.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਚੌਥੀ)

ਗਿਆਨੀ ਗਿਆਨ ਸਿੰਘ ਜੀ ਨੇ ਜਿਸ ਗੋਦੜੇ ਨੂੰ ਉਠਾਉਣ ਦੀ ਗੱਲ ਲਿਖੀ ਹੈ, ਉਸ ਨੂੰ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਇਸ ਘਟਨਾ ਦਾ ਸਿਰੀ ਚੰਦ ਅਤੇ ਲਖਮੀ ਦਾਸ ਨਾਲ ਜੋੜਿਆ ਹੈ। ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਕਰਤੇ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਮਗਰੋਂ ਸਿਰੀ ਚੰਦ ਅਤੇ ਲਖਮੀ ਦਾਸ ਆਪਸ ਵਿੱਚ ਇਸ ਤਰ੍ਹਾਂ ਸਲਾਹ-ਮਸ਼ਵਰਾ ਕਰਦੇ ਹਨ, “ਪਿਤਾ ਤੋ ਦੇਇ ਇਸੀ ਕੋ ਗਇਆ। ਜਬਾਬੁ ਸੁਆਲ ਅਸਾਂ ਜੀਵਤੇ ਹੀ ਕਰ ਲਇਆ। ਘੋੜਾ ਬਾਜ ਅਸਾਂ ਨੂੰ ਕਹਿ ਦੀਨਾ। ਉਪਰ ਕਾ ਗੋਦੜਾ ਸੋ ਅੰਗਦ ਲੀਨਾ। ਗੋਦੜੇ ਬੀਚ ਧਰੀ ਗੁਰਿਆਈ। ਅਸਾਡੇ ਹੋਦਿਆਂ ਏਹੁ ਕਉਣੁ ਹੈ ਜੋ ਬਹੈ ਮੰਜੀ ਪਾਈ। ਗੋਦੜਾ ਇਸ ਪਾਸੋਂ ਮੋੜਿ ਲਈਐ। ‘ਸੇਵਕ ਹੋਇ ਰਹੁ’ ਇਸ ਨੂੰ ਕਹੀਐ।
ਇਸ ਤਰ੍ਹਾਂ ਵਿਚਾਰ-ਵਟਾਂਦਰਾ ਕਰਨ ਉਪਰੰਤ ਗੁਰ ਪੁੱਤਰਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ‘ਸ੍ਰੀ ਚੰਦ ਸਾਹਿਬ’ ਕਹਿਆ: “ਅੰਗਦਾ! ਗੋਦੜਾ ਉਤਾਰੁ।”
ਗੁਰੂ ਅੰਗਦ ਸਾਹਿਬ ਵਲੋਂ ਗੋਦੜਾ ਉਤਾਰ ਕੇ ਹੇਠਾਂ ਰੱਖਣ `ਤੇ ਸਿਰੀ ਚੰਦ ਹੁਰਾਂ ਨੇ ਧਰਮ ਚੰਦ (ਲਖਮੀ ਦਾਸ ਜੀ ਦੇ ਪੁੱਤਰ) ਨੂੰ ਗੋਦੜਾ ਉਠਾਉਣ ਲਈ ਕਿਹਾ। ਧਰਮ ਚੰਦ ਪਾਸੋਂ ਗੋਦੜਾ ਨਾ ਉਠਾਏ ਜਾਣ ਤੇ ਸਿਰੀ ਚੰਦ ਜੀ ਨੇ ਲਖਮੀ ਦਾਸ ਹੁਰਾਂ ਨੂੰ ਗੋਦੜਾ ਉਠਾਉਣ ਲਈ ਆਖਿਆ ਪਰ ਇਹਨਾਂ ਕੋਲੋਂ ਵੀ ਗੋਦੜਾ ਨਹੀ ਉਠਾਇਆ ਗਿਆ। ਭਾਈ ਕੇਸਰ ਸਿੰਘ ਛਿੱਬਰ ਅਨੁਸਾਰ, “‘ਲਹਿਣੇ’ ਲਾਹਿ ਧਰਿਆ ਸਭਾ ਮਝਾਰਿ। ਧਰਮ ਚੰਦ ਕੋ ਕਹਿਆ: “ਤੁਮ ਲੇਹੁ ਉਠਾਈ।” ‘ਧਰਮ ਚੰਦ ਤੇ ਨ ਉਠਾਇਆ ਜਾਈ। ‘ਲਖਮੀ ਦਾਸ’ ਜੀ ਜਾਇ ਹੱਥ ਲਾਇਆ। ਤਿਨ ਤੇ ਭੀ ਨ ਗੋਦੜਾ ਗਿਆ ਉਠਾਇਆ। ਉਠਾਇ ਰਹਿਆ ਸਾਰਾ ਪਰਵਾਰ। ਗੋਦੜਾ ਹੂਆ ਹਾਥੀ ਦਾ ਭਾਰ।”
