ਧਰਮ
ਦੀ ਸਮੱਸਿਆ-15
ਪੁਜਾਰੀ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ
(ਐਡੀਟਰ-ਸਿੱਖ ਵਿਰਸਾ)
Tel.: 403-681-8689
www.sikhvirsa.com
ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ
(ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ
ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ
ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿਕੜੀ ਰਲ਼ ਕੇ ਮਨੁੱਖਤਾ ਨੂੰ ਧਰਮ
ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ
ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ,
ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ
ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ
ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ
ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ।
ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ
ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ
ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ
ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ
ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ
ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ
ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ
ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ
ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ
ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ
ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ
ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ
ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼
ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ,
ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ
ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ,
ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ
ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ
ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ
ਖਿਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ
ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ,
ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼
ਇਸ ਤਿਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ ਜੋ ਆਪਣੇ ਫਿਰਕੇ ਦੀਆਂ
ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ
ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ
ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ
ਜਾਵੇਗੀ।
ਦੁਨੀਆਂ ਭਰ ਵਿੱਚ ਪ੍ਰਚਲਤ ਜਥੇਬੰਧਕ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਦੀ ਚੱਲ ਰਹੀ ਲੜੀਵਾਰ
ਚਰਚਾ ਦੇ ਇਸ ਹਿੱਸੇ ਵਿੱਚ ਅਸੀਂ ਪੁਜਾਰੀਆਂ ਅਧਾਰਿਤ ਨਕਲੀ ਧਰਮ ਦੀ ਗੱਲ ਕਰਾਂਗੇ। ਵੈਸੇ ਤਾਂ ਹਰ
ਨਕਲੀ ਧਰਮ ਵਿੱਚ ਪੁਜਾਰੀਆਂ ਦਾ ਹੀ ਪੂਰਾ ਬੋਲ-ਬਾਲਾ ਰਿਹਾ ਹੈ ਤੇ ਅੱਜ ਵੀ ਉਸੇ ਤਰ੍ਹਾਂ ਹੈ, ਸਗੋਂ
ਨਵੇਂ ਹਾਲਾਤਾਂ ਵਿੱਚ ਜਾਂ ਲੋਕਤੰਤਰੀ ਸਿਸਟਮ ਦੇ ਇਸ ਦੌਰ ਵਿੱਚ ਧਰਮ ਦੀ ਅਜ਼ਾਦੀ ਦੇ ਨਾਮ ਤੇ
ਪੁਜਾਰੀ ਪੁਰਾਣੇ ਸਮਿਆਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੋ ਕੇ ਉਭਰੇ ਹਨ। ਧਾਰਮਿਕ ਸ਼ਰਧਾ ਨੂੰ ਠੇਸ,
ਧਾਰਮਿਕ ਚਿੰਨ੍ਹਾਂ ਤੇ ਹਮਲਾ, ਭਾਵਨਾਵਾਂ ਨੂੰ ਠੇਸ ਦੇ ਨਾਮ ਤੇ ਇਹ ਕਿਸੇ ਨੂੰ ਵੀ ਕਿਸੇ ਸਮੇਂ ਵੀ
ਅਦਾਲਤਾਂ ਵਿੱਚ ਘਸੀਟ ਸਕਦੇ ਹਨ, ਜ਼ੇਲ ਦੀ ਹਵਾ ਖਵਾ ਸਕਦੇ ਹਨ। ਇਸ ਲਈ ਅੱਜ ਦੇ ਧਰਮ ਪੁਜਾਰੀ ਨਾਲ
ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਕਿ ਅਸੀਂ ਪੁਜਾਰੀਆਂ ਅਧਾਰਿਤ ਨਕਲੀ ਧਰਮ
ਦੀ ਚਰਚਾ ਨੂੰ ਅੱਗੇ ਤੋਰੀਏ, ਇਹ ਜਾਣ ਲੈਣਾ ਲਾਹੇਵੰਦ ਰਹੇਗਾ ਕਿ ਪੁਜਾਰੀ ਕਿਸਨੂੰ ਕਹਿੰਦੇ ਹਨ ਤੇ
ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਇਹ ਕਿਨ੍ਹਾਂ ਨਾਵਾਂ ਨਾਲ ਜਾਣੇ ਜਾਂਦੇ ਹਨ। ਡਿਕਸ਼ਨਰੀ ਭਾਸ਼ਾ
ਅਨੁਸਾਰ ਪੁਜਾਰੀ ਉਹ ਵਿਅਕਤੀ ਹੈ, ਜੋ ਆਪਣੇ ਸ਼ਰਧਾਲੂਆਂ ਲਈ ਦੇਵੀ-ਦੇਵਤੇ, ਗੁਰੂ, ਪੀਰ ਆਦਿ ਦੀ
ਮੂਰਤੀ ਅੱਗੇ ਪੂਜਾ ਪਾਠ ਦੇ ਨਾਮ ਤੇ ਕਰਮਕਾਂਡ ਕਰਦਾ ਹੈ, ਆਪਣੇ ਗੁਰੂ, ਰਹਿਬਰ, ਪੈਗੰਬਰ,
ਮਹਾਂਪੁਰਸ਼ ਆਦਿ ਦੀ ਵਿਚਾਰਧਾਰਾ ਸ਼ਰਧਾਲੂਆਂ ਤੱਕ ਪਹੁੰਚਾਂਦਾ ਹੈ, ਜਾਂ ਆਮ ਤੌਰ ਤੇ ਧਾਰਮਿਕ
ਫਿਰਕਿਆਂ ਵਿੱਚ ਵੱਖ-ਵੱਖ ਢੰਗਾਂ ਦੀ ਪੂਜਾ ਪਾਠ ਕਰਦਾ ਜਾਂ ਕਰਵਾਉਂਦਾ ਹੈ, ਕਰਮਕਾਂਡ ਕਰਦਾ ਜਾਂ
ਕਰਵਾਉਂਦਾ ਹੈ। ਉਸ ਕੋਲ ਆਪਣੇ ਕੋਲੋਂ ਦੇਣ ਲਈ ਕੁੱਝ ਨਹੀਂ ਹੁੰਦਾ, ਉਹ ਸਿਰਫ ਪ੍ਰਚਲਤ ਮਰਿਯਾਦਾ
ਜਾਂ ਕਰਮਕਾਂਡ ਨਿਭਾਉਣ ਜਾਂ ਕਰਵਾਉਣ ਦਾ ਧੰਦਾ ਹੀ ਕਰਦਾ ਹੈ। ਉਹ ਆਪੇ ਬਣਾਏ ਕਰਮਕਾਂਡ ਆਪ ਕਰਨ ਜਾਂ
ਸ਼ਰਧਾਲੂਆਂ ਤੋਂ ਕਰਵਾਉਣ ਦੀ ਫੀਸ ਵੀ ਚਾਰਜ ਕਰਦਾ ਹੈ। ਪੁਜਾਰੀ ਦਾ ਕੋਈ ਵੀ ਕੰਮ ਮੁਫਤ ਵਿੱਚ ਨਹੀਂ
ਹੁੰਦਾ। ਇਹ ਵਿਅਕਤੀ ਦੇ ਜਨਮ ਤੋਂ ਪਹਿਲਾਂ (ਜਦੋਂ ਔਰਤ ਅਜੇ ਗਰਭਵਤੀ ਹੋਈ ਹੁੰਦੀ ਹੈ) ਤੋਂ ਆਪਣੇ
ਕਰਮਕਾਂਡਾਂ ਤੇ ਪੂਜਾ ਪਾਠ ਦੀ ਫੀਸ ਸ਼ੁਰੂ ਕਰ ਲੈਂਦਾ ਹੈ ਤੇ ਵਿਅਕਤੀ ਦੇ ਮਰਨ ਤੋਂ ਬਾਅਦ ਵੀ ਇਸਦਾ
ਕੰਮ ਖਤਮ ਨਹੀਂ ਹੁੰਦਾ। ਆਮ ਤੌਰ ਤੇ ਪੁਜਾਰੀ ਨੂੰ ਸ਼ਰਧਾਲੂ ਅਤੇ ਰੱਬ, ਦੇਵੀ-ਦੇਵਤਿਆਂ, ਗੁਰੂਆਂ,
ਪੀਰਾਂ, ਪੈਗੰਬਰਾਂ, ਰਰਿਬਰਾਂ ਵਿੱਚ ਵਿਚੋਲਾ ਵੀ ਮੰਨਿਆ ਜਾਂਦਾ ਹੈ, ਜੋ ਕਿ ਗ੍ਰੰਥਾਂ ਵਿਚਲਾ
ਪੈਗੰਬਰੀ ਸੁਨੇਹਾ ਸ਼ਰਧਾਲੂਆਂ ਤੱਕ ਪਹੁੰਚਾਂਦਾ ਹੈ ਤੇ ਸ਼ਰਧਾਲੂਆਂ ਦੀਆਂ ਮੰਗਾਂ ਦਾ ਅਰਦਾਸ ਜਾਂ
ਪ੍ਰੇਅਰ ਰੂਪੀ ਸੁਨੇਹਾ ਰੱਬ, ਪੈਗੰਬਰ, ਗੁਰੂ ਜਾਂ ਦੇਵੀ-ਦੇਵਤੇ ਤੱਕ ਪਹੁੰਚਾਂਦਾ ਹੈ। ਉਸਦਾ ਇਹ
ਧੰਦਾ ਝੂਠ, ਫਰੇਬ, ਸੋਸ਼ਣ ਅਧਾਰਿਤ ਅਤੇ ਮਨੁੱਖ ਦੀ ਅਗਿਆਨਤਾ ਆਸਰੇ ਚਲਦਾ ਹੈ। ਬੇਸ਼ਕ ਅਸਲੀ ਧਰਮ
ਅਨੁਸਾਰ ਉਸਦਾ ਕੰਮ ਮਨੁੱਖ ਨੂੰ ਸੱਚ ਦੇ ਮਾਰਗ ਤੇ ਪਾਉਣਾ ਹੁੰਦਾ ਹੈ, ਪਰ ਉਸਨੂੰ ਪਤਾ ਹੈ ਕਿ ਜੇ
