱਚਾਈ ਹੈ ਕਿ ਜਿਹੜਾ ਮਨੁੱਖ ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕਰਦਾ ਹੈ (ਭਾਵ ਕਿ, ਗੁਰਮਤਿ ਫ਼ਲਸਫ਼ੇ ਅਨੁਸਾਰ ਹੁਕਮਿ ਰਜ਼ਾਈ ਚਲਦਾ ਹੈ) ਉਹ, ਆਮਤੌਰ `ਤੇ, ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿੰਦਾ ਹੈ।

ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਨੌਂ ਗੁਰੂ-ਜਾਮੇਂ ਸਿਹਤ ਪੱਖੋਂ ਮੁਕੰਮਲ ਤੌਰ `ਤੇ ਤੰਦਰੁਸਤ ਸਨ। ਗੁਰੂ ਨਾਨਕ ਜੋਤਿ ਦੇ ਪਹਿਲੇ ਸਰੂਪ ਗੁਰੂ ਅੰਗਦ ਸਾਹਿਬ ਨੇ ਖਡੂਰ ਵਿਖੇ ਵਿਸ਼ੇਸ਼ ਤੌਰ `ਤੇ ਕਸਰਤ ਅਤੇ ਸਪੋਰਟਸ ਕੇਂਦਰ ਕਾਇਮ ਕੀਤਾ। ਅਸਲ ਵਿੱਚ, ਵਰਤਮਾਨ ਓਲੈਮਪਿਕਸ ਖੇਡਾਂ ਦੀ ਇਹ ਸ਼ੁਰੂਆਤ ਸੀ। ਪੰਜਵੇਂ ਅਤੇ ਛੇਵੇਂ ਪਾਤਿਸ਼ਾਹ ਨੇ ਘੋੜ-ਸਵਾਰੀ, ਗਤਕਾ ਅਤੇ ਸ਼ਸਤਰ-ਅਭਿਆਸ ਕੇਂਦਰਾਂ ਨੂੰ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਦਾ ਅਟੁੱਟ ਅੰਗ ਬਣਾਇਆ। ਸਤਵੇਂ ਪਾਤਿਸ਼ਾਹ ਗੁਰੂ ਹਰਿ ਰਾਏ ਸਾਹਿਬ ਨੇ ਕੀਰਤਪੁਰ ਵਿਖੇ ਉਸ ਵਕਤ ਦੇ ਸੰਸਾਰ ਦਾ ਸਭ ਤੋਂ ਸ੍ਰੇਸ਼ਟ ਦਵਾਖ਼ਾਨਾ (ਹਸਪਤਾਲ) ਕਾਇਮ ਕੀਤਾ।

ਚੰਗੇ ਸਮਾਜ ਦੀ ਸਿਰਜਨਾ ਕਰਨ ਲਈ, ਥਾਂ-ਪੁਰ-ਥਾਂ, ਸਿਹਤ-ਸੰਭਾਲ ਨਾਲ ਸੰਬੰਧਤ ਸਰਬ-ਸਾਂਝੀਆਂ ਉੱਚ-ਮਿਆਰੀ ਸੰਸਥਾਵਾਂ ਸਥਾਪਤ ਕਰਨਾ ਸਮੇਂ ਦੀ ਲੋੜ ਹੈ - ਅਜਿਹੀਆਂ ਸੰਸਥਾਵਾਂ ਜਿੱਥੇ ਆਰਥਿਕ ਤੇ ਸਮਾਜਕ ਪੱਖਾਂ ਤੋਂ ਪਛੜੇ ਹੋਏ ਵਰਗਾਂ ਲਈ ਦਾਖਲਾ ਤੇ ਇਲਾਜ਼ ਮੁਫ਼ਤ ਜਾਂ ਬਹੁਤ ਹੀ ਘੱਟ ਰੇਟਾਂ `ਤੇ ਉਪਲਬਧ ਹੋਵੇ।

17. ਵਿਦਿਆ ਪ੍ਰਾਪਤੀ

ਮਨੁੱਖੀ ਸਮਾਜ ਦਾ ਨਿਰੋਆ ਅੰਗ ਬਣ ਕੇ ਵਿਚਰਨ ਲਈ ਹਰ ਇੱਕ ਮਨੁੱਖ ਲਈ ਜਰੂਰੀ ਹੈ ਕਿ ਉਹ, (ਆਪੋ-ਆਪਣੇ ਸਾਧਨਾਂ ਤੇ ਰੁਚੀ ਅਨੁਸਾਰ) ਉੱਚ ਪੱਧਰ ਦੀ ਦੁਨਿਆਵੀ ਅਤੇ ਅਧਿਆਤਮਿਕ ਵਿਦਿਆ ਪ੍ਰਾਪਤ ਕਰਨ ਲਈ ਉੱਦਮ ਕਰੇ।

ਵਿਦਿਆ ਵੀਚਾਰੀ ਤਾਂ, ਪਰਉਪਕਾਰੀ॥ (ਮ: 1, 356)

ਭਾਵ: (ਵਿਦਿਆ ਪ੍ਰਾਪਤ ਕਰ ਕੇ) ਜੇ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਦਾ ਉੱਦਮ ਕਰਦਾ ਹੈ, ਤਾਂ ਹੀ ਸਮਝੋ ਕਿ ਉਹ ਵਿਦਿਆ ਹਾਸਿਲ ਕਰ ਕੇ ਵਿਚਾਰਵਾਨ ਬਣਿਆ ਹੈ।

ਵਿਦਿਆ ਪ੍ਰਾਪਤ ਕਰ ਕੇ ਜਿੱਥੇ ਮਨੁੱਖ ਨੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ, ਉੱਥੇ ਆਪਣੇ ਹੁਨਰ ਨੂੰ ਲੋੜਵੰਦਾਂ ਨਾਲ, ਨਿਸ਼ਕਾਮਤਾ ਸਹਿਤ, ਸਾਂਝਾ ਕਰ ਕੇ ਗੁਰਮਤਿ ਫ਼ਲਸਫ਼ੇ ਦੇ ਵੰਡ-ਛੱਕਣ ਦੇ ਸਿਧਾਂਤ ਦੀ ਵੀ ਪਾਲਣਾ ਕਰਨੀ ਹੈ।

ਚੰਗੇ ਸਮਾਜ ਅੰਦਰ, ਥਾਂ-ਪੁਰ-ਥਾਂ, ਉੱਚ ਮਿਆਰ ਦੀਆਂ ਵਿਦਿਅਕ ਸੰਸਥਾਵਾਂ ਦਾ ਹੋਣਾ ਜਰੂਰੀ ਹੈ ਅਤੇ ਗ਼ਰੀਬ ਵਰਗ ਦੇ ਬੱਚਿਆਂ ਲਈ ਇਨ੍ਹਾਂ ਸੰਸਥਾਵਾਂ ਵਿੱਚ ਸਿਖਲਾਈ ਮੁਫ਼ਤ ਜਾਂ ਬਹੁਤ ਹੀ ਘੱਟ ਰੇਟਾਂ `ਤੇ ਮਿਲਣੀ ਚਾਹੀਦੀ ਹੈ। ਇਹ ਸੰਸਥਾਵਾਂ ‘ਨਾ ਨਫ਼ਾ, ਨਾ ਘਾਟਾ’ (No Profit, No Loss) ਦੇ ਸਿਧਾਂਤ `ਤੇ ਚਲਾਈਆਂ ਜਾ ਸਕਣ ਤਾਂ ਬਹੁਤ ਵਧੀਆ ਗੱਲ ਹੋਵੇਗੀ।

