ਧਰਮ ਦੀ ਸਮੱਸਿਆ-14
ਰੱਬ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
Tel.: 403-681-8689
www.sikhvirsa.com
ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ
ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ
ਸਰਮਾਏਦਾਰਾਂ ਦੀ ਤਿਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ
ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ
ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ
ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ
ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ
ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ।
ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ,
ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ
ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ
ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ
ਜਾਂਦੇ ਤੇ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ
ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ
ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ
ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ
ਪੂਰਾ ਬੋਲਬਾਲਾ ਹੈ ਤੇ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ
ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ,
ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ
ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ
ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ
ਕਿ ਲੋਕ ਸੱਚੇ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ
ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ
ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ
ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ
ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ
ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ।
ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ
ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ
ਧਰਮ ਨੂੰ ਖਤਰਾ ਨਾਸਤਿਕਾਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ
ਤਿਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ ਜੋ ਆਪਣੇ ਫਿਰਕੇ ਦੀਆਂ ਧਾਰਮਿਕ
ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ
ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ
ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ
ਜਾਵੇਗੀ।
ਨਕਲੀ ਧਰਮਾਂ ਦੀ ਇਸ ਲੇਖ ਲੜੀ ਵਿੱਚ ਅੱਜ ਅਸੀਂ ਰੱਬ ਅਧਾਰਿਤ ਨਕਲੀ ਧਰਮ ਦੀ ਵਿਚਾਰ ਕਰਾਂਗੇ। ਇਸ
ਤੋਂ ਪਹਿਲਾਂ ਕਿ ਰੱਬ ਅਧਾਰਿਤ ਨਕਲੀ ਧਰਮ ਦੀ ਗੱਲ ਅੱਗੇ ਤੋਰੀਏ, ਇੱਕ ਵਾਰ ਫਿਰ ਇਹ ਸਮਝ ਲੈਣਾ
ਜਰੂਰੀ ਹੈ ਕਿ ਅੱਜ ਦੇ ਪ੍ਰਚਲਤ ਸਾਰੇ ਜਥੇਬੰਧਕ ਧਰਮ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੇ
ਕੰਟਰੋਲ ਵਿੱਚ ਹਨ। ਇਹ ਲੋਕਾਂ ਦੀ ਤਾਕਤ ਤੇ ਦੌਲਤ ਨੂੰ ਨਾ ਸਿਰਫ ਰਲ਼ ਕੇ ਲੁੱਟਦੇ ਹਨ, ਸਗੋਂ
ਉਨ੍ਹਾਂ ਦੇ ਖਿਲਾਫ ਹੀ, ਉਨ੍ਹਾਂ ਦੇ ਸਾਧਨਾਂ ਨੂੰ, ਉਨ੍ਹਾਂ ਦਾ ਹੀ ਸੋਸ਼ਨ ਕਰਨ ਲਈ ਵੀ ਵਰਤਦੇ ਹਨ।
ਆਮ ਤੌਰ ਤੇ ਸ਼ਰਧਾਲੂ ਲੋਕ ਜਿਸਨੂੰ ਧਰਮ ਦੀ ਸੇਵਾ ਸਮਝਦੇ ਹਨ, ਅਸਲ ਵਿੱਚ ਉਹ ਇਸ ਤਿਕੜੀ ਦੀ ਸੇਵਾ
ਹੀ ਕਰ ਰਹੇ ਹੁੰਦੇ ਹਨ। ਕਈ ਧਾਰਮਿਕ ਫਿਰਕਿਆਂ ਵਿੱਚ ਰੱਬ ਤੇ ਸ਼ੈਤਾਨ ਦਾ ਸੰਕਲਪ ਹੈ, ਉਹ ਸ਼ਰਧਾਲੂ
