.

ਗੁਰਬਾਣੀ `ਚ ਕੇਸਾਂ ਵਾਲਾ ਸਰੂਪ?

(ਕਿਸ਼ਤ ੧)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

“ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥

ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ”

ਪੰਥ ਦੇ ਵਜੂਦ `ਤੇ ਸਿੱਖ ਵਿਰੋਧੀ ਤਾਕਤਾਂ ਰਾਹੀਂ ਕੀਤੇ ਜਾ ਰਹੇ ਤਾਬੜ ਤੋੜ ਹਮਲਿਆਂ ਦਾ ਸਿੱਟਾ ਅਤੇ ਨਾਲ ਨਾਲ ਅੱਜ ਸਿੱਖ ਸੰਗਤਾਂ ਵਿਚਕਾਰ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਦੀ ਘਾਟ ਦਾ ਨਤੀਜਾ, ਗੁਰੂ ਕੀਆਂ ਸੰਗਤਾਂ ਵਿਚਕਾਰ ਤੇਜ਼ੀ ਨਾਲ ਅਜਿਹੇ ਭਰਮ-ਭੁਲੇਖੇ ਅਤੇ ਸ਼ੰਕੇ-ਸੁਆਲ ਪੈਦਾ ਕੀਤੇ ਜਾ ਰਹੇ ਹਨ ਕਿ ਗੁਰਬਾਣੀ `ਚ ਕਿੱਥੇ ਲਿਖਿਆ ਹੈ “ਸਿੱਖ ਨੇ ਕੇਸ ਜ਼ਰੂਰ ਰਖਣੇ ਹਨ” ਜਾਂ “ਸਿੱਖ ਨੇ ਕੇਸਾਧਾਰੀ ਹੋਣਾ ਹੈ” ਆਦਿ।

ਜਦਕਿ ਸਚਾਈ ਇਹ ਹੈ ਕਿ ਗੁਰਬਾਣੀ `ਚ ਕੇਸਾਧਾਰੀ ਮਨੁੱਖਾ ਸਰੂਪ ਲਈ ਗੱਲ ਕੇਵਲ ਕੁੱਝ ਵਾਰੀ ਹੀ ਨਹੀਂ, ਬਲਕਿ ਬੇਅੰਤ ਵਾਰ ਆਈ ਹੋਈ ਹੈ ਅਤੇ ਉਹ ਵੀ ਪੂਰੀ ਦ੍ਰਿੜਤਾ ਨਾਲ ਆਈ ਹੋਈ ਹੈ। ਇਸ ਤੋਂ ਵਧ, ਫ਼ਿਰ ਉਹ ਵਿਸ਼ਾ ਵੀ ਕੇਵਲ ਕੁੱਝ ਲੋਕਾਂ ਲਈ ਸੀਮਤ ਨਹੀਂ, ਪੂਰੀ ਦੀ ਪੂਰੀ ਮਨੁੱਖ ਜਾਤੀ ਲਈ ਹੈ। ਹੋਰ ਤਾਂ ਹੋਰ, ਗੁਰਬਾਣੀ `ਚ ਗੁਰਦੇਵ ਨੇ ਤਾਂ ਮਨੁੱਖਾ ਸਰੀਰ ਦੀ ਰੱਬੀ ਪਹਿਚਾਣ `ਚ ਕਿਸੇ ਵੀ ਛੇੜਾਖਾਣੀ ਨੂੰ ਪ੍ਰਵਾਣ ਨਹੀਂ ਕੀਤਾ। ਇਸ ਸੰਬੰਧੀ ਗੁਰਦੇਵ ਦਾ ਫ਼ੁਰਮਾਨ ਹੈ “ਸਾਬਤ ਸੂਰਤਿ ਦਸਤਾਰ ਸਿਰਾ” (ਪੰ: ੧੦੮੪)। ਬੇਸ਼ੱਕ ਸੰਬੰਧਤ ਫ਼ੁਰਮਾਨ ਦਾ ਪ੍ਰਕਰਣ ਅਨੁਸਾਰ ਮੂਲ ਵਿਸ਼ਾ ਇਹ ਹੈ ਕਿ “ਐ ਖ਼ੁਦਾ ਦੇ ਬੰਦੇ! ਖੁਦਾ ਨੇ ਜਿਹੜਾ ਤੈਨੂੰ ਮਨੁੱਖ ਹੋਣ ਦੇ ਨਾਤੇ ਸਰੂਪ ਦਿੱਤਾ ਹੋਇਆ ਹੈ ਤੂੰ ਉਸ `ਚ ਕੱਟ ਵੱਢ ਨਾ ਕਰ, ਖ਼ੁਦਾ ਰਾਹੀਂ ਤੈਨੂੰ ਬਖ਼ਸ਼ੇ ਹੋਏ ਮੂਲ ਸਰੂਪ ਤੂੰ ਨੂੰ ਨਾ ਵਿਗਾੜ। (ਦਰਅਸਲ ਗੁਰਦੇਵ ਦੀ ਇਥੇ ਉਟੰਕਣ, ਮੁਸਲਮਾਨ ਵੀਰਾਂ ਦੀ ਸੁਂਨੱਤ ਵਾਲੀ ਕਰਣੀ `ਤੇ ਹੈ)।

ਇਸ ਤੋਂ ਇਹ ਵੀ ਸਮਝਣਾ ਹੈ ਕਿ ਜਦੋਂ ਗੁਰਦੇਵ, ਸਰੀਰਕ ਤਲ `ਤੇ ਮਨੁੱਖਾ ਸਰੀਰ `ਚ ਮੁਸਲਮਾਨ ਵੀਰਾਂ ਰਾਹੀਂ ਕੀਤੀ ਜਾ ਰਹੀ ਕੇਵਲ ਸੁਨੱਤ ਵਾਲੀ ਕਰਣੀ ਨੂੰ ਵੀ “ਹੁਕਮਿ ਰਜਾਈ ਚਲਣਾ” (ਬਾਣੀ ਜਪੁ) ਵਾਲੇ ਗੁਰਮੱਤ ਸਿਧਾਂਤ ਦੇ ਵਿਰੁਧ ਦੱਸ ਰਹੇ ਹਨ। ਇਸ ਨੂੰ ਕਰਤੇ ਦੀ ਰਜ਼ਾ `ਚ ਕਿਉਂ-ਕਿੰਤੂ ਕਰਣ ਵਾਲਾ ਕਰਮ ਦੱਸ ਰਹੇ ਹਨ। ਮੁਸਲਮਾਨ ਵੀਰ ਦੀ ਕੇਵਲ ਸੁਨੱਤ ਵਾਲੀ ਕਰਣੀ ਨੂੰ ਹੀ “ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ” (ਪੰ: ੬੧) ਤੇ “ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੈ” (ਪੰ: ੧੩੪੪) ਪ੍ਰਭੂ-ਖੁਦਾ ਨੂੰ ਭੁਲਣਹਾਰ ਮੰਨਣ ਤੇ ਕਹਿਣ ਵਾਲੀ ਗੁਸਤਾਖ਼ੀ ਦੱਸ ਰਹੇ ਹਨ। ਇਸੇ ਤੋਂ ਗੁਰਦੇਵ ਰਾਹੀਂ ਮਨੁੱਖ ਲਈ ਸੰਪੂਰਨ ਕੇਸਾਧਾਰੀ ਸਰੂਪ `ਚ ਕਾਇਮ ਰਹਿਣ ਵਾਲੀ ਹਿਦਾਇਤ ਵੀ ਆਪਣੇ ਆਪ ਸਪਸ਼ਟ ਹੋ ਜਾਂਦੀ ਹੈ।

