.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਬੱਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਵਣਜਾਰੇ ਸਿੱਖ- ਗੁਰਬਾਣੀ ਸ਼ਬਦ ਕੋਸ਼ ਅਨੁਸਾਰ, ਵਣਜਾਰੇ ਦੇ ਅਰਥ ਹਨ ‘ਵਪਾਰੀ, ਵਣਜ ਕਰਨ ਵਾਲੇ, ਸੌਦਾਗਰ ਜਿਵੇਂ “ਸਚਾ ਸਾਹੁ ਸਚੇ ਵਣਜਾਰੇ।” (ਪੰ: ੧੧੭)। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਣਜਾਰੇ ਸਿੱਖਾਂ ਦੀ। ਦਰਅਸਲ ਗੁਰ ਇਤਿਹਾਸ `ਚ ਵਣਜਾਰੇ ਸਿੱਖਾਂ ਦਾ ਅਰੰਭ ਹੁੰਦਾ ਹੈ ਲਾਹੌਰ ਦੇ ਭਾਈ ਮਨਸੁਖ ਤੋਂ। ਲਾਹੌਰ ਦਾ ਉਹ ਵਣਜਾਰਾ ਸਿੱਖ, ਭਾਈ ਮਨਸੁਖ ਜਿਹੜਾ ਆਪਣੇ ਵਣਜ ਦੇ ਨਾਲ ਨਾਲ ਲੰਕਾ ਦੇ ਰਾਜੇ ਸ਼ਿਵਨਾਭ ਦੇ ਜੀਵਨ ਨੂੰ ਬਦਲਣ `ਚ ਵੀ ਸਫ਼ਲ ਹੋਇਆ ਸੀ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਦੇ ਸਮੇਂ ਵਣਜਾਰਾ ਸਿੱਖ, ਭਾਈ ਕਲਿਆਣਾ, ਜਿਹੜਾ ਮੰਡੀ ਤੋਂ ਇਮਾਰਤੀ ਲਕੜੀ ਲਿਆਉਣ ਦਾ ਵਪਾਰ ਕਰਦਾ ਸੀ। ਉਹੀ ਭਾਈ ਕਲਿਆਣਾ ਜਦੋਂ ਗੁਰੂ ਦਰ ਨਾਲ ਜੁੜ ਗਿਆ ਤਾਂ ਆਪਣੇ ਵਪਾਰ ਦੇ ਨਾਲ ਨਾਲ ਇਨ੍ਹਾਂ ਵਧ ਸਮਰਥ ਹੋ ਗਿਆ ਕਿ ਉਸ ਨੇ ਮੰਡੀ ਦੇ ਰਾਜੇ ਹਰੀ ਸੈਣ ਦਾ ਜੀਵਨ ਵੀ ਬਦਲ ਕੇ ਰਖ ਦਿੱਤਾ।

ਇਸ ਤੋਂ ਬਾਅਦ, ਗਵਾਲਿਅਰ ਦੇ ਕਿਲੇ ਦਾ ਭਾਈ ਹਰਿਦਾਸ ਵਣਜਾਰਾ, ਭਾਈ ਮਨੀ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾ, ਬਲਕਿ ਭਾਈ ਮਨੀ ਸਿੰਘ ਜੀ ਦਾ ਤਾਂ ਸਾਰਾ ਅਤੇ ਲੰਮਾ-ਚੌੜਾ ਕਟੁੰਬ, ਫ਼ਿਰ ਭਾਈ ਲਖੀ ਸ਼ਾਹ ਵਣਜਾਰਾ ਆਦਿ ਸਾਰੇ ਸਿੱਖ ਇਸੇ ਗਿਣਤੀ `ਚ ਆਉਂਦੇ ਹਨ। ਸਿਕਲੀਗਰ ਸਿੱਖਾਂ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ `ਚ ਵਣਜਾਰੇ ਵੀ ਸਿੱਖ ਹੀ ਸਜੇ ਸਨ। ਇਨ੍ਹਾਂ ਵਣਜਾਰੇ ਸਿੱਖਾਂ `ਚੋਂ ਹੀ ਇੱਕ ਸੀ ਭਾਈ ਮੱਖਣ ਸ਼ਾਹ ਵਣਜਾਰਾ ਪਰ ਜਦੋਂ ਨੌਵੇਂ ਪਾਤਸ਼ਾਹ ਨੇ ਆਪਣੇ ਆਪ ਨੂੰ, ਸੰਗਤਾਂ ਵਿਚਕਾਰ ਪ੍ਰਗਟ ਕਰਣ ਵਾਲਾ ਮਾਨ, ਇਸੇ ਭਾਈ ਮੱਖਣ ਸ਼ਾਹ ਨੂੰ ਬਖ਼ਸ਼ਿਆ ਤਾਂ, ਉਹੀ ਭਾ: ਮੱਖਣ ਸ਼ਾਹ ਬਹੁਤਾ ਕਰਕੇ ਭਾ: ਮੱਖਣ ਸ਼ਾਹ ਲੁਬਾਣਾ ਦੇ ਨਾਮ ਨਾਲ ਮਸ਼ਹੂਰ ਹੋਇਆ। ਜਦਕਿ ਮੂਲ ਰੂਪ `ਚ ਇਹ ਭਾ: ਮੱਖਣ ਸ਼ਾਹ ਵੀ ਪਿਤਾ ਪੁਰਖੀ ਅਤੇ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਦਰ ਨਾਲ ਜੁੜਿਆ ਹੋਇਆ ਵਣਜਾਰਾ ਸਿੱਖ ਹੀ ਸੀ।

ਇਕ ਹੋਰ ਜਾਣਕਾਰੀ ਅਨੁਸਾਰ ਬਸੰਤ ਰਾਉ ਨਾਇਕ, ਜਿਹੜਾ ਇੱਕ ਸਮੇਂ ਮਹਾਰਾਸ਼ਟਰ ਦਾ ਮੁਖ ਮੰਤ੍ਰੀ ਸੀ, ਮੂਲ ਰੂਪ `ਚ ਉਹ ਵੀ ਨਾਨਕ ਪੰਥੀ ਸੀ। ਉਹ ਵੀ ਆਪਣੀ ਪੂਰੀ ਸ਼ਰਧਾ ਗੁਰੂਦਰ `ਤੇ ਹੀ ਰਖਦਾ ਸੀ। ਇੱਕ ਸੂਚਨਾ ਅਨੁਸਾਰ, ਇਸਦਾ ਵੱਡਾ ਸਬੂਤ ਉਦੋਂ ਮਿਲਿਆ ਜਦੋਂ ਉਸਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ ਤਾਂ ਉਸ ਨੇ ਉਹ ਸ਼ਾਦੀ ਵੀ ਇੱਕ ਵਣਜਾਰੇ ਸਿੱਖ ਨਾਲ ਹੀ ਕੀਤੀ ਸੀ। ਇਸੇ ਤਰ੍ਹਾਂ ਇੱਕ ਹੋਰ ਲਿਖਤ ਅਨੁਸਾਰ ਸ੍ਰੀ ਵੀ; ਪੀ; ਨਾਇਕ ਅਤੇ ਸੁਧਾਕਰ ਰਾਓੁ ਨਾਇਕ ਵੀ ਮੂਲ ਰੂਪ `ਚ ਨਾਕਕ ਪੰਥੀ ਸਿੱਖ ਹੀ ਸਨ, ਇਹ ਵੱਖਰੀ ਗੱਲ ਹੈ ਕਿ ਕਿਸੇ ਰਾਜਸੀ ਕਾਰਣਾਂ ਕਰਕੇ ਇਨ੍ਹਾਂ ਨੇ ਆਪਣੇ ਆਪ ਨੂੰ ਨਾਨਕ ਪੰਥੀ ਨਹੀਂ ਸੀ ਇਲਾਣਿਆ ਪਰ ਇਨ੍ਹਾਂ ਆਪਣੇ-ਆਪਣੇ ਸ਼ਾਸਨ ਕਾਲ `ਚ ਵਣਜਾਰੇ ਤੇ ਸਿਕਲੀਗਰ ਨਾਨਕ ਪੰਥੀ ਸਿੱਖਾਂ ਦੀ ਸੰਭਾਲ ਵਾਲੇ ਪਾਸੇ ਵੀ ਬਹੁਤ ਧਿਆਨ ਦਿੱਤਾ ਸੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਹਰਭਜਨ ਸਿੰਘ ਜੀ ਅਨੁਸਾਰ ਭਾਰਤ `ਚ ਵਣਜਾਰੇ ਸਿੱਖਾਂ ਦੇ ੨੦, ੦੦੦ ਟਾਂਡੇ ਹਨ। ਦਰਅਸਲ ਇਹ ਲੋਕ ਜਿੱਥੇ ਜਿੱਥੇ ਆਪਣੀ ਬਸਤੀ ਬਣਾ ਕੇ ਵਸਦੇ ਹਨ ਉਸੇ ਨੂੰ ਟਾਂਡਾ ਕਹਿੰਦੇ ਹਨ। ਉਪ੍ਰੰਤ ਜਿਸ ਸ਼ਹਿਰ ਜਾਂ ਪਿੰਡ ਨਾਲ ਇਹ ਆਪਣਾ ਟਿਕਾਉ ਭਾਵ ਟਾਂਡਾ ਕਾਇਮ ਕਰਦੇ ਹਨ, ਉਸ ਟਾਂਡੇ ਦਾ ਨਾਮ ਵੀ ਉਸ ਪਿੰਡ ਅਥਵਾ ਸ਼ਹਿਰ ਦੇ ਨਾਮ ਨਾਲ ਜੋੜ ਕੇ ਹੀ ਲਿਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਵਣਜਾਰੇ ਸਿੱਖਾਂ ਦੇ ਇਹ ਟਾਂਡੇ ਬਹੁਤਾ ਕਰਕੇ ਮਧ ਪ੍ਰਦੇਸ਼, ਮਹਾਰਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਉਤਰਾਖੰਡ, ਉੜੀਸਾ, ਬਿਹਾਰ, ਰਜਸਥਾਨ `ਚ ਹਨ।