ਉਹ ਮਨੁੱਖ ਨੂੰ ਸੱਚ ਦੇ ਮਾਰਗ ਤੇ ਤੋਰੇਗਾ ਤਾਂ ਉਸ ਕੋਲ ਪੈਸੇ ਦੇ ਕੇ ਅਰਦਾਸਾਂ ਕੋਣ ਕਰਾਏਗ? ਜੇ
ਉਹ ਇਹ ਦੱਸ ਦੇਵੇ ਕਿ ਉਸਦੇ ਪੂਜਾ, ਪਾਠ, ਕਰਮਕਾਂਡ ਆਦਿ ਫੋਕਟ ਹਨ ਤਾਂ ਕੌਣ ਸਾਰੀ ਉਮਰ ਇਸਦੀ
ਚਾਕਰੀ ਕਰੇਗਾ? ਇਸ ਲਈ ਪੁਜਾਰੀ ਕਦੇ ਮਨੁੱਖ ਨੂੰ ਅਸਲੀਅਤ ਤੱਕ ਪਹੁੰਚਣ ਨਹੀਂ ਦਿੰਦਾ, ਇਸ ਤਰ੍ਹਾਂ
ਇਹ ਹਮੇਸ਼ਾਂ ਹਰਾਮ ਦੀ ਕਮਾਈ ਖਾਂਦਾ ਹੈ।
ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਪੁਜਾਰੀ ਜਾਂ ਪ੍ਰੀਸਟ ਨੂੰ ਵੱਖ-ਵੱਖ ਨਾਵਾਂ ਨਾਲ ਸੰਬੋਧਨ ਕੀਤਾ
ਜਾਂਦਾ ਹੈ, ਜਿਵੇਂ ਯਹੂਦੀਆਂ ਵਿੱਚ ਕੋਹੇਨ ਜਾਂ ਰੈਬਈ, ਇਸਾਈਆਂ ਵਿੱਚ ਪ੍ਰੀਸਟ, ਪਾਦਰੀ, ਪੈਸਟਰ,
ਮਨਿਸਟਰ, ਪ੍ਰੀਚਰ ਆਦਿ, ਮੁਸਲਮਾਨਾਂ ਵਿੱਚ ਮੁੱਲਾਂ (ਮੌਲਵੀ), ਕਾਜ਼ੀ, ਇਮਾਮ, ਸ਼ੇਖ, ਕਾਤਿਬ,
ਖਲੀਫਾ, ਆਇਤੁਲਾ ਆਦਿ, ਹਿੰਦੂਆਂ ਵਿੱਚ ਪੁਜਾਰੀ, ਪ੍ਰੋਹਿਤ, ਬ੍ਰਾਹਮਣ, ਪੰਡਿਤ ਆਦਿ, ਬੋਧੀਆਂ ਵਿੱਚ
ਭਿਕਸ਼ੂ, ਮੌਂਕ ਆਦਿ, ਜੈਨੀਆਂ ਵਿੱਚ ਮੁਨੀ, ਸਰੇਵੜੇ, ਅਚਾਰੀਆ ਆਦਿ, ਸਿੱਖਾਂ ਵਿੱਚ ਭਾਈ, ਗ੍ਰੰਥੀ,
ਪਾਠੀ, ਗਿਆਨੀ, ਗੁਰੂ ਕਾ ਵਜ਼ੀਰ ਆਦਿ। ਇਸੇ ਤਰ੍ਹਾਂ ਵੱਡੇ ਧਾਰਮਿਕ ਫਿਰਕਿਆਂ ਵਿਚੋਂ ਨਿਕਲੇ ਛੋਟੇ
ਫਿਰਕਿਆ, ਕਲਟਾਂ ਆਦਿ ਵਿੱਚ ਇਨ੍ਹਾਂ ਪੁਜਾਰੀਆਂ ਦੇ ਨਾਮ ਵੱਖਰੇ-ਵੱਖਰੇ ਹੋ ਸਕਦੇ ਹਨ। ਧਰਮ ਕੋਈ ਵੀ
ਹੋਵੇ, ਆਮ ਤੌਰ ਤੇ ਪੁਜਾਰੀਆਂ ਲਈ ਧਰਮ ਧੰਦੇ ਤੋਂ ਵੱਧ ਕੁੱਝ ਨਹੀਂ ਹੁੰਦਾ। ਹਰ ਪੁਜਾਰੀ ਇਹੀ
ਕੋਸ਼ਿਸ਼ ਕਰਦਾ ਹੈ ਕਿ ਧਰਮ-ਕਰਮ ਦੇ ਸਾਰੇ ਕੰਮ, ਕਰਮਕਾਂਡ, ਮਰਿਯਾਦਾਵਾਂ ਉਸ ਰਾਹੀਂ ਦਾਨ-ਦੱਸ਼ਣਾ ਦੇ
ਕੇ ਹੀ ਕਰਵਾਏ ਜਾਣ। ਇਸੇ ਕਰਕੇ ਆਮ ਤੌਰ ਬਹੁਤੇ ਪੁਜਾਰੀ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹਨ, ਉਨ੍ਹਾਂ
ਦੀ ਵਿਆਖਿਆ ਕਰਨ ਦਾ ਅਧਿਕਾਰ ਆਪਣੇ ਕੋਲ ਹੀ ਰੱਖਦੇ ਹਨ। ਬਹੁਤ ਸਾਰੇ ਗ੍ਰੰਥ ਇਤਨੇ ਪੁਰਾਣੇ ਹੋ
ਚੁੱਕੇ ਹਨ ਕਿ ਉਨ੍ਹਾਂ ਦੀ ਭਾਸ਼ਾ ਅੱਜ ਦਾ ਮਨੁੱਖ ਸਮਝ ਹੀ ਨਹੀਂ ਸਕਦਾ। ਸਿੱਖਾਂ ਦੇ ਧਰਮ ਗ੍ਰੰਥ,
ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤਕਰੀਬਨ ਸਾਰੇ ਜਥੇਬੰਦਕ ਧਰਮਾਂ ਦੇ ਗ੍ਰੰਥਾਂ ਨੂੰ ਉਨ੍ਹਾਂ ਦੇ
ਗੁਰੂਆਂ, ਪੈਗੰਬਰਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਲੰਬਾ ਸਮਾਂ ਬਾਅਦ ਉਨ੍ਹਾਂ ਦੇ ਸ਼ਰਧਾਲੂਆਂ,
ਵਿਦਵਾਨਾਂ ਜਾਂ ਪੁਜਾਰੀਆਂ ਵਲੋਂ ਲਿਖਿਆ ਗਿਆ ਸੀ। ਜਿਨ੍ਹਾਂ ਵਿੱਚ ਪੁਜਾਰੀਆਂ, ਸਿਆਸਤਦਾਨਾਂ ਤੇ
ਸਰਮਾਏਦਾਰਾਂ ਨੇ ਆਪਣੇ ਹਿੱਤ ਸੁਰੱਖਿਅਤ ਕਰਕੇ ਬਹੁਤ ਕੁੱਝ ਲਿਖਿਆ ਹੋਇਆ ਹੈ। ਸਿੱਖ ਧਰਮ ਦੇ
ਗੁਰੂਆਂ ਨੇ ਆਪਣੀ ਬਾਣੀ ਨੂੰ ਪੁਜਾਰੀਆਂ ਦੇ ਪੁਰਾਣੇ ਤਜ਼ਰਬੇ ਨੂੰ ਸਾਹਮਣੇ ਰੱਖ ਆਪ ਕਲਮਬੱਧ ਕਰ ਲਿਆ
ਤਾਂ ਕਿ ਪੁਜਾਰੀ ਬਾਅਦ ਵਿੱਚ ਕੋਈ ਹੇਰ-ਫੇਰੀ ਨਾ ਕਰ ਸਕਣ, ਪਰ ਪੁਜਾਰੀਆਂ ਨੇ ਉਸ ਲਈ ਵੀ ਰਾਹ ਲੱਭ
ਲਿਆ ਕਿ ਉਸ ਗ੍ਰੰਥ ਦੇ ਮੁਕਾਬਲੇ ਤੇ ਹੋਰ ਗ੍ਰੰਥ ਖੜੇ ਕਰ ਦਿਉ ਜਾਂ ਉਸ ਗ੍ਰੰਥ ਦੀ ਵਿਚਾਰਧਾਰਾ ਨੂੰ
ਪੜ੍ਹਨ ਵਿਚਾਰਨ ਦੀ ਥਾਂ ਪੂਜਾ ਪਾਠ ਜਾਂ ਮੰਤਰ ਪਾਠ ਬਣਾ ਦਿਉ ਤਾਂ ਕਿ ਲੋਕ ਉਸ ਸੱਚ ਤੱਕ ਆਪ ਨਾ
ਪਹੁੰਚ ਸਕਣ। ਹੁਣ ਸਿੱਖ ਪੁਜਾਰੀਆਂ ਨੇ ਸਿੱਖ ਸਮਾਜ ਇਥੇ ਲਿਆ ਖੜਾ ਕੀਤਾ ਹੈ ਕਿ ਬਹੁਤੇ ਸਿੱਖ ਗੁਰੂ
ਗ੍ਰੰਥ ਸਾਹਿਬ ਨੂੰ ਪੜ੍ਹਨ ਤੋਂ ਅਸਮਰਥ ਹਨ ਜਾਂ ਉਹ ਉਸ ਇਨਕਲਾਬੀ ਵਿਚਾਰਧਾਰਾ ਨੂੰ ਆਪਣੇ ਸਮਾਜਿਕ
