.

ਸਿਖ ਦੀ ਪਛਾਣ ਦਾ ਮਸਲਾ

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

‘ਸਿਖ’ ਅਖਵਾਉਣ ਵਾਲੇ ਭਾਈਚਾਰੇ ਨਾਲ ਸਬੰਧਤ ਇੱਕ ਅਤੀ ਮਹੱਤਵਪੂਰਨ ਮਸਲਾ ‘ਸਿਖ’ ਦੀ ਪਛਾਣ ਦਾ ਹੈ। ਭਾਵ ਸਿਖ ਅਖਵਾਉਣ ਵਾਲੇ ਲੋਕਾਂ ਨੂੰ ਇਹ ਪੱਕੇ ਰੂਪ ਵਿੱਚ ਸਪਸ਼ਟ ਨਹੀਂ ਕਿ ‘ਸਿਖ’ ਕਿਸ ਨੂੰ ਕਹਿੰਦੇ ਹਨ ਜਾਂ ਕਿ ਕਿਸੇ ਇਨਸਾਨ ਦੇ ‘ਸਿਖ’ ਹੋਣ ਦੇ ਕੀ-ਕੀ ਲੱਛਣ ਹੋ ਸਕਦੇ ਹਨ। ਪਿੱਛੇ ਜਿਹੇ ਇਸ ਵਿਸ਼ੇ ਨੂੰ ਲੈ ਕੇ ਸਿਖਮਾਰਗ ਵੈਬਸਾਈਟ ਉੱਤੇ ਕੀਤੀ ਗਈ ਇਸ ਵੈਬਸਾਈਟ ਦੇ ਸੰਪਾਦਕ ਦੀ ‘ਟਿੱਪਣੀ’ ਪੜ੍ਹਨ ਨੂੰ ਮਿਲੀ। ਇਸ ਵੈਬਸਾਈਟ ਦੇ ਉੱਸੇ ਕਾਲਮ ਵਿੱਚ ਹਾਕਮ ਸਿੰਘ ਦਾ ਲੇਖ ‘ਸਿਖ ਦੀ ਪਛਾਣ’ ਪਾਇਆ ਗਿਆ ਸੀ ਜਿਸ ਉਪਰੰਤ ਪ੍ਰਤੀਕਰਮ ਦੇ ਤੌਰ ਤੇ ਗੁਰਇੰਦਰ ਸਿੰਘ ਪਾਲ ਨੇ ਆਪਣੇ ਪੱਤਰ ਰਾਹੀਂ ਵਿਸ਼ੇ ਦੇ ਸਬੰਧ ਵਿੱਚ ਕੁੱਝ ਵਿਚਾਰ ਪੇਸ਼ ਕੀਤੇ। ਭਾਵੇਂ ਕਿ ਇਹ ਤਿੰਨੇਂ ਲਿਖਤਾਂ ਬੜੇ ਹੀ ਸੁੱਘੜ ਅਤੇ ਸੁਹਿਰਦ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਸਨ, ਇਹਨਾਂ ਵਿੱਚੋਂ ਮਸਲੇ ਸਬੰਧੀ ਕੁੱਝ ਨਿਰਣਾਕਾਰੀ ਪਰਾਪਤ ਨਹੀਂ ਹੋਇਆ। ਦੂਸਰੇ ਪਾਸੇ ਸੰਪਾਦਕ ਸਿਖਮਾਰਗ ਵੈਬਸਾਈਟ ਵਲੋਂ ਵਿਸ਼ੇ ਸਬੰਧੀ ਕੀਤੀ ਆਪਣੀ ‘ਟਿੱਪਣੀ’ ਵਿੱਚ ਪੇਸ਼ ਕੀਤੀਆਂ ਗਈਆਂ ਦੋ ਦਲੀਲਾਂ ਜੋ ਵਿਸ਼ੇਸ਼ ਧਿਆਨ ਮੰਗਦੀਆਂ ਹਨ ਹੇਠਾਂ ਦਿੱਤੇ ਅਨੁਸਾਰ ਹਨ:

1. ਇਹ ਨੁਕਤਾ (‘ਸਿਖ ਦੀ ਪਛਾਣ’ ਦਾ) ਵਿਦਵਾਨਾਂ ਦੇ ਮਿਲ ਕੇ ਸਪਸ਼ਟ ਕਰਨ ਵਾਲਾ ਹੈ।

2. ਮਸਲੇ ਦਾ ਤਸੱਲੀਬਖਸ਼ ਹਲ ਲੱਭਣ ਲਈ ਕੋਈ ਵੀ ਤਿਆਰ ਨਹੀਂ।

ਹਾਲ ਦੀ ਘੜੀ ‘ਸਿੱਖੀ’ ਪ੍ਰਤੀ ਚਿੰਤਤ ਵਿਦਵਾਨਾਂ ਵਿੱਚ ‘ਮਿਲ ਕੇ ਸਪਸ਼ਟ ਕਰਨ’ ਦਾ ਤਾਂ ਕੋਈ ਸੁਖਾਵਾਂ ਮਾਹੌਲ ਮੌਜੂਦ ਨਹੀਂ। ਫਿਰ ਵੀ ਵੇਖਿਆ ਇਹ ਗਿਆ ਹੈ ਕਿ ਕਦੀ ਕੋਈ ਇਨਸਾਨੀ ਮਸਲਾ ਅਜਿਹਾ ਨਹੀਂ ਹੋ ਸਕਦਾ ਜਿਸ ਦਾ ਸਪਸ਼ਟ ਹਲ ਨਾ ਲਭਿਆ ਜਾ ਸਕੇ। ਗੱਲ ਸਿਰਫ ਇਸ ਦਿਸ਼ਾ ਵਿੱਚ ਸੁਹਿਰਦ ਯਤਨ ਕਰਨ ਦੀ ਹੁੰਦੀ ਹੈ ਅਤੇ ਫਿਰ ਤਲਾਸ਼ੇ ਗਏ ਹਲ ਨੂੰ ਸਬੰਧਤ ਧਿਰਾਂ ਵੱਲੋਂ ਸਹਿਮਤੀ ਦਿੰਦੇ ਹੋਏ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੁੰਦੀ ਹੈ।

‘ਸਿੱਖੀ’ ਨੁੰ ਇੱਕ ਧਰਮ ਦੇ ਤੌਰ ਤੇ ਕਿਆਸਦੇ ਹੋਏ ‘ਸਿਖ’ ਦੇ ਬਾਰੇ ਸਾਦੇ ਸ਼ਬਦਾਂ ਵਿੱਚ ਦੱਸਣਾਂ ਹੋਵੇ ਤਾਂ ‘ਸਿਖ’ ਉਹ ਵਿਅਕਤੀ ਹੈ ਜਿਸ ਨੇ ‘ਸਿਖ ਧਰਮ’ ਨੂੰ ਅਪਣਾਇਆ ਹੋਇਆ ਹੋਵੇ। ਪਰੰਤੂ ਇੱਥੇ ਸਾਨੂੰ ਪਹਿਲਾਂ ਇਹ ਵੇਖਣਾ ਪਵੇਗਾ ਕਿ ‘ਧਰਮ’ ਦੇ ਕੀ ਅਰਥ ਹਨ, ਮੂਲ ਰੂਪ ਵਿੱਚ ਸ਼ਬਦ ‘ਸਿਖ’ ਦੀ ਕੀ ਵਿਆਖਿਆ ਹੋਵੇਗੀ ਅਤੇ ‘ਸਿੱਖੀ’ ਨੂੰ ਇੱਕ ਧਰਮ ਦੇ ਤੌਰ ਤੇ ਕਿਆਸਣ ਦੇ ਕੀ ਅਰਥ ਹੋ ਸਕਦੇ ਹਨ। ਇਹਨਾਂ ਪੱਖਾਂ ਪ੍ਰਤੀ ਸਪਸ਼ਟ ਹੋਣ ਉਪਰੰਤ ਹੀ ਅਸੀਂ ਇਹ ਨਿਰਨਾ ਕਰਨ ਦੇ ਯੋਗ ਹੋ ਸਕਾਂਗੇ ਕਿ ਕੀ ‘ਸਿਖ ਧਰਮ’ ਕਦੀ ਹੋਂਦ ਵਿੱਚ ਆਇਆ ਵੀ ਸੀ ਕਿ ਨਹੀਂ ਅਤੇ ਜਿਸਨੂੰ ਅਜ ‘ਸਿਖ ਧਰਮ’ ਕਿਹਾ ਜਾਂਦਾ ਹੈ ਉਸ ਦੀ ਅਸਲੀ ਨੁਹਾਰ ਕੀ ਬਣਦੀ ਹੈ। ਇਸ ਨਿਰਨੇ ਦੇ ਅਧਾਰ ਤੇ ਹੀ ‘ਸਿਖ’ ਦੀ ਸਹੀ ਪਛਾਣ ਨਿਰਧਾਰਤ ਹੋ ਸਕੇਗੀ।

