.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਉਨੱਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਦਰਅਸਲ ਇਸ ਚਲਦੇ ਵਿਸ਼ੇ “ਸਿੱਖੀ ਸੰਭਾਲ ਸਿੰਘਾ! ਸਿੱਖ ਧਰਮ-ਧਰਮ ਵੀ ਹੈ ਅਤੇ ਸਿੱਖ ਲਹਿਰ ਵੀ” ਦੀ ਅੰਤਕਾ ਸਮੇਂ ਇਸਦੇ ਮੂਲ ਵਿਸ਼ੇ “ਬੇਸ਼ੱਕ ਜਨਗਣਨਾ ਅਨੁਸਾਰ ਅੱਜ ਭਾਰਤ `ਚ ਸਿੱਖਾਂ ਦੀ ਕੁਲ ਗਿਣਤੀ ਦੋ ਕਰੋੜ ਤੋਂ ਵੀ ਘੱਟ ਹੈ। ਇਸ ਤੋਂ ਬਾਅਦ ਜੇਕਰ ਅੱਜ ਵੀ ਸਿੱਖ ਧਰਮ ਦਾ ਧੁਰਾ, ਭਾਵ ਇਸ `ਚ ਸਮੂਚੇ ਨਾਨਕ ਪੰਥੀਆਂ ਤੇ ਸਿੱਖ ਸ਼੍ਰਧਾਲੂਆਂ ਨੂੰ ਜੋੜ ਕੇ ਸਿੱਖਾਂ ਦੀ ਗਿਣਤੀ ਕੀਤੀ ਜਾਵੇ ਤਾਂ ਯਕੀਨਣ ਅੱਜ ਵੀ ਸਿੱਖਾਂੑ ਦੀ ਇਹ ਗਿਣਤੀ ਵੀਹ ਕਰੋੜ ਤੋਂ ਵੀ ਵਧ ਸਾਬਤ ਹੋਵੇਗੀ” ; ਇਸ ਲਈ ਮੂਲ ਵਿਸ਼ੇ ਨੂੰ ਪਹਿਚਾਨਣ ਤੇ ਇਸ ਦੀ ਜੜ੍ਹ `ਚ ਤੱਕ ਪੁਜਣ ਲਈ, ਸਾਨੂੰ ਬੇਸ਼ੱਕ ਅਤੀ ਸੰਕੋਚਵੇਂ ਤੌਰ `ਤੇ ਹੀ ਸਹੀ ਪਰ ਫ਼ਿਰ ਤੋਂ ਇਨ੍ਹਾਂ ਚਾਰ ਪੱਖਾਂ ਨੂੰ ਜੋੜ ਕੇ ਵਿਚਾਰਣਾ ਪਵੇਗਾ। ਤਾਂ ਤੇ ਇਹ ਚਾਰ ਪੱਖ ਇਸਤਰ੍ਹਾਂ ਹਨ

(੧) ਮਨੁੱਖਾ ਸਰੀਰ ਅੰਦਰ ‘ਮਨ’ ਕੀ ਹੈ ਅਤੇ ਇਸ ‘ਮਨ’ ਦਾ ਪ੍ਰਗਟਾਵਾ?

(੨) ਸਿੱਖ ਧਰਮ ਦਾ ਮੂਲ ਸਰੂਪ ਤੇ ਪ੍ਰਗਟਾਵਾ?

(੩) ਸਿੱਖੀ ਜੀਵਨ ਅਥਵਾ ਸਿੱਖ ਦੀ ਜੀਵਨ ਰਹਿਣੀ ਕੀ ਹੋਣੀ ਹੈ?

(੪) ਸਿੱਖ ਵਿਚਾਰਧਾਰਾ ਤੇ ਸਿੱਖ ਜੀਵਨ ਜਾਚ ਦਾ ਮੂਲ ਕਿੱਥੇ ਹੈ?

ਇਸ `ਚ ਸ਼ੱਕ ਨਹੀਂ ਕਿ ਹੁਣ ਤੀਕ ਦੀ ਲੰਮੀ ਵਿਚਾਰ `ਚ ਇਹ ਚਾਰੇ ਵਿਸ਼ੇ, ਸਮੇਂ ਸਮੇਂ `ਤੇ ਅਤੇ ਲੋੜ ਅਨੁਸਾਰ ਲਏ ਵੀ ਜਾ ਚੁੱਕੇ ਹਨ। ਇਸ ਤੋਂ ਬਾਅਦ ਵੀ ਜ਼ਰੂਰੀ ਤੇ ਲਾਹੇਵੰਦ ਰਵੇਗਾ ਜੇਕਰ ਸੰਬੰਧਤ ਪੱਖਾਂ ਨੂੰ ਅੰਤਕਾ ਸਮੇਂ ਕਿਸੇ ਹੱਦ ਤੀਕ ਫ਼ਿਰ ਤੋਂ ਤਾਜ਼ਾ ਕਰ ਲਿਆ ਜਾਵੇ। ਤਾਂ ਤੇ:-

(੧) ਮਨੁੱਖਾ ਸਰੀਰ ਅੰਦਰ ‘ਮਨ’ ਕੀ ਹੈ ਅਤੇ ਇਸ ‘ਮਨ’ ਦਾ ਪ੍ਰਗਟਾਵਾ? ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਅੰਦਰ ‘ਮਨ’ ਕੇਵਲ ਵਿਚਾਰਾਂ ਤੇ ਸੰਸਕਾਰਾਂ ਦਾ ਸਮੂਹ ਹੁੰਦਾ ਹੈ। ਮਨੁੱਖਾ ਜਨਮ ਸਮੇਂ, ਪ੍ਰਭੂ ਵੱਲੋਂ ਇਸ ‘ਮਨ’ ਵਾਲੀ ਦਾਤ ਮਨੁੱਖ ਨੂੰ ਪ੍ਰਾਪਤ ਹੀ ਕੇਵਲ ਇਸ ਲਈ ਹੁੰਦੀ ਹੈ ਤਾ ਕਿ ਮਨੁੱਖ ਇਸ ਮਨ ਰਾਹੀਂ ਗੁਰੂ ਸ਼ਬਦ ਦੀ ਕਮਾਈ ਕਰੇ। ਉਸੇ ਤੋਂ ਮਨੁੱਖ ਇੱਕ ਪਾਸੇ, ਜੀਉਂਦੇ ਜੀਅ ਸੰਸਾਰ `ਚ ਵਿਚਰਦਾ ਹੋਇਆ, ਪ੍ਰਭੂ ਨਾਲ ਇੱਕ ਮਿੱਕ ਰਹਿਕੇ ਜੀਵਨ ਤੇ ਸੰਸਾਰ ਦੋਨਾਂ ਦਾ ਸਾਰਥਕ ਅਨੰਦ ਮਾਨ ਸਕੇ। ਮਨੁੱਖਾ ਜੀਵਨ ਦੀ ਇਸੇ ਸਫ਼ਲਤਾ ਨੂੰ ਗੁਰਬਾਣੀ `ਚ ਇਸ ਤਰ੍ਹਾਂ ਵੀ ਬਿਆਣਿਆਂ ਹੈ ਜਿਵੇਂ “ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ” (ਪੰ: ੫੨੨)। ਜੀਵਨ ਦੀ ਅਜਿਹੀ ਸਫ਼ਲ ਅਵਸਥਾ `ਚ, ਜੀਉਂਦੇ ਜੀਅ ਮਨ ਦੀ, ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਵੀ ਮੁੱਕ ਜਾਂਦੀ ਹੈ। ਉਪ੍ਰੰਤ ਸਰੀਰ ਦੇ ਬਿਨਸਨ ਬਾਅਦ, ਮਨੁੱਖ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਇਸ ਨੂੰ ਵਾਪਿਸ ਜਨਮਾਂ-ਜੂਨਾਂ ਅਥਵਾ ਜਨਮ-ਮਰਨ ਦੇ ਗੇੜ `ਚ ਨਹੀਂ ਪੈਣਾ ਪੈਂਦਾ।

ਜਦਕਿ ਮਨੁੱਖ ਦੇ ਇਸੇ ‘ਮਨ’ ਦਾ ਇੱਕ ਪੱਖ ਇਹ ਵੀ ਹੈ ਜਿਸ ਬਾਰੇ ਹੁਣੇ ਹੁਣੇ “ਕਬੀਰ ਮਨੁ ਪੰਖੀ ਭਇਓ” ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ” (ਪੰ: ੧੩੬੯) ਅਤੇ “ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਅਥਵਾ “ਇਹੁ ਮਨੁ ਪੰਚ ਤਤੁ ਤੇ ਜਨਮਾ” (ਪੰ: ੪੧੫) ਜਾਂ “ਇਹੁ ਮਨੁ ਪੰਚ ਤਤ ਕੋ ਜੀਉ” (ਪੰ: ੩੪੨) ਅਦਿ ਗੁਰ ਪ੍ਰਮਾਣਾਂ ਨੂੰ ਲੈ ਕੇ ਕਿਸੇ ਹੱਦ ਤੀਕ ਵਿਚਾਰ ਵੀ ਕਰ ਚੁੱਕੇ ਹਾਂ। ਇਸ ਦਾ ਅਰਥ ਭਾਵ ਹੈ ਕਿ ਮਨੁੱਖ ਜਿਸ ਤਰ੍ਹਾਂ ਦੇ ਵਾਤਾਵਰਣ ਤੇ ਸੰਗਤ `ਚ ਰਹਿੰਦਾ ਹੈ ਉਸੇ ਤਰ੍ਹਾਂ ਦਾ ਇਸ ਦੇ ਮਨ `ਤੇ ਰੰਗ ਵੀ ਚੜ੍ਹ ਜਾਂਦਾ ਹੈ। ਮਨੁੱਖ ਦੀ ਉਸੇ ਤਰ੍ਹਾਂ ਦੀ ਸੋਚਨੀ ਰਹਿਨੀ ਬੋਲਚਾਲ ਆਦਿ ਭਾਵ ਸਮੂਚਾ ਜੀਵਨ ਤਿਆਰ ਹੋ ਜਾਂਦਾ ਹੈ।

