.

ਚਾਪਲੂਸੀ

ਇਸ ਵਿਆਪਕ ਪਰ ਕੌੜੀ ਸੱਚਾਈ ਤੋਂ ਕੋਈ ਵੀ ਮੁਨਕਿਰ ਨਹੀਂ ਹੋ ਸਕਦਾ ਕਿ ਅੱਜ ਭਾਰਤੀ ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਜਿਸ ਤਰ੍ਹਾਂ ਬੋਹੜ ਦਾ ਘਣਾ ਤੇ ਵਿਸ਼ਾਲ ਦਰਖ਼ਤ ਆਪਣੇ ਹੇਠਾਂ ਤਾਂ ਕੀ ਸਗੋਂ ਆਲੇ ਦੁਆਲੇ ਵੀ ਕਿਸੇ ਜਿਨਸ ਨੂੰ ਉੱਗਣ ਨਹੀਂ ਦਿੰਦਾ, ਉਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਜ਼ਹਿਰੀਲੇ ਰੁੱਖ ਦੀ ਮਾਰੂ ਛਾਂ ਨੇਕੀ ਦੀ ਫ਼ਸਲ ਅਥਵਾ ਇਨਸਾਨੀਯਤ ਦੇ ਗੁਣਾਂ ਦਾ ਵਿਨਾਸ਼ ਕਰ ਦੇਂਦੀ ਹੈ। ਜਿੱਥੇ ਗੱਦੀ ਵਾਸਤੇ ਤੜਪ, ਪਦਾਰਥਕ ਰੁਚੀ, ਧੰਨ-ਦੌਲਤ ਦਾ ਲੋਭ, ਰਿਸ਼ਵਤ ਅਤੇ ਪੱਖਪਾਤ ਆਦਿ ਭ੍ਰਸ਼ਟਾਚਾਰ ਦੇ ਰੁੱਖ ਨੂੰ ਫੈਲਾਉਣ ਦੇ ਜ਼ਿੰਮੇਦਾਰ ਹਨ, ਉੱਥੇ ਚਾਪਲੂਸੀ ਇਸ ਮਨਹੂਸ ਰੁੱਖ ਦੀ ਵਿਸ਼ੇਸ਼ ਖ਼ੁਰਾਕ ਹੈ।

ਚਾਪਲੂਸੀ ਹੈ ਕੀ? ਕਿਸੇ ਸੁਆਰਥੀ ਤੇ ਨੀਚ ਵਿਅਕਤੀ ਦੁਆਰਾ ਕਿਸੇ ਹੋਰ ਅਯੋਗ ਤੇ ਘੁਮੰਡੀ ਵਿਅਕਤੀ ਦੀ ਝੂਠੀ ਪ੍ਰਸ਼ੰਸਾ ਕਰਨ ਨੂੰ ਚਾਪਲੂਸੀ ਕਹਿੰਦੇ ਹਨ। ਇੱਕ ਵਿਦਵਾਨ ਚਾਪਲੂਸੀ ਦੀ ਪਰਿਭਾਸ਼ਾ ਦਿੰਦਾ ਹੋਇਆ ਲਿਖਦਾ ਹੈ, “ਆਪਣੇ ਸੰਬੰਧ ਵਿੱਚ ਆਪਣੇ ਦੁਆਰਾ ਸੁਣੀਆਂ ਜਾਣ ਵਾਲੀਆਂ ਉਹ ਗੱਲਾਂ ਜੋ ਕਾਸ਼! ਸੱਚ ਵੀ ਹੋਣ!” ਇਸ ਸੱਚ ਤੋਂ ਤਾਂ ਇਹੋ ਸਪਸ਼ਟ ਹੁੰਦਾ ਹੈ ਕਿ ਚਾਪਲੂਸੀ ਕਰਵਾਉਣ ਵਾਲਾ ਚਾਪਲੂਸਾਂ ਤੋਂ ਵੀ ਵੱਧ ਗ਼ਲੀਜ਼ ਤੇ ਨੀਚ ਹੁੰਦਾ ਹੈ।

ਚਾਪਲੂਸੀ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ:- ਖ਼ੁਸ਼ਾਮਦ, ਫੂਕ-ਵਿੱਦਿਆ, ਮੱਖਣਗੀਰੀ, ਝੋਲੀ ਚੁੱਕਣਾ ਅਤੇ ਚਮਚਾਗੀਰੀ ਆਦਿ; ਅਤੇ ਚਾਪਲੂਸਾਂ ਨੂੰ ਖ਼ੁਸ਼ਾਮਦੀ ਟੱਟੂ, ਤਲੂਏ-ਚੱਟ,……(ass licker) ਅਤੇ ਚਮਚਾ/ਚਮਚੀ ਆਦਿ ਕਈ ਨਾਮ ਦਿੱਤੇ ਗਏ ਹਨ। ਪਰੰਤੂ ਚਾਪਲੂਸ ਨੂੰ ਚਮਚਾ/ਚਮਚੀ ਕਹਿਣਾ ਠੀਕ ਨਹੀਂ ਕਿਉਂਕਿ ਇਹ ਤਾਂ ਰਸੋਈ-ਘਰ ਦੇ ਜ਼ਰੂਰੀ ਬਰਤਨ ਹਨ ਜਿਨ੍ਹਾਂ ਦਾ ਸੰਬੰਧ ਭੋਜਨ ਜਿਹੀ ਪਵਿਤ੍ਰ ਰੱਬੀ ਦਾਤ ਨਾਲ ਹੈ। ਇਸ ਲਈ ਸਾਨੂੰ ਕੁੱਝ ਇੱਕ ਸੂਝਵਾਨਾਂ ਦੀ ਇਸ ਖੋਜ ਨਾਲ ਸਹਿਮਤ ਹੋਣਾ ਪਵੇਗਾ ਕਿ ਚਾਪਲੂਸ ਨੂੰ ਚਮਚੇ ਦਾ ਨਾਂਵ ਬੂਟ ਪਾਉਣ ਵਾਲੇ ਚਮਚੇ ਸ਼ੂ ਹੌਰਨ (shoe horn) ਤੋਂ ਮਿਲਿਆ ਹੈ! ਅੰਗਰੇਜ਼ਾਂ ਦੀ ਚਾਪਲੂਸੀ ਕਰਨ ਵਾਸਤੇ ਅਣਖ-ਹੀਣੇ ਭਾਰਤੀ ਚਮਚਾ-ਬਰਦਾਰ ਬਣ ਕੇ ਉਨ੍ਹਾਂ ਨੂੰ ਆਪਣੇ ਹੱਥੀਂ ਬੂਟ ਪੁਆਉਣ ਦੇ ਹੀਣੇ ਕਰਮ ਨੂੰ ਆਪਣਾ ਸੁਭਾਗ ਸਮਝਦੇ ਸਨ, ਅਤੇ ਇਸ ਵਿੱਚ ਫ਼ਖ਼ਰ ਮਹਿਸੂਸ ਕਰਦੇ ਸਨ। ਸ਼ਾਇਦ! ਇਹ ਅਪਮਾਨਜਨਕ ਨਾਮ ਭਾਰਤੀਆਂ ਨੂੰ ਓਦੋਂ ਤੋਂ ਮਿਲਿਆ ਹੋਵੇਗਾ!