ਧਰਮ

ਪਹਿਲਾਂ ਅਸੀਂ ‘ਧਰਮ’ ਨੂੰ ਹੀ ਲੈਂਦੇ ਹਾਂ। ਧਰਮ ਦਾ ਅੰਗਰੇਜ਼ੀ ਵਿੱਚ ਪਰਿਆਇਵਾਚੀ ਸ਼ਬਦ ‘ਰਿਲੀਜਨ’ (religion) ਵਰਤੋਂ ਵਿੱਚ ਆਉਂਦਾ ਹੈ। ‘ਧਰਮ’ ਅਤੇ ‘ਰਿਲੀਜਨ’ ਸ਼ਬਦਾਂ ਦੀ ਵਿਉਤੱਪਤੀ (etymology) ਵੱਲ ਨਾ ਜਾਂਦਿਆਂ ਸੰਖੇਪ ਵਿੱਚ ‘ਧਰਮ’ ਦਾ ਅਰਥ ਹੈ ਕਿਸੇ ਵਿਸ਼ੇਸ਼ ਮਨੁੱਖੀ ਤਬਕੇ ਵੱਲੋਂ ਮਾਨਤਾ ਪਰਾਪਤ ਸਾਂਝੇ ਵਿਸ਼ਵਾਸਾਂ ਅਤੇ ਉਹਨਾਂ ਨਾਲ ਸਬੰਧਤ ਸਾਂਝੇ ਕਰਮ-ਕਾਂਡਾਂ ਦਾ ਸਮੁੱਚ। ਸਪਸ਼ਟ ਹੈ ਕਿ ‘ਧਰਮ’ ਇੱਕ ਸਮੂਹਿਕ ਵਰਤਾਰਾ ਹੈ ਅਤੇ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਅਪਣਾਏ ਗਏ ਨਿਵੇਕਲੇ ਵਿਸ਼ਵਾਸ ਅਤੇ ਸਬੰਧਤ ਕਰਮ-ਕਾਂਡ ‘ਧਰਮ’ ਦੀ ਸਹੀ ਪਰੀਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਣਗੇ। ਸਾਰੇ ਸੰਸਾਰ ਵਿੱਚ ਚਾਰ ਹਜ਼ਾਰ ਤੋਂ ਵੀ ਵਧੇਰੇ ਅਜਿਹੇ ਸਮੂਹਿਕ ‘ਧਰਮ’ ਹਨ ਜਿਹਨਾਂ ਵਿੱਚੋਂ, ਹਰੇਕ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਦੇ ਹਿਸਾਬ ਨਾਲ, ਇਸਾਈ ਧਰਮ, ਇਸਲਾਮ ਧਰਮ, ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਯਹੂਦੀ ਧਰਮ ਪਰਮੁੱਖ ਸਮਝੇ ਜਾਂਦੇ ਹਨ। ‘ਸਿੱਖੀ’ ਨੂੰ ਧਰਮ ਦੇ ਤੌਰ ਤੇ ਦਰਸਾਉਣ ਵਾਲੇ ਲੋਕਾਂ ਵਲੋਂ ਆਪਣੇ ਇਸ ਧਰਮ ਨੂੰ ਦੁਨੀਆਂ ਦਾ ਪੰਜਵਾਂ ਧਰਮ ਹੋਣ ਦਾ ਦਾਵਾ ਕੀਤਾ ਜਾਂਦਾ ਹੈ। ਇਹ ਦਿਲਚਸਪੀ ਵਾਲੀ ਗੱਲ ਹੈ ਕਿ ਸੰਸਾਰ ਦੀ ਕੁੱਲ ਅਬਾਦੀ ਵਿੱਚੋਂ 23% ਲੋਕ ਅਜਿਹੇ ਹਨ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਅਤੇ 13% ਲੋਕ ਅਜਿਹੇ ਹਨ ਜੋ ਨਾਸਤਿਕ (ਰੱਬ ਅਤੇ ਹੋਰ ਦੈਵੀ ਸ਼ਕਤੀਆਂ ਦੀ ਹੋਂਦ ਤੋਂ ਇਨਕਾਰੀ) ਹਨ। ਸੰਸਾਰ ਵਿੱਚ ਅਜਿਹੇ ਦੋਨੋਂ ਤਰ੍ਹਾਂ ਦੇ ਲੋਕਾਂ ਦਾ ਪ੍ਰਤੀਸ਼ਤ ਦਿਨੋ-ਦਿਨ ਵਧ ਰਿਹਾ ਹੈ। ਪਰੰਤੂ ਕਿਧਰੇ ਵੀ ਕਿਸੇ ਧਰਮ ਨੂੰ ਨਾ ਮੰਨਣ ਕਰ ਕੇ ਜਾਂ ਨਾਸਤਿਕ ਹੋਣ ਕਰਕੇ ਸਬੰਧਤ ਲੋਕਾਂ ਦੇ ਨਾਗਰਿਕ ਹੱਕਾਂ ਉੱਤੇ ਕੋਈ ਨਾਂਹ-ਪੱਖੀ ਪਰਭਾਵ ਨਹੀਂ ਪੈਂਦਾ।

ਜੇਕਰ ਜ਼ਰਾ ਡੂੰਘਾਈ ਵਿੱਚ ਜਾ ਕੇ ਵਿਆਖਿਆ ਕਰਨੀ ਹੋਵੇ ਤਾਂ ਸਾਨੂੰ ‘ਧਰਮ’ ਦੇ ਹੇਠਾਂ ਦਿੱਤੇ ਮੁੱਖ ਪਹਿਲੂ ਨਜ਼ਰੀਂ ਪੈਂਦੇ ਹਨ:

1. ਕੋਈ ਵਿਸ਼ੇਸ਼ ਜਨ-ਸਮੂਹ (ਮਨੁੱਖੀ ਤਬਕਾ) ਜਿਸ ਦੇ ਧਰਮ ਦੀ ਗੱਲ ਹੋ ਰਹੀ ਹੈ।

2. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸ।

3. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸਾਂ ਅਤੇ ਸਬੰਧਤ ਕਾਰ-ਵਿਹਾਰ ਦਾ ਬਾਨੀ ਅਵਤਾਰ ਪੁਰਸ਼ (ਪੈਗੰਬਰ)।

4. ਇਸ ਜਨ-ਸਮੂਹ ਵਿੱਚ ਦੈਵੀ ਸ਼ਕਤੀ/ਸ਼ਕਤੀਆਂ ਦੀ ਮਾਨਤਾ।

5. ਇਸ ਜਨ-ਸਮੂਹ ਵਿੱਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਮਨੁੱਖੀ ਜੀਵਾਂ ਨਾਲ ਸਰੋਕਾਰ।

6. ਇਸ ਜਨ-ਸਮੂਹ ਵਿੱਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਬ੍ਰਹਿਮੰਡ ਨਾਲ ਸਰੋਕਾਰ।

7. ਇਸ ਜਨ-ਸਮੂਹ ਵਿੱਚ ਪਰਚਲਤ ਵਿਸ਼ੇਸ਼ ਪੂਜਾ ਵਿਧੀਆਂ ਅਤੇ ਰਹੁ-ਰੀਤਾਂ।

8. ਇਸ ਜਨ-ਸਮੂਹ ਵਿੱਚ ਪਰਚਲਤ ਵਿਸ਼ੇਸ਼ ਅਰਦਾਸ ਵਿਧੀ।

9. ਇਸ ਜਨ-ਸਮੂਹ ਵਿੱਚ ਪਰਚਲਤ ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੰਕਲਪ।

10. ਇਸ ਜਨ-ਸਮੂਹ ਵਿੱਚ ਕਰਾਮਾਤੀ ਸ਼ਕਤੀਆਂ ਅਤੇ ਗੈਰ-ਕੁਦਰਤੀ ਵਰਤਾਰੇ ਨੂੰ ਮਾਨਤਾ।

11. ਇਸ ਜਨ-ਸਮੂਹ ਦੇ ਵਿਸ਼ੇਸ਼ ਧਾਰਮਿਕ ਗ੍ਰੰਥ।

12. ਇਸ ਜਨ-ਸਮੂਹ ਦਾ ਵਿਸ਼ੇਸ਼ ਪੌਰਾਣਿਕ ਸਾਹਿਤ (ਲਿਖਤੀ ਜਾਂ ਮੌਖਿਕ)।

13. ਇਸ ਜਨ-ਸਮੂਹ ਨਾਲ ਸਬੰਧਤ ਸਾਂਝਾ ਇਤਹਾਸ ਅਤੇ ਫੁਟਕਲ ਲਿਖਤਾਂ।

14. ਇਸ ਜਨ-ਸਮੂਹ ਦੀਆਂ ਮਾਨਤਾ-ਪਰਾਪਤ ਨੈਤਿਕ ਧਾਰਨਾਵਾਂ।

15. ਇਸ ਜਨ-ਸਮੂਹ ਦੇ ਲੋਕਾਂ ਲਈ ਨਿਰਧਾਰਤ ਵਿਸ਼ੇਸ਼ ਸਰੀਰਕ ਦਿੱਖ।

ਉਪਰੋਕਤ ਤੋਂ ਸਪਸ਼ਟ ਹੈ ਕਿ ‘ਧਰਮ’ ਦੇ ਸੰਦਰਭ ਵਿੱਚ ਮੁੱਢਲੇ ਤੌਰ ਤੇ ਹੇਠਾਂ ਦਿੱਤੀਆਂ ਦੋ ਸਥਿਤੀਆਂ ਗੈਰਹਾਜ਼ਰ ਹਨ:

1. ਕਿਸੇ ਧਰਮ ਵਿਸ਼ੇਸ਼ ਨਾਲ ਸਬੰਧਤ ਜਨ-ਸਮੂਹ ਦੀਆਂ ਜੁਗਿਰਾਫੀਆਈ ਸੀਮਾਵਾਂ।

2. ਕਿਸੇ ਧਰਮ ਵਿਸ਼ੇਸ਼ ਨਾਲ ਸਬੰਧਤ ਜਨ-ਸਮੂਹ ਦੀਆਂ ਰਾਜਨੀਤਕ ਆਕਾਂਖਿਆਵਾਂ।

ਧਰਮ ਦੀ ਉੱਪਰ ਆਈ ਸੰਖੇਪ ਵਿਆਖਿਆ ਦੇ ਹਿਸਾਬ ਨਾਲ ਸਿਖ ਅਖਵਾਉਣ ਵਾਲੇ ਭਾਈਚਾਰੇ ਵਿੱਚ ਪਰਚਲਤ ਸਾਂਝੇ ਵਿਸ਼ਵਾਸਾਂ ਅਤੇ ਕਾਰ-ਵਿਹਾਰ ਨੂੰ ‘ਧਰਮ’ ਦੇ ਤੌਰ ਤੇ ਵਾਚਣ ਲਈ ਸਾਨੂੰ ਪਹਿਲਾਂ ‘ਸਿਖ’ ਸ਼ਬਦ ਦੇ ਅਰਥਾਂ ਉੱਤੇ ਨਿਗਾਹ ਮਾਰਨੀ ਪਵੇਗੀ।

ਸਿਖ

‘ਸਿਖ’ ਸ਼ਬਦ ਦੇ ਅਰਥਾਂ ਨੂੰ ਘੋਖਣ ਹਿਤ ਇਸ ਸ਼ਬਦ ਦੀ ਵਿਉਤਪੱਤੀ ਦੀ ਅਕਾਦਮਿਕ ਵਿਆਖਿਆ ਵਿੱਚ ਪੈਣ ਦੀ ਬਜਾਇ ਅਸੀਂ ਆਪਣਾ ਧਿਆਨ ਸਿੱਧਾ ਹੀ ਇਸ ਸ਼ਬਦ ਦੇ ਗੁਰਬਾਣੀ ਵਿੱਚ ਉਪਲਭਦ ਅਰਥਾਂ ਉੱਤੇ ਫੋਕਸ ਕਰਾਂਗੇ। ਸਿਖ ਭਾਈਚਾਰੇ ਦੇ ਇੱਕੋ-ਇਕ ਪਵਿੱਤਰ ਗ੍ਰੰਥ ਵਿੱਚ ਸ਼ਾਮਲ ਸਮੁੱਚੀ ਰਚਨਾ ਨੂੰ ਗੁਰਬਾਣੀ ਕਿਹਾ ਜਾਂਦਾ ਹੈ ਅਤੇ ਗੁਰਬਾਣੀ ਦੇ ਸੰਦੇਸ਼-ਉਪਦੇਸ਼ ਨੂੰ ਸਿੱਖਾਂ ਵਾਸਤੇ ਦਸ ਦੇਹਧਾਰੀ ਗੁਰੂਆਂ ਤੋਂ ਬਾਦ ਅਗਲੇ ਗੁਰੂ ਦਾ ਦਰਜਾ ਪਰਾਪਤ ਹੈ ਪਰੰਤੂ ਗੁਰਬਾਣੀ ਵਿੱਚ ਮੁੱਖ ਤੌਰ ਤੇ ‘ਗੁਰੂ’ ਪ੍ਰਭੂ-ਪਰਮੇਸ਼ਵਰ ਨੂੰ ਕਿਹਾ ਗਿਆ ਹੈ। ਗੁਰਬਾਣੀ ਦਾ ਮੁੱਖ ਟੀਚਾ ਮਨੁੱਖ ਨੂੰ ਪ੍ਰਭੂ-ਪਰਮੇਸ਼ਵਰ ਦੀ ਉਸਤਤੀ ਕਰਨ ਅਤੇ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ ਪਰਦਾਨ ਕਰਨਾ ਹੈ। ਗੁਰਬਾਣੀ ਰਾਹੀਂ ਪਰਾਪਤ ਹੁੰਦੀ ਸਮੁੱਚੀ ਸਿਖਿਆ ਦੇ ਵਿਧਾਨ ਨੂੰ ‘ਗੁਰਮੱਤ’ ਦਾ ਨਾਮ ਦਿੱਤਾ ਜਾਂਦਾ ਹੈ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ‘ਸਿਖ’ ਸ਼ਬਦ ਦੇ ਹਵਾਲੇ ਮਿਲਦੇ ਹਨ ਜਿਹਨਾਂ ਵਿੱਚੋਂ ਦੋ ਹੇਠਾਂ ਪੇਸ਼ ਕੀਤੇ ਜਾ ਰਹੇ ਹਨ:

1.

