.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਅੱਠਤੀਵੀਂ)

ਸਿੱਖ ਧਰਮ

ਸਿੱਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਚਉਮੁਖ ਦੀਵਾ ਜੋਤਿ ਦੁਆਰ॥ ਪਲੂ ਅਨਤ ਮੂਲੁ ਬਿਚਕਾਰਿ”

ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਜੇਕਰ ਸਿਦਕਦਿਲੀ ਨਾਲ ਵਿਚਾਰਿਆ ਜਾਵੇ ਤਾਂ ਅੱਜ ਸਮੂਚੀ ਸਿੱਖ ਕੌੰਮ ਦਾ ਮਸਲਾ ਵੀ ਇਥੇ ਹੀ ਅਟਕਿਆ ਪਿਆ ਹੈ। ਸਚਾਈ ਇਹ ਹੈ ਕਿ ਅੱਜ ਪੂਰੀ ਕੌਮ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਵਾਲੇ ਆਪਣੇ ਮੂਲ ‘ਗੁਰਬਾਣੀ ਵਿਚਾਰਧਾਰਾ’ ਅਤੇ ਉਸ ਤੋਂ ਪ੍ਰਗਟ ਹੋਣ ਵਾਲੀ ‘ਜੀਵਨ ਜਾਚ’ ਤੋਂ ਪੂਰੀ ਤਰ੍ਹਾਂ ਕੱਟੀ ਪਈ ਹੈ। ਅੱਜ ਸੰਸਾਰ ਤਲ `ਤੇ ਅਸੀਂ ਜਿਤਨੀ ਵੀ ਸਜ਼ਾ ਭੋਗ ਰਹੇ ਹਾਂ ਉਹ ਸਾਰੀ ਸਜ਼ਾ ਇਸੇ ਕਾਰਣ ਹੀ ਭੋਗ ਰਹੇ ਹਾਂ। ਸ਼ੱਕ ਨਹੀਂ ਕਿ ਆਪਣੀ ਵਿਚਾਰ ਲੜੀ ਦਾ ਅਰੰਭ ਵੀ ਅਸਾਂ ਇਸੇ ਵਿਸ਼ੇ ਤੋਂ ਕੀਤਾ ਸੀ। ਫ਼ਿਰ ਭਾਵੇਂ ਅਜੋਕੀ ਜਨਗਣਨਾ ਅਨੁਸਾਰ ਸਿੱਖਾਂ ਦੀ ਗਿਣਤੀ ਦੋ ਕਰੋੜ ਤੋਂ ਵੀ ਘੱਟ ਕਹਿ ਲਵੀਏ ਜਾਂ ਬਿੱਖਰੇ ਤਰੀਕੇ ਨਾਲ, ਸਿੱਖਾਂ ਦੀ ਗਿਣਤੀ ਵੀਹ ਕਰੋੜ ਤੋਂ ਵਧ ਹੋਣ ਦੇ ਵੇਰਵੇ ਤੇ ਦਾਅਵੇ ਪੇਸ਼ ਕਰਦੇ ਫ਼ਿਰੀਏ। ਇਸ ਤਰ੍ਹਾਂ ਵਿਰੋਧੀਆਂ ਵੱਲੋਂ ਕੌਮ ਨੂੰ ਆਪਣੇ ਗੁਰਬਾਣੀ ਵਾਲੇ ਧੁਰੇ ਤੋਂ ਤੋੜਣ ਵਾਲਾ ਜਿਹੜਾ ਸਿਲਸਿਲਾ ਸੰਨ ੧੭੧੬ `ਚ ਅਰੰਭ ਹੋਇਆ ਸੀ ਉਹ ਅਨੇਕਾਂ ਪਾਸਿਆਂ ਤੋਂ ਅਤੇ ਅਨੇਕਾਂ ਰੂਪਾਂ `ਚ ਆਪਣੀ ਪੂਰੀ ਤਾਕਤ ਨਾਲ ਅਤੇ ਅੱਜ ਦੇ ਵੀ ਆਖ਼ਰੀ ਪੱਲ ਤੱਕ ਅਰੁੱਕ ਤੇ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ।

“ਪਬਰ ਤੂੰ ਹਰੀਆਵਲਾ” - ਇਸੇ ਤਰ੍ਹਾਂ ਅਰੰਭ `ਚ ਵੀ ਅਸਾਂ ਇਸ ਵਿਸ਼ੇ ਨੂੰ “ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ॥ ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ॥ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ” (ਪੰ: ੧੪੧੨) ਵਾਲੇ ਗੁਰ ਫ਼ੁਰਮਾਣ ਰਾਹੀਂ ਸਮਝਣ ਦਾ ਯਤਣ ਕੀਤਾ ਸੀ। ਸਚਾਈ ਵੀ ਇਹੀ ਹੈ ਕਿ ਸੰਸਾਰ ਪਧਰ `ਤੇ ਵੀ ਉਸੇ ਸਰੋਵਰ ਦਾ ਪਾਣੀ ਹੀ ਤਰੋ ਤਾਜ਼ਾ ਰਹਿ ਸਕਦਾ ਹੈ, ਉਸੇ ਸਰੋਵਰ ਤੋਂ ਲੋਕਾਈ ਇਸ਼ਨਾਨ ਆਦਿ ਤੇ ਆਪਣੀਆਂ ਬਾਕੀ ਲੋੜਾਂ ਪੂਰੀਆਂ ਕਰ ਸਕਦੀ ਹੈ, ਅਜਿਹੇ ਸਰੋਵਰ ਦੇ ਚੋਤਰਫ਼ੇ ਹੀ ਹਰਿਆਵਲ ਤੇ ਤਾਜ਼ੇ ਫੁਲ-ਬੂਟੇ-ਪੌਧੇ ਉਗੇ ਰਹਿੰਦੇ ਹਨ: ਜਿਸ ਸਰੋਵਰ ਨੂੰ ਹਰ ਸਮੇਂ ਤਾਜ਼ਾ ਤੇ ਸੁਅੱਛ ਪਾਣੀ ਵੀ ਮਿਲਦਾ ਰਵੇ।

ਇਸਦੇ ਉਲਟ, ਜਿਸ ਸਰੋਵਰ ਨੂੰ ਭਾਵੇਂ ਕਿਸੇ ਵੀ ਕਾਰਣ ਤਾਜ਼ਾ ਪਾਣੀ ਮਿਲਣਾ ਬੰਦ ਹੋ ਜਾਵੇ, ਉਸ ਦੇ ਪਾਣੀ ‘ਤੌਂ ਲੋਕਾਈ ਨੇ ਆਪਣੀਆਂ ਲੋੜਾਂ ਤਾਂ ਕੀ ਪੂਰੀਆਂ ਕਰਣੀਆਂ ਹਨ, ਉਸ ਦੇ ਪਾਣੀ `ਚ ਤਾਜ਼ਗੀ ਦੀ ਬਜਾਏ ਚਿੱਕੜ, ਬਦਬੂ, ਸੜਾਂਦ ਤੇ ਮੱਖੀਆਂ-ਮੱਛਰ ਆਦਿ ਹੀ ਪੈਦਾ ਹੋਣਗੇ। ਅਜਿਹੇ ਸਰੋਵਰ ਦੇ ਚੌਤਰਫ਼ੇ ਉੱਗੇ ਹੋਏ ਫੁਲ ਪੌਦੇ ਵੀ ਸੜ ਜਾਣਗੇ। ਉਂਜ ਅਸੀਂ ਇਸ ਫ਼ੁਰਮਾਣ ਬਾਰੇ ਹੋਰ ਵੇਰਵਾ ਉਥੇ ਦੇ ਵੀ ਆਏ ਹਾਂ।