ਕੁਝ ਲੇਖਕਾਂ ਨੇ ਮਨੁੱਖਾ ਸੁਭਾਉ ਦੇ ਇਸ ਕੁਲੱਖਣ ਨੂੰ ਕਲਾ ਕਿਹਾ ਹੈ; ਪਰ ਚਾਪਲੂਸੀ ਕੋਈ ਕਲਾ ਨਹੀਂ ਹੈ। ਕਲਾ ਤਾਂ ਇੱਕ ਉੱਚੀ ਤੇ ਪਵਿਤ੍ਰ ਚੀਜ਼ ਹੈ। ਹੁਨਰ/ਕਲਾ ਉੱਚਤਾ ਦਾ ਪ੍ਰਤੀਕ ਹੈ ਤੇ ਚਾਪਲੂਸੀ ਨੀਚਤਾ ਤੇ ਨਿਸ਼ਠਾਹੀਣਤਾ ਦਾ ਠੋਸ ਸਬੂਤ। ਜਿੱਥੇ ਕਲਾ ਉਸਾਰੂ ਹੈ, ਉੱਥੇ ਚਾਪਲੂਸੀ ਢਾਹੂ। ਸੱਚਾ ਨੇਕ ਇਨਸਾਨ ਆਪਣੇ ਆਪੇ ਨੂੰ ਤਜੁਰਬੇ, ਗਿਆਨ ਅਤੇ ਘਾਲਣਾ ਦੀ ਭੱਠੀ ਵਿੱਚ ਤਾਉਂਦਾ ਹੈ ਤਾਂ ਕਿਤੇ ਜਾ ਕੇ ਕਲਾਕਾਰ ਬਣਦਾ ਹੈ। ਇਸ ਦੇ ਉਲਟ ਇਨਸਾਨੀਯਤ ਤੋਂ ਗਿਰਿਆ ਹੋਇਆ ਚਾਪਲੂਸ ਝੂਠਾ, ਅਯੋਗ, ਕਾਮਚੋਰ, ਹਰਾਮਖ਼ੋਰ ਤੇ ਕਪਟੀ ਬੰਦਾ ਹੁੰਦਾ ਹੈ। ਤਿਆਗ ਦੀ ਮੂਰਤ ਕਲਾਕਾਰ ਪਰਉਪਕਾਰੀ ਤੇ ਪਰਸੁਆਰਥੀ ਹੋਣ ਸਦਕਾ ਆਪਣੀ ਕਲਾ ਨੂੰ ਦੂਸਰਿਆਂ ਦੇ ਭਲੇ ਲਈ ਵਰਤਦਾ ਹੋਇਆ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਦਾ ਹੈ। ਇਸ ਦੇ ਵਿਪਰੀਤ ਚਾਪਲੂਸ ਅਪਸੁਆਰਥੀ ਹੋਣ ਕਰਕੇ ਨੀਚ ਤੇ ਅਸੱਭਿਅ ਤਰੀਕੇ ਵਰਤਕੇ ਮਾਇਆ ਠੱਗਣ, ਆਪਣੀ ਹੋਂਦ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਝੂਠਾ ਮਹੱਤਵ ਦੇਣ ਵਿੱਚ ਰੁੱਝਿਆ ਰਹਿੰਦਾ ਹੈ। ਇਸ ਸੱਚਾਈ ਨੂੰ ਮੁੱਖ ਰੱਖਦਿਆਂ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਚਾਪਲੂਸੀ ਨੂੰ ਕਲਾ ਅਤੇ ਚਾਪਲੂਸ ਨੂੰ ਕਲਾਕਾਰ ਕਹਿਣਾ ਕਲਾ ਅਤੇ ਕਲਾਕਾਰ ਦੋਹਾਂ ਦਾ ਘੋਰ ਨਿਰਾਦਰ ਹੈ।

ਚਾਪਲੂਸੀ ਕਰਨ/ਕਰਾਉਣ ਦਾ ਝੱਸ ਉਤਨਾ ਹੀ ਪੁਰਾਣਾ ਹੈ ਜਿਤਨਾ ਕਿ ਮਨੁੱਖਾ ਸਮਾਜ। ਇਹ ਵੀ ਇੱਕ ਸਦੀਵੀ ਸੱਚ ਹੈ ਕਿ ਜਿਨ੍ਹਾਂ ਲੋਕਾਂ ਕੋਲ ਉੱਚਾ ਰੁਤਬਾ, ਸੰਸਾਰਕ ਸ਼ਕਤੀ ਜਾਂ ਦੌਲਤ ਦੇ ਭੰਡਾਰ ਹੁੰਦੇ ਹਨ, ਉਹ ਖ਼ੁਸ਼ਾਮਦ ਦੇ ਵਧੇਰੇ ਭੁੱਖੇ ਹੁੰਦੇ ਹਨ; ਅਤੇ ਖ਼ੁਸ਼ਾਮਦੀ ਵੀ ਇਨ੍ਹਾਂ ਦੁਆਲੇ ਗੰਦਗੀ ਉੱਤੇ ਮੱਖੀਆਂ ਵਾਂਗ ਭਿਣਕਦੇ ਹੀ ਰਹਿੰਦੇ ਹਨ।

ਪੁਰਾਤਨ ਕਾਲ ਵਿੱਚ ਰਾਜੇ ਮਹਾਰਾਜਿਆਂ, ਰਜਵਾੜਿਆਂ ਅਤੇ ਅਮੀਰਾਂ ਵਜ਼ੀਰਾਂ ਵਿੱਚ ਇਹ ਭੁੱਖ ਵਧੇਰੇ ਹੁੰਦੀ ਸੀ ਤੇ ਇਨ੍ਹਾਂ ਦੇ ਖ਼ੁਸ਼ਾਮਦੀ ਆਮ ਤੌਰ `ਤੇ ਭੰਡ ਮਰਾਸੀ ਜਾਂ ਮਸਖ਼ਰੇ ਆਦਿ ਹੋਇਆ ਕਰਦੇ ਸਨ ਜੋ ਆਪਣੇ ਸਰਪ੍ਰਸਤਾਂ ਦੀ ਪ੍ਰਸ਼ੰਸਾ ਕਰਕੇ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਅਸੀਸਾਂ ਦਿੰਦੇ ਅਤੇ ਇਸ ਬਦਲੇ ਉਨ੍ਹਾਂ ਤੋਂ ਖ਼ੈਰਾਤ ਲੈਂਦੇ ਸਨ। ਖ਼ੁਸ਼ਾਮਦ ਕਰਨਾ ਉਨ੍ਹਾਂ ਦਾ ਪੇਸ਼ਾ ਹੁੰਦਾ ਸੀ ਤੇ ਰੁਜ਼ਗਾਰ ਵੀ। ਇਸ ਦੇ ਅਤਿਰਿਕਤ ਕਈ ਵਿਦਵਾਨ ਸਾਹਿਤਕਾਰ ਵੀ ਹੋਏ ਹਨ ਜੋ ਕਲਮ ਦੀਆਂ ਕਲਾਬਾਜ਼ੀਆਂ ਨਾਲ ਆਪਣੀਆਂ ਰਚਨਾਵਾਂ ਵਿੱਚ ਆਪਣੇ ਸੰਰੱਖਿਅਕ ਦੀ ਮਿਥਿਆ ਪ੍ਰਸੰਸ਼ਾ ਕਰਕੇ ਉਨ੍ਹਾਂ ਨੂੰ ਆਦਰਸ਼ਿਆਉਂਦੇ ਸਨ ਜਿਸਦੇ ਬਦਲੇ ਉਨ੍ਹਾਂ ਨੂੰ ਸ਼ਾਬਾਸ਼ ਤੋਂ ਬਿਨਾਂ ਕਈ ਤਰ੍ਹਾਂ ਦੇ ਲਕਬ, ਖ਼ਿਤਾਬ ਅਤੇ ਜਾਗੀਰਾਂ ਤੇ ਖ਼ਿੱਲਤਾਂ ਆਦਿ ਬਖ਼ਸ਼ੀਆਂ ਜਾਂਦੀਆਂ ਸਨ। ਅੰਗਰੇਜ਼ੀ ਦਾ ਪ੍ਰਸਿੱਧ ਲੇਖਕ ਸ਼ੈਕਸਪੀਅਰ ਵੀ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ। ਉਸ ਨੇ ਆਪਣੇ ਸਰਪਰਸਤ ਅਰਲ ਆਫ਼ ਸਾਊਥਐਂਪਟਨ (Earl of Southampton) ਦੀ ਤਅਰੀਫ਼ ਵਿੱਚ ਕਈ ਪ੍ਰਸ਼ੰਸਾ-ਗੀਤ (sonnet) ਲਿਖੇ ਹਨ। ਪੰਜਾਬੀ ਦੇ ਹਾਫ਼ਿਜ਼ ਬਰਖ਼ੁਰਦਾਰ, ਹਾਸ਼ਮ ਸ਼ਾਹ ਅਤੇ ਮੀਆਂ ਮੁਹੰਮਦ ਬਖ਼ਸ਼ ਆਦਿ ਨੂੰ ਵੀ ਸਮੇਂ ਦੇ ਰਾਜੇ-ਰਜਵਾੜਿਆਂ ਦੀ ਸਰਪ੍ਰਸਤੀ ਪ੍ਰਾਪਤ ਸੀ। ਪਰੰਤੂ ਰੱਬ ਦਾ ਭੈ ਰੱਖਣ ਵਾਲੇ ਇਹ ਕਵੀ ਗ਼ੈਰਤਮੰਦ ਹੁੰਦੇ ਸਨ। ਇਨ੍ਹਾਂ ਨੂੰ ਪੂਰਾ ਮਾਨ-ਸਤਿਕਾਰ ਮਿਲਦਾ ਸੀ। ਦੂਜਾ, ਇਨ੍ਹਾਂ ਦੀ ਖ਼ੁਸ਼ਾਮਦ ਦਾ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ।

