.

ਸਿੱਖ ਸਟੱਡੀਜ਼ ਦੀ ਵਾਸਤਵਿਕਤਾ
ਹਾਕਮ ਸਿੰਘ

(ਕਿਸ਼ਤ ਨੰ: 03)

ਸਿੱਖ ਜਗਤ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿਤਵ ਬਾਰੇ ਬਹੁਤ ਭੁਲੇਖੇ ਪਾਏ ਹੋਏ ਹਨ। ਬਹੁਤੇ ਲੇਖਕ ਗੁਰੂ ਸਾਹਿਬ ਦੀ ਜੀਵਨੀ ਨੂੰ ਭਰੋਸੇ ਯੋਗ ਤੱਥਾਂ ਤੇ ਆਧਾਰਤ ਕਰਨ ਦੀ ਥਾਂ ਸ਼ਰਧਾ ਭਾਵਨਾਵਾਂ ਦੇ ਵਹਿਣ ਵਿਚ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨ ਕੇ ਉਸ ਦੀਆਂ ਗਾਥਾਵਾਂ ਤੋਂ ਗੁਰੂ ਸਾਹਿਬ ਦੀ ਜੀਵਨੀ ਘੜ ਲੈਂਦੇ ਹਨ ਅਤੇ ਦਸਮ ਗ੍ਰੰਥ ਤੋਂ ਘੜੀ ਜੀਵਨੀ ਤੋਂ ਦਸਮ ਗ੍ਰੰਥ ਨੂੰ ਗੁਰੂ ਕਿਰਤ ਸਿੱਧ ਕਰਨ ਦਾ ਜਤਨ ਕਰਦੇ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਦਾ ਸਰੋਤ ਬਣਾਉਣ ਨਾਲ ਗੁਰੂ ਸਾਹਿਬ ਦੀ ਗੁਰਬਾਣੀ ਉਪਦੇਸ਼ ਨਾਲ ਪ੍ਰਸੰਗਕਤਾ ਸਮਾਪਤ ਹੋ ਜਾਂਦੀ ਹੈ। ਦਸਮ ਗ੍ਰੰਥ ਦੀ ਵਿਚਾਰਧਾਰਾ ਗੁਰੂ ਸਾਹਿਬ ਨੂੰ ਗੁਰਮਤਿ ਦੀ ਅਧਿਆਤਮਿਕ ਵਿਚਾਰਧਾਰਾ ਨਾਲੋਂ ਤੋੜ ਦਿੰਦੀ ਹੈ ਅਤੇ ਸਨਾਤਨੀ ਪਰੰਪਰਾ ਦੇ ਅਨੁਕੂਲ ਦੁਰਗਾ ਪੂਜਕ ਬਹਾਦਰ ਫੌਜੀ ਜਰਨੈਲ ਸਿੱਧ ਕਰਨ ਦਾ ਉਪਰਾਲਾ ਕਰਦੀ ਹੈ। ਦਸਮ ਗ੍ਰੰਥ ਸਿੱਖ ਸੇਵਕਾਂ ਨੂੰ ਗੁਰਮਤਿ ਦੇ ਧਾਰਨੀ ਬਣ ਕੇ ਮਨ ਨੂੰ ਪ੍ਰਭੂ ਚਰਨਾ ਵਿਚ ਲਾਉਣ ਦਾ ਉਪਦੇਸ਼ ਨਹੀਂ ਕਰਦਾ ਬਲਕਿ ਮਹਾਂ ਕਾਲ ਦੇ ਉਪਾਸ਼ਕ ਅਤੇ ਤਿਆਰ ਬਰ ਤਿਆਰ ਸਿਪਾਹੀ ਬਣ ਕੇ ਹਿੰਦ ਦੇ ਰਖਿਅਕ ਅਤੇ ਰਾਜ ਭਾਗ ਦੇ ਮਾਲਕ ਬਨਣ ਲਈ ਉਤਸ਼ਾਹਿਤ ਕਰਦਾ ਹੈ। ਭਾਈ ਸੁਖਾ ਸਿੰਘ ਨੇ ਗੁਰ ਵਿਲਾਸ ਪਾਤਸ਼ਾਹੀ ੧੦ ਦੇ ੧੨ਵੇਂ ਅਧਿਯਾਯ ਵਿਚ ਲਿਖਿਆਂ ਹੈ:

“ਮੋਰ ਬਚਨ ਸੋ ਕਰਹੁ ਪਯਾਰਾ। ਖੜਗ ਕੇਤੁ ਹੈ ਰੱਛਕ ਥਾਰਾ। ਝੂਠੈ ਸਰਬ ਉਪਾਵ ਤਿ ਮਾਗਹੁ। ਸ੍ਰੀ ਅਸਿਧੁਜ ਕੀ ਚਰਨੀ ਲਾਗਹੁ। ਪੋਥੀ ਗ੍ਰੰਥ ਮਹਲ ਦਸ ਬਾਨੀ। ਸੋਧ ਲਹੋ ਪਦ ਜੋ ਨਿਰਬਾਨੀ। ਸ਼ਸਤ੍ਰ ਅਸਤ੍ਰ ਸਿਮਰਹੁ ਬਰ ਬੁੱਧਾ। ਖਲ ਦਲ ਸਾਥ ਕਰਹੁ ਨਿੱਤ ਜੁੱਧਾ। ਰਾਜ ਜੋਗ ਤੁਮ ਕਹ ਮੈ ਦੀਨਾ। ਪਰਮ ਜੋਤ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ। ਅਚਲ ਰਾਜ ਧਰਨੀ ਮਹਿ ਕੀਜੈ। ਖਾਲਸ ਕੀ ਚਰਨੀ ਸਭ ਲਾਗੋ। ਪਰਮ ਜੋਤ ਕੇ ਰਸ ਮਹਿ ਪਾਗੋ। ਖੜਗ ਗੋਦ ਤੁਮ ਕਹਿ ਮੈ ਪਾਯੋ। ਭਿੰਨ ਭਿੰਨ ਕਰ ਪੰਥ ਬਤਾਯੋ। ਦੇਗ ਤੇਗ ਹੈ ਜੀਤ ਤਿਹਾਰੀ। ਅਸਧੁਜ ਰਹਤ ਲੇਹੁ ਉਰ ਧਾਰੀ। ਮਹਾਂ ਕਾਲ ਕਾ ਕਰਯੋ ਧਯਾਨਾ। ਘਟ ਮੈ ਨਿਰਖੋ ਹਰਿ ਭਗਵਾਨਾ।”

ਗੁਰੂ ਸਾਹਿਬ ਦੇ ਨਾਂ ਨਾਲ ਜੁੜੇ ਹੋਣ ਕਾਰਨ ਦਸਮ ਗ੍ਰੰਥ ਅਤੇ ਗੁਰ ਬਿਲਾਸ ਪਾਤਸ਼ਾਹੀ ੧੦ ਦੇ ਸ਼ਸਤਰਾਂ ਦੀ ਪੂਜਾ, ਲੜਾਈ ਕਰਨ ਦੀ ਰੁਚੀ, ਅਤੇ ਸਿਆਸੀ ਪਰਾਪਤੀ ਲਈ ਕੁਰਬਾਨੀ ਦੇ ਸਿਧਾਂਤ ਸਿੱਖ ਮਾਨਸਿਕਤਾ ਨੂੰ ਬਹੁਤ ਪਰਭਾਵਿਤ ਕਰਦੇ ਰਹੇ ਹਨ। ਦਸਮ ਗ੍ਰੰਥ ਦੇ ਉਪਾਸ਼ਕ ਨਿਹੰਗ ਸਿੰਘ ਨਸ਼ੇ ਕਰਨ ਨੂੰ ਇਕ ਧਾਰਮਕ ਕਿਰਿਆ ਮੰਨਦੇ ਹਨ। ਐਸੀ ਅਖੌਤੀ ਧਾਰਮਕ ਵਿਚਾਰਧਾਰਾ ਵਿਚ ਸਚਿਆਰੇ ਜੀਵਨ ਦੀ ਕਾਮਨਾ ਕਰਨੀ ਸੰਭਵ ਨਹੀਂ ਹੈ। ਗੁਰਮਤਿ ਵਿਰੋਧੀਆਂ ਦੀ ਸਨਾਤਨੀ ਪਰੰਪਰਾ, ਦਸਮ ਗ੍ਰੰਥ ਦੀ ਵਿਚਾਰਧਾਰਾ ਅਤੇ ਨਿਹੰਗ ਸਿੰਘਾਂ ਦੀ ਪਰੱਥਾ ਤੋਂ ਪਰਭਾਵਿਤ ਸਿੱਖ ਧਰਮ ਦੀ ਮੁੱਖ ਧਾਰਾ ਮਿਸਲਾਂ ਦੇ ਸੰਘਰਸ਼, ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਲਈ ਮਰਨ ਵਰਤਾਂ ਤੋਂ ਹੁੰਦੀ ਹੋਈ ਹੁਣ ਪੰਜਾਬ ਵਿਚ ਅਕਾਲੀ ਰਾਜ ਦੀ ਭਾਗੀਦਾਰ ਬਣੀ ਹੋਈ ਹੈ। ਸਿੱਖ ਧਰਮ ਦੇ ਇਸ ਲੰਮੇ ਸਫਰ ਵਿਚ ਗੁਰਬਾਣੀ ਉਪਦੇਸ਼ ਦਾ ਪਰਭਾਵ ਘਟਦਾ ਗਿਆ ਹੈ ਅਤੇ ਦਸਮ ਗ੍ਰੰਥ ਦੀ ਅਨੈਤਿਕ ਵਿਚਾਰਧਾਰਾ ਹਾਵੀ ਹੁੰਦੀ ਗਈ ਹੈ। ਅੱਜ ਬਹੁਤੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਦੇਵੀ ਦੇਵਤਿਆਂ ਵਾਂਗ ਪੂਜਾ ਪਦਾਰਥ ਮੰਨਦੇ ਹਨ ਅਤੇ ਉਹਨਾਂ ਦਾ ਜੀਵਨ ਦਸਮ ਗ੍ਰੰਥ ਦੇ ਇਸ ਨਿਰਦੇਸ਼: “ਧੰਨ ਜਿਯੈ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ” ਤੋਂ ਪਰਭਾਵਿਤ ਹੈ। ਲੜਾਈ ਝਗੜੇ ਕਰਕੇ ਉਤਮ ਪਦਵੀ ਦੀ ਪਰਾਪਤੀ, ਨਸ਼ੇ ਅਤੇ ਅਨੈਤਿਕਤਾ ਉਹਨਾਂ ਦੇ ਜੀਵਨ ਦਾ ਮਨੋਰਥ ਬਣਦਾ ਜਾ ਰਿਹਾ ਹੈ। ਅਜੋਕਾ ਪੰਜਾਬ ਹੁਣ ਗੁਰੂ ਦੇ ਨਾਂ ਤੇ ਜੀਣਾ ਛੱਡ ਰਿਹਾ ਹੈ। ਦਸਮ ਗ੍ਰੰਥ ਦੀ ਵਿਚਾਰਧਾਰਾ, ਜਨਮ ਸਾਖੀਆਂ ਅਤੇ ਪੁਰਾਤਨ ਗੁਰ ਬਿਲਾਸਾਂ ਨੇ ਕੇਵਲ ਗੁਰ ਇਤਹਾਸ ਨੂੰ ਹੀ ਨਹੀਂ ਵਿਗਾੜਿਆ ਉਸ ਨੇ ਤੇ ਸਿੱਖ ਮਾਨਸਿਕਤਾ ਨੂੰ ਵੀ ਰੋਗੀ ਬਨਾਉਣ ਦੀ ਭੂਮਿਕਾ ਨਿਭਾਈ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਸਾਹਿਬ ਦੇ ਸੇਵਕਾਂ ਨੇ ਉਹਨਾਂ ਵੱਲੋਂ ਅਪਣਾਈ ਸ਼ਾਂਤੀ ਪੂਰਨ ਨੀਤੀ ਤਿਆਗ ਦਿੱਤੀ। ਬਹੁਤੇ ਸਿੱਖ ਇਤਿਹਾਸਕਾਰਾਂ ਦੀ ਰਾਏ ਹੈ ਕਿ ਗੁਰੂ ਸਾਹਿਬ ਨੇ ਆਪ ਹੀ ਸ਼ਾਂਤਮਈ ਨੀਤੀ ਤਿਆਗ ਕੇ ਬੰਦਾ ਬਹਾਦਰ ਨੂੰ ਮੁਗਲਾਂ ਤੋਂ ਬਦਲਾ ਲੈਣ ਦਾ ਆਦੇਸ਼ ਦਿੱਤਾ ਸੀ। ਪਰ ਆਪਣੀ ਇਸ ਰਾਏ ਦੀ ਪੁਸ਼ਟੀ ਵਿਚ ਉਹ ਕੋਈ ਭਰੋਸੇ ਯੋਗ ਤੱਥ ਪੇਸ਼਼ ਨਹੀਂ ਕਰਦੇ ਕੇਵਲ ਆਪਣੀਆਂ ਨਿਜੀ ਸ਼ਰਧਾ ਭਾਵਨਾਵਾਂ, ਦਸਮ ਗ੍ਰੰਥ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਹਵਾਲੇ ਦੇ ਕੇ ਗੁਰੂ ਸਾਹਿਬ ਨੂੰ ਸ਼ਾਂਤਮਈ ਨੀਤੀ ਤਿਆਗਣ ਦਾ ਭਾਗੀਦਾਰ ਬਣਾ ਦਿੰਦੇ ਹਨ। ਉਹ ਭੁਲ ਜਾਂਦੇ ਹਨ ਕਿ ਇਤਹਾਸ ਭਾਵਨਾਵਾਂ ਜਾਂ ਸ਼ਰਧਾ ਦਾ ਪਰਗਟਾਵਾ ਨਹੀਂ ਹੁੰਦਾ ਨਿਰਪੱਖ ਤੱਥਾਂ ਤੇ ਆਧਾਰਤ ਵਿਆਖਿਆ ਹੁੰਦਾ ਹੈ। ਆਖਿਆ ਜਾਂਦਾ ਹੈ ਕਿ “ਵਿਦਾਇਗੀ ਵੇਲੇ ਪੰਜ ਤੀਰ ਬਖ਼ਸ਼਼ ਕੇ ਕਲਗੀਧਰ ਨੇ ਬੰਦੇ ਵੀਰ ਨੂੰ ਇਹ ਉਪਦੇਸ਼ ਫ਼ਰਮਾਇਆ-
ੳ. ਜਤ ਰੱਖਣਾ,
ਅ. ਖਾਲਸੇ ਦੇ ਅਨੁਸਾਰੀ ਹੋ ਕਿ ਰਹਿਣਾ.
ੲ. ਆਪ ਨੂੰ ਗੁਰੂ ਨਾ ਮੰਨਣਾ.
ਸ. ਵੰਡ ਕੇ ਛਕਣਾ.
ਹ. ਅਨਾਥਾਂ ਦੀ ਸਹਾਇਤਾ ਕਰਨੀ।”
ਜੇਕਰ ਇਹ ਬਿਰਤਾਂਤ ਸਹੀ ਹੈ ਤਾਂ ਤੇ ਗੁਰੂ ਸਾਹਿਬ ਨੇ ਬੰਦੇ ਨੂੰ ਗੁਰਮਤਿ ਸਿਧਾਂਤਾਂ ਅਤੇ ਰਹਿਣੀ ਦਾ ਉਪਦੇਸ਼ ਕੀਤਾ ਸੀ ਮੁਗਲਾਂ ਤੋਂ ਬਦਲਾ ਲੈਣ ਲਈ ਮੁਗਲ ਸਾਸ਼ਨ ਪਰ ਹਮਲਾ ਕਰਨ ਦਾ ਆਦੇਸ਼ ਨਹੀਂ ਸੀ ਦਿੱਤਾ। ਗੁਰੂ ਸਾਹਿਬ ਬਹੁਤ ਦੇਰ ਦਮਦਮਾ ਸਾਹਿਬ ਟਿਕੇ ਰਹੇ ਸਨ ਅਤੇ ਦਮਦਮੀ ਬੀੜ ਤਿਆਰ ਕੀਤੀ ਸੀ। ਉਹਨਾਂ ਉਸ ਵੇਲੇ ਆਪ ਵਜ਼ੀਰ ਖਾਨ ਤੋਂ ਬਦਲਾ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ। ਜੋ ਕੰਮ ਉਹ ਆਪ ਆਸਾਨੀ ਨਾਲ ਕਰ ਸਕਦੇ ਸਨ ਉਸ ਨੂੰ ਉਹਨਾਂ ਆਪਣੇ ਕਿਸੇ ਸੇਵਕ ਨੂੰ ਕਿਉਂ ਸੌਂਪਣਾ ਸੀ? ਇਕ ਪਾਸੇ ਤੇ ਗੁਰੂ ਸਾਹਿਬ ਪੰਜਾਬ ਵਿਚ ਸ਼ਾਂਤੀ ਕਾਇਮ ਕਰਨ ਲਈ ਔਰੰਗਜੇਬ ਨੂੰ ਮਿਲਣ ਦੱਖਣ ਜਾਂਦੇ, ਬਹਾਦਰ ਸ਼ਾਹ ਦੀ ਸਹਾਇਤਾ ਕਰਦੇ ਅਤੇ ਮੁਗਲ ਬਾਦਸ਼ਾਹ ਉਹਨਾਂ ਨੂੰ ਸਨਮਾਨਤ ਕਰਦੇ ਹਨ, ਦੂਜੇ ਪਾਸੇ ਉਹ ਆਪਣੇ ਇਕ ਸੇਵਕ ਨੂੰ ਮੁਗਲਾਂ ਤੋਂ ਬਦਲਾ ਲੈਣ ਲਈ ਪੰਜਾਬ ਦੇ ਸਾਸ਼ਨ ਤੇ ਹਮਲਾ ਕਰਨ ਦਾ ਆਦੇਸ਼ ਦਿੰਦੇ ਹਨ। ਇਹਨਾਂ ਦੋਨਾਂ ਵਿਚੋਂ ਇਕ ਗੱਲ ਮੰਨਣਯੋਗ ਨਹੀਂ ਹੈ। ਇਹਨਾਂ ਤੱਥਾਂ ਤੋਂ ਤੇ ਇਹੋ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਕਿਸੇ ਹੋਰ ਵਧੀਕੀ ਦਾ ਬਦਲਾ ਲੈਣ ਲਈ ਪੰਜਾਬ ਸਾਸ਼ਨ ਤੇ ਹਮਲਾ ਕਰਨ ਦਾ ਆਦੇਸ਼਼ ਨਹੀਂ ਦਿੱਤਾ ਸੀ। ਮੁਗਲ ਸਾਸ਼ਨ ਤੇ ਹਮਲਾ ਕਰਨ ਦਾ ਨਿਰਨਾ ਬੰਦਾ ਬਹਾਦਰ ਦਾ ਆਪਣਾ ਅਤੇ ਉਸ ਦੇ ਸਹਿਯੋਗੀਆਂ ਦਾ ਸੀ। ਇਸ ਨਾਲ ਗੁਰੂ ਸਾਹਿਬ ਦਾ ਨਾਂ ਜੋੜਨਾ ਅਣਉਚਿਤ ਹੈ।

ਬੰਦਾ ਬਹਾਦਰ ਨੇ ਪੰਜਾਬ ਦੇ ਮੁਗਲ ਸਾਸ਼ਨ ਤੇ ਹਮਲਾ ਕਰਨ ਦਾ ਨਿਰਨਾ ਆਪ ਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਮੁਗਲ ਸਾਸ਼ਨ ਤੇ ਹਮਲਾ ਕਰਨ ਦਾ ਆਦੇਸ਼਼ ਨਹੀਂ ਦਿੱਤਾ ਸੀ। ਬੰਦਾ ਬਹਾਦਰ ਕੌਣ ਸੀ, ਉਹ ਕਿਤਨੀ ਦੇਰ ਤੋਂ ਮਹਾਰਾਸ਼ਟਰ ਵਿਚ ਰਹਿ ਰਿਹਾ ਸੀ ਅਤੇ ਉਸ ਦੇ ਮਰਾਠਾ ਦਰਬਾਰ ਨਾਲ ਕੀ ਸਬੰਧ ਸਨ ਇਸ ਬਾਰੇ ਇਤਿਹਾਸਕਾਰਾਂ ਵਿਚ ਕਾਫੀ ਮਤਭੇਦ ਹਨ। ਮਰਾਠਿਆਂ ਨੇ ਸ਼ਿਵਾ ਜੀ ਦੀ ਅਗਵਾਈ ਹੇਠ ਆਪਣਾ ਸੁਤੰਤਰ ਰਾਜ ਸਥਾਪਤ ਕਰ ਲਿਆ ਸੀ ਅਤੇ ਉਹ ਮੁਗਲਾਂ ਨੂੰ ਹਰਾ ਕੇ ਦਿੱਲੀ ਤੇ ਆਪਣਾ ਰਾਜ ਸਥਾਪਤ ਕਰਕੇ ਹਿੰਦੂਤਵ ਦਾ ਝੰਡਾ ਝੁਲਾਉਣ ਦੇ ਅਭਿਲਾਸ਼ੀ ਸਨ। ਬੰਦਾ ਬਹਾਦਰ ਕਾਫੀ ਮਸ਼ਹੂਰ ਬੈਰਾਗੀ ਸੀ ਉਸ ਨੂੰ ਮਰਾਠੇ ਪੇਸ਼ਵਾ ਦੀਆਂ ਯੋਜਨਾਵਾਂ ਬਾਰੇ ਜ਼ਰੂਰ ਜਾਣਕਾਰੀ ਹੋਣੀ ਹੈ। ਪੰਜਾਬ ਵਿਚ ਬੰਦਾ ਬਹਾਦਰ ਦੀ ਫੌਜੀ ਨੀਤੀ ਮਰਾਠਿਆਂ ਦੀ ਸੋਚ ਤੋਂ ਪਰਭਾਵਿਤ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਤੇ ਬੰਦਾ ਬਹਾਦਰ ਨੂੰ ਔਖੇ ਸਮੇਂ ਵਿਚ ਪੰਜਾਬ ਦੇ ਸਿੱਖ ਸੇਵਕਾਂ ਦੀ ਉਚਿਤ ਅਗਵਾਈ ਲਈ ਭੇਜਿਆ ਸੀ ਪਰ ਉਸ ਦਾ ਇਹ ਵਿਸ਼ਵਾਸ ਸੀ ਕਿ ਉਹ ਮੁਗਲਾਂ ਨੂੰ ਹਰਾ ਕੇ ਪੰਜਾਬ ਵਿਚ ਸ਼ਿਵਾ ਜੀ ਜੈਸਾ ਸੁਤੰਤਰ ਰਾਜ ਸਥਾਪਤ ਕਰ ਸਕੇਗਾ। ਉਸ ਨੂੰ ਗਿਆਨ ਨਹੀਂ ਸੀ ਕਿ ਪੰਜਾਬ ਮਰਾਠਾ ਦੇਸ਼ ਨਹੀਂ ਹੈ ਅਤੇ ਸਿੱਖਾਂ ਦੀ ਪੰਜਾਬ ਵਿਚ ਮਰਾਠਿਆਂ ਵਾਲੀ ਸਥਿਤੀ ਨਹੀਂ ਹੈ। ਮੁਗਲ ਸਾਸ਼ਨ ਨਾਲ ਟੱਕਰ ਵਿਚ ਬੰਦਾ ਬਹਾਦਰ ਅਤੇ ਉਸ ਦੇ ਸਾਥੀ ਸ਼ਹੀਦ ਹੋ ਗਏ ਅਤੇ ਮੁਗਲ ਸਾਸ਼ਨ ਨੇ ਬੰਦਾ ਬਹਾਦਰ ਦੀ ਚੁਣੌਤੀ ਦਾ ਬਦਲਾ ਲੈਣ ਲਈ ਗੁਰਸਿੱਖਾਂ ਦੀ ਨਸਲਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ। ਬੰਦਾ ਬਹਾਦਰ ਦੀ ਜੰਗੀ ਨੀਤੀ ਨੇ ਗੁਰਮਤਿ ਦੇ ਧਾਰਨੀਆਂ ਲਈ ਬਹੁਤ ਭਾਰੀ ਸੰਕਟ ਖੜ੍ਹਾ ਕਰ ਦਿੱਤਾ ਜਿਸ ਦਾ ਫਾਇਦਾ ਉਹਨਾਂ ਦੇ ਵਿਰੋਧੀਆਂ ਨੇ ਉਠਾਇਆ। ਗੁਰਮਤਿ ਵਿਰੋਧੀਆਂ ਨੇ ਸਾਰੇ ਸਿੱਖ ਧਾਰਮਕ ਅਸਥਾਨਾਂ ਤੇ ਕਬਜ਼ੇ ਕਰ ਲਏ ਅਤੇ ਸਿੱਖ ਧਰਮ ਵਿਚ ਸਨਾਤਨੀ ਰੀਤਾਂ ਚਾਲੂ ਕਰ ਦਿੱਤੀਆਂ। ਬੰਦਾ ਬਹਾਦਰ ਦੇ ਹਮਲੇ ਨੇ ਗੁਰਮਤਿ ਵਿਰੋਧੀਆਂ ਦੇ ਸਾਰੇ ਅਰਮਾਨ ਪੂਰੇ ਕਰ ਦਿੱਤੇ।
ਪੰਜਾਬ ਦੀ ਸੀਮਾ ਬਹੁਤ ਹੱਦ ਤੱਕ ਗੁਰਬਾਣੀ ਭਾਸ਼ਾ ਨਿਰਧਾਰਤ ਕਰਦੀ ਹੈ। ਸਿੰਧ ਘਾਟੀ ਜਾਣੇ ਜਾਂਦੇ ਭਾਰਤ ਦੇ ਉਤਰ-ਪੱਛਮੀ ਇਲਾਕੇ ਵਿਚ, ਜਿਸ ਤੋਂ ਹਿੰਦੂ ਧਰਮ ਅਤੇ ਹਿੰਦੂਆਂ ਦੇ ਦੇਸ਼ ਦਾ ਨਾਂ ਚਲਿਆ ਹੈ, ਪੰਜਾਬੀ ਕੌਮ ਦੀ ਉਤਪਤੀ ਹੋਈ। ਇਹ ਉਹ ਸਮਾਂ ਸੀ ਜਦੋਂ ਦੁਨੀਆ ਭਰ ਵਿਚ ਕੌਮਾਂ ਹੋਂਦ ਵਿਚ ਆ ਰਹੀਆਂ ਸਨ। ਭਾਰਤ ਵਿਚ ਮਰਾਠੀ, ਬੰਗਾਲੀ, ਬਿਹਾਰੀ, ਗੁਜਰਾਤੀ, ਤੇਲਗੂ ਅਤੇ ਹੋਰ ਭਾਸ਼ਾਵਾਂ ਦੇ ਲੋਕਾਂ ਵਿਚ ਕੌਮੀ ਭਾਵਨਾਵਾਂ ਉਤੇਜਿਤ ਅਤੇ ਬਲਵਾਨ ਹੋ ਰਹਿਈਆਂ ਸਨ। ਉਸਰ ਰਹੀ ਪੰਜਾਬੀ ਕੌਮ ਇਕ ਵਡਮੁੱਲੇ ਅਧਿਆਤਮਿਕ ਗਿਆਨ ਭੰਡਾਰ ਦੀ ਵਾਰਸ ਬਣ ਗਈ ਅਤੇ ਗੁਰੂ ਸਾਹਿਬਾਨ ਨੇ ਉਸ ਕੌਮ ਦੀ ਵਾਗ ਡੋਰ ਆਪਣੇ ਸ਼ਰਧਾਲੂ ਸਿੱਖਾਂ ਨੂੰ ਸੌਂਪ ਦਿੱਤੀ। ਪੰਜਾਬੀ ਕੌਮ ਨੂੰ ਸਿੱਖ ਕੌਮ ਆਖਣਾ ਉਚਿਤ ਨਹੀਂ ਹੈ, ਕਿਉਂਕਿ ਸਿੱਖੀ ਧਰਮ ਹੈ ਕੌਮ ਨਹੀਂ ਹੈ। ਪੰਜਾਬੀ ਕੌਮ ਦੀ ਉਤਪਤੀ ਸਮੇਂ ਭਾਰਤ ਦਾ ਮੁਗਲ ਸਾਸ਼ਨ ਬੁੱਢਾ ਹੋ ਰਿਹਾ ਸੀ ਅਤੇ ਇਰਾਨੀ, ਅਫ਼ਗਾਨੀ ਅਤੇ ਮੱਧ ਏਸ਼ੀਆ ਦੇ ਧਾੜਵੀ ਪੰਜਾਬ ਰਾਹੀਂ ਭਾਰਤ ਨੂੰ ਲੁੱਟਣ ਦੀਆਂ ਯੋਜਨਾਵਾਂ ਬਣਾ ਰਹੇ ਸਨ। ਮੁਗਲ ਸ਼ਾਸਨ ਦਾ ਪੰਜਾਬ ਤੇ ਕੰਟ੍ਰੋਲ ਥੋੜੇ ਸਮੇਂ ਦਾ ਮਹਿਮਾਨ ਸੀ ਅਤੇ ਪੰਜਾਬ ਦੀ ਰਾਜਸੀ ਸ਼ਕਤੀ ਵਿਚ ਆਉਣ ਵਾਲਾ ਖਲਾ ਪੰਜਾਬ ਦੇ ਸਿੱਖ ਆਗੂਆਂ ਨੂੰ ਭਰਨਾ ਪੈਣਾ ਸੀ। ਗੁਰਮਤਿ ਵਿਚਾਰਧਾਰਾ ਦੇ ਪਰਭਾਵ ਸਦਕਾ ਸਿੱਖ ਮਿਸਲਾਂ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਮੁਗਲਾਂ, ਇਰਾਨੀਆਂ, ਅਫਗਾਨਾਂ ਅਤੇ ਮਰਾਠਿਆਂ ਦੇ ਅਤਿਆਚਾਰ, ਕਬਜ਼ੇ, ਅਨਿਆਂ ਅਤੇ ਡਰਾਵਿਆਂ ਤੋਂ ਮੁਕਤ ਕਰਵਾ ਕੇ ਸੁਤੰਤਰ ਪੰਜਾਬੀ ਰਾਜ ਸਥਾਪਤ ਕਰ ਲਿਆ। ਰਾਜ ਸ਼ਕਤੀ ਮਿਲਣ ਤੇ ਮਿਸਲਾਂ ਦੇ ਸਰਦਾਰ ਦਸਮ ਗ੍ਰੰਥ ਦੀ ਵਿਚਾਰਧਾਰਾ ਦੇ ਪਰਭਾਵ ਅਧੀਨ ਮੁਖ ਤੋਂ ਹਰਿ ਅਤੇ ਚਿੱਤ ਵਿਚ ਜੁੱਧ ਵਿਚਾਰਨ ਲੱਗ ਪਏ ਅਤੇ ਸਿੱਖ ਜੀਵਨ ਵਿਚ ਹਲੀਮੀ ਦੀ ਥਾਂ ਹਉਮੈ ਨੇ ਲੈ ਲਈ। ਥੋੜੇ ਹੀ ਸਮੇਂ ਵਿਚ ਬਹੁਤੀਆਂ ਮਿਸਲਾਂ ਆਪਸੀ ਜੰਗਾਂ ਵਿਚ ਉਲਝ ਕੇ ਰਣਜੀਤ ਸਿੰਘ ਦੇ ਇਕ ਪੁਰਖਾ ਰਾਜ ਵਿਚ ਲੋਪ ਹੋ ਗਈਆਂ।
ਰਣਜੀਤ ਸਿੰਘ ਪੰਜਾਬ ਦਾ ਰਾਜਾ ਬਣ ਗਿਆ। ਕਈ ਇਤਿਹਾਸਕਾਰ ਉਸ ਦੇ ਰਾਜ ਨੂੰ ਸਿੱਖ ਰਾਜ ਆਖਦੇ ਹਨ, ਜੋ ਸਹੀ ਨਹੀਂ ਹੈ। ਉਸ ਨੇ ਮਿਸਲਾਂ ਦੀ ਧਰਮ ਨਿਰਪੇਖ ਨੀਤੀ ਦੀ ਪਰੰਪਰਾ ਕਾਇਮ ਰੱਖੀ ਅਤੇ ਕੋਈ ਧਰਮਤੰਤਰਕ ਰਾਜ ਸਥਾਪਤ ਨਹੀਂ ਕੀਤਾ ਇਸ ਲਈ ਉਸ ਦੇ ਰਾਜ ਨੂੰ ਸਿੱਖ ਰਾਜ ਆਖਣਾ ਮੁਨਾਸਬ ਨਹੀਂ। ਉਸ ਦੇ ਰਾਜ ਵਿਚ ਸਾਰੇ ਆਮ ਲੋਕ ਸੁੱਖੀ ਅਤੇ ਸੰਤੁਸ਼ਟ ਮਹਿਸੂਸ ਕਰਦੇ ਸਨ। ਰਣਜੀਤ ਸਿੰਘ ਨੇ ਸਿੱਖ ਧਰਮ ਅਸਥਾਨਾਂ ਨੂੰ ਜਗੀਰਾਂ ਲਾਈਆਂ, ਸੋਨਾ ਦਾਨ ਕੀਤਾ ਅਤੇ ਕਰਤਾਰਪੁਰੀ ਆਖੀ ਜਾਂਦੀ ਬੀੜ ਮੰਗਵਾ ਕੇ ਆਪਣੇ ਕੋਲ ਰੱਖੀ ਪਰ ਉਸ ਨੇ ਗੁਰਬਾਣੀ ਸੰਚਾਰ ਲਈ ਕੋਈ ਵਿਸ਼ੇਸ਼਼ ਪ੍ਰਬੰਧ ਨਹੀਂ ਕੀਤਾ। ਪੰਜਾਬੀ ਸਮਾਜ ਦੀ ਬਿਹਤਰੀ ਵਿਚ ਵੀ ਰਣਜੀਤ ਸਿੰਘ ਦਾ ਕੋਈ ਵਿਸ਼ੇਸ਼਼ ਯੋਗਦਾਨ ਨਹੀਂ ਹੈ। ਪੰਜਾਬ ਦੀ ਆਰਥਕ ਵਿਵਸਥਾ, ਖੇਤੀ ਬਾੜੀ, ਆਵਾਜਾਈ ਅਤੇ ਵਪਾਰ ਦੀ ਉਤਨੀ ਲਈ ਉਸ ਨੇ ਕੋਈ ਪਰੋਗਰਾਮ ਨਾ ਉਲੀਕਿਆ। ਲੋਕਾਂ ਦੀ ਸਿੱਖਿਆ ਅਤੇ ਤੰਦਰੁਸਤੀ ਲਈ ਵੀ ਕੋਈ ਵਿਸ਼ੇਸ਼਼ ਪ੍ਰਬੰਧ ਨਾ ਕੀਤਾ। ਉਸ ਨੇ ਤੇ ਪੰਜਾਬੀ ਨੂੰ ਵੀ ਸਰਕਾਰੀ ਭਾਸ਼ਾ ਦਾ ਦਰਜਾ ਨਾ ਦਿੱਤਾ। ਉਹ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਡੋਗਰਿਆਂ, ਹੋਰ ਗੈਰ-ਪੰਜਾਬੀਆਂ ਅਤੇ ਮੁਸਲਮਾਨਾਂ ਤੇ ਨਿਰਭਰ ਕਰਦਾ ਰਿਹਾ ਇਥੋਂ ਤੱਕ ਕਿ ਉਸ ਦੇ ਆਪਣੇ ਪੁੱਤਰ ਅਤੇ ਪੋਤਰੇ ਵੀ ਰਾਜ ਪ੍ਰਬੰਧ ਦੀ ਯੋਗ ਸਿੱਖਿਆ ਨਾ ਲੈ ਸਕੇ।
ਅੰਗਰੇਜ਼ਾਂ ਦੇ ਰਾਜ ਵਿਚ, ਹਿੰਦੁਸਤਾਨ ਦੇ ਬਟਵਾਰੇ ਸਮੇਂ ਅਤੇ ਸੁਤੰਤਰ ਭਾਰਤ ਵਿਚ ਸਿੱਖਾਂ ਨੂੰ ਬਹੁਤ ਸੰਘਰਸ਼਼ ਕਰਨੇ ਪਏ ਅਤੇ ਘੱਟ ਗਿਣਤੀ ਹੋਣ ਕਾਰਨ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ ਦੀ ਕੁਟਲ ਨੀਤੀ ਨੇ ੧੯੦੯ ਵਿਚ ਰਲ ਮਿਲ ਕੇ ਸ਼ਾਂਤੀ ਨਾਲ ਰਹਿ ਰਹੇ ਪੰਜਾਬ ਦੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚ ਧਰਮ ਤੇ ਆਧਾਰਤ ਸਿਆਸਤ ਸ਼ੁਰੂ ਕਰਕੇ ਉਹਨਾਂ ਵਿਚ ਨਾ ਮਿਟਣ ਵਾਲਾ ਪਾੜ ਪਾ ਦਿੱਤਾ। ਧਰਮ ਅਤੇ ਸਿਆਸਤ ਦਾ ਕੋਈ ਮੇਲ ਨਹੀਂ ਹੈ। ਗੁਰਬਾਣੀ ਦਾ ਫੁਰਮਾਨ ਹੈ: “ਭਗਤਾ ਤੇ ਸੈਸਾਰੀਆ ਜੋੜੁ ਕਦੇ ਨ ਆਇਆ॥” (ਪੰ: ੧੪੫)। ਧਰਮ ਦੀ ਸਿਆਸਤ ਵਿਚ ਧਰਮ ਦੇ ਆਤਮਕ ਸਿਧਾਂਤ ਦਾ ਨਸ਼ਟ ਹੋ ਜਾਣਾ ਨਿਸ਼ਚਿਤ ਹੁੰਦਾ ਹੈ। ਐਸਾ ਆਤਮਾ ਰਹਿਤ ਧਾਰਮਕ ਰਾਜ ਮੰਤਵ ਹੀਣ ਸਿਆਸਤ ਬਣ ਜਾਂਦਾ ਹੈ। ਮੰਤਵ ਹੀਣ ਰਾਜਸੀ ਸ਼ਕਤੀ ਵਿਚ ਵਹਿਸ਼ਤ ਪਰਧਾਨ ਹੁੰਦੀ ਹੈ ਕਿਉਂਕਿ ਹਿੰਸਾ ਰਾਜ ਸ਼ਕਤੀ ਦਾ ਜਨਮ ਦਾਤਾ ਹੈ।
