.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਵਾਅਦੇ ਜੋ ਵਫ਼ਾ ਨਾ ਹੋਏ
ਅਜ਼ਾਦੀ ਦੀ ਕਾਣੀ ਵੰਡ

1929 ਦੇ ਲਾਹੌਰ ਸ਼ੈਸ਼ਨ ਵਿੱਚ ਕਾਂਗਰਸ ਨੇ ਮਤਾ ਪਾਸ ਕੀਤਾ ਸੀ ਕਿ ਕਾਂਗਰਸ ਕੋਈ ਐਸਾ ਕਨੂੰਨ ਮਨਜ਼ੂਰ ਨਹੀਂ ਕਰੇਗੀ ਜੋ ਸਿੱਖਾਂ (ਤੇ ਹੋਰ ਘੱਟ ਗਿਣਤੀਆਂ) ਨੂੰ ਮਨਜ਼ੂਰ ਨਹੀਂ ਹੋਵੇਗਾ।
16 ਮਾਰਚ 1931 ਨੂੰ ਮੋਹਨਦਾਸ ਕਰਮਚੰਦ ਗਾਂਧੀ ਨੇ ਸੀਸ ਗੰਜ ਦਿੱਲੀ ਵਿੱਚ ਕਿਹਾ ਸੀ ਕਿ “ਕਾਂਗਰਸ ਸਿੱਖਾਂ ਨਾਲ ਕਦੀ ਵਿਸਾਹਘਾਤ ਨਹੀਂ ਕਰੇਗੀ, ਲਾਹੌਰ ਦੇ ਮਤੇ ਅਨੁਸਾਰ ਕੋਈ ਅਜੇਹਾ ਆਈਨ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਇਸ ਸੂਰਤ ਵਿੱਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿੱਚ ਤਲਵਾਰ ਫੜ ਕੇ ਬਗਾਵਤ ਕਰਨ, ਵਾਹਿਗੁਰੂ ਤੇ ਮਨੁੱਖ ਜਾਤੀ ਉਹਨਾਂ ਦੀ ਮਦਦ ਕਰਨਗੇ। (ਯੰਗ ਇੰਡੀਆ 19 ਮਾਰਚ 1931)
ਇਸ ਤਰ੍ਹਾਂ ਦਾ ਇੱਕ ਹੋਰ ਵਾਅਦਾ 6 ਜੁਲਾਈ 1946 ਨੂੰ ਕਲਕੱਤਾ ਵਿੱਚ ਜਵਾਹਰ ਲਾਲ ਨਹਿਰੂ ਵਲੋਂ ਵੀ ਦੁਹਰਾਇਆ ਗਿਆ। ਨਹਿਰੂ ਦੇ ਲਫ਼ਜ਼ ਸਨ, “ਪੰਜਾਬ ਦੇ ਬਹਾਦਰ ਸਿੱਖ ਖ਼ਾਸ ਸਲੂਕ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਦਿਸਦਾ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜੇਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿਸ ਵਿੱਚ ਆਜ਼ਾਦੀ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਗਰਮਾਵੇ।
ਇਸ ਦੇ ਉਲਟ ਜਦੋਂ ਵੀ ਅੰਗਰੇਜ਼ੀ ਹਾਕਮਾਂ ਨਾਲ ਅਜ਼ਾਦੀ ਦੀ ਗੱਲ ਚਲਦੀ ਤਾਂ ਹਮੇਸ਼ਾਂ ਸਿੱਖਾਂ ਦੇ ਹੱਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ। ਪਰ ਜ਼ਬਾਨੀ ਜਮ੍ਹਾ ਘਟਾਓ ਕਰਕੇ ਸਿੱਖਾਂ ਨੂੰ ਉਤਲੇ ਮਨੋ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ।
ਸਿੱਖ ਰਾਜ ਦੀ ਵਿਸ਼ਾਲਤਾ ਵਲ ਨਜ਼ਰ ਮਾਰਦੇ ਹਾਂ ਸਿਰਫ ਹੌਕੇ ਹੀ ਬਾਕੀ ਰਹਿ ਜਾਂਦੇ ਹਨ। ਪੰਜਾਬ ਦੀਆਂ ਹੱਦਾਂ ਤਿੱਬਤ ਤੋਂ ਜਮਰੌਦ, ਲਦਾਖ ਤੋਂ ਸ਼ਿਕਾਰਪੁਰ ਸਿੰਧ ਤੱਕ ਅੱਪੜ ਗਈਆਂ ਸਨ। ਦੱਖਣੀ ਹੱਦ ਸਤਲੁਜ ਦਰਿਆ ਨੂੰ ਟਕਰਾਉਂਦੀ ਸੀ। ਮਾਲਵਾ ਖੇਤਰ ਵਿੱਚ ਫ਼ਰੀਦਕੋਟ, ਜੀਂਦ, ਨਾਭਾ, ਪਟਿਆਲਾ, ਕਲਸੀਆਂ, ਲਾਡਵਾ, ਕੈਂਥਲ ਤੇ ਹੋਰ ਕਈ ਛੋਟੇ ਸਿੱਖ ਰਾਜ ਸਨ। ਅੰਗੇਰਜ਼ੀ ਕਾਲ ਵਿੱਚ ਪੰਜਾਬ ਦੀਆਂ ਹੱਦਾਂ ਦਿੱਲੀ ਤੱਕ ਲੱਗਦੀਆਂ ਨਜ਼ਰ ਆਉਂਦੀਆਂ ਹਨ। ਲਾਰਡ ਕਰਜ਼ਨ ਨੇ 1901 ਵਿੱਚ ਪੱਛਮੀ ਪੰਜਾਬ ਵਿਚੋਂ ਕੁੱਝ ਜ਼ਿਲ੍ਹੇ ਬਾਹਰ ਕੱਢ ਕੇ ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ। ਦੂਜੀ ਵਾਰ 1947 ਨੂੰ ਭਾਰਤੀ ਲੀਡਰਾਂ ਦੀ ਕੂਟਨੀਤੀ ਅਨੁਸਾਰ ਜਿਹਲਮ, ਅਟਕ, ਕੈਂਥਲਪੁਰ, ਰਾਵਲਪਿੰਡੀ, ਗੁਜਰਾਤ, ਸਿਆਲਕੋਟ, ਗੁੱਜਰਾਂਵਾਲਾ, ਸਰਗੋਧਾ, ਸ਼ੇਖੂਪੁਰਾ, ਲਾਹੌਰ, ਲਾਇਲਪੁਰ, ਸਾਹੀਵਾਲ, ਮੁਲਤਾਨ, ਮਜ਼ੱਫਰਗੜ੍ਹ, ਡੇਰਾ ਗਾਜ਼ੀ ਖਾਂ, ਆਦਿ ਦੇ ਇਲਾਕੇ ਪੱਛਮੀ ਪੰਜਾਬ ਭਾਵ ਪਾਕਿਸਤਾਨ ਵਿੱਚ ਚਲੇ ਗਏ। 1966 ਵਿੱਚ ਪੰਜਾਬ ਨੂੰ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਛਿੱਲਿਆ ਅੰਬਾਲਾ, ਕਰਨਾਲ, ਕੁਰਕੇਸ਼ਤ੍ਰ ਗੜਗਾਉਂ, ਹਿਸਾਰ, ਰੋਹਤਕ, ਨਾਰਨੌਲ, ਬੂੜੀਆ, ਕਲਸੀਆ, ਜੀਂਦ, ਆਦਿ ਹਰਿਆਣਾ ਸੂਬੇ ਨੂੰ ਤੇ ਸ਼ਿਮਲਾ, ਕਾਂਗੜ, ਕੁੱਲੂ, ਸਪਿੱਤੀ ਆਦਿ ਹਿਮਾਚਲ, ਪ੍ਰਦੇਸ, ਨੂੰ ਦਿੱਤੇ ਗਏ। ਦੁਖਾਂਤ ਇਸ ਗੱਲ ਦਾ ਹੈ ਇਹ ਸਾਰੇ ਇਲਾਕੇ ਬੋਲੀ ਦੇ ਅਧਾਰ `ਤੇ ਪੰਜਾਬ ਵਿਚੋਂ ਬਾਹਰ ਕੱਢੇ ਗਏ ਜਦ ਕਿ ਅੰਬਾਲਾ, ਕਰਨਾਲ, ਕੁਰਕੇਸ਼ਤਰ, ਹਿਸਾਰ, ਕਾਂਗੜਾ ਤੇ ਸ਼ਿਮਲਾ ਆਦਿ ਬਹੁਤੀ ਵਸੋਂ ਪੰਜਾਬੀ ਬੋਲਣ ਵਾਲਿਆਂ ਦੀ ਸੀ ਤੇ ਹੁਣ ਵੀ ਹੈ।
1947 ਵਿੱਚ ਭਾਰਤ ਦੀ ਕੁਲ ਅਬਾਦੀ 35 ਕ੍ਰੋੜ ਦੀ ਸੀ ਪਰ ਸਿੱਖਾਂ ਦੀ ਗਿਣਤੀ ਕੇਵਲ ਚਾਲੀ ਕੁ ਲੱਖ ਦੇ ਕਰੀਬ ਸੀ। ਪਰ ਦੇਸ ਦੀ ਅਜ਼ਾਦੀ ਲਈ ਜੋ ਕਰਬਾਨੀਆਂ ਕੀਤੀਆਂ ਗਈਆਂ ਹਨ ਉਹ ਕਾਂਗਰਸ ਦੇ ਇਤਿਹਾਸ ਦੇ ਕਰਤਾ ਡਾ. ਸੀਤਾ ਰਮਈਆ ਨੇ ਇਉਂ ਕੀਤਾ ਹੈ।
ਫਾਂਸੀ ਦੇ ਰੱਸਿਆਂ ਨੂੰ ਚੁੰਮਣ ਵਾਲੇ ਸਾਰੇ ਭਾਰਤ ਵਿੱਚ ਕੁੱਲ 121 ਸਨ ਜਦ ਇਹਨਾਂ ਵਿੱਚ 93 ਸਿੱਖ ਸਨ।
ਜਲ੍ਹਿਆਂ ਵਾਲੇ ਬਾਗ ਵਿੱਚ 1300 ਸੌ ਦੇ ਲੱਗ ਪੱਗ ਸ਼ਹੀਦ ਹੋਏ ਜਿੰਨ੍ਹਾ ਵਿੱਚ 799 ਸਿੱਖ ਸਨ।
ਕਾਲ਼ੇ ਪਾਣੀਆਂ ਦੀ ਸਜਾ ਕੱਟਣ ਵਾਲੇ 2646 ਸਨ ਤੇ ਇਹਨਾਂ ਵਿੱਚ 2147 ਸਿੱਖ ਸਨ।
ਬੱਬਰ ਅਕਾਲੀ ਸ਼ਹੀਦ ਹੋਏ ਇਹਨਾਂ ਦੀ ਗਿਣਤੀ 500 ਦੇ ਕਰੀਬ ਸੀ।
ਅਜ਼ਾਦ ਹਿੰਦ ਫੌਜ ਵਿੱਚ ਸੱਠ ਪ੍ਰਤੀਸ਼ੱਤ ਸਿੱਖ ਸਨ।
ਅਜ਼ਾਦੀ ਦੀ ਲੜਾਈ ਸਮੇਂ ਭਾਰਤੀ ਲੀਡਰਾਂ ਨੇ ਕਈ ਪਰਕਾਰ ਦੇ ਚੋਗੇ ਪਾਏ ਕਿ ਸਿੱਖ ਆਪਣਾ ਰਾਜ ਭਾਗ ਜਾਂ ਆਪਣਾ ਬਣਦਾ ਹਿੱਸਾ ਨਾ ਮੰਗਣ। ਜਾਪਦਾ ਹੈ ਕਿ ਭਾਰਤੀ ਲੀਡਰਾਂ ਨੇ ਸਿੱਖ ਲੀਡਰਾਂ ਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਅੰਗਰੇਜ਼ਾਂ ਨੂੰ ਭਾਰਤ ਛੱਡ ਲੈਣ ਦਿਓ ਫਿਰ ਤੁਸਾਂ ਹੀ ਰਾਜ ਕਰਨਾ ਹੈ ਅਸੀਂ ਤਾਂ ਤੁਹਾਡੇ ਗੋਲੇ ਬਣ ਕੇ ਹੀ ਭਾਰਤ ਵਿੱਚ ਰਹਿਣਾ ਹੈ। ਜੇਹਾ ਕਿ ਸਮੇਂ ਸਮੇਂ ਭਾਰਤੀ ਲੀਡਰ ਬਿਆਨ ਦੇਂਦੇ ਰਹਿੰਦੇ ਸਨ। ਇਹਨਾਂ ਬਿਆਨਾਂ ਤੋਂ ਤਾਂ ਇੰਝ ਲਗਦਾ ਸੀ ਕਿ ਜਿਵੇਂ ਭਾਰਤ ਦਾ ਰਾਜ ਸਿੱਖਾਂ ਨੇ ਸੰਭਾਲਣਾ ਹੋਵੇ। ਏਸੇ ਤਰ੍ਹਾਂ ਦਾ ਇੱਕ ਐਲਾਨ ਮੋਹਨਦਾਸ ਕਰਮ ਚੰਦ ਗਾਂਧੀ ਨੇ 15 ਜੁਲਾਈ 1934 ਨੂੰ ਦਿੱਤਾ ਕਿ “ਭਾਰਤ ਦਾ ਕੋਈ ਸੰਵਿਧਾਨ ਨਹੀਂ ਮੰਨਿਆ ਜਾਏਗਾ ਜੋ ਸਿੱਖਾਂ ਦੀ ਤਸੱਲੀ ਨਾ ਕਰਾਉਂਦਾ ਹੋਵੇ”। ਚੋਗੇ ਤੇ ਚੋਗਾ ਪਉਂਦਿਆਂ ਕਾਂਗਰਸ ਦੇ ਇਜਲਾਸ ਵਿੱਚ ਅਜੇਹੇ ਪ੍ਰਸਤਾਵ ਪਾਸ ਕੀਤੇ ਜਾਂਦੇ ਰਹਿੰਦੇ ਸਨ ਤਾਂ ਕਿ ਸਿੱਖਾਂ ਨੂੰ ਵੱਖਰੇਪਨ ਦਾ ਅਹਿਸਾਸ ਨਾ ਹੋਵੇ। ਦਰਅਸਲ ਸਿੱਖ ਲੀਡਰ ਭਾਰਤੀ ਲੀਡਰਾਂ ਦੀ ਕਿਸੇ ਵੀ ਚਾਲ ਨੂੰ ਨਹੀਂ ਸਮਝ ਸਕੇ। ਕੋਈ ਸਿੱਖ ਲੀਡਰ ਕਾਂਗਰਸ ਨਾਲ ਚੱਲ ਰਿਹਾ ਸੀ ਕੋਈ ਕਾਂਗਰਸ ਨਾਲੋਂ ਦੂਰੀ ਬਣਾ ਕੇ ਚੱਲ ਰਿਹਾ ਸੀ। ਕੁੱਝ ਸਿੱਖ ਲੀਡਰ ਵੀ ਇਹ ਸਮਝਣ ਲੱਗ ਪਏ ਕਿ ਮੁਲਕ ਅਜ਼ਾਦ ਹੁੰਦਿਆਂ ਹੀ ਸਾਨੂੰ ਮਹਾਂਰਾਜਾ ਰਣਜੀਤ ਸਿੰਘ ਵਾਲਾ ਰਾਜ ਮਿਲ ਜਾਣਾ ਹੈ। ਪਰ ਇਹ ਸਾਰਾ ਕੁੱਝ ਧੂੰਏਂ ਦੇ ਪਹਾੜ ਵਾਂਗ ਛੱਲ ਕਪਟ ਹੀ ਸੀ। ਇੱਕ ਵਿਦਵਾਨ ਦੇ ਕਥਨ ਅਨੁਸਾਰ ਇਹ ਕਹਿਣ ਵਿੱਚ ਕੋਈ ਕਠਨਾਈ ਨਹੀਂ ਕਿ ਭਾਰਤੀ ਆਗੂਆਂ ਨੇ ਸਿੱਖ ਆਗੂਆਂ ਨੂੰ ਮੂਰਖ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਸਿਆਸੀ ਖ਼ੁਦਮੁਖਤਿਆਰੀ ਨਾ ਮਿਲਨ ਕਰਕੇ ਬੱਸ ਲੁੱਟੇ ਗਏ ਸ਼ਖਸ ਵਾਂਗ ਡੌਰ ਭੋਰੇ ਹੋਏ ਪਏ ਸਨ।
ਮੁਲਖ ਅਜ਼ਾਦ ਹੁੰਦਿਆਂ ਹੀ ਰਾਜਸੀ ਨੇਤਾਵਾਂ ਵਲੋਂ ਕੀਤੇ ਵਾਅਦੇ ਧੂੜ ਦੇ ਬੱਦਲਾਂ ਵਾਂਗ ਉੱਡ ਗਏ।
ਸਿਆਣੇ ਕਹਿੰਦੇ ਨੇ ਦੋ-ਚਿੱਤੀ ਵਾਲਾ ਮਨੁੱਖ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਸਿੱਖ ਲੀਡਰਸ਼ਿੱਪ ਦੋ-ਚਿੱਤੀ ਦਾ ਹੀ ਸ਼ਿਕਾਰ ਰਹੀ ਹੈ। ਅਰਬਾਂ ਖਰਬਾਂ ਦੀ ਜਾਇਦਾਦ ਤੇ ਜਾਨ ਨਾਲੋਂ ਪਿਆਰੇ ਗੁਰਦੁਆਰੇ ਸਿੱਖਾਂ ਨੂੰ ਇਕੋ ਝਟਕੇ ਨਾਲ ਛੱਡਣੇ ਪਏ। ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਸਿੱਖਾਂ ਕੋਲੋ ਸਦਾ ਵਾਸਤੇ ਖੋਈ ਗਈ। ਹੁਣ ਕੇਵਲ ਅਰਦਾਸ ਰਾਂਹੀ ਦਰਸ਼ਨ ਦੀਦਾਰਿਆਂ ਮੰਗ ਕੀਤੀ ਜਾਂਦੀ ਹੈ। ਅਣਗਿਣਤ ਸਿੱਖ ਬੱਚੀਆਂ ਨੇ ਆਪਣੀ ਪੱਤ ਬਚਾਉਣ ਦੀ ਖਾਤਰ ਖੂਹਾਂ ਵਿੱਚ ਛਾਲ਼ਾਂ ਮਾਰ ਕੇ ਜਾਨ ਦਿੱਤੀ।
ਆਮ ਕਰਕੇ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ 1947 ਵਿੱਚ ਪੱਛਮੀ ਪੰਜਾਬ (ਪਕਿਸਤਾਨ) ਦੇ ਇਲਾਕਿਆਂ ਪੱਛਮੀ ਪੰਜਾਬ, ਉੱਤਰ-ਪੱਛਮੀ ਸਰਹੱਦੀ ਪ੍ਰਾਂਤ, ਸਿੰਧ ਅਤੇ ਰਿਆਸਤ ਬਹਾਵਲਪੁਰ ਆਦਿ ਤੋਂ ਲਗਪਗ 60 ਲੱਖ ਹਿੰਦੂ ਤੇ ਸਿੱਖ ਘਰ-ਬਾਰ ਛੱਡ ਕੇ ਭਾਰਤ ਆਏ ਅਤੇ ਭਾਰਤ ਦੇ ਇਲਾਕਿਆਂ ਪੂਰਬੀ ਪੰਜਾਬ ਦੀਆਂ ਰਿਆਸਤਾਂ ਅਤੇ ਦਿੱਲੀ ਆਦਿ ਤੋਂ ਲਗਪਗ 60 ਲੱਖ ਮੁਸਲਮਾਨ ਪਛਮੀ ਪੰਜਾਬ (ਪਾਕਿਸਤਾਨ) ਵਿੱਚ ਗਏ। (ਸਿੱਖਾਂ ਦੇ ਪਾਕਿਸਤਾਨ ਵਿਚੋਂ ਨਿਕਲਣ ਦੀ ਗਾਥਾ ਡਾ. ਕਿਰਪਾਲ ਸਿੰਘ)
16 ਅਗਸਤ 1946 ਨੂੰ ਕਲਕੱਤਾ ਵਿੱਚ ਨੀਤੀਵਾਨਾਂ ਦੀ ਗਹਿਰੀ ਚਾਲ ਕਰਕੇ ਫਿਰਕੂ ਫਸਾਦਾਂ ਨੇ ਜਨਮ ਲਿਆ ਤੇ ਇਹਨਾਂ ਫਸਾਦਾਂ ਵਿੱਚ ਸਿੱਖਾਂ ਵੀਰਾਂ ਨੇ ਬਿਨਾ ਭਿਨ ਭਾਵ ਦੇ ਸਭ ਦੀ ਮਦਦ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦਸੰਬਰ 1946 ਪਛਮੀ ਪੰਜਾਬ ਵਿੱਚ ਕਹਿਰ ਟੁਟ ਪਿਆ ਜਿਸ ਵਿੱਚ 4 ਲੱਖ ਤੋਂ ਵੱਧ ਸਿੱਖਾਂ ਦੀਆਂ ਜਾਨਾਂ ਚਲੀਆਂ ਗਈਆਂ (ਸਚ ਸੁਣਾਇਸੀ ਸੱਚ ਕੀ ਬੇਲਾ ਸ੍ਰ. ਗੁਰਭਜਨ ਸਿੰਘ ਗਿੱਲ)
