.

ਗਿਆਨ ਖੜਗ ਪੰਚ ਦੂਤ ਸੰਘਾਰੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਸੰਸਕ੍ਰਿਤ ਪੰਜਾਬੀ ਕੋਸ਼` ਮੁਤਾਬਿਕ ‘ਖੜਗ` ਲਫ਼ਜ਼, ਸੰਸਕ੍ਰਿਤ ਪੁਲਿੰਗ ਵਾਚਕ ਸੰਗਿਆ (ਨਾਂਵ) ‘ਖਡਗਹ` (khadgah) ਦਾ ਪੰਜਾਬੀ ਰੂਪ ਹੈ। ਅਰਥਾਂ ਵਿੱਚ ਲਿਖਿਆ ਹੈ: ਖੜਗ, ਤੇਗ, ਤਲਵਾਰ; ਗੈਂਡੇ ਦੇ ਸਿੰਗ; ਗੈਂਡਾ। ਮਹਾਨ ਕੋਸ਼ ਵੀ ‘ਖੜਗ` ਲਫ਼ਜ਼ ਦਾ ਪਿਛੋਕੜ ਸੰਸਕ੍ਰਿਤ ਦੀ ਉਪਰੋਕਤ ਸੰਗਿਆ ਨੂੰ ਮੰਨਿਆ ਗਿਆ ਹੈ ਅਤੇ ਅਰਥ ਹੈ: ਜੋ ਖੰਡਨ (ਭੇਦਨ) ਕਰੇ ਸੋ ਖੜਗ। ਧਨੁਰਵੇਦ ਦੇ ਹਵਾਲੇ ਨਾਲ ਖੜਗ ਦੀ ਬਣਤਰ ਬਾਰੇ ਲਿਖਿਆ ਹੈ `ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ`। ਇਸ ਬਣਤਰੀ ਤੁਕ ਅੰਦਰਲੇ ਦੋ ਲਫ਼ਜ਼ `ਚੌੜਾ` ਅਤੇ ‘ਲੰਮਾ` ਵੀ ਇਸ ਸਚਾਈ ਦੇ ਗਵਾਹ ਹਨ ਕਿ ਖੜਗ ਲਫ਼ਜ਼ ਆਪਣੇ ਮੂਲ-ਰੂਪ ਵਿੱਚ ਇੱਕ ਪੁਲਿੰਗ ਵਾਚਕ ਨਾਂਵ ਸੀ। ਕਿਉਂਕਿ, ਜੇ ਬਣਤਰ ਵਿੱਚ ੪ ਉਂਗਲ `ਚੌੜੀ` ਤੇ ੫੦ ਉਂਗਲ ‘ਲੰਮੀ` ਲਿਖਿਆ ਹੁੰਦਾ, ਤਾਂ ਕੋਈ ਕਹਿ ਸਕਦਾ ਸੀ ਕਿ ਖੜਗ ਇਸਤ੍ਰੀ ਲਿੰਗ ਹੈ।

ਪੰਜਾਬੀ ਦਾ ‘ਤਲਵਾਰ` ਲਫ਼ਜ਼ ਵੀ ਆਪਣੇ ਸੰਸਕ੍ਰਿਤ ਪਿਛੋਕੜ ‘ਤਰਵਾਰਿਹ` (taravarih) ਤੋਂ ਪੁਲਿੰਗ ਵਾਚਕ ਨਾਂਵ ਹੈ। ਪ੍ਰੀਭਾਸ਼ਕ ਅਰਥ ਹੈ: ਜੋ ਸ਼ਤਰੂਆਂ ਦੀ ਗਤਿ (ਚਾਲ) ਨੂੰ ਵਾਰਣ ਕਰੇ (ਰੋਕੇ)। ਕਿਉਂਕਿ, ‘ਰ` ਤੇ ‘ਲ` ਅੱਖਰ ਆਪਸ ਵਿੱਚ ਬਦਲ ਜਾਂਦੇ ਹਨ। ਇਸ ਲਈ ‘ਬਚਿਤਰ ਨਾਟਕ` ਵਰਗੀਆਂ ਕਈ ਪੁਰਾਣੀਆਂ ਪੁਸਤਕਾਂ ਵਿੱਚ ‘ਤਲਵਾਰ` ਦੀ ਥਾਂ ‘ਤਰਵਾਰ` ਵੀ ਲਿਖਿਆ ਮਿਲਦਾ ਹੈ। ਜਿਵੇਂ ‘ਤੁਹੀ ਤੀਰ ਤਰਵਾਰ ਕਾਤੀ ਕਟਾਰੀ।। (ਕ੍ਰਿਸ਼ਨਾਅਵਤਾਰ `ਚੋਂ) ਇਉਂ ਜਾਪਦਾ ਹੈ ਕਿ ਸੰਸਕ੍ਰਿਤ ਦੇ ਲਫ਼ਜ਼ ‘ਤਰਵਾਰਿਹ` ਤੋਂ ਬਣਿਆ ‘ਤਰਵਾਰ`, ਤੇ ਫਿਰ ‘ਤਰਵਾਰ` ਤੋਂ ਬਣਿਆ ‘ਤਲਵਾਰ`। ਹਾਂ, ਇਹ ਇੱਕ ਵਖਰੀ ਗੱਲ ਹੈ ਕਿ ਪੰਜਾਬੀ ਵਿੱਚ ਹੁਣ ਇਹ ਦੋਵੇਂ (ਖੜਗ, ਤਲਵਾਰ) ਲਫ਼ਜ਼, ਇਸਤ੍ਰੀ ਲਿੰਗ ਦੇ ਰੂਪ ਵਿੱਚ ਵਰਤੇ ਜਾਣ ਲੱਗ ਪਏ ਹਨ। ਇਹੀ ਕਾਰਣ ਹੈ ਕਿ ਅਧੁਨਿਕ ‘ਪੰਜਾਬੀ ਸ਼ਬਦ ਜੋੜ ਕੋਸ਼ ਵਿੱਚ ਵੀ ਇਨ੍ਹਾਂ ਨੂੰ ਇਸਤ੍ਰੀ ਲਿੰਗ ਨਾਂਵਾਂ ਵਜੋਂ ਪ੍ਰਵਾਣ ਕਰ ਲਿਆ ਗਿਆ ਹੈ। ਇਸੇ ਸ਼੍ਰੇਣੀ ਦਾ ਲਫ਼ਜ਼ ਹੈ `ਤੇਗ਼`। ਇਹ ਫਾਰਸੀ ਮੂਲ ਦਾ ਇਸਤ੍ਰੀ ਲਿੰਗ ਨਾਂਵ ਹੈ ਅਤੇ ਪੰਜਾਬੀ ਨੇ ਇਸੇ ਰੂਪ ਵਿੱਚ ਰੂਪ ਵਿੱਚ ਹੀ ਧਾਰਣ ਕਰ ਲਿਆ ਹੈ।

ਗੁਰਬਾਣੀ ਦੀ ਅਰਥਾਤਮਿਕ ਤੇ ਵਿਆਕਰਣਿਕ ਲਿਖਣ ਸ਼ੈਲੀ ਦੀ ਇਹ ਇੱਕ ਵਿਸ਼ੇਸ਼ਤਾ ਹੈ ਕਿ ਲਫ਼ਜ਼ ਜੋੜਾਂ ਦੀ ਬਣਤਰ ਵੇਲੇ ਆਮ ਤੌਰ `ਤੇ ਉਨ੍ਹਾਂ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਕਮਾਲ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਜਦੋਂ ਸਰੀਰਕ ਤਲ ਦੇ ਜੰਗ ਅਥਵਾ ਲੜਾਈ ਦੀ ਗੱਲ ਕਰਦੇ ਹਨ ਤਾਂ ਉਹ ਫਾਰਸੀ ਮੂਲਿਕ `ਤੇਗ਼` ਲਫ਼ਜ਼ ਦੀ ਵਰਤੋਂ ਇਸਤ੍ਰੀ ਲਿੰਗ ਵਜੋਂ ਕਰਦੇ ਹਨ; ਕਿਉਂਕਿ, ਮੂਲ ਵਜੋਂ ਉਹ ਇਸਤ੍ਰੀ ਲਿੰਗ ਹੈ। ਜਿਵੇਂ:

ਜਾ ਤੁਧੁ ਭਾਵੈ, ਤੇਗ ਵਗਾਵਹਿ; ਸਿਰ ਮੁੰਡੀ, ਕਟਿ ਜਾਵਹਿ।। {ਗੁਰੂ ਗ੍ਰੰਥ ਸਾਹਿਬ - ਅੰਕ ੧੪੫}

ਮੁਗਲ ਪਠਾਣਾ ਭਈ ਲੜਾਈ; ਰਣ ਮਹਿ, ਤੇਗ ਵਗਾਈ।। {ਗੁਰੂ ਗ੍ਰੰਥ ਸਾਹਿਬ - ਅੰਗ ੪੧੮}

ਪਰ, ਜਦੋਂ ਮਾਨਸਕ ਤਲ `ਤੇ ਵਿਕਾਰਾਂ ਨਾਲ ਹੋਣ ਵਾਲੀ ਲੜਾਈ ਦੀ ਗੱਲ ਕਰਦੇ ਹਨ ਤਾਂ ਉਹ ਸੰਸਕ੍ਰਿਤ ਮੂਲਿਕ ਲਫ਼ਜ਼ ਵਰਤਦੇ ਹਨ ‘ਖੜਗ`। ਕਿਉਂਕਿ, ਇਹ ਲਫ਼ਜ਼ ਮੂਲਿਕ ਤੌਰ `ਤੇ ਪੁਲਿੰਗ ਨਾਂਵ ਹੈ। ਇਸ ਲਈ ਗੁਰਬਾਣੀ ਦੀ ਵਿਸ਼ੇਸ਼ ਵਿਆਕਰਣਿਕ ਨਿਯਮਾਵਲੀ ਮੁਤਾਬਿਕ ਜਦੋਂ ਇੱਕਵਚਨ ਪੁਲਿੰਗ ਦੇ ਰੂਪ ਵਿੱਚ ਵਰਤਦੇ ਹਨ ਤਾਂ ਅੰਤਲਾ ਅਖਰ ‘ਗ` ਔਂਕੜ ਸਹਿਤ ਲਿਖਦੇ ਹਨ: ਖੜਗੁ। ਜਿਵੇਂ:

ਸਤਿਗੁਰਿ, ਗਿਆਨ ਖੜਗੁ ਹਥਿ ਦੀਨਾ; ਜਮਕੰਕਰ ਮਾਰਿ ਬਿਦਾਰੇ।। {ਗੁਰੂ ਗ੍ਰੰਥ ਸਾਹਿਬ-ਅੰਕ ੫੭੪}

ਤੁਕ-ਅਰਥ: ਸਤਿਗੁਰੂ ਨੇ (ਜਿਨ੍ਹਾਂ ਨੂੰ) ਗਿਆਨ ਦਾ ਖੜਗ ਹੱਥ ਵਿੱਚ ਦਿੱਤਾ, (ਉਨ੍ਹਾਂ ਨੇ) ਜਮਦੂਤ ਮਾਰ ਕੇ ਚੀਰ ਸੁੱਟੇ। ਭਾਵ, ਮਾਨਸਿਕ ਕਲੇਸ਼ਾਂ ਦਾ ਦੁੱਖ ਦੇਣ ਵਾਲੇ ਵਿਕਾਰਾਂ ਨੂੰ ਮਾਰ ਮੁਕਾਇਆ।

ਗੁਰ ਤੇ ਗਿਆਨੁ ਪਾਇਆ; ਅਤਿ ਖੜਗੁ ਕਰਾਰਾ।। {ਗੁਰੂ ਗ੍ਰੰਥ ਸਾਹਿਬ-ਅੰਕ ੧੦੮੭}

ਤੁਕ-ਅਰਥ: ਗੁਰੂ ਤੋਂ ਜੋ ਗਿਆਨ ਪ੍ਰਾਪਤ ਕੀਤਾ, (ਉਹ) ਬਹੁਤ ਤਿੱਖਾ ਖੜਗ ਹੈ।

ਖੜਗ` ਲਫ਼ਜ਼ ਨੂੰ ਜਦੋਂ ਬਹੁਵਚਨ ਪੁਲਿੰਗ ਦੇ ਰੂਪ ਵਿੱਚ ਵਰਤਦੇ ਹਨ ਤਾਂ ਗੁਰਬਾਣੀ ਵਿਆਕਰਣ ਅਨੁਸਾਰ ਅੰਤਲਾ ਅਖਰ ‘ਗ` ਔਂਕੜ ਰਹਿਤ ਮੁਕਤਾ ਲਿਖਦੇ ਹਨ: ਖੜਗ। ਜਿਵੇਂ:

ਹਉਮੈ ਜਲਿਆ, ਮਨਹੁ ਵਿਸਾਰੇ।। ਜਮ ਪੁਰਿ ਵਜਹਿ, ਖੜਗ ਕਰਾਰੇ।। {ਗੁਰੂ ਗ੍ਰੰਥ ਸਾਹਿਬ- ਅੰਕ ੯੯੩}

ਤੁਕ-ਅਰਥ: ਹਉਮੈ ਵਿੱਚ ਜਲ਼ਿਆ (ਜਿਹੜਾ ਮਨੁਖ ਪ੍ਰਭੂ ਨੂੰ) ਵਿਸਾਰ ਦਿੰਦਾ ਹੈ, ਜਮ-ਪੁਰੀ ਵਿੱਚ (ਉਸ `ਤੇ) ਤਿੱਖੇ ਖੜਗ ਵਜਦੇ ਹਨ। ਭਾਵ, ਜਿਹੜਾ ਮਨੁਖ ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਉਹ ਮਾਨੋਂ ਜਮਪੁਰੀ ਵਸਦਾ ਹੈ। ਐਸੀ ਅਵਸਥਾ ਵਿੱਚ ਉਸ ਨੂੰ ਮਾਨਸਿਕ ਤੌਰ `ਤੇ ਹਉਮੈ ਆਦਿਕ ਵਿਕਾਰਾਂ ਰੂਪ ਖੜਗਾਂ ਦੀਆਂ ਤਕੜੀਆਂ ਚੋਟਾਂ ਵਜਦੀਆਂ ਹਨ।

ਜਦੋਂ ਇੱਕਵਚਨ ਪੁਲਿੰਗ ਨਾਂਵ ‘ਖੜਗੁ` ਨੂੰ ਕਰਣਕਾਰਕ ਦੇ ਰੂਪ ਵਰਤਦੇ ਹਨ ਤਾਂ ਗੁਰਬਾਣੀ ਵਿਆਕਰਣ ਅਧੀਨ ਅੰਤਲਾ ਅਖਰ ‘ਗ` ਸਿਹਾਰੀ ਸਹਿਤ ਲਿਖਦੇ ਹਨ: ਖੜਗਿ। ਜਿਵੇਂ:

ਮਤਿ, ਗੁਰ ਆਤਮ ਦੇਵ ਦੀ; ਖੜਗਿ, ਜੋਰਿ, ਪਰਾਕੁਇ ਜੀਅ ਦੈ।। {ਗੁਰੂ ਗ੍ਰੰਥ ਸਾਹਿਬ - ਅੰਗ ੯੬੬}

ਪਦ-ਅਰਥ:- ਮਤਿ ਗੁਰ ਆਤਮ ਦੇਵ ਦੀ—ਆਤਮਦੇਵ ਗੁਰੂ ਦੀ ਮਤਿ ਦੀ ਰਾਹੀਂ। ਆਤਮਦੇਵ—ਅਕਾਲ ਪੁਰਖ। ਖੜਗਿ—ਖੜਗ ਦੀ ਰਾਹੀਂ। ਜੋਰਿ—ਜ਼ੋਰ ਨਾਲ। ਪਰਾਕੁਇ—ਪਰਾਕਉ ਦੁਆਰਾ, ਪ੍ਰਾਕ੍ਰਮ ਦੀ ਰਾਹੀਂ, ਤਾਕਤ ਨਾਲ।

