.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਚੌਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਆਪਣੀ ਖੇਤੀ ਰਖਿ ਲੈ, ਕੂੰਜ ਪੜੈਗੀ ਖੇਤਿ”

ਗੁਰਬਾਣੀ ਦੀ ਇਹ ਪੰਕਤੀ ਤੀਜੇ ਪਾਤਸ਼ਾਹ ਰਾਹੀਂ ਸਿਰੀਰਾਗੁ (ਪੰ: ੩੪) `ਤੇ ਬਖ਼ਸ਼ਿਸ਼ ਕੀਤੇ ਹੋਏ ਇੱਕ ਚਾਰ ਬੰਦਾ ਵਾਲੇ ਸ਼ਬਦ ਦੇ ਰਹਾਉ ਵਾਲੇ ਬੰਦ `ਚੋਂ ਲਈ ਗਈ ਹੈ। ਜਦਕਿ ਉਹ ਪੂਰਾ ਸ਼ਬਦ ਹੇਠਾਂ ਦਿੱਤਾ ਹੈ ਤੇ ਉਸਦਾ ਰਹਾਉ ਦਾ ਬੰਦ ਵੀ ਇਸ ਤਰ੍ਹਾਂ ਹੈ “ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”। ਦਰਅਸਲ ਇਸ ਸ਼ਬਦ `ਚ ਗੁਰਦੇਵ ਰਾਹੀਂ ਮਨੁੱਖ ਨੂੰ ਚੇਤਾਵਣੀ ਦਿੱਤੀ ਗਈ ਹੈ ਕਿ:

“ਐ ਮਨੁੱਖ! ਅਕਾਲਪੁਰਖ ਨੇ ਵੱਡੀ ਬਖ਼ਸ਼ਿਸ਼ ਕਰਕੇ ਤੈਨੂੰ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੈ। ਇਸ ਲਈ ਤੂੰ ਸਾਧਸੰਗਤ ਤੇ ਆ ਤੇ ਗੁਰੂ-ਸ਼ਬਦ ਦੀ ਕਮਾਈ ਰਾਹੀਂ ਆਪਣੇ ਇਸ ਜਨਮ ਦੇ ਇੱਕ ਇੱਕ ਸੁਆਸ ਦੀ ਸੁਵਰਤੋਂ ਪ੍ਰਭੂ ਦੀ ਸਿਫ਼ਤ ਸਲਾਹ ਤੇ ਪ੍ਰਭੂ ਦੇ ਰੰਗ `ਚ ਰੰਗੀਜ਼ ਕੇ ਕਰ। ਤੁੰ ਇਸ ਮਨੁੱਖਾ ਜਨਮ ਵਾਲੇ ਅਵਸਰ ਨੂੰ ਬਿਰਥਾ ਨਾ ਗੁਆ, ਅਜ਼ਾਈਂ ਨਾ ਕਰ ਜਿਵੇਂ: “ਭਾਈ ਰੇ ਭਗਤਿ ਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮੁ ਗਵਾਇਆ” (ਪੰ: ੩੨) ਜਾਂ

“ਮੂਰਖ ਸਚੁ ਨ ਜਾਣਨੀੑ, ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: ੪੬੭) ਇਤਿਆਦ। ਤਾਂ ਤੇ ਐ ਭਾਈ! ਤੇਰੇ ਇਸ ਮਨੁੱਖਾ ਜਨਮ ਦਾ ਇਕੋ ਇੱਕ ਮਕਸਦ ਹੀ, ਪ੍ਰਭੂ ਦੀ ਪ੍ਰਾਪਤੀ ਤੇ ਉਸ `ਚ ਅਭੇਦ ਹੋਣਾ ਹੈ। ਇਸ ਲਈ ਹੋਸ਼ ਕਰ! ਤੇਰੀ ਮਨੁੱਖਾ ਜਨਮ ਦੇ ਇਸ ਇਕੋ ਇੱਕ ਮਕਸਦ ਵਾਲੇ ਪਾਸਿਓਂ ਲਾਪਰਵਾਹੀ ਦਾ ਨਤੀਜਾ ਹੋਵੇਗਾ ਕਿ, ਹਉਮੈ ਆਦਿ ਵਿਕਾਰ ਰੂਪ ਕੂੰਜਾਂ ਤੇਰੇ ਜੀਵਨ ਅੰਦਰੋਂ ‘ਨਾਮਧਨ’ ਵਾਲੀ ਅਸਲ ਖੇਤੀ ਨੂੰ ਬਰਬਾਦ ਕਰ ਦੇਣ ਗੀਆਂ ਤੇ ਉਜਾੜ ਨਾ ਦੇਣ ਗੀਆਂ। ਇਸ ਤੋਂ ਤੇਰਾ ਦੁਰਲਭ ਤੇ ਫ਼ਿਰ ਤੋਂ ਪ੍ਰਾਪਤ ਇਹ ਮਨੁੱਖਾ ਜਨਮ ਵੀ ਬਿਰਥਾ ਹੋ ਜਾਵੇਗਾ”।

ਹੇਠਾਂ ਦਿੱਤੇ ਸੰਬੰਧਤ ਸ਼ਬਦ ਦੀ ਅਤੀ ਸੰਖੇਪ ਵਿਚਾਰ ਤੋਂ ਬਾਅਦ ਅਸ਼ਾਂ ਇਹ ਵੀ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੇ ਬਿਰਥਾ ਹੋਣ ਦਾ ਮਤਲਬ ਹੀ, ਪ੍ਰਭੂ ਦੇ ਦਰ `ਤੇ ਜੀਵ ਦਾ ਕਬੂਲ ਨਾ ਹੋਣਾ ਤੇ “ਇਕਿ ਖੋਟੇ ਇਕਿ ਖਰੇ, ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) ਅਨੁਸਾਰ “ਬਾਹਰ ਵਾਰਿ” ਦਾ ਮਤਲਬ ਹੀ ਜੀਵ ਦਾ ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਪੈ ਜਾਣਾ ਹੁੰਦਾ ਹੈ।

