.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਛੇਵੀਂ)

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਦੀ ਤੀਜੀ ਮਨਘੜਤ ਕਹਾਣੀ ਹਜ਼ੂਰ ਦੇ ਸਰੀਰ ਦੇ ਅਲੋਪ ਹੋਣ ਸੰਬੰਧੀ ਹੈ। ਸਾਖੀਕਾਰਾਂ ਅਨੁਸਾਰ ਗੁਰੂ ਸਾਹਿਬ ਦੇ ਸਰੀਰ ਦੇ ਅਲੋਪ ਹੋਣ ਦਾ ਕਾਰਨ, ਹਿੰਦੂ ਅਤੇ ਮੁਸਲਮਾਨਾਂ ਵਲੋਂ ਗੁਰਦੇਵ ਦੇ ਮਿਰਤਕ ਸਰੀਰ ਦੇ ਅੰਤਮ ਸੰਸਕਾਰ ਨੂੰ ਲੈ ਕੇ ਹੋਇਆ ਤਕਰਾਰ ਸੀ। ਦੋਵੇਂ ਧਿਰਾਂ ਆਪੋ-ਆਪਣੇ ਧਾਰਮਿਕ ਅਕੀਦੇ ਅਨੁਸਾਰ ਗੁਰੂ ਸਾਹਿਬ ਦੇ ਮਿਰਤਕ ਸਰੀਰ ਦਾ ਸੰਸਕਾਰ ਕਰਨਾ ਚਾਹੁੰਦੀਆਂ ਸਨ; ਭਾਵ, ਹਿੰਦੂ ਸਤਿਗੁਰੂ ਜੀ ਦੇ ਸਰੀਰ ਦਾ ਸਸਕਾਰ ਕਰਨਾ ਚਾਹੁੰਦੇ ਸਨ ਅਤੇ ਮੁਸਲਮਾਨ ਦਫ਼ਨਾਉਣਾ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ, ਦੋਹਾਂ ਧਿਰਾਂ ਵਿੱਚ ਤਕਰਾਰ ਇੱਥੋਂ ਤੀਕ ਵੱਧ ਗਿਆ ਕਿ ਲੜਾਈ ਤੱਕ ਨੌਬਤ ਆ ਗਈ। ਪਰ ਜਦੋਂ ਦੋਹਾਂ ਧਿਰਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ ਸਣ ਦੇਹੀ ਹੀ ਸੱਚਖੰਡ ਚਲੇ ਗਏ ਹਨ ਤਾਂ ਇਹਨਾਂ ਨੇ ਗੁਰੂ ਸਾਹਿਬ ਦੀ ਚਾਦਰ ਨੂੰ ਹੀ ਦੋ ਹਿਸਿਆਂ ਵਿੱਚ ਵੰਡ ਲਿਆ। ਹਿੰਦੂਆਂ ਨੇ ਆਪਣੇ ਹਿੱਸੇ ਆਈ ਚਾਦਰ ਦਾ ਸਸਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਇਸ ਨੂੰ ਦਫ਼ਨਾ ਦਿੱਤਾ।
ਸਾਡੇ ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਦੇ ਮਿਰਤਕ ਸਰੀਰ ਦੇ ਸਸਕਾਰ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਹੋਏ ਤਕਰਾਰ ਅਤੇ ਗੁਰੂ ਸਾਹਿਬ ਦੀ ਚਾਦਰ ਨੂੰ ਜਲਾਉਣ ਅਤੇ ਦਫ਼ਨਾਉਣ ਦੀ ਇਸ ਪ੍ਰਕ੍ਰਿਆ ਨੂੰ ਗੁਰੂ ਸਾਹਿਬ ਦੇ ਹਰਮਨ ਪਿਆਰੇ ਹੋਣ ਦੀ ਗਵਾਹੀ ਵਜੋਂ ਪੇਸ਼ ਕੀਤਾ ਹੈ। ਜਿਵੇਂ ਪ੍ਰਿੰਸੀਪਲ ਸਤਬੀਰ ਸਿੰਘ ਜੀ ‘ਸਾਡਾ ਇਤਿਹਾਸ’ ਭਾਗ ੧ ਵਿੱਚ ‘ਰਾਬਰਟ ਨੀਡਮ ਕਸਟ’ ਦਾ ਹਵਾਲਾ ਦਿੰਦਿਆਂ ਲਿਖਦੇ ਹਨ ਕਿ, “ਸੰਸਾਰ ਭਰ ਵਿੱਚ ਇਹ ਇਕੋ ਮਿਸਾਲ ਹੈ ਕਿ ਕਿਸੇ ਇੱਕ ਵਿਅਕਤੀ ਦਾ ਦੋ ਰੀਤੀਆਂ ਨਾਲ ਅੰਤਮ ਸੰਸਕਾਰ ਹੋਇਆ ਹੋਵੇ। ਫਿਰ ਇਹ ਵੀ ਅਜੀਬ ਗੱਲ ਹੈ ਕਿ ਸਮਾਧ ਤੇ ਮਕਬਰੇ ਦੀ ਦੀਵਾਰ ਸਾਂਝੀ ਹੈ। ਐਸੀ ਏਕਤਾ ਮਿਲਣੀ ਅਸੰਭਵ ਹੈ।”
ਇਸ ਸਾਖੀ ਵਿੱਚਲੀ ਸਚਾਈ ਨੂੰ ਦੇਖਣ ਲਈ, ਇਸ ਸਾਖੀ ਦਾ ਵਰਨਣ ਕਰਨ ਵਾਲੇ ਮੁਢਲੇ ਸੋਮਿਆਂ `ਚ, ਜਿਸ ਤਰ੍ਹਾਂ ਨਾਲ ਇਸ ਘਟਨਾ ਦਾ ਵਰਨਣ ਕੀਤਾ ਗਿਆ ਹੈ, ਇਸ ਦੀ ਚਰਚਾ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਅਲੋਪ ਹੋਣ ਦਾ ਵਰਨਣ ਕਰਨ ਵਾਲੇ ਮੁਢਲੇ ਸੋਮੇ ਇਹ ਹਨ:-
