.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਤਿੰਨ ਕੁ ਮਨਘੜਤ ਸਾਖੀਆਂ ਆਮ ਪੜ੍ਹਣ ਸੁਣਨ ਵਿੱਚ ਆਉਂਦੀਆਂ ਹਨ। ਇਹ ਸਾਖੀਆਂ ਹਨ: ਗੁਰੂ ਨਾਨਕ ਸਾਹਿਬ ਵਲੋਂ ਆਪਣੇ ਪਿਤਾ ਜੀ ਦਾ ਸ਼੍ਰਾਧ ਕਰਨ ਲਈ ਜੋਤੀ ਜੋਤ ਸਮਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦੇਣਾ; ਜੋਤੀ ਜੋਤ ਸਮਾਉਣ ਮਗਰੋਂ ਸ੍ਰੀ ਚੰਦ ਅਤੇ ਲਖਮੀ ਦਾਸ ਦੇ ਬੇਨਤੀ ਕਰਨ `ਤੇ ਸਤਿਗੁਰੂ ਜੀ ਦਾ ਫਿਰ ਜੀਵਤ ਹੋ ਕੇ ਆਪਣੇ ਸਪੁੱਤਰਾਂ ਨਾਲ ਗੱਲ-ਬਾਤ ਕਰਨੀ ਅਤੇ ਗੁਰੂ ਸਾਹਿਬ ਦੇ ਪੰਚ-ਭੂਤਕ ਸਰੀਰ ਦੇ ਸਸਕਾਰ ਨੂੰ ਲੈ ਕੇ ਹਿੰਦੂ ਮੁਸਲਮਾਨਾਂ ਦਾ ਝਗੜਾ ਹੋਣ ਦੀ ਸੂਰਤ ਵਿੱਚ ਸਤਿਗੁਰੂ ਜੀ ਦੇ ਸਰੀਰ ਦਾ ਅਲੋਪ ਹੋ ਜਾਣਾ।
ਇਹ ਤਿੰਨੇ ਸਾਖੀਆਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਦਰਜ ਹਨ। ਇਸ ਜਨਮ ਸਾਖੀ ਦੀਆਂ ਇਹਨਾਂ ਸਾਖੀਆਂ ਨੂੰ ਹੀ ਭਾਈ ਸੰਤੋਖ ਸਿੰਘ ਜੀ ਨੇ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿੱਚ ਵਿਸਤਾਰ ਸਹਿਤ ਵਿੱਚ ਬਿਆਨ ਕੀਤਾ ਹੈ। ਇਹ ਤਿੰਨੇ ਸਾਖੀਆਂ ‘ਮਿਹਰਬਾਨ ਰਚਿਤ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’ ਵਿੱਚ ਵੀ ਦਰਜ ਹਨ। ‘ਮਿਹਰਬਾਨ ਵਾਲੀ ਜਨਮ ਸਾਖੀ’ ਵਿੱਚ ਦਰਜ ਸਾਖੀਆਂ ਦਾ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ‘ਸ਼੍ਰੀ ਗੁਰੂ ਨਾਨਕ ਪ੍ਰਕਾਸ਼’ ਵਿਚਲੀਆਂ ਸਾਖੀਆਂ ਵਿੱਚ ਥੋਹੜਾ ਕੁ ਫ਼ਰਕ ਹੈ।
ਗੁਰੂ ਨਾਨਕ ਸਾਹਿਬ ਸੰਬੰਧੀ ਪ੍ਰਚਲਤ ਇਹਨਾਂ ਸਾਖੀਆਂ ਦੀ ਅਸਲੀਅਤ ਜਾਣਨ ਲਈ, ਇਹਨਾਂ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਰਹੇ ਹਾਂ। ਇਸ ਤੋਂ ਇਲਾਵਾ ਇਹਨਾਂ ਸਾਖੀਆਂ ਨੂੰ ਪਰਚਾਰਨ ਵਾਲਿਆਂ ਦੀਆਂ ਸਵੈ-ਵਿਰੋਧੀ ਲਿਖਤਾਂ ਦੀ ਵੀ ਚਰਚਾ ਕਰ ਰਹੇ ਹਾਂ ਤਾਂ ਕਿ ਪਾਠਕ ਖ਼ੁਦ ਇਹਨਾਂ ਲੇਖਕਾਂ ਦੀਆਂ ਕਾਲਪਨਿਕ ਉਡਾਰੀਆਂ ਦੀ ਪ੍ਰਤੱਖ ਰੂਪ ਵਿੱਚ ਝਲਕ ਦੇਖ ਸਕਣ। ਭਾਈ ਸੰਤੋਖ ਸਿੰਘ ਜੀ ਨੇ ਇਹਨਾਂ ਸਾਖੀਆਂ ਨੂੰ ਵਿਸਤਾਰ ਸਹਿਤ ਬਿਆਨਿਆ ਹੈ, ਇਸ ਲਈ ਇਹਨਾਂ ਦੀ ਲਿਖਤ ਦੀ ਹੀ ਮੁੱਖ ਰੂਪ ਵਿੱਚ ਚਰਚਾ ਕਰਾਂਗੇ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਇਹ ਵਿਚਾਰ ਕੇ, ਕਿ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਹੈ, ਆਪਣੇ ਨਿਕਟ ਵਰਤੀ ਸਿੱਖਾਂ ਨੂੰ ਕਿਹਾ, “ਆਜ ਸਮਾਵਨ ਭਯਾ ਸੁਭਾਏ। ਆਨਹੁ ਸੌਜ ਬਿਲੰਬ ਗਵਾਏ। ਪੁਸ਼ਪ, ਕਪੂਰ, ਪਟੀਰ ਘਨੇਰਾ। ਕੁਸ਼ਾ, ਗੁਲਾਬ ਸੁਗੰਧਿ ਬਧੇਰਾ। ਇੱਤਯਾਦਿਕ ਪਾਵਨ ਸਭਿ ਆਨਹੁ। ਕਰਹੁ ਹਰਖ ਕਛ ਸ਼ੋਕ ਨ ਠਾਨਹੁ।” ਭਾਵ, ਗੁਰੂ ਨਾਨਕ ਸਾਹਿਬ ਆਪਣੇ ਨਿਕਟ ਵਰਤੀ ਸਿੱਖਾਂ ਨੂੰ ਕਹਿਣ ਲਗੇ ਕਿ ਅੱਜ (ਅੱਸੂ ਬਦੀ ਸਤਵੀਂ ਨੂੰ) ਸਾਡੇ ਸਮਾਵਨ ਦਾ ਸੋਹਣਾ ਦਿਨ ਆਇਆ ਹੈ। ਇਸ ਲਈ ਤੁਸੀਂ ਛੇਤੀ ਨਾਲ ਫੁਲ, ਕਪੂਰ, ਚੰਦਨ, ਦੱਭ ਅਤੇ ਗੁਲਾਬ ਆਦਿ ਖੁਸ਼ਬੂਦਾਰ ਵਸਤੂਆਂ ਲਾ ਕੇ ਆਵੋ। ਇਸ ਆਗਿਆ ਦੇ ਨਾਲ ਹੀ ਸਤਿਗੁਰੂ ਜੀ ਨੇ ਸਿੱਖਾਂ ਨੂੰ ਰੱਬੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਕਰਦਿਆਂ ਹੋਇਆਂ ਸ਼ੋਕ ਕਰਨ ਤੋਂ ਵਰਜਿਆ।
ਗੁਰੂ ਜੀ ਦੇ ਮੁੱਖੋਂ ਇਹ ਬਚਨ ਸੁਣ ਕੇ ਸਿੱਖਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸਤਿਗੁਰੂ ਜੀ ਦੇ ਸਮਾਉਣ ਦੀ ਖ਼ਬਰ ਕਰਤਾਰਪੁਰ ਜਾਂ ਆਸ-ਪਾਸ ਦੇ ਪਿੰਡਾਂ ਵਿੱਚ ਹੀ ਨਹੀਂ ਸਗੋਂ ਦੂਰ ਤੀਕ ਫੈਲ ਗਈ। ਬਸ! ਫਿਰ ਕੀ ਸੀ, ਹਰੇਕ ਬਰਨ ਦੇ ਮਾਈ-ਭਾਈ ਨੇ ਕਰਤਾਰ ਪੁਰ ਵਲ ਵਹੀਰਾਂ ਘਤ ਦਿੱਤੀਆਂ। ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ, “ਸੁਨਿ ਸੁਨਿ ਮਾਨਵ ਆਵਹਿਂ ਧਾਈ। ਦਰਸਨ ਕਰਹਿਂ ਜਨਮੁ ਫਲ ਪਾਈ। ਕੇਤਿਕ ਅਸੁ ਪਰ ਹੁਐ ਅਸਵਾਰਾ। ਆਇਂ ਧਵਾਇਂ ਬਿਹੀਨ ਅਵਾਰਾ। ਚਾਰ ਬਰਨ ਹਿੰਦੂ ਅਰ ਤੁਰਕਾ। ਆਵਹਿਂ ਚਲੇ ਕਰਤਿ ਜਸ ਗੁਰ ਕਾ। ਧਾਇ ਧਾਇ ਪਹੁਂਚੈ ਨਰ ਨਾਰੀ। ਕਹੈਂ ਦਰਸ ਤੇ ਰਹਿਂ ਨ ਪਿਛਾਰੀ। ਦੁਰਲਭ ਦਰਸ਼ਨ ਹੁਐ ਇੱਕ ਬਾਰਾ। ਜਿਹ ਦਰਸੇ ਅਘ ਮਿਟੈਂ ਅਪਾਰਾ। ਜਹਾਂ ਜਹਾਂ ਲਗ ਸੁਧ ਤਬ ਹੋਈ। ਕਾਜ ਬਿਸਾਰਿ ਚਲੇ ਸਭਿ ਕੋਈ।”
ਗੁਰੂ ਸਾਹਿਬ ਦੇ ਸਮਾਉਣ ਦੀ ਖ਼ਬਰ ਸੁਣ ਕੇ ਆਮ ਮਨੁੱਖ ਹੀ ਨਹੀਂ ਬਲਕਿ “ਬ੍ਰਹਮਚਾਰੀ, ਜੋਗੀ, ਜਤੀ, ਤਪੀ, ਬਖਾਨਸਿ ਕੋਇ। ਜਿਹ ਜਿਹ ਸੁਧ ਪਾਈ ਜਬਹਿ ਧਾਵਤਿ ਆਵਤਿ ਸੋਇ।”
(ਹਜ਼ੂਰ ਦੇ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ, ਭਾਵ, ਨੌਮੀ ਤਿੱਥ ਨੂੰ, ਭਾਈ ਸੰਤੋਖ ਸਿੰਘ ਜੀ ਅਨੁਸਾਰ ਨੇੜੇ-ਤੇੜੇ ਦੇ ਰਹਿਣ ਵਾਲੇ ਹਿੰਦੂ, ਮੁਸਲਮਾਨ, ਜੋਗੀ, ਜਤੀ ਅਤੇ ਬ੍ਰਹਮਚਾਰੀ ਆਦਿ ਹੀ ਨਹੀਂ ਆਏ ਬਲਕਿ “ਜੇ ਮੁਲਤਾਨ ਮਦੀਨੇ ਮਾਂਹੀ। ਮੱਕੇ ਪੀਰ ਸ਼ਕਤਿ ਧਰਿ ਆਹੀਂ. . ਅੰਬੀਏ ਬਹੁਰ ਔਲੀਏ ਜੇਈ। ਹੁਤੇ ਪਿਕੰਬਰ ਆਏ ਤੇਈ. . ਚਉਰਾਸੀ ਜੇ ਸਿੱਧ ਨਾਥ ਨਉਂ ਜਤੀ ਮਿਲੇ ਤਬਿ। ਸੁਧ ਸੁਨਿ ਸ਼੍ਰੋਨਨ ਬਿਖੈ ਸੰਗ ਗੋਰਖ ਲੈ ਕੇ ਸਭਿ। ਗਮਨ ਕੀਤ ਤਤਕਾਲ ਆਇਗੇ ਪੁਰਿ ਕਰਤਾਰ। ਦਰਸ਼ਨ ਕਰਿ ਹਰਖਾਇ ਬਦਨ ਆਦੇਸ਼ ਉਚਾਰਾ। …ਨੌਮੀ ਕੇ ਦਿਨ ਅਮਰ ਧਰੇ ਮਾਨੁਖ ਤਨ ਆਏ। ਇੰਦ੍ਰ ਚੰਦ੍ਰ ਦਿਨਿੰਦ ਪੌਨ ਅਲਕਿੰਦ੍ਰ ਸੁਹਾਏ। ਬ੍ਰਿਹਸਪਤਿ ਜਲਪਤਿ ਜਯੰਤ ਅਪਰ ਇਤਿਆਦਿਕ ਸਭਿ ਹੀ। ਤੇਤਿਸ ਕੋਟ ਸਮੂਹ ਆਨ ਪਹੁੰਚਤਿ ਭੇ ਤਬਿਹੀ। ਪੁਨਿ ਚਤੁਰ ਬੇਦ ਨਿਜ ਰੂਪ ਧਰਿ ਪ੍ਰਗਟਿ ਭਏ ਕਰਤਾਰਪੁਰਿ। ਮਿਲਿ ਅਨਿਕ ਭਾਂਤਿ ਉਸਤਤਿ ਭਨਹਿਂ ਅਤਿ ਉਤਸਵ ਕਰ ਹਰਖ ਉਰ। -ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਇਹਨਾਂ ਸਾਰਿਆਂ ਦੁਆਰਾ ਗੁਰੂ ਜੀ ਦੀ ਉਸਤਤ ਦਾ ਵਿਸਤਾਰ ਦਿੱਤਾ ਹੋਇਆ ਹੈ। ‘ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਵੀ ਇਸ ਤਰ੍ਹਾਂ ਦਾ ਵਰਨਣ ਕੀਤਾ ਹੋਇਆ ਹੈ।)
ਗੁਰੂ ਨਾਨਕ ਸਾਹਿਬ ਨੇ ਭਾਈ ਸਾਧਾਰਣ ਨਾਮੀ ਸਿੱਖ ਰਾਹੀਂ ਆਪਣੇ ਪੁੱਤਰਾਂ ਨੂੰ ਸੁਨੇਹਾ ਭੇਜਿਆ ਪਰ ਉਹ ਨਹੀਂ ਆਏ। ਗੁਰੂ ਜੀ ਦੇ ਮਹਿਲ (ਮਾਤਾ) ਸੁਲਖੱਣੀ ਜੀ ਨੂੰ ਵੀ ਜਦੋਂ ਹਜ਼ੂਰ ਦੇ ਜੋਤੀ ਜੋਤ ਸਮਾਉਣ ਦੀ ਤਿਆਰੀ ਬਾਰੇ ਪਤਾ ਚਲਿਆ ਤਾਂ ਉਹ ਵੀ ਭੱਜੇ ਹੋਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ। ਭਾਈ ਸਾਹਿਬ ਦੇ ਸ਼ਬਦਾਂ ਵਿੱਚ, “ਗਈ ਸੁਲਖਣੀ ਢਿਗ ਸੁਧ ਸੋਊ। ਬਚਨ ਨ ਮਾਨਯੋ ਪੁੱਤ੍ਰਨ ਦੋਊ। ਨਿਸ ਕੇ ਲਗੇ ਸਮਾਵਨ ਸਾਈਂ। ਥਾਇਂ ਲਿਪਾਇ ਕੁਸ਼ਾ ਬਿਛਵਾਈ। ਉਠੀ ਗਮਨ ਕੀਨੋ ਤਿਨ ਤੂਰਨ। ਆਈ ਜਹਿਂ ਬੈਠੇ ਪ੍ਰਭੁ ਪੂਰਨ। ਭੀਰ ਬਿਲੋਕਤਿ ਬਿਸਮੈਂ ਹੋਈ। ਬਾਰਿ ਬਿਲੋਚਨ ਭਰਿ ਕਰਿ ਰੋਈ। ਸ਼ਰਧਾ ਉਪਜੀ ਰਿਦੇ ਬਿਸ਼ਾਲਾ। ਮਸਤਕ ਟੇਕਨ ਕਿਯ ਤਿਹ ਕਾਲਾ।”
(ਧਿਆਨ ਰਹੇ ਇਹਨਾਂ ਲੇਖਕਾਂ ਅਨੁਸਾਰ ਗੁਰੂ ਨਾਨਕ ਸਾਹਿਬ ਆਪਣੇ ਅੰਤ ਸਮੇਂ ਆਪਣੇ ਪੁੱਤਰਾਂ ਨੂੰ ਤਾਂ ਸੁਨੇਹਾ ਘਲਦੇ ਹਨ ਪਰ ਆਪਣੇ ਮਹਿਲ ਸੁਲਖੱਣੀ ਜੀ ਨੂੰ ਨਹੀਂ। ਸੁਲੱਖਣੀ ਜੀ ਆਪ ਹੀ ਇਹ ਖ਼ਬਰ ਸੁਣ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਲੇਖਕਾਂ ਦੇ ਜ਼ਿਹਨ ਵਿੱਚ (ਅਨਮਤਾਂ ਵਾਂਗ) ਇਹ ਭਾਵ ਬੈਠਾ ਹੋਇਆ ਹੈ ਕਿ ਇਸਤ੍ਰੀ ਮਾਇਆ ਦਾ ਪ੍ਰਤੱਖ ਰੂਪ ਹੈ। ਕਿਸੇ ਮਹਾਂਪੁਰਖ ਵਲੋਂ ਆਪਣੇ ਅੰਤ ਸਮੇਂ ਇਸਤ੍ਰੀ, ਭਾਵ, ਮਾਇਆ ਨੂੰ ਯਾਦ ਕਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਇਸ ਲਈ ਲੇਖਕ ਗੁਰੂ ਸਾਹਿਬ ਵਲੋਂ ਪੁੱਤਰਾਂ ਨੂੰ ਬੁਲਾਉਣ ਦੀ ਗੱਲ ਲਿਖ ਰਿਹਾ ਹੈ ਪਰ ਸੁਲੱਖਣੀ ਜੀ ਨੂੰ ਬੁਲਾਉਣ ਦੀ ਨਹੀਂ। ਸ੍ਰੀ ਚੰਦ ਅਤੇ ਲਖਮੀ ਦਾਸ ਗੁਰੂ ਸਾਹਿਬ ਦੇ ਬੁਲਾਉਣ `ਤੇ ਵੀ ਨਹੀਂ ਆਉਂਦੇ ਹਨ। ਖ਼ੈਰ।
ਸ਼ੁਲੱਖਣੀ ਜੀ ਨੇ ਜਿਉਂ ਹੀ ਗੁਰਦੇਵ ਦੇ ਸਮਾਉਣ ਦੀ ਤਿਆਰੀ ਦੀ ਖ਼ਬਰ ਸੁਣੀ ਤਾਂ ਉਹ ਭੱਜੇ ਹੋਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਹਾਜ਼ਰ ਹੋਏ। ਸੁਲੱਖਣੀ ਜਿਉਂ ਹੀ ਗੁਰਦੇਵ ਦੇ ਪਾਸ ਆਏ ਤਾਂ ਆਪ ਜੀ ਨੇ ਇਹਨਾਂ ਨੂੰ ਸੰਬੋਧਨ ਹੋ ਕੇ ਪੁਛਿਆ ਕਿ, “ਜੋ ਤੁਝ ਉਰ ਅਭਿਲਾਖਾ ਹੈ ਕਰਿ ਲੀਜੈ ਸੋ ਬਾਤ। ਮਿਲਿ ਕਰਿ ਹੌਂ ਬੋਲੀ ਨਹੀਂ-ਬਹੁਰ ਨ ਕਹਿਂ ਪਸ਼ਚਾਤ।”