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥

ਆਪਣੈ ਭਾਣੈ ਜੋ ਚਲੇ ਭਾਈ ਵਿਛੁੜਿ ਚੋਟਾ ਖਾਵੈ॥

(ਪਵਿੱਤਰ ਗ੍ਰੰਥ: ਪੰਨਾ 601)

ਸਖਾ = ਬੇਲੀ, ਦੋਸਤ, ਬੰਧਪੁ = ਰਿਸ਼ਤੇਦਾਰ, ਆਪਣੈ ਭਾਣੈ ਜੋ ਚਲੇ = ਜੋ ਹਉਮੇ ਅਤੇ ਸਵਾਰਥੀ ਰੁਚੀਆਂ ਦਾ ਗੁਲਾਮ ਹੋਕੇ ਮਨੁੱਖੀ ਹੱਕਾਂ ਦੀ ਰਖਵਾਲੀ ਤੋਂ ਪਾਸਾ ਵੱਟੇ।

2.

ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥

ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ॥

ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੈ॥

ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ॥

ਕਹੈ ਨਾਨਕੁ ਸੁਨਹੁ ਸੰਤਹੁ ਸੋ ਸਿਖ ਸਨਮੁਖੁ ਹੋਇ॥

(ਪਵਿੱਤਰ ਗ੍ਰੰਥ: ਪੰਨਾ 919)

ਗੁਰੂ = ਪ੍ਰਭੂ, ਸਨਮੁਖੁ = ਪ੍ਰਭੂ ਨਾਲ ਇਕ-ਮਿਕ, ਅੰਤਰ = ਵਿੱਚ ਜਾਂ ਅੰਦਰਲੇ, ਆਤਮੈ = ਆਪਣਾ-ਆਪ (self), ਸਮਾਲੈ = ਸੰਭਾਲ ਕੇ ਰੱਖੇ ਭਾਵ ਚੇਤੇ ਵਿੱਚ ਰੱਖੇ, ਪਰਣੈ = ਪੂਰਨ ਤੌਰ ਤੇ ਸਮਰਪਿਤ, ਸੰਤ (ਜਿਸ ਤੋਂ ‘ਸੰਤਹੁ’ ਬਣਿਆਂ ਹੈ) = ਪੂਰਨ ਤੌਰ ਤੇ ਜਾਗਰੂਕ ਮਨੁੱਖ

ਗੁਰਮੱਤ ਦੇ ਅਧਾਰ ਤੇ ਸਿਖ ਦੀ ਜੋ ਪਛਾਣ ਬਣਦੀ ਹੈ ਉਸ ਅਨੁਸਾਰ ‘ਸਿਖ’ ਉਹ ਵਿਅਕਤੀ ਹੈ ਜੋ

1. ਪ੍ਰਭੂ-ਪਰਮੇਸ਼ਵਰ ਪ੍ਰਤੀ ਪੂਰਨ ਤੌਰ ਤੇ ਸ਼ਰਧਾਵਾਨ ਅਤੇ ਸਮਰਪਿਤ ਹੋਵੇ।

2. ਹਰ ਪਲ ਸੁਚੇਤ ਤੌਰ ਤੇ ਪ੍ਰਭੂ-ਪਰਮੇਸ਼ਵਰ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖੇ।

3. ਪ੍ਰਭੂ-ਪਰਮੇਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਹਧਾਰੀ ਜਾਂ ਕਾਲਪਨਿਕ ਹਸਤੀ ਪ੍ਰਤੀ ਸ਼ਰਧਾ ਨਾ ਰੱਖੇ।

4. ਆਪਣੇ ਆਪੇ (self) ਨੂੰ ਪ੍ਰਭੂ-ਪਰਮੇਸ਼ਵਰ ਦੀ ਹੋਂਦ ਦਾ ਇੱਕ ਅੰਸ਼ ਸਮਝੇ।

5. ਹਰ ਸਮੇਂ ਪ੍ਰਭੂ ਦਾ ਗੁਣਗਾਨ ਕਰਦਾ ਰਵ੍ਹੇ।

6. ਹਰ ਸਥਿਤੀ ਵਿੱਚ ਪ੍ਰਭੂ ਦੇ ਭਾਣੇ ਨੂੰ ਸਵੀਕਾਰ ਕਰੇ।

7. ਆਪਣੇ ਮਨ ਵਿੱਚੋਂ ਹਉਮੈ ਅਤੇ ਹੰਕਾਰ ਨੂੰ ਹਰ ਪਲ ਦੂਰ ਰੱਖੇ।

8. ਆਤਮ-ਚੀਨਣ (self-analysis) ਕਰਦਾ ਹੋਇਆ ਰੱਬੀ ਗੁਣਾਂ ਦਾ ਧਾਰਨੀ ਬਣੇ।

9. ਸਮਾਜ ਵਿੱਚ ਹੱਕ, ਸੱਚ ਅਤੇ ਨਿਆਂ ਦੀ ਸਥਾਪਤੀ ਲਈ ਹਰ ਕੁਰਬਾਨੀ ਦੇਣ ਲਈ ਅੱਗੇ ਆਵੇ।

ਪਹਿਲਾਂ-ਪਹਿਲ ਗੁਰਮੱਤ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਲਈ ‘ਸਨਮੁੱਖ’ ਅਤੇ ‘ਗੁਰਮੁੱਖ’ ਸ਼ਬਦ ਵਰਤੋਂ ਵਿੱਚ ਰਹੇ ਸਨ ਪਰੰਤੂ ਬਾਦ ਵਿੱਚ ਇਹਨਾਂ ਲਈ ‘ਸਿਖ’ ਸ਼ਬਦ ਵਧੇਰੇ ਪਰਚਲਤ ਹੋ ਗਿਆ। ਜਿਵੇਂ ਕਿ ਸਭਨਾਂ ਨੂੰ ਪਤਾ ਹੀ ਹੈ ਪਵਿੱਤਰ ‘ਆਦਿ ਗ੍ਰੰਥ’ ਦਾ ਸੰਕਲਨ ਪੰਜਵੇਂ ਗੁਰੂ ਅਰਜਨ ਦੇਵ ਨੇ ਕੀਤਾ ਸੀ ਅਤੇ ਇਸ ਵਿੱਚ ਦਰਜ ਰਚਨਾ ਰਾਹੀਂ ‘ਸਿਖ’ ਦੀ ਪਛਾਣ ਸਪਸ਼ਟ ਰੂਪ ਵਿੱਚ ਉੱਘੜ ਕੇ ਸਾਹਮਣੇ ਆਉਂਦੀ ਸੀ। ਇਸ ਲਈ ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਛੇਵੇਂ ਗੁਰੂ ਤੋਂ ਲੈ ਕੇ ਕਿਸੇ ਹੋਰ ਗੁਰੂ ਨੇ ‘ਸਿਖ’ ਦੀ ਇਸ ਪਛਾਣ ਵਿੱਚ ਕੋਈ ਤਬਦੀਲੀ ਤਾਂ ਨਹੀਂ ਲਿਆਂਦੀ ਸੀ। ਇੱਥੇ ਕੁੱਝ ਲੋਕ ਗੁਰੂ ਗੋਬਿੰਦ ਸਿੰਘ ਦਾ ਹਵਾਲਾ ਦੇਣਾ ਚਾਹੁਣਗੇ ਜਿਹਨਾਂ ਨੇ ‘ਸਨਮੁਖ’, ‘ਗੁਰਮੁਖ’ ਅਤੇ ‘ਸਿਖ’ ਦੇ ਨਾਲ-ਨਾਲ ‘ਖਾਲਸਾ’ ਅਤੇ ‘ਸਿੰਘ/ਕੌਰ’ ਸ਼ਬਦ ਵੀ ਪਰਚਲਤ ਕੀਤੇ ਅਤੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਵਿਸ਼ੇਸ਼ ਸਰੀਰਕ ਦਿੱਖ ਅਤੇ ਅਨੂਠੇ ਜੋਸ਼ ਦੀ ਭਾਵਨਾ ਪਰਦਾਨ ਕੀਤੀ। ਪਰੰਤੂ ਦੱਸਵੇਂ ਗੁਰੂ ਨੇ ਨਾ ਹੀ ਕੋਈ ਨਵਾਂ ‘ਪੰਥ’ ਸਾਜਿਆ ਸੀ ਅਤੇ ਨਾ ਹੀ ਉਹਨਾਂ ਨੇ ਗੁਰਮੱਤ ਅਧਾਰਿਤ ‘ਸਿਖ’ ਦੇ ਸੰਕਲਪ ਵਿੱਚ ਕੋਈ ਤਬਦੀਲੀ ਲਿਆਂਦੀ ਸੀ। ਦੱਸਵੇਂ ਗੁਰੂ ਨੇ ਆਪਣੇ ਪੈਰੋਕਾਰਾਂ ਨੂੰ ਕਿਸੇ ਵੀ ਧਰਮ ਨੂੰ ਮਾਨਤਾ ਦੇਣ ਤੋਂ ਰੋਕ ਦਿੱਤਾ ਸੀ ਅਤੇ ਉਹਨਾਂ ਨੇ ਪਵਿੱਤਰ ਗ੍ਰੰਥ ਵਿੱਚ ਸ਼ਾਮਲ ਗੁਰਬਾਣੀ ਨੂੰ ਅਗਲਾ ਅਤੇ ਸਦੀਵੀ ਗੁਰੂ ਥਾਪ ਕੇ ਇਸ ਰਾਹੀਂ ਪਰਾਪਤ ਹੁੰਦੀ ਸਿਖ ਦੀ ਪਛਾਣ ਨੂੰ ਹੋਰ ਵੀ ਪਰਪੱਕ ਕਰ ਦਿੱਤਾ ਸੀ।

