.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਛਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਵਿਸ਼ੇਸ਼ ਨੋਟ- ਇਸ ਛਤੀਵੀਂ ਕਿਸ਼ਤ ਨੂੰ ਉਚੇਚੇ ਤੌਰ `ਤੇ ਬਹੁਤ ਚੋਟੀ ਦੀ ਕਿਸ਼ਤ ਰਖਿਆ ਗਿਆ ਹੈ। ਉਹ ਇਸ ਲਈ ਤਾਂ ਕਿ ਇਸ ਕਿਸ਼ਤ `ਚ ਦਿੱਤੇ ਗਏ ਅਤਿ ਸੰਕੋਚਵੇਂ ਵੇਰਵੇ `ਤੇ ਬਾਰ ਬਾਰ ਕੇਂਦ੍ਰਿਤ ਹੋ ਸਕੀਏ। ਇਸ ਤਰ੍ਹਾਂ ਵਿਚਾਰ ਸਕੀਏ ਕਿ ਆਖ਼ਿਰ ਸਾਡੀ ਕੌਮ `ਚ ਧਾਰਮਿਕ ਤਲ `ਤੇ ਅੱਜ ਉਹ ਕਿਹੜਾ ਤੁਫ਼ਾਨ ਆਇਆ ਹੋਇਆ ਜੋ ਸਾਡੀ ਕੌਮ, ਬਜਾਏ ਗੁਰਬਾਣੀ ਵਿਚਾਰਧਾਰ ਆਧਾਰਿਤ ਇਕਸੁਰਤਾ `ਚ ਆਉਣ ਦੇ, ਵੱਡੀ ਤੇਜ਼ੀ ਨਾਲ ਨਿੱਤ ਹੋਰ ਤੇ ਹੋਰ ਵੰਡੀਆਂ ਵੱਲ ਹੀ ਜਾ ਰਹੀ ਹੈ ਅਤੇ ਅਸੀਂ ਤਨੋ ਮਨੋ ਚਾਹੁੰਦੇ ਹੋਏ ਵੀ ਉਸ ਤੁਫ਼ਾਨ ਨੂੰ ਠੱਲ ਪਾਉਣ `ਚ ਅਸਫ਼ਲ ਹੋ ਰਹੇ ਹਾਂ।

ਨੁੱਕਤਾ ਨੰ: ੧੧- ਵਿਸ਼ੇ ਦੇ ਅਰੰਭ `ਚ ਵੇਰਵਾ ਦੇ ਆਏ ਹਾਂ ਕਿ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਸਿੱਖ ਧਰਮ ਦੇ ਸਮੂਚੇ ਪ੍ਰਚਾਰ ਪ੍ਰਬੰਧ `ਤੇ ਵਿਰੋਧੀਆਂ ਦਾ ਕਬਜ਼ਾ ਹੋ ਗਿਆ ਸੀ। ਇਹੀ ਨਹੀਂ, ਗਹਰੀ ਨਜ਼ਰ ਨਾਲ ਦੇਖੌ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸੰਨ ੧੭੧੫ ਤੱਕ ਦਾ ਅਸਲ ਸਿੱਖ ਇਤਿਹਾਸ ਵੀ ਸਾਨੂੰ ਅੱਜ ਪ੍ਰਾਪਤ ਨਹੀਂ, ਉਸ `ਚੋਂ ਵੀ ਸਾਨੂੰ ਕੇਵਲ ਕੁੱਝ ਟੂਕਾਂ ਹੀ ਮਿਲ ਰਹੀਆਂ ਹਨ। ਜਿਹੜਾ ਕਿ ਆਪਣੇ ਆਪ `ਚ ਇਸ ਗੱਲ ਦਾ ਸਬੂਤ ਹੈ ਕਿ ਸੰਨ ੧੭੧੬ ਤੋਂ ਬਾਅਦ ਸਾਡਾ ਉਹ ਸੰਨ ੧੪੬੯ ਤੋਂ ਸੰਨ ੧੭੧੫ ਤੱਕ ਦਾ ਅਸਲ ਸਿੱਖ ਇਤਿਹਾਸ ਵੀ ਵਿਰੋਧੀਆਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।

