.

ਵਿਚਾਰ, ਸੰਸਕਾਰ ਅਤੇ ਕਿਰਦਾਰ
- ਜਸਵਿੰਦਰ ਸਿੰਘ “ਰੁਪਾਲ”
9814715796

ਕਿਸੇ ਇਨਸਾਨ ਨੂੰ ਅਸੀਂ ਉਸਦੇ ਕਿਰਦਾਰ ਤੋਂ ਪਰਖਦੇ ਹਾਂ। ਕਿਸ ਤਰਾਂ ਦੀ ਉਸ ਦੀ ਬੋਲਚਾਲ ਹੈ, ਕਿਸ ਤਰਾਂ ਦਾ ਆਚਰਣ ਹੈ ਅਤੇ ਕਿਸ ਤਰਾਂ ਦਾ ਉਸ ਦਾ ਖਾਸ ਹਾਲਤਾਂ ਵਿੱਚ ਵਿਵਹਾਰ ਹੈ। “ਮਨ” ਤਾਂ ਸਾਨੂੰ ਦਿਖਾਈ ਨਹੀਂ ਦਿੰਦਾ, ਉਸਦੇ “ਬਚਨ” ਅਤੇ “ਕਰਮ” ਤੋਂ ਤੋਂ ਹੀ ਅਸੀਂ ਉਸ ਦੀ ਸ਼ਖਸ਼ੀਅਤ ਦਾ ਮੁੱਲਾਂਕਣ ਕਰਦੇ ਹਾਂ। ਉਸਦੇ ਚੰਗੇ ਜਾਂ ਮਾੜੇ ਹੋਣ ਦਾ ਫਤਵਾ ਦਿੰਦੇ ਹਾਂ। ਉਸ ਦੀ ਪਹਿਚਾਣ ਉਸ ਦੇ “ਕਿਰਦਾਰ” ਤੋਂ ਹੀ ਬਣਦੀ ਹੈ। … … …
ਇਸ ਕਿਰਦਾਰ ਨੂੰ ਬਣਾਉਣ ਵਿੱਚ ਕਿਸ ਦਾ ਕਿੰਨਾ ਕੁ ਯੋਗਦਾਨ ਹੈ? ਉਪਰ ਵਰਣਨ ਕੀਤੇ ਮਨ, ਬਚਨ ਅਤੇ ਕਰਮ ਵਿਚੋਂ ਮਨ ਜੜ੍ਹ ਰੂਪ ਹੈ। ਜਿਸ ਤਰਾਂ ਦੀ ਜੜ੍ਹ ਹੋਵੇਗੀ, ਫੁੱਲ਼ ਅਤੇ ਫ਼ਲ਼ ਵੀ ਉਸੇ ਤਰਾਂ ਦੇ ਹੀ ਲੱਗਣਗੇ। ਇਸ ਮਨ ਦੀ ਘਾੜਤ ਕਿਵੇਂ ਘੜੀ ਜਾਂਦੀ ਹੈ? ਕੀ ਮਾਪੇ ਘੜਦੇ ਹਨ? ਅਧਿਆਪਕ? ਸੰਗਤ ਜਾਂ ਸਾਰੇ ਹੀ? ਅਸਲ ਚ’ ਆਪੋ ਆਪਣੀ ਥਾਂ ਸਾਰਿਆਂ ਦਾ ਯੋਗਦਾਨ ਹੈ। ਮਾਪਿਆਂ ਦੀ ਨਸੀਹਤ, ਅਧਿਆਪਕਾਂ ਦੀ ਸਿੱਖਿਆ, ਭਲੇ ਪੁਰਸ਼ਾਂ ਦਾ ਸੰਗ, ਅਤੇ ਚੰਗੀਆਂ ਪੁਸਤਕਾਂ ਦਾ ਅਧਿਐਨ ਮਨੁੱਖੀ ਮਨ ਤੇ ਚੰਗਾ ਅਸਰ ਪਾਉਂਦਾ ਹੈ। ਉਸ ਨੂੰ ਤਰਾਸ਼ਦਾ ਹੈ ਅਤੇ ਚੰਗਾ ਇਨਸਾਨ ਬਣਨ ਲਈ ਪ੍ਰੇਰਦਾ ਹੈ। … … ….
ਪਰ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਬਹੁਤ ਸਾਰੇ ਚੰਗੇ ਮਾਪਿਆਂ ਦੇ ਪੁੱਤਰ ਧੀਆਂ ਵਿਗੜੇ ਹੁੰਦੇ ਹਨ। ਯੋਗ ਅਧਿਆਪਕਾਂ ਦੇ ਸ਼ਗਿਰਦ ਵੀ ਨਾਲਾਇਕ ਨਿਕਲ਼ ਜਾਂਦੇ ਹਨ। ਚੰਗੀਆਂ ਪੁਸਤਕਾਂ ਅਤੇ ਧਾਰਮਿਕ ਗ੍ਰੰਥਾਂ ਦਾ ਪਾਠ-ਅਧਿਐਨ ਕਰਨ ਵਾਲ਼ੇ ਵੀ ਇਨਸਾਨੀਅਤ ਤੋਂ ਡਿੱਗੀਆਂ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਬਹੁਤ ਸਾਰੇ ਚੰਗੇ ਬੁਲਾਰੇ ਜਿਨਾਂ ਦੇ ਬੋਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਲੈਂਦੇ ਹਨ, ਲੇਖਕ ਜਿਨਾਂ ਦੀ ਲਿਖਤ ਵਿੱਚ ਜੀਵਨ ਨੂੰ ਬਦਲ ਦੇਣ ਦਾ ਦਮ ਵੀ ਹੁੰਦਾ ਹੈ, ਕਈ ਵਾਰ ਉਨ੍ਹਾਂ ਦਾ ਆਪਣਾ ਕਿਰਦਾਰ ਪੜ੍ਹ ਸੁਣ ਕੇ, ਦੇਖ ਕੇ ਸ਼ਰਮ ਆਉਂਦੀ ਹੈ। ਇਨ੍ਹਾਂ ਵਿਦਵਾਨ ਅਤੇ ਬੁੱਧੀਜੀਵੀ ਲੋਕਾਂ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ਼, ਘਰੇਲੂ ਨੌਕਰਾਂ ਨਾਲ਼ ਅਤੇ ਆਪਣੇ ਮਾਤਹਿਤਾਂ ਨਾਲ਼ ਵਤੀਰਾ ਸਿਰਫ਼ ਰੁੱਖਾ ਹੀ ਨਹੀਂ, ਕਈ ਵਾਰ ਬਹੁਤ ਕੌੜਾ ਵੀ ਹੁੰਦਾ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਨ੍ਹਾਂ ਦੇ ਸੰਸਕਾਰ ਇਨਾਂ ਦੇ ਵਿਚਾਰਾਂ ਤੇ ਭਾਰੂ ਹੋ ਜਾਂਦੇ ਹਨ। ਭਾਵੇਂ ਸੰਸਕਾਰ ਵੀ ਹੁਣ ਤੱਕ ਦੇ ਜਮਾਂ ਹੋ ਚੁੱਕੇ ਵਿਚਾਰਾਂ ਤੋਂ ਹੀ ਬਣੇ ਹੁੰਦੇ ਹਨ ਇਸ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ।
ਉਦਾਹਰਣ ਵਜੋਂ: ਹੋ ਸਕਦੈ ਇੱਕ ਵਿਦਵਾਨ “ਕ੍ਰੋਧ ਨਾ ਕਰਨ” ਤੇ ਬਹੁਤ ਵਧੀਆ ਲੈਕਚਰ ਦੇ ਸਕਦਾ ਹੋਵੇ, ਜਾਂ ਉਸ ਤੇ ਲੰਮਾ ਲੇਖ ਲਿਖ ਕੇ ਦਲੀਲਾਂ ਅਤੇ ਹਵਾਲਿਆ ਨਾਲ਼ ਸਿੱਧ ਕਰ ਸਕਦਾ ਹੋਵੇ ਕਿ ਕ੍ਰੋਧ ਨਹੀਂ ਕਰਨਾ ਚਾਹੀਦਾ, ਇਹ ਜਿੰਦਗੀ ਦਾ ਦੁਸ਼ਮਣ ਹੈ …. ਬਗੈਰਾ। ਪਰ ਜੇ ਕੋਈ ਇਸ ਸਖਸ਼ ਦੀ ਆਲੋਚਨਾ ਕਰ ਦੇਵੇ, ਅਪਮਾਨਜਨਕ ਸ਼ਬਦ ਬੋਲੇ ਜਾਂ ਗਾਲ੍ਹਾਂ ਕੱਢ ਦੇਵੇ ਤਾਂ ਕੀ ਉਹ ਸਹਿਜ ਨਾਲ਼ ਇਹ ਸਭ ਸਹਾਰ ਲਵੇਗਾ? ਕੀ ਆਪਣੇ ਵਿਰੋਧ ਦਾ ਸਾਹਮਣਾ ਮਿੱਠਤ ਅਤੇ ਧੀਰਜ ਨਾਲ਼ ਕਰ ਸਕੇਗਾ? ਜੇ ਨਹੀਂ ਤਾਂ ਇਸ ਦਾ ਭਾਵ ਹੈ ਕਿ ਉਸ ਦੇ ਗਲਤ ਸੰਸਕਾਰ ਚੰਗੇ ਵਿਚਾਰਾਂ ਤੇ ਹਾਵੀ ਹੋ ਗਏ ਹਨ ਜਿਨ੍ਹਾਂ ਨੇ ਕਿਰਦਾਰ ਨੂੰ ਵੀ ਗੰਦਾ ਕਰ ਦਿੱਤਾ ਹੈ। … …. .