ਨੂੰ ਦੱਸਦੇ ਹਨ ਕਿ ਸ਼ੈਤਾਨ ਹੀ ਮਨੁੱਖ ਤੋਂ ਗਲਤ ਕੰਮ ਕਰਾਉਂਦਾ ਹੈ, ਪਰ ਸ਼ਰਧਾਲੂ ਕਦੇ ਵੀ ਇਹ ਨਹੀਂ
ਸਮਝਦਾ ਕਿ ਅਸਲ ਸ਼ੈਤਾਨ ਉਹ ਪੁਜਾਰੀ ਹੀ ਹੁੰਦਾ ਹੈ, ਜਿਸਨੂੰ ਉਹ ਰੱਬ ਦਾ ਵਿਚੋਲਾ ਸਮਝ ਕੇ ਉਸਦੀ
ਬਣਾਈ ਮਰਿਯਾਦਾ ਦੇ ਸੰਗਲ ਗਲ਼ ਵਿੱਚ ਪਾ ਕੇ ਉਸ ਸ਼ੈਤਾਨ ਦੀ ਹੀ ਪੂਜਾ ਜਾਂ ਸੇਵਾ ਕਰ ਰਿਹਾ ਹੁੰਦਾ
ਹੈ। ਜਿਸ ਤਰ੍ਹਾਂ ਅਸੀਂ ਇਸ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਜਾਨਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ
ਤਰ੍ਹਾਂ ਇਨ੍ਹਾਂ ਸ਼ੈਤਾਨ ਪੁਜਾਰੀਆਂ ਨੇ ਉਨ੍ਹਾਂ ਇਨਕਲਾਬੀ ਮਹਾਂਪੁਰਖਾਂ, ਗੁਰੂਆਂ, ਰਹਿਬਰਾਂ
ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਸ਼ੈਤਾਨ ਤਿਕੜੀ ਖਿਲਾਫ ਸੰਘਰਸ਼ ਕੀਤਾ, ਸਮਾਂ ਪਾ ਕੇ ਇਨ੍ਹਾਂ ਨੇ
ਉਸਦੇ ਨਾਮ ਤੇ ਨਵਾਂ ਫਿਰਕਾ ਸ਼ੁਰੂ ਕਰ ਲਿਆ। ਧਰਮਾਂ ਦੇ ਇਤਿਹਾਸ ਵਿੱਚ ਜਿਸਦੀ ਤਾਜ਼ਾ ਮਿਸਾਲ ਗੁਰੂ
ਨਾਨਕ ਸਾਹਿਬ ਹਨ। ਉਹ ਤੇ ਬਾਕੀ 9 ਗੁਰੂ ਸਾਹਿਬਾਨ ਤਕਰੀਬਨ 200 ਸਾਲ ਇਨ੍ਹਾਂ ਪੁਜਾਰੀਆਂ, ਸਮੇਂ ਦੇ
ਸ਼ਾਸਕਾਂ ਤੇ ਸਰਮਾਏਦਾਰਾਂ (ਮਲਿਕ ਭਾਗੋਆਂ) ਖਿਲਾਫ ਲੜਦੇ ਰਹੇ, ਉਨ੍ਹਾਂ ਦੇ ਜਾਣ ਬਾਅਦ ਅੱਜ ਉਨ੍ਹਾਂ
ਦੇ ਨਾਮ ਤੇ ਖੜੇ ਕੀਤੇ ਗਏ ਨਵੇਂ ਫਿਰਕੇ (ਸਿੱਖ ਧਰਮ) ਵਿੱਚ ਵੀ ਪੁਜਾਰੀਆਂ, ਸਿਆਸਤਦਾਨਾਂ ਤੇ
ਸਰਮਾਏਦਾਰਾਂ ਦਾ ਪੂਰਾ ਕੰਟਰੋਲ ਹੋ ਚੁੱਕਾ ਹੈ। ਸੱਚ ਦੀ ਗੱਲ ਕਰਨ ਵਾਲਿਆਂ ਨੂੰ ਧਰਮ ਵਿਰੋਧੀ ਜਾਂ
ਨਾਸਤਿਕ ਕਹਿ ਕੇ ਭੰਡਿਆ ਜਾਦਾ ਹੈ ਜਾਂ ਧਰਮ ਵਿਚੋਂ ਛੇਕਿਆ ਜਾਂਦਾ ਹੈ।
ਸਾਇੰਸਦਾਨਾਂ ਅਨੁਸਾਰ ਮਨੁੱਖ ਮੌਜੂਦਾ ਰੂਪ ਵਿੱਚ ਇਸ ਧਰਤੀ ਤੇ 2 ਲੱਖ ਸਾਲਾਂ ਤੋਂ ਵੀ ਵੱਧ ਸਮੇਂ
ਤੋਂ ਵਿਚਰ ਰਿਹਾ ਹੈ। ਮਨੁੱਖ ਆਪਣੇ ਮੁਢਲੇ ਦੌਰ ਤੋਂ ਹਵਾ, ਪਾਣੀ, ਅੱਗ, ਭੁਚਾਲ, ਮੀਂਹ, ਅਸਮਾਨੀ
ਬਿਜਲੀ, ਬਰਫ ਆਦਿ ਕੁਦਰਤੀ ਆਫਤਾਂ ਦੀ ਤਾਕਤ ਤੋਂ ਡਰਦਾ ਰਿਹਾ ਹੈ। ਉਨ੍ਹਾਂ ਸਮਿਆਂ ਵਿੱਚ ਹੀ
ਮਨੁੱਖੀ ਮਨ ਵਿੱਚ ਇਹ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਸਨ ਕਿ ਇਨ੍ਹਾਂ ਸ਼ਕਤੀਆਂ ਪਿਛੇ ਕਿਹੜੀ ਤਾਕਤ
ਹੈ, ਜੋ ਇਨ੍ਹਾਂ ਨੂੰ ਚਲਾ ਰਹੀ ਹੈ, ਜਿਸ ਵਿਚੋਂ ਬਾਅਦ ਵਿੱਚ ਰੱਬ ਦੀ ਹੋਂਦ ਦਾ ਸੰਕਲਪ ਪੈਦਾ
ਹੋਇਆ। ਰੱਬ ਦੀ ਹੋਂਦ ਬਾਰੇ ਸਮੇਂ ਸਮੇਂ ਮਨੁੱਖ ਦੇ ਵਿਚਾਰ ਤੇ ਸੰਕਲਪ ਬਦਲਦੇ ਰਹੇ ਹਨ। ਮਨੁੱਖ ਇਹ
ਵੀ ਸੋਚਦਾ ਰਿਹਾ ਕਿ ਮਨੁੱਖੀ ਜੀਵਨ ਪੈਦਾ ਕਿਵੇਂ ਹੋਇਆ ਤੇ ਖਤਮ ਹੋ ਕੇ ਕਿਥੇ ਚਲਾ ਜਾਂਦਾ ਹੈ।
ਬੇਸ਼ਕ ਇਹ ਗੁੱਥੀ ਮਨੁੱਖ ਅਜੇ ਤੱਕ ਵੀ ਸਮਝ ਨਹੀਂ ਸਕਿਆ, ਪਰ ਯਤਨ ਕਰਦਾ ਜਾ ਰਿਹਾ ਹੈ। ਭਾਵੇਂ ਕਿ
ਪੁਜਾਰੀਆਂ ਨੇ ਮਨੁੱਖ ਦੀ ਇਸ ਸੋਚ ਵਿਚੋਂ ਨਕਲੀ ਸਵਰਗਾਂ ਦੇ ਲਾਲਚ ਤੇ ਨਕਲੀ ਨਰਕਾਂ ਦੇ ਡਰਾਵੇ ਦੇ
ਕੇ ਮਨੁੱਖਤਾ ਨੂੰ ਲੁਟਿਆ। ਇਸ ਤਰ੍ਹਾਂ ਜਿਥੇ ਮਨੁੱਖ ਨੇ ਹੁਣ ਤੱਕ ਇਨ੍ਹਾਂ ਕੁਦਰਤੀ ਸ਼ਕਤੀਆਂ ਦਾ
ਮੁਕਾਬਲਾ ਕਰਨ ਲਈ ਵੱਖ-ਵੱਖ ਸਾਧਨ ਬਣਾਏ ਹਨ ਤੇ ਬਣਾ ਰਿਹਾ ਹੈ, ਉਥੇ ਸ਼ੁਰੂਆਤੀ ਦੌਰ ਤੋਂ ਇਨ੍ਹਾਂ
ਤੋਂ ਬਚਣ ਲਈ ਉਨ੍ਹਾਂ ਸ਼ਕਤੀਆਂ ਦੀ ਪੂਜਾ ਵੀ ਕਰਦਾ ਰਿਹਾ ਹੈ। ਮਨੁੱਖ ਦੇ ਇਸ ਡਰ ਤੇ ਪੂਜਾ ਦੀ
ਪ੍ਰਵਿਰਤੀ ਵਿਚੋਂ ਹੀ 10 ਕੁ ਹਜ਼ਾਰ ਸਾਲ ਪਹਿਲਾਂ ਧਰਮ ਦੀ ਉਤਪਤੀ ਹੋਈ ਤੇ ਫਿਰ ਧਰਮ ਪੁਜਾਰੀਆਂ ਨੇ
ਸਿਆਸੀ ਲੋਕਾਂ ਤੇ ਸਰਮਾਏਦਾਰਾਂ ਨਾਲ ਗੱਠਜੋੜ ਕਰਕੇ ਤਕਰੀਬਨ 4 ਕੁ ਹਜ਼ਾਰ ਸਾਲ ਪਹਿਲਾਂ ਧਰਮ ਨੂੰ
ਜਥੇਬੰਧਕ ਰੂਪ ਦੇਣਾ ਸ਼ੁਰੂ ਕੀਤਾ ਸੀ। ਜੋ ਕਿ ਅੱਜ ਬਹੁਤ ਵੱਡੀ ਤਾਕਤ ਬਣ ਚੁੱਕਾ ਹੈ। ਮਨੁੱਖ ਨੂੰ
ਇਨ੍ਹਾਂ ਤੋਂ ਅਜ਼ਾਦ ਕਰਾਉਣਾ ਇੱਕ ਵੱਡੀ ਚੁਨੌਤੀ ਹੈ। ਜਿਸ ਤਰ੍ਹਾਂ ਅਸੀਂ ਇਸ ਲੇਖ ਲੜੀ ਦੇ ਪਿਛਲੇ
ਭਾਗ ਵਿੱਚ ਵਿਚਾਰਿਆ ਸੀ ਕਿ ਸਾਰੇ ਧਾਰਮਿਕ ਗੁਰੂ ਜਾਂ ਪੈਗੰਬਰ ਆਪਣੇ ਸਮਿਆਂ ਵਿੱਚ ਮਨੁੱਖ ਨੂੰ
ਇਨ੍ਹਾਂ ਤੋਂ ਆਜ਼ਾਦ ਕਰਾਉਣ ਦੇ ਯਤਨਾਂ ਵਿੱਚ ਰਹੇ, ਪਰ ਸਮਾਂ ਪਾ ਕੇ ਇਸ ਤਿਕੜੀ ਨੇ ਉਨ੍ਹਾਂ ਦੇ ਨਾਮ
ਤੇ ਨਵਾਂ ਫਿਰਕਾ ਸ਼ੁਰੂ ਕਰਕੇ, ਆਪਣਾ ਉਹੀ ਪੁਰਾਣਾ ਸੋਸ਼ਨ ਦਾ ਧੰਦਾ ਚਲਾਉਣਾ ਸ਼ੁਰੂ ਕਰ ਦਿੱਤਾ।