ਸੰਖੇਪ ਵਿੱਚ, ਅਜਿਹਾ ਸਮਾਜ-ਪ੍ਰਬੰਧ ਸਥਾਪਤ ਕੀਤਾ ਜਾਵੇ ਜਿਸ ਵਿੱਚ ਸਿਹਤ-ਸੰਭਾਲ ਅਤੇ ਵਿਦਿਆ ਪ੍ਰਾਪਤੀ ਦੀਆਂ ਉੱਚ-ਪੱਧਰੀ ਸਹੂਲਤਾਂ ਸਮਾਜ ਦੇ ਹਰ ਵਰਗ ਦੀ ਸੁਖਾਲੀ ਪਹੁੰਚ ਵਿੱਚ ਉਪਲਬਧ ਹੋਣ। ਇਨ੍ਹਾਂ ਸੰਸਥਾਵਾਂ ਦੇ ਵਾਪਾਰੀ-ਕਰਨ ਦੀਆਂ ਮਾਨਵ-ਵਿਰੋਧੀ ਕਾਰਵਾਈਆਂ ਨੂੰ ਸਖਤੀ ਨਾਲ ਰੋਕਿਆ ਜਾਣਾ ਜਰੂਰੀ ਹੈ। ਇਹ ਇੱਕ ਹਕੀਕਤ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਸਥਾਪਤ ਕਰਨ ਅਤੇ ਚਲਾਉਂਣ ਲਈ ਬਹੁਤ ਸਾਰੇ ਪੈਸੇ ਦੀ ਲੋੜ ਹੈ। ਇਹ ਪੈਸਾ ਕਿੱਥੋਂ ਆਵੇਗਾ? ਇਹ ਪੈਸਾ ਦੋ ਪਾਸਿਆਂ ਤੋਂ ਆਵੇਗਾ। ਪਹਿਲਾ, ਹਰ ਇੱਕ ਨਾਗਰਿਕ ਈਮਾਨਦਾਰੀ ਨਾਲ ਬਣਦਾ ਟੈਕਸ ਅਦਾ ਕਰੇ। ਪਰ, ਟੈਕਸ-ਦਰਾਂ ਵੀ ਵਾਜਬ ਹੋਣ। ਮਿਸਾਲ ਦੇ ਤੌਰ `ਤੇ, ਅਮੀਰ ਤਬਕਾ ਆਪਣੀ ਆਮਦਨ ਦਾ ਤਕਰੀਬਨ 40% ਹਿੱਸਾ ਟੈਕਸ ਵਜੋਂ ਅਦਾ ਕਰੇ, ਮੱਧ-ਵਰਗੀ ਸ਼੍ਰੇਣੀ ਆਪਣੀ ਆਮਦਨ ਦਾ ਤਕਰੀਬਨ 20% ਅਤੇ ਗ਼ਰੀਬ-ਵਰਗ ਆਪਣੀ ਇੱਛਾ ਅਨੁਸਾਰ, ਜਿਤਨਾ ਕੁ ਸੌਖੇ ਹੀ ਦੇ ਸਕਦਾ ਹੋਵੇ, ਦੇਵੇ। ਦੂਜਾ, ਹਰ ਇੱਕ ਮਨੁੱਖ ਦਸਵੰਧ (ਦਸਵਾਂ-ਹਿੱਸਾ) ਵਜੋਂ ਵੀ, ਆਪੋ-ਆਪਣੇ ਵਿਤ ਅਨੁਸਾਰ, ਸਮਾਜ-ਭਲਾਈ ਦੇ ਸਾਂਝੇ ਕੰਮਾਂ ਲਈ ਯੋਗਦਾਨ ਪਾਵੇ। ਇਹ ਯੋਗਦਾਨ ਪੈਸੇ ਦੇ ਰੂਪ ਵਿੱਚ ਵੀ ਪਾਇਆ ਜਾ ਸਕਦਾ ਹੈ, ਕੁੱਝ ਸਮਾਂ ਇਨ੍ਹਾਂ ਕੰਮਾਂ ਲਈ ਵਲੰਟੀਅਰ ਦੇ ਤੌਰ `ਤੇ ਕੰਮ ਕਰ ਕੇ ਵੀ ਪਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਸਾਂਝੇ ਕੰਮਾਂ ਲਈ ਸਟਾਫ਼ ਨੂੰ ਸਿਖਲਾਈ ਦੇ ਕੇ ਵੀ ਪਾਇਆ ਜਾ ਸਕਦਾ ਹੈ, ਇਤਿਆਦਿ। ਸਭ ਤੋਂ ਜਰੂਰੀ ਗੱਲ ਇਹ ਹੈ ਕਿ ਇਨ੍ਹਾਂ ਸਾਂਝੇ ਪ੍ਰਾਜੈਕਟਸ ਨੂੰ ਚਲਾਉਂਣ ਵਾਲਾ ਪ੍ਰਬੰਧਕੀ-ਨਿਜ਼ਾਮ ਪਾਰਦਰਸ਼ਕ ਅਤੇ ਪੂਰੀ ਇਮਾਨਦਾਰੀ ਦੇ ਢੰਗ ਨਾਲ ਕੰਮ ਕਰੇ। ਇਨ੍ਹਾਂ ਸੰਸਥਾਵਾਂ ਅੰਦਰ ਭ੍ਰਿਸ਼ਟਾਚਾਰ ਨੂੰ ਪਨਪਤ ਤੋਂ ਰੋਕਣ ਲਈ ਵੀ ਪਾਰਦਰਸ਼ਕ ਪਬਲਿਕ ਸਿਸਟਮ ਹੋਵੇ ਅਤੇ ਕਾਲੀਆਂ ਭੇਡਾਂ (ਭ੍ਰਿਸ਼ਟ ਅਨਸਰਾਂ) ਨੂੰ, ਜਨਤਕ ਤੌਰ `ਤੇ, ਮਿਸਾਲੀ ਕਰੜੀਆਂ ਸਜ਼ਾਵਾਂ ਦੇਣ ਲਈ ਵੀ ਭਰੋਸੇਯੋਗ ਪ੍ਰਬੰਧ ਹੋਵੇ।

18. ਗਿਣਤੀ ਨਹੀਂ ਗੁਣਵੱਤਾ (ਇਲੈਕਸ਼ਨ ਨਹੀਂ ਸਿਲੈਕਸ਼ਨ)

ਚੰਗੇ ਸਮਾਜ-ਪ੍ਰਬੰਧ ਦੀ ਇਹ ਖ਼ੂਬੀ ਹੁੰਦੀ ਹੈ ਕਿ ਉਸ ਵਿੱਚ ਗਿਣਤੀ ਨੂੰ ਨਹੀਂ ਗੁਣਵੱਤਾ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ - ਸਮਾਜ-ਪ੍ਰਬੰਧ ਵਿੱਚ ਸੇਵਾ ਦਾ ਹਰ ਇੱਕ ਅਹੁਦਾ ਕੇਵਲ ਅਤੇ ਕੇਵਲ ਯੋਗਤਾ ਦੇ ਆਧਾਰ `ਤੇ ਹੀ ਪੂਰਿਆ ਜਾਂਦਾ ਹੈ, ਗਿਣਤੀ, ਭਾਈ-ਭਤੀਜਾਵਾਦ ਜਾਂ ਧੜੇਬੰਦੀਆਂ ਦੇ ਆਧਾਰ `ਤੇ ਨਹੀਂ। ਇਸ ਅਸੂਲ ਨੂੰ ਅਮਲੀ ਰੂਪ ਦੇਣਾ ਔਖਾ ਤਾਂ ਜ਼ਰੂਰ ਹੈ, ਅਸੰਭਵ ਨਹੀਂ। ਲੋੜ ਹੈ ਸਮੁੱਚੇ ਸਮਾਜ ਦੀ ਭਲਾਈ ਨੂੰ ਮੁੱਖ ਰੱਖ ਕੇ, ਈਮਾਨਦਾਰੀ ਤੇ ਨਿਰਪੱਖਤਾ ਸਹਿਤ, ਯੋਗ ਸਿਸਟਮ ਨੂੰ ਵਿਕਸਤ ਕਰਨ ਦੀ। ਮਸ਼ਹੂਰ ਕਹਾਵਤ ਹੈ - ਜਿੱਥੇ ਚਾਹ, ਉਥੇ ਰਾਹ।

19. ਰੱਬ ਵੱਲੋਂ ਬਖਸ਼ਿਸ਼ ਕੀਤੇ ਸਰੂਪ ਨੂੰ ਸਾਬਤ ਰੱਖਣਾ

ਇਸ ਲਿਖਤ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਪਰਮਾਤਮਾ ਹੀ, ਆਪਣੀ ਮੌਜ਼ ਅਨੁਸਾਰ, ਸ੍ਰਿਸ਼ਟੀ (ਕੁਦਰਤਿ) ਦੀ ਸਾਜਨਾ ਕਰਦਾ ਹੈ, ਦਾਤਾਂ ਦੇ ਕੇ ਪਾਲਣਾ ਕਰਦਾ ਹੈ ਅਤੇ ਅੰਤ ਵਿੱਚ ਇਸ ਅਲੌਕਿਕ ਖੇਡ ਨੂੰ ਸਮਾਪਤ ਕਰ ਕੇ, ਫਿਰ ਸੁੰਨ-ਸਮਾਧੀ ਵਾਲੀ ਅਵੱਸਥਾ ਵਿੱਚ ਹੀ ਚਲਾ ਜਾਂਦਾ ਹੈ। ਇਹ ਸਾਰਾ ‘ਖੇਡ-ਤਮਾਸ਼ਾ’ ਉਸ ਮਾਲਿਕ-ਪ੍ਰਭੂ ਦੇ ਹੁਕਮ ਅਨੁਸਾਰ ਹੀ ਚਲਦਾ ਰਹਿੰਦਾ ਹੈ। ਇਸ ਲਈ ਜਿਤਨੇ ਆਕਾਰ ਹਨ (ਭਾਵ, ਉਹ ਸਾਰੀਆਂ ਚੀਜਾਂ ਜਿਨ੍ਹਾਂ ਦਾ ਕੋਈ ਰੂਪ ਹੈ, ਚੱਕਰ-ਚਿਹਨ ਹੈ ਜਾਂ ਰੰਗ-ਵੰਨ ਹੈ) ਉਸ ਮਾਲਿਕ ਦੇ ਹੁਕਮ ਅਨੁਸਾਰ ਹੀ ਹੋਂਦ ਵਿੱਚ ਆਉਂਦੇ ਹਨ। ਪਰ, ਉਸ ਬੇਅੰਤ ਪ੍ਰਭੂ ਦੇ ਬੇਅੰਤ ਹੁਕਮ ਦੀ ਸੰਪੂਰਨ ਤੌਰ `ਤੇ ਵਿਆਖਿਆ ਕਰ ਸਕਣੀ ਅਸੰਭਵ ਹੈ। ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -

ਹੁਕਮੀ ਹੋਵਨਿ ਆਕਾਰ, ਹੁਕਮ ਨ ਕਹਿਆ ਜਾਈ॥ (ਮ: 1, 1)

ਇਹ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਪ੍ਰਭੂ-ਪਿਤਾ ਦੇ ਹੁਕਮ ਅਨੁਸਾਰ ਚੱਲ ਕੇ ਹੀ ਮਨੁੱਖਾ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ, ਰੱਬੀ-ਹੁਕਮ ਦੀ ਉਲੰਘਣਾ ਕਰ ਕੇ ਨਹੀਂ ਅਤੇ ਇਹ ਗੱਲ ਵੀ ਸਪੱਸ਼ਟ ਕੀਤੀ ਜਾ ਚੁੱਕੀ ਹੈ ਕਿ ਪਰਮਾਤਮਾ ਅਭੁੱਲ ਹੈ, ਭਾਵ ਕਿ, ਉਹ ਕਦੇ ਗ਼ਲਤੀ ਨਹੀਂ ਕਰਦਾ। ਹਰ ਇੱਕ ਮਨੁੱਖੀ ਸਰੀਰ ਦਾ ਆਕਾਰ ਹੈ, ਮਨੁੱਖੀ ਸਰੀਰ ਦੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦੇ, ਹਰੇਕ ਸਥੂਲ ਅੰਗ (ਅੱਖਾਂ, ਕੰਨ, ਨੱਕ, ਮੂੰਹ, ਹੱਥ, ਪੈਰ ਆਦਿ) ਦਾ ਨਿਸਚਤ ਆਕਾਰ ਹੈ ਅਤੇ ਇਹ ਸਾਰੇ ਆਕਾਰ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੋਂਦ ਵਿੱਚ ਆਏ ਹੋਏ ਹਨ। ਇਸ ਲਈ, ਹੁਕਮਿ ਰਜ਼ਾਈ ਚੱਲਣ ਲਈ ਜ਼ਰੂਰੀ ਹੈ ਕਿ ਮਨੁੱਖੀ ਸਰੀਰ ਦੇ ਸਾਰੇ ਅੰਗਾਂ (ਸਮੇਤ ਕੇਸ਼ਾਂ-ਰੋਮਾਂ ਦੇ) ਨੂੰ ਸਾਬਤ ਰੱਖਿਆ ਜਾਵੇ। ਮਨੁੱਖੀ ਸਰੀਰ ਦੇ ਕੇਸ਼ ਅਤੇ ਰੋਮ (ਵਾਲ) ਵੀ ਮਨੁੱਖੀ ਸਰੀਰ ਦੇ ਰੱਬ ਵੱਲੋਂ ਬਖਸ਼ਿਸ਼ ਕੀਤੇ ਅੰਗ ਹਨ ਕਿਉਂਕਿ ਇਹ ਵੀ ਕੁਦਰਤੀ ਤੌਰ `ਤੇ ਹੀ ਸਰੀਰ ਦਾ ਹਿੱਸਾ ਬਣੇ ਹੋਏ ਹਨ, ਕਿਸੇ ਨੇ ਇਨ੍ਹਾਂ ਨੂੰ ਬੀਜ ਬੀਜ ਕੇ, ਖਾਦ ਤੇ ਪਾਣੀ ਦੇ ਕੇ ਨਹੀਂ ਉਗਾਇਆ ਤੇ ਵੱਡਾ ਕੀਤਾ ਹੋਇਆ। ਜਿਹੜੇ ਮਨੁੱਖ ਕੇਸ਼ਾਂ-ਰੋਮਾਂ ਨੂੰ ਕਟਦੇ ਹਨ ਉਹ, ਨਿਰਸੰਦੇਹ, ਰੱਬੀ-ਹੁਕਮ ਦੀ ਉਲੰਘਣਾ ਕਰਦੇ ਹਨ। ਇਸ ਲਈ ਉਨ੍ਹਾਂ ਦਾ ਜੀਵਨ (ਭਾਵੇਂ ਹੋਰਨਾਂ ਪੱਖਾਂ ਤੋਂ ਬਹੁਤ ਹੀ ਚੰਗਾ ਕਿਉਂ ਨਾ ਹੋਵੇ) ਰੱਬੀ-ਦਰਗਾਹ ਅੰਦਰ ਪਰਵਾਨ ਨਹੀਂ ਚੜ੍ਹ ਸਕਦਾ। ਕੇਸ਼ਾਂ-ਰੋਮਾਂ ਨੂੰ ਕੱਟਣ ਵਾਲਾ ਮਨੁੱਖ, ਆਮ ਤੌਰ `ਤੇ, ਆਪਣੇ ਸਰੂਪ ਨੂੰ ਵਧੇਰੇ ਸੋਹਣਾ ਬਣਾਉਂਣ ਲਈ ਹੀ ਇਹ ਕਾਰਵਾਈ ਕਰਦਾ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਉਹ ਸਮਝਦਾ ਹੈ ਕਿ ਰੱਬ ਨੇ ਉਸ ਦੇ ਸਰੂਪ ਸਿਰਜਨ ਵਿੱਚ ਕੋਈ ਉਕਾਈ ਕੀਤੀ ਹੈ ਜਿਸ ਨੂੰ ਉਹ ਕੇਸ਼ਾਂ-ਰੋਮਾਂ ਦੀ (ਆਪਣੀ ਮੱਤ ਅਨੁਸਾਰ) ਕਾਂਟ-ਛਾਂਟ ਕਰ ਕੇ ਠੀਕ ਕਰਨ ਦਾ ਯਤਨ ਕਰਦਾ ਹੈ। ਯਾਨੀ ਕਿ, ਉਹ ਰੱਬ ਨੂੰ ਭੁੱਲਣਹਾਰ ਮੰਨਦਾ ਹੈ ਅਤੇ ਆਪਣੀ ਮੱਤ (ਮੱਤੜੀ) ਨੂੰ ਰੱਬ ਦੀ ਸਿਆਣਪ ਨਾਲੋਂ ਉੱਚੀ ਸਮਝਦਾ ਹੈ। ਅਜਿਹਾ ਕਰ ਕੇ ਉਹ ਰੱਬ ਦਾ ਸ਼ਰੀਕ ਹੀ ਨਹੀਂ ਬਣਨ ਦਾ ਯਤਨ ਕਰਦਾ ਬਲਕਿ, ਉਸ ਮਾਲਿਕ-ਪ੍ਰਭੂ ਦੀ ਤੌਹੀਨ ਕਰਨ ਦਾ ਦੋਸ਼ੀ ਵੀ ਬਣ ਜਾਂਦਾ ਹੈ।

ਇਥੇ ਇਹ ਜ਼ਿਕਰ ਕਰਨਾ ਵੀ ਪ੍ਰਸੰਗਕ ਹੈ ਕਿ ਸੰਸਾਰ ਵਿੱਚ ਜਿਤਨੇ ਵੀ ਮੱਤ (ਮਜ਼੍ਹਬ) ਪ੍ਰਚੱਲਤ ਹਨ, ਉਨ੍ਹਾਂ ਸਭਨਾਂ ਦੇ ਬਾਨੀ (ਮੋਢੀ), ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਸਾਬਤ-ਸੂਰਤਿ ਸਨ। ਇਸ ਦਾ ਮਤਲਬ ਇਹ ਹੈ ਕਿ ਉਹ ਸਾਰੇ ਹੀ ਪਰਮਾਤਮਾ ਨੂੰ ਅਭੁੱਲ ਮੰਨਦੇ ਸਨ ਤੇ ਉਸ ਪ੍ਰਭੂ-ਪਿਤਾ ਦੇ ਬਖਸ਼ਿਸ਼ ਕੀਤੇ ਸਰੂਪ ਵਿੱਚ ਕੋਈ ਵਾਧਾ-ਘਾਟਾ ਕਰਨਾ ਨਾ-ਬਖ਼ਸ਼ਣਯੋਗ ਗ਼ੁਸਤਾਖ਼ੀ ਸਮਝਦੇ ਸਨ।

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ, ਸਾਬਤ ਸੂਰਤਿ ਦਸਤਾਰ ਸਿਰਾ॥ 2॥ (ਮ: 5, 1084)

ਭਾਵ: ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿੱਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਦਾ ਤਿਉਂ ਰੱਖ - ਇਹ (ਲੋਕ ਪਰਲੋਕ ਵਿੱਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ।

20. ਸਾਦਗੀ

ਹੁਕਮਿ ਰਜ਼ਾਈ ਚੱਲਣ ਵਾਲੇ ਮਨੁੱਖ ਦੇ ਜੀਵਨ ਦੇ ਹਰ ਪਹਿਲੂ ਵਿੱਚੋਂ, ਸੁਤੇ-ਸਿੱਧ ਹੀ, ਨਿਰਛਲਤਾ ਵਾਲੀ ਸਾਦਗੀ ਦੇ ਦੀਦਾਰ ਹੁੰਦੇ ਹਨ-ਭਾਵ, ਉਸ ਦੀ ਪੁਸ਼ਾਕ, ਬੋਲ-ਚਾਲ, ਕਾਰਜ-ਵਿਹਾਰ ਵਿੱਚੋਂ ਸਰਲਤਾ ਦੀ ਸੁਗੰਧੀ ਆਉਂਦੀ ਹੈ। ਫ਼ੁਕਰਾਪਨ, ਫ਼ੈਸ਼ਨ-ਪ੍ਰਸਤੀ, ਚਾ-ਪਲੂਸੀ ਆਦਿ ਹਰ ਪ੍ਰਕਾਰ ਦੇ ਵਿਖਾਵੇ ਦੇ ਅਡੰਬਰ ਉਸ ਦੇ ਨਿਤਾ-ਪ੍ਰਤਿ ਦੇ ਅਮਲੀ ਜੀਵਨ ਵਿੱਚੋਂ ਮੁਕੰਮਲ ਤੌਰ `ਤੇ ਮਨਫ਼ੀ ਹੋ ਜਾਂਦੇ ਹਨ।