ਇਹੀ ਕਾਰਨ ਹੈ ਕਿ ਸੰਪੂਰਣ ਗੁਰਬਾਣੀ `ਚ ਮਨੁੱਖ ਨੂੰ ਕੁਸੰਗਤ ਤੋਂ ਬਚਣ ਤੇ ਗੁਰੂ ਕੀ ਸੰਗਤ `ਚ ਵਿਚਰਣ ਲਈ ਤਾਕੀਦ ਕੀਤੀ ਗਈ ਹੈ। ਇਸੇ ਤੋਂ ਉਸ ਦਾ ਜੀਵਨ ਗੁਰਮੁੱਖਾਂ ਵਾਲਾ ਬਨਣਾ ਹੈ, ਨਹੀਂ ਤਾਂ ਮਨਮੱਤੀਆ, ਭਾਵ ਸਫ਼ਲ ਜਾਂ ਅਸਫ਼ਲ, ਵਡਭਾਗੀ ਜਾਂ ਅਭਾਗਾ, ਸਚਿਆਰ ਜਾਂ ਕੂੜਿਆਰ ਆਦਿ।

ਮੁੱਕਦੀ ਗੱਲ ਮਨੁੱਖ ਦੇ ਮਨ ਨੂੰ ਜਿਸ-ਜਿਸ ਤਰ੍ਹਾਂ ਦੀ ਭਿੰਨ ਭਿੰਨ ਸੋਝੀ ਅਥਵਾ ਖ਼ੁਰਾਕ ਮਿਲੇਗੀ ਉਸੇ ਤਰ੍ਹਾਂ ਦੀਆਂ ਹੀ ਮਨੁੱਖ-ਮਨੁੱਖ ਵਿਚਕਾਰ ਵੰਡੀਆਂ ਵੀ ਪੈਂਦੀਆਂ ਤੇ ਵਧਦੀਆਂ ਜਾਣਗੀਆਂ। ਇਸੇ ਤੋਂ ਮਨੁੱਖ-ਮਨੁੱਖ ਵਿਚਕਾਰ ਗੁੱਟ, ਧੜੇਬੰਦੀਆਂ, ਪਾਰਟੀਆਂ ਤੇ ਫ਼ਿਰਕੇ ਤਿਆਰ ਹੁੰਦੇ ਜਾਣਗੇ। ਫ਼ਿਰ ਉਹ ਸਾਰੇ ਫ਼ਿਰਕੇ ਵੀ ਭਾਵੇਂ ਆਪਣੇ ਆਪ ਨੂੰ ਗੁਰੂ ਕੇ ਸਿੱਖ ਹੀ ਮੰਣਦੇ ਜਾਂ ਅਖਵਾਉਂਦੇ ਹੋਣ, ਪਰ ਆਪਸੀ ਸਾਂਝ ਨਹੀਂ ਬਣ ਆਉਂਦੀ।

ਉਪ੍ਰੰਤ ਗੁਰੂ ਕੀਆਂ ਸੰਗਤਾਂ ਫ਼ਿਰ ਤੋਂ ਇੱਕ ਇੱਕ ਤੇ ਗੁਰਮੁਖ ਹੋ ਜਾਣ ਤੇ ਉਨ੍ਹਾਂ ਵਿਚਕਾਰ ਮੁੜ ਆਪਸੀ ਪਿਆਰ, ਸਤਿਕਾਰ ਤੇ ਸਾਂਝ ਕਾਇਮ ਹੋ ਜਾਵੇ, ਉਸ ਦਾ ਇਕੋ ਹੀ ਢੰਗ ਹੈ। ਤਾਂ ਤੇ ਉਹ ਢੰਗ ਹੈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਨਿਰਮਲ ਭਉ `ਚ ਰਹਿੰਦੇ ਹੋਏ ਅਤੇ ਦ੍ਰਿੜ ਇਰਾਦੇ ਨਾਲ “ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਅੰ: ੧੧੮੫) ਅਨੁਸਾਰ ਸੰਪੂਰਣ ਪੰਥ ਰਾਹੀਂ ਆਪਣੀ ਜੀਵਨ ਜਾਚ ਤੇ ਜੀਵਨ ਸ਼ੈਲੀ ਨੂੰ ਨਿਰੋਲ ਗੁਰਬਾਣੀ ਆਦੇਸ਼ਾਂ ਅਨੁਸਾਰ ਢਾਲਣਾ ਤੇ ਤਿਆਰ ਕਰਣਾ।

“ਕੋਇ ਨ ਕਿਸ ਹੀ ਜੇਹਾ ਉਪਾਇਆ” -ਇਸ ਸਾਰੇ ਦੇ ਬਾਵਜੂਦ ਸੰਬੰਧਤ ਮਨੁੱਖੀ ‘ਮਨ’ ਵਾਲੇ ਵਿਸ਼ੇ ਦਾ ਇੱਕ ਪੱਖ ਹੋਰ ਵੀ ਹੈ। ਉਹ ਪੱਖ ਹੈ “ਮੇਰੈ ਪ੍ਰਭਿ ਸਾਚੈ, ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥ ਆਪੇ ਫਰਕੁ ਕਰੇ ਵੇਖਿ ਵਿਗਸੈ, ਸਭਿ ਰਸ ਦੇਹੀ ਮਾਹਾ ਹੇ” (ਪੰ: ੧੦੫੬) ਅਨੁਸਾਰ ਜੇ ਕਰ ਬਾਕੀ ਅਨੰਤ ਜੂਨੀਆਂ ਦਾ ਵਿਸ਼ਾ ਵੱਖ ਵੀ ਕਰ ਦਿੱਤਾ ਜਾਵੇ ਤਾਂ ਇਕੱਲੇ ਇਕੱਲੇ ਮਨੁੱਖ ਦੀਆਂ ਸ਼ਕਲਾਂ ਦੇ ਅੰਤਰ ਕਾਰਨ ਹੀ, ਹਰੇਕ ਮਨੁੱਖ ਦੀ ਦੂਜੇ ਤੋਂ ਵੱਖਰੀ ਪਹਿਚਾਣ ਹੁੰਦੀ ਹੈ। ਵਿਚਾਰਣ ਦਾ ਵਿਸ਼ਾ ਹੈ ਜੇਕਰ ਹਰੇਕ ਮਨੁੱਖ-ਮਨੁੱਖ ਵਿਚਕਾਰ ਇਹ ਸ਼ਕਲਾਂ ਵਾਲਾ ਭੇਦ ਹੀ ਨਾ ਹੁੰਦਾ ਤਾਂ ਕੌਣ ਕਿਸ ਦੀ ਪਛਾਣ ਕਰ ਸਕਦਾ ਸੀ। ਇਤਨਾ ਹੀ ਨਹੀਂ ਫ਼ਿਰ ਹਰੇਕ ਮਨੁੱਖ ਦੀਆਂ ਆਵਾਜ਼ਾਂ `ਚ ਭਿੰਣਤਾ, ਉਨ੍ਹਾਂ ਦੀ ਯਾਦ ਸ਼ਕਤੀ `ਚ ਭਿੰਣਤਾ, ਸਮਝ ਸੋਚ ਤੇ ਸੋਝੀ ਵੀ ਵੱਖ ਵੱਖ। ਇਸ ਤਰ੍ਹਾਂ ਆਖ਼ਿਰ ਕਿਥੋਂ ਤੱਕ ਗਿਣਿਆ ਜਾਵੇ। ਇਕੋ ਇੱਕ ਮਨੁੱਖਾ ਜੂਨ ਤੇ ਉਸਦੇ ਸਰੀਰਾਂ ਵਿਚਕਾਰ ਹੀ ਅਜਿਹੇ ਭੇਦਾਂ ਦਾ ਅੰਤ ਨਹੀਂ।

