.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੨)

Gurmat and science in present scenario (Part-12)

ਜੀਵਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ ਤੇ ਪਦਾਰਥ ਕਿਵੇ ਬਣਦੇ ਹਨ

How the living being and inanimate matter are formed

ਅੱਜ ਦੇ ਯੁਗ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ੧੧੮ ਦੇ ਕਰੀਬ ਤੱਤਾਂ (Elements) ਦੀ ਖੋਜ ਕੀਤੀ ਹੈ, ਤੇ ਇਨ੍ਹਾਂ ਦੇ ਮੇਲ ਨਾਲ ਬਣੇ ਹੋਏ ਅਨੇਕਾਂ ਕੰਪਾਂਊਡ (Compound) ਬਣਾਏ ਹਨ। ਸਾਇੰਸ ਜੀਵਾਂ ਅਤੇ ਪਦਾਰਥਾਂ ਦੀ ਜਾਣਕਾਰੀ ਤਾਂ ਦੱਸਦੀ ਹੈ। ਪਰੰਤੂ ਇਹ ਨਹੀਂ ਦੱਸ ਸਕਦੀ ਕਿ ਪਦਾਰਥ ਕਿਸ ਤਰ੍ਹਾਂ ਪੈਦਾ ਹੋਇਆ, ਜੀਵ ਕਿਸ ਤਰ੍ਹਾਂ ਬਣੇ, ਚੇਤਨਾਂ ਕਿਸ ਤਰ੍ਹਾਂ ਪੈਦਾ ਹੋਈ, ਜੀਵਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ? ਜੀਵ ਤੇ ਪੌਦੇ ਕਿਸ ਤਰ੍ਹਾਂ ਵੱਡੇ ਹੁੰਦੇ ਹਨ ਤੇ ਇੱਕ ਦਿਨ ਖਤਮ ਕਿਸ ਤਰ੍ਹਾਂ ਹੋ ਜਾਂਦੇ ਹਨ? ਪੰਛੀ ਕਿਸ ਤਰ੍ਹਾਂ ਉਡ ਸਕਦੇ ਹਨ? ਇਨ੍ਹਾਂ ਸਭ ਦੀ ਸੰਭਾਲ ਕੌਣ ਤੇ ਕਿਸ ਤਰ੍ਹਾਂ ਕਰਦਾ ਹੈ? ਕਿਸ ਤਰ੍ਹਾਂ ਕੂੰਜਾਂ ਉੱਡ ਕੇ ਕਈ ਮੀਲ ਦੂਰ ਤੱਕ ਪਹੁੰਚ ਜਾਂਦੀਆਂ ਹਨ, ਤਾਂ ਪਿੱਛੋਂ ਉਨ੍ਹਾਂ ਦੇ ਬੱਚਿਆਂ ਦੀ ਸੰਭਾਲ ਕੌਣ ਕਰਦਾ ਹੈ?

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਹੇ ਮਨ ਤੂੰ ਕਿਉਂ ਸਦਾ ਸੋਚਦਾ ਰਹਿੰਦਾ ਹੈ ਤੇ ਫ਼ਿਕਰ ਕਰਦਾ ਰਹਿੰਦਾ ਹੈਂ? ਜਦ ਕਿ! ਤੇਰੀ ਖਾਤਰ ਅਕਾਲ ਪੁਰਖੁ ਇਸ ਆਹਰ ਵਿੱਚ ਆਪ ਲੱਗਾ ਹੋਇਆ ਹੈ। ਜਿਹੜੇ ਜੀਵ ਅਕਾਲ ਪੁਰਖੁ ਨੇ ਚਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਨ੍ਹਾਂ ਦਾ ਰਿਜ਼ਕ ਵੀ ਉਸ ਨੇ ਉਨ੍ਹਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਕੇ ਰਖਿਆ ਹੈ। ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਮਿਲ ਬੈਠ ਕੇ ਸੱਚ ਦਾ ਗਿਆਨ ਹਾਸਲ ਕਰਦੇ ਹਨ, ਉਹ ਇਨ੍ਹਾਂ ਵਿਅਰਥ ਸੋਚਾਂ ਤੇ ਫ਼ਿਕਰਾਂ ਤੋਂ ਬਚ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ ਮਾਨੋ ਸੁੱਕਾ ਕਾਠ ਹਰਿਆ ਹੋ ਜਾਂਦਾ ਹੈ, ਭਾਵ ਕਿ ਇੱਕ ਅਗਿਆਨੀ ਵੀ ਗੁਰਬਾਣੀ ਦਾ ਸੱਚਾਂ ਗਿਆਨ ਪ੍ਰਾਪਤ ਕਰਕੇ ਸੂਝਵਾਨ ਤੇ ਗਿਆਨ ਵਾਲਾ ਹੋ ਜਾਂਦਾ ਹੈ। ਮਾਤਾ, ਪਿਤਾ, ਪੁੱਤਰ, ਧੀ, ਪਤਨੀ, ਦੋਸਤ, ਤੇ ਹੋਰ ਸਾਰੇ ਲੋਕ, ਇਨ੍ਹਾਂ ਵਿਚੋਂ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ। ਇਹ ਸੱਭ ਉਸ ਅਕਾਲ ਪੁਰਖੁ ਤੋਂ ਰਿਜਕ ਲੈ ਰਹੇ ਹਨ। ਇਸ ਲਈ ਹੇ ਮਨ ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਅਕਾਲ ਪੁਰਖੁ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਪਹੁੰਚਾਂਦਾ ਹੈ। ਗੁਰੂ ਸਾਹਿਬ ਉਦਾਹਰਣ ਦੇ ਕੇ ਸਮਝਾਂਉਂਦੇ ਹਨ ਕਿ ਹੇ ਮਨ! ਵੇਖ! ਕੂੰਜ ਉੱਡ ਉੱਡ ਕੇ ਸੈਂਕੜੇ ਕੋਹਾਂ ਮੀਲ ਪੈਂਡਾ ਕਰਕੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ ਇਕੱਲੇ ਛੱਡੇ ਹੋਏ ਹੁੰਦੇ ਹਨ। ਉਨ੍ਹਾਂ ਨੂੰ ਕੋਈ ਖੁਆਣ ਵਾਲਾ ਨਹੀਂ, ਕੋਈ ਉਨ੍ਹਾਂ ਨੂੰ ਚੋਗਾ ਨਹੀਂ ਦਿੰਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਰਹਿੰਦੀ ਹੈ, ਸਭ ਦੀ ਪਾਲਣਾ ਕਰਨ ਵਾਲੇ ਅਕਾਲ ਪੁਰਖੁ ਤੇ ਭਰੋਸਾ ਰੱਖਦੀ ਹੈ, ਇਸੇ ਭਰੋਸੇ ਨੂੰ ਅਕਾਲ ਪੁਰਖੁ ਉਨ੍ਹਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ। ਪੰਛੀਆਂ ਨੂੰ ਤਾਂ ਅਕਾਲ ਪੁਰਖੁ ਤੇ ਭਰੋਸਾ ਹੈ ਕਿ ਰਿਜਕ ਮਿਲ ਜਾਵੇਗਾ, ਪਰੰਤੂ ਮਨੁੱਖ ਨੂੰ ਨਹੀਂ। ਇਸੇ ਲਈ ਜਿਆਦਾ ਤਰ ਲੋਕ ਧਨ ਇਕੱਠਾ ਕਰਨ ਵਿੱਚ ਆਪਣਾ ਸਾਰਾ ਜੀਵਨ ਵਿਅਰਥ ਗਵਾ ਦਿੰਦੇ ਹਨ।