ਹੁਣ ਵਿਚਾਰਦੇ ਹਾਂ ਕਿ ਧਰਮਾਂ ਅਨੁਸਾਰ ਰੱਬ ਕੀ ਹੈ? ਪ੍ਰਚਲਤ ਧਾਰਨਾ ਅਨੁਸਾਰ ਰੱਬ ਇੱਕ ਉਹ ਵਿਅਕਤੀ
(ਸ਼ਕਤੀ) ਹੈ, ਜੋ ਇਸ ਸ੍ਰਿਸ਼ਟੀ ਨੂੰ ਕਿਤੇ ਲੁਕ ਕੇ ਕਿਸੇ ਹੋਰ ਦੁਨੀਆਂ (ਆਕਾਸ਼ ਜਾਂ ਹੈਵਨ ਜਾਂ
ਬੈਕੁੰਠ ਜਾਂ ਸੱਚਖੰਡ) ਵਿੱਚ ਚਲਾ ਰਿਹਾ ਹੈ। ਪਰ ਅੱਜ ਤੱਕ ਕੋਈ ਮਨੁੱਖ ਉਥੇ ਤੱਕ ਪਹੁੰਚ ਨਹੀਂ
ਸਕਿਆ ਜਾਂ ਕਿਸੇ ਨੇ ਪਹੁੰਚ ਕੇ ਵਾਪਿਸ ਆ ਕੇ ਨਹੀਂ ਦੱਸਿਆ। ਇਸ ਵਿਚਾਰ ਬਾਰੇ ਵੱਖ-ਵੱਖ ਧਾਰਮਿਕ
ਫਿਰਕਿਆਂ ਦਾ ਵੱਖ-ਵੱਖ ਨਜ਼ਰੀਆ ਹੈ। ਜ਼ਿਆਦਾਤਰ ਇਹ ਸਭ ਕੁੱਝ ਮਨ ਦੀਆਂ ਕਲਪਨਿਕ ਉਡਾਰੀਆਂ ਤੋਂ ਵੱਧ
ਕੁੱਝ ਨਹੀਂ ਹੈ। ਜਿਥੇ ਬਹੁਤ ਸਾਰੇ ਫਿਰਕੇ ਇਹ ਕਿਆਸ ਅਰਾਈ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ ਨੂੰ
ਚਲਾਉਣ ਲਈ ਰੱਬ ਇੱਕੋ ਇੱਕ ਸ਼ਕਤੀ ਜਾਂ ਵਿਅਕਤੀ ਹੈ, ਉਥੇ ਬਹੁਤ ਸਾਰੇ ਫਿਰਕੇ ਇਹ ਵਿਸ਼ਵਾਸ਼ ਵੀ ਕਰਦੇ
ਹਨ ਕਿ ਰੱਬ ਨੇ ਇਸ ਸ੍ਰਿਸ਼ਟੀ ਨੂੰ ਚਲਾਉਣ ਲਈ ਵੱਖ-ਵੱਖ ਦੇਵੀ-ਦੇਵਤੇ ਬਣਾਏ ਹੋਏ ਜਾਂ ਉਸਨੇ ਆਪਣਾ
ਸੁਨੇਹਾ ਮਨੁੱਖਤਾ ਤੱਕ ਪਹੁੰਚਾਣ ਲਈ ਸਮੇਂ ਸਮੇਂ ਗੁਰੂ, ਰਹਿਬਰ, ਪੈਗੰਬਰ ਆਦਿ ਭੇਜੇ ਤਾਂ ਕਿ
ਮਨੁੱਖ ਨੂੰ ਰੱਬ ਦੇ ਲੜ ਲਾ ਕੇ ਸਹੀ ਮਾਰਗ ਦਿਖਾਇਆ ਜਾ ਸਕੇ। ਪਰ ਇਸ ਸਭ ਦੇ ਬਾਵਜੂਦ ਮਨੁੱਖ ਜਾਂ
ਧਾਰਮਿਕ ਫਿਰਕੇ 5 ਹਜ਼ਾਰ ਸਾਲਾਂ ਵਿੱਚ ਰੱਬ ਦੀ ਕੋਈ ਸਰਬ ਪ੍ਰਵਾਤਨ ਪ੍ਰੀਭਾਸ਼ਾ ਸਥਾਪਿਤ ਨਹੀਂ ਕਰ
ਸਕੇ। ਸਭ ਫਿਰਕੇ ਆਪਣੀਆਂ-ਆਪਣੀਆਂ ਪੁਰਾਤਨ ਸਮੇਂ ਤੋਂ ਪ੍ਰਚਲਤ ਮਨੌਤਾਂ ਅਨੁਸਾਰ ਵਿਸ਼ਵਾਸ਼ ਕਰ ਰਹੇ
ਹਨ ਜਾਂ ਪੂਜਾ ਪਾਠ ਵਿੱਚ ਲੱਗੇ ਹੋਏ, ਕੋਈ ਨਵੀਂ ਖੋਜ ਇਸ ਦਿਸ਼ਾ ਵਿੱਚ ਨਹੀਂ ਹੋ ਰਹੀ। ਇਸਦਾ ਅਸਲ
ਕਾਰਨ ਇਹ ਹੈ ਕਿ ਸਾਰੇ ਧਰਮ-ਪੁਜਾਰੀਆਂ ਨੇ ਇਹ ਗੱਲ ਸ਼ਰਧਾਲੂਆਂ ਦੇ ਮਨਾਂ ਵਿੱਚ ਪੱਕੀ ਸਥਾਪਿਤ ਕਰ
ਦਿੱਤੀ ਹੋਈ ਹੈ ਕਿ ਸਾਡੇ ਧਰਮ ਦੀ ਮਰਿਯਾਦਾ, ਪ੍ਰੰਪਰਾ ਜਾਂ ਫਿਲਾਸਫੀ ਹੀ ਅਸਲੀ ਤੇ ਸੱਚ ਅਧਾਰਿਤ
ਹੈ ਕਿਉਂਕਿ ਇਹ ਸਾਡੇ ਪੈਗੰਬਰ ਨੂੰ ਰੱਬ ਤੋਂ ਸਿੱਧੀ ਪਹੁੰਚਾਈ ਗਈ ਸੀ, ਜੋ ਕਿ ਸਾਡੇ ਧਰਮ ਗ੍ਰੰਥਾਂ
ਵਿੱਚ ਅਸਲ ਰੂਪ ਵਿੱਚ ਲਿਖੀ ਹੋਈ ਹੈ। ਹੁਣ ਇਸ ਤੇ ਕਿਸੇ ਨੂੰ ਚਰਚਾ ਕਰਨ, ਵਿਚਾਰ ਕਰਨ,
ਕਿੰਤੂ-ਪ੍ਰੰਤੂ, ਜਵਾਬ-ਤਲਬੀ, ਦਲੀਲਬਾਜੀ ਕਰਨ ਦਾ ਕੋਈ ਅਧਿਕਾਰ ਨਹੀਂ, ਤੁਸੀਂ ਸਿਰਫ ਇਸਦਾ ਮੰਤਰ
ਰਟਨ ਕਰ ਸਕਦੇ ਹੋ, ਇਸਦੇ ਅਰਥ ਕਰ ਸਕਦੇ ਹੋ, ਪੂਜਾ ਪਾਠ ਕਰ ਸਕਦੇ ਹੋ, ਇਸਦਾ ਪ੍ਰਚਾਰ ਕਰ ਸਕਦੇ
ਹੋ, ਇਸ ਤੋਂ ਜ਼ਿਆਦਾ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ। ਇਸ ਲਈ ਕਦੇ ਵੀ ਧਾਰਮਿਕ ਫਿਰਕਿਆਂ ਦੇ
ਆਗੂਆਂ ਨੇ ਇਕੱਠੇ ਹੋ ਕੇ ‘ਰੱਬ’ (ਜਿਸਦੇ ਨਾਮ ਤੇ ਨਕਲੀ ਧਰਮਾਂ ਦਾ ਸਾਰਾ ਧੰਦਾ ਚਲਦਾ ਹੈ) ਦੀ ਕੋਈ
ਸਰਬ ਪ੍ਰਵਾਨਤ ਪ੍ਰੀਭਾਸ਼ਾ ਨਹੀਂ ਬਣਾਈ। ਨਾ ਹੀ ਸਾਰੇ ਧਾਰਮਿਕ ਫਿਰਕੇ ਇਹ ਧਾਰਨਾ ਸਥਾਪਿਤ ਕਰ ਸਕੇ
ਹਨ ਕਿ ‘ਰੱਬ’ ਇੱਕ ਹੈ, ‘ਰੱਬ’ ਦਾ ਜੋ ਚਿੱਤਰ ਵੱਖ-ਵੱਖ ਧਰਮਾਂ ਨੇ ਪੇਸ਼ ਕੀਤਾ ਹੈ, ਉਸ ਤੋਂ ਪਤਾ
ਲਗਦਾ ਹੈ ਕਿ ਸਾਰੇ ਧਰਮਾਂ ਦੇ ‘ਰੱਬ’ ਵੱਖ-ਵੱਖ ਹਨ, ਭਾਵੇਂ ਉਹ ਜਿੰਨਾ ਮਰਜ਼ੀ ਕਹੀ ਜਾਣ ਕਿ ਸਾਰੀ
ਸ੍ਰਿਸ਼ਟੀ ਦਾ ਰੱਬ ਇੱਕ ਹੈ। ਇਥੋਂ ਤੱਕ ਕਿ ਕਈ ਧਰਮਾਂ ਦੇ ਰੱਬ, ਦੂਜੇ ਧਰਮਾਂ ਦੇ ਰੱਬਾਂ ਤੋਂ
ਵਿਰੋਧ ਵਿੱਚ ਵੀ ਖੜੇ ਹਨ ਤੇ ਇੱਕ ਦੂਜੇ ਤੋਂ ਉਲਟ ਕੰਮ ਵੀ ਕਰਦੇ ਹਨ ਤੇ ਉਲਟ ਵਿਚਾਰਧਾਰਾ ਵੀ
ਰੱਖਦੇ ਹਨ। ਇਸ ਤੋਂ ਅੱਗੇ ਇਹ ਨਕਲੀ ਧਾਰਮਿਕ ਫਿਰਕੇ ਇਹ ਦਾਅਵਾ ਤਾਂ ਕਰਦੇ ਹਨ ਕਿ ਉਨ੍ਹਾਂ ਦੇ
ਗ੍ਰੰਥਾਂ ਵਿਚਲੀ ਬਾਣੀ, ਰੱਬੀ ਬਾਣੀ (ਰੱਬ ਤੋਂ ਸਿੱਧੀ ਆਈ ਹੋਈ) ਹੈ, ਪਰ ਸਾਰੇ ਧਾਰਮਿਕ ਗ੍ਰੰਥ
ਵੱਖ-ਵੱਖ ਭਾਸਾਵਾਂ ਵਿੱਚ ਲਿਖੇ ਹੋਏ ਹਨ। ਇਸ ਲਈ ਧਾਰਮਿਕ ਫਿਰਕੇ 5 ਹਜ਼ਾਰ ਸਾਲ ਵਿੱਚ ਇਹ ਵੀ
ਨਿਰਧਾਰਤ ਨਹੀਂ ਕਰ ਸਕੇ ਕਿ ਰੱਬ ਦੀ ਆਪਣੀ ਕਿਹੜੀ ਭਾਸ਼ਾ ਹੈ, ਰੱਬ ਨੇ ਕਿਹੜੀ ਭਾਸ਼ਾ ਵਿੱਚ ਆਪਣਾ
ਸੰਦੇਸ਼ ਪੈਗੰਬਰਾਂ ਤੱਕ ਪਹੁੰਚਾਇਆ ਸੀ? ਕੀ ਰੱਬ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਜਾਣਦਾ ਹੈ? ਜਾਂ
ਰੱਬ ਮਨੁੱਖ ਨੂੰ 5 ਹਜ਼ਾਰ ਸਾਲ ਤੋਂ ਪਹਿਲਾਂ ਕਿਸ ਤਰ੍ਹਾਂ ਆਪਣਾ ਸੁਨੇਹਾ ਦਿੰਦਾ ਸੀ, ਜਦੋਂ ਮਨੁੱਖ