21. ਚੜ੍ਹਦੀ ਕਲਾ ਵਾਲੀ ਉਸਾਰੂ ਰੁਚੀ

ਹੁਕਮਿ ਰਜ਼ਾਈ ਚੱਲਣ ਵਾਲਾ ਵਿਅਕਤੀ, ਨਿਰਭਉ ਅਤੇ ਨਿਰਵੈਰੁ ਰਹਿੰਦਾ ਹੋਇਆ, ਸਦਾ ਹੀ ਪ੍ਰਭੂ-ਪਿਤਾ ਦੇ ਨਿਰਮਲ ਭਉ ਵਿੱਚ ਵਿਚਰਦਾ ਹੈ, ਉਸ ਦੀ ਰੁਚੀ, ਸੁਤੇ-ਸਿੱਧ ਹੀ, ਉਸਾਰੂ (ਚੜ੍ਹਦੀ ਕਲਾ ਵਾਲੀ) ਅਤੇ ਪਰਉਪਕਾਰ ਦੇ ਉਮਾਹ (ਉਤਸ਼ਾਹ) ਵਾਲੀ ਰਹਿੰਦੀ ਹੈ। ਸਦਾ ਹੀ ਮਾਲਿਕ-ਪ੍ਰਭੂ ਦੀ ਹਜ਼ੂਰੀ ਵਿੱਚ ਰਹਿਣ ਕਰ ਕੇ, ਦੁਨਿਆਵੀ ਦੁੱਖ, ਔਕੜਾਂ ਤੇ ਮੁਸੀਬਤਾਂ ਉਸ ਨੂੰ ਰਤਾ-ਭਰ ਵੀ ਡੁਲਾ ਨਹੀਂ ਸਕਦੇ -

ਪ੍ਰਭੂ ਕੀ ਸਰਣਿ ਸਗਲ ਭੈ ਲਾਥੇ, ਦੁਖ ਬਿਨਸੇ ਸੁਖੁ ਪਾਇਆ॥ ਦਇਆਲੁ ਹੋਆ ਪਾਰਬ੍ਰਹਮ ਸੁਆਮੀ, ਪੂਰਾ ਸਤਿਗੁਰੁ ਧਿਆਇਆ॥ (ਮ: 5, 615)

ਭਾਵ: ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ (ਪ੍ਰਭੂ-ਪਿਤਾ) ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਿਕ ਪਰਮਾਤਮਾ ਦਇਆਵਾਨ ਹੁੰਦਾ ਹੈ (ਤੇ, ਉਹ ਮਨੁੱਖ ਪਰਮਾਤਮਾ ਦੀ ਸ਼ਰਣ ਪੈਂਦਾ ਹੈ), ਪਰਮਾਤਮਾ ਦੀ ਸ਼ਰਣ ਪਿਆਂ ਉਸ ਦੇ ਸਾਰੇ ਦੁਨਿਆਵੀ ਡਰ ਲਹਿ ਜਾਂਦੇ ਹਨ, ਸਾਰੇ (ਆਤਮਿਕ) ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਿਕ ਅਨੰਦ ਮਾਣਦਾ ਹੈ।

22. ਆਪਸੀ ਮੱਤ-ਭੇਦਾਂ ਨੂੰ ਦੂਰ ਕਰਨਾ

ਵੰਨ-ਸੁਵੰਨਤਾ ਕੁਦਰਤਿ ਦਾ ਅਟੱਲ ਨਿਯਮ ਹੈ। ਇਸ ਲਈ ਮਨੁੱਖਾਂ ਅੰਦਰ, ਹਰ ਇੱਕ ਵਿਸ਼ੇ `ਤੇ ਮੱਤ-ਭੇਦ ਹੋਣੇ ਸੁਭਾਵਕ ਹਨ। ਚੰਗੇ ਸਮਾਜ ਪ੍ਰਬੰਧ ਦੇ ਵੀ ਇੱਕ ਤੋਂ ਵੱਧ ਮਾਡਲ ਹੋ ਸਕਦੇ ਹਨ। ਹਰ ਇੱਕ ਮਾਡਲ ਬਾਰੇ ਵੀ ਸਮਾਜ ਦੇ ਅਲੱਗ-ਅਲੱਗ ਵਰਗਾਂ ਵਿੱਚ, ਮੱਤ-ਭੇਦ ਹੋ ਸਕਦੇ ਹਨ। ਇਨ੍ਹਾਂ ਮੱਤ-ਭੇਦਾਂ ਨੂੰ ਦੂਰ ਕਰ ਕੇ ਸਰਬ-ਸੰਮਤੀ ਹਾਸਿਲ ਕਰਨ ਲਈ ਗੁਰਮਤਿ ਫ਼ਲਸਫ਼ੇ ਅੰਦਰ ਇੱਕ ਬਹੁਤ ਹੀ ਕਾਰਗਰ ਵਿਧੀ ਮੌਜੂਦ ਹੈ। ਇਸ ਬਾਰੇ ਸ਼ਬਦ-ਗੁਰੂ ਦਾ ਫੁਰਮਾਣ ਹੈ:-

ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾਂ ਵਿਛਾਇ॥ (ਮ: 5, 1185)

ਭਾਵ: ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤਿ ਵਿੱਚ ਬੈਠਿਆ ਕਰੋ, (ਉਥੇ ਪ੍ਰਭੂ ਚਰਨਾਂ ਵਿੱਚ) ਸੁਰਤਿ ਜੋੜ ਕੇ (ਅਪਣੇ ਮਨ ਵਿੱਚੋਂ) ਮੇਰ-ਤੇਰ ਮਿਟਾਇਆ ਕਰੋ।

ਮੱਤ-ਭੇਦ ਉਦੋਂ ਤੱਕ ਹੀ ਹੋਂਦ ਵਿੱਚ ਰਹਿ ਸਕਦੇ ਹਨ ਜਦੋਂ ਤੱਕ ਹਰ ਇੱਕ ਮਨੁੱਖ ਆਪਣੀ ਹੀ ਮੱਤ-ਬੁੱਧੀ ਨੂੰ ਸਰਬ-ਸ੍ਰੇਸ਼ਟ ਸਮਝਦਾ ਹੋਇਆ ਮੇਰ-ਤੇਰ (ਖ਼ੁਦਗਰਜ਼ੀ) ਅਧੀਨ ਵਿਚਰਦਾ ਹੈ। ਜਦੋਂ ਮੇਰ-ਤੇਰ ਦਾ ਔਗੁਣ ਮਿਟਾ ਕੇ ਇਸ ਦੀ ਜਗ੍ਹਾ ਸਰਬੱਤ ਦੇ ਭਲੇ ਦਾ ਰੱਬੀ-ਗੁਣ ਮਨੁੱਖ ਦੇ ਵਿਹਾਰ ਦਾ ਪੱਕਾ ਆਧਾਰ ਬਣ ਜਾਂਦਾ ਹੈ, ਤਾਂ ਮਨੁੱਖ ਆਪਣੀ ਮੱਤ ਨੂੰ ਤਿਆਗ ਕੇ ਸ਼ਬਦ-ਗੁਰੂ ਦੀ ਮੱਤ (ਗੁਰਮਤਿ) ਦਾ ਧਾਰਨੀ ਬਣ ਜਾਂਦਾ ਹੈ। ਜੇਕਰ ਮੱਤ-ਭੇਦ ਰੱਖਣ ਵਾਲੀਆਂ ਸਬੰਧਤ ਧਿਰਾਂ ਆਪੋ-ਆਪਣੀ ਮੱਤ ਨੂੰ ਛੱਡ ਕੇ ਸਰਬੱਤ ਦੇ ਭਲੇ ਦੇ ਗੁਰਮਤਿ ਸਿਧਾਂਤ ਨੂੰ ਆਪਣਾ ਲੈਣ, ਤਾਂ ਮੱਤ-ਭੇਦ ਸਹਿਜੇ ਹੀ ਦੂਰ ਕੀਤੇ ਜਾ ਸਕਦੇ ਹਨ ਅਤੇ ਸਰਬ-ਸੰਮਤੀ ਨਾਲ ਫ਼ੈਸਲੇ ਲਏ ਜਾ ਸਕਦੇ ਹਨ, ਕਿਉਂਕਿ ਹਰ ਇੱਕ ਮਨੁੱਖ ਭੁੱਲਣਹਾਰ ਹੈ, ਪਰ, ਸ਼ਬਦ-ਗੁਰੂ ਦੀ ਮੱਤ (ਸਿਧਾਂਤ) ਅਟੱਲ ਤੇ ਅਭੁੱਲ ਹੈ। ਯਾਨੀ ਕਿ, ਹਰ ਇੱਕ ਮਸਲੇ `ਤੇ ਗੁਰਮਤਿ ਸਿਧਾਂਤਾਂ ਅਨੁਸਾਰ ਫੈਸਲੇ ਲੈ ਕੇ ਹੀ ਆਪਸੀ ਮੱਤ-ਭੇਦ ਦੂਰ ਕੀਤੇ ਜਾ ਸਕਦੇ ਹਨ। ਹੋਰ ਕੋਈ ਵੀ ਢੰਗ ਕਾਰਗਰ ਸਾਬਤ ਨਹੀਂ ਹੋ ਸਕਦਾ।

ਗੁਰਮਤਿ ਫ਼ਲਸਫ਼ੇ ਅਨੁਸਾਰ ਸਫ਼ਲ ਜੀਵਨ ਦਾ ਰਹੱਸ

ਮਨੁੱਖ ਪਰਮਾਤਮਾ ਦੀ ਸਾਜੀ ਕੁਦਰਤਿ ਦਾ ਸਭ ਤੋਂ ਸ੍ਰੇਸ਼ਟ ਹਿੱਸਾ ਹੈ। ਇਸ ਲਈ ਇਥੇ, ਗੁਰਮਤਿ ਫ਼ਲਸਫ਼ੇ ਵਿੱਚੋਂ, ਮਨੁੱਖਾਂ ਜਨਮ ਬਾਰੇ ਕੁੱਝ ਕੁ ਹੋਰ ਦਿਲਚਸਪ ਜਾਣਕਾਰੀ ਦਰਜ਼ ਕਰਨੀ, ਚੰਗੇ ਸਮਾਜ ਦੀ ਸਿਰਜਨਾ ਦੇ ਕਾਰਜ ਵਿੱਚ, ਸਹਾਈ ਹੋ ਸਕਦੀ ਹੈ।

ਮਾਤਾ ਦੀ ਕੁੱਖ ਵਿੱਚ

ਪ੍ਰਭੂ-ਪਿਤਾ ਨੇ ਸ੍ਰਿਸ਼ਟੀ (ਕੁਦਰਤਿ) ਦੀ ਰਚਨਾ ਵਿੱਚ ਸ਼ਕਤੀਸ਼ਾਲੀ ਤ੍ਰੈਗੁਣੀ (ਸਤੋ-ਗੁਣ, ਰਜੋ-ਗੁਣ ਤੇ ਤਮੋ-ਗੁਣ) ਮਾਇਆ ਨੂੰ ਵੀ ਸਿਰਜ ਕੇ ਇਸ ਅਲੌਕਿਕ ਖੇਡ-ਤਮਾਸ਼ੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ। ਬੱਚਾ, ਮਾਤਾ ਦੀ ਰਕਤ (ਲਹੂ) ਅਤੇ ਪਿਤਾ ਦੇ ਬੀਰਜ ਦੁਆਰਾ, ਇੱਕ ਸੈਲ ਦੇ ਰੂਪ ਵਿੱਚ, ਮਾਤਾ ਦੀ ਕੁੱਖ ਵਿੱਚ ਨਿੰਮਿਆ ਜਾਂਦਾ ਹੈ। ਬੱਚੇ ਦੇ ਜਨਮ ਹੋਣ ਤੱਕ, ਪ੍ਰਭੂ-ਪਿਤਾ ਇਸ ਨੂੰ ਆਪਣੀ ਲਿਵ (ਲਗਾਤਾਰ ਯਾਦ ਦੀ ਅਵੱਸਥਾ) ਦੀ ਬਖਸ਼ਿਸ਼ ਕਰ ਕੇ ਮਾਤਾ ਦੇ ਉਦਰ ਦੀ ਅਗਨੀ ਤੋਂ ਇਸ ਦੀ ਰੱਖਿਆ ਕਰਦਾ ਹੈ ਅਤੇ, ਇਸ ਦੇ ਨਾੜੂਏ ਰਾਹੀਂ, ਲੋੜੀਂਦੀ ਖ਼ੁਰਾਕ ਦੇ ਕੇ ਪਾਲਣਾ ਕਰਦਾ ਹੈ -

ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥ ਆਪੇ ਚੋਜ ਕਰੇ ਰੰਗ ਮਹਲੀ, ਹੋਰ ਮਾਇਆ ਮੋਹ ਪਸਾਰਾ ਹੇ॥ 4॥ ਗਰਭ ਕੁੰਡਲ ਮਹਿ ਉਰਧ ਧਿਆਨੀ॥ ਆਪੇ ਜਾਣੈ ਅੰਤਰਜਾਮੀ॥ ਸਾਸਿ ਸਾਸਿ ਸਚੁ ਨਾਮੁ ਸਮਾਲੇ, ਅੰਤਰਿ ਉਦਰ ਮਝਾਰਾ ਹੇ॥ 4॥ (ਮ: 1, 1026)

ਪਦ-ਅਰਥ: ਬਿੰਦੁ-ਬੂੰਦ (ਪਿਤਾ ਦੇ ਬੀਰਜ ਦੀ)। ਰਕਤੁ-ਲਹੂ (ਮਾਂ ਦਾ ਲਹੂ)। ਪਿੰਡ-ਸਰੀਰ। ਗਰਭ ਕੁੰਡਲ-ਮਾਤਾ ਦੀ ਕੁੱਖ। ਉਰਧ-ਉਲਟਾ। ਸਮਾਲੇ-ਯਾਦ ਕਰਦਾ ਹੈ। ਉਦਰ-ਪੇਟ। ਮਝਾਰਾ-ਅੰਦਰ।

ਭਾਵ: (ਹੇ ਭਾਈ! ਪਰਮਾਤਮਾ ਦੇ ਹੁਕਮ ਵਿੱਚ ਹੀ) ਪਿਤਾ ਦੇ ਬੀਰਜ ਦੀ ਬੂੰਦ ਅਤੇ ਮਾਤਾ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ। ਹਵਾ, ਪਾਣੀ, ਅੱਗ (ਆਦਿਕ ਤੱਤਾਂ) ਲੇ ਮਿਲ ਕੇ ਜੀਵ ਰਚ ਦਿੱਤੇ। ਹਰੇਕ ਸਰੀਰ ਵਿੱਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ-ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ। 4.

(ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ) ਜੀਵ ਮਾਤਾ ਦੇ ਪੇਟ ਵਿੱਚ ਪੁੱਠਾ (ਲਟਕ ਕੇ) ਪ੍ਰਭੂ-ਚਰਨਾਂ ਵਿੱਚ ਸੁਰਤਿ ਜੋੜੀ ਰਖਦਾ ਹੈ, ਅੰਤਰਜਾਮੀ ਪ੍ਰਭੂ ਆਪ ਹੀ (ਜੀਵ ਦੇ ਦਿਲ ਦੀ) ਜਾਣਦਾ ਹੈ। ਜੀਵ, ਮਾਤਾ ਦੀ ਕੁੱਖ ਵਿੱਚ, ਸੁਆਸ-ਸੁਆਸ (ਹਰ ਸਮੇਂ) ਸਦਾ-ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ (ਪ੍ਰਭੂ-ਪਿਤਾ ਦੀ ਰੱਖਿਆ-ਦਾਤੀ ਹੋਂਦ ਨੂੰ ਮਹਿਸੂਸ ਕਰਦਾ ਰਹਿੰਦਾ ਹੈ)। 4.

ਬਾਲਕ ਦਾ ਜਨਮ (ਮਾਇਆ ਦੇ ਪ੍ਰਭਾਵ ਅਧੀਨ)

ਜਿਉਂ ਹੀ ਬਾਲਕ ਜਨਮ ਲੈਂਦਾ ਹੈ, ਉਸ ਦਾ ਅਨੰਦਮਈ ਧਿਆਨ (ਲਿਵ) ਪ੍ਰਭੂ-ਚਰਨਾਂ `ਚੋਂ ਟੁੱਟ ਜਾਂਦਾ ਹੈ। ਇਹੀ ਕਾਰਨ ਹੈ ਕਿ ਬੱਚਾ ਇਸ ਅਨੰਦ-ਮਈ ਲਿਵ ਦੇ ਟੁੱਟਣ ਕਾਰਨ, ਜਨਮ ਵੇਲੇ, ਰੋਂਦਾ ਹੈ। ਉਸੇ ਵਕਤ ਤੋਂ ਹੀ, ਪ੍ਰਭੂ ਦੀ ਸਿਰਜੀ ਮਾਇਆ ਉਸ ਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ ਅਤੇ ਪਰਮਾਤਮਾ ਦੀ ਯਾਦ ਨੂੰ ਭੁਲਾਈ ਰਖਦੀ ਹੈ -

ਜੈਸੀ ਅਗਨਿ ਉਦਰ ਮਹਿ, ਤੈਸੀ ਬਾਹਰਿ ਮਾਇਆ॥ ਮਾਇਆ ਅਗਨਿ ਸਭ ਇਕੋ ਜੇਹੀ, ਕਰਤੈ ਖੇਲੁ ਰਚਾਇਆ॥ ਜਾ ਤਿਸੁ ਭਾਣਾ ਤਾ ਜੰਮਿਆ, ਪਰਵਾਰਿ ਭਲਾ ਭਾਇਆ॥ ਲਿਵ ਛੁੜਕੀ, ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ॥ ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ, ਭਾਉ ਦੂਜਾ ਲਾਇਆ॥ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ॥ 26॥ (ਮ: 3, 921)

ਪਦ-ਅਰਥ: ਉਦਰ-ਪੇਟ। ਪਰਿਵਾਰਿ-ਪਰਵਾਰ ਵਿੱਚ। ਲਿਵ-ਲਗਾਤਾਰ ਧਿਆਨ (ਸੁਰਤਿ)। ਅਮਰੁ-ਹੁਕਮ। ਗੁਰ ਪਰਸਾਦੀ-ਗੁਰੂ ਦੀ ਕਿਰਪਾ ਨਾਲ। ਵਿਚੇ ਮਾਇਆ-ਮਾਇਆ ਦੇ ਬਾ-ਵਜੂਦ।

ਭਾਵ: (ਹੇ ਭਾਈ!) ਜਿਵੇਂ ਮਾਂ ਦੇ ਪੇਟ ਵਿੱਚ ਅੱਗ (ਜਠਰ-ਅਗਨੀ) ਹੈ, ਤਿਵੇਂ ਬਾਹਰ ਜਗਤ ਵਿੱਚ ਮਾਇਆ (ਦੁਖਦਾਈ) ਹੈ। ਮਾਇਆ ਤੇ ਅੱਗ ਇੱਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ। ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਾਂ ਜੀਵ ਪੈਦਾ ਹੁੰਦਾ ਹੈ, ਪਰਵਾਰ ਵਿੱਚ ਪਿਆਰਾ ਲਗਦਾ ਹੈ (ਪਰਵਾਰ ਦੇ ਜੀਵ ਉਸ ਨਵ-ਜੰਮੇ ਬਾਲ ਨੂੰ ਪਿਆਰ ਕਰਦੇ ਹਨ), ਬਾਲਕ ਦੀ ਪ੍ਰਭੂ-ਚਰਨਾਂ ਤੋਂ ਲਿਵ ਟੁੱਟਣ ਨਾਲ ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉੱਤੇ) ਆਪਣਾ ਜ਼ੋਰ ਪਾ ਕੇ ਉਸ ਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ।

ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ (ਇਸ ਦੀ ਸੂਖਮ ਸ਼ਕਤੀ ਦੇ ਪਰਭਾਵ ਅਧੀਨ) ਰੱਬ ਦੀ ਯਾਦ ਭੁੱਲ ਜਾਂਦੀ ਹੈ, (ਰੱਬ ਤੋਂ ਬਿਨਾਂ) ਹੋਰ-ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜਿਹੀ ਹਾਲਤ ਵਿੱਚ ਆਤਮਿਕ ਅਨੰਦ ਕਿੱਥੋਂ ਮਿਲੇ?)।

