.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਅਠਾਈਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਖੰਡ ਸਤਵਾਂ (ਅੰਤਕਾ ਤੇ ਨਿਚੌੜ)

“ਕਬੀਰ ਜੈਸੀ ਉਪਜੀ ਪੇਡ ਤੇ, ਜਉ ਤੈਸੀ ਨਿਬਹੈ ਓੜਿ॥

ਹੀਰਾ ਕਿਸ ਕਾ ਬਾਪੁਰਾ, ਪੁਜਹਿ ਨ ਰਤਨ ਕਰੋੜਿ”

ਬੇਸ਼ੱਕ ਜਨਗਣਨਾ ਅਨੁਸਾਰ ਅੱਜ ਭਾਰਤ `ਚ ਸਿੱਖਾਂ ਦੀ ਕੁਲ ਗਿਣਤੀ ਦੋ ਕਰੋੜ ਤੋਂ ਵੀ ਘੱਟ ਹੈ। ਇਸ ਤੋਂ ਬਾਅਦ ਜੇਕਰ ਅੱਜ ਵੀ ਸਿੱਖ ਧਰਮ ਦਾ ਧੁਰਾ, ਭਾਵ ਇਸ `ਚ ਸਮੂਚੇ ਨਾਨਕ ਪੰਥੀਆਂ ਤੇ ਸਿੱਖ ਸ਼੍ਰਧਾਲੂਆਂ ਨੂੰ ਜੋੜ ਕੇ ਸਿੱਖਾਂ ਦੀ ਗਿਣਤੀ ਕੀਤੀ ਜਾਵੇ ਤਾਂ ਯਕੀਨਣ ਇਹ ਗਿਣਤੀ ਅੱਜ ਵੀ ਵੀਹ ਕਰੋੜ ਤੋਂ ਵਧ ਸਾਬਤ ਹੋਵੇਗੀ। ਵਿਚਾਰਣਾ ਇਹ ਹੈ ਕਿ ਤਾਂ ਫ਼ਿਰ ਇਸ ਤ੍ਰਾਸਦੀ ਲਈ ਜ਼ਿਮੇਵਾਰ ਕੌਣ ਹੈ? ਗੁਰੂ ਪਾਤਸ਼ਾਹ ਜਾਂ ਅਜੋਕਾ ਸਿੱਖ ਪੰਥ? ਸਪਸ਼ਟ ਹੈ ਕਿ ਇਸ ਤ੍ਰਾਸਦੀ ਲਈ ਗੁਰੂ ਪਾਤਸ਼ਾਹ ਬਿਲਕੁਲ ਵੀ ਜ਼ਿਮੇਵਾਰ ਨਹੀਂ ਹਨ ਬਲਕਿ ਇਸ ਦੇ ਲਈ ਜੇ ਕੋਈ ਜ਼ਿਮੇਵਾਰ ਹੈ ਤਾਂ ਉਹ ਅਜੋਕਾ ਸਿੱਖ ਪੰਥ ਹੀ ਹੈ। ਉਹ ਸਿੱਖ ਪੰਥ ਜਿਹੜਾ ਨਾ ਅੱਜ ਆਪਣੇ ਇਸ ਬਾਕੀ ਅਣਿਖੜਵੇਂ ਅੰਗ ਭਾਵ ਲਗਭਗ ਅਠਾਰਾਂ ਕ੍ਰੋੜ ਸਿੱਖਾਂ ਦੀ ਪਛਾਣ ਕਰ ਰਿਹਾ ਹੈ ਤੇ ਨਾ ਹੀ ਉਨ੍ਹਾਂ ਦੀ ਸੰਭਾਲ।

ਇਸ ਤੋਂ ਬਾਅਦ ਗੱਲ ਕਰਦੇ ਹਾਂ ਅਜੋਕੇ ਉਸ ਸਿੱਖ ਪੰਥ ਦੀ; ਜਿਸ ਨੇ ਬਾਕੀ ਅਠਾਰਾਂ ਕ੍ਰੋੜ ਤੋਂ ਵਧ ਨਾਨਕ ਪੰਥੀਆਂ ਤੇ ਸਿੱਖ ਸ਼੍ਰਧਾਲੂਆਂ ਦੀ ਪਹਿਚਾਣ ਤੇ ਸੰਭਾਲ ਕਰਣੀ ਸੀ। ਇਸ ਤਰ੍ਹਾਂ ਇਥੇ ਗੱਲ ਕਰ ਰਹੇ ਹਾਂ ਕੇਵਲ ਉਨ੍ਹਾਂ ਦੋ ਕ੍ਰੋੜ ਸਿੱਖਾਂ ਦੀ ਜਿਹੜੇ ਜਨਗਣਨਾ ਸਮੇਂ ਆਪਣੇ ਆਪ ਨੂੰ ਲਿਖਵਾਉਂਦੇ ਹੀ ਸਿੱਖ ਹਨ। ਜਦਕਿ ਉਨ੍ਹਾਂ ਦੀ ਆਪਣੀ ਹਾਲਤ ਇਹ ਹੈ ਕਿ ਇੱਕ ਪਾਸੇ ਤਾਂ ਉਹ ਸਾਰੇ ਆਪਣੇ ਆਪ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਿੱਖ ਅਖਵਾਉਂਦੇ ਹਨ। ਉਪ੍ਰੰਤ ਅਜਿਹਾ ਅਖਵਾ ਕੇ ਵੀ ਜ਼ਰੂਰੀ ਨਹੀਂ ਕਿ ਉਨ੍ਹਾਂ `ਚੋਂ ਬਹੁਤਿਆਂ ਦੀ ਆਪਣੀ ਜੀਵਨ ਰਹਿਣੀ ਤੇ ਵਿਚਾਰਧਾਰਾ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ ਦੀ ਕਸਵੱਟੀ `ਤੇ ਪੂਰੀ ਉਤਰਦੀ ਹੋਵੇ।

ਇਕ ਹੋਰ ਵਿਸ਼ਾ ਇਹ ਵੀ ਹੈ ਕਿ ਇਹ ਦੋ ਕ੍ਰੋੜ ਸਿੱਖ, ਆਪਸ `ਚ ਵੀ ਅਨੇਕਾਂ ਧੜਿਆਂ, ਗੁੱਟਾਂ ਤੇ ਪਾਰਟੀਆਂ ਆਦਿ `ਚ ਵੰਡੇ ਪਏ ਹਨ। ਉਨ੍ਹਾਂ `ਚੋਂ ਬਹੁਤੇ ਤਾਂ ਉਹ ਹਨ ਜਿਹੜੇ ਆਪਸ `ਚ ਵੀ ਇੱਕ ਦੂਜੇ ਦੇ ਨੇੜੇ ਹੋ ਕੇ ਬੈਠਣਾ ਤਾਂ ਦੂਰ, ਬਲਕਿ ਇੱਕ ਦੂਜੇ ਦੇ ਗਾਟੇ ਤੱਕ ਉਤਾਰਣ ਨੂੰ ਵੀ ਤਿਆਰ ਰਹਿੰਦੇ ਹਨ। ਹੋਰ ਤਾਂ ਹੋਰ, ਅਜੋਕੇ ਪੰਥਕ ਅਧੋਗਤੀ ਦੇ ਸਮੇਂ `ਚ, ਉਨ੍ਹਾਂ ਦੋ ਕ੍ਰੋੜ ਸਿੱਖਾਂ ਵਿਚਕਾਰ, ਅਜਿਹੇ ਪਤਿਤ ਸਿੱਖਾਂ ਦੀ ਗਣਤੀ ਵੀ ਨਿੱਤ ਵਾਧੇ `ਤੇ ਹੈ ਜਿਹੜੇ ਤੇਜ਼ੀ ਨਾਲ ਤੇ ਆਪਣੇ ਆਪ ਹੀ ਨਾਈਆਂ ਦੇ ਚੱਕਰ ਕੱਟ ਤੇ ਆਪਣੇ ਸਿੱਖੀ ਸਰੂਪ ਨੂੰ ਵੀ ਤਿਆਗਦੇ ਜਾ ਰਹੇ ਹਨ।

ਇਸ ਤੋਂ ਵੱਡੀ ਅਤੇ ਉਹ ਵੀ ਅਜੇ ਕੇਵਲ ਕਲ ਦੀ ਹੀ ਗੱਲ ਹੈ। ਉਹ ਕਿ ਸਿੱਖ ਇਤਿਹਾਸ `ਚ ਉਹ ਸਮਾਂ ਵੀ ਸੀ ਜਦੋਂ ਸਿੱਖਾਂ ਦੇ ਵੈਰੀਆਂ ਨੂੰ ਵੀ ਸਿੱਖੀ ਸਰੂਪ ਬਾਰੇ ਸਮਝ ਤੇ ਪਤਾ ਸੀ। ਇਸ ਤਰ੍ਹਾਂ ਸਿੱਖਾਂ ਦੇ ਉਨ੍ਹਾਂ ਵੈਰੀਆਂ ਨੂੰ ਵੀ ਪਤਾ ਸੀ ਕਿ ਸਿੱਖ ਵੱਡੇ ਤੋਂ ਵੱਡੇ ਤਸੀਹੇ ਤਾਂ ਸਹਿਨ ਕਰ ਸਕਦਾ ਹੈ, ਆਪਣੀ ਜਾਣ ਤੱਕ ਵੀ ਦੇ ਸਕਦਾ ਹੈ ਪਰ ਆਪਣੇ ਕੇਸ ਕਤਲ ਨਹੀਂ ਕਰਵਾ ਸਕਦਾ; ਸਰੂਪ ਨਹੀਂ ਗੁਆ ਸਕਦਾ।

ਇਸੇ ਲਈ ਉਨ੍ਹਾਂ ਵੈਰੀਆਂ ਦੀ, ਸ਼ਹੀਦ ਹੋਣ ਵਾਲੇ ਸਿੱਖਾਂ ਲਈ ਸ਼ਰਤ ਹੀ ਇਕੋ ਤੇ ਕੇਵਲ ਇਤਨੀ ਹੀ ਹੁੰਦੀ ਸੀ, ਜਾਂ ਤਾਂ ਕੇਸ ਕਟਵਾ ਕੇ ਸਿੱਖ ਧਰਮ ਦਾ ਤਿਆਗ ਕਰ ਦੇਵੋ ਤੇ ਆਪਣੀ ਜਾਣ ਬਖ਼ਸ਼ੀ ਕਰਵਾ ਲਉ, ਨਹੀਂ ਤਾਂ ਮਰਨ ਲਈ ਤਿਆਰ ਹੋ ਜਾਵੋ।

ਇਤਿਹਾਸ ਗਵਾਹ ਹੈ ਕਿ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ `ਚ ਸਿੱਖ ਸ਼ਹੀਦ ਤਾਂ ਹੁੰਦੇ ਰਹੇ ਪਰ ਸਿੱਖੀ ਸਰੂਪ `ਤੇ ਆਂਚ ਨਹੀਂ ਸਨ ਆਉਣ ਦਿੰਦੇ। ਸਪਸ਼ਟ ਹੈ ਸਿੱਖਾਂ ਬਾਰੇ ਜਿਹੜੀ ਸਚਾਈ ਸਿੱਖ ਧਰਮ ਦੇ ਵੈਰੀਆਂ ਦੀ ਸਮਝ `ਚ ਤਾਂ ਆ ਗਈ ਸੀ ਪਰ ਉਹ ਸਚਾਈ ਅੱਜ ਨਾਈਆਂ ਦੇ ਧੱਕੇ ਖਾਉਣ ਵਾਲਿਆਂ ਤੇ ਨਿੱਤ ਪਤਿਤ ਹੋਣ ਵਾਲੇ ਅਖਉਤੀ ਸਿੱਖਾਂ ਦੀ ਸਮਝ `ਚ ਨਹੀਂ ਆਈ।

ਉਸ ਤੋਂ ਬਾਅਦ ਗੱਲ ਕਰਦੇ ਹਾਂ ਉਨ੍ਹਾਂ ਸਿੱਖਾਂ ਦੀ ਜਿਹੜੇ ਅੱਜ ਸਰੂਪ ਪੱਖੋਂ ਠੀਕ ਤੇ ਸੁਲਝੇ ਨਜ਼ਰ ਆ ਰਹੇ ਹਨ। ਫ਼ਿਰ ਜਦੋਂ ਉਨ੍ਹਾਂ ਨੂੰ ਘੋਖੋ, ਸਰੂਪ ਪੱਖੋਂ ਠੀਕ ਹੁੰਦੇ ਹੋਏ ਉਨ੍ਹਾਂ ਵਿਚਕਾਰ ਵੀ ਵੱਡੀ ਗਿਣਤੀ, ਗੁਰਬਾਣੀ ਤੇ ਗੁਰਮੱਤ ਵਾਲੇ ਜੀਵਨ ਪੱਖੋਂ ਪਤਿਤ ਸਿੱਖਾਂ ਦੀ ਹੀ ਮਿਲਦੀ ਹੈ ਅਤੇ ਗੁਰਮੁਖਾਂ ਦੀ ਬਹੁਤ ਘੱਟ। ਦੂਜੇ ਲਫ਼ਜ਼ਾਂ `ਚ, ਉਨ੍ਹਾਂ ਵਿਚਕਾਰ ਵੀ ਬਹੁਤੇ ਸਿੱਖ ਉਹ ਹਨ ਜਿਨ੍ਹਾਂ ਕੋਲ ਸਰੂਪ ਤਾਂ ਹੈ ਪਰ ਉਨ੍ਹਾਂ ਦੇ ਜੀਵਨ ਅੰਦਰ ਗੁਰਮੱਤ ਦਿਖਾਈ ਨਹੀਂ ਦਿੰਦੀ। ਗੁਰਮੱਤ ਦੇ ਬਦਲੇ ਉਨ੍ਹਾਂ ਤੇ ਉਨ੍ਹਾਂ ਦੇ ਘਰ-ਪ੍ਰਵਾਰਾਂ ਅੰਦਰ ਬਹੁਤਾ ਕਰਕੇ ਮਿਲ ਰਿਹਾ ਹੈ ਅਣਮੱਤ, ਬ੍ਰਾਹਮਣ ਮੱਤ, ਹੂੜਮੱਤ, ਕਰਮਕਾਂਡ ਤੇ ਕਈ ਹਾਲਤਾਂ `ਚ ਸ਼ਰਾਬਾਂ, ਨਸ਼ਿਆਂ ਤੇ ਵਿਭਚਾਰ ਆਦਿ ਨਾਲ ਗੜੁੱਚ ਜੀਵਨ ਵੀ, ਭਾਵ ਉਨ੍ਹਾਂ `ਚੋਂ ਵੀ ਕਈਆਂ ਅੰਦਰੋਂ ਦੁਰਮੱਤੀ ਜੀਵਨ ਤੱਕ ਹੀ ਖੁੱਲ ਕੇ ਸਾਹਮਣੇ ਆ ਰਿਹਾ ਹੁੰਦਾ ਹੈ।

ਜਦਕਿ ਇਹ ਵੀ ਸੱਚ ਹੈ ਕਿ ਅਜਿਹੇ ਗੁਰਮੱਤ ਜੀਵਨ ਪੱਖੋਂ ਪਤਿਤ ਸਿੱਖਾਂ ਦਾ ਹੀ ਅਗਲਾ ਬਦਲ ਤੇ ਅਗਲਾ ਪੜਾਅ, ਉਹ ਸਿੱਖ ਹੁੰਦੇ ਹਨ ਜਿਹੜੇ ਅੱਜ ਸਰੂਪ ਤੋਂ ਵੀ ਜਾ ਰਹੇ ਹਨ। ਸਪਸ਼ਟ ਹੈ ਕਿ ਅਜਿਹੇ ਵਿਸ਼ਲੇਸ਼ਣ ਤੋਂ ਬਾਅਦ, ਵਿਚਾਰਣ ਦਾ ਵਿਸ਼ਾ ਹੈ ਕਿ ਗੁਰੂ ਦਾ ਇਹ ਲਾਡਲਾ ਪੰਥ ਅੱਜ ਖੜਾ ਕਿੱਥੇ ਹੈ? ਇਹ ਕਿ, ਗੁਰੂ ਕਾ ਇਹ ਨਿਆਰਾ ਪੰਥ ਅੱਜ ਜਾ ਕਿਧਰ ਨੂੰ ਰਿਹਾ ਹੈ?