ਇਸ ਤਰ੍ਹਾਂ ਗੁਰਦੇਵ ਜਦੋਂ, ਮੁਸਲਮਾਨ ਵੀਰਾਂ ਰਾਹੀਂ ਪ੍ਰਭੂ ਦੇ ਘੜੇ ਹੋਏ ਮਨੁੱਖਾ ਸਰੀਰ `ਚ ਸੁਨੱਤ ਵਾਲੀ ਕਰਣੀ ਨੂੰ ਹੀ, ਖ਼ੁਦਾ ਦੇ ਦਰ `ਤੇ ਗੁਸਤਾਖ਼ੀ ਦੱਸ ਰਹੇ ਹਨ। ਇਸ ਤੋਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਆਧਾਰ `ਤੇ ਗੁਰੂ ਸਾਹਿਬ ਵੱਲੌ, ਉਂਜ ਤਾਂ ਸਮੂਚੀ ਮਨੁੱਖ ਜਾਤੀ ਵੱਲੋਂ ਅਤੇ ਘਟੋਘਟ ਗੁਰੂ ਕੇ ਸਿੱਖ ਰਾਹੀਂ ਕੇਸਾਧਾਰੀ ਸਰੂਪ `ਚ ਕੱਟ ਵੱਡ ਵਾਲਾ ਕੁਕਰਮ ਕਿਵੇਂ ਪ੍ਰਵਾਣ ਹੋ ਸਕਦਾ ਹੈ? ਕਦਾਚਿੱਤ ਨਹੀਂ। ਇਸ ਲਈ ਇਹ ਕਹਿਣਾ ਕਿ ਅਸੀਂ ਗੁਰਬਾਣੀ ਅਤੇ ਗੁਰੂ ਨਾਨਕ ਦੇ ਸਿੱਖ ਵੀ ਹੋਵੀਏ ਤੇ ਸਿੱਖੀ ਸਰੂਪ ਦੀ ਵੀ ਸਾਨੂੰ ਲੋੜ ਨਹੀਂ।

ਦਰਅਸਲ ਗੁਰੂ ਕੇ ਸਿੱਖ ਲਈ ਅਜਿਹੀ ਸੋਚ ਹੀ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਆਦੇਸ਼ਾਂ ਦੇ ਉਲਟ, ਬਲਕਿ ਗੁਰਬਾਣੀ ਵੱਲ ਪਿਠ ਕਰਣਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਸਫ਼ਲ ਮਨੁੱਖਾ ਜੀਵਨ ਲਈ, ਗੁਰਬਾਣੀ ਤੋਂ ਪ੍ਰਗਟ ਹੋਇਆ ਸੁਭਾਅ (ਜੀਵਨ ਜਾਚ) ਅਤੇ “ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ”, ਦੋਵੇਂ ਜੁੜਵੇਂ ਵਿਸ਼ੇ ਹਨ, ਵੱਖ ਵੱਖ ਨਹੀਂ। ਇਹ ਦੋਵੇਂ ਪੱਖ “ਹੁਕਮਿ ਰਜਾਈ ਚਲਣਾ” `ਚ ਆਉਂਦੇ ਹਨ; ਕਰਤੇ ਦੀ ਰਜ਼ਾ `ਚ ਚਲਣ ਦਾ ਪ੍ਰਗਟਾਵਾ ਹਨ, ਭਿੰਨ ਭਿੰਨ ਨਹੀਂ ਹਨ।

ਇਹ ਵੱਖਰੀ ਗੱਲ ਹੈ ਕਿ ਕਿਸੇ ਦੇ ਜੀਵਨ `ਚੋਂ ਜੀਵਨ ਜਾਚ ਵਾਲਾ ਪੱਖ ਪਹਿਲਾਂ ਪ੍ਰਗਟ ਹੋ ਜਾਵੇ ਤੇ ਸਰੂਪ ਵਾਲਾ ਬਾਅਦ `ਚ। ਇਸ ਦੇ ਉਲਟ, ਕਿਸੇ ਕੋਲ ਪਿਤਾ ਪੂਰਖੀ ਸਰੂਪ ਤਾਂ ਜਨਮ ਤੋਂ ਹੋਵੇ ਪਰ ਗੁਰਮੱਤ ਜੀਵਨ ਪੱਖੋਂ ਅਜੋਕੇ ਪੰਥਕ ਹਾਲਾਤ ਕਾਰਣ, ਰਹਿਣੀ ਅੰਦਰ ਗੁਰਬਾਣੀ ਜੀਵਨ ਵਾਲਾ ਸੱਚ, ਬਾਅਦ `ਚ ਪ੍ਰਗਟ ਹੋਵੇ। ਇਸ ਤੋਂ ਬਾਅਦ ਦੇਖਣੇ ਹਨ ਗੁਰਬਾਣੀ `ਚੋਂ ਕੇਵਲ ਮਨੁੱਖ ਦੇ ਸੰਪੂਰਣ ਕੇਸਾਧਾਰੀ ਸਰੂਪ ਦੀ ਪ੍ਰੌੜਤਾ `ਚ ਕੁੱਝ ਪ੍ਰਮਾਣ, ਜਦਕਿ ਅਜਿਹੇ ਪ੍ਰਮਾਣ ਵੀ ਗੁਰਬਾਣੀ `ਚ ਵੱਡੀ ਗਿਣਤੀ `ਚ ਹਨ।

ਕੇਸਾਧਾਰੀ ਮਨੁੱਖਾ ਸਰੂਪ ਸੰਬੰਧੀ ਕੁੱਝ ਗੁਰਬਾਣੀ ਫ਼ੁਰਮਾਨ- ਗੁਰਬਾਣੀ `ਚ ਕੇਸਧਾਰੀ ਮਨੁੱਖਾ ਸਰੂਪ ਦੀ ਪ੍ਰੌੜਤਾ `ਚ ਅਰੰਭ `ਚ ਵਰਤਿਆ ਹੋਇਆ ਕਬੀਰ ਸਾਹਿਬ ਦਾ “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਪੰ: ੧੩੬੯) ਵਾਲਾ ਇਕੱਲਾ ਫ਼ੁਰਮਾਨ ਹੀ ਨਹੀਂ ਬਲਕਿ ਬਹੁਤੇਰੇ ਫ਼ੁਰਮਾਨ ਹਨ ਫ਼ਿਰ ਵੀ ਉਨ੍ਹਾਂ `ਚੋ ਕੁੱਝ ਫ਼ੁਰਮਾਨ ਇਸ ਤਰ੍ਹਾਂ ਹਨ:-

(ੳ) “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ(ਪੰ: ੫੬੭)

(ਅ) “ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ” (ਰਵੀਦਾਸ ਪੰ: ੬੮੦)

(ੲ) ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ” (ਪੰ: ੮੧੦)

(ਸ) ਸਤਿਗੁਰੁ ਅਪਨਾ ਸਦ ਸਦਾ ਸਮਾੑਰੇ॥ ਗੁਰ ਕੇ ਚਰਨ ਕੇਸ ਸੰਗਿ ਝਾਰੇ” (ਪੰ: ੩੮੭)

(ਹ) ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ” (ਪੰ: ੭੪੫)

(ਕ) ਕੇਸਾਂ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ” (ਪੰ: ੭੪੯)

(ਖ) ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ” (ਸਾਬਤ ਸੂਰਤ) (ਪੰ: ੧੪੧੯)

(ਗ) ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ (ਸਾਬਤ ਸੂਰਤ) (ਪੰ: ੧੪੧੯)

(ਘ) “ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ” (ਨਾਮਦੇਵ ਪੰ: ੭੨੭)

(ਙ) ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ” (ਕਬੀਰ ਪੰ: ੮੭੦)