ਉਨ੍ਹਾਂ ਹੀ ਗਰਭਾਂ, ਜੂਨਾਂ, ਜਨਮਾਂ ਵਾਲੇ ਗੇੜ `ਚ ਪੈ ਜਾਣਾ ਜਿਨ੍ਹਾਂ `ਚੋਂ ਕੱਢ ਕੇ ਪ੍ਰਭੂ ਨੇ ਸਾਨੂੰ ਫ਼ਿਰ ਤੋਂ ਇਹ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਬਖ਼ਸ਼ਿਆ ਤੇ ਵਾਰੀ ਦਿੱਤੀ ਹੁੰਦੀ ਹੈ। ਇਸ ਵਿਸ਼ੇ ਨਾਲ ਸੰਬੰਧਤ ਵੀ ਗੁਰਦੇਵ ਦੇ ਗੁਰਬਾਣੀ ਬੇਅੰਤ ਫ਼ੁਰਮਾਨ ਤੇ ਸ਼ਬਦ ਬਖ਼ਸ਼ੇ ਹਨ। ਤਾਂ ਤੇ ਇਹ ਵੀ ਕਰਤਾ ਅਕਾਲਪੁਰਖ ਆਪ ਹੀ ਜਾਣਦਾ ਹੈ ਕਿ ਕਿਤਨੇ ਲੰਮੇ ਸਮੇਂ ਅਤੇ ਕਿਤਣੀਆਂ ਜੂਨਾਂ ਭੋਗਣ ਤੋਂ ਬਾਅਦ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” (ਪੰ: ੧੭੬) ਅਤੇ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ (ਪੰ: ੧੨) ਅਨੁਸਾਰ ਸਾਨੂੰ ਪ੍ਰਭੂ ਨੇ ਇਸ ਮਨੁੱਖਾ ਜਨਮ ਵਾਲਾ ਫ਼ਿਰ ਤੋਂ ਇਹ ਅਵਸਰ, ਸਮਾਂ ਤੇ ਬਰੀਆ ਬਖ਼ਸ਼ੀ ਹੁੰਦੀ ਹੈ।

ਬਲਕਿ ਅਸਾਂ ਇਥੇ ਇਹ ਵੀ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੇ ਵੀ ੨ (ਦੋ) ਕਿਨਾਰੇ ਜ਼ਰੂਰ ਹੁੰਦੇ ਹਨ। ਮਨੁੱਖਾ ਜਨਮ ਦੇ ਇਹ ਦੋ ਕਿਨਾਰੇ ਹੁੰਦੇ ਹਨ ‘ਗੁਰਮੁਖ ਜੀਵਨ ਤੇ ਦੂਜਾ ਹੈ ‘ਮਨਮੁਖੀ ਜੀਵਨ’। ਦੂਜੇ ਲਫ਼ਜ਼ਾਂ `ਚ ‘ਸਫ਼ਲ ਨਹੀਂ ਤਾਂ ਅਸਫ਼ਲ ਭਾਵ ਬਿਰਥਾ ਜਨਮ। ਤਾਂ ਤੇ:-

(੧) ਸਫ਼ਲ ਮਨੁੱਖਾ ਜਨਮ-ਸਾਧਸੰਗਤ ਤੇ ਸ਼ਬਦ-ਗੁਰੂ ਦੀ ਕਮਾਈ ਰਾਹੀਂ ਜਿਸ ਮਨੁੱਖ ਦਾ ਜਨਮ ਆਤਮਕ ਪਖੋਂ ਪ੍ਰਭੂ ਦੇ ਰੰਗ `ਚ ਰੰਗੀਜ਼ ਜਾਂਦਾ ਹੈ। ਅਜਿਹਾ ਮਨੁੱਖ ਜੀਉਂਦੇ ਜੀਅ ਸਹਿਜੇ ਹੀ ਚਿੰਤਾ, ਭਟਕਣਾ, ਤ੍ਰਿਸ਼ਨਾ, ਵਿਕਾਰਾਂ ਤੋਂ ਰਹਿਤ; ਅਨੰਦਮਈ ਤੇ ਮਾਨਸਿਕ ਟਿਕਾਅ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਕਰਤੇ ਦੀ ਬਖ਼ਸ਼ਿਸ਼ ਸਦਕਾ ਉਸ ਦੀ ਜਨਮਾਂ ਜਨਮਾਤ੍ਰਾਂ ਦੀ ਮੈਲ ਵੀ ਧੁਲ ਜਾਂਦੀ ਹੈ ਤੇ ਉਹ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਅਨੁਸਾਰ ਸਰੀਰਕ ਮੌਤ ਤੋਂ ਬਾਅਦ ਵੀ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਉਸਨੂੰ ਮੁੜ ਜਨਮ-ਮਰਨ ਤੇ ਗਰਭਾਂ-ਜੂਨਾਂ ਆਦਿ ਦੇ ਗੇੜ `ਚ ਨਹੀਂ ਆਉਣਾ ਪੈਂਦਾ। ਅਜਿਹੇ ਜੀਵਨ ਲਈ ਗੁਰਬਾਣੀ `ਚ ਜੀਵਨ ਮੁਕਤ, ਗੁਰਮੁਖ, ਸਫ਼ਲ, ਸੁਭਾਗਾ, ਵਡਭਾਗੀ, ਸਚਿਆਰਾ, ਅਪਰਸ, ਬੈਸਨੋ ਭਗਉਤੀ ਆਦਿ ਹੋਰ ਵੀ ਕਾਫ਼ੀ ਸ਼ਬਦਾਵਲੀ ਆਈ ਹੈ।