ਇਸ ਲਈ ਅਜੋਕੇ ਜਨਗਣਨਾ ਦੇ ਜ਼ਮਾਨੇ `ਚ ਤਾਂ ਹੋਰ ਵੀ ਵੱਡੀ ਲੋੜ ਹੈ, ਇਸ ਸਾਰੇ ਵਿਸ਼ੇ ਦਾ ਹਰ ਪੱਖੋਂ ਤੇ ਠੰਡੇ ਦਿਮਾਗ਼ ਤੇ ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਵਿਸ਼ਲੇਸ਼ਣ ਕਰਣ ਦੀ। ਇਹ ਨਹੀਂ ਕਿ ਅਸਾਂ ਆਪਣੇ ਆਪ ਤੋਂ ਬਾਅਦ ਬਾਕੀ ਸਾਰਿਆਂ ਨੂੰ ਨਕਾਰਦੇ ਹੀ ਜਾਣਾ ਹੈ ਤੇ ਇਹੀ ਕਹਿਣਾ ਹੈ ਕਿ ਇਹ ਵੀ ਸਿੱਖ ਨਹੀਂ ਤੇ ਉਹ ਵੀ ਸਿੱਖ ਨਹੀਂ। ਇਸ ਤਰ੍ਹਾਂ ਇਹ ਨਹੀਂ ਸੋਚਣਾ ਕਿ ਬੱਸ ਮੈਂ ਹੀ ਸਭ ਤੋਂ ਵਧੀਆ, ਵੱਡਾ ਤੇ ਪੱਕਾ ਸਿੱਖ ਹਾਂ ਤੇ ਬਾਕੀ ਸਾਰੇ ਜਾਂ ਬਹੁਤੇ…. ????[ ਜਦਕਿ ਪੁਸਤਕ ਦੇ ਅਰੰਭ `ਚ ਵੀ ਇਸ ਵਿਸ਼ੇ ਨੂੰ ਕਿਸੇ ਹੱਦ ਤੱਕ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੮) ਦੇ ਸਿਰਲੇਖ ਹੇਠ ਅਤੇ ਉਸ ਦੀ ਵਿਆਖਿਆ ਰਾਹੀਂ ਨਿਭਾਇਆ ਜਾ ਚੁੱਕਾ ਹੈ, ਪਾਠਕ ਉਸਦਾ ਲਾਭ ਵੀ ਲੈ ਸਕਦੇ ਹਨ।

ਤਾਂ ਤੇ ਇਸੇ ਵਿਸ਼ਲੇਸ਼ਣ ਨਾਲ ਸੰਬੰਧਤ, ਅਸੀਂ ਕੇਵਲ ਦੋ ਹੋਰ ਪੱਖਾਂ `ਤੇ ਪਰ ਅਤੀ ਸੰਖੇਪ ਵਿਚਾਰ ਕਰਣੀ ਵੀ ਜ਼ਰੂਰੀ ਸਮਝਦੇ ਹਾਂ। ਇਸ ਤਰ੍ਹਾਂ ਇਨ੍ਹਾਂ `ਚੋਂ ਪਹਿਲਾ ਪੱਖ ਹੈ ‘ਮਨੁੱਖਾ ਜਨਮ ਦੀ ਉੱਤਮਤਾਂ ਤੇ ਦੂਜਾ ਪੱਖ ਹੈ ਮਨੁੱਖਾ ਜਨਮ ਸਮੇਂ ਪ੍ਰਭੂ ਵੱਲੋਂ ਪ੍ਰਾਪਤ ‘ਮਨ’ ਵਾਲੀ ਦਾਤ। ਉਪ੍ਰੰਤ ਉਸ ‘ਮਨ’ ਦੀ ਕੁਵਰਤੋਂ ਕੀ ਹੈ ਤੇ ਸੁਵਰਤੋਂ ਕੀ ਹੈ? ਇਸ ਤਰ੍ਹਾਂ ਇਨ੍ਹਾਂ ਵਿਸ਼ਿਆਂ ਸੰਬੰਧੀ ਸੰਖੇਪ ਵਿਚਾਰ:-

(੧) “ਗੁਰ ਕੀ ਮਤਿ ਤੂੰ ਲੇਹਿ ਇਆਨੇ” -ਅਰੰਭ `ਚ ‘ਦੇਖ ਆਏ ਹਾਂ ਕਿ ਅਜੋਕਾ ਸਿੱਖ ਧਰਮ ਵੀ ਜੇਕਰ ਸਚਮੁਚ “ਸਿਖੀ ਸਿਖਿਆ ਗੁਰ ਵੀਚਾਰਿ” (ਪੰ: ੪੬੫) ਅਤੇ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਥਵਾ “ਗੁਰ ਕੀ ਮਤਿ ਤੂੰ ਲੇਹਿ ਇਆਨੇ” (੨੮੮) ਭਾਵ “ਸ਼ਬਦ ਗੁਰੂ” ਦੇ ਦਾਇਰੇ `ਚ ਵਿਚਰ ਰਿਹਾ ਹੋਵੇ ਤਾਂ ਕੋਈ ਕਾਰਣ ਨਹੀਂ ਕਿ ਇਹ ਧਰਮ ਕਦੇ ਵੀ ਅਧੋਗਤੀ ਵਾਲੇ ਪਾਸੇ ਚਲਾ ਜਾਵੇ।

ਬਲਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਰਾਹੀਂ ੨੩੯ ਸਾਲ ਲਗਾ ਕੇ ਅਤੇ ਦਸ ਜਾਮੇ ਧਾਰਨ ਕਰਕੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਪ੍ਰਗਟ ਕੀਤਾ ਹੋਇਆ ਇਹ ਨਿਵੇਕਲਾ, ਅਕੱਟ ਤੇ ਨਿਰਾਲਾ ਧਰਮ ਹੀ ਸਮੂਚੇ ਮਨੁੱਖ ਮਾਤ੍ਰ ਦਾ ਇਕੋ ਇੱਕ ਤੇ ਆਦਿ ਜੁਗਾਦੀ ਧਰਮ ਹੈ। ਇਸ ਤਰ੍ਹਾਂ ਸੰਸਾਰ ਭਰ `ਚ ਇਹੀ ਇਕੋ ਇੱਕ ਅਜਿਹਾ ਦਲੀਲ਼ ਭਰਪੂਰ ਧਰਮ ਹੈ ਜਿਸ `ਚ ਸੰਸਾਰ ਦੇ ਹਰੇਕ ਕੌਣੇ, ਨੁੱਕਰ ਤੋਂ ਬਿਨਾ ਵਿਤਕਰਾ ਰੰਗ, ਨਸਲ, ਧਰਮ, ਵਰਣ, ਦੇਸ਼, ਲਿੰਗ ਹਰੇਕ ਕਿੱਤੇ ਦਾ ਮਨੁੱਖ ਸ਼ਾਮਲ ਹੋ ਸਕਦਾ ਹੈ।

ਫ਼ਿਰ ਉਸਦਾ ਕੇਵਲ ਸਿੱਖ ਧਰਮ `ਚ ਸ਼ਾਮਿਲ ਹੋ ਜਾਣਾ ਹੀ ਸਭਕੁਝ ਨਹੀਂ ਬਲਕਿ ਇਥੇ ਉਹ ਬਰਾਬਰ ਦਾ ਸਤਿਕਾਰ ਲੈਣ ਦਾ ਹੱਕ ਵੀ ਰਖਦਾ ਹੈ। ਜਦਕਿ ਗੁਰੂ ਨਾਨਕ ਪਾਤਸ਼ਾਹ ਦੇ ਇਸ ਧਰਮ `ਚ ਤਾਂ ਅਰੰਭ ਤੋਂ ਹੀ ਅਜਿਹਾ ਹੁੰਦਾ ਆਇਆ ਹੈ ਤੇ ਅੱਜ ਵੀ ਹੋ ਰਿਹਾ ਹੈ। ਇਹੀ ਕਾਰਣ ਹੈ ਕਿ ਸੰਸਾਰ ਭਰ `ਚ ਇਹ ਸਿੱਖ ਧਰਮ ਹੀ ਅਜਿਹਾ ਤੇ ਇਕੋ ਇੱਕ ਧਰਮ ਹੈ ਜਿਸ `ਚ ਅੱਜ ਵੀ ਸੰਸਾਰ ਭਰ ਦੀਆਂ ਸਮੂਹ ਸਭਿਅਤਾਵਾਂ, ਨਸਲਾਂ, ਦੇਸ਼ਾਂ, ਧਰਮਾਂ ਤੇ ਵਰਣਾਂ ਤੋਂ ਆਏ ਹੋਏ ਲੋਕ ਸਹਿਜੇ ਹੀ ਮਿਲ ਸਕਦੇ ਹਨ।

ਇਹੀ ਨਹੀਂ ਸਾਂਝੀ ਸੰਗਤ, ਸਾਂਝੀ ਪੰਕਤ ਤੇ ਸਾਂਝਾ ਸਰੋਵਰ, ਉਪ੍ਰੰਤ ਗੁਰਦੁਆਰਾ ਸਹਿਬਾਨ ਤੇ ਹੋਰ ਅਜਿਹੇ ਸਮਾਗਮਾਂ ਦੀ ਸਮਾਪਤੀ ਉਪ੍ਰੰਤ, ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਸਮੂਹ ਸੰਗਤਾਂ ਵਿਚਕਾਰ ਬਿਨਾ ਵਿਤਕਰਾ ਵਰਤਦੀ ਤੇ ਸੰਗਤਾਂ ਰਾਹੀਂ ਪ੍ਰਾਪਤ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਸ ਸਚਾਈ ਦੇ ਬਹੁਤ ਇਹ ਵੱਡੇ ਸਬੂਤ ਵੀ ਹਨ ਕਿ ਇਸ ਧਰਮ `ਚ ਕਿਸੇ ਵੀ ਕਾਰਣ ਮਨੁੱਖੀ ਵਿਤਕਰਾ ਨਹੀਂ।

“ਕਬੀਰ ਜੈਸੀ ਉਪਜੀ ਪੇਡ ਤੇ” - ਕੁਦਰਤ ਦਾ ਨਿਯਮ ਹੈ, ਜਦੋਂ ਕੋਈ ਨਵਾਂ ਬੂਟਾ ਉਗਦਾ ਹੈ ਤਾਂ ਉਹ ਬੜਾ ਨਰਮ ਤੇ ਕੋਮਲ ਹੁੰਦਾ ਹੈ। ਫ਼ਿਰ ਭਾਵੇਂ ਕਿਤਨੀਆਂ ਹੀ ਹਨੇਰੀਆਂ ਤੇ ਝਖੜ ਕਿਉਂ ਨਾ ਆਉਣ, ਉਹ ਉਸ ਬੂਟੇ ਦਾ ਕੁੱਝ ਵੀ ਨਹੀਂ ਵਿਗਾੜ ਸਕਦੀਆਂ। ਕਿਉਂਕਿ ਉਸ ਸਮੇਂ ਬੂਟਾ ਖ਼ੁਦ ਹੀ ਲਿਫ਼ ਜਾਂਦਾ ਤੇ ਲਿਫ਼ਣ ਵਾਲੇ ਗੁਣ ਦਾ ਧਾਰਣੀ ਹੁੰਦਾ ਹੈ। ਉਸ ਸਮੇਂ ਉਸ `ਚ ਆਪਣੀ ਅੱਕੜ ਤੇ ਸਖ਼ਤੀ ਨਹੀਂ ਬਲਕਿ ਨਰਮੀ ਤੇ ਕੋਮਲਤਾ ਹੀ ਹੁੰਦੀ ਹੈ। ਉਹ ਕੋਮਲਤਾ ਜਿਹੜੀ ਉਸ ਦੀ ਸੰਭਾਲ ਦਾ ਕਾਰਣ ਵੀ ਬਣਦੀ ਤੇ ਉਸਨੂੰ ਟੁਟੱਣ ਤੋਂ ਵੀ ਚਾਉਂਦੀ ਹੈ। ਉਸਦੀ ਉਸੇ ਕੋਮਲਤਾ ਦਾ ਨਤੀਜਾ ਹੁੰਦਾ ਹੈ ਕਿ ਤੇਜ਼ ਹਵਾ, ਹਨੇਰੀ, ਝਖੜ ਆਦਿ ਵੀ ਉਸ ਬੂਟੇ ਦੀ ਭੰਨ-ਤੋੜ ਨਹੀਂ ਕਰ ਸਕਦੇ।

ਫ਼ਿਰ ਉਹੀ ਬੂਟਾ ਜਿਉਂ ਜਿਉਂ ਵੱਡਾ ਹੁੰਦਾ ਹੈ ਤੇ ਉਸ `ਚ ਉਸਦੀ ਆਪਣੀ ਪਹਿਲੀ ਕੋਮਲਤਾ ਤੇ ਲਚਕ ਆਦਿ ਨਹੀਂ ਰਹਿੰਦੀ, ਬਲਕਿ ਬਹੁਤ ਸਖ਼ਤ ਤੇ ਮੋਟਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਉਮਰ ਪਾ ਕੇ ਉਹ ਵੱਡੇ ਆਕਾਰ ਵਾਲਾ ਬੂਟਾ ਤਾਂ ਜ਼ਰੂਰ ਬਣ ਜਾਂਦਾ ਹੈ, ਪਰ ਹਨੇਰੀ ਤੁਫ਼ਾਨ ਆਦਿ ਉਸ ਨੂੰ ਸਹਜੇ ਹੀ ਜੜ੍ਹੋਂ ਪੁੱਟ ਕੇ ਜ਼ਮੀਨ `ਚੋਂ ਬਾਹਰ ਸੁੱਟ ਦਿੰਦੇ ਹਨ। ਉਸਨੂੰ ਉਸਦੀਆਂ ਜੜ੍ਹਾਂ ਤੋਂ ਉਖਾੜ ਦਿੰਦੇ ਹਨ।

ਠੀਕ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ `ਚ ਜੁੜਣ ਲਈ ਵੀ ਸਭ ਤੋਂ ਪਹਿਲਾ ਗੁਣ, ਮਨੁੱਖੀ ਹਿਰਦੇ ਦਾ ਹਉਮੈ ਰਹਿਤ, ਕੋਮਲ ਤੇ ਸਮ੍ਰਪਿਤ ਭਾਵਨਾ ਦਾ ਹੋਣਾ ਜ਼ਰੂਰੀ ਹੁਮਧਾਂ ਹੈ। ਮਨੁੱਖ ਦੇ ਜੀਵਨ ਅੰਦਰੋਂ ਹਉਮੈ ਦਾ ਵਿਨਾਸ ਹੋਇਆਂ ਹੀ, ਉਸਦੇ ਹਿਰਦੇ `ਚ ਕੋਮਲਤਾ ਤੇ ਸੱਚੀ ਨਿਮ੍ਰਤਾ ਆਦਿ ਇਲਾਹੀ ਗੁਣ ਉਪਜਦੇ ਤੇ ਕਾੲਮਿ ਵੀ ਰਹਿੰਦੇ ਹਨ। ਉਹ ਕੋਮਲਤਾ ਤੇ ਸੱਚੀ ਨਿਮ੍ਰਤਾ ਜਿਸ ਦੀ ਬਰਕਤਿ ਨਾਲ ਮਨੁੱਖ ਉੱਚੇ ਆਚਰਣ ਵਾਲਾ, ਸਦਗੁਣੀ ਤੇ ਸਤਿਕਾਰਯੋਗ ਬਣ ਜਾਂਦਾ ਹੈ।