ਇਹੀ ਕਾਰਣ ਹੈ ਕਿ ਜਦੋਂ ਕਿਸੇ ਸਕੂਲ ਜਾਂ ਕਾਲਿਜ ਦੀ ਕਿਸੇ ਇੱਕ ਕਲਾਸ `ਚ, ਜਿੱਥੇ ਕੋਰਸ ਤੇ ਪੜ੍ਹਾਈ ਵੀ ਇਕੋ ਚੱਲ ਰਹੀ ਹੁੰਦੀ ਹੈ, ਪ੍ਰੋਫ਼ੈਸਰ ਤੇ ਟੀਚਰ ਵੀ ਉਹੀ ਹੁੰਦੇ ਹਨ ਤਾਂ ਵੀ ਇੱਕ ਪਾਠਕ ਤਾਂ ਪੂਰੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ ਜਦਕਿ ਉਸੇ ਕਲਾਸ `ਚੋਂ ਫ਼ੇਲ ਹੋਣ ਵਾਲੇ ਵੀ ਪਾਠਕ ਹੀ ਹੁੰਦੇ ਹਨ। ਹੋਰ ਤਾਂ ਹੋਰ, ਅਕਾਲਪ੍ਰੁਖ ਨੇ ਸਾਡੇ ਹੱਥਾਂ ਦੀਆਂ ਪੰਜੇ ਉਂਗਲਾਂ ਛੋਟੀਆਂ-ਵਡੀਆਂ ਨਾ ਬਣਾਕੇ, ਜੇਕਰ ਇਕੋ ਨਾਪ ਦੀਆਂ ਬਣਾਈਆਂ ਹੁੰਦੀਆਂ ਤਾਂ ਸਾਡਾ ਹੱਥ ਵੀ ਕੰਮ ਨਹੀਂ ਸੀ ਕਰ ਸਕਦਾ। ਸਪਸ਼ਟ ਹੀ ਕਰਤੇ ਦੇ ਇਸ਼ ਅਨੰਤ ਭਿੰਣਤਾ ਵਾਲੇ ਨਿਯਮ ਪਿੱਛੇ ਵੀ ਉਸਦੀ ਬਹੁਤ ਵੱਡੀ ਦਾਤ ਤੇ ਖੇਡ ਹੀ ਕੰਮ ਕਰ ਰਹੀ ਹੈ। ਇਸ ਲਈ ਜਦੋਂ ਅਸਾਂ ਅਜੋਕੇ ਸਿੱਖਾਂ ਦੀ ਗਿਣਤੀ ਵਿਚਲੇ ਦੋ ਕਰੋੜ ਤੇ ਵੀਹ ਕਰੋੜ ਵਾਲੇ ਅੰਤਰ ਨੂੰ ਘੋਖਣਾ ਤੇ ਉਸਦਾ ਪੱਕਾ ਹੱਲ ਕਢਣਾ ਹੈ ਤਾਂ ਉਥੇ ਇਹ ਵਿਸ਼ਾ ਵੀ ਸਾਡੀ ਬਹੁਤ ਜ਼ਿਆਦਾ ਮਦਦ ਕਰੇਗਾ।

(੨) ਸਿੱਖ ਧਰਮ ਦਾ ਮੂਲ ਸਰੂਪ ਤੇ ਪ੍ਰਗਟਾਵਾ? - ਇਸ `ਚ ਦੋ ਰਾਵਾਂ ਨਹੀਂ ਕਿ ਸਿੱਖ ਦਾ ਸਰੂਪ, ਮਨੁੱਖ ਮਾਤ੍ਰ ਲਈ, ਉਸਦਾ ਪੂਰਣ ਕੇਸਾਧਾਰੀ ਹੋਣਾ ਹੈ। ਇਸ ਸਰੂਪ `ਚ ਮਨੁੱਖ ਦੀ ਨਾ ਕੋਈ ਆਪਣੀ ਬਨਾਵਟ, ਸਿਆਣਪ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਭੇਖ। ਇਹ ਸਰੂਪ ਹੀ, ਮਨੁੱਖਾ ਸਰੀਰ ਦਾ ਕੁਦਰਤੀ ਸਰੂਪ ਹੈ। ਫ਼ਿਰ ਮਨੁੱਖ ਤੇ ਖਾਸਕਰ ਸਿੱਖ ਨੂੰ, ਇਸ ਰੱਬੀ ਸਰੂਪ `ਚ ਕਾਇਮ ਰਹਿਣ ਲਈ, ਗੁਰਬਾਣੀ `ਚ ਅਨੇਕਾਂ ਫ਼ੁਰਮਾਨ ਵੀ ਮੌਜੂਦ ਹਨ। ਉਪ੍ਰੰਤ ਸਿੱਖੀ ਦੇ ਇਸ ਮੂਲ ਸਰੂਪ ਦਾ ਹੀ ਅਗ਼ਲਾ ਕੱਦਮ ਹੈ ਸਿੱਖ ਦਾ ਪੰਜ ਕਕਾਰੀ ਹੋਣਾ। ਜਦਕਿ ਇਸ ਵਿਸ਼ੇ ਨਾਲ ਕੁੱਝ ਹੋਰ ਸਚਾਈਆਂ ਵੀ ਸੰਬੰਧਤ ਹਨ ਜਿਨ੍ਹਾਂ ਨੂੰ, ਮਸਲੇ ਦੀ ਤਹਿ ਤੱਕ ਪੁੱਜਣ ਲਈ, ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਤਾਂ ਤੇ:-

(ੳ) ਸ਼ੱਕ ਨਹੀਂ ਕਿ ਸਿੱਖ ਧਰਮ ਦੀ ਜਨਮ ਭੂਮੀ ਪੰਜਾਬ ਹੈ। ਜਦਕਿ ਇੱਕ ਅੰਦਾਜ਼ੇ ਮੁਤਾਬਿਕ ਅੱਜ ੯੮% ਪੰਜਾਬ ਦਾ ਸਿੱਖ ਬੱਚਾ-ਬੱਚੀ ਸਰੂਪ ਪੱਖੋਂ ਵੀ ਪਤਿਤ ਹੋਇਆ ਪਿਆ ਹੈ। ਉਹ ਸਿੱਖ ਬੱਚਾ-ਬੱਚੀ, ਜਿਹੜਾ ਜਨਗਣਨਾ ਸਮੇਂ ਅੱਜ ਵੀ ਆਪਣੇ ਆਪ ਨੂੰ ਸਿੱਖ ਹੀ ਲਿਖਵਾ ਰਿਹਾ ਹੈ।

ਤਾਂ ਫ਼ਿਰ ਕੀ ਉਨ੍ਹਾਂ ਨੂੰ ਸਿੱਖਾਂ ਦੀ ਗਿਣਤੀ `ਚੋਂ ਕੱਢ ਦਿੱਤਾ ਜਾਵੇ ਜਾਂ ਉਨ੍ਹਾਂ ਦੀ ਘਟੋਘਟ ਸਰੂਪ ਪੱਖੋਂ ਸੰਭਾਲ ਲਈ ਕੁੱਝ ਨਿਘਰ ਉਪਰਾਲੇ ਕੀਤੇ ਜਾਣ। ਯਕੀਨਣ ਉਨ੍ਹਾਂ ਦੀ ਇਸ ਪੱਖੋਂ ਸੰਭਾਲ ਲਈ ਪੰਥਕ ਤਲ `ਤੇ ਨਿਘਰ ਉੱਦਮ ਦੀ ਲੌੜ ਹੈ। ਜਦਕਿ ਉਸ ਦੇ ਨਾਲ ਅਜਿਹਾ ਉੱਦਮ ਕਰਣ ਵਾਲੇ ਲੋਕਾਂ ਦਾ ਇਹ ਵੀ ਫ਼ਰਜ਼ ਹੈ ਕਿ ਉਹ ਆਪਣੇ ਆਪ `ਚ ਵੀ ਗੁਰਬਾਣੀ ਸੋਝੀ ਤੇ ਜੀਵਨ ਪੱਖੋਂ ਸੁਚੇਤ ਹੋਣ। ਇਸਦੇ ਉਲਟ ਉਨ੍ਹਾਂ ਰਾਹੀਂ ਬੇਸਿਰਪੈਰ ਦੀਆਂ ਕੱਚੀਆਂ ਗੱਲਾਂ ਤੇ ਉੱਦਮ, ਕੌਮ ਦਾ ਹੋਰ ਵੀ ਨੁਕਸਾਨ ਕਰ ਸਕਦਾ ਹੈ।

(ਅ) ਅਜੋਕੇ ਸਮੇਂ ਸਿੱਖ ਸਰੂਪ ਸੰਸਾਰ ਤਲ `ਤੇ ਆਪਣੇ ਆਪ `ਚ ਇੱਕ ਅਜਿਹਾ ਸਰੂਪ ਹੈ ਕਿ ਕਿਸੇ ਵੀ ਸਮੇਂ, ਕਿਸੇ ਮਨੁੱਖ ਦੇ ਮਨ `ਚ ਸਿੱਖ ਧਰਮ ਜਾਂ ਸਿੱਖੀ ਸਰੂਪ ਲਈ ਸਤਿਕਾਰ ਪੈਦਾ ਹੋ ਜਾਣ ਤੋਂ ਬਾਅਦ ਵੀ ਉਸਨੂੰ ਪੂਰਣ ਸਰੂਪ `ਚ ਆਉਣ ਲਈ ਘਟੋ ਘਟ ਛੇ ਮਹੀਨੇ ਦਾ ਸਮਾਂ ਦਰਕਾਰ ਹੈ। ਤਾਂ ਫ਼ਿਰ ਅਜਿਹੇ ਸੱਜਨਾਂ ਜਾਂ ਸਮੁਦਾਇ ਲਈ ਬਤੌਰ-ਏ-ਸਿੱਖ, ਸਾਡੀ ਸੋਚ ਕੀ ਹੋਣੀ ਚਾਹੀਦੀ ਹੈ? ਕੀ ਅਜਿਹੇ ਸੱਜਨਾਂ ਜਾਂ ਸਮੁਦਾਇ ਨੂੰ ਤੱਦ ਤੱਕ ਸਿੱਖ ਹੀ ਨਾ ਮੰਨਿਆ ਜਾਵੇ ਜਦੋਂ ਤੱਕ ਕਿ ਉਹ ਪੂਰਣ ਸਰੂਪ `ਚ ਹੀ ਨਾ ਆ ਜਾਣ ਜਾਂ ਇਸ ਵਿਸ਼ੇ `ਤੇ ਸਾਡੀ ਸੋਚ ਕੁੱਝ ਹੋਰ ਵੀ ਹੋਣੀ ਚਾਹੀਦੀ ਹੈ?