ਇਹ ਵਣਜਾਰੇ ਸਿੱਖ ਅੱਜ ਵੀ ਗੁਰੂ ਦਰ ਨਾਲ ਇਤਨੇ ਵੱਧ ਜੁੜੇ ਦੱਸੇ ਜਾਂਦੇ ਹਨ ਕਿ ਕੁੱਝ ਲਿਖਤਾਂ ਅਨੁਸਾਰ ਆਪਣੇ ਟਾਂਡੇ `ਚ ਇਹ ਲੋਕ ਇੱਕ ਅਰਦਾਸੀਆ ਜ਼ਰੂਰ ਰਖਦੇ ਹਨ। ਜੇ ਕਰ ਇਨ੍ਹਾਂ `ਚੋਂ ਕਿਸੇ ਕਾਰਣ ਦੋ ਧਿਰਾਂ ਦਾ ਆਪਸ `ਚ ਕੁੱਝ ਝਗੜਾ ਹੋ ਜਾਵੇ ਤਾਂ ਅਰਦਾਸੀਏ ਸੱਜਨ ਰਾਹੀਂ ਗੁਰੂ ਚਰਨਾਂ `ਚ ਅਰਦਾਸ ਕਰਣ `ਤੇ ਝਗੜਾ ਉਥੇ ਦਾ ਉਥੇ ਹੀ ਸਮਾਪਤ ਹੋ ਜਾਂਦਾ ਹੈ। ਇਹ ਵੀ ਕਿ ਸ਼ਾਦੀ ਦੀ ਗੱਲ ਪੱਕੀ ਹੋ ਜਾਣ `ਤੇ ਇਨ੍ਹਾਂ ਰਾਹੀਂ ਗੁਰੂ ਂਨਾਨਕ ਪਾਤਸ਼ਾਹ ਦੇ ਨਾਮ ਦਾ ਇੱਕ ਰੁਪਿਆ ਦੂਜੇ ਨੂੰ ਭੇਟ ਕੀਤਾ ਜਾਂਦਾ ਹੈ ਜਿਸ ਰੁਪਏ ਨੂੰ ਇਹ ਆਪਣੇ ਗ੍ਰਿਹਸਤ ਜੀਵਨ `ਚ ਬੜੇ ਸਤਿਕਾਰ ਨਾਲ ਅਤੇ ਸੰਭਾਲ ਕੇ ਰਖਦੇ ਹਨ।

ਇਥੋਂ ਤੱਕ ਕਿ ਗੁਰਮੱਤ ਪ੍ਰਚਾਰ ਦੀ ਘਾਟ ਕਾਰਣ, ਦੂਜਿਆਂ ਦੀ ਤਰ੍ਹਾਂ, ਕਈ ਤਰ੍ਹਾਂ ਦੇ ਰੀਤੀ ਰਿਵਾਜ ਇਨ੍ਹਾਂ ਵਿਚਕਾਰ ਵੀ ਜੜ੍ਹਾਂ ਜਮਾਈ ਬੈਠੇ ਹਨ। ਉਨ੍ਹਾਂ ਰੀਤੀ ਰਿਵਾਜਾਂ ਚੋਂ ਹੀ ਇੱਕ ਰੀਤੀ ਹੈ ਕਿ ਇਹ ਲੋਕ ਵੀ ਅਨੰਦਕਾਰਜ ਵੇਲੇ ਬੱਚੀ ਨੂੰ ਲਾਲ ਚੂੜਾ ਚੜ੍ਹਾਂਦੇ ਹਨ। ਸਮਝਣ ਦਾ ਵਿਸ਼ਾ ਇਹ ਹੈ ਕਿ ਇਹ ਲੋਕ ਬੱਚੀ ਨੂੰ ਉਹ ਚੂੜਾ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਹੀ ਚੜ੍ਹਾਂਦੇ ਹਨ। ਇਸ ਦੇ ਨਾਲ ਨਾਲ ਇਹ ਲੋਕ, ਅਜਿਹੇ ਸਮੇਂ ਸੂਈ ਗਰਮ ਕਰਕੇ ਮੁੰਡੇ ਦੀ ਬਾਂਹ `ਤੇ ਵੀ ਗ੍ਰੁਰੂ ਨਾਨਕ ਪਾਤਸ਼ਾਹ ਦਾ ਨਾਮ ਲਿਖ ਦਿੰਦੇ ਹਨ। ਇਹ ਲੋਕ ਬਹੁਤਾ ਕਰਕੇ ਅਣਪੜ੍ਹ ਹੀ ਹੁੰਦੇ ਹਨ, ਤਾਂ ਵੀ ਬੇਸ਼ੱਕ ਟੁੱਟੇ ਫੁੱਟੇ ਲਫ਼ਜ਼ਾ `ਚ ਹੀ ਸਹੀ ਪਰ ਹਰੇਕ ਕੰਮ ਗੁਰੂ ਸਾਹਿਬ ਦੇ ਚਰਨਾਂ `ਚ ਅਰਦਾਸ ਕਰਕੇ ਹੀ ਸ਼ੁਰੂ ਕਰਦੇ ਹਨ, ਉਸ ਤੋਂ ਬਿਨਾ ਨਹੀਂ।

ਜਿਵੇਂ ਕਿ ਸਿਕਲੀਗਰ ਸਿੱਖਾਂ ਬਾਰੇ ਜ਼ਿਕਰ ਆ ਚੁੱਕਾ ਹੈ। ਉਸੇਤਰ੍ਹਾਂ ਇਸ਼ਾਈ ਮਿਸ਼ਨਰੀਆਂ ਤੇ ਦੂਜਿਆਂ `ਚੋਂ ਵੀ ਹਰੇਕ ਨੇ, ਇਨ੍ਹਾਂ `ਤੇ ਡੋਰੇ ਆਪਣੇ ਆਪਣੇ ਡੋਰੇ ਪਾਏ ਪਰ ਗੁਰੂ ਦੀ ਸਿੱਖੀ ਪੱਖੋਂ ਇਹ ਲੋਕ ਵੀ ਪੂਰੀ ਤਰ੍ਹਾਂ ਅਡੋਲ ਰਹੇ। ਜਦਕਿ ਇੱਕ ਸਰਵੇ ਅਨੁਸਾਰ ੯੦% ਤੋਂ ਉਪਰ ਗਿਣਤੀ `ਚ ਵਣਜਾਰੇ ਸਿੱਖ ਅੱਜ ਵੀ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਹਨ ਤੇ ਆਪਣਾ ਰੋਟੀ-ਪਾਣੀ ਦਾ ਖਰਚਾ ਵੀ ਬੜੇ ਸਖ਼ਤ ਹਾਲਾਤ `ਚ ਚਲਾਂਦੇ ਹਨ। ਸਿਕਲੀਗਰ ਸਿੱਖਾ ਦੇ ਮੁਕਾਬਲੇ ਇਨ੍ਹਾਂ ਕੋਲ ਫ਼ਿਰ ਵੀ ਇਹ ਵਾਧਾ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕੋਲ ਆਪਣੀਆਂ ਜ਼ਮੀਨਾਂ ਤਾਂ ਬਹੁਤ ਹਨ ਪਰ ਵਿਦਿਆ ਤੇ ਸਾਧਨਾ ਦੀ ਕਮੀ ਕਾਰਣ ਇਹ ਉਨ੍ਹਾਂ ਜ਼ਮੀਨਾਂ ਦਾ ਲਾਭ ਨਹੀਂ ਲੈ ਸਕਦੇ। ਇਸੇ ਕਾਰਣ ਸਮੇਂ ਦੇ ਨਾਲ ਇਨ੍ਹਾਂ `ਚੋਂ ਵੀ ਕੁੱਝ ਲੋਕ ਆਪਣੇ ਪਿਤਾ ਪੁਰਖੀ ਵਣਜਾਂ ਨੂੰ ਤਿਆਗ ਕੇ ਅਤੇ ਹੋਰ ਹੋਰ ਕਮਾਂ ਕਾਰਾਂ `ਚ ਜਾਣ ਨੂੰ ਮਜਬੂਰ ਹੋ ਰਹੇ ਹਨ।