ਇਥੇ ਉਸ ਗੁਰ ਫ਼ੁਰਮਾਣ ਨੂੰ ਦੌਰਾਨ ਦਾ ਮਤਲਬ ਵਿਸ਼ੇ ਅਨੁਸਾਰ, ਸੰਗਤਾਂ ਦਾ ਇਸ ਪਾਸੇ ਸਮੁਚਿੱਤ ਧਿਆਣ ਪੁਆਉਣਾ ਹੈ ਕਿ ਜੁਗੋ ਜੁਗ ਅਟੱਲ ਗੁਰਬਾਣੀ ਵਾਲੇ ਸੱਚ ਧਰਮ ਤੋਂ ਪੈਦਾ ਹੋਇਆ ਤੇ ਪ੍ਰਵਾਣ ਚੜ੍ਹਿਆ ‘ਸਿੱਖ ਧਰਮ’ ਵੀ ਜਦੋਂ ਤੱਕ ਆਪਣੀ ਖ਼ੁਰਾਕ ਗੁਰਬਾਣੀ ਵਾਲੇ ਇਲਾਹੀ ਸੱਚ ਤੋਂ ਲੈਂਦਾ ਰਵੇਗਾ, ਇਸ ਦੀ ਖੁਸ਼ਬੂ ਵੀ ਸੰਸਾਰ ਭਰ `ਚ ਦਿਨ ਦੂਗਣੀ ਤੇ ਰਾਤ ਚੌਗਣੀ ਫੈਲੇਗੀ ਅਤੇ ਉਸ ਦੇ ਨਾਲ ਨਾਲ ਇਹ ਧਰਮ ਅਤੇ ਇਸਦੀ ਲਹਿਰ `ਚ ਵੀ ਨਿੱਤ ਭਰਵਾਂ ਵਾਧਾ ਹੁੰਦਾ ਰਵੇਗਾ।

ਦੂਜੇ ਪਾਸੇ, ਜਦੋਂ ਜਦੋਂ ਵੀ ਪੰਥ ਆਪਣੇ ਮੂਲ, ਗੁਰਬਾਣੀ ਜੀਵਨ ਤੋਂ ਜਿਤਨਾ ਵਧ ਦੁਰੇਡੇ ਹੁੰਦਾ ਜਾਵੇਗਾ ਇਸ ਦੀ ਆਪਣੀ ਹੋਂਦ ਵੀ ਖਤਰੇ `ਚ ਪੈਂਦੀ ਜਾਵੇਗੀ। ਜਦਕਿ ਅੱਜ ਇਸ ਦੇ ਦਿਨੋ ਦਿਨ ਰਸਾਤਲ ਵੱਲ ਜਾਣ ਦਾ ਮੁੱਖ ਕਾਰਣ ਵੀ ਇਸਦਾ ਆਪਣੇ ਸੋਮੇ ਗੁਰਬਾਣੀ ਜੀਵਨਧਾਰਾ, ਭਾਵ ਆਪਣੇ ਮੂਲ ਅਕਾਲਪੁਰਖ ਤੋਂ ਦਿਨੋਦਿਨ ਦੂਰ ਹੁੰਦੇ ਜਾਣਾ ਹੀ ਹੈ। ਇਸੇ ਲਈ ਅੱਜ ਇਸ ਗੁਰੂ ਕੇ ਪੰਥ ਦੀ ਹਾਲਤ ਵੀ “ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ” (ਪੰ: ੩੦੬) ਵਾਲੀ ਹੀ ਬਣੀ ਪਈ ਹੈ। ਜਦਕਿ ਇਹ ਪੱਖ ਵੀ ਅਰੰਭ `ਚ ਇਸੇ ਗੁਰ ਫ਼ੁਰਮਾਨ ਸਹਿਤ ਅਤੇ ਵੇਰਵੇ ਨਾਲ ਲੈ ਚੁੱਕੇ ਹਾਂ, ਇਥੇ ਕੇਵਲ ਇਸ਼ਾਰਾ ਮਾਤ੍ਰ ਹੀ ਹੈ।

ਉਂਜ ਸਚਾਈ ਵੀ ਇਹੀ ਹੈ ਕਿ ਜਿਹੜਾ ਪੇੜ ਆਪਣੀ ਜੜ੍ਹ ਤੋਂ ਹੀ ਕੱਟ ਦਿੱਤਾ ਜਾਂਦਾ ਹੈ ਤਾਂ ਉਸ ਦੀਆਂ ਡਾਲਾਂ ਤੇ ਪਤਿਆਂ ਆਦਿ ਦੀ ਹਰਿਆਵਲ ਵੀ ਬਹੁਤੇ ਦਿਨ ਕਾਇਮ ਨਹੀਂ ਰਹਿੰਦੀ। ਦਰਅਸਲ ਸੰਨ ੧੭੧੬ ਤੋਂ ਅਰੰਭ ਹੋ ਕੇ ਅੱਜ ਤੱਕ, ਸਮੂਚੀ ਸਿੱਖ ਕੌਮ ਦੀ ਹਾਲਤ ਵੀ ਇਹੀ ਚੱਲ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਬਿਨਾ ਦੇਰ ਕਿਸੇ ਵੀ ਯੋਗ ਢੰਗ ਨਾਲ ਕੌਮ ਦਾ ਗੁਰਬਾਣੀ ਵਿਚਾਰਧਾਰਾ `ਤੇ ਕੇਂਦ੍ਰਿਤ ਹੋਣਾ।