ਗ਼ੁਲਾਮ ਦੇਸ ਦੀ ਧਰਤੀ ਚਾਪਲੂਸੀ ਦੀ ਫ਼ਸਲ ਵਾਸਤੇ ਬਹੁਤ ਉਪਜਾਊ ਹੁੰਦੀ ਹੈ। ਹਾਕਮ ਕੌਮ ਗ਼ੁਲਾਮ ਦੇਸ਼ ਦੀ ਧਰਤੀ ਵਿੱਚ ਆਪਣੇ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਸਤੇ ਉੱਥੋਂ ਦੇ ਲੋਕਾਂ ਦੀ ਗ਼ੈਰਤ ਦਾ ਅੰਤ ਕਰਦੀ ਹੈ ਕਿਉਂਕਿ ਗ਼ੈਰਤਹੀਣੀ ਕੌਮ ਉੱਤੇ ਰਾਜ ਕਰਨਾ ਬੜਾ ਸੌਖਾ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤੀ ਆਦਿ ਕਾਲ ਤੋਂ ਹੀ ਕਾਇਰਾਂ ਦੀ ਕੌਮ ਰਹੀ ਹੈ; ਅਤੇ ਕਾਇਰਾਂ ਵਿੱਚ ਅਣਖ ਦਾ ਲਗ ਪਗ ਅਭਾਵ ਹੀ ਹੁੰਦਾ ਹੈ। ਪਹਿਲਾਂ ਸਿਕੰਦਰ ਤੇ ਫ਼ਿਰ ਮੁਸਲਮਾਨਾਂ/ਮੁਗ਼ਲਾਂ ਦੇ ਜ਼ਾਲਮਾਨਾ ਹਮਲਿਆਂ ਤੇ ਉਨ੍ਹਾਂ ਵਿਦੇਸੀ ਧਾੜਵੀਆਂ ਹੇਠ ਸਦੀਆਂ ਦੀ ਗ਼ੁਲਾਮੀ ਕਾਰਨ ਭਾਰਤੀਆਂ ਵਿੱਚੋਂ ਅਣਖ ਦਾ ਪੂਰਨ ਵਿਨਾਸ਼ ਹੋ ਗਿਆ। ਮੱਧ ਕਾਲ ਵਿੱਚ ਵਿਚਰੇ ਮਹਾਂਪੁਰਖਾਂ ਨੇ ਆਪਣੀ ਇਲਾਹੀ ਬਾਣੀ ਰਚ ਕੇ ਮੁਰਦਾ ਕੌਮ ਨੂੰ ਜਗਾਉਣ ਦਾ ਪਰਉਪਕਾਰੀ ਯਤਨ ਕੀਤਾ। ਗੁਰੂਆਂ ਨੇ ਅਣਖ-ਹੀਣ ਭਾਰਤੀਆਂ ਵਿੱਚ ਅਣਖ ਤੇ ਸਵੈਮਾਨ ਦੀ ਰੂਹ ਫੂਕਣ ਹਿਤ ਅਣਥੱਕ ਯਤਨ ਕੀਤੇ ਤੇ ਅਦੁੱਤੀ ਕੁਰਬਾਨੀਆਂ ਵੀ ਦਿੱਤੀਆਂ। ਪਰੰਤੂ ਬੇ-ਗ਼ੈਰਤ ਅਯਾਸ਼ ਭਾਰਤੀ ਰਾਜੇ ਰਜਵਾੜਿਆਂ ਨੇ ਅੰਗਰੇਜ਼ਾਂ ਨੂੰ ‘ਜੀ ਆਇਆਂ ਨੂੰ’ ਕਿਹਾ ਅਤੇ ਭਾਰਤ ਦੀ ਜਨਤਾ ਨੂੰ ਸਦੀਆਂ ਦੀ ਗ਼ੁਲਾਮੀ ਦਾ ‘ਤੋਹਫ਼ਾ’ ਦਿੱਤਾ। ਇਤਿਹਾਸ ਸਾਕਸ਼ੀ ਹੈ ਕਿ ਰਾਜ ਬਚਾਉਣ, ਜਾਗੀਰਾਂ ਹਾਸਿਲ ਕਰਨ, ਖ਼ਿਤਾਬ {ਰਾਏ ਸਾਹਿਬ, ਰਾਏ ਬਹਾਦੁਰ ਤੇ ਸਰ (sir) ਆਦਿ} ਪ੍ਰਾਪਤ ਕਰਨ ਅਤੇ ਰੁਤਬਿਆਂ ਦੀ ਖ਼ਾਤਿਰ ਭਾਰਤੀ ਅਣਖ ਅਤੇ ਗ਼ੈਰਤ ਨੂੰ ਛਿੱਕੇ ਉੱਤੇ ਟੰਗ ਕੇ ਅੰਗਰੇਜ਼ਾਂ ਦੇ ਤਲੂਏ ਚੱਟਣ ਵਿੱਚ ਫ਼ਖ਼ਰ ਮਹਿਸੂਸਦੇ ਰਹੇ। ਭਾਰਤੀ ਟੋਡੀ ਬੱਚਿਆਂ ਦੇ ਟੋਡੀਵਾਦ ਕਾਰਨ ਹੀ ਭਾਰਤ ਵਿੱਚ ਮਨਹੂਸ ਗ਼ੁਲਾਮੀ ਦੀ ਉਮਰ ਦਰਾਜ਼ ਹੁੰਦੀ ਗਈ।

ਚਾਪਲੂਸੀ ਉਨ੍ਹਾਂ ਕੁੱਝ ਇੱਕ ਮਾਨਸਿਕ ਬਿਮਾਰੀਆਂ ਵਿੱਚੋਂ ਹੈ ਜੋ ਗ਼ੁਲਾਮੀ ਦੀ ਹਾਲਤ ਵਿੱਚ ਵਧੇਰੇ ਫੈਲਦੀਆਂ ਹਨ। ਪਰ ਜਿਵੇਂ ਮਨੁੱਖ ਪੁਰਾਣੇ ਸੰਸਕਾਰਾਂ ਤੋਂ ਇੱਕ ਦਮ ਮੁਕਤ ਨਹੀਂ ਹੋ ਸਕਦਾ, ਆਜ਼ਾਦੀ ਮਿਲਨ ਤੋਂ ਬਾਅਦ ਵੀ ਭਾਰਤੀਆਂ ਦੇ ਸੁਭਾਅ ਵਿੱਚ ਇਸ ਰੋਗ ਦਾ ਘਰ ਕਰ ਜਾਣਾ ਕੁਦਰਤੀ ਸੀ। ਪਰ ਸਾਡਾ ਘੋਰ ਦੁਖਾਂਤ ਇਹ ਹੈ ਕਿ ਆਜ਼ਾਦੀ ਮਿਲਨ ਤੋਂ ਬਾਅਦ ਚਾਪਲੂਸੀ ਦੇ ਕੋਹੜ ਦੀ ਬਿਮਾਰੀ ਇਤਨੀ ਫੈਲੀ ਹੈ ਕਿ ਕੋਈ ਵੀ ਭਾਰਤੀ ਇਸ ਦੀ ਮਾਰ ਤੋਂ ਬਚ ਨਹੀਂ ਸਕਿਆ। ਜੇ ਕੋਈ ਹਰਿਆ ਬੂਟ ਬਚਿਆ ਵੀ ਹੈ, ਉਸ ਨੂੰ ਕਪਟੀ ਚਾਪਲੂਸ ਅਤੇ ਉਨ੍ਹਾਂ ਦੇ ਸੰਰੱਖਿਅਕ ਕੁਚਲ ਦੇਣ ਦਾ ਅਣਥੱਕ ਯਤਨ ਕਰਦੇ ਹਨ। ਨਤੀਜਤਨ, ਅੱਜ ਰਾਜਨੈਤਿਕ, ਸਮਾਜਕ, ਵਿੱਦਿਅਕ ਤੇ ਧਾਰਮਿਕ ਆਦਿ ਜੀਵਨ ਦੇ ਹਰ ਖੇੱਤਰ ਵਿੱਚ ਚਾਪਲੂਸੀ ਦੀ ਮਾਰੂ ਛਾਂ ਕਾਰਨ ਸੋਕਾ ਤੇ ਵੀਰਾਨੀ ਛਾ ਗਈ ਹੈ। ਚਾਪਲੂਸੀ ਭਾਰਤੀਆਂ ਦੇ ਸੁਭਾਉ ਦੀ ਮੁੱਖ ਕੁਰੁਚੀ ਬਣ ਚੁੱਕੀ ਹੈ।

ਚਾਪਲੂਸੀ ਕਰਵਾਉਣ ਦੀ ਭੁੱਖ ਹਉਮੈ ਦੇ ਦੀਰਘ ਰੋਗ ਦੀ ਮੁੱਖ ਅਲਾਮਤ (symptom) ਹੈ। ਇਹੀ ਕਾਰਣ ਹੈ ਕਿ ਇਹ ਚਸਕਾ ਹਾਕਮ ਸ਼੍ਰੇਣੀ, ਬੁਰਜ਼ਵਾ ਜਮਾਤ ਅਤੇ ਦੌਲਤਮੰਦ ਲੋਕਾਂ ਵਿੱਚ ਵਧੇਰੇ ਹੁੰਦਾ ਹੈ। ਹਉਮੈ-ਤ੍ਰਿਪਤੀ (ego satisfaction) ਦੀ ਤੜਪ, ਥੋਥੀ ਤੇ ਅਨੈਤਿਕ ਸ਼ਖ਼ਸੀਅਤ ਨੂੰ ਝੂਠਾ ਮਹੱਤਵ ਦੇਣ, ਸੰਸਾਰਕ ਸ਼ੋਭਾ ਦੀ ਭੁੱਖ ਆਦਿ ਮਾਨਸਿਕ ਕਮਜ਼ੋਰੀਆਂ ਕਾਰਣ ਇਨਸਾਨੀਯਤ ਤੋਂ ਗਿਰੇ ਹੋਏ ਇਨ੍ਹਾਂ ਥੋਥੇ ਚਣਿਆਂ ਵਿੱਚ ਖ਼ੁਸ਼ਾਮਦ ਕਰਵਾਉਣ ਦੀ ਅਬੁੱਝ ਤ੍ਰਿਸ਼ਨਾ ਪੈਦਾ ਹੁੰਦੀ ਹੈ। ਇਨਸਾਨੀਯਤ ਦੇ ਗੁਣਾਂ ਤੋਂ ਸੱਖਣੇ ਇਹ ਅਨੈਤਿਕ ਲੋਕ ਆਪਣੀ ਪ੍ਰਸਿੱਧੀ ਦੀ ਖ਼ਾਤਿਰ ਕੋਈ ਵੀ ਕੁਕਰਮ ਕਰਨ ਤੋਂ ਸੰਕੋਚ ਨਹੀਂ ਕਰਦੇ।

