.

ਸਮਾਜ ਦੀ ਸਿਰਜਨਾ

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ 1-604-755-3305

ਇਸ ਲੇਖਲੜੀ ਦੇ ਅਰੰਭ ਵਿੱਚ ਹੀ ਇੱਕ ਅਹਿਮ ਨੁਕਤਾ ਸਪੱਸ਼ਟ ਕਰਨਾ ਜਰੂਰੀ ਲਗਦਾ ਹੈ। ਉਹ ਇਹ ਕਿ, ਲੇਖਕ ਵੱਲੋਂ ਪੇਸ਼ ਕੀਤੇ ਜਾ ਰਹੇ ਨਿੱਜੀ ਵਿਚਾਰਾਂ ਬਾਰੇ ਪਾਠਕਾਂ ਵੱਲੋਂ ਮਿਲਣ ਵਾਲੇ ਉਸਾਰੂ ਅਤੇ ਮਾਨਵਵਾਦੀ ਸੁਝਾਵਾਂ ਨੂੰ ਖੁੱਲ੍ਹੇ ਦਿਲ ਨਾਲ ‘ਜੀ-ਆਇਆਂ’ ਆਖਿਆ ਜਾਵੇਗਾ ਅਤੇ ਸਮੁੱਚੀ ਮਨੁੱਖਤਾ ਦੇ ਹਿੱਤਾਂ ਨੂੰ ਧਿਆਨ `ਚ ਰਖਦਿਆਂ ਹੋਇਆਂ, ਇਨ੍ਹਾਂ ਵਿੱਚ ਲੋੜੀਂਦੇ ਸੁਧਾਰ ਕਰਨ ਦੀ ਗੁੰਜ਼ਾਇਸ਼ ਹਮੇਸ਼ਾ ਹੀ ਬਣੀ ਰਹੇਗੀ। ਹੋਰਨਾਂ ਮੱਤਾਂ (ਮਜ਼ਬ੍ਹਾਂ) ਦੇ ਮੁਕੱਦਸ ਫ਼ਲਸਫ਼ਿਆਂ ਵਿੱਚੋਂ ਮਿਲਣ ਵਾਲੇ ਮਾਨਵ-ਵਾਦੀ ਸਿਧਾਂਤਾਂ ਨੂੰ ਵੀ ‘ਜੀ-ਆਇਆਂ’ ਆਖਿਆ ਜਾਵੇਗਾ। ਪਰ, ਜਿੱਥੋਂ ਤੱਕ ਇਸ ਲਿਖਤ ਵਿੱਚ ਦਰਜ਼, ਗੁਰੂ ਗ੍ਰੰਥ ਸਾਹਿਬ ਵਿੱਚੋਂ ਪੇਸ਼ ਕੀਤੇ ਗਏ ਰੱਬੀ-ਗਿਆਨ ਦੇ ਸਿਧਾਂਤਾਂ ਦੀ ਗੱਲ ਹੈ, ਇਨ੍ਹਾਂ ਵਿੱਚ, ਸਮਝੌਤਾਵਾਦੀ ਪਹੁੰਚ ਅਪਣਾ ਕੇ, ਸੁਧਾਰ ਕਰਨ ਦੀ ਉੱਕਾ ਹੀ ਕੋਈ ਗੁੰਜ਼ਾਇਸ਼ ਨਹੀਂ ਹੈ।

ਵਧੀਆ ਮਨੁੱਖੀ ਸਮਾਜ

ਲੇਖਕ ਦੇ ਵਿਚਾਰ ਅਨੁਸਾਰ, ਉਸੇ ਸਮਾਜ ਨੂੰ ਹੀ ਵਧੀਆ (ਆਦਰਸ਼ਕ) ਸਮਾਜ ਕਿਹਾ ਜਾ ਸਕਦਾ ਹੈ ਜਿਹੜਾ ਸਿਰਜਣਹਾਰ ਪ੍ਰਭ-ਪਿਤਾ ਵੱਲੋਂ ਸਾਜੀ ਸ੍ਰਿਸ਼ਟੀ (ਕੁਦਰਤਿ) ਦੇ ਦਰੁੱਸਤ ਬ੍ਰਹਮੰਡੀ ਵਰਤਾਰੇ ਦੇ ਅਟੱਲ ਨਿਯਮਾਂ ਤੇ ਕਾਇਦੇ-ਕਾਨੂੰਨਾਂ ਦੀ ਪੂਰੀ ਦ੍ਰਿੜਤਾ ਅਤੇ ਦਿਆਨਤਦਾਰੀ ਨਾਲ ਪਾਲਣਾ ਕਰਨ ਵਾਲਾ ਹੋਵੇ। ਭਾਵ ਕਿ, ਰਜ਼ਾ ਦੇ ਮਾਲਿਕ ਪ੍ਰਭੂ-ਪਿਤਾ ਦੇ ਅਟੱਲ ਹੁਕਮ ਅਨੁਸਾਰ ਅਮਲੀ ਤੌਰ `ਤੇ ਜੀਵਨ ਜਿਊਂਣ ਵਾਲਾ ਹੋਵੇ। ਪਰਮਾਤਮਾ ਨੇ ਇਹ ਅਸੂਲ ਸ੍ਰਿਸ਼ਟੀ ਦੀ ਸਾਜਨਾ ਦੇ ਨਾਲ ਹੀ ਸਿਰਜ ਕੇ ਲਾਗੂ ਕੀਤੇ ਹੋਏ ਹਨ। ਇਸ ਪਰਥਾਇ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਣੁ ਹੈ -

ਹੁਕਮਿ-ਰਜਾਈ ਚਲਣਾ, ਨਾਨਕ, ਲਿਖਿਆ ਨਾਲਿ।। (ਮ: ੧, ੧)

ਭਾਵ : ਪ੍ਰਭੂ-ਪਿਤਾ ਨਾਲ ਮਿਲਾਪ ਹਾਸਿਲ ਕਰ ਕੇ ਦੁਰਲੱਭ ਮਨੁੱਖਾ ਜੀਵਨ ਸਫ਼ਲ ਕਰਨ ਦਾ ਇੱਕੋ-ਇੱਕ ਢੰਗ ਹੈ ਰਜ਼ਾ ਦੇ ਮਾਲਿਕ (ਰਜ਼ਾਈ) ਪ੍ਰਭੂ-ਪਿਤਾ ਦੇ ਹੁਕਮ ਅਨੁਸਾਰ ਅਮਲੀ ਤੌਰ `ਤੇ ਜੀਵਨ ਜਿਊਂਣਾ, ਅਤੇ ਇਹ ਹੁਕਮ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਾਜਨਾ ਦੇ ਸਮੇਂ ਤੋਂ ਹੀ ਸਿਰਜ ਕੇ ਲਾਗੂ ਕੀਤਾ ਹੋਇਆ ਹੈ।