“ਕਰ ਪਲਵ ਸਾਖਾ ਬੀਚਾਰੇ” -ਇਹੀ ਨਹੀਂ, ਗੁਰਬਾਣੀ ਵਿਚਲੀ ਭਗਤ ਬੇਣੀ ਜੀ ਦੀ ਰਚਨਾ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ” (ਪੰ: ੯੭੪) ਵਾਲੇ ਪ੍ਰਮਾਣ ਨਾਲ ਵੀ ਅਸਾਂ ਮਨੁੱਖਾ ਜਨਮ ਤੇ ਖਾਸਕਰ ਸਿੱਖ ਧਰਮ ਦੀ ਅਸਲੀਅਤ ਬਾਰੇ ਗੱਲ ਕਰਦੇ, ਇਸੇ ਸਚਾਈ ਨੂੰ ਸਮਝਣ ਦਾ ਯਤਣ ਕੀਤਾ ਸੀ। ਭਗਤ ਜੀ ਅਨੁਸਾਰ ਵੀ ਕਿਸੇ ਬਿਰਖ ਦੀਆਂ ਡਾਲੀਆਂ ਤੇ ਪਤਿਆ ਆਦਿ ਦੀ ਹਰਿਆਵਲ ਵੀ ਉਤਨੀ ਦੇਰ ਕਾਇਮ ਰਹਿੰਦੀ ਹੈ ਜਿਤਨੀ ਦੇਰ ਉਸ ਬਿਰਖ ਨੂੰ ਆਪਣੇ ਮੂਲ ਭਾਵ ਆਪਣੀ ਜੜ੍ਹ ਤੋਂ ਖ਼ੁਰਾਕ ਮਿਲਦੀ ਰਹਿੰਦੀ ਹੈ। ਕਿਉਂਕਿ ਕਿਸੇ ਬਿਰਖ ਦੇ ਪਤਿਆਂ ਤੇ ਡਾਲੀਆਂ ਆਦਿ ਦੀ ਹਰਿਆਵਲ ਦਾ ਕਾਰਣ ਵੀ ਉਸ ਬਿਰਖ ਨੂੰ ਆਪਣੀ ਜੜ੍ਹ ਤੋਂ ਆ ਰਹੀ ਉਸ ਲਈ ਖ਼ੁਰਾਕ ਹੀ ਹੁੰਦੀ ਹੈ।

ਇਸੇ ਤਰ੍ਹਾਂ ਜਿਹੜੇ ਲੋਕ, ਮਨੁੱਖਾ ਜਨਮ ਪਾ ਕੇ ਆਪਣੇ ਮੂਲ, ਕਰਤੇ ਅਕਾਲਪੁਰਖ ਨਾਲ ਜੁੜੇ ਰਹਿੰਦੇ ਹਨ ਉਹ ਆਪਣੇ ਮਨੁੱਖਾ ਜਨਮ ਵਾਲੀ ਬਾਜ਼ੀ ਨੂੰ ਕਦੇ ਵੀ ਹਾਰ ਕੇ ਨਹੀਂ ਜਾਂਦੇ। ਉਹ ਇਸ ਸੰਸਾਰ ਤੋਂ ਆਪਣੇ ਜਨਮ ਨੂੰ ਸਫ਼ਲਾ ਕਰਕੇ ਜਾਂਦੇ ਹਨ ਅਤੇ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ। ਜਦਕਿ ਇਥੇ ਅਸੀਂ ਇਹ ਵੇਰਵਾ ਵੀ ਸੰਕੋਚਵੇਂ ਤੌਰ `ਤੇ ਸਿੱਖ ਧਰਮ ਨਾਲ ਹੀ ਸੰਬੰਧਤ ਕਰਕੇ ਦੇ ਰਹੇ ਹਾਂ। ਕਿਉਕਿ ਸੰਪੂਰਣ ਗੁਰਬਾਣੀ ਦਾ ਮੂਲ ਹੀ ਭਾਵ ਇਕੋ ਇੱਕ ਅਕਾਲਪੁਰਖ ਹੈ ਅਤੇ ਅਜੋਕੀ ਪੰਥਕ ਤ੍ਰਾਸਦੀ ਦਾ ਮੂਲ ਕਾਰਣ ਵੀ ਇਸਦਾ ਆਪਣੇ ਮੂਲ ਭਾਵ ਇਕੋ ਇੱਕ ਅਕਾਲਪੁਰਖ ਨਾਲ ਜੋੜਣ ਵਾਲੀ ਗੁਰਬਾਣੀ ਵਿਚਾਰਧਾਰਾ ਤੇ ਗੁਰਬਾਣੀ ਜੀਵਨ ਜਾਚ ਤੋਂ ਦੁਰੇਡੇ ਹੋਣਾ ਅਤੇ ਟੁੱਟੇ ਹੋਣਾ ਹੀ ਹੈ।

“ਚਉਮੁਖ ਦੀਵਾ ਜੋਤਿ ਦੁਆਰ” -ਸੰਬੰਧਤ ਵਿਸ਼ੇ ਨੂੰ ਅਸੀਂ ਭਗਤ ਬੇਣੀ ਜੀ ਦੇ ਸ਼ਬਦ ਵਿਚਲੇ ਇੱਕ ਬੰਦ ਨਾਲ ਹੋਰ ਵੀ ਖੋਲਣਾ ਚਾਹਾਂਗੇ। ਇਸ ਤਰ੍ਹਾਂ ਭਗਤ ਬੇਣੀ ਜੀ ਦੇ ਰਾਗ ਰਾਮਕਲੀ ਵਿਚਲੇ ਸ਼ਬਦ “ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇੱਕ ਠਾਈ” ਦਾ ਹੀ ਬੰਦ ਹੈ “ਚਉਮੁਖ ਦੀਵਾ ਜੋਤਿ ਦੁਆਰ॥ ਪਲੂ ਅਨਤ ਮੂਲੁ ਬਿਚਕਾਰਿ”॥ ਸਰਬ ਕਲਾ ਲੇ ਆਪੇ ਰਹੈ॥ ਮਨੁ ਮਾਣਕੁ ਰਤਨਾ ਮਹਿ ਗੁਹੈ” (ਪੰ: ੯੭੪)। ਅਰਥ ਹਨ- “ਪ੍ਰਭੂ ਦੀ ਜੋਤਿ ਦੁਆਰਾ ਮਨੁੱਖ ਦੇ ਜੀਵਨ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ); (ਉਸ ਦੇ ਅੰਦਰ, ਮਾਨੋ, ਇੱਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ (ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਜਾਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿੱਚ ਜੁੜਿਆ ਰਹਿੰਦਾ ਹੈ”

ਹੁਣ ਭਗਤ ਜੀ ਦੇ ਸ਼ਬਦ ਵਿਚਲੇ ਇਸ ਬੰਦ ਨੂੰ ਅਸਾਂ ਸਿੱਖ ਧਰਮ ਦੇ ਮੂਲ ਨਾਲ ਜੋੜ ਕੇ ਵੀ ਦੇਖਣਾ ਹੈ। ਕਿਉਂਕਿ ਸਮੂਚੀ ਗੁਰਬਾਣੀ ਦਾ ਮੂਲ ਹੀ ਭਾਵ ਇਕੋਇਕ ਅਕਾਲਪੁਰਖ ਹੈ ਜਦਕਿ ਇਹ ਵੀ ਸੱਚ ਹੈ ਕਿ ‘ਸਿੱਖ ਧਰਮ’ ਮੂਲ ਰੂਪ `ਚ ਹੈ ਹੀ ਗੁਰਬਾਣੀ ਗੁਰੂ ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ

ਸਪਸ਼ਟ ਹੈ ਜੇਕਰ ਅੱਜ ਵੀ ਕਿਸੇ ਤਰੀਕੇ ਸਮੂਚੀ ਸਿੱਖ ਕੌਮ, ਜੀੜਨ ਜਾਚ ਪੱਖੋਂ ਗੁਰਬਾਣੀ ਵਿਚਾਰਧਾਰਾ `ਤੇ ਕੇਂਦ੍ਰਿਤ ਹੋ ਜਾਵੇ ਤਾਂ ਨਾ ਸਿੱਖ ਧਰਮ ਦਾ ਵਿਸਤਾਰ ਰੁਕੇਗਾ ਤੇ ਨਾ ਸਿੱਖ ਲਹਿਰ ਦਾ ਫੈਲਾਅ। ਇਸ ਦੇ ਨਾਲ ਇਹ ਵੀ ਉਨਾਂ ਹੀ ਵੱਡਾ ਸੱਚ ਹੈ, ਜੇਕਰ ਅਸੀਂ ਅਜੇ ਵੀ ਨਾ ਜਾਗੇ ਤੇ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਅਨੁਸਾਰ ਪੰਥਕ ਤਲ `ਤੇ ਗੁਰਬਾਣੀ ਵਿਚਾਰਧਾਰਾ ਤੇ ਰਹਿਣੀ `ਤੇ ਕੇਂਦ੍ਰਿਤ ਨਾ ਹੋਏ ਤਾਂ ਪੰਥਕ ਤਲ `ਤੇ ਸਾਡੇ ਅੰਦਰ ਆ ਰਹੇ ਲਗਾਤਾਰ ਨਿਘਾਰ ਨੂੰ ਸੰਸਾਰ ਦੀ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸਿੱਖ ਧਰਮ ਦੀ ਅਜੋਕੀ ਤੇ ਅੰਦਰੂਨੀ ਹਾਲਤ ਦੀ।

ਅਜੋਕੇ ਸਿੱਖ ਧਰਮ ਦੀ ਅਸਲੀਅਤ? - ਜੇ ਧਾਰਮਿਕ ਤਲ `ਤੇ ਸਾਡੀ ਹਾਲਤ ਲਗਾਤਾਰ ਇਸੇ ਤਰ੍ਹਾਂ ਨਿਘਰਦੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਜੋਕੀ ਸਾਡੀ ਦੋ ਕਰੋੜ ਵਾਲੀ ਗਿਣਤੀ ਵੀ ਇੱਕ ਬੁਝਾਰਤ ਬਣ ਕੇ ਰਹਿ ਜਾਵੇਗੀ ਜਾਂ ਹੋਰ ਵੀ ਘੱਟ ਜਾਵੇਗੀ। ਪੰਥਕ ਤਲ `ਤੇ ਅਜੋਕੀ ਇਸ ਸਚਾਈ ਨੂੰ ਪਹਿਚਾਨਣ ਲਈ ਵੀ ਕਿਸੇ ਬਹੁਤੀ ਗਹਿਰਾਈ `ਚ ਜਾਣ ਦੀ ਲੋੜ ਨਹੀਂ, ਬਲਕਿ ਅੱਜ ਤਾਂ ਓਪਰੀ ਨਜ਼ਰੇ ਹੀ ਇਹ ਸਭਕੁਝ ਸਾਹਮਣੇ ਆ ਰਿਹਾ ਹੈ। ਅੱਜ ਸਾਡੀ ਹਾਲਤ ਇਹ ਬਣੀ ਪਈ ਹੈ ਕਿ ਜਿਨ੍ਹਾਂ ਸਿੱਖਾਂ ਦੀ ਗਿਣਤੀ ਭਾਰਤੀ ਜਨਗਨਣਾ ਅਨੁਸਾਰ ਦੋ ਕਰੋੜ ਤੋਂ ਘੱਟ ਹੈ ਉਨ੍ਹਾਂ `ਚੋਂ ਵੀ:-

(ੳ) ਵੱਡੀ ਗਿਣਤੀ ਉਨ੍ਹਾਂ ਸਿੱਖਾਂ ਦੀ ਹੈ ਜਿਹੜੇ ਅੱਜ ਆਪਣਾ ਸਰੂਪ ਵੀ ਗੁਆ ਚੁੱਕੇ ਹਨ ਜਾਂ ਗੁਆਉਣ ਦੇ ਬਿਲਕੁਲ ਨੇੜੇ ਖੜੇ ਹਨ ਪਰ ਉਹ ਆਪਣੇ ਆਪ ਨੂੰ ਲਿਖਵਾਉਂਦੇ ਅਜੇ ਵੀ ਸਿੱਖ ਹੀ ਹਨ।

(ਅ) ਇਨ੍ਹਾਂ `ਚ ਦੂਜੇ ਉਹ ਸਿੱਖ ਪ੍ਰਵਾਰ ਵੀ ਬਹੁਤ ਹਨ ਜਿਹੜੇ ਸਰੂਪ ਪੱਖੋਂ ਤਾਂ ਸੰਭਲੇ ਹੋਏ ਹਨ ਪਰ ਨਜ਼ਦੀਕ ਜਾਵੋ ਤਾਂ ਉਨ੍ਹਾਂ `ਚੋ ਬਹੁਤਿਆਂ ਦੀ ਔਲਾਦ ਸਫ਼ਾਚੱਟ ਹੋ ਚੁੱਕੀ ਹੈ ਅਤੇ ਜੇ ਉਨ੍ਹਾਂ ਦੀਆਂ ਬੱਚੀਆਂ ਵੱਲ ਦੇਖੋ ਤਾਂ ਉਹ ਵੀ ਅਣਮੱਤੀਆਂ ਕੋਲ ਹੀ ਜਾ ਚੁੱਕੀਆਂ ਜਾਂ ਜਾ ਰਹੀਆਂ ਹਨ।

(ੲ) ਇਸ ਤੋਂ ਬਾਅਦ ਇਸ ਲੜੀ `ਚ ਆਉਂਦੇ ਹਨ ਉਹ ਗੁਰਸਿੱਖ ਪ੍ਰਵਾਰ ਜਿਹੜੇ ਪ੍ਰਵਾਰਕ ਤੱਲ `ਤੇ ਸਰੂਪ ਪੱਖੋਂ ਠੀਕ ਠਾਕ ਹਨ। ਉਨ੍ਹਾਂ `ਚੋਂ ਬਹੁਤੇ ਗੁਰਦੁਆਰੇ ਵੀ ਨਿਯਮ ਨਾਲ ਜਾਂਦੇ ਹਨ। ਘਰ ਪ੍ਰਵਾਰਾਂ `ਚ ਕਿਸੇ ਸੀਮਾਂ ਤੱਕ ਗੁਰਬਾਣੀ ਦਾ ਪਾਠ ਬਲਕਿ ਉਨ੍ਹਾਂ `ਚੋਂ ਕਈ ਨਿੱਤਨੇਮ ਵੀ ਕਰਦੇ ਹਨ।