ਇਹੀ ਕਾਰਣ ਹੈ ਕਿ ‘ਸੰਨ ੧੯੯੯ ਖੰਡੇ ਦੀ ਪਾਹੁਲ ਵਾਲੇ ਸਮਾਗਮ’ ਤੋਂ ਲੈ ਕੇ ‘੬ ਅਕਤੂਬਰ ਸੰਨ ੧੭੦੮, ਜਦੋਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਪ੍ਰਾਪਤ ਹੋਈ ਅਤੇ ‘੭ ਅਕਤੂਬਰ ਸੰਨ ੧੭੦੮ ਜਦੋਂ ਦਸਮੇਸ਼ ਪਿਤਾ ਜੋਤੀ ਜੋਤ ਸਮਾਏ, ਦੇਖਦੇ ਹਾਂ ਤਾਂ ਉਥੇ ਵੀ ਕਿਸੇ ਇੱਕ ਇਤਿਹਾਸਕਾਰ ਦੀ ਲਿਖਤ ਦੂਜੇ ਇਤਿਹਾਸਕਾਰ ਨਾਲ ਬਹੁਤਾ ਮੇਲ ਨਹੀਂ ਖਾ ਰਹੀ। ਇਸ ਤਰ੍ਹਾਂ ਉਥੇ ਵੀ ਸਾਨੂੰ ਬਹੁਤਾ ਮਿਲਾਵਟੀ ਇਤਿਹਾਸ ਹੀ ਮਿਲ ਰਿਹਾ ਹੈ ਜਿਹੜਾ ਕਿ ਭਰਵੀਆਂ ਖੋਜਾਂ ਦਾ ਮੋਹਤਾਜ ਹੈ। ਫ਼ਿਰ ਇਹੀ ਹਾਲ ਸੰਨ ੧੭੦੮ ਤੋਂ ੧੭੧੫ ਭਾਵ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦੁਰ ਗ੍ਰਿਫ਼ਤਾਰ ਹੋਏ, ਇਸ ਵਿੱਚਲਾ ਸੱਤ ਸਾਲਾਂ ਦਾ ਸਿੱਖ ਇਤਿਹਾਸ ਵੀ ਇਸੇ ਗਿਣਤੀ `ਚ ਆਉਂਦਾ ਹੈ।

ਇਸ ਤੋਂ ਬਾਅਦ ਜੇ ਕੁੱਝ ਹੋਰ ਗਹਿਰਾਈ ਤੋਂ ਦੇਖਿਆ ਜਾਵੇ ਤਾਂ ਅੱਜ ਜੋ ਕੁੱਝ ਵੀ ਸਾਨੂੰ ਸਿੱਖ ਇਤਿਹਾਸ ਦੇ ਨਾਂ `ਤੇ ਮਿਲਦਾ ਹੈ ਮੂਲ ਰੂਪ `ਚ ਉਸਦਾ ਸਾਰਾ ਹੱੜ ਵੀ ਇੱਕ ਦੰਮ ਤੇ ਉਨੀਵੀਂ ਸਦੀ ਦੇ ਅੱਧ ਤੋਂ ਬਾਅਦ, ਪੰਜਾਬ `ਤੇ ਅੰਗ੍ਰੇਜ਼ੀ ਸ਼ਾਸਨ ਕਾਇਮ ਹੋਣ ਬਾਅਦ ਹੀ ਆਇਆ ਹੈ। ਇਸ ਤੋਂ ਵੱਡੀ ਗੱਲ ਕਿ ਫ਼ਿਰ ਭਾਵੇਂ ਅੱਜ ਸਾਡੇ ਕੋਲ ‘ਭਾਈ ਬਾਲੇ ਵਾਲੀ ਜਨਮ ਸਾਖੀ’ ਹੈ, ਜਾਂ ਬਚਿਤ੍ਰ ਨਾਟਕ ਦਾ ਅਜੋਕਾ ਰੂਪ, ‘ਦਸਮ ਗ੍ਰੰਥ’, ‘ਗੁਰ ਬਿਲਾਸ ਪਾ: ਛੇਵੀਂ’ ਹੈ, ‘ਗੁਰਬਿਲਾਸ ਪਾ: ਦਸਵੀਂ ਜਾਂ ਜੋ ਕੁੱਝ ਹੋਰ ਵੀ। ਸਾਰਿਆਂ ਸੰਬੰਧੀ ਕੁੱਝ ਗੱਲਾਂ ਸਾਂਝੀਆਂ ਹਨ। ਉਹ ਇਹ ਕਿ ਨਾ ਤਾਂ ਉਨ੍ਹਾਂ ਦੇ ਲਿਖਾਰੀਆਂ ਦਾ ਅਤਾ ਪਤਾ ਮਿਲਦਾ ਹੈ ਜੇ ਇਤਨਾ ਨਹੀਂ ਤਾਂ ਲਿਖਾਰੀਆਂ ਦੇ ਨਾਮ ਫ਼ਰਜ਼ੀ ਸਾਬਤ ਹੁੰਦੇ ਹਨ। ਉਨ੍ਹਾਂ ਰਚਨਾਵਾਂ ਦੇ ਸੰਨ-ਸਮੇਂ ਵੀ ਸਪਸ਼ਟ ਨਹੀਂ ਹਨ ਜਾਂ ਫ਼ਿਰ ਉਹ ਸੰਨ-ਸਮੇਂ ਵੀ ਫ਼ਰਜ਼ੀ ਹੀ ਸਾਬਤ ਹੁੰਦੇ ਹਨ।