(ੲ) ਸੰਸਾਰ `ਚ ਅਜਿਹੇ ਸੱਜਨ ਵੀ ਸਿੱਖ ਧਰਮ ਧਰਮ ਦੇ ਅਰੰਭ ਕਾਲ ਤੋਂ ਹੀ ਹਨ ਜਿਹੜੇ ਗੁਰੂ ਦਰ ਅਤੇ ਗੁਰਬਾਣੀ ਜੀਵਨ ਤੋਂ ਤਨੋ ਮਨੋ ਕੁਰਬਾਣ ਹੁੰਦੇ ਆਏ ਹਨ। ਫ਼ਿਰ ਵੀ ਕਿਸੇ ਕਾਰਨ ਉਹ ਜੀਵਨ ਭਰ ਸਿੱਖੀ ਸਰੂਪ ਨੂੰ ਧਾਰਨ ਨਹੀਂ ਕਰਦੇ। ਜੇ ਇਤਿਹਾਸਕ ਪੱਖੋਂ ਵੀ ਇਸ ਵਿਸ਼ੇ ਨੂੰ ਲਿਆ ਜਾਵੇ ਤਾਂ ਦਿਵਾਨ ਟੋਡਰ ਮੱਲ, ਭਾਈ ਮੌਤੀ ਰਾਮ ਮਹਿਰਾ, ਪੀਰ ਬੁਧੂ ਸ਼ਾਹ ਅਜਿਹੀਆਂ ਉੱਚ ਕੋਟੀ ਦੀਆਂ ਹਸਤੀਆਂ ਤੇ ਜੀਵਨ ਹਨ ਜਿਨ੍ਹਾਂ ਦੀ ਮਿਸਾਲ ਨੂੰ ਵੀ ਇਸ ਪੱਖੋਂ ਖੁੱਲ ਕੇ ਵਰਤਿਆ ਜਾ ਸਕਦਾ ਹੈ।

ਇਸ ਬਾਰੇ ਵੱਖਰੀ ਗੱਲ ਹੈ ਕਿ ਇਹ ਵੀ ਉਸ ਸਮੇਂ ਦੇ ਇਤਿਹਾਸ ਦਾ ਹੀ ਉਘਾੜ ਸੀ ਕਿ ਗੁਰੂ ਦਰ ਤੇ ਸਿੱਖ ਧਰਮ ਪ੍ਰਤੀ ਉਨ੍ਹਾਂ ਦੇ ਉੱਚੇ ਸੁੱਚੇ ਜੀਵਨ, ਕੇਵਲ ਸਿੱਖ ਇਤਿਹਾਸ `ਚ ਹੀ ਨਹੀਂ ਬਲਕਿ ਸੰਸਾਰ ਭਰ `ਚ ਪ੍ਰਗਟ ਹੋ ਗਏ। ਸਪਸ਼ਟ ਹੈ ਜੇ ਕਰ ਇਤਿਹਾਸ ਦਾ ਉਹ ਸਮਾਂ ਆਪਣੇ ਉਸ ਰੂਪ `ਚ ਨਾ ਆਇਆ ਹੁੰਦਾ ਤਾਂ ਸਿੱਖੀ ਪੱਖੋਂ ਅਜਿਹੀਆਂ ਅਤੀ ਸਤਿਕਾਰਯੋਗ ਤੇ ਉੱਚੀਆਂ ਸੁੱਚੀਆਂ ਜਿੰਦੜੀਆਂ ਵੀ, ਆਪਣੇ ਉਸ ਸਿੱਖੀ ਵਾਲੇ ਸੁਅੱਛ ਰੂਪ `ਚ ਸ਼ਾਇਦ ਸੰਸਾਰ ਸਾਹਮਣੇ ਕਦੇ ਪ੍ਰਗਟ ਹੀ ਨਹੀਂ ਸਨ ਹੋਣੀਆਂ।

ਕੀ ਇਹ ਇਸ ਰੱਬੀ ਸੱਚ ਦਾ ਸਬੂਤ ਨਹੀਂ ਕਿ ਸਿੱਖ ਰਹਿਣੀ ਤੇ ਗੁਰਬਾਣੀ ਵਿਚਾਰਧਾਰਾ ਤੋਂ ਕੁਰਬਾਣ ਹੋਣ ਵਾਲੇ ਅਜਿਹੇ ਹੋਰ ਵੀ ਅਨੇਕਾਂ ਗੋਦੜੀ ਦੇ ਲਾਲ ਹੁੰਦੇ ਹਨ। ਆਖ਼ਿਰ ਪੰਥ ਕੋਲ ਕਿਹੜਾ ਢੰਗ ਹੈ ਜਿਹੜਾ ਅਜਿਹੇ ਮਰਜੀਵੜਿਆਂ ਤੇ ਸਿੱਖੀ ਦੀ ਸ਼ਮਾਂ ਤੋਂ ਕੁਰਬਾਣ ਹੋਣ ਵਾਲਿਆਂ ਨੂੰ ਆਪਣੀ ਛਾਤੀ ਨਾਲ ਲਗਾ ਸਕੇ ਤੇ ਉਨ੍ਹਾਂ ਦਾ ਬਣਦਾ ਸਤਿਕਾਰ ਉਨ੍ਹਾਂ ਨੂੰ ਦੇ ਸਕੇ?

(ਸ) ਅਜੋਕੀ ਜਨਗਨਣਾ `ਚ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਲਿਖਵਾਂਉਂਦੇ ਅਤੇ ਜਿਨ੍ਹਾਂ ਦੀ ਕੁਲ ਗਿਣਤੀ ਦੋ ਕਰੋੜ ਤੋਂ ਵੀ ਘੱਟ ਸਾਬਤ ਹੋ ਰਹੀ ਹੈ। ਆਖ਼ਿਰ ਉਨ੍ਹਾਂ ਚੋਂ ਅਜਿਹੀ ਗਿਣਤੀ ਕਿਤਨੀ ਹੈ ਜਿਨ੍ਹਾਂ ਨੂੰ ਅੱਜ ‘ਬਾਣੀ ਜਪੁ’ ਵੀ ਨਹੀਂ ਆਉਂਦੀ ਤੇ ਨਾ ਉਨ੍ਹਾਂ ਨੇ ਕਦੇ ਇਸ ਦੇ ਲਈ ਉੱਦਮ ਵੀ ਹੈ?

ਉਪ੍ਰੰਤ ਇਸ ਦੋ ਕਰੋੜ ਦੀ ਗਿਣਤੀ `ਚ ਉਨ੍ਹਾਂ ਸਿੱਖਾਂ ਦੀ ਗਿਣਤੀ ਕਿਤਨੀ ਹੈ ਜਿਨ੍ਹਾਂ ਦੇ ਸਰੂਪ ਤਾਂ ਅੱਜ ਵੀ ਪੂਰੇ ਜਾਂ ਕਿਸੇ ਹੱਦ ਤੱਕ ਸਿੱਖਾਂ ਦੇ ਹੀ ਹਨ ਪਰ ਸਿੱਖ ਜੀਵਨ ਜਾਚ ਤੇ ਸਿੱਖ ਰਹਿਣੀ ਉਨ੍ਹਾਂ ਦੇ ਜੀਵਨ ਅੰਦਰੋਂ ਵੀ, ਢੂੰਡਿਆਂ ਨਹੀਂ ਮਿਲ ਰਹੀ।

ਤਾਂ ਫ਼ਿਰ ਅਜਿਹੇ ਲੋਕਾਂ ਵਾਸਤੇ ਕੀ ਕਿਹਾ ਜਾਵੇ ਕਿਉਂਕਿ ਗੁਰਬਾਣੀ ਦੀ ਕਸਵੱਟੀ `ਤੇ ਸਿੱਖੀ, ਤੇ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਏ ਜੀਵਨ ਦਾ ਨਾਮ ਹੈ, ਨਾ ਕਿ ਕੇਵਲ ਸਰੂਪ ਦਾ। ਉਹ ਸਿੱਖੀ ਤੇ ਗੁਰਬਾਣੀ ਜੀਵਨ ਜਿਹੜਾ ਉਨ੍ਹਾਂ ਕੋਲ ਹੈ ਹੀ ਨਹੀਂ। ਕੀ ਉਨ੍ਹਾਂ ਅੰਦਰ ਵੀ ਸਿੱਖੀ ਜੀਵਨ ਨੂੰ ਪ੍ਰਗਟ ਕਰਣ ਤੇ ਉਨ੍ਹਾਂ ਦੇ ਸਿੱਖੀ ਸਰੂਪ ਨੂੰ ਕਾਇਮ ਰਖਣ ਲਈ ਪੰਥਕ ਤਲ `ਤੇ ਕਿਸੇ ਯੋਗ ਉਪਰਾਲੇ ਦੀ ਲੋੜ ਨਹੀਂ?