ਨੇ ਅਜੇ ਬੋਲਣਾ, ਲਿਖਣਾ, ਪੜ੍ਹਨਾ ਨਹੀਂ ਸਿੱਖਿਆ ਸੀ, ਭਾਸ਼ਾ ਨੂੰ ਇਜ਼ਾਦ ਨਹੀਂ ਕੀਤਾ ਸੀ, ਕੋਈ ਲਿਪੀ
ਤਿਆਰ ਨਹੀਂ ਕੀਤੀ ਸੀ? ਜਾਂ ਜੇ ਰੱਬ ਦੀ ਇੱਕ ਭਾਸ਼ਾ ਹੈ ਤੇ ਫਿਰ ਕੀ ਪੈਗੰਬਰਾਂ ਨੇ ਰੱਬ ਦਾ ਸੰਦੇਸ਼
ਆਪਣੀ ਭਾਸ਼ਾ ਵਿੱਚ ਟਰਾਂਸਲੇਟ ਕਰਕੇ ਆਪਣੇ ਗ੍ਰੰਥਾਂ ਵਿੱਚ ਲਿਖਿਆ ਸੀ? ਇਸੇ ਤਰ੍ਹਾਂ ਧਰਮ ਅਜੇ ਤੱਕ
ਵੀ ਇਸ ਮੱਤ ਤੇ ਨਹੀਂ ਪਹੁੰਚ ਸਕੇ ਕਿ ਉਨ੍ਹਾਂ ਦਾ ਰੱਬ ਇੱਕ ਸ਼ਕਤੀ ਹੈ ਜਾਂ ਇੱਕ ਵਿਅਕਤੀ ਹੈ। ਜੇ
ਸ਼ਕਤੀ ਹੈ ਤਾਂ ਫਿਰ ਉਹ ਸ਼ਕਤੀ ਗੱਲਬਾਤ ਕਿਵੇਂ ਕਰਦੀ ਸੀ, ਆਪਣਾ ਸੁਨੇਹਾ ਪੈਗੰਬਰਾਂ ਤੱਕ ਕਿਵੇਂ
ਪਹੁੰਚਾਂਦੀ ਸੀ? ਜਾਂ ਉਸ ਸ਼ਕਤੀ ਦਾ ਰੂਪ (ਫੌਰਮ) ਕੀ ਹੈ? ਜੇ ਉਹ ਵਿਅਕਤੀ ਹੈ ਤਾਂ ਰਹਿੰਦਾ ਕਿਥੇ
ਹੈ ਜਾਂ ਉਸਦਾ ਰੂਪ ਕੀ ਹੈ ਜਾਂ ਉਹ ਕਿਹੜੀ ਨਸਲ ਵਿਚੋਂ ਹੈ ਜਾਂ ਕਿਹੜੀ ਕੌਮ ਵਿਚੋਂ ਹੈ ਜਾਂ ਕਿਹੜੇ
ਰੰਗ (ਕਾਲਾ, ਗੋਰਾ, ਭੂਰਾ ਆਦਿ) ਦਾ ਹੈ? ਕੀ ਉਹ ਮਰਦ ਹੈ ਜਾਂ ਔਰਤ ਹੈ? ਕੀ ਉਹ ਵੀ ਆਮ ਵਿਅਕਤੀਆਂ
ਵਾਂਗ ਜੰਮਦਾ ਮਰਦਾ ਹੈ? ਜੇ ਉਹ ਵਿਅਕਤੀ ਹੈ, ਫਿਰ ਉਸਦੀ ਉਮਰ ਕਿਤਨੀ ਹੈ? ਕੁਦਰਤ ਦੇ ਨਿਯਮਾਂ
ਅਨੁਸਾਰ ਜੰਮਣ ਵਾਲੀ ਹਰ ਸ਼ੈਅ ਸਮਾਂ ਪਾ ਕੇ ਮਰ ਜਾਂਦੀ ਹੈ ਜਾਂ ਰੀਸਾਈਕਲ ਹੋ ਜਾਂਦੀ ਹੈ। ਫਿਰ ਜੇ
ਰੱਬ ਵਿਅਕਤੀ ਹੈ ਤਾਂ ਉਹ ਲੱਖਾਂ ਸਾਲਾਂ ਤੋਂ ਕਿਵੇਂ ਜੀਅ ਰਿਹਾ ਹੈ? ਉਹ ਕੁਦਰਤ ਦੇ ਅਟੱਲ ਨਿਯਮਾਂ
ਅਨੁਸਾਰ ਮਰਿਆ ਕਿਉਂ ਨਹੀਂ? ਜਾਂ ਉਸਨੇ ਆਪਣੀ ਗੱਦੀ ਚਲਾਈ ਹੋਈ ਹੈ ਕਿ ਇੱਕ ਦੇ ਮਰਨ ਬਾਅਦ ਦੂਜਾ
ਰੱਬ ਗੱਦੀ ਤੇ ਬੈਠ ਜਾਂਦਾ ਹੈ? ਕਿਸੇ ਵੀ ਜਥੇਬੰਧਕ ਧਰਮ ਨੇ ਕਦੇ ਵੀ ਅਜਿਹੇ ਕਿਸੇ ਸਵਾਲ ਦਾ ਜਵਾਬ
ਨਹੀਂ ਦਿੱਤਾ। ਅਸਲ ਵਿੱਚ ਪਿਛਲੀ ਸਦੀ ਤੱਕ ਧਰਮ ਦਾ ਦਬਦਬਾ ਹੀ ਇਤਨਾ ਸੀ ਕਿ ਕੋਈ ਇਨ੍ਹਾਂ
ਪੁਜਾਰੀਆਂ ਨੂੰ ਸਵਾਲ ਪੁਛਣ ਦੀ ਜੁਰਅਤ ਹੀ ਨਹੀਂ ਕਰ ਸਕਦਾ ਸੀ। 5000 ਸਾਲ ਦੇ ਮਨੁੱਖਤਾ ਦੇ ਲਿਖਤੀ
ਇਤਿਹਾਸ ਵਿੱਚ ਗਿਣਤੀ ਦੇ ਅਜਿਹੇ ਇਨਕਲਾਬੀ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਇਨ੍ਹਾਂ ਪੁਜਾਰੀਆਂ ਜਾਂ
ਇਨ੍ਹਾਂ ਦੇ ਰੱਬਾਂ ਨੂੰ ਪੂਜਣ ਦੀ ਜਾਂ ਇਨ੍ਹਾਂ ਅੱਗੇ ਲੰਮੇ ਪੈਣ ਦੀ ਥਾਂ ਸੀਨਾ ਤਾਣ ਕੇ ਖੜਨ ਦੀ
ਜੁਰਅਤ ਕੀਤੀ ਤੇ ਮਨੁੱਖਤਾ ਨੂੰ ਅਸਲੀ ਧਰਮ ਨਾਲ ਜੋੜਿਆ। ਜੇ ਅਸੀਂ ਸਾਰੇ ਜਥੇਬੰਧਕ ਧਰਮਾਂ ਦਾ
ਇਤਿਹਾਸ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਜਿਸ ਵੀ ਧਰਮ ਨੂੰ ਮੰਨਣ ਵਾਲੀ ਕੌਮ ਨੂੰ, ਜਦੋਂ ਵੀ
ਰਾਜ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਨੇ ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣਾ ਧਰਮ ਛੱਡ ਕੇ ਉਨ੍ਹਾਂ
ਦਾ ਧਰਮ ਮੰਨਣ ਲਈ ਮਜਬੂਰ ਕੀਤਾ, ਜ਼ਬਰਦਸਤੀ ਧਰਮ ਪ੍ਰੀਵਰਤਨ ਕੀਤੇ ਤੇ ਦੂਜੇ ਧਰਮਾਂ ਦੇ ਲੋਕਾਂ ਦਾ
ਵੱਖਰੀ ਵਿਚਾਰਧਾਰਾ ਹੋਣ ਕਾਰਨ ਕਤਲੇਆਮ ਕੀਤਾ ਜਾਂ ਧਰਮ ਦਾ ਰਾਜ ਸਥਾਪਿਤ ਕਰਨ ਦੇ ਨਾਮ ਤੇ ਦੂਜੇ
ਧਰਮਾਂ ਦਾ ਸਫਾਇਆ ਕੀਤਾ। ਆਪਣੇ ਫਿਰਕੇ ਦੇ ਵਿਰੋਧੀ ਲੋਕਾਂ ਨੂੰ ਧਰਮ ਵਿਰੋਧੀ, ਕਾਫਿਰ,
ਨਾਨ-ਬਿਲੀਵਰ, ਨਾਸਤਿਕ ਆਦਿ ਦੇ ਫਤਵੇ ਲਾ ਕੇ ਮੌਤ ਦੇ ਘਾਟ ਉਤਾਰਿਆ। ਧਰਮ ਅਧਾਰਿਤ ਫਿਰਕਿਆਂ
ਯਹੂਦੀਆਂ, ਇਸਾਈਆਂ, ਮੁਸਲਮਾਨਾਂ, ਹਿੰਦੂਆਂ, ਬੋਧੀਆਂ, ਸਿੱਖਾਂ ਆਦਿ ਦਾ ਇਤਿਹਾਸ ਪੜ੍ਹ ਕੇ ਦੇਖੋ,
ਇਤਿਹਾਸ ਦੇ ਬਹੁਤੇ ਵਰਕੇ ਬੇਗੁਨਾਹ ਸ਼ਰਧਾਲੂਆਂ ਦੇ ਖੂਨ ਨਾਲ ਲੱਥਪਥ ਹਨ। ਵਿਚਾਰਨਯੋਗ ਮੁੱਦਾ ਇਹ ਹੈ
ਕਿ ਜੇ ਰੱਬ ਇੱਕ ਹੈ ਤੇ ਫਿਰ ਉਸਨੇ ਵੱਖ-ਵੱਖ ਪੈਗੰਬਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਵਿਚਾਰਧਾਰਾ ਦੇ
ਕੇ ਮਨੁੱਖਤਾ ਵਿੱਚ ਵੰਡੀਆਂ ਕਿਉਂ ਪਾਈਆਂ? ਜਾਂ ਜੇ ਸਾਰੇ ਵੱਖ-ਵੱਖ ਧਾਰਮਿਕ ਫਿਰਕਿਆਂ ਦੀਆਂ
ਵੱਖ-ਵੱਖ ਫਿਲਾਸਫੀਆਂ ਜਾਂ ਮਰਿਯਾਦਾਵਾਂ ਇੱਕ ਰੱਬ ਦੀਆਂ ਹੀ ਬਣਾਈਆਂ ਹੋਈਆਂ ਹਨ ਤਾਂ ਫਿਰ ਵੱਖ-ਵੱਖ
ਫਿਰਕੇ ਇਕੱਠੇ ਕਿਉਂ ਨਹੀਂ ਹੋ ਸਕਦੇ? ਕਿਉਂ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਮਨੁੱਖਤਾ ਦਾ ਘਾਣ ਕਰ
ਰਹੇ ਹਨ? ਜੇ ਸਾਰੇ ਧਰਮ ਇੱਕ ਰੱਬ ਦੇ ਬਣਾਏ ਹੋਏ ਹਨ ਤਾਂ ਫਿਰ ਧਰਮ ਪ੍ਰੀਵਰਤਨ ਦੀ ਲੋੜ ਕਿਉਂ ਹੈ?