ਉਨ੍ਹਾਂ ਲਿਖ਼ਤਾਂ `ਚ ਕੁੱਝ ਵਿਰੋਧੀ ਸਾਂਝਾਂ- ਉਨ੍ਹਾਂ ਸਾਰੀਆਂ ਲਿਖ਼ਤਾਂ ਵਿਚਕਾਰ ਇੱਕ ਹੋਰ ਸਾਂਝ ਵੀ ਹੈ। ਉਹ ਇਹ ਕਿ ਸਮੂਹ ਲਿਖਤਾਂ ਇਕੋ ਜਹੀਆਂ ਤੇ ਪੌਰਾਣਕ ਆਧਾਰ `ਤੇ ਲਿਖੀਆਂ ਹੋਈਆਂ ਹਨ। ਉਨ੍ਹਾਂ ਲਿਖਤਾਂ `ਚ ਗਪੌੜਾਂ ਤੇ ਕਾਲਪਨਿਕ ਵਿਸ਼ਿਆਂ ਦੀ ਵੀ ਭਰਮਾਰ ਹੈ। ਉਨ੍ਹਾਂ ਲਿਖ਼ਤਾਂ `ਚ ਗੁਰਮੱਤ ਘੱਟ ਹੈ ਅਤੇ ਉਹ ਲਿਖਤਾਂ ਬਹੁਤਾ ਕਰਕੇ ਸਨਾਤਨੀ ਪ੍ਰਭਾਵਾਂ `ਚ ਹੀ ਗੜੁੱਚ ਹਨ। ਹੋਰ ਤਾਂ ਹੋਰ ਉਹ ਇਤਿਹਾਸ ਤਾਂ ਹਨ ਗੁਰੂ ਪਾਤਸ਼ਾਹੀਆਂ ਦੇ ਪਰ ਉਨ੍ਹਾਂ ਦੇ ਸਿਰਲੇਖ ਹਨ ‘ਗੁਰ ਬਿਲਾਸ ਪਾ: ਛੇਵੀਂ’, ‘ਗੁਰਬਿਲਾਸ ਪਾ: ਦਸਵੀਂ’ ਆਦਿ। ਦੇਖਣਾ ਇਹ ਵੀ ਹੈ ਕਿ ਇੱਥੇ ‘ਬਿਲਾਸ’ ਲਫ਼ਜ਼ ਵੀ ਗੁਰੂ ਸਾਹਿਬ ਲਈ ਯੋਗ ਨਹੀਂ ਭਾਸਦਾ ਤੇ ਉਨ੍ਹਾਂ ਦੇ ਸਤਿਕਾਰ ਵਾਲਾ ਪ੍ਰ੍ਰਭਾਵ ਵੀ ਨਹੀਂ ਦੇ ਰਿਹਾ।

ਅਜੋਕਾ ਸਿੱਖ ਇਤਿਹਾਸ? -ਫ਼ਿਰ ਬਾਅਦ ਗੱਲ ਕਰਦੇ ਹਾਂ ਉਨ੍ਹਾਂ ਰਚਨਾਵਾਂ ਦੀ ਜਿਨ੍ਹਾਂ ਨੂੰ ਅੱਜ ਸਿਧੇ ਤੌਰ `ਤੇ ਸਿੱਖ ਇਤਿਹਾਸ ਕਿਹਾ, ਮੰਣਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਬਲਕਿ ਇਤਿਹਾਸਕ ਗੁਰ ਅਸਥਾਨਾਂ ਸਮੇਤ ਬਹੁਤੇ ਗੁਰਦੁਆਰਿਆਂ `ਚ ਲਗਾਤਾਰ ਕਥਾ ਵੀ ਉਨ੍ਹਾਂ ਚੋਂ ਹੀ ਹੋ ਰਹੀ ਹੈ। ਹੋਰ ਤਾਂ ਹੋਰ, ਬਹੁਤ ਵਾਰੀ ਕਥਾ ਤਾਂ ਹੋ ਰਹੀ ਹੁੰਦੀ ਹੈ ਗੁਰਬਾਣੀ ਦੀ ਪਰ ਉਸ ਦੌਰਾਨ ਟੂਕਾਂ ਇਨ੍ਹਾਂ ਰਚਨਾਵਾਂ `ਚੋਂ ਵੀ ਬਰਾਬਰ `ਤੇ ਵਰਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹ ਰਚਨਾਵਾਂ ਹਨ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਦਾ ‘ਗੁਰਪ੍ਰਤਾਪ ਸੂਰਯ’, ਗਿਆਨੀ ਗਿਆਨ ਸਿੰਘ ਦਾ ‘ਪੰਥ ਪ੍ਰਕਾਸ਼’, ਰਤਨ ਸਿੰਘ ਭੰਗੂ ਦਾ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਉਪ੍ਰੰਤ ਮਹਿਮਾ ਪ੍ਰਕਾਸ਼ ਆਦਿ। ਇਨ੍ਹਾਂ ਰਚਨਾਵਾਂ `ਚ ਵੀ ਬਹੁਤਾ ਕਰਕੇ ਮਿਥਿਹਾਸ ਤੇ ਪੌਰਾਣਕ ਗਪੌੜ ਹੀ ਭਰੇ ਹੋਏ ਹਨ। ਇਨ੍ਹਾਂ ਰਚਨਾਵਾਂ `ਚੋਂ ਵੀ ਗੁਰਮੱਤ ਜੀਵਨ ਤਾਂ ਬਹੁਤ ਘਟ ਉਜਾਗਰ ਹੁੰਦਾ ਹੈ ਅਤੇ ਉਥੋਂ ਵੀ ਸੰਗਤਾਂ ਨੂੰ ਬਹੁਤੇ ਸਨਾਤਨੀ ਵਿਸ਼ਵਾਸ ਹੀ ਮਿਲਦੇ ਹਨ ਤਾਂ ਕਿਉਂ? । ਜੇਕਰ ਇਹ ਲਿਖਤਾਂ ਗੁਰਬਾਣੀ ਪ੍ਰਵਾਣਿਆਂ ਦੀਆਂ ਹਨ ਤਾਂ ਅਜਿਹਾ ਕਿਉਂ?