ਸੰਸਕਾਰਾਂ ਨੂੰ ਨਿਭਾਉਣ ਲਈ ਹੀ ਵਰਤਦੇ ਹਨ ਜਾਂ ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਪੁਜਾਰੀਆਂ
ਤੋਂ ਮੰਤਰ ਰੂਪ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਲਈ ਹੁਣ ਗੁਰੂ ਗ੍ਰੰਥ ਸਾਹਿਬ, ਜੀਵਨ ਜਾਚ ਦਾ ਸੋਮਾ
ਨਾ ਹੋ ਕਿ ਪ੍ਰਚਲਤ ਸਮਾਜਿਕ ਕਰਮਕਾਂਡ ਨਿਭਾਉਣ ਜਾਂ ਆਪਣੀਆਂ ਦੁਨਿਆਵੀ ਮੰਗਾਂ ਦੀ ਪੂਰਤੀ ਲਈ ਬਿਨਾਂ
ਸਮਝੇ ਮੰਤਰਾਂ ਵਾਂਗ ਪੜ੍ਹੇ ਜਾਂ ਪੜ੍ਹਾਏ ਜਾ ਰਹੇ ਹਨ। ਸਿੱਖ ਧਰਮ ਦੇ ਪੁਜਾਰੀਆਂ ਤੇ ਗੁਰਦੁਆਰਿਆਂ
ਦੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੈਸਾ ਇਕੱਠਾ ਕਰਨ ਦਾ ਸਾਧਨ ਮਾਤਰ ਬਣਾ ਲਿਆ ਹੈ। ਇਸੇ
ਤਰ੍ਹਾਂ ਹਰ ਧਾਰਮਿਕ ਫਿਰਕੇ ਦੀ ਮਰਿਯਾਦਾ ਜਾਂ ਧਾਰਮਿਕ ਚਿੰਨ੍ਹ ਵੀ ਪੈਗੰਬਰ ਜਾਂ ਗੁਰੂ ਦੇ ਸੰਸਾਰ
ਤੋਂ ਚਲੇ ਜਾਣ ਬਾਅਦ ਉਸਦੇ ਨਾਮ ਤੇ ਫਿਰਕਾ ਖੜਾ ਕਰਕੇ ਉਸਨੂੰ ਜਥੇਬੰਦਕ ਰੂਪ ਦੇਣ ਲਈ ਪੁਜਾਰੀਆਂ
ਜਾਂ ਸ਼ਰਧਾਲੂ ਵਿਦਵਾਨਾਂ ਜਾਂ ਉਸ ਸਮੇਂ ਸਮਾਜ ਵਿੱਚ ਪ੍ਰਚਲਤ ਮਾਨਤਾਵਾਂ, ਧਾਰਨਾਵਾਂ, ਵਿਸ਼ਵਾਸ਼ਾਂ,
ਰਤਿਾਂ-ਰਸਮਾਂ ਅਧਾਰਿਤ ਹੁੰਦੇ ਹਨ। ਕਿਸੇ ਵੀ ਜਥੇਬੰਦਕ ਧਰਮ ਦੀ ਮਰਿਯਾਦਾ (ਸ਼ਰ੍ਹਾ) ਕਿਸੇ ਵੀ ਧਰਮ
ਦੇ ਸੰਚਾਲਕ ਜਾਂ ਪੈਗੰਬਰ ਨੇ ਨਹੀਂ ਬਣਾਈ ਹੁੰਦੀ ਕਿਉਂਕਿ ਸਾਰੇ ਪੈਗੰਬਰ ਇਨਕਲਾਬੀ ਮਹਾਂਪੁਰਸ਼ ਹੋਏ
ਹਨ, ਜਿਨ੍ਹਾਂ ਨੇ ਆਪਣੇ ਤੋਂ ਪਹਿਲੇ ਧਰਮਾਂ ਦੀਆਂ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਵਲੋਂ
ਆਪਣੇ ਹਿੱਤਾਂ ਲਈ ਬਣਾਈਆਂ ਮਰਿਯਾਦਾਵਾਂ ਦਾ ਵਿਰੋਧ ਕੀਤਾ ਹੁੰਦਾ ਹੈ, ਉਹ ਹਮੇਸ਼ਾਂ ਪੁਰਾਣੀਆਂ
ਗਲ੍ਹੀਆਂ ਸੜ੍ਹੀਆਂ ਕਰਮਕਾਂਡੀ ਰੀਤਾਂ, ਰਸਮਾਂ, ਪ੍ਰੰਪਰਾਵਾਂ ਦੇ ਵਿਰੋਧੀ ਹੁੰਦੇ ਹਨ, ਜੋ ਕਿ
ਮਨੁੱਖ ਦੀ ਸਰੀਰਕ, ਮਾਨਸਿਕ, ਆਰਥਿਕ, ਰਾਜਨੀਤਕ ਤਰੱਕੀ ਲਈ ਬੇੜੀਆਂ ਬਣ ਚੁੱਕੇ ਹੁੰਦੇ ਹਨ। ਦੂਸਰਾ
ਪੈਗੰਬਰਾਂ ਜਾਂ ਮਹਾਨ ਪੁਰਸ਼ਾਂ ਦਾ ਸੁਨੇਹਾ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਹੁੰਦਾ ਹੈ, ਜਦਕਿ
ਮਰਿਯਾਦਾ ਤੇ ਚਿੰਨ੍ਹ ਸਮੇਂ, ਸਥਾਨ, ਇਲਾਕੇ, ਮੌਸਮ, ਸਭਿਆਚਾਰ ਆਦਿ ਦੇ ਅਨੁਸਾਰ ਹੁੰਦੇ ਹਨ, ਉਹ
ਸਾਰੀ ਦੁਨੀਆਂ ਵਿੱਚ ਵਸਦੇ ਲੋਕਾਂ ਤੇ ਲਾਗੂ ਨਹੀਂ ਹੋ ਸਕਦੇ ਹੁੰਦੇ, ਭਾਵੇਂ ਕਿ ਜਦੋਂ ਧਰਮ ਆਪਣੀਆਂ
ਹੱਦਾਂ ਤੋਂ ਬਾਹਰ ਫੈਲਦਾ ਹੈ ਤਾਂ ਪੁਜਾਰੀ ਉਨ੍ਹਾਂ ਮਰਿਯਾਦਾਵਾਂ ਜਾਂ ਧਾਰਮਿਕ ਚਿੰਨ੍ਹਾਂ ਆਦਿ ਨੂੰ
ਸਾਰੀ ਮਨੁੱਖਤਾ ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਹਰ ਧਾਰਮਿਕ ਫਿਰਕੇ ਵਿੱਚ ਸਮੇਂ ਸਮੇਂ,
ਨਵੇਂ ਨਵੇਂ ਫਿਰਕੇ ਪੈਦਾ ਹੁੰਦੇ ਰਹਿੰਦੇ ਹਨ। ਆਮ ਤੌਰ ਤੇ ਇਹ ਮਰਿਯਾਦਾਵਾਂ ਇਸ ਢੰਗ ਨਾਲ ਬਣਾਈਆਂ
ਜਾਂਦੀਆਂ ਹਨ ਕਿ ਆਮ ਸ਼ਰਧਾਲੂ ਵਿਅਕਤੀ ਇਨ੍ਹਾਂ ਦੇ ਬੰਧਨਾਂ ਵਿੱਚ ਫਸਿਆ ਸਾਰੀ ਉਮਰ ਅੰਧਵਿਸ਼ਵਾਸ਼ੀ ਬਣ
ਕੇ ਇਨ੍ਹਾਂ ਦੇ ਨਕਲੀ ਧਰਮ ਵਾਂਗ ਨਕਲੀ ਮਰਿਯਾਦਾ ਤੇ ਚਿੰਨ੍ਹਾਂ ਦਾ ਭਾਰ ਢੋਂਹਦਾ ਰਹੇ ਤੇ ਕਿਸੇ
ਗੱਲ ਤੇ ਕੋਈ ਸ਼ੰਕਾ ਨਾ ਕਰੇ। ਇਸ ਕਰਕੇ ਧਰਮਾਂ ਦੇ ਪੁਜਾਰੀ ਆਪਣੀ ਮਰਿਯਾਦਾ ਵਿੱਚ ਅਜਿਹਾ ਕਰਮਕਾਂਡੀ
ਜਾਲ ਬੁਣਦੇ ਹਨ ਕਿ ਆਮ ਵਿਅਕਤੀ ਇਨ੍ਹਾਂ ਦੇ ਪੂਜਾ ਜਾਂ ਰੋਜ਼ਾਨਾ ਕੀਤੇ ਜਾਣ ਵਾਲੇ ਪਾਠਾਂ ਵਿੱਚ ਹੀ
ਫਸਿਆ ਰਹੇ ਤੇ ਧਰਮ ਗ੍ਰੰਥਾਂ ਵਿੱਚ ਹੋਰ ਕੀ ਲਿਖਿਆ ਹੈ, ਉਸ ਬਾਰੇ ਨਾ ਜਾਣ ਸਕੇ। ਇਨ੍ਹਾਂ ਦੀਆਂ