ਪਰਮਾਤਮਾ ਅਭੁੱਲ ਹੈ। ਇਸ ਲਈ ਉਸ ਦੇ ਸਿਰਜ ਕੇ ਲਾਗੂ ਕੀਤੇ ਹੋਏ ਕੁਦਰਤੀ ਅਸੂਲ (ਹੁਕਮੁ) ਵੀ ਅਟੱਲ ਹਨ। ਭਾਵ ਕਿ, ਇਨ੍ਹਾਂ ਵਿੱਚ ਕਿਸੇ ਵੀ ਕਿਸਮ ਦੀ ਸੋਧ ਕਰਨ ਦੀ ਕੋਈ ਭੀ ਗੁੰਜ਼ਾਇਸ਼ ਨਹੀਂ ਹੈ। ਜਦੋਂ ਤੱਕ ਵਰਤਮਾਨ ਸ੍ਰਿਸ਼ਟੀ ਦੀ ਹੋਂਦ ਰਹੇਗੀ, ਇਹ ਰੱਬੀ-ਨਿਯਮ ਭੀ ਬਾ-ਦਸਤੂਰ ਅਮਲ ਵਿੱਚ ਲਾਗੂ ਰਹਿਣਗੇ -

ਭੁਲਣ ਅੰਦਰਿ ਸਭੁ ਕੋ, ਅਭੁਲ ਗੁਰੂ ਕਰਤਾਰੁ।। (ਮ: ੧, ੬੧)

ਇਥੇ ਇਹ ਵੀ ਜ਼ਿਕਰ ਕਰਨਾ ਪ੍ਰਸੰਗਕ ਹੈ ਕਿ ਗੁਰੂ ਨਾਨਕ ਸਾਹਿਬ ਨੇ ਰੱਬੀ-ਰਜ਼ਾ ਅਨੁਸਾਰ, ਨੌਂ ਸਾਲ ਦੀ ਨਿੱਕੀ ਜਿਹੀ ਆਯੂ ਵਿੱਚ ਹੀ (ਸੰਨ 1478 ਵਿੱਚ), ਭਾਰਤੀ ਉਪ-ਮਹਾਂਦੀਪ ਦੇ ਕੁੱਝ ਕੁ ਹਿੱਸਿਆਂ `ਚ ਪ੍ਰਚੱਲਤ (ਮਨੁੱਖੀ ਸਮਾਜ ਵਿੱਚ ਜਾਤ-ਪਾਤ ਤੇ ਊਚ-ਨੀਚ ਦੇ ਆਧਾਰ `ਤੇ ਵੰਡੀਆਂ ਪਾ ਕੇ ਵਿਤਕਰੇ ਪੈਦਾ ਕਰਨ ਵਾਲੀ) ਜਨੇਊ ਧਾਰਨ ਕਰਨ ਦੀ ਮਨੂੰਵਾਦੀ, ਗ਼ੈਰ-ਕੁਦਰਤੀ, ਕਰਮ-ਕਾਂਡੀ ਅਹਿਮ ਧਾਰਮਿਕ ਰਸਮ ਨੂੰ ਭਰੀ ਸਭਾ ਵਿੱਚ ਅਕੱਟ ਦਲੀਲਾਂ ਦੇ ਆਧਾਰ `ਤੇ ਰੱਦ ਕਰ ਕੇ, ਇੱਕ ਲਾਸਾਨੀ (ਗੁਰਮਤਿ) ਇਨਕਲਾਬ ਦਾ ਆਗਾਜ਼ ਕਰ ਦਿੱਤਾ ਸੀ – ਇੱਕ ਅਜਿਹਾ ਸਦੀਵਕਾਲੀ ਇਨਕਲਾਬ ਜਿਸ ਦਾ ਮਨੋਰਥ, ਕਾਦਿਰੁ ਦੀ ਕੁਦਰਤਿ ਦੇ ਰੱਬੀ-ਨਿਯਮਾਂ ਅਨੁਸਾਰ, ਸਮੁੱਚੀ ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ ਸੰਸਾਰ ਵਿੱਚ ਹੱਕ, ਸੱਚ ਤੇ ਇਨਸਾਫ਼ ਦਾ ਜ਼ਾਮਨ (guarantor) ਸਮਾਜ-ਪ੍ਰਬੰਧ ਸਥਾਪਤ ਕਰਨਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੁਦਰਤਿ ਦੇ ਅਟੱਲ ਨਿਯਮਾਂ ਦੀ ਵਿਆਖਿਆ ਕਰਨ ਵਾਲਾ (ਮਨੁੱਖਤਾ ਲਈ ਸਰਬ-ਸਾਂਝਾ ਰੱਬੀ-ਗਿਆਨ) ਗੁਰਮਤਿ ਫ਼ਲਸਫ਼ਾ ਇਸ ਇਨਕਲਾਬੀ ਲਹਿਰ ਦੀ ਵਿਚਾਰਧਾਰਾ ਦਾ ਧੁਰਾ ਬਣਿਆ।

ਸਾਰੇ ਸੰਸਾਰ ਵਿੱਚ ਇੱਕ ਆਦਰਸ਼ਕ ਮਨੁੱਖੀ ਸਮਾਜ ਦੀ ਸਿਰਜਨਾ ਕਰਨ ਲਈ, ਗੁਰੂ ਨਾਨਕ ਸਾਹਿਬ ਨੇ, ਸੰਨ 1507 ਤੋਂ 1522 ਤੱਕ, ਸੰਸਾਰ ਦੇ ਵੱਡੇ ਹਿੱਸੇ ਵਿੱਚ ਤਕਰੀਬਨ 45, 000 ਕਿਲੋਮੀਟਰ ਸਫ਼ਰ (ਬਹੁਤਾ ਪੈਦਲ ਚੱਲ ਕੇ ਹੀ) ਕਰ ਕੇ ਇਸ ਇਨਕਲਾਬੀ ਫ਼ਲਸਫ਼ੇ ਦਾ ਪ੍ਰਚਾਰ ਕੀਤਾ। ਇਨ੍ਹਾਂ ਪ੍ਰਚਾਰ-ਫੇਰੀਆਂ ਦੌਰਾਨ, ਗੁਰੂ ਨਾਨਕ ਸਾਹਿਬ ਦੇ ਨਗਰ-ਨਿਵਾਸੀ ਅਤੇ ਬਚਪਨ ਦੇ ਸਾਥੀ ਭਾਈ ਮਰਦਾਨਾ ਨੇ ਗੁਰੂ ਨਾਨਕ ਸਾਹਿਬ ਦਾ ਸਾਥ ਨਿਭਾਇਆ। ਇਥੇ ਇਹ ਭੀ ਦੱਸਣਯੋਗ ਹੈ ਕਿ ਭਾਈ ਮਰਦਾਨਾ ਇੱਕ ਅਖੌਤੀ ਨੀਵੀਂ ‘ਜਾਤ’ (ਮਿਰਾਸੀ) ਦੇ ਗ਼ਰੀਬ ਪਰਿਵਾਰ ਵਿੱਚੋਂ ਸਨ। ਇਨ੍ਹਾਂ ਪ੍ਰਚਾਰ-ਫੇਰੀਆਂ ਦੌਰਾਨ, ਗੁਰੂ ਸਾਹਿਬ ਨੇ, ਥਾਂ-ਪੁਰ-ਥਾਂ, ਸਥਾਨਕ ‘ਸੰਗਤਿ’ (ਮੌਜੂਦਾ ਗੁਰਦਵਾਰਾ) ਸੰਸਥਾਵਾਂ ਕਾਇਮ ਕੀਤੀਆਂ ਅਤੇ ਇਨ੍ਹਾਂ ਸੰਸਥਾਵਾਂ ਵਿਚਕਾਰ ਪਰਸਪਰ ਸਹਿਯੋਗ ਬਣਾ ਕੇ ਰੱਖਣ ਲਈ ਉਪਦੇਸ਼ ਕੀਤਾ।