ਇਸਤਰ੍ਹਾਂ ਇਸ ਸੰਖੇਪ ਜਿਹੇ ਵੇਰਵੇ ਤੋਂ ਦੋ ਵਿਚਾਰ ਉਘੜ ਕੇ ਸਾਹਮਣੇ ਆਉਂਦੇ ਹਨ। ਪਹਿਲਾ ਇਹ ਕਿ ਇਕੋ ਸਮੇਂ ਦੱਬੀਆਂ ਹੋਈਆਂ ਪਰ ਮੂਲ ਰੂਪ `ਚ ਸੰਨ ੧੭੧੬ ਤੋਂ ਬਾਅਦ ਸਿੱਖ ਧਰਮ ਸੰਬੰਧੀ ਤਿਆਰ ਅਜਿਹੀਆਂ ਲਿਖ਼ਤਾਂ ਦਾ ਅਚਾਣਕ ਜ਼ਿੰਦਾ ਹੋ ਜਾਣਾ ਜਿਵੇਂ ਬਚਿਤ੍ਰ ਨਾਟਕ ਦਾ ਅਜੋਕੇ ਦਸਮ ਗ੍ਰੰਥ ਦੇ ਰੂਪ `ਚ ਜਾਂ ਦੋਵੇਂ ਗੁਰ ਬਿਲਾਸ। ਦੂਜਾ, ਉਸਦੇ ਨਾਲ ਨਾਲ ਇਕੋ ਸਮੇਂ ਅਤੇ ਉਸੇ ਆਧਾਰ `ਤੇ ਕਈ ਨਵੀਆਂ ਲਿਖਤਾਂ ਦਾ ਵੀ ਇਕੋ ਸਮੇਂ ਪ੍ਰਗਟ ਹੋ ਜਾਣਾ, ਇਸ ਸੋਚ ਨੂੰ ਤਾਕਤ ਦਿੰਦੀ ਹੈ ਕਿ ਸਿੱਖ ਇਤਿਹਾਸ ਨੂੰ ਖ਼ਲਤ-ਮਲਤ ਕਰਣ ਤੇ ਉਸ `ਚ ਵਧ ਤੋਂ ਵਧ ਰਲਾ ਪਾਉਣ ਪਿਛੇ ਵੀ, ਸਿੱਖ ਵਿਰੋਧੀ ਤਾਕਤਾਂ ਨੂੰ ਵਰਤ ਕੇ, ਅੰਗ੍ਰੇਜ਼ ਸਰਕਾਰ ਦੀ ਤਾਕਤ ਤੇ ਸ਼ੈ ਹੀ ਕੰਮ ਕਰ ਰਹੀ ਸੀ, ਇਹ ਸਭ ਉਸ ਤੋਂ ਬਿਨਾ ਨਹੀਂ ਸੀ ਹੋ ਰਿਹਾ। ਜਦਕਿ ਵਿਰੋਧੀਆਂ ਰਾਹੀਂ ਇਹ ਸਾਰਾ ਸਿਲਸਿਲਾ ਤਾਂ ਲਗਾਤਰ ਸੰਨ ੧੭੧੬ ਤੋਂ ਚਲਦਾ ਆ ਹੀ ਰਿਹਾ ਸੀ।

