.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਇਕੱਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਪੁਤ੍ਰੀ ਕਉਲੁ ਨ ਪਾਲਿਓ” - ਭਾਈ ਸਤਾ ਤੇ ਬਲਵੰਡ, ਰਾਮਕਲੀ ਦੀ ਵਾਰ `ਚ ਉਸ ਇਤਿਹਾਸਕ ਸਚਾਈ ਦਾ ਜ਼ਿਕਰ ਕਰਦੇ ਹਨ ਕਿ ਆਖ਼ਿਰ ਉਹ ਕਿਹੜੇ ਕਾਰਣ ਬਣੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਗੁਰਗੱਦੀ ਦੀ ਜ਼ਿਮੇਵਾਰੀ ਆਪਣੇ ਸਪੁਤ੍ਰਾਂ ਨੂੰ ਨਾ ਦੇ ਕੇ ਗੁਰੂ ਅੰਗਦ ਸਾਹਿਬ ਦੇ ਰੂਪ `ਚ ਬਾਬਾ ਲਹਿਣਾ ਜੀ ਨੂੰ ਬਖ਼ਸ਼ੀ। ਆਪ ਫ਼ੁਰਮਾਉਂਦੇ ਹਨ “ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨੑ ਮੁਰਟੀਐ” (ਪੰ: ੯੬੭) ਜਿਸਦੇ ਅਰਥ ਹਨ “(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ”।

ਇਸੇ ਹੀ ਪੰਕਤੀ `ਚ ਭਾਈ ਸਤਾ ਤੇ ਬਲਵੰਡ, ਇਥੋਂ ਤੱਕ ਵੀ ਕਹਿੰਦੇ ਹਨ ਕਿ ਫ਼ਿਰ ਵੀ ਇਹ ਤਾਂ ਗੁਰਦੇਵ ਦੀ ਆਪਣੀ ਹੀ ਖੇਡ ਤੇ ਰਮਜ਼ ਸੀ ਕਿ ਜਿਸਨੂੰ ਉਨ੍ਹਾਂ ਨੇ ਇਹ ਗੁਰੂ ਪਦ ਵਾਲਾ ਮਾਨ ਬਖ਼ਸ਼ਨਾ ਸੀ ਤਾਂ ਉਸ ਨੂੰ ਉਸ ਯੋਗ ਵੀ ਬਣਾ ਦਿੱਤਾ। ਸੰਬੰਧਤ ਪੰਕਤੀ ਹੈ “ਜਿਨਿ ਆਖੀ ਸੋਈ ਕਰੇ, ਜਿਨਿ ਕੀਤੀ ਤਿਨੈ ਥਟੀਐ॥ ਕਉਣੁ ਹਾਰੇ, ਕਿਨਿ ਉਵਟੀਐ” ਅਤੇ ਪੰਕਤੀ ਦੇ ਅਰਥ ਹਨ “ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ”। ਜਦਕਿ ਇਸੇ ਬੰਦ ਦਾ ਵਿਚਲਾ ਹਿੱਸਾ “ਦਿਲਿ ਖੋਟੈ ਆਕੀ ਫਿਰਨਿੑ, ਬੰਨਿੑ ਭਾਰੁ ਉਚਾਇਨਿੑ ਛਟੀਐ” ਬੰਦ ਦਾ ਉਹ ਹਿੱਸਾ, ਜੀਵਨ ਦੇ ਸਿਧਾਂਤਕ ਪੱਖ ਨਾਲ ਸੰਬੰਧਤ ਹੈ। ਉਹ ਪੱਖ ਜਿਹੜਾ ਕੇਵਲ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨਾਲ ਹੀ ਸੰਬੰਧਤ ਨਹੀਂ ਬਲਕਿ ਹਰੇਕ `ਤੇ ਲਾਗੂ ਹੁੰਦਾ ਹੈ।

ਇਸ ਤਰ੍ਹਾਂ ਸਪਸ਼ਟ ਹੈ ਕਿ ਇਥੇ ਇਸ ਬੰਦ ਦਾ ਇਹ ਮਤਲਬ ਵੀ ਨਹੀਂ ਕਿ ਗੁਰੂ ਸੁਤ ਹੋਣ ਦੇ ਨਾਤੇ ਗੁਰੂਦਰ `ਤੇ ਬਾਬਾ ਸ੍ਰੀ ਚਦ ਤੇ ਲਖਮੀ ਦਾਸ ਦਾ ਸਤਿਕਾਰ ਵੀ ਨਹੀਂ ਸੀ ਰਹਿ ਗਿਆ। ਇਹ ਵੀ ਇਤਿਹਾਸਕ ਸਚਾਈ ਹੈ ਕਿ ਗੁਰੂ ਸੁਤ ਹੋਣ ਦੇ ਨਾਤੇ ਗੁਰੂ ਦਰਬਾਰ `ਚ ਖਾਸ ਕਰ ਬਾਬਾ ਸ੍ਰੀ ਚੰਦ ਜੀ ਦਾ ਸਤਿਕਾਰ, ਗ੍ਰੁਰੂ ਹੋਣ ਦੇ ਨਾਤੇ ਤਾਂ ਨਾ ਸਹੀ ਪਰ ਗੁਰੂ ਸੁੱਤ ਹੋਣ ਦੇ ਨਾਤੇ ਫ਼ਿਰ ਵੀ ਬਹੁਤ ਜ਼ਿਆਦਾ ਸੀ। ਜਦਕਿ ਗੁਰੂ ਸੁਤ ਹੋਣ ਦੇ ਬਾਵਜੂਦ, ਬਾਬਾ ਪ੍ਰੀਥੀ ਚੰਦ ਤਾਂ ਆਪਣੀਆਂ ਕਰਣੀਆਂ ਕਾਰਣ ਅਜਿਹੇ ਸਤਿਕਾਰ ਨੂੰ ਵੀ ਹਾਸਲ ਨਾ ਕਰ ਸਕੇ।

ਇਸ ਲਈ ਜਿਥੋਂ ਤੱਕ ਬਾਬਾ ਸ੍ਰੀਚੰਦ ਜੀ ਦਾ ਸੁਆਲ ਹੈ, ਗੁਰੂ ਪ੍ਰਵਾਰਾਂ `ਚ, ਘਟੋ ਘਟ ਗੁਰੂ ਸੁਤ ਹੋਣ ਦੇ ਨਾਤੇ, ਉਨ੍ਹਾਂ ਦਾ ਸਤਿਕਾਰ ਉਨ੍ਹਾਂ ਦੇ ਅੰਤਮ ਸਮੇਂ ਤੱਕ ਗੁਰੂ ਦਰਬਾਰ `ਚ ਬਣਿਆ ਰਿਹਾ। ਉਪ੍ਰੰਤ ਇਸ ਸੰਬੰਧ `ਚ ਇਤਿਹਾਸਕ ਗਵਾਹੀਆਂ ਵੀ ਮਿਲਦੀਆਂ ਹਨ ਜਿਵੇਂ “ਇਕ ਵਾਰੀ ਬਾਬਾ ਸ੍ਰੀ ਚੰਦ, ਬਾਰਠ ਤੋਂ ਉਚੇਚੇ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਆਏ। ਗੁਰਦੇਵ ਨੂੰ ਜਦੋਂ ਪਤਾ ਲੱਗਾ ਤਾਂ ਗੁਰਦੇਵ ਵੀ ਉਨ੍ਹਾਂ ਦੇ ਸਤਿਕਾਰ ਲਈਂ ਉਨ੍ਹਾਂ ਨੂੰ ਅਗੋਂ ਹੋ ਕੇ ਮਿਲੇ, ਆਦਿ।

ਇਸ ਤੋਂ ਬਾਅਦ ਇਹ ਵੀ ਇਤਿਹਾਸਕ ਸਚਾਈ ਹੈ ਕਿ ਛੇਵੇਂ ਜਾਮੇ ਸਮੇਂ ਤਾਂ ਸ੍ਰੀ ਚੰਦ ਜੀ ਨੇ ਗੁਰੂਦਰ ਨਾਲੋਂ ਆਪਣਾ ਵਖ੍ਰੇਵਾਂ ਵੀ ਖ਼ਤਮ ਕਰ ਦਿੱਤਾ ਸੀ। ਉਸ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਛੇਵੇਂ ਪਾਤਸ਼ਾਹ ਜਦੋਂ ਆਪਣੇ ਗੁਰਮੱਤ ਪ੍ਰਚਾਰ ਦੇ ਦੌਰੇ `ਤੇ ਸਨ ਤਾਂ ਬਾਹਠ ਵਿਖੇ ਗੁਰਦੇਵ ਉਚੇਚੇ ਬਾਬਾ ਸ੍ਰੀ ਚੰਦ ਜੀ ਨੂੰ ਵੀ ਮਿਲਣ ਗਏ ਸਨ। ਉਸ ਸਮੇਂ ਬਾਬਾ ਸ੍ਰੀ ਚੰਦ ਕਾਫ਼ੀ ਬਿਰਧ ਅਵਸਥਾ `ਚ ਪਹੁੰਚ ਚੁੱਕੇ ਹੋਏ ਸਨ। ਸ੍ਰੀਚੰਦ ਜੀ ਨੇ ਵੀ ਆਪਣਾ ਅੰਤ ਸਮਾਂ ਨੇੜੇ ਜਾਣ ਕੇ, ਆਪਣੇ ਸਭ ਤੋਂ ਵੱਡੇ ਚਾਰੋਂ ਪ੍ਰਚਾਰਕ (ਧੂਨੀਏ) ਗੁਰਮੱਤ ਤੇ ਗੁਰਬਾਣੀ ਦੇ ਪ੍ਰਚਾਰ ਲਈ ਗੁਰੂ ਹਰਿਗੋਬਿੰਦ ਜੀ ਦੇ ਸਪੁਰਦ ਕਰ ਦਿੱਤੇ। ਧਿਆਨ ਰਹੇ! ਉਦੋਂ ਬਾਬਾ ਸ੍ਰੀ ਚੰਦ ਜੀ ਦੀ ਬੋਲੀ `ਚ, ਉਨ੍ਹਾਂ ਪ੍ਰਚਾਰਕਾਂ ਨੂੰ ਧੂਨੀਏ ਹੀ ਕਿਹਾ ਜਾਂਦਾ ਸੀ ਤੇ ਬਾਬਾ ਅਲਮਸਤ ਜੀ ਵੀ ਉਨ੍ਹਾਂ ਚਾਰ ਪ੍ਰਚਾਰਕਾਂ `ਚੋਂ ਹੀ ਇੱਕ ਸਨ। ਉਹ ਬਾਬਾ ਅਲਮਸਤ ਜੀ, ਜਿਨ੍ਹਾਂ ਦਾ ਜ਼ਿਕਰ ਯੂ: ਪੀ `ਚ ਨਾਨਕ ਪੰਥੀਆਂ ਦਾ ਜ਼ਿਕਰ ਕਰਦੇ ਸਮੇਂ ਇਸ ਤੋਂ ਪਹਿਲਾਂ, ਨਾਨਕ ਮਤੇ ਨਾਲ ਸੰਬੰਧਤ ਪ੍ਰਸੰਗ ਦੇਣ ਸਮੇਂ ਆ ਵੀ ਚੁੱਕਾ ਹੈ।

ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਰਾਹੀਂ ਗੁਰੂ ਦਰ ਨੂੰ ਸੌਂਪੇ ਗਏ ਚਾਰੋਂ ਧੂਨੀਏ ਅਥਵਾ ਪ੍ਰਚਾਰਕਾਂ ਦੇ ਨਾਮ ਇਸ ਤਰ੍ਹਾਂ ਸਨ (੧) ਬਾਲੂ ਹਸਨਾ (੨) ਅਲਮਸਤ (੩) ਫੂਲਸ਼ਾਹ ਅਤੇ (੪) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ। ਇਹ ਸਾਰੇ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਆਪਣਾ ਗੁਰੂ ਮੰਣਦੇ ਤੇ ਗੁਰਮੱਤ ਦਾ ਪ੍ਰਚਾਰ ਹੀ ਕਰਦੇ ਸਨ। ਫ਼ਿਰ ਇਨ੍ਹਾਂ ਚਾਰਾਂ ਤੋਂ ਹੀ ਅੱਗੇ ਜਾ ਕੇ ਸੱਤਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਸਮੇਂ ਛੇ ਬਖ਼ਸ਼ਿਸ਼ਾਂ ਹੋਰ ਵੀ ਪ੍ਰਫ਼ੁਲਤ ਹੋਈਆਂ ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਉਨ੍ਹਾਂ ਬਖ਼ਸ਼ਿਸ਼ਾਂ ਦੇ ਨਾਮ ਇਸਤਰ੍ਹਾਂ ਹਨ:-

(ਅ) ਸੁਥਰੇਸ਼ਾਹੀ- ਬਖ਼ਿਸ਼ਸ਼ ਗੁਰੂ ਹਰਿਰਾਇ ਸਾਹਿਬ.

(ੳ) ਸੰਗਤ ਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.

(ੲ) ਜੀਤ ਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.

(ਸ) ਬਖਤ ਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ

(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.

(ਕ) ਮੀਹਾਂ ਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ।

ਜਦਕਿ ਬਿਹਾਰ `ਚ ਨਾਨਕ ਪੰਥੀਆਂ ਦਾ ਜ਼ਿਕਰ ਕਰਦੇ ਸਮੇਂ ਭਗਤ ਭਗਵਾਨ ਵਾਲੀ ਬਖ਼ਸ਼ਿਸ਼ ਤੇ ਉਸਦੇ ੩੬੦ ਉਦਾਸੀ ਨਾਨਕ ਪੰਥੀ ਡੇਰਿਆਂ ਦਾ ਜ਼ਿਕਰ ਵੀ ਕਰ ਆਏ ਹਾਂ। ਇਹ ਸਾਰੇ ਡੇਰੇ ਗੁਰਮੱਤ ਦਾ ਪ੍ਰਚਾਰ ਹੀ ਕਰਦੇ ਅਤੇ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਆਪਣਾ ਗੁਰੂ ਪ੍ਰਚਾਰਦੇ ਹਨ। ਇਨ੍ਹਾਂ ਨੇ ਭਾਰਤ ਭਰ `ਚ ਤੇ ਵਿਸ਼ੇਸ਼ਕਰ ਹਿੰਦੂ ਤੀਰਥਾਂ ਦੇ ਆਸ ਪਾਸ ਗੁਰਦੁਆਰੇ ਤੇ ਆਪਣੇ ਮਠ ਵੀ ਬਣਾਏ ਹੋਏ ਹਨ ਜਿਨ੍ਹਾਂ `ਚ ਬੇਅੰਤ ਸਿੱਖ ਸੰਗਤਾਂ ਵੀ ਪੁੱਜਦੀਆਂ ਹਨ। ਇਸ ਤਰ੍ਹਾਂ ਇਨ੍ਹਾਂ ਤੋਂ ਤਿਆਰ ਹੁੰਦੇ ਤੇ ਇਨ੍ਹਾਂ ਡੇਰਿਆਂ-ਮੱਠਾਂ ਨਾਲ ਜੁੜੇ ਹੋਏ ਨਾਨਕ ਪੰਥੀ ਅਖਵਾਉਣ ਵਾਲਿਆਂ ਦੀ ਗਿਣਤੀ ਵੀ ਕਰੋੜਾਂ `ਚ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਪਹਿਲਾਂ ਤਾਂ ਇਹ ਸਾਰੇ ਨਾਨਕ ਪੰਥੀ ਉਦਾਸੀ ਡੇਰੇ ਪੂਰਣ ਕੇਸਾਧਾਰੀ ਸਰੂਪ `ਚ ਹੀ ਰਹਿੰਦੇ ਸਨ ਪਰ ਕੌਮ ਵੱਲੋਂ ਇਨ੍ਹਾਂ ਦੀ ਠੀਕ ਤੇ ਜਥੇਬੰਦਕ ਸੰਭਾਲ ਨਾ ਹੋਣ ਕਰਕੇ ਸਮੇਂ ਦੇ ਪ੍ਰਭਾਵ ਨਾਲ ਇਨ੍ਹਾਂ `ਚੋਂ ਕਈ ਨਾਂਗੇ, ਬਿਭੂਤਧਾਰੀ ਆਦਿ ਭਿੰਨ ਭਿੰਨ ਭੇਖਾਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ।

ਸਿਕਲੀਗਰ ਸਿੱਖ- ਸਿਕਲੀਗਰ ਦੇ ਲਫ਼ਜ਼ੀ ਅਰਥ ਹਨ ਲੋਹੇ ਤੋਂ ਜ਼ੰਗ ਨੂੰ ਉਤਾਰਣ ਵਾਲੇ। ਇਹ ਲੋਕ ਮੂਲ਼ ਰੂਪ `ਚ ਲੋਹੇ ਤੋਂ ਅਨੇਕ ਪ੍ਰਕਾਰ ਦਾ ਸਾਮਾਨ ਤਿਆਰ ਕਰਣ ਤੇ ਫ਼ਿਰ ਉਨ੍ਹਾਂ ਵਸਤਾਂ `ਤੇ ਨਿਕਲ ਆਦਿ ਕਰਕੇ ਚਮਕਾਉਣ ਤੇ ਲੋੜ ਅਨੁਸਾਰ ਉਨ੍ਹਾਂ ਦੇ ਫਲਾਂ ਨੂੰ ਤੇਜ਼ ਕਰਣ `ਚ ਬਹੁਤ ਮਾਹਿਰ ਹੁੰਦੇ ਸਨ। ਬੇਸ਼ੱਕ ਸਿਕਲੀਗਰ ਸਿੱਖਾਂ ਦਾ ਮੂਲ, ਰਾਜਸਥਾਨ ਤੇ ਮਾਰਵਾੜੀ ਲੋਹਾਰਾਂ `ਚੋ ਹੀ ਮੰਨਿਆ ਜਾਂਦਾ ਹੈ। ਜਦਕਿ ਇਤਿਹਾਸਕ ਪੱਖੋਂ ਇਨ੍ਹਾਂ ਨੇ ਛੇਵੇਂ ਜਾਮੇ ਸਮੇਂ ਗੁਰੂ ਦਰਬਾਰ `ਚ ਪ੍ਰਵੇਸ਼ ਕੀਤਾ।

ਦਰਅਸਲ ਧਰਮ ਰਖਿਆ ਦੇ ਯੁਧ ਲਈ ਮਰ ਮਿਟਣ ਵਾਲੀ ਮਹਾਰਾਣਾ ਪ੍ਰਤਾਪ ਤੇ ਮਾਰਵਾੜੀਆਂ ਨੂੰ ਜਿਹੜੀ ਪ੍ਰੇਰਣਾ ਮਿਲੀ ਸੀ, ਇਤਿਹਾਸਕ ਤੱਥਾਂ ਅਨੁਸਾਰ, ਇਹ ਵੀ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੋਂ ਹੀ ਪ੍ਰਾਪਤ ਹੋਈ ਸੀ। ਇਥੋਂ ਤੱਕ ਕਿ ਅਤੀ ਭੀੜਾ ਸਮੇਂ ਮਹਾਰਾਣਾ ਪ੍ਰਤਾਪ ਦੀ ਮਦਦ ਲਈ ਅੱਗੇ ਆਉਣ ਵਾਲੇ ਸੱਜਨ, ਭਾਮਾਸ਼ਾਹ ਨੂੰ ਵੀ, ਬਾਬਾ ਸ੍ਰੀ ਚੰਦ ਜੀ ਦੀ ਉਦਾਸੀ ਅਥਵਾ ਨਾਨਕ ਪੰਥੀ ਸੰਪ੍ਰਦਾਇ ਤੋਂ ਹੀ ਦੱਸਿਆ ਜਾਂਦਾ ਹੈ। ਹੋਰ ਤਾਂ ਹੋਰ ਸ਼ਿਵਾ ਜੀ ਮਰਹੱਟਾ ਦੇ ਸਮਰਥ ਗੁਰੂ ਰਾਮਦਾਸ ਜੀ ਵੀ, ਬਾਬਾ ਸ੍ਰੀ ਚੰਦ ਉਦਾਸੀ ਅਥਵਾ ਨਾਨਕ ਪੰਥੀ ਮੱਤ ਨਾਲ ਸੰਬੰਧਤ ਦੱਸੇ ਜਾਂਦੇ ਹਨ।