{ਨੋਟ : —ਲਫ਼ਜ਼ ‘ਪਰਾਕੁਇ` ਲਫ਼ਜ਼ ‘ਪਰਾਕਉ` ਤੋਂ ਕਰਣ ਕਾਰਕ ਇਕ-ਵਚਨ ਹੈ। ‘ਪਰਾਕਉ` ਸੰਸਕ੍ਰਿਤ-ਸ਼ਬਦ ‘ਪ੍ਰਾਕ੍ਰਮ` ਤੋਂ ਪ੍ਰਾਕ੍ਰਿਤ-ਰੂਪ ਹੈ}। ਜੀਅ—ਜੀਅ-ਦਾਨ, ਆਤਮ-ਦਾਨ, ਆਤਮਕ ਜੀਵਨ। ਦੈ—ਦੇ ਕੇ। ਅੰਮ੍ਰਿਤੁ—ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

ਤੁਕ-ਅਰਥ : —ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮਤਿ ਨਾਲ, (ਜਾਂ ਇਉਂ ਕਹੀਏ ਕਿ ਅਕਾਲ ਪੁਰਖ ਦੇ ਬਖਸ਼ੇ ਹੋਏ ਗਿਆਨ) ਖੜਗ ਨਾਲ ਅਤੇ ਅਜਿਹੇ ਬਲ ਨਾਲ (ਭਾਈ ਲਹਿਣਾ ਜੀ ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ, (ਉਨ੍ਹਾਂ ਦੇ ਸਿਰ ਤੇ ਗੁਰਿਆਈ ਛਤਰ ਧਰਿਆ)।

ਜਦੋਂ ਬਹੁ ਵਚਨ ਪੁਲਿੰਗ ਨਾਂਵ ‘ਖੜਗ` ਨੂੰ ਕਰਣਕਾਰਕ ਦੇ ਰੂਪ ਵਰਤਦੇ ਹਨ ਤਾਂ ਗੁਰਬਾਣੀ ਵਿਆਕਰਣ ਅਧੀਨ ਉਸ ਵਿੱਚ ਕੋਈ ਤਬਦੀਲੀ ਨਹੀਂ ਕਰਦੇ। ਜਿਵੇਂ:

ਗਿਆਨ ਖੜਗ, ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ।। {ਗੁਰੂ ਗ੍ਰੰਥ ਸਾਹਿਬ-ਅੰਕ ੧੪੧੪}

ਤੁਕ ਅਰਥ:- (ਜਿਨਾਂ ਨੇ ਗੁਰੂ) ਗਿਆਨ ਦੇ ਖੜਗ ਲੈ ਕੇ ਕਾਮਾਦਿਕ ਪੰਜ (ਜਮਦੂਤਾਂ ਅਥਵਾ ਆਤਮਿਕ ਜੀਵਨ ਦੇ ਦੁਸ਼ਮਣਾਂ) ਨੂੰ ਮਾਰ ਲਿਆ, ਗੁਰੂ ਦੀ ਮਤ ਦੁਆਰਾ ਉਹੀ ਜਾਗੇ ਹਨ। ਭਾਵ, ਜਾਗਰੂਕ ਮਨੁਖ ਉਹੀ ਹਨ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਆਤਮਿਕ ਜੀਵਨ ਨੂੰ ਤਬਾਹ ਕਰਨ ਵਾਲੇ ਵਿਕਾਰਾਂ `ਤੇ ਕਾਬੂ ਪਾ ਲਿਆ ਹੈ।