ਫਿਰ ਕਿਉਂ ਧਰਮ ਨੂੰ ਫੈਲਾਉਣ ਜਾਂ ਧਰਮ ਪ੍ਰੀਵਰਤਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ
ਹਨ, ਗਰੀਬ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਹਨ? ਕਮਜ਼ੋਰ ਕੌਮਾਂ ਨੂੰ ਡਰਾਇਆ ਜਾਂਦਾ ਹੈ? ਛੋਟੇ
ਧਾਰਮਿਕ ਫਿਰਕਿਆਂ ਨੂੰ ਕਿਉਂ ਫਿਕਰ ਰਹਿੰਦਾ ਹੈ ਕਿ ਵੱਡੇ ਫਿਰਕੇ ਉਨ੍ਹਾਂ ਨੂੰ ਨਿਗਲ ਜਾਣਗੇ ਤੇ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਹੁਤ ਸਾਰੀਆਂ ਛੋਟੀਆਂ ਕੌਮਾਂ, ਛੋਟੇ ਧਾਰਮਿਕ ਫਿਰਕੇ ਖਤਮ ਕਰ
ਦਿੱਤੇ ਗਏ। ਜਿਸਦੀ ਇਤਿਹਾਸਕ ਮਿਸਾਲ ਇਰਾਨ ਵਿੱਚ ਪੈਦਾ ਹੋਏ ‘ਪਾਰਸੀ’ ਧਾਰਮਿਕ ਫਿਰਕੇ ਦੀ ਹੈ,
ਜਿਸਦਾ ਅੱਜ ਇਰਾਨ ਵਰਗੇ ਕੱਟੜ ਇਸਲਾਮਿਕ ਦੇਸ਼ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਹੈ, ਕਈ ਸਦੀਆਂ
ਪਹਿਲਾਂ ਜੇ ਉਹ ਭੱਜ ਕੇ ਹਿੰਦੁਸਤਾਨ ਵਿੱਚ ਆਏ ਤਾਂ ਇਥੇ ਵੀ ਉਨ੍ਹਾਂ ਦੀ ਹਾਲਤ ‘ਮੂਸਾ ਭੱਜਾ ਮੌਤ
ਤੋਂ ਅੱਗੇ ਮੌਤ ਖੜੀ’ ਵਾਲੀ ਹੋਈ, ਅੱਜ ਇਹ ਭਾਈਚਾਰਾ ਪੁਜਾਰੀਆਂ ਦੀਆਂ ਕੱਟੜਵਾਦੀ ਨੀਤੀਆਂ ਕਾਰਨ
ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਹੋਣ ਕਿਨਾਰੇ ਖੜਾ ਹੈ, ਇੱਕ ਸਰਵੇਖਣ ਅਨੁਸਾਰ ਅਗਲੇ 50
ਸਾਲਾਂ ਵਿੱਚ ਇਸ ਫਿਰਕੇ ਦਾ ਨਾਮ ਸਿਰਫ ਇਤਿਹਾਸ ਦੇ ਪੰਨਿਆਂ ਤੇ ਹੀ ਰਹਿ ਜਾਵੇਗਾ।
ਨਕਲੀ ਧਰਮਾਂ ਦੀ ਦੁਨੀਆਂ ਬੜੀ ਅਜੀਬ ਹੈ, ਆਮ ਤੌਰ ਤੇ ਮੰਨਦੇ ਤਾਂ ਇਹ ਹਨ ਕਿ ਰੱਬ ਇੱਕ ਹੈ, ਪਰ
ਅਜੇ ਤੱਕ 5 ਹਜ਼ਾਰ ਸਾਲ ਵਿੱਚ ਸਾਰੇ ਧਾਰਮਿਕ ਫਿਰਕੇ ‘ਰੱਬ’ ਦਾ ਇੱਕ ਸਰਬ ਸਾਂਝਾ ਨਾਮ ਤੱਕ ਨਹੀਂ
ਰੱਖ ਸਕੇ। ਵੱਖ-ਵੱਖ ਧਰਮਾਂ ਦੇ ਸ਼ਰਧਾਲੂ ਰੱਬ ਦੇ ਨਾਮ ਤੇ ਝਗੜੇ ਖੜੇ ਕਰ ਲੈਂਦੇ ਹਨ, ਇਥੋਂ ਤੱਕ ਕਿ
ਰੱਬ ਨੂੰ ‘ਅੱਲਾ’ ਕਹਿਣ ਵਾਲੇ ਮੁਸਲਮਾਨ ਲਈ, ਉਸੇ ਰੱਬ ਨੂੰ ‘ਰਾਮ’ ਕਹਿਣ ਵਾਲੇ ਕਾਫਿਰ ਲਗਦੇ ਹਨ,
ਜਾਂ ਉਸੇ ਰੱਬ ਨੂੰ ‘ਵਾਹਿਗੁਰੂ’ ਕਹਿਣ ਵਾਲਾ ਕੋਈ ਸਿੱਖ ਜੇ ‘ਅੱਲਾ’ ਕਹਿਣਾ ਸ਼ੁਰੂ ਕਰ ਦੇਵੇ ਤਾਂ
ਬਹੁਤਿਆਂ ਨੂੰ ਫਿਕਰ ਪੈ ਜਾਂਦਾ ਹੈ ਕਿ ਕਿਤੇ ਇਹ ਮੁਸਲਮਾਨ ਤੇ ਨਹੀਂ ਬਣ ਗਿਆ। ਇਸੇ ਤਰ੍ਹਾਂ ਰੱਬ
ਨੂੰ ‘ਰਾਮ’ ਜਾਂ ‘ਓਮ’ ਕਹਿਣ ਵਾਲਿਆਂ ਨੂੰ ਉਸੇ ਰੱਬ ਦਾ ਨਾਮ ‘ਵਾਹਿਗੁਰੂ’ ਕਹਿਣਾ ਚੰਗਾ ਨਹੀਂ
ਲਗਦਾ? ਸਿੱਖਾਂ ਵਿੱਚ ਕਈ ਗਰੁੱਪ ‘ਵਾਹਿਗੁਰੂ’ ਦੇ ਨਾਮ ਦਾ ਸਿਮਰਨ ਕਰਦੇ ਹਨ, ਜੇ ਕੋਈ ਉਨ੍ਹਾਂ ਨੂੰ
ਕਹੇ ਕਿ ਰੱਬ ਤਾਂ ਇੱਕ ਹੀ ਹੈ, ਕਦੇ ਕਦੇ ‘ਅੱਲਾ-ਅੱਲਾ’ ਜਾਂ ‘ਰਾਮ-ਰਾਮ’ ਜਾਂ ‘ਗਾਡ-ਗਾਡ’ ਵੀ ਕਹਿ
ਲਿਆ ਕਰੋ ਤਾਂ ਉਨ੍ਹਾਂ ਨੂੰ ਇਹ ਸਿਮਰਨ ਧਰਮ ਵਿਰੋਧੀ ਲੱਗੇਗਾ। ਰੱਬ ਦੇ ਨਾਮ ਤੇ ਹੀ ਬਣੇ ਮੰਦਰ
ਵਿੱਚ, ਰੱਬ ਦੇ ਨਾਮ ਤੇ ਬਣੀ ਮੂਰਤੀ ਅੱਗੇ ਕੋਈ ਸਿੱਖ ਮੱਥਾ ਟੇਕ ਦੇਵੇ ਤਾਂ ਉਸਨੂੰ ਝੱਟ ਆਰ ਐਸ ਐਸ
ਦੇ ੲਜੰਟ ਕਹਿ ਦਿੱਤਾ ਜਾਂਦੇ ਹੈ, ਫਿਰ ਕਹੀ ਜਾਂਦੇ ਕਿ ਰੱਬ ਇੱਕ ਹੈ? ਇਸੇ ਤਰ੍ਹਾਂ ਕੋਈ ਮੁਸਲਮਾਨ
ਤਾਂ ਮੰਦਰ ਵਿੱਚ ਜਾਣ ਬਾਰੇ ਸੋਚ ਵੀ ਨਹੀਂ ਸਕਦਾ, ਉਸ ਲਈ ਤਾਂ ਇਹ ਸੂਅਰ ਖਾਣ ਬਰਾਬਰ ਹੋਵੇਗਾ। ਜੇ
ਇੱਕ ਰੱਬ ਨੂੰ ਮੰਨਣ ਵਾਲੇ ਯਹੂਦੀਆਂ, ਮੁਸਲਮਾਨਾਂ, ਇਸਾਈਆਂ ਜਾਂ ਹੋਰ ਲੋਕਾਂ ਲਈ ਗਾਂ ਖਾਣੀ ਸਿਰਫ
ਇੱਕ ਭੋਜਨ ਹੈ ਤਾਂ ਫਿਰ ਉਸੇ ਰੱਬ ਨੂੰ ਹਿੰਦੂਆਂ ਵਲੋਂ ਗਾਂ ਖਾਣਾ ਜਾਂ ਮੁਸਲਮਾਨਾਂ ਵਲੋਂ ਸੂਰ
ਖਾਣਾ ਧਰਮ ਵਿਰੋਧੀ ਕਿਵੇਂ ਬਣ ਜਾਂਦਾ ਹੈ? ਪੁਜਾਰੀਆਂ ਨੇ ਸਾਡੇ ਦਿਮਾਗ ਦੀ ਕੰਡੀਸ਼ਨਿੰਗ ਹੀ ਅਜਿਹੀ
ਕੀਤੀ ਹੋਈ ਹੈ ਕਿ ਉਸ ਵਿੱਚੋਂ ਸੋਚਣ ਵਿਚਾਰਨ ਵਾਲਾ ਪੁਰਜਾ ਜਿਵੇਂ ਕੱਢ ਹੀ ਦਿੱਤਾ ਹੋਵੇ। ਇਸੇ
ਤਰ੍ਹਾਂ ਇੱਕ ਰੱਬ ਦੇ ਨਾਮ ਤੇ ਬਣੇ ਵੱਖ-ਵੱਖ ਧਾਰਮਿਕ ਫਿਰਕਿਆਂ ਦੀਆਂ ਮਰਿਯਾਦਾਵਾਂ ਜਾਂ ਰੱਬ ਬਾਰੇ