ਜਨਮ ਸਾਖੀਆਂ (ਭਾਈ ਬਾਲੇ ਵਾਲੀ, ਪੁਰਾਤਨ ਅਤੇ ਮਿਹਰਬਾਨ ਵਾਲੀ ਜਨਮ ਸਾਖੀ), ਅਤੇ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ।
ਜਨਮ ਸਾਖੀਆਂ ਵਿੱਚੋਂ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਧੇਰੇ ਪ੍ਰਚਲਤ ਹੋਣ ਕਾਰਨ, ਸਿੱਖ ਸੰਗਤਾਂ ਦੇ ਹੱਥਾਂ ਵਿੱਚ ਇਹ ਜਨਮ ਸਾਖੀ ਹੀ ਅਪੜੀ ਹੈ। ਦੂਜੀਆਂ ਜਨਮ ਸਾਖੀਆਂ ਆਮ ਬਾਜ਼ਾਰ ਵਿੱਚ ਮਿਲਦੀਆਂ ਵੀ ਨਹੀਂ ਸਨ। ਅੱਜ ਤੋਂ ਕੁੱਝ ਦਹਾਕੇ ਪਹਿਲਾਂ ਧਾਰਮਿਕ ਸਾਹਿਤ ਪੜ੍ਹਣ ਦੀ ਰੁਚੀ ਰੱਖਣ ਵਾਲੇ ਪਰਵਾਰਾਂ ਦੇ ਘਰਾਂ ਵਿੱਚ ਮੁੱਖ ਰੂਪ ਵਿੱਚ ਇਹ ਜਨਮ ਸਾਖੀ ਹੀ ਹੁੰਦੀ ਸੀ। ਇਸ ਲਈ ਇਸ ਵਿੱਚ ਅੰਕਤ ਸਾਖੀਆਂ ਦਾ ਹੀ ਪਰਚਾਰ ਹੋਇਆ ਹੈ। ਸੂਰਜ ਪ੍ਰਕਾਸ਼ ਆਦਿ ਦੇ ਲੇਖਕਾਂ ਨੇ ਵੀ ਇਸ ਜਨਮ ਸਾਖੀ ਨੂੰ ਹੀ ਆਧਾਰ ਬਣਾਇਆ ਹੈ। ਇਸ ਸਾਖੀ ਦੀ ਲਿਖਤ ਤੋਂ ਹੀ ਇਸ ਸਾਖੀ ਦੀ ਅਸਲੀਅਤ ਨੂੰ ਸਮਝਣ ਦੀ ਸ਼ੁਰੂਆਤ ਕਰ ਰਹੇ ਹਾਂ। (ਨੋਟ:-ਅਸੀਂ ਮੁੱਖ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਦੀਆਂ ਪ੍ਰਚਲਤ ਮਨਘੜਤ ਕਹਾਣੀਆਂ ਸੰਬੰਧੀ ਹੀ ਚਰਚਾ ਕਰ ਰਹੇ ਹਾਂ, ਇਸ ਲਈ ਭਾਈ ਬਾਲੇ ਦੀ ਹੋਂਦ ਜਾਂ ਇਸ ਜਨਮ ਸਾਖੀ ਦੀ ਅਸਲੀਅਤ ਸੰਬੰਧੀ ਚਰਚਾ ਕਰਨਾ ਤੋਂ ਸੰਕੋਚ ਕਰ ਰਹੇ ਹਾਂ।)
ਇਸ ਸਾਖੀ ਅਨੁਸਾਰ ਜਿਉਂ ਹੀ ਗੁਰੂ ਨਾਨਕ ਸਾਹਿਬ ਦੀ ਜੋਤ ਪਰਮ ਜੋਤੀ ਵਿੱਚ ਲੀਨ ਹੋ ਗਈ “ਤਾਂ ਫੇਰ ਓਥੇ ਪਰਵਾਰ ਵਿੱਚ ਕਹਾਇ ਪੈ ਗਈ ਸਭ ਇਕੱਤ੍ਰ ਹੋਇ ਕਰ ਲੱਗੇ ਬੈਰਾਗ ਕਰਨੇ ਤਾਂ ਇਤਨੇ ਮੈਂ ਸ੍ਰੀ ਬਾਬੇ ਕੇ ਮੁਰੀਦ ਪਠਾਣ ਆਏ ਉਹ ਕਹਿਣ ਹਮ ਬਾਬੇ ਜੀ ਕਾ ਦੀਦਾਰ ਕਰੇਂਗੇ ਹਿੰਦੂਆਂ ਕਿਹਾ ਭਾਈ ਅਬ ਤੁਮਾਰਾ ਸਮਾਂ ਨਹੀਂ ਤਾਂ ਪਠਾਣਾਂ ਕਿਹਾ ਹਮਾਰਾ ਪੀਰ ਹੈ ਤੇ ਅਸੀਂ ਜ਼ਰੂਰ ਦੀਦਾਰ ਕਰਾਂਗੇ, ਔਰ ਪੀਰਾਂ ਦਾ ਰਾਹ ਹੈ ਸੋ ਹਮ ਕਰਾਂਗੇ ਤਾਂ ਹਿੰਦੂ ਮੁਸਲਮਾਨਾਂ ਦਾ ਝਗੜਾ ਵਧ ਗਿਆ ਹਿੰਦੂ ਕਹਿਣ ਅਸਾਂ ਨਹੀਂ ਦੇਖਣ ਦੇਣਾ ਮੁਸਲਮਾਨ ਕਹਿਣ ਅਸਾਂ ਦੀਦਾਰ ਕਰਨਾ ਹੈ ਬਹੁਤ ਵਾਦ ਹੂਆ। ਪਠਾਨ ਕਹਿਣ ਗੌਰ ਮੰਜਲ ਕਰਾਂਗੇ ਤਾਂ ਵਿਚੋਂ ਭਲੇ ਲੋਕਾਂ ਕਿਹਾ ਅੰਦਰ ਚਲਕੇ ਦੇਖੋ ਤਾਂ ਸਹੀ ਜਾਂ ਦੇਖਿਆ ਤਾਂ ਚਾਦਰ ਹੀ ਹੈ, ਬਾਬੇ ਦੀ ਦੇਹ ਹੈ ਨਹੀਂ। ਦੋਹਾਂ ਦਾ ਝਗੜਾ ਚੁਕ ਗਿਆ ਜਿਤਨੇ ਸਿਖ ਸੇਵਕ ਸੇ ਸਭ ਰਾਮ ਰਾਮ ਕਰ ਉਠੇ। …ਫੇਰ ਹਿੰਦੂਆਂ ਅੱਧੀ ਚਾਦਰ ਲੈ ਕੇ ਬਿਬਾਣ ਮੇਂ ਰਖਕੇ ਚਿਖਾ ਮੇਂ ਜਲਾਈ ਤੇ ਮੁਸਲਮਾਨ ਅੱਧੀ ਚਾਦਰ ਦਫਨ ਕੀਤੀ। ਦੋਹਾਂ ਆਪੋ ਆਪਣੇ ਧਰਮ ਕਰਮ ਕੀਤੇ ਤੇ ਬਾਬਾ ਜੀ ਬੈਕੁੰਠ ਕੋ ਸਣ ਦੇਹ ਗਏ ਹੈਨ।”