ਲੋੜ ਹੈ ਤਾਂ ਇਸ ਪੱਖੋਂ ਵੀ ਸਾਨੂੰ ਆਪਣੇ ਇਤਿਹਾਸ ਦੀ ਸੰਭਾਲ ਕਰਣ ਦੀ ਤੇ ਉਸ ਨੂੰ ਪਛਾਨਣ ਦੀ। ਫ਼ਿਰ ਸਚਾਈ ਇਹ ਵੀ ਹੈ ਕਿ ਸਿਕਲੀਗਰ ਸਿੱਖਾਂ ਦੀ ਤਰ੍ਹਾਂ ਇਨ੍ਹਾਂ ਵਣਜਾਰੇ ਸਿੱਖਾਂ ਦੀ ਵੀ ਸਿੱਖ ਇਤਿਹਾਸ ਨੂੰ ਵੱਡੀ ਦੇਣ ਹੈ। ਇੱਕ ਸੂਚਨਾ ਅਨੁਸਾਰ ਸੰਨ ੧੬੯੯, ਖੰਡੇ ਦੀ ਪਾਹੁਲ ਵਾਲੇ ਇਤਿਹਾਸਕ ਸਮਾਗਮ `ਚ ਨਵੇਂ ਸਿਰਿਉਂ ਖੰਡੇ ਦੀ ਪਾਹੁਲ ਲੈਣ ਵਾਲੇ ੮੦, ੦੦੦ ਪ੍ਰਣੀਆਂ `ਚ, ਵਣਜਾਰੇ ਸਿੱਖ ਵੀ ਕਾਫ਼ੀ ਵੱਡੀ ਗਿਣਤੀ `ਚ ਸਨ। ਇਥੌਂ ਤੱਕ ਕਿ ਕੁੱਝ ਲਿਖਾਰੀਆਂ ਨੇ ਭਾਈ ਬਚਿਤ੍ਰ ਸਿੰਘ ਤੇ ਉਸਦੇ ਭ੍ਰਾਤਾ ਉਦੇ ਸਿੰਘ ਦਾ ਨਾਮ ਸਿਕਲੀਗਰ ਸਿੱਖਾਂ `ਚ ਤੇ ਕੁੱਝ ਨੇ ਵਣਜਾਰੇ ਸਿੱਖਾਂ ਦੀ ਗਿਣਣੀ `ਚ ਦਿੱਤਾ ਹੋਇਆ ਹੈ। ਫ਼ਿਰ ਵੀ ਸਾਨੂੰ ਅਜਿਹੀਆਂ ਵੰਡੀਆਂ `ਚ ਜਾਣ ਦੀ ਲੋੜ ਨਹੀਂ।

ਦੇਖਣਾ ਇਹ ਹੈ ਕਿ ਆਖ਼ਿਰ ਇਹ ਸਾਰੇ ਹੈਣ ਤਾਂ ਗੁਰੂ ਸਾਹਿਬ ਨੂੰ ਸਮ੍ਰਪਿਤ ਸਿੱਖ ਹੀ ਸਨ ਅਤੇ ਸਿੱਖ ਇਤਿਹਾਸ ਦਾ ਅਣਿਖੜਵਾਂ ਤੇ ਚਮਕਦਾ ਸਿਤਾਰਾ ਹਨ। ਇਥੋਂ ਤੱਕ ਕਿ ਇਹ ਵਣਜਾਰੇ ਸਿੱਖ ਆਪਣੇ ਆਪ `ਚ ਭਾਈ ਮਖਣ ਸ਼ਾਹ ਲੁਬਾਣੇ, ਇਸ ਤੋਂ ਬਾਅਦ ਭਾਈ ਲਖੀ ਸ਼ਾਹ ਵਣਜਾਰੇ ਦੀਆਂ ਮਹਾਨ ਕਰਣੀਆਂ ਨੂੰ ਆਧਾਰ ਬਣਾ ਕੇ ਇਹ ਆਪਣੇ ਉਨ੍ਹਾਂ ਪੂਰਵਜਾਂ ਨੂੰ ਯਾਦ ਕਰਦੇ ਤੇ ਉਨ੍ਹਾਂ ਤੋਂ ਵਾਰੇ ਵਾਰੇ ਜਾਂਦੇ ਹਨ। ਜਿਵੇਂ ਕਿ ਭਾਈ ਲਖੀ ਸ਼ਾਹ ਵਣਜਾਰੇ ਨੇ ਗੁਰਦੇਵ ਦੇ ਧੜ ਦਾ ਸੰਸਕਾਰ ਕਰਣ ਲਈ ਆਪਣੇ ਭਰੇ ਭਰਾਏ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਇਸ ਤਰ੍ਹਾਂ ਆਪਣੇ ਆਪ ਲਈ ਉਨ੍ਹਾਂ ਦੇ ਵੰਸ਼ਜ ਹੋਣ `ਤੇ ਵੱਡਾ ਫ਼ਖ਼ਰ ਕਰਦੇ ਹਨ। “ਜਿਸ ਘਰ ਗੁਰੂ ਨਾਨਕ ਪੂਜਾ, ਉਸ ਘਰ `ਚ ਦਿਉ ਨਾ ਦੂਜਾ” ਗੁਰੂ ਪਾਤਸ਼ਾਹ ਦੇ ਸਤਿਕਾਰ ਨਾਲ ਸੰਬੰਧਤ ਇਹ ਤੇ ਅਜਿਹੀਆਂ ਵਿਸ਼ੇਸ਼ ਸ਼ਬਦਾਵਲੀਆਂ ਇਨ੍ਹਾਂ ਵਣਜਾਰਿਆਂ ਦੀ ਹੀ ਹਨ।

ਭਟ ਵਹੀਆਂ ਤੋਂ ਅਜਿਹੇ ਵੇਰਵੇ ਵੀ ਮਿਲਦੇ ਹਨ ਕਿ ਭਾਈ ਮਖਣ ਸ਼ਾਹ ਦਾ ਟਾਂਡਾ ਕਸ਼ਮੀਰ, ਸ੍ਰੀ ਨਗਰ `ਚ ਸੀ ਤੇ ਉਸਦੇ ਟਾਂਡੇ ਦਾ ਨਾਮ ਉਸ ਇਲਾਕੇ ਦੇ ਨਾਮ `ਤੇ ਆਧਾਰਿਤ ਮੋਟੇ ਟਾਂਡਾ ਸੀ। ਇਹ ਵੀ ਕਿ ਭਾਈ ਮਖਣ ਸ਼ਾਹ ਦਾ ਪ੍ਰਵਾਰ ਭਾਈ ਮਖਣ ਸ਼ਾਹ ਦੇ ਪਿਤਾ, ਭਾਈ ਦਾਸਾ ਜੀ ਰਾਹੀਂ ਛੇਵੇਂ ਪਾਤਸ਼ਾਹ ਦੇ ਸਮੇਂ ਗੁਰੂਦਰ ਨਾਲ ਜੁੜਿਆ ਸੀ। ਉਪ੍ਰੰਤ ਇਹ ਵੀ ਕਿ ਭਾਈ ਮਖਣ ਸ਼ਾਹ ਦੇ ਪਿਤਾ ਭਾਈ ਦਾਸਾ, ਮੋਟੇ ਟਾਂਡਾ ਸ੍ਰੀ ਨਗਰ `ਚ ਹੀ ਰਹਿੰਦੇ ਸਨ ਤੇ ਉਹ ਗੁਰ ਪੁਰੀ ਨੂੰ ਵੀ ਉਥੇ ਹੀ ਸਿਧਾਰੇ ਸਨ। ਭਟ ਵਹੀਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਤਵੇਂ ਪਾਤਸ਼ਾਹ ਜਦੋਂ ਕਸ਼ਮੀਰ ਦੇ ਪ੍ਰਚਾਰ ਦੌਰੇ `ਤੇ ਗਏ ਤਾਂ ਆਪ ਵੀ ਭਾਈ ਦਾਸਾ ਭਾਵ ਭਾਈ ਮਖਣ ਸ਼ਾਹ ਦੇ ਟਾਂਡੇ, ਮੋਟੇ ਟਾਂਡਾ `ਚ ਹੀ ਚਾਰ ਮਹੀਨੇ ਟਿਕੇ ਸਨ।