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥ ੩॥ (੧੦)

ਅਸਲ ਵਿੱਚ ਅਕਾਲ ਪੁਰਖੁ ਆਪ ਹੀ ਸਭ ਦਾ ਪਿਤਾ, ਮਾਤਾ, ਭਰਾ ਤੇ ਰਿਸ਼ਤੇਦਾਰ ਹੈ। ਸਭ ਦਾ ਆਧਾਰ ਤੇ ਸਹਾਰਾ ਵੀ ਉਹ ਅਕਾਲ ਪੁਰਖੁ ਆਪ ਹੀ ਹੈ। ਜੇ ਕਰ ਉਸ ਨੂੰ ਆਪਣਾ ਸਭ ਥਾਵਾਂ ਤੇ ਰੱਖਿਆ ਕਰਨ ਵਾਲਾ ਮੰਨ ਲਈਏ, ਤਾਂ ਕੋਈ ਡਰ ਪੋਹ ਨਹੀਂ ਸਕਦਾ, ਕੋਈ ਚਿੰਤਾ ਮਨ ਉੱਤੇ ਜੋਰ ਨਹੀਂ ਪਾ ਸਕਦੀ। ਅਕਾਲ ਪੁਰਖੁ ਦੀ ਮਿਹਰ ਨਾਲ ਹੀ ਉਸ ਨੂੰ ਪਛਾਣਿਆ ਜਾ ਸਕਦਾ ਹੈ ਤੇ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ। ਅਕਾਲ ਪੁਰਖੁ ਨੂੰ ਹੀ ਆਪਣਾ ਆਸਰਾ ਸਮਝਣਾਂ ਚਾਹੀਦਾ ਹੈ, ਉਸ ਨੂੰ ਹੀ ਆਪਣਾ ਗੌਰਵ ਤੇ ਮਾਣ ਮੰਨਣਾ ਹੈ, ਕਿਉਕਿ ਉਸ ਵਰਗਾ ਹੋਰ ਕੋਈ ਨਹੀਂ ਹੈ। ਇਹ ਸਾਰੇ ਜਗਤ ਦਾ ਖੇਲ ਤਮਾਸ਼ਾ ਉਸ ਦਾ ਹੀ ਬਣਾਇਆ ਹੋਇਆ ਹੈ। ਜਗਤ ਦੇ ਸਾਰੇ ਜੀਵ ਜੰਤੂ ਅਕਾਲ ਪੁਰਖੁ ਨੇ ਹੀ ਪੈਦਾ ਕੀਤੇ ਹਨ, ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਉਸ ਨੇ ਸਾਰੇ ਜੀਵ ਆਪਣੇ ਆਪਣੇ ਕੰਮਾਂ ਵਿੱਚ ਲਾਏ ਹੋਏ ਹਨ। ਜਗਤ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸਭ ਅਕਾਲ ਪੁਰਖੁ ਦਾ ਕੀਤਾ ਹੀ ਹੋ ਰਿਹਾ ਹੈ, ਜੀਵ ਦਾ ਇਸ ਵਿੱਚ ਆਪਣਾ ਕੋਈ ਜੋਰ ਨਹੀਂ ਚੱਲ ਸਕਦਾ। ਇਸ ਲਈ ਸਰਬ ਵਿਆਪਕ ਅਕਾਲ ਪੁਰਖੁ ਨੂੰ ਆਪਣੇ ਧਿਆਨ ਵਿੱਚ ਰੱਖਣ ਨਾਲ ਬੜਾ ਆਤਮਕ ਸੁਖ ਤੇ ਆਨੰਦ ਪਾਇਆ ਜਾ ਸਕਦਾ ਹੈ। ਅਕਾਲ ਪੁਰਖੁ ਦੇ ਗੁਣ ਗਾ ਕੇ ਮਨ ਠੰਢਾ ਠਾਰ ਹੋ ਜਾਂਦਾ ਹੈ, ਕਿਉਕਿ ਉਸ ਦੇ ਗੁਣ ਗਾਇਨ ਕਰਨ ਨਾਲ ਮਨੁੱਖ ਅੰਦਰ ਵੀ ਉਸ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਪੂਰੇ ਗੁਰੂ ਦੀ ਸਿਖਿਆ ਅਨੁਸਾਰ ਚੱਲਣ ਨਾਲ ਮਨੁੱਖ ਉੱਦਮੀ ਬਣ ਜਾਂਦਾ ਹੈ, ਉਸ ਦੇ ਮਨ ਅੰਦਰ ਆਤਮਕ ਉਤਸ਼ਾਹ ਪੈਦਾ ਹੋ ਜਾਂਦਾ ਹੈ ਤੇ ਮਨੁੱਖ ਵਿਕਾਰਾਂ ਨਾਲ ਹੋ ਰਿਹਾ ਔਖਾ ਘੋਲ ਜਿੱਤ ਜਾਂਦਾ ਹੈ।

