.

ਨਸ਼ਿਆਂ ਤੋਂ ਪਰਹੇਜ਼ ਕਰੋ!
[SIKHISM SHUNS DRINKING]

ਸਾਰੇ ਸੰਸਾਰ ਵਿਖੇ ਬੇਅੰਤ ਪ੍ਰਾਣੀ ਸ਼ਰਾਬ ਪੀਂਦੇ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਹੋਰ ਹਾਨੀਕਾਰਕ ਨਸ਼ਿਆਂ ਦਾ ਸੇਵਨ ਵੀ ਕੀਤਾ ਜਾ ਰਿਹਾ ਹੈ, ਜਿਸ ਸਦਕਾ ਕਈ ਬਿਮਾਰੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਸੜਕਾਂ `ਤੇ ਭਿਅੰਕਰ ਦੁਰਘਟਨਾਵਾਂ ਰਾਹੀਂ ਮੌਤਾਂ ਵੀ ਹੁੰਦੀਆਂ ਹਨ। ਪਰ, ਗੁਰੂ ਸਾਹਿਬਾਨ ਨੇ ਇਲਾਹੀ ਗੁਰਬਾਣੀ ਦੁਆਰਾ ਸਾਡੇ ਉੱਪਰ ਬਹੁਤ ਉਪਕਾਰ ਕੀਤਾ ਤਾਂ ਜੋ ਸਿੱਖ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਹਰ ਸਮੇਂ ਪਰਹੇਜ਼ ਕਰਨ। ਆਓ, ਗੁਰਬਾਣੀ ਤੋਂ ਸੇਧ ਲਈਏ:
ਗੁਰੂ ਗਰੰਥ ਸਾਹਿਬ - ਪੰਨਾ ੧੬॥ ਸਿਰੀ ਰਾਗੁ ਮਹਲਾ ੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥
ਅਰਥ: ਐ ਪ੍ਰਾਣੀ, ਜਿੰਨ੍ਹਾਂ ਪਦਾਰਥਾਂ ਦੇ ਖਾਣ/ਪੀਣ ਨਾਲ ਸਰੀਰ ਰੋਗੀ ਹੋ ਜਾਵੇ, ਮਨ ਵਿੱਚ ਵਿਕਾਰ ਪੈਦਾ ਹੋਂਣ ਅਤੇ ਸਰੀਰ ਨੂੰ ਪੀੜਾ ਹੋਵੇ, ਅਜਿਹੇ ਪਦਾਰਥਾਂ ਨੂੰ ਖਾਣਾ/ਪੀਣਾ ਨਹੀਂ ਚਾਹੀਦਾ। (੧-ਰਹਾਉ)
ਪੰਨਾ ੩੬੦: ਆਸਾ ਮਹਲਾ ੧॥ ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ॥ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ ੨॥ ੪॥ ੩੮॥
ਅਰਥ: ਐ ਪ੍ਰਾਣੀ, ਸੱਚ ਦੇ ਪਿਆਲੇ ਨੂੰ ਪੀਅ, ਜਿਸ ਦੁਆਰਾ ਮਸਤੀ ਸਦਾ ਟਿਕੀ ਰਹਿੰਦੀ ਹੈ, ਪਰ ਐਸੀ ਬਖ਼ਸ਼ਿਸ਼ ਤਾਂ ਹੀ ਹੁੰਦੀ ਹੈ, ਜਿਸ ਉੱਤੇ ਅਕਾਲ ਪੁਰਖ ਆਪ ਮਿਹਰ ਦੀ ਨਜ਼ਰ ਕਰ ਦੇਵੇ। ਜੇਹੜਾ ਪ੍ਰਾਣੀ ਨਾਮ-ਅੰਮ੍ਰਿਤ ਦੇ ਰਸ ਦਾ ਵਪਾਰੀ ਬਣ ਜਾਏ, ਉਹ ਫਿਰ ਫੋਕੀ ਸ਼ਰਾਬ ਦੇ ਨੇੜੇ ਨਹੀਂ ਜਾਂਦਾ। (੨/੪/੩੮)
ਪੰਨਾ ੫੫੩: ਸਲੋਕੁ ਮਰਦਾਨਾ ੧॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ ੧॥