ਤਾਂ ਫਿਰ ਕੀ ਕੀਤਾ ਜਾਏ ਜਿਸ ਨਾਲ਼ ਆਪਣਾ ਕਿਰਦਾਰ ਸਾਫ਼ ਸੁਥਰਾ ਰੱਖਿਆ ਜਾ ਸਕੇ? ਉਹ ਚੰਗੇ ਵਿਚਾਰ ਜੋ ਅਸੀਂ ਮਾਪਿਆਂ ਤੋਂ, ਅਧਿਆਪਕਾਂ ਤੋਂ, ਚੰਗੀ ਸੰਗਤ ਤੋਂ ਅਤੇ ਵਧੀਆ ਪੁਸਤਕਾਂ ਜਾਂ ਧਾਰਮਿਕ ਗ੍ਰੰਥਾਂ ਤੋਂ ਸਿੱਖਦੇ ਹਾਂ, ਉਨ੍ਹਾਂ ਨੂੰ ਲਗਾਤਾਰ ਦੁਹਰਾਉਂਦੇ ਰਹਿਣਾ ਚਾਹੀਦਾ ਹੈ। ਗਲਤ ਖਿਆਲਾਂ ਨੂੰ ਅਤੇ ਵਿਚਾਰਾਂ ਨੂੰ ਮਨ ਵਿੱਚ ਆਉਣ ਤੋਂ ਰੋਕਣ ਦੇ ਸੁਚੇਤ ਯਤਨ ਕਰਦੇ ਰਹਿਣਾ ਚਾਹੀਦਾ ਹੈ। ਮਨ ਨੂੰ ਲਗਾਤਾਰ ਨਿਰਦੇਸ਼ ਦਿੰਦੇ ਰਹਿਣਾ ਚਾਹੀਦਾ ਹੈ। “ਲਗਾਤਾਰਤਾ” ਹੀ ਇੱਕੋ ਇੱਕ ਇਲਾਜ ਹੈ। ਲਗਾਤਾਰ ਪੈਂਦੀ ਪਾਣੀ ਦੀ ਨਿੱਕੀ ਜਿਹੀ ਧਾਰ ਵੀ ਉਸ ਹੇਠ ਪਏ ਪੱਥਰ ਨੂੰ ਵੀ ਹੌਲ਼ੀ ਹੌਲ਼ੀ ਖੋਰ ਦਿੰਦੀ ਹੈ ਜਦਕਿ ਇੱਕ ਵਾਰ ਪਾਇਆ ਵੱਡੀ ਮਾਤਰਾ ਵਿੱਚ ਪਾਣੀ ਉਸ ਦਾ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕਦਾ। ਭਲਾ ਯਾਦ ਕਰੋ ਕਿ ਸਾਡਾ ਸੱਜਾ ਹੱਥ, ਖੱਬੇ ਨਾਲੋਂ ਵੱਧ ਕੰਮ ਕਿਉਂ ਕਰਦਾ ਹੈ? ਸਿਰਫ਼ ਇਸ ਲਈ ਕਿਉਂਕਿ ਅਸੀਂ ਇਸ ਤੋਂ ਖੱਬੇ ਹੱਥ ਨਾਲੋਂ ਵੱਧ ਕੰਮ ਲਿਆ ਹੈ। ਜਿਨ੍ਹਾਂ ਨੇ ਬਚਪਨ ਤੋਂ ਹੀ ਖੱਬੇ ਹੱਥ ਨਾਲ਼ ਕੰਮ ਕੀਤਾ, ਉਹ ਉਸੇ ਨਾਲ਼ ਉਤਨੀ ਹੀ ਤੇਜੀ ਅਤੇ ਕੁਸ਼ਲਤਾ ਨਾਲ਼ ਕੰਮ ਕਰ ਲੈਂਦੇ ਹਨ। ਇਹੀ ਹਾਲ ਸਾਡੇ ਮਨ ਦਾ ਵੀ ਹੈ –ਜੇ ਚੰਗੇ ਵਿਚਾਰਾਂ ਦੀ “ਸੱਟ” ਲਗਾਤਾਰ ਪੈਂਦੀ ਰਵ੍ਹੇ, ਤਾਂ ਹੀ ਉਹ ਚੰਗੇ ਕੰਮ ਕਰਨ ਦੀ ਸੋਚੇਗਾ। ਜੇ ਅਸੀਂ ਨਿੰਦਾ, ਚੁਗਲੀ, ਅਲੋਚਨਾ, ਬਦਲਾ, ਅਤੇ ਦੂਜੇ ਦੇ ਔਗਣਾਂ ਦਾ ਹੀ ਜਿਕਰ ਕਰਦੇ ਜਾਂਵਾਂਗੇ, ਤਾਂ ਉਸ ਤਰਾਂ ਦੇ ਵਿਚਾਰ ਮਨ ਵਿੱਚ ਜਮ੍ਹਾਂ ਹੁੰਦੇ ਰਹਿਣਗੇ। ਦੂਜੇ ਪਾਸੇ ਸਤ, ਸੰਤੋਖ, ਸਹਿਣਸ਼ੀਲਤਾ, ਮਿੱਠਤ, ਪਿਆਰ ਵਰਗੇ ਗੁਣਾਂ ਨਾਲ਼ ਭਰਪੂਰ ਵਿਚਾਰ ਹੌਲੀ ਹੌਲੀ ਮਨ ਵਿੱਚ “ਉੱਤਮ ਖਜ਼ਾਨਾ” ਗਰਦੇ ਰਹਿਣਗੇ। ਇਨਾਂ ਵਿਚਾਰਾਂ ਨੂੰ ਲਗਾਤਾਰ ਦੁਹਰਾਉਂਦੇ ਰਹਿਣ ਨਾਲ਼, ਸਵੈ ਨਸੀਹਤ ਦਿੰਦੇ ਰਹਿਣ ਨਾਲ਼, ਪੂਰਨ ਇਨਸਾਨ ਬਣਨ ਦੀ ਲੋਚਾ ਰੱਖਣ ਨਾਲ਼ ਇਹ ਸਦਾ ਯਾਦ ਰਹਿ ਸਕਦੇ ਹਨ ਅਤੇ ਖਾਸ ਹਾਲਤਾਂ ਵਿੱਚ ਵੀ ਮਨ ਨੂੰ ਗਲਤ ਕੰਮ ਕਰਨ ਤੋਂ ਇੱਕਦਮ ਰੋਕ ਸਕਣਗੇ। ਇਹ ਚੰਗੇ ਖਿਆਲ ਅਤੇ ਚੰਗੇ ਵਿਚਾਰ ਮਨ ਦੁਆਲ਼ੇ ਇੱਕ ਔਰਾ (ਸੁਰੱਖਿਆ ਪੱਟੀ) ਬਣਾ ਦੇਣਗੇ ਜਿਸ ਨਾਲ਼ ਵਿਕਾਰ ਦਾਖਲ ਹੋਣ ਤੋਂ ਰੁਕ ਸਕਦੇ ਹਨ। ਇਹ ਚੰਗੇ ਵਿਚਾਰ ਚੰਗੇ ਸੰਸਕਾਰ ਬਣਾਉਣਗੇ ਅਤੇ ਦੋਵੇਂ ਮਿਲ ਕੇ ਇੱਕ ਚੰਗੇ ਕਿਰਦਾਰ ਨੂੰ ਜਨਮ ਦੇਣਗੇ। ਦੁਆ ਕਰੀਏ ਕਿ ਅਸੀਂ ਯਤਨ ਜਾਰੀ ਰੱਖ ਸਕੀਏ। ਔਖਾ ਹੈ, ਪਰ ਅਸੰਭਵ ਨਹੀਂ … … …
------------------------00000-----------. --------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126




.