ਖ਼ੁਸ਼ਾਮਦੀ ਮਰੀ ਹੋਈ ਆਤਮਾ ਵਾਲਾ ਨਿਸ਼ਠਾ-ਹੀਣ ਸਵਾਰਥੀ ਵਿਅਕਤੀ ਹੁੰਦਾ ਹੈ ਜੋ ਸੰਸਾਰਕ ਲਾਭ ਦੀ ਖ਼ਾਤਿਰ ਆਪਣੀ ਅਣਖ, ਸਵੈਮਾਨ ਅਤੇ ਜ਼ਮੀਰ ਨੂੰ ਮਾਰ ਦਿੰਦਾ ਹੈ। ਜਿਸ ਵਿਅਕਤੀ ਦੀ ਜ਼ਮੀਰ ਹੀ ਮਰ ਚੁੱਕੀ ਹੋਵੇ ਉਹ ਇਨਸਾਨ ਨਹੀਂ ਸਗੋਂ ਚਲਦੀ ਫਿਰਦੀ ਲਾਸ਼ ਹੈ। ਇਸ ਲਾਸ਼ ਦਾ ਪ੍ਰੇਤ ਸਾਧਾਰਨ ਮਨੁੱਖਾਂ ਵਾਸਤੇ ਹਊਆ ਬਣਿਆ ਰਹਿੰਦਾ ਹੈ।

ਚਾਪਲੂਸ ਪਰਲੇ ਦਰਜੇ ਦਾ ਝੂਠਾ ਤੇ ਬੇਅਸੂਲਾ (unscrupulous) ਵਿਅਕਤੀ ਹੁੰਦਾ ਹੈ। ਉਸ ਦੀ ਸਰਪ੍ਰਸਤ ਨਾਲ ਨੇੜਤਾ ਦਾ ਆਧਾਰ ਕੋਈ ਗੁਣ ਜਾਂ ਵਿਸ਼ੇਸ਼ਤਾ ਨਹੀਂ ਹੁੰਦੀ ਸਗੋਂ ਉਹ ਤਾਂ ਕੇਵਲ ਉਸ ਦੀਆਂ ਅੱਖਾਂ ਵਿੱਚ ਝੂਠੀ ਸ਼ਾਲਾਘਾ ਦਾ ਘੱਟਾ ਪਾ ਕੇ ਆਪਣਾ ਉੱਲੂ ਸਿੱਧਾ ਕਰਦਾ ਹੈ। ਇਸ ਲਈ ਬੇਅਸੂਲੇ ਬੰਦੇ ਦਾ ਸਾਥ ਕੱਚੇ ਧਾਗੇ ਵਾਲਾ ਰਿਸ਼ਤਾ ਹੁੰਦਾ ਹੈ। ਇਸ ਨੂੰ ਪੌਣ-ਕੁੱਕੜ (weather cock) ਵੀ ਕਹਿੰਦੇ ਹਨ। ਜਿਵੇਂ ਪੌਣ-ਕੁੱਕੜ ਹਵਾ ਦੇ ਬਦਲਦੇ ਰੁਖ਼ ਨਾਲ ਆਪਣਾ ਰੁਖ਼ ਵੀ ਬਦਲ ਲੈਂਦਾ ਹੈ, ਤਿਵੇਂ ਖ਼ੁਸ਼ਾਮਦੀ ਵੀ ਮੌਕਾ ਪ੍ਰਸਤ ਹੁੰਦਾ ਹੈ। ਅੰਗਰੇਜ਼ੀ ਦਾ ਪਿਤਾਮਾ ਚਾਰਲਸ ਬੇਕਨ ਲਿਖਦਾ ਹੈ, “……for that more men adored the sun rising than the sun setting.” ਅਰਥਾਤ ਬਹੁਤੇ ਬੰਦੇ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਨ, ਡੁੱਬਦੇ ਨੂੰ ਨਹੀਂ। ਇੱਕ ਹੋਰ ਵਿਦਵਾਨ ਦਾ ਕਹਿਣਾ ਹੈ, “People respect the man in power.” ਸਪਸ਼ਟ ਹੈ ਕਿ ਚਾਪਲੂਸ ਕੁਰਸੀ ਨੂੰ ਸਲਾਮ ਕਰਦਾ ਹੈ ਅਤੇ ਕੁਰਸੀ ਉੱਤੇ ਬੈਠੇ ਵਿਅਕਤੀ ਨਾਲ ਉਸ ਦਾ ਸੰਬੰਧ ਓਪਰਾ ਹੀ ਹੁੰਦਾ ਹੈ।

ਜੇ ਚਾਪਲੂਸ ਡੁੱਬਦੇ ਸੂਰਜ ਵੱਲ ਪਿੱਠ ਹੀ ਕਰ ਲਵੇ ਤਾਂ ਵੀ ਸੁੱਖ ਹੈ; ਪਰੰਤੂ ਇਹ ਕਮਜਾਤ ਤਾਂ ਉਹ ਸੱਪ ਹੈ ਜੋ ਦੁੱਧ ਪਿਲਾਉਣ ਵਾਲੇ ਨੂੰ ਕਦੀ ਨਾ ਕਦੀ ਡੰਗ ਜ਼ਰੂਰ ਮਾਰੇ ਗਾ। ਥਾਲੀ ਦਾ ਇਹ ਬੈਂਗਣ ਆਪਣੇ ਸਰਪ੍ਰਸਤ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਦਰੇਗ ਨਹੀਂ ਕਰੇਗਾ। ਉਹ ਨਵੇਂ ਚੜ੍ਹਦੇ ਸੂਰਜ ਨੂੰ ਖ਼ੁਸ਼ ਕਰਨ ਲਈ ਪੁਰਾਣੇ ਦੀ ਮਿੱਟੀ ਪਲੀਤ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਅਤੇ ਉਸ ਦਾ ਖ਼ਾਨਾ ਖਰਾਬ ਕਰਕੇ ਹੀ ਸਾਹ ਲਵੇਗਾ।

ਬੋਲ ਚਾਲ, ਮੇਲ-ਜੋਲ ਤੇ ਵਿਵਹਾਰ ਤੋਂ ਝੋਲੀਚੁਕ ਬੜਾ ਵਫ਼ਾਦਾਰ, ਸ਼ੁਭਚਿੰਤਕ ਤੇ ਘਨਿਸ਼ਟ ਮਿੱਤਰ ਪ੍ਰਤੀਤ ਹੋਵੇਗਾ, ਜਦ ਕਿ ਹੁੰਦਾ ਉਹ ਆਸਤੀਨ ਦਾ ਸੱਪ ਹੈ। ਪ੍ਰਸਿੱਧ ਵਿਚਾਰਵਾਨ ਚੈਪਮੈਨ ਲਿਖਦਾ ਹੈ, “Flatterers look like friends, as wolves dogs.” ਅਰਥਾਤ ਚਾਪਲੂਸ ਦੀ ਬਾਹਰੀ ਸ਼ਖ਼ਸੀਅਤ ਦੋਸਤੀ ਅਤੇ ਵਫ਼ਾਦਾਰੀ ਦਾ ਪ੍ਰਭਾਵ ਪਾਉਂਦੀ ਹੈ, ਜਦੋਂ ਕਿ ਅੰਦਰੋਂ ਉਹ ਬਘਿਆੜ ਵਾਲੇ ਲੱਛਣਾਂ ਦਾ ਧਾਰਨੀ ਹੁੰਦਾ ਹੈ। ਇਸ ਸੱਚ ਦਾ ਸਮਰਥਨ ਇਤਿਹਾਸ ਵਿੱਚੋਂ ਮਿਲਦਾ ਹੈ। ਪ੍ਰਸਿੱਧ ਸਮਰਾਟ ਪੌਂਪੇ (Pompey) ਆਪਣੇ ਚਹੇਤੇ ਚਮਚਿਆਂ ਹੱਥੋਂ ਹੀ ਮਾਰਿਆ ਗਿਆ ਸੀ। ਜਗਤ ਪ੍ਰਸਿੱਧ ਯੋਧਾ ਰੋਮ ਦਾ ਬਾਦਸ਼ਾਹ ਜੂਲੀਅਸ ਸੀਜ਼ਰ (Julius Caesar) ਆਪਣੇ ਹੀ ਪਾਲੇ ਚਾਪਲੂਸ ਬਰੂਟਸ (Brutus) ਹੱਥੋਂ ਕਤਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਵਿਸ਼ਾਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੇ ਉਸ ਦੇ ਚਹੇਤੇ ਚਮਚੇ ਹੀ ਸਨ। ਅੱਜ ਦੇ ਜੀਵਨ ਵਿੱਚੋਂ ਇਹੋ ਜਿਹੀਆਂ ਬੇ-ਸ਼ੁਮਾਰ ਉਦ੍ਹਾਰਣਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਮੁੱਖ ਰੱਖਕੇ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਸਰਪ੍ਰਸਤ ਤੇ ਚਾਪਲੂਸਾਂ ਦਾ ਸੰਬੰਧ ਮੋਰ ਤੇ ਉਸ ਦੀ ਪੂਛ ਵਾਲਾ ਹੁੰਦਾ ਹੈ। ਮੋਰ ਦੀ ਵੱਡੀ ਸੁੰਦਰ ਪੂਛ ਅਤੇ ਉਸ ਉਪਰਲੇ ਬਹੁਰੰਗੇ ਸੁੰਦਰ ਚੰਦ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਤਾਂ ਲਾਉਂਦੇ ਹਨ ਪਰੰਤੂ ਮੁਸੀਬਤ ਸਮੇਂ ਇਹ ਪੂਛ ਹੀ ਉਸ ਦੇ ਉੱਡਣ ਵਿੱਚ ਰੁਕਾਵਟ ਬਣਦੀ ਹੈ। ਜਿਵੇਂ ਰੇਸ਼ਮ ਦੇ ਕੀੜੇ ਦੀ ਆਪ ਹੀ ਪੈਦਾ ਕੀਤੀ ਰੇਸ਼ਮ ਦੀ ਤਾਰ ਉਸ ਦੇ ਅੰਤ ਦਾ ਕਾਰਣ ਬਣਦੀ ਹੈ ਤਿਵੇਂ ਸੰਰੱਖਿਅਕ ਦੇ ਆਪ ਪਾਲੇ ਝੋਲੀਚੁੱਕ ਹੀ ਉਸ ਦੇ ਦੁਖਾਂਤ ਦਾ ਕਾਰਣ ਬਣਦੇ ਹਨ।

ਮਾਲਿਕ ਦੀਆਂ ਨਿਗਾਹਾਂ ਵਿੱਚ ਚੰਗਾ ਬਣਨ ਵਾਸਤੇ ‘ਬਿਨ ਪੇਂਦੇ ਦੇ ਇਹ ਲੋਟਾ’ (ਚਾਪਲੂਸ) ਆਪਣੇ ਕਪਟੀ ਮਨ ਦੀ ਟਕਸਾਲ ਵਿੱਚ ਝੂਠੀਆਂ ਤੁਹਮਤਾਂ ਘੜ ਕੇ ਮਾਲਿਕ ਕੋਲ ਆਪਣੇ ਬੇਕਸੂਰ ਸਾਥੀਆਂ ਤੇ ਸਹਿਕਾਰੀਆਂ ਦੀਆਂ ਚੁਗ਼ਲੀਆਂ ਕਰਦਾ ਹੈ; ਇਹ ਉਸ ਦਾ ਸ਼ੁਗ਼ਲ ਹੈ। ਭਾਵੇਂ ਉਸਦੀ ਚੁਗ਼ਲਖ਼ੋਰੀ ਕਿਸੇ ਵਿਚਾਰੇ ਬੇਕਸੂਰ ਸ਼ਰੀਫ਼ ਆਦਮੀ ਦਾ ਕਿੰਨਾਂ ਵੀ ਨੁਕਸਾਨ ਕਿਉਂ ਨਾ ਕਰ ਦੇਵੇ। ਇਸ ਤਰ੍ਹਾਂ ਆਪਣੀ ਕਰਤੂਤ ਨਾਲ ਕਿਸੇ ਨਿਰਦੋਸ਼ ਦਾ ਝੁੱਗਾ ਚੌੜ ਕਰਕੇ ਉਸ ਦੇ ਮਨ ਨੂੰ ਕੋਈ ਪਛੁਤਾਵਾ ਨਹੀਂ ਹੁੰਦਾ। (ਜਦੋਂ ਮਨ ਹੀ ਨਹੀਂ ਤਾਂ ਉਹ ਵਿਚਾਰਾ ਵੀ ਕੀ ਕਰੇ?)

ਹਰ ਪ੍ਰਾਪਤੀ ਦੀ ਇਨਸਾਨ ਨੂੰ ਕੀਮਤ ਚੁਕਾਉਣੀ ਪੈਂਦੀ ਹੈ। ਕੁਛ ਗੁਆਏ ਬਿਨਾਂ ਕੁੱਝ ਪਾਇਆ ਨਹੀਂ ਜਾਂਦਾ। ਇਨਸਾਨੀਅਤ ਦੇ ਮਾਰਗ `ਤੇ ਚਲਦਾ ਹੋਇਆ ਨੇਕ ਮਨੁੱਖ ‘ਪਰ’ ਦੀ ਖ਼ਾਤਿਰ ਆਪਣੇ ‘ਨਿਜ’ ਦੀ ਕੁਰਬਾਨੀ ਦੇ ਦਿੰਦਾ ਹੈ। ਪਰੰਤੂ ਮਾਨਸਿਕ ਪੱਖੋਂ ਨਿਪੁੰਸਕ ਚਾਪਲੂਸ ‘ਨਿਜ’ ਤੋਂ ‘ਪਰ’ ਨੂੰ ਵਾਰ ਦਿੰਦਾ ਹੈ ਅਤੇ ਸੰਸਾਰਕ ਸੁੱਖ ਤੇ ਪਦਾਰਥਕ ਪ੍ਰਾਪਤੀਆਂ ਲਈ ਆਤਮਿਕ ਗੁਣਾਂ ਦੀ ਬਲੀ ਦੇ ਦਿੰਦਾ ਹੈ। ਉਹ ਸਵਾਰਥ ਦੀ ਬੇਦੀ `ਤੇ ਸੱਚ, ਧਰਮ-ਈਮਾਨ, ਅਣਖ, ਮਿਤ੍ਰਤਾ, ਰਿਸ਼ਤੇ-ਨਾਤੇ, ਸਹਿਕਾਰਤਾ ਅਤੇ ਸਹਿਯੋਗ ਆਦਿ ਇਨਸਾਨੀਯਤ ਦੇ ਸਾਰੇ ਗੁਣਾਂ ਨੂੰ ਕੁਰਬਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਸ਼ਿਸ਼ਟਤਾ ਤੋਂ ਕੋਰਾ ਇਹ ਦੁਸ਼ਟ ਘੋਰ ਨਰਕ ਦਾ ਭਾਗੀ ਬਣਦਾ ਹੈ।

ਪ੍ਰਸਿੱਧ ਚਿੰਤਕ ਦਾਂਟੇ (Dante) ਨੇ ਇਨ੍ਹਾਂ ਚਾਪਲੂਸਾਂ ਨੂੰ ਦੋਜ਼ਖ਼ ਦੇ ਅੱਠਵੇਂ ਮੰਡਲ ਦੀ ਵਿਸ਼ਟਾ (ਮਲ-ਮੂਤਰ) ਨਾਲ ਭਰੀ ਦੂਜੀ ਖਾਈ ਵਿੱਚ ਵਿਸ਼ਟਾ ਦੇ ਕੀੜਿਆਂ ਵਾਂਗ ਰੀਂਗਦੇ ਦਿਖਾਇਆ ਹੈ।

ਚਾਪਲੂਸ ਬਹੁਤ ਮੋਟੀ ਚਮੜੀ ਦੇ ਮਾਲਿਕ ਹੁੰਦੇ ਹਨ। ਇਨ੍ਹਾਂ ਉੱਤੇ ਨਾ ਤਾਂ ਵਿਸ਼ਟਾ ਦਾ ਕੋਈ ਅਸਰ ਹੈ ਅਤੇ ਨਾ ਹੀ ਕਿਸੇ ਮਹਾਂਪੁਰਖ ਦੇ ਉਪਦੇਸ਼ ਦਾ!