ਭਾਈ ਕੇਸਰ ਸਿੰਘ ਜੀ ਅੱਗੇ ਲਿਖਦੇ ਹਨ ਕਿ ਜਦੋਂ ਸਾਰਾ ਪਰਵਾਰ ਇਕੱਠਿਆਂ ਮਿਲ ਕੇ ਵੀ ਇਸ ਗੋਦੜੇ ਨੂੰ ਨਾ ਉਠਾ ਸਕੇ ਤਾਂ ਇਹਨਾਂ ਨੇ ਫਿਰ ਸਲਾਹ ਕੀਤੀ ਕਿ, “ਬੈਠਿ ਸਭਨਾ ਮਿਲਿ ਕਰੀ ਸਲਾਹਿ: ‘ਸਭ ਬਰਕਤਿ ਹੈ ਇਸ ਗੋਦੜੇ ਮਾਹਿ। ਪਰ ਦੀਨਾ ਹੈ ਆਪ ਸਚੇ ਪਾਤਿਸਾਹਿ। ਉਸ ਕਾ ਕੀਆ ਅਸਾਂ ਲੀਆ ਹੈ ਲਾਹਿ’। ਇਸ ਕੋ ਕਹੋ: “ਤੂੰ ਲੇਹੁ ਉਠਾਈ।” ਜੇ ਇਸ ਉਠਾਇਆ, ਤਾਂ ਇਸ ਹੀ ਦੇਹੁ ਪਹਿਰਾਈ। ‘ਸ੍ਰੀ ਚੰਦ ਸਾਹਿਬ’ ਕਹਿਆ: “ਅੰਗਦਾ, ਲੇਹੁ ਉਠਾਇ।” ਕਰ ਪ੍ਰਣਾਮ, ਪਰਦਛਨਾ, ‘ਅੰਗਦ ਜੀ’ ਕੀਨੀ ਜਾਇ। ਮਸਤਕੁ ਟੇਕਿ ਉਠਾਇ ਸੋ ਲੀਨਾ। ਤਬ ਰਲ ਕੇ ਟਿੱਕਾ ਸਭਨਾ ਤਿਸ ਕੋ ਦੀਨਾ। ‘ਅੰਗਦ’ ਕਹਿਆ: “ਮੈਂ ਹਾਂ ਸੇਵਕ ਤੁਮਾਰਾ ਦਾਸੁ। ਜੀਉ ਜਾਨ ਮਾਲ ਤੁਮ੍ਹਾਰਾ, ਤੁਮਾਰਾ ਸਾਸੁ।” ਚਾਰਿ ਮਾਸ ‘ਗੁਰ ਅੰਗਦ ਜੀ’ ਤਹਾਂ ਰਹੇ। ਕਰਿ ਪ੍ਰਣਾਮੁ ਫਿਰ ਵਿਦਿਆ ਭਏ।” (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ- ਪਹਿਲਾ ਚਰਣ)
ਗਿਆਨੀ ਗਿਆਨ ਸਿੰਘ ਜੀ ਨੇ ‘ਬੰਸਾਵਲੀਨਾਮੇ’ ਦੀ ਇਸ ਲਿਖਤ ਨੂੰ ਆਧਾਰ ਬਣਾ ਕੇ ਇਸ ਨੂੰ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਕਰ ਕੇ ਬਿਆਨ ਕੀਤਾ ਹੈ। ਭਾਈ ਬੁੱਢਾ ਜੀ ਵਲੋਂ ਇਸ ਗੋਦੜੇ ਨੂੰ ਥੋਹੜਾ ਕੁ ਉਠਾ ਲੈਣ `ਤੇ ਗੁਰੂ ਨਾਨਕ ਸਾਹਿਬ ਦਾ ਇਹਨਾਂ ਬਾਰੇ ਇਹ ਕਹਿਣਾ ਕਿ ਕੁੱਝ ਸਮਾਂ ਗੁਰਗੱਦੀ ਇਹਨਾਂ ਦੇ ਘਰ ਰਹੇਗੀ; ਇਹ ਗਿਆਨੀ ਗਿਆਨ ਸਿੰਘ ਜੀ ਦੀ ਆਪਣੀ ਹੀ ਕਲਪਨਾ ਹੈ।
ਇਹ ਗੱਲ ਵੀ ਧਿਆਨ ਯੋਗ ਹੈ ਕਿ ਦੂਜੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਬਖ਼ਸ਼ਸ਼ ਕਰਨ ਉਪਰੰਤ ਖਡੂਰ ਜਾਣ ਲਈ ਆਖ ਦਿੱਤਾ ਸੀ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਸ ਸੰਬੰਧ ਵਿੱਚ ਲਿਖਿਆ ਹੈ ਕਿ, “ਬੱਚਾ ਤੂੰ ਹੁਨ ਖਡੂਰ ਮੇਂ ਚਲਾ ਜਾਹ ਨਹੀਂ ਤਾਂ ਤੇਰੇ ਨਾਲ ਝਗੜਾ ਖੜਾ ਕਰਨਗੇ ਤਾਂ ਫੇਰ ਅੰਗਦ ਜੀ ਹੱਥ ਜੋੜ ਕਰ ਕਹਾ ਹੇ ਗਰੀਬ ਨਿਵਾਜ ਜੀ ਮੈਂ ਆਪ ਦੇ ਚਲਾਣੇ ਦੇ ਵਖਤ ਆਂਵਾ ਜੀ ਤਾਂ ਸ੍ਰੀ ਬਾਬਾ ਜੀ ਕਹਾ ਅਸੀ ਧੁਆਡੇ ਵਿਚੋਂ ਦੀ ਹੋ ਕੇ ਜਾਵਾਂਗੇ ਅਤੇ ਪਾਰਬ੍ਰਹਮ ਜੀ ਕੀ ਆਗਯਾ ਇਸੇ ਤਰ੍ਹਾਂ ਹੀ ਹੈ।”
ਭਾਈ ਸੰਤੋਖ ਸਿੰਘ ਜੀ ਵੀ ਇਸੇ ਲਿਖਤ ਨੂੰ ਆਧਾਰ ਬਣਾ ਕੇ ਲਿਖਦੇ ਹਨ: ਤੁਮ ਅਬ ਗਮਨਹੁ ਅਪਨ ਸਥਾਨਾ। ਇਹਾਂ ਨ ਰਹੀਏ ਆਇਸੁ ਏਹੀ। (ਉਤਰਾਰਧ ਅਧਯਾਯ ੫੩) ਖ਼ੈਰ!