ਅਰਥ: ਭਾਈ ਮਰਦਾਨੇ ਨੂੰ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਕਲਜੁਗੀ ਸੁਭਾਉ ਨੂੰ ਸ਼ਰਾਬ ਕੱਢਣ ਵਾਲਾ ਮੱਟਕਾ, ਕਾਮ ਬ੍ਰਿਤੀ ਨੂੰ ਸ਼ਰਾਬ ਸਮਝੋ ਜਿਸ ਨੂੰ ਪੀਣ ਵਾਲਾ ਪ੍ਰਾਣੀ ਦਾ ਮਨ ਹੈ। ਮੋਹ ਨਾਲ ਭਰੀ ਹੋਈ ਕ੍ਰੋਧ ਦੀ ਕਟੋਰੀ ਹੈ ਅਤੇ ਅਹੰਕਾਰ (ਮਾਨੋਂ) ਪਿਲਾਉਣ ਵਾਲਾ ਹੈ। ਕੂੜੇ ਲੱਬ ਦੀ ਮਹਿਫਲ ਹੈ, ਜਿਸ ਵਿੱਚ ਬੈਠ ਕੇ, ਮਨ ਕਾਮ ਦੀ ਸ਼ਰਾਬ ਨੂੰ ਪੀ ਪੀ ਕੇ ਖੁਆਰ ਹੁੰਦਾ ਹੈ। ਚੰਗੀ ਕਰਣੀ ਨੂੰ ਸ਼ਰਾਬ ਕੱਢਣ ਵਾਲੀ ਲਾਹਣ ਸਮਝ, ਸੱਚ ਬੋਲਣ ਨੂੰ ਗੁੜ ਬਣਾ ਅਤੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ। ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ; ਇਨ੍ਹਾਂ ਨੂੰ ਤੂੰ ਆਪਣੀ ਖ਼ੁਰਾਕ ਬਣਾ। ਗੁਰੂ ਨਾਨਕ ਸਾਹਿਬ ਗੁਰਮੁੱਖ ਪਿਆਰਿਆਂ ਨੂੰ ਓਪਦੇਸ਼ ਕਰਦੇ ਹਨ ਕਿ ਐਸੀ ਖ਼ੁਰਾਕ ਸਤਿਗੁਰੂ ਦੇ ਸਨਮੁੱਖ ਹੋਇਆਂ ਮਿਲਦੀ ਹੈ, ਜਿਸ ਨੂੰ ਖਾਧਿਆ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। (੧)
ਮਰਦਾਨਾ ੧॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥ ੨॥
ਅਰਥ: ਸਰੀਰ ਨੂੰ ਇੰਜ ਸਮਝੋ ਕਿ ਇਹ ਸ਼ਰਾਬ ਕੱਢਣ ਵਾਲੀ ਸਮੱਗਰੀ ਸਮੇਤ ਮੱਟਕਾ ਹੈ, ਅਹੰਕਾਰ ਸ਼ਰਾਬ ਅਤੇ ਤ੍ਰਿਸ਼ਨਾ ਵਿੱਚ ਭਟਕਣਾ ਇੱਕ ਮਹਿਫਲ ਹੈ। ਕੂੜ ਨਾਲ ਭਰੀ ਹੋਈ ਵਾਸ਼ਨਾ ਕਟੋਰੀ ਹੈ ਅਤੇ ਜਮਕਾਲ ਪਿਲਾਉਂਣ ਵਾਲਾ ਹੈ। ਗੁਰੂ ਨਾਨਕ ਸਾਹਿਬ, ਭਾਈ ਮਰਦਾਨੇ ਨੂੰ ਮੁਖਾਤਵ ਕਰਕੇ ਕਹਿੰਦੇ ਹਨ ਕਿ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਪੈਦਾ ਹੁੰਦੇ ਹਨ। ਪਰ, ਜੇ ਅਕਾਲ ਪੁਰਖ ਦਾ ਇਲਾਹੀ ਗਿਆਨ ਗੁੜ ਹੋਵੇ, ਸਿਫ਼ਤਿ ਸਾਲਾਹ ਰੋਟੀਆਂ ਅਤੇ ਪ੍ਰਭੂ ਦਾ ਭੈਅ ਮਾਸ ਖ਼ੁਰਾਕ ਹੋਵੇ ਤਾਂ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐਸਾ ਹੀ ਭੋਜਨ ਸੱਚਾ ਹੈ ਕਿਉਂਕਿ ਸੱਚਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਸਕਦਾ ਹੈ। (੨)
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥ ੩॥