ਇਸ ਸੰਬੰਧ `ਚ ਹੋਰ ਕਈ ਸਿੱਖ ਵਿਦਵਾਨਾਂ ਦੀ ਤਰ੍ਹਾਂ, ਸਿੱਖ ਚਿੰਤਕ ਰਿਟਾ: ਕਰਨਲ, ਡਾ: ਦਲਵਿੰਦਰ ਸਿੰਘ ਜੀ ਗਰੇਵਾਲ ਨੇ ਵੀ ਆਪਣੀ ਇੱਕ ਲਿਖਤ `ਚ ਵਣਜਾਰਿਆਂ, ਸਤਿਨਾਮੀਆਂ, ਸਿਕਲੀਗਰਾਂ ਤੇ ਹੋਰ ਨਾਨਕ ਪੰਥੀਆਂ ਬਾਰੇ ਭਰਵੀਂ ਜਾਣਕਾਰੀ ਦਿੱਤੀ ਹੈ। ਇਨ੍ਹਾਂ ਜਾਣਕਾਰੀਆਂ `ਚ ਹੀ ਆਪ ਵਣਜਾਰੇ ਸਿੱਖਾਂ ਸੰਬੰਧੀ ਦੋ (੨) ਵਿਸ਼ੇਸ਼ ਸੂਚਨਾਵਾਂ ਵੀ ਦਿੰਦੇ ਹਨ। ਇਨ੍ਹਾਂ `ਚੋਂ ਇੱਕ ਖ਼ਬਰ ਸੰਨ ੧੭੧੧ `ਚ ਹੋਏ ੪੦ ਸਿੱਖ ਵਣਜਾਰਿਆਂ ਦੇ ਅਥਾਹ ਪੰਥਕ ਪਿਆਰ ਤੇ ਉਨ੍ਹਾਂ ਦੀ ਸ਼ਹਾਦਤ ਨਾਲ ਸੰਬੰਧਤ ਹੈ।

ਖ਼ਬਰ ਅਨੁਸਾਰ ਮੁਲਤਾਨ (ਅੱਜ ਪਾਕਿਸਤਾਨ `ਚ) ਦੇ ਨੇੜੇ ਆਲੋਵਾਲ ਵਿਖੇ ੪੦ ਸਿੱਖ ਵਣਜਾਰਿਆਂ ਨੂੰ ਇਕੱਠੇ ਹੀ ਸ਼ਹੀਦ ਕੀਤਾ ਗਿਆ ਸੀ। ਖ਼ਬਰ ਅਨੁਸਾਰ ਉਥੋਂ ਦੇ ਸਰਬਰਾਹ ਖਾਂ ਕੋਤਵਾਲ ਨੂੰ ਹੁਕਮ ਹੋਇਆ ਕਿ ਮੁਲਤਾਨ ਦੇ ਇਲਾਕੇ ਤੋਂ ੪੦ ਵਣਜਾਰੇ ਸਿੱਖ ਲਿਆਂਦੇ ਗਏ ਹਨ। ਜੇਕਰ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਜਾਵੇ। ਜੇਕਰ ਉਹ ਅਜਿਹਾ ਨਾ ਕਰਣ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ। ਇਸ `ਤੇ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਇਸਦੇ ਲਈ ਉਹ ਨਹੀਂ ਮੰਨੇ ਅਤੇ ਉਹ ਕੁਫ਼ਰ ਦਾ ਸਾਥ ਛਡਣ ਨੂੰ ਤਿਆਰ ਨਹੀਂ ਹੋਏ। ਉਪ੍ਰੰਤ ਸ਼ਾਹੀ ਹੁਕਮ ਸੀ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ। ਆਫ਼ਰੀਨ ਹੈ ਉਨ੍ਹਾਂ ਗੁਰੂ ਕੇ ਇਨ੍ਹਾਂ ਲਾਡਲਿਆਂ ਨੂੰ, ਉਨ੍ਹਾਂ `ਚੋਂ ਕਿਸੇ ਨੇ ਵੀ ਸਿੱਖੀ ਨੂੰ ਨਹੀਂ ਤਿਆਗਿਆ। ਇਸ ਤਰ੍ਹਾਂ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਹੀ ਸ਼ਹੀਦ ਕਰ ਦਿੱਤਾ ਗਿਆ। ਰੈਫ਼ਰੈਂਸ ਲਈ (ਅਖ਼ਬਾਰਾਤ ਮੁਅਲਾ ੧੧ ਅਕਤੂਬਰ ਸੰਨ ੧੭੧੧, ਦਸ ਰਮਜ਼ਾਨ ਹਿਜਰੀ ੧੧੨੩, ਸੰਨ ਪੰਚਮ ਬਹਾਦਰਸ਼ਾਹੀ)॥

ਕਰਨਲ ਸਾਹਿਬ ਅਨੁਸਾਰ ਇਸ ਸੰਬੰਧ `ਚ ਦੂਜੀ ਘਟਣਾ ਉਨ੍ਹਾਂ ਨੇ ਇਸ ਤਰ੍ਹਾਂ ਦੱਸੀ ਹੈ ਕਿ ਮਹਾਰਾਸ਼ਟਰ ਦੇ ਫ਼ੇਰੇ ਸਮੇਂ ਉਹ ਪਿੰਡ ਪਛੌੜ’ ਚ ਵੀ ਗਏ ਕਿਉਂਕਿ ਉਥੇ ਇਨ੍ਹਾਂ ਵਣਜਾਰੇ ਸਿੱਖਾਂ ਦੀ ਭਾਰੀ ਵੱਸੋਂ ਸੀ। ਇਸ ਲਈ ਉਥੇ ਉਨ੍ਹਾਂ ਨੇ ਇਨ੍ਹਾਂ ਵਣਜਾਰਿਆਂ ਲਈ ਇੱਕ ਗੁਰਦੁਆਰਾ ਬਨਾਉਣਾ ਸੀ। ਇਸ ਦੌਰਾਨ ਉਥੇ ਹੈਰਾਨੀਜਨਕ ਗਾਥਾ ਇਹ ਵਾਪਰੀ ਕਿ ਭਾਈ ਮਾਨ ਸਿੰਘ ਤਲੇਗਾਉਂ ਦਾ ਵਿਆਹ, ਭਾਈ ਮਨੂ ਸਿੰਘ ਦੀ ਲੜਕੀ ਨਾਲ ਹੋਇਆ। ਉਸ ਲਿਖਤ ਅਨੁਸਾਰ, ਮਾਨ ਸਿੰਘ ਚੰਗਾ ਜੋਸ਼ੀਲਾ ਸਿੱਖ ਪ੍ਰਚਾਰਕ ਸੀ ਤੇ ਉਸਨੇ ਸਾਰੇ ਪਿੰਡ ਨੂੰ ਖੰਡੇ ਦੀ ਪਾਹੁਲ ਲਈ ਤਿਆਰ ਕਰਣਾ ਵੀ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਥੇ ਉਸ ਪਿੰਡ `ਚ ਵੀ ਉਸਨੇ ਇੱਕ ਗੁਰਦੁਆਰਾ ਬਨਾਉਣ ਦੀ ਯੋਜਨਾ ਬਣਾ ਲਈ।