ਸਤਿਗੁਰੂ ਜੀ ਦੇ ਇਹ ਕਹਿਣ ਤੇ ਸੁਲੱਖਣੀ ਜੀ ਨੇ ਇਉਂ ਬੇਨਤੀ ਕੀਤੀ, “ਸੁਨਿ ਕਰਿ ਦੀਨ ਭਈ ਇਹ ਬਾਨੀ। ਲਤਾ ਵਾਤ ਤੇ ਜਿਉਂ ਕੁਮਲਾਨੀ। ਹਾਥ ਬੰਦਿ ਹੁਇ ਨਿੰਮ੍ਰਿ ਬਿਸ਼ਾਲਾ। ਬੋਲੀ ‘ਸੁਨਹੁ ਪ੍ਰਭੁ ਦਯਾਲਾ। ਭਲਕੇ ਹੈ ਸ਼ਰਾਧ ਤੁਹਿ ਤਾਤਾ। ਜਿਉਂ ਭਾਵਹਿ ਤਿਉਂ ਕਰਿ ਸੁਖਦਾਤਾ। ਭਲੀ ਬਾਤ ਜੇ ਕਰਹੁ ਸ਼ਰਾਧੂ। ਬਹੁਰ ਸਮਾਵਹੁ ਬਾਧਾ ਬਾਧੂ। ਕਰੁਨਨਿਧ! ਤੁਮਰੇ ਕਰ ਮਾਂਹੀ। ਮੇਟਨ ਰਚਨ ਤ੍ਰਿਲੋਕ ਜਿ ਆਹੀ। ਦੇਹਿ ਤਜਨ ਅਰ ਜੀਵਨ ਸੋਈ। ਰਾਵਰਿ ਕੇ ਅਨੁਸਾਰੀ ਹੋਈ।”
ਸਤਿਗੁਰੂ ਜੀ ਨੂੰ ਜਦੋਂ ਸੁਲੱਖਣੀ ਜੀ ਨੇ ਪਿਤਾ ਜੀ ਦਾ ਸ਼੍ਰਾਧ ਕਰਕੇ ਜੋਤੀ ਜੋਤ ਸਮਾਉਣ ਦੀ ਬੇਨਤੀ ਕੀਤੀ ਤਾਂ ਹਜ਼ੂਰ ਸੁਲਖੱਣੀ ਜੀ ਨੂੰ ਕਹਿਣ ਲਗੇ, “ਦੇਖਿ ਦੀਨਤਾ ਤਾਂਹਿ ਕੀ ਬੈਨ ਸੁਨੇ ਸ਼ੁਭ ਰੀਤਿ। ਬੋਲੇ ਗਿਰਾ ਸੁਹਾਵਨੀ ਸਿਖ ਸੇਵਕ ਕੇ ਮੀਤ। `ਚੋਣੀ! ਬਚਨ ਰੁਚਿਰ ਤੈਂ ਕਹੇ। ਸੌਜ ਤਿਆਰ ਕਰਹੁ ਹਮ ਰਹੇ। ਕਰਹਿਂ ਸ਼ਰਾਧ ਅਸ਼ਟਮੀ ਬਾਸੁਰ। ਪੁਨ ਨੌਮੀ ਦਿਨ ਸਗਰੋ ਰਹਿ ਕਰਿ। ਦਸਮੀ ਕੇ ਦਿਨ ਹੋਇ ਤਯਾਰੀ। ਰਾਖਹੁ ਸੌਜ ਉਠਾਵਹੁ ਸਾਰੀ।”
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਦਾ ਸ਼੍ਰਾਧ ਕਰਨ ਲਈ ਸਰੀਰ ਤਿਆਗਣ ਦਾ ਪ੍ਰੋਗ੍ਰਾਮ ਮੁਲਤਵੀ ਕਰਦਿਆਂ ਸੁਲਖੱਣੀ ਜੀ ਨੂੰ ਕਿਹਾ ਕਿ ਉਹ ਪਿਤਾ ਜੀ ਦਾ ਸ਼੍ਰਾਧ ਕਰਨ ਮਗਰੋਂ ਇੱਕ ਦਿਨ ਹੋਰ ਜੀਵਤ ਰਹਿਣਗੇ ਅਤੇ ਅਗਲੇ ਦਿਨ ਭਾਵ ਦਸਮੀ ਨੂੰ ਜੋਤੀ ਜੋਤ ਸਮਾਉਣਗੇ। ਭਾਈ ਸੰਤੋਖ ਸਿੰਘ ਜੀ ਫਿਰ ਗੁਰੂ ਨਾਨਕ ਸਾਹਿਬ ਵਲੋਂ ਬਿਧੀ ਪੂਰਵਕ ਸ਼੍ਰਾਧ ਕਰਨ ਦਾ ਵਰਨਣ ਕਰਦਿਆਂ ਲਿਖਦੇ ਹਨ, “ਅਸ਼ਟਮਿ ਦਿਵਸ ਪ੍ਰਕਾਸ਼ਯੋ ਭਾਨਾ। ਭੋਜਨ ਭੇ ਤਯਾਰ ਬਿਧਿ ਨਾਨਾ। ਧਰਮਸਾਲ ਤੇ ਉਠਿ ਸੁਖਰਾਸਾ। ਗਏ ਸੁਲਖਣੀ ਕੇਰ ਅਵਾਸਾ। ਬਿਧਿ ਸੋਂ ਲਗੇ ਕਰਾਵਨ ਸ਼੍ਰਾਧੂ। ਭਜਹਿਂ ਸਾਧੁ ਜਿਹ ਪਰਮ ਅਗਾਧੂ। ਪ੍ਰਾਪਤਿ ਮੁਕਤਿ ਲੇਇ ਜਿਨ ਨਾਮੂ। ਤਾਂਹਿ ਸ਼੍ਰਾਧ ਕਯਾ ਕਰਿਬੇ ਕਾਮੂ। ਤੱਦਯਪਿ ਨਰ ਮਿਰਯਾਦਾ ਪਾਰਨ। ਲੀਲਾ ਕਰਿਹੀਂ ਨਰਕ ਨਿਵਾਰਨ। ਹੁਤੀ ਸ਼੍ਰਾਧ ਕੀ ਬਿਧਿ ਜੋ ਸਾਰੀ। ਭਲੀ ਪ੍ਰਕਾਰ ਕੀਨਿ ਅਘਹਾਰੀ।
ਭਾਈ ਵੀਰ ਸਿੰਘ ਜੀ ਨੇ ਇਸ ਪ੍ਰਸੰਗ ਦੇ ਸੰਬੰਧ `ਚ ਫੁਟ ਨੋਟ ਵਿੱਚ ਲਿਖਿਆ ਹੈ ਕਿ …ਸ਼੍ਰੀ ਮਾਤਾ ਜੀ ਦੇ ਬਿਨੈ ਕਰਨ ਤੇ ਆਪ ਸਚਖੰਡ ਜਾਣ ਤੋਂ ਰੁਕ ਗਏ ਕੇਵਲ ਹਿੰਦਾਲੀਏ ਦਾ ਆਖੇਪ ਹੈ, ਜਿਸ ਨੂੰ ਕਵਿ ਜੀ ਨੇ ਬੀ ਦੂਰ ਨਹੀਂ ਕੀਤਾ। ਸਾਖੀਆਂ ਲਿਖਣ ਵਾਲੇ ਲਿਖਦੇ ਲਿਖਦੇ ਗੁਰੂ ਜੀ ਨੂੰ ਐਉਂ ਵਰਣਨ ਕਰਨ ਲਗ ਜਾਂਦੇ ਹਨ ਜਿਵੇਂ ਓਹ ਆਪ ਅਲਪੱਗ ਹੁੰਦੇ ਹਨ। ਸਰਬੱਗ ਦੀ ਗਤੀ, ਸਰਬੱਗ ਦੇ ਅਟੱਲ ਵਾਕ, ਸਰਬੱਗ ਦੀ ਪੂਰਨ ਦ੍ਰਿਸ਼ਟੀ ਤੇ ਅਟੱਲ ਵੇਗ ਉਹਨਾਂ ਨੂੰ ਯਾਦ ਨਹੀਂ ਰਹਿੰਦੇ।” ਨੋਟ:-ਜਿਵੇਂ ਕਿ ਅਸੀਂ ਉਪਰ ਵਰਨਣ ਕਰ ਆਏ ਹਾਂ ਕਿ ਇਹ ਪ੍ਰਸੰਗ ‘ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਵੀ ਦਰਜ ਹੈ।