ਅਰਥ: ਜੇ ਸਰੀਰ ਮੱਟਕਾ ਹੋਵੇ, ਆਪੇ ਦੀ ਪਹਿਚਾਣ ਸ਼ਰਾਬ ਅਤੇ ਉਸ ਦੀ ਧਾਰ ਅਮਰ ਕਰਨ ਵਾਲੀ ਹੋਵੇ। ਸਤਸੰਗਤਿ ਦੀ ਮਹਿਫਲ ਅਤੇ ਅੰਮ੍ਰਿਤ-ਨਾਮ ਦੀ ਭਰੀ ਹੋਈ ਲਿਵ-ਰੂਪ ਕਟੋਰੀ ਹੋਵੇ, ਤਾਂ ਹੀ ਪ੍ਰਾਣੀ ਐਸੀ ਸ਼ਰਾਬ ਨੂੰ ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਕਰ ਸਕਦੇ ਹਨ। (੩)
ਪੰਨਾ ੫੫੪: ਸਲੋਕ ਮ: ੩॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥ ੧॥
ਅਰਥ: ਪ੍ਰਾਣੀ ਵਿਕਾਰਾਂ ਨਾਲ ਲਿਬੜਿਆ ਹੋਇਆ ਸ਼ਰਾਬ ਦਾ ਭਾਂਡਾ ਇਸ ਜਗਤ ਵਿੱਚ ਲਿਆਂਦਾ ਹੈ ਅਤੇ ਏਥੇ ਆ ਕੇ ਵੀ ਹੋਰ ਵਿਕਾਰਾਂ ਵਿੱਚ ਹੀ ਗ਼ਲਤਾਨ ਹੋਇਆ ਰਹਿੰਦਾ ਹੈ। ਪਰ, ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਅਤੇ ਪ੍ਰਾਣੀ ਪਾਗਲਪੁਣੇ ਵਾਲੇ ਕੰਮ ਕਰਨ ਲਗ ਪੈਂਦਾ ਹੈ। ਫਿਰ ਉਸ ਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਅਤੇ ਮਾਲਕ ਵਲੋਂ ਵੀ ਧੱਕੇ ਪੈਂਦੇ ਹਨ। ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਅਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ ਜਿਥੋਂ ਤੱਕ ਵੱਸ ਚੱਲੇ, ਕਦੇ ਨਹੀਂ ਪੀਣੀ ਚਾਹੀਦੀ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ ‘ਨਾਮ’ -ਰੂਪ ਨਸ਼ਾ ਉਸ ਪ੍ਰਾਣੀ ਨੂੰ ਮਿਲਦਾ ਹੈ, ਜਿਸ ਨੂੰ ਗੁਰੂ ਦੀ ਬਖ਼ਸ਼ਿਸ਼ ਪਰਾਪਤ ਹੋ ਜਾਏ। ਐਸਾ ਪ੍ਰਾਣੀ ਸਦਾ ਅਕਾਲ ਪੁਰਖ ਦੇ ਸੱਚੇ ਨਾਮ ਵਿੱਚ ਲੀਨ ਰਹਿੰਦਾ ਹੈ ਅਤੇ ਦਰਗਾਹ ਵਿਖੇ ਵੀ ਉਸ ਨੂੰ ਇੱਜ਼ਤ ਮਿਲਦੀ ਹੈ। (੧)
ਪੰਨਾ ੩੧੧: ਗਉੜੀ ਕੀ ਵਾਰ ਮਹਲਾ ੪॥ ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖੁ ਮੂੜ ਬੇਤਾਲੇ॥ ਓਹਿ ਆਲ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ॥ ੧੯॥
ਅਰਥ: ਗੁਰੂ ਰਾਮਦਾਸ ਸਾਹਿਬ ਉਪਦੇਸ਼ ਕਰਦੇ ਹਨ ਕਿ ਐ ਪ੍ਰਾਣੀ, ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਨੂੰ ਨਹੀਂ ਸਿਮਰਿਆ, ਐਸੇ ਮਨਮੁੱਖ ਮੂਰਖ ਤੇ ਭੁਤਨੇ ਮੂੰਹੋਂ ਅਜਿਹਾ ਉਲਟ-ਪੁਲਟ ਬਕਵਾਸ ਕਰਦੇ ਹਨ, ਜਿਵੇਂ ਸ਼ਰਾਬ ਪੀਤੇ ਸ਼ਰਾਬੀ ਬਕਵਾਸ ਕਰਦੇ ਹਨ। (੧੯)