ਇਸ ਸੰਬੰਧ `ਚ ਪਹਿਲਾਂ ਤਾਂ ਪਿੰਡ ਵਾਸੀਆਂ ਨੇ ਗੁਰਦੁਆਰੇ ਲਈ, ਉਸ ਨੂੰ ਜ਼ਮੀਨ ਦੇਣ ਦਾ ਵਾਇਦਾ ਕਰ ਦਿੱਤਾ ਪਰ ਸਮੇਂ ਸਿਰ ਉਹ ਲੋਕ ਆਪਣੇ ਵਾਇਦੇ ਤੋਂ ਮੁੱਕਰ ਗਏ। ਦੂਜੇ ਪਾਸੇ ਮਾਨ ਸਿੰਘ ਵੀ ਵੱਡਾ ਦ੍ਰਿੜ ਇਰਾਦਾ ਇਨਸਾਨ ਸੀ। ਬਦਲੇ `ਚ ਇਸ ਨੇ ਵੀ ਐਲਾਨ ਕਰ ਦਿੱਤਾ, ਚੂੰਕਿ ਫ਼ੈਸਲਾ ਹੋ ਚੁੱਕਾ ਹੈ ਇਸ ਲਈ ਗੁਰਦੁਆਰਾ ਤਾਂ ਅਵੱਸ਼ ਬਣੇਗਾ ਹੀ ਫ਼ਿਰ ਇਸਦੇ ਲਈ ਭਾਵੇਂ ਉਸ ਨੂੰ ਆਪਣਾ ਮਕਾਨ ਤੋੜ ਕੇ ਹੀ ਗੁਰਦੁਆਰਾ ਕਿਉਂ ਨਾ ਬਨਾਉਣਾ ਪਵੇ।

ਹੋਇਆ ਇਹ ਕਿ ਜਦੋਂ ਪਿੰਡ ਵਾਲੇ ਆਪਣੇ ਵਾਇਦੇ ਤੋਂ ਮੁਕਰ ਗਏ ਤਾਂ ਕੁੱਝ ਦਿਨ ਬਾਅਦ ਇਸ ਨੇ ਸਚਮੁਚ ਹੀ ਇਸ ਉੱਤਮ ਕਾਰਜ ਲਈ ਆਪਣੇ ਮਕਾਨ ਨੂੰ ਤੋੜਣਾ ਸ਼ੁਰੂ ਕਰ ਦਿਾਂਤਾ। ਕਰਨਲ ਸਾਹਿਬ ਦੇ ਲਫ਼ਜ਼ਾਂ `ਚ, ਉਸਨੇ ਆਪਣੇ ਮਕਾਨ ਨੂੰ ਅਜੇ ਅੱਧਾ ਹੀ ਤੋੜਿਆ ਸੀ ਕਿ ਇਸ `ਤੇ ਪਿੰਡ ਵਾਲਿਆਂ ਨੂੰ ਵੀ ਆਪਣੀ ਵਾਇਦਾ ਖ਼ਿਲਾਖ਼ੀ `ਤੇ ਪਛਤਾਵਾ ਹੋਇਆ ਤੇ ਉਨ੍ਹਾਂ ਨੇ ਵੀ ਉਸ ਗੁਰਦੁਅਰੇ ਲਈ ਆਪਣੇ ਆਪ ਜ਼ਮੀਨ ਦੇ ਦਿੱਤੀ। ਨਤੀਜਾ ਇਹ ਹੋਇਆ ਕਿ ਇਸ ਨਾਲ ਪੂਰੇ ਪਿੰਡ `ਚ ਅਜਿਹਾ ਜੋਸ਼ ਪੈਦਾ ਹੋ ਗਿਆ ਕਿ ਉਥੋਂ ਦੇ ਵਾਸੀਆਂ ਨੇ ਆਪਣੇ ਆਪ ਅੱਗੇ ਹੋ ਕੇ ਵੱਡੀ ਗਿਣਤੀ `ਚ ਖੰਡੇ ਦੀ ਪਾਹੁਲ ਵੀ ਲੈ ਲਈ।

ਸਤਿਨਾਮੀਏ- ਇਸ ਤੋਂ ਬਾਅਦ ਸੰਖੇਪ ਜਿਹਾ ਜ਼ਿਕਰ ਕਰ ਰਹੇ ਹਾਂ ਸਤਿਨਾਮੀ ਸਿੱਖਾਂ ਦਾ। ਸਤਿਨਾਮੀ ਨਾਨਕ ਪੰਥੀ ਸਿੱਖਾਂ ਦਾ ਇਤਿਹਾਸ, ਖਾਸ ਤੌਰ `ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਤੋਂ ਆਰੰਭ ਹੁੰਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੇ ਆਦੇਸ਼ ਅਨੁਸਾਰ ਉਸ ਦਮੇਂ ਤੋਂ ‘ਸਤਿਨਾਮ’ ਦਾ ਹੀ ਜਾਪ ਕਰਦੇ ਹਨ। ਅੱਗੇ ਚੱਲ ਕੇ ਇਨ੍ਹਾਂ ਨੇ ਦਖਣੀ ਹਰਿਆਣਾ ਤੇ ਉਤਰੀ ਰਾਜਸਥਾਨ ਦੇ ਕਾਫ਼ੀ ਇਲਾਕੇ ਨੂੰ ਕਾਫ਼ੀ ਸਮਾਂ ਆਪਣੇ ਕਬਜ਼ੇ ਹੇਠ ਰਖਿਆ। ਇਤਿਹਾਸਕ ਵੇਰਵਿਆਂ ਅਨੁਸਾਰ ਔਰੰਗਜ਼ੇਬ ਵੱਲੋਂ ਸੰਨ ੧੬੬੭ `ਚ ਹਿੰਦੂਆਂ `ਤੇ ੫% ਜਜ਼ੀਆ ਟੈਕਸ ਲਾਗੂ ਕਰ ਦਿੱਤਾ ਗਿਆ। ਇਹ ਟੈਕਸ ਹਿੰਦੂਆਂ ਨੂੰ ਹਿੰਦੂ ਹੋਣ ਕਾਰਣ, ਹਕੂਮਤ ਦੇ ਖਜ਼ਾਨੇ `ਚ ਆਪ ਜਾ ਕੇ ਜਮਾਂ ਕਰਵਾਉਣਾ ਹੁੰਦਾ ਸੀ ਜਦਕਿ ਸਿੱਖਾਂ `ਤੇ ਇਹ ਟੈਕਸ ਲਾਗੂ ਨਹੀਂ ਸੀ ਹੁੰਦਾ। ਉਪ੍ਰੰਤ ਹੋਇਆ ਇਹ ਕਿ ਸੰਨ ੧੬੭੧ `ਚ ਨੌਵੇਂ ਪਾਤਸ਼ਾਹ ਦੇ ਪ੍ਰਚਾਰ ਦੌਰੇ ਸਦਕਾ ਇਨ੍ਹਾਂ ਸਤਿਨਾਮੀਆਂ ਦੇ ਆਤਮਿਕ ਬਲ `ਚ ਵੀ ਭਾਰੀ ਵਾਧਾ ਹੋਇਆ। ਇਹ ਗੁਰੂਦਰ ਨਾਲ ਮਨ ਕਰਕੇ ਇਤਨਾ ਵਧ ਜੁੜ ਗਏ ਕਿ ਇਨ੍ਹਾਂ ਨੇ ਹਕੂਮਤ ਨੂੰ ਜਜ਼ੀਆ ਟੈਕਸ ਦੇਣਾ ਵੀ ਬੰਦ ਕਰ ਦਿੱਤਾ।