ਪ੍ਰੋ. ਸਾਹਿਬ ਸਿੰਘ (ਡੀ. ਲਿਟ) ਜੀ ਦੀਆਂ ਗੁਰਬਾਣੀ ਸਬਧੰਤ ਲਿਖਤਾਂ (ਗੁਰਬਾਣੀ ਵਿਆਕਰਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ) ਪ੍ਰਤੀ ਕੇਵਲ ਸਿੱਖ ਜਗਤ ਹੀ ਨਹੀਂ, ਸਮੁੱਚੀ ਮਨੁਖਤਾ ਸਦਾ ਲਈ ਰਿਣੀ ਰਹੇਗੀ। ਇਤਨੇ ਵੱਡੇ ਕਾਰਜ ਵਿੱਚ ਕਿਸੇ ਵੀ ਮਨੁਖ ਵੱਲੋਂ ਲਿਖਤੀ, ਵਿਆਕਰਣਿਕ ਤੇ ਸਿਧਾਂਤਕ ਭੁੱਲਾਂ ਹੋਣੀਆਂ ਤੇ ਤਰੁੱਟੀਆਂ ਰਹਿਣੀਆਂ ਸੁਭਾਵਿਕ ਹਨ। ਲੋੜ ਤਾਂ ਹੁਣ ਇਹ ਹੈ ਕਿ ਉਨ੍ਹਾਂ ਦੀ ਮਿਹਨਤ ਤੇ ਸਾਹਿਤਕ ਦੇਣ ਨੂੰ ਧਿਆਨ ਵਿੱਚ ਰੱਖ ਕੇ, ਧੰਨਵਾਦ ਸਹਿਤ ਅੱਗੇ ਵਧੀਏ। ਪਰ, ਹਿਰਦਾ ਉਸ ਵੇਲੇ ਅਤਿਅੰਤ ਦੁਖੀ ਹੁੰਦਾ ਹੈ ਕਿ ਜਦੋਂ ਕੋਈ ਸਾਡਾ ਵੀਰ ਉਨ੍ਹਾਂ ਦੀ ਕਿਸੇ ਸੁਭਾਵਿਕ ਭੁੱਲ ਨੂੰ ਉਭਾਰ ਕੇ ਆਪਣੇ ਆਪ ਨੂੰ ਵੱਡਾ ਵਿਦਵਾਨ ਸਿੱਧ ਕਰਨ ਦੀ ਦੌੜ ਵਿੱਚ ਪ੍ਰੋ. ਸਾਹਿਬ ਜੀ ਦਾ ਨਾਮ ਵੀ ਅਦਬ ਸਹਿਤ ਨਹੀਂ ਲੈਂਦਾ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਅਜਿਹਾ ਵਰਤਾਰਾ ਤਾਂ ਚੰਦਰਮਾ `ਤੇ ਉੱਪਰ ਨੂੰ ਥੁੱਕਣ ਵਾਲੀ ਭੁੱਲ ਹੈ।

ਸਰਲਤਾ, ਪ੍ਰੋ. ਸਾਹਿਬ ਜੀ ਦੀਆਂ ਲਿਖਤ ਵਿੱਚਲੀ ਵਿਸ਼ੇਸ਼ ਖ਼ੂਬੀ ਹੈ। ਕਿਉਂਕਿ, ਉਨ੍ਹਾਂ ਦਾ ਮੁਖ ਮਨੋਰਥ ਗੁਰੂ ਦੀ ਗੱਲ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਤੇ ਅਤਿਅੰਤ ਹੀ ਸੌਖੇ ਢੰਗ ਨਾਲ ਸਾਰੇ ਕਿਸਮਾਂ ਦੇ ਪਾਠਕਾਂ ਤੱਕ ਪਹੁੰਚਾਣਾ ਹੈ, ਨਾ ਕਿ ਆਪਣੀ ਪੰਡਤਾਈ ਦਾ ਢੰਡੋਰਾ ਪਿੱਟਣਾ। ਹੁਣ ਤਕ ਦੇ ਗੁਰਬਾਣੀ ਟੀਕਿਆਂ ਵਿੱਚੋਂ ਸਭ ਤੋਂ ਸੌਖੀ ਤੇ ਸਮਝ ਆਉਣ ਵਾਲੀ ਸਪਸ਼ਟ ਭਾਸ਼ਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਦੀ ਹੈ। ‘ਖੜਗ` ਲਫ਼ਜ਼ ਦੀ ਵਰਤੋਂ ਵਾਲੀਆਂ ਉਪਰੋਕਤ ਗੁਰਬਾਣੀ ਤੁਕਾਂ, ਜਿਨ੍ਹਾਂ ਦੇ ਇਸ ਲੇਖ ਵਿੱਚ ਅਰਥ ਲਿਖੇ ਗਏ ਹਨ, ਲਗਭਗ ਉਹ ਸਾਰੇ ਦਰਪਣ `ਤੇ ਅਧਾਰਿਤ ਹਨ। ਕੇਵਲ ਥੋੜਾ ਜਿਹਾ ਲਫ਼ਜ਼ੀ ਫਰਕ ਪਾਇਆ ਹੈ ਤਾਂ ਜੋ ਕਿਸੇ ਨੂੰ ਸਾਹਿਤਕ ਭੁਲੇਖਾ ਨਾ ਲੱਗੇ। ਜਿਵੇਂ ਪਿਛਲੇ ਕੁੱਝ ਦਿਨਾਂ ਤੋਂ ਇੰਟਰਨੈਟ `ਤੇ “ਗਿਆਨ ਖੜਗ, ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ।। “ ਆਦਿਕ ਤੁਕਾਂ `ਤੇ ਅਧਾਰਿਤ ਚਲਦੀ ਵਿਚਾਰ ਚਰਚਾ ਵਿੱਚ ‘ਤਲਵਾਰ` ਲਫ਼ਜ਼ ਦੋਵੇਂ ਵਿਦਵਾਨ ਸੱਜਣਾ ਲਈ ਭੁਲੇਖਾ ਦਾ ਸਬੱਬ ਬਣਦਾ ਜਾਪਿਆ; ਭਾਵੇਂ ਕਿ ਵਿਆਕਰਣਿਕ ਦ੍ਰਿਸ਼ਟੀਕੋਨ ਤੋਂ ਸੰਸਕ੍ਰਿਤ ਦੇ ਵਿਦਵਾਨ ਸ੍ਰ. ਦਲਬੀਰ ਸਿੰਘ ਦਿੱਲੀ ਬਹੁਤ ਸਪਸ਼ਟ ਸਨ।