(Political power flows through the barrel of a gun)। ਜਿਸ ਬੰਦੂਕ ਦੀ ਹਿੰਸਾ ਤੇ ਨੈਤਿਕ ਬੰਦਸ਼਼ ਨਾ ਹੋਵੇ ਉਹ ਨਿਰੀ ਵਹਿਸ਼ਤ ਹੁੰਦੀ ਹੈ। ਸਿਆਸਤਦਾਨਾਂ ਨੂੰ ਫਿਰਕਾਪ੍ਰਸਤੀ ਦੀ ਸਿਆਸਤ ਬਹੁਤ ਪਸੰਦ ਹੈ ਪਰ ਲੋਕਾਂ ਲਈ ਉਹ ਆਤਮ ਘਾਤੀ ਸਿੱਧ ਹੁੰਦੀ ਹੈ। ਇਸੇ ਲਈ ਕਈ ਦੇਸ਼ਾਂ ਦੇ ਸੰਵਿਧਾਨਾਂ ਵਿਚ ਸਿਆਸਤ ਵਿਚ ਧਾਰਮਕ ਭਾਵਨਾਵਾਂ ਦੀ ਵਰਤੋਂ ਅਤੇ ਫਿਰਕਾਪ੍ਰਸਤੀ ਦਾ ਪਰਗਟਾਵਾ ਕਰਨ ਦੀ ਆਗਿਆ ਨਹੀਂ ਹੈ। ਜਿਵੇਂ ਸਿਆਸਤ ਅਤੇ ਧਰਮ ਦਾ ਮੇਲ ਸਮਾਜ ਲਈ ਹਾਨੀਕਾਰਕ ਹੈ ਉਵੇਂ ਹੀ ਸੰਤ ਅਤੇ ਸਿਪਾਹੀ ਦਾ ਮੇਲ ਸੰਤ ਲਈ ਹਾਨੀਕਾਰਕ ਹੈ। ਜੋ ਸੰਤ ਹੈ ਉਹ ਸਿਪਾਹੀ ਨਹੀਂ ਹੋ ਸਕਦਾ ਅਤੇ ਆਪਣੇ ਸਰੀਰ, ਸਾਥੀਆਂ ਅਤੇ ਵਿਚਾਰਾਂ ਦੀ ਰਖਿਆ ਕਰਨ ਲਈ ਸੰਤ ਨੂੰ ਸਿਪਾਹੀ ਬਨਣ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਸਤ ਸੰਗਤ ਅਤੇ ਪੰਥ ਦਾ ਮੇਲ ਨਹੀਂ ਹੈ। ਪੰਥ ਵਿਚ ਸਤ ਸੰਗਤ ਵਾਲੇ ਗੁਣ ਨਹੀਂ ਹੁੰਦੇ। ਗੁਰਬਾਣੀ ਵਿਚ ਸਤ ਸੰਗਤ ਦਾ ਮਹਾਤਮ ਹੈ ਪੰਥ ਦਾ ਨਹੀਂ। ਸਤ ਸੰਗਤ ਬਾਰੇ ਫੁਰਮਾਨ ਹੈ: “ਸਤ ਸੰਗਤਿ ਕੈਸੀ ਜਾਣੀਐ॥ ਜਿਥੇ ਏਕੋ ਨਾਮੁ ਵਖਾਣੀਐ॥” (ਪੰ: ੭੨)। ਨਾਮ ਜਪਣ ਵਾਲੇ ਸ਼ਰਧਾਲੂਆਂ ਦੀ ਇਕੱਤਰਤਾ ਨੂੰ ਪੰਥ ਨਹੀਂ ਸਤ ਸੰਗਤ ਆਖਿਆ ਜਾਂਦਾ। ਸਿੱਖ ਧਾਰਮਕ ਸ਼ਬਦਾਵਲੀ ਵਿਚ ਧਰਮ, ਪੰਥ ਅਤੇ ਕੌਮ ਦੇ ਸੰਕਲਪਾਂ ਨੂੰ ਰਲਗੱਡ ਕਰਕੇ ਵਰਤਣ ਦੀ ਪਰੱਥਾ ਹੈ ਜੋ ਸ਼ਰਧਾਲੂਆਂ ਨੂੰ ਕੁਰਾਹੇ ਪਾ ਦਿੰਦੀ ਹੈ। ਧਰਮ ਇਕ ਵਿਸ਼ੇਸ਼਼ ਆਤਮਕ ਵਿਸ਼ਵਾਸ ਦਾ ਨਾਂ ਹੈ। ਜਦੋਂ ਕਿ ਕੌਮ ਰਾਜਨੀਤੀ ਵਿਗਿਆਨ ਦਾ ਸ਼ਬਦ ਹੈ ਜਿਸ ਦੀ ਪਰਮਾਣਿਕ ਪਰਿਭਾਸ਼ਾ ਉਸ ਵਿਗਿਆਨ ਨੇ ਨਿਰਧਾਰਤ ਕੀਤੀ ਹੋਈ ਹੈ। ਉਸ ਪਰਿਭਾਸ਼ਾ ਅਨੁਸਾਰ ਸਿੱਖ ਧਰਮ ਵਿਚ ਕੌਮ ਵਾਲੇ ਗੁਣ ਨਹੀਂ ਹਨ। ਪੰਥ ਸ਼ਬਦ ਗੁਰਮਤਿ ਸਾਹਿਤ ਵਿਚੋਂ ਉਤਪੰਨ ਹੋਇਆ ਹੈ। ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਦੇ ਮਾਰਗ ਨੂੰ ਪੰਥ ਆਖਣ ਦੀ ਰੀਤ ਹੈ। ਹੁਣ ਇਹ ਸ਼ਬਦ ਸਿਆਸੀ ਰੂਪ ਧਾਰਨ ਕਰ ਬੈਠਾ ਹੈ। ਪੰਥ ਦੀ ਸਿਆਸਤ ਨੇ ਸਿੱਖ ਧਰਮ ਨੂੰ ਆਪਣੇ ਆਧਾਰ, ਗੁਰਮਤਿ ਨਾਲੋਂ ਤੋੜ ਦਿੱਤਾ ਹੈ।




.