ਇਸ `ਤੇ ਨੌਵੇਂ ਪਾਤਸ਼ਾਹ ਦੇ ਪ੍ਰਚਾਰ ਦੌਰੇ ਤੋਂ ਬਾਅਦ ਜਦੋਂ ਸਰਕਾਰੀ ਕਾਰਕੁੰਨ ਇਨ੍ਹਾਂ ਕੋਲੋਂ ਜਜ਼ੀਆ ਉਗਰਾਹੁਣ ਆਏ ਤਾਂ ਇਨ੍ਹਾਂ ਨੇ, ਉਨ੍ਹਾਂ ਨੂੰ ਇਹ ਕਹਿ ਕੇ ਜਜ਼ੀਆ ਦੇਣ ਤੋਂ ਮਨ੍ਹਾਂ ਕਰ ਦਿੱਤਾ ਕਿ ਹੁਣ ਅਸੀਂ ਆਪਣੀਆਂ ਸੇਵਾਂਵਾਂ ਗੁਰੂਦਰਬਾਰ ਨੂੰ ਹੀ ਭੇਜਦੇ ਹਾਂ ਤੇ ਸਰਕਾਰ ਨੂੰ ਜਜ਼ੀਆ ਨਹੀਂ ਦੇਵਾਂਗੇ। ਇਸੇ `ਤੇ ਜਦੋਂ ਸਿਪਾਹੀਆਂ ਨੇ ਉਨ੍ਹਾਂ ਨਾਲ ਜ਼ੋਰ ਜ਼ਬਰਦਸਤੀ ਕੀਤੀ ਤਾਂ ਇਨ੍ਹਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਵੀ ਕੁੱਟ ਸੁਟਿਆ। ਉਪ੍ਰੰਤ ਜਦੋਂ ਇਲਾਕੇ ਦੇ ਹਾਕਮ ਨੇ ਫ਼ੌਜ ਚੜ੍ਹਾ ਕੇ ਇਨ੍ਹਾਂ `ਤੇ ਬਾਰ ਬਾਰ ਹਮਲੇ ਸ਼ੁਰੂ ਕਰ ਦਿੱਤੇ ਤਾਂ ਇਨ੍ਹਾਂ ਨੇ ਉਨ੍ਹਾਂ ਫ਼ੋਜੀਆਂ ਨੂੰ ਵੀ ਨਾਰਨੌਲ਼ ਖਾਲੀ ਕਰਕੇ ਦੌੜਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਲੋਕਾਂ `ਚ ਇਹ ਗੱਲ ਫੈਲ ਗਈ ਕਿ ਇਨ੍ਹਾਂ ਨੂੰ ਨੌਵੇਂ ਪਾਤਸ਼ਾਹ ਦਾ ਵਰਦਾਨ ਹਾਸਲ ਹੈ ਇਸ ਲਈ ਇਨ੍ਹਾਂ ਨੂੰ ਜਿੱਤਿਆ ਹੀ ਨਹੀਂ ਜਾ ਸਕਦਾ। ਉਧਰ ਔਰੰਗਜ਼ੇਬ ਨੇ ਵੀ ਸ਼ਾਹੀ ਦਰਬਾਰ `ਚ ਇਸ ਨੂੰ ਮੁਗ਼ਲੀਆ ਹਕੂਮਤ ਦੇ ਖ਼ਿਲਾਫ਼, ਵਿਦਰੋਹ ਦੇ ਰੂਪ `ਚ ਲੈ ਲਿਆ।

ਇਸੇ ਲਈ ਔਰੰਗਜ਼ੇਬ ਨੇ ਆਪਣੀਆਂ ਫ਼ੋਜਾਂ ਦੀ ਇਸ ਹਾਰ ‘ਤੋਂ ਛਿੱਥੇ ਪੈ ਕੇ ਇਨ੍ਹਾਂ ਨੂੰ ਮਾਰ ਮੁਕਾਉਣ ਦਾ ਫ਼ੈਸਲਾ ਕਰ ਲਿਆ। ਉਸਨੇ ਆਪਣੀ ਪੂਰੀ ਤਾਕਤ ਤੇ ਫ਼ੌਜਾਂ ਵਰਤ ਕੇ ਇਨ੍ਹਾਂ ਦੀ ਨਸਲਕਸ਼ੀ ਲਈ ਆਪਣੇ ਪੂਰੇ ਵਸੀਲੇ ਵਰਤਣੇ ਅਰੰਭ ਕਰ ਦਿੱਤੇ। ਔਰੰਗਜ਼ੇਬ ਨੇ ਆਪਣੇ ਇੱਕ ਜਰਨੈਲ ਸਯਦ ਅਹਿਮਦ ਖਾਂ ਦੇ ਅਧੀਨ ਸੈਨਾ ਦੀ ਇੱਕ ਵੱਡੀ ਟੁਕੜੀ ਤਿਆਰ ਕਰਵਾਈ। ਉਹ ਇਸ ਲਈ ਕਿ ਉਸ ਦੀਆਂ ਫ਼ੌਜਾਂ ਦੇ ਮਨ `ਚ ਵੀ ਇਹ ਗੱਲ ਬੈਠੀ ਹੋਈ ਸੀ ਕਿ ਸਤਿਨਾਮੀਆਂ ਨੂੰ ਗੁਰੂ ਦਾ ਵਰ ਪਰਾਪਤ ਹੈ ਤੇ ਉਨ੍ਹਾਂ ਨੂੰ ਜਿੱਤਿਆ ਨਹੀਂ ਜਾ ਸਕਦਾ। ਉਸ ਲਿਖਤ ਮੁਤਾਬਕ, ਉਸਨੇ ਆਪਣੇ ਫ਼ੋਜੀਆਂ ਦੇ ਇਸ ਪੱਖੋਂ ਹੌਸਲੇ ਬੁਲੰਦ ਕਰਣ ਲਈ, ਉਨ੍ਹਾਂ ਦੇ ਹੱਥ `ਚ ਕੁਰਾਨ ਦੀਆਂ ਆਇਤਾਂ ਵਾਲੇ ਝੰਡੇ ਪਕੜਾ ਦਿੱਤੇ। ਇਸ ਤਰ੍ਹਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਆਇਤਾਂ ਕਾਰਣ ਤੁਹਾਡੀ ਜਿੱਤ ਹੋਵੇਗੀ ਅਤੇ ਸਤਿਨਾਮੀਏ ਹਾਰ ਜਾਣਗੇ।

ਇਸ ਤਰ੍ਹਾਂ ਵੱਡੇ ਹਥਿਆਰਾਂ, ਤੋਪਾਂ, ਘੁੜ ਸੁਆਰ ਤੇ ਪੈਦਲ ਫ਼ੌਜਾਂ ਨਾਲ ਲੈਸ ਹੋ ਕੇ, ਸਯਦ ਅਹਿਮਦ ਖਾਂ ਇਨ੍ਹਾਂ ਮੁੱਠੀ ਭਰ ਸਤਨਾਮੀਆਂ `ਤੇ ਟੁੱਟ ਪਿਆ। ਗੁਰਦੇਵ ਦੀ ਬਖ਼ਸ਼ਿਸ਼ ਸਦਕਾ ਔਰੰਗਜ਼ੇਬ ਫ਼ਿਰ ਵੀ ਇਨ੍ਹਾਂ ਦੀ ਨਸਲਕੁਸ਼ੀ ਤਾਂ ਨਾ ਕਰ ਸਕਿਆ ਪਰ ਉਸ ਨੇ ਇਨ੍ਹਾਂ ਸਤਨਾਮੀਆਂ ਨੂੰ ਆਪਣੇ ਮੂਲ ਇਲਾਕਿਆਂ ਚੋਂ ਦੌੜਣ ਲਈ ਮਜਬੂਰ ਕਰ ਦਿੱਤਾ। ਉਸ ਦੇ ਇਸ ਖੂੰਖਾਰ ਹਮਲੇ ਦਾ ਨਤੀਜਾ ਹੋਇਆ ਕਿ ਇਹ ਵਿਚਾਰੇ ਆਪਣੇ ਜੱਦੀ ਪੁਸ਼ਤੀ ਇਲਾਕਿਆਂ `ਚੋਂ ਉਖੜ ਗਏ। ਇਸ ਤਰ੍ਹਾਂ ਇਨ੍ਹਾਂ ਨੂੰ ਆਪਣੇ ਬਚਾਅ ਲਈ ਮਧ ਪ੍ਰਦੇਸ਼ ਤੋਂ ਵੀ ਅੱਗੇ ਦੂਰ ਜੰਗਲਾਂ `ਚ ਜਾ ਕੇ ਵਸਨਾ ਪਿਆ। ਕਾਰਣ ਸੀ ਕਿ ਉਦੋਂ ਤੱਕ ਲਗਾਤਾਰ ਇਨ੍ਹਾਂ ਪਿਛੇ ਉਹ ਸ਼ਾਹੀ ਫ਼ੌਜਾਂ ਹੀ ਲਗੀਆਂ ਰਹੀਆਂ ਜਦੋਂ ਤੱਕ ਕਿ ਔਰੰਗਜ਼ੇਬ ਨੇ ਉਨ੍ਹਾਂ ਫ਼ੌਜਾਂ ਨੂੰ ਵਾਪਿਸ ਹੀ ਨਹੀਂ ਬੁਲਾ ਲਿਆ। ਇਸ ਤਰ੍ਹਾਂ ਸਤਿਨਾਮੀਆਂ ਦੇ ਇਹ ਪ੍ਰਵਾਰ ਜੰਗਲੀ ਇਲਾਕਿਆਂ `ਚ ਫੈਲ ਜਾਣ ਕਾਰਣ ਆਪਸ `ਚ ਵੀ ਇਕੱਠੇ ਨਾ ਰਹਿ ਸਕੇ ਤੇ ਇਸ ਤਰ੍ਹਾਂ ਇਹ ਵਿਚਾਰੇ ਆਪਸ `ਚ ਵੀ ਖਿੰਡ ਗਏ। ਉਸ ਸਮੇਂ ਤੋਂ ਅੱਜ ਤੱਕ ਇਹ ਲੋਕ ਉਨ੍ਹਾਂ ਜੰਗਲਾਂ ਦੇ ਵਾਸੀ ਹੋ ਕੇ ਹੀ ਰਹਿ ਰਹੇ ਹਨ।