ਸਿਰੀ ਚੰਦ ਅਤੇ ਲਖਮੀ ਦਾਸ ਨੇ ਪਿਤਾ-ਗੁਰਦੇਵ ਨਾਲ ਸ਼ਿਕਵਾ ਕਰਦਿਆਂ ਹੋਇਆਂ ਕਿਹਾ ਕਿ ਉਹਨਾਂ ਨੇ ਆਪਣਾ ਉਤਰਾਧਿਕਾਰੀ ਉਹਨਾਂ ਨੂੰ ਬਣਾਉਣ ਦੀ ਥਾਂ ਲਹਿਣਾ (ਗੁਰੂ ਅੰਗਦ ਸਾਹਿਬ) ਨੂੰ ਬਣਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਉੱਤਰ ਵਿੱਚ ਕਿਹਾ, “ਤਬ ਤਿਨ ਕੇ ਪਰਥਾਇ ਗੁਰੂ ਬਾਬੇ ਨਾਨਕ ਜੀ ਬਾਣੀ ਬੋਲੀ। ਸਲੋਕ।
‘ਲਖ ਨੇਕੀਆ ਚੰਗਿਆਈ ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾ ਸਹਜ ਜੋਗ ਬੇਬਾਣ॥ ਨਾਨਕ ਮਨ ਕੀਆ ਮਤੀ ਮਿਥੀਆ ਕਰਮੁ ਸਚੁ ਨਿਸਾਣ॥’ ਤਿਸ ਕਾ ਪਰਮਾਰਥ। ਤਬ ਗੁਰੂ ਬਾਬੇ ਨਾਨਕ ਜੀ ਕਹਿਆ। ਜੇ ਬਚਾ ਏਹੁ ਵਡਿਆਈ ਦੀ ਗਲ ਕੀਤੀ ਹੈ। ਸੋ ਹਥ ਕਿਸੇ ਦੇ ਨਾਹੀ। ਅਤੇ ਕਿਤ ਸੇਵਾ ਸਿਆਣਪ ਭੀ ਹਥ ਨਹੀ ਆਵਦੀ। ਏਹੁ ਵਡਿਆਈ ਜੇ ਕਿਤੇ ਨੇਕੀ ਕੀਤੇ ਹਥ ਆਵੇ। ਨਾ ਸਹਜੁ ਸੁਭਾਇ ਨ ਜੋਗ ਮਾਰਗ ਕਮਾਇ ਹਥਿ ਆਵੈ। ਨਾ ਸੂਰਤਣ ਨ ਸਗ੍ਰਾਮ ਕੀਤੇ ਹਥਿ ਆਵੈ। ਨਾ ਰਣ ਮਹਿ ਗਿਰਿਆ ਹਥ ਆਵੈ। ਗਿਆਨ ਧਿਆਨ ਕੀਤੇ ਹਥਿ ਆਵੈ। ਨਾ ਵੇਦੀ ਨਾ ਸਾਸਤ੍ਰੀ ਪਾਠ ਪੜੇ। ਪੁਰਾਣੀ ਨ ਹਥ ਆਵੈ। ਬਚਾ ਕਰਤੇ ਪੁਰਖੁ ਏਹੁ ਬਚਨ ਰਚਿਆ ਹੈ। ਜੰਮਣ ਮਰਣੁ ਦੁਖੁ ਸੁਖੁ ਆਵਣਿ ਜਾਣਿ ਕਾ। ਤਿਨਹੁ ਇਹੁ ਲੇਖੁ ਲਿਖਿਆ ਹੈ। ਵਡਿਆਈ ਕਾ। ਸੋ ਏਹੁ ਹੋਰਸੁ ਕਿਸੇ ਦੇ ਹਥਿ ਨਾਹੀ। ਬਚਾ ਜਿਸ ਦੇ ਪੇਖ ਵਡਿਆਈ ਪੜੀ ਥੀ ਸੋ ਸਬਦੁ ਲੈ ਗਇਆ। (ਨੋਟ: ਭਾਈ ਸੰਤੋਖ ਸਿੰਘ ਜੀ ਨੇ ਪੂਰਾ ਸਲੋਕ ਲਿਖਿਆ ਹੋਇਆ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:- ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ॥
ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਸ ਸਲੋਕ ਦਾ ਵਰਨਣ ਤਾਂ ਨਹੀਂ ਕੀਤਾ ਹੋਇਆ ਪਰ ਇਸ ਸਲੋਕ ਦਾ ਭਾਵਾਰਥ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਕਢਵਾਇਆ ਹੋਇਆ ਹੈ।)
ਤਬ ਲਖਮੀ ਦਾਸੁ ਅਤੇ ਸਿਰੀ ਚੰਦੁ ਬੇਨਤੀ ਕਰੀ ਜੇ ਬਾਬਾ ਤੁਧੁ ਏਵੈ ਭਾਣਾ। ਜਿ ਸਬਦੁ ਵਡਿਆਈ ਲਹਣੇ ਨੂੰ ਦਿਤੀਆ ਅਤੇ ਜੀ ਅਸੀ ਤੇਰੇ ਪੁਤ੍ਰ ਆਖੀਦੈ ਹਾਂ। ਜਾਂ ਆਜਜ ਹੋਇ ਫਿਰਹਿਗੇ। ਅਤੇ ਰੋਟੀਆ ਕਪੜੇ ਨ ਲਹਾਗੇ ਤਾ ਏਹੁ ਸਰਮੁ ਤੁਧੁ ਨੂ ਹੈ। ਅਸਾਡਾ ਕਿਆ ਚਾਰਾ ਹੈ। ਖਰੇ ਨਿਮਰੁਤਾਈ ਨਿਮਾਣੇ ਘਰਿ ਬੋਲੈ। ਤਾ ਜਾਇ ਕਰਿ ਫਿਰ ਆਏ। ਓਇ ਖਰੈ ਨਿਮਾਣੇ ਹੋਇ ਬੋਲੇ। ਤਬ ਗੁਰੂ ਬਾਬਾ ਨਾਨਕ ਜੀ ਦਇਆ ਕਰਿ ਬੋਲਿਆ। ਜੋ ਬਚਾ ਤੁਸਾ ਨੂੰ ਰੋਟੀ ਕਪੜਾ ਬਹੁਤ ਹੋਗੁ। ਤਾ ਫਿਰ ਲਖਮੀ ਦਾਸੁ ਅਤੇ ਸਿਰੀ ਚੰਦੁ ਬੋਲਿਆ। ਬੈਰਾਗ ਕਰਕੇ ਬਹੁਤ। ਜੋ ਰੋਟੀਆ ਕਪੜਾ ਬਹੁਤ ਹੋਗ। ਪਰ ਅਸਾਨੁ ਸਿੰਝਾਨਸੀਆ ਕੋਈ ਨਾਹੀ। ਅਜੀ ਅਸਾਡੇ ਕੇ ਵਸ ਹੈ। ਜਿ ਰਜਾਇ ਹੈ। ਤਾ ਗੁਰੂ ਬਾਬੇ ਨਾਨਕ ਜੀ ਕਹਿਆ ਬਚਾ ਚਿੰਤਾ ਮਤੁ ਕਰਹੁ। ਗੁਰਾਂ ਪੀਰਾਂ ਦੇ ਕੁਤੇ ਮੰਨੀਦੇ ਹੈਨਿ। ਤੁਸੀ ਤਾਂ ਗੁਰੂ ਕੇ ਪੁਤ੍ਰ ਹੋ ਤੁਸੀ ਹੀ ਨਾ ਮੰਨੀਅਹੁਗੇ। ਬਚਾ ਤੁਸੀ ਭੀ ਮੰਨੀਅਹੁਗੇ, ਤੁਸਾਡੇ ਪਿਛੈ ਲਗੀ ਫਿਰਹਿਗੀ ਮਾਇਆ। ਤੁਹਾਡੀ ਰਸਨਾ ਤੇ ਪਰਮੇਸਰੁ ਹੈ। ਚਿੰਤਾ ਮਤੁ ਕਰਹੁ। ਪਰ ਨਾਮੁ ਕੀ ਵਡਿਆਈ ਸਬਦੁ ਮੋਹਰੁ ਅੰਗਦਿ ਪਾਸ ਹੈ। ਤੁਸਾਂ ਨੂੰ ਰੋਟੀ ਕਪੜਾ ਬਹੁਤ ਪਹੁੰਚੇਗਾ। ਤੁਸੀ ਮੇਰੀ ਅੰਸੁ ਹਉ। ਜਬ ਏਹੁ ਆਗਿਆ ਗੁਰੂ ਬਾਬੇ ਨਾਨਕ ਜੀ ਕੀਤੀ। ਤਾ ਲਖਮੀ ਦਾਸ ਅਤੇ ਸਿਰੀ ਚੰਦੁ ਪੈਰੀ ਪਏ।” (ਮਿਹਰਵਾਨ ਵਾਲੀ ਜਨਮ ਸਾਖੀ-ਤੇਤੀਹਵੀ ਗੋਸਟਿ)
‘ਭਾਈ ਬਾਲੇ ਵਾਲੀ ਜਨਮ ਸਾਖੀ’ ਅਤੇ ‘ਸ਼੍ਰੀ ਗੁਰੂ ਨਾਨਕ ਪ੍ਰਕਾਸ਼’ ਵਿੱਚ ਵੀ ਇਸ ਤਰ੍ਹਾਂ ਦਾ ਹੀ ਵਰਨਣ ਹੈ। ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ, “ਬਚਨ ਕੀਤਾ: ‘ਪੰਡ ਅਸਾਂ ਲਹਿਣੇ ਨੂੰ ਚੁਕਾਈ। ਤੁਸੀਂ ਹੋ ਮੇਰੀ ਅੰਸੁ, ਜਾਣੈ ਸਭ ਲੁਕਾਈ। ਤੁਸਾਨੂੰ ਘੋੜਾ, ਬਾਜੁ ਹੁਕਮ ਬਹੁਤ ਹੈ ਦਿਤਾ। ਤੁਸਾਡੇ ਕੁਤੇ ਭੀ ਮੰਨੀਅਨਗੇ; ਤੁਸਾਂ ਮੇਰੇ ਘਰਿ ਜਨਮੁ ਹੈ ਲਿਤਾ। (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ। ਪਹਿਲਾ ਚਰਣ)
‘ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ’ ਦੇ ਕਰਤੇ ਨੇ ਗੁਰ-ਪੁੱਤਰਾਂ ਦੀ ਥਾਂ (ਮਾਤਾ) ਸੁਲੱਖਣੀ ਜੀ ਵਲੋਂ ਸ਼ਿਕਵਾ ਕੀਤੇ ਜਾਣ ਦਾ ਹੀ ਵਰਨਣ ਨਹੀਂ ਕੀਤਾ ਹੈ ਸਗੋਂ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਉੱਤਰ ਵੀ ਪਹਿਲੇ ਲੇਖਕਾਂ ਵਲੋਂ ਭਿੰਨ ਕਢਵਾਇਆ ਹੈ। ਆਪ ਜੀ ਅਨੁਸਾਰ, “ਗੁਨ ਖਾਨੀ ਸੁਨ ਕਰਨਾ ਠਾਨੀ। ਬੋਲੇ ਪਤਨੀ ਸੰਗ ਸੁ ਬਾਨੀ। ਤੀਨ ਬਸਤ ਮਮ ਨਿਕਟ ਥੀਂ ਗੁਰਤਾ ਗ੍ਰਿਹਸਤ ਉਦਾਸ। ਜਸ ਜਸ ਅਧਕਾਰੀ ਲਖੇ ਤਸ ਤਸ ਦੀਨੀ ਤਾਸ। ਸੇਵਾ ਕੀ ਗੁਰਿਆਈ ਥੀ ਸੋ ਸ੍ਰੀ ਅੰਗਦਹਿ ਦੀਨ। ਬੇਖ ਉਦਾਸੀ ਕੋ ਹੁਤੋ ਸੋ ਸ੍ਰੀ ਚੰਦਹਿ ਚੀਨ। ਤ੍ਰਿਤੀਏ ਹੁਤੋ ਗ੍ਰਹਸਤ ਢਿਗ ਦਯੋ ਸੁ ਲਖਮੀ ਚੰਦ। ਭਾ ਕਾਰਜ ਅਭਿਰਾਮ ਅਤਿ ਧਾਰਹੁ ਰਿਦੇ ਅਨੰਦ।
ਰਿੱਧ ਸਿੱਧ ਸਭ ਹੁਐ ਕੁਲ ਮਾਹੀਂ। ਪਟ ਧਨ ਅੰਨ ਤੋਟ ਕਬ ਨਾਹੀਂ। ਗੁਰੂ ਪੀਰ ਕੇ ਜੇ ਹੁਐ ਸੁਆਨਾ। ਤਿਨ ਕੌ ਮਾਨਹਿੰ ਜਗਤ ਮਹਾਨਾ। ਯਹ ਤੋ ਤਾਤ ਭਏ ਮੁਝ ਤਨ ਤੇ। ਭੇਟਾ ਕਿਉਂ ਨ ਦਿਹੈਂ ਹਿਤ ਮਨ ਤੇ। ਕਰਾਮਾਤ ਹੁਐ ਹੈ ਇਨ ਮਾਹੀਂ। ਸਿੱਖ ਹਮਾਰੇ ਸਰਬ ਪੁਜਾਹੀਂ। ਜਗਤ ਬਿਰਾਜਹਿੰ ਸਭ ਤੇ ਊਚੇ। ਇਨ ਕੀ ਸਮਤਾ ਕੋ ਨ ਪਹੂਚੇ। ਸਿਰੀ ਚੰਦ ਕਾ ਪੰਥ ਬਧੈ ਹੈ। ਦਾਸ ਸੁ ਲਖਮੀ ਬੰਸ ਫਲੈ ਹੈ।”। (ਕਵਿ ਸੰਤ ਰੇਣ ਪ੍ਰੇਮ ਸਿੰਘ)