(੨) ਅਸਫ਼ਲ ਮਨੁੱਖਾ ਜਨਮ- ਸਫ਼ਲ ਜਨਮ ਦੇ ਉਲਟ ਹੈ ਅਸਫ਼ਲ ਅਥਵਾ ਬਿਰਥਾ ਮਨੁੱਖਾ ਜਨਮ। ਸ਼ਬਦ ਗੁਰੂ ਦੀ ਕਮਾਈ ਤੋਂ ਵਿਹੂਣਾ ਮਨੁੱਖ, ਮਨਮੁਖੀ ਜੀਵਨ ਬਤੀਤ ਕਰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਸ ਨੂੰ ਜੀਵਨ ਭਰ ਵਿਕਾਰਾਂ ਦੀ ਮਾਰ ਪੈਂਦੀ ਹੈ। ਫ਼ਿਰ ਇਸੇ ਤੋਂ ਉਸ ਦੇ ਜੀਵਨ ਅੰਦਰ ਹਉਮੈ, ਤ੍ਰਿਸ਼ਨਾ, ਚਿੰਤਾਵਾਂ, ਭਟਕਣਾ, ਡਰ-ਸਹਿਮ, ਤੌਖਲੇ, ਮਾਨਸਿਕ ਉਖਾੜ ਆਦਿ ਬਣੇ ਰਹਿੰਦੇ ਹਨ। ਉਪ੍ਰੰਤ ਇਸੇ ਤੋਂ ਉਸਦੀ ਕਰਣੀ `ਚ ਠੱਗੀਆਂ, ਹੇਰਾ ਫ਼ੇਰੀਆਂ, ਵਿਤਕਰੇ ਆਦਿ ਆੁਗੁਣ ਬਲਕਿ ਕਈ ਵਾਰੀ ਤਾਂ ਵੱਡੇ-ਵੱਡੇ ਗੁਣਾਹ ਤੇ ਜੁਰਮ ਆਦਿ ਵੀ ਜਨਮ ਲੈ ਲੈਂਦੇ ਹਨ।

ਇਸ ਤਰ੍ਹਾਂ ਜੀਊਂਦੇ ਜੀਅ ਤਾਂ ਉਸਦੇ ਜੀਵਨ ਅੰਦਰ ਪ੍ਰੇਸ਼ਾਣੀਆਂ ਹਾਵੀ ਰਹਿੰਦੀਆਂ ਹੀ ਹਨ, ਫ਼ਿਰ ਸਰੀਰਕ ਮੌਤ ਤੋਂ ਬਾਅਦ ਵੀ “ਨਾਮੁ ਬਿਸਾਰਿ ਚਲਹਿ ਅਨ ਮਾਰਗਿ, ਨਰਕ ਘੋਰ ਮਹਿ ਪਾਹਿ॥ ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ” (ਪੰ: ੧੨੨੫) ਭਾਵ ਉਸ ਨੂੰ ਮੁੜ ਜਨਮਾਂ-ਜੂਨਾਂ ਦੇ ਗੇੜ ਹੀ ਭੋਗਣੇ ਪੈਂਦੇ ਹਨ। ਗੁਰਬਾਣੀ ਅਨੁਸਾਰ ਨਰਕ, ਅਨਿਕ ਸਜਾਂਈ ਤੇ ਦੋਜ਼ਖ ਦਾ ਅਰਥ ਵੀ ਕੀਤੇ ਕਰਮਾਂ ਅਨੁਸਾਰ ਜਨਮ ਮਰਨ ਦਾ ਗੇੜ ਹੀ ਹਨ, ਅਣਮੱਤੀ ਨਰਕ-ਦੋਜ਼ਖ ਆਦਿ ਨਹੀਂ।

ਉਪ੍ਰੰਤ ਗੁਰਬਾਣੀ ਅਨੁਸਾਰ ਜੀਵ ਲਈ ਮੁੜ ਇਹ ਜਨਮ-ਮਰਨ ਵਾਲਾ ਸਿਲਸਿਲਾ ਵੀ ਅਮੁੱਕ ਨਹੀਂ ਹੁੰਦਾ। ਬਲਕਿ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾੲ” (ਪੰ: ੯੨੦) ਭਾਵ ਇਹ ਵੀ ਉਦੋਂ ਤੱਕ ਹੀ ਚਲਦਾ ਰਹਿੰਦਾ ਹੈ ਜਦੋਂ ਤੱਕ ਕਿ ਜੀਵ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਸ਼ਬਦ-ਗੁਰੂ ਦੀ ਕਮਾਈ ਕਰਕੇ ਉਸ ਜਨਮ ਨੂੰ ਸਫ਼ਲ ਹੀ ਨਾ ਕਰ ਲਵੇ।