ਇਸ ਸਾਰੇ ਦੇ ਬਾਵਜੂਦ ਅੱਜ ਵੀ ਇਹ ਲੋਕ ਮਨ ਕਰਕੇ ਗੁਰੂਦਰ ਨਾਲ ਜੁੜੇ ਹੋਏ ਹਨ। ਇਸ ਸਮੇਂ ਇਨ੍ਹਾਂ ਦੀ ਕਰੋੜ ਤੋਂ ਵਧ ਵੱਸੋਂ ਮਧਪ੍ਰਦੇਸ਼, ਝਾਰਖੰਡ, ਛਤੀਸਗੜ੍ਹ ਤੇ ਬੰਗਾਲ ਆਦਿ ਪ੍ਰਾਂਤਾਂ `ਚ ਦੱਸੀ ਜਾਂਦੀ ਹੈ ਜਦਕਿ ਇਹ ਲੋਕ ਇਸ ਤੋਂ ਇਲਾਵਾ ਭਾਰਤ ਦੇ ਹੋਰ ਪ੍ਰਾਂਤਾਂ `ਚ ਵੀ ਬਿਖਰ ਕੇ ਵੱਸੇ ਹੋਏ ਹਨ। ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਆਪਣੀ ਲਿਖਤ, ਜੀਵਨ ਦਸ ਪਾਤਸ਼ਾਹੀਆਂ `ਚ, ਇਨ੍ਹਾਂ ਸਤਿਨਾਮੀਆਂ ਦਾ ਜ਼ਿਕਰ ਇੱਕ ਹਥਿਆਰਬੰਦ ਕਬੀਲੇ ਦੇ ਤੌਰ `ਤੇ ਕੀਤਾ ਹੈ, ਉਹ ਕਬੀਲਾ ਜਿਸ ਨੂੰ ਔਰੰਗਜ਼ੇਬ ਨੇ ਮਾਰ ਮੁਕਾਇਆ ਸੀ। ਜਦਕਿ ਬਾਅਦ `ਚ ਵੀ ਇਨ੍ਹਾਂ `ਚੋ ਗੁਰੂਦਰ ਤੋਂ ਤੋੜਣ ਲਈ, ਪੰਥ ਵਿਰੋਧੀ ਤੇ ਖਾਸਕਰ ਬਿਪਰ ਸ਼੍ਰੇਣੀ ਨੇ ਬਥੇਰੇ ਹੀਲੇ ਵਰਤੇ; ਪਰ ਇਹ ਲੋਕ ਫ਼ਿਰ ਵੀ ਅਡਿੱਗ ਰਹੇ। ਅੰਤ ਅੰਗ੍ਰੇਜ਼ੀ ਸ਼ਾਸਨ ਕਾਲ ਸਮੇਂ ਇਨ੍ਹਾਂ ਦੀਆਂ ਮਜਬੂਰੀਆਂ ਦਾ ਲਾਭ ਲੈ ਕੇ, ਇਸਾਈ ਮਿਸ਼ਨਰੀਆਂ ਰਾਹੀਂ ਇਨ੍ਹਾਂ `ਚੋਂ ਕੁੱਝ ਨੂੰ ਇਸਾਈ ਮੱਤ `ਚ ਤਬਦੀਲ ਹੋ ਗਏ। ਇੱਕ ਸੂਚਨਾ ਅਨੁਸਾਰ ਭੂਤ ਪੂਰਵ ਮੁਖ ਮੰਤਰੀ ਅਜੀਤ ਜੋਗੀ ਵੀ ਇਸਾਈ ਮੱਤ ਨੂੰ ਗ੍ਰਿਹਣ ਕਰਣ ਵਾਲੇ, ਉਨ੍ਹਾਂ ਸਤਿਨਾਮੀਆਂ `ਚੋਂ ਹੀ ਇੱਕ ਸਨ।

ਇਸ ਤਰ੍ਹਾਂ ਭੁਲੇ ਵਿਸਰੇ ਅਣਗੋਲੇ ਨਾਨਕ ਪੰਥੀਆਂ ਦੇ ਵੱਡੀ ਗਿਣਤੀ `ਚ ਸੰਸਾਰ ਭਰ `ਚ ਫੈਲੇ ਹੋਏ ਸਿੱਖ ਕਬਲਿਆਂ `ਚੋਂ ਸਿਕਲੀਗਰ, ਵਣਜਾਰੇ ਤੇ ਸਤਿਨਾਮੀਏ; ਇਹ ਕੇਵਲ ਤਿੰਨ ਕਬੀਲਿਆਂ `ਤੇ ਹੀ ਇੱਕ ਅਤੀ ਸੰਖੇਪ ਜਹੀ ਝਾਤ ਹੈ, ਇਸ ਤੋਂ ਵਧ ਹੋਰ ਕੁੱਝ ਨਹੀਂ। ਜਦਕਿ ਇਨ੍ਹਾਂ ਤੋਂ ਇਲਾਵਾ ਭਾਰਤ ਦੇ ਭਿੰਨ ਭਿੰਨ ਪ੍ਰਾਂਤਾਂ `ਚ ਭੀਲ, ਜੋਹਰੀ, ਲੁਬਾਣੇ, ਰੰਗਰੇਟੇ ਜਾਂ ਭਾਰਤ ਤੋਂ ਬਾਹਰ ਵੀ ਕਾਬਲੀ, ਇਰਾਕੀ ਆਦਿ ਹੋਰ ਵੀ ਬਹੁਤ ਕਬੀਲੇ ਹਨ ਜਿਹੜੇ ਅੱਜ ਵੀ ਕਿਸੇ ਨਾ ਕਿਸੇ ਰੂਪ `ਚ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਪੂਰੀ ਤਰ੍ਹਾਂ ਸੰਭਾਲੀ ਬੈਠੇ ਹਨ। ਕੁੱਝ ਸਿਧੇ ਤੌਰ `ਤੇ ਸੰਭਾਲੀ ਬੈਠੇ ਹਨ ਤੇ ਬਾਕੀ ਆਪਣੀ ਵਿਰਾਸਤ `ਚ।

੧੯੮੪ ਦਾ ਸਿੱਖ ਕਤਲੇਆਮ- ਚਲਦੇ ਵਿਸ਼ੇ ਨਾਲ ਸੰਬੰਧਤ ਸੰਨ ੧੯੮੪ “ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ” (ਭਾ: ਗੁ: ੧/੩੦) ਅਨੁਸਾਰ, ਆਪਣੀ ਹੀ ਸਰਕਾਰ ਵੱਲੋਂ ਕੀਤੀ ਹੋਈ ਸਿੱਖ ਨਸਲਕੁਸ਼ੀ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਨਸਲਕੁਸ਼ੀ ਵੀ ਸਰਕਾਰ ਵੱਲੋਂ, ਜਿਸ `ਤੇ ਸਦਾ ਤੋਂ ਆਪਣੀ ਪ੍ਰਜਾ ਦੀ ਰਾਖੀ ਦੀ ਜ਼ਿਮੇਵਾਰੀ ਹੁੰਦੀ ਹੈ। ਫ਼ਿਰ ਖਾਸਕਰ ਉਸ ਭਾਰਤ ਸਰਕਾਰ ਰਾਹੀਂ, ਜਿਸ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੋ ਪ੍ਰਤੀਸ਼ਤ ਦੀ ਗਿਣਤੀ `ਚ ਹੋਣ ਬਾਵਜੂਦ, ਨੰਬੇ ਪ੍ਰਤੀਸ਼ਤ ਤੋਂ ਵਧ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਫ਼ਿਰ ਉਸ ਸਰਕਾਰ ਦੇ ਲੋਕਾਂ ਰਾਹੀਂ, ਜਿਨ੍ਹਾਂ ਨੇ ਆਜ਼ਾਦੀ ਮਿਲਣ ਤੋਂ ਪਹਿਲਾਂ ਸਿੱਖਾਂ ਨਾਲ ਬੜੇ ਬੜੇ ਤੇ ਵਧ ਚੜ੍ਹ ਕੇ ਵਾਇਦੇ ਵੀ ਕੀਤੇ ਹੋਏ ਸਨ।