ਧਾਰਨਾਵਾਂ ਪੜ੍ਹ ਕੇ ਦੇਖ ਲਵੋ, ਬਹੁਤਾ ਕੁੱਝ ਆਪਾ ਵਿਰੋਧੀ ਜਾਂ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹਾ
ਹੈ। ਇਥੋਂ ਤੱਕ ਕਿ ਬਹੁਤ ਵਾਰ ਉਨ੍ਹਾਂ ਦੇ ਆਪੇ ਸਿਰਜੇ ਰੱਬ ਵੀ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ
ਹੁੰਦੇ ਹਨ। ਜਿਸ ਤਰ੍ਹਾਂ ਜਦੋਂ ਮੂਰਤੀ ਜਾਂ ਬੁੱਤ ਪੂਜਾ ਦੀ ਥਾਂ ਸਿੱਧੀ ਅੱਲਾ ਦੀ ਬੰਦਗੀ ਦਾ
ਸੰਦੇਸ਼ ਦੇਣ ਵਾਲਾ ਇਸਲਾਮ ਮੂਰਤੀ ਜਾਂ ਬੁੱਤ ਪੂਜ ਹਿੰਦੂਆਂ ਦੇ ਦੇਸ਼ ਹਿੰਦੁਸਤਾਨ ਵਿੱਚ ਆਇਆ ਤਾਂ
ਉਨ੍ਹਾਂ ਨੇ ਲੱਖਾਂ ਹਿੰਦੂਆਂ ਦਾ ਕਤਲੇਆਮ ਇਸ ਲਈ ਕੀਤਾ ਕਿਉਂਕਿ ਉਹ ਰੱਬ ਦੀ ਪੂਜਾ ਮੂਰਤੀ ਰੂਪ
ਵਿੱਚ ਕਰਦੇ ਸਨ, ਨਾ ਕਿ ਨਿਰਅਕਾਰ ਰੂਪ ਵਿੱਚ, ਹੁਣ ਜੇ ਰੱਬ ਇੱਕ ਹੈ, ਉਸਦੀ ਪੂਜਾ ਮੂਰਤੀ ਬਣਾ ਕੇ
ਕਰਨ ਨਾਲ ਜੇ ਰੱਬ ਨੂੰ ਕੋਈ ਇਤਰਾਜ਼ ਨਹੀਂ ਸੀ ਤੇ ਹਿੰਦੂ ਹਜ਼ਾਰਾਂ ਸਾਲਾਂ ਤੋਂ ਇਹ ਕੰਮ ਕਰਦੇ ਸਨ
(ਤੇ ਅੱਜ ਵੀ ਕਰ ਰਹੇ ਹਨ) ਤਾਂ ਫਿਰ ਰੱਬ ਨੂੰ ‘ਅੱਲਾ’ ਕਹਿਣ ਵਾਲਿਆਂ ਨੂੰ ਇਤਰਾਜ਼ ਕਿਉਂ ਤੇ ਇਤਰਾਜ਼
ਵੀ ਇੰਨਾ ਜ਼ਿਆਦਾ ਕਿ ਲੱਖਾਂ ਮਾਸੂਮ ਲੋਕ ਕਤਲ ਕਰ ਦਿੱਤੇ ਗਏ? ਇਸੇ ਤਰ੍ਹਾਂ ਸਿੱਖ ਧਰਮ ਦੇ ਰੱਬ ਦਾ
ਮੁਕਾਬਲਾ ਹਿੰਦੂਆਂ ਦੇ ਰੱਬ ਨਾਲ ਕਰਕੇ ਦੇਖੀਏ ਤਾਂ ਹੈਰਾਨੀ ਹੁੰਦੀ ਹੈ ਕਿ ਹਿੰਦੂਆਂ ਦਾ ਰੱਬ 4
ਤਰ੍ਹਾਂ ਦੇ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਮਨੁੱਖ ਪੈਦਾ ਕਰਦਾ ਹੈ ਤੇ ਸਿੱਖਾਂ ਦਾ ਰੱਬ ਕਹਿੰਦਾ
ਹੈ ਕਿ ਸਾਰੇ ਮਨੁੱਖ ਬਰਾਬਰ ਹਨ। ਇਸੇ ਤਰ੍ਹਾਂ ਪੱਛਮੀ ਧਰਮਾਂ ਦਾ ਰੱਬ ਸੱਤਵੇਂ ਅਕਾਸ਼ ਤੇ ਰਹਿੰਦਾ
ਹੈ ਤੇ ਗੁਰਬਾਣੀ ਦਾ ਰੱਬ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਹੈ ਤੇ ਹਿੰਦੂਆਂ ਦਾ ਰੱਬ ਕ੍ਰਿਸ਼ਨ ਜਾਂ ਰਾਮ
ਯੂਪੀ ਹੀ ਨਹੀਂ ਟੱਪਦਾ, ਉਹ ਕਹਿੰਦਾ ਹੈ ਕਿ ਜਦੋਂ ਜਦੋਂ ਧਰਤੀ (ਯੂਪੀ) ਤੇ ਜ਼ੁਲਮ ਵਧਦਾ ਹੈ, ਉਹ
ਪ੍ਰਗਟ ਹੁੰਦਾ ਹੈ, ਪਰ ਜਦੋਂ ਹਿਟਲਰ ਵਰਗਿਆ ਨੇ ਲੱਖਾਂ ਯਹੂਦੀ ਮਾਰ ਦਿੱਤੇ ਤਾਂ ਉਹ ਜਰਮਨ ਵਿੱਚ
ਪ੍ਰਗਟ ਹੀ ਨਹੀਂ ਹੋਇਆ, ਨਾ ਹੀ ਉਹ ਦੁਨੀਆਂ ਦੇ ਅਨੇਕਾਂ ਖਿਤਿਆਂ ਵਿੱਚ ਹੋਏ ਨਰ-ਸੰਹਾਰ ਮੌਕਿਆਂ ਤੇ
ਕਿਸੇ ਦੀ ਬਾਂਹ ਫੜ੍ਹਨ ਆਇਆ? ਅੱਜ ਉਸਦੇ ਆਪਣੇ ਦੇਸ਼ ਵਿੱਚ ਹੀ ਲੱਖਾਂ ਦਰੋਪਤੀਆਂ ਦੀ ਰੋਜ਼ਾਨਾ ਪੱਤ
ਲੁੱਟੀ ਜਾਂਦੀ ਹੈ, ਪਰ ਕਿਸੇ ਨੂੰ ਸਾੜੀ ਦੇਣ ਨਹੀਂ ਆਉਂਦਾ? ਸਮਝਣ ਵਾਲੀ ਗੱਲ ਇਹੀ ਹੈ ਕਿ ਝਗੜਾ
ਮੰਦਰ ਜਾਂ ਮਸਜਿਦ ਜਾਂ ਗਿਰਜੇ ਦਾ ਨਹੀਂ ਸੀ ਤੇ ਨਾ ਹੀ ਅੱਲਾ ਜਾਂ ਰਾਮ ਜਾਂ ਗਾਡ ਦਾ ਸੀ ਤੇ ਨਾ ਹੀ
ਹੁਣ ਹੈ, ਝਗੜਾ ਸਿਰਫ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿਕੜੀ ਵਲੋਂ ਤਾਕਤ ਹਥਿਆਉਣ
ਜਾਂ ਰਾਜ ਕਰਨ ਦਾ ਸੀ ਤੇ ਹੁਣ ਵੀ ਇਸੇ ਤਰ੍ਹਾਂ ਹੈ?
ਅਸਲ ਵਿੱਚ ਉਹ ਸ਼ਕਤੀ (ਜਿਸਨੂੰ ਅੱਜ ਸਾਇੰਸ ਕੁਦਰਤ ਦੇ ਨਿਯਮ ਕਹਿੰਦੀ ਹੈ), ਜਿਸਦੇ ਬੱਝਵੇਂ ਤੇ
ਅਟੱਲ ਨਿਯਮਾਂ ਵਿੱਚ ਸ੍ਰਿਸ਼ਟੀ ਚੱਲ ਰਹੀ ਹੈ, ਉਸ ਦੀਆਂ ਕੁਦਰਤੀ ਸ਼ਕਤੀਆਂ (ਹੜ੍ਹ, ਤੂਫਾਨ, ਭੁਚਾਲ,
ਅਸਮਾਨੀ ਬਿਜਲੀ, ਅੱਗ ਆਦਿ) ਦੇ ਮਨੁੱਖੀ ਮਨ ਵਿੱਚ ਪਏ ਭੈਅ ਦਾ ਲਾਭ ਉਠਾ ਕਿ ਪੁਜਾਰੀਆਂ ਨੇ ਉਸ
ਸ਼ਕਤੀ ਦੇ ਵੱਖ-ਵੱਖ ਨਾਮ ਰੱਖ ਕੇ ਵੱਖ-ਵੱਖ ਫਿਰਕੇ ਖੜੇ ਕੀਤੇ, ਫਿਰ ਉਨ੍ਹਾਂ ਫਿਰਕਿਆਂ ਦੇ
ਪ੍ਰਚਾਰ-ਪ੍ਰਸਾਰ ਤੇ ਧਰਮ ਦਾ ਰਾਜ ਸਥਾਪਿਤ ਕਰਨ ਦੇ ਨਾਮ ਤੇ ਸਦੀਆਂ ਤੋਂ ਮਨੁੱਖ ਨੂੰ ਲੜਾ ਰਹੇ ਹਨ।
ਕੁਦਰਤ ਦੇ ਉਹ ਅਟੱਲ ਨਿਯਮ ਬੱਝਵੇਂ ਰੂਪ ਵਿੱਚ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ, ਚੱਲ ਰਹੇ ਹਨ ਤੇ
ਚਲਦੇ ਰਹਿਣੇ ਹਨ, ਇਸਨੂੰ ਪਿਛੋਂ ਕੋਈ ਤਾਕਤ ਚਲਾ ਰਹੀ ਹੈ ਜਾਂ ਨਹੀਂ ਚਲਾ ਰਹੀ, ਇਸ ਨਾਲ ਕੋਈ ਫਰਕ
ਨਹੀਂ ਪੈਂਦਾ, ਨਾ ਹੀ ਇਸ ਗੱਲ ਨਾਲ ਕੋਈ ਫਰਕ ਪੈਂਦਾ ਹੈ ਕਿ ਉਸ ਸ਼ਕਤੀ (ਜਿਸਦੇ ਨਕਲੀ ਧਰਮਾਂ ਨੇ ਕਈ