ਇਸ ਜਨਮ ਸਾਖੀ ਅਨੁਸਾਰ “ਸ੍ਰੀ ਬਾਬੇ ਜੀ ਦੇ ਚਲਾਣੇ ਦੀ ਕਥਾ ਬਾਬੇ ਬੁਢੇ ਨੇ ਸ੍ਰੀ ਗੁਰੂ ਅੰਗਦ ਜੀ ਤੇ ਬਾਲੇ ਕੋ ਹੋਰ ਸੰਗਤ ਕੇ ਹਜੂਰ ਸੁਣਾਈ ਤੇ ਹੋਰ ਕਥਾ ਭਾਈ ਬਾਲੇ ਸੁਣਾਈ।”
ਇਸ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਭਾਈ ਬਾਲੇ ਨੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕੀਤੀ, “ਹੇ ਗੁਰੂ ਅੰਗਦ ਜੀ ਹੁਣ ਆਪ ਕਿਰਪਾ ਕਰਕੇ ਸ੍ਰੀ ਗੁਰੂ ਨਾਨਕ ਜੀ ਦੇ ਚਲਾਣੇ ਦੀ ਸਾਖੀ ਸੁਣਾਓ ਜੀ ਜੋ ਸ੍ਰੀ ਮਹਾਰਾਜ ਜੀ ਜੋਤੀ ਜੋਤ ਕਿਸ ਤਰਹ ਸਮਾਏ ਹਨ। ਜਾਂ ਭਾਈ ਬਾਲੇ ਏਹ ਪ੍ਰਸ਼ਨ ਕੀਤਾ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਕਹਿਨੇ ਲਗੇ ਸੁਣੋ ਭਾਈ ਬਾਲਾ ਸ੍ਰੀ ਮਹਾਰਾਜ ਦੇ ਚਲਾਣੇ ਦੀ ਸਾਖੀ ਭਾਈ ਬੁਢੇ ਪਾਸੋਂ ਪੁਛੋ ਕਿਉਂ ਕਿ ਜਿਸ ਤਰਾਂ ਆਪ ਕੋ ਸ੍ਰੀ ਬਾਬੇ ਜੀ ਤਲਵੰਡੀ ਭੇਜ ਦਿਤਾ ਸੀ ਓਸੇ ਤਰਹ ਸ੍ਰੀ ਗੁਰੂ ਨਾਨਕ ਜੀ ਚਲਾਣੇ ਦੇ ਵਕਤ ਮੇਰੇ ਕੋ ਖਡੂਰ ਭੇਜ ਦੀਆ ਥਾ ਤੋ ਪੀਛੇ ਭਾਈ ਬੁਢਾ ਜੀ ਨੇ ਚਰਿਤ੍ਰ ਦੇਖਿਆ ਹੈ ਸੋ ਭਾਈ ਬੁਢਾ ਜੀ ਪਾਸੋਂ ਸ੍ਰਵਣ ਕਰੋ।”
ਇਸ ਜਨਮ ਸਾਖੀ ਦੇ ਕਰਤਾ ਇੱਕ ਪਾਸੇ ਇਹ ਦਾਅਵਾ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਭਾਈ ਬਾਲਾ ਮੌਜੂਦ ਨਹੀਂ ਸਨ, ਦੂਜੇ ਪਾਸੇ ਲੇਖਕ ਹੁਰੀਂ ਲਿਖਦੇ ਹਨ ਕਿ, “ਗੁਰੂ ਬਾਬਾ ਨਾਨਕ ਜੀ ਰਾਵੀ ਨਦੀ ਕੋ ਕਨਾਰੇ ਆਏ ਪੱਖੋਕੇ ਰੰਧਾਵੇ ਆ ਨਿਕਲੇ ਕਮਲੇ ਨੂੰ ਭੀ ਨਾਲੋਂ ਵਿਦਾ ਕੀਤਾ ਇੱਕ ਭਾਈ ਬਾਲਾ ਨਾਲ ਰਖਯਾ ਸਧਾਰਣ ਸਿਖ ਦੇ ਘਰ ਆਇ ਵੜੇ…ਸਧਾਰਣ ਆਇ ਪੈਰੀਂ ਪਿਆ ਤਾਂ ਗੁਰੂ ਨਾਨਕ ਜੀ ਆਖਿਆ ਸਧਾਰਣਾਂ ਹਉਂ ਸਮਾਂਵਦਾ ਹਾਂ ਤੂੰ ਚਲਾਣੇ ਦੀ ਸਮੱਗ੍ਰੀ ਲੈ ਆਉ ਤਾਂ ਸਧਾਰਣ ਦੀ ਮਾਉਂ ਆਖਿਆ ਤਪਾ ਜੀ ਤੈਂ ਮੇਰੇ ਨਾਲ ਕਰਾਰ ਸੀ ਹਉਂ ਸਧਾਰਣ ਕੇ ਦਹੀਂ ਵੜੇ ਖਾਇ ਕਰ ਚਲਾਂਗੇ ਤਾਂ ਏਹ ਕਹਿ ਕਰ ਗੁਰੂ ਬਾਬੇ ਜੀ ਨੇ ਆਖਿਆ ਅਠਾਰਾਂ ਦਿਨਾਂ ਨੂੰ ਸਰਾਧ ਹੈਨ ਨਉਮੀ ਕਾ ਸਰਾਧ ਸਧਾਰਣ ਕੇ ਪਿਉ ਦਾ ਸੋ ਉਸ ਦੇ ਦੇਹੀਂ ਵੜੇ ਖਾਇ ਕਰ ਦਸਮੀ ਕੋ ਚਲਾਂਗੇ ਤਾਂ ਇਤਨੇ ਕਹਿਣੇ ਨਾਲ ਧੁੰਮ ਪੈ ਗਈ ਤਾਂ ਅਜਿੱਤੇ ਨੇ ਸੁਣ ਕਰ ਗੁਰੂ ਨਾਨਕ ਜੀ ਕੋ ਆਇ ਮਥਾ ਟੇਕਿਆ ਅਤੇ ਕਹਿਆ ਹੇ ਸੱਚੇ ਪਾਤਸ਼ਾਹ ਏਹ ਕੀ ਕਾਰਨ ਕਰਨ ਲੱਗੇ ਹੋ ਫੇਰ ਬਾਬੇ ਨਾਨਕ ਜੀ ਆਖਿਆ ਲਖਮੀ ਦਾਸ ਅਤੇ ਸ੍ਰੀ ਚੰਦ ਨੂੰ ਸਦਵਾਓ ਮੈਂ ਸਮਾਂਵਦਾ ਹਾਂ ਤਾਂ ਸਧਾਰਣ ਆਖਿਆ ਜੀ ਸਿਰੀ ਚੰਦ ਹੋਰੀਂ ਕਿਥੇ ਹੈਨ ਤਾਂ ਗੁਰੂ ਜੀ ਕਹਿਆ ਕਰਤਾਰਪੁਰ ਹੈਨ ਤਾਂ ਲਖਮੀ ਦਾਸ ਤੇ ਸਿਰੀ ਚੰਦ ਭੀ ਆਏ ਪੱਖੋ ਕੇ ਰੰਧਾਵੇ ਆਇ ਕਰ ਮੱਥਾ ਟੇਕ ਕਰ ਸ਼ਿਕਾਰ ਚੜ ਗਏ ਤਾਂ ਫੇਰ ਗੁਰੂ ਬਾਬਾ ਜੀ ਬੋਲਿਆ ਜੋ ਸ੍ਰੀ ਚੰਦ ਤੇ ਲਖਮੀ ਦਾਸ ਕਿੱਧਰ ਗਏ ਹੈਨ ਤਾਂ ਉਨਾਂ ਸਿਖਾਂ ਆਖਿਆ ਜੀ ਸ਼ਿਕਾਰ ਗਏ ਹੈਨ ਤਾਂ ਫੇਰ ਗੁਰੂ ਬਾਬੇ ਨਾਨਕ ਜੀ ਆਖਿਆ ਜਾਓ ਸਿੱਖੋ ਤੁਸੀ ਜਾਇ ਕਰ ਸੱਦ ਲਿਆਓ ਤਾ ਸਿਖ ਉਠ ਕਰ ਸੱਦਨੇ ਨੂੰ ਗਿਆ। …ਸੰਮਤ ੧੫੯੬ ਅੱਸੂ ਸੁਦੀ ਦਸਮੀ ਕੋ ਬਾਬਾ ਨਾਨਕ ਜੀ ਜੋਤੀ ਜੋਤ ਸਮਾਣੇ ਪਹਿਰ ਦਿਨ ਚੜ੍ਹੇ ਤਾਂ ਲੋਕ ਬਹੁਤ ਜੁੜ ਗਏ ਤਿਨਾਂ ਆਖਿਆ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਸਦਾਇ ਲੇਹੋ ਨਾਨਕ ਤਪਾ ਸਮਾਣਾ ਹੈ. . ਇੰਨੇ ਚਿਰਾਂ ਨੂੰ ਭਾਈ ਬਾਲੇ ਜਟੇਟੇ ਨੇ ਆਣ ਪੋਟ ਮਾਰੀ ਕਹਿਣ ਲੱਗਾ ਮੇਰੇ ਸਾਹਿਬਾ ਆਪਣਾਂ ਬਚਨ ਸਮਾਲ ਮੈਨੂੰ ਨਾਲੇ ਲੈ ਚਲ ਭਲੀ ਮੇਰੀ ਸਾਰ ਕੀਤੀਆ ਹੈਈ ਮੇਰੇ ਸਾਹਿਬਾ ਹਾਇ ਹਾਇ ਭਾਈ ਬਾਲਾ ਕਰਦਾ ਸੀ ਤਾਂ ਬਾਬਾ ਨਾਨਕ ਜੀ ਉਠ ਬੈਠਾ ਆਖਣ ਲੱਗਾ. . ਤਾਂ ਗੁਰੂ ਬਾਬਾ ਜੀ ਬੋਲਿਆ ਜੋ ਭਾਈ ਬਾਲਾ ਬਾਹਰ ਕੁਰਲਾਂਵਦਾ ਹੈ ਉਸ ਨੂੰ ਅੰਦਰ ਸੱਦੋ ਤਾਂ ਭਾਈ ਬਾਲਾ ਜਟੇਟਾ ਆਯਾ ਤਾਂ ਸ੍ਰੀ ਬਾਬੇ ਨਾਨਕ ਜੀ ਆਖਿਆ ਬੱਚਾ ਤੂੰ ਸਾਡੇ ਨਾਲੇ ਹੀ ਰਹੇਂਗਾ ਮੇਰਾ ਬੇਟਾ ਤੂੰ ਝੂਰ ਨਾਹੀਂ ਤੂੰ ਮੇਰੇ ਨਾਲ ਹੀ ਰਹੇਂਗਾ ਤੂੰ ਮੇਰੇ ਅੱਗੇ ਹਰਿ ਜਸ ਕਰਦਾ ਚਲੀਂ ਤੁਧ ਨੂੰ ਹਉਂ ਛੱਡਦਾ ਨਾਹੀਂ।”
ਸਾਖੀਕਾਰ ਆਪਣੀ ਕਲਪਨਾ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਦਿਆਂ ਫਿਰ ਲਿਖਦੇ ਹਨ, “ਤਾਂ ਇਤਨੀਆਂ ਗੱਲਾਂ ਕਹਿ ਕਰ ਬਾਲੇ ਕੋ ਗੁਰੂ ਧੀਰਜ ਦੇਤੇ ਭਏ ਤੇ ਕਹਾ ਬਾਲਾ ਤੂੰ ਜੋ ਕਹਿੰਦਾ ਹੈਂ ਹੁਣ ਜਾਵਾਂ ਤਾਂ ਤੂੰ ਕੁਛ ਕਾਲ ਸਾਡੇ ਪਾਸ ਰਹੇ ਅਤੇ ਅਸਾਂ ਇੱਕ ਚੋਜ ਕਰਨਾ ਹੈ ਜੇ ਤੂੰ ਅਸਾਡਾ ਕਹਿਆ ਮੰਨੇ ਤਾਂ ਤੂੰ ਏਥੇ ਰਹੀਂ ਅਤੇ ਤੇਰੇ ਪਾਸ ਜੋ ਸਿਖ ਰਲਕੇ ਆਵਣਗੇ ਤੇ ਤੇਰੇ ਪਾਸੋਂ ਪੁਛਨਗੇ ਤਾਂ ਤੂੰ ਕਹੀਂ ਭਾਈ ਗੁਰੂ ਸਮਾਇ ਗਏ ਹੈਨ ਅਤੇ ਜੋ ਕੁੱਝ ਤੈਨੂੰ ਕੰਮ ਹੋਵੇ ਤਾਂ ਸਾਨੂੰ ਮਨ ਵਿੱਚ ਯਾਦ ਕਰੀਂ ਅਸੀਂ ਓਸੇ ਵਕਤ ਤੈਨੂੰ ਦਰਸ਼ਨ ਦੇਵਾਂਗੇ ਔਰ ਸਭ ਧਰਮਸਾਲ ਦੀ ਖਵਰਦਾਰੀ ਰੱਖਣੀ ਤੇ ਜੋ ਆਇ ਕਰ ਪੁੱਛੈ ਤਾਂ ਕਹਿਣਾ ਗੁਰੂ ਜੀ ਕਾ ਕੁਛ ਪਤਾ ਨਹੀਂ ਖ਼ਬਰ ਨਹੀਂ ਸਮਾਇ ਗਏ ਹੈਨ ਕਿ ਖਬਰ ਨਹੀਂ ਧਰਤੀ ਕਾ ਸੈਲ ਕਰਨ ਕੋ ਗਏ ਹੈਨ ਤੇ ਸਭ ਕੋ ਕਹਿਣਾ ਕਿ ਨਾਮ ਜਪੋ ਤੇ ਸ਼ਬਦ ਪੜੋ ਤੇ ਸ਼ੋਕ ਕੋਈ ਨ ਕਰੇ ਗੁਰੂ ਹਾਜ਼ਰਾ ਹਜ਼ੂਰ ਹੈ ਜਹਾਂ ਕਹਾਂ ਸਿੱਖ ਕੋ ਲੋੜ ਹੋਵੇ ਸੋ ਗੁਰੂ ਕੇ ਆਗੇ ਪ੍ਰਾਰਥਨਾ ਕਰਨ ਤਾਂ ਹਾਜ਼ਰ ਹੋਵਾਂਗੇ ਸੁਣ ਬਾਬਾ ਤੇਰਾ ਸਾਡਾ ਤੇ ਮਰਦਾਨੇ ਦਾ ਤਾਂ ਕਦਾਚਿਤ ਨਹੀਂ ਵਿਯੋਗ ਹੋਣਾ ਕਿਉਂ ਜੋ ਅਸਾਂ ਜੋ ਕੰਮ ਮਾਤ ਲੋਕ ਵਿੱਚ ਕਰਨਾ ਸੀ ਅਤੇ ਨਿੰਰਕਾਰ ਜੀ ਕੀ ਸਾਨੂੰ ਜੋ ਆਗਿਆ ਹੈ ਸੋ ਤਾਂ ਅਸਾਂ ਓਹ ਕੰਮ ਕੀਤੇ ਹੈਨ ਸੰਪੂਰਨ ਸਭ ਕਾ ਸਫਰ ਵੀ ਕਰਾ ਹੈ ਅਤੇ ਕਈ ਪੁਰਸ਼ ਪਰਮੇਸ਼ਰ ਜੀ ਕੋ ਜਾਣਦੇ ਨਹੀਂ ਸਨ ਸੋ ਉਨ ਪੱਥਰਾਂ ਕੌ ਸ੍ਰੀ ਨਿਰੰਕਾਰ ਜੀ ਕੇ ਬਲ ਕਰ ਕੇ ਉਨਹਾਂ ਉਪਰ ਸਾਯਾ ਪਾਯਾ ਸੁਨ ਬਾਲਾ ਦੇਵ ਦਾਨੋ ਪਸ਼ੂ ਪੰਛੀ ਸ਼ੇਰ ਹਾਥੀ ਤੇ ਕੀੜੀਆਂ ਤਾਈਂ ਸੱਚੇ ਮਾਰਗ ਕੇ ਰਸਤੇ ਪਾਯਾ ਹੈ ਅਬ ਭਾਈ ਬਾਲਾ ਇੱਕ ਹੁਕਮ ਓਸ ਸੱਚੇ ਵਾਹਿਗੁਰੂ ਦਾ ਹੈ ਕਿ ਨਾਨਕ ਤੂੰ ਆਪਨਾ ਪੰਥ ਸੰਸਾਰ ਵਿਖੇ ਚਲਾਉ ਸੋ ਬਾਲਾ ਅਬ ਇਨਾਂ ਪੁੱਤਾਂ ਕੋ ਬਹੁਤ ਹੰਕਾਰ ਹੈ ਵਹੁ ਤਾਂ ਹੰਕਾਰ ਕਰਕੇ ਬਹੁਤ ਪੂਰਨ ਹੋਏ ਹੈਨ ਤੇ ਸੇਵਕਾਂ ਨਾਲ ਈਰਖਾ ਕਰਦੇ ਹੈਨ ਸ੍ਰੀ ਚੰਦ ਤਾਂ ਅਵਧੂਤ ਮਤਾ ਧਾਰਣ ਕੀਤਾ ਹੈ ਤੇ ਲਖਮੀ ਦਾਸ ਦਾ ਆਪਨੇ ਗ੍ਰਹਸਤ ਵਿਚੋਂ ਨਹੀਂ ਨਿਕਾਲ ਹੁੰਦਾ ਅਤੇ ਪੰਥ ਦਾ ਚਲਾਉਣਾ ਬੜਾ ਕਠਿਨ ਹੈ ਕਿਉਂ ਜੋ ਨਾਮ ਈਸ਼ਰ ਦਾ ਜਪਣਾ ਸੰਤ ਮਹਾਤਮਾ ਵਾਸਤੇ ਹੈ ਜੋ ਜਿਨਾਂ ਨੇ ਮਨ ਨੂੰ ਮਾਰਿਆ ਹੈ ਜੈਸੇ ਮਨ ਮਰਕਟ ਦੇ ਗਲ ਵਿੱਚ ਅਭਿਆਸ ਰੂਪੀ ਸੰਗਲੀ ਪਵੇ ਸੁਵਾਸ ਸੁਵਾਸ ਨਾਮ ਦਾ ਰਟਨ ਹੋਵੇ ਤੇ ਜੋ ਗੁਰੂ ਕਾ ਸ਼ਬਦ ਹੈ ਤਿਸ ਦੀ ਲਾਠੀ ਹੋਵੇ ਤਾਂ ਮਨ ਮਰਕਟ ਵਸ ਹੋਤਾ ਹੈ ਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਕਰਨ ਕਾਰਨ ਜੋਤੀ ਸਰੂਪ ਗੁਰੂ ਨਾਨਕ ਜੀ ਜਾਂ ਏਹ ਬਚਨ ਕੀਤਾ ਤਾਂ ਮੇਰੇ ਕਉ ਬਹੁਤ ਵੈਰਾਗ ਛੁਟ ਗਿਆ ਪਰ ਸ੍ਰੀ ਗੁਰੂ ਜੀ ਕਹਾ ਹੇ ਬਾਲਾ ਜੋ ਤ੍ਰੈਈ ਲੋਕੀ ਕਾ ਬੋਝ ਹੈ ਸੋ ਅਸਾਂ ਅੰਗਦ ਜੀ ਦੇ ਸਿਰ ਉਪਰ ਰਖਿਆ ਹੇ ਸੋ ਬਿਨਾਂ ਉਸ ਦੇ ਸਾਰੇ ਸੰਸਾਰ ਵਿੱਚ ਢੂਡਿਆ ਹੈ ਕੋਈ ਨਹੀਂ ਲਭਦਾ ਅਤੇ ਏਹ ਜੋ ਤਾਜ ਹੈ ਸੋ ਅਕਾਲ ਪੁਰਖ ਕੇ ਹਾਥ ਹੈ ਜਿਸ ਉਪਰ ਉਸ ਕੀ ਮੇਹਰਬਾਨੀ ਹੋਤੀ ਹੈ ਸੋ ਉਸ ਕੋ ਵਡਯਾਈ ਹਾਥ ਆਤੀ ਹੈ ਸੋ ਕਿਉਂ ਕਿ “ਸਾਹਿਬ ਹਥ ਵਡਿਆਈਆ ਜਿਸ ਭਾਵੈ ਤਿਸ ਦੇ॥” ਤੇ ਹੇ ਗੁਰੂ ਅੰਗਦ ਦੇਵ ਜੀ ਜਾਂ ਸ੍ਰੀ ਗੁਰੂ ਜੀ ਮੇਰੇ ਕੋ ਏਹ ਬਾਤ ਕਹਿ ਕਰ ਅੰਤਰ ਧਯਾਨ ਹੋ ਗਏ ਤਾਂ ਅਗਲੇ ਸਵੇਰ ਸਭ ਸਿਖ ਇਕੱਠੇ ਹੋਇ ਕੇ ਆਏ ਤੇ ਓਥੇ ਆਇ ਕੈ ਸੁਣਿਆ ਜੋ ਗੁਰੂ ਨਾਨਕ ਜੀ ਸਮਾ ਗਏ ਹਨ ਤਾਂ ਸਭ ਜਣੇ ਆਏ ਅਜਿੱਤਾ ਰੰਧਾਵਾ ਤੇ ਬੂੜਾ ਕਲਾਲ ਅਤੇ ਬੁਢਾ ਜੱਟ ਤੇ ਭੀਰੋ ਨਾਈ ਏਨਾਂ ਚਵਾਂ ਜਣਿਆਂ ਨੇ ਕਹਾ ਭਈ ਏਥੇ ਤਾਂ ਰੌਲਾ ਪੈ ਰਿਹਾ ਹੈ ਅਤੇ ਤੁਸੀ ਬਾਲੇ ਕੋ ਸਦਵਾਓ ਤਾਂ ਗੁਰੂ ਜੀ ਮੈਨੂੰ ਓਨਾਂ ਨੇ ਸਦਿਆ ਤਾਂ ਮੈਂ ਆਯਾ ਤਾਂ ਗੁਰੂ ਜੀ ਮੈਨੂੰ ਕੈਹਣ ਲਗੇ ਦਸ ਬਾਬਾ ਗੁਰੂ ਜੀ ਕਿਥੇ ਹਨ ਤਾਂ ਮੈਂ ਆਖਿਆ ਭਾਈ ਗੁਰੂ ਤਾਂ ਜਨਮ ਮਰਨ ਥੀਂ ਰੈਹਤ ਹਨ ਤੇ ਗੁਰੂ ਸਾਹਿਬ ਬਚਨਾਂ ਦੇ ਪੂਰੇ ਹਨ ਤਾਂ ਬਾਲਾ ਓਨਾਂ ਚਵਾਂ ਸਿਖਾਂ ਤਾਈਂ ਗੁਰੂ ਬਾਬੇ ਜੀ ਕੀ ਅਤੇ ਗੋਰਖ ਨਾਥ ਦੀ ਸਾਖੀ ਕਰ ਸੁਣਾਇੰਦਾ ਹੈ ਤਾਂ ਭਾਈ ਬਾਲੇ ਨੇ ਕਹਾ ਇੱਕ ਦਿਨ ਸੁਮੇਰ ਪਰਬਤ ਉਤੇ ਗੋਰਖ ਨਾਥ ਨਾਲ ਗੋਸ਼ਟ ਹੋਈ ਅਰ ਗੁਰੂ ਬਾਬਾ ਨਾਨਕ ਜੀ ਅਤੇ ਮੈਂ ਬੈਠ ਸੇ ਓਥੇ ਗੁਰੂ ਪੂਰੇ ਬਚਨ ਕੀਤਾ ਆਹਾ ਸੋ ਗੁਰੂ ਪੂਰਾ ਕੀਤਾ ਸੁ ਤਾਂ ਅਜਿੱਤੇ ਰੰਧਾਵੇ ਆਖਿਆ ਭਾਈ ਬਾਲਾ ਸ੍ਰੀ ਗੁਰੂ ਬਾਬੇ ਜੀ ਕੀ ਬਚਨ ਕੀਤਾ ਸੀ ਤਾਂ ਬਾਲੇ ਆਖਿਆ ਸੁਨੋ ਭਾਈ ਜੀ ਗੁਰੂ ਜਨਮ ਮਰਨ ਥੀਂ ਰਹਿਤ ਹੈ ਪਰ ਬਚਨ ਕਾ ਸਦਕਾ ਜਗਤ ਕੀ ਰੀਤ ਕੀਤੀ ਹੈ ਲੋਕਾਂ ਕੇ ਵਿਖਾਲੇ ਵਾਸਤੇ ਨਹੀਂ ਤਾਂ ਆਪ ਸਣਦੇਹੀ ਸਚ ਖੰਡ ਕੋ ਗਏ ਹਨ ਅਰ ਜਗਤ ਮੈਂ ਜਾਹਰ ਗੁਰੂ ਮੋਯਾ ਹੈ ਅਤੇ ਭਾਈ ਓਹ ਸਦਾ ਹੀ ਹਾਜਰ ਹੈ ਅਰ ਬਚਨ ਗੁਰੂ ਪੂਰੇ ਕਾ ਏਹ ਹੋਯਾ ਸੀ ਜੋ ਸੁਮੇਰ ਪਰਬਤ ਕੇ ਉਪਰ…
“ਤਾਂ ਗੁਰੂ ਪਰਮੇਸ਼ਰ ਕਹਿਆ ਭਾਈ ਬਾਲਾ ਅਸਾਂ ਕਿਆ ਕੀਤਾ ਕਾਲ ਜੋ ਹੈ ਸੋ ਪ੍ਰਮੇਸ਼ਰ ਕੇ ਬਚਨ ਨਾਲ ਆਂਵਦਾ ਹੈ ਅਰ ਆਯਾ ਗੋਰਖ ਪਾਸ ਅਰ ਰਿੰਜ ਅਸਾਂ ਤੇ ਜਾਏਗਾ ਤਾਂ ਏਹ ਭਲੀ ਨਾਹੀਂ। ਤਾਂ ਮੈਂ ਕਹਿਆ ਗੁਰੂ ਜੀ ਤੇਰੀਆਂ ਤੂੰ ਜਾਣ ਤਾਂ ਗੁਰੂ ਨਾਨਕ ਜੀ ਫੇਰ ਕਾਲ ਕੋ ਸੱਦਿਆ. . ਤਾਂ ਫੇਰ ਗੁਰੂ ਨਾਨਕ ਜੀ ਬਚਨ ਕੀਤਾ ਸੁਣ ਕਾਲ ਅਸੀਂ ਭਨਿ ਤੇਰੀ ਆਨ ਰੱਖਾਂਗੇ ਅਰ ਜਗਤ ਕਹੇਗਾ ਜੋ ਭਾਈ ਕਾਲ ਸੰਤਾਂ ਮਹਾਂਪੁਰਖਾਂ ਤੇ ਡਾਢਾ ਹੈ ਤੇਰੀ ਆਨ ਰੱਖ ਕੇ ਫੇਰ ਸਰੀਰ ਕੋ ਸਵਾਧਾਨ ਕਰਕੇ ਜਾਵਾਂਗੇ ਪਰ ਤੇਰੀ ਮਾਨਤਾ ਘਟਨ ਨਾ ਦੇਵਾਂਗੇ ਜਬ ਗੁਰੂ ਬਾਬੇ ਜੀ ਇਉਂ ਕਹਿਆ ਤਬ ਕਾਲ ਖੁਸ਼ੀ ਹੋਯਾ ਜੀ ਤੁਸਾਡੀ ਹੀ ਰੱਖੀ ਮੇਰੀ ਭੀ ਆਨ ਰਹੇਗੀ ਤੁਸਾਂ ਬਿਨਾਂ ਮੇਰੀ ਆਣ ਕਿਨ ਰੱਖਣੀ ਹੈ ਤਬ ਕਾਲ ਖ਼ੁਸ਼ੀ ਹੋ ਕਰ ਚਲਿਆ ਸੋ ਭਾਈ ਗੁਰੂ ਕੇ ਪਿਆਰਿਓ ਗੁਰੂ ਨਾਨਕ ਜੋ ਸੀ ਸੋ ਨਿਰੰਕਾਰ ਕੀ ਮੂਰਤਿ ਸੀ ਉਨ੍ਹਾਂ ਤਾਂ ਪਰਉਪਕਾਰ ਕੇ ਵਾਸਤੇ ਜਨਮ ਲਿਆ ਸੀ ਅਸਾਂ ਪਾਪੀਆਂ ਦੇ ਨਮਿੱਤ ਸੁਣੋ ਭਈ ਸਿੱਖੋ ਗੁਰੂ ਕੋ ਤਾਂ ਲੇਪ ਕੋਈ ਨਾਹੀਂ ਓਹ ਤਾਂ ਨਿਰਲੇਪ ਹੈਂ ਓਹ ਤਾਂ ਜੈਸੇ ਆਏ ਹੈਂ ਤੈਸੇ ਹੀ ਚਲੇ ਗਏ ਹੈਨ ਤੁਸੀਂ ਚਿਖਾ ਜਾਇਕੇ ਦੇਖੋ ਕੁਛ ਹੈਗਾ ਹੈ ਜਾਂ ਭਾਈ ਬਾਲੇ ਏਹ ਸਾਖੀ ਸੁਣਾਈ ਤਾਂ ਓਨਾਂ ਪੰਜਾਂ ਸਿਖਾਂ ਨੂੰ ਪ੍ਰਤੀਤ ਆਈ ਤਾਂ ਓਨਾਂ ਭੀ ਆਖਿਆ ਭਾਈ ਗੁਰੂ ਨਾਨਕ ਜੀ ਤਾਂ ਆਪ ਹੀ ਪ੍ਰਮੇਸ਼ਰ ਹੈਸੀ ਓਹ ਤਾਂ ਜੰਮਣ ਮਰਨ ਤੇ ਰਹਿਤ ਹੈ ਸੀ।”