ਭਾਈ ਸੰਤੋਖ ਸਿੰਘ ਜੀ ਨੇ ਇਹ ਪ੍ਰਸੰਗ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਲਿਆ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਹ ਪ੍ਰਸੰਗ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ:-
“ਸ੍ਰੀ ਚੋਣੀ ਜੀ ਸੁਣਿਆ ਕਿ ਗੁਰੂ ਜੀ ਸਮਾਉਣ ਲਗੇ ਹਨ ਤਾਂ ਛੇਤੀ ਹੀ ਜਾਇ ਚਰਨਾਂ ਪਰ ਮੱਥਾ ਟੇਕਿਆ ਤੇ ਹੱਥ ਜੋੜਕੇ ਅਰਦਾਸ ਕੀਤੀ ਹੇ ਦੀਨਾ ਨਾਥ ਜੀ ਕੱਲ੍ਹ ਮੈਹਤੇ ਜੀ ਕਾ ਸਰਾਧ ਹੇ ਤੇ ਮੈਂ ਪੀਠੀ ਪੀਸ ਰਹੀ ਹਾਂ ਜੀ ਤੇ ਸਰਾਧ ਕਰਕੇ ਜਾਂਦੇ ਤਾਂ ਹੱਛੀ ਬਾਤ ਹੈ, ਨਹੀਂ ਤਾਂ ਆਪ ਦੀ ਜੋ ਮਰਜੀ ਹੈ ਸੋਈ ਕਰੀਏ ਜੀ। ਏਹ ਕੈਹ ਕਰ ਲਗੀ ਬੈਰਾਗ ਕਰਨ ਤਾਂ ਸ੍ਰੀ ਬਾਬੇ ਜੀ ਕਹਾ ਚੋਣੀਏ ਚਿਤ ਥਾਇ ਰਖ ਅਸੀਂ ਕੱਲ ਸਰਾਧ ਕਰਕੇ ਜਾਵਾਂਗੇ ਤੂੰ ਮਨ ਮੇ ਚਿੰਤਾ ਨਾ ਕਰ। ਅਸੀਂ ਦਸਮੀ ਕੋ ਚਲਾਂਗੇ। ਏਹ ਬਾਤ ਸੁਣ ਕੇ ਸ੍ਰੀ ਮਾਤਾ ਜੀ ਬਹੁਤ ਖੁਸ਼ੀ ਹੋਈ ਤੇ ਚਰਨਾਂ ਤੇ ਮੱਥਾ ਟੇਕਿਆ ਤੇ ਘਰ ਕੋ ਗਈ। ਤਾਂ ਸ੍ਰੀ ਬਾਬੇ ਜੀ ਸਮਿਗ੍ਰੀ ਸਭ ਇਕੱਤ੍ਰ ਕਰਵਾ ਛਡੀ ਅਤੇ ਅਸ਼ਟਮੀ ਕੋ ਕਾਲੂ ਜੀ ਕਾ ਸਰਾਧ ਕਰਵਾਯਾ ਔਰ ਨੌਮੀ ਕੋ ਸਭ ਪਰਵਾਰ ਇਕੱਠਾ ਹੋਯਾ ਤੇ ਸ੍ਰੀ ਬਾਬੇ ਜੀ ਕਾ ਚਲਾਣਾ ਸੁਣਕੇ ਬਹੁਤ ਅਚਰਜ ਹੋਏ।”
ਪਿਛਲੇ ਕੁੱਝ ਦਹਾਕਿਆਂ ਤੋਂ ਛੱਪ ਰਹੀ ਭਾਈ ਬਾਲੇ ਵਾਲੀ ਜਨਮ ਸਾਖੀ ਵਿਚੋਂ ਇਸ ਪ੍ਰਸੰਗ ਵਿੱਚੋਂ ਇਹ ਸਤਰਾਂ ਕੱਢ ਦਿੱਤੀਆਂ ਹਨ: `ਤੇ ਹੱਥ ਜੋੜਕੇ ਅਰਦਾਸ ਕੀਤੀ ਹੇ ਦੀਨਾ ਨਾਥ ਜੀ ਕੱਲ੍ਹ ਮੈਹਤੇ ਜੀ ਕਾ ਸਰਾਧ ਹੇ ਤੇ ਮੈਂ ਪੀਠੀ ਪੀਸ ਰਹੀ ਹਾਂ ਜੀ ਤੇ ਸਰਾਧ ਕਰਕੇ ਜਾਂਦੇ ਤਾਂ ਹੱਛੀ ਬਾਤ ਹੈ, ਨਹੀਂ ਤਾਂ ਆਪ ਦੀ ਜੋ ਮਰਜੀ ਹੈ ਸੋਈ ਕਰੀਏ ਜੀ। ਏਹ ਕੈਹ ਕਰ ਲਗੀ ਬੈਰਾਗ ਕਰਨ ਤਾਂ ਸ੍ਰੀ ਬਾਬੇ ਜੀ ਕਹਾ ਚੋਣੀਏ ਚਿਤ ਥਾਇ ਰਖ ਅਸੀਂ ਕੱਲ ਸਰਾਧ ਕਰਕੇ ਜਾਵਾਂਗੇ ਤੂੰ ਮਨ ਮੇ ਚਿੰਤਾ ਨਾ ਕਰ। ਅਸੀਂ ਦਸਮੀ ਕੋ ਚਲਾਂਗੇ। ਏਹ ਬਾਤ ਸੁਣ ਕੇ ਸ੍ਰੀ ਮਾਤਾ ਜੀ ਬਹੁਤ ਖੁਸ਼ੀ ਹੋਈ ਤੇ ਚਰਨਾਂ ਤੇ ਮੱਥਾ ਟੇਕਿਆ ਤੇ ਘਰ ਕੋ ਗਈ। ਤਾਂ ਸ੍ਰੀ ਬਾਬੇ ਜੀ ਸਮਿਗ੍ਰੀ ਸਭ ਇਕੱਤ੍ਰ ਕਰਵਾ ਛਡੀ ਅਤੇ ਅਸ਼ਟਮੀ ਕੋ ਕਾਲੂ ਜੀ ਕਾ ਸਰਾਧ ਕਰਵਾਯਾ ਔਰ ਨੌਮੀ ਕੋ’। ਇਸ ਲਈ ਅੱਜ ਕਲ ਜੋ ਭਾਈ ਬਾਲੇ ਦੀ ਜਨਮ ਸਾਖੀ ਮਿਲਦੀ ਹੈ ਇਸ ਵਿੱਚ ਕੇਵਲ ਇਤਨਾ ਹੀ ਲਿਖਿਆ ਹੈ ਕਿ, “ਸ੍ਰੀ ਚੋਣੀ ਜੀ ਸੁਣਿਆਂ ਕਿ ਗੁਰੂ ਜੀ ਸਮਾਉਣ ਲਗੇ ਹਨ ਤਾਂ ਛੇਤੀ ਹੀ ਜਾਇ ਚਰਨਾਂ ਪਰ ਮੱਥਾ ਟੇਕਿਆ ਸਭ ਪਰਵਾਰ ਇਕਠਾ ਹੋਇਆ ਤੇ ਬਾਬੇ ਜੀ ਕਾ ਚਲਾਣਾ ਸੁਣ ਕੇ ਬਹੁਤ ਅਸਚਰਜ ਹੋਏ ਪਰ ਇਹ ਗਲ ਧੁੰਮ ਰਹੀ ਸੀ ਜੋ ਦਸਮੀ ਨੂੰ ਬਾਬਾ ਜੀ ਸਮਾਵਨਗੇ।”