ਮਾਝ ਮਹਲਾ ੫॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ ੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ॥ ੨॥ ਜੀਅ ਜੰਤ ਸਭਿ ਤੁਧੁ ਉਪਾਏ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ॥ ੩॥ ਨਾਮੁ ਧਿਆਇ ਮਹਾ ਸੁਖੁ ਪਾਇਆ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ॥ ੪॥ ੨੪॥ ੩੧॥ (੧੦੩)

ਇਸ ਜਗਤ ਵਿੱਚ ਜੋ ਕੁੱਝ ਹੈ ਤੇ ਜੋ ਕੁੱਝ ਹੋ ਰਿਹਾ ਹੈ, ਉਹ ਸਭ ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਹੋ ਰਿਹਾ ਹੈ। ਸੰਸਾਰ ਦੇ ਸਾਰੇ ਜੀਵ ਜੰਤੂ ਅਕਾਲ ਪੁਰਖ ਦੇ ਆਸਰੇ ਚਲ ਰਹੇ ਹਨ ਤੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਜਗਤ ਦੇ ਸਾਰੇ ਭਾਗ ਜਿਨ੍ਹਾਂ ਵਿੱਚ ਅਨੇਕਾਂ ਚੰਦਰਮੇ, ਧਰਤੀਆਂ, ਸੂਰਜ, ਤਾਰੇ ਤੇ ਗਲੈਕਸੀਆਂ ਸ਼ਾਮਲ ਹਨ, ਉਹ ਸਭ ਅਕਾਲ ਪੁਰਖੁ ਦੇ ਟਿਕਾਏ ਹੋਏ ਹਨ। ਵੇਦ, ਪੁਰਾਣ ਸਿਮ੍ਰਿਤੀਆਂ ਅਕਾਲ ਪੁਰਖੁ ਦੀ ਮਿਹਰ ਤੇ ਆਸਰੇ ਨਾਲ ਹੀ ਬਣੀਆ ਹਨ। ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤਿ ਜੋੜਨੀ ਵੀ ਅਕਾਲ ਪੁਰਖ ਦੇ ਆਸਰੇ ਨਾਲ ਹੀ ਹੋ ਸਕਦੀ ਹੈ। ਸਾਰੇ ਅਕਾਸ਼ ਤੇ ਪਤਾਲ ਉਸ ਅਕਾਲ ਪੁਰਖੁ ਆਸਰੇ ਨਾਲ ਟਿਕੇ ਹੋਏ ਹਨ, ਸਾਰੇ ਸਰੀਰ ਵੀ ਅਕਾਲ ਪੁਰਖੁ ਦੇ ਆਧਾਰ ਤੇ ਬਣੇ ਹਨ ਤੇ ਕਾਇਮ ਹਨ। ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ, ਜੀਵ ਅਕਾਲ ਪੁਰਖੁ ਵਿੱਚ ਜੁੜ ਕੇ ਤੇ ਉਸ ਦਾ ਨਾਮੁ ਕੰਨਾਂ ਨਾਲ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ। ਜਿਸ ਮਨੁੱਖ ਉੱਪਰ ਅਕਾਲ ਪੁਰਖ ਆਪਣੀ ਮਿਹਰ ਕਰ ਕੇ ਆਪਣੇ ਨਾਮੁ ਨਾਲ ਜੋੜਦਾ ਹੈ, ਉਹ ਮਨੁੱਖ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ, ਉਹ ਮਾਇਆ ਦੇ ਅਸਰ ਕਰਨ ਵਾਲੇ ਤਿੰਨਾਂ ਗੁਣਾਂ ਤੋਂ ਉੱਪਰ ਲੰਘ ਕੇ ਚਉਥੇ ਦਰਜੇ ਵਿੱਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ।

ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥ ਨਾਮ ਕੇ ਧਾਰੇ ਪੁਰੀਆ ਸਭ ਭਵਨ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ॥ ੫॥ (੨੮੪)

ਅਕਾਲ ਪੁਰਖੁ ਦੇ ਨਾਮੁ ਤੋਂ ਸਭ ਕੁੱਝ ਹੁੰਦਾ ਹੈ, ਪਰੰਤੂ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਨਾਮੁ ਦੀ ਸਮਝ ਨਹੀਂ ਆਉਂਦੀ ਤੇ ਨਾ ਹੀ ਕਦਰ ਕਰਨੀ ਆਉਂਦੀ ਹੈ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ, ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜਿਸ ਤਰ੍ਹਾਂ ਖੰਡ ਜਾਂ ਗੁੜ ਖਾਣ ਨਾਲ ਜੁਬਾਨ ਨੂੰ ਸਵਾਦ ਦਾ ਪਤਾ ਲੱਗਦਾ ਹੈ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦਾ ਰਸ ਉਸ ਨੂੰ ਵਿਚਾਰਨ ਤੇ ਜੀਵਨ ਵਿੱਚ ਅਪਨਾਉਂਣ ਨਾਲ ਹੀ ਮਨ ਨੂੰ ਪਤਾ ਲਗਦਾ ਹੈ ਤੇ ਫਿਰ ਗੁਰੂ ਦਾ ਸ਼ਬਦ ਮਨ ਅਤੇ ਆਤਮਾ ਨੂੰ ਮਿੱਠਾ ਲਗਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ ਆਪਣਾ ਮਨੁੱਖਾ ਜਨਮ ਕੌਡੀ ਦੇ ਬਦਲੇ ਵਿਅਰਥ ਹੀ ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਚਲਦਾ ਹੈ, ਤਾਂ ਉਹ ਇੱਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਤੇ, ਫਿਰ ਉਹ ਆਪਣੇ ਹਉਮੈਂ ਤੇ ਕਾਬੂ ਪਾ ਲੈਂਦਾ ਹੈ ਤੇ ਫਿਰ ਹਉਮੈ ਦਾ ਦੁੱਖ ਉਸ ਨੂੰ ਨਹੀਂ ਸਤਾ ਸਕਦਾ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਹੜਾ ਆਪਣੀ ਸ਼ਰਨ ਵਿੱਚ ਆਏ ਮਨੁੱਖ ਦੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨਾਲ ਪ੍ਰੀਤਿ ਜੋੜ ਦਿੰਦਾ ਹੈ। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਜਾਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਇਨ ਕਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਰਹਿੰਦਾ ਹੈ, ਤੇ ਹਮੇਸ਼ਾਂ ਵਿਚਾਰਦਾ ਰਹਿੰਦਾ ਹੈ ਤੇ ਉਸ ਅਨੁਸਾਰ ਜੀਵਨ ਬਤੀਤ ਕਰਦਾ ਰਹਿੰਦਾ ਹੈ। ਉਸ ਮਨੁੱਖ ਦੀ ਜਿੰਦ, ਉਸ ਦਾ ਸਰੀਰ, ਗੁਰੂ ਦੀ ਬਰਕਤ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁੱਖ ਮਨੁੱਖ, ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲੇ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿੱਚ ਵਿਕਾਰ ਤੇ ਗਲਤ ਕੰਮ ਕਰਦਾ ਹੈ ਤੇ ਉਹ ਬਿਖ ਹੀ ਖੱਟਦਾ ਹੈ, ਜੋ ਕਿ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦਾ ਹੈ। ਪਿਆਰੇ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਅਜੇਹਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ॥ ੴ ਸਤਿਗੁਰ ਪ੍ਰਸਾਦਿ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ॥ ੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ॥ ਸਬਦੁ ਚੀਨਿੑ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ॥ ੧॥ ਰਹਾਉ॥ ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ॥ ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ॥ ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ॥ ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ॥ ੨॥ (੭੫੩)