ਖ਼ੈਰ, ਵਿਸ਼ੇ ਅਨੁਸਾਰ, ਸਿਕਲੀਗਰ ਲੋਹੇ ਦੇ ਹਰ ਤਰ੍ਹਾਂ ਦੇ ਹਥਿਆਰ ਤੇ ਸਾਮਾਨ ਨੂੰ ਬਨਾਉਣ, ਚਮਕਾਉਣ ਤੇ ਇਨ੍ਹਾਂ ਨੂੰ, ਨਿਕਲ ਕਰਕੇ ਇਨ੍ਹਾਂ ਦੇ ਅੰਤਮ ਚਮਕੀਲੇ ਤੇ ਤੇਜ਼ ਧਾਰ ਵਾਲੇ ਰੂਪ ਤੱਕ ਪਹੁੰਚਾਉਣ `ਚ ਵੱਡੇ ਮਾਹਿਰ ਹੁੰਦੇ ਸਨ। ਇਹੀ ਕਾਰਣ ਸੀ ਕਿ ਜਦੋਂ ਹਥਿਆਰਾਂ ਦੀ ਲੋੜ ਪਈ ਤਾਂ ਛੇਵੇਂ ਪਾਤਸ਼ਾਹ ਨੇ ਭਾਈ ਜੇਠਾ ਤੇ ਭਾਈ ਬਿਧੀ ਚੰਦ ਰਾਹੀਂ, ਇਨ੍ਹਾਂ ਨੂੰ ਰਾਜਪੁਤਾਨੇ ਤੋਂ ਗੁਰੂ ਦਰਬਾਰ `ਚ ਆਉਣ ਲਈ ਆਪ ਸੱਦਾ ਭੇਜਿਆ। ਇਸ `ਤੇ ਗੁਰੂ ਦਰ ਦੀ ਸੇਵਾ ਲਈ, ਸ਼ਭ ਤੋਂ ਪਹਿਲਾਂ ਭਾਈ ਕੇਹਰ ਸਿੰਘ ਨੇ, ਆਪਣੇ ਆਪ ਨੂੰ ਪੇਸ਼ ਕੀਤਾ। ਉਪ੍ਰੰਤ ਉਹੀ ਭਾਈ ਕੇਹਰ ਸਿੰਘ, ਗੁਰਦੇਵ ਦੇ ਕਹਿਣ `ਤੇ ਆਪਣੇ ਨਾਲ ਉਥੋਂ ਹੋਰ ਵੀ ਕਈ ਸਿਕਲੀਗਰ ਪ੍ਰਵਾਰਾਂ ਨੂੰ ਆਪਣੇ ਨਾਲ ਲੈ ਕੇ ਆ ਗਿਆ।

ਗੁਰਦੇਵ, ਉਨ੍ਹਾਂ ਲੋਕਾਂ ਦੇ ਕੰਮ ਤੋਂ ਇਤਨੇ ਵਧ ਰੀਝੇ ਕਿ ਛੇਵੇਂ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਜਿਤਣੇ ਵੀ ਹਥਿਆਰ ਬਣੇ, ਉਨ੍ਹਾਂ ਨੂੰ ਬਨਾਉਣ ਵਾਲੇ ਇਹ ਸਿਕਲੀਗਰ ਤੇ ਸਮ੍ਰਪਿਤ ਬਲਕਿ ਸਮੇਂ ਨਾਲ ਪਾਹੁਲ ਪ੍ਰਾਪਤ ਕਰ ਚੁੱਕੇ ਸਿੱਖ ਹੀ ਸਨ। ਹੋਰ ਤਾਂ ਹੋਰ ਇਨ੍ਹਾਂ ਨੂੰ ਸਿਕਲੀਗਰ ਵਾਲਾ ਖ਼ਿਤਾਬ ਵੀ, ਦਸਵੇਂ ਪਾਤਸ਼ਾਹ ਨੇ ਆਪ ਬਖ਼ਸ਼ਿਆ ਸੀ ਬਲਕਿ ਇਨ੍ਹਾਂ ਨੂੰ ਆਪਣੇ ਲਾਡਲੇ ਸਿੱਖ ਵੀ ਕਿਹਾ ਸੀ।

ਚੂੰਕਿ ਇਨ੍ਹਾਂ ਲੋਕਾਂ ਦੀ ਕਿਰਤ ਵੀ ਹਥਿਆਰ ਆਦਿ ਬਨਾਉਣਾ ਹੀ ਸੀ, ਇਸ ਲਈ ਇਤਿਹਾਸ ਪੱਖੋਂ ਛੇਵੇਂ ਜਾਮੇ ਤੋਂ ਬਾਅਦ, ਦਸਵੇਂ ਜਾਮੇ ਸਮੇਂ ਵੀ ਜਦੋਂ ਗੁਰਦੇਵ ਨੇ ਸੰਗਤਾਂ ਨੂੰ ਹਥਿਆਰਾਂ ਦੀ ਭੇਟਾ ਲੈ ਕੇ ਆਉਣ ਵਾਲਾ ਸੱਦਾ ਦਿੱਤਾ ਤਾਂ ਇਨ੍ਹਾਂ ਲੋਕਾਂ ਦੇ ਚਿਹਰੇ `ਤੇ ਮੁੜ ਰੌਣਕ ਆ ਗਈ। ਉਦੋਂ ਭਾਈ ਵੀਰੂ (ਵੀਰ ਸਿੰਘ) ਰਾਹੀਂ ਇਹ ਲੋਕ ਹੋਰ ਵੀ ਵੱਡੀ ਗਿਣਤੀ `ਚ ਗੁਰਦੇਵ ਦੇ ਚਰਨਾਂ `ਚ ਆ ਹਾਜ਼ਿਰ ਹੋਏ।

ਇਤਿਹਾਸਕ ਗਵਾਹੀਆਂ ਅਨੁਸਾਰ ਜਦੋਂ ਅਨੰਦਪੁਰ ਸਾਹਿਬ `ਚ ਇਨ੍ਹਾਂ ਲੋਕਾਂ ਨੇ ਆਪਣੇ ਹਥਿਆਰਾਂ ਦੀ ਨੁਮਾਇਸ਼ ਲਗਾਈ ਤਾਂ ਦਸਮੇਸ਼ ਜੀ ਨੇ ਆਪ ਵੀ ਉਨ੍ਹਾਂ ਦੀ ਨੁਮਾਇਸ਼ `ਚ ਹਾਜ਼ਿਰ ਹੋ ਕੇ ਉਨ੍ਹਾਂ ਦੀ ਸ਼ਾਬਾਸੀ ਕੀਤੀ ਤੇ ਉਨ੍ਹਾਂ ਦੀ ਭਰਵੀਂ ਤਾਰੀਫ਼ ਵੀ ਕੀਤੀ। ਇਨ੍ਹਾਂ ਦੇ ਉਨ੍ਹਾਂ ਹਥਿਆਰਾਂ `ਚ ਤੇਗ਼, ਤਲਵਾਰ, ਨੇਜ਼ੇ, ਸਰੋਹੀ, ਖੰਡੇ, ਤੁਬਕ, ਤੀਰ, ਬਰਛੇ, ਭਾਲੇ, ਕਿਰਚ, ਚੱਕਰ ਆਦਿ ਭਾਵ ਸਮੇਂ ਦੇ ਤਿੰਨੇ ਤਰ੍ਹਾਂ ਦੇ ਅਤੇ ਹਰੇਕ ਤਰ੍ਹਾਂ ਦੇ ਹਥਿਆਰ ਮੌਜੂਦ ਸਨ।

ਤਿੰਨੇ ਤਰ੍ਹਾਂ ਦੇ ਹਥਿਆਰਾਂ ਤੋਂ ਭਾਵ ਹੈ ਹੱਥ `ਚ ਪਕੜ ਕੇ ਲੜਣ ਵਾਲੇ ਹਥਿਆਰ, ਹੱਥ ਚੋਂ ਦੂਰ ਸੁੱਟ ਕੇ ਵੈਰੀ `ਤੇ ਵਾਰ ਕਰਣ ਵਾਲੇ ਹਥਿਆਰ ਅਤੇ ਤੀਜੇ ਇਨ੍ਹਾਂ ਦੋਨਾਂ ਢੰਗਾਂ `ਚੋਂ, ਕਿਸੇ ਵੀ ਢੰਗ ਨਾਲ ਵਰਤੇ ਜਾਣ ਵਾਲੇ ਹਥਿਆਰ ਜਿਵੇਂ ਨੇਜ਼ੇ, ਬਰਛੀਆਂ, ਸੂਏ ਆਦਿ। ਅਜਿਹੇ ਹਥਿਆਰ ਜਿਨ੍ਹਾਂ ਨੂੰ ਦੂਰੀ `ਤੇ ਸੁੱਟ ਕੇ ਵਾਰ ਵੀ ਕੀਤਾ ਜਾ ਸਕਦਾ ਹੈ ਤੇ ਹੱਥ `ਚ ਪਕੜ ਕੇ ਵਾਰ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਕਿ ਕੇਵਲ ਹਥਿਆਰਾਂ ਦਾ ਬਨਾਉਣਾ ਹੀ ਨਹੀਂ, ਬਲਕਿ ਛੇਵੇਂ ਤੇ ਦਸਵੇਂ ਜਾਮੇ ਸਮੇ ਗੁਰਦੇਵ ਨੇ ਜਿਹੜੇ ਜੰਗ ਜੁਧ ਲੜੇ ਇਨ੍ਹਾਂ ਜੰਗਾਂ `ਚ ਗੁਰੂ ਪਾਤਸ਼ਾਹ ਵੱਲੌਂ ਹੋ ਕੇ ਲੜਣ ਤੇ ਵਧ ਚੜ੍ਹ ਕੇ ਸ਼ਹੀਦੀਆਂ ਨੂੰ ਪ੍ਰਾਪਤ ਕਰਣ ਵਾਲੇ ਜੁਝਾਰੂ ਤੇ ਸਮ੍ਰਪਿਤ ਸਿੱਖਾਂ `ਚ ਵੱਡੀ ਗਿਣਤੀ ਵੀ ਇਨ੍ਹਾਂ ਸਿਕਲੀਗਰਾਂ `ਚੋਂ ਹੀ ਸਿੱਖ ਧਰਮ `ਚ ਪ੍ਰਵੇਸ਼ ਕਰ ਚੁੱਕੇ ਸਿੱਖਾਂ ਦੀ ਸੀ। ਇਥੋਂ ਤੱਕ ਕਿ ਜਦੋਂ ਅਬਦਾਲੀ, ਭਾਰਤ ਤੋਂ ਲੁੱਟ ਦੇ ਮਾਲ `ਚ ਵੀਹ ਹਜ਼ਾਰਸ਼ ਬੱਚੇ-ਬੱਚੀਆਂ ਨੂੰ ਲਿਜਾ ਰਿਹਾ ਸੀ ਤਾਂ ਉਸ ਕੋਲੋਂ ਲੁੱਟ ਦੇ ਉਸ ਬਾਕੀ ਮਾਲ ਸਮੇਤ, ਉਨ੍ਹਾਂ ਬੱਚੇ-ਬੱਚੀਆਂ ਨੂੰ ਵਾਪਿਸ ਖੌਹ ਕੇ ਲਿਆਉਣ `ਚ ਵੀ ਸਿਕਲੀਗਰ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਦਸਿਆ ਜਾਂਦਾ ਹੈ।