(ਨੋਟ:-ਇਸ ਜਨਮ ਸਾਖੀ ਵਿੱਚ ਸਮੇਂ ਸਮੇਂ ਨਾਲ ਕਈ ਤਰ੍ਹਾਂ ਦੇ ਵਾਧੇ-ਘਾਟੇ ਹੁੰਦੇ ਰਹੇ ਹਨ। ਇਸ ਲਈ ਵੱਖ ਵੱਖ ਪ੍ਰਕਾਸ਼ਕਾਂ ਵਲੋਂ ਇਸ ਜਨਮ ਸਾਖੀ ਦੇ ਮੁੱਖ ਪੰਨੇ `ਤੇ ਉਚੇਚੇ ਤੌਰ `ਤੇ ਇਹ ਲਿਖਿਆ ਹੋਇਆ ਹੈ: ‘ਸਭ ਤੋਂ ਵੱਡੀ ਭਾਈ ਬਾਲੇ ਵਾਲੀ ਜਨਮ ਸਾਖੀ’।
ਉਪਰ ਜਿਸ ਜਨਮ ਸਾਖੀ ਵਿੱਚੋਂ ਗੁਰੂ ਨਾਨਕ ਸਾਹਿਬ ਵਲੋਂ ਪਿਤਾ ਜੀ ਦਾ ਸ਼੍ਰਾਧ ਕਰਨ ਦਾ ਹਵਾਲਾ ਦਿੱਤਾ ਹੈ ਇਹ ਜਨਮ ਸਾਖੀ ‘ਰਾਇ ਸਾਹਿਬ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼’ ਲਾਹੌਰ `ਚ ੧੯੧੦ ਈ: ਦੀ ਛਪੀ ਹੋਈ ਹੈ। ਇਸ ਦੇ ਮੁੱਖ ਪੰਨੇ ਤੇ ਵੀ ਲਿਖਿਆ ਹੋਇਆ ਹੈ ਕਿ, “ਸਭ ਤੋਂ ਵੱਡੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਰਥਾਤ ਭਾਈ ਬਾਲੇ ਵਾਲੀ ਜਨਮ ਸਾਖੀ। ਇਸ ਵਿੱਚ ਹੋਰਨਾਂ ਜਨਮ ਸਾਖੀਆਂ ਨਾਲੋਂ ਬਹੁਤ ਸਾਖੀਆਂ ਹੋਰ ਭੀ ਤਲਾਸ਼ ਕਰਕੇ ਲਿਖੀਆਂ ਹਨ। ਦਸਮ ਪਾਤਸ਼ਾਹੀ ਤਕ ਸਭਨਾ ਗੁਰੂ ਸਾਹਿਬਾਂ ਦਾ ਸੰਖੇਪਕ ਪ੍ਰਸੰਗ ਲਿਖਿਆ ਹੈ ਅਤੇ ਭਾਈ ਅਜਿੱਤੇ ਰੰਧਾਵੇ ਦੀ ਗੋਸ਼ਟ ਤੇ ਮੱਕੇ ਮਦੀਨੇ ਦੀ ਗੋਸ਼ਟ ਭੀ ਸਾਰੀ ਲਿਖੀ ਹੈ।”
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਜਨਮ ਸਾਖੀ ਵਿੱਚ ‘ਵਲੀ ਕੰਧਾਰੀ’ ਵਾਲੀ ਸਾਖੀ ਤਾਂ ਹੈ ਪਰ ਪੰਜਾ ਸਾਹਿਬ ਵਾਲੀ ਸਾਖੀ ਨਹੀਂ ਹੈ। ਇਸ ਜਨਮ ਸਾਖੀ ਤੋਂ ਬਾਅਦ ਦੀਆਂ ਜਨਮ ਸਾਖੀਆਂ ਵਿੱਚ ਪੰਜਾ ਸਾਹਿਬ ਵਾਲੀ ਸਾਖੀ ਪਾਈ ਗਈ ਹੈ। ਇਸ ਲਈ ਹੀ ਇਸ ਜਨਮ ਸਾਖੀ ਦੇ ਮੁੱਖ ਪੰਨੇ `ਤੇ ਪ੍ਰਕਾਸ਼ਕਾਂ ਵਲੋਂ ਮੋਟੇ ਅੱਖਰਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ, ‘ਇਹ ਜਨਮ ਸਾਖੀ ਅਜ ਤਕ ਛਪ ਚੁਕੀਆਂ ਨਾਲੋਂ ਵੱਡੀ ਹੈ, ਸਭ ਤੋਂ ਵੱਡੀ ਤੇ ਪੁਰਾਤਨ ਭਾਈ ਬਾਲੇ ਵਾਲੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜੇ ਸਾਹਿਬ ਦੀ ਸਾਖੀ ਤੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਸਮੇਤ ਮੁਕੰਮਲ ਸਾਖੀਆਂ ਹਨ।’
ਜਨਮ ਸਾਖੀਆਂ ਛਾਪਣ ਵਾਲੇ ਪ੍ਰਕਾਸ਼ਕਾਂ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਇਸ ਜਨਮ ਸਾਖੀ ਵਿੱਚ ਹੋਰ ਕੁੱਝ ਸਾਖੀਆਂ ਦਾ ਵਾਧਾ ਕੀਤਾ ਹੈ। ਸਿੱਖ ਜਗਤ ਦੀਆਂ ਸਿਰਮੌਰ ਸੰਸਥਾਵਾਂ ਦੇ ਮੁਖੀਆਂ ਜਾਂ ਕਿਸੇ ਹੋਰ ਜ਼ਿੰਮੇਵਾਰ ਧਾਰਮਿਕ ਆਗੂ ਨੇ ਇਹਨਾਂ ਪ੍ਰਕਾਸ਼ਕਾਂ ਤੋਂ ਕਦੀ ਇਹ ਪੁਛਣ ਜਾਂ ਜਾਣਨ ਦੀ ਕੋਸ਼ਸ਼ ਨਹੀਂ ਕੀਤੀ ਕਿ ਇਹਨਾਂ ਨੇ ਇਹ ਸਾਖੀਆਂ ਕਿੱਥੋਂ ਪ੍ਰਾਪਤ ਹੋਈਆਂ ਹਨ। ਜੇਕਰ ਕਿਸੇ ਪੁਸਤਕ ਆਦਿ ਵਿੱਚੋਂ ਇਹ ਸਾਖੀਆਂ ਲਈਆਂ ਹੁੰਦੀਆਂ ਤਾਂ ਪ੍ਰਕਾਸ਼ਕਾਂ ਨੇ ਇਸ ਦਾ ਜ਼ਰੂਰ ਜ਼ਿਕਰ ਕਰਨਾ ਸੀ। ਇਸ ਜਨਮ ਸਾਖੀ ਵਿੱਚ ਹੋਰ ਵਾਧੂ ਸਾਖੀਆਂ ਦੇ ਸ੍ਰੋਤ ਬਾਰੇ ਪ੍ਰਕਾਸ਼ਕਾਂ ਦੀ ਚੁੱਪ-ਗੜੁੱਪ ਇਸ ਗੱਲ ਦਾ ਹੀ ਲਖਾਇਕ ਹੈ ਕਿ ਇਹ ਸੱਜਣ ਖ਼ੁਦ ਹੀ ਇਹਨਾਂ ਸਾਖੀਆਂ ਦੇ ਸ੍ਰੋਤ ਹਨ। ਜਿੱਥੇ ਕਿਸੇ ਧਰਮ ਦੇ ਪੈਰੋਕਾਰ ਗ਼ਫ਼ਲਤ ਦੀ ਨੀਂਦ ਵਿੱਚ ਘੂਕ ਸੁੱਤੇ ਹੋਏ ਘੁਰਾੜੇ ਮਾਰ ਰਹੇ ਹੋਣ ਉੱਥੇ ਇਹੋ-ਜਿਹੇ ਭਾਣੇ ਵਰਤਣੇ ਸੁਭਾਵਿਕ ਹਨ।
ਭਾਵੇਂ ਪਿਛਲੇ ਕੁੱਝ ਦਹਾਕਿਆਂ ਤੋਂ ਛੱਪ ਰਹੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਸ਼੍ਰਾਧ ਵਾਲਾ ਪ੍ਰਸੰਗ ਕੱਢ ਦਿੱਤਾ ਗਿਆ ਹੈ ਪਰ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿੱਚ ਅੱਜ ਵੀ ਮੌਜੂਦ ਹੈ। ਅੱਜ ਵੀ ਕਈ ਗੁਰਦੁਆਰਿਆਂ ਵਿੱਚ ‘ਸ਼੍ਰੀ ਗੁਰ ਨਾਨਕ ਪ੍ਰਕਾਸ਼’ ਅਤੇ ‘ਸੂਰਜ ਪ੍ਰਕਾਸ਼’ ਦੀ ਰੋਜ਼ਾਨਾ ਕਥਾ ਹੁੰਦੀ ਹੈ। ਗੁਰਬਾਣੀ ਦੀ ਕਥਾ ਕਰਨ ਵਾਲੇ ਸੱਜਣ ਵੀ (ਜ਼ਿਆਦਾਤਰ) ਗੁਰਬਾਣੀ ਦੇ ਸੱਚ ਨੂੰ ਗੁਰਬਾਣੀ ਵਿੱਚੋਂ ਹੀ ਸਪਸ਼ਟ ਕਰਨ ਦੀ ਥਾਂ, ਸੂਰਜ ਪ੍ਰਕਾਸ਼ ਆਦਿ ਪੁਸਤਕਾਂ ਵਿਚਲੀਆਂ ਸਾਖੀਆਂ ਦੀ ਰੋਸ਼ਨੀ ਵਿੱਚ ਹੀ ਦ੍ਰਿੜ ਕਰਵਾਇਆ ਜਾ ਰਿਹਾ ਹੈ। ਇਸ ਕਾਰਨ ਹੀ ਸਿੱਖ ਸੰਗਤਾਂ ਵਲੋਂ ਇਹਨਾਂ ਲਿਖਤਾਂ ਨੂੰ ਗੁਰਬਾਣੀ ਵਾਂਗ ਹੀ ਇਲਾਹੀ ਸੱਚ ਸਮਝਿਆ ਜਾ ਰਿਹਾ ਹੈ।)
ਸ਼੍ਰਾਧਾਂ ਬਾਰੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਦੀ ਚਰਚਾ ਕਰਨ ਤੋਂ ਪਹਿਲਾਂ ਸ਼੍ਰਾਧਾਂ ਸੰਬੰਧੀ ਪ੍ਰਚਲਤ ਧਾਰਨਾ ਦਾ ਵਰਨਣ ਕਰਨਾ ਢੁੱਕਵਾਂ ਹੋਵੇਗਾ। “ਸ਼੍ਰਾਧ ਹਿੰਦੂ ਧਰਮ ਵਿੱਚ ਮ੍ਰਿਤ ਪਿਤਰਾਂ ਪ੍ਰਤਿ ਸ਼ਰਧਾ ਦੀ ਭਾਵਨਾ ਵਿਅਕਤ ਕਰਨ ਦੀ ਇੱਕ ਸਮਾਜਿਕ ਪ੍ਰਥਾ ਹੈ। ਸ਼ਰਧਾ ਪੂਰਵਕ ਸ਼ਾਸਤੀ ਵਿਧੀ ਨਾਲ ਪਿਤਰਾਂ ਦੀ ਤ੍ਰਿਪਤੀ ਲਈ ਕੀਤਾ ਗਿਆ ਧਾਰਮਿਕ ਕ੍ਰਿਤ ਹੀ ‘ਸ਼ਰਧਾ (ਸ਼੍ਰਾਧ) ਅਖਵਾਉਂਦਾ ਹੈ। ਪਰਾਤਨ ਗ੍ਰੰਥਾਂ ਵਿੱਚ ਇਸ ਦੇ ਕਈ ਭੇਦ ਮੰਨੇ ਗਏ ਹਨ। ਮਨੂ ਅਨੁਸਾਰ ਇਹ ਪੰਜ ਪ੍ਰਕਾਰ ਦੇ ਹਨ-ਨਿਤੑਯ, ਨੈਮਿਤਿਕ, ਕਾਮੑਯ, ਪਾਰਵਣ ਅਤੇ ਵ੍ਰਿੱਧੀ। ਵਿਸ਼ਵਾਮਿਤਰ ਨੇ ‘ਨਿਤੑਯ ਸ਼੍ਰਾਧ, ਦੇ ਕਈ ਹੋਰ ਰੂਪ ਦ ਸਕੇ ਇਨ੍ਹਾਂ ਦੀ ਗਿਣਤੀ ਬਾਰ੍ਹਾਂ ਕੀਤੀ ਹੈ।
ਭਾਈ ਕਾਨ੍ਹ ਸਿੰਘ ਨੇ ਸ਼ਰਾਧ ਦੇ ਚਾਰ ਭੇਦ ਦਸੇ ਹਨ-ਨਿਤੑਯ, ਪਾਰਵਣ, ਕੑਸ਼ਯਾਹ ਅਤੇ ਮਹਾਲਯ। …ਆਮ ਤੌਰ `ਤੇ ਸ਼ਰਾਧ ਤੋਂ ਭਾਵ ਅਸੂ ਦੇ ਮਹੀਨੇ ਵਿੱਚ ਪਿਤਰਾਂ ਦੇ ਨਿਮਿਤ ਦਿੱਤੇ ਗਏ ਦਾਨ, ਭੋਜਨ ਆਦਿ ਲਿਆ ਜਾਂਦਾ ਹੈ।” (ਸਿੱਖ ਪੰਥ ਵਿਸ਼ਵਕੋਸ਼-ਡਾ, ਰਤਨ ਸਿੰਘ ਜੱਗੀ)
ਹਿੰਦੂਆਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਪਿਤਰਪੱਖ (ਅੱਸੂ ਦੇ ਹਨੇਰੇ ਪੱਖ ਨੂੰ ਪਿਤਰ ਪੱਖ ਕਿਹਾ ਜਾਂਦਾ ਹੈ) ਨੂੰ, ਪਿਤਰ ਸ਼੍ਰਾਧਾਂ ਦਾ ਅੰਨ ਖਾਣ ਲਈ ਮਾਤ ਲੋਕ, ਭਾਵ, ਇਸ ਲੋਕ ਵਿੱਚ ਆ ਜਾਂਦੇ ਹਨ ਅਤੇ ਅਖ਼ੀਰਲੀ ਤਿੱਥ (ਪਿਤਰ ਵਿਸਰਜਨੀ ਮੱਸਿਆ) ਨੂੰ ਵਾਪਸ ਚਲੇ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਆਪਣੇ ਪਿਤਰਾਂ ਨਮਿਤ ਜੋ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ, ਇਹ ਉਹਨਾਂ ਨੂੰ ਪਹੁੰਚਦਾ ਹੈ। ਬ੍ਰਾਹਮਣ ਦੁਆਰਾ ਭੋਜਨ ਹੀ ਨਹੀਂ, ਸਗੋਂ ਹੋਰ ਵਸਤੂਆਂ ਵੀ ਪਿਤਰਾਂ ਤੀਕ ਅਪੜਾ ਸਕੀਦਾ ਹੈ। ਬ੍ਰਾਹਮਣ ਰਾਹੀਂ ਤ੍ਰਿਪਤ ਹੋਏ ਪਿਤਰ ਤ੍ਰਿਪਤ ਹੋ ਕੇ ਖ਼ੁਸ਼ੀ ਖ਼ੁਸ਼ੀ ਵਾਪਸ ਪਿਤਰ ਲੋਕ ਵਿੱਚ ਚਲੇ ਜਾਂਦੇ ਹਨ। ਜੇਕਰ ਪਿਤਰਾਂ ਨਮਿਤ ਇਹੋ-ਜਿਹਾ ਉਪਰਾਲਾ ਨਾ ਕੀਤਾ ਜਾਵੇ ਤਾਂ ਉਹ ਭੁੱਖੇ-ਪਿਆਸੇ ਹੀ ਆਪਣੇ ਪਰਵਾਰ ਨੂੰ ਸਰਾਪ ਦੇ ਕੇ ਵਾਪਸ ਮੁੜ ਜਾਂਦੇ ਹਨ। ਪਿਤਰਾਂ ਸੰਬੰਧੀ ਅਜਿਹੀ ਧਾਰਨਾ ਕਾਰਨ ਹੀ ਪਿਤਰ ਪੂਜਾ ਦਾ ਵਿਧਾਨ ਹੈ।
ਭਾਈ ਸੰਤੋਖ ਸਿੰਘ ਨੇ ਗੁਰੂ ਅਰਜਨ ਸਾਹਿਬ ਦੇ ਪਾਵਨ ਮੁੱਖੋਂ ਨਿਮਨ ਲਿਖਤ ਸ਼ਬਦ ਕਢਵਾ ਕੇ ਹਿੰਦੂ ਧਰਮ ਵਿੱਚ ਪ੍ਰਚਲਤ ਇਸ ਧਾਰਨਾ ਨੂੰ ਗੁਰਬਾਣੀ ਦੀ ਜੀਵਨ-ਜੁਗਤ ਦਾ ਵੀ ਅਤੁੱਟ ਹਿੱਸਾ ਐਲਾਨ ਦਿੱਤਾ ਹੈ:-
“ਜਬ ਪਿਤਰਨ ਕੋ ਦਿਨ ਚਲ ਆਵੈ। ਤਿਨ ਹਿਤ ਕਰ ਭੋਜਨ ਜੋ ਖਵਾਵੈ। ਪਿਤਰ ਬਰਨ ਚਾਰਨ ਸਮਦਾਇ। ਬਿਪ੍ਰਨਿ ਬਿਖੈ ਪਰਵੇਸਹਿ ਆਇ। ਸਿਖਨ ਕੇ ਗਨ ਪਿਤਰ ਜੁ ਅਹੈ। ਸੋ ਸਿਖਨ ਮਹਿ ਬਾਸੋ ਲਹੈ। …ਪਿਤਰ ਦੇਵਤਾ ਜੋ ਸਭ ਕੇਰੇ। ਲੇ ਲੇ ਸੋ ਅਹਾਰ ਤਿਸ ਬੇਰੇ। ਸਵਰਗ ਕੇ ਨਰਕ ਜੂਨ ਕੇ ਮਾਹੀ। ਸੁਰ ਜੇ ਪਿਤਰ ਪਹੁੰਚਾਵਹਿ ਤਾਹੀ।” (ਸੂਰਜ ਪ੍ਰਕਾਸ਼, ਰਾਸਿ ੩। ਅੰਸ਼ੂ ੬੨)
ਇਸ ਪ੍ਰਸੰਗ ਦੇ ਸ਼ੁਰੂ ਵਿੱਚ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਭਾਈ ਸੇਠਾ, ਉਗਵੰਦਾ ਅਤੇ ਸਭਾਗਾ ਨਾਮੀ ਗੁਰਸਿੱਖਾਂ ਨੇ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ, “ਭੋਜਨ ਇਹਾਂ ਦੇਤਿ ਘਰ ਮਾਂਹੀ। ਪਿਤਰਨ ਕੋ ਪਹੁਂਚਤਿ ਕੋ ਨਾਹੀ? ਸਿੱਖ ਦੇ ਇਸ ਪ੍ਰਸ਼ਨ ਦੇ ਉੱਤਰ ਸਤਿਗੁਰੂ ਜੀ ਨੇ ਕਿਹਾ, “ਸ਼੍ਰੀ ਮੁਖ ਤੇ ਤਿਨ ਸਾਥ ਬਖਾਨਾ। ‘ਪਹੁੰਚਤਿ ਪਿਤਰਨ ਹਿਤ ਜੋ ਦਾਨਾ। ਸ਼੍ਰੀ ਨਾਨਕ ਕੋ ਕਹਯੋ ਪ੍ਰਮਾਨ। ਸੋ ਸਲੋਕ ਸਮਝਹੁ ਤਿਮ ਜਾਨਿ’। ਸ੍ਰੀ ਮੁਖਵਾਕ:- ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।” (ਚੱਲਦਾ)




.