ਇਥੇ ਇਹ ਵੀ ਧਿਆਨ ਰਹੇ-ਗੁਰਬਾਣੀ ਅਨੁਸਾਰ ਜੀਉਂਦੇ ਜੀਅ ਸੁਭਾਅ ਕਰਕੇ ਵੀ ਜੂਨਾਂ ਤੇ ਜਨਮਾਂ ਦੇ ਗੇੜ ਹੁੰਦੇ ਹਨ ਪਰ “ਗਰਭੈ ਗਰਭਿ ਭ੍ਰਮਾਹਿ” ਗਰਭ’ ਦਾ ਅਰਥ ਹੀ ਭਿੰਨ ਭਿੰਨ ਸਰੀਰ ਹੀ ਹੁੰਦੇ ਹਨ ਜਿਨ੍ਹਾਂ ਤੋਂ ਦੂਜੀਆਂ ਜੂਨਾਂ ਤੇ ਜਨਮ ਬਣਦੇ ਹਨ। ਇਸ ਲਈ ਅਜਿਹੇ ਗਰਭ ਵੀ ਹਮੇਸ਼ਾਂ ਤੇ ਹਰੇਕ ਵਾਰੀ ਬਦਲਵੇਂ ਹੁੰਦੇ ਹਨ। ਸਪਸ਼ਟ ਹੈ ਕਿ ਉਹ ਜੂਨੀਆਂ ਤੇ ਜਨਮ ਮਨੁੱਖ ਦੇ ਸੁਭਾਅ ਦੇ ਬਦਲਾਵ ਅਤੇ ਇਸੇ ਜਨਮ ਦੌਹਰਾਨ ਨਹੀਂ ਹੁੰਦੇ। ਤਾਂ ਤੇ “ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ” ਵਾਲਾ ਪੂਰਾ ਸ਼ਬਦ ਵੀ ਇਸ ਤਰ੍ਹਾਂ ਹੈ:-

“ਸਿਰੀਰਾਗੁ ਮਹਲਾ ੩॥ ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ॥ ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ॥ ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥ ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ॥ ੧ 

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ॥ ੧ ॥ ਰਹਾਉ॥

ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ॥ ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ॥ ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ॥ ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ॥ ੨ 

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ॥ ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ॥ ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ॥ ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ॥  

ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ॥ ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ॥ ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ॥ ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ॥ ੪ ॥” (ਪੰ: ੩੪)

“ਕੂੰਜ ਪੜੈਗੀ ਖੇਤਿ” -ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਫ਼ਿਰ ਤੋਂ ਅਸਲ ਚਲਦੇ ਆ ਰਹੇ ਆਪਣੇ ਮੁੱਖ ਵਿਸ਼ੇ ਵੱਲ। ਬੇਸ਼ੱਕ ਉਪਰ ਬਿਆਣੇ ਸ਼ਬਦ `ਚ ਤੀਜੇ ਪਾਤਸ਼ਾਹ ਨੇ ਕੂੰਜ ਸ਼ਬਦ ਵਿਕਾਰਾਂ ਲਈ ਤੇ ਖੇਤ, ਸਰਬਉੱਤਮ ਭਾਵ ਮਨੁੱਖਾ ਜੂਨ ਤੇ ਜਨਮ ਲਈ ਹੀ ਵਰਤਿਆ ਹੈ।

ਜਦਕਿ ਗੁਰਦੇਵ ਰਾਹੀਂ ਉਥੇ, ਉਸੇ ਵਰਤੀ ਹੋਈ ਮਿਸਾਲ “ਕੂੰਜ ਪੜੈਗੀ ਖੇਤਿ” ਨੂੰ ਹੀ ਅਸੀਂ ਇਥੇ ਥੋੜਾ ਬਦਲਵੇਂ ਢੰਗ ਨਾਲ ਲੈ ਰਹੇ ਰਹੇ ਹਾਂ। ਹੁਣ ਤੱਕ ਦੇ ਵੇਰਵਿਆਂ ਤੋਂ ਸਪਸ਼ਟ ਹੈ ਕਿ ਸਿੱਖੀ ਦੇ ਨਿਰਮਲ ਖੇਤ ਨੂੰ ਗੁਰਬਾਣੀ ਜੀਵਨ ਪੱਖੋਂ ਅਗਿਆਨਤਾ ਵਾਲਾ ਰਾਖਸ਼ ਤੇ ਗੁਰੂ ਕੇ ਪੰਥ ਦੀ ਹੋਂਦ ਨੂੰ ਖਤਮ ਕਰਣ ਜਾਂ ਇਸ ਨੂੰ ਖੇਰੂ ਖੇਰੂੰ ਕਰਣ ਦੇ ਲਗਾਤਾਰ ਸੁਪਨੇ ਲੈ ਰਹੀਆਂ, ਵਿਰੋਧੀ ਤੇ ਅਣਮੱਤ ਰੂਪੀ ਕੂੰਜਾਂ ਅਰੁਕ ਤੇ ਬੇ-ਟੋਕ ਹਰ ਸਮੇਂ ਪੈ ਰਹੀਆਂ ਹਨ, ਜਿਥੋਂ ਕਿ ਇਸ ਗੁਰੂ ਕੇ ਪੰਥ ਨੂੰ ਹਰ ਪਲ, ਹਰ ਸਮੇਂ, ਹਰ ਸੁਆਸ ਤੇ ਹਰ ਪੱਖੋਂ ਸੁਚੇਤ ਹੋਣ ਦੀ ਲੋੜ ਹੈ।

ਜੇਕਰ ਸਿੱਖੀ ਤੇ ਸਿੱਖ ਧਰਮ ਦੇ ਬੀਜ ਵੱਲ ਦੇਖੀਏ ਤਾਂ ਗੁਰੂ ਪਾਤਸ਼ਾਹ ਰਾਹੀਂ ਆਪਣੇ ਦਸਾਂ ਜਾਮਿਆਂ ਦੌਹਰਾਨ ਪਾਇਆ ਹੋਇਆ ਪੰਥ ਅਥਵਾ ਗੁਰੂ ਕੀ ਸਿੱਖੀ ਵਾਲਾ ਬੀਜ ਅੱਜ ਵੀ ਵੀਹ ਕਰੋੜ ਤੋਂ ਘੱਟ ਨਹੀਂ ਮਿਲੇਗਾ ਬਲਕਿ ਇਸ ਤੋਂ ਵੀ ਵਧ ਹੋ ਸਕਦਾ ਹੈ।

ਦੂਜੇ ਪਾਸੇ ਇਨ੍ਹਾਂ ਪੈ ਰਹੀਆਂ ਕੂਜਾਂ ਦਾ ਹੀ ਨਤੀਜਾ ਹੈ ਜੇ ਕਰ ਸਿੱਖਾਂ ਦੀ ਅਜੋਕੀ ਜਨਗਣਨਾ ਵੱਲ ਜਾਂਦੇ ਹਾਂ ਤਾਂ ਸਿੱਖਾਂ ਦੀ ਅਜੋਕੀ ਕੁਲ ਗਿਣਤੀ ਦੋ ਕਰੋੜ ਤੋਂ ਵੀ ਘੱਟ ਹੈ। ਇਸ ਸੰਬੰਧੀ ਲੋੜੀਂਦੇ ਵੇਰਵੇ ਆ ਚੁੱਕੇ ਹਨ, ਇਸ ਲਈ ਵਿਸ਼ੇ ਨੂੰ ਬਿਨਾ ਲੋੜ ਲੰਮਾਂ ਖਿੱਚਣ ਦੀ ਲੋੜ ਨਹੀ। ਲੋੜ ਹੈ ਤਾਂ ਖੁੱਲਦਿਲੀ ਨਾਲ ਵਿਸ਼ੇ ਦਾ ਹੱਲ ਢੂੰਡਣ ਦੀ ਤਾ ਕਿ ਸੰਸਾਰ `ਚ ਸਿੱਖ ਧਰਮ ਦੀ ਮੂਲ ਹੋਂਦ ਨੂੰ ਉਤਸਾਹਿਤ ਕਰਕੇ ਉਸਨੂੰ ਸੰਭਾਲਿਆ, ਉਭਾਰਿਆ ਤੇ ਉਜਾਗਰ ਕੀਤਾ ਜਾ ਸਕੇ। ਇਸਲਈ ਇਸ ਪੇਚੀਦਾ ਮਸਲੇ ਦਾ ਹੱਲ ਕਰਣ ਤੋਂ ਪਹਿਲਾਂ ਕੁੱਝ ਨੁੱਕਤੇ ਖਾਸ ਧਿਆਨ ਤੇ ਵਿਚਾਰ ਮੰਗਦੇ ਹਨ ਜਿਵੇ:-

ਨੁੱਕਤਾ ਨੰ: ੧- ਗੁਰੂ ਕੀ ਸੰਗਤ ਅਤੇ ਸਿੱਖ ਵਿਚਕਾਰ ਫ਼ਾਸਲਾ? -ਅਰੰਭ ਤੋਂ ਹੀ ਦੇਖ ਆਏ ਹਾਂ ਕਿ ਸਿੱਖ ਅਥਵਾ ਸਿੱਖ ਧਰਮ ਦੀ ਗੱਲ ਹੀ ਸ਼ੁਰੂ ਹੁੰਦੀ ਹੈ ਤਾਂ “ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ: ੧/੨੭) ਭਾਵ “ਗ੍ਰੁਰੂ ਕੀਆਂ ਸੰਗਤਾਂ” ਤੋਂ ਨਾ ਕਿ ‘ਸਿੱਖਾਂ’ ਤੋਂ। ਬਲਕਿ ਸਿੱਖ ਤਾਂ ਸੰਗਤ ਰੂਪੀ ਬੂਟੇ ਦਾ ਪ੍ਰਫ਼ੁਲਤ ਫਲ ਹਨ, ਇਸ ਦੀ ਸੁਰੂਆਤ ਨਹੀਂ। ਇਸ ਤਰ੍ਹਾਂ ਸਚਾਈ ਵੀ ਇਹੀ ਹੈ ਕਿ ਸਿੱਖ ਧਰਮ ਅਥਵਾ ਗੁਰੂ ਕੀ ਸਿੱਖੀ ਦਾ ਅਰੰਭ, ਗੁਰੂ ਕੀ ਸੰਗਤ ਤੋਂ ਹੁੰਦਾ ਹੈ ਨਾ ਕਿ ਸਿੱਖ ਤੋਂ। ਤਾਂ ਫ਼ਿਰ ਅੱਜ ਵੀ ਸੰਸਾਰ ਭਰ `ਚ ਨਾਨਕ ਪੰਥੀਆਂ ਜਾਂ ਕਿਸੇ ਵੀ ਰੂਪ `ਚ ਫੈਲੀਆਂ ਹੋਈਆਂ ਗੁਰੂ ਕੀਆਂ ਸੰਗਤਾਂ ਸਿੱਖ ਧਰਮ ਤੋਂ ਅੱਡ ਕਿਵੇਂ ਹਨ? ਕੌਣ ਵਿਚਾਰੇਗਾ?