(੩) ਸਿੱਖੀ ਜੀਵਨ ਅਥਵਾ ਸਿੱਖ ਦੀ ਜੀਵਨ ਰਹਿਣੀ ਕੀ ਹੋਣੀ ਹੈ? - ਇਸ `ਚ ਵੀ ਦੋ ਰਾਵਾਂ ਨਹੀਂ ਕਿ ਸਿੱਖੀ ਜੀਵਨ ਅਥਵਾ ਸਿੱਖ ਦੀ ਜੀਵਨ ਰਹਿਣੀ “ਸਿਖੀ ਸਿਖਿਆ ਗੁਰ ਵੀਚਾਰਿ” (ਪੰ: ੪੬੫) ਅਨੁਸਾਰ ਉਹੀ ਹੋਣੀ ਹੈ ਜਿਹੜੀ ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਹੋਈ ਹੋਵੇ। ਜਦਕਿ ਇਥੇ ਵੀ ਮਨੁੱਖੀ ਮਨ, ਜੀਵਨ ਤੇ ਨਿਜੀ ਸੋਝੀ ਵਾਲਾ ਉਹੀ ਵਿਸ਼ਾ ਲਾਗੂ ਹੋਣਾ ਹੈ ਭਾਵ “ਮੇਰੈ ਪ੍ਰਭਿ ਸਾਚੈ, ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥ ਆਪੇ ਫਰਕੁ ਕਰੇ ਵੇਖਿ ਵਿਗਸੈ, ਸਭਿ ਰਸ ਦੇਹੀ ਮਾਹਾ ਹੇ” (ਪੰ: ੧੦੫੬) ਅਤੇ ਜਿਹੜਾ ਸਾਰਿਆਂ `ਤੇ ਲਾਗੂ ਹੁੰਦਾ ਹੈ। ਕੋਈ ਸੱਜਨ ਸਿੱਖੀ ਸਰੂਪ `ਚ ਆ ਗਿਆ ਹੈ ਜਾਂ ਕੋਈ ਪਿਤਾ ਪੁਰਖੀ ਸਿੱਖੀ ਸਰੂਪ `ਚ ਹੈ। ਕਿਸੇ ਤੱਕ ਗੁਰਬਾਣੀ ਵਿਚਾਰਧਾਰਾ ਕਿਤਨੀ ਪੁੱਜੀ ਹੈ ਜਾਂ ਆਪਣੇ ਉੱਦਮ ਨਾਲ ਉਹ ਕਿਤਨੀ ਕੁ ਪ੍ਰਾਪਤ ਕਰ ਸਕਿਆ ਹੈ। ਪਰ ਉਸ `ਚ ਉਸ ਦੀ ਸੋਝੀ ਤੇ ਸਮਝ ਸ਼ਕਤੀ ਨੇ ਘੱਟ ਜਾਂ ਵੱਧ ਕਿਤਨਾ ਸਾਥ ਦਿੱਤਾ ਹੈ?

ਇਸ ਤੋਂ ਬਾਅਦ ਇਹ ਵੀ ਕਿ ਇਥੇ ਗੱਲ ਕੇਵਲ ਉਨ੍ਹਾਂ ਸੱਜਨਾਂ ਦੀ ਕਰ ਰਹੇ ਹਾਂ ਜਿਹੜੇ ਤਨੋ ਮਨੋ ਇੱਕ ਮੱਤ ਹਨ ਕਿ ਉਨ੍ਹਾਂ ਨੇ ਕੇਵਲ ਉਹੀ ਕਰਣਾ ਹੈ ਜਿਹੜਾ “ਗੁਰੂ ਗ੍ਰੰਥ ਸਾਹਿਬ ਜੀ” ਉਨ੍ਹਾਂ ਨੂੰ ਜੀਵਨ ਰਾਹ ਦੇ ਰਹੇ ਹਨ ਉਸ ਦੇ ਬਾਵਜੂਦ, ਉਪਰ ਆਏ ਮਨ ਤੇ ਜੀਵਨ ਦੇ ਵਿਸ਼ੇ ਨਾਲ ਸੰਬੰਧਤ ਵੇਰਵੇ ਅਨੁਸਾਰ ਇਹ ਵੀ ਕੁਦਰਤੀ ਸੱਚ ਹੈ ਕਿ ਇਸ ਇਕੋ ਤੇ ਗੁਰਬਾਣੀ ਜੀਵਨ ਪੱਖੋਂ ਦ੍ਰਿੜ ਵਿਚਾਰਧਾਰਾ ਵਾਲੇ ਭਾਵੇਂ ਹਜ਼ਾਰ ਸੱਜਨ ਵੀ ਇਕੱਠੇ ਕਰ ਲਵੋ, ਤਾਂ ਉਨ੍ਹਾਂ ਹਜ਼ਾਰ ਸੱਜਨਾ ਦਾ ਜੀਵਨ ਤੇ ਸੋਚਣੀ ਵੀ ਇਕੋ ਜਿਹੀ ਕਦੇ ਨਹੀਂ ਹੋਵਾਗੀ। ਤਾਂ ਫ਼ਿਰ ਉਹ ਸਿੱਖ ਧਰਮ ਜਿਹੜਾ ਅੱਜ ਸਾਰੇ ਸੰਸਾਰ `ਚ ਫੈਲਿਆ ਹੋਇਆ ਹੈ। ਉਨ੍ਹਾਂ ਕ੍ਰੋੜਾਂ ਸਿੱਖਾਂ ਦੀ ਜੀਵਨ ਰਹਿਣੀ, ਸੋਚਣੀ, ਸਮਝ ਤੇ ਸੂਝ ਇਕੋ ਜਿਹੀ ਕਿਵੇਂ ਹੋ ਸਕਦੀ ਹੈ?

ਭਾਵ ਅਜਿਹਾ ਹੋ ਜਾਣਾ ਕਦੇ ਵੀ ਸ਼ੰਭਵ ਨਹੀਂ ਕਿਉਂਕਿ ਇਹ ਤਾਂ ਕੁਦਰਤੀ ਤੇ ਰੱਬੀ ਨਿਯਮ `ਚ ਹੀ ਕਦੇ ਵੀ ਸੰਭਵ ਨਹੀਂ। ਇਸ ਤਰ੍ਹਾਂ ਸੰਸਾਰ ਭਰ `ਚ ਵੱਸ ਰਹੇ ਅਜਿਹੇ ਕਰੋੜਾਂ ਦੀ ਗਿਣਤੀ `ਚ ਸਿੱਖ, ਜਿਨ੍ਹਾਂ ਕੋਲ ਸਿੱਖੀ ਜੀਵਨ ਤੇ ਵਿਚਾਰਧਾਰਾ ਵੀ ਵੱਖ-ਵੱਖ ਰਸਤਿਆਂ ਤੋਂ ਹੀ ਆਈ ਹੋਈ ਹੋਵੇ, ਉਨ੍ਹਾਂ ਨੂੰ ਇਕੋ ਇੱਕ ਸਿੱਖ ਧਰਮ ਦੀ ਗਿਣਤੀ `ਚ ਲੈਣ ਲਈ ਸਾਨੂੰ ਕੁੱਝ ਖੁੱਲੇ ਡੁੱਲੇ ਮਾਪਦੰਡ ਦੀ ਲੋੜ ਹੈ, ਫ਼ਿਰ ਪਤਾ ਲਗੇਗਾ ਕਿ ਅਜੋਕਾ ਸਿੱਖ ਧਰਮ ਕਿਤਨੀ ਗਿਣਤੀ `ਚ ਹੈ ਤੇ ਕਿੱਥੇ ਕਿੱਥੇ ਫੈਲਿਆ ਹੋਇਆ ਹੈ।