(ਚ) “ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ” (ਰਵੀਦਾਸ ਪੰ: ੬੮੦)

(ਛ) “ਕਰਿ ਕਿਰਪਾ ਅਪਨਾ ਦਰਸੁ ਦੀਜੈ, ਜਸੁ ਗਾਵਉ ਨਿਸਿ ਅਰੁ ਭੋਰ॥ ਕੇਸ ਸੰਗਿ ਦਾਸ ਪਗ ਝਾਰਉ, ਇਹੈ ਮਨੋਰਥ ਮੋਰ” (ਪੰ: ੫੦੦)

(ਜ) “ਸੰਤਾ ਮਾਨਉ, ਦੂਤਾ ਡਾਨਉ, ਇਹ ਕੁਟਵਾਰੀ ਮੇਰੀ॥ ਦਿਵਸ ਰੈਨਿ ਤੇਰੇ ਪਾਉ ਪਲੋਸਉ, ਕੇਸ ਚਵਰ ਕਰਿ ਫੇਰੀ” (ਪੰ: ੯੬੯)

ਇਸੇ ਤਰ੍ਹਾਂ ਇਸ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚ ਹੋਰ ਵੀ ਬਹੁਤੇਰੇ ਫ਼ੁਰਮਾਨ ਹਨ। ਵਿਚਾਰਣ ਦਾ ਵਿਸ਼ਾ ਹੈ ਕਿ ਗੁਰਬਾਣੀ `ਚ ਅਜਿਹੀ ਸ਼ਬਦਾਵਲੀ ਤੇ ਅਜਿਹੀਆਂ ਮਿਸਾਲਾਂ ਕੇਵਲ ਉਹ ਹੀ ਵਰਤੇਗਾ ਜਿਹੜਾ ਆਪ ਵੀ ਕੇਸਾਧਾਰੀ ਹੋਵੇ। ਬਲਕਿ ਇਨ੍ਹਾਂ ਫ਼ੁਰਮਾਣਾਂ ਤੋਂ ਤਾਂ ਇਹ ਵੀ ਸਪਸ਼ਟ ਜਾਂਦਾ ਹੈ ਕਿ ਗੁਰਬਾਣੀ ਵਿਚਲੇ ਪੰਦਰਾਂ ਦੇ ਪੰਦਰਾਂ ਭਗਤ ਵੀ ਸੰਪੂਰਣ ਕੇਸਾਧਾਰੀ ਸਨ। ਫ਼ਿਰ ਇਹ ਕਿਵੇਂ ਸੰਭਵ ਹੈ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖ ਵੀ ਪਹਿਲੇ ਜਾਮੇ ਤੋਂ ਹੀ ਸੰਪੂਰਣ ਕੇਸਾਧਾਰੀ ਨਾ ਹੋਣ।

ਮਨੁੱਖਾ ਦਿਮਾਗ਼ ਅਤੇ ਕੇਸ - ਇਹ ਵੀ ਸਮਝਣਾ ਹੈ ਕਿ ਕੋਈ ਵੀ ਮਸ਼ੀਨ 24 ਘੰਟੇ ਨਹੀਂ ਚੱਲ ਸਕਦੀ। ਇਥੋਂ ਤੱਕ ਕਿ ਸਾਡਾ ਸਰੀਰ ਵੀ ਆਪਣੇ ਸਮੇਂ ਨਾਲ ਆਰਾਮ ਮੰਗਦਾ ਹੈ। ਜਦਕਿ ਸਾਡਾ ਦਿਮਾਗ ਤਾਂ ਸੁੱਤੇ ਵੀ ਚਲਦਾ ਰਹਿੰਦਾ ਹੈ ਤੇ ਸੁਪਨੇ ਉਸੇ ਦਾ ਨਤੀਜਾ ਹੁੰਦੇ ਹਨ। ਸਿਰ `ਤੇ ਭਾਰੀ ਵਾਲ (ਕੇਸ), ਦਿਮਾਗ ਨੂੰ ਠੰਢਾ ਰੱਖਣ ਤੇ ਚੋਟਾਂ ਤੋਂ ਬਚਾਉਣ `ਚ ਵੀ ਮਦਦ ਕਰਦੇ ਹਨ। ਇਥੋਂ ਤੱਕ ਕਿ ਸਨ-ਸਟ੍ਰੋਕ, ਕੇਸਾਧਾਰੀਆਂ ਨੂੰ ਨਹੀਂ ਹੁੰਦਾ, ਇਹ ਵੀ ਕੇਵਲ ਕੇਸ ਹੀਣਾਂ ਨੂੰ ਹੀ ਹੁੰਦਾ ਹੈ।

ਲੋਹਟੋਪਾਂ (Helmets) ਤੇ ਗਿੱਲੇ ਤੌਲੀਏ ਆਦਿ ਦੀ ਲੋੜ, ਕੇਵਲ ਕੇਸਹੀਣਾ ਨੂੰ ਹੁੰਦੀ ਹੈ, ਕੇਸਾਧਾਰੀਆਂ-ਦਸਤਾਰ ਧਾਰੀਆਂ ਨੂੰ ਉੱਕਾ ਨਹੀਂ ਪੈਂਦੀ। ਸਰੀਰਾਂ `ਤੇ ਬੇਅੰਤ ਰੋਮ, ਪਸੀਨੇ ਆਦਿ ਰਾਹੀਂ ਸਾਡੀ ਅੰਦਰ ਦੀ ਗੰਦਗੀ ਬਾਹਰ ਕੱਢਦੇ ਤੇ ਸਾਨੂੰ ਅਨੇਕਾਂ ਰੋਗਾਂ ਤੋਂ ਬਚਾਉਂਦੇ ਹਨ।

ਕੇਸ ਕਾਲੇ ਤੋਂ ਚਿੱਟੇ ਕਿਉਂ? - ਇਤਨਾ ਤਾਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਕੇਸਾਂ ਦਾ ਜਨਮ ਸਮੇਂ ਤੋਂ ਹੀ ਰੰਗ ਕਾਲਾ ਹੁੰਦਾ ਹੈ। ਉਪ੍ਰੰਤ ਜਿਉਂ ਜਿਉਂ ਸਾਡੀ ਉਮਰ ਬੁਢਾਪੇ ਵੱਲ ਵਧਦੀ ਜਾਂਦੀ ਹੈ ਨਾਲ ਨਾਲ ਸਾਡੇ ਕੇਸਾਂ ਦਾ ਰੰਗ ਵੀ ਸੁਫ਼ੈਦ ਹੁੰਦਾ ਜਾਂਦਾ ਹੈ ਫ਼ਿਰ ਉਮਰ ਦੇ ਨਾਲ ਨਾਲ ਇਹ ਕੇਸ ਇੱਕ ਦਿਨ ਬਿਲਕੁਲ ਚਿੱਟੇ ਵੀ ਹੋ ਜਾਂਦੇ ਹਨ। ਇਸ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚ ਵੀ ਬਹੁਤ ਵਾਰ ਜ਼ਿਕਰ ਆਇਆ ਹੈ ਜਿਵੇਂ “ਪੁੰਡਰ ਕੇਸ ਕੁਸਮ ਤੇ ਧਉਲੇ” (ਪੰ: ੯੩) ਅਰਥ ਹਨ ਕਿ ਐ ਭਾਈ! (ਬੁਢਾਪੇ ਕਾਰਣ) ਤੇਰੇ ਕੇਸਾਂ ਦਾ ਰੰਗ ਕਮਲ ਦੇ ਫੁਲ ਤੋਂ ਵੀ ਵਧ ਚਿੱਟਾ ਹੋ ਚੁੱਕਾ ਹੈ। ਇਸੇ ਤਰ੍ਹਾਂ “ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ” (ਪੰ: ੬੫੯) “(ਬੁਢਾਪੇ ਕਾਰਣ) ……. ਤੇਰੇ ਕੇਸਾਂ ਦਾ ਰੰਗ ਵੀ ਚਿੱਟਾ ਹੋ ਚੁੱਕਾ ਹੈ।