ਚੂੰਕਿ ਸਿਕਲੀਗਰ ਸਿੱਖਾਂ ਦਾ ਕਿੱਤਾ ਹੀ ਲੋਹੇ ਦੇ ਭਿੰਨ ਭਿੰਨ ਹਥਿਆਰ ਬਨਾਉਣਾ ਸੀ। ਇਸ ਲਈ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਆਪਣੇ ਕਿੱਤੇ `ਚ ਉਖਾੜ ਆ ਜਾਣ ਕਾਰਣ, ਇਹ ਲੋਕ ਵੀ ਭਿੰਨ ਭਿੰਨ ਤੇ ਛੋਟੀਆਂ-ਛੋਟੀਆਂ ਕਈ ਇਕਾਈਆਂ ਤੇ ਕਬੀਲਿਆਂ ਦੇ ਰੂਪ `ਚ ਵੰਡੇ ਗਏ ਅਤੇ ਇਧਰ ਉਧਰ ਫੈਲ ਗਏ। ਬਾਅਦ `ਚ ਕਈਆਂ ਨੇ ਮਹਾਰਾਜਾ ਆਲਾ ਸਿੰਘ ਤੇ ਦੂਜੇ ਰਜਵਾੜਿਆਂ ਕੋਲ ਨੋਕਰੀ ਵੀ ਕਰ ਲਈ। ਉਪ੍ਰੰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ `ਚ ਵੀ ਕਾਫ਼ੀ ਹਦ ਤੀਕ ਇਨ੍ਹਾਂ `ਚੋਂ ਬਹੁਤਿਆਂ ਨੂੰ ਫ਼ਿਰ ਤੋਂ ਨੌਕਰੀਆਂ ਮਿਲ ਗਈਆਂ। ਬਲਕਿ ਉਸ ਸਮੇਂ ਤਾਂ ਇਹ ਲੋਕ ਛੋਟੇ ਹਥਿਆਰਾਂ ਤੋਂ ਟੱਪ ਕੇ ਹਰੇਕ ਤਰ੍ਹਾਂ ਦੀਆਂ ਬੰਦੂਕਾਂ ਤੇ ਤੋਪਾਂ ਆਦਿ ਵੀ ਮਹਾਰਾਜੇ ਦੀਆਂ ਸਰਕਾਰੀ ਵਰਕਸ਼ਾਪਾਂ `ਚ ਬਨਾਉਣ ਲੱਗ ਪਏ।

ਪੰਜਾਬ `ਤੇ ਅੰਗ੍ਰੇਜ਼ੀ ਰਾਜ-ਸੰਨ ੧੮੪੯ ਪੰਜਾਬ `ਤੇ ਅਗ੍ਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ, ਚੂੰਕਿ ਸਿੱਖ ਕੌਮ ਨੇ ਅੰਗ੍ਰੇਜ਼ਾਂ ਦੀ ਗ਼ੁਲਾਮੀ ਨੂੰ ਇੱਕ ਦਿਨ ਵੀ ਕਬੂਲ ਨਹੀਂ ਸੀ ਕੀਤਾ। ਉਧਰ, ਸ਼ਾਤਿਰ ਦਿਮਾਗ਼ ਅੰਗ੍ਰੇਜ਼ ਨੇ ਵੀ ਦੇਖ ਲਿਆ ਸੀ ਕਿ ਇਹ ਸਿਕਲੀਗਰ ਕਬੀਲੇ, ਸਿੱਖ ਕੌਮ ਲਈ, ਕੇਵਲ ਹਥਿਆਰਾਂ ਦੀ ਮੁਖ ਸਪਲਾਈ ਲਾਈਨ ਹੀ ਨਹੀਂ ਹਨ ਬਲਕਿ ਉਸਦੇ ਨਾਲ ਨਾਲ ਸਿਕਲੀਗਰਾਂ `ਚ ਲਗਭਗ ਸਾਰੇ ਹੀ ਵੱਡੇ ਯੋਧੇ ਤੇ ਗੁਰੂ ਦਰ ਨੂੰ ਸਮ੍ਰਪਿਤ ਸਿੱਖ ਹੀ ਹਨ। ਇਸ ਤਰ੍ਹਾਂ ਉਸ ਨੇ ਬੜੀ ਕੁਟਲਨੀਤੀ ਨਾਲ ਇਨ੍ਹਾਂ `ਤੇ ਭਾਂਤ ਭਾਂਤ ਦੀਆਂ ਪਰ ਅਤੇ ਅਸਿਧੀਆਂ ਪਾਬੰਦੀਆਂ ਲਗਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ।

ਇਕ ਤਾਂ ਉਂਜ ਵੀ ਸਮੇਂ ਨਾਲ ਹਥਿਆਰ, ਮਸ਼ੀਨੀ ਯੁਗ ਦੇ ਵੀ ਆਉਣੇ ਸ਼ੁਰੂ ਹੋ ਗਏ ਸਨ। ਦੂਜਾ ਅੰਗ੍ਰੇਜ਼ ਨੇ ਉਸੇ ਨੂੰ ਬਹਾਨਾ ਬਣਾ ਕੇ ਇਨ੍ਹਾਂ ਦੇ ਪਿਤਾ ਪੁਰਖੀ ਕਿੱਤੇ ਭਾਵ ਦੇਸੀ ਹਥਿਆਰਾਂ ਦੇ ਬਨਾਉਣ ਵਾਲੇ ਕਿੱਤੇ `ਤੇ ਪਾਬੰਦੀ ਲਗਾ ਦਿੱਤੀ। ਦੂਜਾ ਚੂੰਕਿ ਮੂਲ ਰੂਪ `ਚ ਇਹ ਸਿਕਲੀਗਰ ਕਬੀਲਿਆਂ ਦੇ ਰੂਪ `ਚ ਘੁੰਮਦੇ ਤੇ ਇਨ੍ਹਾਂ ਦੀ ਜੀਵਨ ਰਹਿਣੀ ਟੱਪਰੀਵਾਸਾਂ ਵਾਲੀ ਹੀ ਸੀ। ਅੰਗ੍ਰੇਜ਼ ਨੇ ਇਨ੍ਹਾਂ ਦੇ ਪੁਨਰਵਾਸ ਦੀ ਯੋਜਣਾ ਤਾਂ ਨਾ ਬਣਾਈ ਬਲਕਿ ਸੰਨ ੧੮੭੧ `ਚ ਬੜੀ ਚਾਲਾਕੀ ਨਾਲ, ਸਿਕਲੀਗਰਾਂ ਦਾ ਨਾਂ ਲਏ ਬਗ਼ੈਰ, ਇਨ੍ਹਾਂ `ਤੇ “ਅਪਰਾਧੀ ਕਬੀਲਾ ਹਾਨੂੰਨ” ਵੀ ਥੋਪ ਦਿੱਤਾ। ਜਿਸ ਤੋਂ ਅੰਗ੍ਰੇਜ਼ ਨੇ ਇਨ੍ਹਾਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਪੂਰੀ ਤਰ੍ਹਾਂ ਉਜਾੜਣ ਲਈ ਆਪਣਾ ਰਾਹ ਵੀ ਪਧਰਾ ਕਰ ਲਿਆ। ਜਦਕਿ ਪਿਛਲੇ ਦਰਵਾਜ਼ੇ ਤੋਂ ਕੀਤਾ ਹੋਇਆ ਅੰਗ੍ਰੇਜ਼ ਹਕੂਮਤ ਦਾ ਇਹ ਵਾਰ ਪੂਰੀ ਸਿੱਖ ਕੌਮ `ਤੇ ਸੀ ਜਿਸਦੀ ਕਿ ਸ਼ਾਇਦ ਕੌਮ ਨੂੰ ਵੀ ਸਮੇਂ ਸਿਰ ਪਛਾਣ ਨਾ ਆਈ। ਉਸੇ ਦਾ ਨਤੀਜਾ ਇਹ ਹੋਇਆ ਕਿ ਕੌਮ ਨੇ ਵੀ ਇਸਨੂੰ ਇੱਕਲਾ ਕਬੀਲਿਆਂ ਦਾ ਮਸਲਾ ਮੰਨ ਕੇ ਇਸ ਪਾਸੇ ਕਿਸੇ ਨੇ ਬਹੁਤਾ ਧਿਆਨ ਦੇਣ ਦੀ ਲੋੜ ਵੀ ਨਾ ਸਮਝੀ।