ਉਪ੍ਰੰਤ ਕੁਦਰਤੀ ਤੌਰ `ਤੇ ਇਸ ਗਿਣਤੀ `ਚ ਉਹ ਸਾਰੇ ਸਿੱਖ ਵੀ ਆਉਣਗੇ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਸਿੱਖ ਹੀ ਮੰਣਦੇ ਤੇ ਕਹਿੰਦੇ ਹਨ, ਫ਼ਿਰ ਭਾਵੇਂ ਉਹ ਅੱਜ ਨਿਜੀ ਜੀਵਨ ਤੇ ਸਰੂਪ ਕਰਕੇ ਇਧਰ ਉਧਰ ਤੇ ਕਿੱਥੇ ਵੀ ਖੜੇ ਹਨ। ਦੂਜੇ ਲਫ਼ਜ਼ਾਂ `ਚ ਕੌਮੀ ਸੰਭਾਲ ਲਈ ਅਜਿਹੇ ਉਨ੍ਹਾਂ ਸਾਰੇ ਲੋਕਾਂ ਨੂੰ, ਸਿੱਖ ਧਰਮ ਦੀ ਗਿਣਤੀ ਪੱਖੋਂ, ਸਿੱਖੀ ਦੀ ਗਲਵੱਕੜੀ ਤੇ ਘੇਰੇ `ਚ ਲੈਣਾ ਹੋਵੇਗਾ ਤੇ ਉਨ੍ਹਾਂ ਨੂੰ ਪੰਥਕ ਤਲ `ਤੇ ਪੂਰਾ ਪੂਰਾ ਸਤਿਕਾਰ ਵੀ ਦੇਣਾ ਹੋਵੇਗਾ॥

ਇਸ ਸਾਰੇ ਤੋਂ ਬਾਅਦ ਇਹ ਗੱਲ ਫ਼ਿਰ ਵੀ ਦੂਜੀ ਹੈ ਕਿ ਜਿੱਥੋਂ ਤੱਕ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦਾ ਵਿਸ਼ਾ ਹੈ ਉਸ ਦਾ ਮਾਪਦੰਡ ਫ਼ਿਰ ਵੀ ਵੱਖਰਾ ਤੇ ਨਿਵੇਕਲਾ ਹੀ ਰਵੇਗਾ, ਉਸ `ਚ ਹਰ ਪਧਰ ਦਾ ਸਿੱਖ ਨਹੀਂ ਲਿਆ ਜਾ ਸਕਦਾ ਫ਼ਿਰ ਭਾਵੇਂ ਉਹ ਸਿੱਖੀ ਸਰੂਪ `ਚ ਹੀ ਕਿਉਂ ਨਾ ਵਿਚਰ ਰਿਹਾ ਹੋਵੇ।

(੪) “ਸਿੱਖ ਵਿਚਾਰਧਾਰਾ ਤੇ ਸਿੱਖ ਜੀਵਨ ਜਾਚ ਦਾ ਮੂਲ ਕਿੱਥੇ ਹੈ?” -ਜੇ ਕਰ ਸਿਧ ਪਧਰੀ ਗੱਲ ਕਰਣੀ ਤੇ ਦੋ ਲਫ਼ਜ਼ਾਂ `ਚ ਵਿਸ਼ੇ ਨੂੰ ਸਪਸ਼ਟ ਕਰਣਾ ਹੋਵੇ ਤਾਂ “ਸਿੱਖ ਵਿਚਾਰਧਾਰਾ ਤੇ ਸਿੱਖ ਜੀਵਨ ਜਾਚ ਦੇ ਮੂਲ” ਸੰਬੰਧੀ ਇਕੋ ਇੱਕ ਤੇ ਛੋਟਾ ਜਿਹਾ ਉੱਤਰ ਹੋਵੇਗਾ ਕਿ “ਸਿੱਖੀ ਜੀਵਨ ਤੇ ਸਿੱਖ ਰਹਿਣੀ ਦਾ ਮੂਲ” “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਅਨੁਸਾਰ ਇਕੋ ਇੱਕ “ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ” ਤੌਂ ਪ੍ਰਾਪਤ ਹੋਣ ਵਾਲੀ ਜੀਵਨ ਜਾਚ ਤੇ ਜੀਵਨ ਸ਼ੈਲੀ ਹੀ ਹੈ। ਉਸ ਤੋਂ ਇਲਾਵਾ ਸਿੱਖੀ ਜੀਵਨ ਤੇ ਸਿੱਖ ਰਹਿਣੀ ਦਾ ਮੂਲ ਹੋਰ ਕੋਈ ਵੀ ਨਹੀਂ। ਤਾਂ ਵੀ ਵਿਸ਼ੇ ਦੀ ਗਹਿਰਾਈ ਨੂੰ ਕੁੱਝ ਹੋਰ ਪੱਖਾਂ ਤੋਂ ਪਹਿਚਾਨਣ ਦੀ ਵੀ ਵੱਡੀ ਲੋੜ ਹੈ। ਤਾਂ ਤੇ-

(ੳ) ਪਹਿਲਾ ਇਹ ਕਿ “ਗੁਰੂ ਪਦ” ਭਾਰਤੀ ਚਲਣ, ਸਭਿਅਤਾ ਤੇ ਪਰੰਪ੍ਰਾ `ਚ ਨਵਾਂ ਲਫ਼ਜ਼ ਨਹੀਂ। ਬਲਕਿ ਇਹ ਲਫ਼ਜ਼ ਭਾਵ ‘ਗੁਰੂ ਪਦ’ ਭਾਰਤ `ਚ ਹੀ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣੀ ਪੁਸਤਕਾਂ `ਚ ਵੀ ਭਿੰਨ ਭਿੰਨ ਬਲਕਿ ਕਈ ਵਾਰੀ ਤਾਂ ਬਹੁਤ ਸਾਧਾਰਨ ਅਰਥਾਂ `ਚ ਵੀ ਆਇਆ ਹੋਇਆ ਹੈ। ਉਪ੍ਰੰਤ ਉਥੇ ਜੇ ਕਰ ਉਨ੍ਹਾਂ ਰਚਨਾਵਾਂ `ਚ ਇਹ ਲਫ਼ਜ਼ ਬਹੁਤ ਉੱਤਮ ਅਰਥਾਂ `ਚ ਆਇਆ ਵੀ ਹੈ ਤਾਂ ਉਸ ਦੀ ਸੀਮਾ ਵੀ ਮਨੁੱਖਾ ਸਰੀਰ ਤੱਕ ਹੀ ਹੈ ਉਸ ਤੋਂ ਅੱਗੇ ਨਹੀਂ ਮਿਲਦੀ। ਜਦਕਿ ਭਾਰਤ `ਚ ਹੀ ਇਹ ਉੱਤਮ ਲਫ਼ਜ਼ ਬਹੁਤ ਆਮ ਤੇ ਹਲਕੇ ਅਰਥਾਂ `ਚ ਅੱਜ ਵੀ ਵਰਤੀਂਦਾ ਆ ਰਿਹਾ ਹੈ।

(ਅ) ਦਸੋਂ ਪਾਤਸ਼ਾਹੀਆਂ ਦੇ ਜੀਵਨ ਕਾਲ `ਚ ਗੁਰੂ ਪ੍ਰਵਾਰਾਂ `ਚੋਂ ਦਾਤੂ ਜੀ ਤੋਂ ਅਰੰਭ ਹੋ ਕੇ ਪ੍ਰੀਥੀ ਚੰਦ, ਮੇਹਰਬਾਨ, ਧੀਰਮਲ, ਰਾਮਰਾਇ ਆਦਿ ਨੇ ਵੀ ਆਪਣੇ ਨਾਲ ਸੰਬੰਧਤ ਕਰਕੇ ਗੁਰੂ ਪਦ ਦੀ ਭਰਵੀਂ ਕੁਵਰਤੋਂ ਕੀਤੀ। ਇਹ ਵੀ ਸੱਚ ਹੈ ਕਿ, ਗੁਰੂ ਪ੍ਰਵਾਰਾਂ ਨਾਲ ਸੰਬੰਧਤ ਹੋਣ ਦੇ ਬਾਵਜੂਦ, ਪਾਖੰਡ ਦੀਆਂ ਉਹ ਸਾਰੀਆਂ ਦੁਕਨਾਂ ਫ਼ੇਲ ਹੋਈਆਂ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਆਪਣੇ ਸਮੇਂ ਇਸ ਪਦ ਬਾਰੇ ਗੁਮਰਾਹਕੁਣ ਸਹਿਤ ਤਾਂ ਸੰਗਤਾਂ `ਚ ਪਹੁੰਚਾਇਆ ਹੀ ਸੀ ਜਿਹੜਾ ਕਿ ਅੱਜ ਵੀ ਪ੍ਰਾਪਤ ਹੈ।

(ੲ) ਇਹ ਵੀ ਠੀਕ ਹੈ ਕਿ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸਮੇਂ `ਚ ਗੁਰੂਡੰਮ ਨਹੀਂ ਬਲਕਿ ਗੁਰੂ ਦਰ ਤੋਂ ਵੱਖਰਾ ਆਪਣਾ ‘ਉਦਾਸੀ ਮੱਤ’ ਚਲਾਇਆ ਸੀ। ਜਦਕਿ ਉਨ੍ਹਾਂ ਨੇ ਆਪਣਾ ਉਹ ਵਖ੍ਰੇਵਾਂ ਵੀ ਛੇਵੇਂ ਜਾਮੇ ਸਮੇ ਖਤਮ ਕਰ ਦਿੱਤਾ ਸੀ। ਬਲਕਿ ਉਸ ਸਮੇਂ ਦੇ ਆਪਣੇ ਪ੍ਰਮੁੱਖ ਚਾਰੋਂ ਧੂਨੀਏ ਵੀ, ਸਿੱਖ ਧਰਮ ਦੇ ਪ੍ਰਚਾਰ ਲਈ ਗੁਰੂ ਦਰ ਨੂੰ ਅਰਪਣ ਕਰ ਦਿੱਤੇ ਸਨ। ਇਸਦੇ ਬਾਵਜੂਦ ਜਿਨ੍ਹਾ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੋਇਆ ਸੀ ਉਹ ਅੱਜ ਵੀ ਬਹੁਤਾ ਕਰਕੇ ਗੁਰੂ ਪਦ ਨੂੰ ਵਰਤ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਹਨ।