ਜਿਸ ਤਰ੍ਹਾਂ ਇਹ ਘਟਨਾ ਲਿਖਣ ਵਾਲੇ ਹਰੇਕ ਲਿਖਾਰੀ ਨੇ ਆਪਣੇ ਵਲੋਂ ਕੁੱਝ ਨਾ ਕੁੱਝ ਆਪਣੇ ਕੋਲੋਂ ਜੋੜਿਆ ਹੈ, ਇਸੇ ਤਰ੍ਹਾਂ ਕਵਿ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਵੀ ਕਲਪਨਾ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਮੂੰਹੋਂ ਕਢਵਾਏ ਇਹ ਸ਼ਬਦ ਲੇਖਕ ਜੀ ਦੀ ਆਪਣੀ ਕਲਪਨਾ ਦਾ ਹੀ ਨਤੀਜਾ ਹੈ:- ‘ਤੀਨ ਬਸਤ ਮਮ ਨਿਕਟ ਥੀਂ ਗੁਰਤਾ ਗ੍ਰਿਹਸਤ ਉਦਾਸ। ਜਸ ਜਸ ਅਧਕਾਰੀ ਲਖੇ ਤਸ ਤਸ ਦੀਨੀ ਤਾਸ। ਸੇਵਾ ਕੀ ਗੁਰਿਆਈ ਥੀ ਸੋ ਸ੍ਰੀ ਅੰਗਦਹਿ ਦੀਨ। ਬੇਖ ਉਦਾਸੀ ਕੋ ਹੁਤੋ ਸੋ ਸ੍ਰੀ ਚੰਦਹਿ ਚੀਨ। ਤ੍ਰਿਤੀਏ ਹੁਤੋ ਗ੍ਰਹਸਤ ਢਿਗ ਦਯੋ ਸੁ ਲਖਮੀ ਚੰਦ। ਭਾ ਕਾਰਜ ਅਭਿਰਾਮ ਅਤਿ ਧਾਰਹੁ ਰਿਦੇ ਅਨੰਦ।’
ਲੇਖਕ ਜੀ ਦੀ ਇਸ ਕਲਪਨਾ ਅਨੁਸਾਰ ਸਿਰੀ ਚੰਦ ਜੀ ਨੂੰ ਉਦਾਸੀ ਭੇਖ ਗੁਰੂ ਨਾਨਕ ਸਾਹਿਬ ਨੇ ਆਪ ਹੀ ਬਖ਼ਸ਼ਸ਼ ਕੀਤਾ ਸੀ ਪਰੰਤੂ ਇਹ ਗੱਲ ਇਤਿਹਾਸਕ ਪੱਖੋਂ ਹੀ ਨਹੀਂ ਸਗੋਂ ਸਿਧਾਂਤਾਂ ਪੱਖੋਂ ਵੀ ਗ਼ਲਤ ਹੈ। ਸਿਰੀ ਚੰਦ ਜੀ ਨੇ ਉਦਾਸੀ ਭੇਖ ਗੁਰੂ ਨਾਨਕ ਸਾਹਿਬ ਦੀ ਆਗਿਆ ਨਾਲ ਨਹੀਂ ਸਗੋਂ ਗੁਰਦੇਵ ਤੋਂ ਆਕੀ ਹੋ ਕੇ ਧਾਰਨ ਕੀਤਾ ਸੀ। ਜੇਕਰ ਲੇਖਕ ਜੀ ਗੁਰੂ-ਪੁੱਤਰਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਇਸ ਫ਼ਰਮਾਨ ਨੂੰ ਧਿਆਨ ਵਿੱਚ ਰੱਖ ਲੈਂਦੇ ਤਾਂ ਸ਼ਾਇਦ ਇਸ ਤਰ੍ਹਾਂ ਦੀ ਕਲਪਨਾ ਕਰਨ ਤੋਂ ਗ਼ੁਰੇਜ਼ ਕਰਦੇ:- ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥ (ਪੰਨਾ ੯੬੭) ਅਰਥ:- (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।
ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦੇ ਸੰਬੰਧ ਵਿੱਚ ਕਿਹਾ ਹੈ:
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ॥ …ਚੰਦਨ ਵਾਸੁ ਨ ਵਾਸ ਬੋਹਾਇਆ। (ਵਾਰ ੨੬, ਪਉੜੀ ੩੩) ਅਰਥ:- ਸਿਰੀ ਚੰਦ ਬਾਲ ਜਤੀ ਹੀ ਰਿਹਾ, ਵਿਰਕਤੀ ਪਕੜ ਲੀਤੀ ਅਰ ਬਾਬਾਣਾ ਦੇਹੁਰਾ ਅਰਥਾਤ ਗੁਰੂ ਨਾਨਕ ਸਾਹਿਬ ਦਾ ਦੇਹੁਰਾ ਰਾਵੀ ਦੇ ਕੰਢੇ ਬਣਵਾ ਕੇ ਬੈਠ ਗਿਆ। ਚੰਦਨ ਦੀ ਵਾਸ਼ਨਾ ਨਾਲ ਵਾਂਸ ਸੁਗੰਧਤ ਨਾ ਹੋਇਆ।