ਇਹ ਇਨਕਲਾਬੀ ਫ਼ਲਸਫ਼ਾ ਮਨੁੱਖੀ ਮਨਾਂ ਨੂੰ ਇਤਨੀ ਖਿੱਚ ਪਾਉਂਣ ਵਾਲਾ ਸਾਬਤ ਹੋਇਆ ਕਿ ਗੁਰੂ ਨਾਨਕ ਸਾਹਿਬ ਦੇ ਜੀਵਨਕਾਲ ਦੌਰਾਨ ਹੀ (ਸੰਨ 1539 ਤੱਕ) ਸੰਸਾਰ ਦੀ ਆਬਾਦੀ ਦਾ ਇੱਕ-ਤਿਹਾਈ ਤੋਂ ਵੀ ਵੱਧ ਹਿੱਸਾ, ਆਪ-ਮੁਹਾਰੇ ਹੀ, ਇਸ ਤੋਂ ਡੂੰਘੇ ਰੂਪ ਵਿੱਚ ਪ੍ਰਭਾਵਤ ਹੋਇਆ। ਗੁਰੂ ਨਾਨਕ ਸਾਹਿਬ ਦੇ ਉਤਰਾਧਿਕਾਰੀ ਨੌਂ ਗੁਰੂ ਜਾਮਿਆਂ ਨੇ ਇਸ ਇਨਕਲਾਬ ਦੇ ਵਿਕਾਸ ਲਈ ਭਰਪੂਰ ਯਤਨ ਕੀਤੇ। ਪਰ, ਇਤਿਹਾਸਕ ਕਾਰਨਾਂ ਕਰ ਕੇ ਅਤੇ ਕੁੱਝ ਕੁ ਮਾਨਵ-ਵਿਰੋਧੀ (ਸੰਗਠਤ) ਖ਼ੁਦਗਰਜ਼ ਧਿਰਾਂ ਵੱਲੋਂ ਇਸ ਇਨਕਲਾਬੀ ਲਹਿਰ ਦੇ ਵਿਕਾਸ ਨੂੰ ਰੋਕਣ ਲਈ ਜੰਗੀ-ਪੱਧਰ `ਤੇ ਸਾਜਿਸ਼ੀ ਢੰਗਾਂ ਨਾਲ ਕੀਤੀਆਂ ਕਾਰਵਾਈਆਂ ਸਦਕਾ, ਇਹ ਇਨਕਲਾਬ, ਸੰਨ 1770 ਦੇ ਆਸ-ਪਾਸ ਤੋਂ, ਸੰਸਾਰ ਵਿੱਚ ਅੱਗੇ ਵਿਕਾਸ ਕਰਨ ਦੀ ਬਜਾਏ ਨਿਵਾਣਾਂ ਵੱਲ ਨੂੰ ਹੋ ਤੁਰਿਆ। ਇਹ ਦੁਖਦਾਈ ਰੁਝਾਨ ਅਜੇ ਤੱਕ ਵੀ ਜਾਰੀ ਹੈ। ਅੱਜ ਇਸ ਗੱਲ ਦੀ ਸਖਤ ਲੋੜ ਹੈ ਕਿ ਭੂਗੋਲਿਕ ਹੱਦ-ਬੰਨਿਆਂ ਤੱਕ ਸੀਮਤ ਹੋ ਕੇ, ਕੌਮਾਂ, ਦੇਸ਼ਾਂ, ਨਸਲਾਂ, ਰੰਗਾਂ ਅਤੇ ਹੋਰ ਦੁਨਿਆਵੀ ਧੜੇਬੰਦੀਆਂ ਦੇ ਵਖਰੇਵਿਆਂ ਵਿੱਚ ਉਲਝੇ ਪਏ ਮਨੁੱਖੀ ਸਮਾਜ ਨੂੰ ਇੱਕ ਵਿਸ਼ਵ-ਪੱਧਰੀ ਵਿਲੱਖਣ ਭਾਈਚਾਰਕ ਸਾਂਝਾਂ ਵਾਲੇ ਸਮਾਜ-ਪ੍ਰਬੰਧ ਵਿੱਚ ਤਬਦੀਲ ਕਰਨ ਲਈ ਸਿਰਤੋੜ ਯਤਨ ਕੀਤੇ ਜਾਣ ਤਾਕਿ ਇਸ ਧਰਤੀ ਨੂੰ ਹੀ, ਸਹੀ ਮਾਅਨਿਆਂ ਵਿੱਚ, ਸਵਰਗ ਦਾ ਰੂਪ ਦੇ ਕੇ, ਮਨੁੱਖਤਾ ਵਿੱਚ ਸਦੀਵੀ ਸੁਖ-ਸ਼ਾਂਤੀ, ਪ੍ਰਸਪਰ-ਪ੍ਰੇਮ, ਪ੍ਰਸਪਰ-ਵਿਸ਼ਵਾਸ ਅਤੇ ਆਪਸੀ ਸਹਿਯੋਗ ਦਾ ਵਾਤਾਵਰਣ ਸਥਾਪਤ ਕੀਤਾ ਜਾ ਸਕੇ।