(ਸ) ਖ਼ੁਦ ਦਸੋਂ ਪਾਤਸ਼ਾਹੀਆਂ ਵੀ ਮਨੁੱਖੀ ਚੋਲੇ `ਚ ਸਨ। ਸੰਨ ੧੭੦੮ ਤੋਂ ਬਾਅਦ ਤੇ ਅੱਜ ਤੀਕ ਗੁਰਬਾਣੀ ਦਾ ਯੋਗ ਪ੍ਰਚਾਰ ਨਾ ਹੋਣ ਕਰਕੇ ਗ੍ਰੁਰੂ ਕੀਆਂ ਸੰਗਤਾਂ `ਚ ਇਹ ਵੀ ਖੁੱਲ ਕੇ ਸਪਸ਼ਟ ਨਹੀਂ ਕੀਤਾ ਜਾ ਰਿਹਾ ਕਿ ਛੇ ਅਕਤੂਬਰ ਸੰਨ ੧੭੦੮ ਨੂੰ ਦਸਮੇਸ਼ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਸਮੇਂ “ਗੁਰਬਾਣੀ ਗੁਰੂ” ਵਾਲਾ ਵਿਸ਼ਾ, ਅਚਾਣਕ ਹੀ ਸੰਗਤਾਂ ਸਾਹਮਣੇ ਨਹੀਂ ਸੀ ਲਿਆਂਦਾ ਬਲਕਿ ਪਹਿਲੇ ਜਾਮੇ ਤੋਂ ਹੀ ਸਿੱਖ ਧਰਮ `ਚ ਸ਼ਬਦ ਗੁਰੂ ਅਥਵਾ ਗੁਰਬਾਣੀ ਦੇ ਗੁਰੂ ਹੋਣ ਵਾਲਾ ਪ੍ਰਚਾਰ ਹੀ ਕੀਤਾ ਜਾ ਰਿਹਾ ਸੀ।

ਇਸ ਲਈ ਛੇ ਅਕਤੂਬਰ ਸੰਨ ੧੭੦੮ ਨੂੰ ਗੁਰਬਾਣੀ ਨੂੰ ਨਹੀਂ ਬਲਕਿ ਗੁਰਬਾਣੀ ਦੇ ਸੰਪੂਰਣ ਸਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਪ੍ਰਾਪਤ ਹੋਈ ਸੀ। ਜਦਕਿ ਗੁਰਬਾਣੀ ਤਾਂ ਪਹਿਲੇ ਜਾਮੇ ਤੋਂ ਹੀ ਸਿੱਖ ਲਈ ‘ਗੁਰੂ’ ਸੀ। ਇਸ ਤਰ੍ਹਾਂ ਗੁਰਬਾਣੀ `ਚ, ਜਿਸ ‘ਗੁਰੂ ਪਦ’ ਦੇ ਨਾਲ ਸਿੱਖ ਨੂੰ ਜੋੜਿਆ ਉਸਦੇ ਅਰਥ ਵਿਸ਼ੇਸ਼ ਹਨ ਤੇ ਉਹ ਹਨ “ਕੇਵਲ ਤੇ ਕੇਵਲ ‘ਸ਼ਬਦ ਗੁਰੂ’ ਨਾ ਕਿ “ਸਰੀਰ ਗੁਰੂ”। ਕਾਸ਼ ਗੁਰਬਾਣੀ ਵਾਲੇ ਇਸ ਸੱਚ ਦਾ, ਸੰਨ ੧੭੦੮ ਤੋਂ ਬਾਅਦ ਵੀ ਖੁੱਲ ਕੇ ਪ੍ਰਚਾਰ ਹੋਇਆ ਹੁੰਦਾ।

ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ, ਤੋਂ ਅਰੰਭ ਹੋ ਕੇ ਅੱਜ ਤੀਕ ਕਿਤਨੇ ਹੀ ਪਾਸਿਆਂ ਤੋਂ ਗੁਰੂ ਕੀਆਂ ਸੰਗਤਾਂ ਨੂੰ ‘ਗੁਰੂ ਪਦ’ ਬਾਰੇ ਲਗਾਤਾਰ ਭਮਲ ਭਸੇ `ਚ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਵਿਚਕਾਰ ਕਿਧਰੇ ਅੰਗ੍ਰੇਜ਼ਾਂ ਰਾਹੀਂ ਰੋਜ਼ ਰੋਜ਼ ਗੁਰੂ ਡੰਮ ਖੜੇ ਕੀਤੇ ਜਾਂਦੇ ਰਹੇ ਤੇ ਕਦੇ ਭਿੰਨ ਭਿੰਨ ਸਿੱਖ ਵਿਰੋਧੀ ਤਾਕਤਾਂ ਵੱਲੋਂ। ਇਸੇ ਲੜੀ `ਚ ਕਦੇ ਬਾਬਾ ਬੰਦਾ ਸਿੰਘ ਜੀ ਦੀ ਮਹਾਨ ਤੇ ਬੇਮਿਸਾਲ ਸ਼ਹਾਦਤ ਨੂੰ ਪਿਛੇ ਸੁੱਟ ਕੇ ਉਨ੍ਹਾਂ ਦੇ ਨਾਮ ਨਾਲ ਵੀ ‘ਗੁਰੂ ਪਦ’ ਜੋੜਣ ਦਾ ਯਤਣ ਕੀਤਾ ਗਿਆ।

ਉਸੇ ਤਰ੍ਹਾਂ ਕਦੇ ਬਾਬਾ ਰਾਮ ਸਿੰਘ ਜੀ ਦੀ ਸਿੱਖ ਸੁਧਾਰ ਕੂਕਾ ਅਥਵਾ ਨਾਮਧਾਰੀ ਲਹਿਰ ਨੂੰ ਗੁਰੂ ਡੰਮ ਦੀ ਦਲ ਦਲ `ਚ ਫ਼ਸਾਇਆ ਗਿਆ, ਕਿਧਰੇ ਬਾਬਾ ਦਿਆਲ ਤੇ ਬਾਬਾ ਰੱਤਾ ਜੀ ਦੀਆਂ ਅਣਥਕ ਮਿਹਨਤਾਂ ਤੋਂ ਤਿਆਰ ਹੋਈ ਨਿਰੰਕਾਰੀ ਲਹਿਰ ਨੂੰ, ਨਕਲੀ ਗੁਰੂ ਡੰਮਾਂ ਵਾਲਾ ਸੰਗਲ ਪਾ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਰਾਧਾ ਸੁਆਮੀ ਲਹਿਰ ਵੀ ਆਪਣੇ ਆਪ `ਚ ਗੁਮਰਾਹ ਹੋਈ। ਉਪ੍ਰੰਤ ਅੱਜ ਨੂਰ ਮਹੱਲੀਆਂ, ਭਨਿਆਰਿਆਂ ਅਤੇ ਝੂਠੇ ਸੌਦੇ ਵਾਲਿਆਂ ਦੇ ਵੱਲ ਛੱਲ ਵੀ ਇਸੇ ਲੜੀ `ਚ ਆਉਂਦੇ ਹਨ।

ਗਹਿਰਾਈ ਤੋਂ ਦੇਖਿਆ ਜਾਵੇ ਤਾਂ ਜਦੋਂ ਗੁਰੂ ਕੀਆਂ ਸੰਗਤਾਂ ਵਿਚਕਾਰ ‘ਇਕੋ ਇੱਕ ਗੁਰੂ’, “ਸ਼ਬਦ ਗੁਰੂ” ਅਥਵਾ “ਗੁਰਬਾਣੀ ਗੁਰੂ” ਵਾਲਾ ਪਦ ਹੀ ਠੀਕ ਤਰੀਕੇ ਸਪਸ਼ਟ ਨਹੀਂ ਕੀਤਾ ਜਾ ਰਿਹਾ ਬਲਕਿ ਵੱਡੇ ਵੱਡੇ ਅਖਵਾੳਣ ਵਾਲੇ ਸਿੱਖਾਂ ਦੇ ਕਈ ਨੇਤਾ, ਆਗੂ ਤੇ ਪ੍ਰਚਾਰਕ ਤੱਕ ਵੀ ਇਨ੍ਹਾਂ ਪਾਖੰਢੀਆਂ ਦੇ ਡੇਰਿਆਂ `ਤੇ ਜਾ ਕੇ ਆਪਣੇ ਨੱਕ ਰਗੜਦੇ ਨਜ਼ਰ ਆਉਂਦੇ ਤੇ ਹੋਰ ਗੁਰਮੱਤ ਵਿਰੁਧ ਕੁਕਰਮ ਕਰਦੇ ਸਾਹਮਣੇ ਆਉਂਦੇ ਹਨ; ਤਾਂ ਅਜਿਹੇ ਹਾਲਾਤ `ਚ, ਫ਼ਿਰ ਜਦੋਂ ਵੱਡੀ ਗਿਣਤੀ `ਚ ਗੁਰੂ ਕੀਆਂ ਸੰਗਤਾਂ ਵੀ ਗੁਮਰਾਹ ਹੋ ਜਾਂਦੀਆਂ ਹਨ ਤਾਂ ਇਸ `ਚ ਉਨ੍ਹਾਂ ਦਾ ਕੀ ਦੋਸ਼? ਜਦਕਿ ਇਹ ਦੋਸ਼ ਹੁੰਦਾ ਹੈ ਤਾਂ ਇਸ ਵਿਸ਼ੇ `ਤੇ ਗੁਰਬਾਣੀ ਵਾਲੇ ਯੋਗ ਪ੍ਰਚਾਰ ਦੇ ਨਾ ਹੋਣ ਦਾ।