ਨਾਨਕ ਆਖਦਾ ਹੈ ਕਿ - ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਇਆਂ ਜਿਨਾਂ ਮਨੁੱਖਾਂ ਦੀ ਪ੍ਰੀਤ ਦੀ ਡੋਰ (ਲਿਵ), ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿੱਚ ਜੁੜੀ ਰਹਿੰਦੀ ਹੈ, ਉਨ੍ਹਾਂ ਨੂੰ ਮਾਇਆ ਵਿੱਚ ਵਰਤਦਿਆਂ ਹੀ ਪ੍ਰਭੂ ਦਾ ਮਿਲਾਪ (ਸਦੀਵੀ ਆਤਮਿਕ ਅਨੰਦ) ਪ੍ਰਾਪਤ ਹੋ ਜਾਂਦਾ ਹੈ।

ਮਾਇਆ ਹੋਈ ਨਾਗਨੀ, ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰਿ ਖਾਇ॥ (ਮ: 3, 510)

ਭਾਵ: (ਹੇ ਭਾਈ!) ਮਾਇਆ ਇੱਕ ਸਪਣੀ ਦੀ ਨਿਆਈਂ ਹੈ ਜਿਸ ਨੇ (ਆਪ-ਹੁਦਰਾ ਹੋ ਕੇ ਚੱਲਣ ਵਾਲੇ) ਸੰਸਾਰੀ ਜੀਵਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ (ਵੱਸ ਕੀਤਾ ਹੋਇਆ) ਹੈ। ਮਾਇਆ ਦੇ ਮੋਹ (ਬਿਨਸਣਹਾਰ ਚੀਜਾਂ ਦੇ ਮੋਹ) ਵਿੱਚ ਫਸੇ ਹੋਏ ਜੀਵਾਂ ਦਾ (ਆਤਮਿਕ) ਜੀਵਨ ਇਹ ਮਾਇਆ ਖਾ ਜਾਂਦੀ ਹੈ (ਤਬਾਹ ਕਰ ਦੇਂਦੀ ਹੈ)।

ਨੋਟ: ਇਸ ਗੁਰਮਤਿ ਫ਼ੁਰਮਾਣੁ ਵਿੱਚ ਸਪਣੀ ਦੇ ਸੁਭਾਅ ਦੀ ਉਦਹਾਰਣ ਦੇ ਕੇ ਮਨੁੱਖ ਨੂੰ ਖ਼ਬਰਦਾਰ ਕੀਤਾ ਹੈ। ਸਪਣੀ ਬਹੁਤ ਸਾਰੇ ਅੰਡੇ ਦੇਂਦੀ ਹੈ। ਜਦੋਂ ਅੰਡਿਆਂ ਵਿੱਚੋਂ ਸਪੋਲੀਏ (ਸਪਣੀ ਦੇ ਬੱਚੇ) ਨਿਕਲਦੇ ਹਨ ਤਾਂ ਇਹ ਉਨ੍ਹਾਂ ਨੂੰ ਨਿਕਲਦਿਆਂ ਨੂੰ ਹੀ ਖਾਣਾ ਸ਼ੁਰੂ ਕਰ ਦੇਂਦੀ ਹੈ। ਕੋਈ ਵਿਰਲਾ ਸਪੋਲੀਆ ਹੀ, ਭੱਜ ਕੇ, ਇਸ ਦਾ ਖਾਣਾ ਬਨਣ ਤੋਂ ਬਚਦਾ ਹੈ।

ਮਾਇਆ ਦੇ ਬਹੁਤ ਸਾਰੇ ਰੂਪ ਹਨ - ਇਹ ਵੱਡੇ ਪਰਵਾਰ ਵਾਲੀ ਹੈ। ਦੁਬਿਧਾ, ਹਉਮੈਂ, ਤ੍ਰਿਸ਼ਨਾ, ਆਸਾ, ਮਨਸਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਈਰਖਾ, ਵੈਰ-ਵਿਰੋਧ, ਭਰਮ ਆਦਿ ਸਭ ਮਾਇਆ ਦਾ ਪਰਵਾਰ ਹੀ ਹਨ। ਮਾਇਆ ਬਹੁਤ ਸਾਰੇ ਰੂਪ ਧਾਰ ਕੇ ਜੀਵ ਨੂੰ ਭਰਮਾਉਂਦੀ ਹੈ। ਜੀਵ ਮਨ ਦੇ ਅਧੀਨ ਹੁੰਦਾ ਹੈ, ਤੇ ਮਨ ਮਾਇਆ ਦੇ ਅਧੀਨ।

ਮਾਇਆ ਦੇ ਜੱਫ਼ੇ `ਚੋਂ ਛੁਟਕਾਰਾ

ਪਰਮਾਤਮਾ ਦੀ ਕੁਦਰਤਿ ਦੀ ਰਚਨਾ ਹੀ ਐਸੀ ਹੈ ਕਿ ਜੀਵ ਆਪਣੀ ਮੱਤ (ਮਨਮੱਤ) ਦੇ ਸਹਾਰੇ ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਨਹੀਂ ਹੋ ਸਕਦਾ ਅਤੇ ਨਾਂ ਹੀ ਪੁਜਾਰੀ ਸ਼੍ਰੇਣੀ ਵੱਲੋਂ ਧਰਮ ਦੇ ਨਾਂਅ `ਤੇ ਪ੍ਰਚੱਲਤ ਕੀਤੇ ਹੋਏ ਧਰਮ-ਕਰਮ (ਕਰਮ-ਕਾਂਡ) ਕਰ ਕੇ ਛੁੱਟ ਸਕਦਾ ਹੈ। ਗੁਰਮਤਿ ਫ਼ਲਸਫ਼ਾ ਮਾਇਆ ਦੀ ਜਕੜ `ਚੋਂ ਛੁਟਕਾਰੇ ਦਾ ਇੱਕੋ-ਇੱਕ ਰਾਹ ਇਹ ਦਿਸਦਾ ਹੈ ਕਿ ਜੇਕਰ ਜੀਵ ਆਪਣੇ ਮਨ ਦੀ ਮੱਤ ਦਾ ਤਿਆਗ ਕਰ ਕੇ ਸ਼ਬਦ-ਗੁਰੂ ਦੇ ਦੱਸੇ ਰਾਹ ਉੱਤੇ ਚਲਦਾ ਜਾਵੇ ਤਾਂ ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੋ ਕੇ, ਪ੍ਰਭੂ-ਪਿਤਾ ਨਾਲ ਮਿਲਾਪ ਕਰ ਕੇ ਸਦੀਵੀ ਅਨੰਦਮਈ ਅਵੱਸਥਾ ਪ੍ਰਾਪਤ ਕਰ ਸਕਦਾ ਹੈ। ਯਾਨੀ ਕਿ, ਹੁਕਮਿ ਰਜ਼ਾਈ ਚੱਲਣਾ ਹੀ ਇੱਕੋ ਵਸੀਲਾ ਹੈ ਮਾਇਆ ਦੇ ਜਾਲ `ਚੋਂ ਨਿਕਲਣ ਦਾ।

ਇਹੁ ਜਗੁ ਤਾਗੋ ਸੂਤ ਕੋ ਭਾਈ, ਦਹਦਿਸ ਬਾਧੋ ਮਾਇ॥ ਬਿਨੁ ਗੁਰ ਗਾਠਿ ਨ ਛੂਟਈ ਭਾਈ, ਥਾਕੇ ਕਰਮ ਕਮਾਇ॥ (ਮ: 1, 635)

ਭਾਵ: ਹੇ ਭਾਈ! ਇਹ ਜਗਤ ਸੂਤ ਦੇ ਧਾਗੇ ਵਾਂਗ ਹੈ ਜਿਸ ਨੂੰ ਹਰ ਪਾਸੇ ਮਾਇਆ ਨੇ ਬੰਨ੍ਹ ਛੱਡਿਆ ਹੈ। ਗੁਰੂ ਤੋਂ ਬਿਨਾਂ (ਭਾਵ, ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਤੋਂ ਬਿਨਾਂ) ਇਹ ਗੰਢਾਂ ਨਹੀਂ ਖੁੱਲ੍ਹਦੀਆਂ, ਮਨੁੱਖ ਅਨੇਕਾਂ ਕਰਮ (ਧਰਮ-ਕਰਮ) ਕਰ-ਕਰ ਕੇ ਥੱਕ ਚੁੱਕੇ ਹਨ।

ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹੀ, ਕਹਹੁ ਕਵਨ ਬਿਧਿ ਤਰੀਐ ਰੇ॥ ਘੂਮਨ ਘੇਰ ਅਗਾਹ ਗਾਖਰੀ, ਗੁਰ ਸਬਦੀ ਪਾਰਿ ਉਤਰੀਐ ਰੇ॥ (ਮ: 5, 404)

