.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਵਾ ਹੀ ਊਤਿਆ ਪਿਆ
ਕ੍ਹਿਨੂ ਕ੍ਹਿਨੂ ਰੋਈਏ

ਸਾਡੇ ਜੀਵਨ ਨਾਲ ਸਬੰਧ ਰੱਖਣ ਵਾਲੀ ਹਰ ਖ਼ੁਸ਼ੀ ਤੇ ਗ਼ਮੀ ਸਾਡੀਆਂ ਅੱਖਾਂ ਰਾਂਹੀਂ ਪ੍ਰਗਟ ਹੁੰਦੀ ਹੈ। ਏਸੇ ਤਰ੍ਹਾਂ ਸ਼ਾਇਰ, ਲੇਖਕ, ਸਮਾਜਕ ਚਿੰਤਕ, ਕਲਾਕਾਰ, ਚਿੱਤਰਕਾਰ, ਪ੍ਰਚਾਕ ਸ਼੍ਰੇਣੀ ਤੇ ਬੁੱਧੀਜੀਵੀਏ ਸਮਾਜ ਦੀਆਂ ਅੱਖਾਂ ਹੁੰਦੇ ਹਨ। ਪਰਵਾਰ, ਸਮਾਜ, ਰਾਜਨੀਤੀ ਤੇ ਧਰਮ ਵਿੱਚ ਆਏ ਅੰਧਕਾਰ ਨੂੰ ਇਹਨਾਂ ਦੀਆਂ ਕਲਮਾਂ ਸਾਡੇ ਸਾਹਮਣੇ ਪ੍ਰਗਟ ਕਰਕੇ ਸੁਧਾਰ ਦੀ ਮੰਗ ਕਰਦੀਆਂ ਹਨ। ਇਹ ਵਿਦਵਤਾ ਭਰਪੂਰ ਕਲਮਾਂ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦੇਂਦੀਆਂ ਹਨ। ਸਰਕਾਰਾਂ ਦੇ ਜ਼ੁਲਮ ਨੂੰ ਲਿਖਣ ਵਾਲੀਆਂ ਕਲਮਾਂ ਬਾਗੀ ਕਰਾਰ ਦੇ ਕੇ ਜੇਲ੍ਹਾਂ ਵਿੱਚ ਵੀ ਬੰਦ ਕੀਤੀਆਂ ਜਾਂਦੀਆਂ ਹਨ। ਕਈ ਕਲਮਾਂ ਸਮਝੌਤਾ ਕਰਕੇ ਸਰਕਾਰੀ ਬੋਲੀ ਵੀ ਬੋਲਣ ਲੱਗ ਜਾਂਦੀਆਂ ਹਨ। ਚਿੰਤਕ ਤੇ ਪਰਚਾਰਕ ਦੋ ਸ਼੍ਰੇਣੀਆਂ ਹਨ। ਚਿੰਤਕ ਜਿੱਥੇ ਸਮੱਸਿਆ ਨੂੰ ਅੱਖਰਾਂ ਰਾਂਹੀਂ ਲਿਖਦਾ ਹੈ ਓੱਥੇ ਪ੍ਰਚਾਰਕ ਉਸ ਸੱਚ ਨੂੰ ਦੁਨੀਆਂ ਸਾਹਮਣੇ ਰੱਖਦਾ ਹੈ।
ਅਮੀਰ ਸਭਿਆਚਾਰ ਤੇ ਨਿਯਮਬੰਦ ਕੌਮਾਂ ਹੀ ਤਰੱਕੀ ਕਰਦੀਆਂ ਨਜ਼ਰ ਆਉਂਦੀਆਂ ਹਨ। ਪੰਜਾਬ ਬਹੁਤ ਹੀ ਅਮੀਰ ਵਿਰਸੇ ਦਾ ਮਾਲਕ ਹੈ। ਕਦੇ ਇਸ ਦੇ ਗੀਤਾਂ ਵਿੱਚ ਜ਼ਿੰਦਗੀ ਦੀ ਅਸਲੀਅਤ ਹੁੰਦੀ ਸੀ, ਦੇਸ਼ ਪਿਆਰ ਦੀ ਸੁਗੰਧੀ ਆਉਂਦੀ ਸੀ-- ਜੇਹਾ ਕਿ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ।