ਮੋਟੇ ਤੌਰ `ਤੇ, ਇਕ ਵਧੀਆ ਸਮਾਜ ਵਿੱਚ ਘੱਟੋ-ਘੱਟ ਹੇਠ ਲਿਖੀਆਂ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਸਰਬ-ਸਾਂਝੇ ਅਤੇ ਸਰਬ-ਪਰਵਾਨਤ (ਨਿਰਪੱਖ) ਵਿਧੀ-ਵਿਧਾਨ ਨੂੰ ਹੋਂਦ ਵਿੱਚ ਲਿਆਉਣਾ ਅਤਿ ਲਾਜ਼ਮੀ ਹੈ -

1. ਜਾਤ-ਪਾਤ ਰਹਿਤ (casteless) ਸਮਾਜ।

2. ਮਨੁੱਖ ਦੀ ਹਰ ਪੱਖ ਤੋਂ ਬਰਾਬਰਤਾ ਤੇ ਸਨਮਾਨ।

3. ਬੁਨਿਆਦੀ ਮਨੁੱਖੀ ਹੱਕਾਂ ਦੀ ਪਾਲਣਾ।

4. ਹੱਕ, ਸੱਚ ਤੇ ਇਨਸਾਫ਼ ਦਾ ਅਮਲੀ ਵਰਤਾਰਾ।

6. ਕੁਦਰਤੀ ਵਾਤਾਵਰਣ ਦੀ ਸੰਭਾਲ।

7. ਵਿਦਿਆ-ਪ੍ਰਾਪਤੀ ਅਤੇ ਜਨਸਿਹਤ-ਸੰਭਾਲ ਲਈ ਸਰਬ-ਸਾਂਝੀਆਂ ਮਿਆਰੀ ਸਮਾਜਕ ਸੰਸਥਾਵਾਂ ਦੀ ਹੋਂਦ।

8. ਅਤੰਕਵਾਦ ਦੀ ਅਣਹੋਂਦ।

9. ਵੀ. ਆਈ. ਪੀ. ਕਲਚਰ ਦੀ ਅਣਹੋਂਦ।

10. ਜਮ੍ਹਾਂ-ਖੋਰੀ ਤੇ ਕਾਲੇ ਬਾਜ਼ਾਰ ਦੀ ਅਣਹੋਂਦ।

11. ਸੱਚੀ-ਸੁੱਚੀ ਕਿਰਤ ਕਰ ਕੇ ਵੰਡ ਛਕਣਾ।

12. ਦੁਨਿਆਵੀ ਧੜੇ-ਬੰਦੀਆਂ ਤੇ ਗੁੰਡਾ-ਗਰਦੀ ਦੀ ਅਣਹੋਂਦ।

13. ਝੂਠ, ਕਪਟ ਅਤੇ ਠੱਗੀ-ਠੋਰੀ ਦੀ ਅਣਹੋਂਦ।

14. ਨਸ਼ਾ-ਮੁਕਤ ਸਮਾਜ।

ਨਿਰਸੰਦੇਹ, ਉਪਰੋਕਤ ਗੁਣਾਂ ਵਾਲਾ ਵਧੀਆ ਮਨੁੱਖੀ ਸਮਾਜ-ਪ੍ਰਬੰਧ ਕੇਵਲ ਅਤੇ ਕੇਵਲ ਇੱਕ ਸਰਬ-ਪਰਵਾਨਤ ਫ਼ਲਸਫ਼ੇ ਦੇ ਆਧਾਰ `ਤੇ ਹੀ ਹੋਂਦ ਵਿੱਚ ਆ ਸਕਦਾ ਹੈ - ਇੱਕ ਅਜਿਹਾ ਫ਼ਲਸਫ਼ਾ ਜੋ ਸਮੁੱਚੀ ਮਨੁੱਖਤਾ ਲਈ ਇਕਸਾਰ ਅਮਲ ਵਿੱਚ ਲਿਆਉਂਣਯੋਗ ਹੋਵੇ, ਸਰਲ ਤੇ ਸਦੀਵਕਾਲੀ ਹੋਵੇ, ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੇ ਅਨੁਕੂਲ ਹੋਵੇ (ਭਾਵ ਕਿ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ, ਹੱਕ, ਸੱਚ ਤੇ ਇਨਸਾਫ਼ ਦਾ ਜ਼ਾਮਨ ਹੁੰਦਾ ਹੋਇਆ ਦੇਸ਼, ਕੌਮ, ਨਸਲ, ਰੰਗ, ਲਿੰਗ-ਭੇਦ ਆਦਿ ਦੇ ਗ਼ੈਰ-ਕੁਦਰਤੀ ਵਿਤਕਰਿਆਂ ਨੂੰ ਅਮਲੀ ਤੌਰ `ਤੇ ਸਮਾਪਤ ਕਰਨ ਦੀ ਸਮਰੱਥਾ ਰਖਦਾ ਹੋਵੇ) ਸਾਰੇ ਹੀ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਤੋਂ ਛੁਟਕਾਰਾ ਦਿਵਾਉਂਣ ਵਾਲਾ ਹੋਵੇ, ਮਨੁੱਖ ਦੀ ਖ਼ੁਦਗਰਜ਼ ਰੁਚੀ ਨੂੰ ਖ਼ਤਮ ਕਰਨ ਵਾਲਾ ਹੋਵੇ, ਦੁਨਿਆਵੀ ਵੈਰ-ਵਿਰੋਧ ਨੂੰ ਨਸ਼ਟ ਕਰਨ ਵਾਲਾ ਹੋਵੇ ਅਤੇ ‘ਅਨੇਕਤਾ ਵਿੱਚ ਏਕਤਾ’ (ਏਕਤਾ ਵਿੱਚ ਅਨੇਕਤਾ ਨਹੀਂ) ਦੇ ਕੁਦਰਤੀ ਨਿਯਮ ਨੂੰ ਪਰਫੁੱਲਤ ਕਰਨ ਵਾਲਾ ਹੋਵੇ।