ਪਦ-ਅਰਥ: ਗਾਖਰੀ-ਔਖੀ, ਜਿਸ ਵਿੱਚੋਂ ਲੰਘਣਾ ਔਖਾ ਹੋਵੇ।

ਭਾਵ: (ਹੇ ਭਾਈ!) ਬ੍ਰਹਮ ਦੀ ਮਾਇਆ ਤਿੰਨਾਂ ਗੁਣਾਂ (ਰਜੋ, ਸਤੋ, ਤਮੋ) ਵਾਲੀ ਹੈ, ਦੱਸੋ ਇਸ ਤੋਂ ਬਚ ਕੇ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਹੋਈਏ? ਪ੍ਰਭੂ ਦੀ ਸਿਰਜੀ ਮਾਇਆ ਇੱਕ ਬਹੁਤ ਹੀ ਡੂੰਘੀ ਅਤੇ ਸ਼ਕਤੀਸ਼ਾਲੀ ਘੁੰਮਣਘੇਰ ਹੈ ਜਿਸ ਵਿੱਚੋਂ ਬਚ ਕੇ ਨਿਕਲਣਾ ਬੜਾ ਔਖਾ ਹੈ। ਇਸ ਘੁੰਮਣ ਘੇਰ `ਚੋਂ ਬਚ ਕੇ ਨਿਕਲਣ ਅਤੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਗੁਰੂ (ਸ਼ਬਦ-ਗੁਰ) ਦੇ ਉਪਦੇਸ਼ਾਂ ਨੂੰ ਨਿਤਾ-ਪ੍ਰਤਿ ਦੇ ਅਮਲੀ ਜੀਵਨ ਦਾ ਆਧਾਰ ਬਣਾਇਆ ਜਾਵੇ (ਭਾਵ ਕਿ, ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕੀਤੀ ਜਾਵੇ)।

ਗੁਰਮੁਿਖ ਕੋਈ ਗਾਰੜੂ, ਤਿਨਿ ਮਲਿ ਦਲਿ ਲਾਈ ਪਾਇ॥ ਨਾਨਕ ਸੇਈ ਉਬਰੇ, ਜਿ ਸਚਿ ਰਹੇ ਲਿਵ ਲਾਇ॥ (ਮ: 3, 510)

ਪਦ-ਅਰਥ: ਗਾਰੜੂ-ਸੱਪਾਂ ਦੀ ਜ਼ਹਿਰ ਨੂੰ ਦੂਰ ਕਰਨ ਦੀ ਦਵਾਈ ਜਾਂ ਮੰਤਰ ਜਾਨਣ ਵਾਲਾ। ਮਲਿ-ਮਲ ਕੇ (ਮਸਲ ਕੇ)। ਦਲਿ-ਦਲ ਕੇ (ਦਰੜ ਕੇ)। ਸਚਿ-ਸਦਾਥਿਰ ਪ੍ਰਭੂ `ਚ।

ਭਾਵ: (ਹੇ ਭਾਈ!) ਸੱਪਣੀ ਮਾਇਆ ਦੀ ਜ਼ਹਿਰ ਨੂੰ ਉਹੀ ਗਾਰੜੂ-ਰੂਪੀ ਮਨੁੱਖ ਦੂਰ ਕਰ ਸਕਦੇ ਹਨ ਜਿਹੜੇ ਇਸ ਨੂੰ ਕੁਚਲ ਕੇ, ਮਸਲ ਕੇ (ਦਰੜ ਕੇ) ਪੈਰਾਂ ਹੇਠ ਸੁੱਟ ਕੇ ਆਪਣੀ ਦਾਸੀ ਬਣਾ ਲੈਣ। ਭਾਵ ਕਿ, ਜਿਹੜੇ ਮਨੁੱਖ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪ੍ਰਭੂ-ਚਰਨਾਂ ਵਿੱਚ ਆਪਣੀ ਸੁਰਤਿ ਜੋੜੀ ਰਖਦੇ ਹਨ।

ਜਿਵੇਂ ਕਿ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਮਾਂ ਦੇ ਪੇਟ ਦੀ ਅੱਗ (ਜਠਰ ਅਗਨੀ) ਅਤੇ ਬਾਹਰ ਦੀ ਮਾਇਆ ਇੱਕੋ ਜਿਹੀਆਂ ਹੀ ਹਨ। ਜਿਵੇਂ ਬੱਚੇ ਨੂੰ, ਪ੍ਰਭੂ-ਪਿਤਾ ਮਾਤਾ ਦੀ ਕੁੱਖ ਵਿੱਚ ਆਪਣਾ ਸਿਮਰਨ (ਯਾਦ, ਲਿਵ, ਧਿਆਨ) ਦੇ ਕੇ ਜਠਰ ਅਗਨੀ ਤੋਂ ਇਸ ਦੀ ਰੱਖਿਆ ਕਰਦਾ ਹੈ, ਤਿਵੇਂ ਹੀ ਉਹ ਮਾਲਿਕ-ਪ੍ਰਭੂ ਸੰਸਾਰ-ਸਮੁੰਦਰ ਵਿੱਚ ਇਸ ਨੂੰ ਸ਼ਬਦ-ਗੁਰੂ ਦੀ ਸਿਖਿਆ ਦਾ ਧਾਰਨੀ ਬਣਾ ਕੇ, ਇਸ ਦੀ ਲਿਵ ਆਪਣੇ ਚਰਨ-ਕਮਲਾਂ ਵਿੱਚ ਜੋੜ ਕੇ, ਇਸ ਦੀ ਰੱਖਿਆ ਕਰਦਾ ਹੈ (ਇਸ ਨੂੰ ਅੰਤਰ-ਆਤਮੇਂ ਆਪਣੇ ਨਾਲ ਮਿਲਾ ਕੇ ਇਸ ਦਾ ਆਵਾਗਵਨ ਸਮਾਪਤ ਕਰ ਦੇਂਦਾ ਹੈ), ਉਸ ਮਾਲਿਕ ਦੀ ਇਹ ਇੱਕ ਅਲੌਕਿਕ ਖੇਡ ਰਚੀ ਹੋਈ ਹੈ।

ਸਾਰ-ਅੰਸ਼

ਇਸ ਲਿਖਤ ਵਿੱਚ ਹੁਣ ਤੱਕ ਹੋ ਚੁੱਕੀ ਵਿਚਾਰ ਦਾ ਸਾਰ-ਅੰਸ਼ ਇਹ ਹੈ ਕਿ ਜਿਹੜੇ ਪ੍ਰਾਣੀ, ਸ਼ਬਦ-ਗੁਰੂ ਦੀ ਸਿੱਖਿਆ ਰਾਹੀਂ, ਕਾਦਿਰ ਦੀ ਕੁਦਰਤਿ ਦੇ ਅਟਲ ਨਿਯਮਾਂ ਦੀ ਸੋਝੀ ਪ੍ਰਾਪਤ ਕਰ ਕੇ, ਸ਼ਬਦ-ਗੁਰੂ ਦੇ ਉਪਦੇਸ਼ਾਂ (ਗੁਰਬਾਣੀ-ਗੁਰੂ ਦੇ ਉਪਦੇਸ਼ਾਂ) ਨੂੰ ਆਪਣੀ ਅਮਲੀ ਜੀਵਨ-ਜਾਚ ਦਾ ਆਧਾਰ ਬਣਾ ਕੇ ਜੀਵਨ ਬਤੀਤ ਕਰਦੇ ਹਨ ਉਨ੍ਹਾਂ ਦੇ ਹਿਰਦੇ `ਚ ਰੱਬੀ-ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਹਿਰਦੇ `ਚ ਅਗਿਆਨਤਾ ਦਾ ਹਨੇਰਾ ਮਾਇਆ ਦੇ ਪ੍ਰਭਾਵ ਕਰ ਕੇਹੀ ਸੀ ਜਿਹੜਾ ਹਉਮੈਂ ਦਾ ਰੂਪ ਧਾਰ ਕੇ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਇੱਕ ਸੂਖਮ (ਪਰ ਸਖਤ) ਪਰਦਾ ਬਣਿਆ ਹੋਇਆ ਸੀ। ਜੀਵ-ਆਤਮਾ ਤੇ ਪਰਮਾਤਮਾ, ਮਨੁੱਖ ਦੇ ਹਿਰਦੇ ਰੂਪ ਸੇਜ ਉੱਤੇ, ਇਕੱਠੇ ਹੀ ਵਸਦੇ ਹਨ, ਪਰ, ਇਸ ਅਗਿਆਨਤਾ ਦੇ ਪਰਦੇ ਦੇ ਕਾਰਨ ਇੱਕ-ਦੂਜੇ ਨਾਲ ਮਿਲਾਪ ਨਹੀਂ ਕਰ ਸਕਦੇ। ਪਰਮਾਤਮਾ ਮਿਹਰ ਕਰ ਕੇ ਮਨੁੱਖ ਨੂੰ ਸ਼ਬਦ-ਗੁਰੂ ਦਾ ਮਿਲਾਪ ਬਖਸ਼ਿਸ਼ ਕਰਦਾ ਹੈ ਅਤੇ ਸ਼ਬਦ-ਗੁਰੂ ਜੀਵ ਨੂੰ ਰੱਬੀ-ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕਰ ਕੇ (ਅਗਿਆਨਤਾ ਦਾ ਪਰਦਾ ਦੂਰ ਕਰ ਕੇ) ਹਿਰਦੇ ਵਿੱਚ ਹੀ ਪਰਮਾਤਮਾ ਨਾਲ ਮੇਲ ਦੇਂਦਾ ਹੈ। ਅਸਲ ਵਿੱਚ ਹਨੇਰੇ (ਅਗਿਆਨਤਾ) ਦੀ ਆਪਣੀ ਕੋਈ ਸੁਤੰਤ੍ਰ ਹੋਂਦ ਹੀ ਨਹੀਂ ਹੁੰਦੀ-ਪ੍ਰਕਾਸ਼ ਦੀ ਅਣਹੋਂਦ ਦਾ ਨਾਮ ਹੀ ਹਨੇਰਾ ਹੈ।

ਧਨ ਪਿਰ ਕਾ ਇੱਕ ਹੀ ਸੰਗਿ ਵਾਸਾ, ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ, ਜਨ ਨਾਨਕ, ਮਿਲੇ ਬਨਵਾਰੀ॥ (ਮ: 4, 1262)

