.

“ਰੱਖੜੀ ਦੀ ਰਸਮ ਔਰਤ ਲਈ ਗੁਲਾਮੀ ਦੀ ਪ੍ਰਤੀਕ ਹੈ”

ਅਵਤਾਰ ਸਿੰਘ ਮਿਸ਼ਨਰੀ (5104325827)

ਰੱਖੜੀ-ਹਿੰਦੂਮਤ ਅਨੁਸਾਰ ਰੱਖਿਆ ਕਰਨ ਵਾਲਾ ਡੋਰਾ, ਰਖਸ਼ਾਬੰਧਨ, ਰਕਸ਼ਾਸੂਤ੍ਰ ਜੋ ਸਾਵਣ ਸੁਦੀ 15 ਨੂੰ ਬੰਨ੍ਹਿਆਂ ਜਾਂਦਾ ਹੈ, ਭੈਣ ਭਾਈ ਦੇ ਹੱਥ ਅਤੇ ਪਰੋਹਿਤ ਯਜਮਾਨ ਦੇ ਹੱਥ ਬਨ੍ਹ ਕੇ, ਧੰਨ ਪ੍ਰਾਪਤ ਕਰਦੇ ਹਨ (ਮਹਾਨ ਕੋਸ਼) ਰੱਖੜੀ ਜਾਂ ਰਕਸ਼ਾਬੰਧਨ ਬ੍ਰਾਹਮਣੀ ਰੀਤ ਹੈ, ਹਿੰਦੂਆਂ ਖ਼ਾਸ ਕਰ ਕੇ ਹਿੰਦੂ ਰਾਜਪੂਤਾਂ ਵਿੱਚ, ਇਹ ਰਸਮ ਪੁਰਾਣੀ ਚੱਲੀ ਆ ਰਹੀ ਹੈ। ਇਸ ਦਿਨ ਬ੍ਰਾਹਮਣ ਦੇ ਕਹੇ ਅਨੁਸਾਰ ਹਿੰਦੂ ਔਰਤਾਂ, ਮਰਦ ਭਰਾਵਾਂ ਦੇ ਹੱਥ ਤੇ ਰੱਖੜੀ ਬੰਨ੍ਹ ਕੇ, ਬਦਲੇ ਵਿੱਚ ਧੰਨ ਅਤੇ ਆਪਣੀ ਰੱਖਿਆ ਕਰਨ ਦਾ ਉਨ੍ਹਾਂ ਤੋਂ ਪ੍ਰਣ ਲੈਂਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਅਬਦਾਲੀ ਜਦੋਂ ਹਜ਼ਾਰਾਂ ਹਿੰਦੂ ਔਰਤਾਂ ਚੁੱਕ ਕੇ ਲੈ ਗਿਆ ਤਾਂ ਹਿੰਦੂ ਨੌਜਵਾਨਾਂ ਦੇ ਹੱਥਾਂ ਤੇ ਬੰਨ੍ਹੀਆਂ ਰੱਖੜੀਆਂ ਨੇ, ਉਨ੍ਹਾਂ ਨੂੰ ਭੈਣਾਂ ਦੀ ਰੱਖਿਆ ਦਾ ਅਹਿਸਾਸ ਨਾਂ ਕਰਵਾਇਆ ਸਗੋਂ ਇਸ ਦੇ ਮੁਕਾਬਲੇ ਤੇ ਕੜੇ ਅਤੇ ਕ੍ਰਿਪਾਨਾਂ ਵਾਲੇ ਸਿੰਘਾਂ ਨੇ ਸੈਂਕੜੇ ਹਿੰਦੂ ਲੜਕੀਆਂ, ਦੁਸ਼ਮਣਾਂ ਦੇ ਹੱਥੋਂ ਬਚਾ ਕੇ ਸੁਰੱਖਿਅਤ ਘਰੋ ਘਰੀ ਪਹੁੰਚਾਈਆਂ। ਓਧਰ ਰੱਖੜੀ ਬਨ੍ਹਾਉਣ ਵਾਲੇ ਹਿੰਦੂ ਭਰਾਵਾਂ ਦੀ ਕਰਤੂਤ ਦੇਖੋ! ਉਨ੍ਹਾਂ ਨੇ ਆਪਣੀਆਂ ਇਨ੍ਹਾਂ ਭੈਣਾਂ ਨੂੰ ਘਰੀਂ ਨਾਂ ਵੜਨ ਦਿੱਤਾ ਕਿ ਹੁਣ ਇਹ ਮੁਸਲਮਾਨਾਂ ਦਾ ਸੰਗ ਕਰਕੇ ਭਿੱਟੀਆਂ ਗਈਆਂ ਹਨ। ਕੀ ਅਖੌਤੀ ਰੱਖੜੀ ਦੀ ਰਸਮ ਇਹ ਹੀ ਸਿਖਾਉਂਦੀ ਹੈ ਕਿ ਜੇ ਕਿਤੇ ਬਦਕਿਸਮਤ ਨਾਲ ਤੁਹਾਡੀਆਂ ਭੈਣਾਂ ਦੁਸ਼ਮਣਾਂ ਦੇ ਹੱਥਾਂ ਵਿੱਚ ਆ ਜਾਣ ਤਾਂ ਤੁਸੀਂ ਉਨ੍ਹਾਂ ਨੂੰ ਬਚਾਉਣਾ ਤਾਂ ਕੀ ਸਗੋਂ ਜੇ ਕੋਈ ਬਹਾਦਰ ਉਨ੍ਹਾਂ ਨੂੰ ਬਚਾ ਕੇ ਤੁਹਾਡੇ ਘਰ ਛੱਡਣ ਆਵੇ ਤੇ ਤੁਸੀਂ ਭਿੱਟੀਆਂ ਗਈਆਂ ਕਹਿ ਕੇ ਉਨ੍ਹਾਂ ਦੇਵੀਆਂ ਦੀ ਤੌਹੀਨ ਕਰਦੇ ਉਨ੍ਹਾਂ ਨੂੰ ਘਰ ਨਾਂ ਵੜਨ ਦਿਉ?

ਬਾਬੇ ਨਾਨਕ ਜੀ ਨੇ ਅਜਿਹੇ ਅਨੇਕਾਂ ਫੋਕੇ ਅਤੇ ਕਰਮਕਾਂਡੀ ਰਸਮਾਂ ਰੀਤਾਂ ਅਤੇ ਤਿਉਹਾਰਾਂ ਦਾ ਭਰਵਾਂ ਖੰਡਨ ਕੀਤਾ-ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁਸਾਹਿਬ ਸੇਤੀ ਪਤਿ ਰਹੈ ॥੨॥ (590) ਇਸ ਲਈ ਸਿੱਖੀ ਵਿੱਚ ਰੱਖੜੀ ਵਰਗੀ ਕੋਈ ਫੋਕੀ ਰਸਮ ਪ੍ਰਵਾਣ ਨਹੀਂ। ਗੁਰੂ ਸਹਿਬਾਨਾਂ ਅਤੇ ਰੱਬੀ ਭਗਤਾਂ ਨੇ ਆਪਣੇ ਗੁੱਟਾਂ ਤੇ ਭੈਣਾਂ ਤੋਂ ਕਦੀ ਰੱਖੜੀ ਨਹੀਂ ਬੰਨ੍ਹਵਾਈ ਫਿਰ ਅੱਜੋਕੇ ਬਹੁਤੇ ਅਖੌਤੀ ਸਿੱਖ ਬ੍ਰਾਹਮਣੀ ਰਸਮ ਵਾਲੀਆਂ ਰੱਖੜੀਆਂ ਕਿਉਂ ਬੰਨਵਾ ਰਹੇ ਹਨ? ਉੱਤਰ ਇੱਕ ਤਾਂ ਅਜੋਕੇ ਬਹੁਤੇ ਸਿੱਖ ਗੁਰ ਸਿਧਾਂਤਾਂ (ਗੁਰਬਾਣੀ ਦੀ ਵੀਚਾਰ) ਤੋਂ ਟੁੱਟ ਚੁੱਕੇ ਹਨ ਦੂਜਾ ਬ੍ਰਾਹਮਣ ਟਾਈਪ ਲਿਖਾਰੀਆਂ ਅਤੇ ਆਰਟਿਸਟਾਂ ਨੇ ਸਿੱਖ ਇਤਹਾਸ ਨੂੰ ਮਿਥਿਹਾਸ ਨਾਲ ਮਿਲਗੋਭਾ ਕਰ ਦਿੱਤਾ ਹੈ। ਜਿਵੇਂ ਕੁਝ ਹਿੰਦੂਵਾਦੀ ਕਰਮਕਾਂਡੀ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਭੈਣ ਨਾਨਕੀ ਤੋਂ ਰੱਖੜੀ ਬੰਨ੍ਹਵਾਉਣ ਦੀ ਝੂਠੀ ਕਹਾਣੀ ਘੜ ਕੇ ਮਨੋ ਕਲਪਿਤ ਤਸਵੀਰਾਂ ਬਣਾ ਦਿੱਤੀਆਂ ਹਨ ਤਾਂ ਕਿ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸਿੱਖਾਂ ਨੂੰ ਇਸ ਫੋਕੀ ਅਤੇ ਬ੍ਰਾਹਮਣੀ ਰਸਮ ਰੱਖੜੀ ਰਾਹੀਂ ਨੀਮ ਹਿੰਦੂ ਕਰਮਕਾਂਡੀ ਬ੍ਰਾਹਮਣ ਬਣਾਇਆ ਜਾ ਸੱਕੇ। ਗੁਰੂਆਂ ਭਗਤਾਂ ਅਤੇ ਸਿੱਖ ਲੀਡਰਾਂ ਦੇ ਗੁੱਟਾਂ ਤੇ ਔਰਤ ਭੈਣਾਂ ਵੱਲੋਂ ਰੱਖੜੀ ਬੰਨ੍ਹਦੇ ਅਤੇ ਬੰਨ੍ਹਾਉਂਦਿਆਂ ਦੀਆਂ ਰੰਗ ਬਰੰਗੀਆਂ ਦਿਲ ਖਿਚਵੀਆਂ ਤਸਵੀਰਾਂ ਛਾਪਣਾ ਇਸੇ ਹੀ ਬੇਈਮਾਨੀ ਅਤੇ ਕੁਟਲ ਨੀਤੀ ਦੀ ਕੜੀ ਹੈ। ਗੁਰਮਤੀ ਸਿੱਖ ਤਾਂ ਅਜਿਹੀ ਕਰਮਕਾਂਡੀ, ਫੋਕੀ ਅਤੇ ਗੁਲਾਮੀ ਦਾ ਪ੍ਰਤੀਕ ਰੱਖੜੀ ਦੀ ਰਸਮੀ ਰੱਖਿਆ ਵਿੱਚ ਯਕੀਨ ਹੀ ਨਹੀਂ ਰੱਖਦਾ। ਸਿੱਖ ਦਾ ਤਾਂ ਪੱਕਾ ਯਕੀਨ ਹੈ-ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ (103) ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥ (816) ਸਿੱਖ ਸਮੁੱਚੇ ਸੰਸਾਰ ਦੀਆਂ ਔਰਤਾਂ ਨੂੰ ਵੱਡੀਆਂ ਨੂੰ ਆਪਣੀਆਂ ਮਾਵਾਂ, ਛੋਟੀਆਂ ਨੂੰ ਧੀਆਂ ਅਤੇ ਬਰਾਬਰ ਦੀਆਂ ਨੂੰ ਭੈਣਾਂ ਸਮਝਦਾ ਹੈ ਅਤੇ ਔਖੇ ਵੇਲੇ ਲੋੜ ਪੈਣ ਤੇ ਆਪਣੀ ਵਿਤ ਅਨੁਸਾਰ ਧੀਆਂ-ਭੈਣਾਂ ਦੀ ਪ੍ਰਤੱਖ ਰੱਖਿਆ ਵੀ ਕਰਦਾ ਹੈ।