ਸਾਖੀਕਾਰ ਇਸ ਸਾਖੀ ਵਿੱਚ ਨਾ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਦੀ ਗੱਲ ਕਰਦਾ ਹੈ ਅਤੇ ਨਾ ਹੀ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਅਲੋਪ ਹੋਣ ਮਗਰੋਂ ਹਿੰਦੂਆਂ ਅਤੇ ਮੁਸਲਮਾਨਾਂ ਵਲੋਂ ਅੱਧੀ ਅੱਧੀ ਚਾਦਰ ਨੂੰ ਸਸਕਾਰਨ ਜਾਂ ਦਫ਼ਨਾਉਣ ਦਾ ਹੀ ਜ਼ਿਕਰ ਕੀਤਾ ਹੈ। ਸੁਜਾਨ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਇਸ ਜਨਮ ਸਾਖੀ ਵਿੱਚ ਇਕੋ ਹੀ ਘਟਨਾ ਬਾਰੇ ਇਹ ਦੋ ਵੱਖ ਵੱਖ ਵੇਰਵੇ ਦਿੱਤੇ ਹੋਏ ਹਨ। ਇਹਨਾਂ ਦੋਹਾਂ ਵੇਰਵਿਆਂ ਵਿੱਚ ਕਿਸੇ ਤਰ੍ਹਾਂ ਕੋਈ ਸਮਾਨਤਾ ਨਹੀਂ ਹੈ। ਇਸ ਜਨਮ ਸਾਖੀ ਤੋਂ ਇਲਾਵਾ ਭਾਈ ਸੰਤੋਖ ਸਿੰਘ ਜੀ ਦੀ ਕ੍ਰਿਤ ਸ਼੍ਰੀ ਗੁਰ ਨਾਨਕ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਵਧੇਰੇ ਪ੍ਰਚਲਤ ਹਨ।
ਭਾਈ ਸੰਤੋਖ ਸਿੰਘ ਜੀ ਨੇ ਇਸ ਸਾਖੀ ਨੂੰ ਹੀ ਆਧਾਰ ਬਣਾ ਕੇ ‘ਸ਼੍ਰੀ ਗੁਰ ਨਾਨਕ ਪ੍ਰਕਾਸ਼’ ਲਿਖਿਆ ਹੈ। ਭਾਈ ਸਾਹਿਬ ਨੇ ਇਸ ਸਾਖੀ ਨੂੰ ਹੋਰ ਕਾਲਪਨਿਕ ਰੰਗ ਵਿੱਚ ਰੰਗ ਕੇ ਪੇਸ਼ ਕਰਦਿਆਂ ਲਿਖਿਆ ਹੈ:-
ਇਤਨੇ ਮਹਿਂ ਪਠਾਨ ਤਹਿਂ ਆਏ। ਦਰਸ ਕਰਨ ਹਿਰਦੇ ਲਲਚਾਏ। ਸ਼ਸਤ੍ਰਨ ਯੁਕਤ ਸੁ ਮਨੁਜ ਘਨੇਰੇ। ਹੁਤੇ ਮੁਰੀਦ ਗੁਰੂ ਪਗ ਕੇਰੇ। ਚਹੁਂਦਿਸ਼ ਰਖਵਾਰੀ। ਤਿਨ ਸੋਂ ਖ਼ਾਨਨ ਗਿਰਾ ਉਚਾਰੀ। ‘ਤਿਮ ਹੋ ਸਿੱਖ ਗੁਰੂ ਗੁਨ ਖਾਨੀ। ਹਮ ਮੁਰੀਦ ਹੈਂ ਸਭਿ ਜਗ ਜਾਨੀ। ਆਖ਼ਰ ਕੌ ਦਰਸ਼ਨ ਇਹ ਕਾਲਾ। ਹਮ ਕੋ ਕਰਨੇ ਦੇਹੁ ਕ੍ਰਿਪਾਲਾ। ਹੁਤੇ ਦੂਰ ਸੁਧਿ ਸੁਨਿ ਕਰਿ ਆਏ। ਅਬ ਨਿਰਾਸ ਹਮ ਕਿਉਂ ਕਰਿ ਜਾਏਂ’। ਭਨਯੋ ਸਿੱਖ ‘ਅਸ ਹਠ ਨਹਿਂ ਕਰੀਏ। ਦਰਸ਼ਨ ਕਰਨ ਸਮਾਂ ਨ ਬਿਚਰੀਏ। ਤੁਮ ਜਿ ਅਗਰੇ ਆਵਤਿ ਤੂਰਨ। ਕਰਿ ਲੇਤੇ ਦਰਸ਼ਨ ਗੁਰ ਪੂਰਨ। ਅਬਿ ਬੰਦਨ ਕਰ ਲਿਹੁ ਇਸ ਤਾਈਂ। ਦੋਖ ਨਿਕੰਦਨ ਹੈਂ ਸਭਿ ਜਾਈਂ। ਹਮਰੋ ਬਚਨ ਮਾਨਿ ਤੁਮ ਲੀਜੈ। ਨੀਕੇ ਰਿਦੇ ਬਿਚਾਰ ਕਰੀਜੈ’। ਖਾਨ ਕਹੈਂ ‘ਹਮ ਮਾਨਹਿ ਨਾਂਹੀ। ਏਤੀ ਬਾਤ ਬਨਾਵਹੁ ਕਾਹੀਂ। ਹੋ ਢਿਗ ਦਰਸਹੁ ਜਿਉਂ ਤੁਮ ਨੀਕੇ। ਤਿਉਂ ਹਮ ਜਾਵਹਿਂ ਪੀਰ ਨਜੀਕੇ। ਸਾਂਝੇ ਹਿੰਦੂ ਤੁਰਕਨ ਕਰੇ। ਸਿੱਖ ਸਮਾਨ ਮੁਰੀਦ ਘਨੇਰੇ। ਅਹੈਂ ਪੱਖਯ ਜੇ ਹਿੰਦੁਨ ਤੁਰਕਾ। -ਦੋਨੋਂ ਕੋ ਖੋਵਨ-ਮਤ ਗੁਰਕਾ’।