ਪਦ-ਅਰਥ: ਧਨ-ਜੀਵ ਰੂਪੀ ਇਸਤਰੀ। ਪਿਰ-ਪਤੀ-ਪਰਮਾਤਮਾ। ਭੀਤਿ-ਦੀਵਾਰ (ਪੜਦਾ)। ਕਰਾਰੀ-ਸਖਤ (ਮਜ਼ਬੂਤ)। ਬਨਵਾਰੀ-ਪਰਮਾਤਮਾ।

ਭਾਵ: (ਹੇ ਭਾਈ!) ਜੀਵ ਰੂਪੀ ਇਸਤਰੀ (ਜੀਵ-ਆਤਮਾ) ਅਤੇ ਪ੍ਰਭੂ-ਪਤੀ (ਮਾਲਿਕ-ਪ੍ਰਭੂ) ਦਾ ਇੱਕ ਹੀ ਥਾਂ (ਹਿਰਦੇ `ਚ) ਵਸੇਬਾ ਹੈ, ਪਰ (ਦੋਹਾਂ ਦੇ) ਵਿੱਚ (ਜੀਵ-ਇਸਤਰੀ ਦੀ) ਹਉਮੈ ਦੀ ਕਰੜੀ (ਮਜ਼ਬੂਤ) ਕੰਧ (ਬਣੀ ਪਈ) ਹੈ। ਹੇ ਨਾਨਕ! ਪੂਰੇ ਗੁਰੂ (ਸ਼ਬਦ-ਗੁਰੂ) ਨੇ ਜਿਨ੍ਹਾਂ ਸੇਵਕਾਂ (ਦੇ ਅੰਦਰੋਂ ਇਹ) ਹਉਮੈ ਦੀ ਕੰਧ ਤੋੜ ਦਿੱਤੀ, ਉਹ ਪਰਮਾਤਮਾ ਨੂੰ ਮਿਲ ਪਏ (ਉਨ੍ਹਾਂ ਦਾ ਮਨੁੱਖਾ ਜੀਵਨ ਸਫ਼ਲ ਹੋ ਗਿਆ)।

ਅਵਗਣ ਗੁਣੀ ਬਖਸਾਇਆ, ਹਰਿ ਸਿਉ ਲਿਵ ਲਾਈ॥ ਹਰਿ ਵਰੁ ਪਾਇਆ ਕਾਮਣੀ, ਗੁਰਿ ਮੇਲਿ ਮਿਲਾਈ॥ (ਮ: 3, 427)

ਭਾਵ: (ਹੇ ਭਾਈ!) ਜਿਸ ਜੀਵ-ਇਸਤਰੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤਿ ਜੋੜ ਲਈ, ਉਸ ਨੇ ਆਪਣੇ ਬੀਤ ਚੁੱਕੇ ਸਮੇਂ `ਚ ਕੀਤੇ ਔਗੁਣ (ਗੁਨਾਹ, ਪਾਪ), ਗੁਣਾਂ ਦੀ (ਰੱਬੀ-ਗੁਣਾਂ ਦੀ ਪ੍ਰਾਪਤੀ ਦੀ) ਬਰਕਤਿ ਨਾਲ ਬਖ਼ਸ਼ਵਾ ਲਏ। ਉਸ ਜੀਵ-ਇਸਤਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਿਲ ਕਰ ਲਿਆ। (ਪਰ, ਇਹ ਮਿਲਾਪ ਉਸ ਨੂੰ ਕਿਵੇਂ ਹਾਸਿਲ ਹੋਇਆ?) ਮਾਲਿਕ ਪ੍ਰਭੂ ਨੇ ਉਸ ਜੀਵ-ਇਸਤਰੀ ਨੂੰ ਸ਼ਬਦ-ਗੁਰੂ ਦਾ ਮਿਲਾਪ ਬਖਸ਼ਿਸ਼ ਕੀਤਾ ਅਤੇ ਸ਼ਬਦ-ਗੁਰੂ ਨੇ ਉਸ ਜੀਵ-ਇਸਤਰੀ ਦੇ ਹਿਰਦੇ `ਚ ਰੱਬੀ-ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਇਸ ਤਰ੍ਹਾਂ ਉਸ ਜੀਵ-ਇਸਤਰੀ ਦਾ, ਹਿਰਦੇ ਰੂਪੀ ਸੇਜ ਉੱਤੇ, ਮਾਲਿਕ-ਪ੍ਰਭੂ ਨਾਲ ਮਿਲਾਪ ਹੋ ਗਿਆ।

ਸੰਖੇਪ ਵਿੱਚ, ਗੁਰਮਤਿ ਫ਼ਲਸਫ਼ੇ ਤੋਂ ਇਹ ਸੇਧ ਮਿਲਦੀ ਹੈ ਕਿ ਕੇਵਲ ਅਤੇ ਕੇਵਲ ਹੁਕਮਿ ਰਜ਼ਾਈ ਚੱਲਣ ਨਾਲ ਹੀ (ਭਾਵ ਮਾਲਿਕ-ਪ੍ਰਭੂ ਦੀ ਸਾਜੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ ਅਮਲੀ ਤੌਰ `ਤੇ ਜੀਵਨ ਜਿਊਂਣ ਨਾਲ ਹੀ), ਮਾਲਿਕ-ਪ੍ਰਭੂ ਦੀ ਮਿਹਰ ਦਾ ਸਦਕਾ, ਮਨੁੱਖ ਆਪਣੇ ਜੀਵਨ ਨੂੰ ਸਫ਼ਲ ਕਰ ਕੇ (ਦੁਰਲੱਭ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ) ਪਰਮਾਤਮਾ ਵਿੱਚ ਲੀਨ ਹੋ ਸਕਦਾ ਹੈ (ਆਵਾਗਵਨ ਦਾ ਲੰਮਾ ਤੇ ਦੁਖਦਾਈ ਗੇੜ ਮੁਕਾ ਸਕਦਾ ਹੈ)।

ਨਿਰਸੰਦੇਹ, ਉਸ ਮਨੁੱਖੀ ਸਮਾਜਕ ਵਰਗ ਨੂੰ ਹੀ ਚੰਗਾ ਸਮਾਜ ਕਿਹਾ ਜਾ ਸਕਦਾ ਹੈ ਜਿਸ ਵਿੱਚ ਭਾਰੀ ਬਹੁ-ਗਿਣਤੀ (ਤਕਰੀਬਨ 90%) ਚੰਗੇ ਮਨੁੱਖਾਂ ਦੀ ਹੋਵੇ। ਕਿਸੇ ਵੀ ਸਮਾਜਕ ਵਰਗ ਦੇ ਸਾਰੇ ਦੇ ਸਾਰੇ ਮਨੁੱਖ ਚੰਗੇ ਇਨਸਾਨ ਬਣ ਜਾਣਗੇ, ਅਜਿਹਾ ਨਾ ਕਦੇ ਅੱਜ ਤੱਕ ਹੋਇਆ ਹੈ ਅਤੇ ਨਾਂ ਹੀ ਹੋ ਸਕਣ ਦੀ ਸੰਭਾਵਨਾ ਹੈ। ਕਿਸੇ ਸਮਾਜ ਵਿੱਚ ਕੇਵਲ ਭਾਰੀ ਬਹੁ-ਗਿਣਤੀ ਵਿੱਚ ਚੰਗੇ ਇਨਸਾਨਾਂ ਦਾ ਹੋਣਾ ਹੀ ਕਾਫ਼ੀ ਨਹੀਂ ਹੋ ਸਕਦਾ, ਜਦ ਤੱਕ ਉਸ ਸਮਾਜ ਪ੍ਰਬੰਧ ਦੇ ਕਾਇਦੇ-ਕਾਨੂੰਨ ਵੀ ਕਾਦਿਰੁ ਦੀ ਕੁਦਰਤਿ ਦੇ ਨਿਯਮਾਂ ਦੇ ਅਨੁਕੂਲ ਨਾ ਹੋਣ। ਇਥੇ ਹੀ ਬੱਸ ਨਹੀਂ। ਸਮਾਜ-ਪ੍ਰਬੰਧ ਦੇ ਕਾਇਦੇ-ਕਾਨੂੰਨਾਂ ਨੂੰ ਦਿਆਨਤਦਾਰੀ ਨਾਲ ਲਾਗੂ ਕਰਨ ਵਾਲੇ ਸਮਾਜਕ-ਸਿਸਟਮ ਦੀ ਹੋਂਦ ਵੀ ਨਿਹਾਇਤ ਹੀ ਜ਼ਰੂਰੀ ਹੈ - ਇੱਕ ਅਜਿਹਾ ਸਿਸਟਮ ਜਿਸ ਵਿੱਚ ਅਹੁਦੇਦਾਰ (ਸੇਵਾਦਾਰ) ਖ਼ੁਦ ਚੰਗੇ ਇਨਸਾਨ ਹੋਣ (ਅਤੇ ਅਹੁਦੇਦਾਰ ਆਪੋ-ਆਪਣੇ ਅਹੁਦਿਆਂ `ਤੇ ਕੁਸ਼ਲਤਾ ਪੂਰਬਕ ਸੇਵਾਵਾਂ ਨਿਭਾਉਂਣ ਦੀਆਂ ਯੋਗਤਾਵਾਂ ਵੀ ਰਖਦੇ ਹੋਣ) ਉਨ੍ਹਾਂ ਦੀ ਸੀਲੈਕਸ਼ਨ ਦਾ ਢੰਗ ਸਰਲ, ਸਸਤਾ ਤੇ ਪਾਰ-ਦਰਸ਼ਕ ਹੋਵੇ ਅਤੇ ਉਹ ਸੇਵਾਦਾਰ ਸਮਾਜ-ਪ੍ਰਤੀ ਜਵਾਬਦੇਹ ਹੋਣ। ਇਸ ਲਿਖਤ ਵਿੱਚ, ਇਨ੍ਹਾਂ ਸਾਰਿਆਂ ਪੱਖਾਂ `ਤੇ, ਅੱਗੇ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।




.