ਫ਼ਿਰ ਉਨ੍ਹਾਂ ਲੋਕਾਂ `ਤੇ ਅਤੇ ਉਸੇ ਭਾਰਤ ਦੀ ਸਰਕਾਰ ਨੇ ਆਪ ਹੀ ਬੜੀ ਵਿਉਂਤਬੰਦੀ ਨਾਲ ਜਗ੍ਹਾ-ਜਗ੍ਹਾ `ਤੇ ਬੜੀ ਹਥਿਆਰਬੰਦੀ ਕਰਕੇ ਤੇ ਆਪਣੇ ਗੁੰਡੇ ਭੇਜ ਕੇ, ਸੰਸਾਰ ਪਧਰ ਦੀ ਅਮਨ ਪਸੰਦ ਕੌਮ ਭਾਵ ਸਿੱਖ ਕੌਮ ਦਾ, ਹਜ਼ਾਰਾਂ ਦੀ ਗਿਣਤੀ `ਚ ਕੇਵਲ ਕਤਲੇਆਮ ਹੀ ਨਹੀਂ ਸੀ ਕਰਵਾਇਆ ਬਲਕਿ ਉਨ੍ਹਾਂ ਦੀਆਂ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ, ਬੱਚੀਆਂ-ਬੀਬੀਆਂ ਦੀ ਪਤਿ ਲੁੱਟੀ ਤੇ ਵੱਡੀ ਗਿਣਤੀ `ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਬੇਹੁਰਮਤੀ ਕੀਤੀ ਅਤੇ ਗੁਰਦੁਆਰੇ ਵੀ ਸਾੜੇ ਸਨ।

ਇਸ ਸਾਰੇ ਦੇ ਬਾਵਜੂਦ ਚਲਦੇ ਵਿਸ਼ੇ ਨਾਲ ਇਸ ਸੰਖੇਪ ਬਿਉਰੇ ਨੂੰ ਦੇਣ ਦਾ ਕੇਵਲ ਇਤਨਾ ਹੀ ਸੰਬੰਧ ਹੈ ਕਿ ਅੱਜ ਵੀ ਇਹ ਸੱਚ ਨਹੀਂ ਕਿ ਇਸ ‘ਸਿੱਖ ਕਤਲੇਆਮ’ ਲਈ ਕੋਈ ਵਿਸ਼ੇਸ਼ ਕੌਮ ਜ਼ਿਮੇਵਾਰ ਸੀ। ਇਹ ਤਾਂ ਉਸ ਕੌਮ ਚੋਂ ਵੀ ਕੇਵਲ ਚੰਦੂ, ਗੰਗੂ, ਸੁਚਾਨੰਦ, ਲਖਪਤਰਾਏ ਤੇ ਮਹੇਸ਼ਦਾਸ ਉਰਫ਼ ਬੀਰਬਲ ਆਦਿ ਵਾਲੀ ਬਿਰਤੀ ਦੇ ਕੁੱਝ ਹੀ ਲੋਕ ਜ਼ਿਮੇਵਾਰ ਸਨ ਜਿਨ੍ਹਾਂ ਨੇ ਇਹ ਕੁਕਰਮ ਕੀਤਾ। ਇਸ ਦੇ ਨਾਲ ਨਾਲ ਸਾਨੂੰ ਇਹ ਵੀ ਚੇਤੇ ਰਖਣ ਦੀ ਲੋੜ ਹੈ ਕਿ ਦਿਵਾਨ ਟੋਡਰ ਮਲ, ਭਾਈ ਮੋਤੀ ਲਾਲ ਮਹਿਰ ਤੇ ਦਿਵਾਨ ਮਿੱਠਾ ਮਲ ਵਰਗੇ ਗੁਰੂਦਰ ਤੋਂ ਆਪਣਾ ਆਪ ਕੁਰਬਾਨ ਕਰਣ ਵਾਲੇ ਹੀਰੇ ਅੱਜ ਵੀ ਉਸ ਕੌਮ `ਚ ਘੱਟ ਨਹੀਂ ਹਨ। ਅਜਿਹੇ ਲੋਕ ਜਿਨ੍ਹਾਂ ਨੇ ਉਸ ਵਰਦੀ ਅੱਗ `ਚ ਛਾਲ ਮਾਰ ਕੇ, ਆਪ ਅੱਗੇ ਹੋ ਕੇ ਵੀ ਸਿੱਖਾਂ ਦੀ ਰਾਖੀ ਕੀਤੀ ਸੀ। ਇਨ੍ਹਾਂ ਤੋਂ ਇਲਾਵਾ, ਉਸ ਸਮੇਂ ਉਸ ਕੌਮ `ਚ ਮਨੁੱਖੀ ਦਰਦ ਵਾਲੇ ਅਜਿਹੇ ਲੋਕ ਵੀ ਵੱਡੀ ਗਿਣਤੀ `ਚ ਸਨ ਜਿਹੜੇ ਉਂਜ ਤਾਂ ਭਾਂਵੇਂ ਗੁਰੂ ਦਰ ਨਾਲ ਸੰਬੰਧਤ ਨਹੀਂ ਸਨ ਪਰ ਇਨਸਾਨੀਅਤ ਦੇ ਨਾਤੇ ਉਹ ਵੀ ਅੱਗੇ ਆਏ ਤੇ ਉਸ ਵਰਦੀ ਅੱਗ `ਚ ਉਨ੍ਹਾਂ ਨੇ ਵੀ ਸਿੱਖਾਂ ਦਾ ਪੂਰੀ ਤਰ੍ਹਾਂ ਬਚਾਅ ਕੀਤਾ।

ਇਸ ਲਈ ਜੇ ਵੱਧ ਨਹੀ ਤਾਂ ਉਸ ਘਲੂਘਾਰੇ ਤੋਂ ਬਾਅਦ ਕੌਮੀ ਤੌਰ `ਤੇ ਘਟੋਘਟ ਉਨ੍ਹਾਂ ਹਿੰਦੂਆਂ ਨੂੰ ਵੀ ਗਲਵਕੜੀ `ਚ ਲੈਣ ਦੀ ਲੋੜ ਸੀ ਜਿਨ੍ਹਾਂ ਨੇ ਗੁਰੂਦਰ ਦੇ ਸਤਿਕਾਰ ਤੇ ਗੁਰੂਦਰ ਨਾਲ ਆਪਣੇ ਪਿਆਰ ਦੇ ਨਾਤੇ ਉਸ ਔਖੇ ਵੱਕਤ ਵੀ ਸਿੱਖਾਂ ਦੀ ਵਧ ਚੜ੍ਹ ਕੇ ਰਾਖੀ ਕੀਤੀ। ਦੇਖਿਆ ਜਾਵੇ ਤਾਂ ਸਚਾਈ ਵੀ ਇਹੀ ਹੈ ਕਿ ਹਰੇਕ ਸਮੇਂ `ਚ, ਦਿਵਾਨ ਟੋਡਰ ਮਲ, ਭਾਈ ਮੋਤੀ ਲਾਲ ਮਹਿਰਾ, ਦਿਵਾਨ ਮਿੱਠਾ ਮਲ ਉਪ੍ਰੰਤ ਪੀਰ ਬੁਧੂ ਸ਼ਾਹ, ਸਾਈਂ ਮੀਆਂ ਮੀਰ ਭਾਵ ਅਜਿਹੀ ਉੱਚ ਬਿਰਤੀ ਦੇ ਲੋਕ, ਭਾਵੇਂ ਉਹ ਕਿਸੇ ਵੀ ਕੌਮ, ਦੇਸ਼ ਤੇ ਵਿਚਾਰਧਾਰਾ ਦੇ ਹੋਣ, ਆਪਣੇ ਆਪ ਨੂੰ ਗੁਰੂਦਰ ਤੋਂ ਕੁਰਬਾਨ ਕਰਣ ਲਈ ਸਦਾ ਤਤਪਰ ਰਹਿੰਦੇ ਹਨ। ਇਸ ਲਈ ਕੀ, ਅਜਿਹੇ ਸਾਰੇ ਲੋਕਾਂ ਨੂੰ ਵੀ ਸਿੱਖ ਧਰਮ ਦਾ ਅਮੁਲਾ ਅੰਗ ਨਹੀਂ ਮੰਨਣਾ ਚਾਹੀਦਾ? ਯਕੀਨਣ ਅਜਿਹੇ ਸਤਿਕਾਰਯੋਗ ਜੀਊੜੇ ਭਾਵੇਂ ਉਹ ਪਰੋਖ `ਚ ਹੀ ਸਹੀ ਪਰ ਸਦਾ ਤੋਂ ਸਿੱਖ ਧਰਮ ਦਾ ਹੀ ਅੰਗ ਹੁੰਦੇ ਹਨ ਤੇ ਰਹਿਣ ਗੇ ਵੀ। #32 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.