ਬਣਾਈਆਂ ਮਰਿਯਾਦਾਵਾਂ ਨੂੰ ਤੁਸੀਂ ਬਿਬੇਕ ਬੁੱਧ ਨਾਲ ਵਿਚਾਰ ਕੇ ਦੇਖੋ ਤਾਂ ਸਮਝ ਆਵੇਗੀ ਕਿ ਕਿਵੇਂ
ਇਨ੍ਹਾਂ ਨੇ ਨਾ ਸਿਰਫ ਆਪਣੇ ਲਈ ਧਰਮ ਨੂੰ ਪੀੜ੍ਹੀ-ਦਰ-ਪੀੜ੍ਹੀ ਧੰਦਾ ਬਣਾਇਆ ਹੁੰਦਾ ਹੈ, ਸਗੋਂ
ਇਨ੍ਹਾਂ ਦੀਆਂ ਮਰਿਯਾਦਾਵਾਂ ਸਮੇਂ ਦੇ ਹਾਕਮਾਂ ਤੇ ਮਲਕ ਭਾਗੋਆਂ ਦੇ ਹਿੱਤ ਪੂਰਦੀਆਂ ਹੁੰਦੀਆਂ ਹਨ।
ਇਨ੍ਹਾਂ ਵਲੋਂ ਮਰਿਯਾਦਾ ਰਾਹੀਂ ਸ਼ਰਧਾਲੂਆਂ ਨੂੰ ਅਜਿਹੇ ਪਾਠ ਪੜ੍ਹਾਏ ਜਾਂਦੇ ਹਨ ਕਿ ਮਨੁੱਖ ਆਪਣੇ
ਸਮੇਂ ਦੇ ਹਾਕਮਾਂ ਦੇ ਮਨੁੱਖਤਾ ਵਿਰੋਧੀ ਸਮਾਜਿਕ, ਅਰਥਿਕ ਤੇ ਰਾਜਨੀਤਕ ਵਰਤਾਰਿਆਂ ਵਿਰੁੱਧ ਖੜਨਾ
ਤਾਂ ਦੂਰ, ਉਨ੍ਹਾਂ ਬਾਰੇ ਸੋਚ ਹੀ ਨਾ ਸਕੇ। ਸਗੋਂ ਉਹ ਇਸ ਦੁਨੀਆਂ ਨੂੰ ਭੁੱਲ ਭੁਲਾ ਕੇ ਅਗਲੀ ਕਿਸੇ
ਕਲਪਿਤ ਦੁਨੀਆਂ ਦੇ ਸਵਰਗਾਂ ਨੂੰ ਭੋਗਣ ਲਈ ਨੇਮ ਨਾਲ ਮਰਿਯਾਦਾ ਨਿਭਾਉਂਦਾ ਰਹੇ। ਆਪੇ ਘੜੇ
ਦੇਵੀ-ਦੇਵਤਿਆਂ ਦੇ ਨਾਮ ਤੇ ਬਣਾਏ ਮੰਤਰਾਂ ਜਾਂ ਰੱਬ ਦੇ ਨਾਮ ਦਾ ਸਿਮਰਨ ਕਰਦਾ ਰਹੇ, ਤਾਂ ਕਿ ਉਸਦਾ
ਅੱਗਾ ਸੰਵਰ ਜਾਵੇ, ਭਾਵੇਂ ਉਸਦਾ ਅੱਜ ਨਰਕ ਬਣਿਆ ਰਹੇ।
ਜਿਸ ਤਰ੍ਹਾਂ ਕਿ ਅਸੀਂ ਨਕਲੀ ਧਰਮਾਂ ਦੀ ਚਰਚਾ ਵਿੱਚ ਅਕਸਰ ਜ਼ਿਕਰ ਕਰਦੇ ਹਾਂ ਕਿ ਅਗਰ ਇਹ ਮਨੁੱਖਤਾ
ਵਿਰੋਧੀ ਵਰਤਾਰਾ ਹੈ ਤਾਂ ਫਿਰ ਲੋਕ ਇਨ੍ਹਾਂ ਦੇ ਮਾਇਆ ਜਾਲ ਵਿੱਚ ਫਸਦੇ ਕਿਉਂ ਹਨ? ਸਾਰੇ ਧਰਮਾਂ ਦੇ
ਇਤਿਹਾਸ ਨੂੰ ਪੜ੍ਹ ਕੇ ਦੇਖ ਲਵੋ, ਹਰ ਧਰਮ ਦੇ ਪੈਗੰਬਰ ਨੇ ਆਪਣੇ ਸਮੇਂ ਦੇ ਧਰਮ ਪੁਜਾਰੀਆਂ, ਮਲਕ
ਭਾਗੋਆਂ ਤੇ ਹਾਕਮਾਂ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ, ਜਿਸ ਧਰਮ ਜਾਂ ਫਿਰਕੇ ਵਿੱਚ ਉਹ ਪੈਦਾ ਹੋਏ
ਸਨ, ਨਾ ਸਿਰਫ ਉਨ੍ਹਾਂ ਦੀਆਂ ਫੋਕਟ ਤੇ ਸਮਾਂ ਵਿਹਾ ਚੁੱਕੀਆਂ ਮਾਨਤਾਵਾਂ, ਰੀਤਾਂ ਰਸਮਾਂ ਨੂੰ
ਨਕਾਰਿਆ, ਸਗੋਂ ਸਮੇਂ ਦੇ ਹਾਕਮਾਂ ਦੀਆਂ ਧੱਕੇਸ਼ਾਹੀਆਂ ਖਿਲਾਫ ਆਵਾਜ਼ ਬੁਲੰਦ ਕੀਤੀ। ਪਰ ਸਮਾਂ ਪਾ ਕੇ
ਉਨ੍ਹਾਂ ਹੀ ਇਨਕਲਾਬੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਵਰਤ ਕੇ ਉਨ੍ਹਾਂ ਦੇ ਨਾਮ ਤੇ ਨਵਾਂ ਫਿਰਕਾ
ਖੜਾ ਕਰ ਲਿਆ ਜਾਂਦਾ ਰਿਹਾ। ਪੁਜਾਰੀਆਂ ਦੀ ਬੜੀ ਕਮਾਲ ਦੀ ਕਾਰਾਗਿਰੀ ਹੈ ਕਿ ਪੈਗੰਬਰਾਂ ਦੀ ਉਨ੍ਹਾਂ
ਦੇ ਐਨ ਉਲਟ ਵਿਚਾਰਧਾਰਾ ਨੂੰ ਕਿਵੇਂ ਉਹ ਆਪਣੇ ਹਿੱਤਾਂ ਲਈ ਵਰਤਣ ਵਿੱਚ ਕਾਮਯਾਬ ਹੋ ਜਾਂਦੇ ਰਹੇ
ਹਨ। ਨਾ ਸਿਰਫ ਉਨ੍ਹਾਂ ਨੇ ਹਮੇਸ਼ਾਂ ਉਸ ਸੱਚ ਦੀ (ਅਸਲੀ ਧਰਮ ਦੀ) ਵਿਚਾਰਧਾਰਾ ਨੂੰ ਆਪਣੇ ਹਿੱਤਾਂ
ਲਈ ਵਰਤਿਆ, ਸਗੋਂ ਉਸ ਵਿਚਾਰਧਾਰਾ ਦੇ ਅਨੁਆਈਆਂ ਨੂੰ ਵੀ ਆਪਣੇ ਹਿੱਤਾਂ ਲਈ ਵਰਤਣ ਵਿੱਚ ਕਾਮਯਾਬ
ਰਹੇ। ਉਨ੍ਹਾਂ ਹਮੇਸ਼ਾਂ ਆਪਣੀ ਤਾਕਤ ਵਧਾਉਣ ਲਈ ਧਰਮ ਦੇ ਪ੍ਰਸਾਰ ਦਾ ਨਾਹਰਾ ਦੇ ਕੇ ਲੱਖਾਂ ਲੋਕਾਂ
ਨੂੰ ਮੌਤ ਦੇ ਘਾਟ ਉਤਾਰਿਆ। ਜਦੋਂ ਵੀ ਉਨ੍ਹਾਂ ਨੂੰ ਆਪਣੀ ਤਾਕਤ ਖਤਰੇ ਵਿੱਚ ਦਿਸੀ, ਧਰਮ ਨੂੰ ਖਤਰੇ
ਦੇ ਨਾਮ ਤੇ ਲੱਖਾਂ ਹੀ ਧਰਮੀਆਂ ਨੂੰ ਆਪਣੇ ਧਰਮ ਯੁੱਧ ਦੀ ਅੱਗ ਦਾ ਬਾਲਣ ਬਣਾਇਆ। ਪੁਜਾਰੀਆਂ ਦਾ
ਪਿਛਲੇ 5 ਹਜ਼ਾਰ ਸਾਲ ਤੋਂ ਧਰਮ ਦੇ ਨਾਮ ਤੇ ਸ਼ੈਤਾਨੀਅਤ ਦਾ ਇਹ ਧੰਦਾ ਚੱਲ ਰਿਹਾ ਹੈ, ਅੱਜ ਵੀ
ਦੁਨੀਆਂ ਦੀ 90% ਤੋਂ ਵੱਧ ਆਬਾਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸਦੇ ਮਾਇਆ ਜਾਲ ਵਿੱਚ ਫਸੀ ਹੋਈ
ਹੈ। ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਇਹ ਜ਼ਿਕਰ ਆ ਚੁੱਕਾ ਹੈ ਕਿ ਕੁਦਰਤੀ ਤੌਰ ਤੇ ਮਨੁੱਖ ਦੀਆਂ