ਜਿੰਨੇ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ,
ਉਹਨਾਂ ਲੱਖ ਮੁਸੀਬਤਾਂ ਜੱਲੀਆਂ ਨੇ।
ਅਤੇ
ਅਸੀਂ ਗਭਰੂ ਦੇਸ਼ ਪੰਜਾਬ ਦੇ, ਸਾਡੀ ਸ਼ੇਰਾਂ ਵਰਗੀ ਸ਼ਾਨ,
ਸਾਡੇ ਬਾਹੀਂ ਬਿਜਲੀਆਂ ਨੱਚਦੀਆਂ, ਸਾਡੇ ਪੈਰ ਭੰਗੜੇ ਪਾਣ।

ਪੰਜਾਬ ਦਾ ਸਭਿਆਚਾਰ ਨਨਕਾਣੇ ਦੀ ਹਰੀ ਭਰੀ ਧਰਤੀ, ਅਨੰਦਪੁਰ ਦੀਆਂ ਉੱਚੀਆਂ ਠੇਰੀਆਂ, ਸਰਹੰਦ ਦੀ ਦੀਵਾਰ, ਚਮਕੌਰ ਦੀ ਜੂਹ ਤੇ ਅੰਮ੍ਰਿਤਸਰ ਦੀ ਧਰਤੀ ਤੇ ਲਿਸ਼ਕਾਂ ਮਾਰਦਾ ਨਜ਼ਰ ਆਉਂਦਾ ਹੈ। ਚੱਪੇ ਚੱਪੇ ਤੇ ਸੂਰਬੀਰ ਬਹਾਦਰ ਸ਼ਹੀਦਾਂ ਦੇ ਖੂਨ ਨਾਲ ਭਰਿਆ ਹੋਇਆ ਹੈ ਜੋ ਨਿੱਤ ਨਵੀਂ ਸਵੇਰ ਨੂੰ ਜਨਮ ਦੇਂਦਾ ਹੈ।
ਕਹਿੰਦੇ ਨੇ ਕਿਸੇ ਕੌਮ ਨੂੰ ਬੇ-ਗ਼ੈਰਤ, ਅਣਖਹੀਣਾਂ, ਘਸਿਆਰਾ ਜਾਂ ਨਿਪੁੰਸਕ ਬਣਾਉਣਾ ਹੋਵੇ ਤਾਂ ਉਸ ਦੇ ਸਾਹਿਤ ਵਿੱਚ ਪਿਆਰ ਦੇ ਨਾਂ `ਤੇ ਕਾਮਕ ਬਿਰਤੀ ਵਾਲੀਆਂ ਪ੍ਰੇਮ ਕਹਾਣੀਆਂ ਤੇ ਮਿਥਹਾਸ ਦੀ ਪੁੱਠ ਚਾੜ ਦਿਓ। ਫਿਰ ਆਉਣ ਵਾਲੀਆਂ ਨਸਲਾਂ ਏਸੇ ਘਟੀਆ ਸਾਹਿਤ ਨੂੰ ਹੀ ਆਪਣਾ ਅਸਲੀ ਸਭਿਆਚਾਰ ਸਮਝਣ ਲੱਗ ਪੈਂਦੀਆਂ ਹਨ। ਪਿੱਛਲੇ ਕੁੱਝ ਸਮੇਂ ਤੋਂ ਸਮਾਜ ਦੀਆਂ ਕਦਰਾਂ ਕੀਮਤਾਂ ਤੋਂ ਬਾਗੀ ਹੋਏ ਨਿਆਣਿਆਂ ਨੂੰ ਪੰਜਾਬ ਦੇ ਲੋਕ-ਨਾਇਕਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਇਹਨਾਂ ਨੇ ਬਹੁਤ ਵੱਡੀ ਕੋਈ ਮੁਹਿੰਮ ਸਰ ਕੀਤੀ ਹੋਵੇ। ਜੇ ਦੇਖਿਆ ਜਾਏ ਤਾਂ ਮਿਰਜ਼ਾ-ਸਹਿਬਾਂ, ਹੀਰ-ਰਾਂਝਾ, ਸੋਹਣੀ-ਮਹੀਂਵਾਲ ਜਾਂ ਸੱਸੀ-ਪੰਨੂ ਆਦਿਕ ਦੇ ਕਿਰਦਾਰਾਂ ਨੂੰ ਅਸੀਂ ਆਪਣਿਆਂ ਘਰਾਂ ਵਿੱਚ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਕਰ ਸਕਦੇ। ਪਰ ਪੰਜਾਬ ਦੇ ਗਾਇਕ ਕਿੱਲ੍ਹ ਕਿੱਲ੍ਹ ਕੇ ਇਹਨਾਂ ਨੂੰ ਗਾਉਂਦੇ ਹਨ ਕਿ ਜਿਵੇਂ ਇਹ ਸਾਡਾ ਅਦਰਸ਼ ਹੋਣ।
ਪੰਜਾਬੀ ਗੀਤਾਂ ਵਿੱਚ ਅੱਤ ਦੀ ਲੱਚਰਤਾ, ਨੰਗੇਜਪਨ ਸੁਣਨ ਤੇ ਦੇਖਣ ਨੂੰ ਮਿਲ ਰਿਹਾ ਹੈ। ਸਮਾਜ ਵਿੱਚ ਚੰਗੀ ਥਾਂ ਰੱਖਣ ਵਾਲੇ ਗਾਇਕਾਂ ਨੇ ਵੀ ਜੱਗੋਂ ਤੇਰ੍ਹਵੀਂ ਕਰਦਿਆਂ ਅਦਰਸ਼ਹੀਣ ਗਾਣੇ ਗਾ ਕੇ ਮਹੌਲ ਨੂੰ ਗੰਧਲਾ ਹੀ ਕੀਤਾ ਹੈ। ਘਰ ਦੀ ਸ਼ਰਾਬ ਨੂੰ ਪਹਿਲ ਦੇਣੀ ਤੇ ਪੰਜਾਬ ਦੀ ਧੀ ਨੂੰ ਅੱਗ ਕਹਿਣਾ ਨੀਵੇਂ ਪੱਧਰ ਦੀ ਗੀਤਕਾਰੀ ਤੇ ਲੱਚਰ ਗਾਇਕੀ ਹੀ ਕਿਹਾ ਜਾ ਸਕਦਾ ਹੈ। ਬਹੁਤਿਆਂ ਗੀਤਕਾਰਾਂ ਤੇ ਗਾਇਕਾਂ ਨੇ ਮਾਂ ਬੋਲੀ ਪੰਜਾਬੀ ਨੂੰ ਨੰਗਿਆਂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਆਹ ਹੁਣੇ ਹੀ ੧੭ ਮਈ ੨੦੧੩ ਨੂੰ ਚੰਡੀਗੜ੍ਹ ਹਾਈਕੋਰਟ ਨੇ ਲੱਚਰ ਤੇ ਅਸਿਭਅਕ ਘਟੀਆ ਗਾਇਕੀ ਵਾਲੇ ਕਲਾਕਾਰ `ਤੇ ਮੁਕਦਮਾ ਦਾਇਰ ਕਰਨ ਦੀ ਆਗਿਆ ਦਿੱਤੀ ਹੈ। ਸ਼ਾਇਦ ਇਹਦੇ ਨਾਲ ਅਸ਼ਲੀਲਤਾ ਨੂੰ ਕੁੱਝ ਠੱਲ੍ਹ ਪੈ ਸਕੇ। ਗੀਤਕਾਰਾਂ ਤੇ ਗਾਇਕਾਂ ਵਲੋਂ ਜੋ ਸਮਾਜ ਨੂੰ ਪਰੋਸ ਕੇ ਦਿੱਤਾ ਜਾ ਰਿਹਾ ਹੈ ਇਹ ਇਹਨਾਂ ਦੇ ਘਰਾਂ ਵਿੱਚ ਵੀ ਨਹੀਂ ਸੁਣਿਆ ਜਾ ਸਕਦਾ। ਇਹਨਾਂ ਗੀਤਕਾਰਾਂ ਤੇ ਗਾਇਕਾਂ ਨੇ ਜੱਟ, ਗਲਾਸੀ, ਗੰਡਾਸੀ, ਸ਼ਰਾਬ ਤੇ ਔਰਤ ਦੇ ਬਾਹਰਲੇ ਸਰੀਰ ਨੂੰ ਹੀ ਉਭਾਰਿਆ ਹੈ।