ਇਸ ਸਾਰੇ ਦੇ ਬਾਵਜੂਦ ਜੇਕਰ ਉਨ੍ਹਾਂ ਦੇ ਨੇੜੇ ਜਾਉ ਤਾਂ ਪ੍ਰਵਾਰਕ ਤਲ `ਤੇ ਗੁਰਮੱਤ ਰਹਿਣੀ ਉਨ੍ਹਾਂ ਸਿੱਖ ਪ੍ਰਵਾਰਾਂ `ਚ ਵੀ ਨਜ਼ਰ ਨਹੀਂ ਆ ਰਹੀ ਜਾਂ ਬਹੁਤ ਘੱਟ ਨਜ਼ਰ ਆ ਰਹੀ ਹੈ। ਉਨ੍ਹਾਂ ਪ੍ਰਵਾਰਾਂ `ਚ ਵੀ ਹਰੇਕ ਖ਼ੁਸ਼ੀ-ਗ਼ਮੀ, ਜਮਨਾ-ਮਰਣਾ, ਘਰੇਲੂ ਸਮਾਗਮ ਤੇ ਉਨ੍ਹਾਂ ਦੀ ਨਿੱਤ ਦੀ ਰਹਿਣੀ `ਚ ੯੯% ਤੋਂ ਵੱਧ ਅਣਮੱਤ ਤੇ ਅਣਮੱਤੀ ਕਰਮਕਾਂਡਾਂ ਦੇ ਨਾਲ ਨਾਲ ਵਹਿਮ-ਭਰਮ, ਥਿੱਤ ਵਾਰ, ਸਗਨ-ਰੀਤਾਂ ਤੇ ਅਣਮੱਤੀ ਤਿਉਹਾਰ ਹੀ ਸਰਵੋਪਰੀ ਹਨ; ਜਦਕਿ ਉਨ੍ਹਾਂ ਚੋਂ ਬਹੁਤਿਆਂ ਨੂੰ ਤਾਂ ਗੁਰਪੁਰਬਾਂ ਦਾ ਤਾਂ ਚੇਤਾ ਵੀ ਨਹੀਂ ਹੁੰਦਾ।

(ਸ) ਇਸ ਤੋਂ ਬਾਅਦ ਗੱਲ ਆਉਂਦੀ ਹੈ ਅਜੋਕੇ ਸਮੇਂ ਕੌਮ ਦੇ ਕਹੇ ਜਾਂਦੇ ਹਰਿਆਵਲ ਦਸਤੇ ਦੀ, ਭਾਵ ਉਹ ਸੱਜਨ ਜਿਹੜੇ ਬਾਕਾਇਦਾ ਪਾਹੁਲ ਪ੍ਰਾਪਤ (ਅੰਮ੍ਰਿਤ ਧਾਰੀ) ਅਤੇ ਪੰਜ ਕਕਾਰੀ ਸਿੰਘ ਨਜ਼ਰ ਆਉਂਦੇ ਹਨ। ਖ਼ੂਬੀ ਇਹ ਕਿ ਇਨ੍ਹਾਂ ਸੰਬੰਧੀ ਵੀ ਅਜੋਕੀ ਸਚਾਈ ਤੱਕ ਪਹੁੰਚਣ ਲਈ ਦਰਅਸਲ ਇਨ੍ਹਾਂ ਨੂੰ ਵੀ ਜ਼ਿਆਦਾ ਨਹੀਂ ਤਾਂ ਘਟੋ ਘਟ ਦੋ ਭਾਗਾਂ `ਚ ਜ਼ਰੂਰ ਵੰਡ ਕੇ ਵਿਸ਼ੇ ਨੂੰ ਵਿਚਾਰਣ ਦੀ ਲੋੜ ਹੈ।

(੧) ਇਨ੍ਹਾਂ ਚੋਂ ਬਹੁਤੇ ਪਾਹੁਲ ਧਾਰੀ ਉਹ ਹਨ ਜਿਹੜੇ ਆਪਣੇ ਤੌਰ `ਤੇ ਜਾਂ ਵਧ ਤੋਂ ਵਧ ਪਤੀ-ਪਤਨੀ ਪਧਰ ਤੱਕ ਹੀ ਪਾਹੁਲ ਪ੍ਰਾਪਤ ਹਨ, ਜਦਕਿ ਉਂਨ੍ਹਾਂ ਦਾ ਬਾਕੀ ਪ੍ਰਵਾਰ ਪਾਹੁਲ ਪ੍ਰਾਪਤ ਵੀ ਨਹੀਂ।

(੨) ਦੂਜੇ ਇਨ੍ਹਾਂ ਪਾਹੁਲਧਾਰੀਆਂ `ਚ ਵੀ ਇਤਣੀਆਂ ਵੰਡੀਆਂ ਹਨ ਕਿ ਕਰਤਾ ਆਪ ਹੀ ਹਰੇਕ ਨੂੰ ਸੁਮੱਤ ਬਖ਼ਸ਼ੇ। ਗੁਰਬਾਣੀ ਸਿਧਾਂਤ ਤਾਂ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਵਾਲਾ ਹੈ; ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਅੰਦਰੋਂ ਤਾਂ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ‘ਗੁਰੂ ਦੀ ਇਕੋ ਮੱਤ’ ਅਥਵਾ ‘ਇਕੋ ਹੀ ਗੁਰਮੱਤ’ ਪ੍ਰਗਟ ਹੋ ਰਹੀ ਹੈ।

ਜਦਕਿ ਪੰਥਕ ਤਲ `ਤੇ ਖ਼ੁਦ ਉਨ੍ਹਾਂ ਪਾਹੁਲਧਾਰੀਆਂ ਦੀ ਹਾਲਤ ਇਹ ਹੈ ਕਿ ਇੱਕ ਦਾ ਜੀਵਨ ਤੇ ਗੁਰਮੱਤ, ਦੂਜੇ ਨਾਲ ਮੇਲ ਨਹੀਂ ਖਾਂਦਾ/ਖਾਂਦੀ। ਬਲਕਿ ਕਈ ਵਾਰੀ ਤਾਂ ਉਹ ਆਪਸ `ਚ ਵੀ ਇੱਕ ਦੂਜੇ ਦੇ ਗਾਟੇ ਤੱਕ ਉਤਾਰਣ ਨੂੰ ਤਿਆਰ ਬੈਠੇ ਹੁੰਦੇ ਹਨ। ਤਾਂ ਵੀ ਉਨ੍ਹਾਂ `ਚੋਂ ਹਰੇਕ ਦਾਅਵਾ ਕਰਦਾ ਹੈ ਕਿ ਉਹੀ ਵੱਡਾ ਗੁਰਮੱਤੀਆ ਹੈ। ਕਾਸ਼! ਜੇਕਰ ਉਨ੍ਹਾਂ `ਚੋਂ ਇਕੱਲਾ ਇਕੱਲਾ ਹੀ ਆਪਣੇ ਨੂੰ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਥਵਾ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (੬੪੬) ਵਾਲੀ ਗੁਰਬਾਣੀ ਦੀ ਕਸਵਟੀ `ਤੇ ਪਰਖ ਕੇ ਆਪਣੀ ਆਪਣੀ ਸੰਭਾਲ ਕਰ ਲਵੇ, ਤਾਂ ਵੀ ਮਸਲੇ ਦਾ ਕੁੱਝ ਹੱਲ ਤਾਂ ਨਿਕਲ ਹੀ ਸਕਦਾ ਹੈ।