ਕੁੱਝ ਬੁਨਿਆਦੀ ਕਮਜ਼ੋਰੀਆਂ ਹਨ, ਜਿਨ੍ਹਾਂ ਨੂੰ ਧਰਮ ਗੁਰੂਆਂ ਨੇ ਕਾਮ (ਸੈਕਸ ਜਾਂ ਕਾਮਨਾ), ਕ੍ਰੋਧ,
ਲੋਭ, ਮੋਹ, ਹੰਕਾਰ, ਡਰ, ਈਰਖਾ, ਨਫਰਤ ਆਦਿ ਨਾਮ ਦਿੱਤਾ ਹੈ। ਇਨ੍ਹਾਂ ਵਿਚੋਂ ਲਾਲਚ ਤੇ ਡਰ ਮਨੁੱਖ
ਦੀਆਂ ਪ੍ਰਮੁੱਖ ਕਮਜ਼ੋਰੀਆਂ ਹਨ, ਜਿਨ੍ਹਾਂ ਦੇ ਅਧਾਰ ਤੇ ਪੁਜਾਰੀ ਨਕਲੀ ਧਰਮਾਂ ਦਾ ਧੰਦਾ ਸਦੀਆਂ ਤੋਂ
ਚਲਾ ਰਹੇ ਹਨ। ਮਨੁੱਖ ਨੂੰ ਜਿਥੇ ਵੱਧ ਇਕੱਠਾ ਕਰਨ ਦਾ ਲਾਲਚ ਹੈ, ਉਥੇ ਇਸਦੇ ਖੁਸ ਜਾਣ ਦਾ ਡਰ ਹੈ।
ਇਸੇ ਤਰ੍ਹਾਂ ਜਿਥੇ ਭਵਿੱਖ ਦੀ ਅਨਿਸਚਿਤਾ ਦਾ ਡਰ ਹੈ, ਉਥੇ ਅੱਜ (ਭਵਿੱਖ ਲਈ) ਵੱਧ ਪ੍ਰਾਪਤ ਕਰਨ ਦਾ
ਲੋਭ ਹੈ। ਪੁਜਾਰੀ ਮਨੁੱਖ ਦੀ ਇਸ ਮਾਨਸਿਕਤਾ ਦਾ ਲਾਭ ਉਠਾਉਂਦਾ ਹੈ, ਉਹ ਮਨੁੱਖ ਨੂੰ ਪੂਜਾ ਦੇ
ਅਜਿਹੇ ਚੱਕਰਾਂ ਵਿੱਚ ਪਾਉਂਦਾ ਹੈ ਕਿ ਉਸਦੇ ਮੰਤਰਾਂ-ਜੰਤਰਾਂ-ਤੰਤਰਾਂ, ਧਾਰਮਿਕ ਮਰਿਯਾਦਾਵਾਂ ਨੂੰ
ਪੂਰੀ ਸ਼ਰਧਾ ਨਾਲ ਨਿਭਾਉਣ ਨਾਲ ਨਾ ਸਿਰਫ ਇਥੇ ਸਭ ਕੁੱਝ ਮਿਲ ਜਾਵੇਗਾ, ਸਗੋਂ ਅਗਲੇ ਜਨਮਾਂ ਜਾਂ
ਸਵਰਗਾਂ ਵਿੱਚ ਵੀ ਸਭ ਸੁੱਖ ਸਹੂਲਤਾਂ ਰਾਖਵੀਆਂ ਹੋਣਗੀਆਂ। ਦੂਜੇ ਪਾਸੇ ਸ਼ਰਧਾਲੂ ਨੂੰ ਅਜਿਹੇ ਡਰਾਵੇ
ਵੀ ਦਿੱਤੇ ਜਾਂਦੇ ਹਨ ਕਿ ਪੁਜਾਰੀ ਦੀ ਦੱਸੀ ਮਰਿਯਾਦਾ ਨੂੰ ਸ਼ਰਧਾ ਭਾਵਨਾ ਨਾਲ ਨਾ ਮੰਨਣ ਵਾਲਾ, ਨਾ
ਸਿਰਫ ਇਥੇ ਹੀ ਦੁੱਖ ਪਾਉਂਦਾ ਹੈ, ਸਗੋਂ ਉਸਨੂੰ ਅਗਲੇ ਜਨਮਾਂ ਵਿੱਚ ਨਰਕਾਂ ਦੀ ਭੱਠੀ ਵਿੱਚ ਸੜਨਾ
ਪੈਂਦਾ ਹੈ। ਇਸ ਤਰ੍ਹਾਂ ਪੁਜਾਰੀ ਸਦੀਆਂ ਤੋਂ ਡਰ ਤੇ ਲਾਲਚ ਦੀ ਖੇਡ ਆਪਣੇ ਸ਼ਰਧਾਲੂਆਂ ਨਾਲ ਖੇਡ ਕੇ
ਧਰਮ ਦਾ ਧੰਦਾ ਚਲਾ ਰਿਹਾ ਹੈ। ਪੁਜਾਰੀਆਂ ਨੇ ਸਦੀਆਂ ਤੋਂ ਮਨੁੱਖ ਨੂੰ ਝੂਠੇ ਲਾਰਿਆਂ ਤੋਂ ਸਿਵਾਏ
ਕੁੱਝ ਨਹੀਂ ਦਿੱਤਾ। ਸਗੋਂ ਮਨੁੱਖ ਦਾ ਧਰਮ ਦੇ ਨਾਮ ਤੇ ਸਰੀਰਕ, ਮਾਨਸਿਕ, ਆਰਥਿਕ ਸੋਸ਼ਣ ਹੀ ਕੀਤਾ
ਹੈ। ਕਈ ਧਰਮਾਂ ਵਿੱਚ ਸ਼ੈਤਾਨ ਦਾ ਸੰਕਲਪ ਹੈ ਕਿ ਸ਼ੈਤਾਨ ਹੀ ਮਨੁੱਖ ਤੋਂ ਬੁਰੇ ਕੰਮ ਕਰਾਉਂਦਾ ਹੈ,
ਜੇ ਅਸੀਂ ਪਿਛਲੇ 5 ਹਜ਼ਾਰ ਸਾਲ ਦਾ ਧਰਮਾਂ ਦਾ ਇਤਿਹਾਸ ਵਾਚਦੇ ਹਾਂ ਤਾਂ ਪਤਾ ਚਲਦਾ ਹੈ ਕਿ ਪੁਜਾਰੀ
ਤੋਂ ਸਿਵਾਏ ਧਰਤੀ ਤੇ ਹੋਰ ਕੋਈ ਸ਼ੈਤਾਨ ਨਹੀਂ ਹੈ। ਇਸ ਕੋਲ ਸ਼ੈਤਾਨੀਅਤ ਦੀ ਅਜਿਹੀ ਕਲਾ ਹੈ ਕਿ ਧਰਮ
ਗੁਰੂਆਂ ਦੀ ਇਸਦੇ ਐਨ ਉਲਟ ਵਿਚਾਰਧਾਰਾ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਸਮਰੱਥਾ ਰੱਖਦਾ ਹੈ।
ਜਿਸਦੀ ਤਾਜ਼ਾ ਮਿਸਾਲ ਗੁਰੂ ਨਾਨਕ ਸਾਹਿਬ ਹਨ। ਉਨ੍ਹਾਂ ਦੀ ਬਾਣੀ ਪੜ੍ਹ ਵਿਚਾਰ ਕੇ ਦੇਖੋ, ਤਾਂ
ਸਪੱਸ਼ਟ ਪਤਾ ਲੱਗੇਗਾ ਕਿ ਉਹ ਹਰ ਧਰਮ ਦੇ ਪੁਜਾਰੀ ਦੇ ਸਖਤ ਵਿਰੋਧੀ ਸਨ, ਪਰ ਉਸਦੇ ਨਾਮ ਤੇ ਖੜੇ
ਕੀਤੇ ਸਿੱਖ ਧਰਮ ਦੀ ਅੱਜ ਦੀ ਹਾਲਤ ਦੇਖੋ, ਪੁਜਾਰੀਆਂ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਗੁਰੂ ਨਾਨਕ
ਜਿਸ ਵਿਚਰਧਾਰਾ ਨਾਲ ਇਨਕਲਾਬ ਲਿਆਉਣਾ ਚਾਹੁੰਦੇ ਸਨ, ਅੱਜ ਉਸਨੂੰ ਹੀ ਮੰਤਰ ਪਾਠਾਂ ਦੇ ਰੂਪ ਵਿੱਚ
ਵਰਤ ਕੇ ਸਿੱਖਾਂ ਨੂੰ ਕਰਮਕਾਂਡੀ ਬਣਾ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਸਮੇਤ ਗੁਰੁ ਗ੍ਰੰਥ
ਸਾਹਿਬ ਵਿੱਚ ਦਰਜ ਸਾਰੀ ਬਾਣੀ ਹਰ ਤਰ੍ਹਾਂ ਦੇ ਪੂਜਾ ਪਾਠਾਂ, ਮੰਤਰਾਂ ਜੰਤਰਾਂ, ਕਰਮਕਾਂਡਾਂ, ਧਰਮ
ਚਿੰਨ੍ਹਾਂ, ਪਾਖੰਡਾਂ ਆਦਿ ਦੇ ਵਿਰੋਧ ਵਿੱਚ ਖੜੀ ਹੈ, ਜਦਕਿ ਅੱਜ ਸਿੱਖ ਸਮਾਜ ਵਿੱਚ ਉਸ ਵਿਅਕਤੀ ਲਈ
ਕੋਈ ਥਾਂ ਨਹੀਂ, ਜੋ ਨੇਮ ਨਾਲ ਪੂਜਾ ਪਾਠ ਨਹੀਂ ਕਰਦਾ, ਪੁਜਾਰੀਆਂ ਦੀ ਮਰਿਯਾਦਾ ਜਾਂ ਕਰਮਕਾਂਡਾਂ
ਨੂੰ ਨਹੀਂ ਨਿਭਾਉਂਦਾ, ਧਾਰਮਿਕ ਚਿੰਨ੍ਹਾਂ ਨੂੰ ਧਾਰਨ ਨਹੀਂ ਕਰਦਾ। ਧਰਮਾਂ ਦੀ ਦੁਨੀਆਂ ਵਿੱਚ
ਹਿੰਦੁਸਤਾਨ ਦੇ ਧਰਮਾਂ ਦਾ ਪੁਜਾਰੀ ਸਭ ਤੋਂ ਖਤਰਨਾਕ ਤੇ ਕਮੀਨਾ ਹੈ। ਇਸ ਕੋਲ ਦਇਆ ਨਾਮ ਦੀ ਕੋਈ
ਚੀਜ਼ ਨਹੀਂ। ਆਪਣੇ ਹੀ ਸ਼ਰਧਾਲੂ ਜਿਹੜੇ ਇਸਨੂੰ ਰੱਬ ਵਾਂਗ ਪੂਜਦੇ ਹਨ, ਇਸਦੇ ਪੈਰੀਂ ਪੈਂਦੇ ਹਨ,
ਉਨ੍ਹਾਂ ਤੇ ਹੀ ਸਰੀਰਕ, ਮਾਨਸਿਕ, ਅਰਥਿਕ ਸੋਸ਼ਣ ਰੂਪੀ ਛੁਰੀ ਚਲਾਉਣ ਲੱਗਾ, ਇਹ ਕਦੇ ਕਿਸੇ ਦਾ
ਲਿਹਾਜ ਨਹੀਂ ਕਰਦਾ। ਇਸ ਵਲੋਂ ਧਰਮ ਦੇ ਨਾਮ ਤੇ ਫੈਲਾਈ ਕੁਰਪਸ਼ਨ ਕਰਕੇ ਹੀ ਅੱਜ ਹਿੰਦੁਸਤਾਨ ਦਾ ਹਰ
ਸਿਸਟਮ ਕੁਰੱਪਟ ਹੋ ਕੇ ਰਹਿ ਗਿਆ ਹੈ। ਵੱਡੇ ਵੱਡੇ ਹਾਕਮ ਵੀ ਇਸਦਾ ਪਾਣੀ ਭਰਦੇ ਰਹੇ ਹਨ। ਇਸਨੇ
ਵੱਡੇ ਵੱਡੇ ਗੁਰੂਆਂ, ਪੈਗੰਬਰਾਂ ਦੀ ਵਿਚਾਰਧਾਰਾ ਨੂੰ ਨਿਗਲ ਕੇ ਹਮੇਸ਼ਾਂ ਆਪਣੀ ਹਕੂਮਤ ਕਾਇਮ ਰੱਖੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਸ਼ਕਤੀਸ਼ਾਲੀ ਸ਼ੈਤਾਨ ਦੀ ਚੁੰਗਲ ਵਿੱਚ ਫਸੇ ਮਨੁੱਖ ਨੂੰ ਬਚਾਇਆ
ਕਿਵੇਂ ਜਾਵੇ? ਮਨੁੱਖ ਕਿਵੇਂ ਪੁਜਾਰੀ ਦੇ ਮਾਇਆ ਜਾਲ ਵਿਚੋਂ ਨਿਕਲੇ? ਇਹ ਕੰਮ ਇਤਨਾ ਸੌਖਾ ਨਹੀਂ
ਹੈ। ਸਭ ਤੋਂ ਪਹਿਲਾਂ ਮਨੁੱਖ ਨੂੰ ਧਰਮ ਬਾਰੇ ਸੱਚਾ ਗਿਆਨ ਲੈਣ ਦੀ ਲੋੜ ਹੈ। ਸਾਨੂੰ ਇਹ ਮੰਨ ਕੇ
ਚੱਲਣਾ ਪਵੇਗਾ ਕਿ ਧਰਮ ਸ਼ਰਧਾ ਦਾ ਨਹੀਂ ਵਿਚਾਰ ਤੇ ਵਿਸ਼ਵਾਸ਼ ਦਾ ਹੈ। ਇਹ ਮੰਨਣ ਦਾ ਨਹੀਂ ਜਾਨਣ ਦਾ
ਵਿਸ਼ਾ ਹੈ ਕਿਉਂਕਿ ਮੰਨਣ ਨਾਲ ਅੰਧ ਵਿਸ਼ਵਾਸ਼ ਪੈਦਾ ਹੁੰਦਾ ਹੈ ਤੇ ਜਾਨਣ ਨਾਲ ਵਿਸ਼ਵਾਸ਼ ਪੈਦਾ ਹੁੰਦਾ
ਹੈ। ਪੁਜਾਰੀ ਮਨੁੱਖ ਨੂੰ ਵਾਰ-ਵਾਰ ਇਸੇ ਲਈ ਕਹਿੰਦੇ ਹਨ ਕਿ ਧਰਮ ਮੰਨਣ ਦਾ ਜਾਂ ਸ਼ਰਧਾ ਦਾ ਵਿਸ਼ਾ ਹੈ
ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸ਼ਰਧਾ ਨਾਲ ਮੰਨਣ ਨਾਲ ਮਨੁੱਖ ਬੇਹੋਸ਼ ਹੁੰਦਾ ਹੈ ਤੇ ਜਾਨਣ ਨਾਲ
ਮਨੁੱਖ ਜਾਗਰਤ ਹੁੰਦਾ ਹੈ। ਪੁਜਾਰੀਆਂ ਨੂੰ ਹਮੇਸ਼ਾਂ ਬੇਹੋਸ਼ ਸ਼ਰਧਾਲੂਆਂ ਦੀ ਲੋੜ ਹੁੰਦੀ ਹੈ, ਜੋ ਕਿ
ਆਪਣਾ ਸੋਸ਼ਣ ਵੀ ਸ਼ਰਧਾ ਨਾਲ ਸ਼ਾਂਤ ਚਿੱਤ ਹੋ ਕੇ ਕਰਾ ਸਕਣ। ਜਾਗੇ ਹੋਏ ਇਨਸਾਨ ਦਾ ਸੋਸ਼ਣ ਕਰਨਾ ਆਸਾਨ
ਕੰਮ ਨਹੀਂ, ਇਸੇ ਕਰਕੇ ਧਰਮ ਗੁਰੂ ਹਮੇਸ਼ਾਂ ਮਨੁੱਖ ਨੂੰ ਜਗਾਉਂਦੇ ਰਹੇ, ਪਰ ਪੁਜਾਰੀ ਹਮੇਸ਼ਾਂ
ਸੁਆਉਂਦੇ ਰਹੇ ਹਨ। ਸਾਨੂੰ ਇਹ ਵਿਸ਼ਵਾਸ਼ ਵੀ ਪੱਕਾ ਕਰਨ ਦੀ ਲੋੜ ਹੈ ਕਿ ਧਰਮ ਧਰਤੀ ਤੇ ਵਸਦੇ
ਮਨੁੱਖਾਂ ਨੇ ਇਥੇ ਵਸਦੇ ਮਨੁੱਖਾਂ ਲਈ ਹੀ ਬਣਾਇਆ ਸੀ, ਧਰਮ ਮਨੁੱਖ ਲਈ ਹੈ, ਮਨੁੱਖ ਧਰਮ ਲਈ ਨਹੀਂ।
ਧਰਮ ਮਨੁੱਖ ਦੇ ਅੰਦਰ ਦੀ ਖੇਡ ਦਾ ਨਾਮ ਹੈ, ਧਰਮ ਮਨੁੱਖ ਦੇ ਅੰਦਰੋਂ ਜਾਗਣ ਦਾ ਨਾਮ ਹੈ। ਜੇ ਵਿਕਾਰ
ਮਨੁੱਖ ਦੇ ਅੰਦਰ ਹਨ ਤੇ ਉਸ ਲਈ ਜੂਝਣਾ ਵੀ ਅੰਦਰੋਂ ਹੀ ਹੈ। ਇਸੇ ਤਰ੍ਹਾਂ ਸ਼ੁਭ ਗੁਣ, ਰੱਬੀ ਗੁਣ ਵੀ
ਮਨੁੱਖ ਦੇ ਅੰਦਰ ਹੀ ਹਨ, ਇਨ੍ਹਾਂ ਨੂੰ ਜਗਾਉਣਾ ਵੀ ਅੰਦਰੋਂ ਹੀ ਪਵੇਗਾ। ਆਪਣੇ ਗੁਣਾਂ ਤੇ ਔਗੁਣਾਂ
ਪ੍ਰਤੀ ਸੁਚੇਤ (ਜਾਗਿਆ) ਮਨੁੱਖ ਹੀ ਸੱਚਾ ਧਰਮੀ ਹੋ ਸਕਦਾ ਹੈ। ਉਸਨੂੰ ਹੀ ਆਪਣੇ ਅੰਦਰ ਤੇ ਬਾਹਰ ਉਸ
ਰੱਬੀ ਜੋਤ ਦੇ ਦਰਸ਼ਨ ਹੋ ਸਕਦੇ ਹਨ, ਜਿਸ ਲਈ ਪੁਜਾਰੀ ਸਾਰੀ ਉਮਰ ਮਨੁੱਖ ਤੋਂ ਇੱਟਾਂ-ਪੱਥਰਾਂ ਦੇ
ਧਰਮ ਅਸਥਾਨਾਂ ਤੇ ਨੱਕ ਰਗੜਾਉਂਦਾ ਹੈ, ਝੂਠੇ ਪੂਜਾ ਪਾਠਾਂ ਦੇ ਚੱਕਰ ਵਿੱਚ ਪਾਈ ਰੱਖਦਾ ਹੈ। ਧਰਮ
ਗੁਰੂਆਂ ਨੇ ਮਨੁੱਖ ਨੂੰ ਸੁਨੇਹਾ ਦਿੱਤਾ ਸੀ ਕਿ ਰੱਬ ਨੂੰ ਬਾਹਰ ਕਿਤੇ ਭਾਲਣ ਦੀ ਲੋੜ ਨਹੀਂ, ਇਹ