ਜਦਕਿ ਮਨੁੱਖ ਦੇ ਜੀਵਨ ਅੰਦਰ ਅਜਿਹਾ ਉੱਚਾ ਆਚਰਣ ਤੇ ਇਲਾਹੀ ਗੁਣ, ਸ਼ਬਦ ਗੁਰੂ ਦੀ ਕਮਾਈ ਰਾਹੀਂ, ਅੰਦਰੋਂ ਹਉਮੈ ਦਾ ਖ਼ਾਤਮਾ ਹੋਣ `ਤੇ ਹੀ ਉਪਜਦੇ ਹਨ, ਉਸ ਤੋਂ ਪਹਿਲਾਂ ਨਹੀਂ। ਜਦੋਂ ਤੱਕ ਮਨੁੱਖ ਦੇ ਜੀਵਨ ਅੰਦਰ ਹਉਮੈ ਦਾ ਨਿਵਾਸ ਹੁੰਦਾ ਹੈ, ਉਸ ਦੇ ਜੀਵਨ ਅੰਦਰ “ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ” (ਪੰ੪੭੪) ਅਨੁਸਾਰ ਇਲਾਹੀ ਗੁਣ ਨਹੀਂ ਉਪਜਦੇ ਬਲਕਿ ਵਿਕਾਰ ਹੀ ਉਸ `ਤੇ ਹਾਵੀ ਰਹਿੰਦੇ ਹਨ।

ਇਸ ਤਰ੍ਹਾਂ ਸਪਸ਼ਟ ਹੈ ਕਿ ‘ਗੁਰੂ ਸ਼ਬਦ’ ਦੀ ਕਮਾਈ ਰਾਹੀਂ, ਮਨੁੱਖ ਦੇ ਜੀਵਨ ਅੰਦਰੋਂ ਹਉਮੈ ਵੀ ਨਾਸ ਹੁੰਦੀ ਹੈ ਤੇ ਉਸ ਦੇ ਜੀਵਨ `ਚ ਕੋਮਲਤਾ ਵੀ ਬਣੀ ਰਹਿੰਦੀ ਹੈ। ਇਹ ਵੀ ਕਿ “ਮੰਨੇ ਕੀ ਗਤਿ ਕਹੀ ਨ ਜਾਇ” (ਬਾਣੀ ਜਪੁ) ਭਾਵ ਅਜਿਹੇ ਮਨੁੱਖਾ ਜੀਵਨ ਦੀ ਕੀਮਤਿ ਵੀ ਨਹੀਂ ਪਾਈ ਜਾ ਸਕਦੀ। ਦੂਜੇ ਪਾਸੇ ਹਉਮੈ ਗ੍ਰਸਤ ਮਨੁੱਖ ਸੰਸਾਰ ਤਲ `ਤੇ ਭਾਵੇਂ ਕਿਤਨਾ ਵੱਡਾ ਤੇ ਪ੍ਰਭਾਵਸ਼ਾਲੀ ਵੀ ਕਿਉਂ ਨਾ ਹੋ ਜਾਵੇ। ਅਜਿਹੇ ਜੀਵਨ ਨੂੰ ਮਨਮਤਾਂ, ਦੁਰਮੱਤਾਂ, ਹੂੜਮੱਤਾ, ਕਰਮਕਾਂਡ ਤੇ ਵਿਕਾਰ ਆਦਿ ਉਸ ਨੂੰ ਉਸ ਸਖ਼ਤ ਤੇ ਮੋਟੇ ਭਾਰੇ ਹੋ ਚੁੱਕੇ ਬੂਟੇ ਵਰਗਾ ਬਣਾ ਦਿੰਦੇ ਹਨ।

ਅਜਿਹਾ ਜੀਵਨ ਜਿਸਨੂੰ ਅਉਗੁਣਾ ਦੀ ਆਂਧੀ `ਤੇ ਤੁਫ਼ਾਨ ਜੜ੍ਹ ਤੋਂ ਉਖਾੜ ਕੇ ਸੁੱਟ ਦਿੰਦੇ ਹਨ। ਉਸ ਦੇ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰ ਦਿੰਦੇ ਹਨ। ਇਸ ਤਰ੍ਹਾਂ ਅਜਿਹੇ ਜੀਵਨ ਵਾਲੇ ਮਨੁੱਖ ਨੂੰ ਗੁਰਬਾਣੀ ਅਨੁਸਾਰ ਪ੍ਰਭੂ ਦੇ ਨਿਆਂ `ਚ, ਜੀਉਂਦੇ ਜੀਅ ਵੀ ਤ੍ਰਿਸ਼ਨਾ, ਭਟਕਣਾ, ਚਿੰਤਾਵਾਂ ਆਦਿ ਦੀ ਮਾਰ ਪੈਂਦੀ ਰਹਿੰਦੀ ਹੈ। ਉਪ੍ਰੰਤ ਮੌਤ ਤੋਂ ਬਾਅਦ ਵੀ ਅਜਿਹਾ ਜੀਵ ਮੁੜ ਜਨਮਾਂ-ਜੂਨਾਂ ਦੇ ਗੇੜ `ਚ ਹੀ ਪੈਂਦਾ ਹੈ; ਉਸਦਾ ਜੀਵਨ ਸਫ਼ਲ ਨਹੀਂ ਹੁੰਦਾ।

ਗੁਰਬਾਣੀ `ਚ ਕਬੀਰ ਜੀ ਇਸ ਵਿਸ਼ੇ ਨੂੰ ਇਸ ਤਰ੍ਹਾਂ ਵੀ ਬਿਆਣ ਕਰਦੇ ਹਨ। ਫ਼ੁਰਮਾਣ ਹੈ “ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ॥ ਹੀਰਾ ਕਿਸ ਕਾ ਬਾਪੁਰਾ, ਪੁਜਹਿ ਨ ਰਤਨ ਕਰੋੜਿ” (ਪੰ: ੧੩੭੨)। ਇਸ ਦੇ ਅਰਥ ਭਾਵ ਹਨ ਕਿ, ਕਬੀਰ ਜੀ ਫ਼ੁਰਮਾਉਂਦੇ ਹਨ, ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇਕਰ ਅਜਿਹੀ ਕੋਮਲਤਾ ਹੀ (ਮਨੁੱਖ ਦੇ ਹਿਰਦੇ `ਚ) ਸਦਾ ਲਈ ਟਿਕੀ ਰਹੇ ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਇੱਕ ਹੀਰਾ ਤਾਂ ਕੀ? ਕ੍ਰੋੜਾਂ ਰਤਨ ਵੀ ਉਸ ਦੀ ਕੀਮਤ ਨਹੀਂ ਪਾ ਸਕਦੇ”।

(੨) “ਤਨ ਛੂਟੇ ਮਨੁ ਕਹਾ ਸਮਾਈ” ? - ਗੁਰਬਾਣੀ ਦੇ ਸਿੱਖ ਹੋਣ ਦੇ ਨਾਤੇ ਇਹ ਤਾਂ ਸਾਨੂੰ ਸਾਰਿਆਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਮਨੁੱਖਾ ਜੀਵਨ `ਚ ਗੁਰਬਾਣੀ ਵਿਚਲਾ ਮੁੱਖ ਵਿਸ਼ਾ ਹੀ ਮਨੁੱਖਾ ਸਰੀਰ ਅੰਦਰਲੇ ‘ਮਨ’ ਦਾ ਹੈ। ਉਹ ‘ਮਨ’ ਜਿਹੜਾ ਕਿ ਮਾਸ ਦਾ ਟੁਕੜਾ ਜਾਂ ਸਾਡੇ ਸਰੀਰ ਦਾ ਵਿਸ਼ੇਸ਼ ਅੰਗ ਨਹੀ। ਇਹ ‘ਮਨ’ ਸਾਡਾ ਉਹ ਦਿੱਲ ਵੀ ਨਹੀਂ ਜਿਸਦੀ ਕਿ ਚੀਰ ਫਾੜ ਕੀਤੀ ਜਾ ਸਕਦੀ ਹੈ। ਬਲਕਿ ਇਹ ‘ਮਨ’ ਸਾਡੇ ਵਿਚਾਰਾਂ-ਸੰਸਕਾਰਾਂ ਦਾ ਸਮੂਹ ਹੁੰਦਾ ਹੈ।

ਸਾਡੇ ਮਨੁੱਖਾ ਜੀਵਨ ਅੰਦਰ ਸਾਡਾ ਇਹ ‘ਮਨ’ ਵੀ ਕਰਤੇ ਅਕਾਲਪੁਰਖ ਦੀ ਨਿਆਈ ਰੂਪ, ਰੰਗ, ਰੇਖ ਤੋਂ ਨਿਆਰਾ ਤੇ ਉਸੇ ਪ੍ਰਭੂ ਦਾ ਹੀ ਆਪਣਾ ਅੰਸ਼ ਹੁੰਦਾ ਹੈ। ਇਸ ‘ਮਨ’ ਲਈ ਗੁਰਬਾਣੀ `ਚ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ ਜਿਵੇਂ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ, ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: ੪੪੧) ਅਤੇ ਇਸ ‘ਮਨ’ ਦੇ ਪ੍ਰਗਟਾਵੇ ਲਈ ਗੁਰਬਾਣੀ `ਚ ਇੱਕ ਜਾਂ ਦੋ ਨਹੀਂ ਬਲਕਿ ਅਰੰਭ ਤੋਂ ਸਮਾਪਤੀ ਤੱਕ ਬੇਅੰਤ ਸ਼ਬਦ ਅਤੇ ਪ੍ਰਮਾਣ

ਇਸੇ ਤਰ੍ਹਾਂ ਇੱਕ ਹੋਰ ਪ੍ਰਮਾਣ “ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ” (ਪ: ੪੭੦) ਜਿਸਦੇ ਅਰਥ ਹਨ, ਜੇਕਰ ਸਾਡੇ ਇਸ ਸਰੀਰ ਦੇ ਦੋ ਹਿੱਸੇ ਮੰਨ ਲਏ ਜਾਣ ਤਾਂ ਇਨ੍ਹਾਂ `ਚ ਇੱਕ ਹੈ ਸਾਡਾ ਸਰੀਰ ਜਿਸ ਨੂੰ ਇਥੇ ‘ਰਥ’ ਕਿਹਾ ਹੈ। ਉਪ੍ਰੰਤ ਦੂਜਾ ਹੈ ਇਸ ਸਰੀਰ ਨੂੰ ਹਾਂਕਣ ਵਾਲਾ ‘ਮਨ’ ਜਿਸਨੂੰ ਇਥੇ ‘ਰਥਵਾਹ’ ਕਿਹਾ ਹੈ।

ਉਪ੍ਰੰਤ ਗੁਰਬਾਣੀ ਦਾ ਫ਼ੈਸਲਾ ਹੈ, ਜੇਕਰ ‘ਸ਼ਬਦ ਗੁਰੂ’ ਦੀ ਕਮਾਈ ਕਰਕੇ ਸਾਡਾ ਜੀਵਨ ‘ਜੀਊਂਦੇ ਜੀਅ’ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ ਤਾਂ ਇਸ ਮਨ ਦੀ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਵੀ ਮੁੱਕ ਜਾਂਦੀ ਹੈ। ਅਜਿਹੀ ਅਵਸਥਾ `ਚ ਇਹ ‘ਮਨ’ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਜੀਵ ਨੂੰ ਬਾਰ ਬਾਰ ਵਾਲੇ ਜਨਮਾਂ ਜੂਨਾਂ ਦੇ ਗੇੜ ਤੋਂ ਨਿਜਾਤ ਮਿਲ ਜਾਂਦੀ ਹੈ। ਮਨੁੱਖਾ ਜੀਵਨ ਦੀ ਇਸੇ ਅਵਸਥਾ ਨੂੰ ਗੁਰਬਾਣੀ `ਚ ‘ਜੀਵਨ ਮੁਕਤ’ ਵੀ ਕਿਹਾ ਹੈ ਭਾਵ ‘ਜੀਊਂਦੇ ਜੀਅ’ ਪ੍ਰਭੂ `ਚ ਅਭੇਦ ਹੋ ਜਾਣਾ।

ਜੀਵਨ ਦੀ ਅਜਿਹੀ ਅਵਸਥਾ `ਚ ਮਨੁੱਖਾ ਜੀਵਨ ਅੰਦਰ ਹਉਮੈ ਵਾਲਾ ਦੀਰਘ ਰੋਗ ਮੂਲੋਂ ਹੀ ਨਹੀਂ ਰਹਿੰਦਾ। ਗੁਰਬਾਣੀ `ਚ ਜੀਵਨ ਦੀ ਇਸੇ ਉੱਤਮਤਰ ਅਵਸਥਾ ਨੂੰ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: 278) ਅਥਵਾ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਹੋਰ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਜਪੁ) ਆਦਿ ਬੇਅੰਤ ਗੁਰ ਫ਼ੁਰਮਾਨਾ ਰਾਹੀਂ ਸਪਸ਼ਟ ਕੀਤਾ ਹੋਇਆ ਹੈ।

ਗੁਰਬਾਣੀ `ਚ ਅਜਿਹੇ ਸਫ਼ਲ ਮਨੁੱਖਾ ਜਨਮ ਲਈ ਹੀ ਸਫ਼ਲ ਜੀਵਨ, ਗੁਰਮੁਖ, ਵਡਭਾਗੀ, ਸੁਭਾਗਾ ਤੇ ਸਚਿਆਰਾ ਆਦਿ ਸ਼ਬਦਾਵਲੀ ਵੀ ਆਈ ਹੈ। ਜਦਕਿ ਜੀਵਨ ਦੀਆਂ ਇਹ ਸਾਰੀਆਂ ਅਵਸਥਾਵਾਂ ਇਕੋ ਹੀ ਹਨ, ਅਤੇ ਜੀਉਂਦੇ ਜਾਗਦੇ ਸਰੀਰ ਤੇ ਜੀਵਨ ਨਾਲ ਹੀ ਸੰਬੰਧਤ ਹਨ।

“ਇਹੁ ਮਨੁ ਪੰਚ ਤਤੁ ਤੇ ਜਨਮਾ” -ਇਸ ਦੇ ਉਲਟ ਜਦੋਂ ਸਾਡਾ ਇਹੀ ਮਨ ਆਪਣਾ ‘ਗੁਰਮੱਤੀ’ ਮਾਰਗ ਤਿਆਗ ਕੇ ਹਉਮੈ ਗ੍ਰਸਤ ਰਹਿੰਦਾ ਹੈ ਤਾਂ ਇਸ ਦੀ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਬਣ ਜਾਂਦੀ ਹੈ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਮਨਮੱਤੀ, ਬੇਮੁਖ, ਅਭਾਗਾ, ਬਿਰਥਾ, ਮਨਮੁਖੀ ਤੇ ‘ਕੂੜਾ’ ਜਨਮ ਆਦਿ ਵੀ ਕਿਹਾ ਹੈ। ਸਾਡੇ ਜੀਵਨ ਦੀ ਅਜਿਹੀ ਅਵਸਥਾ `ਚ ਸਾਡਾ ਇਹੀ ਮਨ “ਗੁਰਮਤੀ ਰੰਗੁ ਮਾਣੁ” (ਪੰ: ੪੪੧) ਪ੍ਰਭੂ ਰੰਗ `ਚ ਰੰਗੇ ਰਹਿਣ ਦੀ ਬਜਾਏ ਪਦਾਰਥਵਾਦੀ ਹੁੰਦਾ ਹੈ।