ਦਰਅਸਲ ਸਮਝਣ ਦਾ ਵਿਸ਼ਾ ਇਹ ਹੈ ਕਿ ਉਮਰ ਦੇ ਢਲ਼ਣ ਨਾਲ ਮਨੁੱਖ ਦੇ ਕੇਸ ਵੀ ਕਿਉਂ ਚਿੱਟੇ ਹੁੰਦੇ ਜਾਂਦੇ ਹਨ? ਡਾਕਟਰਾਂ ਅਨੁਸਾਰ ਵੀ ਉਸ ਦਾ ਕਾਰਣ ਇਹ ਦਿੱਤਾ ਜਾਂਦਾ ਹੈ ਕਿ ਸਰੀਰ ਦੇ ਅਰੰਭ ਤੋਂ ਜਿਹੜੀ ਵੀ ਖ਼ੁਰਾਕ ਸਾਡੇ ਸਰੀਰ ਅੰਦਰ ਜਾਂਦੀ ਹੈ ਉਸ ਤੋਂ ਸਾਡੇ ਸਰੀਰ `ਚ ਤਾਕਤ (Energy) ਬਣਦੀ ਹੈ। ਜਿਵੇਂ ਕਿਸੇ ਗੱਡੀ ਦੇ ਇਂਝਯ `ਚ ਬਾਲਣ (fuel) ਕੰਮ ਕਰਦਾ ਹੈ ਠੀਕ ਉਸੇ ਤਰ੍ਹਾਂ ਸਾਡੇ ਸਰੀਰਾਂ ਅੰਦਰ ਇਹ ਖ਼ੁਰਾਕ ਵੀ ਕੰਮ ਕਰਦੀ ਹੈ। ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਸਾਡੇ ਭੋਜਨ ਤੋਂ ਸਾਡੇ ਅੰਦਰ ਜਿਹੜੀ ਤਾਕਤ ਤਿਆਰ ਹੁੰਦੀ ਹੈ ਉਹ ਸਾਡੇ ਸਰੀਰ ਦੇ ਹਰੇਕ ਅੰਗ ਨੂੰ ਕਰਤੇ ਵੱਲੋਂ ਨੀਯਤ ਅਨੁਪਾਤ ਅਨੁਸਾਰ ਆਪਣੇ ਆਪ ਵੰਡੀਦੀ ਵੀ ਜਾਂਦੀ ਹੈ। ਜਦਕਿ ਉਸੇ ਲੋੜੀੰਦੇ ਅਨੁਪਾਤ `ਚ ਉਹ ਖ਼ੁਰਾਕ ਸਾਡੇ ਕੇਸਾਂ ਨੂੰ ਵੀ ਬਰਾਬਰ ਦੀ ਮਿਲਦੀ ਰਹਿੰਦੀ ਹੈ। ਇਸੇਤਰ੍ਹਾਂ ਉਮਰ ਦੇ ਵਾਧੇ ਨਾਲ ਜਿਵੇਂ ਜਿਵੇਂ ਸਾਡੇ ਬਾਕੀ ਅੰਗਾਂ `ਚ ਕਮਜ਼ੋਰੀ ਆਉਂਦੀ ਜਾਂਦੀ ਹੈ, ਉਸੇ ਤਰ੍ਹਾਂ ਤੇ ਉਸੇ ਅਨੁਪਾਤ `ਚ ਸਾਡੇ ਕੇਸਾਂ-ਰੋਮਾਂ `ਚ ਵੀ ਉਹ ਕਮਜ਼ੋਰੀ ਆਪਣੀ ਜਗ੍ਹਾ ਬਣਾਂਦੀ ਜਾਂਦੀ ਹੈ। ਇਸੇ ਕਮਜ਼ੋਰੀ ਕਾਰਣ, ਸਮੇਂ ਸਮੇਂ ਨਾਲ ਸਾਡੇ ਕੇਸਾਂ ਤੇ ਵਾਲਾਂ ਦਾ ਰੰਗ ਵੀ ਕਾਲੇ ਤੋਂ ਚਿੱਟਾ ਤੇ ਫ਼ਿਰ ਬਿਲਕੁਲ ਚਿੱਟਾ ਹੋ ਜਾਂਦਾ ਹੈ। ਇਹ ਵਿਸ਼ਾ ਆਪਣੇ ਆਪ `ਚ ਬਹੁਤ ਵੱਡਾ ਤੇ ਕੁਦਰਤੀ ਸਬੂਤ ਹੈ ਕਿ ਸਾਡੇ ਸਰੀਰ ਦੇ ਬਾਕੀ ਸਾਰੇ ਅੰਗਾਂ ਦੀ ਤਰ੍ਹਾਂ ਕੇਸ ਵੀ ਸਾਡੇ ਸਰੀਰ ਦਾ ਅਣਿਖੜਵਾਂ ਅੰਗ ਹਨ।

ਇਸ ਦੇ ਨਾਲ, ਇਹ ਵਿਸ਼ਾ ਸੰਸਾਰ ਤਲ `ਤੇ ਉਸ ਲੋਕਾਈ ਨਾਲ ਵੀ ਸੰਬੰਧਤ ਹੈ ਜਿਹੜੇ ਜੀਵਨ ਭਰ ਵਾਲ ਕੱਟਦੇ ਤੇ ਕਟਵਾਉਂਦੇ ਰਹਿੰਦੇ ਹਨ, ਜਦਕਿ ਉਨ੍ਹਾਂ ਦੇ ਉਹ ਵਾਲ ਫ਼ਿਰ ਵੀ ਉਗਦੇ ਰਹਿੰਦੇ ਹਨ। ਇਹ ਉਦੋਂ ਤੱਕ ਉਗਦੇ ਰਹਿੰਦੇ ਹਨ, ਜਦੋਂ ਤੱਕ ਉਹ ਆਪਣੀਆਂ ਜੜ੍ਹਾਂ ਤੋਂ ਹੀ ਨਾ ਮੁੱਕ ਜਾਣ ਜਾਂ ਮੁਕਾਅ ਦਿੱਤੇ ਜਾਣ, ਜਿਵੇਂ ਜੈਨੀ ਆਦਿ ਲੋਕਾਂ `ਚ। ਇਸ ਤਰ੍ਹਾਂ ਤਾਂ ਤੇ ਅਜਿਹੀ ਲੋਕਾਈ ਨੂੰ ਹਿਸਾਬ ਲਗਾਉਣ ਦੀ ਲੋੜ ਹੈ ਕਿ ਉਮਰ ਭਰ ਆਪਣੇ ਵਾਲਾਂ ਦੀ ਕੱਟ-ਵੱਢ ਦਾ ਨਤੀਜਾ ਉਹ ਆਪਣੇ ਜੀਵਨ ਦੀ ਕੁਲ ਤਾਕਤ ਦਾ ਕਿਤਣੇ % ਹਿੱਸਾ ਜ਼ਾਇਆ ਕਰਦੇ ਹਨ? ਉਪ੍ਰੰਤ ਇਸ ਤਰ੍ਹਾਂ ਉਨ੍ਹਾਂ ਦੇ ਸਰੀਰਾਂ ਦਾ ਪੁਸ਼ਤ-ਦਰ-ਪੁਸ਼ਤ ਉਨ੍ਹਾਂ ਦੀ ਹੋਣ ਵਾਲੀ ਔਲਾਦ ਤੱਕ ਕੀ ਤੇ ਕਿਤਣਾ ਅਸਰ ਜਾਂਦਾ ਹੈ?