ਹੁਣ ਸੁਭਾਵਕ ਹੀ ਇੱਕ ਸੁਆਲ ਪੈਦਾ ਹੁੰਦਾ ਹੈ ਕਿ ਕੀ ਅੱਜ ਮਨੁੱਖਤਾ ਪਾਸ ਕੋਈ ਅਜਿਹਾ ਫ਼ਲਸਫ਼ਾ ਹੈ ਭੀ ਕਿ ਨਹੀਂ? ਮਨੁੱਖਤਾ ਦੀ ਬਹੁ-ਗਿਣਤੀ ਦਾ ਜੁਆਬ, ਸ਼ਾਇਦ, ਇਹ ਹੋਵੇਗਾ ਕਿ, “ਨਹੀਂ, ਅੱਜ ਮਨੁੱਖਤਾ ਪਾਸ ਅਜਿਹਾ ਕੋਈ ਸਰਬ-ਸਾਂਝਾ ਫ਼ਲਸਫ਼ਾ ਨਹੀਂ ਹੈ।” ਪਰ, ਲੇਖਕ ਇਸ ਜੁਆਬ ਨਾਲ ਉੱਕਾ ਹੀ ਸਹਿਮਤ ਨਹੀਂ ਹੈ। ਕਿਉਂ? ਸੰਸਾਰ ਅੰਦਰ ਅੱਜ ਬਹੁਤ ਸਾਰੇ ਮੱਤ (ਯਹੂਦੀ-ਮੱਤ, ਬੁੱਧ-ਮੱਤ, ਜੈਨ-ਮੱਤ, ਜੋਗ-ਮੱਤ, ਈਸਾਈ-ਮੱਤ, ਇਸਲਾਮ-ਮੱਤ, ਸਿੱਖ-ਮੱਤ ਆਦਿ) ਪ੍ਰਚੱਲਤ ਹਨ। ਆਪੋ-ਆਪਣੇ ਥਾਂ ਇਹ ਸਾਰੇ ਮੱਤ ਆਦਰਯੋਗ ਹਨ। ਇਨ੍ਹਾਂ ਸਾਰੇ ਹੀ ਮੱਤਾਂ ਦੇ ਫ਼ਲਸਫ਼ਿਆਂ ਅੰਦਰ ਕਾਦਿਰੁ ਦੀ ਕੁਦਰਤਿ ਦੇ ਨਿਯਮਾਂ ਦੇ ਅਨੁਕੂਲ, ਥੋੜ੍ਹੀ ਜਾਂ ਬਹੁਤੀ ਮਾਤਰਾ ਵਿੱਚ, ਅਸੂਲ ਮੌਜ਼ੂਦ ਹਨ। ਪਰ, ਲੇਖਕ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਹੀ ਮੱਤਾਂ ਦੇ ਫ਼ਲਸਫ਼ਿਆਂ ਵਿੱਚੋਂ ਅੱਜ ਕੇਵਲ ਅਤੇ ਕੇਵਲ ਗੁਰਮਤਿ (ਸਿੱਖ-ਮੱਤ) ਹੀ ਇੱਕ ਅਜਿਹਾ ਫ਼ਲਸਫ਼ਾ ਹੈ ਜੋ, ਸੌ ਫ਼ੀ ਸਦੀ, ਪ੍ਰਭੂ-ਪਿਤਾ ਦੀ ਸਾਜੀ ਕੁਦਰਤਿ ਦੇ ਨਿਯਮਾਂ ਦੇ ਅਨੁਕੂਲ ਹੈ। ਲੇਖਕ ਵੱਲੋਂ ਕੀਤਾ ਜਾ ਰਿਹਾ ਇਹ ਦਾਅਵਾ ਉਨ੍ਹਾਂ ਤੱਥਾਂ `ਤੇ ਆਧਾਰਤ ਹੈ ਜਿਨ੍ਹਾਂ ਦਾ ਖ਼ੁਲਾਸਾ ਅੱਗੇ ਜਾ ਕੇ ਇਸ ਲਿਖਤ ਵਿੱਚ ਕੀਤਾ ਜਾਵੇਗਾ।

ਚੁਣੌਤੀਆਂ

ਇੱਕ ਸਦੀਵਕਾਲੀ, ਵਿਸ਼ਵ-ਪੱਧਰੀ ਆਦਰਸ਼ਕ ਸਮਾਜ-ਪ੍ਰਬੰਧ ਸਥਾਪਤ ਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਹੇਠ ਲਿਖੀਆਂ ਵੱਡੀਆਂ ਚੁਣੌਤੀਆਂ ਦਾ ਦ੍ਰਿੜਤਾ ਅਤੇ ਸਫ਼ਲਤਾ ਨਾਲ ਰਲ-ਮਿਲ ਕੇ ਟਾਕਰਾ ਕਰਨਾ ਅਤੀ ਜ਼ਰੂਰੀ ਹੈ:

(ੳ) ਖ਼ੁਦਗਰਜ਼ੀ (ਹਉਮੈਂ)।

(ਅ) ਬਿਨਸਣਹਾਰ ਦਾ ਮੋਹ (ਕਬਜ਼ਾ ਕਰਨ ਦੀ ਰੁਚੀ)।

(ੲ) ਦੁਬਿਧਾ (ਦੋ-ਚਿੱਤਾਪਨ, ਮਨ ਦੀ ਡਾਂਵਾਂਡੋਲਤਾ ਵਾਲੀ ਅਵੱਸਥਾ)।

(ਸ) ਈਰਖਾ ਤੇ ਵੈਰ-ਵਿਰੋਧ।

ਮੂਲ ਰੂਪ ਵਿੱਚ, ਮਨੁੱਖੀ ਮਨ ਦੀਆਂ ਇਹ ਰੁਚੀਆਂ ਅਗਿਆਨਤਾ (ਰੱਬੀ-ਗਿਆਨ ਦੇ ਪ੍ਰਕਾਸ਼ ਦੀ ਅਣਹੋਂਦ) ਦੇ ਹਨੇਰੇ ਵਿੱਚੋਂ ਪੈਦਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਮਨ ਦੀ ਅਗਿਆਨਤਾ ਦੇ ਹਨੇਰੇ ਨੂੰ ਰੱਬੀ-ਗਿਆਨ ਦੇ ਦੀਵੇ ਦੀ ਰੌਸ਼ਨੀ ਕਰ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਵਿਧੀ ਕਾਰਗਰ ਸਾਬਤ ਨਹੀਂ ਹੋ ਸਕਦੀ। ਇਸ ਲਿਖਤ ਦਾ ਆਧਾਰ ਸਮੁੱਚੀ ਮਨੁੱਖਤਾ ਦੇ ਭਲੇ ਦੇ ਜ਼ਾਮਨ ਜੁਗੋ-ਜੁੱਗ ਅਟੱਲ, ਨਿਰੰਕਾਰ ਪ੍ਰਭੂ ਦੇ ਸ਼ਬਦ-ਸਰੂਪ, ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਵਿੱਚ, ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ-ਜਾਮਿਆਂ ਵੱਲੋਂ ਅੰਕਿਤ ਕੀਤਾ ਸਰਬ-ਸਾਂਝਾ ਗੁਰਮਤਿ ਫ਼ਲਸਫ਼ਾ ਹੈ। ਇਥੇ ਇਹ ਅਹਿਮ ਨੁਕਤਾ ਵੀ ਸਪੱਸ਼ਟ ਕਰਨਾ ਜਰੂਰੀ ਹੈ ਕਿ ਦੂਜੇ ਮੱਤਾਂ ਦੇ ਫ਼ਲਸਫ਼ਿਆਂ ਅੰਦਰ ਦਰਜ਼ ਮਾਨਵ-ਵਾਦੀ ਅਤੇ ਕੁਦਰਤਿ ਦੇ ਨਿਯਮਾਂ ਦੇ ਅਨੁਕੂਲ ਅੰਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ ਹੀ, ਭਵਿੱਖ ਵਿੱਚ ਪਰਗਟ ਹੋਣ ਵਾਲੇ ਸਰਬੱਤ ਦੇ ਭਲੇ ਦੇ ਅਸੂਲਾਂ ਨੂੰ ਵੀ ਖੁੱਲ੍ਹੇ ਦਿਲ ਨਾਲ ‘ਜੀ-ਆਇਆਂ’ ਆਖਿਆ ਜਾਵੇਗਾ।

ਸ਼ਬਦ-ਗੁਰੂ ਦਾ ਗੁਰਮਤਿ ਸਿਧਾਂਤ

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ, ਵਧੀਆ ਸਮਾਜ ਦੀ ਸਿਰਜਨਾ ਦੇ ਸਿਧਾਂਤਾਂ `ਤੇ ਵਿਚਾਰ ਕਰਨ ਤੋਂ ਪਹਿਲਾਂ, ਜਰੂਰੀ ਲਗਦਾ ਹੈ ਕਿ ‘ਸ਼ਬਦ-ਗੁਰੂ’ ਦੇ ਗੁਰਮਤਿ ਸਿਧਾਂਤ ਬਾਰੇ ਸੰਖੇਪ ਵਿਚਾਰ ਕਰ ਲਈ ਜਾਵੇ। ਆਮਤੌਰ `ਤੇ ਰੱਬ ਦੇ ਦੋ ਸਰੂਪਾਂ ਦਾ ਜ਼ਿਕਰ ਕੀਤਾ ਮਿਲਦਾ ਹੈ - ‘ਨਿਰਗੁਣ’ ਤੇ ‘ਸਰਗੁਣ’।

ਨਿਰਗੁਣ (ਗੁਪਤ) ਰੱਬ

ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।। ਨ ਦਿਨ ਰੈਨਿ ਨ ਚੰਦੁ ਨ ਸੂਰਜੁ, ਸੁੰਨ ਸਮਾਧਿ ਲਗਾਇਂਦਾ।। (ਮ: ੧, ੧੦੩੫)

ਪਦ-ਅਦਥ : ਅਰਬਦ-ਦਸ ਕ੍ਰੋੜ ਸਾਲ। ਨਰਬਦ (ਨ-ਅਰਬਦ) -ਜਿਸ ਵਾਸਤੇ ਲਫ਼ਜ਼ ਅਰਬਦ ਭੀ ਨਾਂਹ ਵਰਤਿਆ ਜਾ ਸਕੇ, ਗਿਣਤੀ ਤੋਂ ਪਰ੍ਹਾਂ। ਧੁੰਧੂਕਾਰਾ-ਘੁੱਪ ਹਨੇਰਾ, ਉਹ ਹਾਲਤ ਜਿਸ ਦੀ ਬਾਬਤ ਕੋਈ ਵੀ ਮਨੁੱਖ ਕੁੱਝ ਵੀ ਦੱਸ ਨਹੀਂ ਸਕਦਾ। ਧਰਣਿ-ਧਰਤੀ। ਗਗਨਾ-ਆਕਾਸ਼। ਰੈਨਿ-ਰਾਤ। ਸੁੰਨ-ਸੁੰਞ। ਸੁੰਨ-ਸਮਾਧਿ-ਉਹ ਸਮਾਧੀ ਜਿਸ ਵਿੱਚ ਪ੍ਰਭੂ ਦੇ ਆਪਣੇ-ਆਪ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਸੀ।

ਭਾਵ : (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ-ਹਨੇਰੇ ਦੀ ਹਾਲਤ ਸੀ (ਭਾਵ, ਅਜਿਹੀ ਹਾਲਤ ਸੀ ਜਿਸ ਦੀ ਬਾਬਤ ਕੁੱਝ ਵੀ ਦੱਸਿਆ ਨਹੀਂ ਜਾ ਸਕਦਾ)। ਤਦੋਂ ਨਾ ਧਰਤੀ ਸੀ, ਨਾ ਆਕਾਸ਼ ਸੀ ਅਤੇ ਨਾ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਤਦੋਂ ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਸੀ ਨਾ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ (ਮਾਨੋਂ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿੱਚ ਕੋਈ ਕਿਸੇ ਵੀ ਕਿਸਮ ਦਾ ਫੁਰਨਾ ਨਹੀਂ ਸੀ।

ਸਰਗੁਣ (ਪਰਗਟ) ਰੱਬ

‘ਸਰਗੁਣ’ ਰੱਬ ਬਾਰੇ ਗੁਰੂ ਗ੍ਰੰਥ ਸਾਹਿਬ ਇੰਜ ਸੇਧ ਬਖਸ਼ਿਸ਼ ਕਰਦੇ ਹਨ -

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ।। ਬਾਝੁ ਕਲਾ ਆਡਾਣੁ ਰਹਾਇਆ।।

--------------------------------------

ਵਿਰਲੇ ਕਉ ਗੁਰਿ ਸਬਦੁ ਸੁਣਾਇਆ।। ਕਰਿ ਕਰਿ ਦੇਖੈ ਹੁਕਮੁ ਸਬਾਇਆ।। ਖੰਡ ਬ੍ਰਹਮੰਡ ਪਾਤਾਲ ਅਰੰਭੇ, ਗੁਪਤਹੁ ਪਰਗਟੀ ਆਇਦਾ।। ਤਾ ਕਾ ਅੰਤੁ ਨ ਜਾਣੈ ਕੋਈ।। ਪੂਰੇ ਗੁਰ ਤੇ ਸੋਝੀ ਹੋਈ।। ਨਾਨਕ, ਸਾਚਿ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇਦਾ।। (ਮ: ੧, ੧੦੩੬)

ਪਦ-ਅਰਥ : ਤਿਸੁ ਭਾਣਾ-ਉਸ ਪ੍ਰਭੂ ਨੂੰ ਚੰਗਾ ਲੱਗਾ। ਆਡਾਣੁ-ਪਸਾਰਾ। ਰਹਾਇਆ-ਟਿਕਾਇਆ। ਗੁਰਿ-ਗੁਰੂ ਨੇ। ਦੇਖ਼ੈ-ਸੰਭਾਲ ਕਰਦਾ ਹੈ। ਅਰੰਭੇ-ਬਣਾਏ। ਗੁਪਤਹੁ-ਗੁਪਤ (ਸੁੰਨ ਸਮਾਧਿ) ਹਾਲਤ ਤੋਂ। ਤੇ-ਤੋਂ ਸਾਚਿ-ਸਦਾਥਿਰ ਪ੍ਰਭੂ ਵਿੱਚ। ਬਿਸਮਾਦੀ-ਹੈਰਾਨ। ਬਿਸਮ-ਹੈਰਾਨ।