ਇਸ ਦੀ ਇਸੇ ਗੁਮਰਾਹਕੁਣ ਅਵਸਥਾ ਨੂੰ ਹੀ ਗੁਰਬਾਣੀ `ਚ ਅਨੇਕਾਂ ਥਾਵੇਂ “ਇਹੁ ਮਨੁ ਪੰਚ ਤਤੁ ਤੇ ਜਨਮਾ” (ਪੰ: ੪੧੫) “ਇਹੁ ਮਨੁ ਪੰਚ ਤਤ ਕੋ ਜੀਉ” (ਪੰ: ੩੪੨) ਅਦਿ ਸ਼ਬਦਾਵਲੀ ਨਾਲ ਵੀ ਬਿਆਣਿਆ ਹੈ; ਜਿਸਦਾ ਅਰਥ ਭਾਵ ਹੈ ਪ੍ਰਭੂ ਤੋਂ ਟੁੱਟ ਕੇ ਸੰਸਾਰ ਦੇ ਪੰਜ ਤਤਾਂ `ਚ ਖੱਚਤ ਹੋ ਚੁੱਕਾ ਅਤੇ ਕਰਮਾਂ ਸੰਸਕਾਰਾਂ ਦਾ ਸਮੂਹ ਬਣ ਚੁੱਕਾ ਇਹ ‘ਮਨ’ ਜਦਕਿ ਮਨ ਤਾਂ ਫ਼ਿਰ ਵੀ ਉਹੀ ਹੁੰਦਾ ਹੈ।

ਇਸ ਤਰ੍ਹਾਂ ਜੀਵ ਅੰਦਰ ਬਣ ਚੁੱਕੀ ‘ਮਨ’ ਦੀ ਇਸ ਪਦਾਰਥਵਾਦੀ ਹੋਂਦ ਤੋਂ ਨਿੱਤ ਬਣ ਰਹੇ ਇਸ ਦੇ ਕਰਮਾਂ ਸੰਸਕਾਰਾਂ ਦੇ ਸਮੂਹ ਕਾਰਣ, “ਇਹੁ ਤਨੁ ਹੋਸੀ ਖਾਕ” (ਪੰ: ੪੮੮) ਭਾਵ ਇਸਦੀ ਸਰੀਰਕ ਮੌਤ ਤੋਂ ਬਾਅਦ ਵੀ “ਤਨ ਛੂਟੇ ਮਨੁ ਕਹਾ ਸਮਾਈ” ਅਨੁਸਾਰ ਇਸ ਦੇ ਮਨ ਵਾਲੀ ਹੋਂਦ ਕਾਇਮ ਰਹਿੰਦੀ ਹੈ।

ਉਪ੍ਰੰਤ ਜੀਵ ਨੂੰ ਆਪਣੇ ਕਰਮਾਂ-ਸੰਸਕਾਰਾਂ ਕਾਰਣ “ਭਗਤਿ ਬਿਨਾ ਬਹੁ ਡੂਬੇ ਸਿਆਨੇ” (ਪੰ: ੨੮੮) ਅਨੁਸਾਰ ਜੀਉਂਦੇ ਜੀਅ ਵੀ ਵਿਕਾਰਾਂ, ਅਉਗੁਣਾ, ਚਿੰਤਾਵਾਂ, ਭਟਕਣਾ, ਮਾਨਸਿਕ ਉਖਾੜ ਆਦਿ ਦੀ ਮਾਰ ਸਹਿਣ ਨੂੰ ਮਜਬੂਰ ਹੋਣਾ ਪੈਂਦਾ ਹੈ। ਮੌਤ ਤੋਂ ਬਾਅਦ ਵੀ “ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ” (ਪੰ: ੪੮੮) ਅਨੁਸਾਰ ਇਸੇ ਮਨ ਦੀ ਬਣੀ ਰਹਿ ਚੁੱਕੀ ਹੋਂਦ ਕਾਰਣ, ਜੀਵ ਨੂੰ ਮੁੜ-ਮੁੜ ਜੂਨਾਂ-ਗਰਭਾਂ ਦੇ ਕਸ਼ਟ ਸਹਿਣੇ ਪੈਂਦੇ ਹਨ; ਜਨਮ ਮਰਨ ਦੇ ਗੇੜ `ਚ ਹੀ ਪੈਣਾ ਪੈਂਦਾ ਹੈ।

ਉਸੇ ਦਾ ਨਤੀਜਾ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ…” (ਪੰ: ੯੨੦) ਅਥਵਾ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਕੇਵਲ ਇਕੋ ਇੱਕ ਮਨੁੱਖਾ ਜੂਨ ਵਾਲਾ ਅਵਸਰ ਹੀ ਹੁੰਦਾ ਹੈ ਜਦੋਂ ਜੀਵ ਫ਼ਿਰ ਤੋਂ ‘ਸ਼ਬਦ ਗੁਰੂ’ ਦੀ ਕਮਾਈ ਕਰਕੇ ਵਾਪਿਸ ਪ੍ਰਭੂ `ਚ ਅਭੇਦ ਹੋ ਸਕਦਾ ਹੈ, ਜਦਕਿ ਕਿਸੇ ਹੋਰ ਜੂਨ ਸਮੇ ਅਜਿਹਾ ਹੋਣਾ ਸੰਭਵ ਨਹੀਂ।

ਇਸ ਤਰ੍ਹਾਂ ਜੇ ਕਰ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ, ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: ੪੪੧) ਅਨੁਸਾਰ ਜੀਵ ਫ਼ਿਰ ਤੋਂ ਮਿਲੇ ਕਿਸੇ ਮਨੁੱਖਾ ਜਨਮ ਸਮੇਂ, ‘ਸ਼ਬਦ ਗੁਰੂ’ ਦੀ ਕਮਾਈ ਕਰਕੇ ਆਪਣੇ ਜਨਮ ਨੂੰ ਸਫ਼ਲ ਕਰ ਲਵੇ ਤਾਂ ਉਸ ਦੇ ‘ਮਨ’ ਵਾਲੀ ਪ੍ਰਭੂ ਤੋਂ ਬਣੀ ਹੋਈ ਅੱਡਰੀ ਹੋਂਦ ਵੀ ਮੁੱਕ ਜਾਂਦੀ ਹੈ। ਇਸ ਤਰ੍ਹਾਂ ਸਰੀਰਕ ਮੌਤ ਬਾਅਦ ਵੀ, ਜੀਵ ਵਾਪਿਸ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ ਤੇ ਇਸਨੂੰ ਮੁੜ ਜਨਮਾਂ ਦੇ ਗੇੜ `ਚ ਨਹੀਂ ਆਉਣਾ ਪੈਂਦਾ।

ਜੇ ਅਜਿਹਾ ਨਹੀਂ ਤਾਂ ਇਸ ਦੇ ਉਲਟ, ਇਸ ਦੇ ਲਈ ਇਹ ਜਨਮਾਂ, ਜੂਨਾਂ ਤੇ ਗਰਭਾਂ ਵਾਲੇ ਲੰਮੇ ਗੇੜ ਹੀ ਬਣੇ ਰਹਿੰਦੇ ਹਨ। ਇਹ ਗੇੜ ਉਦੋਂ ਤੱਕ ਬਣੇ ਰਹਿੰਦੇ ਹਨ, ਜਦੋਂ ਤੱਕ ਜੀਵ, ਸ਼ਬਦ ਗੁਰੂ ਦੀ ਕਮਾਈ ਰਾਹੀਂ ਫ਼ਿਰ ਕਿਸੇ ਮਨੁੱਖਾ ਜਨਮ ਨੂੰ ਸਫ਼ਲ ਹੀ ਨਾ ਕਰ ਲਵੇ। ਇਸੇ ਲਈ ਗੁਰਦੇਵ ਦਾ ਫ਼ੈਸਲਾ ਹੈ ਕਿ “ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ” (ਪੰ: ੧੪੧੩) ਭਾਵ ਐ ਮਨੁੱਖ! ਜੇਕਰ ਤੂੰ ਆਪਣੇ ਜੀਵਨ ਨੂੰ ਅਨੰਦਮਈ ਤੇ ਟਿਕਾਅ ਵਾਲਾ ਬਨਾਉਣਾ ਲੋਚਦਾ ਹੈ, ਜੇ ਤੂੰ ਜਨਮਾਂ-ਜੂਨਾਂ ਦੇ ਗੇੜ `ਚੋਂ ਨਿਕਲਣਾ ਤੇ ਵਾਪਿਸ ਅਸਲੇ ਪ੍ਰਭੂ `ਚ ਅਭੇਦ ਹੋਣਾ ਚਾਹੁੰਦਾ ਹੈ ਤਾਂ ਆਪਣੀਆਂ ਸਾਰੀਆਂ ਸਿਆਣਪਾਂ, ਚਤੁਰਾਈਆਂ ਤਿਆਗ ਕੇ ਹਊਮੈ ਰਹਿਤ ਸਮ੍ਰਪਣ ਦੀ ਭਾਵਨਾ `ਚ ਜੀਵਨ ਨੂੰ ਬਤੀਤ ਕਰ।

ਉਪ੍ਰੰਤ ਇਸ ਗੁਰ ਫ਼ੁਰਮਾਨ “ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ” (ਪੰ: ੧੪੧੩) ਦੇ ਸ਼ਬਦੀ ਅਰਥ ਹਨ “ਐ ਭਾਈ! ਹੋਰ ਸਾਰੀਆਂ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਅਤੇ ਇਹ ਨਾਮ ਹੀ ਹੈ ਤੇਰੇ ਜੀਵਨ ਲਈ ਅਸਲ ਗਿਆਨ” ਜਦਕਿ ਨਾਮ ਦੇ ਅਰਥ ਹੀ ਇਹੀ ਹਨ ਕਿ ਪੂਰਨ ਸਮ੍ਰਪਣ ਦੀ ਭਾਵਨਾ ਨਾਲ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ `ਚ, ਮਨ ਤੇ ਲਿਵ ਕਰਕੇ ਸੁਆਸ ਸੁਆਸ ਜੁੜੇ ਰਹਿਣਾ।

“ਕਬੀਰ ਮਨੁ ਪੰਖੀ ਭਇਓ” -ਇਤਨਾ ਹੀ ਨਹੀਂ ਗੁਰਬਾਣੀ ਅਨੁਸਾਰ ਸਾਡੇ ‘ਮਨ’ ਦਾ ਇੱਕ ਪੱਖ ਹੋਰ ਵੀ ਹੈ। ਇਸ ਤਰ੍ਹਾਂ ਇਸ ਮਨੁੱਖੀ ‘ਮਨ’ ਦਾ ਉਹ ਪੱਖ, ਇਹ ਹੈ ਕਿ ਸਾਡਾ ਇਹ ‘ਮਨ’ ਜਿਸ ਤਰ੍ਹਾਂ ਦੀ ਸੰਗਤ ਤੇ ਵਾਤਾਵਰਣ `ਚ ਰਹਿੰਦਾ ਹੈ, ਇਸ ਨੂੰ ਉਸੇ ਤਰ੍ਹਾਂ ਦਾ ਹੀ ਰੰਗ ਵੀ ਚੜ੍ਹ ਜਾਂਦਾ ਹੈ। ਦੂਜੇ ਲਫ਼ਜ਼ਾਂ `ਚ ਇਸਦੀ ਸੋਚਣੀ, ਸੁਭਾਅ ਤੇ ਕਰਣੀ ਵੀ ਉਸੇ ਤਰ੍ਹਾਂ ਦੀ ਤਿਆਰ ਹੁੰਦੀ ਹੈ। ਇਸੇ ਤੋਂ ਮਨੁੱਖਾ ਜੀਵਨ ਲਈ ਕਰਮ ਤੇ ਸੰਸਕਾਰ ਵੀ ਉਸੇ ਤਰ੍ਹਾਂ ਦੇ ਹੀ ਤਿਆਰ ਹੁੰਦੇ ਹਨ ਜਿਸ ਵਾਤਾਵਰਣ `ਚ ਕਿ ਇਹ ‘ਮਨ’ ਵਿਚਰਦਾ ਤੇ ਜਿਸ ਤਰ੍ਹਾਂ ਦੀ ਸੰਗਤ ਕਰਦਾ ਹੈ। ਇਸ ਵਿਸ਼ੇ ਨੂੰ ਕਬੀਰ ਸਾਹਿਬ ਗੁਰਬਾਣੀ `ਚ ਇਸ ਤਰ੍ਹਾਂ ਵੀ ਬਿਆਣਦੇ ਹਨ, ਫ਼ੁਰਮਾਨ ਹੈ “ਕਬੀਰ ਮਨੁ ਪੰਖੀ ਭਇਓ” ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ” (ਪੰ: ੧੩੬੯)।

ਉਂਝ ਤਾਂ ‘ਮਨ’ ਵਾਲਾ ਵਿਸ਼ਾ ਬੇਅੰਤ ਵਾਰ, ਫ਼ਿਰ ਵੀ ‘ਵਾਰ ਆਸਾ’ ਦੀ ਸਤਵੀਂ ਪਉੜੀ ਨਾਲ ਸੰਬੰਧਤ ਸਲੋਕਾਂ `ਚ ਗਰਦੇਵ ਨੇ, ‘ਮਨ’ ਦੇ ਸੁਭਾਅ ਬਾਰੇ ਇਸ ਤਰ੍ਹਾਂ ਫ਼ੁਰਮਾਇਆ ਹੈ ਜਿਵੇਂ “ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬)। ਇਸ ਪੰਕਤੀ ਦੇ ਅਰਥ ਹਨ ਕਿ ਕਰਤੇ ਦੇ ਸੱਚ ਨਿਆਂ `ਚ ਜੀਵ ਦੇ ਕਰਮ ਤੇ ਸੰਸਕਾਰ ਵੀ ਉਸੇ ਤਰ੍ਹਾਂ ਦੇ ਹੀ ਤਿਆਰ ਹੁੰਦੇ ਹਨ ਜਿਸ ਵਾਤਾਵਰਣ `ਚ ਮਨੁੱਖ ਦਾ ‘ਮਨ’ ਵਿਚਰਦਾ ਹੋਇਆ ਆਪਣੇ ਲਈ ਕਮਾਈ ਕਰਦਾ ਹੈ।

ਜਦਕਿ ਮਨ ਸੰਬੰਧੀ ਇਸ ਅਤੀ ਸੰਖੇਪ ਵਿਚਾਰ ਤੋਂ ਬਾਅਦ ਸੰਗਤਾਂ ਨੂੰ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਉਹ ਖ਼ੁਦ ਵੀ ਗੁਰਬਾਣੀ `ਚੋਂ ਘਟੋਘਟ ‘ਮਨ’ ਵਾਲੇ ਵਿਸ਼ੇ ਨਾਲ ਸੰਬੰਧਤ ਦੋ ਹੋਰ ਸ਼ਬਦਾਂ ਦੀ ਵਿਚਾਰ ਵੀ ਜ਼ਰੂਰ ਕਰ ਲੈਣ। ਇਨ੍ਹਾਂ ਚੋਂ ਇੱਕ ਸ਼ਬਦ ਹੈ ਕਬੀਰ ਜੀ ਦਾ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” (ਪੰ: ੩੩੦) ਤੇ ਦੂਜਾ ਹੈ ਤੀਜੇ ਪਾਤਸ਼ਾਹ ਦਾ “ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ” (ਪੰ: ੬੮੬)। ਇਸ ਤਰ੍ਹਾਂ ਉਨ੍ਹਾਂ ਨੂੰ ਇਹ ਵਿਸ਼ਾ ਹੋਰ ਵੀ ਸਪਸ਼ਟ ਹੋ ਜਾਵੇਗਾ।

ਗੁਰਬਾਣੀ ਅਨੁਸਾਰ ਕੁਸੰਗਤ ਨਹੀਂ, ਜਦਕਿ ਸਤਸੰਗਤ ਜ਼ਰੂਰੀ ਹੈ- ਉਪ੍ਰੰਤ ਮਨੁੱਖਾ ਮਨ ਦੇ “ਕਬੀਰ ਮਨੁ ਪੰਖੀ ਭਇਓ” ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ” (ਪੰ: ੧੩੬੯) ਅਥਵਾ “ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਵਾਲੇ ਮੂਲ ਸੁਭਾਉ ਕਾਰਣ ਸੰਪੂਰਣ ਗੁਰਬਾਣੀ `ਚ ਜਿੱਥੋਂ ਵੀ ਦਰਸ਼ਨ ਕਰ ਸਕੀਏ, ਗੁਰਦੇਵ ਨੇ ਸਾਨੂੰ ਸਤਿਸੰਗੀਆਂ ਦੇ ਸੰਗ ਲਈ ਹੀ ਪ੍ਰੇਰਿਆ ਅਤੇ ਕੁਸੰਗੀਆਂ ਦੇ ਸੰਗ ਤੋਂ ਸੁਚੇਤ ਵੀ ਕੀਤਾ ਹੈ।