ਕੇਸਾਂ ਦਾ ਹੋਰ ਵੀ ਵਿਗਿਆਨਕ ਪੱਖ-ਸਰੀਰ ਦੇ ਜਿਸ ਅੰਗ `ਤੇ ਜਿਸ ਸਮੇਂ ਜਿੰਨੇਂ ਤੇ ਜਿਸ ਨਾਪ ਦੇ ਕੇਸਾਂ ਦੀ ਲੋੜ ਹੁੰਦੀ ਹੈ, ਇਸਤ੍ਰੀ-ਪੁਰਖ ਦੇ ਫ਼ਰਕ ਨਾਲ ਉਤਨੇ ਹੀ ਅਤੇ ਉਦੋਂ ਹੀ ਉੱਗਦੇ ਹਨ, ਉਸ ਤੋਂ ਪਹਿਲਾਂ ਵੀ ਨਹੀਂ ਅਤੇ ਵਧ-ਘਟ ਵੀ ਨਹੀਂ। ਜਿਨੇ ਲੰਮੇਂ ਕੇਸ ਸਿਰ `ਤੇ ਹੁੰਦੇ ਹਨ, ਉਤਨੇ ਲੰਮੇਂ ਕੇਸ ਮਨੁੱਖਾ ਸਰੀਰ ਦੇ ਕਿਸੇ ਹੋਰ ਅੰਗ `ਤੇ ਨਹੀਂ ਉਗਦੇ ਅਤੇ ਨਾ ਹੀ ਆਪਣੀ ਮਰਜ਼ੀ ਨਾਲ ਉਗਾਏ ਜਾ ਸਕਦੇ। ਇਹੀ ਨਹੀਂ, ਸਰੀਰ ਦੇ ਜਿਨ੍ਹਾਂ ਅੰਗਾਂ `ਤੇ ਕੇਸਾਂ ਦੀ ਲੋੜ ਨਹੀਂ ਹੁੰਦੀ ਉਥੇ ਕੇਸ ਨਾ ਉੱਗਦੇ ਹਨ ਤੇ ਨਾ ਕੋਈ ਉਗਾਅ ਸਕਦਾ ਹੈ। ਕੇਵਲ ਮਨੁੱਖ ਹੀ ਨਹੀਂ, ਸਾਰੀ ਜੀਵ ਸ਼੍ਰੇਣੀ ਅਤੇ ਫੁੱਲ ਬਨਸਪਤੀ `ਚ ਵੀ ਕੇਸਾਂ-ਰੋਮਾਂ ਵਾਲੇ ਇਸ ਰੱਬੀ ਨਿਯਮ ਨੂੰ ਦੇਖਿਆ ਜਾ ਸਕਦਾ ਹੈ। ਸ਼ੇਰ-ਸ਼ੇਰਨੀ, ਚਿੜਾ-ਚਿੜੀ, ਕੌਵਾ-ਕੌਵੀ, ਤੋਤਾ-ਤੋਤੀ, ਗੋਭੀ-ਗੁਲਾਬ, ਸ਼ਹਿਤੂਤ-ਸ਼ਹਿਤੂਤੀ ਭਾਵ ਕੇਸਾਂ ਵਾਲੀ ਕਰਤੇ ਦੀ ਲੀਲਾ, ਨਰ-ਮਾਦਾ ਦੇ ਫਰਕ ਨਾਲ, ਹਰੇਕ ਜੂਨ `ਚ ਪ੍ਰਭੂ ਦੀ ਇਸ ਵਡਮੁੱਲੀ ਦਾਤ ਨੂੰ ਪਛਾਣਨ ਤੇ ਸਮਝਣ ਦੀ ਲੋੜ ਹੈ।

ਇਸ ਲਈ ਪ੍ਰਭੂ ਦੀਆਂ ਅਨੇਕ ਬਖਸ਼ਿਸ਼ਾਂ `ਚੋਂ ਕੇਸ ਵੀ ਅਜਿਹੀ ਵਿਗਿਆਨਕ ਦੇਣ ਹਨ, ਜਿਸ ਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ। ਕਰਤੇ ਦੀ ਬੇਅੰਤ ਰਚਨਾ ਹੈ ਅਤੇ ਇਸ ਰਚਨਾ `ਚ ਅਨੰਤ ਜੂਨਾਂ ਹਨ। ਇਸ ਤਰ੍ਹਾਂ ਇਨ੍ਹਾਂ ਅਨੰਤ ਜੂਨਾਂ `ਚ ਕੇਵਲ ਮਨੁੱਖ ਹੀ ਨਹੀਂ ਜਿਵੇਂ ਕਿ ਸਪਸ਼ਟ ਕਰ ਚੁੱਕੇ ਹਾਂ, ਫ਼ਿਰ ਬੇਸ਼ੱਕ ਪਸ਼ੂ-ਪੰਛੀ, ਕੀੜੇ-ਮਕੌੜੇ, ਜਾਂ ਫਲ-ਫੁਲ ਸਬਜ਼ੀਆਂ, ਬਨਸਪਤੀ ਸਾਰਿਆਂ `ਚ ਕੇਸਾਂ-ਰੋਮਾਂ ਵਾਲਾ ਇਹ ਵਿਗਿਆਣਕ ਤੇ ਅਤੀ ਸ਼ੂਕਸ਼ਮ ਸਿਧਾਂਤ, ਭਿੰਨ ਭਿੰਨ ਸਰੀਰਾਂ ਦੀ ਕੁਦਰਤੀ ਲੋੜ ਅਨੁਸਾਰ, ਇਕੋ ਜਿਹਾ ਚੱਲ ਰਿਹਾ ਹੈ। ਤਾਂ ਵੀ ਇਥੇ ਬਹੁਤਾ ਕਰਕੇ ਅਸਾਂ ਵਿਸ਼ਾ ਲਿਆ ਅਤੇ ਲੈ ਰਹੇ ਹਾਂ ਕੇਵਲ ਮਨੁੱਖਾ ਸਰੀਰ ਦਾ। ਜਾਂ ਫ਼ਿਰ ਇਸ ਪੱਖੋਂ ਦਿਨ-ਰਾਤ ਗੁਮਰਾਹ ਕੀਤੀਆਂ ਜਾ ਰਹੀਆਂ ਗੁਰੂ ਕੀਆਂ ਸੰਗਤਾਂ ਕਾਰਣ ਤਾ ਕਿ ਉਹ ਇਸ ਸਚਾਈ ਨੂੰ ਜਾਣ ਸਕਣ।