ਪੱਛਮੀ ਪੰਜਾਬ ਵਿੱਚ 67 ਲੱਖ ਏਕੜ ਜ਼ਰਖੇਜ਼ ਜ਼ਮੀਨ ਛੱਡ ਕੇ ਆਏ ਤੇ ਪੂਰਬੀ ਪੰਜਾਬ ਵਿੱਚ ਇਹਨਾਂ ਨੂੰ 47 ਲੱਖ ਏਕੜ ਜ਼ਮੀਨ ਮਿਲੀ। ਕਿਉਂ ਕਿ ਮੁਸਲਮਾਨ ਕੇਵਲ ਏਨੀ ਹੀ ਜ਼ਮੀਨ ਛੱਡ ਕੇ ਗਏ ਸਨ।
100 ਏਕੜ ਵਾਲੇ ਨੂੰ ਸਾਢੇ ਇਕਵੰਜਾ ਏਕੜ, 150 ਏਕੜ ਵਾਲੇ ਨੂੰ ਸਾਢੇ ਸਤਾਹਠ ਏਕੜ, 200 ਏਕੜ ਵਾਲੇ ਨੂੰ 79 ਏਕੜ ਜ਼ਮੀਨ ਮਿਲੀ, ਢਾਈ ਸੌ ਏਕੜ ਵਾਲੇ ਨੂੰ 89 ਏਕੜ, ਪੰਜ ਸੌ ਏਕੜ ਵਾਲੇ ਨੂੰ 126 ਏਕੜ ਤੇ ਹਜ਼ਾਰ ਏਕੜ ਵਾਲੇ ਨੂੰ ਕੇਵਲ 177 ਏਕੜ ਜ਼ਮੀਨ `ਤੇ ਸਬਰ ਦਾ ਘੁੱਟ ਭਰਨਾ ਪਿਆ। ਘਰੋਂ ਬੇਘਰ ਤੇ ਜ਼ਖ਼ਮਾਂ ਦਿਆਂ ਪੱਛਿਆਂ ਨੂੰ ਜ਼ਮੀਨਾਂ ਦੀ ਪ੍ਰਾਪਤੀ ਲਈ ਖੱਜਲ ਖੁਆਰੀ ਵੱਖਰੀ ਹੋਈ।
ਤੁਰਕੀ ਤੇ ਯੂਨਾਨ ਵਿਚਕਾਰ ਅਬਾਦੀ ਦਾ ਸੰਸਾਰ ਵਿੱਚ ਸਭ ਤੋਂ ਵੱਡਾ ਤਬਾਦਲਾ ਹੋਇਆ। ਇਸ ਵਟਾਂਦਰੇ ਨੂੰ ਲਗਪਗ ਇੱਕ ਸਾਲ ਦਾ ਸਮਾਂ ਲੱਗਿਆ। ਇਸ ਦਾ ਇੱਕ ਪਹਿਲੂ ਇਹ ਵੀ ਸੀ ਕਿ ਉਹਨਾਂ ਦੀ ਪਿੱਛੇ ਰਹਿ ਗਈ ਜਾਇਦਾਦ ਦੇ ਪੂਰੇ ਮੁੱਲ ਦੀ ਗਰੰਟੀ ਦਿੱਤੀ ਗਈ ਸੀ। ਪੂਰਬੀ ਤੇ ਪੱਛਮੀ ਪੰਜਾਬ ਨੂੰ ਕੇਵਲ ਤਿੰਨ ਕੁ ਮਹੀਨੇ ਹੀ ਲੱਗੇ। ਅਜੇਹੀ ਹਫੜਾ ਦਫੜੀ ਮੱਚੀ ਕਿ ਮਨੁੱਖਤਾ ਦਾ ਘਾਣ ਹੋਇਆ। ਏੱਧਰੋਂ ਓਧਰੋਂ ਬੱਚੀਆਂ ਬੇਪਤ ਹੋਈਆਂ, ਖੂਨ ਦੇ ਦਰਿਆ ਵਗੇ। ਅਜੇਹੀ ਘਿਨਾਉਣੀ ਮਿਸਾਲ ਦੁਨੀਆਂ ਵਿੱਚ ਕਿਤੋਂ ਨਹੀਂ ਮਿਲਦੀ।
ਰਾਜਸੀ ਨੇਤਾ ਜਨ ਆਪਣਿਆਂ ਵਾਅਦਿਆਂ ਤੋਂ ਮੁਕਰਦੇ ਗਏ ਤੇ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਸਨ ਜਿੰਨ੍ਹਾਂ ਤੋਂ ਇਹ ਅਹਿਸਾਸ ਹੋ ਰਿਹਾ ਸੀ ਕਿ ਸਿੱਖ ਕਿਸੇ ਬਗਾਨੇ ਮੁਲਕ ਵਿੱਚ ਆ ਗਏ ਹੋਣ। 2 ਅਕਤੂਬਰ 1947 ਨੂੰ ਮੋਹਨਦਾਸ ਕਰਮਚੰਦ ਗਾਂਧੀ ਨੇ ਇੱਕ ਬਿਆਨ ਦਿੱਤਾ ਕਿ ਜਿਸ ਤਰ੍ਹਾਂ ਸਿੱਖ ਅੱਜ ਕਿਰਪਾਨ ਦਿਖਾ ਰਹੇ ਹਨ ਉਹ ਵੈਸ਼ੀ ਪੁਣਾ ਹੈ। ਅਜੇਹੇ ਬਿਆਨ ਅਲ੍ਹਿਆਂ ਜ਼ਖ਼ਮਾਂ ਨੂੰ ਹੋਰ ਛਿੱਲ ਕੇ ਲੂਣ ਭੁੱਕ ਰਹੇ ਸਨ।