ਪਰ ਅਜੋਕੇ ਬਹੁਤੇ ਡੇਰਾਵਾਦੀ, ਅਗਿਆਨੀ, ਭਰਮੀ ਅਤੇ ਗੁਰਮਤਿ ਸਿਧਾਤਾਂ ਜਾਂ ਗੁਰਬਾਣੀ ਅਰਥਾਂ ਤੋਂ ਕੋਰੇ ਸਿੱਖ ਬ੍ਰਾਹਮਣੀ ਰਸਮਾਂ ਰੀਤਾਂ ਅਤੇ ਕਰਮਕਾਂਡਾਂ ਵਿੱਚ ਦੇਖਾ ਦੇਖੀ ਇਤਨੇ ਫਸ ਚੁੱਕੇ ਹਨ ਕਿ ਉਨ੍ਹਾਂ ਨੂੰ ਅਸਲ ਤੇ ਨਕਲ ਜਾਂ ਘੋੜੇ ਅਤੇ ਗਧੇ ਦੀ ਪਛਾਣ ਹੀ ਨਹੀਂ ਰਹੀ, ਉਹ ਹਰੇਕ ਬ੍ਰਾਹਮਣੀ ਰਸਮ ਜਾਂ ਤਿਉਹਾਰ ਨੂੰ ਬੜੀ ਸਾਨੋ ਸ਼ੌਕਤ ਨਾਲ ਮਨਾਉਂਦੇ ਹਨ। ਜਿਵੇਂ ਤਿਲਕ ਲਾਉਣੇ, ਸੰਧੂਰੀ ਧਾਗੇ ਡੋਰੀਆਂ ਗੁੱਟਾਂ ਤੇ ਬੰਨਣੀਆਂ, ਪਾਠਾਂ ਨਾਲ ਜੋਤਾਂ, ਨਰੇਲ ਅਤੇ ਕੁੰਭ ਘੜੇ ਕੈਨੀਆਂ ਰੱਖਣੀਆਂ। ਮੱਸਿਆ, ਪੁੰਨਿਆ, ਪੰਚਕਾਂ ਅਤੇ ਸੰਗ੍ਰਾਂਦਾਂ ਆਦਿਕ ਬ੍ਰਾਹਮਣੀ ਰਸਮਾਂ ਅਤੇ ਤਿਉਹਾਰ ਘਰਾਂ ਵਿੱਚ ਕੀ ਸਗੋਂ ਗੁਰਦੁਆਰਿਆਂ ਵਿੱਚ ਵੀ ਗੱਜ ਵੱਜ ਕੇ ਮਨਾਉਣੇ, ਤੇਲ ਚੋਣਾਂ, ਗੁਰੂ ਗ੍ਰੰਥ ਸਹਿਬ ਦੇ ਪੀਹੜੇ, ਪਾਲਕੀ, ਚੌਰ ਅਤੇ ਨਿਸ਼ਾਨ ਸਾਹਿਬ ਨੂੰ ਵੀ ਰੱਖੜੀਆਂ ਅਤੇ ਰੰਗ ਬਰੰਗੇ ਧਾਗੇ ਮੌਲੀਆਂ ਬੰਨਣਾਂ ਅਤੇ ਦਿਵਾਲੀ ਵਾਲੇ ਦਿਨ ਨਿਸ਼ਾਨ ਦੇ ਆਲੇ ਦੁਆਲੇ ਤੇ ਗੁਰਦੁਆਰੇ ਦੀ ਹਰ ਨੁਕਰ ਵਿਖੇ ਦੀਵੇ, ਮੋਮਬੱਤੀਆਂ ਜਗਾ-ਜਗਾ ਕੇ ਪੂਰਾ ਗੁਰਦੁਆਰਾ ਹੀ ਮੰਦਰਨੁਮਾ ਬਣਾ ਦੇਣਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਪ੍ਰਕਾਸ਼ ਕਰਨਾ, ਇਸੇ ਬ੍ਰਾਹਮਣੀਕਰਣ ਕੜੀ ਦਾ ਹੀ ਹਿੱਸਾ ਹੈ। ਨਲਕਿਆਂ ਦੀਆਂ ਹੱਥੀਆਂ, ਕਾਰਾਂ ਦੇ ਸਟੇਰਿੰਗਾਂ, ਪਸ਼ੂਆਂ ਦੇ ਗਲਾਂ ਵਿੱਚ ਵੀ ਰੱਖੜੀਆਂ ਬੰਨ੍ਹੀ ਜਾਣਾ ਕਿਹੜੀ ਭੈਣ ਦੀ ਰੱਖਿਆ ਵਾਲਾ ਕਰਮ ਹੈ? ਰੱਖੜੀ ਜਿਸ ਦੇਸ਼ ਦੀ ਰਸਮ ਹੈ ਅੱਜ ਉਸੇ ਦੇਸ਼ ਵਿੱਚ ਹੀ ਭੈਣਾਂ ਦੀ ਇਜ਼ਤ ਬਚਾਉਣੀ ਅਤੇ ਰੱਖਿਆ ਤਾਂ ਕੀ ਕਰਣੀ ਸਗੋਂ ਉਨ੍ਹਾਂ ਦੀ ਇਜ਼ਤ ਬਲਾਤਕਾਰਾਂ ਰਾਹੀਂ ਆਏ ਦਿਨ ਲੁੱਟੀ ਜਾ ਰਹੀ ਅਤੇ ਪਿਆਰ ਦੀ ਥਾਂ ਨਫਰਤਾਂ ਪਾਲੀਆਂ ਜਾ ਰਹੀਆਂ ਹਨ। ਗੁੱਟਾਂ ਤੇ ਰੱਖੜੀ ਬੰਨਾਉਣ ਵਾਲੇ ਦੇਸ਼ ਦੇ ਹਾਕਮ, ਪੁਲਿਸੀਏ, ਰੱਖਿਆ ਕਰਮੀ ਅਤੇ ਫੌਜੀ ਵੀ ਇਜ਼ਤਾਂ ਲੁੱਟਣ ਵਾਲੇ ਗੁੰਡਿਆਂ ਦਾ ਸਾਥ ਸ਼ਰੇਆਮ ਦੇ ਰਹੇ ਹਨ। ਘੱਟ ਗਿਣਤੀਆਂ ਨੂੰ ਆਪਣੇ ਦੇਸ਼ ਵਿੱਚ ਹੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਭਾਰਤ ਨੂੰ ਛੱਡ ਕੇ ਬਾਕੀ ਬਹੁਤੇ ਹੋਰ ਦੇਸ਼ਾਂ ਵਿੱਚ ਰੱਖੜੀ ਵਾਲੀ ਫੋਕੀ ਰਸਮ ਨਹੀਂ, ਕੀ ਓਥੇ ਭਰਾ ਭੈਣਾਂ ਦੀ ਰੱਖਿਆ ਨਹੀਂ ਕਰਦੇ? ਕੀ ਓਨ੍ਹਾਂ ਦੇਸ਼ਾਂ ਵਿੱਚ ਪਿਆਰ ਖਤਮ ਹੋ ਚੁੱਕਾ ਹੈ? ਨਹੀਂ ਸਗੋਂ ਓਥੇ ਭੈਣਾਂ ਆਪਣੇ ਆਪ ਨੂੰ ਭਾਰਤ ਤੋਂ ਵੱਧ ਸੁਰੱਖਿਅਤ ਸਮਝਦੀਆਂ ਹਨ।