ਗਡੀਆਂ `ਚ ਪੁਰੋਲੇਟਰ ਕਿਉਂ? -ਕੇਸਾਂ ਸੰਬੰਧੀ ਇੱਕ ਹੋਰ ਸਚਾਈ ਇਹ ਵੀ ਹੈ ਕਿ ਅਸੀਂ ਆਪਣੀਆਂ ਗਡੀਆਂ `ਚ ਪੁਰੋਲੇਟਰ ਲਗਾਂਦੇ ਹਾਂ। ਉਹ ਕਿਉਂ? ਕਿਉਂਕਿ ਜੇਕਰ ਹਵਾ ਵਿਚਲੀ ਗੰਦਗੀ ਸਾਡੀਆਂ ਗੱਡੀਆਂ `ਚ ਚਲੀ ਜਾਂਦੀ ਹੈ ਤਾਂ ਸਾਡੀ ਗੱਡੀ ਦਾ ਇੰਜਣ ਬੈਠ ਜਾਂਦਾ ਹੈ। ਇਸੇ ਤਰ੍ਹਾਂ ਪ੍ਰਭੂ ਨੇ ਸਾਡੇ ਨੱਕ ਤੇ ਕੰਨਾਂ `ਚ ਛੋਟੇ ਛੋਟੇ ਕੇਸ ਦਿੱਤੇ ਹੋਏ ਹਨ। ਪੁਰੋਲੇਟਰ ਦੀ ਨਿਆਈ, ਸਾਡੇ ਕੰਨਾਂ ਤੇ ਨੱਕ `ਚ ਜਿਹੜੀ ਹਵਾ ਜਾਂਦੀ ਹੈ, ਇਨ੍ਹਾਂ ਕੇਸਾਂ ਰਾਹੀਂ ਉਹ ਪੁਣ-ਛਾਣ ਕੇ ਜਾਂਦੀ ਹੈ ਜਿਸ ਤੋਂ ਸਾਡੀ ਸੁਨਣ, ਸੁੰਘਣ ਤੇ ਸੁਆਸ ਕਿਰਿਆ ਨਿਯਮਿਤ ਢੰਗ ਨਾਲ ਚਲਦੀਆਂ ਹਨ। ਦੂਜੇ ਪਸੇ, ਇਸਦੇ ਨਾਲ ਹੀ ਸਾਡੇ ਕੰਨਾਂ ਤੇ ਨੱਕ `ਚ ਜਿਹੜੀ ਮੈਲ ਇਕੱਠੀ ਹੋ ਜਾਂਦੀ ਹੈ ਤੇ ਉਸ ਨੂੰ ਅਸੀਂ ਕਢਦੇ ਰਹਿੰਦੇ ਹਾਂ। ਦਰਅਸਲ ਇਹ ਉਹੀ ਹਵਾ `ਚੋਂ ਛਣੀ ਹੋਈ ਮੈਲ ਹੀ ਹੁੰਦੀ ਹੈ। ਇਸੇਤਰ੍ਹਾਂ ਅੱਖਾਂ ਦੇ ਭਰਵੱਟੇ ਕਟਵਾ ਕੇ ਬੀਬੀਆਂ ਆਪਣੀਆਂ ਅੱਖਾਂ ਤੇ ਸਰੀਰ ਦੀਆਂ ਕਿਨੀਆਂ ਬੀਮਾਰੀਆਂ ਨੂੰ ਸੱਦਾ ਦਿੰਦੀਆਂ ਹਨ, ਅੱਖਾਂ ਦੇ ਹਸਪਤਾਲਾਂ `ਚੋਂ ਪਤਾ ਕੀਤਾ ਜਾ ਸਕਦਾ ਹੈ। ਸਚਾਈ ਇਹ ਹੈ ਕਿ ਅੱਖਾਂ ਦੇ ਭਰਵੱਟੇ ਵੀ ਮਨੁੱਖ ਨੂੰ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਬਚਾਂਦੇ ਹਨ। ਜਦਕਿ ਇਹ ਵੀ ਸਭ ਨੂੰ ਪਤਾ ਹੈ ਕਿ ਇਹ ਅੱਖਾਂ ਦੇ ਭਰਵੱਟੇ ਸਾਡੀਆਂ ਅੱਖਾਂ ਦਾ ਕਈ ਪੱਖਾਂ ਤੋਂ ਸਾਡਾ ਸਿੱਧਾ ਬਚਾਅ ਵੀ ਕਰਦੇ ਹਨ।

“ਸੋਹਣੇ ਨਕ ਜਿਨ ਲੰਮੜੇ ਵਾਲਾ” - ਗੁਰਬਾਣੀ ਅਨੁਸਾਰ ਅਕਾਲਪੁਰਖ ਰੂਪ, ਰੰਗ, ਰੇਖ ਤੋਂ ਨਿਆਰਾ ਹੈ। ਇਸ ਦੇ ਬਾਵਜੂਦ ਗੁਰਦੇਵ ਅਕਾਲਪੁਰਖ ਨੂੰ ਸੰਬੋਧਨ ਕਰਕੇ ਫ਼ੁਰਮਾਉਂਦੇ ਹਨ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ (ਪੰ: ੫੬੭)। ਮੂਲ ਰੂਪ `ਚ ਇਹ ੮ ਬੰਦਾਂ ਦੀ, ਵਡਹੰਸ ਰਾਗ `ਚ ਮ: ੧ ਦੀ, ਅਰਦਾਸ ਅਤੇ ਕਰਤੇ ਦੀ ਉਸਤੱਤ ਰੂਪ ਅਸ਼ਟਪਦੀ ਹੈ। ਅਸ਼ਟਪਦੀ ਦੀ ਅਰੰਭਕ ਪੰਕਤੀ ਹੈ “ਕਰਹੁ ਦਇਆ ਤੇਰਾ ਨਾਮੁ ਵਖਾਣਾ. . ,”। ਉਪ੍ਰੰਤ ਜੇਕਰ ਅਸ਼ਟਪਦੀ ਦੇ ਅਰਥ ਵੱਡੀ ਲਗਣ ਨਾਲ ਸਮਝੇ ਜਾਣ ਤਾਂ ਇਥੇ ਹੋਰ ਵੀ ਕਮਾਲ ਹੋਈ ਪਈ ਹੈ।

ਉਸ ਅਸ਼ਟਪਦੀ `ਚ ਗੁਰਦੇਵ ਜਦੋਂ ਕਰਤੇ ਦੀ ਸਮੂਹ ਰਚਨਾ `ਚੋਂ ਮਨੁੱਖਾ ਸਰੀਰ ਦਾ ਵਰਨਣ ਕਰਦੇ ਹਨ ਤਾਂ ਇਤਨੇ ਵਜਦ `ਚ ਆ ਜਾਂਦੇ ਕਿ ਮਨੁੱਖਾ ਸਰੀਰ ਨੂੰ ਕਰਤੇ ਦਾ ਨਿਜ ਰੂਪ ਤੱਕ ਵੀ ਬਿਆਣ ਕਰ ਦਿੰਦੇ ਹਨ। ਭਾਵ ਕਰਤੇ ਦੀ ਸਮੂਚੀ ਰਚਨਾ ਦਾ ਅਜਿਹਾ ਅੰਗ ਜਿਸ `ਚੋਂ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ” (pM:695) ਅਨੁਸਾਰ ਕਰਤੇ ਦੇ ਨਿਜ ਦਾ ਪ੍ਰਗਟਾਵਾ ਹੋਣਾ ਹੁੰਦਾ ਹੈ।

ਤਾਂ ਤੇ ਇਥੇ ਗੁਰਦੇਵ ਨੇ, ਕਰਤੇ ਨੂੰ ਸੰਬੋਧਨ ਕਰਕੇ ਮਨੁੱਖਾ ਸਰੀਰ ਦਾ ਜੋ ਰੂਪ ਬਿਆਣਿਆ ਹੈ ਉਹ ਇਸ ਤਰ੍ਹਾਂ ਹੈ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ॥ ਕੰਚਨ ਕਾਇਆ ਸੁਇਨੇ ਕੀ ਢਾਲਾ॥ ਸੋਵੰਨ ਢਾਲਾ ਕ੍ਰਿਸਨ ਮਾਲਾ, ਜਪਹੁ ਤੁਸੀ ਸਹੇਲੀਹੋ” ਅਰਥ- “ਹੇ ਪ੍ਰਭੂ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਸੋਹਣੇ ਲੰਮੇ ਕੇਸ ਹਨ (ਜਿਨ੍ਹਾਂ ਦੇ ਸੋਹਣੇ ਨੱਕ ਹਨ, ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ; ਇਹ ਭੀ, ਹੇ ਪ੍ਰਭੂ! ਤੇਰੇ ਹੀ ਨੱਕ ਤੇਰੇ ਹੀ ਕੇਸ ਹਨ)। ਹੇ ਪ੍ਰਭੂ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿੱਚ ਹੀ ਢਲਿਆ ਹੋਇਆ ਹੈ। ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ! ਤੁਸੀ ਉਸ ਪਰਮਾਤਮਾ (ਦੇ ਨਾਮ) ਦੀ ਮਾਲਾ ਜਪੋ (ਉਸ ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿੱਚ ਢਲਿਆ ਹੋਇਆ ਹੈ। (ਅਰਥ-ਧੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀ)