ਸਿੱਖਾਂ ਨੂੰ ਅਜ਼ਾਦੀ ਦਾ ਇਨਾਮ ਦਿੰਦਿਆਂ ਵਲਭ ਭਾਈ ਪਟੇਲ ਦੀ ਹਦਾਇਤ `ਤੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਡਿਪਟੀ ਕਮਿਸ਼ਨਰਾਂ ਨੂੰ ਗੁਪਤ ਚਿੱਠੀ ਲਿਖੀ ਕਿ “ਸਿਖ ਸਮੁੱਚੇ ਤੌਰ ਤੇ ਜਮਾਂਦਰੂ ਫ਼ਸਾਦੀ ਤੇ ਜਰਾਇਮ ਪੇਸ਼ਾ ਕੌਮ ਹਨ। ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਬਣੇ ਹੋਏ ਹਨ। ਇਹਨਾਂ ਦੀਆਂ ਪ੍ਰਬਲ ਰੁੱਚੀਆਂ ਘਟੀਆ ਦਰਜੇ ਦੀਆਂ ਹਨ। ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਵਿਰੁੱਧ ਵਿਸ਼ੇਸ਼ ਤੌਰ `ਤੇ ਤਰੀਕੇ ਵਰਤਣੇ ਚਾਹੀਦੇ ਹਨ”।
ਮੁਲਕ ਅਜ਼ਾਦ ਹੋਣ ਉਪਰੰਤ ਜਦੋਂ ਸਿੱਖ ਲੀਡਰ ਸਮੇਂ ਦੇ ਹਾਕਮਾਂ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਾਉਣ ਲਈ ਜਾਂਦੇ ਤਾਂ ਅੱਗੋਂ ਹੰਕਾਰੀ ਹਾਕਮ ਖਚਰਾ ਜੇਹਾ ਹਾਸਾ ਹੱਸਦਿਆਂ ਬੇਦਰਦੀ ਨਾਲ ਕਹਿ ਦੇਂਦੇ ਸਨ ਕਿ ਅਬ ਵਕਤ ਬਦਲ ਗਿਆ ਹੈ। ਰਾਜ ਭਾਗ ਵਿੱਚ ਸ਼ਾਮਲ ਹੋਵੋ ਅਨੰਦ ਮਾਣੋ ਬਾਕੀ ਜਨਤਾ ਤੋਂ ਤੁਸਾਂ ਕੀ ਕਰਾਉਣਾ ਹੈ।
ਮੁਲਕ ਦੀ ਅਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਉਣ ਵਾਲਿਆਂ ਨੂੰ ਘਰੋਂ ਬੇਘਰ ਹੋਣਾ ਪਿਆ। ਪ੍ਰਵਾਰਕ ਸੰਤਾਪ ਭੋਗਣ ਲਈ ਮਜ਼ਬੂਰ ਹੋਣਾ ਪਿਆ। ਇਸ ਦਰਦ ਦਾ ਕਾਰਨ ਸਾਡੇ ਮੌਜੂਦਾ ਆਗੂ, ਪੁਰਾਣੇ ਆਗੂਆਂ ਦੀ ਬੇਸਮਝੀ, ਰਾਜਨੀਤੀ ਸੂਝ ਦੀ ਘਾਟ ਦਸਦੇ ਹਨ। ਅੱਜ ਦੇ ਲੀਡਰ ਪੁਰਾਣੇ ਲੀਡਰਾਂ ਦੀਆਂ ਕੰਮਜ਼ੋਰੀਆਂ ਨੂੰ ਸਟੇਜਾਂ `ਤੇ ਚਟਕਾਰੇ ਲਾ ਲਾ ਕੇ ਦਸਦੇ ਹਨ। ਬਹੁਤ ਸਾਰੀਆਂ ਪੁਸਤਕਾਂ ਵਿੱਚ ਅਜੇਹੀ ਘਾਟ ਰੜਕਾਈ ਗਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮੰਨ ਲਓ ਉਹਨਾਂ ਆਗੂਆਂ ਵਿੱਚ ਬਹੁਤ ਘਾਟਾਂ ਰਹਿ ਗਈਆਂ ਹੋਣਗੀਆਂ ਜੋ ਉਹਨਾਂ ਪਾਸੋਂ ਪੂਰੀਆਂ ਨਹੀਂ ਹੋਈਆਂ ਤੇ ਉਸਦਾ ਖ਼ਮਿਆਜ਼ਾ ਸਾਰੀ ਸਿੱਖ ਕੌਮ ਅੱਜ ਭੁਗਤ ਰਹੀ ਹੈ। ਪਰ ਕੀ ਅੱਜ ਦੇ ਆਗੂਆਂ ਨੇ ਲੰਗੜੇ ਪੰਜਾਬੀ ਸੂਬੇ ਤੋਂ ਬਿਨਾ ਹੋਰ ਕਿਹੜਾ ਕੋਈ ਮਾਰਕਾ ਮਾਰਿਆ ਹੈ? ਅਜੇ ਤਾਂਈ ਪੰਜਾਬੀ ਬੋਲਦੇ ਇਲਾਕੇ, ਪੰਜਾਬ ਲਈ ਰਾਜਧਾਨੀ ਦਰਿਆਈ ਪਾਣੀਆਂ ਦੀ ਦਿਨ ਦੀਵੀਂ ਹੁੰਦੀ ਲੁੱਟ ਸਬੰਧੀ ਕੋਈ ਠੋਸ ਕਦਮ ਚੁੱਕਿਆ ਹੈ? ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਦਾ ਮਤਾ ਸਿੱਖ ਲੀਡਰਸ਼ਿਪ ਦੀ ਸੋਚ ਵਿਚੋਂ ਲਗ-ਪਗ ਗਾਇਬ ਹੋ ਚੁਕਿਆ ਹੈ। ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਆਸਿੱਧੇ ਰੂਪ ਵਿੱਚ ਆਪਣਾ ਹੱਕ ਛੱਡਦਿਆਂ ਹੋਇਆਂ ਨਵਾਂ ਚੰਡੀਗੜ੍ਹ ਵਸਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਪੰਜਾਬ ਨਾਲ ਇੱਕ ਹੋਰ ਵੱਡਾ ਧ੍ਰੋਹ ਹੈ। ਇੱਕ ਵਿਦਵਾਨ ਨੇ ਠੀਕ ਹੀ ਕਿਹਾ ਹੈ ਕਿ ਸਿੱਖ ਜਦੋ ਰਾਜ ਭਾਗ ਦੇ ਮਾਲਕ ਹੁੰਦੇ ਹਨ ਤਾਂ ਓਦੋਂ ਸਾਰੀਆਂ ਮੰਗਾਂ ਭੁੱਲ ਜਾਂਦੇ ਹਨ ਪਰ ਜਦੋਂ ਰਾਜ ਭਾਗ ਚਲਾ ਜਾਂਦਾ ਹੈ ਤਾਂ ਓਦੋਂ ਸੂਬੇ ਦੀਆਂ ਮੰਗਾਂ ਯਾਦ ਆ ਜਾਂਦੀਆਂ ਹਨ।
ਮੁਲਕ ਦੀ ਅਜ਼ਾਦੀ ਸਮੇਂ ਪੰਜਾਬ ਨਾਲ ਹੋਈ ਕਾਣੀ ਵੰਡ ਦਾ ਜ਼ਿਕਰ ਕਰਨ ਲੱਗਿਆਂ ਜਿੱਥੇ ਰੌਂਗਟੇ ਖੜੇ ਹੁੰਦੇ ਹਨ ਓੱਥੇ ਮੁਲਕ ਦੇ ਆਗੂਆਂ ਵਲੋਂ ਕੀਤੇ ਵਾਅਦਿਆਂ ਤੋਂ ਮੁਕਰ ਜਾਣਾ ਦੁਖਦਾਈ ਪਹਿਲੂ ਤੇ ਇਤਿਹਾਸ ਦਾ ਕਾਲਾ ਪੰਨਾ ਹੈ।




.