ਨਾਮ ਰੱਖੇ ਹੋਏ ਹਨ) ਦੀ ਹੋਂਦ ਨੂੰ ਕੋਈ ਮੰਨਦਾ ਹੈ ਜਾਂ ਨਹੀਂ ਮੰਨਦਾ? ਸਭ ਕੁੱਝ ਨਿਯਮ ਰੂਪ ਵਿੱਚ
ਚੱਲ ਰਿਹਾ ਹੈ, ਉਨ੍ਹਾਂ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਚੱਲਣ ਨਾਲ ਮਨੁੱਖ ਸੁਖੀ ਰਹਿ ਸਕਦਾ ਹੈ
ਤੇ ਉਲਟ ਚੱਲਣ ਨਾਲ ਦੁੱਖ ਪਾ ਸਕਦਾ ਹੈ। ਜਿਸ ਤਰ੍ਹਾਂ ਦੇਸ਼ ਦੇ ਕਨੂੰਨ ਦੇ ਦਾਇਰੇ ਵਿੱਚ ਰਹਿਣ ਵਾਲਾ
ਮਨੁੱਖ ਚੰਗਾ ਸਿਟੀਜ਼ਨ ਬਣ ਕੇ ਰਹਿੰਦਾ ਹੈ ਤੇ ਸਭ ਸੁੱਖ ਸਹੂਲਤਾਂ ਮਾਣਦਾ ਹੈ ਤੇ ਉਲਟ ਚੱਲਣ ਵਾਲੇ
ਨੂੰ ਜ਼ੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ? ਸਾਰੇ ਨਕਲੀ ਧਰਮਾਂ ਦੇ ਰੱਬ ਇੱਕ ਹੋਣ ਦੇ ਬਾਵਜੂਦ
ਵੱਖ-ਵੱਖ ਮੁਦਿਆਂ ਤੇ ਵੱਖ-ਵੱਖ ਸੋਚ ਦੇ ਧਾਰਨੀ ਹਨ। ਹਰ ਧਰਮ ਦਾ ਰੱਬ ਸਿਰਫ ਉਸਦੇ ਸ਼ਰਧਾਲੂਆਂ ਦੀ
ਰੱਖਿਆ ਕਰਦਾ ਹੈ? ਉਸਦੀਆਂ ਅਰਦਾਸਾਂ ਹੀ ਸੁਣਦਾ ਹੈ? ਮਰਨ ਬਾਅਦ ਉਸਨੂੰ ਹੀ ਸਵਰਗ ਜਾਂ ਸਚਖੰਡ ਵਿੱਚ
ਲਿਜਾਂਦਾ ਹੈ। ਜਦੋਂ ਦੋ ਧਰਮਾਂ ਦੇ ਲੋਕ ਧਰਮ ਯੁੱਧ ਵਿੱਚ ਲੜਦੇ ਹਨ, ਮਰਦੇ ਹਨ ਤਾਂ ਦੋਨਾਂ ਵਿਚੋਂ
ਕਦੇ ਕਿਸੇ ਦੇ ਰੱਬ ਨੇ ਆ ਕੇ ਸੁਲਾਹ ਨਹੀਂ ਕਰਾਈ ਤੇ ਨਾ ਹੀ ਉਨ੍ਹਾਂ ਨੂੰ ਮੱਤ ਦਿੱਤੀ ਕਿ ਮੇਰੇ
ਨਾਮ ਤੇ ਝਗੜੇ ਕਰਨ ਤੋਂ ਤਾਂ ਸ਼ਰਮ ਕਰੋ। ਅਸਲ ਵਿੱਚ ਪੁਜਾਰੀਆਂ ਦੇ ਖੜੇ ਕੀਤੇ ਇਹ ਰੱਬ ਵੀ ਇਨ੍ਹਾਂ
ਦੇ ਨਕਲੀ ਧਰਮਾਂ ਵਾਂਗ ਨਕਲੀ ਹੀ ਹਨ। ਇਨ੍ਹਾਂ ਨੇ ਧਰਮ ਅਧਾਰਿਤ ਆਪਣਾ ਪੂਜਾ ਪਾਠ ਤੇ ਕਰਮਕਾਂਡਾਂ
ਦਾ ਧੰਦਾ ਚਲਾਉਣ ਲਈ ਹੀ ਰੱਬ ਖੜੇ ਕੀਤੇ ਹੋਏ ਹਨ, ਇਨ੍ਹਾਂ ਦਾ ਅਸਲੀ ਰੱਬ ਨਾਲ ਕੋਈ ਵਾਹ-ਵਾਸਤਾ
ਨਹੀਂ ਹੈ। ਨਾ ਹੀ ਇਨ੍ਹਾਂ ਨੂੰ ਉਸ ਰੱਬ ਦੀ ਕੋਈ ਪ੍ਰਵਾਹ ਹੀ ਹੈ। ਸ਼ਰਧਾਲੂ ਲੋਕ ਇਨ੍ਹਾਂ ਨਕਲੀ
ਧਰਮਾਂ ਦੇ ਪੁਜਾਰੀਆਂ (ਜੋ ਸਿਆਸੀ ਲੋਕਾਂ ਦੇ ਜਮੂਰੇ ਹੁੰਦੇ ਹਨ) ਮਗਰ ਲੱਗ ਕੇ ਉਨ੍ਹਾਂ ਦੇ ਬਣਾਏ
ਨਕਲੀ ਰੱਬਾਂ ਦੀ ਪੂਜਾ-ਪਾਠ, ਭਜਨ-ਬੰਦਗੀ, ਨਾਮ-ਸਿਮਰਨ ਆਦਿ ਵਿੱਚ ਆਪਣੇ ਮਨੁੱਖਾ ਜੀਵਨ ਦਾ ਕੀਮਤੀ
ਸਮਾਂ ਖਰਾਬ ਕਰ ਰਹੇ ਹਨ। ਆਪਣੇ ਜੀਵਨ ਦੇ ਉਨ੍ਹਾਂ ਕੀਮਤੀ ਪਲਾਂ ਵਿੱਚ ਖੁੱਲੇ ਆਕਾਸ਼ ਵਿੱਚ, ਪਹਾੜਾਂ
ਜਾਂ ਸਮੁੰਦਰਾਂ ਕੰਢੇ ਜਾ ਕੇ ਕੁਦਰਤ ਦੇ ਨਜ਼ਾਰੇ ਮਾਣ ਸਕਦੇ ਹਨ ਜਾਂ ਕੁਦਰਤ ਦੀ ਇਸ ਕਾਇਨਾਤ ਜਾਂ
ਮਨੁੱਖਤਾ ਦੀ ਕਿਸੇ ਹੋਰ ਢੰਗ ਨਾਲ ਸੇਵਾ ਕਰ ਸਕਦੇ ਹਨ। ਪੁਜਾਰੀਆਂ ਵਲੋਂ ਧਰਮ ਦੇ ਨਾਮ ਤੇ ਬਣਾਈਆਂ
ਦੁਕਾਨਾਂ ਤੇ ਜਾ ਕੇ ਉਨ੍ਹਾਂ ਦੇ ਨਕਲੀ ਰੱਬਾਂ ਦੀ ਪੂਜਾ ਪਾਠ ਕਰਕੇ ਆਪਣਾ ਸਮਾਂ ਵਿਅਰਥ ਗੁਆਉਣਾ
ਹੈ।
ਮਨੁੱਖ ਆਪਣੇ ਮਨ ਦੇ ਡਰ ਤੇ ਲਾਲਚੀ ਬਿਰਤੀ ਅਧੀਨ ਇਨ੍ਹਾਂ ਦੇ ਮਕੜਜਾਲ ਵਿੱਚ ਸਾਰੀ ਉਮਰ ਫਸਿਆ
ਰਹਿੰਦਾ ਹੈ, ਪੁਜਾਰੀ ਕਦੇ ਉਸਨੂੰ ਸੋਚਣ ਦੇ ਰਾਹੇ ਨਹੀਂ ਪਾਉਂਦੇ, ਇਸੇ ਕਰਕੇ ਆਪਣੇ ਪ੍ਰਚਾਰ
ਸਾਧਨਾਂ ਰਾਹੀਂ ਵਾਰ-ਵਾਰ ਇਹ ਗੱਲ ਪੱਕੀ ਕਰਦੇ ਹਨ ਕਿ ਧਰਮ ਸ਼ਰਧਾ ਦਾ ਵਿਸ਼ਾ ਹੈ, ਧਰਮ ਮੰਨਣ ਦਾ
ਵਿਸ਼ਾ ਹੈ, ਇਸੇ ਕਰਕੇ ਇਨ੍ਹਾਂ ਨਕਲੀ ਧਰਮਾਂ ਨੇ ਮਨੁੱਖ ਨੂੰ ਧਰਮ ਦੇ ਖੇਤਰ ਵਿੱਚ ਅਗਿਆਨੀ ਬਣਾਇਆ
ਹੋਇਆ ਹੈ, ਅੰਧ ਵਿਸ਼ਵਾਸ਼ੀ ਬਣਾਇਆ ਹੋਇਆ ਹੈ, ਝੂਠੀਆਂ ਤੇ ਮਨਘੜਤ ਕਥਾ ਕਹਾਣੀਆਂ ਤੇ ਬਿਨਾਂ ਕਿੰਤੂ
ਪ੍ਰੰਤੂ ਦੇ ਮੰਨਣ ਵਾਲੇ ਸ਼ਰਧਾਲੂ ਬਣਾਇਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਧਰਮ ਵਿੱਚ ਕੋਈ ਕ੍ਰਾਂਤੀ
ਨਹੀਂ ਵਾਪਰਦੀ, ਸਾਰੀ ਉਮਰ ਧਰਮ ਅਸਥਾਨਾਂ ਵਿੱਚ ਮੱਥੇ ਰਗੜਨ ਵਾਲਾ ਜਾਂ ਪੂਜਾ-ਪਾਠ ਜਾਂ ਭਜਨ-ਬੰਦਗੀ
ਕਰਨ ਵਾਲਾ, ਹਰ ਤਰ੍ਹਾਂ ਦੀ ਮਰਿਯਾਦਾ ਨੂੰ ਨੇਮ ਨਾਲ ਨਿਭਾਉਣ ਵਾਲਾ ਸ਼ਰਧਾਲੂ ਵਿਅਕਤੀ ਉਥੇ ਦਾ ਉਥੇ
ਖੜਾ ਮਿਲੇਗਾ, ਉਸਦੀ ਸੋਚ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਜੇ ਕਿਸੇ ਦੇ ਆਉਂਦੀ ਹੈ ਤਾਂ ਇੱਕ