ਇਹੀ ਵਿਸ਼ਾ ਕੁੱਝ ਹੋਰ ਖੁੱਲੇ ਅਰਥਾਂ `ਚ- ਗੁਰਦੇਵ ਜਦੋਂ ਕਰਤੇ ਦੀ ਅਨੰਤ ਰਚਨਾ ਦਾ ਜ਼ਿਕਰ ਕਰਦੇ ਹਨ ਤਾਂ ਫ਼ੁਰਮਾਉਂਦੇ ਹਨ “ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ” (ਬਾਣੀ ਜਪੁ)। ਉਪ੍ਰੰਤ ਪ੍ਰਭੂ ਦੀ ਬੇਅੰਤ ਰਚਨਾ `ਚੋਂ ਜਦੋਂ ਮਨੁੱਖਾ ਸਰੀਰ ਨੂੰ ਬਿਆਣਦੇ ਹਨ ਤਾਂ ਉਸ ਸੰਬੰਧ `ਚ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ. .” ਵਾਲੀ ਸ਼ਬਦਾਵਲੀ ਵਰਤਦੇ ਹਨ। ਤਾਂ ਕੀ ਇਸ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਭੁਲੇਖਾਂ ਰਹਿ ਜਾਂਦਾ ਹੈ ਕਿ ਗੁਰਦੇਵ, ਗੁਰਬਾਣੀ `ਚ ਕੇਸ ਵਿਹੀਨ ਮਨੁੱਖਾ ਸਰੀਰ ਦੀ ਪ੍ਰੌੜਤਾ ਕਰ ਰਹੇ ਹਨ ਜਾਂ ਉਸ ਨੂੰ ਪ੍ਰਵਾਣਗੀ ਦੇ ਰਹੇ ਹਨ? ਕਦਾਚਿੱਤ ਨਹੀਂ। ਕਿਉਂਕਿ ਇਥੇ ਵੀ ਜਦੋਂ ਮਨੁੱਖਾ ਸਰੀਰ ਨੂੰ ਬਿਆਣਿਆ ਤਾਂ ਸ਼ਬਦਾਵਲੀ ਹੈ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ. .” ਭਾਵ ਹੇ ਪ੍ਰਭੂ! ਤੇਰੇ ਰਾਹੀਂ ਘੜੀ ਹੋਈ ਮਨੁੱਖ ਸ਼੍ਰੇਣੀ, ਜਿਸ `ਚ ਵੀ ਤੇਰਾ ਵਾਸਾ ਹੈ। ਇਸ ਤਰ੍ਹਾਂ ਮਨੁੱਖ ਨੂੰ ਜਿਹੜਾ ਤੂੰ ਰੂਪ ਪ੍ਰਦਾਨ ਕੀਤਾ, ਤੇਰੇ ਰਾਹੀਂ ਉਸ ਦੇ ਉਸ ਘੜੇ ਹੋਏ ਰੂਪ `ਚ ਉਸਦੇ ਨੇਤ੍ਰ ਵੀ ਸੁੰਦਰ ਹਨ ਤੇ ਦੰਦ ਵੀ। ਇਸੇ ਤਰ੍ਹਾਂ ਉਸ ਦੇ ਸਰੀਰ `ਤੇ ਸੋਹਣਾ ਨੱਕ ਤੇ ਲੰਮੇਂ ਵਾਲ ਵੀ ਹਨ

ਮਨੁੱਖਾ ਸਰੀਰ ਦਾ ਅਣਿਖੜਵਾਂ ਅੰਗ ਹਨ ਕੇਸ- ਸਪਸ਼ਟ ਹੈ ਕਿ ਕੇਸ, ਮਨੁੱਖਾ ਸਰੀਰ ਦਾ ਅਣਿਖੜਵਾਂ ਅੰਗ ਹਨ। ਗੁਰਦੇਵ, ਮਨੁੱਖ ਦੇ ਉਸ ਸਰੂਪ ਨੂੰ ਕੇਸਾਂ ਵਾਲਾ ਸਰੂਪ ਹੀ ਬਿਆਣ ਕਰਦੇ ਹਨ, ਜਿਹੜਾ ਸਰੂਪ, ਪ੍ਰਭੂ ਨੇ ਆਪ ਮਨੁੱਖ ਲਈ ਘੜਿਆ ਹੋਇਆ ਹੈ। ਇਸ ਤਰ੍ਹਾਂ ਕੇਸਾਂ ਸਾਹਿਤ ਮਨੁੱਖ ਦਾ ਇਹ ਅਜਿਹਾ ਰੂਪ ਹੈ ਜਿਹੜਾ ਮਨੁੱਖ ਨੂੰ ਪ੍ਰਭੂ ਵੱਲੋਂ ਜਨਮ ਤੋਂ ਹੀ ਮਿਲਦਾ ਹੈ।

ਇਸ ਤੋਂ ਆਪਣੇ ਆਪ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖਾ ਸਰੂਪ ਦੀ, ਮਨੁੱਖ ਵੱਲੋਂ ਦਾੜੀ-ਕੇਸਾਂ ਅਦਿ ਦੀ ਕੱਟ-ਵੱਢ, ਜਿਹੜੀ ਕਿ ਅੱਜ ਸੰਸਾਰ ਤੱਲ `ਤੇ ਮਨੁੱਖ ਦਾ ਫ਼ੈਸ਼ਨ ਤੇ ਸੁਭਾਅ ਬਣ ਚੁੱਕਾ ਹੈ, “ਸਾਬਤ ਸੂਰਤਿ ਦਸਤਾਰ ਸਿਰਾ” (ਪੰ: ੧੦੮੪) ਵਾਲੇ ਗੁਰਬਾਣੀ ਸਿਧਾਂਤ ਤੇ ਗੁਰਬਾਣੀ ਆਦੇਸ਼ਾਂ ਦੀ ਪੂਰੀ ਤਰ੍ਹਾਂ ਅਵਗਿਆ ਹੈ। ਹੋਰ ਤਾਂ ਹੋਰ, ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕੇਸਾਂ-ਰੋਮਾਂ ਪੱਖੋਂ ਮਨੁੱਖਾ ਸਰੀਰ ਦੀ ਕੱਟ-ਵਢ; ਇਲਾਹੀ, ਰੱਬੀ ਤੇ ਸੱਚ ਧਰਮ ਦੀ ਕਸਵੱਟੀ `ਤੇ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਉਤਰਦੀ।

ਫ਼ਿਰ ਆਉਂਦੇ ਹਨ ਮਨੁੱਖ ਦੇ ਬੇਅੰਤ ਭੇਖ ਜਿਵੇਂ ਜੋਗੀ, ਜਤੀ, ਸੰਨਿਆਸੀ, ਬੈਰਾਗੀ, ਨਾਂਗੇ, ਬਿਭੂਤਧਾਰੀ, ਸਾਧੂ, ਸੰਤ, ਮਹਾਤਮਾ ਆਦਿ, ਜਿਹੜੇ ਦਿਖਾਵੇ ਕਰਕੇ ਤਾਂ ਕੁੱਝ ਵੀ ਹੁੰਦੇ ਹਨ ਪਰ “ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ” (ਪੰ: ੪੬੮) ਅਨੁਸਾਰ ਉਨ੍ਹਾਂ ਦੇ ਜੀਵਨ `ਚ ਬਹੁਤਾ ਕਰਕੇ ਉਸ ਤਰ੍ਹਾਂ ਦੀ ਅਸਲੀਅਤ, ਘੱਟ ਹੀ ਹੁੰਦੀ ਹੈ।