“ਨਾਨਕ ਜੇ ਕੋ ਆਪੌ ਜਾਣੈ” -ਲੜੀ ਦੇ ਅਰੰਭ `ਚ ਮਸਲੇ ਵੱਲ ਅੱਗੇ ਵਧਣ ਲਈ ਅਸਾਂ ਕੁੱਝ ਵਿਸ਼ੇ ਖੁੱਲ ਕੇ ਵੀ ਲਏ ਸਨ। ਉਨ੍ਹਾਂ `ਚੋਂ ਹੀ ਇੱਕ ਵਿਸ਼ਾ ਸੀ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੮) ਅਤੇ ਸਚਾਈ ਵੀ ਇਹੀ ਹੈ ਕਿ ਅੱਜ ਲਗਭਗ ਸਾਡੀ ਸਮੂਚੀ ਕੌਮ ਨੂੰ ਇਹੀ ਛੂਤ ਦੀ ਬਿਮਾਰੀ ਚਿੱਪਕੀ ਹੋਈ ਹੈ। ਇਸੇ ਤੋਂ ਅੱਜ ਗੁਰੂ ਕਾ ਪੰਥ, ਗੁਰੂ ਕਾ ਪੰਥ ਅਤੇ ਗੁਰੂ ਕੀ ਸੰਗਤ ਅਥਵਾ ਸੰਗਤੀ ਧਰਮ ਨਾ ਰਹਿ ਕੇ ਨਿਜੀ ਟੋਕੀ-ਟਾਕੀ ਤੇ ਆਪਸੀ ਦੂਸ਼ਨ ਬਾਜ਼ੀ ਦਾ ਧਰਮ ਬਣ ਕੇ ਰਹਿ ਚੁੱਕਾ ਹੈ।

ਅੱਜ ਲਗਭਗ ਹਰੇਕ ਸਿੱਖ ਇਹੀ ਸਮਝ ਤੇ ਕਹਿ ਰਿਹਾ ਹੈ ਕਿ ਜਿਤਣਾ ਵਧੀਆ ਸਿੱਖ ਮੈਂ ਹਾਂ ਜਾਂ ਜਿਤਨੀ ਗੁਰਬਾਣੀ ਦੀ ਸਮਝ ਮੈਨੂੰ ਹੈ ਉਤਨੀ ਹੋਰ ਕਿਸੇ ਨੂੰ ਨਹੀਂ। ਇਥੋਂ ਤੀਕ ਕਿ ਜਿਹੜੇ ਰੋਜ਼ ਨਿਯਮ ਨਾਲ ਨਿਤਨੇਮ ਜਾਂ ਉਨ੍ਹਾਂ `ਚੌਂ ਵੀ ਉਹ, ਜਿਹੜੇ ਘਟੋ ਘਟ ਬਾਣੀ ਜਪੁ ਦਾ ਪਾਠ ਜ਼ਰੂਰ ਕਰਦੇ ਹਨ; ਉਨ੍ਹਾਂ ਦੀ ਹਾਲਤ ਬਾਣੀ ਜਪੁ ਨੂੰ ਪੜ੍ਹਣ ਤੋਂ ਬਾਅਦ ਵੀ “ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ” (ਜਪੁ) ਵਾਲੀ ਹੀ ਬਣੀ ਪਈ ਹੈ; ਇਸ ਤੋਂ ਵਧ ਨਹੀਂ। ਤਾਂ ਤੇ ਲੋੜ ਹੈ ਹੱਥਲੀ ਪੁਸਤਕ ਦੇ ਅਰੰਭਕ ਖੰਡਾਂ ਨੂੰ ਮੁੜ ਵਿਚਾਰ ਕੇ ਪੜ੍ਹਣ ਦੀ, ਯਕੀਨਣ ਵਿਸ਼ੇ ਨਾਲ ਬਹੁਤ ਸਾਰੀਆਂ ਗੱਲਾਂ ਮੁੜ ਕੇ ਸਪਸ਼ਟ ਹੋ ਜਾਣਗੀਆਂ।

“ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ - ਇਸ ਤੋਂ ਬਾਅਦ ਸਮਝਣ ਵਾਲੀ ਗੱਲ ਮਨੁੱਖੀ ਮਨ ਤੇ ਮਨੁੱਖੀ ਸੁਭਾਅ ਦੀ ਵੀ ਹੈ। ਦੇਖਣ-ਵਿਚਾਰਣ ਦਾ ਵਿਸ਼ਾ ਹੈ ਕਿ ਗੁਰੂਡੰਮ ਦੀਆਂ ਦੁਕਾਨਾਂ ਵੀ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਖੁਲਣੀਆਂ ਚਾਲੂ ਹੋ ਗਈਆਂ ਸਨ। ਜਦਕਿ ਇਹ ਵੀ ਉਤਨਾ ਹੀ ਵੱਡਾ ਸੱਚ ਹੈ ਕਿ ਉਹ ਸਮੂਹ ਦੁਕਾਨਾਂ ਵੱਕਤ-ਵੱਕਤ ਦੀਆਂ ਸਰਕਾਰਾਂ ਦੀ ਸ਼ਹਿ ਅਤੇ ਗੁਰ ਪ੍ਰਵਾਰਾਂ `ਚੋ ਖੁਲਣ ਦੇ ਬਾਵਜੂਦ ਉਨ੍ਹਾਂ `ਚੋਂ ਇੱਕ ਵੀ ਦੁਕਾਨ ਸਫ਼ਲ ਨਹੀਂ ਸੀ ਹੋਈ। ਕਾਰਣ ਇਕੋ ਸੀ, ਕਿ ਦਸਮੇਸ਼ ਪਿਤਾ ਦੇ ਸਮੇਂ ਤੱਕ ਗੁਰਬਾਣੀ ਅਤੇ ਗੁਰਮੱਤ ਦੇ ਪ੍ਰਚਾਰ `ਤੇ ਗੁਰਦੇਵ ਦਾ ਸਖ਼ਤ ਕੁੰਡਾ ਸੀ। ਭਾਈ ਮਨਸੁਖ ਤੋਂ ਅਰੰਭ ਹੋ ਕੇ ੨੨ ਮੰਜੀਆਂ, ੫੨ ਪੀੜੇ ਉਪ੍ਰੰਤ ਮਸੰਦ ਪ੍ਰਥਾ ਸਮੇਤ ਪ੍ਰਚਾਰਕ ਯੋਗਤਾ ਤੇ ਗੁਰਮੱਤ ਜੀਵਨ ਦੀ ਕਸਵੱਟੀ `ਤੇ ਕਸਣ ਤੋਂ ਬਾਅਦ ਹੀ ਥਾਪੇ ਜਾਂਦੇ ਸਨ।