ਸਿਖ ਲਹਿਰ

ਆਮ ਕਰਕੇ ਗੁਰੂ ਨਾਨਕ ਨੂੰ ‘ਸਿਖ ਧਰਮ’ ਦਾ ਬਾਨੀ ਕਹਿ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਅਵਤਾਰ/ਪੈਗੰਬਰ ਦਾ ਰੁਤਬਾ ਵੀ ਦੇ ਦਿੱਤਾ ਜਾਂਦਾ ਹੈ। ਪਰੰਤੂ ਗਹੁ ਨਾਲ ਵੇਖਣ ਤੇ ਪਤਾ ਲੱਗਦਾ ਹੈ ਕਿ ਨਾ ਤਾਂ ਗੁਰੂ ਨਾਨਕ ਅਵਤਾਰ ਸਨ ਅਤੇ ਨਾ ਹੀ ਉਹਨਾਂ ਨੇ ਸੰਸਾਰ ਦੇ ਦੂਜੇ ਧਰਮਾਂ ਦੇ ਮੁਕਾਬਲੇ ਤੇ ਕੋਈ ਨਵਾਂ ਧਰਮ ਚਾਲੂ ਨਹੀਂ ਕੀਤਾ ਸੀ। ਸਗੋਂ ਉਹਨਾਂ ਨੇ ਇੱਕ ਸੁਧਾਰਵਾਦੀ ਲਹਿਰ ਚਲਾਈ ਸੀ ਜਿਸਦਾ ਨਿਸ਼ਾਨਾ ਇੱਕ ਪਾਸੇ ਮਨੁੱਖ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਯਕੀਨੀ ਬਣਾਉਣਾ ਸੀ ਅਤੇ ਦੂਸਰੇ ਪਾਸੇ ਸਮਾਜਕ ਢਾਂਚੇ ਦਾ ਸਮੁੱਚੇ ਰੂਪ ਵਿੱਚ ਕਾਇਆ ਕਲਪ ਕਰਨਾ ਸੀ। ਪਰੰਤੂ ਉਹਨਾਂ ਦੀ ਦ੍ਰਿਸ਼ਟੀ ਦਾ ਫੋਕਸ ਕਿਸੇ ਇੱਕ ਖਿੱਤੇ ਵਿਸ਼ੇਸ਼ ਦਾ ਮਨੁੱਖ ਜਾਂ ਸਮਾਜ ਨਹੀਂ ਸੀ; ਉਹ ਤਾਂ ਧਰਤੀ ਉਤਲੀ ਸਾਰੀ ਲੋਕਾਈ ਨੂੰ ਆਪਣੀ ਸੋਚ ਅਤੇ ਇਸ ਵਿੱਚੋਂ ਉਪਜੀ ਲਹਿਰ ਦੇ ਕਲਾਵੇ ਵਿੱਚ ਲਿਆਉਣਾ ਚਾਹੁੰਦੇ ਸਨ। ਜੇਕਰ ਇਸ ਲਹਿਰ ਦੇ ਇਤਿਹਾਸਕ ਅਤੇ ਦਾਰਸ਼ਨਿਕ ਪਹਿਲੂਆਂ ਨੂੰ ਇੱਕ ਸ਼ਬਦ-ਰੂਪ ਰਾਹੀਂ ਪਰਗਟ ਕਰਨਾ ਹੋਵੇ ਇਹ ਸ਼ਬਦ-ਰੂਪ ਹੈ ‘ਮਾਨਵਵਾਦ’ (humanism)। ਮਾਨਵਵਾਦ ਉਨ੍ਹੀਵੀਂ ਸਦੀ ਈਸਵੀ ਤੋਂ ਲੈ ਕੇ ਸੰਸਾਰ ਭਰ ਵਿੱਚ ਮਨੁੱਖੀ ਹਿਤਾਂ ਦਾ ਸਭ ਤੋਂ ਤਾਕਤਵਰ ਅਤੇ ਪਰਭਾਵਸ਼ਾਲੀ ਸੰਕਲਪ ਬਣਿਆਂ ਆ ਰਿਹਾ ਹੈ। ਮਾਨਵਵਾਦ ਇੱਕ ਐਸਾ ਧਰਮ-ਨਿਰਪੇਖ (secular) ਫਲਸਫਾ ਹੈ ਜੋ ਕਰਾਮਾਤ ਅਤੇ ਧਾਰਮਿਕ ਕੱਟੜਤਾ (fundamentalism) ਨੂੰ ਪੂਰੀ ਤਰ੍ਹਾਂ ਨਕਾਰਦਾ ਹੋਇਆ ਸਮਾਜਕ ਵਰਤਾਰੇ ਵਿੱਚ ਕੇਵਲ ਤਰਕ, ਨੈਤਿਕਤਾ ਅਤੇ ਨਿਆਂ ਦੀ ਪਰੋੜਤਾ ਕਰਦਾ ਹੈ। ਮਾਨਵਵਾਦੀ ਵਿਚਾਰਧਾਰਾ ਦੇ ਅਮਲ ਦੇ ਘੇਰੇ ਵਿੱਚ ਤਿੰਨ ਪਰਮੁੱਖ ਖੇਤਰ ਆਉਂਦੇ ਹਨ: ਮਨੁੱਖੀ ਹੱਕ (human rights), ਮਨੁੱਖੀ ਵਕਾਰ (human dignity) ਅਤੇ ਮਨੁੱਖੀ ਭਲਾਈ (human welfare)। ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਨੇ ਮਾਨਵਵਾਦ ਦਾ ਇਹ ਫਲਸਫਾ ਯੂਰਪ ਦੇ ਵਿਦਵਾਨਾਂ ਤੋਂ ਤਿੰਨ ਸਦੀਆਂ ਪਹਿਲਾਂ ਹੀ ਦੇ ਦਿੱਤਾ ਸੀ। ਇਤਨਾ ਹੀ ਨਹੀਂ, ਉਹਨਾਂ ਨੇ ਦੇਸ-ਵਿਦੇਸ਼ ਵਿੱਚ ਇਸ ਸੰਕਲਪ ਦਾ ਪਰਚਾਰ ਕੀਤਾ, ਸਾਰੀ ਉਮਰ ਇਸ ਨੂੰ ਸਮਰਪਿਤ ਰਹੇ ਅਤੇ ਉਹਨਾਂ ਨੇ ਆਪਣੀਆਂ ਕਾਵਿ-ਮਈ ਰਚਨਾਵਾਂ ਰਾਹੀਂ ਇਸ ਦੀ ਵਿਆਖਿਆ ਅਤੇ ਸਿਖਿਆ ਨੂੰ ਕਲਮਬੰਦ ਵੀ ਕੀਤਾ। ਉਹਨਾਂ ਨੇ ਮਾਨਵਵਾਦ ਦੇ ਪਰਚਾਰ ਦਾ ਕਾਰਜ ਆਪਣੇ ਉੱਤਰ-ਅਧਿਕਾਰੀਆਂ ਅਤੇ ਪੈਰੋਕਾਰਾਂ ਰਾਹੀਂ ਅੱਗੇ ਨੂੰ ਤੋਰਿਆ। ਸਭਿਆਤਾਵਾਂ ਦੇ ਇਤਹਾਸ ਵਿੱਚ ਹਰੇਕ ਧਰਮ ਵਿੱਚ ਕੱਟੜਤਾ ਦਾ ਪੈਦਾ ਹੋ ਜਾਣਾ ਬਣਿਆਂ ਰਿਹਾ ਹੈ। ਇੱਸੇ ਕਰਕੇ ਧਰਮ ਸਦਾ ਹੀ ਗੰਭੀਰ ਵਿਰੋਧਾਭਾਸ ਦਾ ਸ਼ਿਕਾਰ ਰਿਹਾ ਹੈ। ਜਿੱਥੇ ਇੱਕ ਪਾਸੇ ਧਰਮ ਮਨੁੱਖਤਾ ਨੂੰ ਅਧਿਆਤਮਿਕਤਾ, ਸਦਾਚਾਰ, ਨੈਤਿਕਤਾ ਅਤੇ ਸਿਹਤਮੰਦ ਕਦਰਾਂ-ਕੀਮਤਾਂ ਦਾ ਸੰਦੇਸ਼ ਦਿੰਦਾ ਆ ਰਿਹਾ ਹੈ ਉੱਥੇ ਦੂਸਰੇ ਪਾਸੇ ਇਹ ਮਨੁੱਖਤਾ ਵਿੱਚ ਅਸਹਿਣਸ਼ੀਲਤਾ, ਨਫਰਤ, ਡਰ ਅਤੇ ਦੁਸ਼ਮਣੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਵੀ ਪਿੱਛੇ ਨਹੀਂ ਰਿਹਾ। ਇਸ ਤਰ੍ਹਾਂ ਧਰਮ ਨੇ ਮਨੁੱਖਤਾ ਦਾ ਨੁਕਸਾਨ ਜ਼ਿਆਦਾ ਕੀਤਾ ਹੈ ਅਤੇ ਫਾਇਦਾ ਘਟ। ਗੁਰੂ ਨਾਨਕ ਵੱਲੋਂ ਚਲਾਈ ਗਈ ਸਿਖ ਲਹਿਰ ਦਾ ਇੱਕ ਨਿਸ਼ਾਨਾ ਧਰਮ ਦੇ ਸੰਕਲਪ ਨੂੰ ਨਕਾਰਦੇ ਹੋਏ ਧਾਰਮਿਕ ਕੱਟੜਤਾ ਤੋਂ ਖਹਿੜਾ ਛੁਡਵਾਉਣ ਦਾ ਵੀ ਸੀ ਤਾਂ ਕਿ ਮਨੁੱਖਤਾ ਵਿੱਚ ਪਿਆਰ, ਸ਼ਾਂਤੀ, ਬਰਾਬਰੀ ਅਤੇ ਸਹਿਣਸ਼ੀਲਤਾ ਦਾ ਮਾਹੌਲ ਪੈਦਾ ਕੀਤਾ ਜਾ ਸਕੇ।

ਨਾ ਹਮ ਹਿੰਦੂ ਨ ਮੁਸਲਮਾਨ॥

ਅਲਹ ਰਾਮ ਕੇ ਪਿੰਡ ਪਰਾਨ॥

(ਪਵਿੱਤਰ ਗ੍ਰੰਥ: ਪੰਨਾਂ 1365)

ਜੇਕਰ ਗੁਰੂ ਸਾਹਿਬਾਨ ਨੇ ਕਿਸੇ ਧਰਮ ਦੀ ਲੋੜ ਹੀ ਨਹੀਂ ਸੀ ਸਮਝੀ ਤਾਂ ਉਹਨਾਂ ਨੇ ਕੋਈ ਨਵਾਂ ਧਰਮ ਚਲਾਉਣ ਬਾਰੇ ਕਿਉਂ ਸੋਚਣਾ ਸੀ? ਇਸ ਤਰ੍ਹਾਂ ਜੇ ਸਿਖ ਲਹਿਰ ਦੇ ਫਲਸਫੇ ਅਤੇ ਇਸਦੇ ਅਮਲ ਨੂੰ ‘ਸਿੱਖੀ’ ਦਾ ਨਾਮ ਦੇਣਾ ਹੋਵੇ ਤਾਂ ਇਹ ਮੰਨਣਾਂ ਪਵੇਗਾ ਕਿ ਸਿਖ ਗੁਰੂਆਂ ਨੇ ‘ਸਿੱਖੀ’ ਨੂੰ ਧਰਮ ਦੇ ਤੌਰ ਤੇ ਨਹੀਂ ਸੀ ਹੋਂਦ ਵਿੱਚ ਲਿਆਂਦਾ ਸਗੋਂ ਇਸ ਨੂੰ ਸਮੁੱਚੇ ਸੰਸਾਰ ਦੇ ਧਰਮਾਂ ਦੇ ਬਦਲ ਦੇ ਤੌਰ ਤੇ ਸਥਾਪਤ ਕੀਤਾ ਸੀ