ਇਸ ਤੋਂ ਵਧ ਜਦੋਂ ਉਸੇ ਮਨੁੱਖ ਦਾ ਜੀਵਨ ਹੀ ਗੁਰਬਾਣੀ ਸੋਝੀ ਤੇ ਜੀਵਨਜਾਚ ਤੋਂ ਘੜਿਆ ਜਾਂਦਾ ਹੈ ਤਾਂ ਉਹ ਮਨੁੱਖ ਸੁਭਾਅ ਕਰਕੇ ਹੀ ਸਦਾਚਾਰੀ, ਉੱਚੇ ਆਚਰਣ ਵਾਲਾ ਤੇ ਸੱਚ ਧਰਮ ਦਾ ਰਾਹੀ ਬਣ ਜਾਂਦਾ ਹੈ। ਇਸ ਤਰ੍ਹਾਂ ਜਦੋਂ ਮਨੁੱਖ ਦਾ ਜੀਵਨ ਹੀ ਕਰਤੇ ਦੀ ਰਜ਼ਾ `ਚ ਤਿਆਰ ਹੁੰਦਾ ਹੈ ਤਾਂ ਉਹ ਸਰੂਪ ਦੀ ਕੱਟ ਵੱਢ ਅਤੇ ਹੋਰ ਹੋਰ ਭੇਖਾਂ ਵੱਲ ਵਧਦਾ ਹੀ ਨਹੀਂ। ਉਹ ਅੰਦਰੋਂ ਜੀਵਨ ਕਰਕੇ ਤੇ ਬਾਹਰੋਂ ਸਰੂਪ ਕਰਕੇ, ਦੋਨਾਂ ਪੱਖਾਂ ਤੋਂ ਸੱਚਾ ਧਰਮੀ ਹੀ ਹੁੰਦਾ ਹੈ। ਇਹ ਵੀ ਕਿ ਉਸ ਨੂੰ ਆਪਣੇ ਧਰਮੀ ਹੋਣ ਲਈ ਕਿਸੇ ਵਿਸ਼ੇਸ਼ ਦਿਖਾਵੇ, ਪਹਿਰਾਵੇ ਜਾਂ ਭੇਖ ਦੀ ਲੋੜ ਰਹਿੰਦੀ ਹੀ ਨਹੀਂ। ਉਹ ਆਪਣੇ ਆਪ `ਚ ਹੀ “ਸਾਬਤ ਸੂਰਤਿ ਦਸਤਾਰ ਸਿਰਾ” ਵਾਲੇ ਮੂਲ ਮਨੁੱਖੀ ਸਰੂਪ ਦਾ ਪ੍ਰਗਟਾਵਾ ਵੀ ਹੁੰਦਾ ਹੈ ਤੇ ਗੁਰਬਾਣੀ ਆਧਾਰਤ ਉੱਚੇ ਸੁੱਚੇ ਜੀਵਨ ਵਾਲਾ ਵੀ।

“ਕਰਮੀ ਆਪੋ ਆਪਣੀ” - ਇਸ ਤਰ੍ਹਾਂ ਫ਼ਿਰ ਤੋਂ ਸਪਸ਼ਟ ਕਰ ਦੇਵੀਏ ਕਿ ਗੁਰਬਾਣੀ `ਚ ਮਨੁੱਖਾ ਸਰੀਰ ਲਈ ਵਿਸ਼ਾ ਕੇਵਲ ਸਰੂਪ ਦਾ ਹੀ ਨਹੀਂ ਬਲਕਿ ਇਥੇ ਗੁਰਬਾਣੀ ਦੀ ਜੀਵਨ ਜਾਚ ਵੀ ਉਤਨੀ ਹੀ ਜ਼ਰੂਰੀ ਹੈ। ਇਹ ਨਹੀਂ ਕਿ ਕੇਸਾਧਾਰੀ ਸਰੂਪ, ਜਿਹੜਾ ਹਰੇਕ ਨੂੰ ਜਨਮ ਤੋਂ ਮਿਲ ਜਾਂਦਾ ਹੈ ਉਹ ਤਾਂ ਹੋ ਗਿਆ ਪਰ ਜਦੋਂ ਅੰਦਰ ਗੁਰਬਾਣੀ ਦਾ ਜੀਵਨ ਨਹੀਂ; ਇਸ ਤਰ੍ਹਾਂ ਗੁਰਬਾਣੀ ਦੀ ਕਸਵੱਟੀ `ਤੇ ਉਹ ਮਨੁੱਖ ਵੀ, ਗੁਰੂ ਗੁਰਬਾਣੀ ਦਾ ਸਿੱਖ ਨਹੀਂ ਹੁੰਦਾ। ਸਪਸ਼ਟ ਹੈ ਕਿ ਇਥੇ ਤਾਂ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਬਾਣੀ ਜਪੁ) ਵਾਲਾ ਗੁਰਬਾਣੀ ਸਿਧਾਂਤ ਸਮੂਚੇ ਮਨੁੱਖ ਮਾਤ੍ਰ `ਤੇ ਇਕੋ ਜਿਹਾ ਲਾਗੂ ਹੁੰਦਾ ਹੈ, ਉਹ ਮਨੁੱਖ ਮਾਤ੍ਰ ਜਿਸਦਾ ਕਿ ਸਿੱਖ ਪੰਥ ਵੀ ਉਤਨਾ ਹੀ ਹਿੱਸਾ ਹੈ, ਉਸ ਤੋਂ ਅੱਡ ਨਹੀਂ। ਇਸ ਲਈ ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵਾਂਗੇ, ਗੁਰਬਾਣੀ ਦੇ ਸਿੱਖ ਹੋਣ ਲਈ, ਜੀਵਨ `ਚ ਇਹ ਦੋਵੇਂ ਪੱਖ ਜੁੜਵੇਂ ਸਾਬਤ ਹੁੰਦੇ ਜਾਣਗੇ (੧) ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ `ਚ ਵਿਚਰਨਾ। (੨) ਗੁਰਬਾਣੀ ਤੋਂ ਪ੍ਰਗਟ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਵਾਲੀ ਜੀਵਨ ਜਾਚ

ਗੁਰਬਾਣੀ ਅਨੁਸਾਰ ਇਹੀ ਹੈ ਸਮੂਚੇ ਮਨੁੱਖਾ ਜੀਵਨ ਦੀ ਘਾੜਤ ਤੇ ਖਾਸਕਰ ਸਿੱਖ ਦਾ ਅਜਿਹੀ ਜੀਵਨ ਰਹਿਣੀ ਦੇ ਦਾਇਰੇ `ਚ ਜੀਵਨ ਜੀਊ ਕੇ ਸੰਸਾਰ ਭਰ ਦੇ ਹਰੇਕ ਖੇਤ੍ਰ `ਚ ਆਪਣੇ ਆਪ ਨੂੰ ਪ੍ਰਗਟ ਕਰਣਾ। (ਚਲਦਾ) #225s 013.03.013#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 225

ਗੁਰਬਾਣੀ `ਚ ਕੇਸਾਂ ਵਾਲਾ ਸਰੂਪ? (ਕਿਸ਼ਤ ੧)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.