ਗੁਰੂ ਸਾਹਿਬ ਦਾ ਮੰਤਵ ਸਿਰਫ ਸਾਇੰਸ ਪੜ੍ਹਾਉਣ ਦਾ ਨਹੀਂ ਸੀ, ਬਲਕਿ ਸੁਲਝੇ ਹੋਏ ਢੰਗ ਨਾਲ ਜੀਵਨ ਜਾਚ ਸਿਖਾਉਂਣ ਦਾ ਸੀ ਤਾਂ ਜੋ ਅਸੀਂ ਭਰਮਾਂ ਤੇ ਭੁਲੇਖਿਆਂ ਵਿਚੋਂ ਨਿਕਲ ਕੇ ਜੀਵਨ ਦਾ ਸਹੀ ਮਾਰਗ ਪਹਿਚਾਨਣ ਦੀ ਜਾਚ ਸਿੱਖ ਸਕੀਏ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਕਾਮ ਤੇ ਕ੍ਰੋਧ ਜਗਤ ਵਿੱਚ ਬੜੇ ਬਲੀ ਹਨ, ਜੀਵ ਇਨ੍ਹਾਂ ਦੇ ਪ੍ਰਭਾਵ ਹੇਠ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਵਿਖਾਉਣ ਦੀ ਖ਼ਾਤਰ ਤੀਰਥ ਯਾਤਰਾ ਆਦਿਕ, ਮਿਥੇ ਹੋਏ ਅਨੇਕਾਂ ਧਾਰਮਿਕ ਕਰਮ ਕਰਦੇ ਰਹਿੰਦੇ ਹਨ। ਇਨ੍ਹਾਂ ਕਰਮ ਕਾਂਡਾਂ ਨਾਲ, ਕਾਮ ਕ੍ਰੋਧ ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਸਗੋਂ ਉਲਟਾ ਹੰਕਾਰ ਵਿੱਚ ਹੋਰ ਵਾਧਾ ਹੋ ਜਾਂਦਾ ਹੈ, ਤੇ ਇਹ ਸਭ ਕੁੱਝ ਦੁੱਖਾਂ ਦਾ ਖਿਲਾਰਾ ਬਣਿਆ ਰਹਿੰਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਗੁਰੂ ਉਨ੍ਹਾਂ ਨੂੰ ਸਦਾ ਥਿਰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨਾਲ ਜੋੜਦਾ ਹੈ। ਵੈਸੇ ਤਾਂ ਇਹ ਸਰੀਰ ਹਵਾ, ਪਾਣੀ, ਅੱਗ ਆਦਿਕ ਤੱਤਾਂ ਦਾ ਬਣਿਆ ਹੈ, ਜਾਂ ਇਨ੍ਹਾਂ ਕਰਕੇ ਕਾਇਮ ਹੈ, ਪਰ ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਆਪਣਾ ਜੋਰ ਬਣਾਈ ਰੱਖਦਾ ਹੈ। ਜਦੋਂ ਕੋਈ ਵਡਭਾਗੀ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਨਾਲ ਸਾਂਝ ਪਾਂਦਾ ਹੈ, ਤਾਂ ਉਸ ਨੂੰ ਸਮਝ ਆਉਂਣੀ ਸ਼ੁਰੂ ਹੋ ਜਾਂਦੀ ਹੈ ਕਿ ਉਸ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖੁ ਹੀ ਹੈ, ਤਾਂ ਫਿਰ ਅਕਾਲ ਪੁਰਖੁ ਉਸ ਦੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦਿੰਦਾ ਹੈ। ਕਈ ਜੀਵ ਐਸੇ ਹਨ ਜੋ ਹਰ ਵੇਲੇ ਮਾਇਆ ਦੇ ਮੋਹ ਵਿਚ, ਤੇ ਹੰਕਾਰ ਵਿੱਚ ਫਸੇ ਰਹਿੰਦੇ ਹਨ, ਉਹ ਹਉਮੈਂ ਦਾ ਪੁਤਲਾ ਹੀ ਬਣੇ ਰਹਿੰਦੇ ਹਨ। ਪਰ ਅਜਿਹੇ ਮਨੁੱਖਾਂ ਨੂੰ ਇਸ ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦੇ ਚਲੇ ਜਾਂਦੇ ਹਨ। ਜੀਵਾਂ ਦੇ ਵੱਸ ਕੁੱਝ ਵੀ ਨਹੀਂ ਹੈ, ਜਿਸ ਅਕਾਲ ਪੁਰਖੁ ਨੇ ਜੀਵ ਪੈਦਾ ਕੀਤੇ ਹਨ, ਉਹ ਹੀ ਇਸ ਆਤਮਕ ਮੌਤ ਤੋਂ ਬਚਾਣ ਦਾ ਢੰਗ ਜਾਣਦਾ ਹੈ। ਜਿਸ ਜੀਵ ਨੂੰ ਗੁਰੂ ਦੀ ਸਰਨ ਪਾ ਕੇ ਉਹ ਇਹ ਸੂਝ ਦਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ। ਫਿਰ ਅਜੇਹਾ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ ਨਾਮੁ ਵਿੱਚ ਜੋੜੀ ਰੱਖਦਾ ਹੈ।

ਮਾਰੂ ਮਹਲਾ ੩॥ ਕਾਮ ਕਰੋਧੁ ਸਬਲ ਸੰਸਾਰਾ॥ ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ॥ ਸਤਿਗੁਰੁ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ॥ ੧੩॥ ਪਉਣੁ ਪਾਣੀ ਹੈ ਬੈਸੰਤਰੁ॥ ਮਾਇਆ ਮੋਹੁ ਵਰਤੈ ਸਭ ਅੰਤਰਿ॥ ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ॥ ੧੪॥ ਇਕਿ ਮਾਇਆ ਮੋਹਿ ਗਰਬਿ ਵਿਆਪੇ॥ ਹਉਮੈ ਹੋਇ ਰਹੇ ਹੈ ਆਪੇ॥ ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ॥ ੧੫॥ ਜਿਨਿ ਉਪਾਏ ਸੋ ਬਿਧਿ ਜਾਣੈ॥ ਗੁਰਮੁਖਿ ਦੇਵੈ ਸਬਦੁ ਪਛਾਣੈ॥ ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ॥ ੧੬॥ ੨॥ ੧੬॥ (੧੦੬੦)

ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਨੇ ਇਹ ਜਗਤ ਇੱਕ ਤਮਾਸ਼ਾ ਰਚਿਆ ਹੋਇਆ ਹੈ, ਤੇ ਇਸ ਜਗਤ ਵਿੱਚ ਉਸ ਨੇ ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ। ਕੋਈ ਵੀ ਦੋ ਜਾਣੇ ਇਕੋ ਜਿਹੇ ਨਹੀਂ ਹਨ। ਇਹ ਇੱਕ ਵੱਡਾ ਭੇਦ ਹੈ ਕਿ ਕੋਈ ਵੀ ਦੋ ਜੀਵਾਂ ਦੇ ਡੀ. ਐਂਨ. ਏ. ਇਕੋ ਜਿਹੇ ਨਹੀਂ ਹਨ। ਇੱਕ ਬਾਂਦਰ ਜਿਨਾ ਮਰਜੀ ਚਤੁਰ ਜਾਂ ਸਿਆਣਾ ਬਣ ਜਾਵੇ, ਪਰ ਉਹ ਬਾਂਦਰ ਹੀ ਰਹਿੰਦਾ ਹੈ। ਸਾਇੰਸ ਨੂੰ ਹੁਣ ਤੱਕ ਸਿਰਫ ਡੀ. ਐਂਨ. ਏ. ਤੱਕ ਹੀ ਪਤਾ ਲੱਗਾ ਹੈ, ਕਿ ਹਰੇਕ ਜੀਵ ਦੇ ਡੀ. ਐਂਨ. ਏ. ਇੱਕ ਦੂਸਰੇ ਤੋਂ ਵੱਖਰੇ ਹਨ। ਇਸ ਤੋਂ ਕੁੱਝ ਹੋਰ ਵੀ ਡੂੰਘਾ ਹੋ ਸਕਦਾ ਹੈ, ਜਿਨ੍ਹਾਂ ਕਰਕੇ ਹਰੇਕ ਜੀਵ ਦੂਸਰੇ ਤੋਂ ਭਿੰਨ ਹੈ। ਅਕਾਲ ਪੁਰਖੁ ਆਪ ਹੀ ਜੀਵਾਂ ਵਿੱਚ ਫ਼ਰਕ ਪੈਦਾ ਕਰਦਾ ਹੈ, ਤੇ ਇਹ ਫ਼ਰਕ ਵੇਖ ਕੇ ਖ਼ੁਸ਼ ਹੁੰਦਾ ਹੈ। ਅਕਾਲ ਪੁਰਖੁ ਨੇ ਮਨੁੱਖ ਦੇ ਸਰੀਰ ਵਿੱਚ ਬਹੁਤ ਸਾਰੇ ਚਸਕੇ ਪੈਦਾ ਕਰ ਦਿੱਤੇ ਹਨ, ਮਨੁੱਖਾਂ ਦੀਆਂ ਖਾਣ, ਪੀਣ ਪਹਿਨਣ, ਵੇਖਣ, ਸੋਚਣ, ਸੁਣਨ, ਆਦਿ ਦੀਆਂ ਭਿੰਨ ਭਿੰਨ ਤਰ੍ਹਾਂ ਦੀਆਂ ਖਾਹਸ਼ਾ ਹਨ। ਅਕਾਲ ਪੁਰਖੁ ਦੀ ਆਪਣੀ ਕਲਾ ਨਾਲ ਹਰੇਕ ਸਰੀਰ ਵਿੱਚ ਸੁਆਸਾਂ ਦੇ ਵਾਜੇ ਵੱਜ ਰਹੇ ਹਨ, ਭਾਵ ਸੁਆਸ ਚੱਲ ਰਹੇ ਹਨ, ਤੇ ਉਹ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈ। ਅਕਾਲ ਪੁਰਖੁ ਨੇ ਸਰੀਰ ਵਿੱਚ ਜੀਵਾਤਮਾ ਤੇ ਮਾਇਆ ਦੋਵੇਂ ਹੀ ਪਾ ਦਿੱਤੇ ਹਨ। ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਗੁਰ ਸ਼ਬਦ ਅਨੁਸਾਰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ ਖਿੜਿਆ ਰਹਿੰਦਾ ਹੈ, ਉਸ ਨੂੰ ਆਤਮਕ ਜੀਵਨ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਹੋਈ ਰਹਿੰਦੀ ਹੈ। ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ।

ਮਾਰੂ ਮਹਲਾ ੩॥ ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥ ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ॥ ੧॥ (੧੦੫੬)

ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ। ਬੇਅੰਤ ਸ੍ਰਿਸ਼ਟੀ ਦੀ ਰਚਨਾ ਕਰਨ ਦੇ ਨਾਲ ਨਾਲ ਜਿਵੇਂ ਅਕਾਲ ਪੁਰਖ ਦੀ ਰਜ਼ਾ ਹੈ, ਉਹ ਸ੍ਰਿਸ਼ਟੀ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ, ਕਿਉਂਕਿ ਅਕਾਲ ਪੁਰਖ ਆਪ ਹੀ ਇਕੋ ਇੱਕ ਐਸਾ ਹੈ, ਜੋ ਕਿ ਸਦਾ ਕਾਇਮ ਰਹਿਣ ਵਾਲਾ ਹੈ। ਉਹ ਜੇਡਾ ਵੱਡਾ ਆਪ ਹੈ, ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਉਸ ਦੀ ਸੰਭਾਲ ਵੀ ਕਰ ਰਿਹਾ ਹੈ। ਜੋ ਕੁੱਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਨੂੰ ਇਹ ਨਹੀਂ ਆਖ ਸਕਦੇ ਕਿ ਇਸ ਤਰ੍ਹਾਂ ਕਰ, ਤੇ ਉਸ ਤਰ੍ਹਾਂ ਨਾ ਕਰ। ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਵੀ ਪਾਤਿਸ਼ਾਹ ਹੈ। ਇਸ ਲਈ ਜੀਵਾਂ ਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫਬਦਾ ਹੈ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥॥ ੨੭॥ (੬)