ਲੱਚਰਤਾ ਵਾਲੀ ਗਾਇਕੀ ਨੂੰ ਠੱਲ ਪਉਣ ਲਈ ਸਮਾਜ ਦੇ ਸਮੁੱਚੇ ਵਰਗ ਨੂੰ ਬਹੁਤ ਹੀ ਸੁਚੇਤ ਹੋ ਕੇ ਅੱਗੇ ਆਉਣ ਦੀ ਲੋੜ ਹੈ। ਅਸ਼ਲੀਲਤਾ ਵਾਲੀ ਗਾਇਕੀ ਤੇ ਨੱਚਣ ਕੁੱਦਣ ਨੂੰ ਸਹੀ ਠਹਿਰਉਣ ਲਈ ਕੁੱਝ ਲੋਕ ਗੁਰਬਾਣੀ ਵਿਚੋਂ ਫਟਾਫਟ ਇੱਕ ਤੁਕ ਦਾ ਉਚਾਰਣ ਕਰ ਦੇਣਗੇ ਕਿ ਦੇਖੋ ਜੀ ਗੁਰਬਾਣੀ ਵਿੱਚ ਵੀ ਤਾਂ ਲਿਖਿਆ ਹੋਇਆ ਹੈ--
“ਨਚਣੁ ਕੁਦਣੁ ਮਨ ਕਾ ਚਾਉ” ਇਨ੍ਹਾਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਨਚਣ ਕੁਦਣ ਲਈ ਗੁਰੂ ਜੀ ਵੀ ਆਖ ਰਹੇ ਹਨ। ਇਸ ਲਈ ਖੁਸ਼ੀਆਂ ਦੇ ਮੌਕਿਆ `ਤੇ ਨੱਚ ਕੁੱਦ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਤਾਂ ਏੱਥੇ ਨੱਚਣ ਕੁੱਦਣ ਨੂੰ ਕੇਵਲ ਮਨੁੱਖੀ ਮਨ ਦਾ ਚਾਉ ਦੱਸ ਰਹੇ ਹਨ। ਗੁਰਬਾਣੀ ਇਸ ਪ੍ਰਥਾਏ ਬੜਾ ਪਿਆਰਾ ਪਿਆਰਾ ਫਰਮਾਣ ਹੈ---
ਮੇਰੇ ਮੋਹਨ ਸ੍ਰਵਨੀ ਇਹ ਨਾ ਸੁਨਾਏ।।
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ।। ਰਹਾਉ।।
ਬਿਲਾਵਲੁ ਮਹਲਾ ੫ ਪੰਨਾ ੮੨੦
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ। ਹੇ ਮੇਰੇ ਮੋਹਨ ! ਇਹੋ ਜਿਹੇ ਬੋਲ ਮੇਰੀ ਕੰਨੀਂ ਨਾਹ ਪੈਣ। ੧। ਰਹਾਉ।।