ਉਪਰੋਕਤ ਸਾਰੀ ਚਰਚਾ ਤੋਂ ਸਪਸ਼ਟ ਹੁੰਦਾ ਹੈ ਕਿ ਚਾਪਲੂਸੀ ਦੂਸ਼ਤ ਮਨਾਂ ਦੀ ਉਪਜ ਤੇ ਖ਼ੁਰਾਕ ਹੈ। ਇਹ ਮਾਨਸਿਕ ਭ੍ਰਸ਼ਟਤਾ ਦਾ ਦੀਰਘ ਰੋਗ ਹੈ ਜੋ ਚਾਪਲੂਸੀ ਕਰਨ ਅਤੇ ਕਰਾਉਣ ਵਾਲਿਆਂ ਦੀ ਆਤਮਾ ਤੇ ਜ਼ਮੀਰ ਨੂੰ ਤਾਂ ਘੁਣ ਵਾਂਗ ਖਾਂਦਾ ਹੀ ਹੈ ਨਾਲ ਇਹ ਰੋਗ ਸਮਾਜ ਨੂੰ ਸਿਉਂਕ ਵਾਂਗ ਚੱਟ ਜਾਂਦਾ ਹੈ ਅਤੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਕਲੰਕਿਤ ਵੀ ਕਰਦਾ ਹੈ।

ਕਈਆਂ ਦਾ ਵਿਚਾਰ ਹੈ ਕਿ ਚਾਪਲੂਸੀ ਇੱਕ ਵਰ ਹੈ। ਹਾਂ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਪਲੂਸੀ ਜ਼ਮੀਰ-ਮਰੇ ਦੁਸ਼ਟਾਂ ਵਾਸਤੇ ਵਰ ਹੈ ਕਿਉਂਕਿ ਉਹ ਇਸ ਸਹਾਰੇ ਉਹ ਵੱਡੀਆਂ ਵੱਡੀਆਂ ਛਾਲਾਂ ਮਾਰਦੇ ਸੰਸਾਰਕ ਉੱਨਤੀ ਦੀਆਂ ਸਿਖ਼ਰਾਂ `ਤੇ ਪਹੁੰਚ ਜਾਂਦੇ ਹਨ ਤੇ ਪਦਾਰਥਕ ਪ੍ਰਾਪਤੀਆਂ ਵਿੱਚ ਕਿਰਤੀਆਂ ਤੇ ਨੇਕ ਬੰਦਿਆਂ ਨੂੰ ਪਛਾੜ ਦਿੰਦੇ ਹਨ। ਇਹ ਵੀ ਸੰਭਵ ਹੈ ਕਿ ਉਹ ਪਰਲੋ ਤੀਕ ਯੋਗ ਵਿਅਕਤੀਆਂ ਨੂੰ ਪਛਾੜਦੇ ਹੋਏ ਅੱਗੇ ਵਧਦੇ ਰਹਿਣ!

ਪਰੰਤੂ, ਅੰਤ ਬੁਰੇ ਦਾ ਬੁਰਾ ਹੀ ਹੁੰਦਾ ਹੈ। ਚਾਪਲੂਸੀ ਦਾ ਆਧਾਰ ਨਿਰੋਲ ਝੂਠ ਹੈ, ਅਤੇ ਝੂਠ ਦੇ ਪੈਰ ਨਹੀਂ ਹੁੰਦੇ! ਅਤੇ ਜਿਸ ਦੇ ਪੈਰ ਹੀ ਨਹੀਂ ਉਹ ਸਥਾਈ ਨਹੀਂ:-

ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ॥

ਪਾਠਕ ਸੱਜਣੋਂ ਆਓ! ਹੁਣ ਗੁਰਮਤਿ ਦੀ ਰੌਸ਼ਨੀ ਵਿੱਚ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ:-

ਗੁਰਬਾਣੀ ਵਿੱਚ ਉਸਤਤਿ (ਖ਼ੁਸ਼ਾਮਦ) ਨੂੰ ਨਿੰਦਾ ਜਿਤਨਾ ਹੀ ਦੂਸ਼ਿਤ ਵਿਕਾਰ ਕਿਹਾ ਗਿਆ ਹੈ:-

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ॥

ਲੋਹਾ ਕੰਚਨੁ ਸਮ ਕਰ ਜਾਨਹਿ ਤੇ ਮੂਰਤਿ ਭਗਵਾਨਾ॥ ਰਾਗੁ ਕੇਦਾਰਾ ਕਬੀਰ ਜੀ

ਉਸਤਤਿ ਨਿੰਦਾ ਕਰੈ ਨਰੁ ਕੋਈ॥

ਨਾਮੇ ਸ੍ਰੀਰੰਗੁ ਭੇਟਲ ਸੋਈ॥ ਰਾਗੁ ਭੈਰਉ ਨਾਮਦੇਵ ਜੀਉ

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥

ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੁ ਗੁਰਮੁਖਿ ਜਾਨਾ॥ ਰਾਗੁ ਗਉੜੀ ਮ: ੯

(ਨੋਟ:- ਉਪਰੋਕਤ ਤੁਕਾਂ ਵਿੱਚ ‘ਉਸਤਤਿ’ ਦੇ ਅਰਥ ਖ਼ੁਸ਼ਾਮਦ ਹਨ।)

ਨਮਰਤਾ ਦੇ ਪੁੰਜ, ਹਉਮੈ-ਰੋਗ ਤੋਂ ਮੁਕਤ ਬਾਣੀਕਾਰਾਂ ਨੇ ਨਾ ਤਾਂ ਕਿਸੇ ਤੋਂ ਚਾਪਲੂਸੀ ਕਰਵਾਈ ਅਤੇ ਨਾ ਹੀ ਕਿਸੇ ਦੀ ਖ਼ੁਸ਼ਾਮਦ ਕੀਤੀ। ਉਹ ਤਾਂ ਸੱਚੇ ਅਕਾਲਪੁਰਖ ਦੇ ਸੱਚੇ ਉਪਾਸ਼ਕ ਸਨ। ਬਾਣੀ ਵਿੱਚ ਉਨ੍ਹਾਂ ਨੇ ਉਸੇ ਦੇ ਹੀ ਗੁਣ ਗਾਇਣ ਕੀਤੇ ਹਨ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਜ਼ਾਲਿਮ ਰਾਜਿਆਂ, ਮਲਿਕ ਭਾਗੋਆਂ, ਅਮੀਰਾਂ-ਵਜ਼ੀਰਾਂ, ਧਰਮ ਦੇ ਭੇਖੀ ਪਾਖੰਡੀ ਲੁਟੇਰਿਆਂ, ਰੱਬ ਦੀ ਰਿਆਇਆ ਦੇ ਘਾਤਿਕਾਂ ਅਤੇ ਵਿਕਾਰੀਆਂ ਆਦਿ ਦਾ ਪੁਰਜ਼ੋਰ ਖੰਡਨ ਕੀਤਾ ਹੈ, ਉਨ੍ਹਾਂ ਨੂੰ ਲਾਅਨਤਾਂ ਪਾਈਆਂ ਹਨ। ਹਉਮੈ ਵਿੱਚੋਂ ਹੀ ਚਾਪਲੂਸੀ ਕਰਵਾਉਣ ਦਾ ਝੱਸ ਪੈਦਾ ਹੁੰਦਾ ਹੈ। ਪਰੰਤੂ ਬਾਣੀ ਰਚੈਤਿਆਂ ਦੇ ਕਿਰਦਾਰ ਵਿੱਚ ਹਉਮੈ ਦਾ ਕਣ ਵੀ ਨਜ਼ਰ ਨਹੀਂ ਆਉਂਦਾ! ਗੁਣਾਂ ਨਾਲ ਗਉਰੇ ਗੁਰੂਆਂ ਨੇ ਤਾਂ ਆਪਣੇ ਨਾਂਵਾਂ ਨਾਲ ਕੋਈ ਵੀ ਗੁਣਵਾਚਕ ਲਕਬ/ਤਖ਼ੱਲਸ ਨਹੀਂ ਵਰਤਿਆ ਉਲਟਾ ਸਾਰੇ ਗੁਰੂਆਂ ਨੇ ਆਪਣਾ ਆਪਣਾ ਨਾਮ ਵਰਤਨ ਦੀ ਬਜਾਏ ਕੇਵਲ ‘ਨਾਨਕ’ ਪਦ ਹੀ ਵਰਤਿਆ ਹੈ! ਉਨ੍ਹਾਂ ਨੇ ਕਿਸੇ ਸ਼ਾਸਕ ਦੀ ਝੋਲੀ ਨਹੀਂ ਚੁੱਕੀ ਸਗੋਂ ਉਨ੍ਹਾਂ ਦੀਆਂ ਜ਼ਾਲਮਾਨਾ ਕਰਤੂਤਾਂ ਦਾ ਨਿਧੜਕ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਵੰਗਾਰਿਆ ਭਾਵੇਂ ਉਨ੍ਹਾਂ ਨੂੰ ਇਸ ਬਦਲੇ ਅਕਹਿ ਕਸ਼ਟ ਸਹਿਣੇ ਪਏ ਤੇ ਸ਼ਹਾਦਤਾਂ ਵੀ ਦੇਣੀਆਂ ਪਈਆਂ।