ਸੋ ਭਰਾਵੋ ਧਿਆਨ ਨਾਲ ਸਮਝੋ ਅਜਿਹੀਆਂ ਰੱਖੜੀ ਵਰਗੀਆਂ ਹੋਰ ਅਨੇਕਾਂ ਰੂੜੀਵਾਦੀ ਰਸਮਾਂ ਪ੍ਰੋਹਿਤਾਂ, ਪੁਜਾਰੀਆਂ, ਬ੍ਰਾਹਮਣਾਂ ਅਤੇ ਕੁਟਲਨੀਤੀਵਾਨਾਂ ਦੀਆਂ ਚਲਾਈਆਂ ਹੋਈਆਂ ਹਨ, ਜਿਨ੍ਹਾਂ ਦੇ ਆਸਰੇ ਜਨਤਾ ਨੂੰ ਲੁੱਟਿਆ ਅਤੇ ਉਨ੍ਹਾਂ ਤੇ ਮਨ ਭਾਉਂਦਾ ਰਾਜ ਕੀਤਾ ਜਾ ਰਿਹਾ ਹੈ। ਜਨਤਾ ਧਰਮ ਪੁਜਾਰੀਆਂ ਅਤੇ ਰਾਜਨੀਤਕ ਠੱਗਾਂ ਦੇ ਭਰਮ ਜਾਲ ਵਿੱਚ ਫਸ ਕੇ ਅੰਧਵਿਸ਼ਵਾਸ਼ੀ ਬਣਦੀ ਜਾ ਰਹੀ ਹੈ। ਜਰਾ ਸੋਚੋ! ਵਿਦੇਸ਼ ਵਿੱਚ ਗਿਆ ਭਰਾ ਦੇਸ਼ ਵਿੱਚ ਬੈਠੀ ਭੈਣ ਦੀ ਰੱਖਿਆ ਕਿਵੇਂ ਕਰ ਸਕਦਾ ਹੈ? ਚਲੋ ਜਿਨ੍ਹਾਂ ਦੀ ਇਹ ਰਸਮ ਹੈ ਉਹ ਖੁਸ਼ੀ ਨਾਲ ਨਿਭਾਉਣ ਪਰ ਸਿੱਖਾਂ ਨੂੰ ਤਾਂ ਅਜਿਹੀਆਂ ਬ੍ਰਾਹਮਣੀ ਫੋਕੀਆਂ ਰਸਮਾਂ ਦਾ ਤਾਂ ਤਿਆਗ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਵਰਜਿਤ ਕਰਦੀ ਹੈ। ਸਿੱਖ ਮੂਰਤੀ ਪੂਜਕ, ਅੰਧਵਿਸ਼ਵਾਸ਼ੀ ਅਤੇ ਲਾਈਲੱਗ ਨਹੀਂ ਹੋ ਸਕਦਾ ਸਗੋਂ ਅਕਾਲ ਪੁਰਖ ਦਾ ਪੁਜਾਰੀ, ਗਿਆਨਵੇਤਾ ਅਤੇ ਬਿਬੇਕ ਬੁੱਧੀ ਨਾਲ ਖੋਟੇ ਖਰੇ ਦੀ ਪਰਖ ਕਰਨ ਵਾਲਾ ਹੁੰਦਾ ਹੈ।

ਗੁਰੂ ਸਾਹਿਬ ਨੇ ਸਾਨੂੰ ਭਰਮਾਂ ਤੋਂ ਸਦਾ ਬਚਣ ਦਾ ਪ੍ਰਤੀਕ ਕੜਾ ਪਹਿਨਾਇਆ ਇਸ ਲਈ ਸਿੱਖ ਦਾ ਹੱਥ ’ਚ ਕੜਾ ਪਾ ਕੇ, ਨਾਲ ਹੀ ਰੱਖੜੀ ਬੰਨ੍ਹਣਾ, ਗੁਰੂ ਹੁਕਮ ਦੀ ਤੌਹੀਨ ਹੈ, ਅਜਿਹਾ ਕਰਨ ਵਾਲਾ ਸਿੱਖ ਨਕਲੀ,ਜਾਅਲੀ, ਦੰਭੀ, ਪਾਖੰਡੀ ਅਤੇ ਅੰਧਵਿਸ਼ਵਾਸ਼ੀ ਹੈ। ਸੋ ਧਿਆਨ ਨਾਲ ਸੋਚੋ ਅਤੇ ਵਿਚਾਰੋ ਕਿ ਰੱਖੜੀ ਬੰਨ੍ਹਣ ਵਾਲਾ ਕੇਸਾਧਾਰੀ ਸਿੱਖ ਬ੍ਰਾਹਮਣ ਦਾ ਪੈਰੋਕਾਰ ਤਾਂ ਹੋ ਸਕਦਾ ਹੈ ਪਰ ਸਿੱਖ ਗੁਰੂਆਂ ਦਾ ਨਹੀਂ। ਇਸ ਲਈ ਸਿੱਖ ਬੀਬੀਆਂ ਭੈਣਾਂ ਨੂੰ ਨਿਗੂਣੇ ਲਾਲਚ ਵਿੱਚ ਸਿੱਖ ਸਿਧਾਂਤਾਂ ਨੂੰ ਤੋੜ ਕੇ, ਬ੍ਰਾਹਮਣੀ ਰਸਮ ਰੱਖੜੀ ਜੋ ਗੁਲਾਮੀ ਦੀ ਪ੍ਰਤੀਕ ਹੈ, ਦਾ ਤਿਆਗ ਕਰ ਦੇਣਾਂ ਚਾਹੀਦਾ ਹੈ ਅਤੇ ਸਿੱਖ ਭਰਾਵਾਂ ਨੂੰ ਵੀ ਗੁਰੂਆਂ ਭਗਤਾਂ ਅਤੇ ਸ਼ਹੀਦਾਂ ਦੇ ਪਵਿਤਰ ਦਿਹਾੜਿਆਂ ਤੇ ਲੋੜਵੰਦ ਭੈਣਾਂ ਨੂੰ ਆਪਣੀ ਵਿਤ ਮੁਤਾਬਿਕ ਵੱਧ ਤੋਂ ਵੱਧ ਮਦਦ ਕਰਕੇ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ। ਰਲ ਮਿਲ ਕੇ ਸੰਗਤ ਰੂਪ ਵਿੱਚ ਗੁਰਬਾਣੀ ਵਿਚਾਰਦੇ ਅਤੇ ਧਾਰਦੇ ਹੋਏ-ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ॥ (648) ਨੂੰ ਬਰਕਰਾਰ ਰੱਖਣਾ ਚਹੀਦਾ ਹੈ।

ਭੈਣੋਂ! ਆਪਣਾ ਰਾਖਾ ਸਦਾ ਕਰਤਾਰ ਨੂੰ ਸਮਝੋ ਜੋ ਸਭਦੀ ਰੱਖਿਆ ਕਰਦਾ ਹੈ-ਰਾਖਾ ਏਕੁ ਹਮਾਰਾ ਸੁਆਮੀ॥ (1136) ਗੁਰੂ ਦੀ ਬਖਸ਼ੀ ਸਪਿਰਟ ਅਨੁਸਾਰ ਆਪਣੀ ਅਤੇ ਲੋੜਵੰਦਾਂ ਦੀ ਰੱਖਿਆ ਆਪ ਕਰੋ ਕਿਉਂਕਿ ਗੁਰੂ ਨੇ ਤੁਹਾਨੂੰ ਅਬਲਾ ਕਹਿ ਕੇ ਦਬਾ ਦਿੱਤੀਆਂ ਗਈਆਂ ਨੂੰ ਗੁਰ ਸ਼ਬਦ ਗਿਆਨ ਦੀ ਸ਼ਕਤੀ ਬਖਸ਼, ਸਬਲਾ ਬਣਾ ਕੇ ਅਕਾਲ ਪੁਰਖ ਕੀ ਫੌਜ ਖਾਲਸਾ ਸਾਜ, ਔਰਤ ਅਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਬਖਸ਼ ਦਿੱਤੇ ਸਨ। ਇਸ ਲਈ ਗੁਰੂ ਦੀ ਸਾਜੀ ਨਿਵਾਜੀ ਖਾਲਸਾ ਫੌਜ ਵਿੱਚ ਸ਼ਾਮਲ ਹੋ ਕੇ, ਰੱਖੜੀ ਵਰਗੀਆਂ, ਫੋਕੇ ਪਿਆਰ ਵਾਲੀਆਂ ਅਤੇ ਕਰਮਕਾਂਡਾਂ ਦੇ ਭਰਮ ਜਾਲ ਵਿੱਚ ਫਸਾ ਕੇ ਗੁਲਾਮ ਬਿਰਤੀ ਪੈਦਾ ਕਰਨ ਵਾਲੀਆਂ ਬ੍ਰਾਹਮਣੀ ਰਸਮਾਂ ਨੂੰ, ਗੁਰੂ ਗਿਆਨ ਦੇ ਨਸ਼ਤਰਾਂ ਨਾਲ ਕੱਟ-ਕੱਟ ਕੇ ਸਦਾ ਲਈ ਖਤਮ ਕਰ ਦਿਓ। ਸਿੱਖੀ ਦੇ ਸੁੰਦਰ ਵਿਹੜੇ ਅਤੇ ਸੁਹਾਵਣੇ ਬਾਗ ਵਿੱਚੋਂ ਫੋਕੀਆਂ ਰਸਮਾਂ ਦਾ ਕੂੜਾ ਕਰਕਟ ਗੁਰੂ ਗਿਆਨ ਦੀ ਬੁਹਾਰੀ ਨਾਲ ਹਰ ਵੇਲੇ ਸਾਫ ਰੱਖੋ।

ਘੱਟ ਤੋਂ ਘੱਟ ਗੁਰਦੁਆਰਿਆਂ ਦੇ ਪ੍ਰਬੰਧਕਾਂ, ਰਾਗੀਆਂ, ਗ੍ਰੰਥੀਆਂ, ਢਾਡੀਆਂ, ਕਵੀਆਂ ਅਤੇ ਪ੍ਰਚਾਰਕਾਂ ਨੂੰ ਫੋਕੀਆਂ ਗੁਰਮਤਿ ਵਿਰੋਧੀ ਰਸਮਾਂ ਦਾ ਤਿਆਗ ਕਰਕੇ, ਸਿੱਖੀ ਪ੍ਰਚਾਰ ਦੇ ਸੋਮੇਂ ਗੁਰਦੁਆਰਿਆਂ ਨੂੰ ਸਦਾ ਬ੍ਰਾਹਮਣਵਾਦ ਦੇ ਫੈਲਾਏ ਕਰਮਕਾਂਡਾਂ ਅਤੇ ਫੋਕੀਆਂ ਰੀਤਾਂ, ਰਸਮਾਂ ਤੋਂ ਬਚਾ ਕੇ ਸਾਫ ਸੁਥਰਾ ਰੱਖਦੇ ਹੋਏ ਵੱਧ ਤੋਂ ਵੱਧ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪ੍ਰਚਾਰ ਵੰਡਣਾਂ ਚਾਹੀਦਾ ਹੈ। ਜੇ ਗੁਰਦੁਆਰਿਆਂ ਚੋਂ ਐਸੇ ਗੁਰੂ ਗਿਆਨ ਦੇ ਸੋਮੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੇ ਰੂਪ ਵਿੱਚ ਫੁੱਟ ਪੈਣ ਤਾਂ ਰੱਖੜੀ ਵਰਗੀਆਂ ਹੋਰ ਅਨੇਕਾਂ ਰੂੜੀਵਾਦੀ ਗੁਲਾਮੀ ਵਾਲੀਆਂ ਕਰਮਕਾਂਡੀ ਫੋਕੀਆਂ ਰਸਮਾਂ ਦੀ ਗਰਦਸ਼ ਤੋਂ ਸਿੱਖੀ ਦੇ ਵਿਹੜੇ ਨੂੰ ਸਾਫ ਰੱਖਿਆ ਜਾ ਸਕਦਾ ਹੈ।




.