ਸਕੂਲਾਂ ਕਾਲਜਾਂ ਨੂੰ ਧਾਰਮਕ ਮੰਦਰ ਦਾ ਨਾਂ ਦਿੱਤਾ ਜਾਂਦਾ ਹੈ ਕਿਉਂਕਿ ਏੱਥੇ ਅੱਲੜ ਉਮਰ ਦੇ ਬੱਚੇ ਬੱਚੀਆਂ ਦਾ ਜੀਵਨ ਘੜਿਆ ਜਾਣਾ ਹੁੰਦਾ ਹੈ। ਇਹ ਬੱਚੇ ਕੱਚੇ ਘੜੇ ਦੀ ਨਿਆਂਈਂ ਹੁੰਦੇ ਹਨ। ਕੱਚੇ ਘੜੇ ਤੇ ਜੋ ਕੁੱਝ ਉਕਰਿਆ ਜਾਂਦਾ ਹੈ ਉਹੀ ਮੁੜ ਕੇ ਪੱਕ ਜਾਂਦਾ ਹੈ। ਏਸੇ ਤਰ੍ਹਾਂ ਅੱਲੜ ਵਰੇਸ ਵਿੱਚ ਜੋ ਕੁੱਝ ਇਹਨਾਂ ਨੂੰ ਸਕੂਲਾਂ ਵਿਚੋਂ ਮਿਲਦਾ ਹੈ ਉਸ ਦੇ ਅਨੁਸਾਰ ਹੀ ਇਹਨਾਂ ਦਾ ਜੀਵਨ ਢੱਲਣਾ ਹੁੰਦਾ ਹੈ। ਮਈ ੧੮, ੨੦੧੩ ਅਜੀਤ ਅਖਬਾਰ ਵਿੱਚ ਪੰਜਾਬ ਸਿੱਖਆ ਬੋਰਡ ਵਲੋਂ ਜੋ ਪੁਸਤਕਾਂ ਸਕੂਲਾਂ ਨੂੰ ਭੇਜੀਆਂ ਗਈਆਂ ਹਨ ਉਹਨਾਂ ਵਿੱਚ ਅਸ਼ਲੀਲਤਾ ਭਰੀ ਪਈ ਹੈ।
“ਕੁੜੀ ਨਸ਼ਾ ਚੜ੍ਹਾ ਗਈ ਸ਼ਰਾਬ ਦਾ, ਮੈਂ ਕੀ ਸਾਲੀ ਛੇੜ ਦਿੱਤੀ ਪੈ ਗਿਆ ਪੰਗਾ, ਮਾਰ ਜਾਂਦਾ ਸਾਲੀ ਦਾ ਹੁਸਨੀ ਨਖ਼ਰਾ, ਕੱਚ ਦੇ ਗਿਲਾਸ ਵਾਂਗ ਸਾਲੀ ਰੱਖਦਾ ਜਾਂ ਕੁੜੀਆਂ ਜ਼ਹਿਰ ਦੀਆਂ ਪੁੜੀਆਂ”। ਉਪਰੋਕਤ ਪੰਕਤੀਆਂ ਕਿਸੇ ਪੰਜਾਬੀ ਗੀਤ ਜਾਂ ਬੱਸ-ਅੱਡੇ `ਤੇ ਮਿਲਣ ਵਾਲੀ ਕਿਤਾਬ ਦੀਆਂ ਨਹੀਂ, ਬਲ ਕਿ ਉਹਨਾਂ ਕਿਤਾਬਾਂ ਦੀਆਂ ਹਨ, ਜੋ ਸਿੱਖਿਆ ਵਿਭਾਗ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਸਪਲਾਈ ਕੀਤੀਆਂ ਹਨ।
ਇਹਨਾਂ ਕਿਤਾਬਾਂ ਅਤੇ ਇਹਨਾਂ ਵਿਚਲੀ ਸਮੱਗਰੀ ਦੇਖਣ ਤੋਂ ਪਤਾ ਲੱਗਾ ਕਿ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਨਿੱਕੇ ਬੱਚਿਆਂ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪੜ੍ਹਨ ਲਈ ਇਤਰਾਜ਼ਯੋਗ ਸਮੱਗਰੀ ਵਾਲੀਆਂ ਕਿਤਾਬਾਂ ਭੇਜ ਦਿੱਤੀਆਂ ਗਈਆਂ। “ਕਿਤਾਬ ਕਿੱਟਾਂ” ਵਿੱਚ ਪੰਜਾਬੀ ਦੀ ਪੁਸਤਕ ਵਿੱਚ ਬਹੁਤ ਹੀ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਕੇ ਗੀਤਾਂ ਦੀ ਤੁਕਬੰਦੀ ਕੀਤੀ ਗਈ ਹੈ। ਕੁੱਝ ਮਿਸਾਲਾਂ ਹੋਰ ਵੀ ਹੈਣ—
ਕੁੜੀ ਪੰਜ ਫੁੱਟੀ ਤਲਵਾਰ, ਕਾਲਜ ਦੇ ਵਿੱਚ ਆਇਆ ਪਟੋਲਾ, ਉਹਦੇ ਮਸਤੀ ਭਰੇ ਨਜ਼ਾਰੇ ਉਹ ਦਿਨੇ ਦਿਖਾਉਂਦੀ ਤਾਰੇ, ਜੀਜਾ ਸਾਲੀ ਅਤੇ ਹੁਸਨ ਫੁੱਲਝੜੀਆਂ ਸ਼ਹਿਰ ਦੀਆਂ ਕੁੜੀਆਂ। ਸੋਚਣ ਵਾਲਾ ਵਿਸ਼ਾ ਹੈ ਕਿ ਅਜੇਹੀਆਂ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਕਿਉਂ ਗਈਆਂ? ਇਸ ਦਾ ਉੱਤਰ ਹੈ ਆਮ ਸਕੂਲਾਂ ਵਿੱਚ ਸਭਿਆਚਾਰ ਦੇ ਨਾਂ `ਤੇ ਬੱਚਿਆਂ ਨੂੰ ਮਿਆਰੀ ਪ੍ਰੋਗਰਾਮ ਨਹੀਂ ਦਿੱਤੇ ਜਾਂਦੇ ਹਨ। ਤੇ ਨਾ ਹੀ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ। ਏੱਥੇ ਹੀ ਬੱਸ ਨਹੀਂ ਵਿਭਾਗ ਵਲੋਂ ਸਿਹਤ ਸਬੰਧੀ ਜੋ ਪੁਸਤਕਾਂ ਬੱਚਿਆਂ ਨੂੰ ਸਪਲਾਈ ਕੀਤੀਆਂ ਗਈਆਂ ਹਨ ਉਹ ਬੱਚਿਆਂ ਦੀ ਸਮਝ ਤੋਂ ਬਹੁਤ ਦੂਰ ਹਨ। ਬੱਚਿਆਂ ਨੂੰ ਤਾਂ ਮਿਆਰੀ ਪੁਸਤਕਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਬੱਚੇ ਚੰਗੇ ਨਾਗਰਿਕ ਬਣ ਸਕਣ।
ਸਕੂਲਾਂ ਦੇ ਬਾਹਰ, ਬੱਸਾਂ ਦੇ ਅੱਡਿਆਂ ਭਾਵ ਹਰ ਮੋੜ `ਤੇ ਤੰਮਾਕੂ ਵਾਲੇ ਖੋਖੇ ਦੇਖੇ ਜਾ ਸਕਦੇ ਹਨ ਜਿੱਥੇ ਧੜੱਲੇ ਨਾਲ ਜਰਦੇ ਆਦਕ ਦੀਆਂ ਪੂੜੀਆਂ ਵਿਕ ਰਹੀਆਂ ਹਨ।
ਪਿੱਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਖਬਰ ਛਪੀ ਸੀ ਜਿਸ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਰੇਹੜੇ `ਤੇ ਸ਼ਰਾਬ ਲੱਦ ਲੇ ਸਬਜ਼ੀ ਵੇਚਣ ਵਾਲਿਆਂ ਵਾਂਗ ਸਸਤੀ ਤੇ ਵਧੀਆ ਸ਼ਰਾਬ ਦਾ ਹੋਕਾ ਦੇ ਕੇ ਸ਼ਰਾਬ ਵੇਚ ਰਹੇ ਸਨ। ਏੱਥੇ ਮਾਪੇ, ਅਧਿਆਪਕ, ਪੰਚਾਇਤ, ਇਸ ਗੋਰਖ ਧੰਦੇ ਨੂੰ ਦੇਖ ਕੇ ਅਗਾਂਹ ਤੁਰਨ ਵਾਲੇ ਤੇ ਸ਼ਰਾਬ ਲੈਣ ਵਾਲੇ ਸਾਰੇ ਹੀ ਬਰਾਬਰ ਦੇ ਕਸੂਰਵਾਰ ਹਨ। ਕਿਹਾ ਜਾ ਸਕਦਾ ਹੈ ਏੱਥੇ ਤਾਂ ਆਵਾ ਹੀ ਊਤਿਆ ਪਿਆ ਹੈ। ਸਮਾਜ ਵਿੱਚ ਚੰਗੀ ਥਾਂ ਰੱਖਣ ਵਾਲਿਆਂ ਗਾਇਕਾਂ ਤਥਾ ਪ੍ਰਬੰਧਕਾਂ ਵਲੋਂ ਪਿੰਡਾਂ ਦੀਆਂ ਕਬਰਾਂ `ਤੇ ਚਾਦਰਾਂ ਚੜ੍ਹਾ ਕੇ ਸਭਿਆਚਾਰ ਦੇ ਨਾਂ `ਤੇ ਵੀ ਲੱਚਰਤਾ ਪਰੋਸ ਕੇ ਹੀ ਦਿੱਤੀ ਹੈ। ਅੱਜ ਜਿੱਥੇ ਕਿਤੇ ਵੀ ਸਭਿਆਚਾਰ ਦੇ ਅਖਾੜੇ ਲੱਗ ਰਹੇ ਹਨ ਓੱਥੇ ਨਾਲ ਹੀ ਸ਼ਰਾਬ ਦਾ ਦੌਰ ਵੀ ਚਲਦਾ ਹੈ।
ਸਮਾਜ ਦੇ ਚਿੰਤਕਾਂ ਤਥਾ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਪਿੰਡਾਂ ਸ਼ਹਿਰਾਂ ਵਿੱਚ ਠੇਕਿਆਂ ਤੇ ਜਰਦੇ ਤੰਮਾਕੂ ਵਾਲੇ ਖੋਖਿਆਂ ਦੀ ਥਾਂ `ਤੇ ਮੱਲ ਅਖਾੜੇ ਤੇ ਲਾਇਬ੍ਰੇਰੀਆਂ ਸਥਾਪਤ ਕਰਨ ਦਾ ਰੁਝਾਨ ਪੈਦਾ ਕਰਨ। ਪਰਵਾਰਾਂ ਨੂੰ ਚਾਹੀਦਾ ਹੈ ਕਿ ਆਪਣਿਆਂ ਘਰਾਂ ਦੇ ਸਮਾਗਮਾਂ ਸਮੇਂ ਅਸ਼ਲੀਲਤਾ ਵਾਲੇ ਸਭਿਆਚਾਰ ਦੀ ਥਾਂ `ਤੇ ਗੁਰਮਤ ਦੇ ਸਮਾਗਮ ਕਰਾਉਣ ਨੂੰ ਤਰਜੀਹ ਦੇਣ।




.