ਜਿਵੇਂ, ਪ੍ਰੋ ਸਾਹਿਬ ਜੀ ਨੇ ਕੁੱਝ ਥਾਵਾਂ ਤੇ ਤਾਂ ਇੱਕ-ਵਚਨ ਪੁਲਿੰਗ ਨਾਂਵ ‘ਖੜਗੁ` ਦੇ ਅਰਥ ‘ਖੰਡਾ` ਕੀਤੇ ਹਨ ਅਤੇ ਬਹੁਵਚਨ ਪੁਲਿੰਗ ਨਾਂਵ ‘ਖੜਗ` ਨੂੰ ‘ਖੰਡੇ` ਵੀ ਲਿਖਿਆ ਹੈ। ਪਰ, ਪੰਜਾਬੀ ਦੇ ਆਮ ਪਾਠਕਾਂ ਦੀ ਸਹੂਲਤ ਨੂੰ ਮੁਖ ਰਖ ਕੇ ਅਰਥਾਂ ਵਿੱਚ ਬਹੁਤੀ ਥਾਂਈਂ ਉਨ੍ਹਾਂ ਨੇ ‘ਤਲਵਾਰ` ਨਾਂਵ ਦੀ ਹੀ ਵਰਤੋਂ ਕੀਤੀ ਹੈ। ਕਿਉਂਕਿ, ਲੋਕਾਂ ਵਿੱਚ ਤਲਵਾਰ ਲਫ਼ਜ਼ ਦੀ ਵਰਤੋਂ ਆਮ ਹੋਣ ਕਰਕੇ ਸਮਝਣਾ ਸੁਖਾਲਾ ਹੈ। ਪ੍ਰੰਤੂ, ਦਾਸ ਨੇ ‘ਖੜਗ`, ‘ਖੜਗੁ` ਅਤੇ ‘ਖੜਗਿ` ਪਦਾਂ ਦੇ ਅਰਥ ‘ਖੰਡਾ`, ‘ਖੰਡੇ`, ਜਾਂ ‘ਤਲਵਾਰ` ਵੱਖ ਵੱਖ ਕਰਨ ਦੀ ਥਾਂ, ਸਭ ਥਾਈਂ ‘ਖੜਗ` ਨਾਂਵ ਹੀ ਲਿਖ ਦਿਤਾ ਹੈ। ਕਿਉਂਕਿ, ਇੱਕ ਤਾਂ ਇਹ ਸਧਾਰਨ ਪੰਜਾਬੀ ਰੂਪ ਹੈ ਅਤੇ ਪੰਜਾਬੀ ਦੇ ਨਾਂਵ ‘ਸ਼ੇਰ` ਵਾਂਗ ‘ਖੜਗ` ਲਫ਼ਜ਼ ਨੂੰ ਆਮ ਹਾਲਤਾਂ ਵਿੱਚ ਇੱਕ-ਵਚਨ ਜਾਂ ਬਹੁਵਚਨ ਲਿਖਣ ਲਈ ਸ਼ਬਦ-ਜੋੜ ਬਦਲਣ ਦੀ ਲੋੜ ਨਹੀਂ ਪੈਂਦੀ। ਦੂਜੇ, ‘ਖੜਗ` ਅਤੇ ‘ਖੰਡੇ` ਦੀ ਬਣਤਰ ਵਿੱਚ ਫਰਕ ਹੈ। ਖੜਗ, ਖੰਡੇ ਵਾਂਗ ਦੋਧਾਰਾ ਨਹੀਂ ਹੁੰਦਾ। ਇਸ ਲਈ ‘ਖੜਗੁ` ਨੂੰ ‘ਖੰਡਾ` ਲਿਖਣਾ ਯੋਗ ਨਹੀਂ ਜਪਦਾ। ਤੀਜੇ, ‘ਤਲਵਾਰ` ਪੰਜਾਬੀ ਦਾ ਇਸਤ੍ਰੀ ਲਿੰਗ ਨਾਂਵ ਹੈ। ਪਰ, ਗੁਰਬਾਣੀ ਵਿੱਚਲੇ ‘ਖੜਗ`, ‘ਖੜਗੁ` ਅਤੇ ‘ਖੜਗਿ` ਸਾਰੇ ਲਫ਼ਜ਼ ਪੁਲਿੰਗ ਵਾਚਕ ਹਨ। ਇਸ ਲਈ ਇਨ੍ਹਾਂ ਦੇ ਅਰਥ ‘ਤਲਵਾਰ` ਲਿਖਣੇ ਵਿਆਕਰਣਿਕ ਤੌਰ `ਤੇ ਅਨੁਚਿਤ ਹਨ। ਅਸਲ ਵਿੱਚ ਇਹੀ ਮੁਖ ਕਾਰਣ ਜਾਪਦਾ ਸੀ ਗੁਰਜੀਤ ਸਿੰਘ ਬੈਂਸ ਦੇ ਉਲਝਾਊ ਝਗੜੇ ਦਾ।