ਖ਼ੂਬੀ ਇਹ ਕਿ ਇਨ੍ਹਾਂ ਸਾਰੀਆਂ ਲਿਖਤਾਂ `ਚ ਬੇਅੰਤ ਕਰਾਮਾਤਾਂ ਦਾ ਵੀ ਜ਼ਿਕਰ ਹੈ ਤਾਂ ਉਹ ਕਿਉਂ? ਕਿਉਂਕਿ ਗੁਰਮੱਤ ਦੀ ਕਸਵੱਟੀ `ਤੇ ਕਰਤੇ ਦੇ ਦਰ `ਤੇ ਕਰਾਮਾਤਾਂ ਤਾਂ ਹੋਛੇ ਅਤੇ ਬਹੁਤ ਨੀਵੇਂ ਜੀਵਨ ਦਾ ਪ੍ਰਗਟਾਵਾ ਹਨ, ਗੁਰਮੱਤ ਵਾਲੇ ਸਚਿਆਰੇ ਜੀਵਨ ਦਾ ਨਹੀਂ। ਗਹਿਰਾਈ ਨਾਲ ਘੋਖਿਆ ਜਾਵੇ ਤਾਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਜਿਵੇਂ ਕਿ ਇਨ੍ਹਾਂ ਲਿਖ਼ਤਾਂ ਦੇ ਲਿਖਾਰੀ ਬਹੁਤਾ ਕਰਕੇ ਗੁਰੂ ਸਾਹਿਬਾਨ ਦੇ ਪ੍ਰਵਾਰਿਕ ਵਿਰੋਧਆਂ ਦੇ ਸਹਿਯੋਗੀਆਂ `ਚੋਂ ਹੀ ਸਨ, ਜਿਹੜੇ ਕਿ ਹੁਣ ਸਮੇਂ ਦਾ ਵਧ-ਚੜ੍ਹ ਕੇ ਲਾਭ ਲੈ ਰਹੇ ਸਨ। ਦੂਜਾ ਇਸ ਸਾਰੇ ਦਾ ਸਭ ਤੋਂ ਖ਼ਤਰਨਾਕ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਲਿਖ਼ਤਾਂ ਦੇ ਲਿਖਾਰੀ ਲਿਖ਼ਤਾਂ `ਚ ਜ਼ਾਹਿਰਾ ਤੌਰ `ਤੇ ਤਾਂ ਗੁਰੂ ਸਹਿਬਾਨ ਦੇ ਵੱਡੇ ਪ੍ਰਸ਼ੰਸਕ ਅਤੇ ਉਨ੍ਹਾਂ ਤੋਂ ਵਾਰੇ ਵਾਰੇ ਜਾਣ ਵਾਲੇ ਸਨ; ਜਦਕਿ ਆਪਣੀਆਂ ਕਲਮਾਂ ਦੀ ਵਰਤੋਂ ਨਾਲ ਗੁਰਬਾਣੀ ਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਕੱਟਣ ਤੇ ਵਿਗਾੜਣ `ਚ ਵੀ ਵੱਡੇ ਨਿਪੁੰਨ ਸਨ।

ਦੂਜੇ ਲਫ਼ਜ਼ਾ `ਚ ਜਿਵੇਂ ਕਿ ਉਹ ਲੋਕ ਖੰਡ ਚੜ੍ਹੇ ਜ਼ਹਿਰ ਦੇ ਕੈਪਸੂਲਾਂ ਨਾਲ, ਗਰੂ ਕੀਆਂ ਸੰਗਤਾਂ ਦੇ ਸਿੱਖੀ ਜੀਵਨ ਦਾ ਘਾਤ ਕਰ ਰਹੇ ਸਨ। ਜਦਕਿ ਉਸ ਗੁਰਮੱਤ ਜੀਵਨ ਵਿਰੁਧ ਆਪਣੀ ਵਿਸ਼ਵਾਸਘਾਤੀ ਕਿਰਿਆ `ਚ ਉਹ ਅੱਜ ਤੱਕ ਵੀ ਪੂਰੀ ਤਰ੍ਹਾਂ ਸਫ਼ਲ ਹਨ ਅਤੇ ਗੁਰੂ ਕੀਆਂ ਸੰਗਤਾਂ ਨੂੰ ਦਿਨ ਦੀਵੀਂ ਤੇ ਲਗਾਤਰ ਕੁਰਾਹੇ ਪਾਇਆ ਵੀ ਜਾ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਸੰਗਤਾਂ ਦੇ ਜੀਵਨ `ਚ ਗੁਰਮੱਤ ਦੀ ਤਿਆਰੀ ਪੱਖੋਂ ਜਿਹੜਾ ਵਖ੍ਰੇਵਾਂ ਨਿੱਤ ਵੱਧਦਾ ਜਾ ਰਿਹਾ ਉਸ `ਚ ਵੱਡਾ ਦੋਸ਼ ਅਜੋਕੇ ਭਾਤ ਭਾਂਤ ਦੇ ਪ੍ਰਚਾਰਕਾਂ ਤੇ ਗੁਰਮੱਤ ਦੇ ਨਾਮ `ਤੇ ਹੋ ਰਹੇ ਬਹੁਤਾ ਕਰਕੇ ਗੁਰਮੱਤ ਵਿਰੋਧੀ ਪ੍ਰਚਾਰ ਦਾ ਹੀ ਹੈ ਨਾ ਕਿ ਗੁਰੂ ਕੀਆਂ ਸੰਗਤਾਂ ਦਾ।