ਕੀ ਉਨ੍ਹਾਂ ਬੇਅੰਤ ਗੁਰੂ ਕੀਆਂ ਸੰਗਤਾਂ ਅਤੇ ਨਾਨਕ ਪੰਥੀਆਂ ਪ੍ਰਤੀ ਅਜੋਕੇ ਸਿੱਖ ਅਖਵਾਉਣ ਵਾਲਿਆਂ ਦਾ ਫ਼ਰਜ਼ ਨਹੀਂ ਬਣਦਾ ਕਿ ਉਹ ਲੋਕ, ਉਨ੍ਹਾਂ ਨੂੰ ਵੀ ਕਿਸੇ ਯੋਗ ਤੇ ਸਤਿਕਾਰ ਭਰਪੂਰ ਢੰਗ ਨਾਲ ਆਪਣੀ ਬਰਾਬਰੀ ਦੇ ਕੇ ਆਪਣੀ ਛਾਤੀ ਨਾਲ ਲਗਾਉਣ ਵਾਲਾ ਆਪਣਾ ਫ਼ਰਜ਼ ਪੂਰਾ ਕਰਣ?

ਕੀ ਅਜਿਹਾ ਨਾ ਕਰਣਾ ਗੁਰੂ ਹਸਤੀਆਂ ਰਾਹੀ ਸਥਾਪਿਤ ਕੀਤੇ ਹੋਏ ਸਿੱਖ ਧਰਮ ਦੇ ਨੀਯਮਾਂ ਤੇ ਮੁਢਲੇ ਉਸੂਲਾਂ ਤੇ ਸਿੱਖੀ ਦੇ ਮਿਆਰ ਦੀ ਸਿਧੀ ਉਲੰਘਣਾ, ਅਣਦੇਖੀ ਤੇ ਗੁਰੂ ਸਾਹਿਬਾਨ ਦੇ ਮਹਾਨ ਸਤਿਕਾਰ ਵਿਰੁਧ ਕਰਮ ਨਹੀਂ?

ਨੁੱਕਤਾ ਨੰ: ੨-ਸਿੱਖ ਧਰਮ ਦੇ ਪ੍ਰਚਾਰਕ ਤੇ ਗੁਰੂ ਕੀਆਂ ਸੰਗਤਾਂ- ਆ ਚੁੱਕੇ ਵੇਰਵਿਆਂ `ਚ ਇਹ ਵੀ ਭਲੀ ਪ੍ਰਕਾਰ ਦੇਖ ਆਏ ਹਾਂ ਕਿ ਪਹਿਲੇ ਪਾਤਸ਼ਾਹ ਤੋਂ ਅਰੰਭ ਹੋ ਕੇ ਦਸਮੇਸ਼ ਪਿਤਾ ਦੇ ਸਮੇਂ ਤੱਕ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਚਾਰਕਾਂ `ਤੇ ਗੁਰਦੇਵ ਦਾ ਸਖ਼ਤ ਕੁੰਡਾ ਹੁੰਦਾ ਸੀ। ਯੋਗਤਾ ਤੇ ਉਨ੍ਹਾਂ ਦੇ ਸਿੱਖੀ ਜੀਵਨ ਨੂੰ ਘੋਖ-ਪਰਖ ਕੇ ਹੀ ਗੁਰਮੱਤ ਦੇ ਪ੍ਰਚਾਰਕ ਥਾਪੇ ਜਾਂਦੇ ਸਨ। ਉਦੋਂ ਸਿੱਖ ਧਰਮ ਦੇ ਆਪ ਬਣੇ ਪ੍ਰਚਾਰਕ ਮੂਲੋਂ ਹੀ ਨਹੀਂ ਸਨ ਹੁੰਦੇ। ਉਸੇ ਦਾ ਨਤੀਜਾ ਹੁੰਦਾ ਸੀ ਕਿ ਭਾਈ ਅਦਲੀ ਜੀ ਦੇ ਕੇਵਲ ਸਤਿਸੰਗ `ਚ ਆਉਣ ਕਰਕੇ ਹੀ ਆਪਣੇ ਸਮੇਂ ਦਾ ਨਾਮੀ ਧਾੜਵੀ ਤੇ ਲੁਟੇਰਾ ਬਿਧੀਆ ਵੀ, ਸਿੱਖੀ ਜੀਵਨ ਦਾ ਮੁਜੱਸਮਾ ਜਰਨੈਲ ਭਾਈ ਬਿਧੀ ਚੰਦ ਹੋ ਨਿਬੜਿਆ।

ਜਦਕਿ ਇਹ ਵੀ ਕੇਵਲ ਇੱਕ ਮਿਸਾਲ ਹੀ ਹੈ। ਇਹ ਇਸ ਪਾਸੇ ਕੇਵਲ ਇੱਕ ਇਸ਼ਾਰਾ ਹੀ ਹੈ, ਜਿਸਦਾ ਮਕਸਦ ਉਦੋਂ ਸਿੱਖ ਧਰਮ ਦੇ ਪ੍ਰਚਾਰਕਾਂ ਰਾਹੀਂ ਕੀਤੇ ਜਾ ਰਹੇ ਸਿੱਖ ਧਰਮ ਦੇ ਪ੍ਰਚਾਰ ਦੀ ਅਸਲੀਅਤ ਨੂੰ ਸੰਗਤਾਂ ਸਾਹਮਣੇ ਲਿਆਉਣਾ ਹੈ। ਉਦੋਂ ਗੁਰਮੱਤ ਦਾ ਪ੍ਰਚਾਰ ਤਾਂ ਧਾੜਵੀਆਂ ਤੇ ਲੁਟੇਰਿਆਂ ਤੱਕ ਦੀ ਕਾਇਆਂ ਵੀ ਕਲਪ ਕਰਣ ਦੇ ਸਮ੍ਰਥ ਸੀ।