ਪੂਰਨ ਉਮੀਦ ਹੈ ਕਿ ਸਾਰੇ ਵਿਦਵਾਨ ਸੱਜਣ ਉਪਰੋਕਤ ਲੇਖ ਨੂੰ ਗਹੁ ਤੇ ਗੰਭੀਰਤਾ ਨਾਲ ਵਿਚਾਰਨਗੇ ਅਤੇ ਆਪਣੇ ਉਸਾਰੂ ਸੁਝਾਅ ਵੀ ਲਿਖਣਗੇ ਤਾਂ ਜੋ ਗੁਰਬਾਣੀ ਅਰਥਾਂ ਨੂੰ ਹੋਰ ਸੁਧਾਰਿਆ ਤੇ ਸਵਾਰਿਆ ਜਾ ਸਕੇ। ਹੈਰਾਨੀ ਦੀ ਗੱਲ ਕਿ ਗੁਰੂ ਗਿਆਨ ਦਾ ਖੜਗ ਪਕੜ ਕੇ ਸਾਹਿਤਕ ਪਿੜ ਵਿੱਚ ਉਤਰੇ ਖੜਗਧਾਰੀ “ਗਿਆਨ ਖੜਗ, ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ।। “ ਗੁਰਵਾਕ ਪੜ੍ਹਦੇ ਸੁਣਦੇ ਤੇ ਵਿਚਾਰਦੇ ਹੋਏ ਵੀ ਕ੍ਰੋਧ ਦੇ ਟੇਟੇ ਚੜ੍ਹ ਕੇ ਕੁਬੋਲ ਕਿਉਂ ਬੋਲਣ ਲਗਦੇ ਹਨ? ਭੁੱਲ-ਚੁੱਕ ਮੁਆਫ਼।

ਗੁਣਵੰਤਿਆਂ ਪਾਛਾਰ: ਜਗਤਾਰ ਸਿੰਘ ਜਾਚਕ, ਨਿਊਯਾਰਕ। ਮਿਤੀ ੨੫ ਅਗਸਤ ੨੦੧੩




.