ਉਪ੍ਰੰਤ ਗੁਰਬਾਣੀ ਅਨੁਸਾਰ ਹਰੇਕ ਇਕੱਠ, ਬੇਸ਼ੱਕ ਉਹ ਧਾਰਮਿਕ ਇਕੱਠ ਜਾਂ ਸਤਿਸੰਗ ਹੀ ਕਿਉਂ ਕਿਹਾ ਜਾਂਦਾ ਤੇ ਅਖਵਾਉਂਦਾ ਹੋਵੇ, ਹਰੇਕ ਨੂੰ ਸਤਿਸੰਗ ਪ੍ਰਵਾਣ ਨਹੀਂ ਕੀਤਾ। ਬਲਕਿ ਸਤਿਸੰਗਤ ਲਈ ਵੀ ਗੁਰਦੇਵ ਨੇ ਵਿਸ਼ੇਸ਼ ਪ੍ਰੀਭਾਸ਼ਾ ਬਖ਼ਸ਼ੀ ਹੈ ਜਿਵੇਂ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” (ਪੰ: ੭੨)।

ਇਤਨਾ ਹੀ ਨਹੀਂ ਬਲਕਿ ਗੁਰਬਾਣੀ `ਚ ਤਾਂ ਗੁਰਦੇਵ ਨੇ ਸਾਡੇ ਵੱਲੋਂ ਹੋ ਕੇ ਵੀ, ਕਰਤੇ ਪ੍ਰਭੂ ਦੇ ਚਰਨਾਂ `ਚ ਸਾਨੂੰ ਇਸ ਸੰਬੰਧ `ਚ ਅਰਦਾਸ ਕਰਣ ਦੀ ਜਾਚ ਵੀ ਸਿਖਾਈ ਹੈ ਜਿਵੇਂ “ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ” (ਪ: ੧੩) ਭਾਵ ਹੇ ਪ੍ਰਭੂ! ਤੂੰ ਆਪਣੀ ਮਿਹਰ ਤੇ ਬਖ਼ਸ਼ਿਸ਼ ਕਰ ਅਤੇ ਮੈਨੂੰ ਕੇਵਲ ਤੇ ਕੇਵਲ ਸਤਿਸੰਗੀਆਂ ਦਾ ਸੰਗ ਹੀ ਬਖ਼ਸ਼, ਬੱਸ ਤੇਰੇ ਚਰਨਾਂ `ਚ ਮੇਰੀ ਇਹੀ ਅਰਦਾਸ ਤੇ ਅਰਜ਼ੋਈ ਹੈ। #28 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਸਤਾਈਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪੰਥਕ ਅਧੋਗਤੀ ਤੇ ਇਸਦੀ ਪੂਰਨ ਤਬਾਹੀ ਲਈ ਬਹੁਤ ਵੱਡਾ ਮੁਘਾਰ ਹ

ਗੁਰਦੁਆਰਾ ਚੋਣਾਂ ਵਾਲਾ ਰਾਖਸ਼

ਗੁਰਦੁਆਰਾ ਚੋਣਾਂ ਵਾਲਾ ਦੈਂਤ ਅਤੇ ਗੁਰੂ ਕਾ ਪੰਥ- ਸੰਨ ੧੯੨੫, ਗੁਰਦੁਆਰਿਆਂ ਅੰਦਰ ਚੋਣਾਂ ਵਾਲੇ ਸਿਸਟਮ ਦਾ ਪ੍ਰਵੇਸ਼, ਪੰਥ ਲਈ ਸਮੇਂ ਦੀ ਅੰਗ੍ਰੇਜ਼ ਸਰਕਾਰ ਵੱਲੋਂ ਵੱਡਾ ਮਾਰੂ ਹਮਲਾ ਸੀ। ਇਸ ਤਰ੍ਹਾਂ ਧਾਰਮਿਕ ਪੱਖੋਂ ਕੌਮ ਦਾ ਜਿੰਨਾਂ ਨੁਕਸਾਨ ਸੰਨ ੧੭੧੬ ਤੋਂ ਸੰਨ ੧੯੨੫ ਤੀਕ ਵੀ ਨਹੀਂ ਸੀ ਹੋਇਆ, ਉਸ ਤੋਂ ਵੱਧ ਨੁਕਸਾਨ ਇਸ ਤੋਂ ਬਾਅਦ ਦੇ ਸਮੇਂ `ਚ ਪੁੱਜਾ ਤੇ ਅੱਜ ਵੀ ਪੁੱਜ ਰਿਹਾ ਹੈ। ਤਾਂ ਤੇ ਹੁਣ ਤੱਕ ਦੇ ਵੇਰਵੇ ਤੋਂ ਸਪਸ਼ਟ ਹੈ ਕਿ ਸੰਨ ੧੭੧੬ ਤੋਂ ਅਰੰਭ ਹੋ ਕੇ ਅੱਜ ਤੱਕ ਲਗਾਤਰ ਤੇ ਹਰ ਪੱਲ, ਸਮੇਂ-ਸਮੇਂ ਦੀਆਂ ਵਿਰੋਧੀ ਤਾਕਤਾਂ ਵੱਲੋਂ, ਬਲਕਿ ਸੰਨ ੧੯੨੫ ਤੋਂ ਬਾਅਦ ਤਾਂ ਇਨ੍ਹਾਂ ਚੌਣਾਂ ਵਾਲੇ ਢੰਗ ਕਾਰਣ ਆਪਣਿਆਂ ਵੱਲੋਂ ਵੀ, ਸੰਗਤਾਂ ਤੇ ਗੁਰਬਾਣੀ ਜੀਵਨ ਵਿਚਕਾਰ ਫਾਸਲਾ ਦਿਨੋ ਦਿਨ ਵਾਧੇ `ਤੇ ਹੀ ਗਿਆ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਧਾਰਮਿਕ ਪੱਖੋਂ ਸਿੱਖ ਕੌਮ `ਤੇ ਸੰਨ ੧੭੧੬ `ਚ ਅਰੰਭ ਹੋਇਆ ਇਹ ਹਮਲਾ ਇੱਕ ਮਿਨਿਟ ਤਾਂ ਦੂਰ ਇੱਕ ਸਕਿੰਟ ਲਈ ਅੱਜ ਤੀਕ ਤੇ ਕਦੇ ਵੀ ਨਹੀਂ ਰੁਕਿਆ।

ਇਹ ਵੀ ਹੋਇਆ ਕਿ ਇਸ ਦੌਰਾਨ ਆਪਣੀਆਂ ਹੀ ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ ਆਦਿ ਸਿੱਖ ਲਹਿਰਾਂ ਵੀ ਜਿਉਂ ਜਿਉਂ ਗੁਰੂਡੰਮਾਂ ਵੱਲ ਵਧਦੀਆਂ ਗਈਆਂ, ਉਸ ਸਮੇਂ ਇੰਨ੍ਹਾਂ ਨੇ ਵੀ ਕੌਮ ਦੀ ਰੱਜ ਕੇ ਤਬਾਹੀ ਕੀਤੀ। ਕਿਉਂਕਿ ਆਪਣੇ-ਆਪਣੇ ਸਮੇਂ, ਅਰੰਭ `ਚ ਇਹ ਲਹਿਰਾਂ ਉਹ ਸਨ, ਜਿਨ੍ਹਾਂ `ਤੇ ਪੂਰੀ ਕੌਮ ਫ਼ਖਰ ਕਰ ਰਹੀ ਸੀ। ਇਸਦੇ ਉਲਟ ਜਿਉਂ ਜਿਉਂ ਇਹ ਕੌਮ ਦਾ ਗੁਮਰਾਹ ਅੰਗ ਬਣਦੀਆਂ ਗਈਆਂ, ਪੰਥ ਨੂੰ ਖਾਸਕਰ ਉਦੋਂ ਉਦੋਂ ਵੀ ਉਪ੍ਰੰਤ ਅੱਜ ਤੀਕ ਵੀ ਇਨ੍ਹਾਂ ਲਈ ਭਾਰੀ ਕੀਮਤ ਚੁਕਾਣੀ ਪੈ ਰਹੀ ਹੈ। ਇਨ੍ਹਾਂ ਵੱਲੋਂ ਲਗਾਤਰ ਦਿੱਤਾ ਜਾ ਰਿਹਾ ਬੇਸ਼ੁਮਾਰ ਤੇ ਆਪਣੇ ਆਪ `ਚ ਸਿੱਖ ਪਰ ਸਿੱਖ ਵਿਰੋਧੀ ਸਾਹਿਤ ਵੀ ਸੰਗਤਾਂ ਨੂੰ ਹਰ ਸਮੇਂ ਭਮਲ ਭੂਸੇ `ਚ ਹੀ ਪਾਂਦਾ ਆ ਰਿਹਾ ਹੈ। ਇਸ ਪਾਸਿਓਂ ਵੀ ਅੱਜ ਤੱਕ ਰੁਕਾਵਟ ਨਹੀਂ ਆਈ।

ਇਸ ਤਰ੍ਹਾਂ ਉਹ ਗੁਰੂ ਕਾ ਸਿੱਖ, ਜਿਸਦੇ ਜੀਵਨ ਦਾ ਆਧਾਰ ਹੀ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਅਨੁਸਾਰ ਗੁਰਬਾਣੀ ਗਿਆਨ ਤੇ ਉਸ ਤੋਂ ਪੈਦਾ ਹੋਣ ਵਾਲੀ ਅਕੱਟ ਵਿਚਾਰਧਾਰਾ ਸੀ, ਸੰਨ ੧੭੧੬ ਤੋਂ ਲੈ ਕੇ ਅੱਜ ਤੀਕ ਭਿੰਨ ਭਿੰਨ ਵਿਰੋਧੀ ਹਮਲਿਆਂ ਦੇ ਕਾਰਣ, ਗੁਰਬਾਣੀ ਵਿਚਾਰਧਾਰਾ ਤੇ ਜੀਵਨ ਵੱਲੋਂ ਤੇਜ਼ੀ ਨਾਲ ਟੁੱਟਦਾ ਜਾ ਰਿਹਾ ਹੈ। ਬਲਕਿ ਕੇਵਲ ਗੁਰਬਾਣੀ ਦੀ ਸੋਝੀ ਹੀਂ ਨਹੀਂ, ਬਲਕਿ ਇਸਦੇ ਜੀਵਨ ਅੰਦਰੋਂ ਗੁਰਬਾਣੀ ਆਦੇਸ਼ਾਂ ਦੀ ਸੋਝੀ ਪ੍ਰਾਪਤ ਕਰਣ ਲਈ ਉਦਮ ਵੀ ਲਗਾਤਾਰ ਤੇ ਹਰ ਪਲ ਤੇਜ਼ੀ ਨਾਲ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਕਰਕੇ ਹੁਣ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਗੁਰਬਾਣੀ ਉਸ ਵਾਸਤੇ ਜੀਵਨ ਜਾਚ ਦਾ ਸੋਮਾ ਘਟ ਅਤੇ ਮੂਰਤੀ ਪੂਜਾ, ਮੰਤ੍ਰ ਰਟਣ, ਕਾਮਨਾ ਪੂਰਤੀ ਤੇ ਕਰਮਕਾਂਡੀ ਰੂਪ, ਵਧ ਧਾਰਨ ਕਰ ਚੁੱਕੀ ਹੈ।

ਦਰਅਸਲ ਇਹ ਸਾਰੀ ਤੇ ਵੱਡੀ ਮਿਹਰਬਨੀ ਹੀ ਗੁਰਦੁਆਰਾ ਚੋਣਾਂ ਤੋਂ ਪੈਦਾ ਹੋਈ ਇਸ ਵੋਟਾਂ ਵਾਲੀ ਗੰਦੀ ਤੇ ਗ਼ਲੀਚ ਰਾਜਨੀਤੀ ਦੀ ਹੀ ਹੈ। ਕਦੋਂ ਸੰਭਲਾਂਗੇ, ਇਸ ਤੋਂ ਕਿਵੇਂ ਬਚਾਂਗੇ, ਇਹ ਤਾਂ ਕਰਤਾ ਅਕਾਲਪੁਰਖ ਆਪ ਹੀ ਜਾਣਦਾ ਹੈ। ਜਦਕਿ ਇਹ ਗੱਲ ਪੱਕੀ ਹੈ ਕਿ ਧਰਮ ਦੇ ਖੇਤ੍ਰ `ਚ ਧਰਮ ਦੀ ਸੰਭਾਲ ਲਈ ਸੰਸਾਰ ਦੇ ਕਿਸੇ ਛੋਟੇ ਤੋਂ ਛੋਟੇ ਧਰਮ ਨੇ ਵੀ, ਅਪਣੇ ਧਰਮ ਦੀ ਸੰਭਾਲ ਤੇ ਉਸ ਦੇ ਪ੍ਰਸਾਰ ਲਈ, ਚੋਣਾਂ ਵਾਲੇ ਢੰਗ ਨੂੰ ਕਦੇ ਤੇ ਕਿਸੇ ਨੇ ਵੀ ਆਪਣੇ ਨੇੜੇ ਨਹੀਂ ਆਉਣ ਦਿੱਤਾ। ਦੂਜੇ ਪਾਸੇ, ਗੁਰੂ ਨਾਨਕ ਦੇ ਇਸ ਆਲਮਗੀਰੀ, ਸਰਬਕਾਲੀ, ਆਦਿ ਜੁਗਾਦੀ ਤੇ ਦਲੀਲ ਭਰਪੂਰ ਮੱਤ, ਅੱਜ ਪੂਰੀ ਤਰ੍ਹਾਂ ਇਸ ਦੀ ਲਪੇਟ `ਚ ਆਇਆ ਹੋਇਆ ਹੈ। ਇਸ ਤਰ੍ਹਾਂ ਗੁਰਦੁਆਰਾ ਚੋਣਾਂ ਵਾਲਾ ਮਜ਼ਾਕ ਕਰਕੇ, ਇਸ ਉੱਚੇ ਤੇ ਸੁੱਚੇ ਧਰਮ ਨੂੰ ਤਬਾਹ ਕਰਣ ਲਈ, ਦੂਜੇ ਤਾਂ ਕੀ, ਮਾਨੋ ਅਸੀਂ ਆਪ ਹੀ ਤੁਲੇ ਹੋਏ ਹਾਂ।

ਸੋਚਣ ਤੇ ਵਿਚਾਰਣ ਦਾ ਵਿਸ਼ਾ ਹੈ ਕਿ ਸਚਮੁਚ ਜੇ ਕਰ, ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੇਵ ਨੇ ਇਹ ਚੋਣਾਂ ਵਾਲਾ ਰਸਤਾ ਹੀ ਅਪਨਾਉਣਾ ਹੁੰਦਾ ਤਾਂ ਨਾ ਭਾਈ ਲਹਿਣਾ ਜੀ ‘ਗੁਰੂ ਅੰਗਦ ਸਾਹਿਬ’ ਦੇ ਸਰਬ ਉੱਤਮ ਪਦ ਨੂੰ ਪ੍ਰਾਪਤ ਹੁੰਦੇ ਅਤੇ ਨਾ ਉਹ ‘ਪੰਜ ਪਿਆਰੇ ਹੁੰਦੇ; ਜਿਨ੍ਹਾਂ ਪੰਜ ਪਿਆਰਿਆਂ ਦਾ ਪੰਥ `ਚ ਅੱਜ ਵੀ ਅਤੀ ਉੱਤਮ ਸਥਾਨ ਹੈ ਤੇ ਸਦਾ ਰਵੇਗਾ ਵੀ। ਖ਼ੈਰ ਅੱਗੇ ਮੂਲ ਵਿਸ਼ੇ ਸੰਬੰਧੀ ਪ੍ਰਤੀ ਕੁੱਝ ਹੋਰ ਵੇਰਵੇ ਵੱਲ ਵਧਣ ਦਾ ਵੀ ਯਤਣ ਕਰਾਂਗੇ।

ਉੇਹ ਵਿਸ਼ਾ, ਜਿਹੜਾ ਵਿਸ਼ੇਸ਼ ਧਿਆਨ ਮੰਗਦਾ ਹੈ-ਵਿਸ਼ਾ ਬਿਲਕੁਲ ਵੀ ਸੁੱਟ ਪਾਉਣ ਵਾਲਾ ਨਹੀਂ ਬਲਕਿ ਗਹਿਰਾਈ ਤੋਂ ਘੋਖਣ ਵਾਲਾ ਵੀ ਹੈ। ਮੌਜੂਦਾ ਹਾਲਾਤ `ਚ ਜਿੰਨੀਂ ਤੇਜ਼ੀ ਨਾਲ ਗੁਰਦੁਆਰੇ ਤੇ ਉਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਗੁਰਦੁਆਰਾ ਪ੍ਰਬੰਧਕ, ਉਪ੍ਰੰਤ ਉਸ ਤੋਂ ਵੀ ਵਧ ਗਿਣਤੀ `ਚ ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ ਤੇ ਪੰਥਕ ਲਿਖਾਰੀ ਨਿੱਤ ਤਿਆਰ ਹੋ ਰਹੇ ਹਨ। ਇਸ ਤੋਂ ਬਾਅਦ ਸ਼ਤਾਬਦੀਆਂ ਦੀ ਹੋੜ ਤੇ ਕੀਰਤਨ ਦਰਬਾਰਾਂ ਦੀਆਂ ਵੀ ਕਤਾਰਾਂ ਲੱਗੀਆਂ ਪਈਆਂ ਹਨ। ਫ਼ਿਰ ਵੀ ਸਚਾਈ ਇਹ ਹੈ ਕਿ ਇਸ ਸਾਰੇ ਦੇ ਉਲਟ, ਇਸ `ਚੌਂ ਪੰਥ ਦੀ ਸੰਭਾਲ ਨਾਲੋਂ ਵੱਧ, ਪੰਥ ਦੀ ਤੱਬਾਹੀ ਹੀ ਉਭਰਕੇ ਸਾਹਮਣੇ ਆ ਰਹੀ ਹੈ, ਤਾਂ ਫ਼ਿਰ ਉਹ ਕਿਉਂ?