ਉਂਜ ਇਸ ਵਿਸ਼ੇ ਦਾ ਇੱਕ ਦਰਦਨਾਕ ਪਹਿਲੂ ਇਹ ਵੀ ਹੈ, ਜੇਕਰ ਇਨ੍ਹਾਂ ਲਿਖ਼ਤਾਂ ਨੂੰ ਅੱਜ ਤਿਆਗ ਵੀ ਦਿੱਤਾ ਜਾਵੇ, ਜਿਵੇਂ ਕਿ ਵੇਰਵਾ ਆ ਚੁੱਕਾ ਹੈ ਕਿ ਕੌਮ ਕੋਲ ਅੱਜ, ਇਨ੍ਹਾਂ ਰਚਨਾਵਾਂ ਤੋਂ ਬਿਨਾ ਹੋਰ ਕੋਈ ਦੂਜਾ ਸਾਧਨ ਵੀ ਨਹੀਂ ਜਿਥੋਂ ਕਿ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਨੂੰ ਢੂੰਡਿਆ ਜਾ ਸਕੇ। ਉਹ ਅਸਲ ਸਿੱਖ ਇਤਿਹਾਸ ਜਿਹੜਾ ਸੰਨ ੧੪੬੯ ਤੋਂ ਸੰਨ ੧੭੧੫ ਤੱਕ ਦਾ ਫ਼ਿਰ ਸੰਨ ੧੭੧੬ ਤੋਂ ਇੱਕ ਦੰਮ ਬਾਅਦ ਨਿਰਮਲੇ, ਉਦਾਸੀ, ਸਨਾਤਨੀ, ਬ੍ਰਾਹਮਣ ਤੇ ਰਾਮਰਈਏ ਆਦਿ ਗੁਰਮੱਤ ਵਿਰੋਧੀ ਤਾਕਤਾਂ ਰਾਹੀਂ ਪੂਰੀ ਤਰ੍ਹਾਂ ਨਸ਼ਟ ਕੀਤਾ ਜਾ ਚੁੱਕਾ ਸਾਬਤ ਹੁੰਦਾ ਹੈ।

ਅਜੋਕੇ ਗੁਰਮੱਤ ਪ੍ਰਚਾਰ ਦੇ ਭਿੰਨ ਭਿੰਨ ਰੂਪ? -ਸੰਨ ੧੭੧੬ ਤੋਂ ਲੈ ਕੇ ਲਗਾਤਰ ਅੱਜ ਤੱਕ ਹੋ ਰਹੇ ਗੁਰਮੱਤ ਪ੍ਰਚਾਰਕਾਂ ਵਿਚਕਾਰ ਜੇਕਰ ਨੁਕਸ ਹੈ ਤਾਂ ਭਿੰਨ ਭਿੰਨ ਸੋਚਣੀ ਵਾਲੇ ਪ੍ਰਚਾਰਕਾਂ ਦੀ ਤਿਆਰੀ ਅਥਵਾ ਮਾਨਸਿਕਤਾ ਵਿਚਕਾਰ ਵੱਡੇ ਫ਼ਾਸਲੇ ਹਨ। ਉਨ੍ਹਾਂ `ਚੋਂ ਕੁੱਝ ਪ੍ਰਚਾਰਕ ਜਾਂ ਅਦਾਰੇ ਤਾਂ

(੧) ਤਨੋ-ਮਨੋ ਗੁਰੂ ਦਰ ਤੋਂ ਨਿਛਾਵਰ ਤੇ ਉੱਚੇ-ਸੁੱਚੇ ਜੀਵਨ ਵਾਲੇ ਹਨ।

(੨) ਇਹ ਵੀ ਕਿ ਕੁੱਝ ਪ੍ਰਚਾਰਕ ਅਥਵਾ ਅਦਾਰੇ ਆਪਣੇ ਵੱਲੋਂ ਜਿਹੜਾ ਗੁਰਮੱਤ ਦਾ ਪ੍ਰਚਾਰ ਕਰ ਰਹੇ ਹਨ ਸ਼ਾਇਦ ਗੁਰਮੱਤ ਪੱਖੋਂ ਉਨ੍ਹਾਂ ਦੀ ਤਿਆਰੀ ਵੀ ਉਤਨੀ ਕੁ ਹੋਵੇ ਜਿਸ ਤਰ੍ਹਾਂ ਦਾ ਕਿ ਉਹ ਪ੍ਰਚਾਰ ਕਰ ਰਹੇ ਹਨ। ਇਸ ਤਰ੍ਹਾਂ ਇਸ `ਚ ਉਨ੍ਹਾਂ ਦਾ ਵੀ ਬਹੁਤਾ ਕਸੂਰ ਨਾ ਵੀ ਹੋਵੇ।