ਸਿਰੀ ਚੰਦ ਅਤੇ ਲਖਮੀ ਦਾਸ ਵਲੋਂ ਇਹ ਚਿੰਤਾ ਕਰਨਾ ਨਿਰਮੂਲ ਸੀ ਕਿ, ‘ਅਸੀ ਤੇਰੇ ਪੁਤ੍ਰ ਆਖੀਦੈ ਹਾਂ। ਜਾਂ ਆਜਜ ਹੋਇ ਫਿਰਹਿਗੇ। ਅਤੇ ਰੋਟੀਆ ਕਪੜੇ ਨ ਲਹਾਗੇ ਤਾ ਏਹੁ ਸਰਮੁ ਤੁਧੁ ਨੂ ਹੈ। ਅਸਾਡਾ ਕਿਆ ਚਾਰਾ ਹੈ।’ ਗੁਰੂ ਨਾਨਕ ਸਾਹਿਬ ਨੇ ਆਪਣੀ ਜੱਦੀ-ਜਾਇਦਾਦ ਤੋਂ ਸਿਰੀ ਚੰਦ ਜਾਂ ਲਖਮੀ ਦਾਸ ਹੁਰਾਂ ਨੂੰ ਬੇਦਖ਼ਲ ਨਹੀਂ ਸੀ ਕੀਤਾ। ਗੁਰ-ਪੁੱਤਰਾਂ ਨੂੰ ਰੋਜ਼ੀ-ਰੋਟੀ ਦੀ ਚਿੰਤਾ ਨਹੀਂ ਸੀ ਚੂੰਕਿ ਉਹਨਾਂ ਪਾਸ ਪਿਤਾ-ਪੁਰਖੀ ਜੱਦੀ ਜਾਇਦਾਦ ਸੀ।
ਗੁਰੂ ਨਾਨਕ ਸਾਹਿਬ ਦੀ ਤਲਵੰਡੀ ਵਿੱਖੇ ਆਪਣੀ ਜ਼ਮੀਨ ਤੋਂ ਇਲਾਵਾ ਰਾਏ ਬੁਲਾਰ ਵਲੋਂ ਇੱਕ ਹਜ਼ਾਰ ਏਕੜ ਜ਼ਮੀਨ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਸੀ। (ਨੋਟ: ਰਾਏ ਬੁਲਾਰ ਵਲੋਂ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਹੋਈ ਜ਼ਮੀਨ ਅਜੇ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਹੀ ਹੈ। ਇਸ ਜ਼ਮੀਨ ਉੱਤੇ ਨਾ ਤਾਂ ਗੁਰੂ ਨਾਨਕ ਸਾਹਿਬ ਨੇ, ਅਤੇ ਨਾ ਹੀ ਆਪ ਜੀ ਦੇ ਕਿਸੇ ਪਰਵਾਰਕ ਮੈਂਬਰ ਨੇ ਕਦੀ ਆਪਣਾ ਹੱਕ ਜਤਾਇਆ ਸੀ। ਇਸ ਜ਼ਮੀਨ ਤੇ ਰਾਏ ਬੁਲਾਰ ਦੇ ਬੰਸ ਨਾਲ ਸੰਬੰਧਤ ਭੱਟੀ ਮੁਸਲਮਾਨਾਂ ਦਾ ਹੀ ਕਬਜ਼ਾ ਹੈ।) ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਸਿਰੀ ਚੰਦ ਜੀ ਦੀ ਆਯੂ ੪੫ ਕੁ ਸਾਲ ਦੇ ਲਗ-ਪਗ ਸੀ। ਆਪ ਜੀ ਨੇ ਵਿਆਹ ਨਹੀਂ ਸੀ ਕਰਾਇਆ। ਲਖਮੀ ਦਾਸ ਜੀ ਵਿਆਹੇ ਹੋਏ ਸਨ ਅਤੇ ਆਪ ਜੀ ਦਾ ਇੱਕ ਪੁੱਤਰ ਧਰਮ ਚੰਦ ਸੀ। ਪਿਤਾ-ਪੁਰਖੀ ਜ਼ਮੀਨ ਨਾਲ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਸਨ। ਗੁਰੂ ਨਾਨਕ ਸਾਹਿਬ ਪਰਚਾਰ ਦੌਰਿਆਂ ਮਗਰੋਂ ਜਦੋਂ ਵਾਪਸ ਆਪਣੇ ਘਰ ਆਉਂਦੇ ਸਨ ਦੋਂ ਉਹ ਪਰਦੇਸਾਂ ਵਿੱਚੋਂ ਧਨ ਆਦਿਕ ਆਪਣੇ ਨਾਲ ਲੈ ਕੇ ਨਹੀਂ ਸੀ ਆਉਂਦੇ। ਸਤਿਗੁਰੂ ਜੀ ਦੀ ਗ਼ੈਰ-ਹਾਜ਼ਰੀ ਵਿੱਚ ਗੁਰੂ ਪਰਵਾਰ ਪਿਤਾ-ਪੁਰਖੀ ਜ਼ਮੀਨ ਆਦਿ ਨਾਲ ਹੀ ਘਰ ਦਾ ਗੁਜ਼ਾਰਾ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਦੇ ਸਨ ਨਾ ਕਿ ਸੰਗਤਾਂ ਵਲੋਂ ਅਰਪਣ ਕੀਤੀ ਹੋਈਆਂ ਭੇਟਾਵਾਂ ਨਾਲ। ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਭਾਈ ਮਰਦਾਨਾ ਜੀ ਨੂੰ ਵੀ ਨਾਲ ਲੈ ਕੇ ਗਏ ਸਨ। ਭਾਵੇਂ ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਹੈ ਕਿ ਭਾਈ ਮਰਦਾਨਾ ਜੀ ਦੀਆਂ ਲੋੜਾਂ ਗੁਰੂ ਨਾਨਕ ਸਾਹਿਬ ਦੇ ਪਰਵਾਰ ਵਲੋਂ ਪੂਰੀਆਂ ਕੀਤੀਆਂ ਜਾਂਦੀਆਂ ਸਨ, ਪਰ ਇਸ ਦੀ ਪੂਰੀ ਪੂਰੀ ਸੰਭਾਵਨਾ ਹੈ ਕਿ ਭਾਈ ਮਰਦਾਨਾ ਜੀ ਦੀਆਂ ਪਰਵਾਰਕ ਜ਼ਿੰਮੇਵਾਰੀਆਂ ਵੀ ਗੁਰੂ ਪਰਵਾਰ ਵਲੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹੋਣਗੀਆਂ।
ਇਸ ਲਈ ਗੁਰ-ਪੁੱਤਰਾਂ ਨੂੰ ਰੋਜ਼ੀ-ਰੋਟੀ ਦੀ ਚਿੰਤਾ ਨਹੀਂ ਸੀ। ਸਿਰੀ ਚੰਦ ਅਤੇ ਲਖਮੀ ਦਾਸ ਹੁਰਾਂ ਨੂੰ ਗੁਰੂ-ਪਿਤਾ ਪ੍ਰਤੀ ਮੁੱਖ ਸ਼ਿਕਾਇਤ ਇਹੀ ਸੀ ਕਿ ਸਤਿਗੁਰੂ ਜੀ ਨੇ ਆਪਣਾ ਉਤਰਾਧਿਕਾਰੀ ਉਹਨਾਂ ਨੂੰ ਬਣਾਉਣ ਦੀ ਥਾਂ, ਆਪਣੇ ਸੇਵਕ ਲਹਿਣਾ ਜੀ ਨੂੰ ਬਣਾ ਦਿੱਤਾ ਹੈ। ਸਿਰੀ ਚੰਦ ਅਤੇ ਲਖਮੀ ਦਾਸ ਜੀ ਗੁਰੂ-ਪੁੱਤਰ ਹੋਣ ਕਾਰਨ ਪਿਤਾ ਗੁਰਦੇਵ ਵਾਲੇ ਰੁਤਬੇ ਉੱਤੇ ਆਪਣਾ ਜਮਾਂਦਰੂ ਹੱਕ ਸਮਝਦੇ ਸਨ। ਸਿਰੀ ਚੰਦ ਅਤੇ ਲਖਮੀ ਦਾਸ ਹੁਰੀਂ ਇਸ ਭੁਲੇਖਾ ਵਿੱਚ ਸਨ ਕਿ ਗੁਰ-ਪੁੱਤਰ ਹੋਣ ਕਾਰਨ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਬਖ਼ਸ਼ਸ਼ਾਂ ਦੇ ਕੇਵਲ ਉਹੀ ਅਧਿਕਾਰੀ ਹਨ। ਉਹਨਾਂ ਲਈ ਇਹ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਸੀ ਕਿ ਉਹਨਾਂ ਦੇ ਪਿਤਾ ਗੁਰਦੇਵ ਆਪਣਾ ਉਤਰਾਧਿਕਾਰੀ ਉਸ ਵਿਅਕਤੀ ਨੂੰ ਬਣਾਉਣ ਜੋ ਉਹਨਾਂ ਦੀ ਚਰਨ-ਸ਼ਰਨ ਵਿੱਚ ਇੱਕ ਸੇਵਕ ਦੀ ਹੈਸੀਅਤ ਵਿੱਚ ਹਾਜ਼ਰ ਹੋਇਆ ਸੀ। ਗੁਰ-ਪੁੱਤਰਾਂ ਲਈ ਇਹ ਬਰਦਾਸ਼ਤ ਕਰਨਾ ਬਹੁਤ ਕਠਨ ਸੀ ਕਿ ਸੰਗਤਾਂ ਉਹਨਾਂ ਨੂੰ ਗੁਰੂ ਨਾਨਕ ਦੇ ਰੂਪ ਵਿੱਚ ਦੇਖਣ ਦੀ ਥਾਂ ਗੁਰੂ ਅੰਗਦ ਸਾਹਿਬ ਨੂੰ ਦੇਖਣ ਅਥਵਾ ਮੰਨਣ।
ਜਿੱਥੋਂ ਤੱਕ ਇਹਨਾਂ ਲੇਖਕਾਂ ਵਲੋਂ ਗੁਰੂ ਸਾਹਿਬ ਦੇ ਮੂੰਹੋਂ ਸਿਰੀ ਚੰਦ ਅਤੇ ਲਖਮੀ ਦਾਸ ਪ੍ਰਤੀ ਇਹ ਸਬਦ ਕਢਵਾਉਂਣ ਦਾ ਸੰਬੰਧ ਹੈ ਕਿ, “ਕਰਾਮਾਤ ਹੁਐ ਹੈ ਤੁਮ ਮਾਂਹੀ। ਸਿੱਖ ਹਮਾਰੇ ਸਰਬ ਪੁਜਾਹੀਂ। ਜਗਤ ਬਿਰਾਜਹੁ ਸਭਿ ਤੇ ਊਚੇ। ਤੁਮਰੀ ਸਮਤਾ ਕੋ ਨ ਪਹੁੰਚੇ।’ (ਉਤਰਾਰਧ ਅਧਯਾਯ ੫੭)
ਜਾਂ: ਸਮੇ ਸਵਾਰੇ ਦੇ ਸਾਹਿਬ ਕਹਿਆ ਸੀ ਇਉਂ ਪੁੱਤਾਂ ਨੂੰ: ਤੁਸੀਂ ਹੋ ਮੇਰੀ ਅੰਸ, ਸਿਖ ਮੰਨਣਗੇ ਗੁਰਾਂ ਦੇ ਕੁੱਤਾਂ ਨੂੰ। ਤੁਸਾਂ ਨੂੰ ਕਿਸੇ ਗੱਲ ਦੀ ਨਹੀਂ ਪ੍ਰਵਾਹ।” (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ-ਦੂਜਾ ਚਰਣ)
ਸਾਡੇ ਇਹ ਲੇਖਕ ਜੋ ਸ਼ਬਦ ਗੁਰੂ ਸਾਹਿਬ ਦੇ ਮੂੰਹੋਂ ਕਢਵਾ ਰਹੇ ਹਨ ਇਹ ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਦੇ ਅਨੁਕੂਲ ਨਹੀਂ ਹਨ। ਗੁਰੂ ਸਾਹਿਬ ਗੁਰ-ਗੱਦੀ ਨੂੰ ਪੂਜਾ-ਪ੍ਰਤਿਸ਼ਟਾ ਜਾਂ ਐਸ਼-ਇਸ਼ਰਤ ਦਾ ਸਾਧਨ ਨਹੀਂ ਸਨ ਮੰਨਦੇ। ਸਾਡੇ ਇਹਨਾਂ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਜੋ ਸ਼ਬਦ ਕਢਵਾਏ ਹਨ, ਇਹ ਗੁਰੂ ਸਾਹਿਬ ਦੀ ਸਖ਼ਸ਼ੀਅਤ ਦੇ ਅਨੁਕੂਲ ਨਹੀਂ ਹਨ। ਗੁਰੂ ਨਾਨਕ ਸਾਹਿਬ ਵਲੋਂ ਦ੍ਰਿੜ ਕਰਵਾਈ ਗਈ ਜੀਵਨ-ਜੁਗਤ ਵਿੱਚ ਗੁਣਾਂ ਦੀ ਪੂਜਾ ਦਾ ਸੰਕਲਪ ਹੀ ਦ੍ਰਿੜ ਕਰਵਾਇਆ ਗਿਆ ਹੈ। ਇਸ ਲਈ ਗੁਰਮਤਿ ਦੀ ਜੀਵਨ-ਜੁਗਤ ਵਿੱਚ ਕਿਸੇ ਵਿਅਤਕੀ ਨੂੰ ਕਿਸੇ ਵਿਸ਼ੇਸ਼ ਪਰਵਾਰ ਜਾਂ ਕੁਲ ਕਾਰਨ ਮਾਣ-ਸਨਮਾਣ ਦੀ ਪਰੰਪਰਾ ਨਹੀਂ ਹੈ। ਅਰਦਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਹੀ ਵਰਨਣ ਹੈ ਦੂਜੇ ਗੁਰੂ ਸਾਹਿਬਾਨ ਦੇ ਪੁੱਤਰਾਂ ਦਾ ਨਹੀਂ। ਚੌਹਾਂ ਸਾਹਿਬਜ਼ਾਦਿਆਂ ਦਾ ਵਰਨਣ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋਣ ਕਾਰਨ ਨਹੀਂ ਸਗੋਂ ਇਹਨਾਂ ਦੀ ਕੁਰਬਾਨੀ ਦੀ ਬਦੌਲਤ ਹੈ। ਦੂਜੇ ਗੁਰੂ ਸਾਹਿਬਾਨ ਦੇ ਪੁੱਤਰਾਂ ਨੂੰ ਇਹ ਮਾਣ-ਸਨਮਾਣ ਹਾਸਲ ਨਹੀਂ ਹੈ। ਜੇਕਰ ਗੁਰੂ ਸੰਤਾਨ ਹੋਣ ਕਾਰਨ ਹੀ ਮਾਣ-ਸਨਮਾਣ ਮਿਲਦਾ ਹੁੰਦਾ ਤਾਂ ਸਾਰੇ ਗੁਰੂ ਸਾਹਿਬਾਨ ਦੇ ਪੁੱਤਰਾਂ ਦਾ ਸਿੱਖ ਜਗਤ ਵਿੱਚ ਆਦਰ-ਮਾਣ ਹੁੰਦਾ; ਪਰ ਅਜਿਹਾ ਨਹੀਂ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਬੰਸ ਨਾਲ ਸੰਬੰਧਤ ਕਈ ਪਰਵਾਰਾਂ ਨੇ ਕਈ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਦੇ ਨਕਲੀ ਹੁਕਮਨਾਮੇ ਵੀ ਤਿਆਰ ਕੀਤੇ ਹੋਏ ਹਨ। ਉਦਾਹਰਣ ਵਜੋਂ ਸੂਰਜ ਮੱਲ ਦੀ ਬੰਸ ਨਾਲ ਸੰਬੰਧਤ ਕੁੱਝ ਪਰਵਾਰ ਵਲੋਂ ਇਹ ਦਾਅਵਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦ ਪੁਰ ਦੇ ਅੰਤਮ ਯੁੱਧ ਸਮੇਂ, ਸੋਢੀ ਬੰਸ ਦੇ ਸ਼ੁੱਧ ਅੰਸ਼ ਨੂੰ ਬਣਾਈ ਰੱਖਣ ਲਈ ਗੁਲਾਬ ਸਿੰਘ ਜੀ ਅਤੇ ਸ਼ਾਮ ਸਿੰਘ ਜੀ ਨੂੰ ਰਾਜਾ ਮੇਦਨੀ ਪ੍ਰਕਾਸ਼ ਦੇ ਨਾਮ ਚਿੱਠੀ ਦੇ ਕੇ ਭੇਜਿਆ ਸੀ। ਇਹ ਪੱਤਰ ਇਸ ਪ੍ਰਕਾਰ ਹੈ: । ਬਤਰਫ ਸਰਮੋਰ-ਪਤੀ, ਸਤਿ ਗੁਰ ਸਹਾਯੇ। ਸਰਮੋਰ ਰਾਯੰ। ਮਿਦਨੀ ਪਰਕਾਸੰ। ਸਦਾ ਸੁਖਿ ਵਾਸੰ। ਗੁਲਾਬੰ ਮ੍ਰਿਗਿਦੰ। ਅਨਜ ਸਾਮ ਸਿੰਘੰ। ਪਠਯੋ ਰਾਵਰ ਓਰੰ। ਪ੍ਰਥਮ ਸੰਘਰ ਘੇਰੰ। ਯਥਾ ਸਕਤਿ ਸਹਾਇਤਾ ਕਰੋ ਭਰਾਤਾ ਦੋਨ। ਭੇਜੋ ਸ੍ਰੀ ਆਨੰਦ ਪੁਰ ਬਸੈ ਜਾਇਮ ਮਮ ਭੋਨ। ਰਹੈ ਬੀਜ ਹਰਿਬੰਸ ਕਾ ਸੁਧ ਗੁਰੂ ਕੀ ਅੰਸ। ਸੋਢੀ ਕੁਲ ਜਗ ਮੇ ਬੜੈ ਪਰਮ ਪਵਿਤਰ ਵੰਸ। ਸੇਵਾ ਇਨੈ ਸਹਾਇਤਾ ਕਰੈ ਸਿਖ ਜੋ ਮੋਰ। ਲਹੈ ਜਗਤ ਮੇ ਸੁਖ ਸਭੈ ਅੰਤ ਗੁਰੂ ਦਿਗ ਠੋਰ। ਦਸਖਤ ਸ੍ਰੀ ਹਜੂਰ ਪਾਤਿਸਾਹੀ ੧੦ (ਹੋਰ ਜਾਣਕਾਰੀ ਲਈ ਦੇਖੋ ‘ਸਿੱਖ ਪੰਥ ਵਿਸ਼ਵਕੋਸ਼’ -ਡਾ. ਰਤਨ ਸਿੰਘ ਜੱਗੀ)
ਇਸ ਪੱਤਰ ਨੂੰ ਪੜ੍ਹ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਗੁਰ ਬੰਸੀ ਇਹਨਾਂ ਸੋਢੀਆਂ ਨੇ ਆਪਣੇ ਮਹੱਤਵ ਨੂੰ ਬਰਕਰਾਰ ਰੱਖਣ ਲਈ ਇਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਪਰਚਾਰਿਆ ਹੋਇਆ ਹੈ। (ਚੱਲਦਾ)




.