ਭਾਵ : ਜਦੋਂ ਪ੍ਰਭੂ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ। ਇਸ ਸਾਰੇ ਜਗਤ ਦੇ ਖਿਲਾਰੇ ਨੂੰ ਉਸ ਨੇ (ਕਿਸੇ ਦਿਸਦੇ) ਸਹਾਰੇ ਤੋਂ ਬਿਨਾਂ ਹੀ (ਆਪੋ-ਆਪਣੇ ਥਾਂ) ਟਿਕਾ ਦਿੱਤਾ।

ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ (ਸ਼ਬਦ-ਗੁਰੂ) ਨੇ ਉਪਦੇਸ਼ ਸੁਣਾਇਆ (ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ। ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ (ਸਰਗੁਣ ਰੂਪ ਵਿੱਚ) ਹੋਇਆ ਹੈ।

ਪੂਰੇ ਗੁਰੂ (ਸ਼ਬਦ-ਗੁਰੂ) ਤੋਂ ਇਹ ਸਮਝ ਪੈਂਦੀ ਹੈ ਕਿ ਕੋਈ ਵੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ। ਹੇ ਨਾਨਕ! ਜਿਹੜੇ ਬੰਦੇ ਉਸ ਸਦਾਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ, ਪ੍ਰੇਮ) ਵਿੱਚ ਰੰਗੇ ਜਾਂਦੇ ਹਨ, ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ।

ਸੰਖਪੇ ਵਿੱਚ, ‘ਸ਼ਬਦ-ਗੁਰੂ’ ਰੱਬੀ-ਗਿਆਨ ਦਾ ਪ੍ਰਕਾਸ਼ ਅਤੇ ਇਸ ਪ੍ਰਕਾਸ਼ `ਤੇ ਆਧਾਰਤ ਜੀਵਨ-ਜੁਗਤਿ ਹੈ। ਪਰਮਾਤਮਾ ਅਨਾਦੀ ਹੈ ਤੇ ਉਸ ਦੇ ਗਿਆਨ ਦਾ ਪ੍ਰਕਾਸ਼ ਵੀ ਅਨਾਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ( “ੴ’ ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ’ ਤੱਕ) ਸਮੁੱਚੀ ਬਾਣੀ ਬ੍ਰਹਮ-ਗਿਆਨੀ ਦਾ ਹੀ ਪ੍ਰਕਾਸ਼ ਹੈ। ਭਾਵ ਕਿ, ਇਹ ਗੁਰੂ ਸਾਹਿਬਾਨ, ਭੱਟਾਂ ਜਾਂ ਸਿੱਖਾਂ ਦੇ (ਜਿਨ੍ਹਾਂ ਸ਼ਖਸੀਅਤਾਂ ਦੁਆਰਾ ਬਾਣੀ ਪਰਗਟ ਹੋਈ ਹੈ) ਨਿੱਜੀ ਖਿਆਲ ਜਾਂ ਵਿਚਾਰ ਨਹੀਂ ਹਨ। ਇਹ ਤਾਂ ਪ੍ਰਭੂ-ਪ੍ਰੇਰਨਾ ਦੁਆਰਾ (ਇਨ੍ਹਾਂ ਅਤੀ ਸਤਿਕਾਰਯੋਗ ਸ਼ਖਸੀਅਤਾਂ ਦੀ ਮੁਬਾਰਕ ਰਸਨਾਂ ਰਾਹੀਂ) ਕਾਵਿ ਰੂਪ ਵਿੱਚ ਪ੍ਰਗਟ ਹੋਇਆ ਬ੍ਰਹਮ-ਗਿਆਨ ਹੈ। ਇਸ ਹਕੀਕਤ ਦੀ ਪੁਸ਼ਟੀ ਹਿੱਤ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਫ਼ੁਰਮਾਣ ਦਰਜ਼ ਹਨ। ਕੁੱਝ ਕੁ ਹਵਾਲੇ ਹੇਠਾਂ ਦਿੱਤੇ ਜਾ ਰਹੇ ਹਨ -

ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ।। (ਮ: ੩, ੫੧੫)

ਭਾਵ : ਅਦਭੁੱਤ ਬਾਣੀ ਨਿਰੰਕਾਰ ਪ੍ਰਭੂ ਦਾ ਸ਼ਬਦ-ਸਰੂਪ ਹੈ ਜਿਸ ਦੇ ਤੁੱਲ (ਬਰਾਬਰ) ਹੋਰ ਕੋਈ ਹਸਤੀ ਨਹੀਂ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀਂ ਗਿਆਨੁ ਵੇ ਲਾਲੋ।। (ਮ: ੧, ੭੨੨)

ਭਾਵ : ਹੇ ਭਾਈ ਲਾਲੋ! ਜਿਵੇਂ-ਜਿਵੇਂ (ਪ੍ਰਭੂ-ਪ੍ਰੇਰਨਾ ਦੁਆਰਾ) ਪ੍ਰਭੂ ਦੀ ਬਾਣੀ (ਪ੍ਰਭੂ ਦੇ ਬਚਨ, ਬ੍ਰਹਮ ਗਿਆਨ) ਮੈਨੂੰ ਅਨੁਭਵ ਹੋ ਰਹੀ ਹੈ, ਮੈਂ ਤਿਵੇਂ-ਤਿਵੇਂ ਹੀ ਰੱਬੀ-ਗਿਆਨ ਦਾ ਬਿਆਨ ਕਰਦਾ ਹਾਂ।

ਹਉਂ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ।। (ਮ: ੫, ੭੬੩) ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।। (ਮ: ੫, ੬੨੮)

ਸਰਬ-ਸਾਂਝਾ ਫ਼ਲਸਫ਼ਾ

ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦਾ ਉਪਦੇਸ਼ ਕਿਸੇ ਵਿਸ਼ੇਸ਼ ਕੌਮ, ਮੱਤ (ਮਜ਼੍ਹਬ) ਜਾਂ ਦੇਸ਼ ਲਈ ਰਾਖਵਾਂ ਨਹੀਂ ਹੈ। ਇਹ, ਬ੍ਰਹਮ-ਗਿਆਨ ਹੋਣ ਦੇ ਨਾਤੇ, ਸਮੁੱਚੀ ਮਨੁੱਖਤਾ ਲਈ ਇਕਸਾਰ ਲਾਗੂ ਹੋਣ ਵਾਲਾ ਸਰਬ-ਸਾਂਝਾ ਫ਼ਲਸਫ਼ਾ ਹੈ -

ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਂਝੀ ਸਗਲ ਜਹਾਨੈ।। (ਮ: ੩, ੬੪੭)