ਸਿਖ ਲਹਿਰ ਦਾ ਪਹਿਲੇ ਢਾਈ ਸੌ ਸਾਲ ਦਾ ਇਤਹਾਸ ਮਾਨਵਵਾਦ ਦੀ ਸਥਾਪਤੀ ਲਈ ਕੀਤੇ ਗਏ ਨਿਵੇਕਲੇ ਸੰਘਰਸ਼ ਦਾ ਇਤਹਾਸ ਹੈ ਅਤੇ ਪੂਰੇ ਸੰਸਾਰ ਵਿੱਚ ਇਸ ਦਾ ਕਿਧਰੇ ਕੋਈ ਸਾਨੀ ਨਹੀਂ ਮਿਲਦਾ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਤਾਂ ਸਿੱਖਾਂ ਨੂੰ ਮਾਨਵਵਾਦੀ ਲਹਿਰ ਦੇ ਪੈਰੋਕਾਰ ਬਣਾਇਆ ਸੀ ਨਾ ਕਿ ਕਿਸੇ ਧਰਮ ਦੇ। ਜੇਕਰ ਧਿਆਨ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਿਖ ਲਹਿਰ ਵਿੱਚ ਧਰਮ ਦੇ ਅੰਸ਼ ਨਜ਼ਰੀਂ ਨਹੀਂ ਪੈਂਦੇ। ਧਰਮ ਦੇ ਮੁੱਢਲੇ ਅੰਸ਼ ਜਿਵੇਂ ਦੈਵੀ ਸ਼ਕਤੀ/ਸ਼ਕਤੀਆਂ ਦੀ ਮਾਨਤਾ, ਦੈਵੀ ਸ਼ਕਤੀ/ਸ਼ਕਤੀਆਂ ਦਾ ਮਨੁੱਖੀ ਜੀਵਾਂ ਨਾਲ ਸਰੋਕਾਰ, ਦੈਵੀ ਸ਼ਕਤੀ/ਸ਼ਕਤੀਆਂ ਦਾ ਬ੍ਰਹਿਮੰਡ ਨਾਲ ਸਰੋਕਾਰ, ਆਤਮਾ (ਰੂਹ) ਦੀ ਹੋਂਦ, ਵਿਸ਼ੇਸ਼ ਪੂਜਾ ਵਿਧੀਆਂ ਅਤੇ ਰਹੁ-ਰੀਤਾਂ, ਵਿਸ਼ੇਸ਼ ਅਰਦਾਸ ਵਿਧੀਆਂ, ਕਰਾਮਾਤੀ ਵਰਤਾਰਾ, ਧਾਰਮਿਕ ਅਤੇ ਪੌਰਾਣਿਕ ਸਾਹਿਤ (ਲਿਖਤੀ ਜਾਂ ਮੌਖਿਕ), ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੰਕਲਪ, ਅਵਤਾਰਵਾਦ ਆਦਿਕ ਸਿਖ ਲਹਿਰ ਨਾਲ ਸਬੰਧਤ ਗੁਰਮੱਤ ਅਧਾਰਿਤ ਵਿਚਾਰਧਾਰਾ ਵਿੱਚੋਂ ਪੂਰੀ ਤਰ੍ਹਾਂ ਗੈਰਹਾਜ਼ਰ ਸਨ। ਜੋ ਕੁੱਝ ਇਸ ਵਿੱਚ ਮੌਜੂਦ ਸੀ ਉਹ ਕੇਵਲ ਅਤੇ ਕੇਵਲ ਮਾਨਵਵਾਦ ਦੀਆਂ ਧਾਰਨਾਵਾਂ ਦਾ ਅਨੁਸਾਰੀ ਸੀ। ਗੁਰਮੱਤ ਆਤਮਾ (ਰੂਹ) ਨੂੰ ਮਾਨਤਾ ਨਹੀਂ ਦਿੰਦੀ ਅਤੇ ਇਹ ਕੁਦਰਤ ਦੇ ਪਸਾਰੇ ਵਿੱਚ ਰਮੇ ਹੋਏ ਨਿਰੰਕਾਰ ਪ੍ਰਭੂ ਨੂੰ ਮਨੁੱਖ ਤੋਂ ਉੱਪਰ ਇੱਕੋ-ਇਕ ਸ਼ਕਤੀ ਮੰਨਦੀ ਹੈ। ਪਰੰਤੂ ਗੁਰਮੱਤ ਦਾ ਪ੍ਰਭੂ ਮਨੁੱਖ ਦੀ ਪਹੁੰਚ ਵਿੱਚ ਹੈ ਅਤੇ ਗੁਰਮੱਤ ਵਿਚਲਾ ਰੱਬ ਦਾ ਸੰਕਲਪ ਅਜਿਹਾ ਹੈ ਜਿਸ ਨੂੰ ਹਰ ਵਿਗਿਆਨੀ ਪੂਰਨ ਰੂਪ ਵਿੱਚ ਮਾਨਤਾ ਪਰਦਾਨ ਕਰੇਗਾ। ਸਿਖ ਲਹਿਰ ਦਾ ਹਰ ਪਹਿਲੂ ਹੀ ਤਰਕ-ਅਧਾਰਿਤ ਅਤੇ ਆਦਰਸ਼ਵਾਦੀ ਹੈ ਅਤੇ ਇਹਨਾਂ ਪਹਿਲੂਆਂ ਵਿੱਚੋਂ ਹੀ ਸਿਖ ਦੀ ਅਸਲੀ ਪਛਾਣ ਉਜਾਗਰ ਹੁੰਦੀ ਹੈ ਜੋ ਉੱਪਰ ਪੇਸ਼ ਕੀਤੀ ਗਈ ਹੈ।

ਸਿਖ ਧਰਮ ਬਨਾਮ ਬ੍ਰਾਹਮਣਵਾਦ

ਗੁਰੂ ਨਾਨਕ ਵੱਲੋਂ ਅਰੰਭੀ ਗਈ ਸਿਖ ਲਹਿਰ ਢਾਈ ਸੌ ਸਾਲ ਦੇ ਅਰਸੇ ਤੱਕ ਆਦਰਸ਼ਕ ਰੂਪ ਵਿੱਚ ਚੱਲੀ। ਰਾਜਸੀ ਤਾਕਤ ਪਰਾਪਤ ਕਰਨਾ ਇਸ ਲਹਿਰ ਦੇ ਮੁੱਢਲੇ ਨਿਸ਼ਾਨਿਆਂ ਵਿੱਚ ਸ਼ਾਮਲ ਨਹੀਂ ਸੀ। ਇੱਸੇ ਕਰਕੇ ਹੀ ਅਠਾਰ੍ਹਵੀਂ ਸਦੀ ਦੇ ਮੱਧ ਦੇ ਨੇੜੇ ਜਾ ਕੇ ਜਦੋਂ ਸਿਖ ਪੈਰੋਕਾਰਾਂ ਵਿੱਚ ਰਾਜਸੀ ਤਾਕਤ ਪਰਾਪਤ ਕਰਨ ਦੀ ਲਾਲਸਾ ਪੈਦਾ ਹੋ ਗਈ ਤਾਂ ਇਹ ਲਹਿਰ ਪਤਨ ਦੇ ਰਾਹ ਪੈ ਗਈ। ਨਾਲ ਹੀ ਧਰਮ ਦੇ ਪ੍ਰਤੀਕਰਮ ਦੇ ਤੌਰ ਤੇ ਹੋਂਦ ਵਿੱਚ ਆਈ ਸਿਖ ਲਹਿਰ ਨੂੰ ਧਰਮ ਦਾ ਰੂਪ ਮਿਲਣਾ ਅਰੰਭ ਹੋ ਗਿਆ। ਸਿਖ ਲਹਿਰ ਨੂੰ ਧਰਮ ਦਾ ਰੂਪ ਦੇਣ ਵਿੱਚ ਬਿੱਪਰਵਾਦੀ ਤਾਕਤਾਂ ਵਿਸ਼ੇਸ਼ ਕਰਕੇ ਨਿਰਮਲੇ ਅਤੇ ਉਦਾਸੀ ਵਿਦਵਾਨ ਪੁਜਾਰੀਆਂ ਦਾ ਪੂਰਾ-ਪੂਰਾ ਹੱਥ ਹੈ। ਅਠਾਰ੍ਹਵੀਂ ਸਦੀ ਈਸਵੀ ਵਿੱਚ ‘ਸਿੱਖੀ’ ਦੇ ਪੈਰੋਕਾਰ ਬੁਰੀ ਤਰ੍ਹਾਂ ਜੰਗਾਂ-ਯੁੱਧਾਂ ਵਿੱਚ ਉਲਝੇ ਰਹੇ ਅਤੇ ਉਹ ਅਨਪੜ੍ਹ ਵੀ ਰਹਿ ਗਏ। ਇੱਸੇ ਸਦੀ ਵਿੱਚ ਉਹਨਾਂ ਦੇ ਹੱਥ ਵਿੱਚ ਰਾਜਸੀ ਤਾਕਤ ਵੀ ਆ ਗਈ ਅਤੇ ਰਾਜਸੀ ਤਾਕਤ ਦੇ ਨਸ਼ੇ ਵਿੱਚ ਉਹ ਸਿਖ ਲਹਿਰ ਦੇ ਫਲਸਫੇ ਅਤੇ ਅਮਲ ਨੂੰ ਪਿੱਠ ਦਿਖਾ ਗਏ। ਇੱਸੇ ਸਮੇਂ ਪਹਿਲਾਂ ਉਦਾਸੀ ਅਤੇ ਫਿਰ ਨਿਰਮਲੇ ਪੁਜਾਰੀਆਂ ਨੇ ਸਿਖ ਭਾਈਚਾਰੇ ਦੇ ਪਰਮੁੱਖ ਪਰਚਾਰ ਕੇਂਦਰਾਂ ਅਤੇ ਗ੍ਰੰਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਨਾਲ ਹੀ ਉਹਨਾਂ ਨੇ ਸਿਖ ਗੁਰੂਆਂ ਸਬੰਧੀ ਬ੍ਰਾਹਮਣਵਾਦੀ ਅਤੇ ਪੌਰਾਣਿਕ ਸਾਹਿਤ ਰਚ ਕੇ ਪਰਚਲਤ ਕਰ ਦਿੱਤਾ ਅਤੇ ਸਿਖ ਲਹਿਰ ਦੇ ਇਤਹਾਸ ਨੂੰ ਵੀ ਬ੍ਰਾਹਮਣਵਾਦੀ ਰੰਗ ਵਿੱਚ ਰੰਗ ਕੇ ਪੇਸ਼ ਕਰਵਾਉਣ ਦਾ ਸਿਲਸਿਲਾ ਜਾਰੀ ਰਖਿੱਆ। ਇਹਨਾਂ ਵਿਧੀਆਂ ਰਾਹੀਂ ਆਖਰ ਉਹ ਸਿਖ ਲਹਿਰ ਨੂੰ ਬ੍ਰਾਹਮਣਵਾਦੀ ਰੰਗਤ ਵਾਲੇ ਧਰਮ ਦਾ ਰੂਪ ਦੇਣ ਵਿੱਚ ਕਾਮਯਾਬ ਹੋ ਗਏ। ਇਸ ਤਰਜ਼ ਤੇ ਹੋਈ ਕਾਰਵਾਈ ਮੁੱਖ ਤੌਰ ਤੇ ਮਹਾਰਜਾ ਰਣਜੀਤ ਸਿੰਘ ਦੇ ਰਾਜ ਸਮੇਂ ਨੇਪਰੇ ਚੜ੍ਹੀ ਅਤੇ ਰਣਜੀਤ ਸਿੰਘ ਨੇ ਆਪਣੇ-ਆਪ ਨੂੰ ਇੱਕ ਬ੍ਰਾਹਮਣਵਾਦੀ ਮਾਡਲ ਦੇ ਤੌਰ ਤੇ ਪੇਸ਼ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਾ ਕੀਤੀ। ਰਣਜੀਤ ਸਿੰਘ ਦੇ ਰਾਜ-ਕਾਲ ਤੋਂ ਲੈ ਕੇ ਹੀ ਮੰਦਰ-ਨੁਮਾ ‘ਗੁਰਦੁਆਰੇ’ ਹੋਂਦ ਵਿੱਚ ਆਉਣੇ ਸ਼ੁਰੂ ਹੋਏ। ਗੁਰੂ ਸਾਹਿਬਾਨ ਨੇ ਕਦੀ ਗੁਰਦੁਆਰੇ ਦਾ ਸੰਕਲਪ ਨਹੀਂ ਦਿੱਤਾ ਸੀ। ਉਹਨਾਂ ਨੇ ਤਾਂ ਪਰਚਾਰ ਕੇਂਦਰ ਖੋਲ੍ਹੇ ਸਨ ਜਿਹਨਾਂ ਨੂੰ ਉਹਨਾਂ ਵੱਲੋਂ ਧਰਮਸਾਲਾਂ ਦਾ ਨਾਮ ਦਿੱਤਾ ਗਿਆ ਸੀ। ਧਰਮਸਾਲ ਵਿੱਚ ਕੇਵਲ ਤਿੰਨ ਹੀ ਕਾਰਜ ਹੋਣੇ ਸਨ:

1. ਗੁਰਬਾਣੀ ਦੀ ਵਿਆਖਿਆ

2. ਗੁਰਬਾਣੀ ਦਾ ਸੰਗੀਤਮਈ ਉਚਾਰਨ ਅਤੇ ਕੀਰਤਨ

3. ਮਨੁੱਖੀ ਭਲਾਈ ਦਾ ਕੋਈ ਕਾਰਜ

ਇਸ ਤੋਂ ਇਲਾਵਾ ਕੋਈ ਹੋਰ ਰਹੁ-ਰੀਤ, ਪੂਜਾ-ਵਿਧੀ ਜਾਂ ਅਰਦਾਸ ਧਰਮਸਾਲ ਦੇ ਅੰਦਰ ਜਾਂ ਬਾਹਰ ਸਿੱਖਾਂ ਨੇ ਨਹੀਂ ਨਿਭਾਉਣੀ ਸੀ। ਪਰੰਤੂ ਬ੍ਰਾਹਮਣਵਾਦੀ ਧਿਰਾਂ ਨੇ ਸਿਖ ਪਰਚਾਰ ਕੇਂਦਰਾਂ ਅਤੇ ਇਤਿਹਾਸਕ ਸਥਾਨਾਂ ਨੂੰ ਗੁਰਦੁਆਰਿਆਂ ਵਿੱਚ ਬਦਲ ਦਿੱਤਾ ਜਿੱਥੇ ਪਵਿੱਤਰ ਗ੍ਰੰਥ ਨੂੰ ਇੱਕ ਮੂਰਤੀ ਵਾਂਗ ਸਜਾ ਕੇ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ ਚਾਲੂ ਕਰਵਾ ਦਿੱਤੇ। ਹੁਣ ‘ਸਿੱਖਾਂ’ ਦਾ ਗੁਰਦੁਆਰਾ ਕਿਸੇ ਤਰ੍ਹਾਂ ਹਿੰਦੂ ਮੰਦਰ ਤੋਂ ਵਖਰਾ ਨਹੀਂ ਸੀ ਰਹਿ ਗਿਆ ਅਤੇ ਇਹੋ ਜਿਹੇ ਸਿਖ ‘ਮੰਦਰ’ ਥਾਂ-ਥਾਂ ਤੇ ਸਥਾਪਤ ਕਰ ਦਿੱਤੇ ਗਏ। ਇੱਥੋਂ ਤਕ ਕਿ ਸਿਖ ਲਹਿਰ ਦੇ ਸਮੇਂ ਦੇ ਪਰਮੁੱਖ ਪਰਚਾਰ ਕੇਂਦਰ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਨਾਮ ਵੀ ‘ਹਰਿਮੰਦਰ’ ਰੱਖ ਦਿੱਤਾ ਗਿਆ (ਗੁਰੂ ਸਾਹਿਬਾਨ ਦੇ ਸਮੇਂ ਦਰਬਾਰ ਸਾਹਿਬ ਦਾ ਹੀ ਨਾਮ ‘ਅੰਮ੍ਰਿਤਸਰ’ ਸੀ ਅਤੇ ਸ਼ਹਿਰ ਦਾ ਨਾਮ ‘ਗੁਰੂ ਕਾ ਚੱਕ’/‘ਰਾਮਦਾਸਪੁਰਾ’ ਸੀ)। ਅਜਿਹੀਆਂ ਯੋਜਨਾਬੱਧ ਕਾਰਵਾਈਆਂ ਦਾ ਮੁੱਖ ਮਨੋਰਥ ਸਿਖ ਦੀ ਪਛਾਣ ਨੂੰ ਪੂਰੀ ਤਰ੍ਹਾਂ ਵਿਗਾੜ ਦੇਣ ਦਾ ਸੀ। ਇਸ ਸਥਿਤੀ ਦਾ ਸਿੱਟਾ ਇਹ ਨਿਕਲਿਆ ਹੈ ਕਿ ਅੱਜ ਸਾਨੂੰ ਸਿਖ ਦੀ ਪਛਾਣ ਉਸ ਰਹਿਤਨਾਮੇ ਰਾਹੀਂ ਕਰਵਾਈ ਜਾਂਦੀ ਹੈ ਜੋ ਬਿੱਪਰਵਾਦੀ ਤਾਕਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਪੇਸ਼ ਕਰਵਾਇਆ ਹੈ। ਰਹਿਤਨਾਮੇ ਰਾਹੀਂ ਪੇਸ਼ ਕੀਤੀ ਗਈ ਸਿਖ ਦੀ ਪਛਾਣ ਹੇਠਾਂ ਦਿੱਤੇ ਅਨੁਸਾਰ ਹੈ:

“ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੋਵੇ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।”

ਸਪਸ਼ਟ ਹੈ ਕਿ ਰਹਿਤਨਾਮੇ ਵਿੱਚ ਦਰਸਾਈ ਗਈ ਸਿਖ ਦੀ ਪਛਾਣ ਗੁਰਮੱਤ ਦੀ ਅਨੁਸਾਰੀ ਨਹੀਂ, ਇਹ ਕਿਸੇ ਸਿਖ ਗਰੂ ਵੱਲੋਂ ਨਿਰਧਾਰਿਤ ਨਹੀਂ ਕੀਤੀ ਹੋਈ ਅਤੇ ਇਸ ਵਿੱਚ ਅਨੇਕਾਂ ਅਸੰਗਤੀਆਂ ਮੌਜੂਦ ਹਨ ਜਿਹਨਾਂ ਉੱਤੇ ਵਿਦਵਾਨ ਲੋਕ ਚਾਨਣਾ ਪਾਉਂਦੇ ਹੀ ਰਹਿੰਦੇ ਹਨ। ਇਹਨਾਂ ਕਾਰਨਾਂ ਕਰਕੇ ਰਹਿਤਨਾਮਿਆਂ ਵਿੱਚੋਂ ਸਿਖ ਦੀ ਵਿਗੜੀ ਹੋਈ ਪਛਾਣ ਨੂੰ ਨਕਾਰਦੇ ਹੋਏ ਸਿਖ ਦੀ ਅਸਲੀ ਪਛਾਣ ਨੂੰ ਉਜਾਗਰ ਕਰਨ ਦੀ ਲੋੜ ਹੈ। ਇਸ ਮਕਸਦ ਨੂੰ ਪੂਰਾ ਕਰਨ ਹਿਤ ਸਾਨੂੰ ਸਿਖ ਜੀਵਨ-ਜਾਚ ਨੂੰ ਐਨ ਉੱਸੇ ਤਰ੍ਹਾਂ ਦੀ ਬਣਾਉਣਾ ਪਵੇਗਾ ਜਿਵੇਂ ਕਿ ਗੁਰੂ ਸਾਹਿਬਾਨ ਨੇ ਇਸ ਨੂੰ ਚਿਤਵਿਆ ਸੀ। ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਤਾਂ ਸਿੱਖੀ ਦੇ ਧਰਮ ਵਾਲੇ ਰੂਪ ਦਾ ਤਿਆਗ ਕੀਤਾ ਜਾਵੇ ਅਤੇ ਖੁਰ ਚੁੱਕੀ ਸਿਖ ਲਹਿਰ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਪੁਨਰ-ਸੁਰਜੀਤ ਕੀਤਾ ਜਾਵੇ। ਅਜਿਹਾ ਤਾਂ ਹੀ ਸੰਭਵ ਹੈ ਜੇਕਰ ਸਿਖ ਅਖਵਾਉਣ ਵਾਲਾ ਹਰ ਵਿਅਕਤੀ ਆਪਣਾ ਜੀਵਨ ਗੁਰਮੱਤ ਅਨੁਸਾਰ ਢਾਲ ਕੇ ਅਤੇ ਗੁਰੂ ਸਾਹਿਬਾਨ ਦੀਆਂ ਉਦਾਹਰਨਾਂ ਤੇ ਚਲਦੇ ਹੋਏ ‘ਗੁਰੂ ਦਾ ਸਿਖ’ ਭਾਵ ‘ਪ੍ਰਭੂ ਦਾ ਸਿਖ’ ਬਣ ਕੇ ਵਿਖਾਵੇ। ਜਿੰਨਾਂ ਚਿਰ ਅਜਿਹਾ ਨਹੀਂ ਹੋ ਜਾਂਦਾ ਅਜੋਕੀ ‘ਸਿੱਖੀ’ ਨੂੰ ਹਿੰਦੂ ਧਰਮ ਦੀ ਇੱਕ ਸ਼ਾਖ ਤੋਂ ਵੱਧ ਕੁੱਝ ਵੀ ਨਹੀਂ ਅਤੇ ‘ਅਜੋਕਾ ਸਿਖ’ (ਅੰਮ੍ਰਿਤਧਾਰੀ ਹੋਣ ਤੇ ਵੀ) ਬ੍ਰਾਹਮਣਵਾਦੀ ਹਿੰਦੂ ਹੀ ਹੈ। ਜੇਕਰ ‘ਅਜੋਕਾ ਸਿਖ’ ਸਿਖ ਨਾ ਰਹਿ ਕੇ ਬ੍ਰਾਹਮਣਵਾਦੀ ਹਿੰਦੂ ਬਣ ਗਿਆ ਹੈ ਤਾਂ ‘ਸਿਖ ਦੀ ਪਛਾਣ’ ਦਾ ਮਸਲਾ ਤਾਂ ਆਪਣੇ-ਆਪ ਹੀ ਖਤਮ ਹੋ ਜਾਂਦਾ ਹੈ ਅਤੇ ਮਸਲਾ ਕੇਵਲ ‘ਗੁਰੂ ਦੇ ਸਿਖ’ ਅਤੇ ‘ਅਜੋਕੇ ਸਿਖ’ ਦੀ ਪਛਾਣ ਦੇ ਫਰਕ ਦਾ ਹੀ ਰਹਿ ਜਾਂਦਾ ਹੈ।

ਅਜੋਕਾ ਸਿਖ

ਸਿਖ ਦੀ ਪਛਾਣ ਸਬੰਧੀ ਬਣੇ ਭੰਬਲਭੂਸੇ ਦਾ ‘ਅਜੋਕਾ ਸਿਖ’ ਕਾਫੀ ਨਜਾਇਜ਼ ਲਾਭ ਵੀ ਉਠਾ ਰਿਹਾ ਹੈ। ਬਹੁਤਾ ਕਰਕੇ ਤਾਂ ਉਹ ਗੁਰੂ ਗੋਬਿੰਦ ਸਿੰਘ ਵੱਲੋਂ ਸੁਝਾਏ ਸਿਖ ਦੇ ਵਿਸ਼ੇਸ਼ ਸਰੂਪ ਤੋਂ ਹੀ ਮੁਨਕਰ ਹੈ। ਅੱਜ ਹਾਲਤ ਇਹ ਹੈ ਕਿ ਕੇਸਾਂ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨਾਲ ਗੱਲ ਕਰੋ ਤਾਂ ਉਹ ਝੱਟ ਹੀ ਭਗਤ ਕਬੀਰ ਵੱਲੋਂ ਉਚਾਰੇ ਹੋਏ ਗੁਰਬਾਣੀ ਵਿੱਚ ਸ਼ਾਮਲ ਇੱਕ ਸਲੋਕ ਦੀ ਸਤਰ “ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰ ਮੁਡਾਇ” ਬੋਲ ਕੇ ਸੁਣਾ ਦਿੰਦਾ ਹੈ। ਅਜਿਹਾ ਵਿਅਕਤੀ ਇਸ ਸਤਰ ਦਾ ਅਰਥ ਇੰਜ ਕਰਦਾ ਹੈ ਕਿ ਭਗਤ ਕਬੀਰ ਨੇ ਕੇਸ ਰੱਖਣ ਨੂੰ ਮਹੱਤਤਾ ਨਹੀਂ ਦਿੱਤੀ ਜਦੋਂ ਕਿ ਅਸਲੀਅਤ ਇਹ ਹੈ ਕਿ ਭਗਤ ਕਬੀਰ ਸਬੰਧਤ ਸਲੋਕ ਵਿੱਚ ਕੇਸਾਂ ਨੂੰ ਰੱਖਕੇ ਜਾਂ ਕਟਵਾਕੇ ਧਾਰਮਿਕ ਭੇਖ ਕਰਨ ਵਾਲਿਆਂ ਤੇ ਚੋਟ ਕਰ ਰਹੇ ਹਨ। ਪੂਰਾ ਸਲੋਕ ਹੇਠਾਂ ਦਿੱਤੇ ਅਨੁਸਾਰ ਹੈ:

ਕਬੀਰਾ ਪ੍ਰੀਤਿ ਇੱਕ ਸਿਉ ਕੀਏ ਆਨ ਦੁਬਿਧਾ ਜਾਇ॥

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰ ਮੁਡਾਇ॥

(ਪਵਿੱਤਰ ਗ੍ਰੰਥ: ਪੰਨਾਂ 1365)

ਭਗਤ ਕਬੀਰ ਦਾ ਸੰਦੇਸ਼ ਇਹ ਹੈ ਕਿ ਪ੍ਰਭੂ ਨਾਲ ਇਕ-ਮਿਕ ਹੋਣ ਲਈ ਨਾ ਕਿਸੇ ਧਰਮ ਦੀ ਲੋੜ ਹੈ ਅਤੇ ਨਾ ਹੀ ਧਾਰਮਿਕ ਕਰਮ-ਕਾਂਡੀ ਪਖੰਡਾਂ ਦੀ। ਇੱਥੇ ਮਸਲਾ ਕੇਸ ਰੱਖਣ ਜਾਂ ਨਾ ਰੱਖਣ ਦਾ ਨਹੀਂ ਕਿਉਂਕਿ ਉਸ ‘ਇਕ’ (ਪ੍ਰਭੂ) ਨਾਲ ‘ਪ੍ਰੀਤਿ’ ਕਰਨ ਵਾਲੇ ਨੇ ਉਸ ਦੇ ਭਾਣੇ ਵਿੱਚ ਰਹਿੰਦੇ ਹੋਏ ਕਦੀ ਕੇਸਾਂ ਨਾਲ ਕੋਈ ਛੇੜ-ਛਾੜ ਕਰਨੀ ਹੀ ਨਹੀਂ।

ਦੂਸਰੇ ਪਾਸੇ ਕਈ ਵਾਰੀ ‘ਅਜੋਕਾ ਸਿਖ’ ਆਪਣੇ ਆਪ ਨੂੰ ‘ਸਹਿਜਧਾਰੀ’ ਸਿਖ ਦੇ ਤੌਰ ਤੇ ਪੇਸ਼ ਕਰ ਦਿੰਦਾ ਹੈ ਜਦੋਂ ਕਿ ਸਚਾਈ ਇਹ ਹੈ ਕਿ ਗੁਰਮੱਤ ਵਿੱਚ ਜਾਂ ਸਿਖ ਜੀਵਨ-ਜਾਚ ਵਿੱਚ ‘ਸਹਜਧਾਰੀ’ ਸਿਖ ਦੇ ਸੰਕਲਪ ਨੂੰ ਕੋਈ ਮਾਨਤਾ ਪਰਾਪਤ ਨਹੀਂ। ਹੁਣ, ਗੁਰਮੱਤ ਦੇ ਰਾਹ ਉੱਤੇ ਚੱਲਣ ਵਾਲਾ ‘ਗੁਰੂ ਦਾ ਸਿਖ’ ਤਾਂ ਕੇਸਾਧਾਰੀ ਹੋਵੇਗਾ ਹੀ ਕਿਉਂਕਿ ਗੁਰੂ ਭਾਵ ਪ੍ਰਭੂ-ਪਰਮੇਸ਼ਵਰ ਦੀ ਰਜ਼ਾ ਵਿੱਚ ਰਹਿਣ ਵਾਲਾ ਵਿਅਕਤੀ ਕਦੀ ਵੀ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ।