ਅਕਾਲ ਪੁਰਖ ਨੇ ਭਾਵੇਂ ਕਈ ਰੰਗਾਂ ਤੇ ਕਿਸਮਾਂ ਦੀ ਦੁਨੀਆ ਰਚ ਦਿੱਤੀ ਹੈ, ਪਰ ਉਹ ਆਪ ਨਿਰਗੁਣ ਸਰੂਪ ਵਿੱਚ ਇਕੋ ਇੱਕ ਹਸਤੀ ਹੈ, ਤੇ, ਆਪ ਹੀ ਸਰਗੁਣ ਸਰੂਪ ਵਿੱਚ ਉਹ ਅਨੇਕਾਂ ਰੂਪਾਂ ਵਾਲਾ ਹੈ। ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ। ਹੋ ਸਕਦਾ ਹੈ ਆਮ ਲੋਕਾਂ ਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਬਾਰੇ ਕੁੱਝ ਕਿੰਤੂ ਹੋਵੇ ਜਾਂ ਸ਼ੰਕਾ ਹੋਵੇ। ਪਰੰਤੂ ਸਾਇੰਸ ਅਨੁਸਾਰ ਰੌਸ਼ਨੀ (Light) ਦੇ ਦੋ ਰੂਪ ਹਨ, ਇੱਕ ਤਰੰਗ (ਵੇਵ) (Wave) ਤੇ ਦੂਸਰਾ ਪਦਾਰਥ (ਫੋਟੌਨ) (Photon)। ਜੇ ਅਸੀਂ ਰੌਸ਼ਨੀ ਦੇ ਦੋ ਰੂਪ ਮੰਨ ਸਕਦੇ ਹਾਂ ਤਾਂ ਅਕਾਲ ਪੁਰਖ ਦੇ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਬਾਰੇ ਸ਼ੰਕਾ ਕਿਉਂ?

ਆਪੇ ਹਰਿ ਇੱਕ ਰੰਗੁ ਹੈ ਆਪੇ ਬਹੁ ਰੰਗੀ॥ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥ ੨੨॥ ੨॥ (੭੨੬)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਪਦਾਰਥਾਂ ਨੂੰ ਬਣਾਉਂਣ ਵਾਲਾ ਉਹ ਅਕਾਲ ਪੁਰਖੁ ਆਪ ਹੀ ਹੈ।

ਸਾਇੰਸ ਜੀਵਾਂ ਅਤੇ ਪਦਾਰਥਾਂ ਦੀ ਜਾਣਕਾਰੀ ਤਾਂ ਦੱਸਦੀ ਹੈ। ਪਰੰਤੂ ਇਹ ਨਹੀਂ ਦੱਸ ਸਕਦੀ ਕਿ ਪਦਾਰਥ ਕਿਸ ਤਰ੍ਹਾਂ ਪੈਦਾ ਹੋਇਆ, ਜੀਵ ਕਿਸ ਤਰ੍ਹਾਂ ਬਣੇ, ਚੇਤਨਾਂ ਕਿਸ ਤਰ੍ਹਾਂ ਪੈਦਾ ਹੋਈ, ਜੀਵਾਂ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ?

ਜਿਹੜੇ ਜੀਵ ਅਕਾਲ ਪੁਰਖੁ ਨੇ ਚਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਨ੍ਹਾਂ ਦਾ ਰਿਜ਼ਕ ਵੀ ਉਸ ਨੇ ਉਨ੍ਹਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਕੇ ਰਖਿਆ ਹੈ।

ਪੰਛੀਆਂ ਨੂੰ ਤਾਂ ਅਕਾਲ ਪੁਰਖੁ ਤੇ ਭਰੋਸਾ ਹੈ ਕਿ ਰਿਜਕ ਮਿਲ ਜਾਵੇਗਾ, ਪਰੰਤੂ ਮਨੁੱਖ ਨੂੰ ਨਹੀਂ, ਇਸੇ ਲਈ ਜਿਆਦਾ ਤਰ ਲੋਕ ਧਨ ਇਕੱਠਾ ਕਰਨ ਵਿੱਚ ਆਪਣਾ ਸਾਰਾ ਜੀਵਨ ਵਿਅਰਥ ਗਵਾ ਦਿੰਦੇ ਹਨ।

ਅਸਲ ਵਿੱਚ ਅਕਾਲ ਪੁਰਖੁ ਆਪ ਹੀ ਸਭ ਦਾ ਪਿਤਾ, ਮਾਤਾ, ਭਰਾ ਤੇ ਰਿਸ਼ਤੇਦਾਰ ਹੈ, ਸਭ ਦਾ ਆਧਾਰ ਤੇ ਸਹਾਰਾ ਵੀ ਉਹ ਅਕਾਲ ਪੁਰਖੁ ਆਪ ਹੀ ਹੈ।