ਇਸ ਤੋਂ ਪਹਿਲਾਂ ਕਿ ਪੰਥ ਹੋਰ ਰਸਾਤਲ `ਚ ਜਾਵੇ ਤੇ ਹੋਰ ਤਬਾਹੀ ਵੱਲ ਵਧੇ, ਸਮਾਂ ਰਹਿੰਦੇ ਸਾਨੂੰ ਜਾਗਣ ਤੇ ਸਿਦਕ ਦਿਲੀ ਨਾਲ ਇਸ ਪਾਸੇ ਵੱਲ ਧਿਆਣ ਦੇਣ ਦੀ ਲੋੜ ਹੈ। ਕਿਉਂਕਿ ਇਸ ਸਮੇਂ ਸਾਡੇ ਕੋਲ ਮੂਲ ਵਿਸ਼ਾ ਵੀ ਇਹੀ ਚੱਲ ਰਿਹਾ ਹੈ “ਸਿੱਖੀ ਸੰਭਾਲ ਸਿੰਘਾ! —ਸਿੱਖ-ਧਰਮ ਵੀ ਹੈ ਅਤੇ ਸਿੱਖ ਲਹਿਰ ਵੀ”। ਇਸ ਲਈ ਵਧੇਰੇ ਸਮਝਣ ਤੇ ਵਿਚਾਰਣ ਦਾ ਵਿਸ਼ਾ ਇਹ ਵੀ ਹੈ ਕਿ ਅੱਜ ਦੇ ਸਮੇਂ `ਚ ਜਦੋਂ ਸਿੱਖ ਧਰਮ ਦਾ ਆਪਣਾ ਵਜੂਦ ਹੀ ਖਤਰੇ `ਚ ਪਿਆ ਹੋਇਆ ਹੈ ਤਾਂ “ਸਿੱਖ ਲਹਿਰ” ਦੀ ਗੱਲ ਵੀ ਆਪਣੇ ਆਪ ਹੀ ਮੁੱਕ ਜਾਂਦੀ ਹੈ। ਇਸ ਤਰ੍ਹਾਂ ਜੇ ਗਹਿਰਾਈ ਤੋਂ ਘੋਖਿਆ ਜਾਵੇ ਤਾਂ ਅੱਜ ਸਿੱਖ ਪੰਥ ਨਾਲ, ਇਹੀ ਕੁੱਝ ਹੋਇਆ ਪਿਆ ਹੈ। ਜਦਕਿ ਇਸ ਸਾਰੇ ਦਾ ਮੂਲ ਕਾਰਣ ਹੈ ਅਜੋਕਾ “ਗੁਰਦੁਆਰਾ ਇਲੈਕਸ਼ਨ ਸਿਸਟਮ” ਸੰਨ ੧੯੨੫.

ਗੁਰਦੁਆਰਾ ਚੌਣਾਂ ਵਾਲੇ ਭਿਅੰਕਰ ਰਾਖਸ਼ ਦੇ ਜ਼ਾਲਮ ਖੂਨੀ ਤੇ ਮਾਰੂ ਪੰਜੇ `ਚ ਫ਼ਸਿਆ ਅਜੌਕਾ ‘ਗੁਰੂ ਕਾ ਪੰਥ” - ਸਪਸ਼ਟ ਕਰ ਚੁੱਕੇ ਹਾਂ ਕਿ ਸੰਸਾਰ ਪਧਰ `ਤੇ ਕੋਈ ਮਾੜੇ ਤੋਂ ਮਾੜਾ ਧਰਮ ਵੀ ਨਹੀਂ ਮਿਲੇਗਾ ਜਿਸ ਨੇ ਆਪਣੀ ਕਲਪਣਾ `ਚ ਵੀ ਧਰਮ ਦੇ ਪ੍ਰਸਾਰ ਤੇ ਸੰਭਾਲ ਲਈ ਚੌਣਾਂ (Elections) ਵਾਲੇ, ਘਟੀਆ ਤੋਂ ਵੀ ਮਹਾ ਗ਼ਲੀਚ ਤੇ ਬਦਨਾਮ ਢੰਗ ਨੂੰ ਅਪਣਾਇਆ ਹੋਵੇ। ਜਦਕਿ ਇਸ ਸਾਰੇ ਦੇ ਉਲਟ, ਉਹ ਜੇਕਰ ਧਰਮ ਦੇ ਖੇਤ੍ਰ `ਚ ਅੱਜ ਅਪਣਾਇਆ ਹੋਇਆ ਵੀ ਹੈ ਤਾਂ ਸਿੱਖ ਧਰਮ ਨੇ। ਉਸ ਧਰਮ ਨੇ ਜਿਹੜਾ ਕਿ ਮੂਲ ਰੂਪ `ਚ ਹੈ ਹੀ ਆਦਿ ਜੁਗਾਦੀ ਧਰਮ, ਫ਼ਿਰ ਵੀ…. . ।

ਸੰਸਾਰ ਦਾ ਇਕੋ ਇੱਕ ਇਲਾਹੀ ਰੱਬੀ ਤੇ ਸੱਚ ਧਰਮ, ਜੋ ਸੰਸਾਰ ਭਰ ਦੇ ਮਨੁੱਖਾਂ ਦਾ ਵਾਹਿਦ ਤੇ ਮੂਲ ਆਲਮਗੀਰੀ ਧਰਮ ਹੈ। ਉਹ ਧਰਮ, ਜਿਸਦਾ ਨਾ ਬਦਲ ਹੈ ਨਾ ਬਰਾਬਰੀ। ਉਹ ਇਲਾਹੀ ਤੇ ਸੱਚ ਧਰਮ ਜਿਸਨੂੰ ਜੁਗੋ ਜੁਗ ਅਟੱਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵੀ ਪ੍ਰਾਪਤ ਹੈ।

ਉਹ ਇਲਾਹੀ ਤੇ ਰੱਬੀ ਧਰਮ ਜਿਸਦਾ ਗੁਰੂ ਪ੍ਰਵਾਰਾਂ `ਚੋਂ ਸ੍ਰੀਚੰਦ, ਦਾਤੂ ਜੀ, ਦਾਸੂ ਜੀ, ਪ੍ਰਿਥੀ ਚੰਦ, ਰਾਰਮਰਾਏ, ਧੀਰਮਲ ਆਦਿ ਲੋਕ, ਸਰਕਾਰੀ ਸ੍ਰਪ੍ਰਸਤੀਆਂ ਲੈ ਕੇ ਵੀ ਮੂੰਹ ਦੀ ਖਾਂਦੇ ਰਹੇ। ਇਨ੍ਹਾ `ਚੋਂ ਕਿਸੇ ਇੱਕ ਦੀ ਵੀ ਗੁਰੂ ਦਰ ਵਿਰੁਧ ਦੁਕਾਨ ਨਾ ਚਲ ਸਕੀ। ਉਹ ਇਲਾਹੀ ਧਰਮ, ਜਿਸ ਦੇ ਕਿਲੇ `ਚ, ਦਸਮੇਸ਼ ਪਿਤਾ ਦੇ ਸਮੇਂ ਤੀਕ, ਸਮੂਚੀਆਂ ਵਿਰੋਧੀ ਤਾਕਤਾਂ ਮਿਲ ਕੇ ਤੇ ਆਪਣੇ ਪੂਰੇ ਹਥਕੰਡੇ ਵਰਤ ਕੇ ਵੀ, ਸੁਰਾਖ ਤੀਕ ਨਾ ਕਰ ਸਕੀਆਂ। ਉਹ ਆਦਿ ਜੁਗਾਦੀ ਧਰਮ, ਜਿਸ ਧਰਮ ਵਿਰੁਧ ਤੱਤੀਆਂ ਲੋਹਾਂ, ਉਬਲਦੀਆਂ ਦੇਗ਼ਾਂ, ਆਰੇ, ਚਰਖੜੀਆਂ ਉਪ੍ਰੰਤ ਬੇਅੰਤ ਅਸਿਹ ਤੇ ਅਕਿਹ ਤਸੀਹੇ ਵੀ ਆੜੇ ਨਾ ਆ ਸਕੇ।

ਅੱਜ ਉਹੀ ਸਰਬ-ਉੱਤਮ ਧਰਮ, ਗੁਰਦੁਆਰਾ ਪ੍ਰਬੰਧ `ਚ ਘੁਸ ਚੁੱਕੀਆਂ ਇਨ੍ਹਾਂ ਚੌਣਾਂ ਦੇ ਖੂਨੀ ਤੇ ਰਾਖਸ਼ੀ ਪੰਜੇ `ਚ ਫ਼ਸਿਆ ਪਿਆ ਹੈ। ਇਸ ਸੱਚੇ ਸੁਚੇ ਧਰਮ ਦੇ ਫੈਲਾਅ ਤੇ ਸੰਭਾਲ ਲਈ ਬਣੇ ਗੁਰਦੁਆਰਿਆਂ ਲਈ ਪ੍ਰਬੰਧਕ, ਅੱਜ ਉਨ੍ਹਾਂ ਚੋਣਾਂ ਰਸਤੇ ਗੁਰਦੁਆਰਾ ਸਟੇਜਾਂ `ਤੇ ਪੁੱਜ ਰਹੇ ਹਨ, ਜਿਸ ਰਸਤੇ ਪੁੱਜਣ ਲਈ ਸਾਰੀਆਂ ਧਰਮ ਵਿਰੋਧੀ ਵਸਤਾਂ ਤੇ ਢੰਗ ਖੁਲੇਆਮ ਤੇ ਬੜੀ ਬੇਹਿਆਈ ਨਾਲ ਵਰਤੇ ਜਾਂਦੇ ਹਨ। ਗੁਰਦੁਆਰਾ ਪ੍ਰਬੰਧਾਂ ਦੀ ਜਫ਼ੇਮਾਰੀ ਲਈ ਜੇਕਰ ੧੦੦% ਨਹੀਂ ਤਾਂ ਵੀ ਉਨ੍ਹਾਂ `ਚੋਂ ਵੱਡੀ ਗਿਣਤੀ `ਚ ਉਮੀਦਵਾਰ ਜੋ ਢੰਗ ਵਰਤਦੇ ਹਨ ਉਹ ਢੰਗ ਹਨ ਸ਼ਰਾਬ, ਨਸ਼ੇ, ਜੁਰਮ, ਉਧਾਲੇ, ਕਤਲੋ-ਗ਼ਾਰਤ, ਠੱਗੀਆਂ, ਫ਼ਰੇਬ, ਵਿੱਤਕਰੇ, ਗੁਟ-ਬੰਦੀਆਂ, ਅਦਾਲਤਾਂ, ਮੁਕਦਮੇਬਾਜ਼ੀਆਂ ਬਲਕਿ ਕਈ ਵਾਰੀ ਤਾਂ ਉਹ ਕੁੱਝ ਵੀ ਕਨੀਂ ਪੈਂਦਾ ਹੈ ਜਿਸ ਬਾਰੇ ਪਾਤਸ਼ਾਹ, ਆਪ ਹੀ ਜਾਣਦੇ ਹਨ, ਪਰ ਜਿਨ੍ਹਾਂ ਨੂੰ ਕਲਮ ਹੇਠ ਲਿਆਉਣਾ ਵੀ ਸੌਖਾ ਤੇ ਸੰਭਵ ਨਹੀਂ।

ਇਸ ਗੁਰਦੁਆਰਾ ਇਲੈਕਸ਼ਨਾ ਵਾਲੇ ਰਸਤੇ `ਚ ਤਾਂ ਸੰਸਾਰ ਭਰ ਦੇ ਹਜ਼ਾਰਹਾਂ ਗੁਣਾਹ ਆਪਣੀ ਰਿਹਾਇਸ਼-ਗਾਹ ਬਣਾਈ ਬੈਠੇ ਹੁੰਦੇ ਹਨ। ਇਸ ਤਰ੍ਹਾਂ ਇਹ ਅਜਿਹਾ ਰਸਤਾ ਹੈ, ਜਿਸ ਨੂੰ ਟੱਪ ਕੇ ਹੀ ਲਗਭਗ ਬਹੁਤੇ ਉਮੀਦਵਾਰਾਂ ਨੇ ਗੁਰਦੁਆਰਾ ਸਟੇਜ ਤੇ ਗੁਰਦੁਆਰਿਆਂ ਦੇ ਪ੍ਰਬੰਧ ਤੀਕ ਪੁੱਜਣਾ ਹੁੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਇੱਕ ਜਾਂ ਦੋ ਨਹੀਂ, ਇਸੇ ਖੂਨੀ ਪੰਜੇ ਦੇ ਵਾਰ ਕਾਰਣ, ਇਕੋ ਇੱਕ ਤੇ ਨਿਵੇਕਲਾ ਗੁਰੂ ਕਾ ਪੰਥ, ਅੱਜ ਹਜ਼ਾਰਹਾਂ ਗੁੱਟਾਂ, ਦੁਸ਼ਮਣੀਆਂ ਤੇ ਵੰਡੀਆਂ `ਚ ਵੰਡਿਆ ਪਿਆ ਹੈ।