ਪਰੰਤੂ ਗੁਰਮਤਿ ਉੱਤੇ ਕਾਬਿਜ਼ ਨੇਤਾ ਤੇ ਗੁਰੂ (ਗ੍ਰੰਥ) ਦੇ ਸਿੱਖ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਹਾਲ ਵੇਖੋ, ਉਨ੍ਹਾਂ ਵਿੱਚ ਸੱਚ ਦਾ ਸਾਥ ਦੇਣ ਅਤੇ ਝੂਠ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਰਹੀ। ਉਲਟਾ ਉਨ੍ਹਾਂ ਵਿੱਚ ਚਾਪਲੂਸੀ ਕਰਨ/ਕਰਵਾਉਣ ਦਾ ਰੋਗ ਚਰਮ-ਸੀਮਾ ਤਕ ਪਹੁੰਚ ਚੁੱਕਿਆ ਹੈ। ਸਿੱਖਾਂ ਦੇ ਤਿੰਨ ਮੁੱਖ ਸੰਗਠਨ (organizations) ਹਨ:- ਰਾਜਨੈਤਿਕ ਪਾਰਟੀ (ਆਂ); ਦੂਜੀ, ਗੁਰੂਦੁਆਰਾ ਪ੍ਰਬੰਧਕ ਕਮੇਟੀਆਂ; ਤੇ ਤੀਜੀ, ਪੁਜਾਰੀ ਸ਼੍ਰੇਣੀ। ਇਨ੍ਹਾਂ ਤਿੰਨਾਂ ਦੇ ਕਾਰਕੁੰਨ ਤੇ ਅਮਲਾ-ਫੈਲਾ ਹਉਮੈ ਤੇ ਖ਼ੁਸ਼ਾਮਦ ਦੇ ਰੋਗਾਂ ਵਿੱਚ ਪੂਰੀ ਤਰ੍ਹਾਂ ਗ੍ਰਸਤ ਹਨ। ਇਹ ਸਾਰੇ ਸੱਚ ਦੇ ਦੋਖੀ ਤੇ ਵਿਹੁ (ਝੂਠ) ਦੇ ਵਾਪਾਰੀ ਹਨ। ਇਹ ਤਿੰਨੋਂ ਆਪਸ ਵਿੱਚ ਜੁੰਡੀਦਾਰ ਹਨ। ਉਂਜ ਤਾਂ ਵਿਸਤਾਰ ਵਿੱਚ ਜਾਣ ਨਾਲ ਇੱਕ ਵੱਡਾ ਗ੍ਰੰਥ ਲਿਖਿਆ ਜਾ ਸਕਦਾ ਹੈ ਪਰ ਇੱਥੇ ਅਸੀਂ ਕੁੱਝ ਇੱਕ ਪ੍ਰਮਾਣ ਹੀ ਦੇਵਾਂਗੇ:

ਅੱਜ ਸਿੱਖ ਕੌਮ ਦੇ ਨੇਤਾ ਹਉਮੈ-ਰੋਗ-ਗ੍ਰਸਤ ਹਨ। ਇਸ ਮਾਨਸਿਕ ਰੋਗ ਦੇ ਮਾਰੂ ਅਸਰ ਹੇਠ ਵੱਡੇ-ਛੋਟੇ ਸਾਰੇ ‘ਸਿੱਖ’ ਨੇਤਾ ਖ਼ੁਸ਼ਾਮਦ ਦੇ ਮੁਹਤਾਜ ਵੀ ਬਣ ਗਏ ਹਨ। ਹਉਮੈ ਤ੍ਰਿਪਤੀ ਵਾਸਤੇ, ਉਹ ਆਪਣੇ ਆਪ ਨੂੰ ਮਸ਼ਹੂਰ (ਦਰਅਸਲ ਨਸ਼ਰ) ਕਰਨ ਲਈ ਆਪਣੇ ਨਾਵਾਂ ਨਾਲ ਤਰ੍ਹਾਂ ਤਰ੍ਹਾਂ ਦੇ ਲਕਬ (ਜਿਨ੍ਹਾਂ ਦੇ ਉਹ ਉੱਕਾ ਹੀ ਯੋਗ ਨਹੀਂ ਹੁੰਦੇ) ਲਾਉਣ/ਲੁਆਉਣ ਵਾਸਤੇ ਤਤਪਰ ਰਹਿੰਦੇ ਹਨ। ਕੌਮ ਦਾ ਗੌਰਵ ਮਿੱਟੀ ਵਿੱਚ ਮਿਲਾਉਣ ਵਾਲੇ ਨੂੰ ਫ਼ਖ਼ਰ-ਏ-ਕੌਮ, ਪੰਥ ਨੂੰ ਡੋਬਣ ਵਾਲੇ ਨੂੰ ਪੰਥ-ਰਤਨ, ਮਾਨਸਿਕ ਤੌਰ ਤੇ ਗ਼ੁਲਾਮ ਨੂੰ ਸ੍ਰੀ ਸਿੰਘ ਸਾਹਿਬ, ਗਿਆਨ ਦੇ ਦੁਸ਼ਮਨ ਨੂੰ ਬ੍ਰਹਮਗਿਆਨੀ, ਪੰਥ ਨੂੰ ਦੁੱਖ ਦੇਣ ਵਾਲੇ ਨੂੰ ਪੰਥ-ਦਰਦੀ ਤੇ ਪੰਥ ਤੋਂ ਸੇਵਾ ਕਰਵਾਉਣ ਵਾਲੇ ਨੂੰ ਪੰਥ-ਸੇਵਕ ਅਤੇ ਖੋਟ ਦੇ ਖ਼ਜ਼ਾਨੇ ਨੂੰ ਖਾਲਸਾ ਆਦਿ ਖ਼ਿਤਾਬ ਦਿੱਤੇ ਜਾਂਦੇ ਹਨ! ਮਸ਼ਹੂਰ (ਦਰਅਸਲ ਨਸ਼ਰ) ਹੋਣ/ਕਰਨ ਵਾਸਤੇ ਖ਼ਿਤਾਬ ਲੈਣ/ਦੇਣ ਦਾ ਇਹ ਮਨਮੁੱਖੀ ਰਿਵਾਜ ਗੁਰਸਿੱਖੀ ਨਹੀਂ ਹੈ!

‘ਸਿੱਖ’ ਨੇਤਾਵਾਂ ਦੇ ਜਨਮ-ਦਿਨ `ਤੇ ਖ਼ੁਸ਼ਾਮਦੀਆਂ ਦੀ ਦੌੜ ਬੜੀ ਦਿਲਚਸਪ ਤੇ ਦੇਖਣ ਵਾਲੀ ਹੁੰਦੀ ਹੈ। ਚਮਚਿਆਂ ਵੱਲੋਂ ਦਿੱਤੇ ‘ਜਨਮ ਦਿਨ ਦੀ ਲੱਖ ਲੱਖ ਵਧਾਈ’ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਨਾਲ ਅਖ਼ਬਾਰਾਂ ਭਰੀਆਂ ਹੀ ਰਹਿੰਦੀਆਂ ਹਨ। ਸਭ ਤੋਂ ਵੱਡੀ ਫ਼ੋਟੋ ਨਾਲ ਸੱਭ ਤੋਂ ਵੱਡਾ ਇਸ਼ਤਿਹਾਰ ਦੇਣ ਵਾਲਾ, ਨਿਰਸੰਧੇਹ, ਸਰਪ੍ਰਸਤ ਦਾ ਸੱਭ ਤੋਂ ਵੱਡਾ ਚਮਚਾ ਤੇ ਚਹੇਤਾ ਝੋਲੀਚੁਕ ਹੋਵੇਗਾ। ਸਰਪ੍ਰਸਤ ਦੇ ਮਰਨ ਜਾਂ ਬਰਸੀ ਮੌਕੇ ਵੀ ‘ਦੁਖੀ ਹਿਰਦਿਆਂ’ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ਦੀ ਕੋਈ ਕਮੀ ਨਹੀਂ ਹੁੰਦੀ। ਜਨਮ ਦਿਨ ਜਾਂ ਮੌਤ ਦੇ ਇਸ਼ਤਿਹਾਰਾਂ ਨਾਲ ਚਾਪਲੂਸ ਆਪਣੀ ਫ਼ੋਟੋ ਜ਼ਰੂਰ ਲੁਆਉਂਦੇ ਹਨ ਜਿਵੇਂ ਇਨ੍ਹਾਂ ਦਾ ਆਪਣਾ ਜਨਮ-ਦਿਨ ਹੋਵੇ ਜਾਂ ਇਨ੍ਹਾਂ ਦੀ ਆਪਣੀ ਮੌਤ ਹੋਈ ਹੋਵੇ।

ਕੁਰਸੀ ਹਥਿਆਉਣ ਲਈ ਯੋਗਤਾ ਨਾਲੋਂ ਚਾਪਲੂਸੀ ਵਧੇਰੇ ਕੰਮ ਆਉਂਦੀ ਹੈ। ਇਸ ਕੁਰਸੀ ਦੀ ਖ਼ਾਤਿਰ ਸਿੱਖਾਂ ਦੇ ਲੀਡਰਾਂ ਨੇ ਸਿੱਖਾਂ ਦੇ ਦੋਖੀਆਂ ਨਾਲ ਭਾਈਵਾਲੀ ਪਾਈ ਹੋਈ ਹੈ। ਵੋਟਾਂ ਵਾਸਤੇ ਇਹ ਨੇਤਾ ਡੇਰੇਦਾਰਾਂ ਦੀ ਖ਼ੁਸ਼ਾਮਦ ਕਰਦੇ ਹਨ ਅਤੇ ਭੋਲੀ-ਭਾਲੀ ਜਨਤਾ ਉੱਤੇ ਜ਼ੁਲਮ ਕਰਨ ਤੇ ਲੁੱਟਣ ਵਿੱਚ ਉਨ੍ਹਾਂ ਦੀ ਸਹਾਇਤਾ ਵੀ ਕਰਦੇ ਹਨ।

ਸਿਰੋਪਿਆਂ ਦੇ ਦੇਣ/ਲੈਣ ਦੇ ਵਿਆਪਕ ਹੋ ਚੁੱਕੇ ਰਿਵਾਜ ਦੀ ਇੱਕ ਵੱਡੀ ਵਜ੍ਹਾ ਖ਼ੁਸ਼ਾਮਦ ਹੀ ਹੈ। ਇਹ ਸਿਰੋਪੇ ਵਧੇਰੇ ਕਰਕੇ ਮਾਨਸਿਕ ਤੌਰ `ਤੇ ਨਿਪੁੰਸਕ ਹੋ ਚੁੱਕੇ ਉਨ੍ਹਾਂ ਨੀਚਾਂ ਨੂੰ ਦਿੱਤੇ ਜਾਂਦੇ ਹਨ ਜੋ ਕਿਸੇ ਲਾਲਚ ਕਰਕੇ ਦਲ ਬਦਲਦੇ ਹਨ ਜਾਂ ਸੱਚ ਦਾ ਵਿਰੋਧ ਕਰਕੇ ਝੂਠ ਦਾ ਬੇਸ਼ਰਮੀ ਨਾਲ ਸਮਰਥਨ ਕਰਦੇ ਹਨ। ਗੁਰਸਥਾਨਾਂ ਉੱਤੇ ਵੀ ਖ਼ੁਸ਼ਾਮਦ ਦਾ ਬੋਲ-ਬਾਲਾ ਹੈ। ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ ਸਭ ਤੋਂ ਵੱਧ ਸਿਰੋਪੇ ਉਨ੍ਹਾਂ ਮਲਿਕ ਭਾਗੋਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਵਿਰੁੱਧ ਬਾਣੀਕਾਰਾਂ ਨੇ ਆਵਾਜ਼ ਬੁਲੰਦ ਕੀਤੀ ਸੀ।

ਦੈਵੀ ਪੁਰਖਾਂ ਦੀ ਬਖ਼ਸ਼ਿਸ਼ ਸਿਰੋਪਾ ਅੱਜ ਖ਼ੁਸ਼ਾਮਦ ਦਾ ਚਿੰਨ੍ਹ ਬਣ ਚੁੱਕਿਆ ਹੈ। ਗੁਰ-ਸਥਾਨਾਂ ਉੱਤੇ ਇਹ ਖ਼ੁਸ਼ਾਮਦ ਮਾਇਆ ਬਟੋਰਨ ਵਾਸਤੇ ਉਨ੍ਹਾਂ ਮਾਇਆਧਾਰੀਆਂ ਦੀ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਅਤਿਅੰਤ ਦੁੱਖ ਦੀ ਗੱਲ ਹੈ ਕਿ ਜਿੱਥੇ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋਣੀ ਚਾਹੀਦੀ ਹੈ, ਉੱਥੇ ਦੰਭੀ ਭੇਖਧਾਰੀਆਂ ਦੀਆਂ ਝੂਠੀਆਂ ਤਾਅਰੀਫ਼ਾਂ ਦੇ ਪੁਲ ਬਨ੍ਹੇਂ ਜਾਂਦੇ ਹਨ ਅਤੇ ਗੁਰੂ (ਗ੍ਰੰਥ) ਦੇ ਸਨਮਾਨ ਦੀ ਪਰਵਾਹ ਨਾ ਕਰਦਿਆਂ ਇਨ੍ਹਾਂ ਦੋਖੀਆਂ ਨੂੰ ਸੋਨੇ ਦੇ ਤਮਗਿਆਂ ਤੇ ਮਾਇਆ ਦੇ ਲਿਫ਼ਾਫ਼ਿਆਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਅਰਦਾਸ ਵਿੱਚ ਵੀ ‘ਸਰਬੱਤ ਦਾ ਭਲਾ’ ਨੂੰ ਭੁੱਲ ਕੇ ਸਰਪਰਸਤਾਂ ਦੀਆਂ ਝੂਠੀਆਂ ਤਅਰੀਫ਼ਾਂ ਕੀਤੀਆਂ ਜਾਂਦੀਆਂ ਹਨ।

ਗੁਰਮਤਿ ਨਿਰੋਲ ਸੱਚ ਦਾ ਮਾਰਗ ਹੈ। ਇਸ ਮਾਰਗ ਉੱਤੇ ਚੱਲਣ ਵਾਲਾ ਗੁਰਸਿੱਖ ਹਮੇਸ਼ਾ ਸੱਚ ਦਾ ਸਾਥ ਹੀ ਦੇਵੇਗਾ। ਪਰੰਤੂ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਖ਼ੁਸ਼ਾਮਦ ਦੇ ਮੁਹਤਾਜ ਅਕਾਲੀ ਨੇਤਾਵਾਂ, ‘ਜਥੇਦਾਰਾਂ’, ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਦੇ ਕਾਰਕੁਨਾਂ, ਪੁਜਾਰੀਆਂ, ਅਤੇ ਯੂਨੀਵਰਸਿਟੀਆਂ ਦੇ ਵਿਕੇ ਹੋਏ ਬੇ-ਗ਼ੈਰਤ ਡਾਕਟਰਾਂ/ਪ੍ਰੋਫੈਸਰਾਂ ਆਦਿ ਨੇ ਸੱਚ ਅਤੇ ਸੱਚ ਕਹਿਣ/ਲਿਖਣ ਵਾਲਿਆਂ ਦਾ ਕਦੀ ਵੀ ਸਮਰਥਨ ਨਹੀਂ ਕੀਤਾ; ਅਤੇ ਨਾ ਹੀ ਝੂਠ ਵਿਰੁਧ ਆਵਾਜ਼ ਉਠਾਈ ਹੈ! ਉਲਟਾ ਦੋਖੀਆਂ ਨਾਲ ਰਲ ਕੇ ਸੱਚ ਨੂੰ ਦਬਾਉਣ ਅਤੇ ਸੱਚ ਦੇ ਸਮਰਥਕਾਂ ਨੂੰ ਦੁੱਖ ਦੇਣ ਦੇ ਯਤਨ ਹੀ ਕੀਤੇ ਹਨ। ਇਸ ਦੀ ਤਾਜ਼ਾ ਮਿਸਾਲ ਪ੍ਰੋ: ਘੱਗਾ ਨਾਲ ਬਿਨਾਂ ਵਜ੍ਹਾ ਕੀਤੀ ਜਾ ਰਹੀ ਬਦਸਲੂਕੀ ਹੈ। ਪ੍ਰੋ: ਘੱਗਾ ਦੀਆਂ, ਗੁਰਮਤਿ ਦੀ ਕਸੌਟੀ ਉੱਤੇ ਪਰਖ ਕੇ, ਕਹੀਆਂ/ਲਿਖੀਆਂ ਖਰੀਆਂ ਸੱਚੀਆਂ ਗੱਲਾਂ ਦਾ ਇਨ੍ਹਾਂ ਝੂਠ ਦੇ ਉਪਾਸ਼ਕਾਂ ਨੇ ਕਦੇ ਸਮਰਥਨ ਨਹੀਂ ਕੀਤਾ! ਅਤੇ ਉਸ ਨਾਲ ਹੋ ਰਹੇ ਅਨਿਆਂ ਦੇ ਵਿਰੋਧ `ਚ ਆਪਣਾ ਮਨਹੂਸ ਮੂੰਹ ਖੋਲਣ ਦਾ ਹੌਸਲਾ ਵੀ ਨਹੀਂ ਕਰ ਸਕੇ! ਕਿਉਂ? ਕਿਉਂਕਿ ਇਨ੍ਹਾਂ ਝੂਠ ਦੇ ਪੁਜਾਰੀਆਂ ਨੂੰ ਸੱਚ ਨਾਲੋਂ ਜ਼ਮੀਰ ਮਾਰ ਕੇ ਕੀਤੀ ਚਾਪਲੂਸੀ ਸਦਕਾ ਮਿਲੀ ਹੋਈ ਕੁਰਸੀ ਤੇ ਹਰਾਮ ਦੀ ਕਮਾਈ ਵਧੇਰੇ ਮਿੱਠੀਆਂ ਤੇ ਸੁੱਖਦਾਇਕ ਲਗਦੀਆਂ ਹਨ!

ਗੁਰਇੰਦਰ ਸਿੰਘ ਪਾਲ

ਅਗਸਤ 25, 2013.
.