ਪੰਨਾ ੩੯੯: ਆਸਾ ਮਹਲਾ ੫॥ ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥ ੪॥ ੧੨॥ ੧੧੪॥
ਅਰਥ: ਖੋਟੀ ਮਤਿ ਦੇ ਪਿੱਛੇ ਲੱਗ ਕੇ, ਜਿਹੜੇ ਪ੍ਰਾਣੀ ਸ਼ਰਾਬ ਪੀਣ ਲੱਗ ਪੈਂਦੇ ਹਨ, ਉਹ ਗੁਰੂ ਦਾ ਆਸਰਾ ਛੱਡ ਕੇ, ਉਹ ਕਮਲੀ ਵਿਭਚਾਰਨ ਇਸਤਰੀ ਦੇ ਪਤੀ ਵਾਂਗ ਵਿਕਾਰਾਂ ਵਿੱਚ ਝੱਲੇ ਹੋਏ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦੇ ਸ੍ਰੇਸ਼ਟ ਨਾਮ-ਰਸ ਵਿੱਚ ਮਸਤ ਰਹਿੰਦੇ ਹਨ, ਉਹ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਲੀਨ ਹੋਏ ਰਹਿੰਦੇ ਹਨ। (੧੧੪)
ਪੰਨਾ ੧੦੦੧: ਮਾਰੂ ਮਹਲਾ ੫॥ ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ॥ ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ॥ ੧॥
ਅਰਥ: ਗੁਰੂ ਅਰਜਨ ਸਾਹਿਬ ਫੁਰਮਾਨ ਕਰਦੇ ਹਨ ਕਿ ਐ ਅਗਿਆਨੀ, ਤੂੰ ਅਕਾਲ ਪੁਰਖ ਨੂੰ ਕਿਉਂ ਭਲਾ ਦਿੱਤਾ ਹੈ, ਜਿਹੜਾ ਸੱਭ ਨੂੰ ਜਿੰਦ ਦੇਣ ਵਾਲਾ ਹੈ ਅਤੇ ਸਰਬ ਸੁੱਖ ਦਾਤਾ ਹੈ। ਛੇਤੀਂ ਖ਼ੱਤਮ ਹੋਣ ਵਾਲੇ ਸ਼ਰਾਬ ਦੇ ਝੂਠੇ ਮੋਹ ਦਾ ਨਸ਼ਾ ਚੱਖ ਕੇ, ਤੂੰ ਝੱਲਾ ਹੋ ਗਿਆ ਹੈਂ ਅਤੇ ਤੇਰਾ ਕੀਮਤੀ ਜਨਮ ਵਿਅਰਥ ਹੀ ਜਾ ਰਿਹਾ ਹੈ। (੧)
ਪੰਨਾ ੧੩੫੯: ਸਲੋਕ ਸਹਸਕ੍ਰਿਤੀ ਮਹਲਾ ੫॥ ਉਦਿਆਨ ਬਸਨੰ ਸੰਸਾਰੰ ਸਨਬੰਧੀ ਸਵਾਨ ਸਿਆਲ ਖਰਹ॥ ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ॥ …. ੫੮॥
ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਪ੍ਰਾਣੀ ਦਾ ਵਾਸਾ ਇੱਕ ਐਸੇ ਸੰਸਾਰ-ਜੰਗਲ ਵਿੱਚ ਹੈ ਜਿੱਥੇ ਕੁੱਤੇ, ਗਿੱਦੜ ਅਤੇ ਖੋਤੇ ਆਦਿਕ ਉਸ ਦੇ ਸੰਬੰਧੀ ਹਨ। ਐਸੇ ਪ੍ਰਾਣੀ ਦਾ ਮਨ ਬੜੀ ਔਖੀ ਥਾਂ ਵਿਖੇ ਮੋਹ ਦੀ ਸ਼ਰਾਬ ਵਿੱਚ ਫਸਿਆ ਪਿਆ ਹੈ ਅਤੇ ਪੰਜ ਅਜਿੱਤ ਬੁਰੇ ਕਾਮਾਦਿਕ ਚੋਰ ਉਸ ਦੇ ਸਾਥੀ ਬਣੇ ਹੋਏ ਹਨ। ਇਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਪੰਨਾ ੧੩੭੭: ਸਲੋਕ ਭਗਤ ਕਬੀਰ ਜੀਉ ਕੇ॥ ਕਬੀਰ ਭਾਂਗ ਮਾਛੁਲੀ ਸੁਰਾਪਾਨਿ ਜੋ ਜੋ ਪ੍ਰਾਨੀ ਖਾਂਹਿ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲ ਜਾਂਹਿ॥ ੨੩੩॥
ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਤੀਰਥ-ਯਾਤ੍ਰਾ ਅਤੇ ਵਰਤ-ਨੇਮ ਆਦਿਕ ਭੀ ਕਰਦੇ ਹਨ ਪਰ, ਉਹ ਭੰਗ, ਮੱਛੀ ਤੇ ਸ਼ਰਾਬ ਦੀ ਭੀ ਵਰਤੋਂ ਕਰਦੇ ਹਨ (ਭਾਵ, ਸਤਸੰਗ ਭੀ ਕਰਦੇ ਹਨ ਅਤੇ ਵਿਕਾਰ ਕੰਮ ਭੀ ਕਰਦੇ ਹਨ), ਉਨ੍ਹਾਂ ਦੇ ਉਹ ਤੀਰਥ, ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਹੀ ਜਾਂਦੇ ਹਨ। (੨੩੩)
ਪੰਨਾ ੧੨੯੩: ਮਲਾਰ ਬਾਣੀ ਭਗਤ ਰਵਿਦਾਸ ਜੀ ਕੀ॥ ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥ ੧॥
ਅਰਥ: ਭਗਤ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਜੇ ਗੰਗਾ ਦੇ ਪਾਣੀ ਤੋਂ ਭੀ ਸ਼ਰਾਬ ਤਿਆਰ ਕੀਤੀ ਹੋਵੇ ਤਾਂ ਵੀ ਅਕਾਲ ਪੁਰਖ ਦੀ ਭਗਤੀ ਕਰਨ ਵਾਲਿਆਂ ਨੂੰ ਪੀਣੀ ਮਨ੍ਹਾ ਹੈ। ਪਰ, ਜੇ ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ ਗੰਦੇ ਪਾਣੀ ਭੀ ਹੋਣ, ਉਹ ਗੰਗਾ ਦੇ ਪਾਣੀ ਵਿੱਚ ਮਿਲ ਕੇ, ਉਸ ਤੋਂ ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਅਖੌਤੀ ਨੀਵੀਂ ਕੁਲ ਦਾ ਪ੍ਰਾਣੀ) ਭੀ ਪਰਮ ਪਵਿਤ੍ਰ ਅਕਾਲ ਪੁਰਖ ਨਾਲ ਜੁੜ ਕੇ, ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ। (੧)
ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਸਦਾ ਸ਼ਰਾਬ ਅਤੇ ਐਸੇ ਹੋਰ ਜ਼ਹਿਰੀਲੇ ਨਸ਼ਿਆਂ ਤੋਂ ਦੂਰ ਰਹਿਣ। ਸਾਨੂੰ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਬਾਣੀ ਆਪ ਸੋਚ-ਸਮਝ ਕੇ ਪੜ੍ਹਣੀ ਚਾਹੀਦੀ ਹੈ ਅਤੇ ਗੁਰਬਾਣੀ ਅਨੁਸਾਰ ਸਚਿਆਰ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੭ ਨਵੰਬਰ ੨੦੧੩




.