ਪੁਜਾਰੀ ਦਾ ਜ਼ੂਲਾ ਲਾਹ ਕੇ ਦੂਜੇ ਦਾ ਪਵਾ ਲੈਂਦਾ ਹੈ। ਨਕਲੀ ਧਰਮਾਂ ਦੀ ਦਲ-ਦਲ ਵਿਚੋਂ ਨਿਕਲਣ ਦਾ
ਇਕੋ ਤਰੀਕਾ ਹੈ ਕਿ ਅਸੀਂ ਫਿਰਕਿਆਂ ਦੀ ਸੋਚ ਤੋਂ ਆਜ਼ਾਦ ਹੋ ਕੇ ਵਿਸ਼ਾਲ ਹਿਰਦੇ ਨਾਲ ਸੋਚਣਾ ਸ਼ੁਰੂ
ਕਰੀਏ, ਜਿਸ ਤਰ੍ਹਾਂ ਕੁਦਰਤ ਵਿਸ਼ਾਲ ਤੇ ਬੇਅੰਤ ਹੈ, ਉਸੇ ਤਰ੍ਹਾਂ ਸਾਡੀ ਸੋਚ ਵੀ ਵਿਸ਼ਾਲ ਤਾਂ ਹੀ ਹੋ
ਸਕਦੀ ਹੈ, ਜੇ ਪੁਜਾਰੀਆਂ ਦੇ ਨਕਲੀ ਧਰਮਾਂ ਦੇ ਬੰਧਨਾਂ ਤੋਂ ਮੁਕਤ ਹੋਣ ਲਈ ਯਤਨਸ਼ੀਲ ਹੋਈਏ। ਅਸਲੀ
ਰੱਬ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਉਸਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ, ਤੁਸੀਂ
ਕਿਸ ਪੁਜਾਰੀ ਦੇ ਫਿਰਕੇ ਤੋਂ ਹੋ, ਤੁਸੀਂ ਕਿਸ ਪੁਜਾਰੀ ਦੇ ਧਾਰਮਿਕ ਚਿੰਨ੍ਹ ਪਹਿਨੇ ਹੋਏ ਹਨ,
ਤੁਸੀਂ ਕਿਸ ਦੇਸ਼, ਨਸਲ, ਕੌਮ, ਰੰਗ, ਲਿੰਗ ਆਦਿ ਤੋਂ ਹੋ, ਉਸਦਾ ਹੁਕਮ ਸਭ ਲਈ ਅਟੱਲ ਵਰਤਦਾ ਹੈ,
ਜਿਸ ਤਰ੍ਹਾਂ ਦਾ ਬੀਜੋਗੇ, ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰੋਗੇ। ਉਥੇ ਨਕਲੀ ਧਰਮਾਂ ਵਾਂਗ ਨਾ ਤੇ
ਅਰਦਾਸ (ਪ੍ਰਾਰਥਨਾ) ਰੂਪੀ ਸਿਫਾਰਸ਼ ਚਲਦੀ ਹੈ, ਨਾ ਭਜਨ ਬੰਦਗੀ, ਸਿਮਰਨ, ਮੰਤਰ ਜਾਪ ਆਦਿ ਦੀ ਕੋਈ
ਵੱਢੀ ਚਲਦੀ ਹੈ ਤੇ ਨਾ ਹੀ ਕਿਸੇ ਪਹਿਰਾਵੇ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਕੋਈ ਮਹੱਤਤਾ ਹੈ। ਉਥੇ
ਸਭ ਕੁੱਝ ਨਿਯਮ ਵਿੱਚ, ਬਿਨਾਂ ਕਿਸੇ ਵਿਤਕਰੇ ਜਾਂ ਭੇਦ ਭਾਵ ਦੇ ਚਲਦਾ ਹੈ। ਸਾਨੂੰ ਉਸ ਰੱਬ ਨੂੰ
ਸਮਝਣ, ਉਸਦੇ ਹੁਕਮ ਨੂੰ ਜਾਨਣ ਦੀ ਲੋੜ ਹੈ, ਨਾ ਕਿ ਉਸਦੇ ਪੂਜਾ ਪਾਠ ਜਾਂ ਸਿਮਰਨ ਦੀ। ਸਮਾਂ ਆ ਗਿਆ
ਹੈ ਕਿ ਅਸੀਂ ਪੁਜਾਰੀਆਂ-ਸਿਆਸਦਾਨਾਂ-ਸਰਮਾਏਦਾਰਾਂ ਦੇ ਨਾਪਾਕ ਮਨੁੱਖਤਾ ਵਿਰੋਧੀ ਮਨਸੂਬਿਆਂ ਨੂੰ
ਪਛਾਣੀਏ, ਉਸ ਵਿਚੋਂ ਨਿਕਲਣ ਲਈ ਸੰਘਰਸ਼ ਕਰੀਏ। ਇਹ ਸੰਘਰਸ਼ ਬਾਹਰੋਂ ਨਹੀਂ ਸਾਨੂੰ ਆਪਣੇ ਅੰਦਰੋਂ
ਲੜਨਾ ਪੈਣਾ ਹੈ, ਸਾਡੇ ਅੰਦਰ ਨਕਲੀ ਧਰਮਾਂ ਦੇ ਸੰਸਕਾਰਾਂ ਜਾਂ ਮਰਿਯਾਦਾਵਾਂ ਦਾ ਜੋ ਕੂੜਾ ਕਰਕਟ
ਪੀੜ੍ਹੀ-ਦਰ-ਪੀੜ੍ਹੀ (ਜਨਮ-ਜਨਮ ਤੋਂ) ਭਰਿਆ ਪਿਆ ਹੈ, ਉਸਨੂੰ ਪਛਾਨਣ ਤੇ ਬਾਹਰ ਕੱਢਣ ਦੀ ਲੋੜ ਹੈ।
ਉਹ ਤਾਂ ਹੀ ਸੰਭਵ ਹੋਵੇਗਾ, ਜੇ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ। ਆਪਾ ਚੀਨਣ ਦੇ ਰਾਹ ਪਵਾਂਗੇ।
ਜੋ ਕੁੱਝ ਸਾਨੂੰ ਧਰਮ ਜਾਂ ਮਰਿਯਾਦਾ ਦੇ ਨਾਮ ਤੇ ਦੱਸਿਆ ਜਾ ਰਿਹਾ ਹੈ, ਉਸਨੂੰ ਮੰਨਣ ਦੀ ਥਾਂ
ਵਿਚਾਰਨ ਦੇ ਰਾਹ ਪਵਾਂਗੇ, ਵਿਚਾਰਨ ਬਾਅਦ ਜਿਹੜੇ ਸਵਾਲ ਪੈਦਾ ਹੋਣਗੇ, ਉਨ੍ਹਾਂ ਦੇ ਜਵਾਬ ਇਨ੍ਹਾਂ
ਪੁਜਾਰੀਆਂ ਤੋਂ ਮੰਗਾਂਗੇ? ਜਦੋਂ ਤੱਕ ਅਸੀਂ ਪੁਜਾਰੀਆਂ ਦੀਆਂ ਮਰਿਯਾਦਾਵਾਂ, ਕਰਮਕਾਂਡਾਂ,
ਪੂਜਾ-ਪਾਠ, ਧਰਮ ਗ੍ਰੰਥਾਂ ਦੀ ਵਿਚਾਰਧਾਰਾ ਦਾ ਬੋਝ ਬਿਨਾਂ ਸੋਚੇ, ਬਿਨਾਂ ਵਿਚਾਰੇ ਢੋਂਹਦੇ
ਰਹਾਂਗੇ, ਸਾਡੇ ਅੰਦਰ ਕੋਈ ਸਵਾਲ ਨਹੀਂ ਖੜਾ ਹੋਵੇਗਾ, ਉਦੋਂ ਤੱਕ ਕੁੱਝ ਵੀ ਬਦਲਣ ਵਾਲਾ ਨਹੀਂ,
ਅਸੀਂ ਵੀ ਉਸੇ ਤਰ੍ਹਾਂ ਨਕਲੀ ਧਰਮਾਂ ਦੀਆਂ ਨਕਲੀ ਰੀਤਾਂ, ਰਸਮਾਂ, ਮਰਿਯਾਦਾਵਾਂ, ਧਾਰਮਿਕ
ਚਿੰਨ੍ਹਾਂ ਆਦਿ ਦਾ ਭਾਰ ਢੋਂਹਦੇ ਮਰ ਜਾਵਾਂਗੇ, ਜਿਸ ਤਰ੍ਹਾਂ ਸਾਡੇ ਵੱਡੇ ਵਡੇਰੇ, ਇਸ ਜਹਾਨੋਂ
ਇਨ੍ਹਾਂ ਪੁਜਾਰੀਆਂ ਦੀ ਗੁਲਾਮੀ ਕਰਦੇ ਚਲੇ ਗਏ। ਜਾਗੋ ਤੇ ਵਿਚਾਰੋ! ਮੰਨਣ ਤੋਂ ਪਹਿਲਾਂ ਜਾਨਣ ਦੀ
ਕੋਸ਼ਿਸ਼ ਕਰੋ? ਧਰਮ ਸ਼ਰਧਾ ਦਾ ਨਹੀਂ, ਵਿਸ਼ਵਾਸ਼ ਦਾ ਵਿਸ਼ਾ ਬਣਾਉ। ਸੱਚਾ ਵਿਸ਼ਵਾਸ਼ ਤਾਂ ਹੀ ਬੱਝ ਸਕਦਾ
ਹੈ, ਜੇ ਅਸੀਂ ਮੰਨਣ ਤੋਂ ਪਹਿਲਾਂ ਜਾਣ ਲਵਾਂਗੇ। ਜਾਨਣ ਵਾਲਾ ਹੀ ਜਾਗਿਆ ਇਨਸਾਨ ਹੁੰਦਾ ਹੈ, ਮੰਨਣ
ਵਾਲਾ ਸਿਰਫ ਅੰਧ ਵਿਸ਼ਵਾਸ਼ੀ ਸ਼ਰਧਾਲੂ ਹੁੰਦਾ ਹੈ, ਜੋ ਆਪ ਤੇ ਡੁੱਬਾ ਹੁੰਦਾ ਹੈ, ਸਾਥੀਆਂ ਨੂੰ ਡੋਬ
ਦਿੰਦਾ ਹੈ।
(ਚਲਦਾ)