(੩) ਫ਼ਿਰ ਉਹ ਵੀ ਗੁਰਮੱਤ ਦੇ ਪ੍ਰਚਾਰਕ ਤੇ ਅਦਾਰੇ ਹੀ ਅਖਵਾਉਂਦੇ ਹਨ ਜਿਹੜੇ ਮਨ ਕਰਕੇ ਗੁਰਮੱਤ ਵਿਰੋਧੀ ਸਨ ਤੇ ਹਨ। ਉਹ ਵੀ ਦਿਖਾਵਾ ਤੇ ਸਾਂਗ ਤਾਂ ਗੁਰਮੱਤ ਪ੍ਰਚਾਰ ਦਾ ਹੀ ਕਰ ਰਹੇ ਹਨ ਜਦਕਿ ਉਨ੍ਹਾਂ ਰਾਹੀਂ ਕੀਤਾ ਜਾ ਰਿਹਾ ਗੁਰਮੱਤ ਦਾ ਪ੍ਰਚਾਰ ਕੌਮ ਦੀਆਂ ਜੜ੍ਹਾਂ ਵੀ ਗਾਲ ਰਿਹਾ ਹੈ।

(੪) ਫ਼ਿਰ ਅੱਜ ਤਾਂ ਪੰਜਾਬ ਭਰ `ਚ ਹਜ਼ਾਰਾਂ ਦੀ ਗਿਣਤੀ `ਚ ਉਹ ਡੇਰੇ ਵੀ ਸਰਗਰਮ ਹਨ ਜਿਹੜੇ ਸਾਰੇ ਹੀ ਗੁਰਮੱਤ ਪ੍ਰਚਾਰ ਕਰਣ ਦਾ ਦਾਅਵਾ ਕਰ ਹਨ ਬਲਕਿ ਉਨ੍ਹਾਂ ਦਾ ਵਿਦੇਸ਼ਾਂ `ਚ ਵਸਦੀਆਂ ਗੁਰੂ ਕੀਆਂ ਸੰਗਤਾਂ ਵਿਚਕਾਰ ਵੀ ਫੈਲਾਅ ਤੇ ਪ੍ਰਭਾਵ ਹੈ। ਇਸ ਤੋਂ ਵੱਡੀ ਗੱਲ ਕਿ ਉਨ੍ਹਾਂ `ਚੋਂ ਵੀ ਕਿਸੇ ਇੱਕ ਦਾ ਗੁਰਮੱਤ ਪ੍ਰਚਾਰ ਦੂਜੇ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਜਦਕਿ ਗੁਰਬਾਣੀ ਦੀ ਕਸਵੱਟੀ `ਤੇ ਗੁਰਮੱਤ ਪ੍ਰਚਾਰ ਇਕੋ ਹੀ ਹੋਣਾ ਹੈ, ਭਿੰਨ ਭਿੰਨ ਨਹੀਂ।

(੫) ਦੂਰ ਨਾ ਜਾਵੀਏ ਪੰਥ ਦੀ ਸਤਿਕਾਰਤ ਜਥੇਬੰਦੀਆਂ ਟਕਸਾਲ ਤੇ ਅਖੰਡ ਕੀਰਤਨੀ ਜੱਥੇ ਵਿਚਕਾਰ ਵੀ ਗੁਰਮੱਤ ਵਿਚਾਰਧਾਰਾ ਪੱਖੋਂ ਆਪਸੀ ਸਾਂਝ ਨਹੀਂ।

ਇਸੇ ਤਰ੍ਹ੍ਰਾਂ ਕੇਵਲ ਇਤਨੇ ਹੀ ਨਹੀਂ ਬਲਕਿ ਅੱਜ ਹੋਰ ਵੀ ਅਨੇਕਾਂ ਧਿਰਾਂ ਪ੍ਰਚਾਰ ਕਰ ਰਹੀਆਂ ਅਤੇ ਉਹ ਵੀ ਸਾਰੀਆਂ ਗੁਰਮੱਤ ਦੇ ਨਾਮ `ਤੇ ਹੀ। ਅੰਦਾਜ਼ਾ ਲਗਾਓ! ਕਿ ਇਕੋ ਗੁਰਬਾਣੀ ਆਧਾਰਿਤ ਗੁਰਮੱਤ ਦੇ ਨਾਮ `ਤੇ ਅਜਿਹੇ ਬੇਅੰਤ ਤਰ੍ਹਾਂ ਦੇ ਗੁਰਮੱਤ ਪ੍ਰਚਾਰ, ਗੁਰੂ ਕੀਆਂ ਸੰਗਤਾਂ ਵਿਚਕਾਰ ਆਪਸੀ ਨੇੜਤਾ ਵਧਾ ਰਹੇ ਹਨ ਜਾਂ ਵਖ੍ਰੇਵਿਆਂ `ਚ ਨਿੱਤ ਵਾਧਾ ਕਰ ਰਹੇ ਹਨ।