ਇਥੋਂ ਤੱਕ ਕਿ ਚੌਥੇ ਜਾਮੇ ਸਮੇਂ ਗੁਰਦੇਵ ਰਾਹੀਂ ਖ਼ੁਦ ਸਥਾਪਿਤ ਕੀਤੀ ਮਸੰਦ ਪ੍ਰਥਾ। ਜਦੋਂ ਉਸ ਮਸੰਦ ਪ੍ਰਥਾ `ਚ ਵੀ ਨੁੱਕਸ ਆ ਗਿਆ ਤਾਂ ਦਸਵੇਂ ਜਾਮੇ ਸਮੇਂ ਗੁਰਦੇਵ ਨੇ ਉਸ ਪ੍ਰਥਾ ਨੂੰ ਸਮਾਪਤ ਵੀ ਆਪ ਹੀ ਕੀਤਾ ਸੀ। ਬਲਕਿ ਇਤਿਹਾਸ ਤਾਂ ਇਥੋਂ ਤੱਕ ਗਵਾਹੀ ਭਰਦਾ ਹੈ ਕਿ ਗੁਰਦੇਵ ਨੇ ਅਜਿੇਹੇ ਕੁਰਾਹੇ ਪੈ ਚੁੱਕੇ ਮਸੰਦਾਂ ਨੂੰ ਗੁਰਦੇਵ ਕਰੜੀਆਂ ਤੋਂ ਕਰੜੀਆਂ ਸਜ਼ਾਵਾਂ ਵੀ ਦਿੱਤੀਆਂ ਸਨ। ਜਦਕਿ ਆਮ ਸਿੱਖ ਸੰਗਤਾਂ ਲਈ, ਗੁਰਦੇਵ ਦਾ ਸਜ਼ਾਵਾਂ ਵਾਲਾ ਅਜਿਹਾ ਵਿਸ਼ਾ ਕਦੇ ਵੀ ਨਹੀਂ ਸੀ ਰਿਹਾ।

ਉਸ ਦਾ ਕਾਰਣ ਸੀ ਕਿ ਇੱਕ ਪ੍ਰਚਾਰਕ ਦੇ ਜੀਵਨ ਦੀ ਖੋਟ, ਹਜ਼ਾਰਾਂ ਸੰਗਤਾਂ ਦੇ ਜੀਵਨ `ਚ ਖੋਟ ਭਰਣ ਦਾ ਕਾਰਣ ਬਣ ਸਕਦੀ ਹੈ। ਜਦਕਿ ਅੱਜ ਤਾਂ ਇਸ ਪਾਸਿਉਂ ਸਾਡਾ ਆਵਾ ਹੀ ਊਤਿਆ ਪਿਆ ਹੈ। ਇਸ ਲਈ ਜ਼ਰੂਰੀ ਹੈ ਕਿ ਜਿੱਥੇ ਇੱਕ ਪਾਸੇ ਅੱਜ ਮੂਲ ਰੂਪ `ਚ ਵੀਹ ਕਰੋੜ ਤੋਂ ਉਪਰ ਦੀ ਗਿਣਤੀ `ਚ ਖਿੰਡੀਆਂ ਹੋਈਆਂ ਗੁਰੂ ਕੀਆਂ ਸੰਗਤਾਂ ਵਿਚਕਾਰ ਨਜ਼ਦੀਕੀਆਂ ਪੈਦਾ ਕਰਣ ਦੇ ਢੰਗ ਉਲੀਕੇ ਤੇ ਵਸੀਲੇ ਵਰਤੇ ਜਾਣ ਉਥੇ ਨਾਲ ਹੀ ਸ਼ਿੱਖ ਧਰਮ ਦੇ ਯੋਗ ਪ੍ਰਚਾਰ ਲਈ ਚਾਹੇ ਕਿਸੇ ਵੀ ਢੰਗ ਨਾਲ, ਪਰ ਉਸ ਉਪਰ ਨਿਰੋਲ ਗੁਰਬਾਣੀ ਵਿਚਾਰਧਾਰਾ ਦਾ ਮਜ਼ਬੂਤ ਕੁੰਡਾ ਵੀ ਲਗਾਇਆ ਜਾਵੇ।

ਨੁੱਕਤਾ ਨੰ: ੩- “ਨੀਚਾ ਅੰਦਰਿ ਨੀਚ ਜਾਤਿ” -ਇਹ ਵੀ ਦੇਖ ਚੁੱਕੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦਾ ਅਰੰਭ ਤਲਵੰਡੀ ਵਿਖੇ ਦੋ ਵੱਕਤ ਦੇ ਸਤਿਸੰਗਾਂ ਤੋਂ ਕੀਤਾ ਸੀ। ਫ਼ਿਰ ਇਨ੍ਹਾਂ ਸਤਿਸੰਗਾਂ ਦੀ ਬੁਨਿਆਦ ਵੀ ਮਲਿਕ ਭਾਗੋਆਂ ਤੋਂ ਨਹੀਂ ਬਲਕਿ:

“ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ” (ਪੰ: ੧੫) ਅਨੁਸਾਰ ਭਾਈ ਮਰਦਾਨੇ ਤੋਂ ਉਪ੍ਰੰਤ ਐਮਨਾਬਾਦ ਵਿਖੇ ਸੰਸਾਰਕ ਤਲ `ਤੇ ਅਤਿ ਦਰਜੇ ਦੇ ਗ਼ਰੀਬ ਤੇ ਦਸਾਂ ਨਊਆਂ ਦੀ ਕਿਰਤ ਕਰਣ ਵਾਲੇ ਇਨਸਾਨ, ਭਾਈ ਲਾਲੋ ਤਰਖਾਨ ਤੋਂ ਰਖਵਾਈ ਸੀ।