ਗੁਰੂ ਗੋਬਿੰਦ ਸਿੰਘ ਨੇ ਸਿਖ ਭਾਈਚਾਰੇ ਨੂੰ ਇੱਕ ਵਿਸ਼ੇਸ਼ ਦਿੱਖ ਅਪਣਾਉਣ ਦਾ ਆਦੇਸ਼ ਜ਼ਰੂਰ ਦਿੱਤਾ ਸੀ ਪਰੰਤੂ ਉਹਨਾਂ ਵੱਲੋਂ ਅਜਿਹਾ ਸਿਖ ਭਾਈਚਾਰੇ ਦੀ ਸਮਾਜਕ ਜ਼ਰੂਰਤ ਨੂੰ ਮੁੱਖ ਰੱਖਦਿਆਂ ਚਿਤਵਿਆ ਗਿਆ ਸੀ ਨਾ ਕਿ ਧਾਰਮਿਕ ਕਰਮ-ਕਾਂਡ ਦੇ ਤੌਰ ਤੇ। ਅਜਿਹੀ ਸਮਾਜਕ ਜ਼ਰੂਰਤ ਅੱਜ ਵੀ ਹੈ ਕਿਉਂਕਿ ਅੱਜ ਬਹੁਤ ਸਾਰੇ ਗੈਰ-ਧਾਰਮਿਕ ਤਬਕੇ ਜਾਂ ਸੰਸਥਾਨ ਆਪਣੇ ਲੋਕਾਂ ਨੂੰ ਵਿਸ਼ੇਸ਼ ਸਰੀਰਕ ਦਿੱਖ ਪਰਦਾਨ ਕਰਨਾ ਜ਼ਰੂਰੀ ਸਮਝਦੇ ਹਨ। ਪਰੰਤੂ ਸਿੱਖਾਂ ਵਿੱਚੋਂ ਕੱਟੜ ਧਾਰਨਾਵਾਂ ਵਾਲੇ ਲੋਕਾਂ ਦੀ ਵਿਸ਼ੇਸ਼ ਦਿੱਖ ਨਾਲ ਵੀ ਅਨੇਕਾਂ ਬ੍ਰਾਹਮਣਵਾਦੀ ਕਰਮ-ਕਾਂਡ ਜੁੜ ਗਏ ਹਨ ਜਿਹਨਾਂ ਸਬੰਧੀ ਪੁਨਰ-ਵਿਚਾਰ ਕਰ ਲੈਣ ਵਿੱਚ ਕੋਈ ਹਰਜ਼ ਨਹੀਂ। ਖੰਡੇ ਦੀ ਪਾਹੁਲ ਅਤੇ ਇਸ ਨਾਲ ਜੁੜੀਆਂ ਬ੍ਰਾਹਮਣਵਾਦੀ ਰਹੁ-ਰੀਤਾਂ ਗੁਰੂ ਗੋਬਿੰਦ ਸਿੰਘ ਵੱਲੋਂ ਲਾਗੂ ਕਰਵਾਈਆਂ ਹੋਈਆਂ ਨਹੀਂ ਹੋ ਸਕਦੀਆਂ। ਨਾ ਹੀ ਕੁੱਝ ਗਿਣਤੀ ਦੇ ਵਿਸ਼ੇਸ਼ ਕਕਾਰਾਂ ਦੀ ਸ਼ਰਤ ਦੱਸਵੇਂ ਗੁਰੂ ਵੱਲੋਂ ਠੋਸੀ ਹੋਈ ਹੋ ਸਕਦੀ ਹੈ। ਕਕਾਰਾਂ ਦੀ ਗਿਣਤੀ ਸਬੰਧੀ ਵੀ ਮਤ-ਭੇਦ ਮੌਜੂਦ ਹਨ। ਇਹਨਾਂ ਕਕਾਰਾਂ ਵਿੱਚੋਂ ਕੇਸ ਤਾਂ, ਜਿਵੇਂ ਕਿ ਅਸੀਂ ਉੱਪਰ ਵੇਖ ਆਏ ਹਾਂ, ਹਰ ‘ਗੁਰੂ ਦਾ ਸਿਖ’ ਬਗੈਰ ‘ਅੰਮ੍ਰਿਤ ਛਕੇ’ ਵੀ ਬਰਕਰਾਰ ਰੱਖੇਗਾ। ਅੱਜ ਦੇ ਦੌਰ ਲਈ ਗੁਰੂ ਗੋਬਿੰਦ ਸਿੰਘ ਕਿਰਪਾਨ ਤੋਂ ਛੋਟ ਤਾਂ ਸਹਿਜੇ ਹੀ ਦੇ ਸਕਦੇ ਸਨ ਕਿਉਂਕਿ ਅੰਮ੍ਰਿਤਧਾਰੀਆਂ ਨੂੰ ਕਿਰਪਾਨ ਕਰਕੇ ਦੇਸ-ਵਿਦੇਸ਼ ਵਿੱਚ ਥਾਂ-ਥਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਿਰਪਾਨ ਨਾਲ ਜੰਗਾਂ-ਯੁੱਧਾਂ ਵਿੱਚ ਹਿੱਸਾ ਲੈਣ ਦੀ ਨੌਬਤ ਹੀ ਨਹੀਂ ਆਉਣੀ ਤਾਂ ਧਾਰਮਿਕ ਚਿੰਨ੍ਹ ਦੇ ਤੌਰ ਤੇ ਪਹਿਨੀ ਹੋਈ ਵੱਡੀ ਜਾਂ ਛੋਟੀ ਕਿਰਪਾਨ ਇੱਕ ਜੰਞੂ ਤੋਂ ਵੱਧ ਕੁੱਝ ਵੀ ਨਹੀਂ। ਸਮੇਂ ਦੀ ਲੋੜ ਦੇ ਮੁਤਾਬਿਕ ‘ਗੁਰੂ ਦੇ ਸਿਖ’ ਮਿਲ-ਜੁਲ ਕੇ ਕਿਰਪਾਨ ਦੀ ਥਾਂ ਤੇ ਕੋਈ ਹੋਰ ਬਦਲ ਅਪਣਾਉਣ ਦੀ ਤਜਵੀਜ਼ ਦੇ ਸਕਦੇ ਹਨ ਜਿਵੇਂ ਕਿ ਕਲਮ (ਪੈਂਨ)। ਗੁਰੂ ਸਾਹਿਬਾਨ ਆਪਣੇ ਸਾਰੇ ਪੈਰੋਕਾਰਾਂ ਨੂੰ ਪੜ੍ਹੇ-ਲਿਖੇ ਬਣਾਉਣਾ ਲੋਚਦੇ ਸਨ। ਕਿਉਂ ਨਾ ਅੱਜ ਕਿਰਪਾਨ ਦੀ ਜਗਹ ਤੇ ਕਲਮ ਨੂੰ ਜਾਗਰੂਕਤਾ ਦੇ ਚਿੰਨ੍ਹ ਦੇ ਤੌਰ ਤੇ ਅਪਣਾਉਂਦੇ ਹੋਏ ਇਸ ਨੂੰ ਸਿਖ ਦੀ ਪਛਾਣ ਦਾ ਹਿੱਸਾ ਬਣਾ ਲਿਆ ਜਾਵੇ?

ਉੱਪਰ ਪੇਸ਼ ਕੀਤੀ ਗਈ ਵਿਆਖਿਆ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ‘ਸਿਖ ਦੀ ਪਛਾਣ’ ਦੇ ਮਸਲੇ ਦੀ ਉਤਪੱਤੀ ‘ਅਜੋਕੇ ਸਿਖ’ ਦੇ ਜਾਣੇ-ਅਣਜਾਣੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਵੱਲੋਂ ਬੇਮੁੱਖ ਹੋਣ ਦੀ ਕੁਤਾਹੀ ਵਿੱਚੋਂ ਹੁੰਦੀ ਹੈ। ਕੁੱਝ ਧਿਰਾਂ ਸਿਖ ਦੀ ‘ਵੱਖਰੀ’ ਪਛਾਣ ਤੇ ਵੀ ਬੜਾ ਜ਼ੋਰ ਦਿੰਦੀਆਂ ਹਨ। ਇਹਨਾਂ ਧਿਰਾਂ ਨੂੰ ਸਮਝਣ ਦੀ ਲੋੜ ਹੈ ਕਿ ਸਿਖ ਭਾਈਚਾਰੇ ਦੀ ਵੱਖਰੀ ਪਛਾਣ ਤਾਂ ਹੀ ਬਣੇਂਗੀ ਜੇਕਰ ਉਹ ਗੁਰਮੱਤ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਅਪਣਾਉਣਗੇ। ਸਿੱਖੀ ਨੂੰ ਧਰਮ ਬਣਾ ਕੇ ਤਾਂ ਸਿਖ ਨੇ ਆਪਣੀ ਪਛਾਣ ਨੂੰ ਉੱਕਾ ਹੀ ਗਵਾ ਲਿਆ ਹੋਇਆ ਹੈ, ਇਸ ਦੇ ‘ਵੱਖਰੇ’ ਹੋਣ ਦਾ ਸਵਾਲ ਤਾਂ ਬਹੁਤ ਦੂਰ ਦੀ ਗੱਲ ਹੈ। ਅਸਲ ਵਿੱਚ ਸਿਖ ਦੀ ਪਛਾਣ ਦਾ ਮਸਲਾ ‘ਗੁਰੂ ਦਾ ਸਿਖ’ ਹੋਣ ਅਤੇ ‘ਅਜੋਕਾ ਸਿਖ’ ਹੋਣ ਦੀ ਸਥਿਤੀ ਨਾਲ ਜੁੜਿਆ ਹੋੲਆ ਹੈ ਨਾ ਕਿ ਸਿੱਖੀ ਨੂੰ ਇੱਕ ਧਰਮ ਬਣਾ ਕੇ ਇਸ ਦੇ ਅਨੁਯਾਈ ਹੋਣ ਦੀ ਸਥਿਤੀ ਨਾਲ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਿਖ ਅਖਵਾਉਂਦੇ ਭਾਈਚਾਰੇ ਦੀ ਇਹ ਮੰਗ ਤਰਕਸੰਗਤ ਨਹੀਂ ਕਿ ਭਾਰਤੀ ਸੰਵਿਧਾਨ ਵਿੱਚ ਸਿੱਖੀ ਨੂੰ (ਬੁਧ ਅਤੇ ਜੈਨ ਧਰਮਾਂ ਵਾਂਗ) ਹਿੰਦੂ ਧਰਮ ਦੇ ਹਿੱਸੇ ਦੇ ਤੌਰ ਤੇ ਨਹੀਂ ਵਿਖਾਇਆ ਜਾਣਾ ਚਾਹੀਦਾ ਅਤੇ ਸਿੱਖੀ ਨੂੰ ਇੱਕ ਅਜ਼ਾਦ ‘ਧਰਮ’ ਦੇ ਤੌਰ ਤੇ ਮਾਨਤਾ ਮਿਲਣੀ ਚਾਹੀਦੀ ਹੈ। ਜੇਕਰ ਗੁਰੂ ਸਾਹਿਬਾਨ ਨੇ ਸਿੱਖੀ ਨੂੰ ਇੱਕ ਧਰਮ ਦਾ ਰੂਪ ਹੀ ਨਹੀਂ ਦਿੱਤਾ ਤਾਂ ਅਜਿਹੀ ਮੰਗ ਰੱਖਣ ਦਾ ਕੋਈ ਅਧਾਰ ਨਹੀਂ ਬਣਦਾ। ‘ਗੁਰੂ ਦੇ ਸਿਖ’ ਨੂੰ ਤਾਂ ਸਗੋਂ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਭਾਰਤੀ ਸੰਵਿਧਾਨ ਵਿੱਚ ‘ਸਿੱਖੀ’ ਨੂੰ ਇੱਕ ਧਰਮ ਵਜੋਂ ਮਾਨਤਾ ਨਾ ਹੀ ਦਿੱਤੀ ਜਾਵੇ। ਇਸ ਤਰ੍ਹਾਂ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲਏ ਜਾਣ ਦਾ ਖਤਰਾ ਵੀ ਨਹੀਂ ਰਹੇਗਾ। ਨਾ ਰਵ੍ਹੇ ਬਾਂਸ ਤੇ ਨਾ ਵੱਜੇ ਬਾਂਸਰੀ।

ਅੰਤ ਵਿੱਚ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ‘ਸਿਖ’ ਦੀ ਅੰਦਰੂਨੀ ਅਤੇ ਬਾਹਰੀ ਪਛਾਣ ਗੁਰਮੱਤ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਵਿੱਚ ਹੀ ਨਿਰਧਾਰਤ ਹੈ। ਲੋੜ ਕੇਵਲ ਉਸ ਨੂੰ ਸਮਝਣ ਅਤੇ ਸੁਹਿਰਦਤਾ ਸਹਿਤ ਅਪਣਾਉਣ ਦੀ ਹੈ। ਇਸ ਲਈ ਜਿਸ ਵਿਅਕਤੀ ਨੇ ਆਪਣੇ-ਆਪ ਨੂੰ ‘ਸਿਖ’ ਅਖਵਾਉਣਾ ਹੈ ਉਹ ਦੋਗਲੇਪਣ, ਸਮਝੌਤਾਵਾਦ ਅਤੇ ਸਵਾਰਥ ਦੀ ਨੀਤੀ ਦਾ ਤਿਆਗ ਕਰਕੇ ਗੁਰਮੱਤ ਅਧਾਰਿਤ ਪਛਾਣ ਨੂੰ ਅਪਣਾਵੇ ਅਤੇ ਵਿਸ਼ਵ ਪੱਧਰ ਤੇ ਸਿਖ ਲਹਿਰ ਦੇ ਅਸਲੀ ਰੂਪ ਦੇ ਸੁਰਜੀਤੀ ਕਰਨ ਵਿੱਚ ਆਪਣਾ ਯੋਗਦਾਨ ਦੇਵੇ। ਜੇਕਰ ਕੋਈ ਅਜਿਹਾ ਨਹੀਂ ਕਰ ਸਕਦਾ ਤਾਂ ਚੰਗਾ ਇਹ ਹੋਵੇਗਾ ਕਿ ਉਹ ਆਪਣੇ ਮੱਥੇ ਉੱਤੇ ‘ਸਿਖ ਧਰਮ’ ਦੇ ਪੈਰੋਕਾਰ ਹੋਣ ਦਾ ਲੇਬਲ ਚਿਪਕਾਉਣ ਤੋਂ ਗੁਰੇਜ਼ ਕਰੇ।
.