ਜਗਤ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸਭ ਅਕਾਲ ਪੁਰਖੁ ਦਾ ਕੀਤਾ ਹੀ ਹੋ ਰਿਹਾ ਹੈ, ਜੀਵ ਦਾ ਇਸ ਵਿੱਚ ਆਪਣਾ ਕੋਈ ਜੋਰ ਨਹੀਂ ਚੱਲ ਸਕਦਾ।

ਅਕਾਲ ਪੁਰਖੁ ਦੇ ਗੁਣ ਗਾ ਕੇ ਮਨ ਠੰਢਾ ਠਾਰ ਹੋ ਜਾਂਦਾ ਹੈ, ਕਿਉਕਿ ਉਸ ਦੇ ਗੁਣ ਗਾਇਨ ਕਰਨ ਨਾਲ ਮਨੁੱਖ ਅੰਦਰ ਵੀ ਉਸ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।

ਇਸ ਜਗਤ ਵਿੱਚ ਜੋ ਕੁੱਝ ਹੈ ਤੇ ਜੋ ਕੁੱਝ ਹੋ ਰਿਹਾ ਹੈ, ਉਹ ਸਭ ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਹੋ ਰਿਹਾ ਹੈ। ਜਗਤ ਦੇ ਸਾਰੇ ਭਾਗ ਜਿਨ੍ਹਾਂ ਵਿੱਚ ਅਨੇਕਾਂ ਚੰਦਰਮੇਂ, ਧਰਤੀਆਂ, ਸੂਰਜ, ਤਾਰੇ ਤੇ ਗਲੈਕਸੀਆਂ ਸ਼ਾਮਲ ਹਨ, ਉਹ ਸਭ ਅਕਾਲ ਪੁਰਖੁ ਦੇ ਟਿਕਾਏ ਹੋਏ ਹਨ।

ਅਕਾਲ ਪੁਰਖੁ ਦੇ ਨਾਮੁ ਤੋਂ ਸਭ ਕੁੱਝ ਹੁੰਦਾ ਹੈ, ਪਰੰਤੂ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਨਾਮੁ ਦੀ ਸਮਝ ਨਹੀਂ ਆਉਂਦੀ ਤੇ ਨਾ ਹੀ ਕਦਰ ਕਰਨੀ ਆਉਂਦੀ ਹੈ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ, ਮਿੱਠਾ ਹੈ, ਪਰੰਤੂ ਜਿਨ੍ਹਾਂ ਚਿਰ ਇਸ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗ ਸਕਦਾ।

ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਇਨ ਕਰਦਾ ਰਹਿੰਦਾ ਹੈ, ਸਮਝਦਾ ਰਹਿੰਦਾ ਹੈ, ਤੇ ਹਮੇਸ਼ਾਂ ਵਿਚਾਰਦਾ ਰਹਿੰਦਾ ਹੈ, ਤੇ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਰਹਿੰਦਾ ਹੈ।

ਗੁਰੂ ਸਾਹਿਬ ਦਾ ਮੰਤਵ ਸਿਰਫ ਸਾਇੰਸ ਪੜ੍ਹਾਉਣ ਦਾ ਨਹੀਂ ਸੀ, ਬਲਕਿ ਸੁਲਝੇ ਹੋਏ ਢੰਗ ਨਾਲ ਜੀਵਨ ਜਾਚ ਸਿਖਾਉਂਣ ਦਾ ਸੀ ਤਾਂ ਜੋ ਅਸੀਂ ਭਰਮਾਂ ਤੇ ਭੁਲੇਖਿਆਂ ਵਿਚੋਂ ਨਿਕਲ ਕੇ ਜੀਵਨ ਦਾ ਸਹੀ ਮਾਰਗ ਪਹਿਚਾਨਣ ਦੀ ਜਾਚ ਸਿੱਖ ਸਕੀਏ।

ਅਕਾਲ ਪੁਰਖੁ ਨੇ ਇਸ ਜਗਤ ਵਿੱਚ ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ। ਸਾਇੰਸ ਨੂੰ ਹੁਣ ਤੱਕ ਸਿਰਫ ਡੀ. ਐਂਨ. ਏ. ਤੱਕ ਹੀ ਪਤਾ ਲੱਗਾ ਹੈ, ਕਿ ਹਰੇਕ ਜੀਵ ਦੇ ਡੀ. ਐਂਨ. ਏ. ਇੱਕ ਦੂਸਰੇ ਤੋਂ ਵੱਖਰੇ ਹਨ। ਇਸ ਤੋਂ ਕੁੱਝ ਹੋਰ ਵੀ ਡੂੰਘਾ ਹੋ ਸਕਦਾ ਹੈ, ਜਿਨ੍ਹਾਂ ਕਰਕੇ ਹਰੇਕ ਜੀਵ ਦੂਸਰੇ ਤੋਂ ਭਿੰਨ ਹੈ।

ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਦੇ ਜੀਵਾਂ ਤੇ ਪਦਾਰਥਾਂ ਦੀ ਰਚਨਾ ਕੀਤੀ ਹੈ, ਉਹ ਇਸ ਬੇਅੰਤ ਸ੍ਰਿਸ਼ਟੀ ਦੀ ਦੀ ਸੰਭਾਲ ਵੀ ਆਪਣੀ ਰਜ਼ਾ ਅਨੁਸਾਰ ਆਪ ਹੀ ਕਰ ਰਿਹਾ ਹੈ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

Email = [email protected]

http://www.sikhmarg.com/article-dr-sarbjit.html




.