ਫ਼ਿਰ ਭਾਈ ਮਰਦਾਨਾ ਵੀ ਤਾਂ ਕਦੇ ਉਹ ਇਨਸਾਨ ਸੀ ਜਿਸਨੂੰ ਬ੍ਰਾਹਮਣ ਮੱਤ ਅਨੁਸਾਰ ਵੀ ਮਲੇਛ ਭਾਵ ਨੀਚ ਤੇ ਅਛੂਤ ਮੰਨਿਆ ਜਾਂਦਾ ਸੀ। ਜਦਕਿ ਮੁਸਲਮਾਨਾਂ ਅਨੁਸਾਰ ਵੀ ਉਹ ਮਰਾਸੀ ਭਾਵ ਮੁਸਲਮਾਨਾਂ `ਚੋਂ ਵੀ ਸਭ ਤੋਂ ਨੀਵੀਂ ਜਾਤ ਦਾ ਸੀ ਭਾਵ ਸਮਾਜਿਕ ਤਲ `ਤੇ ਨੀਚੀ ਹੂ ਅਤਿ ਨੀਚੁ” ਜਾਤ ਦਾ।

ਦੂਜੇ ਪਾਸੇ, ਗੁਰਦੇਵ ਨੇ ਮਰਾਸੀ ਕੁਲ ਦੇ ਉਸੇ ਮਰਦਾਨੇ ਨੂੰ ਸਭ ਤੋਂ ਪਹਿਲਾਂ ਆਪਣੀ ਛਾਤੀ ਨਾਲ ਲਗਾਇਆ ਤੇ ਆਪਣੇ ਸਾਥ `ਚ ਲਿਆ। ਉਸ ਨੂੰ ਭਾਈ ਲਫ਼ਜ਼ ਨਾਲ ਨਿਵਾਜਿਆਂ ਤੇ ਆਪਣੀ ਬਰਾਬਰੀ ਵੀ ਦਿੱਤੀ।

ਫ਼ਿਰ ਉਹੀ ਭਾਈ ਮਰਦਾਨਾ ਜਿਸਨੇ ਪਹਿਲੀਆਂ ਕਤਾਰਾਂ `ਚ ਪਾਤਸ਼ਾਹ ਤੋਂ ਚਰਣ ਪਾਹੁਲ ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ। ਉਪ੍ਰੰਤ ਉਹੀ ਭਾਈ ਮਰਦਾਨਾ, ਆਪਣੇ ਜੀਵਨ ਕਾਲ `ਚ ਹੀ ਸਿੱਖ ਧਰਮ ਦੇ ਉਸ ਸਮੇਂ ਦੇ ਅਤੀ ਪ੍ਰਚਾਰਕਾਂ ਦੀ ਅਤੀ ਸਤਿਕਾਰਜੋਗ ਉੱਤਮ ਅਵਸਥਾ ਨੂੰ ਵੀ ਪ੍ਰਾਪਤ ਹੋਇਆ।

ਇਸ ਤਰ੍ਹਾਂ ਉਹੀ ਮਰਦਾਨਾ ਜਦੋਂ ਜਾਤ ਪਾਤ ਦੇ ਮੁਦਈਆਂ ਅਨੁਸਾਰ ਅਜੇ ਮਿਰਾਸੀ, ਮਲੇਛ `ਤੇ ਨੀਚ ਜਾਤ ਸੀ। ਦੂਜੇ ਪਸੇ ਪਾਤਸ਼ਾਹ ਨੇ ਜਦੋਂ ਤਲਵੰਡੀ ਵਿਖੇ ਸਵੇਰ ਸ਼ਾਮ ਦੋ ਵੱਕਤ ਦੇ ਆਪਣੇ ਸਤਿਸੰਗਾਂ `ਚ ਖ਼ੁਦ ਧੁਰ ਕੀ ਬਾਣੀ ਦਾ ਗਾਇਣ ਕਰਦੇ ਤੇ ਉਸ ਦੀ ਆਪ ਵਿਚਾਰ-ਵਿਆਖਿਆ ਵੀ ਆ ਹੀ ਕਰਕੇ ਸੰਗਤਾਂ ਨੂੰ ਸਮਝਾਉਂਦੇ।

ਤਾਂ ਉਦੋਂ ਗੁਰਦੇਵ ਉਸੇ (ਮਰਾਸੀ ਕੁਲ ਦੇ) ਭਾਈ ਮਰਦਾਨੇ ਨੂੰ ਆਪਣੀ ਬਰਾਬਰੀ `ਤੇ ਆਪਣੇ ਨਾਲ ਬਿਠਾ ਕੇ ਰਬਾਬ ਵੀ ਉਸੇ ਤੋਂ ਵਜਵਾਉਂਦੇ। ਦਰਅਸਲ ਉਨ੍ਹਾਂ ਸਤਿਸੰਗਾਂ ਦਾ ਹੀ ਨਤੀਜਾ ਸੀ ਕਿ ਲੋਕਾਈ ਦੇ ਮਨਾਂ `ਚ ਹਜ਼ਾਰਾਂ ਸਾਲਾਂ ਤੋਂ ਪਾਏ ਗਏ ਜ਼ਾਤ-ਪਾਤ, ਛੂਤ-ਛਾਤ, ਇਸਤ੍ਰੀ-ਪੁਰਖ, ਵਰਣ-ਵੰਡ ਆਦਿ ਦੇ ਵਿਤਕਰੇ ਤੇ ਵਹਿਮ-ਸਹਿਮ ਵੀ ਬਿਨਾ ਦੇਰ ਚਕਣਾਚੂਰ ਹੋਣੇ ਸ਼ੁਰੂ ਹੋ ਗਏ ਸਨ।

#34SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.