ਨੁੱਕਤਾ ਨੰ: ੧੨- “ਜੇਹਾ ਵੇਖਹਿ ਤੇਹਾ ਵੇਖੁ” -ਹੁਣ ਤੀਕ ਦੀ ਲੰਮੀਂ ਵਿਚਾਰ ਨੂੰ ਅਰੰਭ ਤੋਂ ਲੈ ਕੇ ਇਸ ਪੱਖੋਂ ਵੀ ਘੋਖਣ ਅਤੇ ਉਸ ਨੂੰ ਗਹਿਰਾਈ ਤੋਂ ਸਮਝਣ ਦੀ ਲੋੜ ਹੈ। ਗੁਰੂ ਕੀਆਂ ਜਿਨ੍ਹਾਂ ਸੰਗਤਾਂ ਦੀ ਵਿਚਾਰਧਾਰ `ਤੇ ਸੰਨ ੧੭੧੬ ਭਾਵ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਹਰ ਪਾਸਿਓਂ ਹਮਲੇ ਹੋਣੇ ਸ਼ੁਰੂ ਹੋ ਗਏ ਸਨ। ਇਹੀ ਨਹੀਂ ਇਹ ਹਮਲੇ ਕੇਵਲ ਉਦੋਂ ਹੀ ਨਹੀਂ ਸਨ ਹੋਏ, ਦੇਖ ਚੁੱਕੇ ਹਾਂ ਕਿ ਇਹ ਸਿਲਸਿਲਾ ਅੱਜ ਵੀ ਬੇਰੋਕ ਤੇ ਬਲਕਿ ਕਈ ਗੁਣਾ ਵਧ ਕੇ ਚੱਲ ਰਿਹਾ ਤੇਜ਼ੀ ਨਾਲ ਚੱਲ ਰਿਹਾ ਹੈ। ਇਤਨਾ ਹੀ ਨਹੀਂ ਇਹ ਸ਼ਭ ਵੀ ਹੋ ਰਿਹਾ ਹੈ ਗੁਰਮੱਤ ਤੇ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਦੇ ਨਾਮ `ਤੇ ਅਤੇ ਉਹ ਵੀ ਗੁਰਦੁਆਰਿਆਂ ਰਸਤੇ।

ਜਦਕਿ ਇਸ ਸਾਰੇ ਕਾਂਡ `ਚ ਵਿਰੋਧੀ ਤਾਕਤਾਂ ਵੀ ਆਪਣੇ ਪੂਰੇ ਬਾਣ ਚਲਾ ਰਹੀਆਂ ਤੇ ਪੂਰੀ ਤਰ੍ਹਾਂ ਸ਼ਾਮਲ ਹਨ ਅਤੇ ਨਾਲ ਨਾਲ ਹਰੇਕ ਤਰ੍ਹਾਂ ਦੀ ਸਿੱਖੀ ਵਿਚਾਰਧਾਰਾ ਵਾਲੇ ਵੀ। ਖ਼ੂਬੀ ਇਹ ਕਿ ਇਹ ਸਾਰੇ ਆਪਣੇ ਆਪ `ਚ ਗੁਰਮੱਤ ਤੇ ਗੁਰਬਾਣੀ ਵਿਚਾਰਧਾਰਾ ਦੇ ਠੇਕੇਦਾਰ ਬਣ ਕੇ ਗੱਲ ਕਰ ਰਹੇ ਹਨ। ਹੁਣ ਇਸ ਤੋਂ ਬਾਅਦ ਇਸੇ ਤਸਵੀਰ ਦਾ ਅਸਾਂ ਇੱਕ ਹੋਰ ਪਾਸਾ ਵੀ ਦੇਖਣਾ ਹੈ। ਇਸ ਤੋਂ ਸਪਸ਼ਟ ਹੋ ਜਾਵੇਗਾ ਕਿ ਸਿੱਖ ਧਰਮ ਦੀ ਅਜੋਕੀ ਗਿਣਤੀ ਵੀ ਵੀਹ ਕਰੋੜ ਤੋਂ ਵਧ ਹੈ ਨਾ ਕਿ ਕੇਵਲ ਦੋ ਕਰੋੜ ਪਰ ਲੋੜ ਹੈ ਉਸਨੂੰ ਉਜਾਗਰ ਕਰਣ `ਤੇ ਕਈ ਪਾਸਿਓਂ ਉਸ ਦੀ ਸੰਭਾਲ ਕਰਣ ਦੀ। #36SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.