ਦਾਸ ਦਾ ਨਿਜੀ ਤਜੁਰਬਾ ਹੈ ਕਿ ਜਦੋਂ ਇਨ੍ਹਾਂ ਗੁਮਰਾਹ ਹੋ ਚੁੱਕੀਆਂ ਸੰਗਤਾਂ ਵਿਚਕਾਰ ਵਿਚਰ ਕੇ ਦੇਖਿਆ ਤਾਂ ਉਹ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਜੀ ਤੱਕ ਅਤੇ “ਸਾਹਿਬ ਸ੍ਰੀ ਗੁਰੂ ਗੰਥ ਸਾਹਿਬ ਜੀ” ਨੂੰ ਵੀ ਆਪਣਾ ਗੁਰੂ ਹੀ ਕਹਿੰਦੀਆਂ ਤੇ ਬਿਆਣਦੀਆਂ ਹਨ, ਕਸੂਰ ਹੁੰਦਾ ਹੈ ਤਾਂ ਬਹੁਤਾ ਕਰਕੇ ਗੁਰਬਾਣੀ ਦੇ ਕੀਤੇ ਜਾ ਰਹੇ ਅਸਪਸ਼ਟ ਤੇ ਅਯੋਗ ਪ੍ਰਚਾਰ ਦਾ, ਨਾ ਕਿ ਉਨ੍ਹਾਂ ਲੋਕਾਂ ਦਾ।

ਆਖ਼ਿਰ ਉਹ ਵਿਚਾਰੇ ਤਾਂ ਗੁਮਰਾਹ ਹੁੰਦੇ ਹੀ ਹਨ, ਕੀ ਉਸ ਦੇ ਨਾਲ ਅਸੀਂ ਵੀ ਬਰਾਬਰ ਦੇ ਗੁਣਾਹਗਾਰ ਨਹੀਂ ਹੁੰਦੇ ਜਦੋਂ ਬਜਾਇ ਉਨ੍ਹਾਂ `ਚੋਂ ਸਾਧਾਰਣ ਸੰਗਤਾਂ ਨੂੰ ਆਪਣੀ ਗਲਵੱਕੜੀ `ਚ ਲੈ ਕੇ, ਉਨ੍ਹਾਂ ਨੂੰ ਉਨ੍ਹਾਂ ਦੀ ਘਾਟ ਉਨ੍ਹਾਂ ਨੂੰ ਮਹਿਸੂਸ ਕਰਵਾਉਣ ਦੇ, ਉਨ੍ਹਾਂ ਨੂੰ ਆਪ ਵੀ ਸਿੱਖੀ ਦੇ ਦਾਇਰੇ `ਚੋਂ ਧੱਕਣਾ ਸ਼ੁਰੂ ਕਰ ਦਿੰਦੇ ਹਾਂ।

ਫ਼ਿਰ ਕਈ ਵਾਰ ਅਜਿਹੇ ਸਮੇਂ ਵੀ ਆਉਂਦੇ ਹਨ ਜਦੋਂ ਸਾਡੇ ਉਹ ਗੁਮਰਾਹ ਸੱਜਨ, ਆਪਣੇ ਮੂਲ ਸੰਸਕਾਰਾਂ ਕਾਰਣ, ਆਪਣੇ ਘਰਾਂ `ਚ ਕਿਸੇ ਖ਼ੁਸ਼ੀ-ਗ਼ਮੀ ਆਦਿ ਸਮੇਂ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਛਤਰ ਛਾਇਆ ਹੇਠ ਹੀ ਸਭ ਕਾਰਜ ਕਰਣੇ ਲੋੜਦੇ ਹਨ ਤਾਂ ਉਨ੍ਹਾਂ ਦੀ ਅਜਿਹੀ ਕਰਣੀ `ਚ ਅਸੀਂ ਆਪ ਰੋਕਾਂ ਪਾਉਂਦੇ ਹਾਂ ਅਤੇ ਇਸੇ ਤਰ੍ਹਾਂ ਹੋਰ ਬਹੁਤ ਕੁਝ। ਜਦਕਿ ਲੋੜ ਹੁੰਦੀ ਹੈ ਕਿ ਕਿਸੇ ਵੀ ਯੋਗ ਢੰਗ ਨਾਲ, ਆਪਣੇ ਉਨ੍ਹਾਂ ਸੱਜਨਾਂ ਨੂੰ ਫ਼ਿਰ ਤੋਂ ਗੁਰੂ ਦੇ ਨੇੜੇ ਲਿਆਉਣ ਦੀ ਕੌਸ਼ਿਸ਼ ਕਰੀਏ ਨਾ ਕਿ ਹੋਰ ਪਿਛੇ ਧੱਕੀਏ। ਜਦਕਿ ਸਾਡੀਆਂ ਅਜਿਹੀਆਂ ਅਣਗਹਿਲੀਆਂ ਤੇ ਕਮਜ਼ੋਰੀਆਂ ਦਾ ਹੀ ਨਤੀਜਾ ਹੈ ਕਿ ਅੱਜ ਰਾਮਰਾਈਏ ਤੇ ਧੀਰਮਲੀਏ ਆਦਿ ਵੀ ਫ਼ਿਰ ਤੋਂ ਆਪਣੇ ਪਰ ਮਾਰਣ ਦੀ ਕੋਸ਼ਿਸ਼ ਕਰ ਰਹੇ ਹਨ।

(ਹ) ਇਹ ਕਮਜ਼ੋਰੀ ਤੇ ਘਾਟ ਸਾਡੇ ਰਾਹੀਂ ਕੀਤੇ ਜਾ ਰਹੇ ਅਸਪਸ਼ਟ ਗੁਰਮੱਤ ਪ੍ਰਚਾਰ ਦੀ ਹੀ ਦੇਣ ਹੈ ਕਿ ਅੱਜ ਤਾਂ ਪੰਥ ਪ੍ਰਵਣਿਤ ‘ਸਿੱਖ ਰਹਿਤ ਮਰਿਆਦਾ-੧੯੪੫’ ਦੇ ਵੀ ਉਲਟ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਅਜ਼ਮਤ ਨੂੰ ਵੰਗਾਰਣ ਵਾਲੇ ਵੀ ਪੈਦਾ ਹੋ ਰਹੇ ਹਨ। ਅਜਿਹੇ ਲੋਕ ਜਿਹੜੇ ਬਚਿਤ੍ਰ ਨਾਟਕ ਤੋਂ ਹੀ ਲਗਭਗ ਸੰਨ ੧੮੬੦ ਦੇ ਆਸਪਾਸ ਪੈਦਾ ਕੀਤੇ ਗਏ ਅਜੋਕੇ ‘ਦਸਮ ਗ੍ਰੰਥ’ ਨੂੰ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਬਰਾਬਰੀ ਦੇਣ ਵਾਲਾ ਦਿਨ-ਰਾਤ ਕੋਝਾ ਯਤਣ ਕਰ ਰਹੇ ਹਨ।

ਜਿਸਦਾ ਨਤੀਜਾ ਹੈ ਕਿ ਇਸ ਤੋਂ ਦੂਜਿਆਂ `ਚ ਹੀ ਨਹੀਂ ਬਲਕਿ ਗੁਰੂ ਕੀਆਂ ਸੰਗਤਾਂ ਵਿਚਕਾਰ ਹੀ, ਇੱਕ ਹੋਰ ਨਵੀਂ ਵੰਡੀ ਤੇ ਪਾਟਕ ਪਾਈ ਜਾ ਰਹੀ ਹੈ। ਕੀ ਕੁੱਝ ਸਮੇਂ ਬਾਅਦ ਇਸ ਨਵੇਂ ਸ਼ੋਸ਼ੇ ਤੋਂ ਵੀ ਸਿੱਖਾਂ ਦੀ ਜਨਗਨਣਾ ਨੂੰ ਇੱਕ ਨਵੀਂ ਕਿਸਮ ਦੀ ਤੇ ਹੋਰ ਢਾਅ ਨਹੀਂ ਲਗੇਗੀ? #29 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.