ਫ਼ਿਰ ਦਸਮੇਸ਼ ਪਿਤਾ ਦੇ ਸਮੇਂ ਤੱਕ ਜਦੋਂ ਕੁੱਝ ਮਸੰਦਾ `ਚ ਨੁਕਸ ਆ ਗਿਆ ਤਾਂ ਗੁਰਦੇਵ ਨੇ ਉਸ ਮਸੰਦ ਪ੍ਰਥਾ ਨੂੰ ਵੀ ਖਤਮ ਕਰ ਦਿੱਤਾ। ਬਲਕਿ ਇਤਿਹਾਸਕ ਗਵਾਹੀਆਂ ਮਿਲਦੀਆਂ ਹਨ ਕਿ ਗੁਰਦੇਵ ਨੇ ਦੋਸ਼ੀ ਮਸੰਦਾ ਨੂੰ ਤਾਂ ਬੜੀਆਂ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਸਨ। ਜਦਕਿ ਅਜਿਹੀ ਸਜ਼ਾ ਸੰਗਤਾਂ `ਚੋਂ ਕਿਸੇ ਇੱਕ ਨੂੰ ਵੀ ਨਹੀਂ ਸੀ ਦਿੱਤੀ। ਕਾਰਣ, ਪ੍ਰਚਾਰਕ ਦੀ ਖੌਟ ਹਜ਼ਾਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਣ ਦਾ ਕਾਰਣ ਬਣਦੀ ਹੈ। ਇਸ ਦੇ ਉਲਟ ਜੇਕਰ ਸੰਨ ੧੭੧੬ ਤੋਂ ਲੈ ਕੇ ਜਿਸਦਾ ਕਿ ਵੇਰਵਾ ਆ ਚੁੱਕਾ ਹੈ, ਅੱਜ ਤੱਕ ਹੋ ਰਹੇ ਗੁਰਮੱਤ ਪ੍ਰਚਾਰ ਦਾ ਹਿਸਾਬ ਲਗਾਇਆ ਜਾਵੇ ਤਾਂ ਮਾਨੋ ਆਵਾ ਹੀ ਊਤਿਆ ਪਿਆ ਹੈ।

ਉਸ ਸਮੇਂ ਭਾਵ ਸੰਨ ੧੭੧੬ ਤੋਂ ਲੈ ਕੇ ਅੱਜ ਤਕ, ਵਿਰਲਿਆਂ ਨੂੰ ਛੱਡ ਕੇ ਜਿਤਨੇ ਵੀ ਪ੍ਰਚਾਰਕ ਹਨ, ਲਗਭਗ ਸਾਰਿਆਂ ਦੀ ਗੁਰਮੱਤ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਅਥਵਾ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਵਾਲੇ ਗੁਰਬਾਣੀ ਦੇ ਸੱਚ `ਤੇ ਆਧਾਰਿਤ ਸਾਬਤ ਨਹੀਂ ਹੁੰਦੀ। ਉਨ੍ਹਾਂ ਸਾਰਿਆਂ ਰਾਹੀ ਪ੍ਰਚਾਰੀ ਜਾ ਰਹੀ ਗੁਰਮੱਤ ਭਿੰਨ-ਭਿੰਨ ਅਤੇ ਆਪਣੇ-ਆਪਣੇ ਢੰਗ ਦੀ ਹੈ। ਖ਼ੂਬੀ ਇਹ ਕਿ ਜੇਕਰ ਉਹ ਪ੍ਰਚਾਰੀ ਵੀ ਜਾ ਰਹੀ ਹੈ ਭਾਵ ਜੇਕਰ ਉਹ ਸਿੱਖ ਧਰਮ ਦੇ ਨਾਮ `ਤੇ ਪ੍ਰਚਾਰ ਹੋ ਵੀ ਰਿਹਾ ਹੈ ਤਾਂ ਉਹ ਵੀ ਸਿੱਖ ਧਰਮ ਅਤੇ ਗੁਰਮੱਤ ਦੇ ਸੋਮੇ ਧਰਮਸ਼ਾਲਾਵਾਂ, ਗੁਰਦੁਆਰਿਆਂ ਤੇ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਤੋਂ। ਜਦਕਿ ਇਸ ਸਾਰੇ ਦਾ ਵੇਰਵਾ ਆ ਚੁੱਕਾ ਹੈ, ਇਸ ਲਈ ਉਸ ਨੂੰ ਇਥੇ ਬਾਰ ਬਾਰ ਦੌਰਾਨ ਦੀ ਵੀ ਲੋੜ ਨਹੀਂ।

ਅਜੋਕੀ ਸਚਾਈ ਇਹ ਵੀ ਹੈ ਕਿ ਕਿ ਇਹ ਵੰਡੀਆਂ ਕੇਵਲ ਗੁਰਮੱਤ ਦੇ ਪ੍ਰਚਾਰ ਤੱਕ ਹੀ ਸੀਮਤ ਨਹੀਂ ਰਹਿ ਚੁੱਕੀਆਂ ਬਲਕਿ ਅਜਿਹੀਆਂ ਵੰਡੀਆਂ ਹੁਣ ਤਾਂ ਗੁਰਦੁਆਰਿਆਂ `ਚ ਵੀ ਆ ਚੁੱਕੀਆਂ ਹਨ। ਕਹਿਣ ਨੂੰ ਉਹ ਸਾਰੇ ਗੁਰਦੁਆਰੇ ਹੀ ਹਨ ਅਤੇ ਹਰੇਕ ਗੁਰਦੁਆਰੇ `ਚ ਪ੍ਰਕਾਸ਼ ਵੀ “ਗੁਰੂ ਗ੍ਰੰਥ ਸਾਹਿਬ ਜੀ” ਦਾ ਹੀ ਹੈ।

ਫ਼ਿਰ ਵੀ ਉਨ੍ਹਾਂ `ਚੋਂ ਇੱਕ ਗੁਰਦੁਆਰਾ ਸਿੰਘ ਸਭਾ ਵਾਲਿਆਂ ਦਾ ਹੈ, ਦੂਜਾ ਕਿਸੇ ਦੇ ਨਿਜੀ ਨਾਮ `ਤੇ ਚੱਲ ਰਿਹਾ ਹੈ, ਤੀਜਾ ਰਵੀਦਾਸੀਆਂ ਦਾ ਹੈ, ਕੋਈ ਗੁਰਦੁਆਰਾ ਰਾਮਗੜ੍ਹੀਆਂ ਦਾ, ਕੋਈ ਅਖੰਡ ਕੀਰਤਨੀ ਜੱਥੇ ਵਾਲਿਆਂ ਦਾ, ਕੋਈ ਦਮਦਮੀ ਟਕਸਾਲ ਦਾ, ਕੋਈ ਮਜ਼ਬੀ ਸਿੱਖਾਂ ਦਾ ਤੇ ਇਸੇ ਤਰ੍ਹਾਂ ਕਈ ਗੁੱਟਾਂ, ਪਾਰਟੀਆਂ ਤੇ ਡੇਰਿਆਂ ਦੇ ਵੀ ਬੇਅੰਤ ਬਲਕਿ ਵਖਰੇ ਵਖਰੇ ਡੇਰਿਆਂ ਦੇ ਨਾਮ ਨਾਵਾਂ `ਤੇ ਹਜ਼ਾਰਾ ਗੁਰਦੁਆਰੇ ਹਨ। ਇਸ ਤਰ੍ਹਾਂ ਉਨ੍ਹਾਂ `ਚੋਂ ਉਨ੍ਹਾਂ ਦੀ ਅਸਲੀਅਤ, ਧਰਮਸ਼ਾਲਾਵਾਂ ਦਾ ਬਦਲ ਗੁਰਦੁਆਰੇ ਤਾਂ ਜਿਵੇਂ ਨਦਾਰਦ ਹੀ ਹੋਏ ਪਏ ਹਨ। ਕਹਿਣ ਨੂੰ ਸਾਰਿਆਂ `ਚ ਗੁਰਮੱਤ ਦਾ ਪ੍ਰਚਾਰ ਹੋ ਰਿਹਾ ਹੈ ਪਰ ਗੁਰਮੱਤ ਦਾ ਅਜਿਹਾ ਪ੍ਰਚਾਰ ਜਿਹੜਾ ਇੱਕ ਦਾ ਦੂਜੇ ਨਾਲ ਮੇਲ਼ ਵੀ ਨਹੀਂ ਖਾਂਦਾ। ਇਸ ਤੋਂ ਅੱਜ ਤਾਂ ਇਹ ਵੀ ਨੌਬਤ ਆ ਚੁੱਕੀ ਹੈ ਕਿ ਲਗਭਗ ਹਰੇਕ ਗੁਰਦੁਆਰੇ ਦੀ ਸੰਗਤ ਵੀ ਅੱਡ ਅੱਡ ਹੈ ਤੇ ਸਿੱਖੀ ਜੀਵਨ ਰਹਿਣੀ ਪੱਖੋਂ ਉਨ੍ਹਾਂ ਦੀ ਤਿਆਰੀ ਵੀ ਅੱਡ ਅੱਡ।

ਅੱਜ ਪੰਥਕ ਤਲ `ਤੇ ਇਸ ਪੱਖੋਂ ਸਾਡੀ ਹਾਲਤ ਇਤਨੀ ਜ਼ਿਆਦਾ ਵਿਗੜ ਚੁੱਕੀ ਹੈ ਕਿ ਬੜੀ ਇਮਾਨਦਾਰੀ ਨਾਲ ਅਤੇ ਵੱਡੇ ਪੰਥਕ ਹਿੱਤ `ਚ ਅਜਿਹੀਆਂ ਗੁੰਝਲਾਂ ਤੇ ਪੇਚੀਤਗੀਆਂ ਨਾਲ ਸ਼ੰਬੰਧਤ ਵਿਸ਼ੇਸ਼ ਗੁਰਬਾਣੀ ਫ਼ੁਰਮਾਨਾਂ ਤੋਂ ਜੀਵਨ ਰਾਹ ਲਏ ਬਿਨਾ ਅਸੀਂ ਆਪਣੀ ਸੰਭਾਲ ਕਿਸੇ ਤਰ੍ਹਾਂ ਵੀ ਨਹੀਂ ਕਰ ਪਾਵਾਂਗੇ। ਇਸ ਤਰ੍ਹਾਂ ਗੁਰਬਾਣੀ ਸੰਬੰਧਤ ਫ਼ੁਰਮਾਨ ਹਨ ਜਿਵੇਂ “ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ॥ ਮੋਰਚਾ ਨ ਲਾਗੈ ਜਾ ਹਉਮੈ ਸੋਖੈ॥ ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ” (ਪੰ: ੧੧੫)

ਅਰਥ- “ਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ) ਜਦੋਂ (ਗੁਰੂ ਦੇ ਦਰ `ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ)। (ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤਰ੍ਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ” (ਅਰਥ, ਧੰਨਵਾਦਿ ਸਹਿਤ ਪ੍ਰੋ; ਸਾਹਿਬ ਸਿੰਘ ਜੀ)

ਇਸ ਲਈ ਦੋਨਾਂ ਪਾਸਿਓਂ ਤੋਂ ਬੜੀ ਦਿਆਣਤਦਾਰੀ ਨਾਲ ਅਤੇ ਸਤਿਗੁਰਾਂ ਦੇ ਉਟ-ਆਸਰੇ `ਚ ਰਹਿੰਦੇ ਹੋਏ ਵਧੇਰੇ ਸੁਚੇਤ ਹੋ ਕੇ ਬਿਨਾ ਹੋਰ ਲੰਮੇਰੀ ਢਿੱਲ ਸੰਭਲਣ ਦੀ ਲੋੜ ਹੈ। ਤਾਂ ਤੇ ਪੰਥਕ ਸੰਭਾਲ ਲਈ ਇਹ ਦੋ ਪਾਸੇ ਖੁੱਲੇ ਪਏ ਹਨ:

ਪਹਿਲਾ-ਮੌਜੂਦਾ ਦੋ ਕਰੋੜ ਵਾਲੀ ਸਿੱਖ ਕੌਮ ਗਿਣਤੀ ਨੂੰ ਹੋਰ ਅੱਗੇ ਨਿਘਰਣ ਤੋਂ ਬਚਾਉਣਾ।

ਦੂਜਾ- ਸਮੂਚੀ ਮਾਨਵਤਾ ਦੇ ਵੱਡੇ ਹਿੱਤ `ਚ ਇਸ ਦੋ ਕਰੋੜ ਸਮੇਤ ਘਟੋ ਘਟ ਵੀਹ ਕਰੋੜ ਤੋਂ ਵਧ ਸਮੂਚੇ ਸੰਸਾਰ `ਚ ਲੁਪਤ ਹੋਈ ਤੇ ਬਿਖਰੀ ਹੋਈ ਸਿੱਖ ਕੌਮ ਨੂੰ ਗਲਵੱਕੜੀ `ਚ ਲੈਣਾ। ਉਨ੍ਹਾਂ ਅੰਦਰ ਆਤਮ ਸਨਮਾਨ ਭਰਦੇ ਹੋਏ ਉਨ੍ਹਾਂ ਅੰਦਰ ਸਿੱਖੀ ਜੀਵਨ ਜਾਚ ਨੂੰ ਜਾਗ੍ਰਿਤ ਕਰਣ ਦੇ ਦੂਰਦਰਸ਼ੀ ਢੰਗ ਉਲੀਕਣੇ। #38SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.