ਜਦਕਿ ਇਸ ਪਾਸੇ ਬੱਸ ਤਾਂ ਅਜੇ ਵੀ ਨਹੀਂ ਹੋਈ ਬਲਕਿ ਇਸ ਸਿਸਟਮ ਦੇ ਹੁੰਦਿਆਂ, ਇਸ ਪੱਖੋਂ ਇਹ ਪੰਥਕ ਵੰਡੀਆਂ ਵੀ ਕੌੜੀ ਵੇਲ ਵਾਂਗ ਨਿੱਤ ਵਾਧੇ `ਤੇ ਹਨ। ਕਿਉਂਕਿ ਇਸ ਰਸਤੇ `ਤੇ ਚੱਲਣ ਲਈ ਇਹ ਸਾਰੇ ਉਹੀ ਢੰਗ ਹਨ ਜਿਨ੍ਹਾਂ ਦਾ ਸਹਾਰਾ ਲਏ ਬਿਨਾ, ਵਿਰਲੇ ਤੇ ਵਡਭਾਗੀ ‘ਗੁਰਦੁਆਰਾ ਪ੍ਰਬੰਧਕ’ ਹੀ ਬਚਦੇ ਹਨ ਜਿਨ੍ਹਾਂ ਨੂੰ ਇਸ ਗੰਦਗੀ ਨਾਲ ਲਿਬੜੀ ਹੋਈ ਸੀੜ੍ਹੀ ਦੀ ਲੋੜ ਨਾ ਪਵੇ ਅਤੇ ਇਸ ਦਾ ਸਹਾਰਾ ਲਏ ਬਿਨਾਂ ਇਸ ਉਚੇ ਸੁਚੇ ਪਦ ਨੂੰ ਪ੍ਰਾਪਤ ਕਰ ਲੈਣ।

ਅਕੱਟ ਸੱਚਾਈ ਹੈ- ਜੇਕਰ ਚੋਣਾਂ ਰਸਤੇ ਹੀ ਸਿੱਖ ਧਰਮ ਨੇ ਸੰਸਾਰ ਨੂੰ ਸਿੱਖੀ ਦੇ ਅਨਮੋਲ ਪ੍ਰਚਾਰਕ ਜਿਵੇਂ ਭਾਈ ਮਨਸੁਖ ਜੀ, ਭਾਈ ਕਲਿਆਣਾ ਜੀ, ਭਾਈ ਲੰਗਾਹ ਜੀ, ੨੨ ਮੰਜੀਦਾਰ ਅਤੇ ਹੋਰ ਵੀ ਅਜਿਹੇ ਅਤੀ ਸਤਿਕਾਰਯੋਗ ਅਣਗਿਣਤ ਸੱਜਨ, ਉਹ ਕਦੇ ਵੀ ਸਿੱਖ ਧਰਮ ਦੇ ਪ੍ਰਚਾਰਕ ਨਾ ਹੁੰਦੇ। ਹੋਰ ਤਾ ਹੋਰ ਜਿਵੇਂ ਕਿ ਅਰੰਭ `ਚ ਵੀ ਮਿਸਾਲ ਵਰਤ ਚੁੱਕੇ ਹਾਂ ਕਿ ਜੇਕਰ ਉਦੋਂ ਵੀ ਅਜੋਕੇ ਚੋਣਾਂ ਵਾਲੇ ਰਸਤੇ ਹੀ ਪਹੁੰਚਣਾ ਹੁੰਦਾ ਤਾਂ ਭਾਈ ਲਹਿਣਾ ਜੀ ਵੀ ਗੁਰੂ ਅੰਗਦ ਸਾਹਿਬ ਵਾਲੇ ਉੱਚਤਮ ਪਦ ਨੂੰ ਪ੍ਰਾਪਤ ਨਹੀਂ ਸਨ ਹੋ ਸਕਦੇ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਬਾਕੀ ਸਮੂਹ ਗੁਰੂ ਹਸਤੀਆਂ ਵੀ।

ਇਸ ਤਰ੍ਹਾਂ ਜੇਕਰ ਚੋਣਾਂ ਰਸਤੇ ਹੀ ਕੌਮ ਨੇ ਆਪਣੇ ਨਿਸ਼ਾਨੇ ਵਲ ਅੱਗੇ ਵਧਣਾ ਹੁੰਦਾ ਤਾਂ ਅੱਜ ਪੰਜ ਪਿਆਰੇ ਵੀ ਉਹ ਨਾ ਹੁੰਦੇ, ਜਿਨ੍ਹਾਂ ਦੇ ਚਰਨਾਂ `ਚ ਕੌਮ ਦਾ ਸਿਰ ਝੁੱਕਦਾ ਹੈ। ਉਹ ਪੰਜ ਪਿਆਰੇ ਜਿਨ੍ਹਾਂ ਨੂੰ ਹਰੇਕ ਅਰਦਾਸ `ਚ ਚਾਰ ਸਾਹਿਬਜ਼ਾਦਿਆਂ ਤੋਂ ਵੀ ਪਹਿਲਾਂ ਯਾਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਜਿਹੀਆਂ ਮਿਸਾਲਾਂ ਨਾਲ ਪੁਰਾਤਨ ਸਿੱਖ ਇਤਿਹਾਸ ਭਰਿਆ ਪਿਆ ਹੈ। ਇਹ ਆਪਣੇ ਆਪ `ਚ ਵੱਡੇ ਸਬੂਤ ਹਨ ਕਿ ਗੁਰਦੇਵ ਨੂੰ ਸਿੱਖ ਧਰਮ ਦੀਆਂ ਧਰਮਸ਼ਾਲਾਵਾਂ (ਗੁਰਦੁਆਰਿਆਂ) ਤੇ ਸੰਗਤਾਂ ਦੇ ਪ੍ਰਬੰਧ ਲਈ ਉਪ੍ਰੰਤ ਗੁਰਬਾਣੀ ਅਥਵਾ ਗੁਰਮੱਤ ਦੇ ਪ੍ਰਚਾਰ-ਪ੍ਰਸਾਰ ਲਈ ਇਹ ਚੌਣਾਂ ਵਾਲਾ ਰਸਤਾ ਉੱਕਾ ਮਨਜ਼ੂਰ ਨਹੀਂ ਸੀ।

ਯਕੀਨਣ ਗੁਰਦੁਆਰਿਆਂ ਦੇ ਪ੍ਰਬੰਧ ਲਈ ਇਹ ਜੋ ਚੌਣਾਂ ਵਾਲਾ ਰਸਤਾ ਅੱਜ ਵਰਤਿਆ ਜਾ ਰਿਹਾ ਹੈ, ਇਹ ਕੇਵਲ ਸਿੱਖ ਧਰਮ ਦੀ ਤਬਾਹੀ ਲਈ ਵਿਰੋਧੀਆਂ ਦਾ ਪੈਦਾ ਕੀਤਾ ਹੋਇਆ, ਸਿੱਖ ਧਰਮ ਲਈ ਮਾਇਆ ਜਾਲ ਹੈ। ਉਸ ਤੋਂ ਬਾਅਦ, ਇਹ ਕੇਵਲ ਅਣ-ਅਧੀਕਾਰੀ ਪ੍ਰਬੰਧਕਾਂ ਲਈ ਅਜਿਹਾ ਬਹਿਸ਼ਤ ਹੈ, ਜਿਹੜੇ ਸਿੱਖ ਧਰਮ ਦੀ ਬਰਬਾਦੀ ਅਤੇ ਮੌਤ ਦੇ ਵਾਰੰਟਾ `ਤੇ ਸਹੀ (Sign) ਤਾਂ ਕਰ ਸਕਦੇ ਹਨ ਪਰ ਕਿਸੇ ਵੀ ਕੀਮਤ `ਤੇ ਗੁੜ ਦੀ ਭੇਲੀ ਨੂੰ ਚੰਬੜੀਆਂ ਮਖੀਆਂ ਦੀ ਨਿਆਂਈ; ਕਿਸੇ ਹੀਲੇ ਤੇ ਕਿਸੇ ਵੀ ਪੱਜ ਆਪਣੇ ਇਸ ਬਹਿਸ਼ਤ ਨੂੰ ਉਜੜਦਾ ਨਹੀਂ ਦੇਖ ਸਕਦੇ।

“ਹੈਨਿ ਵਿਰਲੇ ਨਾਹੀ ਘਣੇ” (ਪੰ: ੧੪੧੧) - ਸ਼ੱਕ ਨਹੀਂ, ਪੰਥਕ ਲੀਡਰਾਂ, ਗੁਰਦੁਆਰਾ ਪ੍ਰਬੰਧਕਾਂ, ਪ੍ਰਚਾਰਕਾਂ, ਭਾਈ-ਗ੍ਰੰਥੀ ਸਹਿਬਾਨ ਅਤੇ ਇਸਤਰ੍ਹਾਂ ਗੁਰੂ ਕੀਆਂ ਸਾੰਗਤਾਂ ਦੇ ਹਰੇਕ ਵਰਗ `ਚ ਅਜਿਹੇ ਸੱਜਨ, ਅੱਜ ਵੀ ਬਹੁਤਰੇ ਹਨ ਜੋ ਇਸ ਰਸਤੇ ਹੋ ਰਹੀ ਪੰਥ ਦੀ ਤੱਬਾਹੀ ਲਈ, ਖੂਨ ਦੇ ਅਥਰੂ ਵੀ ਕੇਰ ਰਹੇ ਹਨ। ਫ਼ਿਰ ਵੀ ਮੌਜੂਦਾ ਪੰਥਕ ਹਾਲਾਤ `ਚ ਉਹ ਲੋਕ ਵੀ ਆਪਣੇ ਆਪ ਨੂੰ ਬਹੁਤਾ ਕਰਕੇ ਬੇਵੱਸ ਹੀ ਮਹਿਸੂਸ ਕਰਦੇ ਹਨ। ਅਜਿਹੇ ਸੱਜਨਾਂ `ਚੋਂ ਤਾਂ ਕਈ ਵਾਰੀ ਜਦੋਂ ਕਈਆਂ ਦੇ ਦਰਸ਼ਨ ਵੀ ਹੁੰਦੇ ਹਨ ਜੋ ਤਨੋ, ਮਨੋ ਤੇ ਪੂਰੀ ਤਰ੍ਹਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਸਮ੍ਰਪਿਤ ਹਨ। “ਗੁਰੂ ਗ੍ਰੰਥ ਸਾਹਿਬ ਜੀ” ਤੋਂ ਛੁੱਟ, ਗੁਰੂ ਤੁਲ ਸੰਸਾਰ ਭਰ ਦੀ ਕਿਸੇ ਵੀ ਰਚਨਾ ਵਲ ਝਾਕਦੇ ਤੱਕ ਵੀ ਨੱਹੀਂ। ਉਨ੍ਹਾਂ ਦਾ ਜੀਵਨ ‘ਖੰਡੇ ਦੀ ਪਾਹੁਲ’ ਰਸਤੇ, ਦਸਮੇਸ਼ ਜੀ ਰਾਹੀਂ ਨਿਯਤ “ਗੁਰੂ ਗ੍ਰੰਥ ਸਾਹਿਬ ਜੀ” ਪ੍ਰਤੀ ‘ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਕਾ” ਵਾਲੀ ਸੀਮਾ `ਚ ਹੀ ਬੱਝਾ ਹੁੰਦਾ ਹੈ। ਉਹ ਜੀਊਂਦੇ ਜੀਅ ਅਤੇ ਸਿਦਕਦਿਲੀ ਨਾਲ ਇਸ ਉੱਤਮ ਤੇ ਪੰਥਕ ਸੀਮਾ ਤੋਂ ਬਹਿਰ ਜਾਂਦੇ ਹੀ ਨਹੀਂ ਹਨ। ਇਹ ਵੱਖਰੀ ਗੱਲ ਹੈ ਕਿ ਅੱਜ ਸਾਰੇ ਪੰਥ `ਚ ਅਜਿਹੀਆਂ ਰੂਹਾਂ ਫ਼ਿਰ ਵੀ ਗਿਣਤੀ ਦੀਆਂ ਹੀ ਹਨ, ਬਹੁਤੀਆਂ ਨਹੀਂ ਹਨ।

ਦੂਜੇ ਪਾਸੇ, ਗੁਰਦੁਆਰਾ ਚੋਣਾਂ ਵਾਲੇ ਰਾਖਸ਼ ਦੇ ਖੂਨੀ ਪੰਜੇ `ਚ ਫਸ ਚੁੱਕੇ ਪੰਥ ਦੀ ਹਾਲਤ ਅੱਜ “ਸਚਿ ਕਾਲੁ ਕੂੜੁ ਵਰਤਿਆ, ਕਲਿ ਕਾਲਖ ਬੇਤਾਲ” (ਪੰ: ੪੬੮) ਤੋਂ ਵੱਧ ਨਹੀਂ ਰਹਿ ਚੁੱਕੀ। ਗੁਰਦੁਆਰਾ ਪ੍ਰਬੰਧ ਲਈ, ਇਸੇ ਚੋਣਾਂ ਵਾਲੇ ਰਸਤੇ ਨੂੰ ਅਪਣਾ ਕੇ ਹੀ, ਅੱਜ ਵੱਡੀ ਗਿਣਤੀ `ਚ ਸਿੱਖੀ ਜੀਵਨ ਤੋਂ ਕੋਰੇ, ਗੁਰਮੱਤ ਹੀਣੇ, ਗੁਰਮੱਤ ਦੇ ੳ, ਅ ਤੋਂ ਵੀ ਅਨਜਾਣ, ਦੁਨੀਆਵੀ ਰਾਜਨੀਤੀ ਦੀ ਗ਼ਲੀਚ ਪਉੜੀ ਨੂੰ ਵਰਤਣ ਵਾਲੇ ਲੋਕ, ਪਹਿਲਾਂ ‘ਗੁਰਦੁਆਰਾ ਪ੍ਰਬੰਧਕ’ ਵਾਲੀ ਸੀੜ੍ਹੀ ਚੜ੍ਹਦੇ ਹਨ। ਫ਼ਿਰ ਉਹੀ ਲੋਕ, ਇਸੇ ਸੀੜ੍ਹੀ ਨੂੰ ਆਧਾਰ ਬਣਾ ਕੇ ਨਗਰ ਨਿਗਮਾਂ, ਵਿਧਾਨ ਸਭਾਵਾਂ ਰਾਜ ਸਭਾ ਆਦਿ ਤੇ ਹੋਰ ਉਚੇਰੇ ਰਾਜਸੀ ਪਦਾਂ `ਤੇ ਪਹੁੰਚਦੇ ਹਨ। ਅਸਲ `ਚ ਗੁਰਦੁਆਰਾ ਇਲੈਕਸ਼ਨਾ ਰਸਤੇ ਉਭਰੇ ਅਜਿਹੇ ਬਹੁਤੇ ਪੰਥਕ ਨੇਤਾ ਤੇ ਗੁਰਦੁਆਰਾ ਪ੍ਰਬੰਧਕ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ” (ਪੰ: ੧੪੫) ਵਾਲੀ ਗਿਣਤੀ `ਚ ਹੀ ਆਉਂਦੇ ਹਨ। ਅਜਿਹੇ ਲੋਕ ਆਪਣੀ-ਆਪਣੀ ਕਰਣੀ ਤੋਂ ਵੀ ਇਸੇ ਸੱਚ ਦਾ ਸਪਸ਼ਟ ਸਬੂਤ ਤੇ ਪ੍ਰਗਟਾਵਾ ਵੀ ਆਪ ਹੀ ਕਰ ਰਹੇ ਹੁੰਦੇ ਹਨ।