ਭਾਵ : ਹੇ ਭਾਈ! ਮਹਾਂ ਪੁਰਖ (ਰੱਬ ਨਾਲ ਅਧਿਆਤਮਕ ਪੱਧਰ `ਤੇ ਇੱਕ-ਸੁਰ ਹੋਈਆਂ ਰੂਹਾਂ) ਕਿਸੇ ਦੇ ਸਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ, ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ।

ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸੁ ਚਹੁ ਵਰਨਾ ਕਉ ਸਾਂਝਾ।। ਗੁਰਮੁਖਿ ਨਾਮੁ ਜਪੈ, ਉਧੇਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ।। (ਮ: ੪, ੭੪੭)

ਭਾਵ : ਹੇ ਭਾਈ! ਪਰਮਾਤਮਾ ਦਾ ਨਾਮ-ਸਿਮਰਨ (ਯਾਨੀ ਕਿ ‘ਹੁਕਮਿ ਰਜਾਈ ਚੱਲਣ’ ) ਦਾ ਉਪਦੇਸ਼ ਖੱਤ੍ਰੀ, ਬ੍ਰਾਹਮਣ, ਵੈਸ਼, ਸ਼ੂਦਰ ਚਹੁੰ ਵਰਨਾਂ ਦੇ ਲੋਕਾਂ ਵਾਸਤੇ (ਭਾਵ, ਸਮੁੱਚੀ ਮਨੁੱਖਤਾ ਲਈ) ਇੱਕੋ ਜਿਹਾ (ਲਾਗੂ ਹੋਣ ਵਾਲਾ) ਹੈ। ਕਿਸੇ ਵੀ ਵਰਨ (ਜਾਤ, ਰੰਗ, ਨਸਲ, ਦੇਸ਼) ਦਾ ਹੋਵੇ, ਜਿਹੜਾ ਮਨੁੱਖ ਸ਼ਬੁਦ-ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ (ਭਾਵ ਕਿ, ਹੁਕਮਿ ਰਜਾਈ ਚੱਲ ਕੇ) ਪ੍ਰ੍ਰਭੂ ਦਾ ਨਾਮ ਜਪਦਾ ਹੈ, ਉਹ ਜਗਤ ਵਿੱਚ ਵਿਕਾਰਾਂ ਤੋਂ ਬਚ ਲਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਦਿਸਦਾ ਹੈ।

ਇਥੇ ਹੀ ਬੱਸ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ‘ਗੁਰੂ ਨਾਨਕ ਜੋਤਿ’ ਦੇ 6 ਉਤਰਾਧਿਕਾਰੀ ਗੁਰੂ-ਜਾਮਿਆਂ ਅਤੇ ਭਾਰਤ ਉਪ-ਮਹਾਂਦੀਪ ਦੇ ਵੱਖ-ਵੱਖ ਭਾਗਾਂ ਅਤੇ ਮੱਤਾਂ (ਮਜ਼੍ਹਬਾਂ) ਦੇ 15 ਭਗਤਾਂ, 11 ਭੱਟਾਂ ਅਤੇ 3 ਸਿੱਖਾਂ ਦੀ ਮੁਬਾਰਕ ਰਸਨਾ ਦੁਆਰਾ ਪਰਗਟ ਹੋਏ ਰੱਬੀ ਬ੍ਰਹਮ-ਗਿਆਨ ਦੇ ਬਚਨ ਦਰਜ਼ ਹਨ। 1429 ਅੰਗਾਂ (ਪੰਨਿਆਂ) `ਤੇ ਅੰਕਿਤ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅੰਦਰ ਸਿਧਾਂਤ ਦੀ ਇੱਕਸਾਰਤਾ ਹੈ, ਕਿਤੇ ਵੀ ਸਿਧਾਂਤਕ ਸਵੈ-ਵਿਰੋਧ ਨਹੀਂ ਹੈ। ਮਨੁੱਖਤਾ ਪਾਸ ਏਹੋ ਹੀ ਇੱਕੋ-ਇੱਕ ਵਿਗਿਆਨਕ ਫ਼ਲਸਫ਼ਾ ਹੈ ਜਿਸ ਦੇ ਕਿਸੇ ਵੀ ਸਿਧਾਂਤ ਨੂੰ ਹੁਣ ਤੱਕ ਦੀ ਹੋ ਚੁੱਕੀ ਵਿਗਿਆਨਕ ਖ਼ੋਜ ਗ਼ਲਤ ਨਹੀਂ ਸਾਬਤ ਕਰ ਸਕੀ। ਬਲਕਿ, ਜੋ ਵਿਗਿਆਨਕ ਸੱਚਾਈਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ ਉਨ੍ਹਾਂ ਵਿੱਚੋਂ ਕੁੱਝ ਕੁ ਤੱਕ, ਸ਼ਾਇਦ, ਵਿਗਿਆਨਕ ਖ਼ੋਜ ਕਦੇ ਪਹੁੰਚ ਵੀ ਨਾ ਸਕੇ।

ਜਦੋਂ ਕਦੇ ਵੀ ਸਮੁੱਚੇ ਸੰਸਾਰ ਅੰਦਰ ਆਦਰਸ਼ਕ ਪਰਸਪਰ ਪ੍ਰੇਮ ਦੀਆਂ ਲੜੀਆਂ ਵਿੱਚ ਪ੍ਰੋਤੇ ਹੋਏ ਆਦਰਸ਼ਕ ਭਾਈਚਾਰਕ ਸਾਂਝਾਂ ਵਾਲੇ ਸਮਾਜ-ਪ੍ਰਬੰਧ ਦੀ ਸਥਾਪਤੀ ਹੋਈ ਤਾਂ ਕੇਵਲ ਅਤੇ ਕੇਵਲ ਅਜਿਹੇ ਸਰਬ-ਸਾਂਝੇ ਫ਼ਲਸਫ਼ੇ ਦੇ ਆਧਾਰ `ਤੇ ਹੀ ਹੋਵੇਗੀ, ਲੇਖਕ ਦਾ ਇਹ ਦ੍ਰਿੜ ਵਿਸ਼ਵਾਸ ਹੈ। ਆਓ, ਹੁਣ ਇਸ ਹਕੀਕਤ ਦੀ ਪੁਸ਼ਟੀ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਵਿਲੱਖਣ ਅਤੇ ਸਰਬੱਤ ਦੇ ਭਲੇ ਦੇ ਜ਼ਾਮਨ ਫ਼ਲਸਫ਼ੇ ਦੇ ਕੁੱਝ ਕੁ ਬੁਨਿਆਦੀ ਸਿਧਾਂਤਾਂ ਦੀ ਸੰਖੇਪ ਵਿਚਾਰ ਕਰੀਏ।




.