ਦਰਅਸਲ ਅੰਗ੍ਰੇਜ਼ ਦੀ ਵਿਚਲੀ ਸੋਚ ਇਹ ਸੀ ਕਿ ਨਾ ਇਹ ਕਬੀਲਿਆਂ ਦੇ ਰੂਪ `ਚ ਘੁਮਣ ਗੇ ਤੇ ਨਾ ਆਪਣੇ ਕਿੱਤੇ ਦੀ ਲੋੜ ਅਨੁਸਾਰ ਵੱਡੀਆਂ ਭਠੀਆਂ ਤਪਾਉਣਗੇ ਤੇ ਨਾ ਹਥਿਆਰ ਬਣਾ ਕੇ ਰਜਵਾੜਿਆਂ ਨੂੰ ਸਪਲਾਈ ਕਰ ਸਕਣ ਗੇ। ਜਦਕਿ ਹੋਇਆ ਇਹ ਕਿ ਇਸ ਤਰ੍ਹਾਂ ਇਸ ਦੇ ਨਾਲ ਨਾਲ ਇਹ ਸਿਕਲੀਗਰ ਸਿੱਖ ਵੀ ਬਦੋਬਦੀ ਆਪਣੇ ਆਪ ਇਸ ਨਵੇਂ “ਅਪਰਾਧੀ ਕਬੀਲਾ ਹਾਨੂੰਨ” ਦੀ ਪਕੜ `ਚ ਆ ਗਏ। ਕਿਉਂਕਿ ਅਸਲੋਂ “ਅਪਰਾਧੀ ਕਬੀਲਾ ਹਾਨੂੰਨ” ਬਨਾਉਣ `ਚ ਅੰਗ੍ਰੇਜ਼ ਦਾ ਨਿਸ਼ਾਨਾ ਵੀ ਇਨ੍ਹਾਂ ਨੂੰ ਬਰਬਾਦ ਕਰਣਾ ਹੀ ਸੀ ਅਤੇ ਇਸਤਰ੍ਹਾਂ ਉਹ ਆਪਣੇ ਇਸ ਨਿਸ਼ਾਨੇ `ਚ ਸਫ਼ਲ ਵੀ ਹੋ ਗਿਆ। ਜਦਕਿ ਇਹ ਲੋਕ, ਕਬਲਿਆਂ ਦੇ ਰੂਪ `ਚ ਹੀ ਲੋੜ ਅਨੁਸਾਰ ਵੱਡੀਆਂ ਭਠੀਆਂ ਤਪਾ ਕੇ ਤੇ ਹਥਿਆਰ ਤਿਆਰ ਕਰਕੇ ਰਜਵਾੜਿਆਂ ਨੂੰ ਸਪਲਾਈ ਕਰਦੇ ਸਨ। ਇਸ ਤਰ੍ਹਾਂ ਹੁਨ ਨਾ ਉਹ ਕਬੀਲੇ ਰਹੇ ਤੇ ਨਾ ਹਥਿਆਰ ਬਨਾਉਣ ਲਈ ਉਨ੍ਹਾਂ ਕੋਲ ਉਹ ਵੱਡੀਆਂ ਭਠੀਆਂ।

ਇਕ ਪਾਸੇ ਦੇਸ਼ੀ ਹਥਿਆਰ ਬਨਾਉਣ `ਤੇ ਪਾਬੰਦੀ ਤੇ ਉਸ ਦੇ ਨਾਲ ਨਾਲ “ਅਪਰਾਧੀ ਕਬੀਲਾ ਹਾਨੂੰਨ”। ਇਹ ਸਭ ਇਨ੍ਹਾਂ ਦੀ ਰੋਟੀ-ਰੋਜ਼ੀ ਤੇ ਇਨ੍ਹਾਂ ਦੇ ਜੀਵਨ ਨੂੰ ਤਬਾਹ ਕਰਣ ਲਈ, ਅੰਗ੍ਰੇਜ਼ ਦੀ ਬਹੁਤ ਵੱਡੀ ਤੇ ਸੋਚੀ ਸਮਝੀ ਗਹਿਰੀ ਸਾਜ਼ਿਸ਼ ਸੀ। ਉਪ੍ਰੰਤ ਅੰਗ੍ਰੇਜ਼ ਨੇ ਇਸ ਕਾਨੂੰਨ ਨੂੰ ਵਰਤਿਆ ਵੀ ਬੜੀ ਸਖ਼ਤੀ ਨਾਲ। ਇਸ ਸਾਰੇ ਤੋਂ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਅੰਗ੍ਰੇਜ਼ਾਂ ਨੂੰ ਬਹੁਤ ਵੱਡਾ ਲਾਭ।

ਇਕ ਤਾਂ ਸਿਕਲੀਗਰਾਂ ਦੇ ਇਹ ਕਬੀਲੇ, ਜਿਹੜੇ ਕਿ ਬਹੁਤਾ ਕਰਕੇ ਹੈਣ ਹੀ ਗੁਰੂ ਦਰ ਨੂੰ ਸਮ੍ਰਪਿਤ ਸਿੱਖਾਂ ਦੇ ਸਨ, ਪੂਰੀ ਤਰ੍ਹਾਂ ਬਿਖਰ ਗਏ। ਇਸ ਦੇ ਨਾਲ ਇਨ੍ਹਾਂ ਦਾ ਹਥਿਆਰ ਬਨਾਉਣ ਵਾਲਾ ਪਿਤਾ ਪੁਰਖੀ ਕਿੱਤਾ ਵੀ ਰਾਤੋ ਰਤ ਖ਼ਤਮ ਹੋ ਗਿਆ। ਦੂਜੇ ਇਹ ਲੋਕ, ਆਪਣੇ ਆਪ `ਚ ਤੇ ਅਸਿਧੇ ਢੰਗ ਨਾਲ ਜਰਾਇਮ ਪੇਸ਼ਾ ਭਾਵ “ਅਪਰਾਧੀ ਕਬੀਲਾ ਹਾਨੂੰਨ” ਦਾ ਹਿੱਸਾ ਵੀ ਬਣ ਗਏ। ਇਸ ਦੇ ਨਾਲ, ਚੂੰਕਿ ਇਹ ਲੋਕ ਉਦੋਂ ਤੱਕ ਟਪਰੀਵਾਸੀ ਤੇ ਕਬੀਲਿਆਂ ਦੇ ਰੂਪ `ਚ ਹੀ ਘੁੰਮਦੇ ਸਨ। ਕਬੀਲੇ ਟੁਟਣ ਕਾਰਣ ਹੁਣ ਇਹ ਲੋਕ ਪੂਰੀ ਤਰ੍ਹਾਂ ਖੇਰੂੰ ਖੇਰੂੰ ਹੋ ਕੇ ਪੂਰੇ ਭਾਰਤ `ਚ ਫੈਲ ਗਏ ਅਤੇ ਉੱਕਾ ਹੀ ਸੰਗਠਿਤ ਵੀ ਨਾ ਰਹਿ ਸਕੇ।

ਦੂਜੇ, ਇਨ੍ਹਾਂ ਰਹੀਂ ਤਿਆਰ ਹੋਣ ਵਾਲੇ ਹਥਿਆਰ, ਜਿਨ੍ਹਾਂ ਦੀ ਸਪਲਾਈ ਹੀ ਬਹੁਤਾ ਕਰਕੇ ਰਜਵਾੜਿਆਂ ਨੂੰ ਹੁੰਦੀ ਸੀ, ਉਹ ਵੀ ਇੱਕ ਦੰਮ ਬੰਦ ਹੋ ਗਈ। ਜਦਕਿ ਪੰਜਾਬ `ਚ ਤਾਂ ਸਾਰੇ ਰਜਵਾੜੇ ਵੀ ਸਿੱਖ ਹੀ ਸਨ ਤੇ ਅੰਗ੍ਰੇਜ਼ਾਂ ਨੂੰ ਉਨ੍ਹਾਂ ਤੋਂ ਹੀ ਹਰ ਸਮੇਂ ਬਗ਼ਾਵਤ ਦਾ ਡਰ ਵੀ ਸੀ, ਇਸ ਲਈ ਉਹ ਇਸ ਪਾਸਿਉਂ ਵੀ ਇੱਕ ਤਰੀਕੇ ਨਿਸ਼ਚਿੰਤ ਹੋ ਗਿਆ। ਇਸ ਤਰ੍ਹਾਂ ਉਸ ਸਮੇ ਵੀ ਕੌਮ ਅੰਦਰ ਕੋਈ ਜਥੇਬੰਧਕ ਪਕੜ ਨਾ ਹੋਣ ਕਾਰਣ ਇਹ ਵਿਚਾਰੇ, ਭਾਵ ਸਿੱਖ ਕੌਮ ਦੀ ਸਿਕਲੀਗਰਾਂ ਵਾਲੀ ਫ਼ੌਜ, ਤੇ ਰੀੜ ਦੀ ਹੱਡੀ, ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ। ਉਸ ਦਾ ਨਤੀਜਾ ਇਹ ਵੀ ਹੋਇਆ ਕਿ ਇਹ ਲੋਕ ਪੂਰੀ ਤਰ੍ਹਾਂ, ਆਪਣੀ ਕੌਮ ਤੋਂ ਵੀ ਇਕੱਲੇ ਪੈ ਗਏ। ਇਹ ਵੀ ਕਿ ਇਹ ਸਿਕਲੀਗਰ ਵੱਡੇ ਵੱਡੇ ਕਬੀਲਿਆਂ ਤੋਂ ਟੁੱਟ ਕੇ ਛੋਟੀਆਂ ਛੋਟੀਆਂ ਇਕਾਈਆਂ `ਚ ਵੰਡੇ ਗਏ ਤੇ ਆਪਣੇ ਕਾਰ ਰੁਜ਼ਗਾਰ ਲਈ ਵੀ ਦੂਰ ਦੂਰ ਤੱਕ ਬਿਖਰਦੇ ਗਏ।

ਆਪਣੇ ਸਮੇਂ `ਚ, ਸਿੱਖ ਕੌਮ ਦਾ ਮਜ਼ਬੂਤ ਫ਼ੌਜੀ ਅੰਗ, ਇਹ ਸਿਕਲੀਗਰ ਸਿੱਖ, ਹੁਨ ਗਡਿਆਂ ਤੇ ਘੁੰਮਦੇ ਅਤੀ ਛੋਟੇ ਦਰਜੇ ਦੇ ਟਪਰੀਵਾਸਾਂ `ਚ ਤਬਦੀਲ ਹੋ ਜਾਣ ਕਾਰਣ, ਆਪਣਾ ਬਹੁਤ ਔਖਾ ਜੀਵਨ ਬਤੀਤ ਕਰ ਰਹੇ ਹਨ। ਇਸ ਤਰ੍ਹਾਂ ਇਹ ਲੋਕ ਅੱਜ ਸਿੱਖ ਪੰਥ ਦੀ ਮੁੱਖ ਧਾਰਾ `ਚੋਂ ਪੂਰੀ ਤਰ੍ਹਾਂ ਕੱਟ ਕੇ ਭਾਰਤ ਭਰ ਦੇ ਪਛੇਤਰੇ ਬਲਕਿ ਕੁੱਝ ਤਾਂ ਜੰਗਲੀ ਇਲਾਕਿਆਂ `ਚ ਵੀ ਜ਼ਿੰਦਗੀ ਬਿਤਾਉਨ ਨੂੰ ਮਜਬੂਰ ਹਨ। ਮੂਲ ਰੂਪ `ਚ ਇਤਨੇ ਵਧ ਹੁੱਨਰਮੰਦ ਰਹਿ ਚੁੱਕੇ ਇਹ ਲੋਕ, ਅੱਜ ਬਿਲਕੁਲ ਛੋਟੀ ਪੱਧਰ ਦੇ ਕੰਮ ਜਿਵੇਂ ਬਾਲਟੀਆਂ ਨੂੰ ਥੱਲੇ, ਟੋਕੇ, ਕੁਹਾੜੀਆਂ, ਤਸਲੇ, ਖੁਰਪੀਆਂ, ਰੰਬੀਆਂ, ਤਾਲਿਆਂ ਨੂੰ ਚਾਬੀਆਂ ਲਗਾ ਕੇ ਤੇ ਛੋਟਾ-ਮੋਟਾ ਖੇਤੀ ਬਾੜੀ ਲਈ ਲੋਹੇ ਦਾ ਸਾਮਾਨ ਬਣਾ ਕੇ ਹੀ ਆਪਣੀ ਦਿਨ ਕੱਟੀ ਕਰ ਰਹੇ ਹਨ। ਹੋਰ ਤਾਂ ਹੋਰ, ਸਚਾਈ ਇਹ ਹੈ ਕਿ ਅੱਜ ਦੀ ਸਿੱਖ ਵੱਸੋਂ ਤੱਕ ਨੂੰ ਵੀ ਪਤਾ ਨਹੀਂ ਰਿਹਾ ਕਿ ਇਹ ਕੌਮ ਦਾ ਕਦੇ ਬਹੁਤ ਵੱਡਾ ਜੁਝਾਰੂ ਤੇ ਮਜ਼ਬੂਤ ਅੰਗ ਸਨ ਤੇ ਉਹੀ ਲੋਕ ਅੱਜ ਕਿੱਥੇ ਪੁੱਜੇ ਹੋਏ ਹਨ, ਕਿਵੇਂ ਤੇ ਕਿਉਂ?

ਬੇਸ਼ੱਕ ਅੱਜ ਮਾਰਕੀਟ `ਚ, ਇਨ੍ਹਾਂ ਸਿਕਲੀਗਰ ਸਿੱਖਾਂ ਦੀ ਮੌਜੂਦਾ ਤਰਸਯੋਗ ਹਾਲਤ ਅਤੇ ਦੂਜੇ ਪਾਸੇ ਸਿੱਖ ਧਰਮ ਦੇ ਵਾਧੇ ਨਾਲ ਜੁੜੇ ਹੋਏ ਉਨ੍ਹਾ ਦੇ ਵੱਡੇ ਯੋਗਦਾਨ ਭਰਪੂਰ ਪਿਛੋਕੜ ਸੰਬੰਧੀ ਕਾਫ਼ੀ ਵੱਡੀ ਗਿਣਤੀ `ਚ ਲਿਖ਼ਤਾਂ, ਪੁਸਤਕਾਂ, ਰਸਾਲੇ ਆਦਿ ਸਾਹਮਣੇ ਆ ਜਾਣ ਕਰਕੇ ਕਈ ਦਰਦੀ ਸੰਸਥਾਵਾਂ ਆਪਣੀ -ਆਪਣੀ ਸ਼ੀਮਾ `ਚ ਉਨ੍ਹਾਂ ਨੂੰ ਕੌਮ ਦੀ ਗਲਵੱਕੜੀ `ਚ ਲੈਣ ਤੇ ਉਨ੍ਹਾਂ ਦੀ ਸੰਭਾਲ ਲਈ ਬਹੁਤੇਰਾ ਯਤਨ ਕਰ ਰਹੀਆਂ ਹਨ। ਫ਼ਿਰ ਵੀ ਕੁਲ ਮਿਲਾਕੇ ਇੱਕ ਤਾਂ ਉਨ੍ਹਾਂ ਸਾਰਿਆਂ ਦੇ ਵਸੀਲੇ ਅਤਿ ਸੀਮਤ ਹਨ। ਦੂਜਾ, ਉਨ੍ਹਾ ਦੀ, ਇਸ ਬਹੁਤ ਵੱਡੇ `ਤੇ ਵਿਗਾੜ ਖਾ ਚੁੱਕੇ ਮਸਲੇ ਲਈ ਵੀ ਆਪਸੀ ਸਾਂਝ ਤੇ ਤਾਲਮੇਲ ਨਾ ਹੋਣ ਕਰਕੇ ਉਸ ਸਾਰੇ ਦਾ ਵੀ ਬਹੁਤਾ ਚੰਗਾ ਨਤੀਜਾ ਸਾਹਮਣੇ ਨਹੀਂ ਆ ਰਿਹਾ। ਇਸਤਰ੍ਹਾਂ ਆਪਣੇ ਆਪਣੇ ਢੰਗ ਨਾਲ ਅੱਜ ਇਸ ਪਾਸੇ ਉੱਦਮ ਤਾਂ ਬਹੁਤੇਰੇ ਹੋ ਰਹੇ ਹਨ, ਉਹ ਇਸ ਲਈ ਕਿ ਸਿੱਖ ਕੌਮ ਦੇ ਇਸ ਮਜ਼ਬੂਤ ਅੰਗ ਤੇ ਰੀੜ ਦੀ ਹੱਡੀ ਦੀ ਸੰਭਾਲ ਹੋ ਸਕੇ ਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਦਿੱਤਾ ਜਾ ਸਕੇ। ਤਾਂ ਵੀ ਕਹਿਣਾ ਪਵੇਗਾ ਕਿ ਪੰਥਕ ਤਲ `ਤੇ ਅਜੇ ਵੀ ਇਸ ਪਾਸੇ ਕੋਈ ਵੀ ਠੋਸ ਉੱਦਮ ਨਹੀਂ ਹੋ ਰਿਹਾ।

ਸਾਰੇ ਦੇ ਬਾਵਜੂਦ ਇਨ੍ਹਾਂ ਸਿਕਲੀਗਰ ਸਿੱਖਾਂ ਦੀ ਅਜੋਕੀ ਤਰਸਯੋਗ ਹਾਲਤ ਸੰਬੰਧੀ ਜਿਹੜੇ ਸਰਵੇ ਛੱਪ ਰਹੇ ਹਨ, ਉਹ ਆਪਣੇ ਆਪ `ਚ ਵੱਡੇ ਦਿੱਲ ਕੰਬਾਊ ਹਨ। ਇਨ੍ਹਾਂ ਸਰਵੇਆਂ ਅਨੁਸਾਰ ਉਨ੍ਹਾਂ ਵਿਚਾਰਿਆਂ ਕੋਲ ਕੋਈ ਗੁਰਮੱਤ ਲਿਟ੍ਰੇਚਰ ਵੀ ਨਹੀਂ ਪੁੱਜ ਰਿਹਾ। ਗੁਰਮੱਤ ਲਿਟਰੇਚਰ ਇਸ ਲਈ ਕਿ ਉਹ ਵੀ ਉਸ ਲਿਟ੍ਰੇਚਰ ਨੂੰ ਪੜ੍ਹਣ ਤੇ ਕਿਸੇ ਹੱਦ ਤੀਕ ਆਪਣੇ ਪਿਛੋਕੜ ਤੋਂ ਜਾਣੂ ਹੋਣ। ਇਸ ਤਰ੍ਹਾਂ ਆਪਣੀ ਸੰਭਾਲ ਲਈ ਉਹ ਆਪ ਵੀ ਕੁੱਝ ਉੱਦਮ ਕਰ ਸਕਣ। ਇਸ ਤੋਂ ਬਾਅਦ ਨਾ ਉਨ੍ਹਾਂ ਕੋਲ ਦੂਰ ਦੂਰ ਤੱਕ ਗੁਰਦੁਆਰੇ ਹਨ ਜਿੱਥੇ ਗੁਰੂ ਸਾਹਿਬ ਦੀ ਹਜ਼ੂਰੀ `ਚ ਬੈਠ ਕੇ ਘਟੋਘਟ ਉਹ ਆਪਣੀ ਪਛਾਣ ਹੀ ਕਰ ਸਕਣ।

ਇਸ ਤੋਂ ਬਾਅਦ ਉਨ੍ਹਾਂ ਕੋਲ ਪੜ੍ਹਾਈ ਲਈ ਕੋਈ ਸਕੂਲ ਵੀ ਨਹੀਂ ਹਨ। ਫ਼ਿਰ ਇਹ ਵੀ ਮੰਨ ਲਵੋ, ਜੇਕਰ ਅੱਜ ਉਨ੍ਹਾਂ ਸਿਕਲੀਗਰ ਸਿੱਖਾਂ ਲਈ ਸਕੂਲ ਵੀ ਬਣ ਜਾਣ, ਤਾਂ ਬਹੁਤਾ ਕਰਕੇ ਟਪਰੀ ਵਾਸ ਹੋਣ ਕਰਕੇ ਉਨ੍ਹਾਂ ਵਿਚਾਰਿਆਂ ਦਾ ਕਿਧਰੇ ਕੋਈ ਪੱਕਾ ਟਿਕਾਅ ਵੀ ਨਹੀ ਜਿੱਥੇ ਉਨ੍ਹਾਂ ਸਕੂਲਾਂ `ਚ ਜਾ ਕੇ ਉਹ ਪੜ੍ਹਾਈ ਕਰ ਸਕਣ। ਇਸ ਲਈ ਉਹ ਲੋਕ, ਅਜਿਹੇ ਸਕੂਲਾਂ ਦਾ ਲਾਭ ਵੀ ਨਹੀਂ ਲੈ ਸਕਦੇ। ਉਂਜ ਕੁੱਝ ਲਿਖਤਾਂ ਅਨੁਸਾਰ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਮੱਧਪ੍ਰਦੇਸ਼ ਆਦਿ ਪ੍ਰਾਂਤਾਂ `ਚ ਕੁੱਝ ਅਜਿਹੇ ਇਲਾਕੇ ਵੀ ਹਨ ਜਿੱਥੇ ਉਨ੍ਹਾਂ ਨੇ ਆਪਣੀਆਂ ਛੋਟੀਆਂ-ਛੋਟੀਆਂ ਬਸਤੀਆਂ ਵੀ ਬਣਾ ਲਈਆਂ ਹੋਈਆਂ ਹਨ। ਇਸ ਤਰ੍ਹਾਂ ਉਨ੍ਹਾਂ ਇਲਾਕਿਆਂ `ਚ ਉਨ੍ਹਾਂ ਦੀ ਗਿਣਤੀ ਪੰਜ ਤੋਂ ਛੇ ਕਰੋੜ ਵੀ ਦੱਸੀ ਜਾਂਦੀ ਹੈ। ਜਿਸਨੂੰ ਬੜੇ ਸਿਦਕਦਿਲੀ ਤੇ ਜੱਥੇਬੰਧਕ ਢੰਗ ਨਾਲ ਕੰਮ ਕਰਕੇ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾ ਸਕਦੀ ਹੈ।

ਜਦਕਿ ਕਈ ਪਛੇਤਰੇ ਇਲਾਕਿਆਂ ਤੇ ਜੰਗਲਾਂ ਆਦਿ `ਚ ਰਹਿੰਦਿਆਂ ਇਨ੍ਹਾਂ ਨੂੰ ਪੀਣ ਲਈ ਪਾਣੀ ਵੀ ਢੰਗ ਨਾਲ ਨਸੀਬ ਨਹੀਂ ਹੁੰਦਾ। ਇਹ ਵੀ ਕਿ ਲੋੜ ਪੈਣ `ਤੇ ਉਨ੍ਹਾਂ ਦੇ ਇਲਾਜ ਲਈ, ਉਨ੍ਹਾਂ ਕੋਲ ਉਥੇ ਡਾਕਟਰੀ ਸਹੂਲਤਾਂ ਵੀ ਨਦਾਰਦ ਹਨ। ਸਮੇਂ ਦੀ ਮਜਬੂਰੀ ਤੇ ਜ਼ਿੰਦਗੀ ਦੇ ਬਹੁਤ ਮਾੜੇ ਹਾਲਾਤ ਕਾਰਣ ਇਨ੍ਹਾਂ `ਚੋਂ ਕਈ ਤਾਂ ਆਪਣੇ ਪਿਤਾ ਪੁਰਖੀ ਲੋਹੇ ਦੇ ਕਿੱਤੇ ਨੂੰ ਤਿਆਗ ਕੇ ਹੋਰ ਹੋਰ ਕਿਤਿਆਂ ਵੱਲ ਜਾ ਰਹੇ ਹਨ।

ਤਾਂ ਵੀ, ਆਫ਼ਰੀਨ ਹੈ ਇਨ੍ਹਾਂ ਸਿਕਲੀਗਰ ਸਿੱਖਾਂ ਨੂੰ-ਇਤਨਾ ਸਭ ਹੋਣ ਦੇ ਬਾਵਜੂਦ, ਸਿਕਲੀਗਰ ਸਿੱਖ ਅੱਜ ਵੀ ਆਪਣੇ ਕੇਸਾਧਾਰੀ ਸਰੂਪ `ਚ ਕਾਇਮ ਹਨ ਤੇ ਮਨ ਕਰਕੇ ਗੁਰੂਦਰ ਨਾਲ ਜੁੜੇ ਹੋਏ ਹਨ। ਇਨ੍ਹਾਂ `ਚੋ ਬਹੁਤੇ ਅੰਮ੍ਰਿਤਧਾਰੀ ਵੀ ਹਨ। ਇਸ ਤੋਂ ਇਲਾਵਾ ਜੇ ਗੁਰਦੁਆਰਾ ਨੇੜੇ ਨਾ ਹੋਵੇ ਤਾਂ ਅਨੰਦ ਕਾਰਜਾਂ ਸਮੇਂ, ਗੁਰਬਾਣੀ ਦਾ ਗੁਟਕਾ ਰੱਖ ਕੇ, ਉਸੇ `ਤੇ ਲਾਵਾਂ ਵੀ ਲੈ ਲੈਂਦੇ ਦੱਸੇ ਜਾਂਦੇ ਹਨ।

ਆਪਣੇ ਰਾਜਪਾਟ ਦੇ ਸਮੇਂ `ਚ, ਇਸਾਈ ਮਿਸ਼ਨਰੀਆਂ ਤੱਕ ਨੇ ਅਤੇ ਭਿੰਨ ਭਿੰਨ ਲਿਖਤਾਂ ਅਨੁਸਾਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਇਸਾਈ ਮਿਸ਼ਨਰੀਆਂ ਸਮੇਤ ਆਰ; ਐਸ: ਐਸ, ਮੁਸਲਮਾਨਾਂ, ਰਾਧਾਸੁਆਮੀਆਂ ਤੇ ਨਿਰੰਕਾਰੀ ਆਦਿ ਗੁਰੂਡੰਮਾਂ ਨੇ ਵੀ ਇਨ੍ਹਾਂ `ਤੇ ਆਪਣੇ ਡੋਰੇ ਪਾਏ, ਪਰ ਇਹ ਲੋਕ ਤਾਂ ਵੀ ਨਹੀਂ ਡੋਲੇ। ਜਿੱਥੋਂ ਤੱਕ ਇਨ੍ਹਾਂ ਦੀ ਸਮਝ ਤੇ ਪਹੁੰਚ ਹੈ, ਇਹ ਫ਼ਿਰ ਵੀ ਸਿੱਖ ਧਰਮ ਤੇ ਸਿੱਖ ਰਹਿਤ `ਚ ਅੱਜ ਵੀ ਪ੍ਰਪੱਕ ਹਨ ਤੇ ਰਹੇ। ਫ਼ਿਰ ਗੁਰੂ ਨਾਲ ਪਿਆਰ ਤੇ ਗ੍ਰੁਰੂ `ਤੇ ਦ੍ਰਿੜ ਵਿਸ਼ਵਾਸ ਹੋਣ ਕਰਕੇ, ਇਨ੍ਹਾਂ ਲੋਕਾਂ `ਚ ਸ਼ਰਾਬਾਂ-ਨਸ਼ੇ, ਚੋਰੀ ਚਕਾਰੀ ਤੇ ਹੇਰਾ ਫ਼ੇਰੀ ਆਦਿ ਵਰਗੇ ਮਨੁੱਖੀ ਅਉਗਣ ਵੀ ਨਹੀਂ ਹਨ।

ਇਹ ਵੱਖਰੀ ਗੱਲ ਹੈ ਕਿ ਹੁਣ ਜੋ ਖਬਰਾਂ ਆ ਰਹੀਆਂ ਹਨ, ਇਨ੍ਹਾਂ `ਚੋਂ ਵੀ ਕੁੱਝ ਲੋਕਾਂ ਵਿਚਕਾਰ ਸਰੂਪ ਵੱਲੋਂ ਢਿੱਲ ਆਉਣੀ ਸ਼ੁਰੂ ਹੋ ਗਈ ਹੈ। ਕਾਸ਼! ਸਮਾਂ ਰਹਿੰਦੇ ਇਨ੍ਹਾਂ ਪ੍ਰਤੀ ਕੌਮ ਆਪਣੇ ਫ਼ਰਜ਼ ਨੂੰ ਸੰਭਾਲੇ। ਅੱਜ ਤਾ ਹਾਲਾਤ ਇਹ ਹਨ ਕਿ ਇਹ ਲੋਕ ਛੋਟੀਆਂ ਛੋਟੀਆਂ ਇਕਾਈਆਂ `ਚ ਪੰਜਾਬ ਸਮੇਤ ਭਾਰਤ ਦੇ ਲਗਭਗ ਹਰੇਕ ਪ੍ਰਾਂਤ `ਚ, ਬਿਨਾ ਕਿਸੇ ਵੱਲੋਂ ਮਦਦ ਤੇ ਹਮਦਰਦੀ ਦੇ, ਕੇਵਲ ਗੁਰੂ ਦੇ ਵਿਸ਼ਵਾਸ `ਚ ਰਹਿੰਦੇ ਹੋਏ, ਬੇਸ਼ੱਕ ਬੜੇ ਔਖੇ ਢੰਗ ਨਾਲ ਹੀ ਸਹੀ ਪਰ ਆਪਣੇ ਸਿੱਖੀ ਸਿਦਕ ਨੂੰ ਨਿਭਾਅ ਰਹੇ ਹਨ।