“ਵਾਇਨਿ ਚੇਲੇ ਨਚਨਿ ਗੁਰ” -ਇਨ੍ਹਾਂ ਗੁਰਦੁਆਰਾ ਚੌਣਾਂ ਰਸਤੇ, ਅੱਜ ਗੁਰਦੁਆਰਿਆਂ `ਤੇ ਛਾ ਚੁੱਕੇ ਅਜਿਹੇ ਗਰਮੱਤ ਤੇ ਗੁਰਬਾਣੀ ਜੀਵਨ ਵਿਹੂਣੇ, ਬੇਸ਼ੱਕ ਸਾਰੇ ਨਹੀਂ ਪਰ ਬਹੁਤੇ ਪ੍ਰ੍ਰਬੰਧਕਾਂ ਦੀ ਗ਼ਲੀਚ ਰਹਿਣੀ ਕਾਰਨ ਹੀ, ਗੁਰੂ ਕੇ ਇਸ ਦੂਲੇ, ਨਿਆਰੇ ਤੇ ਨਿਰਾਲੇ ਪੰਥ ਦਾ ਦਿਨ ਰਾਤ ਰੱਜਵਾਂ ਖੂਨ ਚੂਸਿਆ ਜਾ ਰਿਹਾ ਹੈ। ਇਸੇ ਗੁਰਦੁਆਰਾ ਪ੍ਰਬੰਧ ਰਸਤੇ, ਪੰਥ ਉਪਰ ਕਾਬਿਜ਼ ਅਜਿਹੇ ਨੇਤਾਵਾਂ ਤੇ ਅਣ-ਅਧਿਕਾਰੀ ਪ੍ਰਬੰਧਕਾਂ ਦੀਆਂ ਝੂਠ, ਫ਼ਰੇਬ, ਗੁਨਾਹਾਂ, ਠਗੀਆਂ ਤੋਂ ਤਿਆਰ, “ਸਚਿ ਕਾਲੁ ਕੂੜੁ ਵਰਤਿਆ” ਵਾਲੀ ਛੱਤ ਹੇਠ, ਬਹੁਤੇ ਯੋਗ ਤੇ ਜੀਵਨ ਵਾਲੇ ਗੁਰਮੱਤ ਦੇ ਵਿਦਵਾਨ ਪ੍ਰਚਾਰਕ ਨਹੀਂ ਬਲਕਿ ਜੀਵਨ ਹੀਣੇ, ਗੁਰਮੱਤ ਤੋਂ ਕੋਰੇ, ਚਾਪਲੂਸ, ਆਪਣੀਆਂ ਰੋਟੀਆਂ ਸੇਕਣ ਵਾਲੇ ਪ੍ਰਚਾਰਕਾਂ ਦੀਆਂ ਕੱਤਾਰਾਂ ਵੀ ਨਿੱਤ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ।

ਦਰਅਸਲ ਇਹ ਲੋਕ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ” (ਪੰ: ੪੫੦) ਅਨੁਸਾਰ ਸੰਗਤਾਂ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਹੀਂ ਬਲਕਿ ਆਪਣੇ ਧੰਨ, ਮਾਲ, ਐਸ਼ੋ ਆਰਾਮ, ਕੋਠੀਆਂ, ਬੈਂਕ ਬੈਲੇਸਾਂ ਦੇ ਵਾਧੇ, ਨਿੱਤ ਹਵਾਈ ਉਡਾਰੀਆਂ ਜਾਂ ਫ਼ਿਰ ਸੰਗਤਾਂ ਨੂੰ ਡੇਰਿਆਂ `ਤੇ ਦੰਭੀਆਂ, ਪਾਖੰਡੀਆਂ ਦੀ ਭੀੜ ਬਨਾ ਕੇ ਭੇਜਣ ਦਾ ਕਾਰਣ ਬਣਦੇ ਹਨ।

ਉਹ ਲੋਕ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਵਾਲੇ ਸੱਚ ਦੇ ਰਾਹ `ਤੇ ਪਾਉਣ ਦੀ ਬਜਾਏ ਅਨਮਤੀ ਕਰਮਕਾਂਡਾਂ ਤੇ ਵਿਸ਼ਵਾਸਾਂ `ਚ ਹੀ ਉਲਝਾ ਰਹੇ ਹੁੰਦੇ ਹਨ। ਗੁਰੂ-ਗੁਰਬਾਣੀ ਜੀਵਨ ਨਾਲ ਜੋੜਣ ਦੀ ਬਜਾਏ ਗੁਰੂ ਕੀਆ ਸੰਗਤਾਂ ਦੇ ਬਹੁਮੁਲੇ ਜੀਵਨ ਲਈ “ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ” (ਪੰ: ੪੬੫) ਲਈ ਖੁੱਲੇ ਤੇ ਮੌਕਲੇ ਰਸਤੇ ਬਣੇ ਹੁੰਦੇ ਹਨ।

ਸਾਡੇ ਬਹੁਤੇ ਅਜਿਹੇ ਪ੍ਰਚਾਰਕ ਤਾਂ “ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ ਫੇਰਨਿੑ ਸਿਰ॥ ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ” ਦੇ ਤਲ `ਤੇ ਹੀ ਚਲਦੇ ਹੋਏ “ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ” (ਪੰ: ੪੬੫) ਦੀ ਹਾਲਤ `ਚ ਪੁੱਜੇ ਹੋਣ ਕਰਕੇ, ਇੱਕ ਤਰੀਕੇ ਸੰਗਤਾਂ ਨੂੰ ਕੁਰਾਹੇ ਪਾਉਣ ਲਈ ਹੀ ਦਿਨ-ਰਾਤ ਇੱਕ ਕਰ ਰਹੇ ਹੁੰਦੇ ਹਨ। ਇਨ੍ਹਾਂ `ਚੋਂ ਬਹੁਤਿਆਂ ਦੀ ਹਾਲਤ ਤਾਂ “ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ” (ਪੰ: ੪੭੧) ਤੋਂ ਵੱਧ ਨਹੀਂ ਹੁੰਦੀ। ਦਰਅਸਲ ਇਹ ਸਾਰੀ ਕਰਾਮਾਤ ਵੀ ਉਨ੍ਹਾਂ ਸੱਜਨਾਂ ਦੀ ਆਪਣੀ ਨਹੀਂ ਬਲਕਿ ਅਜੋਕੇ ਗੁਰਦੁਆਰਾ ਇਲੈਕਸ਼ਨ ਸਿਸਟੱਮ ਦੀ ਹੀ ਦੇਣ ਹੁੰਦੀ ਹੈ।

ਇਸ ਤਰ੍ਹਾਂ ਉਹ ਸਾਰੇ ਨਹੀਂ, ਪਰ ਖਾਸ ਤੌਰ `ਤੇ ਅਜਿਹੇ ਪ੍ਰਚਾਰਕ, ਗੁਰੂ ਕੀਆਂ ਸੰਗਤਾਂ ਲਈ ‘ਗੁਰਮੱਤ ਪਖੋਂ ਉਨ੍ਹਾਂ ਦੇ ਆਤਮਕ ਜੀਵਨ ਲਈ ਉਸਾਰੂ ਸਾਬਤ ਨਹੀਂ ਹੁੰਦੇ ਬਲਕਿ ਸੰਗਤਾਂ ਦਾ ਆਤਮਕ ਪੱਖੋਂ ਵੱਡਾ ਨੁਕਸਾਨ ਹੀ ਕਰ ਰਹੇ ਹੁੰਦੇ ਹਨ। ਜਦਕਿ ਮੌਜੂਦਾ ਹਾਲਾਤ `ਚ ਤਾਂ ਉਂਜ ਵੀ ਗਿਣਤੀ ਅਜਿਹੇ ਪ੍ਰਚਾਰਕਾਂ ਤੇ ਰਾਗੀਆਂ-ਢਾਡੀਆਂ ਆਦਿ ਦੀ ਹੀ ਤੇਜ਼ੀ ਨਾਲ ਵਧ ਰਹੀ ਹੈ। ਇਤਨੀ ਤੇਜ਼ੀ ਨਾਲ ਵਧ ਰਹੀ ਹੈ ਜਿਸਦਾ ਕਿ ਅੰਦਾਜ਼ਾ ਲਗਾਉਣਾ ਵੀ ਸੰਬਵ ਨਹੀਂ।

ਇਥੇ ਹੀ ਬਸ ਨਹੀਂ, ਇਨ੍ਹਾਂ ਗੁਰਦੁਆਰਾ ਚੌਣਾ ਵਾਲੇ ਭੇੜੀਏ ਦੀ ਬਰਕਤ ਨਾਲ ਪੰਥ ਅੰਦਰ ਇਸੇ ਖੂੰਖਾਰ ਗੁਰਦੁਆਰਾ ਇਲੈਕਸ਼ਨਾਂ ਦੀ ਖੂਨੀ ਛੱਤ ਹੇਠ, ਸਿੱਖ ਧਰਮ `ਚ ਆਪਣੀਆਂ ਨਵੀਆਂ ਜੜ੍ਹਾਂ ਜਮਾਅ ਚੁੱਕੀ ਪੁਜਾਰੀ ਸ਼੍ਰੇਣੀ ਵੀ ਬਹੁਤਾ ਕਰਕੇ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ” (ਪੰ: ੬੬੨) ਵਾਲੀ ਖੇਡ ਹੀ ਖੇਡ ਰਹੀ ਹੈ। ਬਲਕਿ ਕਈ ਹਾਲਤਾਂ `ਚ ਤਾਂ ਇਨ੍ਹਾਂ ਲੀਡਰਾਂ-ਪ੍ਰਬੰਧਕਾਂ ਰਸਤੇ ਇਨ੍ਹਾਂ ਨੂੰ ਪ੍ਰਾਪਤ ਹਲਾਸ਼ੇਰੀ ਦਾ ਨਤੀਜਾ, ਇਹ ਲੋਕ ਗੁਰਬਾਣੀ ਅਨੁਸਾਰ, ਕੁਰਾਹੇ ਪੈ ਚੁੱਕੇ ਉਨ੍ਹਾਂ ਕਾਦੀਆਂ, ਬ੍ਰਾਹਮਣਾ, ਜੋਗੀਆਂ ਤੋਂ ਵੀ, ਆਪਣੀ ਕਰਣੀ ਕਾਰਣ `ਚ, ਦੋ ਕਦਮ ਅੱਗੇ ਹੀ ਚਲਦੇ ਸਾਬਤ ਹੁੰਦੇ ਹਨ। ਇਸ ਤਰ੍ਹਾਂ ਉਦੋਂ ਉਨ੍ਹਾਂ ਲਈ ਤਾਂ ਗੁਰਬਾਣੀ-ਗੁਰੂ ਵਾਲੀ ਸੋਚ ਵੀ ਜਿਵੇਂ ਬਹੁਤ ਪਿਛੇ ਰਹਿ ਚੁੱਕੀ ਹੁੰਦੀ ਹੈ ਅਤੇ ਇਹ ਆਪ ਹੀ ਆਪ ਕਰਤਾ ਧਰਤਾ ਵੀ ਹੁੰਦੇ ਹਨ। ਮਸਲੇ ਦੀ ਜੜ੍ਹ ਤੀਕ ਪੁਜੀਏ ਤਾਂ ਮੁੜ ਤੁੜ ਕੇ ਇਸ ਸਾਰੇ ਦਾ ਇਕੋ ਹੀ ਵੱਡਾ ਕਾਰਣ ਮਿਲੇਗਾ ਤੇ ਉਹ ਕਾਰਣ ਹੋਵੇਗਾ ਗੁਰਦੁਆਰਿਆਂ ਦੇ ਪ੍ਰਬੰਧ ਲਈ ਮੌਜੂਦਾ ਇਲੈਕਸ਼ਨਾ ਵਾਲਾ ਰਾਖਸ਼।

ਜੋਦੜੀਆਂ ਤੇ ਲਿਲਕੜੀਆਂ-ਇਸ ਲਈ ਅੰਤ `ਚ, ਹੇ ਸਤਿਗੁਰੂ ਸਚੇ ਪਾਤਸ਼ਾਹ ਜੀ! ਧਾਰਮਿਕ ਤਲ `ਤੇ ਅਜਿਹੇ ਅਤਿ ਭਿਆਨਕ ਪੰਥਕ ਹਾਲਾਤ `ਚ ਜਦ ਤੀਕ ਤੁਸੀਂ ਆਪ ਬਹੁੜੀ ਨਹੀਂ ਕਰੋਗੇ ਇਸਦਾ ਹੱਲ ਕਿਸੇ ਪਾਸ ਨਹੀਨ। ਅੱਜ ਤਾਂ ਗੁਰਦੁਆਰਾ ਚੌਣਾਂ ਵਾਲੇ ਇਸ ਰਾਖਸ਼ ਦੇ ਖੂਨੀ ਪੰਜੇ `ਚ ਫ਼ਸਿਆ, ਹਰੇਕ ਗੁਰੂ ਕਾ ਲਾਲ-ਫ਼ਿਰ ਭਾਵੇਂ ਉਹ ਕੌਮ ਦਾ ਨੇਤਾ ਹੈ, ਪ੍ਰਬੰਧਕ, ਪ੍ਰਚਾਰਕ, ਰਾਗੀ, ਢਾਡੀ, ਭਾਈ, ਗ੍ਰੰਥੀ, ਲੇਖਕ, ਸਾਧਾਰਣ ਸੰਗਤ ਜਾਂ ਕੁੱਝ ਹੋਰ (ਵਿਰਲਿਆਂ ਨੂੰ ਛੱਡ ਕੇ) ਤੜ-ਫ਼ੜਾ ਰਿਹਾ ਹੈ ਤੇ ਉਸਦੀ ਸਿੱਖੀ ਜੀਵਨ ਅਤੇ ਧਰਮ ਪਖੋਂ ਹਾਲਤ ਇਹੀ ਬਣੀ ਪਈ ਹੈ ਜਿਸ ਨੂੰ ਗੁਰਬਾਣੀ ਰਾਹੀਂ ਗੁਰਦੇਵ ਨੇ ਇਸ ਤਰ੍ਹਾਂ ਬਿਆਣਿਆ ਹੈ “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ” (ਪੰ: ੪੬੯)

ਤਾਂ ਤੇ “ਤਿਨੑ ਮੰਗਾ ਜਿ ਤੁਝੈ ਧਿਆਇਦੇ” (ਪੰ: ੪੬੮) ਅਤੇ “ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ” (ਪੰ: ੩੭੧) ਅਨੁਸਾਰ, ਅਸੀਂ ਨਿਤਾਣੇ-ਨਿਮਾਣੇ ਲੋਕ ਤਾਂ ਸਤਿਗੁਰਾਂ ਦੇ ਚਰਨਾਂ `ਚ ਕੇਵਲ ਅਰਦਾਸਾਂ ਹੀ ਕਰ ਸਕਦੇ ਹਾਂ, ਜੋਦੜੀਆਂ ਤੇ ਲਿਲਕੜੀਆਂ ਹੀ ਲੈ ਸਕਦੇ ਹਾਂ। ਬੇਨਤੀਆਂ ਤੇ ਅਰਜ਼ੋਈਆਂ ਹੀ ਕਰ ਸਕਦੇ ਹਾਂ ਕਿ ਹੇ ਸਚੇ ਪਾਤਸ਼ਾਹ ਜੀ! ਆਪ ਖ਼ੁੱਦ ਹੀ ਬਹੁੜੀ ਕਰੋ ਤੇ ਕਢੋ ਆਪਣੇ ਇਸ ਦੂਲੇ ਪੰਥ ਦੇ ਗੁਰਦੁਆਰਾ ਪ੍ਰਬੰਧ ਨੂੰ ‘ਗੁਰਦੁਆਰਾ-ਚੌਣਾਂ (Elections) ਵਾਲੇ ਇਸ ਮਾਰੂ ਤੇ ਭਿਅੰਕਰ ਰਾਖਸ਼ ਦੇ ਜ਼ਾਲਮ ਖੂਨੀ ਪੰਜੇ `ਚੋਂ ਅਤੇ ਪੰਥ ਨੂੰ ਉਸ ਤੋਂ ਆਜ਼ਾਦ ਕਰੋ!

ਤਾਂ ਤੇ ਹੇ ਸਚੇ ਪਾਤਸ਼ਾਹ ਜੀ! ਆਪ ਹੀ ਕੋਈ ਨੁਰਾਨੀ ਖੇਡ ਵਰਤੋ ਜਿਥੋਂ ਕਿ ਤੁਹਾਡਾ ਇਹ ਲਾਡਲਾ, ਨਿਰਾਲਾ ਤੇ ਦੂਲਾ ਪੰਥ, ਗੁਰਦੁਆਰਾ ਇਲੈਕਸ਼ਨਾ ਵਾਲੇ ਇਸ ਖੂੰਖਾਰ ਰਾਖਸ਼ ਦੇ ਪੰਜੇ ਤੋਂ ਨਿਜਾਤ ਹਾਸਿਲ ਕਰ ਸਕੇ, ਆਜ਼ਾਦ ਹੋ ਸਕੇ। #27 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.