ਤੁਹਾਡੇ ਅੰਦਰ ਹੀ ਹੈ, ਇਸਨੂੰ ਅੰਦਰੋਂ ਹੀ ਲੱਭਣਾ ਪਵੇਗਾ। ਇਸ ਲਈ ਸਾਨੂੰ ਪੁਜਾਰੀਆਂ ਦੀਆਂ ਬਣਾਈਆਂ
ਮਰਿਯਾਦਾਵਾਂ ਦੇ ਸੰਗਲ ਤੋੜਨੇ ਪੈਣਗੇ। ਉਸ ਦੀਆਂ ਨਕਲੀ ਰੀਤਾਂ-ਰਸਮਾਂ, ਮਰਿਯਾਦਾਵਾਂ,
ਪ੍ਰੰਪਰਾਵਾਂ, ਫੋਕਟ ਧਾਰਮਿਕ ਚਿਨ੍ਹਾਂ ਤੇ ਪ੍ਰਸ਼ਨ ਚਿੰਨ ਲਾਉਣਾ ਪਵੇਗਾ, ਉਸਤੇ ਕਿੰਤੂ ਪ੍ਰੰਤੂ
ਕਰਨਾ ਪਵੇਗਾ, ਉਸਨੂੰ ਸਵਾਲ ਕਰਨੇ ਪੈਣਗੇ? ਜਦੋਂ ਤੱਕ ਅਸੀਂ ਸਵਾਲ ਨਹੀਂ ਕਰਾਂਗੇ, ਅੱਖਾਂ ਮੀਟ ਕੇ,
ਸਿਰ ਸੁੱਟ ਕੇ ਸ਼ਰਧਾ ਨਾਲ ਸੱਤ ਬਚਨ ਕਹਿ ਕੇ ਤੁਰੇ ਰਹਾਂਗੇ, ਕੁੱਝ ਨਹੀਂ ਵਾਪਰੇਗਾ? ਸਾਨੂੰ
ਪੁਜਾਰੀਆਂ, ਰਾਜਨੀਤਕਾਂ ਤੇ ਸਰਮਾਏਦਾਰਾਂ ਦੇ ਇਸ ਨਾਪਾਕ ਗੱਠਜੋੜ ਨੂੰ ਪਛਾਨਣਾ ਪਵੇਗਾ, ਪਛਾੜਨਾ
ਪਵੇਗਾ, ਤੋੜਨ ਲਈ ਸੰਗਠਤ ਹੋਣਾ ਪਵੇਗਾ ਤਾਂ ਹੀ ਅਸੀਂ ਮਨੁੱਖਤਾ ਦੇ ਗਲ਼ ਵਿੱਚ ਪਏ ਸੰਗਲ ਤੋੜ
ਸਕਾਂਗੇ। ਸਾਨੂੰ ਆਪਣੇ ਆਪੇ ਦੀ ਪਛਾਣ ਕਰਨੀ ਪਵੇਗੀ, ਧਰਮ ਗ੍ਰੰਥਾਂ ਨੂੰ ਆਪ ਪੜ੍ਹਨਾ, ਵਿਚਾਰਨਾ
ਪਵੇਗਾ, ਜੋ ਕੁੱਝ ਵੀ ਇਨ੍ਹਾਂ ਵਿੱਚ ਮਨੁੱਖਤਾ ਵਿਰੋਧੀ ਹੈ, ਉਸਨੂੰ ਨਕਾਰਨਾ ਪਵੇਗਾ। ਉਸਤੇ ਸਵਾਲ
ਖੜੇ ਕਰਨੇ ਪੈਣਗੇ? ਜੋ ਮਨੁੱਖਤਾ ਦੇ ਹਿੱਤ ਵਿੱਚ ਸਰਬ ਸਾਂਝਾ ਹੈ, ਉਹ ਹੀ ਅਸਲੀ ਧਰਮ ਹੋਵੇਗਾ।
ਉਸਨੂੰ ਅਪਨਾ ਕੇ ਹੀ ਅਸੀਂ ਅਸਲੀ ਧਰਮ ਵਿੱਚ ਅੱਗੇ ਵਧ ਸਕਾਂਗੇ। ਸਾਨੂੰ ਰੱਬ ਦੇ ਹੁਕਮ (ਕੁਦਰਤ ਦੇ
ਨਿਯਮਾਂ) ਨੂੰ ਸਮਝਣ ਲਈ ਉਸ ਨਾਲ ਸਿੱਧਾ ਸਬੰਧ ਬਣਾਉਣਾ ਪਵੇਗਾ, ਪੁਜਾਰੀ ਰੂਪੀ ਵਿਚੋਲਿਆਂ ਨੂੰ
ਬਾਹਰ ਦਾ ਰਸਤਾ ਦਿਖਾਉਣਾ ਪਵੇਗਾ। ਪਰ ਇਹ ਸਭ ਕੁੱਝ ਤੁਹਾਡੇ ਆਪਣੇ ਤੋਂ ਸ਼ੁਰੂ ਹੋਣਾ ਹੈ, ਸਭ ਤੋਂ
ਪਹਿਲਾਂ ਤੁਹਾਨੂੰ ਆਪਣੇ ਅੰਦਰ ਛੁਪੀਆਂ ਸੰਭਾਵਨਾਵਾਂ ਖੋਜਣੀਆਂ ਪੈਣਗੀਆਂ। ਤੁਹਾਡੇ ਅੰਦਰ ਵੀ ਉਹੀ
ਚੇਤੰਨਤਾ ਵਸਦੀ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ ਹੈ, ਇਸਨੂੰ ਜਾਣ ਲੈਣਾ, ਇਸ ਨਾਲ
ਇਕਮਿਕਤਾ ਹਾਸਿਲ ਕਰ ਲੈਣੀ ਹੀ ਧਰਮ ਹੈ। ਜਿਵੇਂ ਇੱਕ ਸਾਇੰਸਦਾਨ ਮੈਟਰ ਦੀ ਖੋਜ ਕਰਨ ਲਈ ਪਿਛਲੇ
ਸਾਰੇ ਸਾਇੰਸਦਾਨਾਂ ਦੀਆਂ ਖੋਜਾਂ ਨੂੰ ਪੜ੍ਹ ਕੇ, ਵਿਚਾਰ ਕੇ, ਉਸਤੋਂ ਸਹਾਇਤਾ ਲੈ ਕੇ ਨਵੀਂ ਖੋਜ
ਕਰਦਾ ਹੈ, ਇਸੇ ਤਰ੍ਹਾਂ ਸਾਨੂੰ ਵੀ ਪਿਛਲੇ ਸਾਰੇ ਧਰਮ ਗੁਰੂਆਂ ਦੀਆਂ ਮਨ, ਆਤਮਾ, ਦਿਮਾਗ, ਚੇਤੰਨਤਾ
ਬਾਰੇ ਖੋਜਾਂ ਨੂੰ ਪੜ੍ਹਨਾ, ਵਿਚਾਰਨਾ ਪਵੇਗਾ ਤਾਂ ਹੀ ਅਸੀਂ ਆਪਣੇ ਮਨ ਦੀ ਖੋਜ ਕਰ ਸਕਾਂਗੇ, ਪਰ ਜੇ
ਅਸੀਂ ਪੁਜਾਰੀਆਂ ਮਗਰ ਲੱਗ ਕੇ ਫਿਰਕਿਆਂ ਦੀ ਸੋਚ ਵਿੱਚ ਬੱਝੇ ਰਹੇ ਤਾਂ ਕੋਈ ਆਤਮਿਕ ਤਰੱਕੀ ਨਹੀਂ
ਹੋਵੇਗੀ। ਅਸੀਂ ਸਾਰੀ ਉਮਰ ਪੁਜਾਰੀ ਦੇ ਪੂਜਾ-ਪਾਠਾਂ, ਰੀਤਾਂ-ਰਸਮਾਂ, ਮਰਿਯਾਦਾਵਾਂ ਨਿਭਾਉਂਦੇ
ਰਹਾਂਗੇ, ਪਰ ਸਿਵਾਏ ਸੋਸ਼ਣ ਤੇ ਅੰਧ ਵਿਸ਼ਵਾਸ਼ ਦੇ ਕੁੱਝ ਹੋਰ ਪੱਲੇ ਨਹੀਂ ਪਵੇਗਾ। ਜੇ ਧਰਮ ਮਨ,
ਆਤਮਾ, ਚੇਤੰਨਤਾ ਦਾ ਵਿਸ਼ਾ ਹੈ ਤਾਂ ਤੁਹਾਡਾ ਮਨ, ਆਤਮਾ, ਚੇਤੰਨਤਾ ਤੁਹਡੇ ਕੋਲ ਹੈ, ਤੁਹਾਨੂੰ ਇਸਦੀ
ਖੋਜ ਲਈ ਨਾ ਤੇ ਬਾਹਰ ਪੁਜਾਰੀਆ ਦੇ ਬਣਾਏ ਇੱਟਾਂ-ਪੱਥਰਾਂ ਦੇ ਧਰਮ ਮੰਦਰਾਂ ਦੀ ਲੋੜ ਹੈ ਤੇ ਨਾ ਹੀ
ਇਨ੍ਹਾਂ ਪੁਜਾਰੀਆਂ ਦੀ। ਧਰਮਾਂ ਦੇ ਪੁਜਾਰੀ ਹਮੇਸ਼ਾਂ ਅਸਲੀ ਧਰਮ ਤੇ ਮਨੁੱਖ ਦੇ ਰਸਤੇ ਵਿੱਚ ਦੀਵਾਰ
ਬਣ ਕੇ ਖੜੇ ਰਹੇ ਹਨ, ਸਾਨੂੰ ਇਸ ਦੀਵਾਰ ਨੂੰ ਪਾਸੇ ਕਰਨਾ ਪਵੇਗਾ ਤਾਂ ਹੀ ਅਸੀਂ ਅਸਲੀ ਧਰਮ ਦੇ ਰਾਹ
ਤੇ ਤੁਰ ਸਕਾਂਗੇ।
(ਚਲਦਾ)