ਇਸ ਤੋਂ ਬਾਅਦ, ਅੱਜ ਦੂਜੇ ਤਾਂ ਕੀ, ਕਿਤਨੇ ਕੁ ਸਿੱਖ ਵੀ ਜਾਣਦੇ ਹਨ ਕਿ ਇਹ ਸਿਕਲੀਗਰ, ਸਿੱਖ ਧਰਮ ਦਾ ਉਹ ਅੰਗ ਹਨ, ਜਦੋਂ ਪਹਾੜੀ ਰਾਜੇ ਕੇਸਰੀ ਚੰਦ ਜਸਵਾਲੀਏ ਰਾਹੀਂ ਹਾਥੀ ਨੂੰ ਸ਼ਰਾਬਾਂ ਪਿਲਾ ਕੇ ਤੇ ਉਸ ਦੇ ਮੱਥੇ `ਤੇ ਤੱਵੇ ਬੰਨ ਕੇ ਅਨੰਦਪੁਰ ਸਾਹਿਬ `ਤੇ ਹਮਲਾ ਕਰਵਾਇਆ ਗਿਆ ਸੀ ਤਾਂ ਦਸਮੇਸ਼ ਪਿਤਾ ਤੋਂ ਥਾਪੜੀ ਲੈਣ ਬਾਅਦ, ਨਾਗਣੀ ਬਰਛੇ ਦੇ ਇਕੋ ਵਾਰ ਨਾਲ ਉਸ ਮਸਤ ਹਾਥੀ ਦਾ ਮੂੰਹ ਭੁਆਉਣ ਵਾਲਾ ਭਾਈ ਬਚਿਤ੍ਰ ਸਿੰਘ, ਕੋਈ ਹੋਰ ਨਹੀਂ ਬਲਕਿ ਇਨ੍ਹਾਂ ਸਿਕਲੀਗਰ ਸਿੱਖਾਂ `ਚੋਂ ਹੀ ਸੀ। ਇਸੇ ਤਰ੍ਹਾਂ ਉਸੇ ਪਹਾੜੀ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਗ੍ਰੁਰੂ ਸਾਹਿਬ ਦੇ ਚਰਨਾਂ `ਚ ਹਾਜ਼ਰ ਕਰਣ ਵਾਲਾ ਭਾਈ ਉਦੈ ਸਿੰਘ ਵੀ ਕੋਈ ਹੋਰ ਨਹੀਂ ਬਲਕਿ ਇਸੇ ਭਾਈ ਬਚਿਤ੍ਰ ਸਿੰਘ ਦਾ ਹੀ ਸੱਕਾ ਭਰਾ ਸੀ।

ਵਿਸ਼ੇਸ਼- ਖਿਮਾਂ ਚਾਹੁੰਦੇ ਹਾਂ, ਲਗਭਗ ਪੰਥਕ ਵੰਡੀਆਂ ਦੇ ਰੂਪ `ਚ ਇਹ ਇਤਿਹਾਸਕ ਹਵਾਲਾ ਵੀ ਸਾਨੂੰ ਇਸ ਲਈ ਦੇਣਾ ਪਿਆ ਤਾ ਕਿ ਸੰਗਤਾਂ ਨੂੰ ਸਪਸ਼ਟ ਹੋਵੇ ਕਿ ਸਾਡੇ ਇਨ੍ਹਾਂ ਸਿਕਲੀਗਰ ਪ੍ਰਵਾਰਾਂ ਦੀ ਸੀਮਾਂ ਕੇਵਲ ਹਥਿਆਰ ਬਣਾ ਕੇ ਗੁਰੂ ਸਾਹਿਬਾਨ ਤੱਕ ਪਹੁਚਾਉਣ ਦੀ ਹੀ ਨਹੀਂ ਸੀ ਬਲਕਿ ਜੰਗਾਂ ਜੁਧਾਂ `ਚ ਅੱਗੇ ਹੋ ਕੇ ਯੁਧ ਖੇਤ੍ਰਾਂ `ਚ ਲੜਣ ਤੇ ਸ਼ਹੀਦੀਆਂ ਤੱਕ ਪਾਉਣ `ਚ ਵੀ ਇਹ ਕਦੇ ਕਿਸੇ ਤੋਂ ਪਿਛੇ ਨਹੀਂ ਸਨ ਰਹੇ। ਬਲਕਿ ਇੱਕ ਸੂਚਨਾ ਅਨੁਸਾਰ, ਸੰਨ ੧੬੯੯ ਦੇ ਖੰਡੇ-ਬਾਟੇ ਦੀ ਪਾਹੁਲ ਵਾਲੇ ਇਤਿਹਾਸਕ ਸਮਾਗਮ ਸਮੇਂ, ੮੦, ੦੦੦ ਪ੍ਰਾਣੀਆਂ ਰਾਹੀਂ ਪਹਿਲੀਆਂ ਕਤਾਰਾਂ `ਚ ਪਾਹੁਲ ਲੈਣ ਵਾਲਿਆਂ `ਚ ਵੀ ਵੱਡੀ ਗਿਣਤੀ ਇਨ੍ਹਾਂ ਸਿਕਲੀਗਰ ਸਿੱਖਾਂ ਦੀ ਹੀ ਦੱਸੀ ਜਾਂਦੀ ਹੈ।

ਸ਼ਾਇਦ ਇਹੀ ਕਾਰਣ ਹੈ ਕਿ ਅੱਜ ਵੀ ਕਈ ਮਨੋਵਿਗਿਆਨਕਾਂ ਅਨੁਸਾਰ, ਜੇ ਕਰ ਕੌਮ ਅਜੇ ਵੀ ਕਿਸੇ ਵਿਸ਼ੇਸ਼ ਢੰਗ ਨਾਲ ਇਨ੍ਹਾਂ ਲੋਕਾਂ ਅੰਦਰ ਦੱਬੇ ਹੋਏ ਉਸ ਲੋਹੇ ਦੇ ਕੰਮ ਵਾਲੇ ਕੁਦਰਤੀ ਹੁੱਨਰ ਦਾ ਕਿਸੇ ਯੋਗ ਢੰਗ ਨਾਲ ਲਾਭ ਲੈਣਾ ਚਾਹੇ ਤਾਂ ਇਸਦਾ ਬਹੁਤ ਜ਼ਿਆਦਾ ਲਾਭ ਉਠਾਇਆ ਜਾ ਸਕਦਾ ਹੈ। ਇਹ ਵੀ ਕਿ ਇਹ ਲਾਭ ਕੇਵਲ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਸਮੂਚੀ ਮਾਨਵਤਾ ਨੂੰ ਵੀ ਹੋਵੇਗਾ। ਹੋਰ ਤਾਂ ਹੋਰ, ਇਸ ਦੇ ਨਾਲ-ਨਾਲ ਇਹ ਵੀ ਕਿ ਇਸ ਤੋਂ ਕੌਮ ਦੀ ਇਸ ਵੱਡੀ ਤਾਕਤ ਭਾਵ ਸਿਕਲੀਗਰ ਸਿੱਖਾਂ ਦਾ ਆਪਣਾ ਜੀਵਨ ਪਧਰ ਵੀ ਫ਼ਿਰ ਤੋਂ ਉੱਚਾ ਉਠ ਸਕਦਾ ਹੈ। ਜਦਕਿ ਇਸ ਵੱਕਤ ਵੀ ਭਾਰਤ `ਚ ਵਣਜਾਰੇ ਸਿੱਖਾਂ ਦੀ ਗਿਣਤੀ ਮੋਟੇ ਤੌਰ `ਤੇ ਸੱਤ ਕਰੋੜ ਤੋਂ ਉਪਰ ਦੱਸੀ ਜਾਂਦੀ ਹੈ।

ਇਥੋਂ ਤੱਕ ਕਿ ਸਰਕਾਰੀ ਰਿਪੋਰਟਾਂ ਅਨੁਸਾਰ ਜਦੋਂ ਸ਼੍ਰੀ ਅਟਲ ਬਿਹਾਰੀ ਬਾਜਪਈ ਭਾਰਤ ਦੇ ਪ੍ਰਧਾਨ ਮੰਤ੍ਰੀ ਸਨ। ਉਨ੍ਹਾਂ ਦਿਨਾਂ `ਚ ਮਹਾਰਾਸ਼ਟਰ ਦੇ ਉਪ ਮੁਖ ਮੰਤ੍ਰੀ ਸ੍ਰੀ ਗੋਪੀ ਨਾਥ ਮੁੰਡੇ ਦੀ ਅਗਵਾਹੀ `ਚ ਵਣਜਾਰਾਂ ਕ੍ਰਾਂਤੀਦਲ ਦਾ ਸ਼ਿਸ਼ਟ ਮੰਡਲ ਪ੍ਰਧਾਨ ਮੰਤ੍ਰੀ ਨੂੰ ਮਿਲਿਆ ਤੇ ਉਨ੍ਹਾਂ ਨੇ, ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਇੱਕ ਗਿਆਪਨ ਵੀ ਦਿੱਤਾ ਸੀ।

ਇਸ ਤਰ੍ਹਾਂ ਉਸ ਗਿਆਪਣ `ਚ ਵੀ ਵਣਜਾਰਿਆਂ ਦੀ ਗਿਣਤੀ ਪੰਜ ਕਰੋੜ ਅਤੇ ਜਾਤੀ ਵਿਮੁਕਤ ਭਾਵ ਸਿਕਲੀਗਰਾਂ ਦੀ ਗਿਣਤੀ ਸੱਤ ਕਰੋੜ ਦਿੱਤੀ ਹੋਈ ਸੀ। ਜਦਕਿ ਇਨ੍ਹਾਂ ਸੱਤ ਕਰੋੜ ਸਿਕਲੀਗਰਾਂ `ਚ ਬਹੁਤੀ ਗਿਣਤੀ ਕੇਸਾਧਾਰੀ ਤੇ ਪਾਹੁਲਧਾਰੀ ਸਿਕਲੀਗਰ ਸਿੱਖਾਂ ਦੀ ਹੀ ਸੀ। ਚੇਤੇ ਰਹੇ; ਜਦੋਂ ਆਜ਼ਾਦ ਭਾਰਤ ਦਾ ਵਿਧਾਨ ਬਣਿਆ ਤਾਂ ਇਨ੍ਹਾਂ ਸਿਕਲੀਗਰਾਂ ਨੂੰ ਕਿਸੇ ਜਾਤੀ ਵਿਸ਼ੇਸ਼ ਦੀ ਗਿਣਤੀ `ਚ ਨਹੀਂ ਬਲਕਿ ਜਾਤੀ ਵਿਮੁਕਤ ਖਾਣੇ `ਚ ਹੀ ਪਾਇਆ ਗਿਆ ਸੀ। ਇਸ ਤੋਂ ਬਾਅਦ ਚਲਦੇ ਪ੍ਰਕਰਣ `ਚ ਕੁੱਝ ਅੱਗੇ ਜਾ ਕੇ ਅਸੀਂ ਵਣਜਾਰੇ ਤੇ ਸਤਨਾਮੀ ਸਿੱਖਾਂ ਦਾ ਵੀ ਸੰਖੇਪ ਜਿਹਾ ਵਰਨਣ ਕਰਕੇ, ਵਿਸ਼ੇ ਸੰਬੰਧੀ ਅੱਗੇ ਚਲਾਂਗੇ। #31 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.