ਭਾਈ ਸੰਤੋਖ ਸਿੰਘ ਜੀ ਇਸ ਮਗਰੋਂ ਜਨਮ ਸਾਖੀ ਵਿਚਲੀ ਇਸ ਘਟਨਾ ਨੂੰ ਆਪਣੀ ਕਲਪਨਾ ਦੇ ਰੰਗ ਵਿੱਚ ਰੰਗਦਿਆਂ ਲਿਖਦੇ ਹਨ, “ਸ਼੍ਰੀ ਗੁਰ ਤਨ ਕੇ ਪਾਸ ਜਿ ਦਾਸਾ। ਸ਼੍ਰੋਨ ਕੁਲਾਹਲ ਸੁਨਿ ਚਹੁ ਪਾਸਾ। ਨਿਕਸੇ ਤੁਰਤ ਬਿਲੋਕਨ ਤਾਈਂ। ਰਹੀ ਇਕਾਂਕੀ ਦੇਹਿ ਗੁਸਾਂਈ। ਅੰਤਰਧਯਾਨ ਭਈ ਤਿਹ ਕਾਲਾ। ਸਰਬ ਚੁਕਾਵਨ ਝਗਰ ਬਿਸਾਲਾ। ਵਹਿਰ ਦੁਹੂੰ ਮਹਿਂ ਬਾਦ ਮਹਾਨਾ। ਚਢਿ ਬਿਵਾਨ ਪਰ ਕ੍ਰਿਪਾ ਨਿਧਾਨ। ਗਮਨ ਕੀਨ ਉਰਧ ਕੀ ਓਰਾ। ਜੈ ਜੈ ਸ਼ਬਦ ਸੁਰਨ ਮਹਿਂ ਸ਼ੋਰਾ। ਸੁਰਤਰ ਪੁਸ਼ਪਾਂਜੁਲ ਚੰਦਨ ਚਰਚਾਹੀਂ। ਚਮਰੁ ਚਹੁਦਿਸ਼ਨ ਢੁਰਾਵਹਿਂ। ਬ੍ਰਹਮਾਦਿਕ ਚੰਦਨ ਚਰਚਾਹੀਂ। ਕਰਹਿਂ ਆਰਤੀ ਸੰਖ ਬਜਾਹੀਂ। ਅਪਸਰ ਕਰਿਹੀ ਨਿਰਤ ਅਗਾਰੀ। ਗ੍ਰੰਧ੍ਰਬ ਗਾਵਹਿਂ ਧੁਨਿ ਸੁਖਕਾਰੀ। ਚਲੇ ਅਕਾਸ਼ ਪੰਥ ਅਸ ਜਾਵਹਿਂ। ਅਤਿ ਉਤਸਵ ਕਰਿ ਅਨਂਦ ਬਢਾਵਹਿਂ।
ਦੋਹਰਾ: ਹੁਤੀ ਸ਼ਕਤਿ ਜਿਹ ਲਗ ਜਿਸਹਿ ਸ਼੍ਰੀ ਨਾਨਕ ਪਹੁੰਚਾਇ। ਹਟੇ ਸੰਗ ਤੇ ਦੇਵ ਸਭਿ ਚਰਨਨ ਸੀਸ ਨਿਵਾਇ। ਸੱਚ ਖੰਡ ਸ਼੍ਰੀ ਗੁਰ ਗਏ ਕੀਨਿ ਤਹਾਂ ਬਿਸਰਾਮ।”
ਗੁਰੂ ਨਾਨਕ ਸਾਹਿਬ ਦੇ ਸਣ ਦੇਹੀ ਸੱਚ-ਖੰਡ ਜਾਣ ਪਿੱਛੋਂ ਜੋ ਪਿੱਛੇ ਵਰਤਾਰਾ ਵਰਤਦਾ ਹੈ, ਇਸ ਬਾਰੇ ਭਾਈ ਸੰਤੋਖ ਸਿੰਘ ਲਿਖਦੇ ਹਨ, “ਭੂਤਲ ਮਹਿਂ ਜੈਸੇ ਭਈ ਸੁਨਹੁ ਕਥਾ ਧਾਮ। ਕਰੇ ਜੋਰ ਅਸ ਖਾਨ ਅਲਾਵੈ। ‘ਹੈਂ ਹਮ ਪੀਰ ਸੁ ਮਜਲ ਪੁਚਾਵੈਂ। ਦੇਤਿ ਮੁਰਾਦ ਮੁਰੀਦਨ ਕੇਰੀ। ਬਰਜੇ ਰਹੈ ਨਾ ਜਾਵਹਿਂ ਨੇਰੀ’। ਇਮ ਹਠ ਕਰਿਕੇ ਭੇ ਠਾਂਢੇ। ਡਰੇ ਨ ਰਾਰ ਕਰਨ ਤੇ ਗਾਢੇ। ਸਨਧਬੱਧ ਹਿੰਦੂ ਹੁਇ ਤਹਿਂ ਆਏ। ਬਲ ਕਰਿ ਤਿਨਕੋ ਚਹਤਿ ਹਟਾਏ। ਸਯਾਨੇ ਸਿੱਖ ਹੁਤੇ ਤਹਿਂ ਜੇਈ। ਕਰਯੋ ਬਿਚਾਰ ਮਿਲਤਿ ਭੇ ਤੇਈ। ਤੁਰਕਨ ਕੋ ਅਬਿ ਹੈ ਬਲ ਭਾਰੇ। ਬਹੁਰ ਰੀਤਿ ਸੋਂ ਬਚਨ ਉਚਾਰੇ। ‘ਤਾਂਤੇ ਔਰ ਨ ਕਰੀਏ ਕਾਜਾ। ਸ਼੍ਰੀ ਸਤਿਗੁਰ ਕੋ ਲੇਹੁ ਅਵਾਜਾ। ਤਿਨ ਮਰਜੀ ਕੇ ਹੁਐ ਅਨੁਸਾਰੀ। ਕਰਿਯੈ ਕ੍ਰਿੱਤ ਮਿਟਾਵਹੁ ਰਾਰੀ’। ਖ਼ਾਨਨ ਸੰਗ ਭਨੀ ਅਸ ਬਾਨੀ। ਭਲੀ ਭਾਂਤਿ ਨੀਕੇ ਤਿਨ ਮਾਨੀ। ਦੁਐ ਸਿਖ ਹੁਤੇ ਸਮੀਪੀ ਜੇਈ। ਅੰਤਰ ਗੇ ਕਨਾਤ ਕੇ ਤੇਈ। ਬਸਤ੍ਰ ਸੰਯੁਕਤ ਸੇਜ ਤਹਿਂ ਦੇਖੀ। ਦੇਹ ਨ ਭਏ ਅਚਰਜ ਬਿਸ਼ੇਖ਼ੀ। ਅੰਬਰ ਕੋ ਉਘਾਰਿ ਭਲ ਜੋਵਾ। ਨਿਕਸੇ ਕਹਤਿ ਅਚੰਭਾ ਹੋਵਾ। ਕਿਉਂ ਤੁਮ ਕੀਨੋ ਇਤਨਾ ਝਗਰਾ। ਸਤਿਗੁਰ ਆਪ ਨਿਬੇਰਯੋ ਸਗਰਾ। ਅੰਤ੍ਰ ਧਯਾਨ ਭੀ ਰਹੀ ਨ ਦੇਹੀ। ਕੁਸ਼ਾ ਸੇਜ ਪਰ ਬਸਤ੍ਰ ਪਰੇਹੀ। …
ਤੁਰਕਨ ਅੰਬਰ ਅਰਧ, ਅਰਧ ਹਿੰਦੁਨ ਤਬਿ ਲੀਯਾ। ਸਗਰ ਝਗਰ ਗਯਾ ਨਿਬਰ, ਹਰਖ ਉਰ ਦੁਂਹ ਦਿਸ਼ ਥੀਆ। ਸਿੱਖਨ ਲੇ ਕਰਿ ਚੀਰ ਚਿਤਾ ਚੰਦਨ ਕੀ ਰਚਿ ਕਰਿ। ਨਿਜ ਮੁਖ ਜਹਿਂ ਗੁਰ ਕਹਯੋ ਤਹਾਂ ਦਿਯ ਦਾਹ ਭਲੇ ਧਰਿ। ਪੁਨ ਹੁਤੇ ਮੁਰੀਦ ਸੁ ਅਰਧ ਲੇ ਨੀਕੇ ਤਹਿਂ ਦਫਨਾਇ ਦਿਯ। ਇਉਂ ਬਾਦ ਬਿਖਾਦ ਮਿਟਾਇ ਸਭਿ ਦੁਹੂੰ ਦਿਸ਼ਨ ਅਹਿਲਾਦ ਕਿਯ। (ਸ਼੍ਰੀ ਗੁਰ ਨਾਨਕ ਪ੍ਰਕਾਸ਼) (ਚੱਲਦਾ)




.